4 December 2022

ਜਨਮ ਦਿਨ ਦਾ ਤੋਹਫ਼ਾ—ਗੁਰਦਿਆਲ ਸਿੰਘ ਰਾਏ

ਇਹ ਜਨਮ ਦਿਨ ਮੰਨਾਉਣ ਦੀ ਰੀਤ ਵੀ ਭਲੀ ਹੈ। ਇਸ ਬਾਰ ਜਨਮ ਦਿਨ ਦੇ ਮੌਕੇ ਉਤੇ ਸਾਡੀ ਬੇਟੀ ‘ਨੀਲਮ’ ਨੇ ਤੋਹਫ਼ੇ ਵਜੋਂ ਇਕ “ਸਕਰੋਲ” (scroll) ਭਾਵ ਗੋਲ ਵਲ੍ਹੇਟੀ ਹੋਈ ਲਿਖਤ ਦਿੱਤੀ। ਇਸ ਲਿਖਤ ਨੂੰ ਸੰਭਾਲ ਕੇ ਵੀ ਰੱਖਿਆ ਜਾ ਸਕਦਾ ਸੀ ਅਤੇ ਕੰਧ ਉਤੇ ਲਟਕਾਇਆ ਵੀ। ਸਕਰੋਲ ਦਾ ਸਿਰਲੇਖ ਸੀ: ਫੁੱਟਪਰਿੰਟ (Foot Print) ਹੋ ਸਕਦਾ ਹੈ ਕਿ ਕਿਸੇ ਹੋਰ ਨੇ ਵੀ ਅਜਿਹੀ ਕੋਈ ਸਕਰੋਲ ਪਹਿਲਾਂ ਦੇਖੀ ਹੋਵੇ। ਵਲ੍ਹੇਟਵੇਂ ਸੁੰਦਰ ਮੋਟੇ ਕਾਗਜ਼ ਉਤੇ, ਵੀਹ ਵਾਕਾਂ ਵਿਚ ਦਿੱਤੀ ਸਾਰੀ ਕਥਾ ਪੜ੍ਹ ਕੇ, ਲੇਖਕ ਨੇ ਅਨੁਭਵ ਕੀਤਾ ਕਿ ਉਸਦੀ ਚਿੰਤਾ ਕਰਨ ਵਾਲੇ ਸੁਭਾ ਨੂੰ ਮੁੱਖ ਰੱਖਕੇ ਹੀ ਉਸਦੀ ਧੀ ਰਾਣੀ ਨੇ ਉਸਨੂੰ ਇਹ ਤੋਹਫ਼ਾ ਦਿੱਤਾ। ਨਿਸਚੈ ਹੀ ਇਹ ਤੋਹਫ਼ਾ ਬਹੁਤ ਹੀ ਸੰਭਾਲ ਕੇ ਰੱਖਣ ਵਾਲਾ ਹੈ। ਪੜ੍ਹਨ ਵਾਲਾ ਹੈ, ਵਿਚਾਰਨ ਵਾਲਾ ਹੈ ਅਤੇ ਹਰ ਸਮੇਂ ਚੇਤੇ ਵਿਚ ਰੱਖਣ ਵਾਲਾ ਹੈ। ਸਕਰੋਲ ਦੇ ਵੀਹ ਵਾਕਾਂ ਦਾ ਸਾਰਾਂਸ਼ ਕੁਝ ਅਜਿਹਾ ਸੀ:

ਇਕ ਰਾਤੀਂ, ਇੱਕ ਬੰਦੇ ਨੂੰ ਸੁਪਨਾ ਆਇਆ। ਉਸਨੇ ਸੁਪਨੇ ਵਿਚ ਵੇਖਿਆ ਕਿ ਉਹ ਸਮੁੰਦਰ ਦੇ ਕੰਢੇ ਕੂਲੀ ਕੂਲੀ ਅਤੇ ਗਿੱਲੀ ਰੇਤ ਉਤੇ ਤੁਰਿਆ ਜਾ ਰਿਹਾ ਹੈ। ਉਹ ਇਕੱਲਾ ਨਹੀਂ ਹੈ, ਉਸਦੇ ਨਾਲ ਹੀ ਲੌਰਡ (ਰੱਬ) ਵੀ ਤੁਰਿਆ ਜਾ ਰਿਹਾ ਹੈ। ਉਸਨੂੰ ਭਲਾ ਲੱਗਿਆ। ਉਸਨੇ ਆਸਮਾਨ ਵੱਲ ਨਜ਼ਰ ਘੁੰਮਾਈ। ਉਸ ਵੇਖਿਆ ਕਿ ਨੀਲੇ ਆਕਾਸ਼ ਉਤੇ ਉਸ ਦੇ ਜੀਵਨ-ਸਫ਼ਰ ਦੇ ਸਾਰੇ ਹੀ ਨਜ਼ਾਰੇ, ਪਰਦੇ ਉਤੇ ਚੱਲ ਰਹੀ ਕਿਸੇ ਫ਼ਿਲਮ ਦੇ ਨਜ਼ਾਰਿਆਂ ਵਾਂਗ ਹੀ, ਸਾਖਿਆਤ ਉਸਦੀਆਂ ਨਜ਼ਰਾਂ ਸਾਹਮਣੇ ਚੱਲ ਰਹੇ ਹਨ। ਹਰ ਇੱਕ ਨਜ਼ਾਰੇ ਵਿਚ ਉਸਨੇ ਪਾਇਆ ਕਿ ਸਮੁੰਦਰ ਦੀ ਗਿੱਲੀ ਰੇਤ ਉਤੇ ‘ਦੋ ਜੋੜਾ’ ਪੈਰਾਂ ਦੇ ਨਿਸ਼ਾਨ ਹਨ: ਇੱਕ ਜੋੜਾ ਉਸਦੇ ਪੈਰਾਂ ਦੇ ਨਿਸ਼ਾਨ ਅਤੇ ਦੂਜੇ ਉਸਦੇ ਨਾਲ ਨਾਲ ਤੁਰੇ ਜਾਂਦੇ ਰੱਬ ਦੇ।

ਅਤੇ ਫਿਰ—-

ਜਦੋਂ ਉਸਦੀਆਂ ਅੱਖਾਂ ਸਾਹਮਣੇ ਇਕ ਹੋਰ ਨਜ਼ਾਰਾ ਆਇਆ ਤਾਂ ਉਹ ਬਹੁਤ ਹੈਰਾਨ ਹੋਇਆ। ਉਸਨੇ ਰੇਤ ਵਲਾਂ ਤੱਕਿਆ ਤਾਂ ਰੇਤ ਉਤੇ ਕੇਵਲ ਇੱਕ ਜੋੜਾ ਪੈਰਾਂ ਦੇ ਹੀ ਨਿਸ਼ਾਨ ਸਨ। ਉਸਨੇ ਹੋਰ ਗੌਹ ਨਾਲ ਤੱਕਿਆ ਤਾਂ ਉਸ ਵੇਖਿਆ ਕਿ ਬਹੁਤ ਬਾਰ ਉਸਦੇ ਜੀਵਨ ਪੰਧ ਵਿਚ, ਰੇਤ ਉਤੇ ਕੇਵਲ ਇੱਕ ਜੋੜਾ ਪੈਰਾਂ ਦੇ ਨਿਸ਼ਾਨ ਹੀ ਹਨ। ਉਸਨੇ ਜ਼ਹਿਨ ਤੇ ਜ਼ੋਰ ਦਿੱਤਾ ਤਾਂ ਚੇਤੇ ਆਇਆ ਕਿ ਇੰਝ ਉਸ ਸਮੇਂ ਹੀ ਹੋਇਆ ਜਦੋਂ ਉਹ ਆਪਣੇ ਜੀਵਨ ਦੇ ਬਹੁਤ ਹੀ ਔਖੇ ਸਮੇਂ ਰਾਹੀਂ ਗੁਜ਼ਰ ਰਿਹਾ ਸੀ। ਉਸਦੇ ਚਾਰੇ ਪਾਸੇ ਘੋਰ ਹਨੇਰਾ ਸੀ। ਦੁੱਖ ਸਨ, ਮੁਸੀਬਤਾਂ ਸਨ ਅਤੇ ਢਹਿੰਦੀਆਂ ਕਲਾਂ ਸਨ।

ਅਤੇ ਇਸ ਵਿਚਾਰ ਨੇ ਉਸਨੂੰ ਬਹੁਤ ਵਿਚਲਿਤ ਕੀਤਾ ਅਤੇ ਉਸਨੇ ਰੱਬ ਉਤੇ ਹਿਰਖ ਕਰਦਿਆਂ ਇਸ ਸਬੰਧੀ ਸੁਆਲ ਕੀਤਾ: “ਹੇ ਪਰਮਾਤਮਾ! ਤੁਸਾਂ ਬਚਨ ਦਿੱਤਾ ਸੀ ਕਿ ਜੇਕਰ ਮੈਂ ਇੱਕ ਬਾਰ ਤੁਹਾਨੂੰ ਆਪਣੇ ਨਾਲ ਲੈ ਕੇ ਤੁਰਨ ਦਾ ਫੈਸਲਾ ਕਰ ਲਵਾਂ ਤਾਂ ਤੁਸੀਂ ਸਾਰੇ ਜੀਵਨ ਭਰ ਲਈ, ਸਮੁੱਚੇ ਜੀਵਨ ਪੰਧ ਵਿਚ ਮੇਰੇ ਨਾਲ ਨਾਲ ਚਲੋਗੇ। ਪਰ ਮੈਂ ਵੇਖ ਰਿਹਾ ਹਾਂ ਕਿ ਮੇਰੇ ਜੀਵਨ ਦੇ ਸੰਕਟ-ਮਈ ਸਮੇਂ ਵੇਲੇ, ਮੇਰੇ ਜੀਵਨ ਪੰਧ ਦੀ ਰੇਤਾ ਉਤੇ ਕੇਵਲ ਇੱਕ ਜੋੜਾ ਪੈਰਾਂ ਦੇ ਨਿਸ਼ਾਨ ਹੀ ਹਨ। ਇਸ ਔਖੇ ਸਮੇਂ ਮੈਂ ਬਿਲਕੁਲ ਇਕੱਲਾ ਹੀ ਸਫ਼ਰ ਉਤੇ ਹਾਂ ਅਤੇ ਸਾਰਾ ਰਾਹ ਇਕੱਲਿਆਂ ਹੀ ਤੁਰਦਾ ਰਿਹਾ ਹਾਂ। ਮੇਰੀ ਸਮਝ ਨਹੀਂ ਆਇਆ ਕਿ ਕਿਉਂ? ਜਦੋਂ ਮੈਂਨੂੰ ਤੁਹਾਡੀ ਬੇਹੱਦ ਲੋੜ ਸੀ ਤਾਂ ਤੁਸੀਂ ਮੈਂਨੂੰ ਤਿਆਗ ਕਿਉਂ ਦਿੱਤਾ?

ਰੱਬ (ਲੌਰਡ) ਨੇ ਮੁਸਕਾਂਦਿਆਂ ਜਵਾਬ ਦਿੱਤਾ: “ਮੇਰੇ ਬਹੁਤ ਹੀ ਕੀਮਤੀ ਨਗੀਨੇ! ਮੇਰੇ ਬੱਚੇ!! ਮੈਂਨੂੰ ਤੇਰੇ ਨਾਲ ਅੰਤਾਂ ਦਾ ਪਿਆਰ ਏ ਅਤੇ ਮੈਂ ਕਦੇ ਵੀ ਤੇਰਾ ਤਿਆਗ ਨਹੀਂ ਕੀਤਾ ਅਤੇ ਨਾ ਹੀ ਕਦੇ ਤੇਰਾ ਤਿਆਗ ਕਰਾਂਗਾ ਹੀ। ਮੈਂ ਕਦੇ ਵੀ ਤੇਰਾ ਸਾਥ ਨਹੀਂ ਛੱਡਿਆ ਅਤੇ ਨਾ ਹੀ ਕਦੇ ਛਡਾਂਗਾ ਹੀ। ਮੈਂ ਤਾਂ ਸਦਾ ਹੀ ਤੇਰੇ ਅੰਗ-ਸੰਗ ਹੀ ਰਿਹਾ ਹਾਂ ਅਤੇ ਸਦਾ ਹੀ ਰਹਾਂਗਾ ਵੀ। ਤੇਰੇ ਔਖੇ ਅਤੇ ਦੁੱਖਦਾਇਕ ਸਮੇਂ, ਜਦੋਂ ਜੀਵਨ ਪੰਧ ਦੀ ਰੇਤ ਉਤੇ, ਤੈਂਨੂੰ ਕੇਵਲ ਇੱਕ ਜੋੜਾ ਪੈਰਾਂ ਦੇ ਨਿਸ਼ਾਨ ਹੀ ਵਿਖਾਈ ਦੇ ਰਹੇ ਹਨ। ਇਹ ਪੈਰਾਂ ਦੇ ਨਿਸ਼ਾਨ ਤੇਰੇ ਨਹੀਂ ਹਨ। ਇਹ ਤਾਂ ਮੇਰੇ ਪੈਰਾਂ ਦੇ ਨਿਸ਼ਾਨ ਹਨ। ਇਹਨਾਂ ਮੌਕਿਆਂ ਉਤੇ ਮੈਂ ਤੈਂਨੂੰ ਆਪਣੀਆਂ ਬਾਹਾਂ ਨਾਲ ਚੱੁਕ ਕੇ ਆਪਣੇ ਮੌਢਿਆਂ ਉਤੇ ਸੰਭਾਲੀ, ਤੇਰੇ ਜੀਵਨ ਦੀ ਰੇਤਾ ਉਤੇ ਤੁੱਰ ਰਿਹਾ ਸਾਂ। ਯਕੀਨ ਕਰ, ਪੈਰਾਂ ਦੇ ਇਹ ਨਿਸ਼ਾਨ ਮੇਰੇ ਹਨ, ਤੇਰੇ ਨਹੀਂ।”

ਮੈਂ ਇੱਕ ਅਦਨਾ ਜਿਹਾ ਮਨੁੱਖ ਹਾਂ। ਮੈਂ ਰੱਬ ਵਰਗੇ ਯਕੀਨ ਨਾਲ ਕਹਿ ਨਹੀਂ ਸਕਦਾ ਕਿ ਰੱਬ ਹੈ ਜਾਂ ਰੱਬ ਨਹੀਂ ਹੈ। ਰੱਬ ਜਾਂ ਰੱਬ ਵਰਗੀ ਕਿਸੇ ਅਥਾਹ ਸ਼ਕਤੀ ਤੋਂ ਇੰਨਕਾਰ ਕਰਨ ਦੀ ਹਿੰਮਤ ਵੀ ਨਹੀਂ ਪੈਂਦੀ ਅਤੇ ਹਿੱਕ ਠੋਕ ਕੇ ਵੀ ਕੁਝ ਕਹਿ ਸਕਣਾ ਕਠਿਨ ਲੱਗਦਾ ਹੈ ਕਿਉਂਕਿ ਉਸਨੂੰ ਸਾਖਿਆਤ ਕਦੇ ਨਹੀਂ ਵੇਖਿਆ। ਪਤਾ ਨਹੀਂ ਉਹ ਕਿਹੋ ਜਿਹਾ ਹੈ ਪਰ ਉਸਦੀ ਬੇਥਾਹ ਸ਼ਕਤੀ ਦੇ ਨਜ਼ਾਰੇ ਤਾਂ ਸਭ ਪਾਸੇ ਹੀ ਵੇਖਣ ਨੂੰ ਮਿਲਦੇ ਹਨ। ਤਾਂ ਹੀ ਤਾਂ ਕਹਿਣਾ ਪੈਂਦਾ ਹੈ ਕਿ “ਕੁਝ” ਤਾਂ ਜ਼ਰੂਰ ਹੈ—- ਜਿਸ ਉਤੇ ਬੰਦਾ ਭਰੋਸਾ ਕਰਦਾ ਹੈ, ਭਰੋਸਾ ਕਰ ਸਕਦਾ ਹੈ, ਭਰੋਸਾ ਕਰਨ ਲਈ ਮਜ਼ਬੂਰ ਹੁੰਦਾ ਹੈ। ਰੱਬ ਇਕ ਵਿਸ਼ਵਾਸ ਹੈ, ਭਰੋਸਾ ਹੈ, ਇਕ ਬਹੁਤ ਵੱਡਾ ਭਰੋਸਾ। ਰੱਬ ਭਾਵ ਭਰੋਸਾ ਬਹੁਤ ਵੱਡੀ ਸ਼ੈ ਹੈ। ਰੱਬ ਭਾਵ ਭਰੋਸਾ ਬੰਦੇ ਦੀ ਸੋਚ ਨੂੰ ਸ਼ਕਤੀ ਬਖਸ਼ਦਾ ਹੈ। ਸ਼ਕਤੀਸ਼ਾਲੀ ਸੋਚ ਔਖੇ ਪਲਾਂ ਵਿਚ ਬੰਦੇ ਨੂੰ ਘਨੇੜੀ ਚੁੱਕ ਕੇ ਜੀਵਨ-ਪੰਧ ਦੀ ਤੱਤੀ-ਠੰਡੀ ਰੇਤ ਤੋਂ ਪਾਰ ਲੰਘਾਉਂਦੀ ਹੈ।
***
ਤੀਜੇ ਘਰ ਵਾਲੀ ਗਵਾਂਢਨ ‘ਕੈਥੀ ਦੇ ਪਤੀ ਜੈਕ’ ਦੀ ਅਚਾਨਕ ਦਿਲ ਦੀ ਹਰਕਤ ਬੰਦ ਹੋ ਜਾਣ ਕਾਰਨ ਮੌਤ ਹੋ ਗਈ। ਜਦੋਂ ਨਾਲ ਰਹਿੰਦੀ ਦੂਜੇ ਘਰ ਵਾਲੀ ਵੈਸਟ ਇੰਡੀਅਨ ਨੈਨਸੀ ਨੇ ਇਹ ਦੱਸਿਆ ਤਾਂ ਝਟਕਾ ਲੱਗਿਅਾ ਅਤੇ ਬੜਾ ਦੁੱਖ ਹੋਇਆ। ਕੈਥੀ ਪਾਸ ਆਪਣੇ ਵਲੋਂ ਅਫ਼ਸੋਸ ਪਰਗਟਾਉਣ ਲਈ ਸਟੇਸ਼ਨਰੀ ਦੀ ਦੁਕਾਨ ਤੋਂ “ਕੰਡੋਲਿੰਸ” ਦਾ ਕਾਰਡ ਖਰੀਦਿਆ। ਕਾਰਡ ਦੇ ਬਾਹਰ ਹੈਨਰੀ ਸਕਾਟ ਹੌਲੈਂਡ ਨਾਂ ਦੇ ਕਵੀ ਦੀ, ਮੌਤ ਸਬੰਧੀ, ਇੱਕ ਬਹੁਤ ਹੀ ਸੁੰਦਰ ਅਤੇ ਮਨ ਨੂੰ ਟੁੰਬਦੀ ਕਵਿਤਾ ਦਰਜ ਸੀ। ਕਵੀ ਦੇ ਲਿਖੇ ਸ਼ਬਦ ਮਨ ਨੂੰ ਧੀਰਜ ਦੇਣ ਵਾਲੇ, ਹੋਣੀ ਦੇ ਸਨਮੁੱਖ ਖੜਾ ਹੋਣ ਲਈ ਤਿਆਰ ਕਰਨ ਵਾਲੇ ਅਤੇ ਪ੍ਰੇਰਨਾ ਦੇਣ ਵਾਲੇ ਕੁਝ ਇਸ ਤਰ੍ਹਾਂ ਦੇ ਸਨ:

ਮੌਤ ਤਾਂ ਕੁਝ ਵੀ ਨਹੀਂ।
ਮੌਤ ਤਾਂ ਕੇਵਲ ਨਾਲ ਦੇ ਕਮਰੇ ਵਿਚ ਹੀ ਜਾ ਲੁਕਣ ਵਾਂਗ ਹੈ,
ਮੈਂ, ਮੈਂ ਹਾਂ ਅਤੇ ਤੂੰ ਤੂੰ ਹੀ ਹੈਂ।
ਅਸੀਂ ਇੱਕ ਦੂਜੇ ਦੇ
ਜੋ ਕੁਝ ਵੀ ਸਾਂ-
ਉਹ ਤਾਂ ਹਾਲਾਂ ਵੀ
ਜਿਉਂ ਦੇ ਤਿਉਂ ਹੀ ਹਾਂ।
ਮੈਂਨੂੰ,
ਮੇਰੇ ਪੁਰਾਣੇ ਨਾਂ ਨਾਲ ਹੀ ਬੁਲਾ,
ਮੇਰੇ ਨਾਲ ਉਸੇ ਸਹਿਜ ਢੰਗ ਨਾਲ
ਹੀ ਗੱਲ ਕਰ,
ਜਿਸ ਢੰਗ ਨਾਲ ਸਦਾ ਕਰਦੀ ਸੈਂ।
ਆਪਣੇ ਲਹਿਜੇ ਵਿਚ ਕੋਈ ਵੀ ਅੰਤਰ ਨਾ ਆਉਣ ਦੇ।
ਆਪਣੇ ਸ਼ਬਦਾਂ ਨੂੰ ਦਰਦ ਦੇ ਬੋਝ੍ਹ ਨਾਲ ਬੋਝ੍ਹਲ ਨਾ ਹੋਣ ਦੇ।
ਦੁੱਖ ਜਾਂ ਪਛਤਾਵੇ ਦਾ ਕੋਈ ਵੀ ਪਹਿਰਾਵਾ ਜ਼ਬਰਦਸਤੀ ਨਾ ਪਾ।
ਉਂਝ ਹੀ ਹੱਸ ਜਿਵੇਂ ਆਪਾਂ ਸਦਾ
ਹੱਸਿਆ ਕਰਦੇ ਸਾਂ
ਉਹਨਾਂ ਸਾਰੇ ਨਿੱਕੇ ਨਿੱਕੇ ਮਜ਼ਾਕਾਂ ਉਤੇ ਜਿਹਨਾਂ ਦਾ ਆਪਾਂ
ਆਨੰਦ ਮਾਣਦੇ ਸਾਂ।
ਅਰਦਾਸ ਕਰ, ਮੁਸਕਰਾ,
ਮੇਰੇ ਬਾਰੇ ਸੋਚ,
ਮੇਰੇ ਲਈ ਬੇਨਤੀ ਕਰ।
ਮੇਰਾ ਨਾਂ, ਸਦਾ ਲਈ ਘਰ ਦਾ ਇਕ
ਸ਼ਬਦ ਬਣਾ ਦੇ।
ਇਹ ਤਾਂ ਸਦਾ ਹੀ ਸੀ,
ਇਸਨੂੰ ਬਿਨਾਂ ਕਿਸੇ ਪ੍ਰਭਾਵ ਦੇ ਬੋਲਣ ਦੇ,
ਬਿਨਾਂ ਕਿਸੇ ਛੱਣ-ਮਾਤਰ
ਪ੍ਰਛਾਵੇਂ ਦੇ।
ਜੀਵਨ ਦਾ ਅਰਥ ਹੈ ਉਹੀ
ਜੋ ਇਹ ਸਦਾ ਤੋਂ ਸੀ:
ਅਣ-ਟੁੱਟੀ, ਅਭੰਗ ਨਿਰੰਤਰਤਾ।
ਮੈਂ ਦਿਮਾਗ (ਵਿਚਾਰ) ਤੋਂ ਬਾਹਰ
ਕਿਉਂ ਹੋਵਾਂ?
ਕਿਉਂ ਜੋ,
ਮੈਂ ਹੁਣ ਅੱਖਾਂ ਤੋਂ ਪਰੇ ਹਾਂ
ਇਸ ਲਈ?
ਮੈਂ ਤੇਰੀ ਉਡੀਕ ਕਰ ਰਿਹਾ ਹਾਂ,
ਇੱਕ ਮਧਾਂਤਰ ਲਈ,
ਕਿਤੇ ਬਹੁਤ ਹੀ ਨੇੜੇ,
ਕੋਣੇ ਤੇ ਹੀ
ਬਸ!
ਸਭ ਕੁਝ ਠੀਕ ਠਾਕ ਹੀ ਤਾਂ ਹੈ।
**

—ਹਾਂ ਜੀ ਸਭ ਕੁਝ ਠੀਕ ਠਾਕ ਹੀ ਤਾਂ ਹੈ ਕੁਝ ਵੀ ਨਹੀਂ ਬਦਲਿਆ।

***
(100)
***

About the author

ਗੁਰਦਿਆਲ ਸਿੰਘ ਰਾਏ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ