ਗ਼ਜ਼ਲ-1
ਮੇਰੇ ਮੂੰਹ ਤੇ ਮੇਰੀਆਂ ਸਿਫਤਾਂ ਕਰਦਾ ਏ
ਖ਼ਬਰੇ ਕਿੰਨੇ ਪੱਥਰ ਦਿਲ ਤੇ ਧਰਦਾ ਏ
ਜਿੱਤਾਂ ਦੀ ਅਸੀਸ ਚ ਲਗਦੈ ਬਰਕਤ ਨਹੀਂ
ਕਦਮ ਕਦਮ ਤੇ ਬੰਦਾ ਵੇਖੋ ਹਰਦਾ ਏ
ਤੇਰੀ ਨੇਕੀ ਦਿਲ ਮੇਰੇ ਤੋਂ ਪੁੱਛ ਤੇ ਸਹੀ
ਸ਼ਾਮ ਸਵੇਰੇ ਰਹਿੰਦਾ ਹਉਕੇ ਭਰਦਾ ਏ
ਠੰਢੀਆਂ ਪੌਣਾ ਦਿਲ ਤੇਰੇ ਨੂੰ ਠਾਰਦੀਆਂ
ਭਾਂਬੜ ਮਚਦੈ ਜਿਸ ਦਿਨ ਬੱਦਲ ਵਰੵਦਾ ਏ
ਮੇਰੇ ਤੀਰ ਨਿਸ਼ਾਨੇ ਉੱਪਰ ਆਖ ਰਿਹੈਂ
ਉਂਝ ਕਹਿੰਦੇ ਨੇ ਅੱਲ੍ਹਾ ਸਭ ਕੁਝ ਕਰਦਾ ਏ
ਮਾਂ ਬਾਪ ਤਾਂ ਜੀਉਂਦੇ ਉਸ ‘ਲੇ ਮਰ ਜਾਂਦੇ
ਸਰਹੱਦ ਉੱਤੇ ਪੁੱਤਰ ਜਿਸ ‘ਲੇ ਮਰਦਾ ਏ
*
ਗ਼ਜ਼ਲ-2
ਚੇਤੇ ਰੱਖ ਦੁਆਵਾਂ ਦੇ ਵਿਚ
ਠੰਢੀਆਂ ਗਰਮ ਹਵਾਵਾਂ ਦੇ ਵਿਚ
ਬਾਹਰੋਂ ਕਿੱਧਰੇ ਰੱਬ ਨਹੀਂ ਲੱਭਦਾ
ਰੱਬ ਤਾਂ ਵੱਸਦੈ ਮਾਵਾਂ ਦੇ ਵਿਚ
ਤੇਰੀ ਫ਼ਿਤਰਤ ਸੱਚਮੁਚ ਬਦਲੂ
ਕੁਝ ਤਾਂ ਹੁੰਦੈ ਥਾਵਾਂ ਦੇ ਵਿਚ
ਸਭ ਕੁਝ ਤੈਥੋਂ ਵਾਰ ਦਿਆਂਗੇ
ਚਾਹੁੰਨੈ ਕੀ ਵਫ਼ਾਵਾਂ ਦੇ ਵਿਚ
ਆਕਸੀਜਨ ਦੇ ਭਰੇ ਸਿਲੰਡਰ
ਭਰ ਕੇ ਜ਼ਹਿਰ ਹਵਾਵਾਂ ਦੇ ਵਿਚ
ਆਪਾਂ ਤੈਥੋਂ ਦੂਰ ਨਹੀਂ ਹੋਏ
ਵੇਖ ਨਿਸ਼ਾਨਾ ਬਾਹਵਾਂ ਦੇ ਵਿਚ
*
ਗ਼ਜ਼ਲ-3
ਮਜ਼ਲੂਮਾਂ ਲਈ ਹੁਣ ਕੋਈ ਸਰਕਾਰ ਨਹੀਂ
ਹਾਕਮ ਦੇ ਕੰਨ ਪੈਂਦੀ ਕੋਈ ਪੁਕਾਰ ਨਹੀਂ
ਪੱਥਰ ਡੰਡੇ ਤਲਵਾਰਾਂ ਤੇ ਨਫ਼ਰਤ ਬੱਸ
ਉਸਦੇ ਕੋਲੇ ਇਸ ਤੋਂ ਵੱਧ ਹੱਥਿਆਰ ਨਹੀਂ
ਕਲਮਾਂ ਵਾਲੇ ਭਰਦੇ ਪਾਣੀ ਹਾਕਮ ਦਾ
ਸੱਚ ਦੇ ਅੱਖਰ ਲਿਖਦਾ ਹੁਣ ਅਖ਼ਬਾਰ ਨਹੀਂ
ਕਿਸ ਰਸਤੇ ਤੇ ਕਿੱਧਰ ਤੁਰਿਆ ਜਾਂਦਾ ਹੈ
ਉਸਦੇ ਮਨ ਵਿਚ ਆਉਂਦਾ ਕਦੇ ਵਿਚਾਰ ਨਹੀਂ
ਵੱਸਦੇ ਘਰ ਨੂੰ ਲਾਂਬੂ ਲਾ ਕੇ ਫੂਕ ਦਿੱਤਾ
ਮੈਨੂੰ ਲਗਦੈ ਉਸਦਾ ਤਾਂ ਘਰ ਬਾਰ ਨਹੀਂ
ਦੁਨੀਆਂ ਸਾਹਵੇਂ ਰੋ ਲੈ ਭਾਵੇਂ ਹੰਝੂ ਕੇਰ
ਤੇਰੀ ਗੱਲ ਦਾ ਹੁਣ ਸ਼ਾਨਾ ਇਤਬਾਰ ਨਹੀਂ
*
ਗ਼ਜ਼ਲ-4
ਸਮਝੀ ਇਸ ਨੂੰ ਤੰਗੀ ਜਾਨੈ
ਸ਼ਾਮ ਸਵੇਰੇ ਖੰਘੀ ਜਾਨੈ
ਅੰਬਰ ਟਾਕੀ ਲਾਉਣ ਵਾਲਿਆ
ਸੁਪਨੇ ਦੇ ਵਿਚ ਕੰਬੀ ਜਾਨੈ
ਉਂਝ ਕਹਿੰਦਾ ਸੈਂ ਮੈਂ ਵਾਂ ਰੱਜਿਆ
ਅੱਜ ਕੱਲ ਬੱਲਿਆ ਮੰਗੀ ਜਾਨੈ
ਆਪਣਿਆਂ ਕਰਮਾਂ ਦੇ ਸਿੱਟੇ
ਡਾਢੇ ਨੂੰ ਕਿਉਂ ਭੰਡੀ ਜਾਨੈ
ਆਪਣੀ ਜਾਨ ਦੀ ਖ਼ੈਰ ਸਲਾਮਤ
ਸਭ ਨੂੰ ਸੂਲੀ ਟੰਗੀ ਜਾਨੈ
ਬੰਬ ਬੰਦੂਕ ਬਣਾਉਣ ਵਾਲਿਆ
ਰੋਟੀ ਕਾਹਨੂੰ ਮੰਗੀ ਜਾਨੈ
ਜਿਹੜਾ ਰਾਹ ਵਖਾਉਂਦੈ ਸ਼ਾਨਾ
ਉਸਦੇ ਉੱਤੋਂ ਲੰਘੀ ਜਾਨੈ
*
ਗ਼ਜ਼ਲ (5)
ਰੱਬਾ ਤੂੰ ਵੀਂ ਘੱਟ ਤੇ ਨਈਂ ਨਾ
ਲੱਥਿਆ ਤੇਰਾ ਵੱਟ ਤੇ ਨਈਂ ਨਾ
ਚਾਰ ਕੁ ਬੰਦੇ ਚੁੱਕਣ ਵੀਂ ਨਾ
ਏਸ ਤੋਂ ਡੂੰਘੀ ਸੱਟ ਤੇ ਨਈਂ ਨਾ
ਬਾਪੂ ਮੇਰਾ ਮੁੜ ਮਿਲ ਜਾਵੇ
ਐਸੀ ਕੋਈ ਹੱਟ ਤੇ ਨਈਂ ਨਾ
ਸੁਗੜ ਸਿਆਣੇ ਹੋ ਜਾਵਾਂਗੇ
ਕੰਮ ਕੋਈ ਹੁੰਦਾ ਝੱਟ ਤੇ ਨਈਂ ਨਾ
ਖ਼ੁਦ ਨੂੰ ਰੱਬ ਬਣਾ ਬੈਠੇ ਆਂ
ਲੰਘਦੇ ਪਰ ਦਰਵੱਟ ਤੇ ਨਈਂ ਨਾ
ਜ਼ਖਮੀ ਦਿਲ ਨੂੰ ਚੁੱਕੀ ਫਿਰਦੇ
ਪਿੰਡੇ ਤੇ ਕੋਈ, ਫੱਟ ਤੇ ਨਈਂ ਨਾ
*
ਗ਼ਜ਼ਲ-6
ਆਪਣੇ ਹੱਕ ਲਈ ਲੜਣਾ ਪੈਣੈ
ਬਹਿ ਨਹੀਂ ਸਰਨਾ ਖੜ੍ਹਣਾ ਪੈਣੈ
ਬਾਹਰੋਂ ਮਿੱਤਰਾ ਰੱਬ ਨਹੀਂ ਲੱਭਦਾ
ਆਪਣੇ ਅੰਦਰ ਵੜਣਾ ਪੈਣੈ
ਟੀਸੀ ਉੱਪਰ ਝੁੱਲਦੇ ਪੱਤਿਆ
ਆਖ਼ਰ ਇੱਕ ਦਿਨ ਝੜਣਾ ਪੈਣੈ
ਗੂੜ੍ਹੀ ਨੀਂਦਰ ਖ਼ਾਤਰ ਸੱਜਣਾਂ
ਸਿਖ਼ਰ ਦੁਪਹਿਰੇ ਸੜਣਾ ਪੈਣੈ
ਇਸ਼ਕ ਬਚਾਵਣ ਖ਼ਾਤਰ ਸੱਜਣਾਂ
ਸੂਲੀ ਉੱਪਰ ਚੜਣਾ ਪੈਣੈ
ਹੱਥ ਜੋੜ ਨਾ ਸੁਲਝਣ ਮਸਲੇ
ਮਸਲੇ ਖ਼ਾਤਰ ਲੜਣਾ ਪੈਣੈ
ਸਾਈਂਆਂ ਸੂਈਆਂ ਕੁਝ ਨਹੀਂ ਦੇਣਾ
ਅਕਲਾਂ ਖ਼ਾਤਰ ਪੜ੍ਹਣਾ ਪੈਣਾ
*
ਗ਼ਜ਼ਲ (7)
ਕੁੱਤੇ ਵੱਗ ਦਬੱਲੀ ਜਾਂਦੇ
ਰਸਤੇ ਸਾਰੇ ਮੱਲੀ ਜਾਂਦੇ
ਰਾਜੂ ਅਹਿਮਦ ਮਰਿਆ ਭਾਵੇਂ
ਟੀ ਵੀ ਫਿਰ ਵੀ ਚੱਲੀ ਜਾਂਦੇ
ਇੱਕ ਪਿਆਲਾ ਰੱਖਿਆ ਓੱਥੇ
ਬੰਦੇ ਹੋ ਹੋ ਟੱਲੀ ਜਾਂਦੇ
ਤਲਵਾਰਾਂ ਤ੍ਰਿਸ਼ੂਲਾਂ ਦੀ ਛਾਵੇਂ
ਮੰਦਰ ਮਸਜਦ ਹੱਲੀ ਜਾਂਦੇ
ਰਾਮ ਅੱਲ੍ਹਾ ਦੇ ਰਸਤੇ ਉੱਪਰ
ਬੰਦੇ ਰੱਲੀ ਛੱਲੀ ਜਾਂਦੇ
ਕਾਫ਼ਿਰ ਬੰਦੇ ਅੱਜਕਲ੍ਹ ‘ਸ਼ਾਨਾ’
ਧਰਮਾਂ ਨੂੰ ਵੀ ਠੱਲੀ ਜਾਂਦਾ
***
135
***
ਸੰਪਰਕ 75892 33437 |