15 October 2024
man deep_kaur

ਦਰਸ਼ਨ ਬੁਲੰਦਵੀ ਹੁਰਾਂ ਦੀ ਪੁਸਤਕ “ਮਹਿਕਾਂ ਦਾ ਸਿਰਨਾਵਾਂ” – ਇੱਕ ਪੜਚੋਲ —ਮਨਦੀਪ ਕੌਰ ਭੰਮਰਾ

ਦਰਸ਼ਨ ਬੁਲੰਦਵੀ, ਮੂਲ ਰੂਪ ਵਿੱਚ ਪਰਵਾਸੀ ਲੋਕਾਂ ਦੇ ਮਨਾਂ ਦੀ ਪੀੜ ਹਢਾਉਂਦੀ ਵੇਦਨਾ ਨੂੰ ਪ੍ਰਗਟ ਕਰਨ ਵਾਲਾ ਪਰਵਾਸੀ ਪੰਜਾਬੀ ਸ਼ਾਇਰ ਹੈ। ਉਸਦੇ ਸੰਵੇਦਨਸ਼ੀਲ ਮਨ ਅੰਦਰ ਹਰ ਵੇਲੇ ਕੋਈ ਨਾ ਕੋਈ ਭਾਵ ਤੇ ਮਨੋਭਾਵ ਉੱਸਲਵੱਟੇ ਲੈਂਦੇ ਰਹਿੰਦੇ ਹਨ ਜੋ ਬਾਅਦ ਵਿੱਚ ਕਵਿਤਾ ਦਾ ਰੂਪ ਧਾਰ ਲੈਂਦੇ ਹਨ। ਉਸਦੇ ਮਨ ਦੀ ਇਹ ਸੰਵੇਦਨਾ ਦਾ ਸਰੋਤ ਉਸਦੀ ਜਨਮ ਦੇਣ ਵਾਲ਼ੀ ਮਾਂ, ਆਪਣਾ ਵਤਨ ਅਤੇ ਪਰਵਾਸ ਆਦਿਕ ਹਨ। ਉਸਦੇ ਮਨ ਦੀ ਜ਼ਰਖੇਜ਼ ਮਿੱਟੀ ਉੱਤੇ ਜਦੋਂ ਪਰਵਾਸ ਦਾ ਬੀਜ ਧਰਿਆ ਗਿਆ ਤਾਂ ਹਜ਼ਾਰਾਂ ਕਵਿਤਾਵਾਂ ਦੇ ਵੇਲ-ਬੂਟੇ ਉੱਗ ਪਏ। ਪਰਵਾਸ ਨਾਲ਼ ਪੈਦਾ ਹੋਏ ਅਨੁਭਵ ਦੇ ਮਾਰੂਥਲ ਵਿੱਚ ਕਵਿਤਾ ਦੀ ਹਰਿਆਵਲ ਨੇ ਥਾਂ ਮੱਲ ਲਈ। ਤੀਖਣ ਪਰ ਨਿਰਮਲ ਬੁੱਧੀ ਵਿੱਚ ਮੌਲਸਿਰੀ ਦੇ ਫੁੱਲ ਉੱਗ ਪਏ। ਪਰਵਾਸ ਦੀਆਂ ਪੀੜਾਂ, ਮਾਂ ਦੀ ਮਮਤਾ, ਭਜਨੀਕ ਪਿਤਾ ਵੱਲੋਂ ਮਿਲਿਆ ਪਿਆਰ ਅਤੇ ਮਿਲੇ ਸੰਸਕਾਰ, ਜਨਮ ਭੂਮੀ ਦਾ ਉਦਰੇਵਾਂ, ਜੱਦੀ ਪਿੰਡ ਮਹਿਮੂਵਾਲ ਮਹਿਲਾਂ ਵਿੱਚ ਬਚਪਨ ਦੀਆਂ ਯਾਦਾਂ, ਜਦੋਂ ਸਿਮਟ ਕੇ ਉਸਦੇ ਮਨ ਮਸਤਕ ਦੇ ਪ੍ਰਿਜ਼ਮ ਵਿੱਚੋਂ ਦੀ ਗੁਜ਼ਰੀਆਂ ਤਾਂ ਕਵਿਤਾ ਦਾ ਜਲੌਅ ਪ੍ਰਗਟ ਹੋਇਆ। ਆਤਮ ਪ੍ਰਕਾਸ਼ ਦੇ ਅਦੁੱਤੀ ਚਾਨਣ ਵਿੱਚ ਜਦੋਂ ਨਮ ਨੈਣਾਂ ‘ਚੋਂ ਨੀਰ ਵਗ ਤੁਰਿਆ ਤਾਂ ਸ਼ਬਦ ਕਿਰਦੇ ਕਿਰਦੇ ਕਦੇ ਕਿਰਦੀ ਮਿੱਟੀ ਬਣ ਗਏ ਤੇ ਕਦੇ ਸਮੁੰਦਰ ਨਾਲ਼ ਗੱਲਾਂ, ਛੱਲਾਂ ਬਣ ਉਸਦੇ ਅੰਤਹਕਰਣ ਵਿੱਚ ਉੱਛਲਣ ਲੱਗੀਆਂ। “ਲਕੀਰਾਂ ਵਾਹੁੰਦੀ ਪੀੜ” ਕਾਵਿ-ਸੰਗ੍ਰਹਿ ਨਾਲ਼ ਆਪਣੀ ਕਾਵਿ-ਯਾਤਰਾ ਸ਼ੁਰੂ ਕਰਨ ਵਾਲਾ ਸਾਡਾ ਸ਼ਾਇਰ ਦਰਸ਼ਨ ਬੁਲੰਦਵੀ ਹੁਣ ਤੱਕ “ਪਾਰ ਦੇ ਸਫ਼ਰ, ‘ਸਮੁੰਦਰ ਨਾਲ਼ ਗੱਲਾਂ’, ‘ਧੁੱਪ ‘ ਚ ਜਗਦਾ ਦੀਵਾ’, ‘ਕਿਰਦੀ ਮਿੱਟੀ’ ਮੌਲਿਕ ਕਾਵਿ ਪੁਸਤਕਾਂ ਤੋਂ ਇਲਾਵਾ ਉਸਦੀ ਭੁਪਿੰਦਰ ਪਰਿਹਾਰ ਦੁਆਰਾ ਅੰਗਰੇਜ਼ੀ ਵਿੱਚ ਸੰਪਾਦਿਤ ਕੀਤੀ ਪੁਸਤਕ ‘Road to the Self’ ਵੀ ਉਹ ਸਾਹਿਤ ਦੀ ਝੋਲੀ ਪਾ ਚੁੱਕਾ ਹੈ। ‘ਹਾਰ ਕਰ ਭੀ’ ਉਸਦੀ ਚੋਣਵੀਂ ਹਿੰਦੀ ਕਵਿਤਾ ਹੈ, ‘ਪਰ ਤੋਲਦਿਆਂ’ ਉਸਦਾ ਸਫ਼ਰਨਾਮਾ ਹੈ, ‘ ਵਰਤਮਾਨ ਦੇ ਆਰ-ਪਾਰ, ਉਸ ਦੁਆਰਾ ਸੰਪਾਦਿਤ ਕੀਤੀ ਗਈ ਪੁਸਤਕ ਹੈ ਅਤੇ ‘Riding the Crest’ ਡਾਕਟਰ ਗੁਰਪਾਲ ਸੰਧੂ ਦੁਆਰਾ ਸੰਪਾਦਿਤ ਉਸਦਾ ਵਿਦੇਸ਼ੀ ਅਨੁਭਵਾਂ ਬਾਰੇ ਸਵੈ-ਜੀਵਨੀਕਾਰਕ ਬਿਰਤਾਂਤ ਹੈ।”

ਉਹ ਆਪਣੀ ਕਾਵਿ-ਯਾਤਰਾ ਵਿੱਚ ਉਲਾਰ ਹੋ ਕੇ ਨਹੀੰ ਚੱਲਿਆ ਸਗੋਂ ਉਸਨੇ ਸਮਾਨਾਂਤਰ ਸੋਚ ਨਾਲ਼ ਦੇਸ਼ ਅਤੇ ਵਿਦੇਸ਼ ਬਾਰੇ ਲਿਖਿਆ ਹੈ।

ਲੋਕ-ਗੀਤ ਪ੍ਰਕਾਸ਼ਨ ਦੁਆਰਾ ਛਾਪੀ ਗਈ ਉਹਨਾਂ ਦੀ ਹੁਣ ਤੱਕ ਦੀ ਆਖਰੀ ਕਾਵਿ ਪੁਸਤਕ “ਮਹਿਕਾਂ ਦਾ ਸਿਰਨਾਵਾਂ ਹੈ, ਜਿਸਦਾ ਮੈਂ ਇੱਥੇ ਜ਼ਿਕਰ ਅਤੇ ਰਿਵਿਊ ਜਾਂ ਪੜਚੋਲ ਕਰਨ ਜਾ ਰਹੀ ਹਾਂ, ਜੋ ਮੇਰੀ ਆਉਣ ਵਾਲ਼ੀ ਪੁਸਤਕ “ਦਰਸ਼ਨ ਬੁਲੰਦਵੀ ਦਾ ਸਾਹਿਤਕ ਰਚਨਾ ਸੰਸਾਰ” ਦਾ ਇੱਕ ਲੇਖ ਵਜੋਂ ਹਿੱਸਾ ਹੋਵੇਗਾ।

ਦਰਸ਼ਨ ਬੁਲੰਦਵੀ ਹੁਰਾਂ ਦੀ ਪੁਸਤਕ ‘ਮਹਿਕਾਂ ਦਾ ਸਿਰਨਾਵਾਂ’ ਉਹਨਾਂ ਦੀ ਕਾਵਿ ਯਾਤਰਾ ਦਾ ਅਗਲੇਰਾ ਪੜਾਅ ਸਮਝੀ ਜਾ ਸਕਦੀ ਹੈ, ਆਖਰੀ ਮੰਜ਼ਿਲ ਨਹੀਂ, ਕਿਉਂਕਿ ਉਹ ਨਿਰੰਤਰ ਲਿਖਣ ਵਾਲੇ ਕਵੀ ਹਨ। ਜਲੰਧਰ ਜਿ਼ਲ੍ਹੇ ਦੇ ਪਿੰਡ ਅਤੇ ਨਕੋਦਰ ਤਹਿਸੀਲ ਦੇ ਪਿੰਡ ਬੁਲੰਦਪੁਰ ਦੇ ਵਾਸੀ ਮੂਲ ਰੂਪ ਵਿੱਚ ਪਿੰਡ ਮਹਿਮੂਵਾਲ ਮਹਿਲਾਂ ਦੇ ਜੰਮਪਲ ਹਨ। ‘ਨੈਸ਼ਨਲ ਕਾਲਜ ਨਕੋਦਰ’ ਤੋਂ ਬੀ. ਏ. ਕਰਨ ਉਪਰੰਤ ਵਲਾਇਤ ਚਲੇ ਗਏ। ਜ਼ਿੰਦਗੀ ਦੇ ਇਸ ਸਫ਼ਰ ਦੇ ਨਾਲ਼ ਹੀ ਉਹਨਾਂ ਦਾ ਕਾਵਿਕ ਸਫ਼ਰ ਵੀ ਸ਼ੁਰੂ ਹੋ ਗਿਆ। ਸਾਹਿਤ ਦੀ ਗੁੜ੍ਹਤੀ ਉਂਜ ਵਤਨ ਤੋਂ ਹੀ ਨਾਲ਼ ਲੈ ਕੇ ਗਏ ਸਨ। ਸਾਡੇ ਸਮਿਆਂ ਦੇ ਵੱਡੇ ਸ਼ਾਇਰ ਅਵਤਾਰ ਸਿੰਘ ਪਾਸ਼ ਹੁਰਾਂ ਦੇ ਹਾਣ ਪਰਵਾਣ ਦਰਸ਼ਨ ਬੁਲੰਦਵੀ ਵੀ ਉਸੇ ‘ਪਾਸ਼ਧਾਰਾ’ ਦੇ ਅਨੁਯਾਈ ਕਵੀ ਹਨ। ਖ਼ੈਰ ‘ਪਾਸ਼ ਕਾਵਿ’ ਦਾ ਆਪਣਾ ਇੱਕ ਖ਼ਾਸਾ ਹੈ, ਕਦੇ ਉਸ ਤੰਦ ਨੂੰ ਵੀ ਛੋਹਾਂਗੀ। ਪਾਸ਼ ਕਾਵਿ ਨੇ ਆਪਣੇ ਆਲੇ ਦੁਆਲੇ ਨੂੰ ਬਹੁਤ ਹੱਦ ਤੱਕ ਪ੍ਰਭਾਵਿਤ ਕੀਤਾ, ਹਾਣੀ ਨੌਜੁਆਨਾਂ ਦੇ ਮਨਾਂ ਨੂੰ ਆਪਣੀ ਕਾਵਿ ਸਮਰੱਥਾ ਦੀ ਛੈਣੀ ਨਾਲ਼ ਛਿੱਲ ਤਰਾਸ਼ ਕੇ ਕਵਿਤਾ ਦੇ ਰਾਹਾਂ ‘ਤੇ ਅਗਰਸਰ ਹੋਣ ਲਈ ਪ੍ਰੇਰਿਤ ਕੀਤਾ। ਸਮੇਂ ਦੀਆਂ ਸਰਕਾਰਾਂ ਨੂੰ ਪਾਸ਼ ਕਾਵਿ ਨੇ ਲੋਹੇ ਦੇ ਚਨੇ ਚਬਾਉਣ ਦਾ ਭਰਪੂਰ ਯਤਨ ਕੀਤਾ, ਭਾਵੇਂ ਵਕਤ ਦੀ ਦਰਿੰਦਗੀ ਉਨ੍ਹਾਂ ਉੱਪਰ ਨਾਜ਼ਿਲ ਹੋਈ ਅਤੇ ਸਾਡਾ ਬੁਲੰਦ ਸ਼ਾਇਰ ਕੁਵੇਲੇ ਹੀ ਸਾਨੂੰ ਛੱਡ ਕੇ ਚਲਾ ਗਿਆ ਪਰ ਜਿਹੜੇ ਬੀਜ ਉਹ ਆਪਣੇ ਖ਼ਿੱਤੇ ਦੀ ਜ਼ਰਖੇਜ਼ ਜ਼ਮੀਨ ਵਿੱਚੋਂ ਪੈਦਾ ਹੋਏ ਅਨੁਭਵੀ ਲੋਕਾਂ ਦੇ ਮਨਾਂ ਵਿੱਚ ਬੀਜ ਗਿਅਾ, ਉਹ ਹੁਣ ਤੱਕ ਬੋਹੜਾਂ ਤੇ ਪਿੱਪਲਾਂ ਵਾਂਗ ਫ਼ੈਲ ਚੁੱਕੇ ਹਨ। ਦਰਸ਼ਨ ਬੁਲੰਦਵੀ ਉਸੇ ਪਾਸ਼ਧਾਰਾ ‘ਚੋਂ ਪੈਦਾ ਹੋਇਆ ਪਰ ਆਪਣੀ ਤਰ੍ਹਾਂ ਦਾ ਇੱਕ ਵਿਲੱਖਣ ਅਤੇ ਪਰਪੱਕ ਸ਼ਾਇਰ ਹੈ।

ਦੁਅਾਬੇ ਦੇ ਜੰਮਪਲ ਲੋਕ ਪਹਿਲੋਂ ਪਹਿਲ ਵਿਦੇਸ਼ਾਂ ਦੀ ਧਰਤੀ ਉੱਪਰ ਅਾਪੋ ਅਾਪਣੀ ਕਿਸਮਤ ਅਜ਼ਮਾਉਣ ਲਈ ਘਰੋਂ ਨਿਕਲ ਤੁਰੇ ਸਨ। ਸਥਾਨਕ ਜੀਵਨ ਦੀਆਂ ਮੁਸ਼ਕਲਾਂ, ਛੋਟੀ ਕਿਰਸਾਣੀ ਵਿੱਚੋਂ ਨਾ ਪੂਰੀ ਹੋਣ ਵਾਲ਼ੀ ਜੀਵਿਕਾ, ਸਾਮਾਜਿਕ ਕਾਣੀਵੰਡ, ਰਾਜਨੀਤੀਵਾਨਾਂ ਦੀਆਂ ਕੁਟਿਲ ਚਾਲਾਂ ਅਾਦਿਕ ਨੇ ਪੰਜਾਬ ਦੇ ਬਹੁਤੇਰੇ ਵਰਗ ਨੂੰ ਪੱਛਮ ਵੱਲ ਤੋਰ ਦਿੱਤਾ। ਉੱਥੇ ਜਾ ਕੇ ਸਾਡੇ ਲੋਕਾਂ ਨੇ ਅਤਿਅੰਤ ਮਿਹਨਤਾਂ ਕਰਕੇ ਨਾ ਕੇਵਲ ਉਹਨਾਂ ਮੁਲਕਾਂ ਨੂੰ ਹੀ ਸੰਵਾਰਿਆ ਅਤੇ ਤਰੱਕੀ ਵਿੱਚ ਯੋਗਦਾਨ ਪਾਇਆ, ਸਗੋਂ ਆਪਣੀ ਵਤਨ ਪ੍ਰਸਤੀ ਦਾ ਸਬੂਤ ਵੀ ਸਮੇੰ ਸਮੇਂ ਦਿੱਤਾ। ਅੱਜ ਤਾਂ ਸਾਰਾ ਪੰਜਾਬ ਹੀ ਵਿਦੇਸ਼ਾਂ ਵੱਲ ਉਲਾਰ ਹੈ। ਕੇਵਲ ਦੁਆਬਾ ਹੀ ਨਹੀਂ ਮਾਝਾ, ਮਾਲਵਾ ਤੇ ਪੁਆਧ ਗੱਲ ਕੀ ਸਾਰਾ ਪੰਜਾਬ ਬਾਕੀ ਦੁਨੀਆਂ ਵਾਂਗ ਵਿਦੇਸ਼ਾਂ ਵਿੱਚ ਵੱਸਦਾ ਹੈ। ਵਿੰਡਬਨਾ ਇਹ ਹੈ ਕਿ ਇਸ ਤਰੱਕੀ ਅਤੇ ਪ੍ਰਾਪਤੀ ਦੇ ਨਾਲ਼ ਨਾਲ਼ ਬਹੁਤ ਸਾਰੀਆਂ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਸਾਰੇ ਤਾਂ ਨਹੀੰ ਪਰ ਕੁੱਝ ਲੋਕ ਜੀਵਨ ਦੀ ਇਸ ਧਾਰਾ ਵਿੱਚ ਵਗਦੀ ਇੱਕ ਹੋਰ ਧਾਰਾ ਜਿਸ ਨੂੰ “ਸਾਹਿਤ” ਆਖਦੇ ਹਨ, ਵਿੱਚ ਪ੍ਰਵੇਸ਼ ਪਾ ਜਾਂਦੇ ਹਨ। ਆਪਣਿਆਂ ਤੋਂ ਦੂਰੀ ਕਾਰਣ ਤੜਫਦੇ ਹੋਏ ਹਿਰਦਿਆਂ ਵਿੱਚ ਜਦੋਂ ਮੋਹ ਪਿਆਰ ਅਤੇ ਬਿਰਹੇ ਦੀਆਂ ਲਾਟਾਂ ਬਲ਼ਦੀਆਂ ਨੇ ਉਸਦੇ ਸੇਕ ਉੱਪਰ ਪਈ ਕੁਠਾਲੀ ਵਿੱਚ ਕਈ ਸਾਹਿਤ ਰੂਪਾਂ ਦੇ ਗਹਿਣੇ ਘੜੇ ਜਾਂਦੇ ਹਨ। ਕਵਿਤਾ, ਕਹਾਣੀ, ਨਾਵਲ ਆਦਿਕ। ਮਾਤ ਭਾਸ਼ਾਵਾਂ ਦੀ ਸੇਵਾ, ਸਮਕਾਲੀਨ ਸਮਾਜ ਦਾ ਦਰਦ ਅਤੇ ਨਿੱਜ ਦੀ ਪੀੜਾ ਦਾ ਨਿਵਾਜਣ ਕਰਨ ਵਰਗੇ ਕਾਰਜ ਸਾਹਿਤ ਕਰਦਾ ਹੈ। ਸਾਡੇ ਸਾਰੇ ਸਥਾਨਕ ਸਾਹਿਤਕਾਰਾਂ ਵਾਂਗ ਪਰਵਾਸੀ ਸਾਹਿਤਕਾਰਾਂ ਨੇ ਵੀ ਇਸ ਕਾਰਜ ਨੂੰ ਜ਼ਿੰਮੇਵਾਰੀ ਸਹਿਤ ਨਿਭਾਇਆ ਹੈ। ਯੂ ਕੇ ਨਿਵਾਸੀ ਦਰਸ਼ਨ ਬੁਲੰਦਵੀ ਇੱਕ ਅਜਿਹਾ ਹੀ ਸਾਹਿਤਕਾਰ ਹੈ।

ਉਸਦੀ ਪੁਸਤਕ ‘ਮਹਿਕਾਂ ਦਾ ਸਿਰਨਾਵਾਂ’ ਦੀ ਵਿਸਥਾਰ ਵਿੱਚ ਗੱਲ ਕਰਦੇ ਹਾਂ ਅਤੇੇ ਇਸਦੇ ਕਾਵਿ ਝਰੋਖਿਆਂ ‘ਚੋਂ ਇਸ ਪਰਵਾਸੀ ਸ਼ਾਿੲਰ ਦੇ ਸ਼ਾਇਰ ਮਨ ਦੀਆਂ ਅੰਤਰ ਤਹਿਆਂ ਫ਼ਰੋਲਣ ਦਾ ਯਤਨ ਕਰਦੇ ਹਾਂ। ‘ਮਹਿਕਾਂ ਦਾ ਸਿਰਨਾਵਾਂ’ ਦਰਸ਼ਨ ਬੁਲੰਦਵੀ ਦਾ ਛੇਵਾਂ ਕਾਵਿ ਸੰਗ੍ਰਹਿ ਹੈ, ਜਿਸ ਵਿੱਚ ਉਹ ਆਪਣੇ ਆਪ ਨੂੰ ਕਵਿਤਾ ਦੇ ਰੂਬਰੂ ਕਰਦਿਆਂ ਇਸ ਪੁਸਤਕ ਦਾ ਆਗ਼ਾਜ਼ ਕਰਦਾ ਹੈ। ਸ਼ਬਦਾਂ ਦੀ ਭੀੜ ਵਿੱਚੋਂ ਨਿੱਤਰ ਕੇ ਆਉਂਦੀ ਕਵਿਤਾ ਕਵੀ ਮਨ ਨੂੰ ਕਈ ਰੂਪਾਂ ਵਿੱਚ ਆਣ ਕੇ ਮਿਲਦੀ ਹੈ। ਕਦੀ ਸੁੱਕੀ ਜੜ੍ਹ ਵਿੱਚੋਂ ਕਰੂੰਬਲ਼ ਬਣ ਫੁੱਟਦੀ ਹੈ, ਕਦੀ ਬੰਦ ਗੁਫ਼ਾਵਾਂ ਵਿੱਚੋਂ ਹਵਾ ਦੇ ਬੁੱਲੇ ਵਾਂਗ ਲੰਘਦੀ ਹੈ,ਕਦੇ ਜ਼ਰਦ ਪੱਤਿਆਂ ਵਿੱਚੋਂ ਬਹਾਰ ਵਾਂਗ ਗੁਜ਼ਰਦੀ ਹੈ:

ਹੇ ਕਵਿਤਾ
ਅੱਜ ਫ਼ਿਰ ਮੈਂ ਤੇਰੇ ਰੂਬਰੂ ਹਾਂ
ਕਿ ਤੂੰ ਸ਼ਬਦਾਂ ਦੀ
ਭੀੜ ‘ਚੋਂ ਬਾਹਰ ਆਵੇਂ…

ਕਵਿਤਾ ਨੂੰ ਰੁੂਪਾਂਤਰਿਤ ਕਰਨ ਲਈ ਕਵੀ ਨੇ ਕੁਦਰਤ ਅਤੇ ਜ਼ਿੰਦਗੀ ਵਿੱਚੋਂ ਕਈ ਬਿੰਬ ਵਰਤੇ ਹਨ। ਆਪਣੇ ਭਾਵਾਂ ਨੂੰ ਗੁੰਦਿਆ ਹੈ। ਇੱਕ ਮੰਝੇ ਹੋਏ ਸ਼ਿਲਪੀ ਵਾਂਗ ਕਵਿਤਾ ਦੀ ਘਾੜਤ ਘੜਨ ਦੀ ਜੁਗਤ ਦਰਸ਼ਨ ਬੁਲੰਦਵੀ ਹੁਰਾਂ ਦੀ ਕਾਵਿਕਲਾ ਦਾ ਆਪਣਾ ਗੁਣ ਹੈ। ਇਸੇ ਨੂੰ ਅਸੀਂ ਉਹਨਾਂ ਦੀ ਸ਼ੈਲੀ ਆਖ ਸਕਦੇ ਹਾਂ। ਇਸੇ ਜੁਗਤ ਰਾਹੀਂ ਉਹ ਕਵਿਤਾ ਦੇ ਆਸਮਾਨ ਵਿੱਚ ਖੁੱਲ੍ਹੀ ਉਡਾਰੀ ਮਾਰ ਜਾਂਦੇ ਹਨ, ਜੋ ਕਵੀ ਦੇ ਅੰਤਰਮਨ ਵਿੱਚ ਫ਼ੈਲਿਆ ਹੋਇਆ ਹੈ:

ਮੈਂ ਉੱਡ ਰਿਹਾ ਹਾਂ
ਦਿਸ਼ਾਂਵਾਂ ‘ਚ ਉਲਝਿਆ ਹਾਂ
ਜਾਂ ਇੱਕ ਰਸਤੇ ਦਾ ਨੂਰ ਹਾਂ…
ਪਰ ਇਹ ਉਡਾਰੀ
ਸਿਰਫ਼ ਮੈਨੂੰ ਦਿਸਦੀ ਏ
ਜਾਂ ਦਿਸਦੀ ਏ ਉਸ ਨੂੰ
ਜਿਸਨੇ ਮੈਨੂੰ ਖੰਭ ਦਿੱਤੇ ਹਨ
ਅਸਮਾਨ ਸੌਂਪਿਆਂ ਏ
ਹਰ ਟੀਸੀ ਨੂੰ ਛੋਹਣ ਦਾ
ਸਿਰਨਾਵਾਂ ਦਿੱਤਾ ਏ -ਪੰਨਾ :1

ਇਹ ਉਸ ਸ਼ਕਤੀ ਉੱਪਰ ਕਿਸੇ ਦਾ ਵਿਸ਼ਵਾਸ ਹੀ ਹੁੰਦਾ ਹੈ, ਜੋ ਅਨੰਤ ਨਾਲ਼ ਜੁੜਿਆ ਹੁੰਦਾ ਹੈ। ਉਸੇ ਦੇ ਸਹਾਰੇ ਕਵੀ ਮਨ ਉਡਾਰੀ ਮਾਰਦਾ ਮਾਰਦਾ ਸੱਚ ਦੀ ਪਛਾਣ ਕਰਨ ਵੱਲ ਅਹੁਲਦਾ ਹੈ। ਕਵੀ ਆਪਣੀ ਅੰਤਰੀਵੀ ਹੋਂਦ ਦੇ ਅਹਿਸਾਸ ਨੂੰ ਮਹਿਸੂਸ ਕਰਦਾ ਹੋਇਆ, ਉਸ ਸੱਚ ਦੀ ਪਛਾਣ ਕਰਦਾ ਹੈ, ਉਸਦੀ ਚੇਤਨਾ ਆਵਾਗਉਣ ਦੇ ਚੱਕਰਾਂ ਤੋਂ ਮੁਕਤ ਹੈ। ਉਹ ਇਸ ਅਟੱਲ ਸੱਚ ਨੂੰ ਸਮਝਦਾ ਹੈ ਕਿ ਹਰ ਇੱਕ ਦਾ ਆਪੋ ਆਪਣਾ ਵੀ ਇੱਕ ਸੱਚ ਹੁੰਦਾ ਹੈ। ਸੱਚ ਅਤੇ ਝੂਠ ਦੇ ਇਸ ਸਫ਼ਰ ਵਿੱਚ ਉਹ ਨਿਤਾਰਾ ਕਰਨਾ ਚਾਹੁੰਦਾ ਹੈ। ਝੂਠ ਦੇ ਸਭ ਹਨ੍ਹੇਰਿਆਂ ਤੋਂ ਪਾਰ ਉਸਨੂੰ ਸਵੈ ਦੇ ਸੱਚ ਦਾ ਅਹਿਸਾਸ ਜਿੱਤ ਦੀ ਖ਼ੁਸ਼ੀ ਅਤੇ ਤਸਕੀਨ ਦਿੰਦਾ ਹੈ। ਉਹ ਸੱਚ, ਜੋ ਮਾਂ ਦੀ ਮਮਤਾ ਵਿੱਚੋਂ, ਉਸਦੀ ਬੁੱਕਲ਼ ਦੇ ਨਿੱਘ ਵਿੱਚੋਂ ਕਵੀ ਦਾ ਬਾਲਮਨ ਪ੍ਰਾਪਤ ਕਰਦਾ ਸੀ। ਮਾਂ ਦੀ ਨਿਰਛਲ ਮਮਤਾ ਉਸਦੇ ਜੀਵਨ ਦੀ ਸਚਿਆਰਤਾ ਬਣ ਕੇ ਉਮਰ ਭਰ ਉਸਦੇ ਅੰਗ ਸੰਗ ਰਹੀ ਹੈ।

ਦਰਸ਼ਨ ਬੁਲੰਦਵੀ ਦੀ ਬਹੁਤੀ ਕਵਿਤਾ ਹੇਰਵੇ ਵਿੱਚੋਂ ਉਪਜੀ ਹੈ। ਉਂਜ ਇਹ ਹੇਰਵਾ ਲੱਗਭਗ ਹਰ ਪਰਵਾਸੀ ਦੇ ਹਿੱਸੇ ਆਉਂਦਾ ਹੈ। ਪਰ ਇਹ ਵੀ ਸੱਚ ਹੈ ਕਿ ਇਸ ਹੇਰਵੇ ਨੇ ਉਸਦੀ ਕਵਿਤਾ ਵਿੱਚ ਬਹੁਤੇ ਪੈਰ ਨਹੀੰ ਪਸਾਰੇ ਹਨ। ਕਾਰਣ ਇਹ ਕਿ ਉਹ ਆਸ਼ਾਵਾਦੀ ਕਵੀ ਹੈ। ਮਿਹਨਤਕਸ਼ ਅਤੇ ਜ਼ਿੰਦਗੀ ਉੱਪਰ ਜਿੱਤ ਪ੍ਰਾਪਤ ਕਰਨ ਵਾਲਾ ਦ੍ਰਿਰੜਭਾਵੀ ਕਵੀ ਅਤੇ ਇੱਕ ਸਫ਼ਲ ਕਾਰੋਬਾਰੀ ਵਿਅਕਤੀ ਹੈ। ਕਵਿਤਾ ਉਸਦਾ ਨਿੱਜੀ ਹਾਸਿਲ ਹੈ, ਜੋ ਉਸਨੂੰ ਮਾਂ ਦੇ ਬੋਲਾਂ, ਉਸਦੇ ਗਾਏ ਗੀਤਾਂ ਅਤੇ ਜ਼ਿੰਦਗੀ ਦੇ ਸੰਘਰਸ਼ ਦੀ ਬਦੌਲਤ ਵੀ ਮਿਲ਼ਿਆ ਹੈ। ਰੋਟੀ ਰੋਜ਼ੀ ਦੀ ਤਲਾਸ਼ ਵਿੱਚ ਪਰਵਾਸ ਜਦੋਂ ਨਸੀਬਾਂ ਦਾ ਹਿੱਸਾ ਬਣਦਾ ਹੈ, ਤਾਂ ਵਧੀਆ ਜ਼ਿੰਦਗੀ ਜਿਉਣ ਦਾ ਸੁਪਨਾ ਕਈ ਵੱਡੇ ਛੋਟੇ ਸੁਪਨੇ ਮਾਰ ਕੇ ਹੀ ਪੂਰਾ ਹੁੰਦਾ ਹੈ। ਮਾਂ ਮਿੱਟੀ ਅਤੇ ਹਮਸਾਇਆਂ ਦਾ ਵਿਛੋੜਾ ਸਹਿਣਾ ਪੈਂਦਾ ਹੈ। ਮਾਂ ਪੁੱਤ ਦੇ ਵਿਛੋੜੇ ਦੀ ਪੀੜ ਬੜੀ ਦਰਦੀਲੀ ਹੁੰਦੀ ਹੈ। ਜੇ ਮਾਂ ਆਪਣੇ ਹਉਕੇ ਦਬਾਅ ਕੇ ਵੀ ਆਪਣੇ ਅੱਥਰੂ ਸੰਭਾਲ਼ ਲੈਂਦੀ ਹੈ ਤਾਂ ਵੀ ਪੁੱਤ ਦੇ ਸੀਨੇ ਵਿੱਚ ਵੀ ਮਾਂ ਦੀ ਯਾਦ ਸਦਾ ਸਾਂਭੀ ਰਹਿੰਦੀ ਹੈ:

ਤੋਰਨ ਲੱਗਿਆਂ
ਸਿਰ ਪਲੋਸਦੀ ਹੋਈ
ਉਹ ਤਾਂ ਬੱਸ ਏਨਾ ਆਖਦੀ ਏ
“ਆ ਘਰ ਏ ਤੇਰਾ
ਜਦੋਂ ਵੀ ਆਵੇਂ
ਬਿਸਤਰ ਕੱਢ ਕੇ ਵਿਛਾਵੀਂ”
……..ਦੱਸਦੀ ਹੋਈ
ਉਹ ਆਪਣੇ ਅੱਥਰੂ ਸੰਭਾਲ਼ਦੀ ਏ…-ਪੰਨਾ : 6

ਇੰਜ ਯਾਦਾਂ ਦਾ ਇੱਕ ਦੁਵੱਲਾ ਅਤੇ ਅਟੁੱਟ ਸਿਲਸਿਲਾ ਮਨੋਮਨੀਂ ਚੱਲਦਾ ਰਹਿੰਦਾ ਹੈ ਤੇ ਫ਼ੇਰ ਕਰਨੀ ਕੁਦਰਤ ਦੀ ਕਿ ਪ੍ਰਦੇਸ ਵਿਚਲਾ ਘਰ ਵੀ ਆਪਣਾ ਲੱਗਣ ਲੱਗ ਜਾਂਦਾ ਹੈ। ਪਹਿਚਾਣ ਦੀ ਇਹ ਤਾਕਤ ਬੜੀ ਨਿਰਾਲੀ ਹੈ:

ਪਹਿਚਾਣ
ਬਣੇ ਬਣਾਏ
ਰਾਹਵਾਂ ਤੋਂ ਮੁਕਤ ਹੁੰਦੀ ਏ
ਚੁੱਰਸਤਿਆਂ ਤੋਂ ਸੱਖਣੀ
ਗਲਿਆਰਿਆਂ ਤੋਂ ਪਰ੍ਹੇ ਹੁੰਦੀ ਏ
ਪਹਿਚਾਣ ਆਪਣਾ ਰਾਹ
ਆਪ ਬਣਾ ਲੈਂਦੀ ਏ-ਪੰਨਾ: 8

ਇਹ ਪਹਿਚਾਣ ਬੜੀ ਕਮਾਲ ਦਾ ਜਜ਼ਬਾ ਹੁੰਦੀ ਹੈ। ਚੰਗਾ ਅਤੇ ਸਮਝਣ ਵਾਲਾ ਜੀਵਨ ਸਾਥੀ ਪ੍ਰਾਪਤੀਆਂ ਦੀ ਪ੍ਰਾਪਤੀ ਹੁੰਦੀ ਹੈ। ਆਪਣੇ ਹਮਸਫ਼ਰ ਨਾਲ਼ ਕਵਿਤਾ ਵਿੱਚ ਗੱਲ ਕਰਦਿਆਂ ਉਹ ਏਸੇ ਅਪਣੱਤ ਨਾਲ਼ ਭਰੇ ਹੋਏ ਆਪਸੀ ਰਿਸ਼ਤੇ ਦੀ ਗੱਲ ਕਰਦਾ ਹੈ:

ਪਰ ਆਪਾਂ ਤਾਂ
ਇੱਕੋ ਕਾਫ਼ਲੇ ਦੇ ਜਾਏ ਹਾਂ
ਇੱਕੋ ਸਨੇਹ ਸੰਗ ਪ੍ਰਨਾਏ ਹਾਂ
ਪੈੜ ‘ਚ ਪੈੜ ਧਰਦੇ ਆਏ ਹਾਂ….ਪੰਨਾ: 20

ਬਹੁਤੇ ਪਰਵਾਸੀ ਸਾਹਿਤਕਾਰਾਂ ਉੱਪਰ ਗਦਰ ਲਹਿਰ ਦਾ ਅਤੇ ਵਿਸ਼ੇਸ਼ ਤੌਰ ‘ਤੇ ਗਦਰ ਸਾਹਿਤ ਦਾ ਪ੍ਰਭਾਵ ਪਿਆ। ਦਰਸ਼ਨ ਬੁਲੰਦਵੀ ਆਪਣੀ ਕਵਿਤਾ “ਇਤਿਹਾਸ ਬੋਲਦਾ ਏ” ਵਿੱਚ ਲਿਖਦੇ ਹਨ:

ਚੱਲਦਿਆਂ ਹੀ ਰਾਹ ਬਣਦੇ ਹਨ
ਚੱਲਦਿਆਂ ਨੂੰ ਹੀ ਉਡੀਕਦੀ ਏ ਮੰਜ਼ਿਲ
ਚੱਲਦਿਆਂ ਹੀ ਸਫ਼ਰ ਸੰਪੂਰਨ ਹੁੰਦਾ ਹੈ
ਕੀ ਹੋਇਆ ਜੇ ਰਸਤੇ ਵਿੱਚ
ਫ਼ਿਰ ਕੋਈ ਬਜ ਬਜ ਘਾਟ ਏ
ਸੀਸ ਮੰਗਦਾ ਕੋਈ ਚਾਂਦਨੀ ਚੌਂਕ ਏ
ਸ਼ਿੰਗਾਰੀਆਂ ਹੋਈਆਂ ਸਲੀਬਾਂ
ਤੇ ਬੁੱਝੇ ਹੋਏ ਚਿਰਾਗ ਹਨ-ਪੰਨਾ :10

ਇੰਝ ਇਹ ਲੰਮੇਰੀ ਕਵਿਤਾ ਗਦਰ ਲਹਿਰ ਦੇ ਯੋਧਿਆਂ ਨੂੰ ਸਮਰਪਿਤ ਇੱਕ ਸੱਚੀ ਸ਼ਰਧਾਂਜਲੀ ਅਤੇ ਪ੍ਰੇਰਣਾਦਾਇਕ ਕਵਿਤਾ ਹੈ।

ਸਾਡੇ ਸਮਿਆਂ ਦੇ ਮਹਾਨ ਖੋਜੀ ਸਾਹਿਤਕਾਰ, ਤੇ ਕਵੀ ਮੇਰੇ ਪਿਤਾ ਡਾਕਟਰ ਆਤਮ ਹਮਰਾਹੀ ਲਿਖਦੇ ਹਨ:

“ਮੰਜ਼ਿਲ ਪੰਧਾਊਆਂ ਦੇ ਦੀਦਾਰ
ਨੂੰ ਆਪ ਤਰਸਦੀ ਹੈ…”

ਤੇ ਉਹ ਲਿਖਦੇ ਹਨ:

“ਜਿਹੜੇ ਤੁਰਦੇ ਹਨ
ਉਹੀ ਪੁੱਜਦੇ ਹਨ”

ਸੋ, ਏਸੇ ਉੱਦਮ ਸਦਕਾ ਦਰਸ਼ਨ ਬੁਲੰਦਵੀ ਇਸ ਮੰਜ਼ਿਲ ਤੀਕ ਪਹੁੰਚਿਆ ਕਵੀ ਹੋ ਨਿੱਬੜਿਆ ਹੈ ਜਿਸਦੀ ਕਵਿਤਾ ਉਸ ਦੀਆਂ ਸਵੈ ਨਾਲ਼ ਵੀ ਗੱਲਾਂ ਹਨ। ਪ੍ਰਾਪਤੀਆਂ ਅਤੇ ਅਪ੍ਰਾਪਤੀਆਂ ਦੇ ਢੋਏ ਹਨ। ਜੀਵਨ ਸੰਘਰਸ਼ ਵਿੱਚ ਕਵਿਤਾ ਨੇ ਉਸਨੂੰ ਮੰਜ਼ਿਲ ਤੀਕ ਪਹੁੰਚਾਣ ਲਈ ਉਂਗਲ ਫੜ ਕੇ ਉਸਦਾ ਸਾਥ ਦਿੱਤਾ ਹੈ। ਉਸਦੀ ਕਵਿਤਾ ਸਵੈ ਭਰੋਸੇ ਦੀ ਕਵਿਤਾ ਹੈ। ਇਸ ਵਿੱਚ ਬਿਰਤਾਂਤਕ ਪੱਖ ਅਤੇ ਮੈਂ ਵਾਦੀ ਪੱਖ ਦੋਵੇਂ ਨਾਲ਼ ਨਾਲ਼ ਚੱਲਦੇ ਹਨ। ਮੈਂ ਵਾਦੀ ਕਵਿਤਾ ਨਿੱਜੀ ਨਾ ਹੋ ਕੇ ਮਨੁੱਖਾਂ ਦੇ ਸਮੂਹ ਦੀ ਗੱਲ ਹੁੰਦੀ ਹੈ। ਇੰਜ ਕਹਿ ਸਕਦੇ ਹਾਂ ਕਿ ਦਰਸ਼ਨ ਬੁਲੰਦਵੀ ‘ਮਾਨਵਵਾਦੀ ਕਵੀ’ ਹੈ। ਉਹ ਖੁਰ ਰਹੀਆਂ ਸਮਾਜਿਕ ਮਾਨਤਾਵਾਂ ਦੀ ਪੀੜ ਹਢਾਉਂਦੇ ਮਨੁੱਖਾਂ ਦੀ ਤੜਫ਼ ਨੂੰ ਸਮਝਦਾ ਕਵੀ ਹੈ। ਉਸਦੀ ਕਵਿਤਾ ਇਸ ਭੈਅ-ਯੁਕਤ ਸਮਾਜ ਦੇ ਜੰਗਾਲ਼ੇ ਹੋਏ ਜਿੰਦਰੇ ਨੂੰ ਬਦਲ ਕੇ ਨਵੇਂ ਤਾਲੇ ਲਾਉਣ ਦਾ ਪ੍ਰਬੰਧ ਕਰਨ ਦੀ ਫ਼ਿਕਰਮੰਦੀ ਕਰਦੀ ਹੈ। ਇਹ ਉਸਦੇ ਸੋਚਵਾਨ ਮਨੁੱਖ ਹੋਣ ਦੀ ਅਤੇ ਜ਼ਿੰਮੇਵਾਰ ਕਵੀ ਹੋਣ ਦੀ ਗਵਾਹੀ ਹੈ, ਕਵਿਤਾ “ਕੁੰਜੀ” ਨੂੰ ਪੜ੍ਹਦਿਆਂ ਕੁੱਝ ਅਜਿਹਾ ਮਹਿਸੂਸ ਹੁੰਦਾ ਹੈ, ਜਦੋਂ ਉਹ ਲਿਖਦਾ ਹੈ:

ਤੇ ਤੁਹਾਡੇ ਵਕਤ ਨਾਲ਼ ਹੱਥ ਮਿਲਾਵਾਂ
ਨਵੇਂ ਯੁੱਗ ਦੇ ਤਾਲੇ
ਖੋਹਲ ਖੋਹਲ ਤੁਰਾਂ
ਇਸ ਤੋਂ ਪਹਿਲਾਂ
ਕਿ ਇਸ ਕੁੰਜੀ ਨੂੰ ਤੁਹਾਡੇ ਹੱਥ ਧਰ ਦਿਆਂ-ਪੰਨਾ:18

ਸਵੈ ਭਰੋਸੇ ਦੇ ਨਾਲ਼ ਨਾਲ਼ ਉਸਦੇ ਮਨ ਵਿੱਚ ਆਪਣੇ ਹਮਸਫ਼ਰ ਲਈ ਵੀ ਭਰੋਸੇ ਦੇ ਬੀਜ ਬੀਜੇ ਹੋਏ ਹਨ। ਜ਼ਿੰਦਗੀ ਦੀ ਸੁਭਾਵਿਕ ਤੋਰ ਵਿੱਚ ਯਕੀਨ ਰੱਖਣ ਵਾਲਾ ਸਾਡਾ ਇਹ ਸ਼ਾਇਰ ਆਪਣੇ ਹਮਸਫ਼ਰ ਦੀ ਸੁਤੰਤਰ ਹੋਂਦ ਵਿੱਚ ਯਕੀਨ ਰੱਖਣ ਦਾ ਹਾਮੀ ਹੈ। ਜੀਵਨ ਦੇ ਸੰਘਰਸ਼ ਵਿੱਚ ਆਮ ਲੋੜਾਂ ਦੇ ਬਾਜ਼ਾਰੀਕਰਣ ਵਿੱਚੋਂ ਉਪਜੀ ਮਾਨਵੀ ਪੀੜ ਵੀ ਉਸਦੀ ਕਵਿਤਾ ਵਿੱਚ ਪੇਸ਼ ਪੇਸ਼ ਹੈ। ਅਸਲ ਵਿੱਚ ਕਵੀ ਜੀਵਨ ਦੇ ਸਾਧਾਰਣ ਮੁੱਲਾਂ ਦੀ ਅਹਿਮੀਅਤ ਨੂੰ ਸਮਝਣ ਵਾਲ਼ਾ ਕਵੀ ਹੈ। ਆਪੇ ਨਾਲ਼ ਗੱਲਾਂ ਕਰਦੀ ਉਸਦੀ ਕਵਿਤਾ ਮਨੁੱਖੀ ਬਰਾਬਰੀ ਦੀ ਗੱਲ ਕਰਦੀ ਹੋਈ ਨਿੱਜ ਤੋਂ ਪਰ ਤੱਕ ਦਾ ਸਫ਼ਰ ਤਹਿ ਕਰਦੀ ਹੈ।

ਚਲੋ! ਜੇ ਜਾਣਾ ਹੈ ਤਾਂ
ਆਪਾਂ ਉੱਥੇ ਚੱਲੀਏ
ਜਿਥੇ ਨਾ ਕੋਈ ਅੱਗੇ ਨਾ ਪਿੱਛੇ
ਇੱਕ ਦੂਜੇ ਨਾਲ਼ ਬਹਿ ਕੇ ਜਿਥੇ
ਹੋਈਏ ਬਰੋ-ਬਰਾਬਰ-ਪੰਨਾ: 24

ਰਾਜਨੀਤੀ ਦੇ ਆਮ ਜਨਜੀਵਨ ਉੱਪਰ ਪੈਂਦੇ ਪ੍ਰਭਾਵਾਂ ਤੋਂ ਵੀ ਕਵੀ ਅਣਭਿੱਜ ਨਹੀਂ ਹੈ। ਆਪਣੀ ਤੀਖਣ ਬੁੱਧੀ ਦੇ ਸਦਕਾ ਉਹ ਇਨ੍ਹਾਂ ਪ੍ਰਭਾਵਾਂ ਕਾਰਣ ਕਟਾਖਸ਼ ਵੀ ਕਰਦਾ ਹੈ। ਉਹ ਚੇਤੰਨ ਅਤੇ ਜਾਗਰੂਕ ਕਵੀ ਹੈ। ਉਸਦੀ ਸੁਹਿਰਦ ਚੇਤਨਾ ਨੂੰ ਸਾਮਾਜਿਕ ਕਾਣੀਵੰਡ ਪ੍ਰਵਾਨ ਨਹੀਂ ਹੈ। ਰਾਜਨੀਤੀ ਵਿਚਲੀ ਕੂਟਨੀਤੀ ਅਤੇ ਧਰਮਾਂ ਦੇ ਨਾਂ ‘ਤੇ ਵੰਡੇ ਆਪਣੇ ਵਤਨ ਭਾਰਤ ਦੀਆਂ ਮੁਸ਼ਕਲਾਂ ਤੋਂ ਉਹ ਭਲੀਭਾਂਤ ਜਾਣੂੰ ਹੈ। ਬਲਕਿ ਇਹ ਪੀੜਾਂ ਉਸਦੇ ਕੋਮਲ ਮਨ ਵਿੱਚ ਡੂੰਘੀਆਂ ਖੁੱਭੀਆਂ ਹੋਈਆਂ ਹਨ। ਇਹੀ ਕਾਰਣ ਹੈ ਕਿ ਉਹ ਪ੍ਰਦੇਸ ਵਿੱਚ ਬੈਠਾ ਵੀ ਦੇਸ਼ ਲਈ ਫ਼ਿਕਰਮੰਦ ਰਹਿੰਦਾ ਹੈ, ਜਿਵੇਂ ਮਹਾਂਕਵੀ ਬਾਬੂ ਰਜਬਅਲੀ ਜੀ ਲਿਖਦੇ ਹਨ:

“ਆਵੇ ਵਤਨ ਪਿਆਰਾ ਚੇਤੇ
ਜਦ ਖਿੱਚ ਪਾਉਣ ਮੁਹੱਬਤਾਂ ਜੀ”

ਪਰਵਾਸੀਆਂ ਨੂੰ ਵਤਨ ਚੇਤੇ ਆਉਂਦਾ ਰਹਿੰਦਾ ਹੈ। ਦਰਸ਼ਨ ਬੁਲ਼ੰਦਵੀ ਆਪਣੀ ਕਵਿਤਾ ‘ਨੇਤਾ ਜੀ’ ਵਿੱਚ ਲਿਖਦੇ ਹਨ:

ਪਰ ਭਾਰਤ ਵਰਸ਼ ਤਾਂ
ਮਜ਼ਹਬੀ ਦਲਦਲ ਵਿੱਚ ਖੁੱਭਾ ਤੜਫ਼ਦਾ ਏ
ਕਿਸੇ ਮਨਸੂਰ ਦਾ ਹੱਥ ਫੜ ਕੇ
ਪੁਨਰ ਜਨਮ ਮੰਗਦਾ ਏ
ਜੰਗਲ਼
ਉਸ ਵੱਲ ਵੇਖ ਵੇਖ ਹੱਸਦਾ ਏ
ਉਹਦੀ ਗਰਦਨ ‘ਤੇ ਛੁਰੀ ਰੱਖਦਾ ਏ-ਪੰਨਾ:26

ਦਰਸ਼ਨ ਬੁਲੰਦਵੀ ਇੱਕ ਸੁਹਿਰਦ ਇਨਸਾਨ ਅਤੇ ਸੁਚੱਜਾ ਕਵੀ ਹੈ। ਆਪਣੇ ਸਮਕਾਲੀਆਂ ਲਈ ਉਸਦੇ ਮਨ ਵਿੱਚ ਸੁਹਿਰਦਤਾ ਅਤੇ ਵੇਦਨਾ ਹੈ। ਇਹਨਾਂ ਗੁਣਾਂ ਸਦਕਾ ਡਾਕਟਰ ਦੇਵਿੰਦਰ ਕੌਰ ਦੇ ਨਾਂ ਅਤੇ ਡਾਕਟਰ ਹਰਿਭਜਨ ਸਿੰਘ ਹੁਰਾਂ ਦੇ ਨਾਂ ਉਸਨੇ ਦੋ ਵੱਖੋ ਵੱਖ ਕਵਿਤਾਵਾਂ ਵਿੱਚ ਆਪਣੇ ਭਾਵ ਪ੍ਰਗਟ ਕੀਤੇ ਹਨ। ਜੇ ਉਹ ਇੱਕ ਪਾਸੇ ਡਾਕਟਰ ਦੇਵਿੰਦਰ ਕੌਰ ਦੀ ਜ਼ਿੰਦਗੀ ਉੱਪਰ ਅੰਤਰਝਾਤ ਪਾਉਂਦਿਆਂ ਉਸਦੇ ਦਰਦਾਂ ਦੀ ਥਾਹ ਪਾਉਣ ਦਾ ਯਤਨ ਕਰਦਾ ਹੈ:

ਸੁਪਨਿਆਂ ਦੇ ਸੱਚ ਲਈ
ਜਦ ਵੀ ਤੁਰਦੀ ਏ
ਮੂਹਰੇ ਕੰਧਾਂ ਆ ਖਲੋਂਦੀਆਂ
ਚੁੱਪ ਹੁੰਦੀ ਏ ਤਾਂ ਗੀਤ ਬੁਲਾਉਂਦੇ ਹਨ-ਪੰਨਾ:27

ਦੂਜੇ ਪਾਸੇ ਉਹ ਡਾਕਟਰ ਹਰਿਭਜਨ ਸਿੰਘ ਹੁਰਾਂ ਨੂੰ ‘ਸ਼ਬਦਾਂ ਦਾ ਸੁਲਤਾਨ’ ਕਹਿ ਕੇ ਵਡਿਆਉਂਦਾ ਹੈ ਅਤੇ ਉਹਨਾਂ ਨੂੰ ਮਾਂ ਬੋਲੀ ਦਾ ਸੱਚਾ ਸਪੂਤ ਮੰਨਦਾ ਹੈ:

ਮਾਂ ਬੋਲੀ ਦੇ ਸੀਨੇ ਅੰਦਰ
ਜੋ ਦਿਲ ਸਦੀਵੀ ਧਰ ਗਿਆ
ਆਖਿਰ ਆਪਣੀ ਹੋਣੀ ਹੱਥੋਂ
ਤਨ ਉਸਦਾ ਹਰ ਗਿਆ-ਪੰਨਾ: 29

ਜੀਵਨ ਦੀ ਨਾਸ਼ਮਾਨਤਾ ਵੱਲ ਇਸ਼ਾਰਾ ਕਰਦਿਆਂ ਉਹ ਕੀਤੇ ਜਾਣ ਵਾਲੇ ਚੰਗੇ ਕੰਮਾਂ ਦੀ ਅਹਿਮੀਅਤ ਵੱਲ ਇਸ਼ਾਰਾ ਕਰਦਾ ਹੈ:

ਗੀਤ ਬਣਾਇਆ ਉਮਰ ਭਰ
ਤੇ ਗੀਤ ਬਣਾਇਆ ਮੀਤ ਸੀ
ਗੀਤਾਂ ਨੂੰ ਪਰ ਲਾ ਗਿਆ
ਕਲਮ ਨਾਲ਼ ਪ੍ਰੀਤ ਸੀ…

ਡਾਕਟਰ ਹਰਿਭਜਨ ਸਿੰਘ ਹੁਰਾਂ ਬਾਰੇ ਉਸਦੀ ਕਵਿਤਾ “ਬੈਂਚ” ਵਿੱਚ ਉਸਦੇ ਚੇਤਿਆਂ ਵਿੱਚ ਵੱਸੇ ਮਹਿਬੂਬ ਮਿੱਤਰ ਦੀ ਯਾਦ ਦਾ ਵਰਨਣ ਹੈ:

ਜਿਸ ਬੈਂਚ ਤੇ ਬੈਠ
ਤੁਸਾਂ ਕਵਿਤਾ ਸੁਣਾਈ
ਉਸ ਨੂੰ ਅਜੇ ਵੀ
ਸੰਭਾਲ਼ ਰੱਖਿਆ ਹੈ ਸਮੇਂ ਨੇ
ਤੇ ਬੈਂਚ ਨੇ
ਸੰਭਾਲ਼ ਰੱਖਿਆ ਹੈ ਤੁਹਾਨੂੰ
ਮੀਂਹ ਹਨੇਰੀਆਂ ‘ਚ ਝੰਬਿਆ
ਅਜੇ ਵੀ ਨਵਾਂ ਨਕੋਰ ਲੱਗੇ
ਅਜੇ ਵੀ ਤੇਰੀ ਹਾਜ਼ਰੀ ਭਰੇ-ਪੰਨਾ:30

ਇਹ ਕਵੀ ਮਨ ਦੀ ਉਹ ਖ਼ੂਬਸੂਰਤੀ ਹੈ ਜਿਸਦੇ ਸਦਕਾ ਉਸਨੂੰ ਸੁਹਜ ਦੀ ਅੰਤਰ ਦ੍ਰਿਸ਼ਟੀ ਮਿਲੀ ਹੋਈ ਹੈ। ਸਮਾਂ ਮੰਗ ਕਰਦਾ ਹੈ ਕਿ ਇਸ ਅੰਦਾਜ਼ ਵਿੱਚ ਸਮਕਾਲਤਾ ਵਿੱਚੋਂ ਜਾਂ ਬਾਅਦ ਵਿੱਚ ਖ਼ੂਬਸੂਰਤੀ ਨੂੰ ਸੁਹਿਰਦਤਾ ਸਹਿਤ ਚੁਣ ਲਿਆ ਜਾਵੇ।

ਮਨ ਦੀ ਇਹ aesthetic sense ਕਿਸੇ ਵੀ ਇਨਸਾਨ ਦੀ ਖ਼ਾਸ ਕਰ ਸਾਹਿਤਕਾਰ ਲਈ ਬਹੁਤ ਜ਼ਰੂਰੀ ਗੁਣ ਹੈ। ਇਹੀ ਗੁਣ ਕਵੀ ਨੂੰ ਆਪਣੀ ਮਿੱਟੀ ਵਿੱਚੋਂ ਵੀ ਖੁਸ਼ਬੂ ਭਾਲਣ ਦਾ ਹੁਨਰ ਦੱਸਦਾ ਹੈ। ਜੱਦੀ ਪਿੰਡ ਦੀਆਂ ਯਾਦਾਂ, ਵੇਈਂਂ ਦੀਆਂ ਯਾਦਾਂ ਗੱਲ ਕੀ ਆਪਣੀ ਮਿੱਟੀ ਦੇ ਕਣ-ਕਣ ਵਿੱਚੋਂ ਉਹ ਆਪਣੇ ਮਨ ਦਾ ਗੁਆਚਾ ਚਾਨਣ ਲੱਭਣਾ ਚਾਹੁੰਦਾ ਹੈ। ਇੰਜ ਕਰਦਿਆਂ ਉਹ ਕੇਵਲ ਆਪਣੀ ਵੇਦਨਾ ਹੀ ਨਹੀਂ ਪ੍ਰਗਟਾਉਂਦਾ ਸਗੋਂ ਸਮੂਹ ਪਰਵਾਸੀਆਂ ਦੀ ਇਸ ਮਾਨਸਿਕਤਾ ਨੂੰ ਜ਼ੁਬਾਨ ਦੇ ਜਾਂਦਾ ਹੈ, ਜਿੰਨ੍ਹਾਂ ਨੂੰ ਆਪਣੀ ਪਛਾਣ ਭਾਲਣ ਦੀ ਲਲਕ ਰਹਿੰਦੀ ਹੈ। ਪਰਦੇਸਾਂ ਵਿੱਚ ਰੁਲਦਿਆਂ, ਜਦੋਂ ਭਰੇ ਭਰਾਏ ਬਾਜ਼ਾਰ ਵੀ ਪਰਾਏ ਲੱਗਦੇ ਹਨ ਤਾਂ ਬਚਪਨ ਦੇ ਹਾਣੀਆਂ ਦਾ ਚੇਤਾ ਆਉਂਦਾ ਹੈ ਤਾਂ ਇਨਸਾਨ ਗੁਆਚਿਆ ਹੋਇਆ ਮਹਿਸੂਸ ਕਰਦਾ ਹੈ। ਭਾਸ਼ਾ ਓਪਰੀ ਲੱਗਦੀ ਹੈ ਤਾਂ ਮਾਂ ਬੋਲੀ ਪ੍ਰਤੀ ਪਿਆਰ ਹੋਰ ਜਾਗਦਾ ਹੈ। ਇਹੀ ਕਾਰਣ ਹੈ ਕਿ ਪਰਵਾਸੀ ਪੰਜਾਬੀ ਸਾਹਿਤ ਇੱਕ ਸ਼ਕਤੀ ਬਣ ਕੇ ਉੱਭਰਿਆ ਹੈ। ਬੇਸ਼ੱਕ ਜਲਾਵਤਨੀ ਵਰਗੀ ਪੀੜ ਮਨ ਨੂੰ ਕੁੰਠਿਤ ਕਰਦੀ ਹੈ, ਮਿਹਨਤ ਨਾਲ਼ ਜ਼ਿੰਦਗੀ ਦੀਆਂ ਆਮ ਲੋੜਾਂ ਉੱਪਰ ਜਿੱਤ ਪ੍ਰਾਪਤ ਕਰਦਾ ਹੋਇਆ ਕਵੀ ਮਨ ਬਾਜ਼ਾਰ ਅਤੇ ਮੰਡੀਕਰਣ ਵਿੱਚ ਗਵਾਚਦਾ ਨਹੀਂ, ਸਗੋਂ ਕਵਿਤਾ ਦੀ ਤਲਾਸ਼ ਅਤੇ ਸਿਰਜਣਾ ਕਰਕੇ ਆਪਣਾ ਸਕੂਨ ਹਾਸਿਲ ਕਰਦਾ ਹੈ ਅਤੇ ਮਾਂ ਬੋਲੀ ਅਤੇ ਸਾਹਿਤ ਦੀ ਸੇਵਾ ਕਰਦਾ ਹੈ। ਕਵੀ ਦੇ ਮਨ ਅੰਦਰ ਇੱਕ ਘੋਲ ਚੱਲਦਾ ਰਹਿੰਦਾ ਹੈ। ਦੇਖਣ ਨੂੰ ਉਹ ਇੱਕ ਆਮ ਮਨੁੱਖ ਹੁੰਦਾ ਹੈ, ਪਰ ਉਸਦੇ ਅੰਦਰ ਇੱਕ ਵਿਸ਼ਾਲ ਅਨੁਭਵੀ ਮਨੁੱਖ ਛੁਪਿਆ ਹੁੰਦਾ ਹੈ। ਆਮ ਜੀਵਨ ਵਿੱਚ ਵਿੱਚਰਦਿਆਂ ਉਸਦਾ ਮਨ ਬਾਜ਼ਾਰ ਵਿੱਚ ਘੁੰਮਦਾ ਹੋਇਆ ਵੀ ਆਪਣੇ ਵਤਨ ਦੇ ਸ਼ਹੀਦਾਂ ਨੂੰ ਯਾਦ ਕਰਦਾ ਰਹਿੰਦਾ ਹੈ। ਇੱਥੇ ਹੀ ਬੱਸ ਨਹੀਂ ਬਾਜ਼ਾਰ ਵਿੱਚੋਂ ਤੁਰਦਾ ਕਵੀ ਜੰਗਲ਼ ਵਿੱਚ ਵੀ ਝਾਤ ਮਾਰ ਆਉਂਦਾ ਹੈ, ਜਿੱਥੇ ਪੰਛੀ ਵੀ ਉਸਨੂੰ ਦਰਵੇਸ਼ ਜਾਪਦੇ ਨੇ। ਇੰਝ ਦਰਸ਼ਨ ਬੁਲੰਦਵੀ ਦੀ ਕਵਿਤਾ ਦਾ ਇੱਕ ਹੋਰ ਪਹਿਲੂ ਇਹ ਹੈ ਕਿ ਉਸਦੀ ਕਵਿਤਾ ਦੇਸ਼ ਅਤੇ ਵਿਦੇਸ਼ ਦੇ ਮੰਚ ਉੱਤੇ ਵਾਪਰ ਰਹੀਆਂ ਘਟਨਾਵਾਂ ਦਾ ਖੁਲਾਸਾ ਕਰਦੀ ਪ੍ਰਤੀਤ ਹੁੰਦੀ ਹੈ। ਉਸਦੀ ਦਿੱਬ ਦ੍ਰਿਸ਼ਟੀ ਵਾਪਰਦੀਆਂ ਘਟਨਾਵਾਂ ਵਿੱਚੋਂ ਸੱਚ ਅਤੇ ਝੂਠ ਦੇ ਵਿਚਕਾਰ ਦਾ ਰਾਹ ਲੱਭਦੀ ਹੈ। ਸੱਚ ਉਸਨੂੰ ਲੱਭਦਾ ਨਹੀਂ, ਝੂਠ ਉਸਨੂੰ ਪਚਦਾ ਨਹੀੰ। “ਆਪਣੇ ਬੱਚੇ ਸਤਿਬੀਰ ਦੀ ਪੰਜਾਬ ਫੇਰੀ” ਦੇ ਪ੍ਰਭਾਵ ਅਧੀਨ ਲਿਖੀਆਂ ਕਵਿਤਾਵਾਂ ਇਸ ਗੱਲ ਦਾ ਸਬੂਤ ਹਨ।

ਮੇਰਾ ਇਹ ਕਾਰਜ ਮੇਰੀ ਇੱਕ ਪੁਸਤਕ ਦਾ ਹਿੱਸਾ ਹੈ-“ਦਰਸ਼ਨ ਬੁਲੰਦਵੀ ਦਾ ਸਾਹਿਤ ਸੰਸਾਰ -ਇੱਕ ਮੁਲਾਂਕਣ।” ਸੋ, ਉਸ ਦ੍ਰਿਸ਼ਟੀ ਨਾਲ਼ ਮੈਂ ਦਰਸ਼ਨ ਬੁਲੰਦਵੀ ਹੁਰਾਂ ਦੀ ਸਾਰੀ ਕਵਿਤਾ ਅਤੇ ਵਾਰਤਿਕ ਦਾ ਪਠਨ ਕਰਦਿਆਂ, ਵਿਸ਼ੇਸ਼ ਕਰਕੇ “ਮਹਿਕਾਂ ਦਾ ਸਿਰਨਾਵਾਂ” ਪੜ੍ਹਦਿਆਂ ਇਹ ਮਹਿਸੂਸ ਕੀਤਾ ਹੈ ਕਿ ਦਰਸ਼ਨ ਬੁਲੰਦਵੀ ਹੁਰਾਂ ਦੀ ਕਵਿਤਾ ਵਿੱਚ ਭਾਵੇਂ ਬਾਹਰੀ ਜ਼ਿੰਦਗੀ ਦਾ ਜ਼ਿਕਰ ਹੈ ਪਰ ਫ਼ਿਰ ਵੀ ਉਸਦੀ ਕਵਿਤਾ ਮਨ ਦੇ ਅੰਤਰਘੋਲ਼ ਦੀ ਕਵਿਤਾ ਹੈ। ਉਸਦੀ ਕਵਿਤਾ ਬਾਹਰੋਂ ਅਰਥ ਭਾਲਦੀ ਤੁਰਦੀ ਤੁਰਦੀ ਉਸਦੇ ਅੰਤਰਮਨ ਦੀ ਯਾਤਰਾ ਕਰ ਆਉਂਦੀ ਹੈ। ਪਰਵਾਸ ਭੋਗਦਿਆਂ, ਸਫ਼ਰ ਕਰਦਿਆਂ ਉਸਦਾ ਜੀਵਨ ਕਵਿਤਾ ਹੋ ਗਿਆ ਹੈ ਅਤੇ ਉਸਦੀ ਕਵਿਤਾ ਜੀਵਨ ਦਾ ਸਫ਼ਰ ਹੋ ਨਿੱਬੜੀ ਹੈ ਅਤੇ ਉਹ ਆਪ ਸਫ਼ੀਰ ਹੋ ਗਿਆ ਹੈ। ਜੀਵਨ ਦੇ ਇੱਕ ਤਰ੍ਹਾਂ ਦੇ ਕਰਜ਼ ਤੋਂ ਉਹ ਮੁਕਤੀ ਦਾ ਰਾਹ ਕਵਿਤਾ ਵਿੱਚੋਂ ਲੱਭਦਾ ਹੈ :

ਜਲ, ਮਿੱਟੀ ਅਤੇ ਹਵਾ ਦਾ
ਉਸਦੇ ਸਿਰ ਕਰਜ਼ ਸੀ
ਤਿੰਨਾਂ ਦਾ ਕਰਜ਼ ਲਾਹ ਕੇ
ਸਦਾ ਲਈ ਸੁਰਖ਼ਰੂ ਹੋ ਗਿਆ…

ਇਹ ਕਵਿਤਾ ਅਤੇ ਕਵੀ ਦੋਹਾਂ ਦੀ ਪ੍ਰਾਪਤੀ ਹੈ ਕਵਿਤਾ ਇੰਜ ਕਿੱਡੀ ਮਹਾਨ ਹੋ ਨਿੱਬੜਦੀ ਹੈ। ਦਰਸ਼ਨ ਬੁਲੰਦਵੀ ਨੂੰ ਆਮ ਮਨੁੱਖ ਦਾ ਕਵੀ ਵੀ ਆਖ ਸਕਦੇ ਹਾਂ। ਉਸਦੀ ਕਵਿਤਾ ਦਾ ਵਿਸ਼ੇਸ਼ ਗੁਣ ਉਸਦੇ ਵਿਸ਼ਿਆਂ ਦੀ ਸਾਦਗੀ ਹੈ, ਆਮ ਮਨੁੱਖ ਦੇ ਸਰੋਕਾਰ ਹਨ। “ਕਾਰ ਚਲਾਉੰਦਾ ਆਦਮੀ” ਵਰਗੀ ਕਵਿਤਾ ਆਮ ਮਨੁੱਖ ਦੇ ਜੀਵਨ ਦੀ ਪ੍ਰੀਭਾਸ਼ਾ ਹੈ। ਇਸ ਕਵਿਤਾ ਵਿੱਚ ਉਸਨੇ ਮਸ਼ੀਨ ਹੋ ਚੁੱਕੇ ਮਨੁੱਖ ਦੀ ਹੋਣੀ ਦਾ ਜ਼ਿਕਰ ਕੀਤਾ ਹੈ, ਜਿਸ ਹੋਣੀ ਵਿੱਚ ਉਹ ਆਪ ਤਾਂ ਗੁਆਚ ਹੀ ਚੁੱਕਾ ਹੈ, ਦੁਖਾਂਤ ਇਹ ਹੈ ਕਿ ਉਸਨੇ ਆਪਣੇ ਬੱਚਿਆਂ ਦਾ ਭਵਿੱਖ ਵੀ ਕਾਰ ਦੇ ਇੰਜਣ ਦੇ ਧੂੰਏਂ ਵਿੱਚ ਧੁੰਦਲਾ ਕਰ ਲਿਆ ਹੈ। ਕਿੰਨੀ ਸਾਧਾਰਣ ਜਿਹੀ ਲੱਗਦੀ ਕਵਿਤਾ ਆਪਣੇ ਵਿਸ਼ਾਲ ਅਰਥ ਸਮੋ ਕੇ ਬੈਠੀ ਹੈ। ਪੂਰੇ ਦੇ ਪੂਰੇ ਗਲੋਬਲੀ ਪਿੰਡ ਦੀ ਮਾਰਮਿਕ ਦਸ਼ਾ ਦਾ ਬਿਆਨ ਕਰਦੀ ਇਹ ਕਵਿਤਾ ਉਸਦੀ ਕਾਵਿਕਲਾ ਦਾ ਸਿਖਰ ਛੋਹ ਗਈ ਹੈ। ਉਸਦੀ ਤੀਖਣ ਬੁੱਧੀ ਨੂੰ ਭਵਿੱਖ ਦੇ ਗਰਭ ਵਿੱਚ ਦਨਦਨਾਂਦਾ ਬਲ਼ੈਕਹੋਲ ਦਿਸ ਰਿਹਾ ਹੈ। ਇੰਝ ਕਵੀ ਜੀਵਨ ਨੂੰ ਬਚਾਉਣ ਦੇ ਖੁੱਲ੍ਹੇ ਇਸ਼ਾਰੇ ਦੇ ਰਿਹਾ ਹੈ:

ਇਹ ਨਹੀੰ ਸੋਚਦਾ
ਕਿ ਇਹਦੀ ਕਾਰ ਦਾ ਧੂੰਆਂ
ਇਹਦੇ ਬੱਚੇ ਦੇ ਅੰਬਰ ਵਿੱਚ ਛੇਕ ਕਰ ਰਿਹਾ ਏ
ਇਹਦੇ ਖਿਡੌਣਿਆਂ ਵੱਲ ਵਧਾਏ ਹੱਥਾਂ ਤੇ
ਛੱਲਣੀ ਹੋਈ ਓਜ਼ੋਨ ਲੇਅਰ ਧਰ ਰਿਹਾ ਏ..-ਪੰਨਾ: 66

ਇੰਝ ਨਜ਼ਮਾਂ,ਗੀਤਾਂ ਤੇ ਗ਼ਜ਼ਲਾਂ ਵਿੱਚ ਢਲ਼ੀ ਹੋਈ ਉਸਦੀ ਕਵਿਤਾ ਯਾਦਾਂ ਦਾ ਅਨਮੋਲ ਖ਼ਜ਼ਾਨਾ ਵੀ ਹੈ। ਕੁੱਝ ਪਲ ਇਨਸਾਨ ਦਾ ਆਪਾ ਆਪਣੇ ਆਪ ਨਾਲ਼ ਜਿਉਣਾਂ ਚਾਹੁੰਦਾ ਹੈ। ਸੀਨੇ ਵਿੱਚ ਸਮੇਟੇ ਰਿਸ਼ਤੇ ਉਮਰ ਭਰ ਯਾਦ ਦੇ ਸੁਨਹਿਰੀ ਪੰਨੇ ਤੇ ਸੁਨਹਿਰੀ ਅੱਖਰਾਂ ਸੰਗ ਲਿਖੇ ਜਾਂਦੇ ਹਨ:

ਤੇਰੇ ਨਾਲ਼ ਮੁਹੱਬਤਾਂ ਕਰਕੇ ਨੀ
ਮੈਂ ਜੀਅ ਲਿਆ ਦਮ ਭਰ ਕੇ ਨੀ-ਪੰਨਾ:75

ਵਰਗੇ ਗੀਤ ਵੀ ਸਾਡੇ ਇਸ ਸ਼ਾਇਰ ਦੀ ਕਲਮ ਨੇ ਲਿਖੇ ਹਨ। ਕਦੇ ਇਹਨਾਂ ਗੀਤਾਂ ਵਿੱਚ ਮੁੱਹਬਤ ਭਰ ਜਾਂਦੀ ਹੈ, ਕਦੇ ਵਤਨ ਆ ਜਾਂਦਾ ਹੈ, ਤੇ ਕਦੇ ਜੰਮਣ ਭੋਇੰ ਦਾ ਜ਼ਿਕਰ ਆ ਜਾਂਦਾ ਹੈ। ਪੰਜਾਬ ਦੀ ਪਿਆਰੀ ਧਰਤੀ ਲੱਗਭਗ ਹਰ ਪਰਵਾਸੀ ਪੰਜਾਬੀ ਦੇ ਜ਼ਿਹਨ ਦਾ ਹਿੱਸਾ ਬਣੀ ਰਹਿੰਦੀ ਹੈ। ਉਹ ਇਸ ਜ਼ੰਨਤ ਨੂੰ ਹੋਰ ਜ਼ੰਨਤ ਬਣਾ ਦੇਣ ਦੇ ਸੁਪਨੇ ਦੇਖਦੇ ਹਨ, ਸਾਡਾ ਮਾਣਮੱਤਾ ਕਵੀ ਲਿਖਦਾ ਹੈ:

ਇਹਦੀ ਜ਼ੰਨਤ ਵਰਗੀ ਲੋਰੀ ਏ
ਇਹਦਾ ਅੰਮ੍ਰਿਤ ਵਰਗਾ ਪਾਣੀ ਏ
ਇਹਦੀ ਸ਼ਹਿਦੋਂ ਮਿੱਠੀ ਗੁੜ੍ਹਤੀ ਏ
ਇਹਦਾ ਜੇਰਾ ਪਰਬਤ ਹਾਣੀ ਏ
ਇਹਦੇ ਖੇਤੀਂ ਕੁਦਰਤ ਹੱਸਦੀ ਏ
ਅਸੀੰ ਇਸਨੂੰ ਹੋਰ ਹਸਾਉਣਾ ਏ-ਪੰਨਾ:77

ਬੇਸ਼ੱਕ ਵਕਤ ਦੀਆਂ ਕਾਲ਼ੀਆਂ ਤਾਕਤਾਂ ਨੇ ਇਸ ਧਰਤੀ ਦੀ ਜ਼ਰਖੇਜ਼ ਤਾਕਤ ਨੂੰ ਘਟਾਉਣ ਲਈ ਹਰ ਕੋਝਾ ਹਰਬਾ ਵਰਤਿਆ ਏ ਪਰ ਇਸ ਦੇ ਦੇਸ਼ਾਂ ਵਿਦੇਸ਼ਾਂ ਵਿੱਚ ਵੱਸਦੇ ਮਹਾਨ ਸਪੂਤ ਇਸਦੀ ਸੰਭਾਲ ਕਰਨ ਦੇ ਸਮਰੱਥ ਹਨ। ਦਿੱਲੀ ਦਾ ਕਿਸਾਨ ਅੰਦੋਲਨ ਇਸ ਗੱਲ ਦਾ ਪ੍ਰਤੱਖ ਪ੍ਰਮਾਣ ਹੈ।

ਰਿਸ਼ੀਆਂ ਮੁਨੀਆਂ ਦੀ ਇਸ ਪਵਿੱਤਰ ਧਰਤੀ ਨੂੰ ਉਸਦੀਆਂ ਯਾਦਾਂ ਨਤਮਸਤਕ ਹੁੰਦੀਆਂ ਨੇ। ਕੁੱਝ ਗ਼ਜ਼ਲਾਂ ਵੀ ਇਸ ਪੁਸਤਕ ਦਾ ਹਿੱਸਾ ਹਨ। ਪਰ ਮੂਲ ਰੂਪ ਵਿੱਚ ਦਰਸ਼ਨ ਬੁਲੰਦਵੀ ਖੁੱਲ੍ਹੀ ਕਵਿਤਾ ਦਾ ਕਵੀ ਹੈ। ਖੁੱਲ੍ਹੀ ਕਵਿਤਾ ਬਾਰੇ ਇਸ ਪੁਸਤਕ ਵਿੱਚ ਮੈਂ ਵਿਸਥਾਰ ਸਹਿਤ ਗੱਲ ਕਰਨ ਦੀ ਕੋਸ਼ਿਸ਼ ਕਰਾਂਗੀ। ਉਂਝ ਇਹ ਨੇਕ ਕਾਰਜ ਡਾਕਟਰ ਜਸਵਿੰਦਰ ਸਿੰਘ ਹੁਰੀਂ ਦਰਸ਼ਨ ਬੁਲੰਦਵੀ ਹੁਰਾਂ ਬਾਰੇ ਲਿਖੇ ਆਪਣੇ ਇੱਕ ਲੇੰਖ ਵਿੱਚ ਕਰ ਚੁੱਕੇ ਹਨ। ਇਸ ਉੱਪਰ ਹੋਰ ਵਿਸਥਾਰ ਦੀ ਅਸੀਮ ਸੰਂਭਾਵਨਾ ਛੁਪੀ ਹੋਈ ਹੈ।

ਦਰਸ਼ਨ ਬੁਲੰਦਵੀ ਦੀ ਕਵਿਤਾ ਅੱਗੋਂ ਜਾ ਕੇ ਕਿਰਤੀ ਦੀ ਕਿਰਤ ਅਤੇ ਉਸਦੇ ਹੁਨਰ ਦਾ ਜ਼ਿਕਰ ਵੀ ਛੋਂਹਦੀ ਹੈ, ਜਿਹੜਾ ਆਪਣੀਆਂ ਸੀਮਾਵਾਂ ਜਾਣਦਾ ਹੈ। ਸਾਰ ਇਹ ਹੈ ਕਿ “ਮਹਿਕਾਂ ਦਾ ਸਿਰਨਾਵਾਂ” ਦੀ ਸਮੁੱਚੀ ਕਵਿਤਾ ਆਮ ਮਨੁੱਖ ਦੀ, ਉਸਦੇ ਆਮ ਜੀਵਨ ਦੇ ਸਰੋਕਾਰਾਂ ਦੀ ਅਤੇ ਜੀਵਨ ਦੇ ਮੁੱਲਾਂ ਦਾ ਮੁੱਲਾਂਕਣ ਕਰਦੀ ਹੋਈ ਇਸ ਨੂੰ ਹੋਰ ਸੰਵਾਰਨ ਦੀ ਤਲਾਸ਼ ਵਿੱਚ ਹੈ।

ਆਪਣੇ ਇਸ ਲੇਖ ਦੇ ਸ਼ੁਰੂ ਵਿੱਚ ਮੈਂ ਲਿਖਿਆ ਸੀ ਕਿ ਦਰਸ਼ਨ ਬੁਲੰਦਵੀ ਆਪਣੇ ਖਿੱਤੇ ਦੇ ਸਮਕਾਲੀ ਕੁੱਝ ਕਵੀਆਂ ਵਾਂਗ “ਪਾਸ਼ਧਾਰਾ ਦਾ ਕਵੀ ਹੈ।” ਬੇਸ਼ੱਕ ਮੈਂ ਪਾਸ਼ ਨੂੰ ਹਾਲੇ ਤੱਕ ਬਹੁਤਾ ਨਹੀਂ ਪੜ੍ਹਿਅਾ, ਪਰ ਸੁਣਿਅਾ ਕਾਫ਼ੀ ਹੈ। ਸੋ, ਮੈਂ ਇਹ ਕਹਾਂਗੀ ਕਿ ਅਸਲ ਵਿੱਚ ਜਿਹੜੇ ਸੁਪਨੇ ਉਸਨੇ ਆਪਣੇ ਲੋਕਾਂ ਲਈ ਦੇਖੇ ਸਨ, ਉਸਦੇ ਹਾਣੀ ਜਾਂ ਸਮਕਾਲੀ ਕਵੀ ਜਾਂ ਉਸ ਧਾਰਾ ਦੇ ਸ਼ਾਇਰ ਉਹਨਾਂ ਸੁਪਨਿਆਂ ਨੂੰ ਜਗਾਈ ਅਤੇ ਮਘਾਈ ਰੱਖਣ ਦੇ ਆਹਰ ਵਿੱਚ ਹਨ। ਦਰਸ਼ਨ ਬੁਲੰਦਵੀ ਏਸੇ ਸ਼੍ਰੇਣੀ ਦਾ ਕਵੀ ਹੈ। ਸੰਘਰਸ਼ ਦੀ ਲਟਲਟ ਬਲ਼ਦੀ ਜਵਾਲਾ ਨੂੰ ਪ੍ਰਜਵਲਿਤ ਰੱਖ ਕੇ ਅਾਪ ਕਾਮਯਾਬ ਹੋਣ ਵਾਲਾ ਅਾਮ ਅਾਦਮੀ ਹੈ, ਜੋ ਚਾਹੁੰਦਾ ਹੈ ਕਿ ਉਸਦਾ ਸਮਾਜ ਵੀ ਤਰੱਕੀ ਕਰੇ। ਉਹ ਅਜਿਹਾ ਬਰਾਬਰੀ ਵਾਲਾ ਸਮਾਜ ਸਿਰਜੇ ਜਾਣ ਦੇ ਪੱਖ ਵਿੱਚ ਹੈ, ਜਿੱਥੇ ਉਸਦੀ ਅਾਪਣੀ ਧੀ ਨੂੰ ਵੀ ਅੌਰਤ ਦੀ ਅਸਲ ਅਾਜ਼ਾਦੀ ਵਾਲਾ ਹੱਕ ਹਾਸਿਲ ਹੋਵੇ। ਇੰਝ ਅਾਮ ਮਨੁੱਖ ਦੇ ਜੀਵਨ, ਉਸਦਾ ਜੂਝਣ, ਨਿੱਤਕਰਮ, ਅਾਦਿਕ ਉਸਦੀ ਕਵਿਤਾ ਦੇ ਵਿਸ਼ੇ ਬਣਦੇ ਹਨ।

ਅੰਤ, ਪਰਵਾਸੀ ਪੰਜਾਬੀ ਸਾਹਿਤ ਦੀ ਅਮੀਰੀ ਵਿੱਚ ਵਾਧਾ ਕਰਦੀ ਇਹ ਪੁਸਤਕ ਪੰਜਾਬੀ ਸਾਹਿਤ ਦਾ ਹਿੱਸਾ ਬਣੀ ਹੈ। ਅਾਪਣੇ ਖ਼ੂਬਸੂਰਤ ਨਾਮ ਨੂੰ ਸਾਕਾਰ ਕਰਦੀ ਇਹ ਪੁਸਤਕ “ਮਹਿਕਾਂ ਦਾ ਸਿਰਨਾਵਾਂ” ਕਵੀ ਦੀ ਜਿੱਤ ਦਾ ਜਸ਼ਨ ਮਨਾਉਂਦੀ ਪੁਸਤਕ ਹੈ। ਮੈਨੂੰ ਅਾਪਣੇ ਇਸ ਸਤਿਕਾਰਯੋਗ ਅਤੇ ਬਹੁਤ ਪਿਆਰੇ ਸਾਹਿਤਕਾਰ, ਮੇਰੇ ਬਜ਼ੁਰਗਵਾਰ ਦਰਸ਼ਨ ਬੁਲੰਦਵੀ ਜੀ ਉੱਪਰ ਡਾਢਾ ਮਾਣ ਹੈ।
ਅੱਲਾ ਕਰੇ ਜ਼ੋਰ-ਇ-ਕਲਮ ਔਰ
***
273

***

mandeep Kaur
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ