1. ਵਿਸ਼ਾਦ
ਐ ਮੇਰੇ ਮਨ!
ਬਾਹਰ ਨਿਕਲ਼ !
ਇਹਨਾਂ ਵਿਸ਼ਾਦਗ੍ਰਸਤ
ਘਾਟੀਆਂ ਦੀ ਘੁੱਪ ਹਨ੍ਹੇਰੇ
ਭਰੀ ਬੁੱਕਲ਼ ਵਿੱਚੋਂ ਬਾਹਰ ਆ!
ਨਵੀਆਂ ਸੋਨਰੰਗੀਆਂ ਕਿਰਨਾਂ
ਤੇਰੇ ਮਨ ਦਾ ਬੂਹਾ ਮੱਲ ਕੇ ਬੈਠੀਆਂ ਨੇ
ਨਵੀਂਆਂ ਪਗ-ਡੰਡੀਆਂ ਸਿਰਜ
ਹਿੰਮਤ ਕਰ ਤੇ ਨਵੇਂ ਰਾਹ ਬਣਾ
ਆਪਣੀ ਲਕੀਰ ਵੱਡੀ ਖਿੱਚ!
ਰਿਸ਼ਤਿਆਂ ਦੀ ਉਦਾਸ ਦਾਸਤਾਂ
ਬਾਰੇ ਨਾ ਸੋਚਿਆ ਕਰ
ਉਹਨਾਂ ਦੀ ਬੇਬਸੀ ਸਮਝ
ਸਬਰ ਦਾ ਵੱਡਾ ਘੁੱਟ ਗਲ਼ੇ ‘ਚੋ ਉਤਾਰ
ਤੇ ਆਪ ਸ਼ਰਬਤ ਹੋ ਜਾ!
ਮਾਣਮੱਤੀਆਂ ਦੋਸਤੀਆਂ ਦੇ ਸਦਕੇ ਜਾ
ਮੁਹੱਬਤੀ ਰਿਸ਼ਮਾਂ ਤੋਂ ਕੁਰਬਾਨ ਹੋ ਜਾ
ਸਮੇਂ ਦਾ ਪਹੀਆ ਘੁੰਮੇਗਾ
ਸੂਰਜ ਨਿੱਤ ਨਵੇਂ ਰੰਗ ਲੈ ਕੇ ਉਗਮੇਗਾ
ਸਿਤਾਰਿਆਂ ਤੋਂ ਅੱਗੇ ਦਾ ਜਹਾਨ ਦੇਖ!
ਆਪਣੇ ਮਨ ਦਾ ਸਾਰਾ ਵਿਸ਼ਾਦ
ਮਹਾਨ ਕਵਿਤਾ ਅੱਗੇ ਰੱਖ ਦੇਹ
ਰਿਸ਼ੀ ਵੇਦ ਵਿਆਸ ਦੇ ਚਰਨ ਪਰਸ
ਸਤਲੁਜ ਦੇ ਪਾਣੀਆਂ ਵਿੱਚ ਹੰਝੂ ਰੋੜ੍ਹ ਦੇ
ਕਿਨਾਰੇ ਬੈਠ ਸਰਸਵਤੀ ਦੀ ਪੂਜਾ ਕਰ!
ਮੰਨਿਆਂ ਕਿ ਹਵਾਵਾਂ ਵਿੱਚ ਜ਼ਹਿਰ ਹੈ
ਪਾਣੀ ਪਲੀਤ ਕਰ ਦਿੱਤੇ ਗਏ ਨੇ
ਜ਼ਮੀਂ ਲਾਵਾਰਿਸ ਹੋਣ ਕਿਨਾਰੇ ਹੈ
ਬਿਨਾਂ ਸ਼ੱਕ ਆਸਮਾਨ ਰੋ ਰਿਹਾ ਹੈ
ਪਰ ਤੂੰ ਵਿਸ਼ਾਦਗ੍ਰਸਤ ਨਾ ਹੋ ਬੱਸ ਮੁਸਕੁਰਾ!
ਮੁਸਕਰਾਹਟ ਉਮੀਦ ਜਗਾਉਂਦੀ ਏ
ਪਿਆਰਾਂ ਦੇ ਦੋ ਬੋਲ ਜ਼ਿੰਦਗੀ ਦੇ ਜਾਂਦੇ ਨੇ
ਸਾਹਮਣੇ ਵਾਲ਼ੇ ਦਾ ਹਿਰਦਾ ਪੜ੍ਹ
ਹਿਰਦੇ ਦੀ ਵਿਸ਼ਾਲਤਾ ਦੀ ਥਾਹ ਪਾ
ਵਿਸ਼ਾਦ ਤੋਂ ਮੁਕਤੀ ਦਾ ਇਹੀ ਰਾਹ ਹੈ!
(18.4.2021)
**
2. ਉਪਰਾਮਤਾ
✍️ਮਨਦੀਪ ਕੌਰ ਭੰਮਰਾ
ਸਮਿਆਂ ‘ਚੋਂ ਇਹ ਚੰਦਰਾ ਸਮਾਂ
ਸਾਡੇ ਮਨਾਂ ਵਿੱਚ ਨੱਕੋ-ਨੱਕ
ਉਪਰਾਮਤਾ ਭਰ ਦੇਣੀ ਚਾਹੁੰਦੈ
ਪਰ ਸਮਾਂ ਜਾਣਦਾ ਨਹੀਂ ਕਿ ਅਸੀਂ
ਕਿਸ ਮਿੱਟੀ ਦੇ ਬਣੇ ਹੋਏ ਹਾਂ!
ਸਾਡੇ ਫ਼ੌਲਾਦੀ ਜਿਗਰੇ ਅਜਿਹੇ
ਸਮਿਆਂ ਦੀਆਂ ਸੱਟਾਂ ਸਹਿਣ
ਅਤੇ ਖਾਣ ਦੇ ਆਦੀ ਹਨ
ਸਾਡੇ ਪੁਰਖਿਆਂ ਨੇ ਸਾਨੂੰ ਹੌਸਲੇ
ਤੇ ਹਿੰਮਤਾਂ ਵਿਰਸੇ ਵਿੱਚ ਦਿੱਤੀਆਂ ਨੇ!
ਸਾਡੇ ਇਹ ਸਿਰੜ ਸਾਡੀਆਂ
ਮਹਾਨ ਮਾਂਵਾਂ ਦੇ ਸਦਕੇ ਨੇ
ਪੁੱਤਰਾਂ ਦੇ ਸਿਰ ਝੋਲ਼ੀਆਂ ਵਿੱਚ
ਪੁਆ ਕੇ ਵੀ ਸੀਅ ਤੱਕ ਨਾ ਕਰਨ
ਵਾਲ਼ੀਆਂ ਸਾਡੀਆਂ ਮਾਂਵਾਂ ਮਹਾਨ ਨੇ!
ਮੰਨਿਆਂ ਕਿ ਅਸੀਂ ਨਰਮ-ਦਿਲ
ਬੇਹੱਦ ਕੋਮਲ-ਭਾਵੀ ਅਤੇ
ਅੱਤਿ ਦੇ ਸੰਵੇਦਨਸ਼ੀਲ ਹਾਂ
ਅਸੀਂ ਤੜਫ਼ਦੇ ਹਾਂ, ਲੁੱਛਦੇ ਹਾਂ
ਸਹਿੰਦੇ ਹਾਂ, ਰੋਂਦੇ ਹਾਂ, ਵਿਲਕਦੇ ਹਾਂ!
ਪਰ ਦੂਜੇ ਹੀ ਪਲ ਅਸੀਂ
ਪੱਥਰਾਂ ਵਰਗੇ ਕਠੋਰ ਹੋ ਜਾਂਦੇ ਹਾਂ
ਅਸੀਂ ਉਪਰਾਮਤਾ ਦਾ ਜੂਲ਼ਾ
ਲਾਹ ਦੇਣਾ ਚੰਗੀ ਤਰ੍ਹਾਂ ਜਾਣਦੇ ਹਾਂ
ਇਸ ਉਪਰਾਮਤਾ ਦਾ ਜੂਲ਼ਾ ਵੀ ਲਾਹ ਸੁੱਟਾਂਗੇ!
(18.4.2021) (ਕਲਾਵਾ) ਵਿੱਚੋਂ |