22 July 2024
man deep_kaur

ਦੋ ਕਵਿਤਾਵਾ: ਕਵੀਅਾਂ ਨੇ ਤਾਂ ਗਾਉਣਾ ਹੈ!/ਕਲਾਵੇ ਦਾ ਕਰਿਸ਼ਮਾ—-—✍️ਮਨਦੀਪ ਕੌਰ ਭੰਮਰਾ

1. ਕਵੀਆਂ ਨੇ ਤਾਂ ਗਾਉਣਾ ਹੈ!

ਪੈਗ਼ਾਮ ਲੈ ਸਾਥੀਆ!
ਪੈਗ਼ਾਮ ਦੇ ਸਾਥੀਆ!

ਮੰਜ਼ਿਲ ਵੱਲ ਵੱਧਦੇ ਕਦਮ
ਤੇਰੇ ਮੇਰੇ ਇਹ ਚੱਲਦੇ ਕਦਮ
ਮੰਜ਼ਿਲ ਦੀ ਥਾਹ ਪਾ ਲੈਣਗੇ
ਸਾਰੇ ਸੁੰਨੇ ਰਾਹ ਰੁਸ਼ਨਾਅ ਲੈਣਗੇ

ਅਹਿਦ ਕਰਕੇ ਕਹਿ ਰਹੇ ਹਾਂ ਅਸੀਂ
ਤੁਰਦੇ ਤੁਰਦੇ ਵਹਿ ਰਹੇ ਹਾਂ ਅਸੀਂ
ਬੇਸ਼ੱਕ ਆਪੋ ਆਪਣੇ ਰਾਹਾਂ ਥੀਂ ਜਾ ਰਹੇ ਹਾਂ
ਪਰ ਦੂਰੋਂ ਵੀ ਸਾਹਾਂ ਦੀ ਸਰਗਮ ਸੁਣ ਰਹੇ ਹਾਂ

ਪੌਣਾਂ ‘ਚ ਸੁਗੰਧੀ ਜਿਹੀ ਘੁਲ਼ੀ ਹੋਈ
ਰੂਹਾਂ ‘ਚ ਖ਼ੁਸ਼ੀ ਕੋਈ ਵਸੀ ਹੋਈ
ਯਾਦਾਂ ਦੇ ਇਹ ਸਿਲਸਿਲੇ
ਦੋਸਤ ਕਦੋਂ ਸੀ ਗਲੇ ਮਿਲੇ

ਪੌਣਾਂ ਹੱਥ ਸੁਨੇਹੇ ਜਾਵਣ
ਸਾਰੇ ਇੱਕ ਦੂਜੇ ਦੀ ਸੁੱਖ ਮਨਾਵਣ
ਪੌਣ ਨਿੱਤ ਸਰਗੋਸ਼ੀਆਂ ਕਰੇ
ਹਵਾ ਰੋਜ਼ ਅਠਖੇਲੀਆਂ ਕਰੇ

ਆ ਕਿ ਹਵਾਵਾਂ ਨੂੰ ਮਨਾ ਲਈਏ
ਆ ਕਿ ਜਿਉਣਾ ਸੁਖਾਲਾ ਬਣਾ ਲਈਏ
ਆਪਣਾ ਕਵੀ ਹੋਣ ਦਾ ਧਰਮ ਨਿਭਾ ਦੇਈਏ
ਇਹ ਜੀਵਨ ਸ਼ਬਦ ਦੇ ਲੇਖੇ ਲਾ ਦੇਈਏ

ਸ਼ਬਦ ਸਾਡੇ ਰਾਹੀਂ ਸਮੇਂ ਨੂੰ ਜ਼ੁਬਾਨ ਦੇ ਰਹੇ ਨੇ
ਪਰ ਸ਼ਬਦਾਂ ਦੇ ਘਾੜੇ ਇਮਤਿਹਾਨ ਦੇ ਰਹੇ ਨੇ
ਸੋਚ ਰਹੇ ਨੇ ਇਨ੍ਹਾਂ ਅਣਹੋਏ ਮੌਸਮਾਂ ਵਿੱਚ
ਲੋਕਾਂ ਦਾ ਜਿਉਣਾਂ ਵੀ ਕੇਹਾ ਹੈ ਜਿਉਣਾ
ਅੱਤਿ ਦੇ ਕਹਿਰ ਨੂੰ ਪੈ ਰਿਹਾ ਹੈ ਸਹਿਣਾ
ਲੋਕਤਾ ਦੇ ਦਰਦਾਂ ਨੂੰ ਕਵੀਆਂ ਨੇ
ਸੀਨੇ ‘ਚ ਸਮਾਉਣਾ ਹੁੰਦਾ ਹੈ
ਕਵੀਆਂ ਨੇ ਲੋਕਤਾ ਦਾ
ਵਿਰਦ ਗਾਉਣਾ ਹੁੰਦਾ ਹੈ
ਬਿਗਾਨੀਆਂ ਪੀੜਾਂ,ਜ਼ਖਮਾਂ ਤੇ ਦੁੱਖਾਂ
ਨੂੰ ਵੀ ਆਪਣੀ ਰੂਹ ‘ਤੇ ਜਰਨਾ ਹੁੰਦਾ ਹੈ
ਸਾਡਾ ਕਵੀਆਂ ਦਾ ਕੰਮ
ਰੋਂਦਿਆਂ ਵੀ ਹੱਸ ਹੱਸ ਕੇ ਜਿਉਣਾ ਹੁੰਦਾ ਹੈ
ਅਾਪਣੇ ਰੁਦਨ ਨੂੰ ਅਾਪੇ ਬਹਿਲਾਉਣਾ ਹੁੰਦਾ ਹੈ
ਸਿਦਕ ਦੀ ਨਦੀ ਸਿਰੜ ਸੰਗ ਤਰਨੀ
ਕਵੀ ਹੋਣ ਦਾ ਧਰਮ ਨਿਭਾਉਣਾ
ਨਿੱਤ ਨਵੀੰ ਕਵਿਤਾ ਲਿਖਣੀ
ਕਵਿਤਾ ਵਿੱਚ ਸੁੱਚੇ ਭਾਵਾਂ ਦੀ ਜੜਤ ਕਰਨੀ
ਰਾਤ ਰਾਤ ਭਰ ਜਾਗ ਕੇ ਪਹਿਰੇ ਦੇਣੇ
ਸ਼ਬਦ-ਸਾਧਕਾਂ ਦੇ ਹਿੱਸੇ ਆਉਂਦਾਂ ਹੈ
ਸੱਚ ਜਾਨਣਾ
ਕਵਿਤਾ ਲਿਖਣੀ
ਅਾਪਣੇ ਆਪੇ ਨੂੰ ਜਲਾਉਣਾ ਹੁੰਦੈ
ਕਵਿਤਾ ਲਿਖਣੀ
ਖ਼ੁਦ ਨੂੰ ਰੁਅਾਉਣਾ ਹੁੰਦੈ
ਦੋ ਘੜੀਆਂ ਹੱਸ ਲੈਣਾ ਤੇ ਹਸਾਉਣਾ ਵੀ ਹੁੰਦੈ
ਅਾ ਸਾਥੀਅਾ!
ਅਾ ਬੇਲੀਅਾ!
ਹਨ੍ਹੇਰਗਰਦੀਆਂ ਦੇ ਇਸ ਦੌਰ ਵਿੱਚ
ਨਰੋਈ ਕਵਿਤਾ ਦਾ ਪਰਚਾ ਪੜ੍ਹੀਏ
ਸਮੇਂ ਦੀ ਇਸ ਧਾਰਾ ਵਿੱਚ ਅਡੋਲ ਖੜ੍ਹੀਏ
ਉੱਚਾ ਲਹਿਰਾ ਦੇਈਏ ਪਰਚਮ ਕਵਿਤਾ ਦਾ
ਵਕਤ ਦਾ ਇਹ ਪਹਿਰ ਆਪਣੇ ਨਾਮ ਕਰੀਏ
ਪੰਚਮ ਸੁਰ ਵਿੱਚ ਗਾ ਦੇਈਏ
ਪੈਗ਼ਾਮ ਨਵਾਂ ਕੋਈ ਲਾ ਦੇਈਏ
ਲਿਖ ਦੇਈਏ ਕਿ ਡਰਨਾ ਨਾਹਿੰ
ਮਰਨ ਤੋਂ ਪਹਿਲਾਂ ਮਰਨਾ ਨਾਹਿੰ
ਆਤਮਬਲ ਨੂੰ ਉੱਚਾ ਚੁੱਕਣਾ
ਮਨੋਬਲ ਡਿੱਗਣ ਨਹੀਂ ਦੇਣਾ ਹੈ
ਲੋਕੋ ਹਾਲੇ ਆਪਾਂ ਜਿਉਣਾ ਹੈ
ਇਹਨਾਂ ਪੌਣਾਂ ਨੂੰ ਮਹਿਕਾਉਣਾ ਹੈ
ਸਭ ਲੋਕਾਂ ਵਿੱਚ ਇਹ ਪੈਗ਼ਾਮ ਫ਼ੈਲਾਉਣਾ ਹੈ
ਲੋਕੋ ਕਵੀਆਂ ਨੇ ਤਾਂ ਗਾਉਣਾ ਹੈ
ਕਵੀਆਂ ਨੇ ਤਾਂ ਬੱਸ ਗਾਉਣਾ ਹੈ!
( ਕਲਾਵਾ ਵਿੱਚੋਂ)
***

2. ਕਲਾਵੇ ਦਾ ਕਰਿਸ਼ਮਾ

ਪਿਆਰ ਉਹ ਅਲੋਕਾਰ ਸ਼ਕਤੀ ਹੈ
ਜੋ ਸੰਭਵ ਨੂੰ ਵੀ ਅਸੰਭਵ ਬਣਾ ਸਕਦੀ ਹੈ
ਇਸ ਵਿਚਲੀ ਮਿਕਨਾਤੀਸੀ ਖਿੱਚ
ਅਸੀਮ ਦੂਰੀਆਂ ਦੇ ਬਾਵਜੂਦ ਦੋ ਰੂਹਾਂ ਨੂੰ
ਇੱਕ ਦੂਜੇ ਦੇ ਬੇਹੱਦ ਕਰੀਬ ਹੋਣ ਦਾ
ਅਹਿਸਾਸ ਤੇ ਅਨੁਭਵ ਬਖਸ਼ਦੀ ਹੈ
ਪਿਆਰ ਇੱਕ ਕਰਿਸ਼ਮਾ ਹੈ
ਜੋ ਅਪਾਰ ਰਹਿਮਤ ਦੇ ਸਦਕਾ
ਮਿਲ਼ਿਆ ਵਰਦਾਨ ਹੁੰਦਾ ਹੈ
ਜੋ ਅੰਤਰਮੁਖੀ ਅਤੇ ਅੰਤਰਮਈ ਹੁੰਦਾ ਹੈ
ਇਸ ਰੌਸ਼ਨੀ ਦੇ ਚਿਰਾਗ਼ਾਂ ਹੋਇਆਂ
ਮਨ ਮਸਤਕ ਜਗਮਗਾ ਜਾਂਦਾ ਹੈ
ਰੂਹ ਰੁਸ਼ਨਾ ਜਾਂਦੀ ਹੈ
ਨੂਰਾਨੀ ਜਲਵਿਆਂ ਦੇ ਦੀਦਾਰ ਨੂੰ
ਅੱਖਾਂ ਤਰਸ ਜਾਂਦੀਆਂ ਹਨ
ਅਤੇ ਸੁੰਨਿਆਂ ਰਾਹਾਂ ‘ਤੇ ਦੀਵੇ ਧਰੇ ਜਾਂਦੇ ਨੇ
‘ਦੀਵਾ ਬਾਲ਼ ਕੇ ਬਨੇਰੇ ਉੱਤੇ ਰੱਖਦੀ ਹਾਂ
ਗਲ਼ੀ ਭੁੱਲ ਨਾ ਜਾਵੇ ਚੰਨ ਮੇਰਾ’
ਬਨੇਰਿਆਂ ਉੱਤੇ ਵੀ ਦੀਵੇ ਬਾਲ ਕੇ ਰੱਖੇ ਜਾਂਦੇ ਨੇ
ਪਿਆਰ ਜ਼ਿੰਦਗੀ ਦੀ ਮਹਾਨ ਸ਼ਕਤੀ ਹੈ
ਏਸੇ ਦੇ ਸਦਕੇ ਵਿੱਚ ਯੁੱਧ ਲੜੇ ਜਾਂਦੇ ਹਨ
ਕਿਸਾਨੀ ਘੋਲ਼ ਦੀ ਤਹਿ ਵਿੱਚ ਇਹੀ ਪਿਆਰ ਹੈ
ਏਸੇ ਪਿਆਰ ਦੇ ਸਦਕੇ ਆਪੋ ਆਪਣੇ
ਪਰਿਵਾਰਾਂ ਦੀਆਂ ਖੁਸ਼ੀਆਂ ਲਈ
ਲੜਿਆ ਜਾ ਰਿਹਾ ਹੈ
ਏਸੇ ਦੀ ਖ਼ਾਤਿਰ ਸਿਰਧੜ ਦੀ ਬਾਜ਼ੀ ਲੱਗਦੀ ਏ
ਪਿਆਰ ਨੂੰ ਜ਼ਿੰਦਗੀ ਵਿੱਚੋਂ
ਹਰਗਿਜ਼ ਹਰਗਿਜ਼ ‘ਨਫ਼ੀ ਨਹੀਂ ਕੀਤਾ ਜਾ ਸਕਦਾ
ਸਗੋਂ ਪਿਆਰ ਹੀ ਸਾਡੀ ਤਾਕਤ ਹੈ
ਸ਼ਖਸੀ ਮੁਹੱਬਤ ਤੋਂ ਸਮੂਹ ਮਨੁੱਖਤਾ ਨਾਲ਼
ਮੁਹੱਬਤ ਕਰਨੀ, ਬਿਨਾਂ ਵਿਤਕਰੇ ਤੋ ਆਪਣੇ
‘ਕਲਾਵੇ’ ਵਿੱਚ ਲੈ ਲੈਣਾ ਹਰ ਸਮੇਂ ਦੀ ਲੋੜ ਹੈ
ਸੋ, ਪਿਆਰ, ਮੁਹੱਬਤ ਰੂਹਾਂ ਦੇ ਜਲਵੇ ਨੇ
ਕੁਦਰਤ ਵਸਦੀ ਉੱਥੇ ਜਿੱਥੇ ਇਹ ਪਲ਼ਦੇ ਨੇ
ਜੀਵਨ ਦੇ ਅਸੀਮ ਸੁੱਖ ਕਲਾਵੇ ਦੇ ਕਰਿਸ਼ਮੇ ਨੇ
ਏਸੇ ਹੀ ਛਾਇਆ ਵਿੱਚ ਜੀਵਨ ਫਲ਼ਦੇ ਨੇ
**
(ਕਲਾਵਾ ਵਿੱਚੋਂ)
***
200
***

mandeep Kaur