15 October 2024

ਪੰਜਾਬੀ/ਅੰਗਰੇਜ਼ੀ ਦੇ ਨਾਮਵਰ ਲੇਖਕ ਜੋਗਿੰਦਰ ਸ਼ਮਸ਼ੇਰ—ਮੁਲਾਕਾਤੀ: ਸਤਨਾਮ ਸਿੰਘ ਢਾਅ

ਪੰਜਾਬੀ ਬੋਲੀ ਨੂੰ ਪ੍ਰਦੇਸਾਂ ਵਿੱਚ ਵੀ ਪ੍ਰਫੁਲਤ ਕਰਨ ਅਤੇ ਜਿਉਂਦਾ ਰੱਖਣ ਵਾਲੇ

-ਜੋਗਿੰਦਰ ਸ਼ਮਸ਼ੇਰ-

ਨੋਟ:  ਪੰਜਾਬੀ/ਅੰਗਰੇਜ਼ੀ ਦੇ ਵਿਦਵਾਨ ਲੇਖਕ ਜੋਗਿੰਦਰ ਸ਼ਮਸ਼ੇਰ 24 ਅਗਸਤ 2021 ਨੂੰ ਕੈਨੇਡਾ ਦੇ ਸ਼ਹਿਰ ਵੈਨਕੂਵਰ ਵਿੱਚ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਪ੍ਰਸਿੱਧ ਲੇਖਕ/ਮੁਲਾਕਾਤੀ ਸਤਨਾਮ ਸਿੰਘ ਢਾਅ ਵੱਲੋਂ  2015 ਵਿੱਚ ਜੋਗਿੰਦਰ ਸ਼ਮਸ਼ੇਰ ਨਾਲ ਕੀਤੀ ਹੋਈ ਮੁਲਾਕਾਤ ‘ਲਿਖਾਰੀ’ ਵੈੱਬਸਾਈਟ ਅਤੇ ‘ਡੂੰਘੇ ਵਹਿਣਾ ਦੇ ਭੇਤ’ ਭਾਗ ਦੂਜਾ ਵਿੱਚ ਪ੍ਰਕਾਸ਼ਿਤ ਹੋਈ। ਸ਼ਰਧਾਂਜਲੀ ਵਜੋਂ ਇਹ ਮੁਲਾਕਾਤ ਦੂਜੀ ਵਾਰ ‘ਲਿਖਾਰੀ’ ਦੇ ਪੰਨਿਆਂ  ‘ਤੇ ਯਾਦਗਾਰੀ ਤਸਵੀਰਾਂ ਸਮੇਤ ਪਾਠਕਾਂ ਗੋਚਰੇ ਕਰ ਰਹੇ ਹਾਂ।—ਲਿਖਾਰੀ
**

ਜੀਵਨ ਬਿਉਰਾ: ਜੋਗਿੰਦਰ ਸ਼ਮਸ਼ੇਰ

ਜਨਮ:    19 ਮਾਰਚ, 1928
ਜਨਮ ਸਥਾਨ:   ਲੱਖਣ ਕੇ ਪੱਡੇ, ਜ਼ਿਲ੍ਹਾ ਕਪੂਰਥਲਾ, ਪੰਜਾਬ, ਇੰਡੀਆ,
ਮਾਤਾ/ਪਿਤਾ:   (ਮਾਤਾ) ਸ਼੍ਰੀਮਤੀ ਬਸੰਤ ਕੌਰ, (ਪਿਤਾ) ਸ: ਸੁਰਾਇਣ ਸਿੰਘ
ਪਰਿਵਾਰ:   ਪਰਕਾਸ਼ (ਸੁਪਤਨੀ), ਊਸ਼ਮਾ (ਧੀ)
ਵਿੱਦਿਆ:   ਐੱਫ. ਏ. , ਔਨਰਜ਼ ਇਨ ਪੰਜਾਬੀ, ਓ. ਟੀ. ਐਂਡ ਐੱਮ. ਆਈ. ਐੱਲ.
ਕਿੱਤਾ:  ਪੰਜਾਬ ਵਿੱਚ ਅਧਿਆਪਨ, ਇੰਗਲੈਂਡ ਵਿੱਚ ਪਹਿਲਾਂ ਫੈਕਟਰੀਆਂ ਵਿੱਚ ਕੰਮ ਤੇ ਫਿਰ ਲੰਡਨ ਪੋਸਟ-ਆਫਿਸ  ਵਿੱਚ ਸਰਵਿਸ, 1990 ਵਿੱਚ ਰਿਟਾਇਰਡ।

ਪੁਸਤਕਾਂ:  ਜੀਵਨੀ ਬਾਬਾ ਹਰਨਾਮ ਸਿੰਘ ਕਾਲ਼ਾ ਸੰਘਿਆਂ 1943, ਲੰਡਨ ਤੋਂ ਦਿੱਲੀ ਕਾਰ ਦੁਆਰਾ, (1972) ਦੀ ਓਵਰ ਟਾਇਮ ਪੀਉਪਲ (ਇੰਗਲਿਸ਼) 1989, ਬਰਤਾਨੀਆਂ ਵਿੱਚ ਪੰਜਾਬੀ ਜੀਵਨ ਤੇ ਸਾਹਿਤ 1992, ਲੰਡਨ ਦੇ ਸ਼ਹੀਦ 1996,  1919 ਦਾ ਪੰਜਾਬ (1972),  ਕੁਝ ਕਵਿਤਾਵਾਂ 1992, ਮੈਨੀਟੋਬਾ ਦਾ ਇਤਿਹਾਸ 2004, ਪਾਰਵਤੀ ਦੇ ਕੰਢੇ ਕੰਢੇ 2007, ਚੀਨ ਵਿੱਚ 22 ਦਿਨ– 2007, ਮੈਨੀਟੋਬਾ ਦਾ ਪੰਜਾਬੀ ਸਾਹਿਤ (ਸੰਪਾਦਿਤ) 2013

ਅਨੁਵਾਦ:    

ਕਈ ਪਰਤਾਂ ਦੇ ਲੋਕ ( ਲੇਖਕਾ ਮੈਰੀਉਨ ਮਾਲਟੀਨੋ) ਅੰਗਰੇਜ਼ੀ ਤੋਂ ਪੰਜਾਬੀ 1994,
ਫ਼ੈਜ਼ ਦੇ ਖ਼ਤ ਬੇਗਮ ਸਰਫ਼ਰਾਜ਼ ਇਕਬਾਲ ਦੇ ਨਾਂ ਉਰਦੂ ਤੋਂ ਪੰਜਾਬੀ 2002,
ਸਵੈ-ਜੀਵਨੀ ਰਾਲਫ਼ ਰਸਲ (ਪਹਿਲਾ ਭਾਗ) ਅੰਗਰੇਜ਼ੀ ਤੋਂ ਪੰਜਾਬੀ 2007,
ਕਿੱਥੇ ਗਿਆ ਮੇਰਾ ਸ਼ਹਿਰ ਲਾਹੌਰ (ਲੇਖਕ ਸੋਮ ਆਨੰਦ) ਉਰਦੂ ਤੋਂ ਪੰਜਾਬੀ 2007
ਤਨ ਤੰਬੂਰ (ਲੇਖਕ ਅਹਿਮਦ ਸਲੀਮ) ਸ਼ਾਹ ਮੁਖੀ ਲਿੱਪੀ ਤੋਂ ਪੰਜਾਬੀ ਲਿੱਪੀ ਵਿੱਚ  
ਡਾ. ਨਬੀਲਾ ਰਹਿਮਾਨ, ਪ੍ਰੋ. ਪੰਜਾਬੀ ਵਿਭਾਗ, ਪੰਜਾਬ ਯੂਨੀਵਰਸਿਟੀ ਲਾਹੌਰ ਨੇ 1919 ਦਾ ਪੰਜਾਬ ਉਰਦੂ ਵਿੱਚ “ਲਹੂ ਲਹੂ ਪੰਜਾਬ ” ਦੇ ਨਾਮ ਹੇਠ ਅਨੁਵਾਦ ਕੀਤਾ, ‘ਤਨ ਤੰਬੂਰ’ ਅਹਿਮਦ ਸਲੀਮ ਦੀ ਕਿਤਾਬ ਦਾ ਲਿੱਪੀ-ਅੰਤਰ 1972 

ਛਪਾਈ ਅਧੀਨ: ਰੁਲ਼ਿਆ ਸਿੰਘ ਤੇ ਹੋਰ ਕਹਾਣੀਆਂ, ਚਿੱਠੀਆਂ ਤਾਸ਼ਕੰਦ ਤੋਂ ਆਈਆਂ, ਬੀਤੇ ਦਾ ਸਫ਼ਰ (5 ਜਿਲਦਾਂ), ਦੋ ਭੈਣਾਂ ਨਾਵਲ, ਕਪੂਰਥਲੇ ਦਾ ਇਤਿਹਾਸ, ਲੇਖ ਸੰਗ੍ਿਰਹ (3 ਜਿਲਦਾਂ) ਵਿੱਚ, ਕੁਝ ਹੋਰ ਕਵਿਤਾਵਾਂ, ਸਵੈ-ਜੀਵਨੀ ਰਾਲਫ਼ ਰਸਲ ਦੂਸਰਾ ਭਾਗ ਅਦਿ।

ਮਾਣ ਸਨਮਾਨ: ਪੰਜਾਬੀ ਲਿਖਾਰੀ ਸਭਾ ਕੈਲਗਰੀ ਵੱਲੋਂ ਸਨਮਾਨਿਤ 2004, ਪੰਜਾਬੀ ਅਦਬੀ ਸੰਗਤ ਬੀ. ਸੀ. ਵੱਲੋਂ ਲਾਈਫ਼ ਟਾਈਮ ਐਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ 2011

ਸਿਰਨਾਵਾਂ:   927 Walls Avenue, Coquitlam, B.C.
ਫ਼ੋਨ ਨੰ: ਅਤੇ ਈ ਮੇਲ:  778-217-9939/jshamsher@hotmail.com

ਜੋਗਿੰਦਰ ਸ਼ਮਸ਼ੇਰ

ਜੋਗਿੰਦਰ ਸ਼ਮਸ਼ੇਰ ਦਾ ਨਾਂ ਉਨ੍ਹਾਂ ਪੰਜਬੀ ਲੇਖਕਾਂ ਦੀ ਲਿਸਟ ਵਿੱਚ ਆਉਂਦਾ ਹੈ ਜਿੰਨ੍ਹਾਂ ਨੇ ਪੰਜਾਬ ਤੋਂ ਬਾਹਰ ਆ ਕੇ ਪੰਜਾਬੀ ਬੋਲੀ ਨੂੰ ਪ੍ਰਦੇਸਾਂ ਵਿੱਚ ਵੀ ਪ੍ਰਫੁਲਤ ਕਰਨ ਅਤੇ ਜਿਉਂਦਾ ਰੱਖਣ ਲਈ ਹਿੱਸਾ ਪਾਇਆ। ਜੋਗਿੰਦਰ ਬਹੁਤ ਲੰਬੇ ਸਮੇਂ ਤੋਂ ਲਿਖਦਾ ਆ ਰਿਹਾ ਹੈ। ਆਜ਼ਾਦੀ ਤੋਂ ਪਹਿਲਾਂ ਵੀ ਜਦੋਂ ਦੇਸ਼ ਭਗਤ, ਭਾਰਤ ਨੂੰ ਅੰਗਰੇਜ਼ਾਂ ਤੋਂ ਮੁਕਤ ਕਰਵਾਉਣ ਲਈ ਜਲਸੇ ਜਲੂਸ ਕੱਢਦੇ ਸਨ ਤਾਂ ਜੋਗਿੰਦਰ ਸ਼ਮਸ਼ੇਰ ਵੀ ਦੇਸ਼-ਪਿਆਰ ਦੀਆਂ ਕਵਿਤਾਵਾਂ ਸਟੇਜਾਂ ਤੋਂ ਪੜ੍ਹਦਾ ਅਤੇ ਲੋਕਾਂ ਵਿੱਚ ਜਾਗਰਤੀ ਤੇ ਜੋਸ਼ ਪੈਦਾ ਕਰਨ ਦੀ ਜ਼ਿੰਮੇਵਾਰੀ ਛੋਟੀ ਉਮਰ ਵਿੱਚ ਹੀ ਸੰਭਾਲ ਲਈ ਸੀ। 1942 ਵਿੱਚ ਜੇਲ੍ਹ-ਯਾਤਰਾ ਵੀ ਕੀਤੀ। ਪਹਿਲਾਂ ਸਿਆਸੀ ਕਵਿਤਾਵਾਂ ਲਿਖਦਾ ਰਿਹਾ ਅਤੇ ਪੰਜਾਬੀ, ਉਰਦੂ ਦੇ ਅਖ਼ਬਾਰਾਂ ਵਿੱਚ ਛਪਦਾ ਰਿਹਾ। ਆਜ਼ਾਦੀ ਤੋਂ ਤੋਂ ਬਾਅਦ ਕਵਿਤਾ ਦਾ ਵਿਸ਼ਾ ਪਿਆਰ ਮੁਹੱਬਤ ਵੀ ਰਿਹਾ ਨਾਲ ਵਾਰਤਕ ਵੀ ਲਿਖੀ। ਇੰਡੀਆ ਵਿੱਚ ਰਹਿੰਦਿਆਂ 1948 ਤੋਂ 1961 ਤੱਕ ਜੋਗਿੰਦਰ ਨੇ ਵੱਖ ਵੱਖ ਥਾਵਾਂ ਤੇ ਸਰਵਿਸ ਕੀਤੀ। 1961 ਵਿੱਚ ਇੰਗਲੈਂਡ ਆ ਗਿਆ ਉੱਥੇ ਆ ਕੇ ਆਮ ਪ੍ਰਵਾਸੀਆਂ ਵਾਂਗ ਕਈ ਵੇਲਣ ਵੇਲੇ ਲਗਾਤਾਰ, ਪਹਿਲਾਂ ਨਾਲੋਂ ਬੇਹਤਰ ਕੰਮ ਲੱਭਦਿਆਂ ਅਖ਼ੀਰ ਪੋਸਟ-ਆਫ਼ਿਸ ਵਿੱਚ ਨੌਕਰੀ ਮਿਲ ਗਈ। ਉੱਥੇ ਵੀਹ ਸਾਲ ਕੰਮ ਕਰਕੇ ਨਾਲ ਦੀ ਨਾਲ ਬਹੁਤ ਸਾਰਾ ਸਾਹਿਤ ਵੀ ਰਚਿਆ ਅਤੇ ਸਾਹਿਤ ਸਭਾ ਵਿੱਚ ਬੜੀ ਸਰਗਰਮੀ ਨਾਲ ਕੰਮ ਕੀਤਾ। ਰੋਟੀ ਰੋਜ਼ੀ ਲਈ ਮੁਸ਼ੱਕਤ ਕਰਦਿਆਂ ‘1919 ਦਾ ਪੰਜਾਬ’, ‘ਲੰਡਨ ਦੇ ਸ਼ਹੀਦ’ ਵਰਗੀਆਂ ਇਤਿਹਾਸਕ ਪੁਸਤਕਾਂ ਦੀ ਸਿਰਜਣਾ ਕੀਤੀ ਜੋ ਕਿ ਬਹੁਤ ਹੀ ਮੁਸ਼ਕਲ ਕੰਮ ਸੀ। ਕੰਮ ਕਰਨ ਤੋਂ ਬਾਅਦ ਲਾਇਬਰੇਰੀ ਜਾ ਕੇ ਇਤਿਹਸਕ ਤੱਥਾਂ ਦੀ ਖੋਜ ਕਰਨੀ, ਫੇਰ ਸਵੇਰੇ ਰੈਗੂਲਰ ਡਿਉਟੀ ਤੇ ਪਹੁੰਚਣਾ। ਇਹੋ ਜਿਹੇ ਵਿੱਖੜੇ ਕੰਮ ਜੋਗਿੰਦਰ ਸ਼ਮਸ਼ੇਰ ਦੇ ਹੀ ਹਿੱਸੇ ਆਏ ਹਨ। ਜੇਕਰ ਮੈਂ ਗ਼ਲਤ ਨਾ ਹੋਵਾਂ ਤਾਂ ਮੇਰੇ ਖ਼ਿਆਲ ਨਾਲ ਦੇਸ਼ ਦੀ ਆਜ਼ਾਦੀ ਦੇ ਪ੍ਰਵਾਨਿਆਂ ਬਾਰੇ, ਆਪਣੇ ਦੇਸ਼ ਤੋਂ ਬਾਹਰੋਂ ਦੇਸ਼ ਦੀ ਆਜ਼ਾਦੀ ਦੀ ਲਹਿਰ ਬਾਰੇ ਜਾਣਕਾਰੀ ਇਕੱਤਰ ਕਰਨ ਦਾ ਕੰਮ ਗਿਆਨੀ ਕੇਸਰ ਸਿੰਘ ਤੋਂ ਬਾਅਦ ਜੇ ਕਿਸੇ ਨੇ ਬਰਤਾਨੀਆਂ ਵਿਖੇ ਇੰਡੀਆ ਆਫ਼ਿਸ ਦੀ ਲਾਇਬਰੇਰੀ ਵਿੱਚੋਂ ਜਾਣਕਰੀ ਜਾਂ ਕੋਈ ਹੋਰ ਖ਼ੋਜ ਦਾ ਕੰਮ ਕੀਤਾ ਹੈ, ਤਾਂ ਉਹ ਸ਼ਾਇਦ ਦੋ ਲੇਖਕਾਂ ਡਾ. ਪ੍ਰੀਤਮ ਕੈਂਬੋ ਅਤੇ ਜੋਗਿੰਦਰ ਸ਼ਮਸ਼ੇਰ ਨੇ ਹੀ ਕੀਤਾ। ਜੋਗਿੰਦਰ ਕੈਨੇਡਾ ਆ ਕੇ ਮੈਨੀਟੋਬਾ ਕੁਝ ਚਿਰ ਰਿਹਾ ਤਾਂ ਕੈਨੇਡਾ ਦੇ ਸੂਬੇ ਮੈਨੀਟੋਬਾ ਦਾ ਇਤਿਹਾਸ ਲਿਖਣ ਦਾ ਬੀੜਾ ਚੁੱਕ ਲਿਆ। ਪਿੱਛੇ ਜਿਹੇ ਮੈਨੀਟੋਬਾ ਦਾ ਇਤਿਹਾਸ ਲਿਖ ਕੇ ਹੀ ਬਸ ਨਹੀਂ ਕੀਤੀ, ਅਜੇ ਇਸ ਉਮਰ ਵਿੱਚ ਵੀ ਪੁਰਾਣੀਆਂ ਲਿਖਤਾਂ ਨੂੰ ਇਕੱਠੀਆਂ ਕਰਕੇ ਕਿਤਾਬੀ ਰੂਪ ਦੇਣ ਦੇ ਆਹਰ ਵਿੱਚ ਲੱਗਾ ਹੋਇਆ ਹੈ।   

ਜੋਗਿੰਦਰ ਸ਼ਮਸ਼ੇਰ ਇੰਗਲੈਂਡ ਦੇ ਉਹਨਾਂ ਉੱਦਮੀਆਂ ਵਿੱਚੋਂ ਵੀ ਇੱਕ ਹੈ, ਜਿਨ੍ਹਾਂ ਨੇ ਵਿਸ਼ਵ ਪੰਜਾਬੀ ਸੰਮੇਲਨ ਕਰਨ ਕਰਾਉਣ ਦੀ ਪਿਰਤ ਪਾਈ ਅਤੇ ਬਹੁਤ ਹੀ ਕਾਮਯਾਬੀ ਨਾਲ ਨੇਪਰੇ ਵੀ ਚਾੜ੍ਹੀ। 1980 ਦੀ ਪਹਿਲੀ ਵਿਸ਼ਵ ਪੰਜਾਬੀ ਕਾਨਫ਼ਰੰਸ ਨੇ ਪੰਜਾਬੀ ਸਾਹਿਤ ਦੇ ਇਤਿਹਾਸ ਦਾ ਇੱਕ ਪੰਨਾ ਸਿਰਜ ਦਿੱਤਾ। ਉਸ ਤੋਂ ਬਾਅਦ ਵੀ ਬਹੁਤ ਸਾਰੀਆਂ ਥਾਵਾਂ ਤੇ ਵਿਸ਼ਵ ਕਾਨਫ਼ਰੰਸਾਂ ਹੁੰਦੀਆਂ ਆ ਰਹੀਆਂ ਹਨ ਪਰ ਉਸ ਕਾਨਫ਼ਰੰਸ ਦਾ ਰੰਗ ਵਿਲੱਖਣ ਹੀ ਰਿਹਾ ਹੈ। ਆਪਣੀਆਂ ਯਾਦਾਂ ਨੂੰ ਤਾਜ਼ਾ ਕਰਦਿਆਂ, ਜੋਗਿੰਦਰ ਨੇ ਦੱਸਿਆ ਇਹ ਪਹਿਲੀ ਵਾਰ ਸੀ ਜਦ ਕਿ ਦੁਨੀਆਂ ਭਰ ਤੋਂ ਪੰਜਾਬੀ ਦੇ ਸਮਰੱਥ ਲੇਖਕਾਂ, ਪੰਜਾਬ ਤੋਂ ਬਹੁਤ ਸਾਰੇ ਨਾਮਵਰ ਵਿਦਵਾਨ ਅਤੇ ਸਹਿਤਕਾਰ ਨੇ ਸ਼ਿਰਕਤ ਕੀਤੀ ਅਤੇ ਭਾਸ਼ਾ ਵਿਭਾਗ ਪਟਿਆਲਾ ਤੋਂ ਮਿਆਰੀ ਸਾਹਿਤ ਦੀ ਪੁਸਤਕ ਪ੍ਰਦਰਸ਼ਨੀ ਲਈ ਪੁਸਤਕਾਂ ਭੇਜੀਆਂ। ਇੰਗਲੈਂਡ ਵਿੱਚ ਵਸਦੇ ਪੰਜਾਬੀ ਹਿੰਦੂਆਂ, ਸਿੱਖਾਂ ਅਤੇ ਮੁਸਲਮਾਨਾਂ ਨੇ ਪੂਰੇ ਉਤਸ਼ਾਹ ਨਾਲ ਇਸ ਸਮਾਗਮ ਨੂੰ ਸਫ਼ਲ ਕਰਨ ਵਿੱਚ ਪੂਰਾ ਪੂਰਾ ਯੋਗਦਾਨ ਪਾਇਆ। ਇਹ ਗੱਲ ਵੀ ਪਹਿਲੀ ਵਾਰ ਦੇਖਣ ਵਿੱਚ ਆਈ ਕਿ ਇੰਗਲੈਂਡ ਵਿਚਲੇ ਗੁਰਦੁਆਰਿਆਂ ਨੇ ਇਸ ਸਾਹਿਤਕ ਸਮਾਗਮ ਲਈ ਮਾਇਕ ਸਹਾਇਤਾ ਕੀਤੀ ਅਤੇ ਗੁਰੂਘਰਾਂ ਵਿੱਚ, ਬਾਹਰੋਂ ਆਏ ਸਹਿਤਕਾਰਾਂ ਨੂੰ ਲੰਗਰ ਵੀ ਛਕਾਏ। ਉਹਨਾਂ ਇਹ ਵੀ ਦੱਸਿਆ ਕਿ ਇਸ ਸਮਾਗਮ ਲਈ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਮਦਦ ਕੀਤੀ। ਦੂਜੇ ਪਾਸੇ ਬਹੁਤ ਸਾਰੇ ਪਰਿਵਾਰਾਂ ਨੇ ਰੈਸਟੋਰਂੈਟਾਂ ਵਿੱਚ ਅਤੇ ਆਪੋ ਆਪਣੇ ਘਰਾਂ ਵਿੱਚ ਬਾਹਰੋਂ ਆਏ ਲੇਖਕਾਂ ਦੀ ਪ੍ਰਾਹੁਣਚਾਰੀ ਕਰਕੇ ਇੱਕ ਨਵਾਂ ਇਤਿਹਾਸ ਸਿਰਜਿਆ। ਪਹਿਲਾ ਵਿਸ਼ਵ ਪੰਜਾਬੀ ਲਿਖਾਰੀ ਸੰਮੇਲਨ ਜੂਨ, 1980 ਦੀ ਨੈਸ਼ਨਲ ਤਿਆਰੀ ਕਮੇਟੀ, ਜਿਸ ਦਾ ਪ੍ਰਧਾਨ ਰਣਜੀਤ ਧੀਰ ਅਤੇ ਨੈਸ਼ਨਲ ਸਕੱਤਰ ਜੋਗਿੰਦਰ ਸ਼ਮਸ਼ੇਰ ਸੀ, ਇਨ੍ਹਾਂ ਨਾਲ ਕੰਮ ਕਰਨ ਵਾਲੀ ਇੱਕ ਅਣਥਕ ਲੇਖਕਾਂ ਦੀ ਵੱਡੀ ਟੀਮ ਸੀ। ਪਿਛਲੇ ਦਿਨੀਂ ਜੋਗਿੰਦਰ ਸ਼ਮਸ਼ੇਰ ਨਾਲ ਖੁੱਲ੍ਹੀਆਂ ਗੱਲਾਂ ਕਰਨ ਦਾ ਮੌਕਾ ਮਿਲਿਆ। ਇਸ ਖੁੱਲ੍ਹੀ ਗੱਲਬਾਤ ਦੇ ਕੁਝ ਅੰਸ਼ ਪੇਸ਼ ਹਨ:

? ਜੋਗਿੰਦਰ ਜੀ, ਪਹਿਲਾ ਸਵਾਲ ਤਾਂ ਤੁਹਾਡੇ ਨਾਂ ਬਾਰੇ ਹੈ। ਸ਼ਮਸ਼ੇਰ ਤੁਹਾਡਾ ਗੋਤ ਹੈ ਜਾਂ ਤਖ਼ੱਲਸ ਹੈ?

– ਇਹ ਨਾ ਤਖ਼ੱਲਸ ਹੈ ਨਾਹੀਂ ਗੋਤ ਹੈ। ਬਚਪਨ ਵਿੱਚ ਮੇਰਾ ਇੱਕ ਮਿੱਤਰ ਸ਼ਮਸ਼ੇਰ ਹੁੰਦਾ ਸੀ, ਬੜਾ ਬੀਬਾ ਤੇ ਸਾਊ ਮੁੰਡਾ। ਅਸੀਂ ਹਮੇਸ਼ਾ ਇਕੱਠੇ ਰਹਿਣ ਦਾ ਉਪਰਾਲਾ ਕਰਦੇ। ਹੋਰ ਵੀ ਕਈ ਜੋਗਿੰਦਰ ਨਾਮ ਦੇ ਮੁੰਡੇ ਸਨ। ਮੈਨੂੰ ਵਖ਼ਰਿਆਉਣ ਲਈ ਜੋਗਿੰਦਰ ਸ਼ਮਸ਼ੇਰ ਕਹਿਣ ਲੱਗ ਪਏ। ਇਹ ਮੈਨੂੰ ਅੱਛਾ ਲੱਗਾ। ਮੈਂ ਇਸ ਨੂੰ ਅਪਣਾ ਲਿਆ। ਸਰਕਾਰੇ ਦਰਬਾਰੇ ਵੀ ਚੜ੍ਹ ਗਿਆ। ਆਪ ਵੀ ਲਿਖਣ ਲੱਗ ਪਿਆ। ਇਹ ਆਪਣੇ ਪਹਿਲੇ ਮਿੱਤਰ ਦੀ ਭਾਵੁਕ ਯਾਦ ਵੀ ਹੈ। 

? ਜੋਗਿੰਦਰ ਸ਼ਮਸ਼ੇਰ ਜੀ ਆਪਣੀ ਮੁੱਢਲੀ ਜਾਣਕਾਰੀ ਦਿਉ। (ਆਪਣੇ ਪਰਿਵਾਰ ਬਾਰੇ, ਬਚਪਨ, ਅਤੇ ਵਿੱਦਿਆ) ਤੋਂ ਬਾਅਦ ਦੇ ਕੰਮਾਂ-ਕਾਰਾਂ ਬਾਰੇ ਕੁਝ ਦੱਸੋ?

– ਸਾਡਾ ਪਿਛਲਾ ਪਿੰਡ ਰਿਆਸਤ ਕਪੂਰਥਲਾ ਵਿੱਚ ਲੱਖਣ ਕੇ ਪੱਡੇ ਹੈ। ਮੇਰਾ ਜਨਮ 19 ਮਾਰਚ, 1928 ਨੂੰ ਉਸੇ ਪਿੰਡ ਵਿੱਚ ਹੋਇਆ। ਮੇਰੇ ਪਿਤਾ ਸ੍ਰ: ਸੁਰਾਇਣ ਸਿੰਘ ਅਤੇ ਮਾਤਾ ਬਸੰਤ ਕੌਰ ਦੋਨੋਂ ਬਲੋਚਿਸਤਾਨ ਦੇ ਸ਼ਹਿਰ ਕੋਇਟਾ ਵਿਖੇ ਅਧਿਆਪਕ ਸਨ। ਮੈਂ ਆਪਣੀ ਤਾਲੀਮ ਮਿਸ਼ਨ ਸਕੂਲ ਕੋਇਟਾ, ਜੇ. ਏ. ਵੀ. ਮਿਡਲ ਸਕੂਲ ਕਾਲ਼ਾ ਸੰਘਿਆਂ, ਦੋਆਬਾ ਖ਼ਾਲਸਾ ਹਾਈ ਸਕੂਲ ਜਲੰਧਰ, ਰਣਧੀਰ ਕਾਲਜ ਕਪੂਰਥਲਾ ਅਤੇ ਪੰਜਾਬ ਯੂਨੀਵਰਸਿਟੀ ਤੋਂ ਪ੍ਰਾਈਵੇਟ ਇਮਤਿਹਾਨ ਦੇ ਕੇ ਪੂਰੀ ਕੀਤੀ ਹੈ। 1945 ਵਿੱਚ ਦਿੱਲੀ ਇੱਕ ਰਾਸ਼ਨ-ਸਟੋਰ ਤੇ ਕਲਰਕੀ ਵੀ ਕੀਤੀ ਹੈ। 1948 ਤੋਂ 1950 ਤੀਕਰ ਦਿੱਲੀ ਵਿੱਚ ਹੀ ਕਵਿੰਟਰਜ਼ ਫ਼ਾਰਮ ਦਾ ਮੈਨੇਜਰ ਵੀ ਰਿਹਾ ਹਾਂ। 1957 ਵਿੱਚ ਟੀਚਰਜ਼ ਟ੍ਰੇਨਿੰਗ ਲਈ। 1960 ਵਿੱਚ ਗੌਰਮਿੰਟ ਸਰਵਿਸ ਵਿੱਚ ਆਇਆ। 1954 ਤੋਂ 1961 ਤੱਕ ਵੱਖ ਵੱਖ ਸਕੂਲਾਂ ਵਿੱਚ ਪੜ੍ਹਾਇਆ। 1961 ਤੋਂ 1993 ਤੀਕਰ ਇੰਗਲੈਂਡ ਰਿਹਾ ਹਾਂ। ਸਕਾਟਲੈਂਡ ਦੀਆਂ ਜੂਟ ਮਿੱਲਾਂ ਵਿੱਚ ਵੀ ਕੰਮ ਕੀਤਾ ਹੈ, ਰੈਡਿੰਗ ਦੀ ਇੱਕ ਬੇਕਰੀ ਤੇ ਗਰੀਨਫ਼ੋਰਡ ਦੀ ਇੱਕ ਕਨਫ਼ੈਕਸ਼ਨਰੀ ਵਿੱਚ ਵੀ। 1970 ਤੋਂ 1990 ਤੀਕਰ ਲੰਡਨ ਵੈਸਟ ਵੰਨ ਪੋਸਟ ਆਫ਼ਿਸ ਵਿੱਚ 20 ਸਾਲ ਤੋਂ ਉੱਤੇ ਸਰਵਿਸ ਕੀਤੀ ਹੈ, ਜਿੱਥੋਂ 1990 ਵਿੱਚ ਰਿਟਾਇਰਮੈਂਟ ਹੋਈ। ਫ਼ਰਵਰੀ, 1991 ਤੋਂ ਦਸੰਬਰ, 1993 ਤੀਕਰ ਸਾਊਥਹੈਂਪਟਨ ਅਤੇ ਉਸ ਤੋਂ ਪਿੱਛੋਂ ਸਤੰਬਰ, 2004 ਤੱਕ ਕੈਨੇਡਾ ਵਿੱਚ ਵਿੰਨੀਪੈਗ ਰਿਹਾ ਹਾਂ। ਸਤੰਬਰ, 2004 ਤੋਂ ਵੈਨਕੂਵਰ ਵਿੱਚ ਹਾਂ।

? ਪੰਜਾਬੀ ਸਾਹਿਤ ਵੱਲ ਆਉਣ ਦੀ ਪ੍ਰੇਰਨਾ ਘਰ ਤੋਂ ਹੀ ਮਿਲੀ ਜਾਂ ਕਿਸੇ ਹੋਰ ਸਾਹਿਤਕਾਰ ਤੋਂ? ਪਹਿਲਾਂ ਕੀ ਲਿਖਿਆ? ਵਾਰਤਿਕ ਜਾਂ ਕਵਿਤਾ? ਕਿਸ ਵਿਸ਼ੇ ਤੇ ਜ਼ਿਆਦਾ ਲਿਖਣਾ ਪੰਸਦ ਕਰਦੇ ਹੋ?

? ਇੰਗਲੈਂਡ ਆਉਣ ਦਾ ਸਬੱਬ ਕਿਵੇਂ ਅਤੇ ਕਦੋਂ ਬਣਿਆਂ? ਇੱਥੇ ਆ ਕੇ ਸਾਹਿਤਕ ਸਿਰਜਣਾ ਲਈ ਇੱਥੋਂ ਦੇ ਹਾਲਾਤ ਵਿੱਚ ਰੋਟੀ ਰੋਜ਼ੀ ਦੀ ਨੱਸ ਭੱਜ ਕਰਦੇ ਜਾਂ ਪਰਿਵਾਰਕ ਜ਼ਿੰਮੇਂਵਾਰੀਆਂ ਨਿਭਾਉਂਦਿਆਂ ਕੋਈ ਮੁਸ਼ਕਲ ਤਾਂ ਨਹੀਂ…?

– ਮੈਂ 1961 ਵਿੱਚ ਇੰਗਲੈਂਡ ਆਇਆ ਸਾਂ। ਰੋਟੀ ਰੋਜ਼ੀ ਲਈ ਵੀ ਲੋੜ ਅਨੁਸਾਰ ਮਿਹਨਤ ਕੀਤੀ ਹੈ। ਪਰ ਮੈਨੂੰ ਬਚਪਨ ਤੋਂ ਹੀ ਕਾਫੀ ਸਮਾਂ ਇਕੱਲਾ ਤੇ ਪਰਿਵਾਰਕ ਜ਼ਿੰਮੇਂਵਾਰੀਆਂ ਤੋਂ ਰਹਿਤ ਰਹਿਣ ਦਾ ਅਵਸਰ ਮਿਲਿਆ ਹੈ। ਪਰਿਵਾਰਕ ਵਾਤਾਵਰਨ ਤਾਂ 1976 ਵਿੱਚ ਬਣਿਆਂ। ਜਦੋਂ ਮੈਂ ਆਪਣੀ ਜ਼ਿੰਦਗੀ ਦੇ 48 ਸਾਲ ਗੁਜ਼ਾਰ ਚੁੱਕਾ ਸਾਂ। ਮੇਰੀ ਪਤਨੀ ਪ੍ਰਕਾਸ਼ ਦੇ ਨੇਕ ਅਤੇ ਸੁਹਿਰਦ ਸੁਭਾਅ ਕਾਰਨ ਮੇਰੀਆਂ ਸਾਹਿਤਕ ਸਰਗਰਮੀਆਂ ਵਿੱਚ ਕੋਈ ਵਿਘਨ ਨਹੀਂ ਪਿਆ, ਸਗੋਂ ਉਸਦੀ ਸਹਾਇਤਾ ਨਾਲ ਹੋਰ ਵੀ ਤਕੜਾਈ ਨਾਲ ਉਨ੍ਹਾਂ ਨੂੰ ਸਿਰੇ ਚੜ੍ਹਾਉਣ ਦਾ ਉਤਸ਼ਾਹ ਮਿਲਦਾ ਰਿਹਾ ਹੈ। ਉਹ ਆਪ ਵੀ ਯੂਨੀਅਨ ਦੀ ਪ੍ਰਤੀਨਿਧ ਅਤੇ ਲੇਬਰ ਪਾਰਟੀ ਦੀ ਮੈਂਬਰ ਸੀ। ਉਸ ਦੀ ਹੋਂਦ ਵਿੱਚ ਵੀ ਮੇਰੇ ਕੋਲ਼ ਪੜ੍ਹਨ ਲਿਖਣ, ਆਉਣ ਜਾਣ, ਮੇਲ ਮਿਲਾਪ ਅਤੇ ਸਾਹਿਤਕ ਕੰਮਾਂ ਲਈ ਕਾਫ਼ੀ ਸਮਾਂ ਹੁੰਦਾ ਸੀ। 13 ਸਾਲ ਤੋਂ ਬਾਅਦ 1989 ਵਿੱਚ ਉਸ ਦੇ ਕਾਲਵੱਸ ਹੋਣ ਤੇ ਮੇਰੀ ਬੇਟੀ ਊਸ਼ਮਾ ਨੂੰ ਉਸਦੇ ਮਾਮੇ ਕੈਨੇਡਾ ਲੈ ਆਏ ਸਨ। ਮੈਂ ਆਪ ਰਿਟਾਇਰ ਹੋਣ ਉਪਰੰਤ 1993 ਵਿੱਚ ਕੈਨੇਡਾ ਆਇਆ ਤਾਂ ਉਨ੍ਹਾਂ ਮੈਨੂੰ ਵੀ ਓਪਰਾਪਨ ਮਹਿਸੂਸ ਨਹੀਂ ਹੋਣ ਦਿੱਤਾ। ਮੈਨੂੰ ਇੱਥੇ ਵੀ ਲਗਾਤਾਰ ਉਹ ਵਿਹਲ ਮਿਲਦਾ ਰਿਹਾ ਹੈ, ਜਿਸ ਵਿੱਚ ਮੈਂ ਆਪਣੇ ਸ਼ੌਕ ਪਾਲ ਸਕਦਾ ਸਾਂ। ਸੰਸਾਰ ਦੇ ਵੱਖ ਵੱਖ ਹਿੱਸਿਆਂ ਵਿੱਚ ਘੁੰਮ ਫਿਰ ਸਕਦਾ ਸਾਂ, ਰਚਨਾ ਕਰ ਸਕਦਾ ਸਾਂ। ਮੈਨੂੰ ਹਰ ਜਗ੍ਹਾ ਅਜਿਹੇ ਸੁਹਿਰਦ ਅਤੇ ਪਿਆਰੇ ਦੋਸਤਾਂ ਦਾ ਦਾਇਰਾ ਮਿਲ਼ਦਾ ਰਿਹਾ ਹੈ, ਜਿਨ੍ਹਾਂ ਦਾ ਸਹਿਯੋਗ, ਮੇਰੇ ਕੰਮ ਕਰਨ ਦੇ ਸ਼ੌਕ ਵਿੱਚ ਸਹਾਈ ਹੁੰਦਾ ਰਿਹਾ ਹੈ। ਇਸ ਨਾਲ ਸ਼ਾਇਦ ਮੈਂ ਜੋ ਕਰ ਸਕਦਾ ਸੀ, ਕਰ ਸਕਿਆ ਹਾਂ। ਲੰਬਾ ਸਮਾਂ ਇਨ੍ਹਾਂ ਕੰਮਾਂ ਵਿੱਚ ਗੁਜ਼ਾਰਨ ਨਾਲ ਹੁਣ ਇਹ ਕੰਮ ਆਦਤ ਬਣ ਚੁੱਕੇ ਹਨ। ਮੈਂ ਅਨੇਕਾਂ ਹੋਰਨਾਂ ਕੰਮਾਂ ਵਿੱਚ ਦਿਲਚਸਪੀ ਨਹੀਂ ਲੈਂਦਾ, ਜਿਨ੍ਹਾਂ ਵਿੱਚ ਦੂਸਰੇ ਲੋਕ ਲੈਂਦੇ ਹਨ। ਮੇਰਾ ਜੀਵਨ ਬੜਾ ਸਾਦਾ ਹੈ, ਮਾਲੀ ਤੌਰ ਤੇ ਸੰਤੁਸ਼ਟ ਹਾਂ, ਕਿਸੇ ਰੈਟ ਰੇਸ ਵਿੱਚ ਨਹੀਂ ਪੈਂਦਾ।

? ਜੋਗਿੰਦਰ ਜੀ, ਤੁਸੀਂ ਇੱਕ ਕਿਤਾਬ ‘1919 ਦਾ ਪੰਜਾਬ’ ਲਿਖੀ, ਇਹ ਕਿਤਾਬ ਲਿਖਣ ਦਾ ਸਬੱਬ ਕਿਸ ਤਰਾਂ ਬਣਿਆਂ? ਇਹ ਇੱਕ ਬੜਾ ਔਖਾ ਅਤੇ ਇਤਿਹਾਸਕ ਕੰਮ ਸੀ। ਇਸ ਕੰਮ ਨੂੰ ਕਰਨ ਵਿੱਚ ਕਿੰਨ੍ਹਾ ਕਿੰਨ੍ਹਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ? ਇਸ ਕੰਮ ਨੂੰ ਨੇਪਰੇ ਚਾੜਨ ਬਾਰੇ ਕੁਝ ਦੱਸੋ? 

– ਢਾਅ ਜੀ, 1967-68 ਵਿੱਚ ਸ਼੍ਰੀ ਪੀ. ਸੀ. ਜੋਸ਼ੀ ਆਪਣੀ ਕਿਸੇ ਖੋਜ ਦੇ ਸਿਲਸਿਲੇ ਵਿੱਚ ਬਰਲਿਨ ਤੋਂ ਲੰਡਨ ਆਏ ਸਨ। ਰਜਨੀ ਪਾਮ ਦੱਤ ਦੀ ਇੱਕ ਪੁਸਤਕ ਨੂੰ ਫੋਟੋ ਕਾਪੀ ਕਰਨ ਦੇ ਪ੍ਰਸੰਗ ਵਿੱਚ ਮੇਰਾ ਉਨ੍ਹਾਂ ਨਾਲ ਸੰਪਰਕ ਹੋ ਗਿਆ। ਵਿਸ਼ਨੂੰ ਦੱਤ ਸ਼ਰਮਾ ਉਨ੍ਹਾਂ ਨੂੰ ਸਾਡੇ ਘਰ ਵੀ ਲੈ ਕੇ ਆਏ। ਗੱਲਾਂ ਕਰਦਿਆਂ ਉਨ੍ਹਾਂ ਸੰਕੇਤ ਕੀਤਾ, ਕਿ ਇੱਥੇ ਬਰਤਾਨੀਆਂ ਦੀਆਂ ਅਨੇਕਾਂ ਲਾਇਬ੍ਰੇਰੀਆਂ ਅਤੇ ਸਰਕਾਰੀ ਦਫ਼ਤਰਾਂ ਵਿੱਚ ਭਾਰਤ ਦੇ ਇਤਿਹਾਸ ਨਾਲ ਸਬੰਧਤ ਅਨੇਕਾਂ ਪੁਸਤਕਾਂ, ਖਰੜੇ, ਫ਼ਾਈਲਾਂ, ਯਾਦਦਾਸ਼ਤਾਂ, ਰਿਕਾਰਡ, ਰਿਪੋਰਟਾਂ, ਅਤੇ ਸਮਾਚਾਰ ਪੱਤਰ ਆਦਿ ਸਾਰਾ ਕੁਝ ਪਿਆ ਹੈ। ਜੇ ਇੱਥੇ ਵੱਸਦੇ ਲੋਕਾਂ ਵਿੱਚੋਂ ਕੁਝ ਇੱਧਰ ਧਿਆਨ ਦੇਣ, ਤਾਂ ਕਾਫੀ ਕੰਮ ਹੋ ਸਕਦਾ ਹੈ। ਮੈਂ 1919 ਦੇ ਪੰਜਾਬ ਤੇ ਕੰਮ ਕਰਨ ਦਾ ਫ਼ੈਸਲਾ ਕਰ ਲਿਆ। 1919 ਵਿੱਚ ਪੰਜਾਬ ਦੇ ਜਨ-ਸਾਧਾਰਨ ਨੂੰ ਜਿਸ ਸੰਤਾਪ ਵਿੱਚ ਦੀ ਲੰਘਣਾ ਪਿਆ ਸੀ, ਮੇਰਾ ਮਨ ਉਸ ਨਾਲ ਪੀੜਤ ਸੀ। ਜ਼ੱਲ੍ਹਿਆਂ ਵਾਲੇ ਬਾਗ਼ ਦੀ ਘਟਨਾ ਤੋਂ ਇਲਾਵਾ ਮਾਰਸ਼ਲ-ਲਾਅ ਦੇ ਦੌਰਾਨ ਹਾਕਮ ਤਬਕੇ ਵੱਲੋਂ ਆਮ ਲੋਕਾਂ ਨਾਲ ਕੀਤੀਆਂ ਗਈਆਂ ਅਣ-ਮਨੁੱਖੀ ਕਾਰਵਾਈਆਂ ਅਸਹਿ ਸਨ। ਲੰਡਨ ਦੀ ਰੁਝੇਵੇਂ ਭਰੀ ਜ਼ਿੰਦਗੀ ਵਿੱਚੋਂ ਜਦੋਂ ਵੀ ਮੈਨੂੰ ਸਮਾਂ ਮਿਲਦਾ ਰਿਹਾ, ਮੈਂ 1919 ਦੇ ਪੰਜਾਬ ਤੇ ਕੰਮ ਕਰਦਾ ਰਿਹਾ। ਮੇਰਾ ਦਫ਼ਤਰ ਲੰਡਨ ਯੂਨੀਵਰਸਿਟੀ ਅਤੇ ਬ੍ਰਿਟਿਸ਼ ਮੀਊਜ਼ੀਅਮ ਦੀਆਂ ਲਾਇਬ੍ਰੇਰੀਆਂ ਦੇ ਨੇੜੇ ਸੀ। ਇੰਡੀਆ ਆਫਿਸ ਦੀ ਲਾਇਬ੍ਰੇਰੀ ਅਤੇ ਰਿਕਾਰਡ ਸੈਕਸ਼ਨ ਵੀ ਬਹੁਤੀ ਦੂਰ ਨਹੀਂ ਸਨ। ਵੱਖ ਵੱਖ ਸਮਿਆਂ ਤੇ ਮੈਂ ਵੱਖ ਵੱਖ ਕਾਂਡਾਂ ਨੂੰ ਤਰਤੀਬ ਦਿੰਦਾ ਰਿਹਾ। ਉਹ ਲੇਖਾਂ ਦੇ ਰੂਪ ਵਿੱਚ ਪ੍ਰਕਾਸ਼ਤ ਵੀ ਹੁੰਦੇ ਰਹੇ। ਪਰ ਨਿੱਠ ਕੇ ਪੂਰੀ ਕਿਤਾਬ ਨੂੰ ਸਿਰੇ ਚੜ੍ਹਾਉਣ ਦਾ ਕੰਮ 1991 ਤੀਕਰ ਨਾ ਹੋ ਸਕਿਆ। ਉਦੋਂ ਮੈਂ ਸਾਊਥੈਂਪਟਨ ਵਿੱਚ ਰਹਿ ਰਿਹਾ ਸਾਂ। ਮੇਰੇ ਕੋਲ ਕਾਫ਼ੀ ਸਮਾਂ ਅਤੇ ਅਨੁਕੂਲ ਵਾਤਾਵਰਨ ਸੀ। ਵੈਸੇ ਪੁਸਤਕ ਲਈ ਸਮੱਗਰੀ ਦੀ ਤਲਾਸ਼, ਪ੍ਰਾਪਤੀ, ਅਧਿਅਨ, ਟਾਕਰਾ, ਨਿਰਨੇ-ਆਤਮਕ ਅਧਿਅਨ, ਲਿਖਾਈ, ਸੁਧਾਈ, ਲਾਇਬ੍ਰੇਰੀਆਂ ਤੀਕਰ ਆਉਣਾ ਜਾਣਾ, ਉੱਥੇ ਬੈਠਣਾ, ਬੜਾ ਸਮਾਂ ਮੰਗਦਾ ਹੈ। ਤੁਹਾਨੂੰ ਪਤੈ ਰੋਟੀ ਰੁਜ਼ਗਾਰ ਦੇ ਧੰਦਿਆਂ ਵਿੱਚੋਂ ਸਮਾਂ ਕੱਢ ਕੇ ਲਿਖਣਾ ਤਪੱਸਿਆ ਹੈ। ਯੂਨੀਵਰਸਿਟੀਆਂ ਵਿੱਚ ਸਕਾਲਰਸ਼ਿਪਾਂ ਦੇ ਸਿਰਾਂ ਤੇ ਕੰਮ ਕਰਨਾ ਹੋਰ ਗੱਲ ਹੈ।

ਇਸੇ ਤਰਾਂ ਸ਼ਹੀਦ ਊਧਮ ਸਿੰਘ ਅਤੇ ਸ਼ਹੀਦ ਮਦਨ ਲਾਲ ਢੀਂਗਰਾ ਬਾਰੇ ਲਿਖੀ ਕਿਤਾਬ ਲੰਡਨ ਦੇ ਸ਼ਹੀਦ, ਚੂੰਕਿ ਇਨ੍ਹਾਂ ਦੋਨੋਂ ਸੂਰਬੀਰਾਂ ਨੇ ਆਪਣੇ ਕਾਰਨਾਮੇ ਲੰਡਨ ਵਿੱਚ ਹੀ ਕੀਤੇ ਸਨ ਅਤੇ ਇੱਕੋ ਜੇਲ੍ਹ ਵਿੱਚ ਹੀ ਦੋਹਾਂ ਨੂੰ ਫ਼ਾਂਸੀ ਦਿੱਤੀ ਗਈ ਸੀ। ਲੰਡਨ ਵਿੱਚ ਰਹਿਣ ਅਤੇ ਸਮੇਂ ਦੀ ਕੋਈ ਬੰਦਸ਼ ਨਾ ਹੋਣ ਕਾਰਨ ਉਨ੍ਹਾਂ ਦੇ ਰਿਕਾਰਡ ਦੀ ਪ੍ਰਾਪਤੀ ਅਤੇ ਉਸਦੇ ਅਧਿਅਨ ਲਈ ਸਮਾਂ ਮਿਲਦਾ ਰਿਹਾ। ਭਾਵੇਂ ਇਹ ਘਟਨਾਵਾਂ ਵੱਖ ਵੱਖ ਸਮੇਂ ਹੋਈਆਂ। ਪਹਿਲੀ ਘਟਨਾ ਨਾਲੋਂ ਦੂਜੀ ਘਟਨਾ ਦੇ ਵਾਪਰਨ ਵਿੱਚ ਇਕੱਤੀ ਸਾਲ ਦਾ ਅੰਤਰ ਹੈ, ਪਰ ਲੰਡਨ ਵਿੱਚੋਂ ਰਿਕਾਰਡ ਅਤੇ ਸਹਾਇਕ ਸਮੱਗਰੀ ਦੀ ਪ੍ਰਾਪਤੀ ਵਿੱਚ ਕੋਈ ਕਠਿਨਾਈ ਨਹੀਂ ਹੋਈ। ਇਤਿਹਾਸ ਲਿਖਣਾ ਸੌਖਾ ਕੰਮ ਨਹੀਂ। ਇਤਿਹਾਸ ਤੱਥਾਂ ਤੇ ਖੜ੍ਹਾ ਹੁੰਦਾ ਹੈ, ਤੱਥ ਬਦਲੇ ਨਹੀਂ ਜਾ ਸਕਦੇ। ਘਟਨਾਵਾਂ ਵਾਪਰ ਚੁੱਕੀਆ ਹੁੰਦੀਆਂ ਹਨ। ਮੇਰਾ ਵਿਸ਼ਵਾਸ ਹੈ ਕਿ ਇਤਿਹਾਸ ਨਿਰਾ ਘਟਨਾਵਾਂ ਦੀ ਤਰਤੀਬ ਦਾ ਨਾਮ ਨਹੀਂ, ਸਗੋਂ ਘਟਨਾਵਾਂ ਦੀ ਪਿੱਠ ਤੇ ਕੰਮ ਕਰਨ ਵਾਲੀਆਂ ਕਿਰਿਆਵਾਂ ਦੇ ਸਿੱਟਿਆਂ ਦੇ ਸੰਗ੍ਰਹਿ ਦਾ ਨਾਮ ਹੈ। ਇਨ੍ਹਾਂ ਨੂੰ ਸਮਝਣਾ ਕਾਫੀ ਕਠਿਨ ਕੰਮ ਹੈ। ਪਰ ਇਸ ਕਠਿਨਾਈ ਤੇ ਕਾਬੂ ਪਾ ਕੇ ਹੀ ਅਸਲੀ ਕੰਮ ਹੁੰਦਾ ਹੈ। ਲਹਿਰਾਂ ਦਾ ਪੂਰਾ ਅੰਦਾਜ਼ਾ ਅਤੇ ਨਿਰਨਾ ਕੇਵਲ ਉਨ੍ਹਾਂ ਦੇ ਨਾਹਰਿਆਂ, ਅਤੇ ਐਲਾਨ-ਨਾਮਿਆਂ ਦੀਆਂ ਨੀਹਾਂ ਤੇ ਹੀ ਨਹੀਂ ਕੀਤਾ ਜਾ ਸਕਦਾ। ਇਸ ਲਈ ਉਨ੍ਹਾਂ ਦੇ ਕਾਰਜ ਅਤੇ ਕਾਰਨ ਦੇ ਪ੍ਰਣਾਮ ਨੂੰ ਸਾਹਮਣੇ ਰੱਖਣਾ ਹੁੰਦਾ ਹੈ। ਘਟਨਾਵਾਂ ਦੇ ਇਤਿਹਾਸ ਦਾ ਵਰਣਨ ਕਰਨ ਲੱਗਿਆਂ ਅਤੇ ਇਨ੍ਹਾਂ ਦਾ ਨਿਰਨਾ ਕਰਨ ਤੋਂ ਪਹਿਲਾਂ ਉਸ ਸਮੇਂ ਦੇ ਸਮਾਜ ਨੂੰ ਸਾਹਮਣੇ ਰੱਖਣਾ ਪਵੇਗਾ। ਆਰਥਕ ਅਤੇ ਸਮਾਜੀ ਅਵੱਸਥਾ ਦੀ ਪ੍ਰਿਸ਼ਠ ਭੂਮੀ ਵਿੱਚ ਇਤਿਹਾਸ ਨੂੰ ਜਾਨਣਾ ਚਾਹੀਦਾ ਹੈ। ਨਹੀਂ ਤੇ ਤਰਕਸ਼ੀਲ ਮਨਾਂ ਵਿੱਚ ਅਨੇਕਾਂ ਪ੍ਰਸ਼ਨ ਕਾਇਮ ਰਹਿ ਜਾਣਗੇ। ਮੇਰੇ ਵਿਚਾਰ ਅਨੁਸਾਰ ਇਤਿਹਾਸ ਦੀ ਰਚਨਾ ਤੱਥਾਂ ਦੇ ਆਧਾਰ ਤੇ ਹੋਣੀ ਚਾਹੀਦੀ ਹੈ, ਜਜ਼ਬਾਤ ਜਾਂ ਕਲਪਨਾ ਉੱਤੇ ਨਹੀਂ, ਜਿਸਦੇ ਖੇਤਰ ਵਿੱਚ ਗਲਪ ਸਾਹਿਤ ਆਉਂਦਾ ਹੈ, ਇਤਿਹਾਸ ਨਹੀਂ।

? ਸ਼ਮਸ਼ੇਰ ਜੀ ਤੁਸੀਂ ‘ਲੰਡਨ ਤੋਂ ਦਿੱਲੀ ਕਾਰ ਰਾਹੀ’ ਇੱਕ ਸਫ਼ਰਨਾਮਾਂ ਵੀ ਲਿਖਿਆ। ਇਹ ਸਬੱਬ ਕਿਸ ਤਰਾਂ ਬਣਿਆਂ?

– ਉਹ ਗੱਲ ਜੀ ਇਸ ਤਰ੍ਹਾਂ ਸੀ, ਕਿ ‘ਲੰਡਨ ਤੋਂ ਦਿੱਲੀ ਕਾਰ ਰਾਹੀਂ’ ਇਹ ਸਫ਼ਰ ਮੈਂ ਤੇ ਮੇਰੇ ਸਵਰਗਵਾਸੀ ਦੋਸਤ ਤਰਸੇਮ ਨੀਲਗਿਰੀ ਨੇ 1969 ਵਿੱਚ ਕੀਤਾ ਸੀ। ਅਸੀਂ 3 ਨਵੰਬਰ ਨੂੰ ਲੰਡਨ ਤੋਂ ਚੱਲੇ ਸਾਂ, ਅਤੇ 24 ਨਵੰਬਰ ਨੂੰ ਹੁਸੈਨੀਵਾਲਾ ਬਾਰਡਰ ਪਾਰ ਕੀਤਾ ਸੀ। ਸਾਡੇ ਨਾਲ ਤਰਸੇਮ ਦੇ ਪਿਤਾ ਸ੍ਰ: ਸਵਰਨ ਸਿੰਘ ਜੀ ਵੀ ਸਨ। 21 ਦਿਨ ਦਾ ਇਹ ਸਫ਼ਰ ਪੂਰੀ ਤਿਆਰੀ ਅਤੇ ਜਾਣਕਾਰੀ ਦੇ ਸਿਰ ਤੇ ਕੀਤਾ ਗਿਆ ਸੀ। ਮੈਂ ਨੋਟ ਅਤੇ ਤਸਵੀਰਾਂ ਲੈਂਦਾ ਗਿਆ ਸਾਂ, ਹੋਰ ਜਾਣਕਾਰੀ ਵੀ ਸੰਭਾਲਦਾ ਰਿਹਾ। ਵਿਸ਼ੇਸ਼ ਕਰਕੇ ਜਿਨ੍ਹਾਂ ਦਸਾਂ ਮੁਲਕਾਂ ਵਿੱਚ ਦੀ ਇਹ ਸਫ਼ਰ ਕੀਤਾ ਗਿਆ, ਤੁਰਨ ਤੋਂ ਪਹਿਲਾਂ ਉਨ੍ਹਾਂ ਮੁਲਕਾਂ ਦੇ ਇਤਿਹਾਸ ਅਤੇ ਭੂਗੋਲ ਦਾ ਅਧਿਅਨ ਵੀ ਕੀਤਾ, ਜਿਸ ਨਾਲ ਸਫ਼ਰ ਕਾਫੀ ਦਿਲਚਸਪ ਹੋ ਗਿਆ। ਵਾਪਸੀ ਤੇ ਸਪਤਾਹਿਕ ‘ਦੇਸ ਪ੍ਰਦੇਸ’ ਇੰਗਲੈਂਡ ਦੇ ਮਾਲਕ ਤੇ ਸੰਪਾਦਕ ਤਰਸੇਮ ਪੁਰੇਵਾਲ ਵੱਲੋਂ ਉਤਸ਼ਾਹਿਤ ਕਰਨ ਤੇ ਇਹ ਸਫ਼ਰ ਤਸਵੀਰਾਂ ਸਮੇਤ ਕਿਸ਼ਤਵਾਰ ਉਸ ਦੇ ਅਖ਼ਬਾਰ ‘ਦੇਸ ਪ੍ਰਦੇਸ’ ਵਿੱਚ ਲਗਾਤਾਰ ਛਪਦਾ ਰਿਹਾ। ਸੋ ਇਸ ਨਾਲ ਕੰਮ ਸੌਖਾ ਹੋ ਗਿਆ। ਹਫਤੇ ਵਿੱਚ ਇੱਕ ਲੇਖ। ਉਸ ਵਿੱਚ ਪੂਰਾ ਛਪਣ ਤੋਂ ਬਾਅਦ ਮੇਰੇ ਮਿੱਤਰ ਸੋਹਣ ਸਿੰਘ ਮੀਸ਼ਾ ਦੇ ਉੱਦਮ ਨਾਲ ਇਹ ਸਫ਼ਰਨਾਮਾ ਪੁਸਤਕ ਰੂਪ ਵਿੱਚ ਵੀ ਪ੍ਰਕਾਸ਼ਤ ਹੋ ਗਿਆ।

? ਜੋਗਿੰਦਰ ਜੀ, ਪੁਰਾਣੀਆਂ ਯਾਦਾਂ ਵਿੱਚੋਂ ਕੋਈ ਯਾਦਗਾਰੀ ਪਲ਼ਾਂ ਬਾਰੇ  ਕੁਝ ਦੱਸੋ। ਸੁਣਿਆ ਹੈ ਕਿ ਤੁਹਾਡੀ ਇੱਕ ਕਵਿਤਾ ਦੀ ਕਿਤਾਬ ਆਜ਼ਾਦੀ ਤੋਂ ਪਹਿਲਾਂ ਬਹੁਤ ਪ੍ਰਸਿੱਧ ਹੋਈ ਸੀ, ਉਹ ਕਿਹੜੀ ਕਿਤਾਬ ਸੀ ਇਹਦੇ ਬਾਰੇ ਕੁਝ ਦੱਸੋ?

– ਜਿਵੇਂ ਆਪਾਂ ਪਹਿਲਾਂ ਵੀ ਗੱਲ ਕਰ ਰਹੇ ਸੀ ਕਿ ਮੇਰਾ ਕਵਿਤਾ ਲਿਖਣ ਦਾ ਆਰੰਭ ਤਾਂ ਬਚਪਨ ਤੋਂ ਹੀ ਹੋ ਗਿਆ ਸੀ। ਸੰਨ ਸੰਤਾਲੀ ਤੱਕ ਤਾਂ ਬਹੁਤੇ ਵਿਸ਼ੇ ਸੁਤੰਤ੍ਰਤਾ ਸੰਗਰਾਮ ਨਾਲ ਸਬੰਧਤ ਰਹੇ। ਬਰਤਾਨਵੀ ਸਾਮਰਾਜ ਦੇ ਵਿਰੁੱਧ, ਦੇਸ਼ ਭਗਤਾਂ ਦੀਆਂ ਕੁਰਬਾਨੀਆਂ, ਨੌਜਵਾਨਾਂ ਨੂੰ ਆਜ਼ਾਦੀ ਦੇ ਸੰਗ੍ਰਾਮ ਵਿੱਚ ਹਿੱਸਾ ਲੈਂਣ ਲਈ ਪ੍ਰੇਰਨਾ, ਰਾਜਿਆਂ ਮਹਾਰਾਜਿਆਂ ਵੱਲੋਂ ਪਰਜਾ ਦੇ ਸੋਸ਼ਨ ਦੇ ਵਿਰੁਧ ਸੰਗ੍ਰਾਮ ਅਤੇ ਸਾਂਝੇ ਮੁਹਾਜ਼ ਲਈ ਸੱਦਾ। 1946 ਵਿੱਚ ਇੱਕ ਲੰਬੀ ਕਵਿਤਾ ਕਪੂਰਥਲਾ ਦੇ ਰਿਆਸਤੀ ਨਿਜ਼ਾਮ ਬਾਰੇ ਸੀ ‘ਕੀ ਮੈਂ ਝੂਠ ਬੋਲਿਆ’ ਦੇ ਸਿਰਲੇਖ ਹੇਠਾਂ ਪੰਜਾਬੀ ਅਤੇ ਉਰਦੂ ਲਿੱਪੀਆਂ ਵਿੱਚ ਕਿੱਸੇ ਦੀ ਸ਼ਕਲ ਵਿੱਚ ਛਪੀ ਅਤੇ ਇੱਕ ਨੌਜਵਾਨ ਸਵਰਨ ਸਿੰਘ ਧੂਤ ਨੇ ਬਾਜ਼ਾਰ ਵਿੱਚ ਪੜ੍ਹ ਪੜ੍ਹ ਕੇ ਵੇਚੀ। ਕੁਝ ਸਮੇਂ ਵਿੱਚ ਉਸਦੀ ਸਤਾਰਾਂ ਸੌ ਕਾਪੀ ਵਿਕ ਗਈ ਸੀ। 1952 ਵਿੱਚ ਮੇਰਾ ਸਬੰਧ ਵਿਸ਼ਵ ਅਮਨ ਲਹਿਰ ਨਾਲ ਜੁੜਿਆ। ਮੈਂ ਐਟਮ ਬੰਬ ਅਤੇ ਤੀਜੀ ਜੰਗ ਵਿਰੁੱਧ ਇੱਕ ਕਵਿਤਾ ‘ਜੇ ਚਾਹੁੰਦੇ ਹੋ’ ਲਿਖੀ। ਦੋਸਾਂਝ ਕਲਾਂ ਦੀ ਅਮਨ ਕਾਨਫਰੰਸ ਤੇ ਉਹ ਪੜ੍ਹੀ। ਸ: ਗੁਰਬਖਸ਼ ਸਿੰਘ ਪ੍ਰੀਤਲੜੀ ਉਸ ਸਮਾਗਮ ਦੇ ਪ੍ਰਧਾਨ ਸਨ। ਉਨ੍ਹਾਂ ਉਹ ਕਵਿਤਾ ਮੇਰੇ ਕੋਲ਼ੋਂ ਲੈ ਲਈ ਅਤੇ ਪ੍ਰੀਤ ਲੜੀ ਵਿੱਚ ਛਾਪੀ। ਇਹ ਕਵਿਤਾਵਾਂ ਮੈਂ ਛੇਤੀਂ ਹੀ ਆਪਣੀਆ ਕਵਿਤਾਵਾਂ ਦੇ ਛਪਣ ਵਾਲੇ ਸੰਗ੍ਰਹਿ ਵਿੱਚ ਪ੍ਰਕਾਸ਼ਤ ਕਰ ਰਿਹਾ ਹਾਂ। 1962 ਵਿੱਚ ਜਦੋਂ ਮੈਂ ਸਕਾਟਲੈਂਡ ਦੇ ਇੱਕ ਸ਼ਹਿਰ ਡੰਡੀ ਵਿੱਚ ਰਹਿੰਦਾ ਸਾਂ, ਮੈਂ ਆਪਣੇ ਦੇਸ਼ ਦੇ ਭੂਹੇਰਵੇ ਬਾਰੇ ਵੀ ਇੱਕ ਕਵਿਤਾ ਲਿਖੀ। ਇੱਕ ਮਨੁੱਖ ਹੋਣ ਦੇ ਨਾਤੇ ਜ਼ਿੰਦਗੀ ਵਿੱਚ ਗ਼ਮੀਆਂ ਵੀ ਆਈਆਂ ਅਤੇ ਖੁਸ਼ੀਆਂ ਵੀ, ਮੇਲ ਮਿਲਾਪ ਵੀ ਹੋਏ ਅਤੇ ਵਿਛੋੜੇ ਵੀ ਪਏ, ਸੁਆਦ ਵੀ ਮਾਣੇ ਅਤੇ ਉਦਾਸੀਆਂ ਦਾ ਸ਼ਿਕਾਰ ਵੀ ਹੋਏ ਇਨ੍ਹਾਂ ਸਾਰੇ ਭਾਵਾਂ ਨਾਲ ਸਬੰਧਤ ਕਵਿਤਾਵਾਂ ਵੀ ਹਨ। ਮੈਂ ਅੱਜ ਵੀ ਉਨ੍ਹਾਂ ਨੂੰ ਪੜ੍ਹ ਕੇ ਸੁਆਦ ਮਾਣਦਾ ਹਾਂ। 

? ਪਹਿਲੇ ਸਵਾਲ ਨਾਲ ਜੁੜਵਾ ਸਵਾਲ ਹੀ ਹੈ, ਤੁਸੀਂ ਗੱਲ਼ ਕਰ ਰਹੇ ਸੀ ਕਿ ਕਵਿਤਾ ਤੋਂ ਇਲਾਵਾ ਵਾਰਤਕ ਵੀ ਲਿਖੀ। ਪਿੱਛੇ ਜਿਹੇ ਤੁਹਾਡੀ ਇੱਕ ਕਹਾਣੀ ਸਰਦਾਰ ‘ਰੁਲਿਆ ਸਿੰਘ’ ਪੜ੍ਹੀ ਸੀ, ਬਹੁਤ ਵਧੀਆ ਕਹਾਣੀ ਸੀ। ਇਹ ਵੀ ਪਤਾ ਲੱਗਾ ਕਿ ਪਹਿਲੀਆਂ ਵਿੱਚ ਤੁਸੀਂ ਨਾਟਕਾਂ ਵਿੱਚ ਵੀ ਹਿੱਸਾ ਲੈਂਦੇ ਰਹੇ ਹੋ। ਹੋਰ ਕੀ ਕੁਝ ਤੁਸੀਂ ਪੰਜਾਬੀ ਪਾਠਕਾਂ ਲਈ ਲਿਖਿਆ। ਇਹਦੇ ਬਾਰੇ ਕੁਝ ਦੱਸੋ?

– ਹਾਂ ਜੀ, ਕਹਾਣੀਆਂ ਲਿਖਣ ਦਾ ਸ਼ੌਕ ਵੀ ਉੱਠਿਆ। ਆਲੇ ਦੁਆਲੇ ਅਨੇਕਾਂ ਘਟਨਾਵਾਂ ਵਾਪਰਦੀਆਂ ਦੇਖੀਆਂ। ਇਸਤਰੀਆਂ ਮਰਦਾਂ ਦੇ ਸਮਾਜਿਕ ਸਬੰਧਾਂ ਵਿੱਚ ਮਹਾਨ ਤਬਦੀਲ਼ੀਆਂ ਆਉਂਦੀਆਂ ਦੇਖੀਆਂ। ਕੁਝ ਕਹਾਣੀਆਂ ਬਹੁਤ ਦੇਰ ਪਹਿਲਾਂ, ਕਦੀ 1944-45 ਵਿੱਚ ਲਿਖੀਆਂ ਸਨ। ਫੇਰ ਮੈਂ 1993 ਤੋਂ ਬਾਅਦ ਕੁਝ ਕਹਾਣੀਆਂ ਲਿਖੀਆਂ ਸਨ। ਆਲੇ ਦੁਆਲੇ ਵਾਪਰਨ ਵਾਲ਼ੀਆਂ ਕਈ ਘਟਨਾਵਾਂ ਦੇ ਪਏ ਪ੍ਰਭਾਵਾਂ ਅਧੀਨ। ਜਿਵੇਂ ‘ਸਰਦਾਰ ਰੁਲਿਆ ਸਿਘ’ ਜੋ ਸਾਰੀ ਉਮਰ ਹੁਸ਼ਿਆਰ ਇਸਤ੍ਰੀਆਂ ਦੇ ਹੱਥਾਂ ਦਾ ਸ਼ਿਕਾਰ ਹੁੰਦਾ ਹੈ, ਅੰਤ ਮਹਿਸੂਸ ਕਰਨ ਲੱਗਦਾ ਹੈ, ਕਿ ਉਹ ਰੁਲੀਆ ਸਿੰਘ ਨਹੀਂ ਰੁਲਿਆ ਸਿੰਘ ਹੈ। ਇਹ ਕਹਾਣੀ 1997 ਵਿੱਚ ਟੋਰੰਟੋ ਤੋਂ ਨਿਕਲਣ ਵਾਲੇ ਮੈਗਜ਼ੀਨ ‘ਆਰ ਪਾਰ’ ਵਿੱਚ ਵੀ ਛਪੀ ਸੀ। ਇਵੇਂ ਹੀ ਇੱਕ ਕਹਾਣੀ ‘ਸੰਕਟ’ ਲਾਹੌਰ ਤੋ ਨਿਕਲਣ ਵਾਲੇ ਸ਼ਾਹਮੁਖੀ ਮੈਗਜ਼ੀਨ ‘ਸਾਹਿਤ’ ਵਿੱਚ ਛਪੀ ਸੀ। ਇੱਕ ਹੋਰ ਕਹਾਣੀ ‘ਕਦੀ ਕਦੀ ਇਵੇਂ ਵੀ ਹੁੰਦਾ ਹੈ’ ਬਹਾਵਲਪੁਰ ਤੋਂ ਨਿਕਲਣ ਵਾਲੇ ਮੈਗਜ਼ੀਨ ‘ਤਿਮਾਹੀ’ ਵਿੱਚ। ਹੋਰ ਪੰਜਾਬੀ ਰਿਸਾਲਿਆਂ ਅਤੇ ਅਖ਼ਬਾਰਾਂ ਵਿੱਚ ਵੀ ਕੁਝ ਹੋਰ ਕਹਾਣੀਆਂ ਛੱਪ ਚੁੱਕੀਆਂ ਹਨ। ਹੁਣ ਇਹ ਸਭ ਕਹਾਣੀਆਂ ਕਿਤਾਬੀ ਰੂਪ ਵਿੱਚ ਛਪਵਾ ਰਿਹਾ ਹਾਂ। ਇਹ ਕਹਾਣੀਆਂ ਕਿਸੇ ਬਾਰੇ ਨਿੱਜੀ ਨਹੀਂ। ਸਮਾਜਿਕ ਯਥਾਰਥਵਾਦ ਦਾ ਪ੍ਰਗਟਾ ਕਰਦੀਆਂ ਹਨ। ਸਤਨਾਮ ਜੀ, ਉਂਝ ਮੇਰੇ 60 ਕੁ ਆਰਟੀਕਲ ਵੱਖ ਵੱਖ ਵਿਸ਼ਿਆਂ ਤੇ ਵੱਖ ਅਖ਼ਬਾਰਾਂ ਮੈਗਜ਼ੀਨਾਂ ਵਿੱਚ ਸਮੇਂ ਸਮੇਂ ਛਪਦੇ ਰਹੇ ਹਨ। ਇੱਕ ਆਰਟੀਕਲ ਮੈਂ 1970 ਵਿੱਚ ‘ਬਰਤਾਨੀਆਂ ਵਿੱਚ ਲੋਕ-ਗੀਤ’ ਇਹ ਆਰਟੀਕਲ ਪੰਜਾਬੀ ਤੋਂ ਬਿਨਾ ਇੰਗਲਿਸ਼ ਤੇ ਫਰੈਂਚ ਹੋਰ ਕਈ ਭਾਸ਼ਾਵਾਂ ਵਿੱਚ ਵੀ ਛਪਿਆ। ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਪੰਜਾਬੀ ਬੋਲੀ ਦੇ ਨਾਲ ਨਾਲ ਦੂਜੀਆਂ ਬੋਲੀਆਂ ਪੜ੍ਹਨ ਤੇ ਬੋਲਣ ਵਾਲੇ ਲੋਕਾਂ ਨੇ ਵੀ ਇਸ ਆਰਟੀਕਲ ਨੂੰ ਓਨਾ ਹੀ ਵਧੀਆ ਹੁੰਗਾਰਾ ਦਿੱਤਾ।

ਵਾਰਤਕ ਵਿੱਚ ਮੇਰੇ ਸਫ਼ਰਨਾਮਿਆਂ ਦੀਆਂ ਪੁਸਤਕਾਂ ਵੀ ਹਨ। ਮੈਂ 1969 ਵਿੱਚ ਕਾਰ ਰਾਹੀਂ ਲੰਡਨ ਤੋਂ ਦਿੱਲੀ ਗਿਆ ਸੀ, 9 ਮੁਲਕਾਂ ਦੇ ਵਿੱਚ ਦੀ ਦਰਸ਼ਨ ਮੇਲੇ ਕਰਦੇ। ਸੋਵੀਅਤ ਯੂਨੀਅਨ, ਉਜਬੇਕਿਸਤਾਨ, ਅਤੇ ਯੋਰਪ ਦੀ ਸੈਰ ਵੀ ਕੀਤੀ ਹੈ। 2006 ਵਿੱਚ 22 ਦਿਨ ਚੀਨ ਵਿੱਚ ਰਹਿ ਕੇ ਵੀ ਆਇਆ ਹਾਂ, ਕਾਸ਼ਗਰ (ਚੀਨੀ ਤੁਰਕਿਸਤਾਨ) ਤੱਕ ਵੀ ਗਿਆ ਹਾਂ, ਯਾਂਗਸੀ ਰਿਵਰ ਵਿੱਚ ਦੀ ਵੀ ਬੋਟ ਰਾਹੀਂ ਸੈਰ ਕੀਤੀ ਹੈ। ਇਸ ਬਾਰੇ ਵੀ ਕਿਤਾਬ ਹੈ। ਅਮਰੀਕਾ ਅਤੇ ਕੈਨੇਡਾ ਦੇ ਅਨੇਕਾਂ ਪ੍ਰਾਂਤ ਘੁੰਮੇ ਹਨ। ਇਹ ਸਾਰਾ ਕੁਝ ਮੈਂ ਲਿਖਦਾ ਰਿਹਾ ਹਾਂ, ਤਿੰਨ ਕਿਤਾਬਾਂ ਸਫ਼ਰਨਾਮਿਆਂ ਬਾਰੇ ਪ੍ਰਕਾਸ਼ਤ ਹਨ। ਇੰਡੀਆ ਵਿੱਚ ਵੀ ਸ਼ਿਮਲਾ, ਮੰਡੀ, ਕੁੱਲੂ, ਚੰਬਾ, ਮਨਾਲੀ, ਜੈਪੁਰ, ਜੋਧਪੁਰ ਅਤੇ ਉਧੇਪੁਰ, ਚਿਤੌੜ, ਦੱਖਣੀ ਭਾਰਤ ਵਿੱਚ ਕੇਰਲਾ, ਤਾਮਿਲਨਾਡ, ਆਂਧਰਾ, ਅਤੇ ਇੱਧਰ ਹਿਮਾਚਲ, ਕਸ਼ਮੀਰ ਆਦਿ ਅਨੇਕਾਂ ਇਲਾਕੇ ਭਰੱਮਣ ਦਾ ਅਵਸਰ ਵੀ ਮਿਲਿਆ ਹੈ। ਇਸ ਬਾਰੇ ਵੀ ਇੱਕ ਪੁਸਤਕ ਹੈ। 

(ਹੱਸਦੇ ਹੋਏ) ਬਾਕੀ ਨਾਟਕਾਂ ਦੀ ਗੱਲ ਇਉਂ ਹੈ ਕਿ 1943-44 ਵਿੱਚ ਮੈਂ ਲੱਖਾ ਸਿੰਘ ਜੌਹਰ ਦੀ ਨਾਟਕ ਮੰਡਲੀ ਵਿੱਚ ਹੁੰਦਾ ਸਾਂ, ਸਾਡੀ ਇਸ ਨਾਟਕ ਮੰਡਲੀ ਵਿੱਚ ਮੋਹਣ ਸਿੰਘ ਮੁੱਠਡਾ, ਵਿੱਦਿਆ ਸਾਗਰ ਚੀਮਾਂ, ਸਿਕੰਦਰ ਬੰਡਾਲ਼ਾ ਨਾਜ਼ਰ ਸਿੰਘ ਸੰਘਾ ਅਤੇ ਮਲਕੀਤ ਸਿੰਘ ਡੁਮੇਲੀ ਹੁੰਦੇ ਸਨ। ਉਦੋਂ ਕੁੜੀਆਂ ਦੇ ਪਾਰਟ ਵੀ ਮੁੰਡੇ ਕਰਦੇ ਹੁੰਦੇ ਸਨ। ਕੁੜੀਆਂ ਫ਼ਿਲਮਾਂ ਵਿੱਚ ਤਾਂ ਹੁੰਦੀਆਂ ਸਨ, ਪਰ ਡਰਾਮਿਆਂ ਵਿੱਚ ਘੱਟ ਵੱਧ ਹੀ। ਹਾਂ, ਨੱਚਾਰਾਂ ਤੇ ਵੇਸਵਾਵਾਂ ਜ਼ਰੂਰ ਹੁੰਦੀਆਂ ਸਨ, ਨੱਚਾਰਾਂ ਵਿਆਹ ਸ਼ਾਦੀਆਂ ਤੇ ਆ ਕੇ ਨੱਚਦੀਆਂ ਹੁੰਦੀਆਂ ਸਨ। ਮੈਂ ਤੇ ਬੰਡਾਲ਼ੇ ਦਾ ਸਿਕੰਦਰ, ਲੱਖਾ ਸਿੰਘ ਜੌਹਰ ਦੇ ਨਾਟਕਾਂ ਵਿੱਚ ਕੁੜੀਆਂ ਦਾ ਪਾਰਟ ਅਦਾ ਕਰਦੇ ਹੁੰਦੇ ਸਾਂ। ਉਨ੍ਹਾਂ ਵਾਲੇ ਕਪੜੇ ਪਾਉਂਦੇ ਸਾਂ, ਹਾਲੇ ਮੁੱਛਾਂ ਦਾਹੜੀਆਂ ਨਹੀਂ ਸਨ ਆਈਆਂ। ਕੇਸ ਪਿਛਾਂਹ ਨੂੰ ਕਰਕੇ ਗੁੱਤਾਂ ਵੀ ਕਰਦੇ ਸਾਂ। ਕੁੜੀਆਂ ਵਾਂਗ ਬੋਲਦੇ ਹੁੰਦੇ ਸਾਂ। ਤੁਸੀਂ ਦੇਖੋ ਹੁਣ ਕਿੰਨੀ ਤਬਦੀਲੀ ਹੈ। ਵਡੇਰੀ ਉਮਰ ਦੀਆਂ ਇਸਤਰੀਆਂ ਤੇ ਮਰਦ ਵੀ ਸਮਾਗਮਾਂ ਤੇ ਰਲ ਮਿਲਕੇ ਆਮ ਡਾਂਸ ਕਰਦੇ ਹਨ, ਭੰਗੜੇ ਤੇ ਗਿੱਧੇ ਪਾਉਂਦੇ ਹਨ। ਨਾਟਕਾਂ ਲਈ ਨਾ ਕੁੜੀਆਂ ਦੀ ਕਮੀ ਹੈ ਨਾ ਮੁੰਡਿਆਂ ਦੀ। ਉਨ੍ਹਾ ਵੇਲਿਆਂ ਦੀ ਇੱਕ ਯਾਦ ਇਹ ਵੀ ਹੈ ਕਿ ਇੱਕ ਵਾਰ ਅਸੀਂ ਜੰਡਿਆਲੇ (ਮੰਜਕੀ) ਵਿਖੇ ਡਰਾਮਾਂ ਕੀਤਾ ਤਾਂ ਗੁਰਬਖਸ਼ ਸਿੰਘ ਪ੍ਰੀਤਲੜੀ ਵੀ ਦੇਖਣ ਆਏ ਸੀ। ਸਾਡੇ ਡਰਾਮੇ ਤੋਂ ਏਨਾ ਪ੍ਰਭਾਵਤ ਹੋਏ ਕਿ ਸਾਡੀ ਡਰਾਮਾਂ ਟੀਮ ਨੂੰ ਪ੍ਰੀਤਲੜੀ ਇੱਕ ਵਰ੍ਹਾ ਫ਼ਰੀ ਭੇਜਦੇ ਰਹੇ।  

ਸਤਨਾਮ ਜੀ, ਅੱਜ ਇਹ ਦੇਖ ਕੇ ਪ੍ਰਸੰਨਤਾ ਹੁੰਦੀ ਹੈ ਕਿ ਹੁਣ ਸਾਡੀਆਂ ਬੀਬੀਆਂ ਕੇਵਲ ਘੁੰਡ ਕੱਢ ਕੇ ਰੱਖਣ ਵਾਲ਼ੀਆਂ ਇਸਤਰੀਆਂ ਨਹੀਂ ਰਹੀਆਂ, ਉਹ ਮਰਦਾਂ ਦੇ ਬਰਾਬਰ ਜ਼ਿੰਦਗੀ ਦੇ ਹਰ ਖੇਤਰ ਵਿੱਚ ਸਾਮਾਨ ਵਿਚਰ ਰਹੀਆਂ ਹਨ। ਸਿਆਸਤ ਵਿੱਚ, ਵਿੱਦਿਆ ਵਿੱਚ, ਬਿਜ਼ਨਿਸ ਵਿੱਚ, ਮੈਡੀਕਲ ਖੇਤਰ ਵਿੱਚ। ਸ਼ਰਾਫ਼ਤ ਅਤੇ ਲਿਆਕਤ ਵਿੱਚ। ਉਹ ਸਭ ਵਿੱਚ ਮਰਦਾਂ ਦੇ ਬਰਾਬਰ ਹਨ। ਮਰਦਾਂ ਦੀਆਂ ਗ਼ੁਲਾਮ ਨਹੀਂ, ਸਗੋਂ ਕਈਆਂ ਖੇਤਰਾਂ ਵਿੱਚ ਬਾਸ ਵੀ ਹਨ। ਅਨੇਕਾਂ ਅਜਿਹੀਆਂ ਘਟਨਾਵਾਂ ਵੀ ਵਾਪਰਦੀਆਂ ਹਨ, ਜਿਹਨਾਂ ਦੇ ਨਾਟਕੀ ਪਹਿਲੂ ਹੈਰਾਨੀ ਜਨਕ ਹਨ। ਮੇਰੀਆਂ 14 ਦੇ ਕਰੀਬ ਪੁਸਤਕਾਂ ਛਪ ਚੁੱਕੀਆਂ ਹਨ। ਛੇ ਸੱਤ ਦੇ ਖ਼ਰੜੇ ਬਿਲਕੁਲ ਤਿਆਰ ਹਨ। ਆਪਣੀ ਸਵੈ-ਜੀਵਨੀ ‘ਬੀਤੇ ਦਾ ਸਫਰ’ ਪ੍ਰਕਾਸ਼ਕ ਦੇ ਕੋਲ ਹੈ, ਉਸਦੀ ਪਰੂਫ਼ ਰੀਡਿੰਗ ਹੁਣੇ ਕਰਕੇ ਹਟਿਆ ਹਾਂ ਗ਼ਾਲਬਿਨ 478 ਸਫ਼ੇ ਦੀ ਪੁਸਤਕ ਹੋਵੇਗੀ।

? ਤੁਸੀਂ ਗੱਲ ਕੀਤੀ ਕਿ ‘ਬਰਤਾਨੀਆਂ ਦੇ ਲੋਕ-ਗੀਤਾਂ’ ਬਾਰੇ ਆਰਟੀਕਲ ਦੀ, ਜੋ ਦੂਜੀਆਂ ਬੋਲੀਆਂ ਵਿੱਚ ਵੀ ਛਪਿਆ ਤੇ ਦੂਜੀਆਂ ਬੋਲੀਆਂ ਦੇ ਲੋਕਾਂ ਵੱਲੋਂ ਬਹੁਤ ਵਧੀਆ ਹੁੰਗਾਰਾ ਵੀ ਆਇਆ। ਇਹਦੇ ਬਾਰੇ ਥੋੜਾ ਸੰਖੇਪ ਵਿੱਚ ਦੱਸੋ ਕਿ ਇਸ ਆਰਟੀਕਲ ਵਿੱਚ ਐਹੋ ਜਿਹੀ ਕਿਹੜੀ ਗੱਲ ਸੀ, ਜਿਸ ਨੇ ਦੂਜਿਆਂ ਲੋਕਾਂ ਨੂੰ ਵੀ ਖਿੱਚਿਆ?

– ਹਾਂ ਜੀ, ਇਹ ਆਰਟੀਕਲ ਮੇਰੀ ਇੱਕ ਕਿਤਾਬ ‘ਓਵਰ-ਟਾਈਮ ਪੀਪਲ’ ਵਿੱਚ ਸ਼ਾਮਲ ਹੈ। ਤੁਹਾਨੂੰ ਪਤਾ ਕਿ ਪੰਜਾਬੀ ਜਿੱਥੇ ਵੀ ਜਾਣ ਉੱਥੇ ਹੀ ਨਵਾਂ ਪੰਜਾਬ ਵੱਸਾ ਲੈਂਦੇ ਹਨ। ਜਿਸ ਤਰ੍ਹਾਂ ਪੰਜਾਬ ਵਿੱਚ ਲੋਕ-ਗੀਤਾਂ ਵਿੱਚ ਦੁੱਖ-ਸੁੱਖ, ਖੁਸ਼ੀਆਂ-ਗ਼ਮੀਆਂ ਤੇ ਉੱਥੇ ਦੇ ਹਾਲਾਤ ਨੂੰ ਸਮੋ ਕੇ ਲੋਕ ਆਪਣੇ ਮਨ ਦੀਅਾਂ ਗੱਲਾਂ ਆਪਣੇ ਪਿਆਰਿਆਂ ਨਾਲ ਸਾਂਝੀਆਂ ਕਰਦੇ ਸਨ; ਇਸੇ ਤਰ੍ਹਾਂ ਜਦੋਂ ਤੋਂ ਪੰਜਾਬੀਆਂ ਨੇ ਆਪਣੇ ਪਰਿਵਾਰਾਂ ਸਮੇਤ ਵਲਾਇਤ ਵਿੱਚ ਵੱਸਣਾ ਸ਼ੁਰੂ ਕੀਤਾ, ਉਹਨਾਂ ਨੇ ਇੱਥੇ ਦੇ ਦੁੱਖਾਂ ਸੁੱਖਾਂ ਨੂੰ ਬਿਆਨ ਕਰਦਿਆਂ ਮਨ ਨੂੰ ਹੋਲ਼ਾ ਕਰਨ ਲਈ ਵੱਖ ਵੱਖ ਸਮੇਂ ਲੋਕ ਗੀਤਾਂ ਦੀ ਰਚਨਾ ਕੀਤੀ। ਇੰਗਲੈਂਡ ਦੇ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਰਹਿੰਦੇ ਪੰਜਾਬੀ, ਪੱਬਾਂ ਜਾਂ ਵਿਆਹਾਂ ਤੇ ਇਕੱਠੇ ਹੋ ਸਾਰੇ ਦੁੱਖ ਭੁੱਲ ਕੇ ਉਹਨਾਂ ਦੇ ਮਨਾਂ ਦੀਆਂ ਅੰਤ੍ਰੀਵ ਡੂੰਘਾਣਾਂ ਵਿੱਚ ਪਲਮਦੇ ਜਜ਼ਬੇ ਉਤਪੰਨ ਹੁੰਦੇ ਹਨ। ਇਹਨਾਂ ਦਾ ਪਸਾਰ ਵੀ ਮੂੰਹ-ਜ਼ੁਬਾਨੀ ਇੱਕ ਦੂਜੇ ਤੱਕ ਪਹੁੰਚਣ ਦੀਆਂ ਰਿਵਾਇਤਾਂ ਦੇ ਵਿਪ੍ਰੀਤ ਿਲ਼ਖਤੀ ਰੂਪ ਵਿੱਚ ਪੱਤਰਾਂ ਰਾਹੀਂ ਇੱਕ ਦੂਜੇ ਤੀਕਰ ਪਹੁੰਚਦਾ ਹੈ। ਪਰ ਇਹ ਜਿੱਥੇ ਸਿੱਧੇ-ਸਾਦੇ ਲੋਕਾਂ ਦੇ ਆਪ-ਮੁਹਾਰੇ ਵੇਗ ਦਾ ਓਨਾ ਹੀ ਪ੍ਰਗਟਾ ਕਰਦੇ ਹਨ, ਜਿੰਨਾ ਪੰਜਾਬ ਦੇ ਸਦੀਆਂ ਤੋਂ ਚਲੇ ਆ ਰਹੇ ਲੋਕ-ਗੀਤ। ਇਹ ਯਥਾਰਥ ਦੇ ਵਧੇਰੇ ਨੇੜੇ ਹਨ। ਇਹਨਾਂ ਦੀ ਬਣਤਰ ਕਲਾਤਮਿਕ ਅਤੇ ਅਧੁਨਿਕ ਤਰਜ਼ਾਂ ਦੇ ਗੀਤਾਂ ਨਾਲੋਂ ਕਿਤੇ ਵੱਖਰੀ ਹੈ। ਇਹਨਾਂ ਵਿੱਚ ਬਨਾਵਟ ਬੜੀ ਘੱਟ ਹੈ। ਸਤਨਾਮ ਜੀ, ਜਿਸ ਤਰ੍ਹਾਂ ਨੂੰਹ ਸੱਸ ਦਾ ਰਿਸ਼ਤਾ ਆਪਣੇ ਪੰਜਾਬ ਦੇ ਪਿੰਡਾਂ ਵਿੱਚ ਦੇਖਿਆ ਜਾਂਦਾ ਸੀ ਕਿ ਘਰ ਵਿੱਚ ਸੱਸ ਦੀ ਪ੍ਰਧਾਨਗੀ ਹੁੰਦੀ ਸੀ। ਕਈ ਵਾਰ ਇੱਕ ਦੂਜੀ ‘ਤੇ ਗਿਲਾ ਕਰਨ ਲਈ ਮਠੇ ਮਠੇ ਮੇਹਿਣੇ ਤਾਹਨੇ ਵੀ ਮਾਰਦੀਆਂ ਹਨ ਤੇ ਰਿਸ਼ਤਾ ਵੀ ਕਾਇਮ ਰੱਖਦੀਆਂ ਹਨ, ਇਸੇ ਤਰ੍ਹਾਂ ਬਰਤਾਨੀਆਂ ਦੇ ਇੱਕ ਲੋਕ-ਗੀਤ ਦੀਆਂ ਸਤਰਾਂ ਮੈਂ ਨਮੂਨੇ ਵਜੋਂ ਸੁਣਾਉਦਾ ਹਾਂ ਇੱਕ ਨੂੰਹ, ਸੱਸ ਦੀ ਨੋਕ ਝੋਕ ਵਲਾਇਤ ਦੀ ਧਰਤੀ ਤੇ ਕਿਸ ਤਰ੍ਹਾਂ ਦੀ ਹੈ: 

“ਇਹਦੇ ਨਾਲੋਂ ਤਾਂ ਪਾਥੀਆਂ ਪੱਥ ਕੇ
ਪਿੰਡ ਚਿ ਗੁਜ਼ਾਰਾ ਕਰਦੀ
ਇਹਦੇ ਨਾਲੋਂ ਤਾਂ ਭੱਤਾ ਢੋਂਹਦੀ
ਖੂਹ ਤੋਂ ਪਾਣੀ ਭਰਦੀ।
ਕੱਚੇ ਕੋਠੇ ਲਿੱਪ ਪੋਚ ਕੇ
ਰਾਣੀ ਬਣਦੀ ਘਰ ਦੀ।
ਨਾਂ ਮੈਂ ਆਉਂਦੀ ਇਸ ਵਲਾਇਤੇ
ਨਾ ਜ਼ਿੰਦ ਸੂਲੀ ਟੰਗਦੀ।
ਰੱਬਾ ਮੇਰੀ ਸੱਸ ਮਰ ਜਾਏ
ਬਿਨ ਖੋਹਲਿਓਂ ਲਫ਼ਾਫ਼ਾ ਮੰਗਦੀ।”

ਬਿਨ ਖੋਲਿਓ ਲਫ਼ਾਫ਼ਾ (ਭਾਵ ਸਾਰੀ ਦੀ ਸਾਰੀ ਤਨਖ਼ਾਹ) ਸੱਸ ਦੀ ਤਲ਼ੀ ਤੇ ਰੱਖਣ ਦਾ ਗਿਲਾ ਇਸ ਲੋਕ-ਗੀਤ ਵਿੱਚ ਪੇਸ਼ ਕੀਤਾ ਗਿਆ ਹੈ। ਫੇਰ ਇਸੇ ਤਰ੍ਹਾਂ ਸਾਂਝੇ ਘਰਾਂ ਵਿੱਚ ਇੱਧਰੋਂ ਕੀਤੀ ਕਮਾਈ ਨਾਲ ਪੰਜਾਬ ਵਿੱਚ ਜ਼ਮੀਨ ਖ਼ਰੀਦੀ, ਟਿਉਵੈਲ ਲਗਵਾਏ ਪਰ ਪੰਜਾਬ ਵਿਚਲੇ ਭਰਾ ਬਣਦਾ ਹਿੱਸਾ ਦੇਣ ਲਈ ਤਿਆਰ ਨਹੀਂ, ਇਸ ਦਾ ਦੁੱਖ ਵੀ ਪਤਨੀ ਆਪਣੇ ਪਤੀ ਨਾਲ ਸਾਂਝਾਂ ਇਉਂ ਕਰਦੀ ਹੈ: 

“ਵੇ ਤੇਰੀ ਖੱਟੀ ਨਾਲ ਟੀਊਵੈਲ ਲੁਆ ਕੇ
ਭਾਈਆਂ ਲੈ ਲਏ ਖੱਤੇ
ਜ਼ਿਉਂਦੀ ਮੈਂ ਮਰ ਗਈ
ਹੁਣ ਹਿੱਸਾ ਨਾ ਦੇਣ ਨਿੱਖਤੇ”

ਹੋਰ ਸੁਣੋ ਆਪਣੇ ਪੰਜਾਬੀਆਂ ਨੇ ਸਵੇਰ ਤੋਂ ਸ਼ਾਮ ਤੱਕ ਫ਼ੈਕਟਰੀ ਵਿੱਚ ਕੰਮ ਕਰਨਾਂ, ਐਤਵਾਰ ਦਾ ਓਵਰ-ਟਾਈਮ ਮਿਲ਼ ਜਾਵੇ ਤਾਂ ਨੱਚਦੇ ਫਿਰਨਾ। ਪੌਂਡਾਂ ਦੇ ਪੁੱਤ ਬਣੇ ਰਹਿਣ ਵਾਲੇ ਦੇ ਘਰ ਵਾਲ਼ੀ ਦੀ ਸ਼ਕਾਇਤ ਵੀ ਸੁਣ ਲਉ:

“ਝੋਲਾ ਚੁੱਕ ਕੇ ਤੂੰ ਤੁਰ ਜਾਨਾ
ਉੱਠ ਕੇ ਨਿਤ ਸਵੇਰੇ,
ਲੋਕੀ ਘੁੰਮਦੇ ਫਿਰਨ ਪਾਰਕੀਂ
ਮੈਂ ਕੈਦਣ ਘਰ ਤੇਰੇ”

ਸੋ, ਸਤਨਾਮ ਜੀ, ਕਹਿ ਸਕਦੇ ਹਾਂ ਕਿ ਬਹੁਤ ਸਾਰੇ ਗੀਤ ਇੰਗਲੈਂਡ ਦੇ ਪੰਜਾਬੀ ਅਵਾਸੀ ਸਮਾਜ ਦੇ ਮਨਾਂ ‘ਚ ਹੋ ਰਹੀ ਉੱਥਲ਼ ਪੁੱਥਲ਼ ਦਾ ਹੀ ਵਰਨਣ ਕਰਦੇ ਹਨ। ਵਿਸ਼ੇਸ਼ ਤੌਰ ਤੇ ਇਸਤ੍ਰੀ ਮਰਦ ਦੇ ਪਿਆਰ ਦੀ ਤੜਫ, ਬਿਰਹੋਂ ਦੇ ਸੱਲ, ਬੇ-ਵਫ਼ਾਈ ਦੇ ਗਿਲੇ ਤੇ ਕਾਮ ਭੁੱਖ ਤੋਂ ਉਪਜੇ ਮਨੋਭਾਵਾਂ ਦਾ। ਇਹਨਾਂ ਗੀਤਾਂ ਵਿੱਚ ਸਰ੍ਹੋਂ ਦੀਆਂ ਗੰਦਲਾਂ ਵਰਗੀ ਕੋਮਲਤਾ ਤੇ ਮਿਠਾਸ ਹੈ ਅਤੇ ਨਿਸਾਰ ਤੋਂ ਡਿੱਗ ਰਹੇ ਪਾਣੀ ਵਰਗੀ ਸਵੱਛਤਾ ਤੇ ਰਵਾਨੀ ਹੈ। ਝਨਾਂ ਤੇ ਸਤਲੁਜ ਦੀਆਂ ਵਾਦੀਆਂ ਤੋਂ ਦੂਰ ਟੇਮਜ਼ ਤੇ ਟਰੈਂਟ ਦੇ ਕੰਢਿਆਂ ਤੇ ਉਪਜ ਰਹੇ ਗੀਤ ਇਸ ਗੱਲ ਦੇ ਚਿੰਨ੍ਹ ਹਨ ਕਿ ਇੰਗਲੈਂਡ ਦੀ ਰੁਝੇਵੇਂ ਭਰੀ ਜ਼ਿੰਦਗੀ ਵਿੱਚ ਵੀ ਪੰਜਾਬ ਜ਼ਿਉਂਦਾ ਹੈ। ਇਹ ਗੀਤ ਪੁਰਾਣੀਆਂ ਰਵਾਇਤਾਂ ਨਾਲ ਸੰਬਧਤ ਹੁੰਦੇ ਹੋਏ ਵੀ ਨਵੇਂ ਜੀਵਨ ਵਿੱਚ ਆਏ ਪੱਖਾਂ ਨੂੰ ਪੇਸ਼ ਕਰਦੇ ਹਨ ਅਤੇ ਬਣਤਰ ਦੇ ਪੱਖ ਵਜੋਂ ਪੁਰਾਣੀਆਂ ਧਾਰਨਾਵਾਂ ਨੂੰ ਜ਼ਿਉਂਦਾ ਰੱਖ ਰਹੇ ਹਨ।

ਮੈਂ ਸ੍ਰ. ਹਰਬੰਸ ਸਿੰਘ ਲਿਤਰੀਆ, ਅਮਰੀਕ ਹੋਠੀ, ਨਿਰਮਲ ਸਿੰਘ ਮਾਹੀ, ਕੰਵਲ ਪੁਰੇਵਾਲ਼, ਮਹਿੰਦਰ ਸਿੰਘ ਖਹਿਰਾ, ਨਰਿੰਜਣ ਸਿੰਘ ਨੂਰ, ਅਤੇ ਮਿਡਲੈਂਡ ਦੇ ਅਨੇਕਾਂ ਨਗਰਾਂ, ਸ਼ਹਿਰਾਂ, ਡਾਰਟਫੋਰਡ ਤੇ ਈਰਥ ਦਿਆਂ ਪੱਬਾਂ ਵਿੱਚ ਮਿਲੇ ਉਹਨਾਂ ਜਾਣੇ ਅਣਜਾਣੇ ਗੀਤਕਾਰਾਂ ਦਾ ਧੰਨਵਾਦੀ ਹਾਂ, ਜਿੰਨਾਂ ਦੇ ਗੀਤਾਂ ਦੇ ਹਵਾਲੇ ਮੈਂ ਆਪਣੇ ਇਸ ਲੇਖ ਵਿੱਚ ਦਿੱਤੇ ਹਨ।

? ਜੋਗਿੰਦਰ ਜੀ, ਆਪਣੀ ਲਿਖਣ ਪ੍ਰਕ੍ਰਿਆ ਬਾਰੇ ਕੁਝ ਦੱਸੋ? ਤੁਸੀਂ ਆਪਣੇ ਨਿੱਜੀ ਰੁਝੇਵਿਆਂ ਵਿੱਚੋਂ ਰਚਨਾ ਪਲਾਂ ਲਈ ਸਮੇਂ ਦੀ ਵੰਡ ਕਿਸ ਤਰਾਂ ਕਰਦੇ ਰਹੇ ਹੋ?

– ਸਾਹਿਤ ਦੀ ਸਿਰਜਣਾ ਇੱਕ ਕੁਦਰਤੀ ਵਹਾਓ ਹੈ। ਮੈਂ ਜੋ ਮਹਿਸੂਸ ਕਰਦਾ ਹਾਂ ਆਪਣੀ ਪ੍ਰਤਿਭਾ ਅਨੁਸਾਰ, ਉਸਦੇ ਪ੍ਰਗਟਾ ਲਈ ਜੋ ਰੂਪ ਬਿਹਤਰ ਲੱਗਦਾ ਹੈ, ਉਸਦੀ ਵਰਤੋਂ ਕਰ ਲੈਂਦਾ ਹਾਂ। ਅਸੀਂ ਆਪਣੇ ਜੀਵਨ ਵਿੱਚ ਅਨੇਕਾਂ ਕੰਮਾਂ ਵਿੱਚ ਦਿਲਚਸਪੀ ਲੈਂਦੇ ਹਾਂ। ਰਚਨਾ ਵੀ ਵੱਖ ਵੱਖ ਰੂਪਾਂ ਵਿੱਚ ਕਰ ਸਕਦੇ ਹਾਂ। ਮੈਨੂੰ ਇਸ ਵਿੱਚ ਕੋਈ ਮੁਸ਼ਕਲ ਨਜ਼ਰ ਨਹੀਂ ਆਉਦੀ। ਮੈਂ ਜੀਵਨ ਵਿੱਚ ਕੋਈ ਬੰਦਸ਼ ਕਬੂਲ ਨਹੀਂ ਕਰਦਾ। ਰਚਨਾ ਕਰਮ ਵਿੱਚ ਵੀ ਇਸਦਾ ਪ੍ਰਭਾਵ ਹੈ। ਕੁਝ ਲਿਖਣਾ ਸਵੈ-ਸਹੇੜਿਆ ਕਾਰਜ ਹੈ। ਇਸ ਲਈ ਬਹੁਤ ਔਖੇ ਹੋਣ ਦੀ ਲੋੜ ਨਹੀਂ, ਆਪਣੀ ਸਮਰੱਥਾ ਅਨੁਸਾਰ ਸਹਿਜ- ਭਾਵ ਨਾਲ ਕਰਨਾ ਚਾਹੀਦਾ ਹੈ ਤੇ ਅਨੰਦ ਲੈਂਣਾ ਚਾਹੀਦਾ ਹੈ। ਸਮੇਂ ਦੀ ਵੰਡ ਆਪਣੇ ਆਪਣੇ ਨਿੱਜੀ ਹਾਲਾਤ ਤੇ ਨਿਰਭਰ ਕਰਦੀ ਹੈ। ਫਿਰ ਇਹ ਵੀ ਹੈ ਕਿ ਤੁਸੀਂ ਆਪਣੇ ਰੁਝੇਵਿਆਂ ਵਿੱਚੋਂ ਕਿਸ ਨੂੰ ਪਹਿਲ ਦਿੰਦੇ ਹੋ। ਇਹ ਤਾਂ ਵਚਨ-ਬੱਧਤਾ ਅਤੇ ਲੋੜ ਦੀ ਗੱਲ ਹੈ। ਕਿਸੇ ਨਾ ਕਿਸੇ ਚੀਜ਼ ਦਾ ਤਿਆਗ ਤਾਂ ਕਰਨਾ ਹੀ ਪਏਗਾ।

? ਜੋਗਿੰਦਰ ਜੀ, ਵਿਦੇਸ਼ਾਂ ਵਿੱਚ ਤਕਰੀਬਨ ਹਰ ਦੇਸ਼ ਵਿੱਚ, ਜਿੱਥੇ ਪੰਜਾਬੀ ਵਸਦੇ ਹਨ, ਸਾਹਿਤਕ ਸਭਾਵਾਂ ਬਣੀਆਂ ਹੋਈਆਂ ਹਨ। ਕੀ ਤੁਹਾਨੂੰ ਲੱਗਦਾ ਇਨ੍ਹਾਂ ਨੇ ਸਹਿਤ ਅਤੇ ਸੱਭਿਆਚਾਰ ਨੂੰ ਜਿਉਂਦਾ ਰੱਖਣ ਵਿੱਚ ਕੋਈ ਯੋਗਦਾਨ ਵੀ ਪਾਇਆ? ਜੇਕਰ ਹਾਂ ਤਾਂ, ਤੁਹਾਡੇ ਖ਼ਿਆਲ ਨਾਲ ਪੰਜਾਬੀ ਬੋਲੀ ਦੇ ਵਿਕਾਸ ਲਈ ਹੋਰ ਕੀ ਕੀ ਉਪਰਾਲੇ ਕਰਨੇ ਚਾਹੀਦੇ ਹਨ? ਤੁਹਾਨੂੰ ਵਿਦੇਸ਼ਾਂ ਵਿੱਚ ਪੰਜਾਬੀ ਬੋਲੀ ਦਾ ਭਵਿੱਖ ਕਿਸ ਤਰ੍ਹਾਂ ਲੱਗਦਾ?

– ਸਤਨਾਮ ਜੀ, ਵਿਦੇਸ਼ਾਂ ਵਿੱਚ ਸਾਹਿਤ ਅਤੇ ਸੱਭਿਅਚਾਰ ਨੂੰ ਜਿਉਂਦਾ ਰੱਖਣ ਲਈ ਸਾਹਿਤ ਸਭਾਵਾਂ ਨੇ ਕਾਫ਼ੀ ਯੋਗਦਾਨ ਪਾਇਆ ਹੈ। ਮੀਟਿੰਗਾਂ ਤੇ ਕਾਨਫ਼ਰੰਸਾਂ ਹੁੰਦੀਆਂ ਹਨ, ਜਿੱਥੇ ਸਾਹਿਤਕਾਰ ਰਲ ਮਿਲ ਕੇ ਬੈਠਦੇ ਹਨ, ਵਿਚਾਰ ਵਟਾਂਦਰੇ ਹੁੰਦੇ ਹਨ, ਰਚਨਾਵਾਂ ਤੇ ਪਰਚੇ ਪੜ੍ਹੇ ਜਾਂਦੇ ਹਨ। ਇਸ ਪ੍ਰਥਾ ਨੂੰ ਕਾਇਮ ਰੱਖਣਾ ਚਾਹੀਦਾ ਹੈ। ਕਹਾਣੀ ਦਰਬਾਰ, ਕਵੀ ਦਰਬਾਰ ਅਤੇ ਹੋਰ ਸਮਾਰੋਹ ਹੁੰਦੇ ਰਹਿਣੇ ਚਾਹੀਦੇ ਹਨ। ਪੰਜਾਬੀ ਲੋਕਾਂ ਨਾਲ ਆਪਣਾ ਤਾਲਮੇਲ ਲਗਾਤਾਰ ਰੱਖਣਾ ਚਾਹੀਦਾ ਹੈ। ਸਾਲਾਨਾ ਸਾਹਿਤਕ ਸਮਾਗਮ ਹੋਣੇ ਚਾਹੀਦੇ ਹਨ। ਲੇਖਕ ਭਾਵੇਂ ਵੱਖ ਵੱਖ ਵਿਚਾਰਧਾਰਾ ਰੱਖਦੇ ਹੋਣ, ਪਰ ਸਾਹਿਤਕ ਸਮਾਗਮਾਂ ਤੇ ਇਕੱਠੇ ਹੋਣਾ ਚਾਹੀਦਾ ਹੈ। ਇੱਕ ਦੂਜੇ ਪ੍ਰਤੀ ਪਿਆਰ ਤੇ ਸਦ-ਭਾਵਨਾ ਦਾ ਵਤੀਰਾ ਅਖ਼ਤਿਆਰ ਕਰਨਾ ਚਾਹੀਦਾ ਹੈ। ਅਖ਼ਬਾਰਾਂ ਅਤੇ ਰਿਸਾਲੇ ਵੀ ਸਾਹਿਤ ਦੀ ਉੱਨਤੀ ਵਿੱਚ ਵਾਧਾ ਕਰਦੇ ਹਨ। ਨਾਟਕ ਵੀ ਪੰਜਾਬੀ ਸੱਭਿਆਚਾਰ ਨੂੰ ਜਿਉਂਦਾ ਰੱਖਣ ਦਾ ਸਾਧਨ ਹਨ, ਇਸੇ ਤਰ੍ਹਾਂ ਲੋਕ-ਨਾਚ ਅਤੇ ਲੋਕ-ਗੀਤ ਵੀ। ਇੱਥੇ ਤੱਕ ਕਿ ਪੌਪ-ਗੀਤਾਂ ਨੇ ਵੀ ਕਾਫ਼ੀ ਵੱਡੀ ਹੱਦ ਤੀਕਰ ਨੌਜਵਾਨ ਪੀੜ੍ਹੀ ਨੂੰ ਪੰਜਾਬੀ ਸੱਭਿਆਚਾਰ ਨਾਲ ਜੋੜਿਆ ਹੈ। ਗਿੱਧਾ, ਭੰਗੜਾ ਅਤੇ ਹੋਰ ਲੋਕ-ਨਾਚਾਂ ਦਾ ਪਸਾਰ ਵੀ ਪੰਜਾਬੀ ਸੱਭਿਅਤਾ ਨਾਲ ਜੋੜਨ ਲਈ ਸਹਾਈ ਹੈ। ਪੰਜਾਬੀ ਪਰਵਾਸੀ ਜਦੋਂ ਅਲਪ ਸੰਖਿਆ ਵਿੱਚ ਸਨ, ਉਦੋਂ ਇਹ ਖ਼ਤਰਾ ਭਾਸ ਰਿਹਾ ਸੀ ਕਿ ਸ਼ਾਇਦ ਬਹੁ-ਗਿਣਤੀ ਦਾ ਕਲਚਰ ਉਨ੍ਹਾਂ ਨੂੰ ਆਪਣੇ ਵਿੱਚ ਨਾ ਸਮੋ ਲਏ। ਪਰ ਹੁਣ ਪੰਜਾਬੀ ਪਰਵਾਸੀਆਂ ਦੀ ਗਿਣਤੀ ਵਿੱਚ ਵਾਧਾ, ਜ਼ਿੰਦਗੀ ਦੇ ਹਰ ਖ਼ੇਤਰ ਵਿੱਚ ਉਨ੍ਹਾਂ ਦੀ ਸ਼ਮੂਲੀਅਤ, ਬੱਚੇ ਬੱਚੀਆਂ ਦੇ ਵਿਆਹਾਂ ਲਈ ਪੰਜਾਬ ਤੋਂ ਲੜਕੇ, ਲੜਕੀਆਂ ਆਉਣ ਨਾਲ ਅਤੇ ਹਰ ਵਰ੍ਹੇ ਪਰਿਵਾਰਾਂ ਦੇ ਨਿਰੰਤਰ ਆਉਂਣ ਨਾਲ ਪੰਜਾਬੀ ਸਾਹਿਤ ਅਤੇ ਸੱਭਿਆਚਾਰ ਦਾ ਭਵਿੱਖ ਸੁਰੱਖਿਅਤ ਲੱਗਦਾ ਹੈ। 

ਪੰਜਾਬੀ ਰਸਮਾਂ ਰਿਵਾਜਾਂ ਨਾਲ ਸਵੈ-ਇੱਛਿਕ ਵਿਆਹ ਸ਼ਾਦੀਆਂ ਕਰਾਉਣ ਵਾਲੇ ਬੱਚਿਆਂ ਦੀ ਗਿਣਤੀ ਵੱਧ ਰਹੀ ਹੈ। ਵਪਾਰ ਵਿੱਚ ਤਰੱਕੀ ਨੇ ਅਨੇਕਾਂ ਅਖ਼ਬਾਰਾਂ, ਰੇਡੀਓ ਅਤੇ ਟੈਲੀਵੀਯਨ ਪ੍ਰੋਗਰਾਮਾਂ ਨੂੰ ਜਨਮ ਦਿੱਤਾ ਹੈ। ਜਿਸ ਨਾਲ ਬਹੁ- ਗਿਣਤੀ ਵਿੱਚ ਪੰਜਾਬੀ ਪਰਿਵਾਰਾਂ ਘਰੀਂ ਇਨ੍ਹਾਂ ਰਾਹੀਂ ਇਸ਼ਤਿਹਾਰਾਂ ਦੇ ਨਾਲ ਨਾਲ ਪੰਜਾਬੀ ਸੱਭਿਅਚਾਰ ਦੀਆਂ ਆਈਟਮਾਂ ਵੀ ਪਹੁੰਚਦੀਆਂ ਹਨ। ਧਾਰਮਿਕ ਅਦਾਰੇ ਵੀ ਪੰਜਾਬੀ ਬੋਲੀ ਨੂੰ ਜਿਉਂਦਾ ਰੱਖਣ ਵਿੱਚ ਮੱਦਦਗਾਰ ਹਨ। ਤੀਆਂ, ਤਿੰ੍ਜਣ ਅਤੇ ਹੋਰ ਪੰਜਾਬੀ ਮੇਲਿਆਂ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲੰਮੇ ਸਮੇਂ ਲਈ ਪੰਜਾਬੀਆਂ ਦੀ ਸ਼ਮੂਲੀਅਤ ਪੰਜਾਬੀ ਸੱਭਿਅਤਾ ਵਿੱਚ ਉਨ੍ਹਾਂ ਦੀ ਦਿਲਚਸਪੀ ਦਾ ਪ੍ਰਗਟਾ ਕਰਦੀ ਹੈ। ਕੁਝ ਚੰਗੀਆਂ ਫ਼ਿਲਮਾਂ ਨੇ ਵੀ ਪੰਜਾਬੀ ਪਿਆਰਿਆਂ ਦੇ ਹੌਸਲੇ ਬੁਲੰਦ ਕੀਤੇ ਹਨ। ਭਾਵੇਂ ਇਨ੍ਹਾਂ ਵਿੱਚੋਂ ਬਹੁਤ ਕੁਝ ਵਿਉਪਾਰਕ ਪੱਖ ਤੋਂ ਵੀ ਹੁੰਦਾ ਹੈ ਪਰ ਇਹ ਸੱਭਿਆਚਾਰਕ ਪੱਖ ਤੋਂ ਵੀ ਬਹੁਤ ਸਹਾਈ ਹਨ। ਸੱਭਿਆਚਾਰ ਨੂੰ, ਬੋਲੀ ਨੂੰ ਜਿਉਂਦਾ ਰੱਖਣ ਲਈ ਇਸ ਸਭ ਕੁਝ ਨੂੰ ਇਵੇਂ ਹੀ ਚਾਲੂ ਰੱਖਣਾ ਬਹੁਤ ਜ਼ਰੂਰੀ ਹੈ। ਹਾਲ ਦੀ ਘੜੀ ਵਿਦੇਸ਼ਾਂ ਵਿੱਚ ਪੰਜਾਬੀ ਬੋਲੀ ਦੇ ਭਵਿੱਖ ਨੂੰ ਕੋਈ ਖ਼ਤਰਾ ਨਹੀਂ ਭਾਸਦਾ। ਹੁਣ ਤੇ ਕਈ ਵਿੱਦਿਅਕ ਅਦਾਰੇ ਅਤੇ ਸਰਕਾਰੀ ਵਿਭਾਗ ਵੀ ਇਸ ਵਿੱਚ ਦਿਲਚਸਪੀ ਲੈ ਰਹੇ ਹਨ। ਹਾਂ, ਨਵੀਂ ਪਨੀਰੀ ਤੋਂ ਪੰਜਾਬੀ ਬੋਲੀ ਵਿੱਚ ਸਾਹਿਤ ਰਚਨਾ ਦੀ ਕੋਈ ਆਸ ਨਹੀਂ। ਸ਼ਾਇਦ ਉਹ ਅੰਗ੍ਰੇਜ਼ੀ ਵਿੱਚ ਲਿਖਣਾ ਜ਼ਿਆਦਾ ਪਸੰਦ ਕਰਨ, ਜਿਹੜੀ ਕਿ ਉਨ੍ਹਾਂ ਦੀ ਮਾਤ ਭਾਸ਼ਾ ਵਾਂਗੂੰ ਹੈ। ਜਿਸ ਵਿੱਚ ਉਹ ਆਪਣੇ ਆਪ ਨੂੰ ਬਿਹਤਰ ਤਰੀਕੇ ਨਾਲ ਪ੍ਰਗਟ ਕਰ ਸਕਦੇ ਹਨ ਅਤੇ ਜਿਸ ਦੇ ਪਾਠਕਾਂ ਦਾ ਘੇਰਾ ਵੀ ਵਿਸ਼ਾਲ ਹੈ। ਉਹ ਪੰਜਾਬੀ ਤੋਂ ਸਿਰਫ਼ ਬਜ਼ੁਰਗਾਂ ਨਾਲ ਗੱਲ ਬਾਤ ਕਰਨ ਦਾ ਕੰਮ ਲੈਂਦੇ ਹਨ।

? ਕੈਨੇਡਾ ਵਿੱਚ ਕਿਸੇ ਸਾਹਿਤਕ ਮੈਗਜ਼ੀਨ, ਅਖ਼ਬਾਰ ਜਾਂ ਵੈਬ-ਸਾਈਟ ਜੋ ਪੰਜਾਬੀ ਪਾਠਕਾਂ ਨੂੰ ਪੜ੍ਹਨ ਜਾਂ ਦੇਖਣ ਦੀ ਸ਼ਿਫਾਰਸ਼ ਕਰਨੀ ਚਾਹੋਂਗੇ?

– ਮੈਗਜ਼ੀਨਾਂ ਬਾਰੇ ਮੇਰਾ ਗਿਆਨ ਬੜਾ ਘੱਟ ਹੈ। ‘ਵਤਨ’ ਅਤੇ ‘ਆਰ ਪਾਰ’ ਮੈਂ ਲਗਾਤਾਰ ਪੜ੍ਹਦਾ ਰਿਹਾ ਹਾਂ। ਪਰ ਹੁਣ ਮੇਰੀ ਨਜ਼ਰ ਵਿੱਚ ਕੋਈ ਅਜਿਹਾ ਵਿਸ਼ੇਸ਼ ਸਾਹਿਤਕ ਰਿਸਾਲਾ ਨਹੀਂ, ਜਿਸਦਾ ਜ਼ਿਕਰ ਕਰ ਸਕਾਂ। ਹਾਂ, ਲਗ ਭਗ ਸਾਰੀਆਂ ਸਪਤਾਹਿਕ ਅਖ਼ਬਾਰਾਂ ਅਤੇ ਮਾਸਿਕ ਪੱਤਰ, ਇਸ਼ਤਿਹਾਰਾਂ ਅਤੇ ਆਪਣੇ ਮੰਤਵ ਦੀ ਪੂਰਤੀ ਦੀ ਸਮੱਗਰੀ ਦੇ ਨਾਲ ਨਾਲ ਕੁਝ ਨਾ ਕੁਝ ਸਾਹਿਤਕ ਕਿਰਤਾਂ ਵੀ ਪ੍ਰਕਾਸ਼ਤ ਕਰਦੀਆਂ ਹਨ। ਅਨੇਕਾਂ ਸਾਹਿਤਕਾਰ ਇਨ੍ਹਾਂ ਵਿੱਚ ਛਪ ਜਾਂਦੇ ਹਨ। ਜਿਸ ਨਾਲ ਲੋਕਾਂ ਦੀ ਸਾਹਿਤ ਪੜ੍ਹਨ ਅਤੇ ਸਾਹਿਤਕਾਰ ਦੀ ਛਪਣ ਦੀ ਇੱਛਾ ਪੂਰੀ ਹੁੰਦੀ ਰਹਿੰਦੀ ਹੈ। ਪੰਜਾਬ ਵਿੱਚ ਵਿਦੇਸ਼ੀ ਮਾਇਕ ਸਹਾਇਤਾ ਨਾਲ ਨਿਕਲਣ ਵਾਲੇ ਸਾਹਿਤਕ ਰਿਸਾਲੇ ਕਾਫ਼ੀ ਹੱਦ ਤੀਕਰ ਸਫ਼ਲ ਹਨ। ਉਨ੍ਹਾਂ ਵਿੱਚ ਮੈਟਰ ਵੀ ਕਾਫ਼ੀ ਹੁੰਦਾ ਹੈ, ਜਿਨ੍ਹਾਂ ਵਿੱਚ ਵਿਦੇਸ਼ੀ ਪੰਜਾਬੀ ਸਾਹਿਤਕਾਰਾਂ ਦੀਆਂ ਰਚਨਾਵਾਂ ਵੀ ਹੁੰਦੀਆਂ ਹਨ। ਇੰਗਲੈਂਡ, ਅਮਰੀਕਾ ਅਤੇ ਕੈਨੇਡਾ ਵਿੱਚ ਕੁਝ ਵੈਬਸਾਈਟਸ ਹਨ। ਜਿਨ੍ਹਾਂ ਤੋਂ ਚੰਗੀ ਸਮੱਗਰੀ ਦੇਣ ਦੀ ਆਸ ਬੱਝਦੀ ਹੈ। ਸਾਹਿਤਕਾਰਾਂ ਨੂੰ ਉਨ੍ਹਾਂ ਨੂੰ ਸਹਿਯੋਗ ਦੇਣਾ ਚਾਹੀਦਾ ਹੈ। ਹੋਰ ਵੀ ਸਥਾਨਕ ਵੈਬਸਾਈਟਸ ਵੀ ਸਥਾਪਤ ਕਰਨੀਆਂ ਚਾਹੀਦੀਆਂ ਹਨ।

? ਮੇਰੇ ਖ਼ਿਆਲ ਨਾਲ ਉਂਝ ਇੱਧਰ ਦੇ ਲੇਖਕਾਂ ਦੀ ਕੋਸ਼ਿਸ਼ ਤਾਂ ਹੁੰਦੀ ਹੈ ਕਿ ਦੁਨੀਆਂ ਤੇ ਵਾਪਰ ਰਹੇ ਹਰ ਘਟਨਾ-ਕਰਮ ਨੂੰ ਆਪਣੀਆਂ ਲਿਖਤਾਂ ਦਾ ਵਿਸ਼ਾ ਬਣਾਉਣ। ਤੁਹਾਡੇ ਖ਼ਿਆਲ ਨਾਲ ਵਿਦੇਸ਼ਾਂ ਵਿੱਚ ਲਿਖ ਰਹੇ ਲੇਖਕਾਂ ਨੇ ਪੰਜਾਬ ਦੇ ਸੰਤਾਪ ਨੂੰ ਕਿਸ ਤਰਾਂ ਲਿਆ? 

– ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਅਤੇ ਸੂਝਵਾਨ ਪੰਜਾਬੀ ਸਾਹਿਤਕਾਰਾਂ ਨੇ ਪੰਜਾਬ ਦੇ ਸੰਤਾਪ ਦਾ ਪੂਰਾ ਦਰਦ ਮਹਿਸੂਸ ਕੀਤਾ ਹੈ। ਭਾਵੇਂ ਕੋਈ ਪੰਜਾਬੀ ਕਿੰਨਾ ਲੰਬਾ ਸਮਾਂ ਪੰਜਾਬ ਤੋਂ ਬਾਹਰ ਰਹੇ, ਪਰ ਉਹ ਪੰਜਾਬ ਵਿੱਚ ਵਾਪਰੀ ਹਰ ਘਟਨਾ ਤੋਂ ਪ੍ਰਭਾਵਿਤ ਹੁੰਦਾ ਹੈ। ਅਨੇਕਾਂ ਸਾਹਿਤਕਾਰਾਂ ਨੇ ਇਸ ਸੰਬੰਧੀ ਆਪਣਾ ਪ੍ਰਤੀਕਰਮ ਕਹਾਣੀਆਂ ਅਤੇ ਕਵਿਤਾਵਾਂ ਦੇ ਰੂਪ ਵਿੱਚ ਪ੍ਰਗਟ ਕੀਤਾ ਹੈ। ਮੇਰੇ ਖ਼ਿਆਲ ਨਾਲ ਇਸ ਤਰ੍ਹਾਂ ਦੀਆਂ ਘਟਨਾਵਾਂ ਨਾਲ ਨਿਰਦੋਸ਼ ਲੋਕਾਂ ਦਾ ਨੁਕਸਾਨ ਜ਼ਿਆਦਾ ਹੁੰਦਾ ਹੈ। ਜਿਸ ਦਾ ਲੇਖਕ ਜ਼ਿਕਰ ਜ਼ਰੂਰ ਕਰਦਾ ਹੈ। ਭਾਵੇਂ ਥੋੜਾ ਭਾਵੇਂ ਜ਼ਿਆਦਾ ਕਰੇ।

? ਜੋਗਿੰਦਰ ਜੀ, ਵਿਦੇਸ਼ਾਂ ਵਿੱਚ ਆ ਕੇ ਅਸੀਂ ਪੰਜਬੀਆਂ ਨੇ ਆਪਣੇ ਆਪ ਨੂੰ ਹੋਰ ਵੰਡ ਲਿਆ ਲੱਗਦਾ ਹੈ। ਜਿੰਨੇ ਗੁਰੂ-ਘਰ ਇੰਗਲੈਂਡ ਵਿੱਚ ਬਣੇ, ਜਾਤਾਂ-ਪਾਤਾਂ ਦੇ ਅਧਾਰ ਤੇ ਬਣੇ ਹੋਏ ਹਨ। ਇਹ ਬਿਮਾਰੀ ਹੁਣ ਹੋਰ ਦੇਸ਼ਾਂ ਵਿੱਚ ਵੀ ਫੈਲ ਰਹੀ ਹੈ। ਇਸ ਹਾਲਾਤ ਵਿੱਚ ਇੱਕ ਲੇਖਕ ਦਾ ਰੋਲ ਕੀ ਹੋਣਾ ਚਾਹੀਦਾ?

– ਧਰਮਾਂ ਅਤੇ ਜਾਤਾਂ ਪਾਤਾਂ ਦੀ ਵੰਡ ਸਾਨੂੰ ਵਿਰਸੇ ਵਿੱਚੋਂ ਮਿਲੀ ਹੈ। ਕੁਝ ਸਮੇਂ ਦੀ ਸਿਆਸਤ ਨੇ ਇਸ ਵੰਡ ਨੂੰ ਹੋਰ ਵਧਾਇਆ ਹੈ। ਜੋ ਵਿਅਕਤੀ ਮਾਨਸ ਦੀ ਜਾਤ ਨੂੰ ਇੱਕ ਸਮਝਦਾ ਹੈ, ਉਹ ਸਾਰੇ ਧਰਮਾਂ ਦੀਆਂ ਚੰਗੀਆਂ ਗੱਲਾਂ ਕਬੂਲ ਕਰਦਾ ਹੋਇਆ ਧਰਮ ਨਿਰਲੇਪ ਰਹਿੰਦਾ ਹੈ, ਉਹ ‘ਆਪ ਜੀਓ ਤੇ ਦੂਜਿਆਂ ਨੂੰ ਜਿਉਂਣ ਦਿਓ’ ਦੇ ਫ਼ਲਸਫੇ ਦਾ ਧਾਰਨੀ ਹੁੰਦਾ ਹੈ। ਤਾਕਤ, ਦੌਲਤ ਅਤੇ ਸ਼ਨਾਖ਼ਤ ਦੀ ਖਾਹਿਸ਼ ਮਨੁੱਖ ਨੂੰ ਮਨੁੱਖ ਤੋਂ ਅਲੱਗ ਕਰਦੀ ਹੈ, ਅਜਿਹੇ ਮਨੁੱਖ ਇੱਕ ਧਰਮ ਨੂੰ ਦੂਜੇ ਧਰਮ ਵਿਰੁੱਧ ਖੜ੍ਹਾ ਕਰਦੇ ਹਨ। ਇੱਕ ਜਾਤ ਨੂੰ ਦੂਸਰੀ ਜਾਤ ਨਾਲ ਨਫ਼ਰਤ ਸਿੱਖਾਉਂਦੇ ਹਨ। ਇਹੀ ਖ਼ਾਹਿਸ਼ ਪਰਿਵਾਰਕ ਝਗੜੇ ਪੈਦਾ ਕਰਦੀ ਹੈ। ਨਸਲਾਂ, ਜਾਤਾਂ, ਮਜ਼ਹਬਾਂ, ਮੁਲਕਾਂ ਦੇ ਝਗੜੇ ਸੁਆਰਥੀ ਬੰਦਿਆਂ ਦੀ ਉਪਜ ਹੈ। ਸੁਆਰਥੀ ਬੰਦਾ ਸਿਰਫ਼ ਆਪਣੀਆਂ ਖ਼ਾਹਿਸ਼ਾਂ ਦਾ ਗ਼ੁਲਾਮ ਹੈ। ਉਹ ਹਰੇਕ ਉਸਦੇ ਵਿਰੁੱਧ ਹੋ ਜਾਂਦਾ ਹੈ, ਜੋ ਉਸ ਦੀਆਂ ਨਿੱਜੀ ਖਾਹਿਸ਼ਾਂ ਦੀ ਪੂਰਤੀ ਦੇ ਰਾਹ ਵਿੱਚ ਰੁਕਾਵਟ ਹੋਵੇ। ਉਹ ਤਾਂ ਪਿਤਾ, ਪੁੱਤਰ, ਪਤਨੀ ਜਾਂ ਬੱਚਿਆਂ ਨੂੰ ਵੀ ਨਹੀਂ ਬਖ਼ਸ਼ਦਾ। ਹਰ ਧਰਮ ਆਪਣੇ ਆਪ ਵਿੱਚ ਰਵਾਦਾਰੀ, ਆਪਸੀ ਪਿਆਰ, ਸਬਰ, ਨਿਮ੍ਰਤਾ, ਅਤੇ ਸ਼ਾਂਤੀ ਦਾ ਉਪਦੇਸ਼ ਦਿੰਦਾ ਹੈ। ਮਾਨਵੀ-ਕਰਮ ਲਈ ਬਲ ਬਖ਼ਸ਼ਦਾ ਹੈ। ਇਹ ਜ਼ਰੂਰੀ ਨਹੀਂ ਕਿ ਕੋਈ ਵਿਅਕਤੀ ਸਾਹਿਤਕਾਰ ਹੋਣ ਦੇ ਨਾਲ ਨਾਲ ਤਰਕਸ਼ੀਲ ਅਤੇ ਮਾਨਵਵਾਦੀ ਵੀ ਹੋਵੇ। ਕਈ ਵਧੀਆ ਕਵੀ, ਕਹਾਣੀ ਲੇਖਕ, ਅਤੇ ਨਾਵਲਿਸਟ ਧਾਰਮਿਕ ਮੂਲਵਾਦੀ ਰੁਚੀਆਂ ਦੇ ਧਾਰਨੀ ਵੀ ਹਨ ਅਤੇ ਨਸਲਵਾਦੀ ਵੀ ਹਨ। ਉੱਚੀ ਜਾਤ ਦਾ ਹੰਕਾਰ ਕਰਦੇ ਹਨ। ਉਹ ਮਨੁੱਖ ਨੂੰ ਨਸਲਾਂ, ਧਰਮਾਂ, ਜਾਤਾਂ, ਮੁਲਕਾਂ ਅਤੇ ਸੂਬਿਆਂ ਤੀਕਰ ਵੰਡਣ ਲੱਗਿਆਂ ਖ਼ੌਫ਼ ਨਹੀਂ ਖਾਂਦੇ। ਹਰ ਸਾਹਿਤਕਾਰ ਦਾ ਆਪਣਾ ਦ੍ਰਿਸ਼ਟੀਕੋਣ ਹੈ। ਇਹ ਠੀਕ ਹੈ ਕਿ ਆਮ ਲੋਕਾਈ ਸਾਹਿਤਕਾਰ ਨੂੰ ਦਰਦ ਵੰਡਾਉਣ ਵਾਲ਼ਾ ਸਮਝਦੀ ਹੈ, ਨਫ਼ਰਤ ਦਾ ਪ੍ਰਚਾਰਕ ਨਹੀਂ। ਮੇਰੇ ਖ਼ਿਆਲ ਨਾਲ ਤਾਂ ਹਰ ਲੇਖਕ ਦਾ ਲੋਕ ਹਿਤੂ ਹੋਣਾ, ਉਸ ਦਾ ਮੁੱਢਲਾ ਧਰਮ ਹੋਣਾ ਚਾਹੀਦਾ ਹੈ।

? ਬਾਹਰਲੇ ਦੇਸ਼ਾਂ ਵਿੱਚ ਪੰਜਾਬੀ ਮੀਡੀਆ, ਅਖ਼ਬਾਰਾਂ, ਟੀਵੀ ਲੋਕਾਂ ਨੂੰ, ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸਾਇੰਟੇਫ਼ਿਕ ਤਰੀਕਿਆਂ ਨਾਲ ਹੱਲ ਕਰਨ ਕਰਾਉਣ ਦੇ ਢੰਗਾਂ ਦੀ ਬਜਾਏ ਬਾਬਿਆਂ ਅਤੇ ਜੋਤਸ਼ੀਆਂ ਦੇ ਚੱਕਰਾਂ ਵਿੱਚ ਪਾ ਕੇ ਗੁੰਮਰਾਹ ਕਰਦੇ ਹਨ। ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ?

– ਜਿਹੜਾ ਵੀ ਕੰਮ ਬਿਜ਼ਨਿਸ ਦੇ ਪੱਖ ਤੋਂ ਹੁੰਦਾ ਹੈ, ਉਸ ਤੇ ਲਾਗਤ, ਕੀਮਤ ਅਤੇ ਮੁਨਾਫ਼ੇ ਵਾਲਾ ਇਕਨਾਮਿਕਸ ਦਾ ਫ਼ਾਰਮੂਲਾ ਲਾਗੂ ਹੁੰਦਾ ਹੈ। ਜੋਤਸ਼ੀਆਂ ਤੇ ਬਾਬਿਆਂ ਬਾਰੇ ਲੋਕਾਂ ਦੇ ਆਪੋ ਆਪਣੇ ਵਿਚਾਰ ਹਨ। ਅਨੇਕਾਂ ਵਿਅਕਤੀ ਕਈ ਵਹਿਮਾਂ ਭਰਮਾਂ ਵਿੱਚ ਵਿਸ਼ਵਾਸ ਰੱਖਦੇ ਹਨ। ਇਨ੍ਹਾਂ ਵਿੱਚ ਪੜ੍ਹੇ ਲਿਖੇ ਲੋਕ ਵੀ ਸ਼ਾਮਲ ਹਨ। ਉਨ੍ਹਾਂ ਕੋਲ਼ੋਂ ਜੋਤਸ਼ੀਆਂ ਅਤੇ ਬਾਬਿਆਂ ਵਿੱਚ ਵਿਸ਼ਵਾਸ ਰੱਖਣ ਦੀ ਸੰਭਾਵਨਾ ਵੀ ਹੋ ਸਕਦੀ ਹੈ। ਉਹ ਤਾਂ ਅਖ਼ਬਾਰਾਂ ਵਿੱਚ ਇਸ਼ਤਿਹਾਰ ਤੋਂ ਬਿਨਾਂ ਵੀ ਉਨ੍ਹਾਂ ਦਾ ਦਰ ਲੱਭ ਲੈਣਗੇ। ਲੱਗ ਭੱਗ ਸਾਰੀਆਂ ਅਖ਼ਬਾਰਾਂ (ਸਮੇਤ ਅੰਗ੍ਰੇਜ਼ੀ ਦੇ) ਹੋਰੋਸਕੋਪ ਪ੍ਰਕਾਸ਼ਿਤ ਕਰਦੀਆਂ ਹਨ। ਬਹੁ-ਗਿਣਤੀ ਰੋਜ਼ ਆਪਣੇ ਰਾਸ਼ੀਫਲ ਵੀ ਦੇਖਦੀ ਹੈ। ਗੁੰਮਰਾਹ ਮਨੁੱਖਾਂ ਦੇ ਖ਼ੀਸੇ ਤਾਂ ਅਨੇਕਾਂ ਤਰੀਕਿਆਂ ਨਾਲ ਕੱਟੇ ਜਾ ਰਹੇ ਹਨ। ਮੁਸ਼ਕਲਾਂ ਇਨਸਾਨ ਨੂੰ ਪਰੇਸ਼ਾਨ ਕਰ ਦਿੰਦੀਆਂ ਹਨ। ਹਰ ਡੁੱਬਦਾ ਤਿਨਕੇ ਦਾ ਸਹਾਰਾ ਭਾਲਦਾ ਹੈ। ਵਿਗਿਆਨਕ ਦ੍ਰਿਸ਼ਟੀਕੋਨ ਦਾ ਪ੍ਰਸਾਰ ਸ਼ਾਇਦ ਇਸਦਾ ਹੱਲ ਹੋਵੇ। ਅਨੇਕਾਂ ਲੋਕ ਅਜਿਹੇ ਵੀ ਹਨ, ਜੋ ਇਨ੍ਹਾਂ ਵਹਿਮਾਂ ਭਰਮਾਂ ਦੇ ਜਾਲ਼ਾਂ ਵਿੱਚ ਨਹੀਂ ਫ਼ਸਦੇ।

? ਇਹ ਆਮ ਸੁਣਨ ਵਿੱਚ ਆਇਆ ਹੈ ਕਿ ਪੰਜਾਬੀ ਵਿੱਚ ਪਾਠਕਾਂ ਦੀ ਘਾਟ ਹੈ। ਇਸ ਕਰਕੇ ਪੰਜਾਬੀ ਵਿੱਚ ਲਿਖਣਾ ਓਨਾ ਲਾਹੇਵੰਦ ਨਹੀਂ ਜਿੰਨ੍ਹਾ ਅੰਗਰੇਜ਼ੀ ਵਿੱਚ ਲਿਖਣਾ ਹੈ। ਇਸ ਵਿਚਾਰ ਬਾਰੇ ਤੁਹਾਡੀ ਕੀ ਰਾਏ ਹੈ?

– ਜਿਸ ਕਿਸੇ ਕੋਲ ਅੰਗ੍ਰੇਜ਼ੀ ਭਾਸ਼ਾ ਵਿੱਚ ਲਿਖਣ ਦੀ ਸਮਰੱਥਾ ਹੋਵੇ, ਉਸਨੂੰ ਅੰਗ੍ਰੇਜ਼ੀ ਵਿੱਚ ਜ਼ਰੂਰ ਲਿਖਣਾ ਚਾਹੀਦਾ ਹੈ।  ਜਿਸ ਭਾਸ਼ਾ ਉੱਤੇ ਜਿਸਦੀ ਪਕੜ ਹੈ, ਜਿਸ ਵਿੱਚ ਉਹ ਆਪਣੇ ਬਾਰੀਕ ਤੋਂ ਬਾਰੀਕ ਭਾਵ ਵੀ ਉਲੀਕ ਸਕਦਾ ਹੈ, ਉਸ ਭਾਸ਼ਾ ਦਾ ਪ੍ਰਯੋਗ ਉਸ ਲਈ ਆਸਾਨ ਹੋਵੇਗਾ ਅਤੇ ਉਹ ਵਧੀਆ ਸਾਹਿਤ ਰਚ ਸਕੇਗਾ। ਭਾਸ਼ਾ ਤਾਂ ਇੱਕ ਮਾਧਿਅਮ ਹੈ।

ਸਾਹਿਤ ਦੀ ਸਿਰਜਣਾ ਅਤੇ ਲਾਹੇਵੰਦ ਸੌਦਾ ਦੋ ਵੱਖ ਵੱਖ ਸੋਚਾਂ ਹਨ। ਪੈਸੇ ਲਈ ਤਾਂ ਉਹੀ ਕੁਝ ਲਿਖਿਆ ਜਾਵੇਗਾ, ਜੋ ਪੈਸੇ ਦੇਣ ਵਾਲੇ ਚਾਹੁੰਣਗੇ। ਵਧੀਆ ਸਾਹਿਤਕਾਰ ਭਾਵੇਂ ਕਿਸੇ ਭਾਸ਼ਾ ਵਿੱਚ ਲਿਖੇ, ਉਹ ਸਿਰਫ਼ ਪੈਸੇ ਲਈ ਨਹੀਂ ਲਿਖਦਾ।

ਪਰ ਚੂੰਕਿ ਅੰਗ੍ਰੇਜ਼ੀ ਪਾਠਕਾਂ ਦਾ ਘੇਰਾ ਵਿਸ਼ਾਲ ਹੈ, ਇਸ ਲਈ ਲੇਖਕ ਲਈ ਮਾਲੀ ਤੌਰ ਤੇ ਲਾਭ ਦੀ ਗੁੰਜਾਇਸ਼ ਵੀ ਹੋ ਸਕਦੀ ਹੈ। ਅਨੇਕਾਂ ਹਿੰਦੋਸਤਾਨੀ ਲੇਖਕ ਅੰਗ੍ਰੇਜ਼ੀ ਵਿੱਚ ਲਿਖ ਕੇ ਨਾਮਣਾ ਖੱਟ ਰਹੇ ਹਨ। ਸਾਡੀ ਨੌਜਵਾਨ ਪੀੜ੍ਹੀ ਉਨ੍ਹਾਂ ਦੀਆਂ ਲਿਖਤਾਂ ਖ਼ਰੀਦਦੀ ਅਤੇ ਪੜ੍ਹਦੀ ਵੀ ਹੈ। ਮੇਰੇ ਖ਼ਿਆਲ ਨਾਲ ਪੰਜਾਬੀ ਦੇ ਵਧੀਆ ਸਾਹਿਤਕਾਰਾਂ ਨੂੰ ਆਪਣੀ ਮਾਤ-ਬੋਲੀ ਅਤੇ ਸਾਹਿਤ ਸਿਰਜਣਾ ਨੂੰ ਛੱਡ ਕੇ ਨਿਰਾ ਅੰਗ੍ਰੇਜ਼ੀ ਵਿੱਚ ਲਿਖਣਾ ਪੰਜਾਬੀ ਪਾਠਕਾਂ ਨੂੰ ਆਪਣੀਆਂ ਕਿਰਤਾਂ ਤੋਂ ਵਾਂਝੇ ਕਰਨਾ ਹੋਵੇਗਾ। ਜੇਕਰ ਉਸ ਦੀ ਪਕੜ ਦੋਹਾਂ ਭਾਸ਼ਾਵਾਂ ਤੇ ਹੈ ਤਾਂ ਉਸ ਨੂੰ ਦੋਹਾਂ ਭਾਸ਼ਾਵਾਂ ਵਿੱਚ ਰਚਨਾ ਕਰਕੇ ਆਪਣਾ ਘੇਰਾ ਵਿਸ਼ਾਲ ਕਰਨਾ ਚਾਹੀਦਾ ਹੈ।

? ਜੋਗਿੰਦਰ ਜੀ, ਆਪਣੇ ਨਿੱਜੀ ਪਰਿਵਾਰ ਬਾਰੇ ਵੀ ਕੁਝ ਦੱਸੋ। ਤੁਸੀਂ ਕਹਿ ਰਹੇ ਸੀ ਕਿ ਮੈਂ ਵਿਆਹ ਬਹੁਤ ਲੇਟ ਕਰਾਇਆ ਅਤੇ ਗ੍ਰਹਿਸਤੀ ਜੀਵਨ ਦਾ ਸਾਥ ਕੇਵਲ ਤੇਰਾਂ ਸਾਲਾਂ ਦਾ ਹੀ ਰਿਹਾ? ਕੀ ਜਾਣ ਬੁਝ ਕੇ ਜਾਂ ਪਹਿਲਾਂ ਵਿਆਹ ਲਈ ਕੋਈ ਸਾਥ ਹੀ ਨਹੀਂ ਲੱਭਿਆ ਜਾਂ…? 

– ਸਤਨਾਮ ਜੀ, ਮੇਰੇ ਵਿਆਹ ਦਾ ਕਿੱਸਾ ਵੀ ਬੜਾ ਵਚਿੱਤ੍ਰ ਤੇ ਕਾਫੀ ਲੰਬੀ ਕਹਾਣੀ ਹੈ, ਜੇਕਰ ਤਸੀਂ ਵਿਸਥਾਰ ਨਾਲ ਪੜ੍ਹਨਾ ਹੋਵੇ ਤਾਂ ‘ਵਤਨ’, ‘ਫ਼ਿਲਹਾਲ’ ਅਤੇ ‘ਹੁਣ’ ਵਿੱਚ ਛਪਿਆ ਸੀ, ਤਾਰੀਖ਼ਾਂ ਸ਼ਾਇਦ ਹੁਣ ਮੈਨੂੰ ਯਾਦ ਨਹੀਂ ਆ ਰਹੀਆਂ। ਪਰ ਜੇਕਰ ਤੁਸੀਂ ਇਹ ਜਾਨਣ ਲਈ ਦਿਲਚਸਪੀ ਰੱਖਦੇ ਹੀ ਹੋ ਤਾਂ ਮੈਂ ਬਹੁਤ ਸੰਖੇਪ ਵਿੱਚ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਦਾ ਹਾਂ। ਉਹ ਇਹ ਸੀ ਕਿ ਜਿੰਨਾ ਚਿਰ ਮੇਰੀ ਮਾਂ ਜਿਉਂਦੀ ਰਹੀ ਉਹਨੂੰ ਵੀ ਹੋਰ ਮਾਵਾਂ ਵਾਂਗ ਮੇਰੇ ਵਿਆਹ ਦੀ ਬਹੁਤ ਚਿੰਤਾ ਰਹੀ ਕਿ ਮੇਰੇ ਪੁੱਤ ਦਾ ਘਰ ਵੱਸ ਜਾਵੇ। ਪਰ ਮੈਂ ਉਹਦੀ ਜਿਉਂਦੀ ਜਿਉਂਦੀ ਕਦੇ ਪੱਲਾ ਨਾ ਫੜਾਇਆ। ਮੈਂ ਇਹ ਸੋਚਦਾ ਸੀ ਕਿ ਪਹਿਲਾਂ ਆਪ ਰੋਟੀ ਕਮਾਉਣ ਜੋਗੇ ਹੋ ਜਾਈਏ ਫੇਰ ਵਿਆਹ ਕਰਾਉਣਾ ਚਾਹੀਦਾ ਹੈ। ਇਸੇ ਤਰ੍ਹਾਂ 1961 ਵਿੱਚ ਮੈਂ ਇੰਗਲੈਂਡ ਆ ਗਿਆ ਇੱਥੇ ਆ ਕੇ ਮੈਂ ਮਿਹਨਤ ਕੀਤੀ ਤੇ ਮੈਂ ਇਸ ਸਮਰੱਥ ਹੋ ਗਿਆ ਕਿ ਪਰਿਵਾਰ ਨੂੰ ਪਾਲ਼ ਸਕਦਾ ਹਾਂ ਪਰ ਮੇਰੇ ਮਨ ਵਿੱਚ ਵਿਆਹ ਦੀ ਕੋਈ ਰੀਝ ਨਾ ਪਲਮੀ। 1969 ਵਿੱਚ ਮੈਂ ਪੰਜਾਬ ਗਿਆ ਤਾਂ ਮੇਰੀ ਛੋਟੀ ਭੈਣ ਨੂੰ ਮੇਰਾ ਘਰ ਵਸਾਉਣ ਦੀ ਚਿੰਤਾ ਹੋਈ। ਮੈਂ ਇਹ ਗੱਲ ਕਹਿ ਕੇ ਵਾਪਸ ਆ ਗਿਆ ਕਿ ਕੋਈ ਚੰਗਾ ਰਿਸ਼ਤਾ ਹੋਇਆ ਤਾਂ ਕਰ ਲਵਾਂਗੇ। ਇਸ ਤਰਾਂ ਸਮਾਂ ਲੰਘਦਾ ਗਿਆ 1975 ਵਿੱਚ ਫੇਰ ਮੇਰੇ ਭੈਣ ਭਹਿਨੋਈ ਨੇ ਇੱਕ ਰਿਸ਼ਤੇ ਬਾਰੇ ਦੱਸ ਪਾਈ। ਉਸ ਲੜਕੀ ਦੇ ਰਿਸ਼ਤੇਦਾਰ ਇੰਗਲੈਂਡ ਅਤੇ ਕੈਨੇਡਾ ਵਿੱਚ ਰਹਿੰਦੇ ਸਨ। ਇਹ ਸਨ ਡਾਕਟਰ ਨੰਰਜਣ ਸਿੰਘ ਢਾਲਾ, ਜਿਨ੍ਹਾਂ ਦੀ ਭੈਣ ਦਾ ਰਿਸ਼ਤਾ ਕਰਨਾ ਸੀ। ਮੈਂ ਵਿਆਹ ਬਾਰੇ ਬਹੁਤਾ ਉਤਸ਼ਾਹਿਤ ਨਹੀਂ ਸੀ ਪਰ ਕਰਦੇ ਕਰਾਉਂਦਿਆਂ ਮੇਰੀ ਉਮਰ ਉਸ ਸਮੇਂ ਸੰਤਾਲ਼ੀ ਸਾਲ ਦੀ ਹੋ ਚੁੱਕੀ ਸੀ। ਉਸ ਕੁੜੀ ਦੀ ਉਮਰ ਬੱਤੀ ਸਾਲ ਸੀ। 27 ਨਵੰਬਰ 1976 ਨੂੰ ਸਾਡਾ ਵਿਆਹ ਹੋ ਗਿਆ। ਅਨੇਕਾਂ ਹੀ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਨੇ ਸ਼ਿਰਕਤ ਕੀਤੀ। ਸ਼ਾਮ ਨੂੰ ਘਰ ਵਿੱਚ ਹੀ ਮਹਿਫ਼ਲ ਜੰਮੀ। ਬਹੁਤ ਸਾਰੇ ਲੇਖਕ ਸਾਹਿਤਕਾਰ ਦੋਸਤਾਂ ਨੇ ਇਕੱਠੇ ਹੋ ਕੇ ਖ਼ੁਸ਼ੀ ਮਨਾਈ। ਪਰ ਇਹ ਖ਼ੁਸ਼ੀਆਂ ਬਹੁਤਾ ਸਮਾਂ ਨਾ ਰਹੀਆਂ। 

ਅਸੀਂ ਇਕੱਠਿਆਂ ਨੇ ਕੇਵਲ ਤੇਰਾਂ ਸਾਲ ਹੀ ਇੱਕ ਦੂਜੇ ਦਾ ਸਾਥ ਮਾਣਿਆ। ਸਾਡੇ ਘਰ ਇੱਕ ਬੇਟੀ ਨੇ ਜਨਮ ਲਿਆ। ਬੱਚੀ ਨੇ ਸਕੂਲ ਜਾਣਾ ਸ਼ੁਰੂ ਕੀਤਾ ਇੱਕ ਦਿਨ ਪ੍ਰਕਾਸ਼ ਅਚਾਨਕ ਬਿਮਾਰ ਹੋ ਗਈ ਡਾਕਟਰਾਂ ਨੇ ਦੁਆਈਆਂ ਦਿੱਤੀਆਂ ਪਰ ਕਿਸੇ ਦੁਆਈ ਨੇ ਪ੍ਰਕਾਸ਼ ਨੂੰ ਠੀਕ ਕਰਨ ਦੀ ਬਜਾਏ ਬਿਮਾਰੀ ਵਧਾ ਦਿੱਤੀ। ਦੁਆਈ ਨੇ ਉਸ ਦੇ ਫ਼ੇਫ਼ੜਿਆਂ ਨੂੰ ਬਹੁਤ ਨੁਕਸਾਨ ਕਰ ਦਿੱਤਾ, ਨਾਲ ਹੀ ਫ਼ੂਡ ਪਾਈਪ ਵਿੱਚ ਨੁਕਸ ਪੈ ਗਿਆ। ਪ੍ਰਕਾਸ਼ ਮੁੜ ਨਾਰਮਲ ਨਾ ਹੋਈ ਬਹੁਤ ਹੀ ਜਲਦੀ ਉਸ ਦਾ ਅੰਨ-ਜਲ ਇਸ ਸੰਸਾਰ ਤੋਂ ਮੁਕ ਗਿਆ। 45 ਸਾਲਾ ਦੀ ਆਯੂ ਵਿੱਚ ਹੀ ਆਪਣੀ ਇਕਲੋਤੀ ਬੇਟੀ ਊਸ਼ਮਾਂ ਨੂੰ ਤੇ ਮੈਨੂੰ ਛੱਡ ਕੇ ਕਿਸੇ ਅਣਦੱਸੀ ਥਾਂ ਵੱਲ ਰਵਾਨਾ ਹੋ ਗਈ। ਊਸ਼ਮਾਂ ਬਹੁਤ ਛੋਟੀ ਸੀ ਇਸ ਦੇ ਮਾਮੇ ਡਾਕਟਰ ਨਰੰਜਣ ਸਿੰਘ ਢਾਲਾ ਹੋਰੀ ਉਸਨੂੰ ਵਿਨੀਪੈਗ, ਕੈਨੇਡਾ ਲੈ ਆਏ। ਬਾਅਦ ਵਿੱਚ ਮੈਂ ਵੀ 1993 ਵਿੱਚ ਪਹਿਲਾਂ ਮੈਨੀਟੋਬਾ ਆ ਗਿਆ। ਫੇਰ ਜਦੋਂ 2004 ਵਿੱਚ ਬੇਟੀ ਊਸ਼ਮਾ ਅਤੇ ਉਸ ਦਾ ਪਤੀ ਹਰਦੀਪ ਵੈਨਕੂਵਰ ਬੀ. ਸੀ. ਵਿੱਚ ਮੂਵ ਹੋ ਗਏ, ਮੈਂ ਵੀ ਇਨ੍ਹਾਂ ਨਾਲ ਇਥੇ ਆ ਗਿਆ।

? ਜੋਗਿੰਦਰ ਜੀ, ਥੋੜੀ ਜਿਹੀ ਗੱਲ ਪੰਜਾਬੀ ਸੰਮੇਲਨ ਬਾਰੇ… ਤੁਸੀਂ ਇੰਗਲੈਂਡ ਵਾਲੇ ਸਾਰੇ ਲੇਖਕਾਂ ਨੇ ਪੰਜਾਬੀ ਵਿਸ਼ਵ ਸੰਮੇਲਨਾਂ ਦੀ ਸ਼ੁਰੂਆਤ ਕਰਕੇ ਸੰਮੇਲਨਾਂ ਦੀ ਪਿਰਤ ਪਾਈ। ਇੰਗਲੈਂਡ ਤੋਂ ਪਹਿਲਾ ਵਿਸ਼ਵ ਸੰਮੇਲਨ ਹੋਣ ਤੋਂ ਬਾਅਦ ਕਦੇ ਕਿਤੇ ਕਦੇ ਕਿਤੇ ਹੁੰਦੇ ਰਹਿੰਦੇ ਹਨ। ਪਰ ਜਿਹੜਾ ਵਿਸ਼ਵ ਸੰਮੇਲਨ 1980 ਵਿੱਚ ਇੰਗਲੈਂਡ ਵਿੱਚ ਹੋਇਆ ਸੀ, ਉਹਦੇ ਵਿੱਚ ਤੁਸੀਂ ਵੀ ਇੱਕ ਖ਼ਾਸ ਭੂਮਿਕਾ ਨਿਭਾਈ ਸੀ। ਉਹ ਸੰਮੇਲਨ ਵੀ ਪੰਜਾਬੀ ਸਾਹਿਤ ਦੇ ਇਤਿਹਾਸ ਵਿੱਚ ਇੱਕ ਮੀਲ ਪੱਥਰ ਸਾਬਤ ਹੋਇਆ। ਮੈਨੂੰ ਲੱਗਦੈ ਕਿ ਜੇਕਰ ਇਹਦੇ ਬਾਰੇ ਗੱਲ ਨਾ ਕੀਤੀ ਗਈ ਤਾਂ ਮੁਲਾਕਾਤ ਅਧੂਰੀ ਰਹੇਗੀ, ਇਹਦੇ ਬਾਰੇ ਵੀ ਕੁਝ ਦਸੋਗੇ?

– ਹਾਂ ਜੀ, ਇਹ ਇੱਕ ਬਹੁਤ ਹੀ ਦਿਲਚਸਪ ਇਤਿਹਾਸ ਹੈ, ਸਤਨਾਮ ਜੀ, ਤੁਸੀਂ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰਾ ਦਿੱਤਾ। ਇਹ ਲੰਬੀ ਹਿਸਟਰੀ ਹੈ ਪਰ ਮੈਂ ਵਿਸਥਾਰ ਵਿਚ ਨਹੀਂ ਜਾਵਾਂਗਾ। ਸੰਖ਼ੇਪ ਰੂਪ ਵਿੱਚ ਤੁਹਾਨੂੰ ਕੁਝ ਕੁ ਗੱਲਾਂ ਦੱਸਦਾ ਹਾਂ। ਇਹ ਇੱਕ ਬਹੁਤ ਵਧੀਆ ਉਪਰਾਲਾ ਸੀ, ਜਿਸ ਨੂੰ ਪ੍ਰਗਤੀਸ਼ੀਲ ਲਿਖਾਰੀ ਸਭਾ ਸਾਊਥਾਲ ਬਰਾਂਚ ਨੇ ਕੁਝ ਸਥਾਨਿਕ ਸਭਾਵਾਂ ਦੇ ਮਿਲਵਰਤਣ ਨਾਲ ਇਹ ਉੱਦਮ ਕੀਤਾ ਸੀ। ਇਹ ਉੱਦਮ ਕਾਮਯਾਬ ਵੀ ਬਹੁਤ ਰਿਹਾ। ਤਕਰੀਬਨ ਬਹੁਤ ਸਾਰੇ ਦੇਸ਼ਾਂ ਤੋਂ ਜਿੱਥੇ ਜਿੱਥੇ ਪੰਜਾਬੀ ਵਸੇ ਹੋਏ ਹਨ, ਉਹਨਾਂ ਦੇਸ਼ਾਂ ਤੋਂ ਲਿਖਾਰੀ ਪਹੁੰਚੇ ਅਤੇ ਬਹੁਤ ਹੀ ਭਰਪੂਰ ਹੁੰਗਾਰਾ ਮਿਲਿਆ। ਪੰਜਾਬ ਤੋਂ ਬਹੁਤ ਸਾਰੇ ਪ੍ਰਸਿੱਧ ਤੇ ਨਾਮੀ ਲੇਖਕ ਇਸ ਸਮੇਲਨ ਵਿੱਚ ਸ਼ਾਮਲ ਹੋਏ।

ਇਹ ਪਹਿਲਾ ਵਿਸ਼ਵ ਸੰਮੇਲਨ (1980) ਪ੍ਰਗਤੀਸ਼ੀਲ ਲੇਖਕ ਸਭਾ ਸਾਉਥਹਾਲ ਨੇ ਕਰਾਇਆ ਸੀ, ਜਿਸ ਦੇ ਮੁਖੀਆਂ ਵਿੱਚ ਰਣਜੀਤ ਧੀਰ, ਸ਼ੇਰ ਜੰਗ ਜਾਂਗਲੀ, ਕੇ. ਸੀ. ਮੋਹਣ, ਤਰਸੇਮ ਨੀਲਗਿਰੀ, ਸਾਥੀ ਲੁਧਿਆਵੀ, ਅਵਤਾਰ ਜੰਡਿਆਲਵੀ, ਸਵਰਨ ਚੰਦਨ, ਜਗਤਾਰ ਢਾਅ, ਅਵਤਾਰ ਉੱਪਲ, ਸਰਵਣ ਸਿੰਘ ਜ਼ਫ਼ਰ ਆਦਿ ਮੈਂਬਰ ਸਨ। ਪਰ ਪ੍ਰਗਤੀਸ਼ੀਲ ਲੇਖਕ ਸਭਾ ਗ੍ਰੇਟ ਬ੍ਰਿਟੇਨ (ਰਘਬੀਰ ਢੰਡ, ਨਰੰਜਨ ਨੂਰ, ਗੁਰਨਾਮ ਢਿੱਲੋਂ ਅਤੇ ਅਵਤਾਰ ਸਾਦਿਕ ਆਦਿ ਵਾਲੀ) ਆਪਣੀ ਸਾਉਥਹਾਲ ਬ੍ਰਾਂਚ ਦੇ ਇਸ ਫ਼ੈਸਲੇ ਨਾਲ ਸਹਿਮਤ ਨਹੀਂ ਸੀ। ਉਹਨਾਂ ਨੇ ਆਪਣੀ ਇਸ ਬ੍ਰਾਂਚ ਨੂੰ ਆਪਣੀ ਸਭਾ ਤੋਂ ਖ਼ਾਰਜ ਕਰ ਦਿੱਤਾ ਸੀ ਅਤੇ ਇਸ ਸਮੇਲਨ ਦੀ ਵਿਰੋਧਤਾ ਕੀਤੀ ਸੀ। ਪ੍ਰਗਤੀਸ਼ੀਲ਼ ਲਿਖਾਰੀ ਸਭਾ ਲੰਡਨ ਜਿਸ ਵਿੱਚ ਪ੍ਰੀਤਮ ਸਿੱਧੂ, ਸ਼ਿਵਚਰਨ ਗਿੱਲ. ਗਿਆਨੀ ਦਰਸ਼ਨ ਸਿੰਘ, ਗੁਰਮੀਤ ਸੰਧੂ, ਅਤੇ ਮੈਂ (ਜੋਗਿੰਦਰ ਸ਼ਮਸ਼ੇਰ) ਵੀ ਸੀ। ਬਤੌਰ ਸਭਾ ਇਸ ਵਿੱਚ ਸ਼ਾਮਲ ਨਾ ਹੋਏ, ਪਰ ਉਨ੍ਹਾਂ ਆਪਣੇ ਮੈਂਬਰਾਂ ਨੂੰ ਇਹ ਖੁੱਲ੍ਹ ਦੇ ਦਿੱਤੀ ਅਤੇ ਕਿਹਾ ਕਿ ਜਿਹੜਾ ਸ਼ਾਮਲ ਹੋਣਾ ਚਾਹੁੰਦਾ ਉਹ ਨਿੱਜੀ ਤੌਰ ਤੇ ਹੋ ਸਕਦਾ ਹੈ, ਕੋਈ ਬੰਦਸ਼ ਨਹੀਂ। ਮੈਂ ਤੇ ਸ਼ਿਵਚਰਨ ਗਿੱਲ ਸਮੇਲਨ ਨਾਲ ਪੂਰੀ ਤਰਾਂ ਸਹਿਮਤ ਸਾਂ। ਅਸੀਂ ਸੰਮੇਲਨ ਕਰਾਉਣ ਵਿੱਚ ਪੂਰਾ ਮਿਲਵਰਤਨ ਦਿੱਤਾ। ਅਸੀਂ ਸਾਊਥਹਾਲ ਬ੍ਰਾਂਚ ਜੋ ਸੰਮੇਲਨ ਕਰਾ ਰਹੀ ਸੀ ਦੀ ਪੂਰੀ ਹਮਾਇਤ ਕੀਤੀ। ਸੰਮੇਲਨ ਕਰਾਉਣ ਵਾਲੀ ਨੈਸ਼ਨਲ ਤਿਆਰੀ ਕਮੇਟੀ ਦੇ ਪ੍ਰਧਾਨ ਰਣਜੀਤ ਧੀਰ, ਜਨਰਲ ਸਕੱਤਰ ਸ਼ੇਰ ਜੰਗ ਜਾਂਗਲੀ ਅਤੇ ਜੋਗਿੰਦਰ ਸ਼ਮਸ਼ੇਰ ਨੈਸ਼ਨਲ ਸਕੱਤਰ ਬਣੇ। ਇਸ ਸਮਾਗਮ ਦੀ ਇਹ ਖ਼ਾਸ ਵਿਸ਼ੇਸ਼ਤਾ ਰਹੀ ਕਿ ਇਸਨੂੰ ਸਫ਼ਲ ਕਰਨ ਕਰਾਉਂਣ ਲਈ ਪੰਜਾਬ ਦੀ ਲੀਡਰਸ਼ਿਪ, ਦਾਨਸ਼ਵਰਾਂ ਅਤੇ ਲੇਖਕਾਂ ਦਾ ਭਰਵਾਂ ਹੁੰਗਾਰਾ ਮਿਲਿਆ। ਇੰਗਲੈਂਡ ਵਿਚਲੀਆਂ ਹੋਰ ਜਥੇਬੰਦੀਆਂ ਨੇ ਇਸ ਨੂੰ ਸਫ਼ਲ ਕਰਨ ਲਈ ਆਪਣੇ ਤੌਰ ਤੇ ਸਾਰੇ ਪੰਜਾਬੀਆਂ ਨੂੰ ਅਪੀਲਾਂ ਕੀਤੀਆਂ। ਸਤਨਾਮ ਜੀ, ਬਹੁਤ ਸਾਰੇ ਗੁਰੂ ਘਰਾਂ ਵੱਲੋਂ, ਵੱਖ ਵੱਖ ਸ਼ਹਿਰਾਂ ਵਿੱਚ ਵੱਸਦੇ ਪੰਜਾਬੀਆਂ, ਹਿੰਦੂਆਂ, ਸਿੱਖਾਂ ਅਤੇ ਮੁਸਲਮਾਨਾਂ ਵੱਲੋਂ ਆਪਣੇ ਵਿੱਤ ਮੁਤਾਬਿਕ ਹਿੱਸਾ ਲੈ ਕੇ ਇੱਕ ਵਿਆਹ ਵਾਂਗ ਚਾਅ ਕੀਤਾ ਗਿਆ। ਇਹ ਸਮਾਗਮ ਪੂਰੇ ਸੋਲ਼ਾਂ ਦਿਨ ਬਰਤਾਨੀਆਂ ਦੇ ਲੰਡਨ ਤੋਂ ਗਲਾਸਗੋ ਤੱਕ ਵੱਖ ਵੱਖ ਸ਼ਹਿਰਾਂ ਵਿੱਚ ਅਯੋਜਿਤ ਕੀਤਾ ਗਿਆ। ਇਹ ਸਮਾਗਮ ਪੰਜਾਬੀ ਸਾਹਿਤ ਦੇ ਇਤਿਹਾਸ ਵਿੱਚ ਇੱਕ ਅਭੁੱਲ ਯਾਦ ਬਣ ਗਿਆ।

? ਜੋਗਿੰਦਰ ਜੀ, ਇਸੇ ਸਵਾਲ ਨਾਲ ਜੁੜਵਾਂ ਸਵਾਲ, ਇਸ ਕਾਨਫ਼ਰੰਸ ਵਿੱਚ ਕਿਸ ਤਰ੍ਹਾਂ ਦੇ ਵਿਚਾਰ ਵਟਾਂਦਰੇ ਹੋਏ?  ਉਸ ਸਮੇਂ ਪੰਜਾਬੀ ਬੋਲੀ ਅਤੇ ਪੰਜਾਬੀ ਸਾਹਿਤ ਦੀਆਂ ਖ਼ਾਸ ਕਰਕੇ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਸਾਹਮਣੇ ਆਈਆਂ? ਹੋ ਸਕਦਾ ਕੁਝ ਪਾਠਕਾਂ ਨੂੰ ਇਸ ਕਾਨਫ਼ਰੰਸ ਬਾਰੇ ਬਹੁਤੀ ਜਾਣਕਾਰੀ ਨਾ ਹੋਵੇ। ਸੰਖ਼ੇਪ ਵਿੱਚ ਕੁਝ…?

– ਸਤਨਾਮ ਜੀ, ਜਿਸ ਤਰ੍ਹਾਂ ਆਪਾਂ ਵੀ ਪਹਿਲਾਂ ਗੱਲ ਕੀਤੀ ਹੈ ਕਿ ਤਕਰੀਬਨ ਦੁਨੀਆਂ ਭਰ ਤੋਂ ਜਿੱਥੇ ਕਿਤੇ ਪੰਜਾਬੀ ਰਹਿੰਦੇ ਹਨ, ਓਥੋਂ ਲੇਖਕਾਂ ਨੇ ਬਹੁਤ ਹੀ ਉਤਸ਼ਾਹ ਨਾਲ ਹਿੱਸਾ ਲਿਆ ਤੇ ਬਹੁਤ ਸਾਰੇ ਪੇਪਰ ਪੰਜਾਬੀ ਬੋਲੀ ਦੀਆਂ ਸਮੱਸਿਆਵਾਂ ਤੇ ਬਰਤਾਨੀਆਂ ਵਿੱਚ ਰਹਿੰਦੇ ਲੇਖਕਾਂ ਅਤੇ ਵੱਖ ਵੱਖ ਦੇਸ਼ਾਂ ਤੋਂ ਆਏ ਵਿਦਵਾਨ ਲੇਖਕਾਂ ਨੇ ਪੜ੍ਹੇ। ਜਿਵੇਂ ਕਿ ਡਾਕਟਰ ਵਿਸ਼ਵਾਨਾਥ ਤਿਵਾੜੀ, ਸ਼੍ਰੀਮਤੀ ਕੈਲਾਸ਼ ਪੁਰੀ, ਸੋਹਣ ਸਿੰਘ ਜੋਸ਼, ਸੰਤ ਸਿੰਘ ਸੇਖੋਂ, ਹਿਜ਼ ਮੈਜਿਸਟੀ ਇਨਸਪੈਕਟਰ ਜਾਹਨ ਸਿੰਘ, ਡਾਕਟਰ ਯਸ਼ਦੀਪ ਸਿੰਘ ਬੈਂਸ, ਡਾਕਟਰ ਕਰਨੈਲ ਸਿਘ ਥਿੰਦ, ਅੱਛਰ ਸਿੰਘ ਖਰਲਵੀਰ, ਸ਼ਰੀਫ਼ ਕੁੰਜਾਹੀ, ਅਜਮੇਰ ਕਾਂਵੰਟਰੀ, ਇਕਬਾਲ ਅਰਪਨ, ਜੋਗਿੰਦਰ ਸ਼ਮਸ਼ੇਰ, ਡਾਕਟਰ ਦਲੀਪ ਕੌਰ ਟਿਵਾਣਾ,  ਡਾਕਟਰ ਹਰਭਜਨ ਸਿੰਘ, ਡਾਕਟਰ ਹਰਨਾਮ ਸਿੰਘ ਸ਼ਾਨ, ਪ੍ਰੋ. ਸਰੁਜੀਤ ਹਾਂਸ, ਚ. ਸ ਚੰਨ ਆਦਿ। ਉਹਨਾਂ ਦੇ ਵਿਸ਼ੇ ਸਨ: ਜਿਸ ਤਰ੍ਹਾਂ ਕਿ ‘ਬਰਤਨੀਆਂ ਵਿੱਚ ਪੰਜਾਬੀ ਸਾਹਿਤ’, ‘ਪੂਰਬੀ ਅਫ਼ਰੀਕਾ ਵਿੱਚ ਪੰਜਾਬੀ ਕਲਚਰ’, ‘ਪੰਜਾਬ, ਪੰਜਾਬੀ ਅਤੇ ਪੰਜਾਬੀਅਤ’, ‘ਪਕਿਸਤਾਨੀ ਅਤੇ ਭਾਰਤੀ ਪੰਜਾਬੀ ਦੀ ਮੌਜੂਦਾ ਹਾਲਤ’, ‘ਪੰਜਾਬ ਦਾ ਸੱਭਿਆਚਾਰਕ ਵਿਰਸਾ’, ‘ਬਰਤਾਨੀਆਂ ਵਿੱਚ ਨਸਲ ਤੇ ਰੰਗ ਦਾ ਵਿਤਕਰਾ’, ‘ਨਾਵਲਕਾਰ ਦੀ ਸਿਆਸੀ ਜ਼ਿੰਮੇਂਵਾਰੀ’, ‘ਪੰਜਾਬੀ ਲੇਖਕ ਨੂੰ ਪ੍ਰਕਾਸ਼ਨ ਦੀ ਸਮੱਸਿਆ’, ‘ਕੈਨੇਡਾ ਵਿੱਚ ਪੰਜਾਬੀ ਸਾਹਿਤ ਇੱਕ ਸਰਵੇਖਣ’, ‘ਸ਼ੌਂਕਣ ਮੇਲੇ ਦੀ’, ‘ਬਰਤਾਨੀਆਂ ਵਿੱਚ ਪੰਜਾਬੀ ਖ਼ਜ਼ਾਨੇ, ਅਤੇ ਇੱਕ ਪਰਚਾ ਅੰਗਰੇਜ਼ੀ ਵਿੱਚ ਸੀ ‘ਕਰੰਟ ਇਸ਼ੂ ਐਂਡ ਟਰੈਂਡਜ਼ ਇਨ ਦੀ ਲਿਟਰੇਚਰ’। ਇਸ ਉਪਰੰਤ ਕੁਝ ਮਤੇ ਵੀ ਪ੍ਰਵਾਨ ਕੀਤੇ ਗਏ। ਪੜ੍ਹੇ ਗਏ ਪਰਚਿਆਂ ਦਾ ਵਿਸਥਾਰ ਦੇਣਾ ਤਾਂ ਇੱਥੇ ਮੁਸ਼ਕਲ ਹੋਵੇਗਾ। ਜੇਕਰ ਤੁਸੀਂ ਹੋਰ ਵਿਸਥਾਰ ਨਾਲ ਜਾਨਣਾ ਚਾਹੁੰਦੇ ਹੋ ਤਾਂ ਇਹ ਨਵਯੁਗ ਪਰੈਸ ਦਿੱਲੀ ਵਾਲਿਅਾਂ ਨੇ ਛਾਪੇ ਸਨ, ਉਹਨਾਂ ਕੋਲ਼ੋ ਜਾਂ ਸ਼ਾਇਦ ਸਾਊਥਾਲ ਤੋਂ ਸ਼੍ਰੀ ਰਣਜੀਤ ਧੀਰ ਹੁਰਾਂ ਕੋਲੋਂ ਤੁਹਾਨੂੰ ਮਿਲ ਜਾਣ। ਕੁਝ ਮੇਰੇ ਕੋਲ ਹਨ। ਇੱਕ ਹੋਰ ਗੱਲ ਇੱਥੇ ਦੱਸ ਜਾਵਾਂ ਕਿ ਰਵਿੰਦਰ ਰਵੀ, ਡਾ. ਜਗਤਾਰ ਸਿੰਘ ਗਰੇਵਾਲ ਅਤੇ ਡਾ. ਤੇਜਵੰਤ ਮਾਨ ਹੋਰਾਂ ਦੇ ਪਰਚੇ ਉਹਨਾਂ ਦੇ ਨਾ ਪਹੁੰਚ ਸਕਣ ਕਾਰਨ ਪੜ੍ਹੇ ਨਹੀਂ ਸਨ ਜਾ ਸਕੇ।

ਤੁਹਾਡੀ ਜਾਣਕਾਰੀ ਲਈ ਮੈਂ ਸੰਖ਼ੇਪ ਵਿੱਚ, ਦੋ ਚਾਰ ਮਤਿਆਂ ਬਾਰੇ ਦੱਸਦਾ ਹਾਂ। ਜਿਸ ਤਰ੍ਹਾਂ ਪੀ. ਐੱਸ. ਭਾਟੀਆ ਨੇ ਕਿਹਾ ਸੀ ਕਿ ਅਸੀਂ ਇੰਗਲੈਂਡ ਆ ਕੇ ਘਰਾਂ ਵਿੱਚ ਮਿਲਦਿਆਂ ਇਹ ਮਹਿਸੂਸ ਕੀਤਾ ਹੈ, ਕਿ ਨਵੀਂ ਪੀੜ੍ਹੀ ਦੇ ਬੱਚਿਆਂ ਨੂੰ ਪੰਜਾਬੀ ਬੋਲਣ ਲਈ ਉਤਸ਼ਾਹ ਨਹੀਂ ਦਿੱਤਾ ਜਾਂਦਾ ਸਗੋਂ ਮਾਪਿਆਂ ਵੱਲੋਂ ਅੰਗਰੇਜ਼ੀ ਬੋਲਣ ਵਿੱਚ ਫ਼ਖ਼ਰ ਮਹਿਸੂਸ ਕੀਤਾ ਜਾਂਦਾ ਹੈ। ਅਸੀਂ ਇਸ ਦੇਸ਼ ਵਿੱਚ ਵੱਸਦੇ ਪੰਜਾਬੀ ਪਿਆਰਿਆਂ ਨੂੰ ਇਹ ਅਪੀਲ ਕਰਨਾ ਚਾਹੁੰਦੇ ਹਾਂ ਕਿ ਪੰਜਾਬੀ ਸੱਭਿਆਚਾਰ ਅਤੇ ਬੋਲੀ ਨੂੰ ਜਿਉਂਦਿਆਂ ਰੱਖਣ ਲਈ ਉਹ ਆਪਣੀ ਨਵੀਂ ਪੀੜ੍ਹੀ ਨੂੰ ਪੰਜਾਬੀ ਵੱਲ ਰੁਚਿਤ ਕਰਨ। ਇੱਕ ਗੱਲ ਮੈਂ (ਜੋਗਿੰਦਰ ਸ਼ਮਸ਼ੇਰ) ਕਹੀ ਸੀ ਕਿ ਇੰਗਲੈਂਡ ਵਿੱਚ ਪੰਜਾਬੀ, ਪਰਵਾਸੀ ਪੰਜਾਬੀ ਦੀ ਜ਼ਿਉਂਦੀ ਜ਼ੁਬਾਨ ਮੰਨੀ ਜਾਵੇ। ਇਸ ਨੂੰ ਦੁਨੀਆਂ ਦੀਆਂ ਦੂਜੀਆਂ ਬੋਲੀਆਂ ਦੇ ਬਰਾਬਰ ਰੱਖਿਆ ਜਾਵੇ। ਪੰਜਾਬੀ ਬੱਚਿਆਂ ਨੂੰ ਇਹ ਬੋਲੀ ਹੋਰ ਦੂਜੀਆਂ ਬਾਹਰਲੀਆਂ ਜ਼ੁਬਾਨਾਂ ਵਾਂਗ ਦੂਜੀ ਭਾਸ਼ਾ ਦੇ ਤੌਰ ਤੇ ਪੜ੍ਹਾਈ ਜਾਵੇ। ‘ਵਿੱਦਿਆ ਅਤੇ ਸਾਇੰਸ ਦਾ ਮਹਿਕਮਾ’ ਪੰਜਾਬੀ ਕਲਚਰ, ਪੰਜਾਬੀ ਇਤਿਹਾਸ ਅਤੇ ਪੰਜਾਬੀ ਰਵਾਇਤਾਂ ਨੂੰ ਕਾਇਮ ਰੱਖਣ ਬਾਰੇ ਸਭ ਵਿੱਦਿਅਕ ਅਦਾਰਿਆਂ ਨੂੰ ਸਰਕੂਲਰ ਜਾਰੀ ਕਰੇ। ਘੱਟ ਗਿਣਤੀ ਲੋਕਾਂ ਦੀਆਂ ਜ਼ੁਬਾਨਾਂ ਵਿੱਚ ਲਿਖਣ ਵਾਲੇ ਲੇਖਕਾਂ ਨੂੰ ਗਰਾਂਟਾਂ ਰਾਹੀਂ ਉਤਸ਼ਾਹ ਦਿੱਤਾ ਜਾਵੇ। ਸਕੂਲਾਂ ਅਤੇ ਪਬਲਿਕ ਲਾਇਬ੍ਰੇਰੀਆਂ ਵਿੱਚ ਪੰਜਾਬੀ ਪੁਸਤਕਾਂ ਜ਼ਿਆਦਾ ਗਿਣਤੀ ਵਿੱਚ ਰੱਖੀਆਂ ਜਾਣ ਅਤੇ ਦੂਜੇ ਸੱਭਿਆਚਾਰਾਂ ਨੂੰ ਘਟੀਆ ਦਿਖਾਉਣ ਵਾਲ਼ੀਅਾਂ ਪੁਸਤਕਾਂ ਦੀ ਛਾਂਟੀ ਕੀਤੀ ਜਾਵੇ। ਇੱਕ ਹੋਰ ਬਹੁਤ ਹੀ ਜ਼ਰੂਰੀ ਗੱਲ ਜੋ ਗੁਰਮੀਤ ਪਲਾਹੀ, ਸ਼ੇਰ ਸਿੰਘ ਕੰਵਲ ਅਤੇ ਕਿਸ਼ਨ ਕੁਮਾਰ ਰੱਤੂ ਨੇ ਸਾਂਝੀ ਕੀਤੀ ਸੀ ਕਿ ਬੀ. ਬੀ. ਸੀ. ਜੋ ਦੁਨੀਆਂ ਵਿੱਚ ਸਭ ਤੋਂ ਵੱਡੀ ਬਰੌਡਕਾਸਟਿੰਗ ਏਜੰਸੀ ਹੈ, ਜਿੱਥੇ 129 ਜ਼ੁਬਾਨਾਂ ਦੇ ਪ੍ਰੋਗਰਾਮ ਪ੍ਰਸਾਰਤ ਕੀਤੇ ਜਾਂਦੇ ਹਨ, ਪਰ ਪੰਜਾਬੀ ਦਾ ਇੱਕ ਵੀ ਪ੍ਰੋਗਰਾਮ ਪ੍ਰਸਾਰਿਤ ਨਹੀਂ ਕੀਤਾ ਜਾਂਦਾ। ਅਸੀਂ ਮੰਗ ਕਰਦੇ ਹਾਂ ਕਿ ਬੀ. ਬੀ. ਸੀ. ਤੋਂ ਪੰਜਾਬੀ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾਣ।

ਸਤਨਾਮ ਜੀ, ਮਤੇ ਤਾਂ ਸੋਲ਼ਾਂ ਸਤਾਰਾਂ ਸਨ ਅਤੇ ਸਾਰੇ ਹੀ ਬਹੁਤ ਮਹਤੱਵਪੂਰਨ ਹਨ, ਜਿਸ ਤਰ੍ਹਾਂ ਮੈਂ ਗੱਲ ਕੀਤੀ ਹੈ ਕਿ ਸਾਰਿਆਂ ਮਤਿਆਂ ਬਾਰੇ ਗੱਲ ਇਸ ਮੁਲਾਕਾਤ ਵਿੱਚ ਨਹੀਂ ਹੋ ਸਕਦੀ। ਜਿਵੇਂ ਮੈਂ ਤੁਹਾਨੂੰ ਕੁਝ ਕੁ ਬਾਰੇ ਦੱਸਿਆ ਇਓ ਇੱਕ ਬਹੁਤ ਹੀ ਵਧੀਆ ਸੁਨੇਹਾ ਨਵਲ ਵਿਯੋਗੀ ਨੇ ਦਿੱਤਾ ਕਿ ਇਸ ਦੇਸ਼ ਵਿੱਚ ਅਸੀਂ ਵਿਤਕਰੇ ਜਾਂ ਨਸਲੀ ਵਿਤਕਰੇ ਦੀ ਗੱਲ ਕਰਦੇ ਹੋਏ ਭਾਰਤ ਵਿੱਚ ਹੋਏ ਵਿਤਕਰੇ ਦੀ ਗੱਲ ਭੁੱਲ ਨਾ ਜਾਈਏ। ਸੋਹਣ ਸਿੰਘ ਜੋਸ਼ ਹੋਰਾਂ ਨੇ ਆਪਣੇ ਭਾਸ਼ਨ ਵਿੱਚ ਕਿਹਾ ਕਿ ਯੂ. ਕੇ. ਵਿੱਚ ਪੰਜਾਬੀ ਸਾਹਿਤਕਾਰਾਂ ਦਾ ਇਹ ਕੌਮਾਂਤਰੀ ਇਕੱਠ ਵਿਸ਼ਵ ਪੰਜਾਬੀ ਸੰਮੇਲਨ ਦੇ ਪ੍ਰਬੰਧਕਾਂ ਦਾ ਆਮ ਕਰਕੇ ਅਤੇ ਇਸ ਦੇ ਅਹੁਦੇਦਾਰਾਂ ਦਾ ਖ਼ਾਸ ਕਰਕੇ ਦਿਲੋਂ ਧੰਨਵਾਦ ਕਰਦਾ ਹੈ, ਜਿਨ੍ਹਾਂ ਨੇ ਆਪਣੀ ਕਿਸਮ ਦਾ ਇਹ ਪਹਿਲਾ ਸਮਾਗਮ ਬੁਲਾ ਕੇ ਨਵੀਂ ਪਿਰਤ ਪਾਈ ਹੈ। ਪੰਜਾਬ, ਪਾਕਿਸਤਾਨ, ਯੂ. ਕੇ. ਅਤੇ ਹੋਰ ਦੇਸ਼ਾਂ ਦੇ ਉੱਚਤਮ ਸਾਹਿਤਕਾਰਾਂ ਨੂੰ ਮਿਲਣ ਤੇ ਪੰਜਾਬੀ ਬੋਲੀ ਤੇ ਸਾਹਿਤ ਦੀਆਂ ਸਮੱਸਿਆਵਾਂ ਨੂੰ ਵਿਚਾਰਨ ਦਾ ਮੌਕਾ ਮੁਹੱਈਆ ਕੀਤਾ ਹੈ। ਇਹ ਇਕੱਠ ਇਸ ਗੱਲ ਤੇ ਖੁਸ਼ੀ ਪ੍ਰਗਟ ਕਰਦਾ ਹੈ ਕਿ ਇਸ ਸੰਮੇਲਨ ਨੂੰ ਕਾਮਯਾਬ ਬਣਾਉਂਣ ਲਈ ਹਿੰਦੂਆਂ, ਸਿੱਖਾਂ, ਅਤੇ ਮੁਸਲਮਾਨਾਂ ਨੇ ਆਪਣੇ ਵਿੱਤ ਅਨੁਸਾਰ ਹਿੱਸਾ ਪਾਇਆ ਹੈ। ਯੂ. ਕੇ. ਦੀਆਂ ਧਾਰਮਿਕ ਸੰਸਥਾਵਾਂ ਅਤੇ ਹੋਰ ਅਦਾਰਿਆਂ ਨੇ ਇਸ ਦੀ ਸਫ਼ਲਤਾ ਲਈ ਵੱਧ ਚੜ੍ਹ ਕੇ ਮੱਦਦ ਕੀਤੀ ਹੈ। ਇਸ ਸੰਮੇਲਨ ਦੇ ਦੂਰਦਰਸ਼ੀ ਨਤੀਜਿਆਂ ਨੂੰ ਇਸ ਵੇਲੇ ਅੰਗਣਾ ਸਮੇਂ ਤੋਂ ਪਹਿਲਾਂ ਹੈ। ਪਰ ਇਹ ਗੱਲ ਦਾਹਵੇ ਨਾਲ ਕਹੀ ਜਾ ਸਕਦੀ ਹੈ ਕਿ ਇਸ ਵਿੱਚ ਪੜ੍ਹੇ ਗਏ ਪਰਚੇ ਭਾਰਤ ਅਤੇ ਹੋਰ ਦੇਸ਼ਾਂ ਵਿੱਚ ਛਪ ਜਾਣ ਪਿੱਛੋਂ ਪੰਜਾਬੀ ਸਾਹਿਤ ਜਗਤ ਵਿੱਚ ਇੱਕ ਨਵੀਂ ਚੇਤਨਾ ਪੈਦਾ ਕਰਨਗੇ ਅਤੇ ਪੰਜਾਬੀ ਸਾਹਿਤ ਵਿੱਚ ਨਵੀਂ ਉੱਚੀ ਵੱਥ ਲਿਆਉਂਣ ਵਿੱਚ ਸਹਾਈ ਹੋਣਗੇ।

? ਤਸੀਂ ਪਹਿਲਾਂ ਪੰਜਾਬ ਛੱਡ ਇੰਗਲੈਂਡ, ਫੇਰ ਇੰਗਲੈਂਡ ਛੱਡ ਕੈਨੇਡਾ। ਇਸ ਪਰਿਵਾਸ ਦਾ ਮਨੋਰਥ ਕੀ ਸੀ? ਰੋਟੀ ਰੋਜ਼ੀ ਲਈ ਜਾਂ ਕੋਈ ਹੋਰ ਕਾਰਨ ਵੀ ਸਨ?

– ਪੰਜਾਬ ਤੋਂ ਇੰਗਲੈਂਡ ਆਉਂਣਾ ਅਤੇ ਫਿਰ ਇੰਗਲੈਂਡ ਤੋਂ ਕੈਨੇਡਾ ਆਉਣ ਦੀ ਮੇਰੀ ਕੋਈ ਆਰਥਿਕ ਜਾਂ ਸਮਾਜਿਕ ਮਜਬੂਰੀ ਨਹੀਂ ਸੀ। 1959 ਵਿੱਚ ਮੇਰੇ ਮਾਤਾ ਜੀ ਦੇ ਸਵਰਗਵਾਸ ਹੋ ਜਾਣ ਤੇ ਮੇਰੇ ਇੱਕ ਅੰਗ੍ਰੇਜ਼ ਮਿੱਤਰ ਲੰਡਨ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਰਾਲਫ਼ ਰਸਲ ਨੇ ਮੈਨੂੰ ਆਪਣੇ ਕੋਲ ਇੰਗਲੈਂਡ ਆਉਣ ਲਈ ਉਤਸ਼ਾਹਤ ਕੀਤਾ ਸੀ। 1989 ਵਿੱਚ ਆਪਣੀ ਪਤਨੀ ਪ੍ਰਕਾਸ਼ ਹੁਰਾਂ ਦੇ ਸਵਰਗਵਾਸ ਹੋਣ ਤੇ ਆਪਣੀ ਇਕਲੌਤੀ ਬੇਟੀ ਦੇ ਕੈਨੇਡਾ ਉਸਦੇ ਮਾਮਾ ਜੀ ਦੇ ਲੈ ਜਾਣ ਤੋਂ ਬਾਅਦ ਰਿਟਾਇਰ ਹੋਣ ਤੇ ਮੈਨੂੰ ਵੀ ਕੈਨੇਡਾ ਜਾਣਾ ਪਿਆ। ਫਿਰ ਜੇ ਤੁਸੀਂ ਕੋਈ ਜਗ੍ਹਾ ਰਹਿਣ ਲਈ ਚੁਣਦੇ ਹੋ। ਉਸ ਥਾਂ ਅਤੇ ਵਾਤਾਵਰਨ ਨਾਲ ਸਾਂਝ ਪਾ ਕੇ ਰੱਖਣ ਵਿੱਚ ਹੀ ਮਾਨਸਿਕ ਸੰਤੁਲਨ ਕਾਇਮ ਰਹਿ ਸਕਦਾ ਹੈ ਅਤੇ ਤੁਸੀਂ ਘਰ ਵਾਂਗ ਮਹਿਸੂਸ ਕਰ ਸਕਦੇ ਹੋ। ਹਾਲਾਤ ਨਾਲ ਸਮਝੌਤਾ ਕਰਨ ਨਾਲ ਕਈ ਉਲਝਣਾਂ ਤੋਂ ਬਚਾਅ ਹੋ ਜਾਂਦਾ ਹੈ। ਆਪਣੇ ਵਿੱਤ ਅਤੇ ਸੂਝ ਅਨਸਾਰ ਉਸ ਦੇਸ਼ ਦੇ ਜੀਵਨ ਵਿੱਚ ਨਿਰੋਆ ਭਾਗ ਲਂੈਣ ਨਾਲ ਤਸੱਲੀ ਮਹਿਸੂਸ ਹੁੰਦੀ ਹੈ, ਅਤੇ ਵਾਤਾਵਰਨ ਨਾਲ ਸਾਂਝ ਵੀ ਪੈਂਦੀ ਹੈ। ਕੁਦਰਤ ਦੀ ਲੀਲ੍ਹਾ ਹਰ ਥਾਂ ਇੱਕੋ ਜਿਹੀ ਹੈ। ਮਨੁੱਖ ਦੀਆਂ ਹਰ ਦੇਸ਼ ਵਿੱਚ ਉਹੀ ਮਨੋਂ ਪਰਵਿਰਤੀਆਂ ਹਨ। ਨਵੀਂ ਸਥਿਤੀ ਨਾਲ ਸਾਂਝ ਪਾਉਣ ਲਈ ਕੁਝ ਸਮਾਂ ਲੱਗਦਾ ਹੈ। ਪਹਿਲਾਂ ਪਹਿਲ ਜਦੋਂ ਮੈਂ ਇੰਗਲੈਂਡ ਆਇਆ ਸਾਂ, ਉਦੋਂ ਮੈਂ ਵੀ ਵਾਪਸ ਹਿੰਦੋਸਤਾਨ ਜਾਣ ਬਾਰੇ ਸੋਚਿਆ ਸੀ। ਪਰ ਇੱਕ ਸਿਆਣੇ ਮਿੱਤਰ ਦੀ ਰਾਏ ਮੰਨ ਕੇ ਨਾ ਗਿਆ। ਉਸਦੀ ਰਾਏ ਯੋਗ ਸਿੱਧ ਹੋਈ। ਮਾਨਸਿਕ ਤਸੱਲੀ ਦਾ ਸਬੰਧ ਦੇਸ਼, ਕਾਲ ਨਾਲ ਨਹੀਂ, ਅਨੁਕੂਲ ਵਾਤਾਵਰਨ, ਇੱਛਾਵਾਂ ਤੇ ਉਨ੍ਹਾਂ ਦੀ ਪੂਰਤੀ ਨਾਲ ਹੈ। ਜਦੋਂ ਤੁਸੀਂ ਨਵੀਂ ਭਾਸ਼ਾ ਸਿੱਖਦੇ ਹੋ, ਨਵੀਂ ਆਤਮਾਂ ਪ੍ਰਵੇਸ਼ ਕਰਦੀ ਹੈ। ਜਦੋਂ ਨਵਾਂ ਦੇਸ਼ ਦੇਖਦੇ ਹੋ, ਨਵੇਂ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਸੰਸਾਰ ਵੀ ਤਾਂ ਇੱਕ ਕਿਤਾਬ ਹੈ, ਵੱਖ ਵੱਖ ਦੇਸ਼ ਉਸਦੇ ਵੱਖ ਵੱਖ ਕਾਂਡ ਹਨ।

? ਜੋਗਿੰਦਰ ਜੀ, ਅੱਜ ਕੱਲ੍ਹ ਤਾਂ ਰਿਟਾਇਰਡ ਹੋ, ਇੰਗਲੈਂਡ ਤੋਂ ਕੈਨੇਡਾ ਆ ਕੇ ਕੀ ਗਤੀ-ਵਿਧੀਆਂ ਰਹੀਆਂ ਹਨ। ਕੋਈ ਸ਼ੌਕ ਬਗੈਰਾ? ਤੁਸੀਂ ਆਪਣਾ ਵਿਹਲਾ ਸਮਾਂ ਕਿਸ ਤਰ੍ਹਾਂ ਬਤੀਤ ਕਰਦੇ ਹੋ? 

– ਢਾਅ ਜੀ, ਮੈਂ ਤਾਂ 1993 ਤੋਂ ਰੀਟਾਇਰ ਹਾਂ। ਵਿੰਨੀਪੈੱਗ ਦਸ ਸਾਲ ਗੁਜ਼ਾਰਨ ਤੋਂ ਬਾਅਦ ਜਦੋਂ ਮੇਰੀ ਧੀ ਊਸ਼ਮਾ ਅਤੇ ਉਸਦਾ ਪਤੀ ਹਰਦੀਪ 2004 ਵਿੱਚ ਪੱਕੇ ਤੌਰ ਤੇ ਵੈਨਕੂਵਰ ਮੂਵ ਹੋਏ। ਮੈਂ ਵੀ ਉਨ੍ਹਾਂ ਨਾਲ ਆ ਗਿਆ, ਬੱਚੇ ਚਾਹੁੰਦੇ ਸਨ ਕਿ ਕਿ ਮੈਂ ਉਨ੍ਹਾਂ ਦੇ ਕੋਲ ਰਹਾਂ। ਉਂਝ ਵਿੰਨੀਪੈਗ ਵਿੱਚ ਵੀ ਮੈਂ ਪੂਰੀ ਤਰ੍ਹਾਂ ਸੰਤੁਸ਼ਟ ਸਾਂ। ਕਾਫ਼ੀ ਰੁਝੇਵੇਂ ਵੀ ਸਨ। ਮੈਂ ਚਾਰ ਸਾਲ ‘ਪੰਜਾਬ ਫ਼ਾਊਂਡੇਸ਼ਨ ਆਫ਼ ਮੈਨੀਟੋਬਾ’ ਦਾ ਜਨਰਲ ਸਕੱਤਰ ਰਿਹਾ ਹਾਂ, ਉਨ੍ਹਾਂ ਦਾ ‘ਬੁਲਿਟਨ’ ਨਾਂ ਦਾ ਇੱਕ ਮੈਗਜ਼ੀਨ ਵੀ ਸੰਪਾਦਿਤ ਕੀਤਾ, ਇੱਕ ਸਾਲ ਗੁਰਦੁਆਰਾ ਸਿੰਘ ਸਭਾ ਵਿੰਨੀਪੈੱਗ ਦਾ ਸਕੱਤਰ ਰਿਹਾ ਅਤੇ ਕਈ ਵਰ੍ਹੇ ਉਨ੍ਹਾਂ ਦਾ ਵਾਰਸ਼ਿਕ ਮੈਗਜ਼ੀਨ ‘ਸਿੱਖ ਰੀਵੀਊ’ ਵੀ ਸੰਪਾਦਿਤ ਕੀਤਾ। ਮੇਰੀ ਪਤਨੀ ਦੇ ਤਿੰਨ ਭਰਾ ਅਤੇ ਉਨ੍ਹਾਂ ਦੇ ਪਰਿਵਾਰ ਉੱਥੇ ਰਹਿੰਦੇ ਹਨ। ਉਨ੍ਹਾਂ ਵਿੱਚੋਂ ਇੱਕ ਡਿਸਟੁਇੰਗਸ਼ਡ ਪ੍ਰੋਫ਼ੈਸਰ ਡਾਕਟਰ ਨਰੰਜਣ ਸਿੰਘ ਢਾਲਾ ਬੜੇ ਪ੍ਰਸਿੱਧ ਕਾਰਡੀਓਵੈਸਕੂਲਰ ਸਾਇੰਟਿਸਿਟ ਅਤੇ ਕਮਿਊਨਿਟੀ ਦੇ ਕੰਮਾਂ ਵਿੱਚ ਦਿਲਚਸਪੀ ਲੈਂਣ ਵਾਲੇ ਹਨ। ਸਵਰਗਵਾਸੀ ਕੁਲਵੰਤ ਸਿੰਘ ਢਾਲਾ ਇੱਕ ਮੰਨੇ ਪਰਮੰਨੇ ਕਵੀ ਸਨ, ਉਨ੍ਹਾਂ ਦੀਆਂ ਚਾਰ ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ। ਉਂਝ ਵੀ ਵਿਦਵਾਨ ਪੁਰਸ਼ ਸਨ। ਵਿੰਨੀਪੈੱਗ ਵਿੱਚ ਸਾਹਿਤ ਨਾਲ ਪਿਆਰ ਰੱਖਣ ਵਾਲੇ ਅਤੇ ਪ੍ਰਗਤੀਸ਼ੀਲ ਵਿਚਾਰ ਰੱਖਣ ਵਾਲੇ ਮਿੱਤਰਾਂ ਦਾ ਮੇਰਾ ਇੱਕ ਵਧੀਆ ਦਾਇਰਾ ਹੈ। ਵਿਨੀਪੈੱਗ ਵਿੱਚ ਅਨੇਕਾਂ ਸਮਾਜਿਕ ਅਤੇ ਸਾਹਿਤਕ ਸਰਗਰਮੀਆਂ ਹੁੰਦੀਆਂ ਹੀ ਰਹਿੰਦੀਆਂ ਹਨ। ਜਿੰਨ੍ਹਾਂ ਵਿੱਚ ਮਸਰੂਫ਼ ਰਹੀਦਾ ਸੀ। ਹੁਣ ਵੀ ਵਿੰਨੀਪੈੱਗ ਤੋਂ ਸਮਾਗਮਾਂ ਵਿੱਚ ਸ਼ਾਮਲ ਹੋਣ ਦੇ ਸੱਦਾ ਪੱਤਰ ਆਉਂਦੇ ਰਹਿੰਦੇ ਹਨ। 4 ਅਕਤੂਬਰ, 2014 ਨੂੰ ਇੰਡੀਆ ਕੈਨੇਡਾ ਕਲਚਰਲ ਐਂਡ ਹੈਰੀਟੇਜ ਐਸੋਸੀਏਸ਼ਨ ਵੱਲੋਂ ਡਿਸਟੁਇੰਗਸ਼ਡ ਸਰਵਿਸਜ ਐਵਾਰਡ ਮਿਲਿਆ ਹੈ। ਜੁਲਾਈ ਵਿੱਚ ਮੇਰੀ ਨਵੀਂ ਸੰਪਾਦਤ ਪੁਸਤਕ “ਮੈਨੀਟੋਬਾ ਦਾ ਪੰਜਾਬੀ ਸਾਹਿਤ” ਵੀ ਰਿਲੀਜ਼ ਕੀਤੀ ਗਈ ਸੀ। ਵੈਨਕੂਵਰ ਆ ਕੇ ਕੁਝ ਚਿਰ ਸੈੱਟਲ ਹੋਣ ਲਈ ਲੱਗਾ। ਹੁਣ ਲੱਗ ਭੱਗ ਇਸ ਸਥਾਨ ਦੀ ਕਾਫ਼ੀ ਜਾਣ ਪਹਿਚਾਣ ਹੋ ਗਈ ਹੈ। ‘ਪੰਜਾਬੀ ਲੇਖਕ ਮੰਚ’, ‘ਕੇਂਦਰੀ ਪੰਜਾਬੀ ਲੇਖਕ ਸਭਾ ਨਾਰਥ ਅਮਰੀਕਾ’, ‘ਪੰਜਾਬੀ ਅਦਬੀ ਸੰਗਤ’ ਆਦਿ ਅਨੇਕਾਂ ਸਾਹਿਤਕ ਸੰਸਥਾਵਾਂ ਹਨ। ਜਿਨ੍ਹਾਂ ਦੀਆਂ ਮੀਟਿੰਗਾਂ ਵਿੱਚ ਜਾਈਦਾ ਹੈ। ਪਿੱਛੇ ਜਿਹੇ ਹੀ ਜੈਤੇਗ਼ ਸਿੰਘ ਅਨੰਤ ਹੋਰਾਂ ਦੀ ਕੋਸ਼ਿਸ਼ ਨਾਲ ‘ਪੰਜਾਬੀ ਅਦਬੀ ਸੰਗਤ ਕੈਨੇਡਾ’ ਵੱਲੋਂ ਉਸਤਾਦ ਦਾਮਨ ਦਾ ਸ਼ਤਾਬਦੀ ਦਿਵਸ ਮਨਾਇਆ ਗਿਆ ਸੀ, ਜਿਸ ਵਿੱਚ ਮੈਨੂੰ ਲਾਈਫ਼ ਟਾਈਮ ਐਚੀਵਮੈਂਟ ਐਵਾਰਡ ਨਾਲ ਨਿਵਾਜਿਆ ਗਿਆ। ਉਂਝ ਵੀ ਇੱਥੇ ਹਿੰਦੋਸਤਾਨ ਤੋਂ ਪੰਜਾਬੀ ਦੇ ਅਨੇਕਾਂ ਸਾਹਿਤਕਾਰ ਦਰਸ਼ਨ ਦਿੰਦੇ ਰਹਿੰਦੇ ਹਨ। ਮਿਲਣ ਮਿਲਾਣ ਦਾ ਸਬੱਬ ਬਣਿਆਂ ਰਹਿੰਦਾ ਹੈ। 

ਮੈਨੂੰ ਵਿਸ਼ਵਾਸ ਹੈ ਕਿ ਮੈਂ ਇੱਥੇ ਵੀ ਸਤੁੰਸ਼ਟ ਰਹਾਂਗਾ। ਬੱਚਿਆਂ ਨਾਲ ਪੂਰੀ ਅੰਡਰਸਟੈਂਡਿੰਗ ਹੈ। ਮੈਂ ਨਵੀਂ ਪੀੜ੍ਹੀ ਦੀ ਆਪਣੀ ਤੋਂ ਵੱਖਰੀ ਸੋਚ ਦਾ ਸਤਿਕਾਰ ਕਰਦਾ ਹਾਂ। ਉਹ ਮੇਰੇ ਲਾਈਫ਼ ਸਟਾਇਲ ਵਿੱਚ ਦਖ਼ਲ ਨਹੀਂ ਦਿੰਦੇ, ਮੈਂ ਉਨ੍ਹਾਂ ਦੇ ਮਾਮਲਿਆਂ ਵਿੱਚ ਦਖ਼ਲ-ਅੰਦਾਜ਼ੀ ਨਹੀਂ ਕਰਦਾ। ਸਮਾਂ ਬਤੀਤ ਕਰਨ ਵਿੱਚ ਖੁੱਲ੍ਹ ਤੋਂ ਕੰਮ ਲਈਦਾ ਹੈ। ਕੋਈ ਪੱਕਾ ਬੰਧੇਜ ਨਹੀਂ। ਜੇ ਸੁੰਦਰ ਧੁੱਪ ਨਿਕਲੀ ਹੋਵੇ, ਸੂਰਜ ਦੀਆਂ ਕਿਰਨਾਂ ਲਿਸ਼ਕਦੀਆਂ ਹੋਣ, ਤਾਂ ਵਧੇਰੇ ਸਮਾਂ ਬਾਹਰ ਵਾਟਰ ਫ਼ਰੰਟ ਤੇ ਜਾਂ ਹੋਰ ਸੁੰਦਰ ਥਾਵਾਂ ਤੇ ਗੁਜ਼ਾਰ ਲਈ ਦਾ ਹੈ। ਮੌਸਮ ਠੀਕ ਨਾ ਹੋਵੇ ਤਾਂ ਮੈਟਰੋ ਮਾਲ ਵਿੱਚ ਸੋਹਣਾ ਸਮਾਂ ਬਤੀਤ ਕਰ ਲਈਦਾ ਹੈ। ਕੁਝ ਮਿੱਤਰ ਉੱਥੇ ਵੀ ਮਿਲ ਪੈਂਦੇ ਹਨ। ਇੱਥੇ ਘੁੰਮਣ ਫਿਰਨ ਨੂੰ ਅਨੇਕਾਂ ਥਾਵਾਂ ਹਨ। ਗਰੂਜ਼ ਮੌਨਟੇਨ ਅਤੇ ਵਾਈਟ ਰਾਕ ਤੇ ਵੀ ਜਾ ਆਈਦਾ ਹੈ। ਵਿਸਲਰ ਦੀ ਸੈਰ ਵੀ ਹੋ ਚੁੱਕੀ ਹੈ। ਸੈਰ ਸਪਾਟੇ ਦਾ ਅਨੰਦ ਲੈ ਰਿਹਾ ਹਾਂ। ਤਾਜ਼ੀ ਹਵਾ ਸਰੀਰ ਨੂੰ ਤੰਦਰੁਸਤ ਰੱਖਦੀ ਹੈ, ਕੁਦਰਤੀ ਦ੍ਰਿਸ਼ ਮਨ ਨੂੰ ਤਾਜ਼ਗੀ ਬਖ਼ਸ਼ਦੇ ਹਨ। ਜੇ ਮੌਸਮ ਸਰਦ ਹੋਵੇ, ਬੱਦਲਵਾਈ ਹੋਵੇ, ਮੀਂਹ ਪੈ ਰਿਹਾ ਹੋਵੇ, ਘੱਟ ਬਾਹਰ ਜਾਈਦਾ ਹੈ। ਘਰ ਵਿੱਚ ਲਿਖਣ ਪੜ੍ਹਨ ਦਾ ਕੰਮ ਵਧੇਰੇ ਕਰ ਲਈਦਾ ਹੈ। ਕੁਕਿੰਗ ਅਤੇ ਫ਼ੋਟੋਗਰਾਫ਼ੀ ਵਿੱਚ ਵੀ ਮੇਰੀ ਦਿਲਚਸਪੀ ਹੈ। ਸਵੇਰ ਦੇ ਸਮੇਂ ਲਿਖਣ ਦਾ ਕੰਮ ਮੈਨੂੰ ਚੰਗਾ ਲੱਗਦਾ ਹੈ। ਦੁਪਹਿਰ ਦੇ ਖਾਣੇ ਤੋਂ ਬਾਅਦ ਸੈਰ ਸਪਾਟਾ, ਸ਼ਾਮ ਨੂੰ ਪੜ੍ਹਾਈ ਦਾ। ਮੈਂ ਟੀਵੀ, ਆਦਿ ਨਹੀਂ ਦੇਖਦਾ, ਨਾ ਹੀ ਪਿਕਚਰਾਂ ਆਦਿ ਦੇਖਦਾ ਹਾਂ। ਸ਼ਾਂਤ ਵਾਤਾਵਰਨ ਮੈਨੂੰ ਸਦਾ ਪਸੰਦ ਹੈ। 

? ਤੁਹਾਡੀ ਸਾਹਿਤਕ ਦੇਣ ਲਈ, ਕਿਸੇ ਸਰਕਾਰੀ ਜਾਂ ਗੈਰ-ਸਰਕਾਰੀ ਸੰਸਥਾਂ ਨੇ ਕਦਰਦਾਨੀ ਕਰਦਿਆਂ ਕੋਈ ਮਾਣ ਸਨਮਾਨ… ?

– ਸਮਾਜ ਮਨੁੱਖ ਨੂੰ ਸੁਖੀ ਅਤੇ ਆਨੰਦਮਈ ਜੀਵਨ ਬਿਤਾਉਣ ਲਈ ਬਹੁਤ ਕੁਝ ਦਿੰਦਾ ਹੈ, ਮਨੁੱਖ ਦਾ ਵੀ ਕਰਤੱਵ ਹੈ, ਕਿ ਉਹ ਇਸ ਸਮਾਜ ਨੂੰ ਸੁੰਦਰ ਬਣਾਉਣ ਲਈ ਆਪਣੀ ਸਮਰੱਥਾ ਅਤੇ ਸੂਝ ਅਨੁਸਾਰ ਕੁਝ ਦੇਵੇ। ਜਿਵੇਂ ਮਾਤਾ ਪਿਤਾ ਦੀ ਸੇਵਾ, ਆਪਣੇ ਪਰਿਵਾਰ ਦੀ ਪਰਵਰਿਸ਼, ਨੈਤਿਕ ਨਿਯਮਾਂ ਦੀ ਪਾਲਣਾ, ਇੱਕ ਮਨੁੱਖ ਦਾ ਕਰਤੱਵ ਹੈ। ਇਵੇਂ ਹੀ ਕਲਾਤਮਿਕ ਸਿਰਜਣਾ ਵੀ, ਜੋ ਕੁਝ ਮੈਂ ਲਿਖ ਸਕਿਆ ਹਾਂ, ਉਹ ਇੱਕ ਕਰਤੱਵ ਸਮਝ ਕੇ ਹੀ ਲਿਖਿਆ ਹੈ। ਕੁਝ ਸੰਸਥਾਵਾਂ ਨੇ ਆਪਣੇ ਪਿਆਰ ਸਤਿਕਾਰ ਨਾਲ ਮੈਨੂੰ ਨਿਵਾਜਿਆ ਹੈ। ਇਨ੍ਹੀਂ ਦਿਨੀਂ ਤੁਹਾਡੀ ਸਭਾ ਵੱਲੋਂ ਵੀ ਮੈਨੂੰ ਸਨਮਾਨਿਆਂ ਗਿਆ ਹੈ, ਮੈਂ ਤੁਹਾਡੇ ਪਿਆਰ ਦਾ ਧੰਨਵਾਦੀ ਹਾਂ। ਪਰ ਮੈਂ ਆਪਣੇ ਆਪ ਨੂੰ ਇਸਦੇ ਯੋਗ ਨਹੀਂ ਸਮਝਦਾ।   

? ਆਮ ਕਿਹਾ ਜਾਂਦਾ ਹੈ ਕਿ ਆਸ ਨਾਲ ਹੀ ਜਹਾਨ ਕਾਇਮ ਹੈ। ਜੋਗਿੰਦਰ ਜੀ, ਕੋਈ ਰੀਝ, ਕੋਈ ਦਿਲੀ ਤਮੰਨਾ…?

– ਕੋਈ ਵਿਸ਼ੇਸ਼ ਤਮੰਨਾ ਦਿਲ ਵਿੱਚ ਨਹੀਂ ਹੈ। ਛੋਟੀਆਂ ਛੋਟੀਆਂ ਖ਼ਾਹਿਸ਼ਾਂ ਤਾਂ ਮਨੁੱਖ ਜਦ ਤੱਕ ਜਿਉਂਦਾ ਹੈ, ਪੈਦਾ ਹੁੰਦੀਆਂ ਹੀ ਰਹਿੰਦੀਆਂ ਹਨ। ਬੀਤੇ ਦੀਆਂ ਸੋਹਣੀਆਂ ਯਾਦਾਂ ਮਨ ਨੂੰ ਹੁਲਾਸ ਬਖ਼ਸ਼ਦੀਆਂ ਹਨ। ਸਭ ਮਿੱਤਰਾਂ ਪਿਆਰਿਆਂ ਦੀ ਸੁਖ ਸ਼ਾਂਤੀ ਲਈ ਇੱਛਿਆ ਕਰੀਦੀ ਹੈ। ਜੋ ਘੜੀ ਆਰਾਮ ਦੀ ਲੰਘ ਜਾਏ, ਸ਼ੁਕਰ ਕਰੀਦਾ ਹੈ।

ਸਤਨਾਮ: ਸ਼ਮਸ਼ੇਰ ਜੀ, ਤਸੀਂ ਆਪਣੀ ਰੁਝੇਵਿਆਂ ਭਰੀ ਜ਼ਿੰਦਗੀ ਵਿਚੋਂ ਸਮਾਂ ਕੱਢ ਕੇ ਬਹੁਤ ਹੀ ਵਿਸਥਾਰ ਨਾਲ ਗੱਲਬਾਤ ਸਾਂਝੀ ਕੀਤੀ ਹੈ, ਇਸ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਫੇਰ ਕਿਧਰੇ ਸਮਾਂ ਮਿਲਿਆ ਤਾਂ ਤੁਹਾਡੀ ਜ਼ਿੰਦਗੀ ਦੀ ਕਿਤਾਬ ਦੇ ਹੋਰ ਪੰਨਿਆਂ ਤੇ ਵੀ ਝਾਤੀ ਪਾਵਾਂਗੇ।

 

ਟਿੱਪਣੀ : ਇਹ ਰਚਨਾ ‘‘ਲਿਖਾਰੀ’ ਵੈਬਸਾਈਟ ਦੀਆਂ ਪੁਰਾਣੀਆਂ ਫਾਈਲਾਂ ਤੋਂ ਚੁੱਕ ਕੇ ਲੋੜੀਂਦੀ ਤਬਦੀਲੀ ਕਰਨ ਉਪਰੰਤ ’ਲਿਖਾਰੀ.ਨੈੱਟ ‘ਤੇ ਲਗਾਉਣ ਦੀ ਖੁਸ਼ੀ ਲੈ ਰਹੇ ਹਾਂ।—ਲਿਖਾਰੀ

(ਪਹਿਲੀ ਵਾਰ ਛਪਿਆ ਦਸੰਬਰ 2015)
(ਦੂਜੀ ਵਾਰ 29 ਸਤੰਬਰ 2021)

***
405
***

satnam_dhaw
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਸਤਨਾਮ ਢਾਅ ਦੀਅਾਂ ਪੁਸਤਕਾਂ ਦਾ ਵੇਰਵਾ:

ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਦੂਜਾ)
ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਪਹਿਲਾ)

ਪਤਾ:
Satnam Singh Dhah
303 ASPEN RIDGE PL SW

Calgary, AB T3 H 1T2
Canada
Ph.403-285-6091
e-mailsatnam.dhah@gmail.com

ਸਤਨਾਮ ਢਾਅ

ਸਤਨਾਮ ਢਾਅ ਦੀਅਾਂ ਪੁਸਤਕਾਂ ਦਾ ਵੇਰਵਾ: ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਦੂਜਾ) ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਪਹਿਲਾ) ਪਤਾ: Satnam Singh Dhah 303 ASPEN RIDGE PL SW Calgary, AB T3 H 1T2 Canada Ph.403-285-6091 e-mailsatnam.dhah@gmail.com

View all posts by ਸਤਨਾਮ ਢਾਅ →