19 June 2024

ਲੋਕ-ਕਵੀ: ਸੰਤੋਖ ਸਿੰਘ ਸੰਤੋਖ—ਸਤਨਾਮ ਸਿੰਘ ਢਾਅ

ਮੁਲਾਕਾਤ: ਲੋਕ-ਕਵੀ ਸੰਤੋਖ ਸਿੰਘ ਸੰਤੋਖ ਨਾਲ
ਮੁਲਾਕਾਤੀ: ਸਤਨਾਮ ਸਿੰਘ ਢਾਅ

ਇਹ ਮੁਲਾਕਾਤ ਇੰਗਲੈਂਡ ਵਿੱਚ ਵਸਦੇ ਉੱਘੇ ਸ਼ਾਇਰ ਅਤੇ ਟ੍ਰੇਡ-ਯੁਨੀਅਨਨਿਸਟ ਸੰਤੋਖ ਸਿੰਘ ਸੰਤੋਖ ਨਾਲ ਉਨ੍ਹਾਂ ਦੇ ਵਿਛੋੜੇ ਤੋਂ ਕੁਝ ਸਮਾਂ ਪਹਿਲਾਂ ਕੀਤੀ ਸੀ। ਪਰ ਕੁਝ ਸਮਾਂ ਪਹਿਲਾਂ ਉਹ ਸਾਨੂੰ ਵਿਛੋੜਾ ਦੇ ਗਏ ਹਨ। ਇਹ ਮੁਲਾਕਾਤ ਉਨ੍ਹਾਂ ਨੂੰ ਸ਼ਰਧਾਂਜਲੀ ਹੋਵੇਗੀ। ਇਸ ਮੁਲਾਕਾਤ ਨੂੰ ਪੜ੍ਹਦਿਆਂ ਹੈ ਦੀ ਥਾਂ ਸੀ ਪੜ੍ਹਨ ਦੀ ਬੇਨਤੀ ਕੀਤੀ ਜਾ ਰਹੀ ਹੈ।

ਸੰਤੋਖ ਸਿੰਘ 28 ਅਗਸਤ 1938 ਨੂੰ ਸ. ਤਾਰਾ ਸਿੰਘ ਅਤੇ ਸਰਦਾਰਨੀ ਸੁਰਜੀਤ ਕੌਰ ਦੇ ਘਰ ਪੈਦਾ ਹੋਏ। ਹਾਈ ਸਕੂਲ ਤੋਂ ਬਾਅਦ ਘਰ ਦੀ ਗ਼ਰੀਬੀ ਕਾਰਨ ਪੜ੍ਹਾਈ ਜਾਰੀ ਨਾ ਰੱਖ ਸਕੇ ਅਤੇ ਘਰ ਦੇ ਗੁਜ਼ਾਰੇ ਲਈ ਕ੍ਰਿਸ਼ਨਾ ਪ੍ਰਿਟਿੰਗ ਪ੍ਰੈੱਸ, ਫ਼ਗਵਾੜਾ ਵਿਖੇ ਬਤੌਰ ਕੰਪੋਜ਼ੀਟਰ ਕੰਮ ਕਰਨ ਲੱਗ ਪਏ। ਇਨ੍ਹਾਂ ਨੂੰ ਹਾਈ ਸਕੂਲ ਦੇ ਦਿਨਾਂ ਤੋਂ ਹੀ ਕਵਿਤਾ ਦਾ ਸ਼ੌਕ ਸੀ। ਇਹ ਸ਼ੌਕ ਸਥਾਨਕ ਕਵੀਆਂ ਜਿਵੇਂ ਕਿ ਸ. ਨਾਜਰ ਸਿੰਘ ਤਰਸ ਤੇ ਫ਼ਗਵਾੜਾ ਵਾਸੀ, ਹਰੀ ਸਿੰਘ ਸਾਰੰਗ ਵਰਗੇ ਕਵੀਆਂ ਨੂੰ ਦੇਖਦਿਆਂ ਸੁਣਦਿਆਂ ਬਹੁਤ ਪ੍ਰਫੁੱਲਤ ਹੋਇਆ। ਪਿੰਡ ਵਿੱਚ ਗੁਰਪੁਰਬਾਂ ਸਮੇਂ ਬਹੁਤ ਹੀ ਪ੍ਰਭਾਵਸ਼ਾਲੀ ਕਵਿਤਾਵਾਂ ਸੁਣਾਇਆ ਕਰਦੇ ਸਨ। ਇਨ੍ਹਾਂ ਦੇ ਦਾਦਾ ਜੀ, ਸ. ਲੱਖਾ ਸਿੰਘ ਪੈਨਸ਼ਨਰ, ਜੈਤੋਂ ਮੋਰਚੇ ਵਿੱਚ ਭਾਗ ਲੈਣ ਵਾਲੇ ਉੱਘੇ ਅਕਾਲੀ ਆਗੂ ਸਨ। ਸੰਤੋਖ ਸਿੰਘ ਦੇ ਪਿਤਾ ਜੀ ਵੀ ਪਹਿਲਾਂ ਅਕਾਲੀ ਆਗੂ ਰਹੇ ਪਰ ਸਿਆਸਤ ਦੇ ਗੰਧਲੇਪਨ ਅਤੇ ਧਰਮ ਨਾਲੋਂ ਧੜਾ ਪਿਆਰਾ ਕਰਕੇ ਕਾਂਗਰਸੀ ਆਗੂ ਬਣ ਕੇ ਗੁਜ਼ਰੇ। ਸੰਤੋਖ ਸਿੰਘ ਨੇ ਖੱਬੇ-ਪੱਖੀ ਵਿਚਾਰਧਾਰਾ ਦਾ ਲੜ ਫੜਿਆ। ਇਹਨਾਂ ਦੀ ਜਵਾਨੀ ਵੇਲੇ ਕਮਿਉਨਿਸਟ ਲਹਿਰ ਦੀ ਬਹੁਤ ਚੜ੍ਹਾਈ ਸੀ। ਸੰਤੋਖ ਸਿੰਘ ਨੂੰ ਮਜ਼ਦੂਰ ਦੀ ਮੁੜ੍ਹਕੇ ਵਾਲੀ ਮਸ਼ੱਕਤ ਦਾ ਘੱਟ ਮੁੱਲ ਪੈਣ ਦਾ ਤਲਖ਼ ਤਜਰਬਾ ਹੋ ਚੁੱਕਾ ਸੀ।

ਫ਼ਗਵਾੜੇ ਪ੍ਰਿਟਿੰਗ ਪ੍ਰੈੱਸ ਵਿੱਚ ਕੰਮ ਕਰਨ ਤੋਂ ਬਾਅਦ ਵੀ ਗ਼ਰੀਬੀ ਦੀ ਜਿੱਲ੍ਹਣ ਵਿੱਚੋਂ ਨਾ ਨਿੱਕਲ ਸਕੇ ਤਾਂ ਚੰਗੇਰੇ ਭਵਿੱਖ ਲਈ 1962 ਵਿੱਚ ਇੰਗਲੈਂਡ ਆ ਗਏ। ਇੱਥੇ ਆ ਕੇ ਵੀ ਕੰਪੋਜ਼ੀਟਰ ਦਾ ਕੰਮ ਜਾਰੀ ਰੱਖਿਆ। ਪਰ ਸਾਹਿਤਕ ਅਤੇ ਸਮਾਜਿਕ ਪਿੜ੍ਹ ਵਿੱਚ ਵੀ ਪੂਰੀ ਸਿਦਕਦਿਲੀ ਨਾਲ ਹੁਣ ਤੱਕ ਡਟੇ ਰਹੇ ਹਨ। ਸੰਤੋਖ ਸਿੰਘ ਨੇ ਪੰਜਾਬੀ ਕਵਿਤਾ, ਵਾਰਤਿਕ ਦੋਹਾਂ ਰੂਪਾਂ ਵਿੱਚ ਬਹੁਤ ਸੰਜੀਦਗੀ ਨਾਲ ਕੰਮ ਕੀਤਾ। ਇਨ੍ਹਾਂ ਨੇ ਨਜ਼ਮ ਦੀਆਂ ਛੇ ਅਤੇ ਨਸਰ ਦੀਆਂ ਦੋ ਪੁਸਤਕਾਂ ਪੰਜਾਬੀ ਬੋਲੀ ਅਤੇ ਦੋ ਪੁਸਤਕਾਂ ਉਰਦੂ ਵਿੱਚ ਵੀ ਲਿਖੀਆਂ ਹਨ। ਇਹਨਾਂ ਨੇ ਸੰਪਾਦਨਾ ਦਾ ਕੰਮ ਵੀ ਕੀਤਾ ਜਿਸ ਤਰ੍ਹਾਂ: ਲਹੂ ਦੇ ਨਕਸ਼ (ਡਾ. ਜਗਤਾਰ), ਤਨ-ਤਬੂੰਰ (ਅਹਿਮਦ ਸਲੀਮ) ਕਵਿਤਾ ਤੋਂ ਇਲਾਵਾਂ ਵਾਰਤਕ ਵਿੱਚ ਵੀ ਕੰਮ ਕੀਤਾ: ਈਸ਼ਵਰ ਦੇ ਖਤ, ਰੱਤਕਾਂ ਦੇ ਮੂੰਹ ਕਾਲੇ ਜੋ ਪੰਜਾਬੀ ਅਤੇ ਉਰਦੂ ਵਿੱਚ ਵੀ ਛਪੀਆਂ।

ਸਾਹਿਤਕ ਰਚਨਾਵਾਂ ਦੇ ਨਾਲ ਨਾਲ ਸਾਹਿਤਕ ਜਥੇਬੰਦੀਆਂ ਨੂੰ ਜਥੇਬੰਦ ਕਰਨ ਵਿੱਚ ਵੀ ਬਹੁਤ ਸਾਰਾ ਕੰਮ ਕੀਤਾ। ਸੰਤੋਖ ਸਿੰਘ ਪੰਜਾਬੀ ਸਾਹਿਤ ਸਭਾ, ਲੰਡਨ ਦਾ ਬਾਨੀ ਜਨਰਲ ਸਕੱਤਰ, ਪ੍ਰਗਤੀਸ਼ੀਲ ਲਿਖਾਰੀ ਸਭਾ ਗ੍ਰੇਟ ਬ੍ਰਿਟਿਨ ਦੀ ਐਗਜ਼ੈਕਟਿਵ ਮੈਂਬਰ ਰਿਹਾ ਹੈ। ਕੇਂਦਰੀ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਦੇ ਵੀ ਜੀਵਨ ਮੈਂਬਰ ਹਨ। ਇੱਥੇ ਹੀ ਬੱਸ ਨਹੀਂ ਮਜ਼ਦੂਰ ਜਥੇਬੰਦੀਆਂ ਵਿੱਚ ਵੀ ਮੋਢੇ ਨਾਲ਼ ਮੋਢਾ ਜੋੜਕੇ ਕੰਮ ਕਰਨ ਦਾ ਮਾਣ ਪ੍ਰਾਪਤ ਹੈ। ਇੰਡੀਅਨ ਵਰਕਰ ਐਸੋਸੀਏਸ਼ਨ ਗ੍ਰੇਟ ਬ੍ਰਿਟਿਨ ਦੇ ਐਗਜੈਗਟਿਵ ਮੈਂਬਰ, ਕਲਚਰਲ ਸਕੱਤਰ, ਅਤੇ ਵੈਲਫ਼ੇਅਰ ਸਕੱਤਰ ਵੀ ਰਹੇ। ਇਨ੍ਹਾਂ ਸਰਗਰਮੀਆਂ ਦੀ ਬਦੌਲਤ ਇਹਨਾਂ ਨੂੰ ਅਪ੍ਰੈਲ 21 ਤੋਂ ਅਪ੍ਰੈਲ 26, 1997 ਸੀਟੂ (ਸੈਂਟਰ ਆਫ਼ ਇੰਡੀਅਨ ਟਰੇਡ ਯੂਨੀਅਨਜ਼) ਦੀ ਨੌਵੀਂ ਇਤਿਹਾਸਕ ਕੇਰਲਾ ਕਾਨਫ਼ਰੰਸ ਵਿਖੇ ਭੇਜਿਆ ਗਿਆ ਸੀ। ਜਿੱਥੇ ਇਹ ਨਾਅਰਾ ਇੱਕ ਵਾਰ ਫੇਰ ਬੁਲੰਦ ਕੀਤਾ “ਦੁਨੀਆਂ ਭਰ ਦੇ ਮਿਹਨਤਕਸ਼ੋ ਇੱਕ ਹੋ ਜਾਓ।” ਸੰਤੋਖ ਸਿੰਘ ਦੇ ਪਿਛੋਕੜ ਬਾਰੇ ਵਿਸਥਾਰ ਨਾਲ ਜਾਣਕਾਰੀ ਲੈਣ ਲਈ ‘ਦੁਸਾਂਝ ਕਲਾਂ ਦਾ ਮਾਣ ਮੱਤਾ ਇਤਿਹਾਸ’ ਪ੍ਰਿੰਸੀਪਲ ਗਿਆਨ ਸਿੰਘ ਦੁਸਾਂਝ ਅਤੇ ਉਨ੍ਹਾਂ ਦੀ ਸੁਪਤਨੀ ਪ੍ਰਿੰਸੀਪਲ ਚਰਨਜੀਤ ਕੌਰ ਦੁਸਾਂਝ ਦੀ ਲਿਖੀ ਕਿਤਾਬ ਪੜ੍ਹੀ ਜਾ ਸਕਦੀ ਹੈ।

ਸੰਤੋਖ ਸਿੰਘ ਸੰਤੋਖ ਵੀ ਸਾਡੇ ਵਾਂਗ ਪੰਜਾਬ ਤੋਂ ਰੋਟੀ ਰੋਜ਼ੀ ਅਤੇ ਆਪਣੇ ਚੰਗੇ ਭਵਿੱਖ ਲਈ ਪੰਜ ਦਹਾਕੇ ਪਹਿਲਾਂ ਇੰਗਲੈਂਡ ਆਇਆ। ਆਮ ਪਰਵਾਸੀਆਂ ਵਾਂਗ ਵੱਖ ਵੱਖ ਪਾਪੜ ਵੇਲਦਿਆਂ ਅਖ਼ੀਰ ਆਪਣੀ ਮਨ-ਭਾਉਂਦੀ ਜੌਬ ਪ੍ਰਾਪਤ ਕਰਕੇ ਅਠਾਈ ਸਾਲ ਪ੍ਰੈੱਸ ਵਿੱਚ ਕੰਮ ਕਰਨ ਤੋਂ ਬਾਅਦ ਰਿਟਾਇਰ ਹੋਇਆ ਹੈ। ਉਸ ਦਾ ਕਹਿਣਾ ਹੈ ਕਿ ਮੈਂ ਇੰਡੀਆ ਵਿੱਚ ਵੀ ਇੱਕ ਕਾਮਾ ਸੀ ਤੇ ਇੱਥੇ ਆ ਕੇ ਵੀ ਇੱਕ ਕਾਮਾ ਹਾਂ। ਸਾਰੀ ਉਮਰ ਇੱਕ ਯੂਨੀਅਨਿਸਟ ਦੇ ਤੌਰ ’ਤੇ ਲੋਕ-ਹਿੱਤਾਂ ਲਈ ਲੜਦਾ ਰਿਹਾ ਅਤੇ ਆਪਣੀ ਗੱਲ ਕਵਿਤਾ ਰਾਹੀਂ ਲੋਕਾਂ ਤੱਕ ਪਹੁੰਚਾਉਂਦਾ ਰਿਹਾ ਹਾਂ। ਉਸਦੀ ਕਵਿਤਾ ਲੋਕ-ਦਰਦ, ਬੇ-ਇਨਸਾਫ਼ੀ ਦੇ ਖ਼ਿਲਾਫ਼ ਰੋਸ ਅਤੇ ਫਿਰਕਾਪ੍ਰਸਤੀ ਦੀਆਂ ਮਾੜੀਆਂ ਕਰਤੂਤਾਂ ਨੂੰ ਨੰਗਾ ਕਰਦੀ ਹੈ। ਪਰਵਾਸੀ ਕਵਿਤਾ ਬਾਰੇ ਆਮ ਕਰਕੇ ਆਲੋਚਕ ਇਸ ਗੱਲ ਨੂੰ ਉਭਾਰਦੇ ਆਏ ਹਨ ਕਿ ਪ੍ਰਵਾਸੀ ਕਵਿਤਾ ਤਾਂ ਸਿਰਫ਼ ਭੂ-ਹੇਰਵੇ ਨੂੰ ਲੈ ਕੇ ਹੀ ਲਿਖੀ ਗਈ ਹੈ। ਜੇਕਰ ਰਤਾ ਕੁ ਡੂੰਘਾਈ ਨਾਲ ਤੁਸੀਂ ਸੰਤੋਖ ਸਿੰਘ ਦੀ ਕਵਿਤਾ ਪੜ੍ਹੋਂਗੇ ਤਾਂ ਇਸ ਗੱਲ ਨੂੰ ਝੁਠਲਾਇਆ ਜਾ ਸਕਦਾ ਹੈ। ਕੋਈ ਇੱਕ ਵੀ ਕਵਿਤਾ ਭੂ-ਹੇਰਵੇ ਬਾਰੇ ਨਹੀਂ ਮਿਲਦੀ ਅਤੇ ਪਿਆਰ ਬਾਰੇ ਵੀ ਐਵੇਂ ਦੋ ਚਾਰ ਕਵਿਤਾਵਾਂ ਹੀ ਮਿਲਣਗੀਆਂ ਜਿਨ੍ਹਾਂ ਵਿੱਚ ਵੀ ਤੁਹਾਨੂੰ ਜਜ਼ਬਾਤਾਂ ਦੀ ਥਾਂ ਜ਼ਿੰਦਗੀ-ਪੱਖੀ ਵਿਚਾਰ ਮਿਲਣਗੇ। ਸੰਤੋਖ ਸਿੰਘ ਸੰਤੋਖ ਪਹਿਲਾਂ ਤੋਂ ਖੱਬੇ-ਪੱਖੀ ਵਿਚਾਰਧਾਰਾ ਨਾਲ ਜੁੜਿਆ ਹੋਇਆ ਕਰਕੇ, ਕੁਝ ਪਿੰਡ ਦੇ ਅਗਾਂਹਵਧੂ ਸ਼ਾਇਰਾਂ ਅਤੇ ਦੇਸ਼ ਭਗਤਾਂ ਦੇ ਸੰਪਰਕ ਨੇ ਉਸ ਦੇ ਮਨ ਤੇ ਮਨੁੱਖੀ ਦਰਦ, ਆਜ਼ਾਦੀ ਅਤੇ ਸਥਾਪਤੀ ਦੀਆਂ ਵਧੀਕੀਆਂ ਦਾ ਐਸਾ ਪ੍ਰਭਾਵ ਪਿਆ ਕਿ ਇੱਕ ਪੂੰਜੀਵਾਦੀ ਦੇਸ਼ ਵਿੱਚ ਜਾ ਕੇ ਵੀ ਇੰਡੀਆ ਵਾਲੇ ਕਾਮਰੇਡੀ ਸੁਭਾਅ ਨਾਲ ਹੀ ਜੀਵਨ ਬਤੀਤ ਕਰਦਾ ਰਿਹਾ। ਇਸੇ ਕਰਕੇ ਉਹਨੇ ਆਪਣੀ ਸ਼ਾਇਰੀ ਵਿੱਚ ਅੰਤਰਰਾਸ਼ਟਰੀ ਪੀੜ ਦੀ ਚੀਸ, ਵੀਅਤਨਾਮ, ਬੰਗਾਲ, ਫਲਸਤੀਨੀ, ਅਤੇ ਦੁਨੀਆ ਦੇ ਕਿਸੇ ਵੀ ਹਿੱਸੇ ਤੇ ਬੇ-ਇਨਸਾਫੀ ਨੂੰ ਲੈ ਕੇ ਹੀ ਆਪਣੀ ਕਵਿਤਾ ਦਾ ਵਿਸ਼ਾ ਬਣਾਇਆ। ਸਰਮਾਏਦਾਰੀ ਦੀ ਖੋਟੀ ਨੀਤ ਅਤੇ ਚਾਲ ਜੋ ਦੁਨੀਆਂ ਨੂੰ ਹਰ ਥਾਂ ਰੰਗ, ਨਸਲ, ਮਜ਼ਹਬ ਦੇ ਨਾਂ ਤੇ ਵੰਡ ਕੇ ਆਪਣੇ ਸੁਆਰਥਾਂ ਲਈ ਵਰਤਦੀ ਹੈ, ਉਸ ਨੂੰ ਨੰਗਾ ਕੀਤਾ ਅਤੇ ਰੱਜ ਕੇ ਭੰਡਿਆ ਹੈ। ਕਾਵਿ-ਸੰਗ੍ਰਹਿ ‘ਰੰਗ ਰੂਪ’ ਦੀਆਂ ਕਵਿਤਾਵਾਂ ਇਸੇ ਵਿਚਾਰਧਾਰਾ ਦੀ ਨਿਸ਼ਾਨਦੇਹੀ ਕਰਦੀਆਂ ਹਨ। ਬਾਕੀ ਕਾਵਿ-ਸੰਗ੍ਰਹਿਆਂ ਵਿੱਚ ਵੀ ਕਿਸੇ ਸਰਮਾਏਦਾਰੀ ਦੇ ਗੁਣ ਗਾਣ ਨਹੀਂ ਕੀਤੇ। ਉਸ ਦੇ ਇੱਕ ਹੋਰ ਕਾਵਿ-ਸੰਗ੍ਰਹਿ ‘ਲਾਲ-ਸ਼ੇਰਾਂ ਵਾਲਾ ਚੌਕ’ ਦੀਆਂ ਕਵਿਤਾਵਾਂ ਵੀ ਪਾਠਕ ਦਾ ਧਿਆਨ ਖਿੱਚਦੀਆਂ ਹਨ। ਹੋਆ-ਚੀ-ਮਿੰਨ, ਜਾਹਲੀ ਅਵਾਸੀ, ਚੱਲਦੀ ਭੱਠੀ, ਕੁੱਤੇ ਵਾਲ਼ੀ ਗੋਰੀ, ਲੂਣ ਤੇਲ ਵੀ ਪਾਠਕ ਨੂੰ ਧੁਰ-ਅੰਦਰੋਂ ਹਲੂਣ ਦਿੰਦੀਆਂ ਹਨ। ‘ਉਜਲੇ ਹਨੇਰੇ’ ਉਸ ਦੇ ਹੱਡੀਂ ਹੰਡਾਏ ਸਾਰੇ ਦੁੱਖਾਂ-ਦਰਦਾਂ ਨੂੰ ਬਿਆਨਦਾ ਇੱਕ ਅਜਿਹਾ ਕਾਵਿ-ਸੰਗ੍ਰਹਿ ਹੈ, ਜਿਸ ਵਿਚਲੀਆਂ ਕਵਿਤਾਵਾਂ ਲਿਖਣ ਤੋਂ ਪਹਿਲਾਂ ਆਲ਼ੇ ਦੁਆਲੇ ਦੇ ਮਾਹੌਲ ਨੂੰ ਡੂੰਘੀ ਨੀਝ ਨਾਲ ਦੇਖਿਆ, ਘੋਖਿਆ ਫੇਰ ਬਿਆਨਿਆ ਹੈ। ਇਸ ਵਿਚਲੀਆਂ ਹੋਰ ਕਵਿਤਾਵਾਂ ਦੇ ਨਾਲ਼-ਨਾਲ਼ ‘ਭਾਰਤ ਗਾਂ’, ‘ਕੰਪੋਜ਼ੀਟਰ’ ਵਰਗੀਆਂ ਕਵਿਤਾਵਾਂ ਲਿਖ ਕੇ ਸੰਤੋਖ ਸਿੰਘ ਨੇ ਲੋਕ-ਕਵੀ ਹੋਣ ਦਾ ਸਬੂਤ ਪੇਸ਼ ਕੀਤਾ।

ਇੱਥੇ ਹੀ ਬੱਸ ਨਹੀਂ, ਸੰਤੋਖ ਸਿੰਘ ਸੰਤੋਖ ਨੇ ਬਹੁਤ ਸਾਰੇ ਆਰਟੀਕਲ ਭਖਦੇ ਮਸਲਿਆਂ ਤੇ ਵੀ ਲਿਖੇ, ਆਪਣੇ ਸਮਕਾਲੀ ਲੇਖਕਾਂ ਦੇ ਰੇਖਾ-ਚਿੱਤਰ ਵੀ ਲਿਖੇ। ਇਹ ਕੰਮ ਕੋਈ ਡੂੰਘੀ ਨੀਝ ਵਾਲਾ ਵਿਅਕਤੀ ਅਤੇ ਬਹੁਤ ਹੀ ਪਿਆਰ-ਮੁਹੱਬਤ ਵਾਲੇ ਇਨਸਾਨ ਬਾਰੇ ਹੀ ਲਿਖ ਸਕਦਾ ਹੈ, ਜਿਸ ਨੂੰ ਨੇੜਿਓ ਹੋ ਕੇ ਤੱਕਿਆ ਹੋਵੇ। ਸੰਤੋਖ ਸਿੰਘ ਸੰਤੋਖ ਵੀ ਉਹਨਾਂ ਕੁਝ ਕੁ ਲੇਖਕਾਂ ਵਿੱਚੋਂ ਹਨ, ਜਿਨ੍ਹਾਂ ਦੀ ਕਹਿਣੀ ਤੇ ਕਰਨੀ ਇੱਕ ਹੈ। ਉਹ, ਉਹੀ ਗੱਲ ਕਹਿੰਦਾ ਤੇ ਕਰਦਾ ਹੈ ਜਿਹੜੀ ਉਸ ਦੀ ਆਤਮਾ ਦੀ ਆਵਾਜ਼ ਹੈ। ਉਹ ਇੰਗਲੈਂਡ ਆ ਕੇ ਵੀ ਆਪਣੇ ਆਪ ਨੂੰ ਵਲੈਤੀਆ ਸੰਤੋਖ ਸਿੰਘ ਨਹੀਂ ਮੰਨਦਾ ਸਗੋਂ ਕਾਮਰੇਡ ਸੰਤੋਖ ਸਿੰਘ ਸੰਤੋਖ ਅਖਵਾਉਂਦਾ ਹੈ। ਜਦੋਂ ਮੈਂ ਸੰਤੋਖ ਸਿੰਘ ਨੂੰ ਮਿਲ਼ੇ ਮਾਣ-ਸਨਾਮਾਨਾਂ ਬਾਰੇ ਗੱਲ ਕੀਤੀ ਤਾਂ ਬਾਕੀ ਸਨਮਾਨਾਂ ਤੋਂ ਪਹਿਲਾਂ ਇਹ ਕਿਹਾ ਕਿ ਜਿੱਥੇ ਮੈਂ ਲਗਾਤਾਰ ਅਠਾਈ ਸਾਲ ਕੰਮ ਕੀਤਾ ਉੱਥੇ ਦੀ ਰਵਾਇਤ ਮੁਤਾਬਿਕ ਪੱਚੀ ਸਾਲ ਕੰਮ ਕਰਨ ਵਾਲੇ ਨੂੰ ਇੱਕ ਗੋਲਡਨ ਵਾਚ ਦੇ ਕੇ ਸਨਮਾਨਿਤ ਕਰਦੇ ਹਨ। ਪਰ ਮੈਂ ਯੂਨੀਅਨ ਦਾ ਲੀਡਰ ਰਿਹਾ ਕਰਕੇ, ਅਠਾਈ ਸਾਲ ਕੰਮ ਕਰਕੇ ਵੀ ਭਾਵੇਂ ਇਹ ਘੜੀ ਹਾਸਲ ਨਹੀਂ ਕਰ ਸਕਿਆ ਪਰ ਜੋ ਮੈਂ ਆਪਣੇ ਮਜ਼ਦੂਰ ਸਾਥੀਆਂ ਲਈ ਕਰ ਸਕਿਆ, ਉਹ ਇਸ ਘੜੀ ਨਾਲੋਂ ਕਈ ਗੁਣਾ ਵੱਧ ਮਹੱਤਵਪੂਰਨ ਹੈ। ਮੈਨੂੰ ਆਪਣੇ ਕੀਤੇ ਕੰਮਾਂ ’ਤੇ ਮਾਣ ਹੈ ਇਸ ਨਾਲ ਮੈਨੂੰ ਪੂਰਨ ਤਸੱਲੀ ਹੈ।

 ਬਾਲ-ਮਨ ‘ਤੇ ਸੁਣੀਆਂ ਕਹਾਣੀਆਂ ਦਾ ਅਸਰ

? ਸੰਤੋਖ ਸਿੰਘ ਜੀ, ਯਾਦ ਹੋਵੇਗਾ ਕਵਿਤਾ ਨੇ ਕਦੋਂ ਕੁ ਤੁਹਾਨੂੰ ਕਿਹਾ ਕਿ ਕਲਮ ਫੜੋ ਤੇ ਮੈਨੂੰ ਲਿਖੋ?
:  ਮੈਂ ਛੇਵੀਂ ਜਾਂ ਸੱਤਵੀਂ ਜਮਾਤ ਵਿੱਚ ਪੜ੍ਹਦਾ ਸੀ ਜਦੋਂ ਕਵਿਤਾ ਲਿਖਣੀ ਸ਼ੁਰੂ ਕੀਤੀ। ਇਸ ਤੋਂ ਪਹਿਲਾਂ ਮੇਰਾ ਨਾਨਾ ਗੱਲਾਂ ਗੱਲਾਂ ਵਿੱਚ ਕਵਿਤਾ ਦੇ ਟੋਟਕੇ ਸੁਣਾਉਂਦਾ ਹੁੰਦਾ ਸੀ, ਜਿਹੜੇ ਮੈਂ ਜ਼ੁਬਾਨੀ ਚੇਤੇ ਕਰ ਲੈਂਦਾ ਸੀ। ਮੇਰਾ ਖ਼ਿਆਲ ਹੈ ਕਿ ਇਨ੍ਹਾਂ ਗੱਲਾਂ ਨੇ ਹੀ ਮੇਰੇ ਹੱਥ ਕਲਮ ਦਿੱਤੀ।

? ਆਮ ਤੌਰ ’ਤੇ ਜੁਆਨੀ ਵਿੱਚ ਹਰ ਇਨਸਾਨ ਅਨੋਖੇ ਰੰਗ ਵਿੱਚ ਹੁੰਦਾ ਹੈ ਅਤੇ ਨਾਲ ਹੀ ਕਵੀ ਵੀ। ਬਹੁਤ ਸਾਰੇ ਲੇਖਕਾਂ ਨੇ ਪਿਆਰ ਭਰੀਆਂ ਕਵਿਤਾਵਾਂ ਲਿਖਣ ਨਾਲ ਹੀ ਲਿਖਣ ਦੀ ਸ਼ੁਰੂਆਤ ਕੀਤੀ ਹੁੰਦੀ ਹੈ। ਕੀ ਤੁਹਾਡਾ ਵੀ ਕੋਈ ਇਹੋ ਜਿਹਾ ਅਨੁਭਵ ਹੈ?
: ਤੁਹਾਡੀ ਗੱਲ ਕੁਝ ਹੱਦ ਤਕ ਠੀਕ ਹੈ ਪਰ ਮੇਰੀ ਕਵਿਤਾ ਦੀ ਸ਼ੁਰੂਆਤ ਪਿਆਰ ਤੋਂ ਨਹੀਂ, ਸਗੋਂ ਗ਼ਰੀਬੀ ਅਮੀਰੀ ਤੋਂ ਹੈ। ਪਿੰਡ ਵਿੱਚ ਦੋ ਗੁਰਪੁਰਬ ਹਰ ਸਾਲ ਮਨਾਏ ਜਾਂਦੇ ਸਨ। ਸਾਡੇ ਪਿੰਡ ਦੀ ਸਾਹਿਤ ਸਭਾ ਉਨ੍ਹਾਂ ਵਿੱਚ ਉਚੇਚਾ ਭਾਗ ਲੈਂਦੀ ਸੀ। ਕਿਸੇ ਸਮੱਸਿਆ ਨੂੰ ਲੈ ਕੇ ਕਵਿਤਾਵਾਂ ਲਿਖੀਆਂ ਜਾਂਦੀਆਂ ਸਨ। ਪਿੰਡ ਦੇ ਕਵੀਆਂ ਤੋਂ ਬਿਨਾਂ ਬਾਹਰੋਂ ਵੀ ਕਵੀ ਸੱਦੇ ਜਾਂਦੇ ਸਨ। ਮੁਣਸ਼ਾ ਸਿੰਘ ਦੁਖੀ, ਗੁਰਦਾਸ ਰਾਮ ਆਲਮ, ਗੁਰਦੀਪ ਸਿੰਘ ਅਣਖੀ, ਭਗਤ ਰਾਮ ਪਤੰਗਾ, ਬਿਸ਼ਨ ਸਿੰਘ ਉਪਾਸ਼ਕ, ਸਰਵਣ ਸਿੰਘ ਅਮੋਲਕ, ਰਵਿੰਦਰ ਰਵੀ, ਮੁਹਿੰਦਰ ਦੁਸਾਂਝ, ਓਮ ਪ੍ਰਕਾਸ਼ ਜੋਸ਼, ਡਾ. ਸਾਧੂ ਸਿੰਘ ਅਤੇ ਸ਼ੌਕਤ ਢੰਡਵਾੜਵੀ ਆਦਿ ਇਨ੍ਹਾਂ ਵਿੱਚ ਭਾਗ ਲੈਂਦੇ ਸਨ। ਸੋ ਤਹਾਡੇ ਸਵਾਲ ਦਾ ਜਵਾਬ ਹੈ ਕਿ ਮੇਰੀ ਲਿਖਣ ਦੀ ਸ਼ੁਰੂਆਤ ਪਿਆਰ ਕਵਿਤਾ ਨਾਲ ਨਹੀਂ ਹੋਈ ਸਗੋਂ ਗ਼ਰੀਬਾਂ ਨਾਲ ਹੋ ਰਹੇ ਧੱਕੇ ਦੇ ਦੁੱਖਾਂ ਦੇ ਅਨੁਭਵ ਨਾਲ ਹੋਈ ਹੈ।

? ਪਾਠਕ ਤੁਹਾਡੇ ਪਿਛੋਕੜ ਬਾਰੇ ਵੀ ਜਾਣਨਾ ਚਾਹੁੰਣਗੇ ਆਪਣੇ ਬਾਰੇ ਕੁਝ ਦੱਸੋ?
: ਮੇਰਾ ਜਨਮ ਮੇਰੇ ਨਾਨਕੇ ਪਿੰਡ ਬਿਲਗਾ ਵਿਖੇ 28 ਅਗਸਤ 1938 ਨੂੰ ਹੋਇਆ। ਮੇਰੇ ਪਿਤਾ ਦਾ ਨਾਂ ਤਾਰਾ ਸਿੰਘ ਅਤੇ ਮਾਤਾ ਦਾ ਨਾਂ ਸੁਰਜੀਤ ਕੌਰ ਸੀ। ਮੇਰੀ ਵਿੱਦਿਆ ਗੁਰੂ ਹਰਿ ਰਾਏ ਖ਼ਾਲਸਾ ਹਾਈ ਸਕੂਲ ਦੁਸਾਂਝ ਵਿਖੇ ਪੰਜਾਬ ਯੂਨੀਵਰਸਿਟੀ ਵਿੱਚੋਂ ਮੈਟ੍ਰਿਕ ਤੱਕ ਹੈ। ਅਸੀਂ ਦੋ ਭਰਾ ਤੇ ਦੋ ਭੈਣਾਂ ਸਾਂ। ਮੈਂ ਜੇਠਾ ਪੁੱਤਰ ਸੀ। ਮੇਰੇ ਬਾਬਾ ਜੀ ਪਹਿਲੀ ਵਿਸ਼ਵ ਜੰਗ ਸਮੇਂ ਫੌਜ ਵਿੱਚ ਸਨ। ਉਹਨਾਂ ਦੀ ਇੱਕ ਲੱਤ ਜੰਗ ਸਮੇਂ ਬਰ੍ਹਮਾ ਬਾਰਡਰ ਤੇ ਨਕਾਰੀ ਹੋ ਗਈ ਸੀ। ਉਦੋਂ ਰਿਟਾਇਰ ਫੌਜੀਆਂ ਨੂੰ ਬਾਰ ਵਿੱਚ ਮੁਰੱਬੇ ਮਿਲਦੇ ਸਨ। ਮੇਰੇ ਬਾਬਾ ਜੀ ਨੂੰ ਤਿੰਨ ਪੁਸ਼ਤਾਂ ਤੱਕ ਪੈਨਸ਼ਨ ਦੀ ਜਾਗੀਰ ਦਿੱਤੀ ਸੀ, ਜੋ ਕਿ ਮੇਰੇ ਤੱਕ ਆਉਣੀ ਸੀ। 1919 ਨੂੰ ਲੱਗੀ ਪੈਨਸ਼ਨ ਹੁਣ ਤੱਕ 15 ਰੁਪਏ ਮਹੀਨਾ ਹੀ ਹੈ। ਹੁਣ ਤਾਂ ਇੰਨਾ ਇੱਕ ਚਿੱਠੀ ਲਿਖਣ ਦਾ ਖ਼ਰਚ ਆਉਂਦਾ ਹੈ, ਸੋ ਮੈਂ ਕਲੇਮ ਹੀ ਨਹੀਂ ਕੀਤਾ।

ਬਚਪਨ ਦੀਆਂ ਅਭੁਲ ਯਾਦਾਂ

? ਸੱਤ ਦਹਾਕੇ ਤੋਂ ਵੱਧ ਸਮਾਂ ਹੋ ਗਿਆ ਹੈ ਤੁਹਾਨੂੰ ਬਚਪਨ ਦੇ ਬਾਦਸ਼ਾਹੀ ਦੌਰ ਵਿੱਚੋਂ ਗੁਜਰਿਆਂ, ਆਪਣੇ ਚੇਤੇ ਦੀ ਚੰਗੇਰ ਵਿੱਚੋਂ ਜੇ ਤੁਹਾਨੂੰ ਪ੍ਰਾਇਮਰੀ ਸਕੂਲ ਦੇ ਆੜੀਆਂ ਦੀ ਕੋਈ ਯਾਦ ਜਾਂ ਪ੍ਰਾਇਮਰੀ ਸਕੂਲ ਦੇ ਅਧਿਆਪਕਾਂ ਦੀ ਕੋਈ ਯਾਦ, ਅੱਜ ਸਾਂਝੀ ਕਰਨੀ ਚਾਹੋਗੇ?
: ਸਤਨਾਮ ਜੀ, ਯਾਦਾਂ ਤਾਂ ਬਹੁਤ ਹਨ, ਪਰ ਇੱਕ ਹਾਸੇ ਵਾਲ਼ੀ ਯਾਦ ਮੈਂ ਤੁਹਾਡੇ ਨਾਲ ਸਾਂਝੀ ਕਰਦਾਂ ਹਾਂ। ਪਹਿਲੀਆਂ ਚਾਰ ਜਮਾਤਾਂ ਦੀ ਪੜ੍ਹਾਈ ਉਰਦੂ ਵਿੱਚ ਹੋਈ। ਉਦੋਂ ਮਾਸਟਰ ਨੂੰ ਮੁਣਸ਼ੀ ਜੀ ਕਿਹਾ ਜਾਂਦਾ ਸੀ। ਉਹ ਕੁੱਲਾ ਰੱਖਕੇ, ਲੜ ਛੱਡਕੇ ਚਿੱਟੀ ਪੱਗ ਬੰਨ੍ਹਦਾ ਹੁੰਦਾ ਸੀ। ਉਹ ਪਿੰਡ ਲਾਦੀਆਂ (ਨੇੜੇ ਬੰਗਿਆਂ) ਤੋਂ ਘੋੜੀ ਤੇ ਪੜ੍ਹਾਉਣ ਆਉਂਦਾ ਸੀ। ਜਮਾਤ ਵਿੱਚ ਪੜ੍ਹਾਉਣ ਸਮੇਂ ਵੀ ਉਹ ਹੁੱਕਾ ਪੀਂਦਾ ਹੁੰਦਾ ਸੀ। ਮੇਰਾ ਇੱਕ ਜਮਾਤੀ ਧੀਰਜ ਸਿੰਘ ਕਾਫ਼ੀ ਸ਼ਰਾਰਤੀ ਸੀ। ਇੱਕ ਦਿਨ ਉਸ ਨੇ ਨਿਸ਼ਾਨਾ ਬੰਨ੍ਹ ਕੇ ਮੁਣਸ਼ੀ ਦੀ ਚਿਲਮ ਵਿੱਚ ਰੋੜਾ ਮਾਰਿਆ। ਚਿਲਮ ਟੁੱਟ ਗਈ ਅਤੇ ਧੀਰਜ ਘਰ ਨੂੰ ਦੌੜ ਗਿਆ। ਮੁਣਸ਼ੀ ਨੇ ਉਹਨਾਂ ਦੇ ਘਰ ਸੁਨੇਹਾ ਭੇਜਿਆ ਤਾਂ ਉਸ ਦਾ ਬਾਪ ਆਇਆ। ਜਦੋਂ ਉਸ ਨੂੰ ਸ਼ਰਾਰਤ ਦਾ ਪਤਾ ਚੱਲਿਆ ਤਾਂ ਉਸ ਨੂੰ ਕਾਫ਼ੀ ਕੁੱਟ ਪਈ। ਆਪਣੇ ਪੰਜਾਬ ਵਿੱਚ ਸਵਾਰੀਆਂ ਲਈ ਜਦੋਂ ਟੈਂਪੂ ਸ਼ੁਰੂ ਹੋਏ ਤਾਂ ਧੀਰਜ ਸਿੰਘ ਦੁਸਾਂਝ ਕਲਾਂ ਤੋਂ ਫ਼ਗਵਾੜੇ ਨੂੰ ਟੈਂਪੂ ਚਲਾਇਆ ਕਰਦਾ ਸੀ।

ਸੰਤੋਖ ਸਿੰਘ ਦੁਸਾਂਝ ਤੋਂ ਜੱਬਲ਼, ਜੱਬਲ਼ ਤੋਂ ਸੰਤੋਖ ਸਿੰਘ ਸੰਤੋਖ!

? ਉਂਝ ਤਾਂ ਤੁਸੀਂ ਸੰਤੋਖ ਸਿੰਘ ਦੁਸਾਂਝ ਹੋ। ਫੇਰ ਸੰਤੋਖ ਸਿੰਘ ਸੰਤੋਖ ਕਦੋਂ ਕੁ ਬਣੇ, ਇਹ ਤਖ਼ੱਲਸ ਤੁਹਾਡੇ ਨਾਂ ਨਾਲ ਕਦੋਂ ਤੇ ਕਿਵੇਂ ਜੁੜਿਆ?
: ਜਦੋਂ ਮੈਂ ਕਵਿਤਾ ਲਿਖਣੀ ਸ਼ੁਰੂ ਕੀਤੀ ਤਾਂ ਤਖੱਲਸ ਰੱਖਣ ਦਾ ਆਮ ਰਿਵਾਜ ਸੀ। ਬਾਕੀਆਂ ਨਾਲ਼ੋਂ ਵੱਖਰਾ ਤੇ ਨਿਆਰਾ ਨਾਂ ਮੈਂ ਜੱਬਲ ਰੱਖਿਆ ਸੀ। ਜਦੋਂ ਮੈਂ ਰਾਮਗੜ੍ਹੀਆ ਕਾਲਜ ਵਿੱਚ ਪ੍ਰਿਟਿੰਗ ਦਾ ਕੰਮ ਸਿੱਖਦਾ ਸੀ। ਮੇਰੀ ਕਵਿਤਾ ਅਖ਼ਬਾਰ ਵਿੱਚ ਛਪੀ ਤਾਂ ਇੱਕ ਸਟਾਫ ਮੈਂਬਰ ਮੇਰੇ ਪਾਸ ਆਇਆ ਤੇ ਕਹਿਣ ਲੱਗਾ ਤੂੰ ਜੱਬਲ ਏਂ? ਮੇਰੇ ਹਾਂ ਕਹਿਣ ਤੇ ਉਹ ਕਹਿਣ ਲੱਗਾ ਅਸੀਂ ਵੀ ਜੱਬਲ ਹਾਂ, ਉਸ ਨੇ ਦੱਸਿਆ ਕਿ ਸਾਡਾ ਗੋਤ ਵੀ ਜੱਬਲ ਹੈ। ਇਹ ਜਾਣਕਾਰੀ ਜਦੋਂ ਮੈਂ ਸਭਾ ਦੇ ਮੈਂਬਰਾਂ ਨੂੰ ਦਿੱਤੀ ਤਾਂ ਸਾਰਿਆਂ ਦੀ ਸਲਾਹ ਨਾਲ ਜੱਬਲ ਤੋਂ ਸੰਤੋਖ ਹੋ ਗਿਆ। ਪਰ ਮੈਟ੍ਰਿਕ ਦੇ ਸਰਟੀਫ਼ੀਕੇਟ ਤੇ ਸੰਤੋਖ ਸਿੰਘ ਦੁਸਾਂਝ ਹੀ ਹੈ।

  ਮੈਟ੍ਰਿਕ ਪਾਸ ਨੇ ਮੇਰੇ ਇੰਗਲੈਂਡ ਆਉਣ ਦਾ ਰਾਹ ਖੋਲ੍ਹਿਆ 

? ਇੰਗਲੈਂਡ ਆਉਣ ਦਾ ਸਬੱਬ ਕਦੋਂ ਤੇ ਕਿਵੇਂ ਬਣਿਆ? ਸਾਰੇ ਦੁਆਬੀਆਂ ਦੀ ਤਰ੍ਹਾਂ ਇਹ ਸੋਚ ਕੇ ਕਿ ਪੰਜਾਬ ਨਾਲੋਂ ਇੰਗਲੈਂਡ ਵਿੱਚ ਵਧੀਆ ਭਵਿੱਖ ਹੈ ਜਾਂ ਕਿਸੇ ਹੋਰ ਸੋਚ ਨਾਲ?
: ਪਹਿਲਾਂ ਦਸਵੀਂ ਪਾਸ ਕਰਕੇ ਟਰਾਈ ਕੀਤੀ ਸੀ। ਇੱਕ ਮਹੀਨਾ ਬੰਬਈ ਰਿਹਾ ਸੀ। ਉੱਥੇ ਇੱਕ ਬੰਦਾ ਰੁੜਕਾ ਕਲਾਂ ਦਾ ਸੀ। ਜਿਸ ਨੇ ਕੁਝ ਬੰਦੇ ਸਮੁੰਦਰੀ ਜਹਾਜ਼ ਵਿੱਚ ਭਰਤੀ ਕਰਵਾ ਕੇ ਭੇਜੇ ਸਨ। ਮੈਨੂੰ ਉਸ ’ਤੇ ਯਕੀਨ ਨਹੀਂ ਆਇਆ ਜਦ ਕਿ ਉਸ ਨੇ ਦੋ ਵਾਰ 530 ਰੁਪਏ ਦੇ ਮਨੀਆਡਰ ਇੰਗਲੈਂਡ ਤੋਂ ਮੰਗਵਾ ਕੇ ਖ਼ਰਚ ਲਏ ਸਨ। ਜਿਸ ਦਾ ਵੇਰਵਾ ਮੈਂ ਅਪਣੇ ਫੁੱਫੜ ਜੀ ਨੂੰ ਲ਼ਿਖ ਭੇਜਿਆ ਤਾਂ ਉਹਨਾਂ ਦਾ ਜਵਾਬ ਆਇਆ ਕਿ ਤੂੰ ਵਾਪਸ ਪਿੰਡ ਚਲਿਆ ਜਾਹ। ਇਸ ਬਾਅਦ ਮੈਂ ਪਿੰਡ ਆਇਆ ਤਾਂ ਮੇਰਾ ਵਿਆਹ ਹੋ ਗਿਆ। ਦੋ ਬੱਚਿਆਂ ਦਾ ਬਾਪ ਵੀ ਬਣ ਗਿਆ। ਮਾਰਚ ਦੀ ਇੱਕ ਸ਼ਾਮ 1962 ਵਿੱਚ ਮੈਂ ਜਲੰਧਰੋਂ ਘਰ ਆਇਆ ਤਾਂ ਮੇਰੇ ਪਿਤਾ ਜੀ ਨੇ ਕਿਹਾ ਕਿ ਕੱਲ੍ਹ ਨੂੰ ਜੋਸ਼ੀ ਨੂੰ ਮਿਲ ਕੇ ਪਾਸਪੋਰਟ ਅਪਲਾਈ ਕਰ ਦੇ। ਉਦੋਂ ਉਸ ਦਾ ਦਫ਼ਤਰ ਬੰਗਾ ਰੋਡ ਫ਼ਗਵਾੜਾ ਵਿਖੇ ਹੁੰਦਾ ਸੀ। ਦੂਜੇ ਦਿਨ ਮੈਂ ਜੋਸ਼ੀ ਰਾਹੀਂ ਪਾਸਪੋਰਟ ਅਪਲਾਈ ਕਰ ਦਿੱਤਾ ਜੋ ਕਿ ਦੋ ਹਫਤਿਆਂ ਵਿੱਚ ਬਣ ਕੇ ਆ ਗਿਆ। ਦਰਅਸਲ ਮੇਰੇ ਫੁੱਫੜ ਜੀ ਨੇ ਮੇਰੇ ਛੋਟੇ ਭਰਾ ਦੀ ਡੈਕਲਾਰੇਸ਼ਨ ਭੇਜੀ ਸੀ। ਉਹ ਅੱਠਵੀਂ ਤੱਕ ਪੜ੍ਹਿਆ ਹੋਣ ਕਾਰਨ ਜੋਸ਼ੀ ਨੇ ਮੇਰੇ ਪਿਤਾ ਜੀ ਨੂੰ ਕਿਹਾ ਸੀ ਕਿ ਘੱਟੋ ਘੱਟ ਮੈਟ੍ਰਿਕ ਹੋਵੇ ਤਾਂ ਚੰਗਾ ਹੈ। ਇਸ ਤਰ੍ਹਾਂ ਮੇਰਾ ਇੰਗਲੈਂਡ ਆਉਣ ਦਾ ਪ੍ਰਬੰਧ ਹੋ ਗਿਆ। ਢਾਅ ਜੀ, ਇਸ ਵਿਚ ਕੋਈ ਸ਼ੱਕ ਨਹੀਂ ਕਿ ਅਸੀਂ ਆਪਣੇ ਚੰਗੇ ਭਵਿਖ ਲਈ ਹੀ ਪੰਜਾਬ ਚੋਂ ਨਿਕਲੇ, ਕਿਉਂਕਿ ਜ਼ਮੀਨਾਂ ਦੀ ਵੰਡ ਹੋਣ ਨਾਲ ਗੁਜ਼ਾਰਾ ਮੁਸ਼ਕਲ ਹੋ ਰਿਹਾ ਸੀ। ੳਹਨਾਂ ਵੇਲਿਆਂ ਵਿੱਚ ਸਾਨੂੰ ਕਾਮਨਵੈਲਥ ਦੇ ਨਾਗਰਿਕ ਹੋਣ ਕਰਕੇ ਇੰਗਲੈਂਡ ਆਉਣ ਤੇ ਕੋਈ ਰੋਕ ਨਹੀਂ ਸੀ। ਇੱਥੇ ਉੱਤਰਦਿਆਂ ਹੀ ਸਾਨੂੰ ਵੋਟ ਦਾ ਵੀ ਅਧਿਕਾਰ ਸੀ। ਇਸੇ ਕਰਕੇ ਉਨ੍ਹਾਂ ਵੇਲਿਆਂ ਵਿੱਚ ਹੀ ਬਹੁਤੇ ਪੰਜਾਬੀ ਇੰਗਲੈਂਡ ਆਏ।

ਘਿਓ ਦਾ ਪੀਪਾ ਅਤੇ ਪਟਵਾਰ 

? ਸੰਤੋਖ ਜੀ, ਮੈਨੂੰ ਇਹ ਪਤਾ ਲੱਗਾ ਕਿ ਪੰਜਾਬ ਵਿੱਚ ਰਹਿੰਦਿਆਂ ਤੁਸੀਂ ਪਟਵਾਰ ਦੀ ਸਿੱਖਿਆ ਵੀ ਲਈ ਸੀ। ਪਰ ਲੋਕਾਂ ਦੀਆਂ ਜ਼ਮੀਨਾਂ ਮਿਣਨ ਦੀ ਥਾਂ ਤੁਸੀਂ ਕਵਿਤਾ ਦੀ ਜ਼ਰੀਬ ਨਾਲ ਲੋਕ-ਹਿਤੂ ਕੰਮਾਂ ਅਤੇ ਸਥਾਪਤੀ ਵਿਰੋਧੀ ਜ਼ਮੀਨ ਨੂੰ ਮਿਣਦੇ ਆ ਰਹੇ ਹੋ। ਇਹਦੇ ਬਾਰੇ ਕੁਝ ਦੱਸੋ? ਇਹ ਕਿਵੇਂ ਹੋਇਆ?
: ਹਾਂ ਜੀ, ਉਹ ਗੱਲ ਬੜੀ ਦਿਲਚਸਪ ਹੈ ਆਪਣੇ ਪਿੰਡਾਂ ਦੀਆਂ ਕਿੜ੍ਹਾ ਜਾਂ ਗਿਲ਼ੇ ਕਹਿ ਲੋਓ। ਗੱਲ ਇਸ ਤਰ੍ਹਾਂ ਸੀ ਕਿ 1957 ਵਿੱਚ ਕੈਰੋਂ ਸਰਕਾਰ ਸਮੇਂ ਪਟਵਾਰੀਆਂ ਨੇ ਹੜਤਾਲ ਕੀਤੀ ਤਾਂ ਨਵੇਂ ਪਟਵਾਰੀਆਂ ਨੂੰ ਭਰਤੀ ਕਰਕੇ ਟਰੇਨਿੰਗ ਦੇਣੀ ਸ਼ੁਰੂ ਕਰ ਦਿੱਤੀ। ਜਿਸ ਦੀ ਟਰੇਨਿੰਗ ਮੈਂ ਬਾਬਾ ਬਕਾਲਾ ਦੇ ਪਟਵਾਰੀ ਬਸੰਤ ਸਿੰਘ ਪਾਸੋਂ ਅਤੇ ਆਪਣੇ ਪਿੰਡ ਦੁਸਾਂਝ ਕਲਾਂ ਦੇ ਪਟਵਾਰੀ ਪਾਸੋਂ ਲਈ। ਸਾਡਾ ਇਮਤਿਹਾਨ ਅੰਮ੍ਰਿਤਸਰ ਵਿਖੇ ਨਹਿਰੀ ਵਿਭਾਗ ਦੇ ਵੱਡੇ ਦਫ਼ਤਰ ਵਿੱਚ ਸੀ। ਨਹਿਰਾਂ ਦਾ ਐਕਸੀਅਨ ਸਾਡੇ ਪਿੰਡ ਵਿਆਹਿਆ ਹੋਇਆ ਸੀ। ਉਸ ਨੂੰ ਸਿਫਾਰਸ਼ ਕੀਤੀ। ਸਾਡੇ ਪਿੰਡ ਵਾਲਾ ਪਟਵਾਰੀ ਉਸਦੇ ਸਾਲੇ ਨੂੰ ਲੈ ਕੇ ਮੇਰੇ ਸਾਹਮਣੇ ਇਮਤਿਹਾਨ ਸਮੇਂ ਮਿਲ਼ਿਆ। ਇਸ ਤੋਂ ਪਹਿਲਾਂ ਮੈਂ ਬਸੰਤ ਸਿੰਘ ਪਟਵਾਰੀ ਨਾਲ ਗੱਲ ਕੀਤੀ ਤਾਂ ਉਸ ਨੇ ਕਿਹਾ ਸੀ ਕਿ ਦੇਸੀ ਘਿਓ ਦਾ ਇੱਕ ਪੀਪਾ ਜੋ ਉਨ੍ਹਾਂ ਵੇਲਿਆਂ ਵਿਚ 88 ਰੁਪਏ ਦਾ ਆਉਂਦਾ ਸੀ, ਦੇ ਦੇ। ਸਿਫਾਰਸ਼ ਦੀ ਕੋਈ ਗਰੰਟੀ ਨਹੀਂ। ਰਿਜ਼ਲਟ ਆਏ ਤਾਂ ਮੈਂ ਫ਼ੇਲ੍ਹ ਸੀ। ਜਦੋਂ ਇਸ ਬਾਰੇ ਐਕਸੀਅਨ ਦੇ ਸਾਲ਼ੇ ਨੂੰ ਪਿੰਡ ਦੇ ਪਟਵਾਰੀ ਨੇ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਮੈਂ ਕਿਹਾ ਸੀ ਕਿ ਇਸ ਨੂੰ ਫ਼ੇਲ੍ਹ ਕਰਨਾ ਹੈ, ਕਿਉਂਕਿ ਸੰਤੋਖ ਸਿੰਘ ਮੈਨੂੰ ਆਪਣੇ ਵਿਆਹ ਸਮੇਂ ਜਨੇਤੇ ਲੈ ਕੇ ਨਹੀਂ ਸੀ ਗਿਆ। ਪਰ ਮੇਰੇ ਤਾਂ ਇਹ ਗੱਲ ਯਾਦ ਖ਼ਿਆਲ ਵਿਚ ਹੀ ਨਹੀਂ ਸੀ।

?  ਇਹ ਤਾਂ ਬਹੁਤ ਮਾੜੀ ਗੱਲ ਹੋਈ ਕਿ ਰਿਸ਼ਵਤ ਵੀ ਲਈ ਪਰ ਫ਼ੇਲ੍ਹ ਕਰਨ ਲਈ। ਅੱਛਾ ਜੀ, ਫੇਰ ਪੰਜਾਬ ਵਿੱਚ ਰਹਿੰਦਿਆਂ ਫੇਰ ਤੁਸੀਂ ਕੋਈ ਅਪਣੇ ਮਨ-ਭਾਉਂਦਾ ਕੋਈ ਹੋਰ ਕਿਹੜਾ ਕੰਮ ਕੀਤਾ? ਉਸ ਕੰਮ ਲਈ ਘਿਉ ਦੇ ਪੀਪੇ ਦੀ ਲੋੜ ਤਾਂ ਨਹੀਂ ਪਈ ਫੇਰ?
: (ਹੱਸਦੇ ਹੋਏ) ਉਸ ਲਈ ਲੋੜ ਨਹੀਂ ਪਈ। ਦਸਵੀਂ ਕਰਕੇ ਵਿਹਲੇ ਸੀ, ਇਸ ਸਮੇਂ ਕਪਾਹ ਬੀਜੀ ਸੀ, ਜਿਸ ਨੂੰ ਨਹਿਰ ਦੇ ਪਾਣੀ ਨਾਲ ਪਾਲਿਆ ਸੀ। ਏਨਾ ਕੁ ਜ਼ਿੰਦਗੀ ਵਿੱਚ ਖੇਤੀ ਦਾ ਸੁਆਦ ਦੇਖਿਆ। ਕੁਝ ਚਿਰ ਬਿਜਲੀ ਦਾ ਕੰਮ ਕੀਤਾ। ਪਿੰਡ ਵਿੱਚ ਪਹਿਲੇ ਪੱਕੇ ਘਰਾਂ ਦੀ ਬਿਜਲੀ ਫਿਟਿੰਗ ਦਾ ਕੰਮ ਕੀਤਾ, ਸਮੇਤ ਆਪਣੇ ਘਰ ਦੇ। ਇਸ ਤੋਂ ਬਿਨਾਂ ਕੰਪੋਜ਼ੀਟਰ ਦਾ ਕੰਮ ਰਾਮਗੜ੍ਹੀਆ ਕਾਲਜ ਦੀ ਪ੍ਰਿਟਿੰਗ ਪ੍ਰੈੱਸ ਤੋਂ ਸਿੱਖਿਆ। ਫ਼ਗਵਾੜੇ ਦੀਆਂ ਸਾਰੀਆਂ ਪ੍ਰੈੱਸਾਂ ਤੋਂ ਬਾਅਦ ਜਲੰਧਰ ਦੀ ਅਕਾਲੀ ਪੱਤ੍ਰਕਾ ਤੋਂ ਬਾਅਦ ਚਾਨਣ ਰਾਮ ਮਾਣਕ ਦੀ ਦੁਆਬਾ ਪ੍ਰੈੱਸ ਵਿੱਚ ਕੰਮ ਕਰਨ ਸਮੇਂ ਇੰਗਲੈਂਡ ਆ ਗਿਆ। ਉਦੋਂ ਇੰਗਲੈਂਡ ਵਿੱਚ ਆਉਣ ਦੀ ਹੁਣ ਵਾਂਗ ਸਾਨੂੰ ਕੋਈ ਮਨਾਹੀ ਨਹੀਂ ਸੀ।

ਲੋਕ-ਹਿੱਤੂ ਕੰਮਾਂ ਦੀ ਗੁੜ੍ਹਤੀ ਅਤੇ ਕਵਿਤਾ

? ਤੁਸੀਂ ਦੱਸ ਰਹੇ ਸੀ ਲੋਕ-ਹਿੱਤੂ ਕੰਮਾਂ ਦਾ ਸਭਾਅ ਤਾਂ ਘਰੋਂ ਹੀ ਗੁੜ੍ਹਤੀ ਵਿੱਚ ਤੇ ਇਨਕਲਾਬੀ ਕੰਮਾਂ ਦੀ ਪ੍ਰੇਰਨਾ ਪਿੰਡ ਦੇ ਮਹੌਲ ਵਿੱਚੋਂ ਮਿਲੀ। ਕੀ ਕਵਿਤਾ ਵੀ ਪਿੰਡ ਦੇ ਇਨਕਲਾਬੀਆਂ ਦੇ ਪ੍ਰਭਾਵ ਨਾਲ ਹੀ ਲਿਖਣ ਲੱਗੇ ਜਾਂ ਕੋਈ ਹੋਰ ਪ੍ਰੇਰਨਾ…?
: ਸਾਡੇ ਪਿੰਡ ਪੰਜਾਬੀ ਸਾਹਿਤ ਸਭਾ ਦੁਸਾਂਝ ਕਲਾਂ ਮੇਰੀ ਸੁਰਤ ਤੋਂ ਪਹਿਲਾਂ ਕੰਮ ਕਰਦੀ ਸੀ। ਇਸੇ ਤਰ੍ਹਾਂ ਸਾਡੇ ਸਕੂਲ ਵਿੱਚ ਵੀ ਹਰ ਸ਼ਨਿੱਚਰਵਾਰ ਨੂੰ ਵਿਦਿਆਰਥੀਆਂ ਦੀ ਸਭਾ ਜੁੜਦੀ ਸੀ। ਇਹਨਾਂ ਦੇ ਮੇਲ-ਜੋਲ ਨਾਲ ਕਵਿਤਾ ਪਰਪੱਕ ਹੁੰਦੀ ਗਈ। ਇਸੇ ਤਰ੍ਹਾਂ ਸਾਹਿਤ ਸਭਾ ਗੁਰਾਇਆ ਹੋਂਦ ਵਿੱਚ ਆਈ, ਜਿਸ ਦੀਆਂ ਮੀਟਿੰਗਾਂ ਮਹੀਨੇਵਾਰ ਐਤਵਾਰ ਨੂੰ ਹੁੰਦੀਆਂ ਸਨ। ਇਸ ਦੇ ਪ੍ਰਧਾਨ ਮੁਣਸ਼ਾ ਸਿੰਘ ਦੁਖੀ, ਮੀਤ ਪ੍ਰਧਾਨ ਗੁਰਦਾਸ ਰਾਮ ਆਲਮ ਅਤੇ ਹੋਰ ਮੈਂਬਰ ਸਰਵਣ ਸਿੰਘ ਅਮੋਲਕ, ਓਮ ਪ੍ਰਕਾਸ਼ ਜੋਸ਼, ਨਾਜ਼ਰ ਸਿੰਘ ਤਰਸ, ਕਸ਼ਮੀਰਾ ਸਿੰਘ ਮਾਹੀ, ਗੁਰਮੀਤ ਸਿੰਘ ਸਾਥੀ, ਰਤਨ ਰੀਹਲ, ਅਵਤਾਰ ਜੰਡਿਆਲਵੀ, ਗੁਰਮੇਲ ਰਾਹੀ (ਜੋ ਅੱਜ ਕੱਲ੍ਹ ਅਮਰੀਕਾ ਰਹਿੰਦਾ ਹੈ ਤੇ ਗੁਰੂਮੇਲ ਲਿਖਦਾ ਹੈ) ਹੁੰਦੇ ਸਨ। ਕਈ ਵੇਰ ਕਵੀਆਂ ਦੀ ਗਿਣਤੀ ਤੀਹ ਤੋਂ ਵੱਧ ਹੋ ਜਾਂਦੀ ਸੀ। ਇਹ ਮੇਰੀ ਕਵਿਤਾ ਦੇ ਮੁੱਢਲੇ ਸਰੋਤ ਕਹੇ ਜਾ ਸਕਦੇ ਹਨ।

?  ਤੁਹਾਡੇ ਪਿੰਡ ਦੁਸਾਂਝ ਕਲਾਂ ਵੀ ਸਾਹਿਤ ਸਭਾ ਸੀ। ਇਸ ਸਭਾ ਵਿੱਚ ਤੁਸੀਂ ਪਿੰਡ ਵਾਲ਼ੇ ਹੀ ਹਿੱਸਾ ਲੈਂਦੈ ਸੀ ਜਾਂ ਆਲੇ ਦੁਆਲੇ ਦੇ ਹੋਰ ਵੀ ਸ਼ਾਇਰ ਤੇ ਲੇਖਕ ਹਿੱਸਾ ਲੈਂਦੇ ਸਨ। ਜੇਕਰ ਹੋਰ ਸਾਹਿਤਕਾਰ ਵੀ ਇਕੱਠ ਹੁੰਦੇ ਸਨ ਤਾਂ ਉਸ ਵੇਲੇ ਆਪਣੇ ਪਿੰਡਾਂ ਦੇ ਕਿਹੜੇ ਕਿਹੜੇ ਲੇਖਕ ਇੱਥੇ ਇਕੱਠੇ ਹੁੰਦੇ ਰਹੇ ਹਨ?
: ਜਿਸ ਤਰ੍ਹਾਂ ਮੈਂ ਪਹਿਲਾਂ ਜ਼ਿਕਰ ਕੀਤਾ ਨਾਜ਼ਰ ਸਿੰਘ ਤਰਸ, ਪ੍ਰੀਤਮ ਸਿੰਘ ਕੰਵਲ, ਕਸ਼ਮੀਰਾ ਸਿੰਘ ਮਾਹੀ, ਜਗਜੀਤ ਸਿੰਘ ਦੁਸਾਂਝ, ਅਜੀਤ ਸਿੰਘ, ਪ੍ਰਗਟ ਸਿੰਘ ਰਾਹੀ, ਗੁਰਮੀਤ ਸਿੰਘ ਸਾਥੀ ਆਦਿ ਮੇਰੇ ਪਿੰਡ ਦੇ ਕਵੀ ਸਨ। ਇਨ੍ਹਾਂ ਤੋਂ ਬਿਨਾਂ ਓਮ ਪ੍ਰਕਾਸ਼ ਜੋਸ਼ ਕੋਟ ਗਰੇਵਾਲ, ਸਰਵਣ ਸਿੰਘ ਅਮੋਲਕ ਬੜਾ ਪਿੰਡ, ਸ਼ੌਕਤ ਢੰਡਵਾੜਵੀ ਅਤੇ ਡਾਕਟਰ ਸਾਧੂ ਸਿੰਘ, ਮੁਹਿੰਦਰ ਦੁਸਾਂਝ ਅਤੇ ਰਵਿੰਦਰ ਰਵੀ ਜਗਤਪੁਰ ਤੋਂ ਵੀ ਕਦੇ ਕਦੇ ਆ ਸ਼ਾਮਲ ਹੁੰਦੇ ਸਨ।

? ਤੁਸੀਂ ਡਾ. ਜਗਤਾਰ ਦੇ ਬਹੁਤ ਨੇੜੇ ਰਹੇ ਹੋ। ਉਨ੍ਹਾਂ ਨਾਲ ਸਾਂਝ ਗੁਰਾਇਆ ਵਿਖੇ ਸਾਹਿਤਕ ਮਿਲਣੀਆਂ ਸਮੇਂ ਹੋਈ ਜਾਂ ਪਹਿਲਾਂ ਹੀ ਤੁਸੀਂ ਇੱਕ ਦੂਜੇ ਨੂੰ ਜਾਣਦੇ ਸੀ? ਉਹਨਾਂ ਨਾਲ ਸਾਂਝ ਕਦੋਂ ਤੋਂ ਪਈ? ਡਾ. ਜਗਤਾਰ ਦੇ ਬਾਰੇ ਵੀ ਕੁਝ ਦੱਸੋ?
: ਉਹ ਗੱਲ ਇਸ ਤਰ੍ਹਾਂ ਹੈ ਜੀ, ਕਿ ਕਰਤਾਰ ਸਿੰਘ ਬਲੱਗਣ ਅੰਮ੍ਰਿਤਸਰ ਤੋਂ ‘ਕਵਿਤਾ’ ਰਿਸਾਲਾ ਕੱਢਦਾ ਸੀ। 1964 ਦਾ ਸਾਲਾਨਾ ਅੰਕ ਡਾਕਟਰ ਜਗਤਾਰ ਨੇ ਸੰਪਾਦਿਤ ਕੀਤਾ। ਉਸ ਦੀ ਮੰਗ ‘ਤੇ ਮੈਂ ਆਪਣੀ ਕਵਿਤਾ ਭੇਜੀ ਤਾਂ ਉਸ ਦਾ ਉੱਤਰ ਆਇਆ ਕਿ ਸਭਾ ਦੇ ਦੂਜੇ ਮੈਂਬਰਾਂ ਦੀਆਂ ਰਚਨਾਵਾਂ ਵੀ ਭੇਜਾਂ ਅਤੇ ਚੰਗਾ ਹੋਵੇਗਾ ਜੇਕਰ ਈਸ਼ਵਰ ਚਿਤ੍ਰਕਾਰ ਨਾਲ ਇੰਟਰਵਿਊ ਕਰਕੇ ਭੇਜਾਂ। ਓਦੋਂ ਪੰਜਾਬੀ ਸਾਹਿਤ ਸਭਾ ਲੰਡਨ ਦੇ ਈਸ਼ਵਰ ਚਿਤ੍ਰਕਾਰ ਪ੍ਰਧਾਨ ਅਤੇ ਮੈਂ ਜਨਰਲ ਸਕੱਤਰ ਸੀ। ਉਸ ਅੰਕ ਵਿੱਚ ਸਾਡੀਆਂ ਕਵਿਤਾਵਾਂ ਤੋਂ ਬਿਨਾ ਸਾਡੀ ਪ੍ਰਸ਼ਨੋਤਰੀ ਵੀ ਛਪੀ। ਉਸ ਅੰਕ ਵਿੱਚ ਬਾਵਾ ਬਲਵੰਤ, ਪ੍ਰੋਫੈਸਰ ਮੋਹਨ ਸਿੰਘ, ਡਾਕਟਰ ਹਰਭਜਨ ਸਿੰਘ ਸਮੇਤ ਕਵੀਆਂ ਦੀਆਂ ਰਚਨਾਵਾਂ ਛਪੀਆਂ। ਇਹ ਸਾਡੀ ਦੋਸਤੀ ਦੀ ਸ਼ੁਰੂਆਤ ਸੀ। ਜਦੋਂ ਮੈਂ ਇੰਗਲੈਂਡ ਤੋਂ ਪਹਿਲੀ ਵਾਰ ਭਾਰਤ ਗਿਆ ਤਾਂ ਬੰਗਲਾ ਦੇਸ਼ ਵਾਲੀ ਜੰਗ ਦਾ ਸਮਾਂ ਸੀ ਤੇ ਜਗਤਾਰ ਕੁਲਾਰਾਂ ਦੇ ਸਕੂਲ ਵਿੱਚ ਪੜ੍ਹਾਉਦਾ ਸੀ। ਉੱਥੇ ਉਸ ਨੇ ਕਵੀ ਦਰਬਾਰ ਕਰਵਾਇਆ, ਜਿਸ ਵਿੱਚ ਮੈਂ ਭਾਗ ਲਿਆ। ਇਹ ਜਗਤਾਰ ਨੂੰ ਮਿਲਣ ਦਾ ਮੇਰਾ ਪਹਿਲਾ ਮੌਕਾ ਸੀ। ਇਸ ਬਾਰੇ ਮੈਂ ਵਿਸਥਾਰ ਨਾਲ ਇੱਕ ਲੇਖ ਲਿਖਿਆ ਜੋ ਆਰਸੀ ਵਿੱਚ ਛਪਿਆ ਸੀ।

ਪਰਵਾਸੀ ਧਰਤੀ ਤੇ ਜਦੋ-ਜਹਿਦ

? ਤੁਸੀਂ ਬਹੁਤ ਲੰਮੇ ਸਮੇਂ ਤੋਂ ਇੰਗਲੈਂਡ ਵਿੱਚ ਰਹਿ ਰਹੇ ਹੋ। ਤੁਹਾਡੇ ਵਾਂਗ ਬਹੁਤ ਸਾਰੇ ਹੋਰ ਪੰਜਾਬੀ ਵੀ ਉਨ੍ਹਾਂ ਵੇਲਿਆਂ ਵਿੱਚ ਇੰਗਲੈਂਡ ਆਏ। ਬਹੁਤ ਸਾਰਿਆਂ ਤੋਂ ਤਾਂ ਇਹ ਪਤਾ ਲੱਗਦਾ ਹੈ ਕਿ ਨਸਲੀ ਵਿਤਕਰਾ ਬਹੁਤ ਜ਼ੋਰਾਂ ’ਤੇ ਸੀ। ਕੋਈ ਨਸਲੀ ਵਿਤਕਰੇ ਦਾ ਅਨੁਭਵ ਕਦੇ ਹੋਇਆ ਹੋਵੇ?
: ਨਸਲੀ ਵਿਤਕਰਾ ਥੋੜ੍ਹਾ ਬਾਹਲ਼ਾ ਹਮੇਸ਼ਾ ਰਿਹਾ ਹੈ। ਇਸੇ ਲਈ ਇਸ ਨੂੰ ਇੰਨਸਟੀਟੂਸ਼ਨਲਾਈਜ ਕਿਹਾ ਜਾਂਦਾ ਹੈ। ਉਦੋਂ ਸਾਡੇ ਆਪਣੇ ਬੰਦਿਆਂ ਵਿੱਚ ਮੋਹ ਵੀ ਬੁਹਤ ਸੀ। ਹਰ ਤਰ੍ਹਾਂ ਨਾਲ ਮਦਦ ਕਰਦੇ ਸੀ, ਜਿਸ ਤਰ੍ਹਾਂ ਨਵੇਂ ਆਏ ਬੰਦੇ ਤੋਂ ਕਰਾਇਆ ਨਾ ਲੈਣਾ ਸ਼ਾਮ ਨੂੰ ਪੱਬ ਵਿੱਚ ਲਿਜਾਕੇ ਬੀਅਰ ਪਿਲਾਉਣੀ, ਉਸ ਲਈ ਕੰਮ ਟੋਹਲਣ ਦੀ ਮਦਦ ਕਰਨੀ। ਇੰਗਲੈਂਡ ਵਿੱਚ ਮੈਨੂੰ ਪਹਿਲੇ ਦੋ ਕੰਮ ਸਾਡੇ ਪਿੰਡ ਦੇ ਬੰਦਿਆਂ ਨੇ ਲੱਭ ਕੇ ਦਿੱਤੇ। ਨਸਲੀ ਵਿਤਕਰੇ ਨੂੰ ਜੇ ਤੁਸੀਂ ਭਾਰਤ ਦੀ ਸਥਿਤੀ ਵਿੱਚ ਰੱਖ ਕੇ ਦੇਖੋ ਤਾਂ ਪਤਾ ਚਲਦਾ ਹੈ, ਇਸ ਤੋਂ ਕਿਤੇ ਵੱਧ ਵਿਤਕਰਾ ਅਸੀਂ ਆਪਣੇ ਲੋਕਾਂ ਨਾਲ ਕਰਦੇ ਹਾਂ।

? ਸੰਤੋਖ ਜੀ, ਬਹੁਤ ਸਾਰੇ ਪੰਜਾਬੀ ਸੱਠਵਿਆਂ ਵਿੱਚ ਹੀ ਇੰਗਲੈਂਡ ਆਏ। ਸ਼ਾਇਦ ਕੁਝ ਪੰਜਾਬੀ ਲੋਕ ਇਸ ਤੋਂ ਪਹਿਲਾਂ ਵੀ ਇੰਗਲੈਂਡ ਵਿੱਚ ਹੋਣਗੇ, ਜੋ ਪੰਜਾਬੀ ਵਿੱਚ ਲਿਖਦੇ ਹੋਣਗੇ, ਉਹਨਾਂ ਬਾਰੇ ਕੋਈ ਜਾਣਕਾਰੀ ਹੈ?
: ਹਾਂ ਜੀ, ਕੁਝ ਸਟੇਜੀ ਕਵੀ ਸਿੰਗਾਪੁਰ ਤੋਂ ਆਏ ਹੋਏ ਸਨ। ਈਸ਼ਵਰ ਚਿੱਤ੍ਰਕਾਰ ਤੇ ਨਾਵਲਕਾਰ ਕੇਸਰ ਸਿੰਘ ਇੱਥੇ ਆਇਆ ਹੋਇਆ ਸੀ। ਹਰਨਾਮ ਸਿੰਘ ਸ਼ਾਨ ਸੱਸੀ ਦੀ ਭਾਲ ਵਿੱਚ (ਪੀਐੱਚ-ਡੀ) ਕਰਨ ਆਇਆ ਲੰਡਨ ਦੇ ਗੁਰਦੁਆਰੇ ਠਹਿਰਿਆ ਹੋਇਆ ਸੀ।

ਸੁਚੇਤ ਕਾਮਾ ਅਤੇ ਕਵੀ

? ਤੁਸੀਂ ਇੱਕ ਸ਼ਾਇਰ ਹੋਣ ਦੇ ਨਾਲ ਨਾਲ ਟਰੇਡ-ਯੂਨੀਅਨ ਦੇ ਸਰਗਰਮ ਮੈਂਬਰ ਦੇ ਤੌਰ ‘ਤੇ ਵਿਚਰੇ ਹੋ। ਕਮਿਉਨਿਸਟ ਪਾਰਟੀ ਦੇ ਮੈਂਬਰ ਵੀ ਹੋ, ਸਾਰੇ ਪਾਸੇ ਤੁਸੀਂ ਪਲੜਾ ਸਾਵਾਂ ਕਿਵੇਂ ਰੱਖਿਆ? ਜੇਕਰ ਮੈਂ ਪਹਿਲ ਵਾਲ਼ੀ ਗੱਲ ਪੁੱਛਾਂ ਤਾਂ ਤੁਸੀਂ ਪਹਿਲ ਕਿਸ ਨੂੰ ਦਿਉਗੇ ਇੱਕ ਟਰੇਡ-ਯੂਨੀਅਨਸਿਸਟ ਨੂੰ ਜਾਂ ਇੱਕ ਸ਼ਾਇਰ ਨੂੰ?
: ਢਾਅ ਜੀ, ਮੇਰਾ ਕੰਮ ਕਵੀ ਦੇ ਤੌਰ ‘ਤੇ ਸ਼ੌਕੀਆ ਰਿਹਾ ਹੈ। ਮੈਂ ਨਿਰੋਲ ਕਵੀ ਦੇ ਤੌਰ ਨਹੀਂ ਸੀ ਜੀ ਸਕਦਾ। ਇਸ ਲਈ ਕੋਈ ਕੰਮ ਕਰਨਾ ਜ਼ਰੂਰੀ ਸੀ। ਸੁਚੇਤ ਕਾਮਾ ਟਰੇਡ-ਯੂਨੀਅਨ ਦਾ ਮੈਂਬਰ ਬਣਿਆ, ਦੂਸਰੇ ਪ੍ਰਿਟਿੰਗ ਦਾ ਕੰਮ (ਕਲੋਜ਼ ਛਾਪ) ਯੂਨੀਅਨ ਦਾ ਮੈਂਬਰ ਹੋਣਾ ਜ਼ਰੂਰੀ ਸੀ। ਕਮਿਉਨਿਸਟ ਹੋਣ ਦਾ ਮਤਲਬ ਹੈ ਕਿ ਤੁਸੀਂ ਕਿਸੇ ਨਾ ਕਿਸੇ ਰੂਪ ਵਿੱਚ ਲੋਕ ਜਥੇਬੰਦੀ ਵਿੱਚ ਸਰਗਰਮ ਹੋਵੋ। ਮੈਂ 1968 ਵਿੱਚ ਕਮਿਉਨਿਸਟ ਮੈਂਬਰ ਬਣਿਆ। ਇਸ ਤੋਂ ਬਾਅਦ 1974 ਵਿੱਚ ਆਪਣੇ ਸ਼ਹਿਰ ਵਿੱਚ ਭਾਰਤੀ ਮਜ਼ਦੂਰ ਸਭਾ ਦੀ ਬ੍ਰਾਂਚ ਬਣਾਈ। ਪਹਿਲੇ ਚਾਰ ਸਾਲ ਇਸ ਦਾ ਜਨਰਲ ਸਕੱਤਰ ਰਿਹਾ। ਫੇਰ 1978 ਤੋਂ 1982 ਤੱਕ ਚਾਰ ਸਾਲ ਮੈਂ ਪ੍ਰਧਾਨ ਰਿਹਾ। 1982 ਤੋਂ 1992 ਤੱਕ ਮੈਂ ਟਰੇਡ ਯੂਨੀਅਨ ਵਿੱਚ ਕੰਮ ਕੀਤਾ। ਯੂਨੀਅਨ ਦੀਆਂ ਤਿੰਨ ਨੈਸ਼ਨਲ ਕਾਨਫ਼ਰੰਸਾਂ ਵਿੱਚ ਭਾਗ ਲਿਆ। 1992 ਵਿੱਚ ਭਗਤ ਸਿੰਘ ਬਿਲਗਾ ਅਤੇ ਹਰਕਿਸ਼ਨ ਸਿੰਘ ਸੁਰਜੀਤ ਦੀ ਪ੍ਰਧਾਨਗੀ ਹੇਠ ਦੋ ਭਾਰਤੀ ਮਜ਼ਦੂਰ ਸਭਾਵਾਂ ਦਾ ਰਲੇਵਾਂ ਹੋਇਆ ਤਾਂ ਮੈਨੂੰ ਨਵੀਂ ਕਮੇਟੀ ਵਿੱਚ ਚੁਣਿਆ ਗਿਆ। ਜਿਸ ਵਿੱਚ ਮੈਂ ਦੋ ਸਾਲ ਬਾਅਦ ਆਪਣੀ ਬ੍ਰਾਂਚ ਦਾ ਜਨਰਲ ਸਕੱਤਰ ਚੁਣਿਆ ਗਿਆ। ਜੋ ਹੁਣ ਤੱਕ ਹਾਂ। ਇਸੇ ਤਰ੍ਹਾਂ 1995 ਤੋਂ ਇੰਡੀਅਨ ਕਮਿਉਨਟੀ ਸੈਂਟਰ ਰੈਡਿੰਗ ਵਿੱਚ ਸਰਗਰਮ ਹਾਂ। ਇੱਥੇ ਤੁਸੀਂ ਦੋ ਸਾਲ ਇੱਕ ਅਹੁਦੇ ਤੇ ਰਹਿ ਸਕਦੇ ਹੋ। 1998 ਤੋਂ ਹੁਣ ਤੱਕ ਵਾਰੀ ਵਾਰੀ ਦੋ ਸਾਲ ਪ੍ਰਧਾਨ ਤੇ ਦੋ ਸਾਲ ਜਨਰਲ ਸਕੱਤਰ ਬਣਦਾ ਆ ਰਿਹਾ ਹਾਂ। ਹੁਣ ਮੈਂ ਜਨਰਲ ਸਕੱਤਰ ਹਾਂ ਤੇ ਇਸ ਜੂਨ ਵਿੱਚ ਅਗਲੀ ਚੋਣ ਹੋਣੀ ਹੈ। ਕਮਿਉਨਿਸਟ ਹੋਣ ਨਾਤੇ ਮੈਨੂੰ ਮਾਣ ਹੈ ਕਿ ਪਾਰਟੀ ਮੈਂਬਰਸ਼ਿਪ ਬਾਕੀ ਸਭ ਤੋਂ ਪਹਿਲਾਂ ਹੈ।

? ਤੁਸੀਂ ਇੰਗਲੈਂਡ ਆ ਕੇ ਹੋਰ ਵੱਖ ਵੱਖ ਕੰਮ ਕਾਰ ਵੀ ਕੀਤੇ ਪਰ ਬਹੁਤਾ ਸਮਾਂ ਪ੍ਰੈੱਸ ਦਾ ਕੰਮ ਕੀਤਾ। ਇਸ ਕੰਮ ਦਾ ਅਨੁਭਵ ਕਿਸ ਤਰ੍ਹਾਂ ਦਾ ਰਿਹਾ, ਤੁਸੀਂ ’ਪੰਜਾਬ ਟਾਇਮਜ਼’ ਅਤੇ ’ਦੇਸ਼ ਪ੍ਰਦੇਸ਼’ ਵਿੱਚ ਵੀ ਕੰਮ ਕੀਤਾ। ਖ਼ਾਸ ਕਰਕੇ ਪ੍ਰੈੱਸ ਵਿਚ ਕੰਮ ਕਰਨ ਦਾ ਇੰਗਲੈਂਡ ਵਿੱਚ ਹੁਣ ਤੱਕ ਕਿਹੋ ਜਿਹਾ ਤਜਰਬਾ ਰਿਹਾ?
: ਇੰਗਲੈਂਡ ਆ ਕੇ ਪ੍ਰੈੱਸ ਤੋਂ ਪਹਿਲਾਂ ਜਿਹੜੇ ਕੰਮ ਕੀਤੇ ਉਹਨਾਂ ਵਿੱਚੋਂ ਇੱਕ ਤਾਂ ਚਾਕਲਿਟਾਂ ਦੀ ਫੈਕਟਰੀ ਵਿੱਚ ਸਿਰਫ਼ ਅੱਠ ਹਫਤੇ ਕੰਮ ਕੀਤਾ ਜੋ ਕ੍ਰਿਸਮਿਸ ਦੇ ਤਿਉਹਾਰ ਦੀ ਤਿਆਰੀ ਲਈ ਥੋੜ੍ਹੇ ਸਮੇਂ ਲਈ ਮਿਲਿਆ ਸੀ। ਉਸ ਤੋਂ ਬਾਅਦ ਮੈਨੂੰ ਸਾਡੇ ਪਿੰਡ ਦਾ ਮੋਟਰ-ਮਕੈਨਿਕ ਈਸਟ ਲੰਡਨ ਲੈ ਗਿਆ, ਜਿੱਥੇ ਉਸ ਨੇ ਅਪਣੇ ਹੈਲਪਰ ਦੇ ਤੌਰ ’ਤੇ ਕੰਮ ਤੇ ਰੱਖਵਾ ਲਿਆ। ਇਹ ਬੀਅਰ ਦੀ ਬਰੂਰੀ ਸੀ। ਜਦੋਂ ਕਦੇ ਟਰੱਕ ਡਰਾਇਵਰ ਦਾ ਡਰੇਅਮੈਨ ਨਾ ਆਉਂਦਾ ਤਾਂ ਮੈਨੂੰ ਡਰਾਇਵਰ ਨਾਲ ਭੇਜ ਦਿੰਦੇ। ਵੱਖ ਵੱਖ ਸ਼ਹਿਰਾਂ ਵਿੱਚ ਅਸੀਂ ਬੀਅਰ ਸਪਲਾਈ ਕਰਦੇ। ਮੇਰੇ ਪਿੰਡ ਦੇ ਮਕੈਨਿਕ ਨੇ ਉੱਥੋਂ ਕੰਮ ਛੱਡ ਦਿੱਤਾ ਕਿਉਂਕਿ ਉਸ ਦੇ ਫੋਰਮੈਨ ਨੇ ਉਸ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਸੀ। ਦੋ ਹਫਤੇ ਬਾਅਦ ਮੇਰੇ ਨਾਲ ਵੀ ਝਗੜਾ ਹੋ ਗਿਆ, ਤਦ ਮੈਨੇਜਰ ਨੇ ਮੈਨੂੰ ਕੰਮ ਤੋਂ ਜਵਾਬ ਦੇ ਦਿੱਤਾ। ਜਦੋਂ ਸ਼ਾਮ ਨੂੰ ਮੈਂ ਇਹ ਆਪਣੇ ਪੇਂਡੂ ਨੂੰ ਦੱਸਿਆ ਤਾਂ ਉਹਨੇ ਮੈਨੂੰ ਇੱਕ ਪੈਟਰੋਲ ਪੰਪ ਤੇ ਐਟੈਂਡੈਂਟ ਰੱਖਵਾ ਦਿੱਤਾ। ਛੇ ਮਹੀਨੇ ਬਾਅਦ ਮੈਂ ਇਹ ਕੰਮ ਛੱਡ ਦਿੱਤਾ। ਉਸ ਤੋਂ ਬਾਅਦ ਮੈਂ ਛੇ ਮਹੀਨੇ ਲਈ ਰੈਡਿੰਗ ਵਿਖੇ ਗੱਤੇ ਦੇ ਬਕਸੇ ਬਣਾਉਣ ਦਾ ਕੰਮ ਕੀਤਾ। ਇਹ ਬਾਰਾਂ ਘੰਟੇ ਦਿਨ ਤੇ ਬਾਰਾਂ ਘੰਟੇ ਰਾਤ ਦੀਆਂ ਸ਼ਿਫਟਾਂ ਸਨ। ਇੱਥੇ ਇਸ ਕੰਮ ਨਾਲ, ਮੈਂ ਜੋ ਕਰਜ਼ਾ ਸੀ ਸਾਰਾ ਲਾਹ ਦਿੱਤਾ। ਇੱਥੋਂ ਮੈਂ ਫੇਰ ਮੁੜ ਕੇ ਸਾਉਥਾਲ ਆ ਗਿਆ। ਏਅਰਪੋਰਟ ਦੇ ਲਾਗੇ ਕਾਰਾਂ ਦੇ ਪੁਰਜ਼ੇ ਬਣਾਉਣ ਦੀ ਫ਼ੈਕਟਰੀ ਵਿੱਚ ਸਟੋਰਮੈਨ ਦੀ ਨੌਕਰੀ ਕਰ ਲਈ। ਇੱਥੋਂ ਬੇਕਰੀ ਦੀ ਨੌਕਰੀ ਗਰੀਨਫ਼ੋਰਡ ਵਿੱਚ ਜਾ ਲੱਗਾ। 1964 ਵਿੱਚ ਪੰਜਾਬ ਟਾਈਮਜ਼ ਹਫ਼ਤੇਵਾਰ ਅਖ਼ਬਾਰ ਨਿਕਲਿਆ, ਜਿਸ ਵਿੱਚ ਮੈਂ ਕੰਪੋਜ਼ੀਟਰ ਦਾ ਕੰਮ ਕੀਤਾ। ਛੇ ਮਹੀਨੇ ਬਾਅਦ ਇਹ ਕੰਮ ਛੱਡ ਕੇ ਫੇਰ ਰੈਡਿੰਗ ਚਲਾ ਗਿਆ। ਉੱਥੇ ਇੰਪਲਾਇਮੈਂਟ ਵਾਲ਼ਿਆਂ ਅੰਗਰੇਜ਼ੀ ਦੇ ਪ੍ਰੈੱਸ ਵਿੱਚ ਨੌਕਰੀ ਲਈ ਭੇਜਿਆ, ਜਿੱਥੇ ਮੈਂ 28 ਸਾਲ ਤੱਕ ਨੌਕਰੀ ਕੀਤੀ ਅਤੇ ਇੱਥੋਂ ਹੀ ਰਿਟਾਇਰ ਹੋਇਆ। ‘ਦੇਸ਼ ਪ੍ਰਦੇਸ’ ‘ਪੰਜਾਬ ਟਾਇਮਜ਼’ ਤੋਂ ਛੇ ਮਹੀਨੇ ਪਹਿਲਾਂ ਸ਼ੁਰੂ ਹੋਇਆ। ਇਹ ਦੋਵੇਂ ਪਰਚੇ ਅੱਜ ਤੱਕ ਹਫ਼ਤਾਵਾਰ ਛਪ ਰਹੇ ਹਨ।

?  ਆਪਣੇ ਸਿਰਜਣਾਤਿਮਕ ਕੰਮ ਬਾਰੇ ਵੀ ਦੱਸੋ ਤੁਸੀਂ ਹੁਣ ਤੱਕ ਕੀ ਕੁਝ ਲਿਖਿਆ, ਕਿੰਨੇ ਕਾਵਿ-ਸੰਗ੍ਰਹਿ, ਵਾਰਤਕ, ਨਿਬੰਧ ਵਗੈਰਾ? ਮੈਨੂੰ ਪਤਾ ਲੱਗਾ ਕਿ ਤੁਸੀਂ ਕੁਝ ਲੇਖਕਾਂ ਦੇ ਰੇਖਾ-ਚਿੱਤਰ ਵੀ ਲਿਖੇ ਹਨ। ਆਮ ਲੋਕਾਂ ਵਿੱਚ ਤੁਹਾਡਾ ਇੱਕ ਸ਼ਾਇਰ ਹੋਣ ਦਾ ਹੀ ਇਮੇਜ ਹੈ। ਤੁਸੀਂ ਇਹਦੇ ਬਾਰੇ ਕੁਝ ਕਹਿਣਾ ਚਾਹੋਗੇ?
: ‘ਉੱਜਲੇ ਹਨੇਰੇ’ 1968, ‘ਰੰਗ ਰੂਪ’ 1972, ‘ਲਾਲ ਸ਼ੇਰ ਵਾਲਾ ਚੌਕ’ 1978, ‘ਯੋਧਾ’ 1987, ‘ਪੈਰਿਸ ਦੀ ਪਿਆਸ’ 1998, ‘ਇਹ ਦਿਨ’ 2012 ਪੰਜਾਬੀ ਵਿੱਚ ਛਪੇ ਮੇਰੇ ਕਾਵਿ ਸੰਗ੍ਰਿਹ ਹਨ। ‘ਈਸ਼ਵਰ ਦੇ ਖਤ’ 1987, ‘ਰੱਤਕਾਂ ਦੇ ਮੂੰਹ ਕਾਲੇ’ (ਰੇਖਾ-ਚਿੱਤਰ) ਵਾਰਤਕ ਦੀਆਂ ਕਿਤਾਬਾਂ ਹਨ। ‘ਲਹੂ ਦੇ ਨਕਸ਼’ ਡਾਕਟਰ ਜਗਤਾਰ ਅਤੇ ‘ਤੰਨ ਤੰਬੂਰ’ ਅਹਿਮਦ ਸਲੀਮ ਦੇ ਕਾਵਿ ਸੰਗ੍ਰਿਹ ਸੰਪਾਦਤ ਕੀਤੇ ਹਨ। ‘ਪੈਰਿਸ ਦੀ ਪਿਆਸ’ ਅਤੇ ‘ਰੱਤਕਾਂ ਦੇ ਮੂੰਹ ਕਾਲੇ’ ਸ਼ਾਹਮੁਖੀ ਵਿੱਚ ਲਾਹੌਰ ਤੋਂ ਵੀ ਛਪੇ ਹਨ। ਰੇਖਾ-ਚਿੱਤਰ ਇੰਗਲੈਂਡ ਦੇ ਲੇਖਕਾਂ ਬਾਰੇ ਹੀ ਹਨ। ਭਾਰਤ ਦੇ ਸਮਕਾਲੀ ਲੇਖਕਾਂ ਬਾਰੇ ਵੀ ਇੱਕ ਕਿਤਾਬ ਤਿਆਰ ਹੈ।

? ਜਦੋਂ ਤੁਸੀਂ ਪਹਿਲੀ ਕਿਤਾਬ ਛਪਵਾਈ ਹੈ, ਇਹ ਕਵਿਤਾਵਾਂ ਤੁਸੀਂ ਇੰਗਲੈਂਡ ਵਿੱਚ ਲਿਖੀਆਂ ਸਨ ਜਾਂ ਇੰਡੀਆ ਹੁੰਦਿਆਂ ਲਿਖੀਆਂ ਸਨ?
: ‘ਉੱਜਲੇ ਹਨੇਰੇ’ ਸਾਰੀ ਕਵਿਤਾ ਇੰਗਲੈਂਡ ਵਿੱਚ ਹੀ ਲਿਖੀ ਸੀ। ਦੂਜੀਆਂ ਕਿਤਾਬਾਂ ਵਿੱਚ ਕੁਝ ਕਵਿਤਾਵਾਂ ਦੁਬਾਰਾ ਸੋਧ ਕੇ ਦਿੱਤੀਆਂ ਸਨ।

? ਕਵਿਤਾ ਲਿਖਣ ਸਮੇਂ ਕਿਹੋ ਜਿਹੇ ਪਲ ਲਿਖਣ ਲਈ ਸਹਾਈ ਹੁੰਦੇ ਹਨ? ਇਕੱਲਤਾ, ਸ਼ਾਂਤ ਵਾਤਾਵਰਨ ਜਾਂ ਕਿਸੇ ਵੀ ਪਲ ਕਵਿਤਾ ਲਿਖ ਲੈਂਦੇ ਹੋ?
: ਕਵਿਤਾ ਲਿਖਣ ਲਈ ਕੋਈ ਸਮਾਂ ਵੀ ਹੋ ਸਕਦਾ ਹੈ। ਸਾਇਕਲ ਚਲਾਉਂਦਿਆਂ, ਬੱਸ ਵਿੱਚ, ਰੇਲ ਵਿੱਚ ਜਾਂ ਰਾਤ ਦੇ ਕਿਸੇ ਵੀ ਸਮੇਂ ਲਿਖੀ ਜਾਂਦੀ ਹੈ। ਪਰ ਮੈਨੂੰ ਵਾਰਤਕ ਲਿਖਣ ਲਈ ਇਕੱਲਤਾ ਤੇ ਖੁੱਲ੍ਹਾ ਸਮਾਂ ਚਾਹੀਦਾ ਹੈ।

? ਕਵਿਤਾ ਵਿੱਚ ਕਿਸ ਨੂੰ ਮੁੱਖ ਰੱਖਦੇ ਹੋ। ਵਿਚਾਰਧਾਰਾ, ਪਾਠਕ, ਸਮੱਸਿਆ ਜਾਂ ਕਿਸੇ ਹੋਰ ਪੱਖ ਨੂੰ ਧਿਆਨ ਵਿੱਚ ਰੱਖਦੇ ਹੋ?
: ਕਵਿਤਾ ਆਪਣਾ ਵਿਸ਼ਾ ਅਤੇ ਵਰਤਾਰਾ ਆਪ ਲੈ ਕੇ ਆਉਂਦੀ ਹੈ ਤੇ ਲਿਖੀ ਜਾਂਦੀ ਹੈ। ਬਾਅਦ ਵਿੱਚ ਇਸ ਨੂੰ ਸੋਧਦਿਆਂ ਵਿਚਾਰਧਾਰਾ ਅਤੇ ਪਾਠਕਾਂ ਦਾ iਖ਼ਆਲ ਆਉਂਦਾ ਹੈ। ਸਮੱਸਿਆ ਵਾਲੀਆਂ ਕਵਿਤਾਵਾਂ ਵਿਸ਼ੇ ਨੂੰ ਮੁੱਖ ਰੱਖ ਕੇ ਲਿਖੀਆਂ ਜਾਂਦੀਆਂ ਹਨ।

? ਸੰਤੋਖ ਜੀ, ਤੁਹਾਡੀ ਇੱਕ ਕਵਿਤਾ ‘ਕੰਪੋਜ਼ੀਟਰ’ ਦਾ ਬਹੁਤ ਚਰਚਾ ਹੋਇਆ ਇਹ ਕਵਿਤਾ ਲਿਖਣ ਦਾ ਕਦੋਂ ਤੇ ਕਿਵੇਂ ਸਬੱਬ ਬਣਿਆ ਇਹਦੇ ਬਾਰੇ ਕੁਝ ਦੱਸੋ?
: ਇਹ ਵੀਅਤਨਾਮ ਦੀ ਜੰਗ ਸਮੇਂ ਰੈਡਿੰਗ ਦੇ ਈਸਟਰਨ ਪ੍ਰੈੱਸ ਵਿੱਚ ਕੰਮ ਕਰਦਿਆਂ ਲਿਖੀ ਗਈ ਸੀ। ਇਹ ਮੇਰੀ ਪਹਿਲੀ ਕਿਤਾਬ ਵਿੱਚ ਹੈ। ਜਦੋਂ ਇੰਦਰਾ ਗਾਂਧੀ ਨੇ ਐਮਰਜੈਂਸੀ ਲਗਾਈ ਤਾਂ ਇਹ ਕਵਿਤਾ ਬਹੁਤ ਵਾਰ ਛਪੀ। ਕਿਉਂਕਿ ਛਪੀ ਕਿਤਾਬ ਵਿੱਚੋਂ ਹੋਣ ਕਾਰਨ ਅਤੇ ਨਾਂ ਕੰਪੋਜ਼ੀਟਰ ਹੋਣ ਕਾਰਨ ਸੈਂਸਰ ਬੋਰਡ ਦੀ ਸਮਝ ਤੋਂ ਪਰੇ ਦੀ ਗੱਲ ਸੀ। ਇਹ ਸਾਰੀ ਦੁਨੀਆ ਨੂੰ ਕਲਾਵੇ ਵਿੱਚ ਲਈ ਬੈਠੀ ਹੈ। ਹੁਣ ਕੰਪੋਜ਼ੀਟਰ ਦੀ ਥਾਂ ਕੰਮਪਿਊਟਰ ਨੇ ਲੈ ਲਈ ਹੈ।

? ਸੰਤੋਖ ਜੀ, ਇੱਕ ਹੋਰ ਕਵਿਤਾ ਪੜ੍ਹੀ ਸੀ ‘ਭਾਰਤ ਗਾਂ’ ਉਸ ਨੇ ਮੈਨੂੰ ਬਹੁਤ ਪ੍ਰਭਾਵਿਤ ਕੀਤਾ। ਇਹ ਕਵਿਤਾ ਦੀ ਸਿਰਜਣਾ ਕਦੋਂ ਤੇ ਕਿਵੇਂ ਹੋਈ? ਜਿਨ੍ਹਾਂ ਪਾਠਕਾਂ ਨੇ ਇਹ ਕਵਿਤਾ ਅਜੇ ਨਾ ਪੜ੍ਹੀ ਹੋਵੇ ਉਹਨਾਂ ਦੀ ਜਾਣਕਾਰੀ ਲਈ ਇਸ ਕਵਿਤਾ ਬਾਰੇ ਵੀ ਕੁਝ ਦੱਸੋ?
: ਸਤਨਾਮ ਜੀ, ਕਵਿਤਾ ਪੰਸਦ ਕਰਨ ਲਈ ਧੰਨਵਾਦ। ਅਸਲ ਵਿੱਚ 1971 ਦੇ ਅਖ਼ੀਰ ਵਿੱਚ ਜਦੋਂ ਮੈਂ ਪਹਿਲੀ ਵਾਰ ਭਾਰਤ ਗਿਆ, ਕਨਾਟ ਪਲੇਸ ਦੇ ਹੋਟਲ ਤੋਂ ਨਵਯੁੱਗ ਪ੍ਰੈੱਸ ਤੱਕ ਜਾਂਦਿਆਂ ਲਿਖੀ ਗਈ ਸੀ। ਉਸੇ ਦਿਨ ਬਾਵਾ ਬਲਵੰਤ ਨੂੰ ਪਹਿਲੀ ਤੇ ਆਖ਼ਰੀ ਵਾਰ ਮਿਲ਼ਿਆ ਸਾਂ। ਉਨ੍ਹਾਂ ਦਿਨਾਂ ਵਿਚ ਬਿਹਾਰ ਦਾ ਸੂਬਾ ਸੋਕੇ ਦੀ ਮਾਰ ਝੱਲ ਰਿਹਾ ਸੀ, ਜੋ ਇਸ ਕਵਿਤਾ ਦੀ ਪਿੱਠ ਭੂਮੀ ਸੀ।

? ਤੁਹਾਡੀ ਕਵਿਤਾ ਵਿੱਚ ਪਿਆਰ ਅਤੇ ਭੂ-ਹੇਰਵਾ ਨਾ ਹੋਣਾ ਜੋ ਕਿ ਪਰਵਾਸੀ ਮਨ ‘ਤੇ ਕੁਦਰਤੀ ਵਰਤਾਰਾ ਮੰਨਿਆ ਜਾਂਦਾ ਹੈ। ਇਹ ਕੋਈ ਚੇਤ ਅਚੇਤ ਯਤਨ ਹੈ ਜਾਂ ਫੇਰ ਕੋਈ ਕਾਰਨ। ਇਹਦੇ ਬਾਰੇ ਕੀ ਕਹਿਣਾ ਚਾਹੋਗੇ?
: ਢਾਅ ਜੀ ਵਿਆਹ ਮੇਰਾ 19 ਸਾਲ ਦੀ ਉਮਰ ਵਿੱਚ ਹੋ ਗਿਆ। 24 ਦੀ ਉਮਰ ਵਿੱਚ ਦੋ ਬੇਟਿਆਂ ਦਾ ਬਾਪ ਬਣ ਗਿਆ ਤੇ ਪਿਆਰ ਦਾ ਕੋਈ ਚਿੱਤ ਚੇਤਾ ਹੀ ਨਹੀਂ ਸੀ। ਪਿਆਰ ਨਾਲੋਂ ਜਿੰਮੇਵਾਰੀਆਂ ਦਾ ਅਹਿਸਾਸ ਭਾਰੂ ਸੀ। ਭੂ-ਹੇਰਵਾ, ਜਾਇਦਾਦ ਵਾਲਿਆਂ ਜਾਂ ਪੜ੍ਹਿਆਂ ਲਿਖਿਆ ਨੂੰ ਜ਼ਿਆਦਾ ਹੋਇਆ। ਮੈਂ ਭਾਰਤ ਵਿੱਚ ਵੀ ਕਾਮਾ ਸੀ ਇੱਥੇ ਵੀ ਕਾਮਾ। ਮੈਂ ਭਾਰਤ ਵਿੱਚ ਕਿਸੇ ਵੀ ਪ੍ਰੈੱਸ ਵਿੱਚ ਛੇ ਮਹੀਨੇ ਤੋਂ ਵੱਧ ਕੰਮ ਨਹੀਂ ਕੀਤਾ। ਕਿਉਂਕਿ ਮੇਰੀ ਸ਼ਰਤ ਹੁੰਦੀ ਸੀ ਕਿ ਮੇਰੀ ਤਨਖ਼ਾਹ ਪਹਿਲੀ ਤਾਰੀਕ ਨੂੰ ਨਾ ਮਿਲੇ ਤਾਂ ਮੈਂ ਵੱਧ ਤੋਂ ਵੱਧ ਗਿਆਰਾਂ ਤਾਰੀਕ ਤੱਕ ਇੰਤਜ਼ਾਰ ਕਰਾਂਗਾ, ਉਸ ਤੋਂ ਬਾਅਦ ਮੇਰਾ ਅਸਤੀਫ਼ਾ ਹੋਵੇਗਾ। ਛੇ ਮਹੀਨੇ ਤੱਕ ਅੱਪੜਦਿਆਂ ਗਿਆਰਾਂ ਤਾਰੀਕ ਲੰਘ ਜਾਣੀ ਤੇ ਮੈਂ ਘਰ ਚਲੇ ਜਾਣਾ। ਇਹੋ ਹਾਲ ਪੰਜਾਬ ਟਾਈਮਜ਼ ਵਾਲ਼ਿਆਂ ਨਾਲ ਸੀ। ਸ਼ੁੱਕਰਵਾਰ 12 ਵਜੇ ਤੱਕ ਇੰਤਜ਼ਾਰ ਕਰਕੇ ਕੰਮ ਛੱਡ ਕੇ ਬੈਠ ਜਾਣਾ ਤਾਂ ਤਨਖ਼ਾਹ ਆ ਜਾਣੀ। 28 ਸਾਲਾਂ ਵਿੱਚ ਕੰਮ ਕਰਦਿਆਂ ਇਹ ਹਰ ਸ਼ੁੱਕਰਵਾਰ ਮਿਲਦੀ ਰਹੀ। 48 ਘੰਟੇ ਦੇ ਹਫ਼ਤੇ ਦਾ ਕੰਮ ਸ਼ੁਰੂ ਕੀਤਾ, ਰਿਟਾਇਰਡ ਹੋਣ ਸਮੇਂ ਸਾਢੇ 35 ਘੰਟੇ ਦੇ ਹਫ਼ਤੇ ਤੇ ਕੰਮ ਛੱਡਿਆ, ਇਸੇ ਤਰ੍ਹਾਂ ਸਾਲ ਦੀਆਂ ਤਿੰਨ ਹਫਤੇ ਦੀਆਂ ਛੁਟੀਆਂ ਤਨਖ਼ਾਹ ਸਮੇਤ, ਪੰਜ ਹਫਤੇ ਦੀਆਂ ਛੁੱਟੀਆਂ ਦਾ ਅਨੰਦ ਮਾਣਿਆ।

? ਤੁਹਾਡੀ ਇੱਕ ਕਵਿਤਾ ‘ਗ਼ਦਰ’ ਦੀਆਂ ਕੁਝ ਸਤਰਾਂ:
‘ਗ਼ਦਰ ਹੋਇਆ ਗ਼ਦਰ ਹੋਵੇਗਾ, ਗ਼ਦਰ ਸਦਾ ਬਹਾਰ
ਕੂੜ ਗ਼ੁਲਾਮੀ ਨਫ਼ਰਤ ਮਾਰੇ, ਸਿਰਜੇ ਨਵੀਂ ਨੁਹਾਰ’

ਇਹ ਕਵਿਤਾ ਕਦੋਂ ਲਿਖੀ? ਕੀ ਤੁਹਾਨੂੰ ਸੱਚਮੁੱਚ ਲੱਗਦਾ ਇੱਕ ਹੋਰ ਗ਼ਦਰ ਦੀ ਲੋੜ ਪਵੇਗੀ? ਕੀ ਸਾਡੇ ਪੰਜਾਬੀਆਂ ਵਿੱਚ ਉਹਨਾਂ ਗ਼ਦਰੀਆਂ ਵਾਲ਼ੀ ਸੋਚ ਅਜੇ ਬਰਕਰਾਰ ਹੈ, ਜਿਨ੍ਹਾਂ ਨੇ ਦੇਸ਼ ਦੀ ਅਜ਼ਾਦੀ ਲਈ ਕੰਮ ਕੀਤਾ?
: ਇਹ ਕਵਿਤਾ ਗ਼ਦਰ ਸ਼ਤਾਬਦੀ ਸਮੇਂ ਲਿਖੀ ਗਈ। ਜਦੋਂ ਤੱਕ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਹੁੰਦੀ ਰਹੇਗੀ, ਉਦੋਂ ਤੱਕ ਗ਼ਦਰ ਦੀ ਸੰਭਾਵਨਾ ਬਣੀ ਰਹੇਗੀ, ਇਹ ਸਾਡਾ ਵਿਸ਼ਵਾਸ ਹੈ। ਜਿਹੜਾ ਵੀ ਗ਼ਦਰੀਆਂ ਦਾ ਇਤਿਹਾਸ ਫਰੋਲੇਗਾ, ਉਸ ਨੂੰ ਗ਼ਦਰ ਦੀ ਗੂੰਜ ਸੁਣਾਈ ਦਿੰਦੀ ਰਹੇਗੀ।

? ਤੁਹਾਡਾ ਇੱਕ ਕਾਵਿ-ਸੰਗ੍ਰਹਿ ‘ਯੋਧਾ’ ਹੈ, ਉਸ ਦੀ  ਵੀ ਬਹੁਤ ਚਰਚਾ ਸੁਣੀ ਹੈ। ਪਰ ਮੈਨੂੰ ਇਹ ਕਿਤਾਬ ਅਜੇ ਮਿਲ਼ੀ ਨਹੀਂ। ਕ੍ਰਿਪਾ ਕਰਕੇ ਦੱਸੋਗੇ ਕਿ ਇਸ ਕਾਵਿ-ਸੰਗ੍ਰਹਿ ਵਿੱਚ ਦੂਜੀਆਂ ਕਵਿਤਾਵਾਂ ਨਾਲੋਂ ਕੁਝ ਵੱਖ਼ਰਾ ਕਰਨ ਦੀ ਕੋਸ਼ਿਸ਼ ਕੀਤੀ ਹੈ? ਕੋਈ ਨਿਵੇਕਲਾ ਪ੍ਰਸੰਗ ਜੁੜਿਆ?
: ਹਾਂ ਜੀ, ਇਸ ਵਿੱਚ ਮੁੱਖ ਤੌਰ ‘ਤੇ ਪੰਜਾਬ ਦੇ ਸੰਤਾਪ ਨਾਲ ਸੰਬੰਧਿਤ ਕਵਿਤਾਵਾਂ ਹਨ। ਦੂਜੇ, ਇਸ ਦੇ ਆਖ਼ਰੀ ਪੰਨਿਆਂ ‘ਤੇ ਪਹਿਲੀਆਂ ਕਵਿਤਾਵਾਂ ਅਤੇ ਕਿਤਾਬਾਂ ਬਾਰੇ ਵੱਖ ਵੱਖ ਲੇਖਕਾਂ ਦੇ ਵਿਚਾਰਾਂ ਦੀਆਂ ਟੂਕਾਂ ਦਿੱਤੀਆਂ ਹੋਈਆਂ ਹਨ।

? ਤੁਸੀਂ ਆਪਣੀ ਕਵਿਤਾ ਵਿੱਚ ਵਿਸ਼ਵ ਦੇ ਮਨੁੱਖੀ ਹੱਕਾਂ ਦੇ ਖੋਹੇ ਜਾਣ ਅਤੇ ਮਨੁੱਖਤਾ ਉੱਤੇ ਹੋ ਰਹੇ ਜ਼ੁਲਮਾਂ ਨੂੰ ਚਿਤਰਣ ਦਾ ਯਤਨ ਕੀਤਾ ਹੈ। ਭਾਵੇਂ ਇਹ ਜ਼ੁਲਮ ਅਮਰੀਕਾ ਵੱਲੋਂ ਵੀਅਤਨਾਮ ਵਿੱਚ ਕੀਤਾ ਗਿਆ ਹੋਵੇ, ਭਾਵੇਂ ਇੰਗਲੈਂਡ ਵੱਲੋਂ ਏਸ਼ੀਆ ਅਤੇ ਅਫ਼ਰੀਕਾ ਵਿਚਲੇ ਲੋਕਾਂ ਤੇ ਹੋਵੇ। ਜੇਕਰ ਤੁਹਾਡੀ ਕਵਿਤਾ ਦਾ ਅਨੁਵਾਦ ਇੰਗਲਿਸ਼ ਵਿੱਚ ਹੁੰਦਾ ਤਾਂ ਸ਼ਾਇਦ ਵੱਧ ਪਾਠਕਾਂ ਤੱਕ ਗੱਲ ਜਾਂਦੀ। ਅਨੁਵਾਦ ਬਾਰੇ ਤੁਹਾਡਾ ਕੀ ਖ਼ਿਆਲ ਹੈ?
: ਹਾਂ ਇਹ ਹੋ ਸਕਦਾ ਸੀ। ਇੱਕ ਕਿਤਾਬ ਨਰੰਜਣ ਸਿੰਘ ਨੂਰ ਨੇ ‘ਝੱਖੜ ਵਿੱਚ ਮੋਮਬੱਤੀਆਂ’ ਛਪਵਾਈ, ਜੋ ਏ ਲੈਵਲ ਦੇ ਵਿਦਿਆਰਥੀਆਂ ਲਈ ਹੈ। ਇਸ ਵਿੱਚ ਇੰਗਲੈਂਡ ਦੇ ਕਵੀਆਂ ਦੀਆਂ ਤਿੰਨ ਤਿੰਨ ਕਵਿਤਾਵਾਂ ਪੰਜਾਬੀ ਅਤੇ ਅੰਗਰੇਜ਼ੀ ਵਿੱਚ ਛਪੀਆਂ ਹਨ। ਉਹਨਾਂ ਵਿੱਚ ਮੇਰੀ ਇੱਕ ਕਵਿਤਾ ‘ਲੰਡਨ ਜੂਹ ਦੇ ਸੱਪ’ ਹੈ, ਇੱਕ ਜਰਮਨ ਫ਼ਿਲਾਸਫਰ ਫਰਿੱਡ ਹਾਰਡੀ ਨੇ ਮੇਰੀਆਂ ਕਵਿਤਾਵਾਂ ਦਾ ਤਰਜਮਾ ਕੀਤਾ। ਉਹ ਕਿੰਗ ਕਾਲਜ ਲੰਡਨ ਵਿੱਚ ਫ਼ਿਲੌਸਫੀ ਦਾ ਪ੍ਰੋਫੈਸਰ ਸੀ। ਉਹ ਇੱਥੇ ਰੈਡਿੰਗ ਹੀ ਰਹਿੰਦਾ ਸੀ। ਅਸੀਂ ਹਫਤੇ ਵਿੱਚ ਇੱਕ ਵਾਰ ਮਿਲਦੇ, ਪੱਬ ਵਿੱਚ ਬੀਅਰ ਪੀਂਦੇ ਅਤੇ ਵਿਚਾਰ ਵਟਾਂਦਰਾ ਕਰਿਆ ਕਰਦੇ ਸੀ। ਕੁਝ ਸਮਾਂ ਪਹਿਲਾਂ ਉਸ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ ਸੀ। ਪਿਛਲੇ ਦਿਨੀਂ ਉਸਦੀ ਪਤਨੀ ਮਿਲ਼ੀ ਸੀ ਤੇ ਦੱਸਦੀ ਕਿ ਤੇਰੀ ਕਵਿਤਾ ਬਾਰੇ ਉਸ ਦੇ ਨੋਟ ਮਿਲੇ ਹਨ।

? ਤੁਹਾਡੀ ਕਵਿਤਾ ਦੇਸ਼ ਦੇਸ਼ਾਂਤਰਾਂ ਦੀਆਂ ਹੱਦਾਂ ਤੋਂ ਪਾਰ ਜਾ ਕੇ ਮਨੁੱਖੀ-ਹਿੱਤਾਂ ਦੀ ਰਾਖੀ ਲਈ ਔਹਲਦੀ ਨਜ਼ਰ ਆਉਂਦੀ ਹੈ। ਇਸ ਦੇ ਨਾਲ-ਨਾਲ ਆਪਣੇ ਦੇਸ਼ ਵਿਚਲੀ ਫਿਰਕਾਪ੍ਰਤੀ ‘ਤੇ ਵੀ ਚੋਟ ਕਰਦੀ ਹੈ। ਅੱਜ ਫਿਰਕਾਪ੍ਰਸਤੀ ਘਟਣ ਦਾ ਥਾਂ ਆਪਣਾ ਰੂਪ ਬੜਾ ਕਰੂਪ ਦਿਖਾ ਰਹੀ ਹੈ। ਲੋਕਾਂ ਵਿੱਚ ਇੱਕ ਦੂਜੇ ਲਈ ਸਹਿਣਸ਼ੀਲਤਾ ਪਹਿਲਾਂ ਨਾਲੋਂ ਵੀ ਘੱਟ ਗਈ ਹੈ। ਤੁਹਾਨੂੰ ਇਸ ਦਾ ਕੀ ਕਾਰਨ ਲੱਗਦਾ? ਜਦੋਂ ਕਿ ਮੇਰੇ ਖ਼ਿਆਲ ਨਾਲ ਲੋਕ ਪੜ੍ਹ ਲਿਖ ਕੇ ਸਿਆਣੇ ਹੋ ਜਾਣੇ ਚਾਹੀਦੇ ਸਨ?
: ਸਮਾਂ ਇੱਕ ਸਾਰ ਕਦੇ ਵੀ ਨਹੀਂ ਰਹਿੰਦਾ, ਇਹ ਬਦਲਦਾ ਰਹਿੰਦਾ ਹੈ। ਜੇ ਇਹ ਸਿੱਧੇ ਰੁਖ ਚੱਲੇ ਤਾਂ ਲੋਕਤਾ ਦਾ ਕਲਿਆਣ ਹੁੰਦਾ ਹੈ। ਪੁੱਠੇ ਪਾਸੇ ਤੁਰਿਆ ਖੜੋਤ ਹੀ ਪੈਦਾ ਨਹੀਂ ਕਰਦਾ, ਸਗੋਂ ਸਮੇਂ ਦੇ ਰੱਥ ਨੂੰ ਪਿਛਾਂਹ ਧੱਕ ਦਿੰਦਾ ਹੈ। ਪੰਜਾਬ ਦੇ ਕਾਲੇ ਦੌਰ ਨੇ ਐਸਾ ਪੰਜਾਬ ਨੂੰ ਪਿਛਾਂਹ ਧੱਕਿਆ ਹੈ ਜਿਸ ਦਾ ਖ਼ਮਿਆਜ਼ਾ ਆਉਣ ਵਾਲਾ ਭਲਕ ਵੀ ਭੁਗਤੇਗਾ। ਜਿਹੜੇ ਝੂਠੇ ਲਾਰੇ ਲਾ ਕੇ ਮੋਦੀ ਜਿੱਤਿਆ ਹੈ ਤੇ ਪਿਛਾਂਹ-ਖਿੱਚੂ ਸੁਪਨੇ ਦਿਖਾ ਰਿਹਾ ਹੈ, ਜਦ ਤਕ ਇਹਨਾਂ ਦਾ ਮਾੜਾ ਫ਼ਲ ਹੀ ਸਾਹਮਣੇ ਆਵੇਗਾ, ਤਦ ਤਕ ਦੇਰ ਹੋ ਜਾਵੇਗੀ। ਕੋਈ ਸਾਂਝੀ ਰਾਏ ਨਹੀਂ ਸਿਰਫ ਇੱਕ ਬੰਦੇ ਦੇ ਦੁਆਲੇ ਸਭ ਕੁਝ ਘੁੰਮ ਰਿਹਾ ਹੈ। ਪਿਛਲੇ ਸਾਲਾਂ ਵਿੱਚ ਬਦੇਸ਼ੀ ਦੌਰਿਆਂ ਤੋਂ ਬਿਨਾ ਦੇਸ਼ ਵਿੱਚ ਪਿਛਾਂਹ ਵੱਲ ਵੈਦਿਕ ਸਮੇਂ ਦੇ ਸੁਪਨੇ ਦਿਖਾ ਰਿਹਾ ਹੈ। ਲੋਕਾਂ ਨੂੰ ਵੰਡ ਕੇ ਆਪਣੀ ਕੁਰਸੀ ਨੂੰ ਬਚਾਈ ਰੱਖਣ ਲਈ ਸਾਰਾ ਜ਼ੋਰ ਲਾਇਆ ਜਾ ਰਿਹਾ ਹੈ। ਇਸ ਨਾਲ ਬਾਕੀ ਦੁਨੀਆ ਦੇ ਮੁਕਬਲੇ ਇਸ ਮੁਲਕ ਦੀ ਤਰੱਕੀ ਰੁਕ ਜਾਵੇਗੀ ਤੇ ਬਹੁਤ ਖ਼ਤਰਨਾਕ ਸਾਬਤ ਹੋਵੇਗੀ।

? ਬਿਲਕੁਲ ਜੀ ਇਹ ਰੁਝਾਨ ਬਹੁਤ ਮਾੜਾ ਹੈ। ਅੱਛਾ ਜੀ, ਮੈਨੂੰ ਲੱਗਦਾ ਹੈ ਇੰਗਲੈਂਡ ਵਿੱਚ ਪਹਿਲੀ ਪੀੜ੍ਹੀ ਨੇ ਪੰਜਾਬੀ ਵਿੱਚ ਲਿਖਣ ਦਾ ਕਾਫ਼ੀ ਕੰਮ ਕੀਤਾ ਹੈ ਪਰ ਨਵੀਂ ਪੀੜ੍ਹੀ ਵਿੱਚੋਂ ਬਹੁਤ ਸਾਰੇ ਬੱਚੇ (ਡਾਕਟਰ, ਇੰਜੀਨੀਅਰ, ਵਕੀਲ ਅਤੇ ਬਿਜ਼ਨਿਸਮੈਨ) ਤਾਂ ਬਣੇ ਹਨ, ਪਰ ਲੇਖਕ ਸ਼ਾਇਦ ਹੀ ਕੋਈ ਬਣਿਆ ਹੋਵੇ? ਜੇ ਲੇਖਕ ਬਣਿਆ ਵੀ ਤਾਂ ਇੰਗਲਿਸ਼ ਵਿੱਚ ਲਿਖਦਾ ਹੋਵੇਗਾ, ਪਰ ਪੰਜਾਬੀ ਵਿੱਚ ਨਹੀਂ। ਤੁਹਾਡਾ ਇੰਗਲੈਂਡ ਵਿਚਲੇ ਪੰਜਾਬੀ ਲੇਖਕਾਂ ਦੇ ਭਵਿੱਖ ਬਾਰੇ ਕੀ ਵਿਚਾਰ ਹੈ?
: ਜਿਸ ਤਰ੍ਹਾਂ ਗੁਰਦਵਾਰਿਆਂ ਦੀ ਭਰਮਾਰ ਹੋਈ ਹੈ। ਪੰਜਾਬੀ ਚੈਨਲ ਹੋਂਦ ਵਿੱਚ ਆਏ ਹਨ। ਪੰਜਾਬੀ ਰੇਡੀਓ ਹਰ ਵੱਡੇ ਸ਼ਹਿਰ ਵਿੱਚ ਸਥਾਪਤ ਹੋ ਚੁੱਕੇ ਹਨ। ਆਏ ਦਿਨ ਨਗਰ ਕੀਰਤਨ ਨਿੱਕਲ ਰਹੇ ਹਨ। ਇਸ ਤਰ੍ਹਾਂ ਇਹਨਾਂ ਸਭਨਾਂ ਨੂੰ ਨਵੇਂ ਪੁਰਾਣੇ ਲੇਖਕ ਹੀ ਯੋਗਦਾਨ ਦੇ ਰਹੇ ਹਨ। ਨਵੀਂ ਪੀੜ੍ਹੀ ਦਾ ਅੰਗਰੇਜ਼ੀ ਵਿੱਚ ਲਿਖਣਾ ਕੁਦਰਤੀ ਵਰਤਾਰਾ ਹੈ। ਸਾਡੇ ਪੰਜਾਬੀ ਪਰਿਵਾਰਾਂ ਵਿਚ ਜਨਮੇਂ ਬੱਚੇ ਅੰਗਰੇਜ਼ੀ ਵਿੱਚ ਲਿਖ ਰਹੇ ਹਨ। ਮੇਰੇ ਖ਼ਿਆਲ ਨਾਲ ਚੰਗੀ ਗੱਲ ਹੈ। ਬਾਕੀ ਗੱਲ ਹੈ ਕਿ ਲੰਡਨ ਵਿੱਚ ਪੰਜਾਬੀ ਜ਼ੁਬਾਨ ਬੋਲਣ ਵਾਲੇ ਦੂਜੇ ਨੰਬਰ ‘ਤੇ ਹਨ। ਭਾਵੇਂ ਇਸ ਨਾਲ ਸਾਹਿਤਕ ਕਿਰਤਾਂ ਦਾ ਤਾਂ ਜ਼ਰੂਰ ਘਾਟਾ ਪੈ ਰਿਹਾ ਹੈ ਪਰ ਆਮ ਬੋਲੀ ਦਾ ਬੋਲ-ਬਾਲਾ ਵਧਿਆ ਹੈ।

? ਕੁਝ ਆਲੋਚਕਾਂ ਦਾ ਕਹਿਣਾ ਹੈ ਕਿ ਖੱਬੇ-ਪੱਖੀ ਵਿਚਾਰਧਾਰਾ ਨੂੰ ਲੈ ਕੇ ਲਿਖਣ ਵਾਲੇ ਲੇਖਕ ਆਪਣੀਆਂ ਰਚਨਾਵਾਂ ਨੂੰ ਇੱਕ ਹਥਿਆਰ ਦੇ ਤੌਰ ’ਤੇ ਵਰਤ ਰਹੇ ਹਨ। ਉਹਨਾਂ ਦੀਆਂ ਰਚਨਾਵਾਂ ਨੂੰ ਇੱਕ ਨਾਹਰਾ ਹੀ ਕਿਹਾ ਜਾਂਦਾ ਰਿਹਾ। ਕੀ ਤੁਸੀਂ ਇਸ ਕਥਨ ਨਾਲ ਸਹਿਮਤ ਹੋ?
: ਹਥਿਆਰ ਦੀ ਥਾਂ ਲਿਖਤ ਨਹੀਂ ਲੈ ਸਕਦੀ, ਹਾਂ ਕਿਸੇ ਸਮੇਂ ਨਾਹਰਾ ਬਣ ਸਕਦੀ ਹੈ। ਚੰਗੇ ਕੰਮ ਦਾ ਨਾਹਰਾ ਬਣ ਜਾਣਾ ਮੇਰੇ ਖ਼ਿਆਲ ਵਿੱਚ ਮਾੜਾ ਨਹੀਂ। ਕਹਿਣ ਨੂੰ ਤਾਂ ਖੱਬੇ-ਪੱਖੀਆਂ ਬਾਰੇ ਬੜਾ ਕੁਝ ਕਿਹਾ ਜਾਂਦਾ ਹੈ। ਪਰ ਜਦੋਂ ਸਮੇਂ ਦਾ ਛਾਣਨਾ ਛਾਣਦਾ ਹੈ ਤਾਂ ਕਿੰਨਾ ਕੁਝ ਹੂੰਝਿਆ ਜਾਂਦਾ ਹੈ। ਤੁਸੀਂ ਪਿਛਲੇ 60 ਜਾਂ 70 ਸਾਲਾਂ ਵੱਲ ਝਾਤੀ ਮਾਰੋ ਤਾਂ ਪਤਾ ਚੱਲੇਗਾ, ਜੋ ਬਚਿਆ ਹੈ ਉਸ ਵਿੱਚ ਬਹੁਤਾ ਹਿੱਸਾ ਖੱਬੇ-ਪੱਖੀਆਂ ਦਾ ਹੀ ਹੈ।

 ਇੰਗਲੈਂਡ ਵਿੱਚ ਸਾਹਿਤਕ ਸਭਾਵਾਂ ਅਤੇ ਹੋਰ ਜਥੇਬੰਦੀਆਂ ਵਿੱਚ ਜ਼ਿੰਮੇਵਾਰੀਆਂ

? ਤੁਸੀਂ ਬੜਾ ਲੰਮਾ ਸਮਾਂ ਸਾਹਿਤਕ ਸੰਸਥਾਵਾਂ ਨਾਲ ਜੁੜੇ ਰਹੇ ਹੋ। ਮੈਨੂੰ ਇਹ ਵੀ ਪਤਾ ਲੱਗਾ ਕਿ 1964 ਤੋਂ 1966 ਤੱਕ ਜਦੋਂ ਈਸ਼ਵਰ ਚਿਤਰਕਾਰ ਸਭਾ ਦੇ ਪਹਿਲੇ ਪ੍ਰਧਾਨ ਸਨ, ਤੁਸੀਂ ਉਹਨਾਂ ਨਾਲ ‘ਪੰਜਾਬੀ ਸਾਹਿਤ ਸਭਾ ਲੰਡਨ’ ਦੇ ਜਨਰਲ ਸੈਕਟਰੀ ਵੀ ਰਹੇ ਹੋ। ਉਸ ਸਮੇਂ ਦੀਆਂ ਕੋਈ ਅਭੁੱਲ ਯਾਦਾਂ ਹੋਣ ਤਾਂ ਸਾਡੇ ਨਾਲ ਸਾਂਝੀਆਂ ਕਰੋ?
: ਉਹਨਾਂ ਦਿਨਾਂ ਵਿੱਚ ਇਹ ਇੱਕ ਹੀ ਸਾਹਿਤਕ ਜਥੇਬੰਦੀ ਸਰਗਰਮ ਹੋਣ ਕਾਰਨ ਭਾਰਤ ਤੋਂ ਆਏ ਹਰ ਸਾਹਿਤਕਾਰ ਦਾ ਸਭਾ ਵੱਲੋਂ ਆਦਰ ਮਾਣ ਕੀਤਾ ਜਾਂਦਾ ਸੀ। ਜਿਵੇਂ ਗੁਰਬਖਸ਼ ਸਿੰਘ ਪ੍ਰੀਤਲੜੀ, ਜਸਵੰਤ ਸਿੰਘ ਕੰਵਲ, ਗੁਰਮਖ ਸਿੰਘ ਮੁਸਾਫ਼ਰ, ਸੰਤ ਫਤਿਹ ਸਿੰਘ ਆਦਿ ਦਾ ਕੀਤਾ ਗਿਆ। ਪੰਜਾਬੀ ਸੂਬਾ ਬਣਨ ਦੀ ਖੁਸ਼ੀ ਵਿੱਚ ਡੁਮੀਨੀਅਨ ਸਿਨਮਾ ਹਾਲ ਵਿੱਚ ਕਵੀ ਦਰਬਾਰ ਰੱਖਿਆ ਗਿਆ। ਜਿਸ ਦੀ ਪ੍ਰਧਾਨਗੀ ਸੰਤ ਫ਼ਤਿਹ ਸਿੰਘ ਨੇ ਕਰਨੀ ਸੀ। ਉਹਨਾਂ ਦੇ ਟਾਇਮ ਸਿਰ ਨਾ ਪਹੁੰਚਣ ’ਤੇ ਜਸਵੰਤ ਸਿੰਘ ਕੰਵਲ ਨੇ ਕੀਤੀ। ਸੰਤ ਜੀ ਨੂੰ ਹੀਥਰੋ ਏਅਰਪੋਰਟ ਤੇ ਪੰਜਾਬੀ ਵਿੱਚ ‘ਜੀ ਆਇਆ’ ਆਖਿਆ ਗਿਆ ਅਤੇ ‘ਬੋਲੇ ਸੋ ਨਿਹਾਲ’ ਦੇ ਜੈਕਾਰੇ ਵੀ ਬੁਲਾਏ ਗਏ।

? ਤੁਸੀਂ ਹੋਰ ਵੀ ਬਹੁਤ ਸਾਰੀਆਂ ਸੰਸਥਾਵਾਂ ਦੇ ਨਾਲ ਜੁੜੇ ਰਹੇ ਹੋ। ਹੋਰ ਕਿਹੜੀਆਂ ਕਿਹੜੀਆਂ ਸੰਸਥਾਵਾ ਦੇ ਮੈਂਬਰ ਰਹੇ ਹੋ? ਅੱਜ ਕੱਲ੍ਹ ਤਾਂ ਰੀਟਾਇਰਡ ਹੋ, ਕੰਮਾਂ ਕਾਰਾਂ ਤੋਂ ਵਿਹਲੇ ਹੋਵੋਗੇ ਅਤੇ ਕੀ ਸਾਹਿਤਕ ਸਮਜਿਕ ਗਤੀ-ਵਿਧੀਆਂ ਚੱਲ ਰਹੀਆ ਹਨ?
: ਜਿਸ ਤਰ੍ਹਾਂ ਮੈਂ ਪਹਿਲਾਂ ਭਾਰਤ ਵਿਚਲੀਆਂ ਸਰਗਰਮੀਆਂ ਬਾਰੇ ਜ਼ਿਕਰ ਕੀਤਾ ਹੈ, ਇੱਥੇ ਇੰਗਲੈਂਡ ਦੀ ਪਹਿਲੀ ਸਾਹਿਤਕ ਜਥੇਬੰਦੀ ‘ਪੰਜਾਬੀ ਸਾਹਿਤ ਸਭਾ ਲੰਡਨ’ ਦਾ ਪਹਿਲਾ ਜਨਰਲ ਸਕੱਤਰ 1964-66 ਰਿਹਾ ਹਾਂ। 1969 ਤੋਂ 1992 ਤੱਕ ‘ਪ੍ਰਗਤੀਸ਼ੀਲ ਲਿਖਾਰੀ ਸਭਾ (ਗ ਬ)’ ਦਾ ਐਗਜ਼ੈਕਟਿਵ ਮੈਂਬਰ ਰਿਹਾਂ। ‘ਭਾਰਤੀ ਮਜ਼ਦੂਰ ਸਭਾ ਰੈਡਿੰਗ’ ਬ੍ਰਾਂਚ ਦਾ ਜਨਰਲ ਸਕੱਤਰ, ਪ੍ਰਧਾਨ ਰਿਹਾਂ ਅਤੇ ਦੋ ਵਾਰੀ ਨੈਸ਼ਨਲ ਕਲਚਰਲ ਸਕੱਤਰ ਰਿਹਾਂ। ‘ਨੈਸ਼ਨਲ ਗਰਾਫਿਕ ਯੂਨੀਅਨ ਦਾ ਔਕਸਫੋਰਡ ਐਂਡ ਬੈਰਿਕਸ਼ਾਇਰ’ ਬ੍ਰਾਂਚ ਦਾ ਮੈਂਬਰ ਰਿਹਾਂ ਅਤੇ ਨਾਲ ਹੀ ‘ਰੈਡਿੰਗ ਟਰੇਡ ਯੂਨੀਅਨ ਕੌਂਸਲ’ ਦਾ ਮੈਂਬਰ ਵੀ ਰਿਹਾਂ। ਇੰਡੀਅਨ ਕਮਿਉਨਟੀ ਸੈਂਟਰ ਦਾ ਚੇਅਰਪਰਸਨ ਅਤੇ ਜਨਰਲ ਸਕੱਤਰ ਰਿਹਾ ਹਾਂ। ਅੱਜ ਕੱਲ੍ਹ ਇਸ ਦਾ ਜਨਰਲ ਸਕੱਤਰ ਹਾਂ।

? ਸੰਤੋਖ ਜੀ, ਸਾਹਿਤਕ ਜਥੇਬੰਦੀਆਂ ਦੀ ਗੱਲ ਚੱਲੀ ਹੈ ਤਾਂ ਕ੍ਰਿਪਾ ਕਰਕੇ ਇਹ ਵੀ ਦੱਸੋ ਕਿ ਬਰਤਾਨੀਆ ਵਿੱਚ ਸਾਹਿਤ ਸਭਾਵਾਂ ਦਾ ਇਤਿਹਾਸ ਕੀ ਕਹਿੰਦਾ ਹੈ?
: ਢਾਹ ਜੀ, ਪੰਜਾਬੀ ਸਾਹਿਤ ਸਭਾ ਲੰਡਨ 1964 ਵਿੱਚ ਸਥਾਪਤ ਹੋਈ ਸੀ। ਇਹ ਇੱਕੋ ਇੱਕ ਸਾਹਿਤਕ ਸਭਾ 1969 ਤੱਕ ਹੋਂਦ ਵਿੱਚ ਰਹੀ। ਇਸ ਦਾ ਪਹਿਲਾ ਪ੍ਰਧਾਨ ਈਸ਼ਵਰ ਚਿੱਤਰਕਾਰ ਅਤੇ ਜਨਰਲ ਸਕੱਤਰ ਮੈਂ ਸੀ। ਸਾਥੋਂ ਅਗਲੀ ਜੋੜੀ ਅਵਤਾਰ ਜੰਡਿਆਲਵੀ ਪ੍ਰਧਾਨ ਅਤੇ ਦਰਸ਼ਨ ਸਿੰਘ ਗਿਆਨੀ ਜਨਰਲ ਸਕੱਤਰ ਸਨ। ਇਹਨਾਂ ਤੋਂ ਬਾਅਦ ਬਿਸ਼ੰਬਰ ਸਿੰਘ ਸਾਕੀ ਪ੍ਰਧਾਨ ਅਤੇ ਜੁਗਿੰਦਰ ਸ਼ਮਸ਼ੇਰ, ਜਨਰਲ ਸਕੱਤਰ ਸਨ। ਜੁਗਿੰਦਰ ਸ਼ਮਸ਼ੇਰ ਦੇ ਯਤਨਾਂ ਸਦਕਾ ਪਹਿਲੀ ਸਰਬ-ਬਰਤਾਨੀਆਂ ਪੰਜਾਬੀ ਕਾਨਫ਼ਰੰਸ ਹੋਈ। ਇਸ ਕਾਨਫ਼ਰੰਸ ਨੇ ਜਿੱਥੇ ਇੱਕ ਪਲੇਟਫਾਰਮ ਪੈਦਾ ਕੀਤਾ ਉਸ ਦੇ ਨਾਲ ਹੀ ਵਿਚਾਰਧਾਰਕ ਤੌਰ ‘ਤੇ ਲੇਖਕਾਂ ਦੀ ਕਤਾਰਬੰਦੀ ਕੀਤੀ, ਜਿਸ ਦੇ ਫਲਸਰੂਪ 1969 ਵਿੱਚ ਪ੍ਰਗਤੀਸ਼ੀਲ ਲਿਖਾਰੀ ਸਭਾ ਹੋਂਦ ਵਿੱਚ ਆਈ। ਜਿਸ ਦੀਆਂ ਬਾਅਦ ਵਿੱਚ ਵੱਖ ਵੱਖ ਸ਼ਹਿਰਾਂ ਵਿੱਚ ਬ੍ਰਾਂਚਾਂ ਬਣੀਆਂ, ਜਿਹਨਾਂ ਨੇ ਵੱਖ ਵੱਖ ਸ਼ਹਿਰਾਂ ਵਿੱਚ 13 ਸਰਬ-ਬਰਤਾਨੀਆ ਪੰਜਾਬੀ ਕਾਨਫ਼ਰੰਸਾਂ ਕਰਵਾਈਆਂ। ਜਿਹਨਾਂ ਵਿੱਚ ਸਾਰੇ ਲੇਖਕ ਹਿੱਸਾ ਲੈਂਦੇ ਸਨ 1980 ਵਿੱਚ ਸਾਉਥਾਲ ਬ੍ਰਾਂਚ ਵੱਲੋਂ ਵਿਸ਼ਵ ਪੰਜਾਬੀ ਕਾਨਫਰੰਸ ਕਰਵਾਈ ਗਈ, ਜਿਹੜੀ ਕਿ ਯਾਦਗਾਰੀ ਹੋ ਨਿੱਬੜੀ। ਇਸ ਵਿੱਚ ਦੁਨੀਆ ਭਰ ਵਿੱਚੋਂ ਸਭ ਤੋਂ ਵੱਧ ਪੰਜਾਬੀ ਲੇਖਕਾਂ ਨੇ ਹਿੱਸਾ ਲਿਆ। ਇਸ ਕਾਨਫ਼ਰੰਸ ਨੇ ਯੂਨੀਵਰਸਿਟੀਆਂ ਨਾਲ ਸਿੱਧੇ ਸੰਬੰਧ ਪੈਦਾ ਕੀਤੇ। ਉਦੋਂ ਹੀ ਹੋਂਦ ਵਿੱਚ ਆਈ ‘ਇੰਟਰਨੈਸ਼ਨਲ ਪੰਜਾਬੀ ਸਾਹਿਤ ਸਭਾ ਈਸਟ ਲੰਡਨ’। ਇਸਦੇ ਔਹਦੇਦਾਰ ਕਈ ਮੁਲਕਾਂ ਤੋਂ ਸਨ। ਇਸ ਸਭਾ ਦੇ ਤਿੰਨ ਮੈਂਬਰਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਡਾਕਟਰੇਟ ਦੀ ਡਿਗਰੀ ਪ੍ਰਾਪਤ ਕੀਤੀ। ਡਾ. ਚ ਸ ਚੰਨ, ਡਾ. ਗੁਦਿਆਲ ਸਿੰਘ ਰਾਏ ਅਤੇ ਡਾ. ਪ੍ਰੀਤਮ ਸਿੰਘ ਕੈਂਬੋ। ਜੇ ਅੱਜ ਦੇ ਹਾਲਾਤ ਦਾ ਜਾਇਜ਼ਾ ਲਿਆ ਜਾਵੇ ਤਾਂ ‘ਪ੍ਰਗਤੀਸ਼ੀਲ ਲਿਖਾਰੀ ਸਭਾ’ ਦੀਆਂ ਇਹ ਬਰਾਂਚਾਂ ਸਰਗਰਮ ਹਨ, ਲੈੱਸਟਰ, ਬ੍ਰਮਿੰਘਮ, ਵੁਲਵਰਹੈਂਪਟਨ, ਡਰਬੀ ਅਤੇ ਰੈਡਿੰਗ, ਜੋ ਸਾਲ ਵਿੱਚ ਇੱਕ ਫੰਕਸ਼ਨ ਜ਼ਰੂਰ ਕਰਵਾਉਂਦੀਆਂ ਹਨ। ਇਹਨਾਂ ਤੋਂ ਬਿਨਾਂ ‘ਅਦਾਰਾ ਸ਼ਬਦ’ ਅਤੇ ‘ਕਲਾ ਕੇਂਦਰ ਸਾਉਥਾਲ’ ਹਨ। ‘ਪੰਜਾਬੀ ਲਿਖਾਰੀ ਸਭਾ ਕਾਵਿੰਟਰੀ’ ਅਤੇ ‘ਲੇਖਕ ਤੇ ਪਾਠਕ ਵਿਚਾਰ ਮੰਚ ਸਲੋਹ’ ਆਪਣੇ ਫੰਕਸ਼ਨ ਕਰਵਾਉਂਦੇ ਹਨ।

? ਤੁਸੀਂ ਇੱਥੇ ਇੰਗਲੈਂਡ ਆ ਕੇ ਵੀ ਸਥਪਤੀ ਦੇ ਖ਼ਿਲਾਫ਼ ਅਤੇ ਕਾਮਾ ਜਮਾਤ ਦੇ ਹਿੱਤਾਂ ਨੂੰ ਲੈ ਕੇ ਸਰਗਰਮੀਆਂ ਵਿੱਚ ਸ਼ਾਮਲ ਰਹੇ। ਕੀ ਤੁਸੀਂ ਕਦੇ ਦੂਜੇ ਬਹੁਤ ਸਾਰੇ ਪੰਜਾਬੀਆਂ ਦੀ ਤਰ੍ਹਾਂ ਇਹ ਨਹੀਂ ਸੋਚਿਆ ਕਿ ਕੰਮ ਕਰੋ ਚਾਰ ਪੈਸੇ ਬਣਾਉ। ਲੋਕ-ਸੇਵਾ ਦੇ ਕੰਮਾਂ ਵਿੱਚੋਂ ਕੀ ਲੈਣਾ?
: ਇਹੋ ਜਿਹੀਆਂ ਮੱਤਾਂ ਦੇਣ ਵਾਲਿਆਂ ਦਾ ਘਾਟਾ ਨਹੀਂ। ਇਹ ਮੇਰੀ ਧਾਰਨਾ ਹੈ ਕਿ ਜਿੰਨਾ ਕੰਮ ਲੋਕ-ਹਿੱਤਾਂ ਲਈ ਆਪਣੀ ਵਿੱਤ ਅਨੁਸਾਰ ਕਰ ਸਕਦਾ ਹੈ, ਕਰਦੇ ਰਹਿਣਾ ਚਾਹੀਦਾ ਹੈ। ਸਰਗਰਮੀਆਂ ਦਾ ਸਿਲਸਲਾ ਜਾਰੀ ਹੈ ਤੇ ਜਾਰੀ ਰਹੇਗਾ।

? ਪਰਵਾਸ ਵਿੱਚ ਰੋਟੀ ਰੋਜ਼ੀ ਲਈ ਸਖ਼ਤ ਮਿਹਨਤ ਕਰਦਿਆਂ ਕਵਿਤਾ ਵਰਗਾ ਹੁਨਰ ਕਿਵੇਂ ਪਾਲ਼ਿਆ। ਪਰਿਵਾਰ ਵੱਲੋਂ (ਸੁਪਤਨੀ) ਵੀ ਕੋਈ ਸਹਿਯੋਗ ਮਿਲ਼ਿਆ? ਤੁਹਾਡੇ ਬੱਚਿਆਂ ਦਾ ਤੁਹਾਡੀਆਂ ਰਚਨਾਵਾਂ ਪ੍ਰਤੀ ਕਿਹੋ ਜਿਹਾ ਹੁੰਗਾਰਾ ਮਿਲਿਆ?
: ਢਾਅ ਜੀ, ਕਵਿਤਾ ਲਈ ਕੋਈ ਸਮਾਂ ਨੀਅਤ ਨਹੀਂ ਹੁੰਦਾ। ਇਹ ਕੰਮ ਕਰਦਿਆਂ ਵੀ ਲਿਖੀ ਜਾਂਦੀ ਹੈ। ਲੇਖ ਲਿਖਣ ਲਈ ਸਮਾਂ ਅਤੇ ਇਕੱਲਤਾ ਚਾਹੀਦੀ ਹੈ। ਇਹ ਮੇਰੀ ਸਟੋਰ ਕੀਪਰ ਦੀ ਨੌਕਰੀ ਸਮੇਂ ਪ੍ਰਾਪਤ ਹੋਈ। ਉੱਥੋਂ ਹੀ ਰੇਖਾ-ਚਿੱਤਰਾਂ ਦਾ ਸਿਲਸਲਾ ਸ਼ੁਰੂ ਹੋਇਆ। ਬਾਅਦ ਵਿੱਚ ਸਮਾਂ ਕੱਢਣਾ ਪੈਂਦਾ ਸੀ। ਪਤਨੀ ਦੇ ਸਹਿਯੋਗ ਬਾਰੇ ਤਾਂ ਆਪਾਂ ਪਹਿਲਾਂ ਗੱਲ ਕਰ ਹੀ ਚੁੱਕੇ ਹਾਂ। ਮੇਰੇ ਬੱਚਿਆਂ ਦੀ ਪੜ੍ਹਾਈ ਇੱਥੇ ਦੇ ਸਕੂਲਾਂ ਵਿੱਚ ਹੋਈ। ਮੇਰਾ ਵੱਡਾ ਲੜਕਾ ਐੱਮ. ਏ. ਉਸ ਤੋਂ ਛੋਟਾ ਅਤੇ ਬੇਟੀ ਗਰੈਜੂਏਟ ਹਨ। ਤੀਸਰਾ ਲੜਕਾ ਮੈਂ ਭਾਰਤੀ ਮਜ਼ਦੂਰ ਸਭਾ ਦੇ ਔਹਦੇਦਾਰ ਹੋਣ ਕਰਕੇ ਕੌਂਸਲ ਪਾਸੋਂ ਗਰੈਮਰ ਸਕੂਲ ਵਿੱਚ ਦਾਖ਼ਲਾ ਦਿਵਾਇਆ, ਜਿਸ ਵਿੱਚ ਉਹ ਸਕੂਲ ਦੀ ਮਾੜੀ ਸੁਹਬਤ ਵਿੱਚ ਫਸਕੇ ਡਰੱਗੀ ਬਣ ਗਿਆ। ਸਾਰੀ ਜ਼ਿੰਦਗੀ ਕੋਈ ਕੰਮ ਨਹੀਂ ਕਰ ਸਕਿਆ। ਅਖ਼ੀਰ 2011 ਨੂੰ 44 ਸਾਲ ਦੀ ਉਮਰ ਵਿੱਚ ਪੂਰਾ ਹੋ ਗਿਆ। ਸਤਨਾਮ ਜੀ, ਉਸ ਤਰਾਂ ਬੱਚਿਆਂ ਦੀ ਪੰਜਾਬੀ ਸਾਹਿਤ ਵੱਲ ਕੋਈ ਖ਼ਾਸ ਦਿਲਚਸਪੀ ਤਾਂ ਨਹੀਂ ਪਰ ਫੇਰ ਵੀ ਮੇਰੇ ਕੰਮ ਦਾ ਕਿਸੇ ਨੇ ਵਿਰੋਧ ਵੀ ਨਹੀਂ ਕੀਤਾ।

? ਤੁਸੀਂ ਇੱਕੋ ਸਮੇਂ ਇੰਗਲੈਂਡ, ਭਾਰਤ ਵਿਚਲੇ ਅਤੇ ਸਮੇਤ ਦੁਨੀਆਂ ਭਰ ਦੇ ਚਿੰਤਾ-ਜਨਕ ਵਿਸ਼ਿਆਂ ਨੂੰ ਆਪਣੀ ਕਵਿਤਾ ਦੇ ਕਲਾਵੇ ਵਿੱਚ ਲੈ ਰਹੇ ਹੋ, ਜਦੋਂ ਕਿ ਕੁਝ ਆਲੋਚਕਾਂ ਦਾ ਇਹ ਵੀ ਕਹਿਣਾ ਹੈ ਕਿ ਲੇਖਕ ਨੂੰ ਉਸ ਥਾਂ ਬਾਰੇ ਹੀ ਲਿਖਣਾ ਚਾਹੀਦਾ ਜਿੱਥੇ ਉਹ ਰਹਿੰਦਾ ਹੈ। ਆਪਣੀ ਰਹਾਇਸ਼ ਤੋਂ ਦੂਰ ਬੈਠੇ ਲੇਖਕ ਓਨੀ ਸ਼ਿਦਤ ਨਾਲ ਨਹੀਂ ਲਿਖ ਸਕਦੇ। ਕੀ ਤੁਸੀਂ ਇਸ ਕਥਨ ਨਾਲ ਸਹਿਮਤ ਹੋ?
: ਇਸ ਨਾਲ ਮੈਂ ਬਿਲਕੁਲ ਸਹਿਮਤ ਨਹੀਂ। ਜਦੋਂ ਤੱਕ ਕੋਈ ਲੇਖਕ ਆਪਣੀ ਰਹਿਣ ਵਾਲੀ ਥਾਂ ਛੱਡ ਕੇ ਦੁਨੀਆ ਦੇ ਹੋਰ ਹਿੱਸੇ ਨਹੀਂ ਦੇਖਦਾ, ਉਦੋਂ ਤੱਕ ਵਧੀਆ ਲਿਖਿਆ ਹੀ ਨਹੀਂ ਜਾ ਸਕਦਾ।  ਤਹਾਡੇ ਸਾਹਮਣੇ ਇਸ ਦਾ ਸਬੂਤ ਹੈ ਕਿ ਬਾਬਾ ਨਾਨਕ ਅਤੇ ਪ੍ਰੋਫੈਸਰ ਪੂਰਨ ਸਿੰਘ ਨੇ ਬਾਹਰ ਘੁੰਮ ਫਿਰ ਕੇ ਜਾਣ ਪਿੱਛੋਂ ਹੀ ਉਹਨਾਂ ਉੱਚੀ ਉਡਾਰੀ ਮਾਰੀ। ਪ੍ਰਵਾਸ ਕੋਈ ਸਾਡੇ ਨਾਲ ਹੀ ਸ਼ੁਰੂ ਨਹੀਂ ਹੋਇਆ ਇਹ ਸਦੀਆਂ ਪੁਰਾਣੀ ਪ੍ਰੰਪਰਾ ਹੈ। ਕਿੰਨੇ ਸੂਫ਼ੀ ਮਹਾਂ-ਪੁਰਸ਼ ਭਾਰਤ ਆ ਕੇ ਵਸੇ ਅਤੇ ਉਹਨਾਂ ਨੇ ਉੱਤਮ ਸਾਹਿਤ ਰਚਿਆ। ਇਹ ਲਿਖਣ ਵਾਲੇ ਗਿਆਨ, ਉਸ ਦੀ ਚੋਣ ਅਤੇ ਵਿਸ਼ੇ ਤੇ ਨਿਰਭਰ ਕਰਦਾ ਹੈ।

ਰਾਜਨੀਤਿਕ ਲਹਿਰਾਂ ਅਤੇ ਪੰਜਾਬੀ ਸਾਹਿਤ

? ਪੰਜਾਬ ਵਿੱਚ ਸਮੇਂ-ਸਮੇਂ ਕਈ ਲਹਿਰਾਂ ਚੱਲੀਆਂ ਜਿਨ੍ਹਾਂ ਨੇ ਬਾਹਰ ਬੈਠੇ ਪੰਜਾਬੀਆਂ ਨੂੰ ਵੀ ਪ੍ਰਭਾਵਿਤ ਕੀਤਾ ਪਹਿਲਾਂ ਆਜ਼ਾਦੀ ਦੀ ਲਹਿਰ ਤੋਂ ਬਾਅਦ ਸੱਤਰ੍ਹਵਿਆਂ ਵਿੱਚ ਨਕਸਲਵਾਦੀ ਲਹਿਰ ਚੱਲੀ, ਉਸ ਤੋਂ ਬਾਅਦ ਚੌਰਾਸੀ ਵਿੱਚ ਖ਼ਾਲਿਸਤਾਨੀ ਲਹਿਰ, ਬਰਤਾਨੀਆਂ ਵਿਚਲੇ ਪੰਜਾਬੀ ਲੇਖਕਾਂ ਨੇ ਇਨ੍ਹਾਂ ਲਹਿਰਾਂ ਬਾਰੇ ਕਿਹੋ ਜਿਹਾ ਪ੍ਰਭਾਵ ਮਹਿਸੂਸ ਕੀਤਾ?
: ਸਾਡੇ ਸਮੇਂ ਵਿੱਚ ਦੋ ਲਹਿਰਾਂ ਚੱਲੀਆਂ। ਇਹਨਾਂ ਦਾ ਸਿੱਧਾ ਪ੍ਰਭਾਵ ਇੰਗਲੈਂਡ ਦੇ ਲੇਖਕਾਂ ਦੀਆਂ ਲਿਖਤਾਂ ਵਿੱਚ ਦੇਖਿਆ ਜਾ ਸਕਦਾ ਹੈ। ਇਹ ਵੱਖਰੀ ਗੱਲ ਹੈ ਕਿ ਹਰ ਲੇਖਕ ਦਾ ਨਜ਼ਰੀਆ ਇੱਕੋ ਜਿਹਾ ਨਹੀਂ ਹੁੰਦਾ। ਇਸਦੇ ਕਈ ਕਾਰਨ ਹੋ ਸਕਦੇ ਹਨ। ਮੈਂ 1968 ਵਿੱਚ ਪਾਰਟੀ ਮੈਂਬਰ ਬਣਿਆ। ਉਸ ਤੋਂ ਬਾਅਦ ਦੀਆਂ ਮੇਰੀਆਂ ਲਿਖਤਾਂ ਵਿੱਚ ਪਾਰਟੀ ਪਾਲਸੀਆਂ ਦਾ ਪ੍ਰਗਟਾਵਾ ਦੇਖਿਆ ਜਾ ਸਕਦਾ ਹੈ। ਛੇ ਜੂਨ 1984 ਨੂੰ ਬਰਤਾਨੀਆ ਭਰ ਦੇ ਲੇਖਕ ‘ਦੇਸ ਪ੍ਰਦੇਸ’ ਦੇ ਦਫ਼ਤਰ ਵਿੱਚ ਇਕੱਠੇ ਸਨ। ਭਾਰਤ ਤੋਂ ਆਇਆ ਡਾਕਟਰ ਹਰਿਭਜਨ ਸਿੰਘ ਵਾਪਸ ਭਾਰਤ ਜਾ ਰਿਹਾ ਸੀ। ਚੱਲਦੀ ਮਹਿਫ਼ਲ ਸਮੇਂ ਟੈਲੀਫੂਨ ਦੀ ਘੰਟੀ ਖੜਕੀ ਤਾਂ ਸ਼ੇਰ ਜੰਗ ਜਾਂਗਲੀ ਨੇ ਚੁੱਕਿਆ ਤਾਂ ਡਾਕਟਰ ਜਗਜੀਤ ਸਿੰਘ ਦਾ ਟੈਲੀਫ਼ੋਨ ਸੀ ਕਿ ਦਰਬਾਰ ਸਾਹਿਬ ‘ਤੇ ਹਮਲਾ ਹੋ ਗਿਆ ਹੈ। ਇਸ ਰਾਤ ਤੋਂ ਬਾਅਦ ਲੇਖਕ ਦੋ ਧੜਿਆਂ ਵਿੱਚ ਵੰਡੇ ਗਏ। ਖ਼ਾਲਿਸਤਾਨ ਪੱਖੀ ਉਸ ਤੋਂ ਬਾਅਦ ਦੇਸ ਪ੍ਰਦੇਸ ਵਿੱਚ ਛਪਦੇ ਰਹੇ ਅਤੇ ਵਿਰੋਧੀਆਂ ਨੇ ਆਪਣੇ ਵਿਚਾਰ ਪੇਸ਼ ਕਰਨ ਲਈ ਨਵੇਂ ਪਰਚੇ ਕੱਢ ਲਏ। ਇਸ ਸਮੇਂ ‘ਚਰਚਾ’, ‘ਲੋਕਤਾ’, ‘ਲਲਕਾਰ’, ‘ਸ਼ੇਰੇ ਪੰਜਾਬ’ ਅਤੇ ‘ਪੰਜਾਬੀ ਦਰਪਨ’ ਹੋਂਦ ਵਿੱਚ ਆਏ। ਇਸੇ ਹਿਸਾਬ ਨਾਲ ਇਹਨਾਂ ਲਿਖਤਾਂ ਨੇ ਪੰਜਾਬੀ ਪੁਸਤਕਾਂ ਦਾ ਰੂਪ ਧਾਰਿਆ।

? ਸੰਤੋਖ ਜੀ, ਜਦੋਂ ਤੋਂ ਪੰਜਾਬੀ ਲੇਖਕ ਵਿਚਾਰਧਾਰਕ ਤੌਰ ‘ਤੇ ਵੰਡੇ ਗਏ, ਕੁਝ ਖ਼ਾਲਿਸਤਾਨੀ ਲਹਿਰ ਦੀ ਹਮਾਇਤ ਕਰਦੇ ਸਨ ਕੁਝ ਵਿਰੋਧ ਵਿੱਚ ਸਨ। ਤੁਹਾਨੂੰ ਕੀ ਲੱਗਦਾ ਕਿ ਬਾਹਰ ਬੈਠੇ ਪੰਜਾਬੀ ਪੰਜਾਬ ਦੀਆਂ ਸਮੱਸਿਆਵਾਂ ਨੂੰ ਸਮਝ ਨਹੀਂ ਸਕਦੇ ਜਾਂ ਰਾਜਨੀਤਿਕ ਵਿਚਾਰਧਾਰਾ ਦੇ ਵਖ਼ਰੇਵੇਂ ਕਰਕੇ ਇੱਕ ਦੂਜੇ ਦੀ ਗੱਲ ਸਮਝਣ ਸੁਣਨ ਨੂੰ ਤਿਆਰ ਹੀ ਨਹੀਂ ਸਨ?
: ਦੇਖੋ, ਇਹ ਹਰ ਲੇਖਕ ਦੀ ਸਮਝਦਾਰੀ ਅਤੇ ਕਲਾ ਤੇ ਨਿਰਭਰ ਕਰਦਾ ਹੈ। 1985 ਵਿੱਚ ਮੈਂ ਭਾਰਤ ਗਿਆ ਸੀ। ਉਦੋਂ ਦੇਸ਼ ਭਗਤ ਯਾਦਗਾਰ ਹਾਲ ਵਿੱਚ ਕਵੀ ਦਰਬਾਰ ਵਿੱਚ ਪਾਸ਼ ਨੇ ਇੰਦਰਾ ਗਾਂਧੀ ਬਾਰੇ ਕਵਿਤਾ ਪੜ੍ਹੀ ਸੀ ਅਤੇ ਮੈਂ ਭਿੰਡਰਾਂਵਾਲੇ ਬਾਰੇ। ਦੋਹਾਂ ਕਵਿਤਾਵਾਂ ਬਾਰੇ ਚਰਚਾ ਹੋਈ ਸੀ। ਦੋਹਾਂ ਨੂੰ ਖੂਬ ਦਾਦ ਮਿਲੀ ਸੀ। ਦੇਸ਼ ਦੀ ਇੱਕ ਜੁਟਤਾ ਅਖੰਡਤਾ ਲਈ ਕੁਰਬਾਨੀਆਂ ਦੇਣ ਵਾਲਿਆਂ ਦਾ ਅਸੀਂ ਪੱਖ ਪੂਰਦੇ ਸੀ।

ਪਹਿਲੀ ਪੀੜ੍ਹੀ ਦੀ ਦੋਚਿੱਤੀ

? ਸਾਡੇ ਪੰਜਾਬੀ ਲੋਕ ਪਿਛਲੇ ਪੰਜ ਛੇ ਦਹਾਕਿਆਂ ਤੋਂ ਬਰਤਾਨੀਆ ਵਿੱਚ ਰਹਿ ਰਹੇ ਹਨ। ਤੁਹਾਡੇ ਸਮਕਾਲੀ ਪੰਜਾਬੀ ਤਾਂ ਪਹਿਲਾਂ ਪਹਿਲ ਇਹ ਸੋਚ ਕੇ ਆਏ ਹੋਣਗੇ ਕਿ ਚਾਰ ਪੈਸੇ ਕਮਾ ਕੇ ਦੇਸ਼ ਵਾਪਸ ਚਲੇ ਜਾਣਾ ਹੈ। ਉਹਨਾਂ ਨੂੰ ਭੂ-ਹੇਰਵਾ ਵੀ ਸੀ। ਕੀ ਤੁਹਾਨੂੰ ਲੱਗਦਾ ਹੈ ਕਿ ਪਹਿਲੀ ਪੀੜ੍ਹੀ ਅਜੇ ਵੀ ਬਿਗਾਨੇਪਨ ਦਾ ਅਹਿਸਾਸ ਕਰਦੀ ਹੈ ਅਤੇ ਅਜੇ ਵੀ ਦੇਸ਼ ਜਾਣਾ ਚਾਹੁੰਦੇ ਹਨ? ਜਾਂ ਫੇਰ ਇੰਗਲੈਂਡ ਨੂੰ ਹੀ ਆਪਣਾ ਦੇਸ਼ ਮੰਨ ਕੇ ਤਸੱਲੀ ਮਹਿਸੂਸ ਕਰਦੇ ਹਨ?
: ਪ੍ਰਵਾਸ ਦੀ ਪਹਿਲੀ ਪੀੜ੍ਹੀ ਹਮੇਸ਼ਾ ਡਾਵਾਂ-ਡੋਲ ਰਹਿੰਦੀ ਹੈ। ਸਾਡੇ ਤੋਂ ਪਹਿਲਾਂ ਆਉਣ ਵਾਲੇ ਵੀ ਇਸੇ ਆਸ਼ਾ ਨਾਲ ਆਉਂਦੇ ਸਨ। ਪੰਜ ਛੇ ਸਾਲ ਕੰਮ ਕਰਕੇ ਪੈਸੇ ਜੋੜਦੇ ਤੇ ਮੁੜ ਜਾਂਦੇ ਸਨ। 1962 ਵਿੱਚ ਵੀ ਜਦੋਂ ਅਸੀਂ ਇੱਥੇ ਆਏ ਤਾਂ ਪਰਿਵਾਰਾਂ ਨੂੰ ਮੰਗਵਾਉਣਾ ਸ਼ੁਰੂ ਕੀਤਾ। ਪਰਿਵਾਰਾਂ ਦੇ ਨਾਲ ਹੀ ਬੱਚਿਆਂ ਦੀ ਪੜ੍ਹਾਈ ਦੇ ਮਸਲੇ ਸ਼ੁਰੂ ਹੋਏ। ਪਰਿਵਾਰਾਂ ਦੇ ਰਹਿਣ ਲਈ ਘਰਾਂ ਦੀ ਖ਼ਰੀਦ ਸ਼ੁਰੂ ਹੋਈ। ਇਹਨਾਂ ਸਭ ਗੱਲਾਂ ਨੇ ਸੋਚਾਂ ਵਿੱਚ ਦੁਚਿੱਤੀ ਪੈਦਾ ਕੀਤੀ। ਜਿਸ ਕਾਰਨ ਪੱਕੇ ਤੌਰ ‘ਤੇ ਇੱਥੇ ਰਹਿਣ ਦੇ ਯਥਾਰਥ ਦੇ ਰੂਬਰੂ ਹੋਣਾ ਲਾਜ਼ਮੀ ਸੀ। ਫੇਰ ਵੀ ਸਾਂਝੇ ਘਰਾਂ ਦੇ ਬੰਦੇ ਆਪਣੇ ਮਾਪਿਆਂ ਦੀ ਵੀ ਸਹਾਇਤਾ ਕਰਦੇ ਰਹੇ। ਉਹ ਜਦੋਂ ਦੇਸ਼ ਪਰਤ ਕੇ ਆਪਣੇ ਪਿਛਲੇ ਭੈਣ ਭਰਾਵਾਂ (ਘਰਦਿਆਂ) ਦਾ ਵਤੀਰਾ ਦੇਖਦੇ ਤਦ ਮੁੜ ਕੇ ਇੰਗਲੈਂਡ ਨੂੰ ਆਪਣਾ ਪੱਕਾ ਘਰ ਸਮਝਣ ਲੱਗਦੇ। ਇੱਥੋਂ ਦੀਆਂ ਸਹੂਲਤਾਂ ਨੂੰ ਤਰਜੀਹ ਦੇਂਦੇ ਅਤੇ ਭਾਰਤ ਵਿੱਚੋਂ ਕੋਈ ਆਸ ਨਾ ਰੱਖਦੇ।

ਪੰਜਾਬੀਆਂ ਦੀ ਬਰਤਾਨੀਆ ਰਾਜਨੀਤੀ ਵਿੱਚ ਹਿੱਸੇਦਾਰੀ

? ਸੰਤੋਖ ਜੀ, ਇੰਨੇ ਚਿਰ ਤੋਂ ਬਰਤਾਨੀਆ ਵਿੱਚ ਰਹਿ ਰਹੇ ਪੰਜਾਬੀ ਲੋਕ ਆਰਥਿਕ ਪੱਖੋਂ ਤਾਂ ਕਾਫ਼ੀ ਸੌਖੇ ਵੀ ਹੋ ਗਏ ਹੋਣਗੇ ਤੇ ਦੂਜੀ ਤੀਜੀ ਪੀੜ੍ਹੀ ਚੰਗੀ ਵਿੱਦਿਆ ਵੀ ਪ੍ਰਾਪਤ ਕਰ ਚੁੱਕੀ ਹੋਵੇਗੀ ਪਰ ਲੱਗਦਾ ਹੈ ਕਿ ਪੰਜਾਬੀਆਂ ਨੇ ਬਰਤਾਨੀਆਂ ਦੀ ਰਾਜਨੀਤੀ ਵਿੱਚ ਬਹੁਤੀ ਦਿਲਚਸਪੀ ਨਹੀਂ ਲਈ। ਤੁਹਾਡਾ ਕੀ ਵਿਚਾਰ ਹੈ ਕਿ ਪੰਜਾਬੀਆਂ ਨੇ ਇੱਧਰ ਦਿਲਚਸਪੀ ਕਿਉਂ ਨਹੀ ਲਈ?
: ਨਹੀਂ ਜੀ, ਇਹ ਗੱਲ ਨਹੀਂ ਹੈ। ਸਾਡੇ ਭਾਰਤੀਆਂ ਦੀ ਰਾਜਨੀਤੀ ਵਿੱਚ ਸਰਗਰਮੀ ਤਾਂ ਆਜ਼ਾਦੀ ਤੋਂ ਪਹਿਲਾਂ ਵੀ ਸੀ। ਉਹ ਜ਼ਿਆਦਾਤਰ ਵਿਰੋਧ ਦੀ ਰਾਜਨੀਤੀ ਸੀ। ਭਾਰਤੀ ਮਜ਼ਦੂਰ ਸਭਾ ਦੀ ਸਥਾਪਨਾ 1938 ਵਿੱਚ ਹੋ ਗਈ ਸੀ। 1926 ਵਿੱਚ ਇੱਕ ਭਾਰਤੀ ਸੁਕਲਾਤ ਵਾਲਾ ਬਰਤਾਨਵੀ ਪਾਰਲੀਮਿੰਟ ਮੈਂਬਰ ਚੁਣਿਆ ਗਿਆ ਸੀ। ਇਸੇ ਤਰ੍ਹਾਂ ਕਈ ਸ਼ਹਿਰਾਂ ਵਿੱਚ ਕੌਂਸਲਰ ਚੁਣੇ ਜਾਂਦੇ ਸਨ। ਕ੍ਰਿਸ਼ਨਾ ਮੈਨਨ ਵੀ ਇੱਕ ਕੌਂਸਲਰ ਸੀ। ਨਹਿਰੂ ਨੇ ਉਸ ਨੂੰ ਸੱਦ ਕੇ ਭਾਰਤ ਦਾ ਡੀਫੈਂਸ ਮਨਿਸਟਰ ਬਣਾਇਆ। ਸਾਨੂੰ ਪਹਿਲੇ ਦੋ ਤਿੰਨ ਦਹਾਕੇ ਆਪਣੇ ਹੱਕਾਂ ਲਈ ਅਤੇ ਨਸਲੀ ਵਿਤਕਰੇ ਵਿਰੁੱਧ ਲੜਾਈ ਲੜਨੀ ਪਈ। ਇਸ ਤੋਂ ਬਾਅਦ ਇੱਥੋਂ ਦੀ ਰਾਜਨੀਤੀ ਵਿੱਚ ਸਰਗਰਮੀ ਸ਼ੁਰੂ ਹੋਈ ਹੈ।ਹੌਲ਼ੀ ਹੌਲੀ ਸਾਡੇ ਲੋਕ ਵੀ ਰਾਜਨੀਤੀ ਵਿੱਚ ਦਿਲਚਸਪੀ ਲੈ ਰਹੇ ਹਨ।

? ਮੈਨੂੰ ਇਸ ਤਰ੍ਹਾਂ ਲੱਗਦੈ  ਕਿ ਇੰਨੇ ਲੰਮੇਂ ਸਮੇਂ ਤੋਂ ਰਹਿ ਰਹੇ ਪੰਜਾਬੀਆਂ ਨੂੰ ਬਰਤਾਨੀਆ ਸਰਕਾਰ ਨੇ ਵੀ ਕੋਈ ਖ਼ਾਸ ਨੁਮਾਇੰਦਗੀ ਨਹੀਂ ਦਿੱਤੀ, ਜਿਸ ਤਰ੍ਹਾਂ ਸਾਡੇ ਕੈਨੇਡਾ ਵਿੱਚ ਪੰਜਾਬੀਆਂ ਨੇ ਆਪ ਵੀ ਰਾਜਨੀਤੀ ਵਿੱਚ ਦਿਲਚਸਪੀ ਲਈ ਹੈ ਅਤੇ ਮੌਕੇ ਦੀ ਲਿਬਰਲ ਸਰਕਾਰ ਨੇ ਵੀ ਲੋੜੀਂਦੀ ਨੁਮਾਇੰਦਗੀ ਦਿੱਤੀ ਹੈ। ਤੁਸੀਂ ਰਾਜਨੀਤਿਕ ਸੋਝੀ ਰੱਖਣ ਵਾਲੇ ਵਿਅਕਤੀ ਹੋ, ਯੂ. ਕੇ. ਵਿੱਚ ਪੰਜਾਬੀਆਂ ਦਾ ਸਿਆਸੀ ਭਵਿੱਖ ਕਿਵੇਂ ਦੇਖ ਰਹੇ ਹੋ?
: ਢਾਅ ਜੀ, ਸਾਡੇ ਪ੍ਰਾਇਮ ਮਨਿਸਟਰ ਡੇਵਿਡ ਕੈਮਰਾਨ ਨੇ ਭਵਿੱਖ ਬਾਣੀ ਕੀਤੀ ਹੈ ਕਿ ਉਹ ਦਿਨ ਦੂਰ ਨਹੀਂ ਜਦੋਂ ਇੰਗਲੈਂਡ ਦਾ ਪ੍ਰਾਇਮ ਮਨਿਸਟਰ ਇੱਕ ਭਾਰਤੀ ਹੋਵੇਗਾ। ਇਸ ਲਈ ਤੁਸੀਂ ਸਮਝ ਸਕਦੇ ਹੋ ਕਿ ਆਉਣ ਵਾਲਾ ਸਮਾਂ ਆਪਣੇ ਪਰਾਂ ਹੇਠ ਕੀ ਛੁਪਾਈ ਬੈਠਾ ਹੈ। ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਕੋਈ ਸਰਕਾਰੀ ਮਹਿਕਮਾ ਅਜਿਹਾ ਨਹੀਂ ਜਿੱਥੇ ਉੱਚੇ ਅਹੁਦੇ ਤੇ ਭਾਰਤੀ ਨਾ ਹੋਵੇ। ਇਸੇ ਤਰ੍ਹਾਂ ਮੀਡੀਆ ਦੇ ਰੀਪੋਰਟਰਾਂ ਤੋਂ ਐਡੀਟਰਾਂ ਤਕ ਭਾਰਤੀ ਹਨ। ਨੈਸ਼ਨਲ ਹੈਲਥ ਵਿੱਚ ਭਾਰਤੀ ਡਾਕਟਰਾਂ ਦੀ ਬੁਹ-ਗਿਣਤੀ ਹੈ। ਹਾਂ, ਇੰਗਲੈਂਡ ਵਿੱਚ ਪੰਜਾਬੀ ਵੀ ਭਾਰਤੀ ਹਨ, ਕੈਨੇਡਾ ਨਾਲੋਂ ਇਹ ਫ਼ਰਕ ਜ਼ਰੂਰ ਹੈ।

? ਪਹਿਲੇ ਵੇਲਿਆਂ ਵਿੱਚ ਬਰਤਨੀਆ ਵਿੱਚ ਇੰਡੀਅਨ ਵਰਕਰ ਐਸੋਸੀਏਸ਼ਨ ਨਾਂ ਦੀ ਇੱਕ ਸੰਸਥਾ ਕਾਫੀ ਸਰਗਰਮ ਰਹੀ ਹੈ। ਇਹਦੇ ਬਾਰੇ ਦੱਸੋ, ਇਸ ਦੀਆਂ ਕੀ ਪ੍ਰਾਪਤੀਆਂ ਹਨ/ਸਨ। ਕੀ ਇਹ ਅੱਜ ਕੱਲ੍ਹ ਵੀ ਓਨੀ ਸਰਗਰਮ ਹੈ?
: ਅੱਜ ਕੱਲ੍ਹ ਜਿਹੜੀ ਨੀਤੀ ਸਰਕਾਰ ਦੀ ਹੈ ਕਿ ਜੀਵਨ ਸਾਥੀ ਬਾਹਰੋਂ ਮੰਗਵਾਉਣ ਸਮੇਂ 1860 ਪੌਂਡ ਸਾਲਾਨਾ ਆਮਦਨ ਦੀ ਸ਼ਰਤ ਸੀ। ਇਸ ਵਿਰੁੱਧ ਭਾਰਤੀ ਮਜ਼ਦੂਰ ਸਭਾ ਨੇ ਤਿੰਨ ਵਾਰ ਪਾਰਲੀਮਿੰਟ ਵਿੱਚ ਲਾਬੀ ਕੀਤੀ ਕਿ ਇਹ ਰਕਮ ਘੱਟੋ ਘੱਟ ਵੇਜਿਜ਼ ਦੇ ਹਿਸਾਬ ਹੋਣੀ ਚਾਹੀਦੀ ਹੈ। ਜੋ 8000 ਪੌਂਡ ਤੋਂ ਘੱਟ ਹੈ। ਇਸੇ ਤਰ੍ਹਾਂ ਭਾਰਤੀ ਨਰਸਾਂ ਨੂੰ ਤਨਖ਼ਾਹ ਗੋਰੀਆਂ ਨਰਸਾਂ ਤੋਂ ਘੱਟ ਦਿੱਤੀ ਜਾਂਦੀ ਸੀ, ਉਸ ਵਿਰੁੱਧ ਲੜਾਈ ਲੜੀ। ਫੇਰ ਵਿਜ਼ਟਰਾਂ ਨੂੰ ਬੌਂਡ ਭਰਨ ਤੋਂ ਛੋਟ ਦਵਾਈ। ਸਾਡੀ ਤੀਜੀ ਪੀੜ੍ਹੀ ਨੂੰ ਵੀ ਇੰਮੀਗਰੈਂਟ ਕਹਿਣ ਵਰਗੇ ਵੱਖਰੇਵਿਆਂ ਵਿਰੁੱਧ ਲੜਾਈ ਜਾਰੀ ਹੈ। ਪਰ ਹੁਣ ਸਰਕਾਰ ਵੀ ਕੁਝ ਬਦਲ ਰਹੀ ਹੈ ਪਹਿਲਾਂ ਵਾਲ਼ੀ ਸਥਿਤੀ ਵੀ ਬਦਲ ਰਹੀ ਹੈ।

? ਸੰਤੋਖ ਜੀ! ਤੁਸੀਂ ਸੰਸਾਰਕ ਉਥਲ਼ ਪੁਥਲ ਨੂੰ ਬੜੇ ਗੌਰ ਨਾਲ ਦੇਖਦੇ ਸੁਣਦੇ ਰਹਿੰਦੇ ਹੋ। ਅੱਜ ਕੱਲ੍ਹ ਵਿਸ਼ਵੀਕਰਨ ਦਾ ਬੜਾ ਬੋਲ-ਬਾਲਾ ਹੈ। ਕੁਝ ਲੋਕ ਤਾਂ ਕਹਿੰਦੇ ਹਨ ਕਿ ਸਮਾਜਵਾਦ ਤੋਂ ਬਾਅਦ ਪੂੰਜੀਵਾਦ ਦੀਅਾਂ ਨੀਹਾਂ ਵੀ ਹਿੱਲ ਚੁੱਕੀਆਂ ਹਨ। ਪਰ ਸਰਮਾਏਦਾਰ ਮੁਲਕ ਗ਼ਰੀਬ ਮੁਲਕਾਂ ਵਿੱਚ ਗ਼ਰੀਬੀ ਹਟਾਉਣ ਦੇ ਪਰਦੇ ਹੇਠ ਉੱਥੇ ਜਾ ਕੇ ਆਪਣੇ ਕਾਰੋਬਾਰ ਵਧਾ ਰਹੇ ਹਨ। ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੰਦੇ ਹੋ?
: ਸਾਡਾ ਯਕੀਨ ਹੈ ਕਿ ਲੋਕਾਈ ਦਾ ਕਲਿਆਣ ਸਮਾਜਵਾਦ ਨਾਲ ਹੀ ਹੋਣਾ ਹੈ। ਸਰਮਾਏਦਾਰੀ ਦੀ ਮੌਤ ਇਹਦੇ ਐਕਸ਼ਨਾਂ ਨੇ ਹੀ ਪੈਦਾ ਕਰਨੀ ਹੈ। ਜਿਵੇਂ ਨਿਊਯਾਰਕ ਦੇ ਦੋ ਟਾਵਰਾਂ ਦਾ ਢਹਿਣਾ ਕਦੇ ਸੋਚਾਂ ਤੋਂ ਵੀ ਦੂਰ ਸੀ। ਇਸੇ ਤਰ੍ਹਾਂ ਖ਼ੁਫੀਆ ਰੀਪੋਰਟਾਂ ਦਾ ਇੱਕ ਵਿਅਕਤੀ ਵੱਲੋਂ ਨਸ਼ਰ ਕਰਨਾ ਸਾਰੀ ਦੁਨੀਆ ਲਈ ਹੈਰਾਨੀ ਵਾਲਾ ਸੀ। ਵਿਸ਼ਵੀਕਰਨ ਦਾ ਫਾਇਦਾ ਜ਼ਰੂਰੀ ਨਹੀਂ ਕਿ ਸਰਮਾਏਦਾਰ ਸਦਾ ਲਈ ਉਠਾਏਗਾ। ਇਸ ਨੂੰ ਵਿਰੋਧੀ ਵੀ ਇਸਤੇਮਾਲ ਕਰ ਸਕਦੇ ਹਨ। ਅਮਰੀਕਾ ਤੋਂ ਪਹਿਲਾਂ ਦੂਜੀ ਵਿਸ਼ਵ ਜੰਗ ਤਕ ਇੰਗਲੈਂਡ ਦਾ ਬੋਲਬਾਲਾ ਸੀ। ਜਿਸ ਦੀ ਸਲਤਨਤ ਦਾ ਕਦੇ ਸੂਰਜ ਨਾ ਸੀ ਛੁਪਦਾ ਤੇ ਹੁਣ ਚੜ੍ਹਦੇ ਦਾ ਵੀ ਕਈ ਦਿਨਾਂ ਤੱਕ ਮੂੰਹ ਨਹੀਂ ਦਿਸਦਾ! ਦੁਨੀਆ ਨੂੰ ਜਿੱਤਣ ਵਾਲੀਆਂ ਸਲਤਨਤਾਂ ਦਾ ਬਦਲ ਹਮੇਸ਼ਾ ਬਣਿਆ ਰਿਹਾ ਹੈ।

ਖੱਬੇ-ਪੱਖੀ ਵਿਚਾਰਧਾਰਾ ਲਈ ਪਰਿਵਾਰਕ ਸਹਿਯੋਗ

? ਸੰਤੋਖ ਜੀ, ਵਿਆਹ ਤੁਹਾਡੀ ਆਪਣੀ ਚੋਣ ਨਾਲ ਜਾਂ ਮਾਪਿਆ ਦੀ ਸਲਾਹ ਨਾਲ, ਇੰਗਲੈਂਡ ਆਉਣ ਤੋਂ ਪਹਿਲਾਂ ਜਾਂ ਇੰਗਲੈਂਡ ਆ ਕੇ ਕੀਤਾ? ਸੁਪਤਨੀ ਨੂੰ ਇੱਕ ਖੱਬੇ ਪੱਖੀ ਵਿਚਾਰਧਾਰਾ ਵਾਲੇ ਸੰਤੋਖ ਸਿੰਘ ਨਾਲ ਵਿਚਾਰਧਾਰਕ ਤੌਰ ’ਤੇ ਕਿੰਨੀ ਕੁ ਮੁਸ਼ਕਲ ਆਈ? ਜਾਂ ਫੇਰ ਉਹ ਤੁਹਾਡੇ ਵਿਚਾਰਾਂ ਨਾਲ ਸਹਿਮਤ ਹੀ ਸੀ?
: ਮੇਰਾ ਵਿਆਹ ਬੰਬਈ ਤੋਂ ਵਾਪਸ ਆਪਣੇ ਪਿੰਡ ਆਉਣ ਤੋਂ ਬਾਅਦ ਹੋਇਆ, ਜਦੋਂ ਮੈਂ ਪਟਵਾਰ ਦੀ ਟਰੇਨਿੰਗ ਲੈ ਰਿਹਾ ਸਾਂ। ਇਹ ਅਰੇਂਜਡ ਵਿਆਹ ਸੀ। ਉਹਨਾਂ ਵੇਲਿਆਂ ਵਿੱਚ ਦੱਸ ਪੁੱਛ ਵਿਚੋਲੇ ਰਾਹੀਂ ਹੁੰਦੀ ਸੀ। ਜਨੇਤ ਗੱਡੇ, ਗੱਡੀਆਂ ਉੱਤੇ ਗਈ ਸੀ। ਇੱਕ ਰਾਤ ਬੁੰਡਾਲੇ ਰਹੇ ਸੀ। ਮੇਰੇ ਵੱਡੇ ਦੋਵੇਂ ਲੜਕੇ ਭਾਰਤ ਵਿੱਚ ਹੀ ਪੈਦਾ ਹੋਏ ਸਨ। ਮੇਰੀ ਪਤਨੀ ਆਪਣੇ ਨਾਨਕੇ ਪਿੰਡ ਜੰਡਿਆਲ਼ੇ ਪਲ਼ੀ ਤੇ ਪੜ੍ਹੀ ਸੀ। ਉਹਦੇ ਪੰਜ ਮਾਮੇ ਸਨ, ਜਿਹਨਾਂ ਵਿੱਚੋਂ ਇੱਕ ਪਿਆਰਾ ਸਿੰਘ ਸਾਥੀ ਕਮਿਉਨਿਸਟ ਸੀ, ਜੋ ਇੱਕ ਸਮੇਂ ਜੰਡਿਆਲਾ (ਮੰਜਕੀ) ਯੂਨਿਟ ਦਾ ਸਕੱਤਰ ਵੀ ਰਿਹਾ ਸੀ। ਇਸ ਲਈ ਮੇਰੀ ਪਤਨੀ ਪਹਿਲਾਂ ਹੀ ਇਸ ਮਾਹੌਲ ਵਿੱਚ ਪਲ਼ੀ ਹੋਣ ਕਰਕੇ ਉਸ ਦਾ ਸਹਿਯੋਗ ਚੰਗਾ ਰਿਹਾ, ਵਿਚਾਰਧਾਰਕ ਤੌਰ ‘ਤੇ ਕੋਈ ਮੁਸ਼ਕਲ ਨਹੀਂ ਆਈ। ਸਗੋਂ ਲੋਕ-ਹਿਤੂ ਕੰਮਾਂ ਲਈ ਡਟ ਕੇ ਸਾਥ ਦਿੱਤਾ।

ਪੰਜਾਬੀ ਅਲੋਚਨਾ

? ਜਦੋਂ ਤੁਸੀਂ ਲਿਖਣਾ ਸ਼ੁਰੂ ਕੀਤਾ, ਉਸ ਵੇਲੇ ਪ੍ਰਗਤੀਸ਼ੀਲ ਲੇਖਕਾਂ ਦਾ ਬੋਲ-ਬਾਲਾ ਸੀ, ਤੁਹਾਡੀ ਕਵਿਤਾ ਤੇ ਵੀ ਇਸ ਦਾ ਪ੍ਰਭਾਵ ਰਿਹਾ, ਇਸ ਨਾਲ ਤੁਸੀਂ ਸਹਿਮਤ ਹੋ ਜਾਂ ਫੇਰ ਲੱਗਦਾ ਕਿ ਤੁਹਾਡੇ ਉੱਤੇ ਉਸ ਵੇਲੇ ਦਾ ਪ੍ਰਭਾਵ ਰਿਹਾ ਹੈ, ਪਰ ਸਮੇਂ ਨਾਲ ਹੋਰ ਪ੍ਰਭਾਵ ਵੀ ਪਿਆ? ਅਤੇ ਤੁਹਾਡੀ ਵਿਚਾਰਧਾਰਾ ਵਿੱਚ ਸਮੇਂ ਨਾਲ ਤਬਦੀਲੀ ਆਈ? ਅੱਜ ਕੱਲ੍ਹ ਪੰਜਾਬੀ ਲੇਖਕ ਬਹੁਤਾ ਕਿਸ ਵਿਧਾ ਵਿੱਚ ਅਤੇ ਕਿਸ ਵਿਸ਼ੇ ਤੇ ਲ਼ਿਖ ਰਹੇ ਹਨ?
: ਮੇਰੀ ਵਿਚਾਰਧਾਰਾ ਵਿੱਚ ਕੋਈ ਫ਼ਰਕ ਨਹੀਂ ਪਿਆ। ਤੁਸੀਂ ਜਾਣਦੇ ਹੋ ਕਿ ਵਿਸ਼ਾ-ਵਸਤੂ ਹਰ ਲੇਖਕ ਦਾ ਆਪਣਾ ਹੁੰਦਾ ਹੈ। ਇਹ ਕਿਸੇ ‘ਤੇ ਥੋਪਿਆ ਨਹੀਂ ਜਾ ਸਕਦਾ। ਨਾਵਲ, ਕਹਾਣੀ, ਕਵਿਤਾ ਤੋਂ ਬਿਨਾਂ ਸਫ਼ਰਨਾਮੇ ਆਦਿ ਵਿੱਚ ਲਿਖਤਾਂ ਛਪ ਰਹੀਆਂ ਹਨ।

? ਪਹਿਲਾਂ ਪਹਿਲ ਆਲੋਚਕਾਂ ਵੱਲੋਂ ਪੰਜਾਬ ਤੋਂ ਬਾਹਰਲੇ ਲੇਖਕਾਂ ਨੂੰ ਬਹੁਤ ਗੰਭੀਰਤਾ ਨਾਲ ਨਹੀਂ ਲਿਆ ਜਾਂਦਾ ਰਿਹਾ ਸਗੋਂ ਇਹ ਪੌਡਾਂ ਅਤੇ ਡਾਲਰਾਂ ਨਾਲ ਛਪਿਆ ਸਾਹਿਤ ਕਹਿ ਕੇ ਨਿਕਾਰਨ ਦੀ ਕੋਸ਼ਿਸ਼ ਹੁੰਦੀ ਰਹੀ ਹੈ। ਅੱਜ ਦੇ ਆਲੋਚਕਾਂ ਬਾਰੇ ਕੀ ਕਹਿਣਾ ਚਾਹੋਗੇ?
: ਮੈਂ ਕਦੇ ਵੀ ਆਲੋਚਕਾਂ ਬਾਰੇ ਸੋਚ ਕੇ ਨਹੀਂ ਲਿਖਿਆ ਅਤੇ ਉਹਨਾਂ ਨੇ ਆਪਣੇ ਆਪ ਨੂੰ ਲੇਖਕ ਤੋਂ ਵੱਡਾ ਸਿੱਧ ਕਰਨਾ ਹੁੰਦਾ ਹੈ। ਇਹ ਸਿਰਫ਼ ਇੰਗਲੈਂਡ, ਅਮਰੀਕਾ ਅਤੇ ਕੈਨੇਡਾ ਦੇ ਲੇਖਕ ਹੀ ਨਹੀਂ ਸਗੋਂ ਭਾਰਤ ਦੇ ਵੀ ਬੁਹਤ ਸਾਰੇ ਲੇਖਕ ਵੀ ਆਪਣੇ ਕੋਲੋਂ ਖ਼ਰਚ ਕਰਕੇ ਕਿਤਾਬਾਂ ਛਪਵਾਉਂਦੇ ਹਨ। ਤੁਸੀਂ ਹੋਰ ਸੁਣੋ ਕਿ ਡਾ. ਹਰਿਭਜਨ ਸਿੰਘ ਜਦੋਂ ਦੂਜੀ ਵਾਰ ਇੰਗਲੈਂਡ ਆਇਆ ਸੀ, ਉਸ ਨੇ ਕਿਸੇ ਵੀ ਲੇਖਕ ਬਾਰੇ ਲਿਖਣ ਦਾ ਰੇਟ ਰੱਖਿਆ ਸੀ, ਜਿਸ ਦਾ ਮੈਂ ਲਿਖਤੀ ਤੌਰ ‘ਤੇ ਵਿਰੋਧ ਕੀਤਾ ਸੀ। ਫੇਰ ਆਲੋਚਨਾਂ ਤੋਂ ਤੁਸੀਂ ਕਿਸ ਤਰ੍ਹਾਂ ਦੀ ਆਸ ਕਰ ਸਕਦੇ ਹੋ।

? ਫੇਰ ਸਾਹਿਤਕ ਵੰਡ ਬਾਰੇ ਕੀ ਖ਼ਿਆਲ ਹੈ, ਅੱਜ ਕੱਲ੍ਹ ਸਾਹਿਤ ਨੂੰ ਕਈ ਵਰਗਾਂ ਵਿੱਚ ਵੰਡ ਕੇ ਦੇਖਿਆ ਜਾ ਰਿਹਾ ਹੈ। ਜਿਸ ਤਰ੍ਹਾਂ ਨਾਰੀਵਾਦੀ, ਦਲਿਤ ਤੇ ਪਰਵਾਸੀ ਸਾਹਿਤ ਅਤੇ ਅਵਾਸੀ ਸਾਹਿਤ। ਹੋ ਸਕਦਾ ਹੋਰ ਵੀ ਵਰਗ ਹੋਣਗੇ, ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਕਿ ਪੰਜਾਬੀ ਸਾਹਿਤ, ਅੰਗਰੇਜ਼ੀ ਸਾਹਿਤ ਵਾਂਗ ਇੱਕ ਸਾਹਿਤ  ਹੀ ਹੋਣਾ ਚਾਹੀਦਾ ਹੈ ਜਾਂ ਫੇਰ ਇਹ ਵੰਡ ਠੀਕ ਹੈ।?
: ਇਸ ਦਾ ਜਵਾਬ ਸ਼ਾਇਦ ਕਿਸੇ ਨੂੰ ਕੌੜਾ ਲੱਗੇ। ਪਰ ਮੈਂ ਕਹਾਗਾ ਕਿ ਸਿਰਫ਼ ਤੇ ਸਿਰਫ਼ ਪੰਜਾਬੀ ਸਾਹਿਤ। ਇਸ ਵਾਰੇ ਕਈ ਵਾਰ ਬਹਿਸ ਹੋ ਚੁੱਕੀ ਹੈ। ਇਹ ਆਰਜ਼ੀ ਵੰਡਾਂ ਉਹ ਕਰਦੇ ਹਨ ਜਿਹਨਾਂ ਦਾ ਉਂਝ ਸਮੁੱਚੇ ਸਾਹਿਤ ਵਿੱਚ ਜ਼ਿਕਰ ਨਾ ਹੋ ਸਕਦਾ ਹੋਵੇ। ਉਹ ਫੇਰ ਇਹੋ ਜਿਹੇ ਹੱਥ-ਕੰਡੇ ਵਰਤਦੇ ਹਨ।

? ਸੰਤੋਖ ਜੀ, ਤੁਹਾਡੇ ਸਾਹਿਤਕ ਕੰਮ ਨੂੰ ਆਲੋਚਕਾਂ ਨੇ ਕਿਵੇਂ ਦੇਖਿਆ? ਮੈਨੂੰ ਇਹ ਵੀ ਪਤਾ ਲੱਗਾ ਕਿ ਤੁਹਾਡੀ ਕਵਿਤਾ ‘ਤੇ ਗੁਰੂ ਨਾਨਕ ਦੇਵ ਯੁਨੀਵਰਸਿਟੀ ਵਿੱਚ ਦੋ ਵਿਦਿਆਰਥੀਆਂ ਨੇ ਪੀਐੱਚ. ਡੀ. ਵੀ ਕੀਤੀ ਹੈ ਇਹਦੇ ਬਾਰੇ ਕੁਝ ਦੱਸੋ?
: ਮੈਂ ਕਦੇ ਵੀ ਆਪਣੇ ਆਪ ਨੂੰ ਵੱਡਾ ਲੇਖਕ ਨਹੀਂ ਸਮਝਿਆ ਸਗੋਂ ਇੱਕ ਮਿਡਆਕਰ ਸ਼ਾਇਰ ਹਾਂ। ਇਸੇ ਤਰ੍ਹਾਂ ਦਾ ਹੁੰਗਾਰਾ ਸਮੇਂ ਸਮੇਂ ਆਲੋਚਕਾਂ ਪਾਸੋਂ ਮਿਲਦਾ ਰਿਹਾ ਹੈ। ਮੇਰੀ ਕਵਿਤਾ ‘ਤੇ ਇੱਕ ਵਿਦਿਆਰਥੀ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ‘ਸੰਤੋਖ ਸਿੰਘ ਸੰਤੋਖ ਦੀ ਕਵਿਤਾ ਵਿੱਚ ਪ੍ਰਵਾਸੀ ਚੇਤਨਾ’ ਐੱਮ ਫਿੱਲ ਕੀਤੀ ਹੈ। ਇਸੇ ਤਰ੍ਹਾਂ ਇੰਗਲੈਂਡ ਦੀ ਪ੍ਰਗਤੀਸ਼ੀਲ ਕਵਿਤਾ ਉੱਤੇ ਪੀਐੱਚ. ਡੀ. ਕੀਤੀ ਹੈ। ਇਹ ਸਾਡੇ ਪੰਜ ਕਵੀਆਂ, ਨਰੰਜਨ ਸਿੰਘ ਨੂਰ, ਸੰਤੋਖ ਸਿੰਘ ਸੰਤੋਖ, ਮੁਸ਼ਤਾਕ, ਜਗਤਾਰ ਢਾਹ ਅਤੇ ਡਾ. ਮੁਹਿੰਦਰ ਗਿੱਲ ‘ਤੇ ਅਧਾਰਤ ਹੈ।

? ਸੰਤੋਖ ਜੀ, ਜੇਕਰ ਮੈਂ ਨਾ ਭੁਲਦਾ ਹੋਵਾਂ ਸ਼ਾਇਦ 1989 ਵਿੱਚ ਇੱਕ ਵਾਰ ਜਦੋਂ ਤੁਸੀਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਪੰਜਾਬੀ ਕਾਨਫ਼ੰਰਸ ਵਿੱਚ ‘ਬਰਤਾਨੀਆਂ ਦੀ ਪੰਜਾਬੀ ਕਵਿਤਾ’ ‘ਤੇ ਪਰਚਾ ਪੜ੍ਹਿਆ ਸੀ ਤਾਂ ਬੜਾ ਰੌਲ਼ਾ ਰੱਪਾ ਪਿਆ ਸੀ। ਤੁਹਾਡੇ ਇਸ ਪਰਚੇ ਵਿੱਚ ਤੁਸੀਂ ਇਹੋ ਜਿਹਾ ਕੀ ਲਿਖ ਦਿੱਤਾ ਸੀ? ਸ਼ਾਇਦ ਬਹੁਤੇ ਪਾਠਕਾਂ ਨੂੰ ਇਸ ਦਾ ਪਤਾ ਨਾ ਹੋਵੇ। ਕੁਝ ਦੱਸੋਗੇ?
: ਸਤਨਾਮ ਜੀ, ਪਹਿਲੀ ਗੱਲ ਸੀ ਕਿ ਕਿਹੜੇ ਲੇਖਕ ਖ਼ਾਲਿਸਤਾਨ ਦੇ ਵਿਰੁੱਧ ਸਨ ਅਤੇ ਕਿਹੜੇ ਲੇਖਕ ਹੱਕ ਵਿੱਚ ਸਨ। ਇਹ ਤਸੱਲੀ ਸੀ ਕਿ ਉਸ ਕਾਨਫ਼ਰੰਸ ਵਿੱਚ ਵਿਰੋਧੀਆਂ ਦਾ ਬੋਲ ਬਾਲਾ ਸੀ। ਦੂਜੀ ਗੱਲ ਅਵਤਾਰ ਜੰਡਿਆਲਵੀ ਦੀ ਕਵਿਤਾ ‘ਮੇਰੇ ਪਰਤ ਆਉਣ ਤੱਕ’ ਬਾਰੇ ਡਾਕਟਰ ਹਰਿਭਜਨ ਸਿੰਘ ਨੇ ਆਰਸੀ ਵਿੱਚ ਲੇਖ ਲਿਖਿਆ ਸੀ। ਦਰਅਸਲ ਇਹ ਕਵਿਤਾ ਜਗਤਾਰ ਢਾਅ ਦੀ ਕਿਤਾਬ ‘ਗੁਆਚੇ ਘਰ ਦੀ ਤਲਾਸ਼’ ਦਾ ਚਰਬਾ ਸੀ। ਜਗਤਾਰ ਢਾਅ ਦੀ ਕਿਤਾਬ ਪਹਿਲਾਂ ਛਪੀ ਸੀ ਅਤੇ ਅਵਤਾਰ ਦੀ ਬਾਅਦ ਵਿੱਚ। ਜਗਤਾਰ ਢਾਅ ਦੀ ਕਵਿਤਾ ਲੈ-ਬੰਦ ਛੰਦ ਵਿੱਚ ਹੈ ਤੇ ਅਵਤਾਰ ਦੀ ਬਲੈਂਕ ਵਰਸ। ਇਹ ਕਵਿਤਾ ਐੱਮ. ਏ. ਦੇ ਵਿਦਿਆਰਥੀਆਂ ਦੇ ਕੋਰਸ ਵਿੱਚ ਪੜ੍ਹਾਈ ਜਾਂਦੀ ਸੀ। ਹੋਇਆ ਇਹ ਕਿ ਇਹ ਗੱਲ ਮੇਰੇ ਹਰਿਭਜਨ ਸਿੰਘ ਦੀ ਹਾਜ਼ਰੀ ਵਿੱਚ ਕੁਮਿੰਟ ਕਰਨ ‘ਤੇ ਡਾਕਟਰ ਦੇ ਚੇਲਿਆਂ ਨੂੰ ਹਜ਼ਮ ਨਾ ਹੋਈ। ਜਦੋਂ ਐੱਸ. ਪੀ. ਸਿੰਘ ਨੇ ਪੜ੍ਹੇ ਗਏ ਪਰਚਿਆਂ ਨੂੰ ਕਿਤਾਬੀ ਰੂਪ ਦਿੱਤਾ ਤਾਂ ਉਸ ਨੇ ਮੇਰਾ ਉਹ ਪਹਿਰਾ ਕੱਟ ਦਿੱਤਾ। ਮੇਰਾ ਇਹ ਪਰਚਾ ਇੰਗਲੈਂਡ ਦੇ ਸਾਰੇ ਪਰਚਿਆਂ ਅਤੇ ਅਖ਼ਬਾਰਾਂ ਨੇ ਛਾਪਿਆ ਸੀ। ਇਸ ਦਾ ਜਵਾਬ ਤਰਸੇਮ ਨੀਲਗਿਰੀ ਨੇ ਦੇਣ ਦੀ ਕੋਸ਼ਿਸ਼ ਕੀਤੀ ਸੀ। ਬਾਅਦ ਵਿੱਚ ਜਦੋਂ ਅਵਤਾਰ ਨੇ ‘ਹੁਣ’ ਕੱਢਿਆ ਤਾਂ ਉਸਦਾ ਐਲਾਨ ਸੀ ਕਿ ਇਸ ਵਿੱਚ ਸੰਤੋਖ ਤੇ ਮੁਸ਼ਤਾਕ ਦਾ ਨਾਂ ਵੀ ਨਹੀਂ ਛਪੇਗਾ। ਡਾ. ਜਗਤਾਰ ਦੀ ਇੰਟਰਵਿਉੁ ਵਿੱਚ ਜਗਤਾਰ ਨੇ ਜਾਣਕੇ ਸਾਡੇ ਦੋਹਾਂ ਦੇ ਨਾਂ ਪਾਏ ਅਤੇ ਛਪਵਾਏ ਵੀ।

? ਇੱਕ ਹੋਰ ਸਵਾਲ ਪੰਜਾਬੀ ਸਾਹਿਤਕ ਖੇਤਰ ਵਿੱਚ ਤੁਸੀਂ ਇੱਕ ਇਨਕਲਾਬੀ ਸ਼ਾਇਰ ਦੇ ਤੌਰ ‘ਤੇ ਜਾਣੇ ਜਾਂਦੇ ਹੋ। ਪਰ ਤੁਹਾਡੇ ਬਹੁਤ ਸਾਰੇ ਲੇਖ ਰਾਜਨੀਤਿਕ ਲੇਖਾਂ ਦਾ ਨਾਲ ਨਾਲ ਸਮਾਜਿਕ ਵਿਸ਼ਿਆਂ ‘ਤੇ ਵੀ ਮਿਲਦੇ ਹਨ ਜੋ ਕਿ ਇੱਕ ਮਿਆਰੀ ਪੱਤਰਕਾਰੀ ਦਾ ਸਬੂਤ ਦਿੰਦੇ ਹਨ ਕੀ ਕਾਰਨ ਹੈ ਕਿ ਤੁਸੀਂ ਪੱਤਰਕਾਰੀ ਤੋਂ ਸ਼ਾਇਰੀ ਵੱਲ ਜ਼ਿਆਦਾ ਖਿੱਚੇ ਗਏ?
: ਢਾਅ ਜੀ, ਆਪਾਂ ਇਹ ਗੱਲ ਪਹਿਲਾਂ ਵੀ ਕਰ ਚੁੱਕੇ ਹਾਂ ਕਿ ਕਵਿਤਾ ਲਿਖਣਾ ਮੇਰੇ ਸ਼ੌਕ ਅਤੇ ਸੁਭਾਅ ਦਾ ਹਿੱਸਾ ਹੈ, ਜਦ ਕਿ ਮੇਰੀਆਂ ਜਥੇਬੰਦਕ ਸਰਗਰਮੀਆਂ ਵਿੱਚੋਂ ਕਈ ਵੇਰ ਵਿਹਲ ਕੱਢਣਾ ਮੁਸ਼ਕਲ ਹੋ ਜਾਂਦਾ ਹੈ। ਉਂਝ ਛੁੱਟੀਆਂ ਆਦਿ ਸਮੇਂ ਕੁਝ ਨਾ ਕੁਝ ਲਿਖ ਹੋ ਜਾਂਦਾ ਹੈ। ‘ਈਸ਼ਵਰ ਦੇ ਖ਼ਤ’ ਅਤੇ ‘ਰੱਤਕਾਂ ਦੇ ਮੂੰਹ ਕਾਲੇ’ ਮੇਰੀਆਂ ਵਾਰਤਕ ਦੀਆਂ ਕਿਤਾਬਾਂ ਛਪ ਚੁੱਕੀਆਂ ਹਨ। ਭਾਰਤ ਵਿੱਚ ਮੇਰੇ ਸਮਕਾਲੀਆਂ ਬਾਰੇ ਵੀ ਇੱਕ ਪੁਸਤਕ ਤਿਆਰ ਹੈ।

ਵਿਦੇਸ਼ਾਂ ਵਿੱਚ ਪੰਜਾਬੀ ਸਭਿਆਚਾਰ 

? ਇਹ ਮੰਨਿਆ ਜਾਂਦਾ ਹੈ ਕਿ ਇੰਡੀਆ ਵਿੱਚ ਸਰਕਾਰਾਂ ਰਾਜਨੀਤਿਕ ਲਾਹਾ ਲੈਣ ਲਈ ਲੋਕਾਂ ਵਿੱਚ ਵੰਡੀਆਂ ਪਾ ਕੇ ਰੱਖਦੀਆਂ ਹਨ। ਪਰ ਇੱਥੇ ਬਾਹਰ ਆ ਕੇ ਵੀ ਉਸੇ ਤਰ੍ਹਾਂ ਪੰਜਾਬੀ ਲੋਕ ਜਾਤਾਂ ਪਾਤਾਂ ਵਿੱਚ ਵੰਡੇ ਹੋਏ ਨਜ਼ਰ ਆ ਰਹੇ ਹਨ। ਆਪਣੇ ਧਾਰਮਿਕ ਅਦਾਰੇ ਵੀ ਵੰਡ ਦੇ ਅਧਾਰ ’ਤੇ ਬਣਾਏ ਜਾ ਰਹੇ ਹਨ, ਕੋਈ ਜੱਟਾਂ ਦਾ ਗੁਰਦੁਆਰਾ ਕੋਈ ਰਾਮਗੜ੍ਹੀਆਂ ਦਾ, ਕੋਈ ਛੀਂਬਿਆਂ ਦਾ, ਕੋਈ ਅਫ਼ਗਾਨੀ ਸਿੱਖਾਂ ਦਾ, ਤੁਹਾਨੂੰ ਕੀ ਲੱਗਦਾ ਕਿ ਅਸੀਂ ਬਾਹਰਲੇ ਦੇਸ਼ਾਂ ਵਿੱਚ ਆ ਕੇ ਵੀ ਜਾਤਾਂ-ਪਾਤਾਂ ਨੂੰ ਉਵੇਂ ਹੀ ਕਾਇਮ ਰੱਖਣਾ ਚਾਹੁੰਦੇ ਹਾਂ? ਜਾਂ ਨਵੀਂ ਪੀੜ੍ਹੀ ਇਸ ਲੀਹ ਨੂੰ ਪਾੜਦੀ ਨਜ਼ਰ ਆਉਂਦੀ ਹੈ?
: ਢਾਅ ਜੀ, ਇੱਥੇ ਇਹ ਹਉਮੈਂ ਦਾ ਮਸਲਾ ਬਣ ਗਿਆ ਹੈ। ਗੁਰਦਆਰੇ ‘ਧਰਮ ਨਾਲੋਂ ਧੜਾ ਪਿਆਰਾ ਹੈ’ ਕਰਕੇ ਜ਼ਿਆਦਾ ਬਣੇ ਹੋਏ ਹਨ। ਜਦੋਂ ਅਸੀਂ 1962 ਵਿੱਚ ਇੰਗਲੈਂਡ ਆਏ ਤਾਂ ਸਿਰਫ ਇੱਕ ਧਰਮਸਾਲਾ ਸ਼ੈਪਰਡਬੁੱਸ਼ ਵਿਖੇ ਸੀ, ਜਿਸ ਨੂੰ ਮਹਾਰਾਜਾ ਪਟਿਆਲਾ ਨੇ ਪੜ੍ਹਨ ਵਾਲੇ ਵਿਦਆਰਥੀਆਂ ਲਈ ਖ਼ਰੀਦਿਆ ਹੋਇਆ ਸੀ। ਹੁਣ ਚਾਰ ਸੌ ਤੋਂ ਵੱਧ ਗੁਰਦਵਾਰੇ ਹਨ, ਜਿਹਨਾਂ ਦੀ ਆਮਦਨ ‘ਤੇ ਕੋਈ ਟੈਕਸ ਨਹੀਂ। ਦੂਜਾ ਵੱਡਾ ਕਾਰਨ, ਗੁਰਦਵਾਰੇ ਜੋ ਚਿੱਤ ਆਵੇ ਬੋਲੀ ਜਾਉ, ਕੋਈ ਟੋਕਾ ਟਾਕੀ ਨਹੀਂ। ਇਸੇ ਲਈ ਇਸ ‘ਤੇ ਬੁਹਤ ਵੇਰ ਲੜਾਈ ਝਗੜੇ ਵੀ ਹੁੰਦੇ ਹਨ। ਕੋਰਟਾਂ ਵਿੱਚ ਕੇਸ ਚਲਦੇ ਹਨ, ਜਿਹਨਾਂ ‘ਤੇ ਕਈ ਵਾਰ ਲੱਖਾਂ ਪੌਂਡ ਖ਼ਰਚਾ ਆਉਂਦਾ ਹੈ। ਇਸੇ ਤਰ੍ਹਾਂ ਇੱਥੇ ਇੰਗਲੈਂਡ ਵਿੱਚ ਕਦੇ ਹਰ ਗਲੀ ਵਿੱਚ ਚਰਚ ਹੋਇਆ ਕਰਦੇ ਸਨ, ਜਿਹੜੇ ਹੁਣ ਵਿਹਲੇ ਪਏ ਹਨ ਜਾਂ ਬੁਹਤੇ ਵਿਕ ਗਏ ਹਨ। ਅਗਲੀ ਇੱਥੇ ਜੰਮੀ ਪੀੜ੍ਹੀ ਦੇ ਹੱਥ ਕੰਟਰੋਲ ਆਉਣ ‘ਤੇ ਹੀ ਇਸ ਦਾ ਫ਼ੈਸਲਾ ਹੋਵੇਗਾ ਕਿਉਂਕਿ ਉਹ ਜਾਤਾਂ ਪਾਤਾਂ ਦੇ ਵਿਤਕਰਿਆ ਤੋਂ ਦੂਰ ਰਹਿਣ ਦੀ ਕੋਸ਼ਿਸ ਵਿੱਚ ਹਨ। 

? ਸੰਤੋਖ ਜੀ, ਧਾਰਮਿਕ ਤੇ ਸੱਭਿਆਚਾਰਕ ਵਿਰਸੇ ਨਾਲ ਜੋੜੀ ਰੱਖਣ ਲਈ ਤਾਂ ਬਰਤਨਵੀ ਪੰਜਾਬੀ ਕਾਫੀ ਚਿੰਤਤ ਨਜ਼ਰ ਆਉਂਦੇ ਹਨ। ਕੀ ਮਾਂ ਬੋਲੀ ਬਾਰੇ ਨਵੀਂ ਪੀੜ੍ਹੀ ਨੂੰ ਜੋੜਨ ਵਿੱਚ ਕੋਈ ਕਾਮਯਾਬੀ ਹਾਸਲ ਹੋਈ? ਮੈਨੂੰ ਪਤਾ ਲੱਗਾ ਕਿ ਕੁਝ ਸਕੂਲਾਂ ਵਿੱਚ ਪੰਜਾਬੀ ਨੂੰ ਸੈਕੰਡ-ਲੈਂਗੂਏਜ਼ ਦੇ ਤੌਰ ’ਤੇ ਪੜ੍ਹਾਉਣ ਦਾ ਪ੍ਰਬੰਧ ਸੀ ਪਰ ਪਿੱਛੇ ਜਿਹੇ ਇਹ ਪ੍ਰੋਗਰਾਮ ਬੰਦ ਹੋ ਗਿਆ। ਅੱਜ ਦੇ ਸਮੇਂ ਵਿੱਚ ਕੀ ਪੰਜਾਬੀ ਲੋਕ ਮਾਂ ਬੋਲੀ ਨੂੰ ਜਿਉਂਦਾ ਰੱਖਣ ਲਈ ਫਿਕਰਮੰਦ ਹਨ? ਜਾਂ ਫੇਰ ਮੇਨ-ਸਟਰੀਮ ਵਿੱਚ ਜਜ਼ਬ ਹੋਣ ਵਾਲ਼ੀ ਗੱਲ ਠੀਕ ਹੈ?
: ਪੰਜਾਬੀ ਬੋਲਣ ਵਾਲਿਆਂ ਦੀ ਭਾਸ਼ਾ ਤਾਂ ਬਣੀ ਰਹੇਗੀ ਪਰ ਮੇਨ ਸਟਰੀਮ ਵਿੱਚ ਵਲੀਨ ਹੋਣ ਦਾ ਜਜ਼ਬਾ ਜ਼ਿਆਦਾ ਭਾਰੂ ਹੋ ਰਿਹਾ ਹੈ। ਜਦੋਂ ਸਕੂਲਾਂ ਵਿੱਚ ਪੰਜਾਬੀ ਦੀ ਪੜ੍ਹਾਈ ਬੰਦ ਹੋਈ ਤਦ ਇੱਕਾ ਦੁੱਕਾ ਉਹਨਾਂ ਲੋਕਾਂ ਨੇ ਇਸ ਵਿਰੁੱਧ ਆਵਾਜ਼ ਉਠਾਈ, ਜਿਹਨਾਂ ਨੂੰ ਟੀਚਿੰਗ ਦੀ ਨੌਕਰੀ ਮਿਲੀ ਹੋਈ ਸੀ। ਕਈ ਲੋਕ ਤਾਂ ਸਾਊਥਹਾਲ ਦੇ ਰੇਲਵੇ ਸਟੇਸ਼ਨ ਦਾ ਨਾਂ ਪੰਜਾਬੀ ਵਿੱਚ ਲਿਖਣ ਨੂੰ ਹੀ ਪ੍ਰਾਪਤੀ ਸਮਝੀ ਬੈਠੇ ਹਨ। ਇਹ ਵੀ ਇੱਕ ਕਾਰਨ ਹੈ ਕਿ ਅੱਜ ਕੱਲ੍ਹ ਭਾਰਤ ਤੋਂ ਨਵੇਂ ਲੋਕ ਬਹੁਤ ਘੱਟ ਆ ਰਹੇ ਹਨ। ਪੰਜਾਬੀਆਂ ਦੀ ਤੀਜੀ ਚੌਥੀ ਪੀੜ੍ਹੀ ਦਾ ਝੁਕਾ ਪੰਜਾਬੀ ਵੱਲੋਂ ਘੱਟਣਾ ਕੁਦਰਤੀ ਹੈ।

? ਪੀੜ੍ਹੀ-ਪਾੜੇ ਨੂੰ ਤੁਸੀਂ ਕਿਵੇਂ ਦੇਖਦੇ ਹੋ? ਇੰਗਲੈਂਡ ਵਿੱਚ ਦੂਜੀ ਤੀਜੀ ਪੀੜ੍ਹੀ ਤੇ ਪਹਿਲੀ ਪੀੜ੍ਹੀ ਦੇ ਰਹਿਣ ਸਹਿਣ, ਖਾਣ ਪੀਣ ਤੇ ਸਮਾਜਿਕ ਆਰਥਿਕ ਅਤੇ ਸਭਿਆਚਾਰਕ ਵਿਰਸੇ ਦੀਆਂ ਤਬਦੀਲੀਆਂ ਨਾਲ, ਆਪਸੀ ਤਣਾਓ ਤੇ ਸੁੱਖ-ਅਨੰਦ ਦੀ ਜ਼ਿੰਦਗੀ ਜਿਉਣ ਦੇ ਸੁਪਨੇ ਜੋ ਪਹਿਲੀ ਪੀੜ੍ਹੀ ਦੇ ਸਨ, ਉਹ ਕਿਸ ਤਰ੍ਹਾਂ ਅਤੇ ਕਿੰਨੇ ਕੁ ਪ੍ਰਭਾਵਿਤ ਹੋਏ ਲੱਗਦੇ ਹਨ? ਜੀਵਨ ਦੀਆਂ ਸ਼ਾਮਾਂ ਵਾਲੀ ਪੰਜਾਬੀਆਂ ਦੀ ਜ਼ਿੰਦਗੀ ਕਿਸ ਤਰ੍ਹਾਂ ਦੀ ਹੈ?
: ਇਹ ਵੀ ਹਰ ਕਿਸੇ ਦੇ ਵਿਸ਼ਵਾਸ ‘ਤੇ ਨਿਰਭਰ ਕਰਦਾ ਹੈ। ਕੁਝ ਸ਼ਹਿਰਾਂ ਵਿੱਚ ਕਮਿਉਨਟੀ ਸੈਂਟਰ ਬਣੇ ਹੋਏ ਹਨ, ਜਿੱਥੇ ਬਜ਼ੁਰਗ ਤਾਸ਼ ਖੇਡਦੇ ਅਤੇ ਦੁਪਹਿਰ ਦਾ ਖਾਣਾ ਖਾਂਦੇ ਹਨ। ਕਈ ਗਰਮੀਆਂ ਵਿੱਚ ਇੱਕ ਦਿਨ ਦੇ ਟੂਰ ਦਾ ਇੰਤਜ਼ਾਮ ਕਰਦੇ ਹਨ। ਇਸ ਤਰ੍ਹਾਂ ਕ੍ਰਿਸਮਿਸ ਸਮੇਂ ਵੱਖ ਵੱਖ ਸ਼ਹਿਰਾਂ ਵਿੱਚ ਲਾਇਟਾਂ ਦੇਖਣ ਜਾਂਦੇ ਹਨ। ਭਾਰਤ ਤੋਂ ਆਏ ਕਲਾਕਾਰਾਂ ਨੂੰ ਸੁਣਨ ਜਾਂਦੇ ਹਨ। ਧਾਰਮਿਕ ਵਿਸ਼ਵਾਸ ਵਾਲੇ ਤ੍ਰਿਕਾਲਾਂ ਸਵੇਰੇ ਗੁਰਦੁਆਰੇ ਹਾਜ਼ਰੀ ਭਰਦੇ ਹਨ, ਸ਼ਨਿੱਚਰਵਾਰ, ਐਤਵਾਰ ਨੂੰ ਵੱਖਰੀਆਂ ਰੌਣਕਾਂ ਹੁੰਦੀਆਂ ਹਨ। ਦੇਖਿਆ ਜਾਵੇ ਤਾਂ ਪਹਿਲੀ ਪੀੜ੍ਹੀ ਨੂੰ ਸਾਰੇ ਸੁੱਖ ਅਰਾਮ ਇੱਥੇ ਹਨ ਪਰ ਉਹ ਸਾਂਝੇ ਪਰਿਵਾਰਾਂ ਵਿੱਚ ਰਹੇ ਹੋਣ ਕਰਕੇ ਜਦੋਂ ਉਨ੍ਹਾਂ ਨੂੰ ਸਿਹਤ ਢਿੱਲ਼ੀ ਕਰਕੇ ਸੀਨੀਅਰ ਹੋਮਾਂ ਵਿੱਚ ਰਹਿਣਾ ਪੈਂਦਾ ਤਾਂ ਕਈ ਵਾਰ ਇਕੱਲਤਾ ਜ਼ਰੂਰ ਮਹਿਸੂਸ ਕਰਦੇ ਹਨ।

? ਸਾਡੇ ਸਭਿਆਚਾਰ ਵਿੱਚ ਮਾਪੇ ਆਪਣੇ ਬੱਚਿਆਂ ਨੂੰ ਪਾਲਦੇ ਪੋਸਦੇ ਵਧੀਆ ਤੋਂ ਵਧੀਆ ਐਜੂਕੇਸ਼ਨ ਦੇਣ ਦੀ ਕੋਸ਼ਿਸ਼ ਕਰਦੇ ਹਨ, ਇੱਥੋਂ ਤੱਕ ਕਿ ਪੋਤੇ ਪੋਤੀਆਂ, ਦੋਹਤੇ ਦੋਹਤੀਆਂ ਤੱਕ ਵੀ ਪਾਲਦੇ ਹਨ। ਪੱਛਮੀ ਸਭਿਆਚਾਰ (ਇੰਡਵੀਯੂਅਲਲਿਜ਼ਮ) ਦੇ ਰੰਗ ਵਿਚ ਰੰਗੇ ਜਦੋਂ ਉਹ ਉੱਡਾਰੂ ਹੁੰਦੇ ਹਨ ਤੇ ਮਾਪਿਆਂ ਦੀ ਪਰਵਾਹ ਕੀਤੇ ਬਿਨਾਂ ਹੀ ਆਪਣਾ ਆਲ੍ਹਣਾ ਬਦਲ ਲੈਂਦੇ ਹਨ ਪਰ ਕੁਝ ਬੱਚੇ ਮਾਪਿਆਂ ਕੋਲ ਹੀ ਰਹਿੰਦੇ ਦੇਖੇ ਹਨ?
: ਸਤਨਾਮ ਜੀ, ਪਹਿਲੀ ਗੱਲ ਤਾਂ ਇਹ ਕਿ ਨਵੀਂ ਪੀੜ੍ਹੀ ‘ਤੇ ਇੱਥੇ ਦੇ ਸਭਿਆਚਾਰ ਦਾ ਅਸਰ ਹੋਣਾ ਕੁਦਰਤੀ ਹੈ। ਦੂਜੀ ਗੱਲ ਇਹ ਕਿ ਜਿਹੜੇ ਬੁਢਾਪੇ ਸਮੇਂ ਇੱਥੇ ਆਏ ਹਨ, ਉਹਨਾਂ ਦੇ ਬੱਚੇ ਕੰਮਾਂ ‘ਤੇ ਜਾਂਦੇ ਹਨ ਅਤੇ ਉਹ ਘਰ ਵਿੱਚ ਪੋਤੇ ਪੋਤੀਆਂ ਅਤੇ ਦੋਹਤੇ ਦੋਹਤੀਆਂ ਨੂੰ ਸਾਂਭਦੇ ਹਨ। ਇੱਥੇ ਬੱਚੇ ਜਿਹੜੇ ਯੂਨੀਵਰਸਿਟੀ ਵਿੱਚ ਪੜ੍ਹਨ ਲਈ ਜਾਂਦੇ ਹਨ, ਉਹ ਮੁੜ ਘਰ ਆਉਣਾ ਨਹੀਂ ਚਾਹੁੰਦੇ। ਫੇਰ ਹੁਣ ਐਜੂਕੇਸ਼ਨ ਮੁਫ਼ਤ ਨਹੀਂ ਰਹੀ ਇਸ ਲਈ ਮਹਿੰਗਾਈ ਵੀ ਉਹਨਾਂ ਦੀ ਪੇਸ਼ ਨਹੀਂ ਜਾਣ ਦੇਂਦੀ। ਇਸ ਕਰਕੇ ਚੰਗੀ ਨੌਕਰੀ ਮਿਲਣ ਤੱਕ ਉਹਨਾਂ ਨੂੰ ਮਜਬੂਰਨ ਮਾਪਿਆਂ ਕੋਲ ਰਹਿਣਾ ਪੈਂਦਾ ਹੈ। ਬਾਕੀ ਤਸੀਂ ਜਾਣਦੇ ਹੋ ਸਭ ਇੱਥੇ ਦੇ ਹਿਸਾਬ ਨਾਲ ਹੀ ਚਲਣਾ ਹੈ।

 ਪੰਜਾਬ, ਇੰਡੀਆ ਵਿੱਚ ਸਰਕਾਰਾਂ ਪੂਰੀ ਤਰ੍ਹਾਂ ਨਾਲ ਫ਼ੇਲ੍ਹ ਹਨ

? ਅੱਜ ਪੰਜਾਬ ਵਿੱਚ ਕੋਈ ਵੀ ਪੰਜਾਬੀ ਰਹਿਣਾ ਨਹੀਂ ਚਾਹੁੰਦਾ, ਇਸਦੇ ਬਹੁਤ ਸਾਰੇ ਕਾਰਨ ਹੋ ਸਕਦੇ ਹਨ। ਪਰ ਤੁਸੀਂ ਉਹਨਾਂ ਲੋਕਾਂ ਨੂੰ, ਜੋ ਆਪਣਾ ਝੋਲ਼ਾ ਚੁੱਕੀ ਕਿਸੇ ਵੀ ਦੇਸ਼ ਨੂੰ ਜਾਣ ਲਈ ਤਿਆਰ ਬੈਠੇ ਹਨ, ਕੋਈ ਗੱਲ ਜੋ ਉਹਨਾਂ ਦੇ ਕੰਮ ਆ ਸਕਦੀ ਹੋਵੇ, ਆਪਣੇ ਤਜ਼ਰਬੇ ਤੋਂ ਕਹਿਣੀ ਚਾਹੋਗੋ?
: ਇਹ ਪੰਜਾਬ ਲਈ ਮਾੜੀ ਗੱਲ ਹੈ। ਇੱਕ ਬੱਚੇ ਨੂੰ ਕੰਮ ਕਰਨ ਜੋਗ ਬਣਾਉਣ ਲਈ ਦੇਸ਼ ਅਤੇ ਕੌਮ ਦਾ ਜੋ ਖ਼ਰਚਾ ਹੁੰਦਾ ਹੈ ਉਸਦਾ ਫਾਇਦਾ, ਜਿਹੜੇ ਵੀ ਮੁਲਕ ਵਿੱਚ ਉਹ ਜਾਂਦੇ ਹਨ, ਉਹ ਲੈਂਦੇ ਹਨ। ਜਿਵੇਂ ਜਿਵੇਂ ਪੰਜਾਬ ਵਿੱਚ ਖੇਤੀ ਦਾ ਮਸ਼ੀਨੀਕਰਨ ਹੋਇਆ ਉਸ ਹਿਸਾਬ ਨਾਲ ਸਾਡੀਆਂ ਸਰਕਾਰਾਂ ਨਵੀਂਆਂ ਨੌਕਰੀਆਂ ਪੈਦਾ ਨਹੀਂ ਕਰ ਸਕੀਆਂ। ਇਹ ਵਰਤਾਰਾ ਸਮੁੱਚੀ ਤੀਜੀ ਦੁਨੀਆ ਵਿੱਚ ਵਾਪਰ ਰਿਹਾ ਹੈ। ਬਾਕੀ ਸਰਕਾਰਾਂ ਵੀ ਲੋਕ ਹਿਤੂ ਨਾ ਰਹਿ ਕੇ ਆਪਣੀ ਹੀ ਲੁੱਟ ਵਿੱਚ ਲੱਗੀਆਂ ਹੋਈਆਂ ਹਨ। ਹੁਣ ਤੁਸੀਂ ਦੱਸੋ ਲੋਕ ਕੀ ਕਰਨ, ਉਨ੍ਹਾਂ ਕੋਲ਼ ਕੋਈ ਹੋਰ ਬਦਲ ਵੀ ਨਹੀਂ ਰਿਹਾ। ਜੰਗ ਜਰਨੇਸ਼ਨ, ਜਿਸ ਨੇ ਦੇਸ਼ ਦੀ ਤੱਰਕੀ ਲਈ ਹਿੱਸਾ ਪਾਉਣਾ ਹੈ ਉਹ ਦੂਜੇ ਦੇਸ਼ਾਂ ਦੀ ਤਰੱਕੀ ਲਈ ਹੀ ਕੰਮ ਕਰੇਗੀ। ਮੇਰੇ ਖ਼ਿਆਲ ਨਾਲ ਤਾਂ ਸੈਂਟਰ ਅਤੇ ਸੂਬਾਂ ਸਰਕਾਰਾਂ ਪੂਰੀ ਤਰ੍ਹਾਂ ਫ਼ੇਲ੍ਹ ਹਨ। ਨਾ ਹੀ ਇਨ੍ਹਾਂ ਨੂੰ ਆਪਣੇ ਆਪ ਤੋਂ ਬਿਨਾਂ ਕੋਈ ਹੋਰ ਦੀ ਕੋਈ ਚਿੰਤਾ ਹੈ। ਜੇਕਰ ਆਪਣੇ ਦੇਸ਼ ਵਿੱਚ ਕੋਈ ਰੋਜ਼ਗਾਰ ਦਾ ਵਸੀਲਾ ਹੋਵੇ ਤਾਂ ਪ੍ਰਦੇਸ਼ਾਂ ਵਿੱਚ ਰੁਲਣ ਲਈ ਲੋਕ ਨਹੀਂ ਜਾਣਗੇ। ਉਨ੍ਹਾਂ ਬੱਚਿਆਂ ਨੂੰ ਤਾਂ ਇਹੋ ਬੇਨਤੀ ਹੈ ਕਿ ਚੋਰੀ ਛੁਪੀ ਕਿਸੇ ਦੇਸ਼ ਵਿੱਚ ਨਾ ਜਾਣ। ਸਹੀ ਢੰਗ ਨਾਲ ਹੀ ਜਾਣ ਜਿਸ ਨਾਲ ਮੁਸੀਬਤਾਂ ਤੋਂ ਬਚਿਆ ਜਾ ਸਕਦਾ ਹੈ।

ਖੱਟਣ ਗਿਆ ਸੀ ਕੀ ਖੱਟ ਲਿਆਦਾ?

? ਸੰਤੋਖ ਜੀ, ਵਲੈਤ ਆ ਕੇ ਕੀ ਖੱਟਿਆ ਕਮਾਇਆ, ਕੀ ਗੁਆਇਆ, ਕਦੇ ਵਿਚਾਰ ਕੀਤਾ ਹੋਵੇ ਤਾਂ ਸਾਂਝਾ ਕਰੋ?
: ਢਾਅ ਜੀ, ਇੱਥੇ ਆ ਕੇ ਮੈਂ ਖੱਟਿਆ ਹੀ ਹੈ, ਕੁਝ ਗੁਆਇਆ ਨਹੀਂ। ਜਿਹੜੀ ਨੌਕਰੀ ਮੈਂ ਇੱਥੇ ਕੀਤੀ, ਉਸ ਨਾਲ ਮੁੱਢੋਂ ਜ਼ਿੰਦਗੀ ਸ਼ੁਰੂ ਕਰਕੇ ਆਪਣਾ ਘਰ ਬਣਾਇਆ, ਪਿੱਛੇ ਮਾਪਿਆਂ ਦੀ ਬੁਢਾਪੇ ਵਿੱਚ ਸਹਾਇਤਾ ਕੀਤੀ। ਬੱਚਿਆਂ ਨੂੰ ਯੂਨੀਵਰਸਿਟੀ ਤੱਕ ਦੀ ਵਿੱਦਿਆ ਦਿਵਾਈ। ਹੁਣ 1992 ਤੋਂ ਰਿਟਾਇਰਮਿੰਟ ਦੀ ਜ਼ਿੰਦਗੀ ਮਾਣੀ। ਇਹ ਸਾਰੀਆਂ ਗੱਲਾਂ ਭਾਰਤ ਰਹਿ ਕੇ ਸੰਭਵ ਨਹੀਂ ਸਨ। ਨਾਲੇ ਇੱਕ ਮਜ਼ਦੂਰ ਕੋਲ਼ ਗੁਆਉਣ ਲਈ ਹੋ ਵੀ ਕੀ ਹੋ ਸਕਦਾ ਹੈ?

? ਕੋਈ ਸੁੱਖ-ਸੁਨੇਹਾ ਆਮ ਪੰਜਾਬੀਆਂ ਨੂੰ, ਨਵੇਂ ਲਿਖਣ ਵਾਲਿਆਂ ਨੂੰ ਆਪਣੇ ਜ਼ਿੰਦਗੀ ਦੇ ਅਨੁਭਵ ਤੋਂ ਕੋਈ ਰਾਜ ਦੱਸਣਾ ਚਾਹੋਗੇ?
:  ਸਤਨਾਮ ਜੀ, ਆਪਣੇ ਲਈ ਅਤੇ ਆਪਣੇ ਆਰ-ਪਰਿਵਾਰ ਲਈ ਤਾਂ ਹਰ ਕੋਈ ਸੋਚਦਾ ਅਤੇ ਵਿੱਤ ਅਨੁਸਾਰ ਮਦਦ ਵੀ ਕਰਦਾ ਹੈ। ਮੈਂ ਤਾਂ ਇਹ ਕਹਾਂਗਾ ਕਿ ਜਿੱਥੇ ਵੀ ਕੋਈ ਹੋਵੇ, ਉਹਨੂੰ ਆਪਣੇ ਆਲੇ ਦੁਆਲੇ ਵਸਦੇ ਸਰਬੱਤ ਦੇ ਭਲੇ ਲਈ ਜਿੰਨਾ ਵੀ ਹੋ ਸਕੇ, ਹਿੱਸਾ ਪਾਉਣਾ ਚਾਹੀਦਾ ਹੈ।

? ਸੰਤੋਖ ਜੀ, ਕੋਈ ਸਵਾਲ ਜੋ ਮੈਂ ਤੁਹਾਨੂੰ ਨਾ ਪੁੱਛ ਸਕਿਆ ਹੋਵਾਂ? ਪਰ ਤੁਸੀਂ ਸਮਝਦੇ ਹੋਵੋਂ ਕਿ ਕੋਈ ਗੱਲ ਦੱਸਣੀ ਬਣਦੀ ਹੈ?
: ਜ਼ਿੰਦਗੀ ਸਵਾਲਾਂ ਜਵਾਬਾਂ ਤੋਂ ਬਿਨਾ ਵੀ ਤੁਰੀ ਜਾਂਦੀ ਹੈ। ਇਸ ਲਈ ਕੋਈ ਹੋਰ ਕਹਿਣ ਦਾ ਸਬੱਬ ਬਣਿਆ ਰਹੇ, ਇਸ ਤੋਂ ਵਧੀਆ ਕੀ ਹੋ ਸਕਦਾ ਹੈ?

ਸਤਨਾਮ ਸਿੰਘ: ਸੰਤੋਖ ਸਿੰਘ ਜੀ ਤੁਸੀਂ ਆਪਣੀ ਢਿੱਲੀ ਸਿਹਤ ਹੋਣ ਦੇ ਵਾਬਜੂਦ ਵੀ ਆਪਣੇ ਜ਼ਿੰਦਗੀ ਦੇ ਪੰਨਿਆਂ ਨੂੰ ਸਾਂਝੇ ਕੀਤਾ, ਬਹੁਤ ਸਾਰੀਆਂ ਗੱਲਾਂ ਅਜੇ ਹੋਰ ਕਰਨੇ ਵਾਲ਼ੀਆਂ ਹਨ, ਫੇਰ ਕਿਧਰੇ ਸਮਾਂ ਮਿਲ਼ਿਆ ਤਾਂ ਹੋਰ ਗੱਲਾਂ ਵੀ ਸਾਂਝੀਆਂ ਕਰਾਂਗੇ। ਆਪ ਜੀ ਦਾ ਬਹੁਤ ਬਹੁਤ ਧੰਨਵਾਦ।
***
178
***  

About the author

satnam_dhaw
ਸਤਨਾਮ ਢਾਅ

ਸਤਨਾਮ ਢਾਅ ਦੀਅਾਂ ਪੁਸਤਕਾਂ ਦਾ ਵੇਰਵਾ:

ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਦੂਜਾ)
ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਪਹਿਲਾ)

ਪਤਾ:
Satnam Singh Dhah
303 ASPEN RIDGE PL SW

Calgary, AB T3 H 1T2
Canada
Ph.403-285-6091
e-mailsatnam.dhah@gmail.com

ਸਤਨਾਮ ਢਾਅ

ਸਤਨਾਮ ਢਾਅ ਦੀਅਾਂ ਪੁਸਤਕਾਂ ਦਾ ਵੇਰਵਾ: ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਦੂਜਾ) ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਪਹਿਲਾ) ਪਤਾ: Satnam Singh Dhah 303 ASPEN RIDGE PL SW Calgary, AB T3 H 1T2 Canada Ph.403-285-6091 e-mailsatnam.dhah@gmail.com

View all posts by ਸਤਨਾਮ ਢਾਅ →