30 November 2022
sur saanjh

‘ਸੁਰ-ਸਾਂਝ’ ਨਾਲ ਸਾਂਝ ਪਾਉਂਦਿਅਾਂ—ਡਾ. ਗੁਰਦਿਆਲ ਸਿੰਘ ਰਾਏ

ਬਲਵਿੰਦਰ ਮਥਾਰੂ‘ਅਹਿਸਾਸਾਂ’ ਦੀ ਸ਼ਿੱਦਤ, ’ਸੁੰਦਰਤਾ ਅਤੇ ਸੂਖਮਤਾ ਦੀ ਕਲਾ’ ਹਰ ਪਰਕਾਰ ਦੀ ’ਸਿਰਜਣਤਾਮਕ’ ਰਚਨਾ ਲਈ ਬੇਹੱਦ ਲੋੜੀਂਦੀ ਹੈ। ਸਿਰਜਣਾ ਲਈ ਅਹਿਸਾਸ ਜਾਂ ਭਾਵਨਾ ਪ੍ਰਥਮ ਹੈ। ਅਹਿਸਾਸ ਦੇ ਕੋਸ਼ਗਤ ਅਰਥ ਹਨ ਮਹਿਸੂਸ ਜਾਂ ਅਨੁਭਵ ਕਰਨਾ। ਇਹ ਅਨੁਭਵ ਮਨੁੱਖ ਆਪਣੀਅਾਂ ਗਿਆਨ ਇੰਦਰੀਅਾਂ ਦੀ ਸਮਰਥਾ ਅਨੁਸਾਰ ਆਪਣੇ ਵਾਤਾਵਰਣ ਤੋਂ ਇਕੱਤਰ ਕਰਕੇ ਸਮਝਦਾ-ਪਰਖਦਾ ਹੈ ਅਤੇ ਸੋਝੀ ਪ੍ਰਾਪਤ ਕਰਨ ਉਪਰੰਤ ਇਕ ਝਰਨਾਹਟ, ਇਕ ਤਰ੍ਹਾਂ ਦੀ ਸਨਸਨੀ ਜਾਂ ਸੰਵੇਦਨਾ ਦਾ ਅਨੁਭਵ ਕਰਦਾ ਹੈ। ਇਕ ਸਿਰਜਣਹਾਰਾ ਇਸੇ ਪਰਾਪਤ ਅਨੁਭਵ ਨੂੰ ਮਨ ਦੀ ਅੱਖ ਨਾਲ ਵੇਖ ਕੇ ਸੁੰਦਰ ਤੇ ਸੂਖਮ ਲੋੜੀਂਦੇ ਸ਼ਬਦਾਂ ਰਾਹੀਂ ਆਕਾਰ ਦਿੰਦਾ ਹੈ। ਵਿਦਵਾਨ ਲੇਖਕ ਓਮ ਪ੍ਰਕਾਸ਼ ਗਾਸੋ ਤਾਂ ਅਹਿਸਾਸ ਨੂੰ ਆਦਮੀ ਦੀ ਉਮਰ ਦਾ ‘ਅੱਖਰ’ ਅਤੇ ‘ਮਨੁੱਖੀ ਭਾਵਨਾਵਾਂ ਦੀ ਮੂਰਤੀ’ ਕਹਿੰਦਿਅਾਂ ‘ਅਹਿਸਾਸ’ ਨੂੰ ‘ਅਕੀਦਤ ਅਤੇ ਇਬਾਦਤ ਤੱਕ’ ਦਾ ਲਕਬ ਦਿੰਦਾ ਹੈ। ਅਹਿਸਾਸ/ਭਾਵਨਾ ਦੀ ਸੁਗੰਧੀ ਦਾ ਸੂਖਮ ਜਿਹਾ ਸੁੰਦਰ ਵਰਤਾਰਾ ਕਲਾਤਮਿਕਤਾ ਨੂੰ ਜਨਮ ਦਿੰਦਾ ਹੈ। ਕਵਿਤਾ ਵਿਚ ਅਜਿਹੇ ਮਨੁੱਖੀ ਜਜ਼ਬੇ ਹੀ ਸ਼ਬਦਾਂ ਦਾ ਸੁੰਦਰ ਪਹਿਰਾਵਾ ਪਹਿਨ ਕੇ ‘ਸੁਰ-ਤਾਲ’ ਵਿਚ ਰਹਿੰਦਿਅਾਂ ‘ਸੁਰ-ਸਾਂਝ’ ਨਾਲ ਸਾਂਝ ਪਾ ਲੈਂਦੇ ਹਨ। ਕੁਦਰਤ ਦੇ ਪਾਸਾਰਾਂ ਤੋਂ ਵਰੋਸਾਇਆ ਬਲਵਿੰਦਰ ਮਥਾਰੂ ਿੲਸ ‘ਸੁਰ-ਸਾਂਝ’ ਦੇ ਸੂਖਮ-ਸੁੰਦਰ ਅਹਿਸਾਸਾਂ ਦਾ ਹੀ ਸ਼ਾਇਰ ਹੈ।

ਜਦੋਂ ਉਸਦਾ ਪਹਿਲਾ ਕਾਵਿ-ਸੰਗ੍ਰਹਿ ’ਸ਼ੁਭ ਕਰਮਨ’ ਪਰਕਾਸ਼ਿਤ ਹੋਇਆ ਤਾਂ ਡਾ. ਪ੍ਰੀਤਮ ਸਿੰਘ ਕੈਂਬੋ ਨੇ ਆਪਣੇ ਇਕ ਲੇਖ ਵਿਚ ਸੱਚ ਹੀ ਕਿਹਾ ਸੀ: ‘ਉਸਦੀ ਪਲੇਠੀ ਪੁਸਤਕ ‘ਸ਼ੁੱਭ ਕਰਮਨ’ ਨੇੇ ਆਪਣੇ ਅਹਿਸਾਸਾਂ ਨੂੰ ਪੁਸਤਕ ਰੂਪ ਵਿਚ ਪੇਸ਼ ਕਰਕੇ ਸਾਹਿਤਕ ਹਲਕਿਅਾਂ ਵਿਚ ਸੀਤਲਤਾ ਦਾ ਵਾਤਾਵਰਣ ਪਸਾਰ ਦਿੱਤਾ ਹੈ।’

‘ਸ਼ੁਭ-ਕਰਮਨ’ ਕਾਵਿ-ਸੰਗ੍ਰਹਿ ਬਾਅਦ ਆਇਆ ’ਸੁਰ-ਸਾਂਝ’, ਬਲਵਿੰਦਰ ਮਥਾਰੂ ਦਾ ਦੂਜਾ ਕਾਵਿ-ਸੰਗ੍ਰਹਿ ਹੈ ਜੋ 2020 ਵਿਚ ਛਪਿਆ। ਪਹਿਲੇ ਸੰਗ੍ਰਹਿ ਦੀ ਆਮਦ ਤੋਂ ਪੰਜ ਕੁ ਸਾਲ ਮਗਰੋਂ ਛਪਿਆ ‘ਸੁਰ-ਸਾਂਝ ਵੀ ਅਹਿਸਾਸ ਤੇ ਸੁੰਦਰਤਾ ਦੇ ਸੁਮੇਲ ਨਾਲ ਹੀ ਲਬਰੇਜ਼ ਕਵਿਤਾਵਾਂ ਨਾਲ ਭਰਿਆ ਪਿਆ ਹੈ। ਬਲਵਿੰਦਰ ਮਥਾਰੂ ਨੇ ਅਹਿਸਾਸਾਂ ਦਾ ਪੱਲਾ ਬੜੀ ਦ੍ਰਿੜਤਾ ਨਾਲ ਕੱਸ ਕੇ ਫੜਿਆ ਹੋਇਆ ਹੈ ਕਿਉਂਕਿ ੳੁਹ ਅਹਿਸਾਸਾਂ ਦੀ ਮਹੱਤਤਾ ਤੋਂ ਚੰਗੀ ਤਰ੍ਹਾਂ ਜਾਣੂ ਹੈ। ਅੱਜ ਵੀ ਉਸਦੀ ਕਵਿਤਾ ਨੇ ਸੀਤਲਤਾ ਦਾ ਵਾਤਾਵਰਣ ਸਿਰਜਣ ਵਿਚ ਕੋਈ ਕਸਰ ਨਹੀਂ ਛੱਡੀ।

ਇਸ ਕਾਵਿ-ਸੰਗ੍ਰਹਿ ਵਿਚ ਸ਼ਾਮਲ ਕੀਤੀਆ ਗਈਅਾਂ ਕਵਿਤਾਵਾਂ ਸਬੰਧੀ ਬਲਵਿੰਦਰ ਮਥਾਰੂ ਲਿਖਦਾ ਹੈ ਕਿ ਇਸ ਵਿਚਲੀਅਾਂ ਬਹੁਤ ਸਾਰੀਅਾਂ ਕਵਿਤਾਵਾਂ, ਫਰਾਂਸ ਦੀ ‘ਲੁਅਾ੍ ਵੈਲੀ’ ਵਿਖੇ ਰਹਿੰਦਿਅਾਂ ਲਿਖੀਅਾਂ ਗਈਅਾਂ ਹਨ। ਕਵੀ ਨੇ ਜਿੱਥੇ ਉਹ ਰਹਿ ਰਿਹਾ ਹੈ ਉਸਦੇ ਕੁਦਰਤੀ ਮਾਹੌਲ ਤੋਂ ਪ੍ਰਭਾਵਤ ਹੋਕੇ, ਆਤਮ-ਸਾਤ ਕਰਕੇ ਤੜਕਸਾਰ ਰਾਗ ਅਲਾਪਦੇ ਪੰਛੀਅਾਂ ਦੀਅਾਂ ਸੁਰਾਂ ਨੂੰ, ਸੁਵਖਤੇ ਸੂਰਜ ਦੀਅਾਂ ਨਿੱਘੀਅਾਂ ਕੂਲੀਅਾਂ ਕਿਰਣਾਂ ਵਿਚ ਘੋਲਦਿਅਾਂ ਅਤੇ ਰਾਤ ਨੂੰ ਚਾਨਣੀ ਚੁੱਗਦਿਅਾਂ, ਪ੍ਰਾਪਤ ਅਹਿਸਾਸਾਂ ਨਾਲ ਗੜੁਚ ਕਵਿਤਾਵਾਂ ਦੀ ਰਚਨਾ ਕੀਤੀ ਹੈ। ਉਸਨੂੰ ਸੰਵੇਦਨਸ਼ੀਲਤਾ ਅਤੇ ਸੰਖੇਪ ਪਰ ਪ੍ਰਭਾਵਪੂਰਨ ਢੰਗ ਨਾਲ ਪ੍ਰਗਟਾਅ ਕਰਨ ਵਿਚ ਕਮਾਲ ਹਾਸਲ ਹੈ।

ਕੁਲ 60 ਕਵਿਤਾਵਾਂ, 94 ਪੰਨਿਅਾਂ ਤੇ ਫੈਲੀਅਾਂ ਹਨ। ਕਵੀ ਬਲਵਿੰਦਰ ‘ਕਵੀ’ ਸਿਰਲੇਖ ਵਾਲੀ ਕਵਿਤਾ ਵਿਚ, ਕਵਿਤਾ ਦੀ ‘ਰਚਣ-ਪ੍ਰਕਿਰਿਆ’ ਸਬੰਧੀ ਦਸਦਿਅਾਂ ਬੜੀਅਾਂ ਹੀ ਦਿਲ-ਟੁੰਬਵੀਅਾਂ ਹਕੀਕਤਾਂ, ਸਹਿਜ ਪਰ ਗੰਭੀਰਤਾ ਨਾਲ ਪੇਸ਼ ਕਰਦਿਅਾਂ ਆਪ-ਮੁਹਾਰਾ ਹੋ ਬੋਲਦਾ ਹੈ:

‘ਕਵੀ ਗਹੁ ਨਾਲ ਵੇਹੰਦਾ ਹੈ।’
ਕਿਉਂ ਭਲਾ—?

ਤਾਂ ਜੋ, ਉਸਦੀ ਕਾਨੀ ਨੂੰ ਅਜਿਹੇ ਸ਼ਬਦ ਨਸੀਬ ਹੋਣ ਜੋ ਕਵੀ ਨੂੰ ਉਂਗਲੀ ਫੜ ਕੇ ਅਗ੍ਹਾਂ ਤੋਰਨ ਅਤੇ ਕਵਿਤਾ, ਕਾਪੀ ਦੇ ਪੰਨਿਅਾਂ ਤੇ ਨਾ ਕੇਵਲ ਅਾਪ ਮੁਹਾਰੇ ਆ ਉਤਰੇ ਸਗੋਂ ਅਜਿਹੀ ਉੱਕਰੀ ਜਾਵੇ ਕਿ ਮੇਟਣਾ ਅਸਭੰਵ ਹੋਵੇ। ਕਵੀ ਬੜੇ ਹੀ ਸ਼ਾਨਦਾਰ ਅੰਦਾਜ਼ ਵਿਚ ‘ਮਛਲੀਅਾਂ ਫੜਨ ਵਾਲੇ’ ਦੇ ਸੰਦ ‘ਫਿਸ਼ਿੰਗ ਰੌਡ’ ਨੂੰ ‘ਕਲਮ’ ਨਾਲ ਮੇਲ ਕੇ ਇਕ ਸਮਾਨੰਤਰ/ਤੁਲਨਾਤਮਿਕ ਸੰਕੇਤ ਵਜੋਂ ਵਰਤਦਾ ਹੈ। ਵਰਤੋਂ ਵੇਖਣ ਵਾਲੀ ਹੈ। ਮਛੇਰਾ, ਮੱਛੀ ਫੜਨ ਲਈ ਪਾਣੀ ਵਿਚ ‘ਫਿਸ਼ਿੰਗ ਰੌਡ’ ਨੂੰ ਹੁਲਾਰਾ ਦੇ ਕੇ ਕੁੰਡੀ ਸੁੱਟਦਾ ਹੈ ਫਿਰ ਬੜੇ ਹੀ ਗਹੁ ਨਾਲ ਧਿਆਨ ਲਗਾਕੇ ਬੈਠਦਾ ਹੈ ਤੇ ਉਡੀਕ ਕਰਦਾ ਹੈ ਕਿ ਕਦ ਮੱਛੀ ਫਸੇ ਤੇ ਕਦ ਮਛੇਰਾ ਰੱਸੀ ਖਿੱਚੇ। ਠੀਕ ਇੰਝ ਹੀ ਕਵੀ ਕਵਿਤਾ ਦੀ ਪੈਦਾਇਸ਼ ਲਈ ਵੀ ‘ਕਲਮ’ ਨੂੰ ‘ਫਿਸ਼ੀੰਗ ਰੌਡ’ ਵਾਂਗ ਵਰਤਦਿਅਾਂ—ਧਿਅਾਨ ਦਾ ਸੂਤਰ ਪਾਕੇ, ਕਲਪਨਾ ਦੇ ਸਮੁੰਦਰ ਵਿਚ ਡੁੱਬਕੀ ਲਗਾਉਂਦਿਅਾਂ ਸਾਗਰ ਮੰਥਨ ਕਰਦਿਅਾਂ ਯੋਗ, ਸਹਿਜ ਤੇ ਸੁੰਦਰ ਮੋਤੀਅਾਂ ਵਰਗੇ ਸ਼ਬਦਾਂ ਦੀ ਭਾਲ ਕਰਦਾ ਹੈ। ਕਿਤੇ ਸ਼ਬਦ ‘ਹੰਸ’ ਤੇ ਕਿਤੇ ‘ਹਿਰਨ’ ਹੋ ਨਿਬੜਦੇ ਹਨ। ਕਵੀ ਦੀ ਸੂਝ ਵੇਖਣ ਵਾਲੀ ਹੈ:

ਕਵੀ ਜਾਣਦਾ ਹੈ
ਸ਼ਬਦ ਹੰਸ ਹਨ
ਵਣ ਵਿਚ ਦੌੜਦੇ ਹਿਰਨ
ਜਾਂ ਦਰਿਅਾ ‘ਚ ਤੈਰਦੀਅਾਂ ਮੱਛੀਅਾਂ
ਪਰ ਉਹਨਾਂ ਨੂੰ ਸਵਾਦ ਦੀ ਜੀਭ ਨਹੀਂ ਲੱਗੀ ਹੁੰਦੀ
ਨਾ ਹੀ ਭੋਜਨ ਮੰਗਦਾ ਪੇਟ
ਉਹ ਆਉਣ ਜਾਂ ਨਾ ਆਉਣ
…….
ਪਰ ਕਵੀ ਉਡੀਕ ਕਰਦਾ ਹੈ। (ਪੰਨਾ 27-28)

ਰਚਨਾ ਕਰਨੀ ਸਹਿਜ ਨਹੀਂ। ਬਹੁਤ ਹੀ ਅੌਖਾ ਕਾਰਜ ਹੈ। ‘ਗੁਲਚਮਨ’ ਦੇ ਫਰਵਰੀ 1987 ਦੇ ਅੰਕ ਵਿਚ ਮਨਿੰਦਰ ਸ਼ੌਕ ਦੀਅਾਂ ਕੁਝ ਪੰਕਤੀਅਾਂ ਦਾ ਹਵਾਲਾ ਦੇਣਾ ਠੀਕ ਰਹੇਗਾ। ਅਦੀਬ ਲਿਖਦਾ ਹੈ: ‘ਪਾਣੀ ਦੇ ਸੀਨੇ ਤੇ ਪਈ ਲਕੀਰ ਵਾਂਗ ਬਿਖਰ ਜਾਣ ਵਾਲੇ ਹਰਫ਼ਾਂ ਨੂੰ ਰਚਨਾ ਨਹੀਂ ਕਹਿੰਦੇ ਤੇ ਨਾ ਹੀ ਰੇਤ ਦੇ ਕਿਣਕਿਅਾਂ ਨਾਲ ਉਸਾਰੀ ਦੀਵਾਰ ਵਾਂਗ ਕਿਰਚਾਂ ਕਿਰਚਾਂ ਹੋਣ ਵਾਲੇ ਹਰਫਾਂ ਨੂੰ ਹੀ ਰਚਨਾ ਕਹਿੰਦੇ ਹਨ। ਸਗੋਂ ਰਚਨਾ ਤਾਂ ਪੱਥਰ ਦੇ ਸੀਨੇ ਤੇ ਖੁਦੇ ਹਰਫ਼ਾਂ ਵਾਂਗ ਪਾਠਕ ਦੇ ਦਿਲ ਉਤੇ ਆਪਣੀ ਸਦੀਵੀ ਛਾਪ ਲਾਉਣ ਵਾਲੀ ਇਬਾਰਤ ਨੂੰ ਆਖਦੇ ਹਨ।’ ਇਹਨਾਂ ਸ਼ਬਦਾਂ ਦੇ ਸਾਰ ਦੀ ਝਲਕ ਬਲਵਿੰਦਰ ਮਥਾਰੂ ਦੀ ‘ਰਚਨਾ’ ਨਾਂ ਦੀ ਕਵਿਤਾ ਵਿਚ ਸੂਖਮ ਸ਼ਬਦਾਂ ਦੀ ਕਿਣਮਿਣ’ ‘ਚੋਂ ਵੀ ਝਲਕਾਰੇ ਮਾਰਦੀ ‘ਕਵਿਤਾ’ ਕਵਿਤਾ ਦੀ ਪਰਿਭਾਸ਼ਾ ਦਾ ਰੂਪ ਅਖਤਿਆਰ ਕਰ ਜਾਂਦੀ ਹੈ:

(1)
ਸ਼ਬਦਾਂ ਦੀ ਕਿਣਮਿਣ ਹੁੰਦੀ
ਕੋਈ ਸ਼ਬਦ ਟੇਢਾ
ਕੋੲੀ ਮੂਧਾ
ਕੋਈ ਸਿੱਧਾ ਡਿਗਦਾ
ਸ਼ਬਦ ਕਵਿਤਾ ਬਣ ਜਾਂਦੇ
(2)
ਕਵੀ ਸ਼ਬਦਾਂ ਨੂੰ ਵੇਂਹਦਾ
ਛੋਂਹਦਾ
ਸ਼ਬਦਾਂ ਨਾਲ ਖੇਡਦਾ
ਸ਼ਬਦ ਕਵਿਤਾ ਬਣ ਜਾਂਦੇ
(ਪੰਨਾ 29)

ਬਲਵਿੰਦਰ ਮਥਾਰੂ ਅਾਮ ਕਰਕੇ ਖੁਲ੍ਹੀ ਛੰਦ ਰਹਿਤ ਕਵਿਤਾ ਹੀ ਲਿਖਦਾ ਹੈ। ਉਸਦੀ ਕਵਿਤਾ ਪਰੰਪਰਾਗਤ ਕਵਿਤਾ ਤੋਂ ਹੱਟ ਕੇ ਤੋਲ ਤਕਾਂਤ ਦੇ ਝੰਝਟ ਤੋਂ ਪਾਸਾ ਵੱਟਦਿਅਾਂ ਰਚੀ ਗਈ ਹੈ। ਉਂਝ ਉਸਨੇ ਇਸ ਸੰਗ੍ਰਹਿ ਵਿੱਚ ਤੋਲ ਤੁਕਾਂਤ ਵਾਲੀਅਾਂ ਰਚਨਾਵਾਂ ਵੀ ਪੇਸ਼ ਕੀਤੀਅਾਂ ਹਨ ਜਿਵੇਂ ਕਿ ਪੁੰਨਿਅਾਂ ਰਾਤੀ, ਸੁੰਞੀਅਾਂ ਰਾਹਾਂ ‘ਚ, ਤੂੰ ਸੁਪਨੇ ਵਿਚ ਹੀ ਆ, ਤੇ ਮੈਂ ਸੁਪਨੇ ਬੀਜ ਆਇਆ ਹਾਂ।

ਉਸਦੀ ਰਚੀ ਛੰਦ ਰਹਿਤ ਕਵਿਤਾ ਵਿਚ ਰਿਦਮ ਹੈ, ਸੁੰਦਰਤਾ ਹੈ ਨਗੀਨੇ ਵਰਗੇ ਸ਼ਬਦ ਹਨ, ਬਿੰਬ ਹਨ, ਸੋਚ ਦੀ ਗੰਭੀਰਤਾ ਵਾਲਾ ਚਿੰਤਨ ਹੈ, ਵਿਚਾਰਾਂ ‘ਤੇ ਅਹਿਸਾਸਾਂ ਦੀ ਸ਼ਿੱਦਤ ਹੈ ਅਤੇ ਨਵੇਕਲੀ ਛਾਪ ਵਾਲੀ ਸ਼ੈਲੀ ਹੈ। ਉਦਾਹਰਣ ਵਜੋਂ ਉਸਦੀਅਾਂ ਤਿੰਨ ਹੋਰ ਕਵਿਤਾਵਾਂ: ‘ਕਵਿਤਾ’, ‘ਕਵਿਤਾ ਦਾ ਰੰਗ’ ਅਤੇ ‘ਕਵਿਤਾ ਅਤੇ ਬਿਰਖ’ ਉਸਦੀ ਸਿਰਜਣਾ ਦੇ ਪਲਾਂ ਦੀ ਸੁੰਦਰ ਨਕਾਸ਼ੀ ਪੇਸ਼ ਕਰਦੀਅਾਂ ਹਨ। ਕਦੇ ਉਹ ਕਵਿਤਾ ਨੂੰ ਮੀਂਹ ਦੀਅਾਂ ਕਣੀਅਾਂ ਨਾਲ ਜੋੜਦਿਅਾਂ ਚੋਂਦੇ ਹੋਏ ਕੁੱਪ ਤੇ ਤੂੜੀ ਵਿਚ ਸਮੋਵਦਿਅਾਂ ਵਿਖਾ ਦਿੰਦਾ ਹੈ ਅਤੇ ਕਦੇ ਇਹਨਾਂ ਕਣੀਅਾਂ ਨਾਲ ‘ਤਿੜਕੇ ਹੋਏ’ ਤਨ ਦੀਅਾਂ ਤ੍ਰੇੜਾਂ ਭਰਦਿਅਾਂ, ਮਨ ਦੀਅਾਂ ਕਸਾਂ ਨੂੰ ਢਿੱਲਿਅਾਂ ਪਾ ਦਿੰਦਾ ਹੈ। ਸੋਚ ਦੇ ਸਹਾਰੇ, ਕਵੀ ਤੀਖਣ ਤੇ ਤੇਜ਼-ਰਫਤਾਰ ਭਾਵੁਕ ਵਿਚਾਰਾਂ ਨਾਲ ਕੋਮਲ ਸੰਵੇਦਨਾਵਾਂ ਦੇ ਚਲਦੇ ਪ੍ਰਵਾਹ ਵਿਚ ਡੁਬਕੀ ਲਗਾਉਂਦਾ ਹੈ। ਉਹ ‘ਕਵਿਤਾ ਦਾ ਰੰਗ ਵਿਚ’ ਲਿਖਦਾ ਹੈ:

ਖੁਲ੍ਹੀ ਕਾਪੀ ਮੈਂਨੂੰ ਵੇਖੇ
ਜਿਵੇਂ ਦਰਿਆ
ਅੰਬਰ ਨੂੰ ਵੇਖਦਾ ਹੈ
ਪੰਨਾ ਪੰਨਾ ਵਿਛਾ ਕੇ ਲੀਕਾਂ
ਸ਼ਬਦਾਂ ਦੀ ਛੋਹ ਉਡੀਕਦਾ ਹੈ

ਸੋਚ ਦੇ ਸਮੁੰਦਰ ‘ਚੋਂ
ਭਾਵਾਂ ਦੇ ਤੂਫਾਨ ਵਿੱਚੋਂ
ਕਵਿਤਾ ਦਾ ਰੰਗ ਉਪਜਦਾ ਹੈ
ਤੇ ਕਾਗ਼ਜ ਦੀ ਰੂਹ ਵਿਚ ਉਤਰਦਾ ਹੈ
ਜਿਵੇਂ ਸਹਿਰਾ ‘ਚ ਮੀਂਹ ਬਰਸਦਾ ਹੈ
ਚੰਦ ਆ ਨਦੀ ਵਿਚ ਡੁਬਕਦਾ ਹੈ
ਹਰ ਸ਼ਾਮ ਸੂਰਜ ਪਿਘਲਦਾ ਹੈ।

ਕਵਿਤਾ ਦਾ ਪਠਨ ਕਰਦਿਅਾਂ ਮਹਿਸੂਸ ਹੁੰਦਾ ਹੈ ਕਿ ਬਲਵਿੰਦਰ ‘ਕਵਿਤਾ’ ਆਪ ਨਹੀਂ ਲਿਖਦਾ, ਸਗੋਂ ਲੱਗਦਾ ਹੈ ਕਿ ਕਵਿਤਾ ਆਪ ਉਸ ਨੂੰ ਲਿਖਣ ਲਈ ਉਕਸਾਉਂਦੀ ਹੈ। ਦਰਅਸਲ ਉਸਦੀ ਲੇਖਣੀ ਪ੍ਰਗਟਾਉਂਦੀ ਹੈ ਕਿ ਉਹ ਗਹਿਰ-ਗੰਭੀਰ ਅਤੇ ਚੁੱਪ ਰਹਿਣ ਵਾਲਾ ਕਵੀ ਹੈ। ਉਹ ਚੁੱਪ ਦਾ ਆਨੰਦ ਮਾਣਦਿਅਾਂ ਸਿਰਫ ਗਵਾਹ ਬਣਕੇ ਵੇਖਦਾ ਹੈ। ਵੇਖੇ ਹੋਏ ਦਾ ਵਖਾਣ ਆਪੂੰ ਨਹੀਂ ਕਰਦਾ ਸਗੋਂ ਦ੍ਰਿਸ਼ਟੀ ਦੀ ਥਾਂ ਦ੍ਰਿਸ਼ਟਾਂਤ ਨੂੰ ਕਹਿਣ ਦਿੰਦਾ ਹੈ। ਆਪੂੰ ਮੂਕ ਪਰ ਉਸਦੀਅਾਂ ਵੇਖੀਅਾਂ-ਚਾਖੀਅਾਂ ਵਸਤਾਂ ਆਪ ਮੂਹੋਂ ਬੋਲਦੀਅਾਂ ਹਨ, ਕੂਕਦੀਅਾਂ ਹਨ, ਧੁਮਾਲਾਂ ਪਾਉਂਦੀਅਾਂ ਹਨ। ਇਹਨਾਂ ਗੁਣਾਂ ਕਾਰਨ ਹੀ ਤਾਂ ਵਿਦਵਾਨ ਲੇਖਕ ਨਵਤੇਜ ਭਾਰਤੀ ਨੇ ਵੀ ਬਹੁਤ ਦਰੁਸਤ ਕਿਹਾ ਹੈ: ‘ਬਲਵਿੰਦਰ ਪੰਜਾਬੀ ਕਵਿਤਾ ਵਿਚ ਸੱਜਰੀ ਹਵਾ ਦਾ ਬੁੱਲਾ ਹੈ।’

ਸਵਰਗਵਾਸੀ ਪੂਰਨ ਸਿੰਘ ਨੂੰ ਤਾਂ ‘ਸੁਰ-ਸਾਂਝ’ ਦੀਅਾਂ ਕਵਿਤਾਵਾਂ ਵਿੱਚੋਂ ਸੰਗੀਤ ਦੀਅਾਂ ਸੁਰਾਂ ਦਾ ਆਭਾਸ ਮਿਲਦਾ ਹੈ। ਉਹ ਗ਼ਲਤ ਨਹੀਂ। ਦਰਅਸਲ ਬਲਵਿੰਦਰ ਦੀ ਕਵਿਤਾ ਵਿਚ ਇਕ ਅਚੁੱਪ ਸੁਰ ਹੈ: ਸੁਰਾਂ ਦੀ ਸਾਂਝ। ਇਹੋ ਹੀ ਸਹੀ ਅਰਥ ਦਿੰਦਾ ਕਾਵਿ ਸੰਗ੍ਰਹਿ ਦਾ ਨਾਮ ਵੀ ਹੈ: ਮਧੁਰ ‘ਸੁਰਾਂ ਦੀ ਸਾਂਝ।’

‘ਸੁਰ-ਸਾਂਝ’ ਦੀਅਾਂ ਸਾਰੀਅਾਂ ਹੀ ਕਵਿਤਾਵਾਂ ਪੜ੍ਹਨ ਤੇ ਮਾਨਣ ਯੋਗ ਹਨ। ਕੁਝ ਕਵਿਤਾਵਾਂ ਦਾ ਜ਼ਿਕਰ ਪਹਿਲਾਂ ਕੀਤਾ ਗਿਆ ਹੈ। ਬਾਕੀ ਕਵਿਤਾਵਾਂ ਦਾ ਬਹੁਤ ਵਿਸਤਾਰ ਵਿਚ ਜ਼ਿਕਰ ਕਰਨਾ ਨਾ ਤਾਂ ਜਾਇਜ਼ ਹੀ ਹੈ ਅਤੇ ਨਾ ਹੀ ਸਾਰਾ ਬਾਗ ਹੀ ਪਾਠਕਾਂ ਗੋਚਰੇ ਹਾਜ਼ਰ ਕਰ ਦੇਣਾ। ਫਿਰ ਵੀ ਮਕੜੀ ਦਾ ਜਾਲਾ, ਫਰਸ਼ ਦੀ ਧੂੜ, ਸੁੱਕੇ ਪੱਤੇ, ਡੰਡਵਤ ਪ੍ਰਣਾਮ ਕਰਦੀ ਧੁੱਪ, ਆਲੇ ਵਿੱਚ ਬੁੱਝ੍ਹੀ ਮੋਮਬਤੀ, ਲੱਕੜਾਂ ਚੀਰਦੇ ਦੋਸਤ, ਬਸਤਾ ਆਦਿ ਕਵਿਤਾਵਾਂ ਬਲਵਿੰਦਰ ਦੀ ਉਸ ਬੜੀ ਪ੍ਰਬਲ ਇੱਛਾ ਦੀ ਪੂਰਤੀ ਵੱਲ ਅਗ੍ਰਸਰ ਹਨ ਜਿਸ ਰਾਹੀ ਉਹ ਰੋਗ-ਗ੍ਰਸਤ ਤੇ ਥੋਥੀ ਹੋ ਚੁੱਕੀ ਉਦਾਸ ਮਾਨਸਿਕਤਾ ਨੂੰ ਤੰਦਰੁਸਤੀ ਵੱਲ ਪ੍ਰੇਰ ਸਕੇ। ਉਦਾਹਰਣ ਵਜੋਂ ਇਸ ਸੰਗ੍ਰਹਿ ਦੀ ਤੀਜੀ ਕਵਿਤਾ ਹੈ: ਲਕੜਾਂ ਚੀਰਦੇ ਦੋਸਤ। ਲਕੜਾਂ ਚੀਰਨ ਵਾਲੇ ਦੋਸਤਾਂ ਦਾ ਨਾਂ ਹੈ: ਜਾਰਜ ਅਤੇ ਸਾਰਜ। ਇਹ ਦੋਵੇਂ ਲਕੜਹਾਰੇ ਉਸੇ ਕੁਦਰਤ ਦੀ ਗੋਦ ਵਿਚ ਵੱਸਦੇ ‘ਲਾ-ਰੀਰੈ’ ਪਿੰਡ ਦੇ ਹਨ ਜਿੱਥੇ ਬਲਵਿੰਦਰ ਦਾ ਫਾਰਮ ਹਾਊਸ ਹੈ। ਇਹ ਪਿੰਡ ਵੀ ਕਾਹਦਾ ਬਸ ਪੰਜ-ਸੱਤ ਘਰ ਹਨ। ਸਾਰੇ ਹੀ ਅਪਣਤ ਅਤੇ ਸਨੇਹ ਨਾਲ ਭਰੇ-ਭਿੱਜੇ। ਸਾਰਿਆਂ ਵਿਚ ਇਕ ਸਾਂਝ ਦਾ ਜਲੌ ਹੈ ਅਤੇ ਇਹ ਸਾਂਝ ਪ੍ਰਕਿਰਤੀ ਦੀ ਭਿੰਨੀ ਭਿੰਨੀ ਖੁਸ਼ਬੂ ਨਾਲ ਲਬਰੇਜ਼ ਬਲਵਿੰਦਰ ਅਤੇ ਉਸਦੀ ਕਲਮ ਨੂੰ ਵੀ ਆਪਣੀ ਨਿੱਘੀ ਬੁੱਕਲ ਵਿਚ ਲਪੇਟ ਲੈਂਦੀ ਹੈ। ਸਰਦੀ ਦੀ ਰੁੱਤ ਲਈ ਬਾਲਣ ਦੀ ਬਹੁਤ ਲੋੜ ਹੈ ਅਤੇ ਇਹ ਦੋਵੇਂ ਮਿੱਤਰ ਜਾਰਜ ਅਤੇ ਸਾਰਜ ਸੁੱਕੇ ਮੋਛੇ ਗੱਠੇ ਵਿੱਚੋਂ ਚੁੱਕਦੇ ਹਨ ਅਤੇ ਆਰੇ ਨਾਲ ਚੀਰ ਚੀਰ ਕੇ ਬਾਲਣ ਦਾ ਢੇਰ ਲਾ ਲੈਂਦੇ ਹਨ। ਸਾਧਾਰਨ ਜਿਹੀ ਦਿਸਣ ਵਾਲੀ ਕਵਿਤਾ ਹੈ। ਆਰੇ ਦੀ ਚੀਕ ਲੱਕੜ ਦੀ ਧੜਕਣ ਵਧਾਉਂਦੀ ਹੈ ਪਰ ਨਾਲ ਹੀ ਆਰੇ ਦੀ ਚੀਕ ਦਾ ਰੌਲਾ ਵਾਅ ਵਿਚ ਅਦੁੱਤੀ ਨਾਚ ਦੀ ਥਿਰਕਣ ਵੀ ਰਲਾ ਦਿੰਦਾ ਹੈ। ਵੇਖੋ:

ਆਰਾ ਚੀਕੇ
ਲਕੜ ਧੜਕੇ
ਬੂਰਾ ਉੱਡ ਉੱਡ
ਭੋਇੰ ‘ਤੇ ਫੜਕੇ
ਰੌਲਾ ‘ਵਾਅ ਵਿੱਚ
ਚਿਰ ਤਕ ਲਟਕੇ
ਲਕੜ ਦੋ ਦੋ ਗਿੱਠੀ ਹੋਵੇ
ਸ਼ਹਿਤੂਤ ‘ਚ
ਕੰਬਣੀ ਜਿਹੀ ਪਰੋਵੇ

ਲਾਗੇ ਹੀ ਕੁਕੜੀਅਾਂ ਧਰਤੀ ਠੁੰਗਦੀਅਾਂ ਹਨ, ਕੀੜੇ, ਕਾਢੇ ਲੱਭਦੀਅਾਂ ਆਪਣੇ ਖੰਭਾਂ ਨੂੰ ਵੀ ਸੰਵਾਰਦੀਅਾਂ ਹਨ। ਦ੍ਰਿਸ਼ ਵਰਨਣ ਅਤਿ ਦਾ ਸੋਹਣਾ ਹੈ। ਕੁਕੜੀਅਾਂ ਦੀ ਕੁਕੜੂੰ ਕੁਕੜੂੰ ਸਮੇਂ ਨੂੰ ਵੀ ਥੰਮ ਲੈਂਦੀ ਹੈ। ਦੋਹਾਂ ਮਿੱਤਰਾਂ ਦੇ ਮੂੰਹ ਤੋਂ ਮੁੜ੍ਹਕਾ ਭਾਵੇਂ ਤਿਪ ਤਿਪ ਵਗਦਾ ਹੈ ਪਰ ਕੋਈ ਮਲਾਲ ਨਹੀ ਕਿਉਂਕਿ ਕੋਈ ਮਾਲਕ ਨਹੀਂ ਅਤੇ ਨਾ ਹੀ ਕੋਈ ਨੌਕਰ ਹੀ। ਕੋਈ ਹੀਣਾ ਨਹੀਂ ਕੋਈ ਕਿਸੇ ਤੋਂ ਵੱਡਾ ਨਹੀਂ। ਆਪਸੀ ਪਿਆਰ, ਮਿਲ-ਵਰਤੋਂ ਅਤੇ ਸਬਰ-ਸੰਤੋਖ ਰਿਜ਼ਕ ਵਿਚ ਬਰਕਤ ਲਿਆਉਂਦਾ ਹੈ। ਥਕਾਵਟ ਕੋਹਾਂ ਦੂਰ ਹੈ, ਖੇੜਾ ਅਗੰਮੀ ਰਹਿਮਤ ਬਣ ਵਰਸਦਾ ਹੈ। ਆਲਾ -ਦੁਆਲਾ ਹਰਿਆਵਲ ਨਾਲ ਝੂਮਦਾ ਪਿਆਰ ਦੇ ਗੀਤ ਗਾਉਂਦਾ ਤੇ ਸ਼ਗਨ ਮਨਾਉਂਦਾ ਜਾਪਦਾ ਹੈ।

ਇਸ ਸੰਗ੍ਰਹਿ ਦੀ ਚੌਥੀ ਕਵਿਤਾ ‘ਬਸਤਾ’ ਹੈ ਜਿਸਨੂੰ ਵਿਦਵਾਨ ਲੇਖਕ ਸ. ਪੂਰਨ ਸਿੰਘ (ਲੰਡਨ) ਨੇ ਇਸ ਸੰਗ੍ਰਹਿ ਦਾ ਮੁਖਬੰਦ ਵੀ ਗਰਦਾਨਿਆ ਹੈ। ਨਿਰਸੰਦੇਹ ਸਾਡੀ ਉਤਸੁਕਤਾ ਵੱਧੀ। ਸਾਧਾਰਨ ਪੜ੍ਹਨ ਤੇ ਨਿੱਕੀ ਜਿਹੀ ਕਵਿਤਾ ਪੱਲੇ ਨਾ ਪਈ। ਫੇਰ ਦੋ ਚਾਰ ਬਾਰ ਪੜ੍ਹਨ ‘ਤੇ ਸਾਧਾਰਨ ਜਿਹੇ ਸ਼ਬਦਾਂ ਪਿੱਛੇ ਲੁਕੇ ਹੋਏ ਅਰਥਾਂ ਨੂੰ ਲੱਭਦਿਅਾਂ ਸਮਝ ਪਈ ਕਿ ਵੇਖਣ, ਪੜ੍ਹਨ ਨੂੰ ਇਹ ਬਹੁਤ ਹੀ ਸਾਧਾਰਨ ਦਿਸਦੀ ਕਵਿਤਾ ਆਪਣੇ ਕਲਾਵੇ ਵਿਚ ਅੱਜ ਦੇ ਵਿਗਿਆਨਕ ਯੁਗ ਦੀ ਵਿੱਦਿਆ ਪ੍ਰਣਾਲੀ ਦੀ ਗੱਲ ਕਰਦੀ ਹੈ। ਉਂਝ ਵਿੱਦਿਅਾ ਪ੍ਰਣਾਲੀ ਨੂੰ ਕਿਸੇ ਵੀ ਸੰਕੀਰਣ ਬੰਧਨ ਵਿੱਚ ਜਕੜ ਕੇ ਸਦਾ ਲਈ ਬੰਂਨ੍ਹ ਕੇ ਨਹੀਂ ਰੱਖਿਆ ਜਾ ਸਕਦਾ। ਵਿਦਿਅੱਕ ਸਰੋਕਾਰ ਬਦਲ ਰਹੇ ਹਨ। ਵਿਕਾਸ ਜਾਂ ਅਵਿਕਾਸ? ਵਲ ਕਦਮ ਤਾਂ ਸਭ ਥਾਵਾਂ ਤੇ ਪੁੱਟੇ ਜਾ ਰਹੇ ਹਨ। ਪੰਜ ਕੁ ਸਾਲ ਪਹਿਲਾਂ ਭਾਰਤ ਜਾਣ ਦਾ ਮੌਕਾ ਮਿਲਿਆ ਤਾਂ ਵੇਖਿਆ ਕਿ ਸਕੂਲ ਜਾਣ ਲਈ ਤਿਆਰ ਹੋ ਰਿਹਾ ਅੱਠ-ਨੌਂ ਸਾਲ ਦਾ ਬੱਚਾ ਆਪਣੇ ਸਕੂਲ ਲੈਜਾਣ ਵਾਲੇ ‘ਝੋਲੇ ਜਾਂ ਬਸਤੇ’ ਵਿਚ ਕਿਤਾਬਾਂ ਤੁੰਨ ਤੁੰਨ ਕੇ ਭਰ ਰਿਹਾ ਸੀ। ਜਦੋਂ ਤੁਰਨ ਲੱਗਿਆ ਤਾਂ ਵੇਖਿਆ ਕਿ ਉਸ ਨੇ ਇਹ ਭਾਰਾ ’ਬਸਤਾ’ ਬੜੀ ਮੁਸ਼ਕਲ ਨਾਲ ਹੀ ਚੁੱਕਿਆ। ਸਕੂਲ ਕਿਵੇਂ ਪੁੱਜਿਆ ਰੱਬ ਹੀ ਜਾਣੇ। ਖ਼ੈਰ!

ਵਿਚਾਰ ਅਧੀਨ ‘ਬਸਤਾ’ ਕਵਿਤਾ ਦੇ ਕੁਲ ਚਾਰ ਬੰਦ ਹਨ ਅਤੇ ਕੁਲ ਤੇਤੀ ਸੱਤਰਾਂ। ਪਹਿਲਾ ਬੰਦ ਦਸਦਾ ਹੈ ਕਿ ਕਿਵੇਂ ਬਸਤੇ ‘ਚ ਪਿਆ ਬਾਲ ਉਪਦੇਸ਼, ਕਾਪੀ ‘ਤੇ ਕਲਮ-ਦਵਾਤ ਬੱਚੇ ਨੂੰ ਸਕੂਲ ਤੋਰਦੇ ਹਨ। ਨਤੀਜਾ ਕੀ ਨਿਕਲਦਾ ਹੈ: ਬੱਚਾ ਮਾਂ ਦੀ ਗੋਦੀ ਦਾ ਨਿੱਘ, ਗੇਂਦ ‘ਤੇ ਗਡੀਰਾ ਭੁੱਲ ਜਾਂਦਾ ਹੈ।

ਦੂਜੇ ਬੰਦ ਤੱਕ ਪੁੱਜਦਿਅਾਂ ਇਸ ‘ਬਸਤੇ’ ਦਾ ਭਾਰ ੳ-ਊਠ, ਅ-ਅਨਾਰ ਅਤੇ ੲ-ਇੱਟ ਕਾਰਨ ਹੋਰ ਵੱਧ ਜਾਂਦਾ ਹੈ।

ਤੀਜੇ ਬੰਦ ‘ਚ ਇਹ ‘ਬਸਤਾ’ ਨੰਗੇ ਪੈਰੀਂ ਤੁਰਦਿਅਾਂ ਤੁਰਦਿਅਾਂ, ਮੌਜਿਅਾਂ, ਜਰਾਬਾਂ, ਸੈਂਡਲ ਤੱਕ ਪੁੱਜਦਿਅਾਂ ਆਪਣਾ ਰੂਪ ਵਟਾਉਣ ਲਈ ਮਜ਼ਬੂਰ ਹੁੰਦਿਆ ‘ਰੱਕਸੈਕ’ ਬਣ ਜਾਂਦਾ ਹੈ ਕਿਉਂਕਿ ਹੁਣ ਇਸ ਵਿਚ ਪਹਿਲਾਂ ਦੇ ਪਏ ‘ੳ-ਅ-ੲ’ ਦੇ ਨਾਲ ਨਾਲ ਹੁਣ ‘ਏ-ਬੀ-ਸੀ’ ਵੀ ਆਣ ਵੜਦੇ ਹਨ।

ਅਤੇ ਫਿਰ ਚੌਥੇ ਬੰਦ ਰਾਹੀਂ ਇਹ ‘ਰੱਕਸੈਕ’ ਬਣਿਆ ‘ਬਸਤਾ’ ਪੈਰੀਂ ‘ਟਰੇਨਰਜ਼’ ਪੁਆਕੇ ਤੁਰਦਾ ਹੈ ਅਤੇ ਇਸ ਵਿਚ ਆ ਵੜਦੇ ਹਨ: ਆਈ ਪੈਡ, ਲੈਪਟਾਪ, ਕਿੰਡਲ(Kindle Reader) ਅਤੇ ‘ਐਪਸ।’ ਗੱਲ ਕੀ ਇਸ ਰੱਕਸੈਕ ਦਾ ਧਾਰਨੀ ਬਣ ਜਾਂਦਾ ਹੈ ਸਾਰੇ ਵਿਸ਼ਵ ਦਾ ਨਾਗਰਿਕ ਅਤੇ ਫਿਰ ਉਹ ਥਾਂ ਥਾਂ ਘੁੰਮਦਾ ਹੈ ਕਦੇ ਲੰਡਨ, ਕਦੇ ਨੀਊਯਾਰਕ ਅਤੇ ਕਦੇ ਬੰਗਲੌਰ।

ਕਵੀ ਨੇ ਇਸ ਛੋਟੀ ਜਿਹੀ ਕਵਿਤਾ ਰਾਹੀਂ ਅਜੋਕੀ ਵਿੱਦਿਅਕ ਪ੍ਰਣਾਲੀ ਤੇ ਕਟਾਖਸ਼ ਕਰਦਿਆਂ ਮਾਨਵ ਦੇ ਵਿਕਾਸ ਦੀ ਵਿਡੰਬਣਾ ਨੂੰ ਬਾਖ਼ੂਬੀ ਛੋਹਿਆ ਹੈ, ਟੁੰਬਿਆ ਹੈ। ਇਸ ਤਥਾਕਥਿਤ ਵਿਦਿਅਕ ਪ੍ਰਗਤੀ ਦੀ ਸਾਂਝ ਨੇ ਕਮਾਇਆ ਘੱਟ ਪਰ ਗੰਵਾਇਆ ਬਹੁਤ ਹੈ। ਮਾਸੂਮੀਅਤ ਦਾ ਘਾਣ ਹੋ ਗਿਆ, ਕਾਹਲ ਵੱਧ ਗਈ, ਸਬਰ-ਸੰਤੋਖ ਗੁਆਚ ਗਿਆ, ਆਪੋ-ਧਾਪੀ ਨੇ ਡੇਰੇ ਆਣ ਜਮਾਏ, ਮਾਨਵੀ ਤੇ ਨੈਤਿਕ ਜੀਵਨ ਦੀਅਾਂ ਸੱਚੀਅਾਂ-ਸੁੱਚੀਅਾਂ ਕਦਰਾਂ ਕੀਮਤਾਂ ਮਾਂਦੀਅਾਂ ਪੈ ਗਈਅਾਂ ਅਤੇ ਕਰੂਪਤਾ ਅਤੇ ਕਰੂਰਤਾ ਨੇ ਆਪਣਾ ਦਾਬਾ ਵਧਾ ਲਿਆ।

ਬਲਵਿੰਦਰ ਮਥਾਰੂ ਨੇ ਮਨੁੱਖੀ ਜੀਵਨ ਦੇ ਅਨੇਕਾ ਵਿਸ਼ਿਆਂ ਨੂੰ ਆਪਣੇ ਵੱਖਰੇ ਤੇ ਨਿਆਰੇ ਅੰਦਾਜ਼ ਵਿਚ ਸੂਖਮ ਚਿਤੇਰਾ ਬਣਕੇ ਚਿਤਰਿਆ ਹੈ। ਕਦੇ ‘ਸਰਦੀਅਾਂ ਦੇ ਦਿਨ’ ਵਿਚ ਉਦਾਸੀ ਦੇ ਮੌਸਮ ਅਤੇ ਨ੍ਹੇਰੇ ਦੀ ਗੱਲ ਕਰਦਾ ਕਰਦਾ ਮਸਾਣਾ ਵਰਗੀ ਚੁੱਪ ਦਰਸਾਉਂਦੀਅਾਂ ਉਹਨਾਂ ਗਲੀਅਾਂ ਨੂੰ ਆਕਾਰ ਦੇ ਜਾਂਦਾ ਹੈ ਜਿੱਥੇ ਹੁਣ ‘ਕੋਰੋਨਾ’ ਵਰਗੇ ਮੌਸਮ ਦੇ ਸਿੱਟੇ ਵਜੋਂ ਲੋਕੀਂ ਘਰਾਂ ਵਿਚ ਡੱਕੇ ਹੋਏ ਹਨ ਅਤੇ ਕਦੇ ਜਿੱਥੇ ਬੱਚੇ ਬਾਹਰ ਜਾ ਕੇ ਖੇਡ ਨਹੀਂ ਪਾ ਰਹੇ। ਪੰਛੀ ਚਹਿਕ ਕੇ ਮਨ ਬਹਿਲਾਉਂਣਾ ਭੁੱਲ ਗਏ ਹਨ। ਫਿਰ ਵੀ ਉਹ ਆਸ ਦਾ ਪੱਲਾ ਨਹੀਂ ਛੱਡਦਾ ਅਤੇ ਪ੍ਰੇਰਦਾ ਹੈ:

ਕੀ ਹੋਇਆ ਜੇ ਦਿਨ ਹੈ ਠਰਿਆ
ਆਪਾਂ ਮਿਲਣੀ ਵਿਚ ਡੁਬੋ ਕੇ
ਇਸ ਨੂੰ ਨਿੱਘਾ ਨਿੱਘਾ ਕਰੀਏ
ਆ ਸੱਜਣ ਆਪਾਂ ਰਲ ਮਿਲ ਬਹੀਏ
———————————————
ਜਾਂ ਕੌਫੀ ਦੇ ਪਿਆਲੇ ਵਿੱਚੋਂ
ਉਡਦੀ ਉਡਦੀ ਮਹਿਕ ਹੀ ਫੜੀਏ
ਸੁੰਘੀਏ, ਸੁੰਘ ਸੁੰਘ ਖੀਵੇ ਹੋਈਏ
ਮਹਿਕ ਮਹਿਕ ਹੋ ਜਾਈਏ

ਦਰਅਸਲ ਕਵੀ ਮਨ ਜਾਣਦਾ ਹੈ ਕਿ ਜੀਵਨ ਤੁਰਦੇ ਰਹਿਣ ਦਾ ਨਾਂ ਹੈ। ਤੁਰਨ ਲਈ ਰਾਹ ਸਿਧੇਰੇ ਹੋਣੇ ਹੀ ਜ਼ਰੂਰੀ ਤਾਂ ਨਹੀਂ ਇਸ ਲਈ ਸੰਘਰਸ਼ ਕਰਦਿਅਾਂ ਵਧਣਾ, ਵਿਗਸਣਾ ਲੋੜੀਂਦਾ ਹੈ। ‘ਮੇਰਾ ਪਿੰਡ’ ਨਾਮੀਂ ਕਵਿਤਾ ਵਿਚ ਉਹ ਅਤੀਤ ਨਾਲ ਜੁੜਦਿਅਾਂ ਸੁੰਦਰ ਸ਼ਬਦਾਂ ਰਾਹੀਂ ‘ਸੱਤ ਪੱਤੀਅਾਂ’ ਅਤੇ ‘ਰੋਟੀ ਭਾਲਦੇ’ ਅਤੇ ਮੂੰਹ ਹਨੇਰੇ ਕੰਮਾਂਕਾਰਾਂ ਲਈ ਸ਼ਹਿਰਾਂ ਨੂੰ ਜਾਂਦੇ-ਮੁੜਦੇ ਲੋਕਾਂ ਦੀ ਗੱਲ ਕਰਦਿਅਾਂ, ਮਿਟਦੇ ਜਾਂਦੇ ਪਹਿਚਾਣ ਚਿੰਨ੍ਹਾਂ ਤੇ ਹੈਰਾਨ ਹੁੰਦਾ ਹੈ। ਆਪਣੇ ਪਿੰਡ ਦਾ ਵਰਨਣ ਕਮਾਲ ਦਾ ਕਰਦਾ ਹੈ। ਪੰਚਮ ਪਾਤਸ਼ਾਹ ਦੀ ਨਜ਼ਰੀਂ ਨਿਵਾਜਿਆ ਇਤਿਹਾਸਕ ਨਗਰ ਸਜੀਵ ਹੋ ਜਾਂਦਾ ਹੈ ਪਰ ਨਾਲ ਹੀ ਰੋਟੀ ਦੀ ਭਾਲ ਵਿਚ ਵਿਦੇਸ਼ਾਂ ਵਿੱਚ ਜਾ ਵਸਿਅਾਂ ਦੀ ਅੱਗ ਬਾਲ਼ਦਿਅਾਂ ਦੀ ਗੱਲ ਤੋਰਦਾ ਹੈ ਜੋ ਢੇਰ ਕਮਾਈਅਾਂ ਕਰਕੇ ਪਿੰਡ ਦੀ ਨੁਹਾਰ ਬਦਲਣ ਵਿੱਚ ਯੋਗਦਾਨ ਵੀ ਪਾਉਂਦੇ ਹਨ। ਪਰ ਵੇਖਦਿਅਾਂ ਹੀ ਵੇਖਦਿਅਾਂ ‘ਵਿਕਾਸ’ ਦੇ ਨਾਂ ਤੇ ਹੁਣ ਨਕਸ਼ਾ ਹੀ ਬਦਲ ਚੁੱਕਿਆ ਹੈ ਅਤੇ ਤੀਅਾਂ ਤੇ ਮੇਲਿਅਾਂ ਦੀ ਥਾਂ ਹੁਣ ਟੀਵੀ ਤੇ ਮੀਡੀਏ ਦੇ ਪਾਸਾਰ ਨੇ ਮੱਲ ਲਈ ਹੈ। ਪਰ ਕਵੀ ਮਨ ਵਿਕਾਸ ਦੀ ਲੀਲਾ ਸਬੰਧੀ ਸੁਚੇਤ ਹੈ:

ਪਰ ਵਿਕਸਦੀ ਲੀਲਾ ‘ਚ
ਇਹ ਸਭ ਕੁਝ ਹੀ ਹੋਂਵਦਾ
ਵਕਤ ਦੇ ਵਹਿਣ ਦਾ
ਵੇਗ ਨਾ ਕਦੀ ਠਹਿਰਦਾ

ਦਿਲ ਵਿਚ ਇਹੀ ਤਮੰਨਾ
ਵਹਿਣ ਇਹ ਵੱਗਦਾ ਰਹੇ
ਪਿੰਡ ਮੇਰਾ ਯੁਗਾਂ ਤੀਕਰ
ਵਿਕਸਦਾ ਵਸਦਾ ਰਹੇ

ਕਵੀ ਮਨ ਦਾ ‘ਕੁਦਰਤ ਦਾ ਕੈਥੀਡ੍ਰਲ’ ਵਿੱਚ ਕੁਦਰਤੀ ਦ੍ਰਿਸ਼ ਵਰਨਣ ਵੀ ਕਮਾਲ ਦਾ ਹੈ। ਉਹ ਸਵੇਰੇ ਸਵੇਰੇ ਜਦ ਪਤਝੜ ਦੀ ਰੁੱਤ ਵਿੱਚ ਪਾਰਕ ਵਿਚਲੀ ਸੜਕ ਕਿਨਾਰੇ ਲੱਗੇ ‘ਪੌਪਲਰ ਰੁੱਖਾਂ’ ਨੂੰ ਵੇਖਦਾ ਹੈ ਤਾਂ ਉਸਨੂੰ ਰੁੱਖਾਂ ਦੀਅਾਂ ਟੀਸੀਅਾਂ ਇੰਝ ਪ੍ਰਤੀਤ ਹੁੰਦੀਅਾਂ ਹਨ ਜਿਵੇਂ ਕਿ ’ਗੌਥਿਕ ਗਿਰਜੇ’ ਦੀਅਾਂ ਡਾਟਾਂ ਹੋਣ। ਟਾਹਣਾਂ ਨਾਲ ਚਿਪਕੇ ਸੁੱਕੇ ਵਿਰਲੇ ਪੱਤੇ, ਹਵਾ ਦੇ ਬੁਲਿਅਾਂ ਨਾਲ ਧਰਤੀ ਤੇ ਡਿੱਗਦਿਆਂ ‘ਸੋਨੇ ਦੇ ਪੱਤਰ’ ਬਣ ਵਿਛਦੇ ਹਨ। ਪੰਛੀ ਇੱਕ ਸੁਰ ਹੋਕੇ ਇੰਝ ਚਹਿਕਦੇ ਹਨ ਮਾਨੋ ‘ਸੱਜਰੀਆਂ ਕਿਰਨਾਂ’ ਵਿੱਚ ਨਹਾ ਕੇ ‘ਰੱਬ ਦੇ ਆਸ਼ਕ’ ਆ ਕੇ ‘ਗਿਰਜੇ ਵਿੱਚ’ ਪੂਜਾ ਵੇਲੇ ‘ਗਾਇਨ’ ਕਰ ਰਹੇ ਹੋਣ।

ਦਰਅਸਲ ਜੀਵਨ ਸੰਕੀਰਣ ਨਹੀਂ ਵਿਸ਼ਾਲ ਹੈ। ਮਥਾਰੂ ਆਪਣੀ ਕਵਿਤਾ ਰਾਹੀਂ ਜੋ ਅਹਿਸਾਸ ਕਰਦਾ ਹੈ ਉਸ ਦੀ ਬੜੇ ਤਿੱਖੇ ਅਤੇ ਵਿਲੱਖਣ ਸਰੋਦੀ ਅੰਦਾਜ਼ ਵਿਚ ਤਰਜਮਾਨੀ ਕਰਦਾ ਹੈ। ਉਹ ਪਰੰਪਰਾਵਾਦੀ ਕਵਿਤਾ ਤੋਂ ਹੱਟ ਕੇ ਆਪਣੇ ਅੰਦਾਜ਼ ਵਿੱਚ ਆਪਣੇ ਢੰਗ ਨਾਲ ਚੁਣੇ ਵਿਸ਼ਿਅਾਂ ਨੂੰ ਸੁੰਦਰਤਾ ਪਰਦਾਨ ਕਰਦਾ ਹੈ। ਉਹ ਕੋਮਲ ਭਾਵਾਂ ਦਾ ਚਿਤੇਰਾ ਹੈ। ਨਿੱਕੇ ਤੋਂ ਨਿੱਕੇ ਭਾਵ ਤੇ ਸੁੰਦਰਤਾ ਦੀ ਸਾਂਝ ਨਾਲ ਪ੍ਰਕਿਰਤੀ ਨੂੰ ਵੀ ਆਪਣੀ ਗ੍ਰਿਫ਼ਤ ‘ਚ ਲੈ ਲੈਂਦਾ ਹੈ। ਉਸ ਦੀ ਕਵਿਤਾ ਸਾਧਾਰਨ ਨਹੀਂ ਅਤੇ ਸਹਿਜ ਹੁੰਦੀ ਹੋਈ ਵੀ ਬੜੇ ਡੂੰਘੇ ਧਰਾਤਲ ਨੂੰ ਛੋਹੰਦੀ ਹੈ। ਉਸਦੀ ਕਵਿਤਾ ਦੇ ਰਸ ਨੂੰ ਮਾਨਣ ਲਈ ਗੰਭੀਰਤਾ ਨਾਲ ਚਿੰਤਨਾਤਮਿਕ ਪਹੁੰਚ ਰੱਖਕੇ ਉਸਦੇ ਮਨੋਭਾਵਾਂ ਤੱਕ ਪਹੁੰਚਣਾ ਜ਼ਰੂਰੀ ਹੈ। ਕੋਮਲ ਭਾਵੀ ਕਵੀ ਮਥਾਰੂ ਚੁੱਪ ਰਹਿੰਦਿਅਾਂ ਵੀ ਬਹੁਤ ਕੁਝ ਕਹਿ ਜਾਂਦਾ ਹੈ ਅਤੇ ਬਹੁਤ ਕੁਝ ਪਾਠਕ ਦੀ ਸੂਝ-ਸਮਝ ਲਈ ਅ-ਕਿਹਾ ਵੀ ਰਹਿਣ ਦਿੰਦਾ ਹੈ।

ਬਲਵਿੰਦਰ ਮਥਾਰੂ ਸ਼ਬਦਾਂ ਦਾ ਜਾਦੂਗਰ ਹੈ। ਉਹ ਆਪਣੀ ਕਵਿਤਾ ਨੂੰ ਬੜੇ ਢੁਕਵੇਂ ਸ਼ਬਦਾਂ ਅਤੇ ਬਿੰਬਾਂ ਨਾਲ ਸ਼ਿੰਗਾਰਦਾ ਹੈ। ਬਿੰਬ ਦੀ ਰਚਨਾ ਵਿਚ ਕਲਪਨਾ ਦੇ ਰੋਲ ਨੂੰ ਨਜ਼ਰ-ਅੰਦਾਜ਼ ਨਹੀਂ ਕੀਤਾ ਜਾ ਸਕਦਾ। ਕੁਝ ਕੁ ਉਦਾਹਰਣਾਂ ਹਾਜ਼ਰ ਹਨ: ਉਦਾਸ ਮੌਸਮ, ਬੁਰਕਾ ਪਾ ਕੇ ਨਿਕਲਿਆ ਸੂਰਜ, ‘ਗਲ਼ੀਅਾਂ ਸੰੁਨੀਅਾਂ’, ‘ਵਾਂਗ ਮਸਾਣਾਂ, ਸੱਜਰੀ ਕਿਰਣ, ਰੌਲਾ ਵਾਅ ਵਿਚ ਲਟਕੇ, ਜਗਦੇ ਅੱਖਰ, ਦਰਿਆ ਵਿਚ ਤੈਰਦਾ ਚੰਨ, ਰੁੱਤ ਗਲਵਕੜੀ ਵਰਗੀ, ਚਿੱਕੜਾਂ ਕਖਰਾਂ ਦੇ ਮਾਰੂ ਤਲ ਤੇ, ਸੁੱਤੀਅਾਂ ਸੁਰਾਂ, ਪਥਰਾ ਗਈ ਸਰਗਮ, ਬੋਧ ਬਿਰਖ ਦੀ ਕਰੂੰਬਲ, ਆਦਿ ਦੀ ਵਰਤੋਂ ਉਸਦੀ ਸ਼ਬਦ-ਚੇਤਨਾ ਦੀ ਗਵਾਹੀ ਭਰਦਾ ਹੈ।

ਪ੍ਰਕਿਰਤੀ ਦੇ ਪਾਸਾਰਾਂ ਤੋਂ ਵਰੋਸਾਇਆ ਬਲਵਿੰਦਰ ਮਥਾਰੂ ‘ਸੁਰ-ਸਾਂਝ’ ਵਿਚ ਦਰਜ ਸੂਖਮ-ਸੁੰਦਰ ਅਹਿਸਾਸਾਂ ਨੂੰ ਸੁਹਜ ਭਰੀ ਕਲਪਨਾ ਦੀ ਅਮੀਰੀ ਤੇ ਸ਼ਬਦਾਂ ਦੀ ਜੜਤ ਰਾਹੀਂ ਵਿਅਕਤ ਕਰਨ ਵਿੱਚ ਸਫਲ ਰਿਹਾ ਹੈ। ਬਲਵਿੰਦਰ ਮਥਾਰੂ ਦੀ ਸਹਿਜ ਅਤੇ ਸੂਖਮ ਅਹਿਸਾਸਾਂ ਨਾਲ ਲਬਰੇਜ਼ ਜਲੌਅ ਵਾਲੀ ਕਾਵਿ-ਸਿਰਜਣਾ ‘ਸੁਰ-ਸਾਂਝ’ ਦਾ ਸੁਆਗਤ ਕਰਦਿਅਾਂ ਹਾਜ਼ਰ ਹਨ ਉਸ ਦੀਅਾਂ ਕੁਝ ਸਤਰਾਂ:

ਸੁੰਞੀਅਾਂ ਰਾਹਾਂ ‘ਚ ਸੂਹੇ ਰੰਗ ਹੀ ਭਰਦਾ ਰਿਹਾ
ਨ੍ਹੇਰੀਅਾਂ ਰਾਤਾਂ ‘ਚ ਉਸ ਲਈ ਚਾਂਦਨੀ ਬਣਦਾ ਰਿਹਾ

ਤ੍ਰੇਹ ਉਹਦੇ ਦੀਦ ਦੀ ਸਹਿਰਾ ਬਣ ਗਈ ਰੇਤ ਸੀ
ਰੇਤ ਦੇ ਕਣ ਕਣ ‘ਚ ਵੀ ਮੈਂ ਓਸਨੂੰ ਲੱਭਦਾ ਰਿਹਾ

ਸ਼ਾਲਾ! ਇਹ ਗੰਭੀਰ ਪਰ ਸੁੰਦਰ, ਅਚੁੱਪ, ਵਧੀਅਾ ਕਲਮ ਆਪਣੀ ਸਿਰਜਣ ਕਲਾ ਨਾਲ ਪੰਜਾਬੀ ਸਾਹਿਤ ਦੀ ਝੋਲੀ ਇੰਝ ਹੀ ਭਰਦੀ ਰਹੇ ਅਤੇ ਪਾਠਕਾਂ ਦੀ ਰੂਹ ਨੂੰ ਟੁੰਬਦੀ ਰਹੇ।

ਆਮੀਨ!
***
228

**

About the author

ਗੁਰਦਿਆਲ ਸਿੰਘ ਰਾਏ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ