27 February 2026

ਦੋ ਲੇਖ: (1) ਇੰਟਰਨੈੱਟ ’ਤੇ ਖੁਸ਼ੀਆਂ ਭਾਲਦੇ ਲੋਕ/ ਅਤੇ (2) ਆਇਆ ਬਸੰਤ ਪਾਲ਼ਾ ਉਡੰਤ…!  —ਡਾ. ਨਿਸ਼ਾਨ ਸਿੰਘ ਰਾਠੌਰ

ਇੰਟਰਨੈੱਟ ’ਤੇ ਖੁਸ਼ੀਆਂ ਭਾਲਦੇ ਲੋਕ — ਡਾ. ਨਿਸ਼ਾਨ ਸਿੰਘ ਰਾਠੌਰ

ਅੱਜ ਦਾ ਦੌਰ ਤਕਨੀਕ ਦਾ ਦੌਰ ਹੈ। ਵਿਗਿਆਨਕ ਕਾਢਾਂ ਨੇ ਮਨੁੱਖ ਦੀ ਜ਼ਿੰਦਗੀ ਨੂੰ ਵਧੇਰੇ ਆਰਾਮਦਾਇਕ ਅਤੇ ਸਹੂਲਤ ਭਰਿਆ ਬਣਾ ਦਿੱਤਾ ਹੈ। ਦਿਨਾਂ ਦੇ ਕੰਮ ਘੰਟਿਆਂ ਵਿੱਚ ਅਤੇ ਮਿੰਟਾਂ ਦੇ ਕੰਮ ਸਕਿੰਡਾਂ ਵਿੱਚ ਹੋਣ ਲੱਗੇ ਹਨ। ਦੁਨੀਆਂ ਭਰ ਦੀ ਹਰ ਖ਼ਬਰ ਆਮ ਲੋਕਾਂ ਕੋਲ ਮੋਬਾਇਲ ਸਕਰੀਨ ਦੇ ਜ਼ਰੀਏ ਝੱਟਪਟ ਅੱਪੜ ਜਾਂਦੀ ਹੈ। ਮਨੁੱਖ ਦੇ ਕੋਲ ਸੂਚਨਾ ਪ੍ਰਾਪਤੀ ਦੇ ਸਾਧਨ ਤੇਜ਼ ਹੋ ਗਏ ਹਨ। ਹੁਣ ਲੋਕ ਚਿੱਠੀ- ਪੱਤਰ ਜਾਂ ਕਿਸੇ ਸੁਨੇਹੇ ਦੀ ਉਡੀਕ ਨਹੀਂ ਕਰਦੇ ਬਲਕਿ ਸੋਸ਼ਲ- ਮੀਡੀਏ ਰਾਹੀਂ ਖ਼ਬਰ ਦੀ ਤਹਿ ਤਕ ਝੱਟ ਅੱਪੜ ਜਾਂਦੇ ਹਨ। ਇੱਕ ਗੱਲ ਹੋਰ, ਅੱਜ ਸੂਚਨਾ (ਖ਼ਬਰ) ਨੂੰ ਪਰਖ਼ਣ ਦੇ ਵਿਭਿੰਨ ਸਾਧਨ ਵੀ ਇੰਟਰਨੈੱਟ ਰਾਹੀਂ ਹੀ ਮੌਜੂਦ ਹਨ। ਕਿਹੜੀ ਖ਼ਬਰ ਸੱਚੀ ਹੈ? ਤੇ ਕਿਹੜੀ ਅਫ਼ਵਾਹ? ਇਹਨਾਂ ਬਾਰੇ ਇੰਟਰਨੈੱਟ ਤੋਂ ਹੀ ਪਤਾ ਲਗਾਇਆ ਜਾ ਸਕਦਾ ਹੈ। ਕੁਲ ਮਿਲਾ ਕੇ ਮਨੁੱਖ ਕੋਲ ਸੂਚਨਾ ਕ੍ਰਾਂਤੀ ਦੇ ਬਹੁ- ਵਿਕਲਪ ਮੌਜੂਦ ਹਨ। ਖ਼ੈਰ!

ਇੰਟਰਨੈੱਟ ਨੇ ਜਿੱਥੇ ਮਨੁੱਖ ਕੋਲ ਸੂਚਨਾਵਾਂ ਦੇ ਸਾਧਨ ਪੈਦਾ ਕੀਤੇ ਹਨ ਉੱਥੇ ਹੀ ਆਮ ਸਮਾਜਿਕ ਜੀਵਨ ਨਾਲੋਂ ਤੋੜ ਕੇ ਵੀ ਰੱਖ ਦਿੱਤਾ ਹੈ। ਅੱਜ ਦੇ ਬਹੁਤੇ ਲੋਕਾਂ ਦਾ ਸੰਸਾਰ ਕੇਵਲ ਉਹਨਾਂ ਦੇ ਮੋਬਾਇਲ ਦੀ ਸਕਰੀਨ ਹੀ ਰਹਿ ਗਈ ਹੈ। ਇਹ ਗੱਲ ਕੇਵਲ ਬੱਚਿਆਂ ਤੇ ਹੀ ਲਾਗੂ ਨਹੀਂ ਹੁੰਦੀ ਬਲਕਿ ਹੁਣ ਤਾਂ ਬਜ਼ੁਰਗ ਵੀ ਦਿਨ ਭਰ ਮੋਬਾਇਲ ਦੀ ਸਕਰੀਨ ਤੇ ਆਪਣਾ ਵਕਤ ਗੁਜ਼ਾਰਦੇ ਆਮ ਹੀ ਦੇਖੇ ਜਾ ਸਕਦੇ ਹਨ। ਇਸ ਆਦਤ ਨਾਲ ਮਨੁੱਖ ਬਾਹਰੀ ਮਾਹੌਲ ਨਾਲੋਂ ਉੱਕਾ ਹੀ ਟੁੱਟ ਜਾਂਦਾ ਹੈ ਅਤੇ ਅਕਸਰ ਹੀ ਕਲਪਨਾ ਦੀ ਦੁਨੀਆਂ ਵਿੱਚ ਗੁਆਚ ਜਾਂਦਾ ਹੈ। ਇਹ ਕਲਪਣਾ ਦੀ ਦੁਨੀਆਂ ਵਿੱਚ ਬੰਦਾ ਜਿੱਥੇ ਖੁਸ਼ੀ ਮਹਿਸੂਸ ਕਰਦਾ ਹੈ ਉੱਥੇ ਹੀ ਆਪਣੇ ਦੁੱਖਾਂ- ਦਰਦਾਂ ਨੂੰ ਕੁਝ ਵਕਤ ਲਈ ਭੁੱਲ ਜਾਂਦਾ ਹੈ। ਜਿਸ ਪ੍ਰਕਾਰ ਨਸ਼ੇ ਦਾ ਸੇਵਨ ਕਰਦੇ ਲੋਕ ਕੁਝ ਵਕਤ ਲਈ ਆਪਣੇ ਦੁੱਖਾਂ ਨੂੰ ਭੁੱਲ ਜਾਂਦੇ ਹਨ ਇੰਝ ਹੀ ਸੋਸ਼ਲ- ਮੀਡੀਆ ਉੱਪਰ ਬਿਜ਼ੀ ਲੋਕ ਵੀ ਬਾਹਰੀ ਦੁਨੀਆਂ ਨੂੰ ਭੁੱਲ ਜਾਂਦੇ ਹਨ।

ਪਰ, ਇੱਥੇ ਵਿਚਾਰ ਕਰਨ ਵਾਲੀ ਗੱਲ ਇਹ ਹੈ ਕਿ ਇਸ ਕਲਪਣਾ ਦੀ ਦੁਨੀਆਂ ਵਿੱਚ ਕੁਝ ਸਮੇਂ ਦੀ ਖੁਸ਼ੀ ਤਾਂ ਮਿਲ ਸਕਦੀ ਹੈ। ਪਰ, ਲੰਮੇ ਸਮੇਂ ਦੀ ਖੁਸ਼ੀ ਕਦੇ ਨਹੀਂ ਮਿਲਦੀ। ਫੇਰ ਕਿਸੇ ਦੁੱਖ ਜਾਂ ਮੁਸੀਬਤ ਵਿੱਚ ਇੰਟਰਨੈੱਟ ਤੇ ਬਣੀਆਂ ਦੋਸਤੀਆਂ ਕੰਮ ਨਹੀਂ ਆਉਂਦੀਆਂ। ਫੇਰ ਅਜਿਹੀ ਸਥਿਤੀ ਵਿੱਚ ਮਨੁੱਖ ਇਕੱਲਾ ਰਹਿ ਜਾਂਦਾ ਹੈ। ਇਸ ਇਕਲਾਪੇ ਦੀ ਅਵਸਥਾ ਵਿੱਚ ਮਨੁੱਖ ਮਾਨਸਿਕ ਰੋਗਾਂ ਦੀ ਚਪੇਟ ਵਿੱਚ ਆ ਜਾਂਦਾ ਹੈ। ਪਰ ਬਦਕਿਸਮਤੀ, ਮਨੁੱਖ ਆਪਣੇ ਆਲੇ- ਦੁਆਲੇ ਨੂੰ ਛੱਡ ਕੇ ਇੰਟਰਨੇੱਟ ਜਾਂ ਸੋਸ਼ਲ- ਮੀਡੀਆ ਤੇ ਖੁਸ਼ੀਆਂ ਭਾਲਦਾ ਫਿਰਦਾ ਹੈ। ਇਹਨਾਂ ਖੁਸ਼ੀਆਂ ਦੀ ਇਵਜ਼ ਵਿੱਚ ਉਹ ਆਪਣੇ ਪਰਿਵਾਰ ਅਤੇ ਪਰਿਵਾਰਕ ਮੈਂਬਰਾਂ ਨੂੰ ਉੱਕਾ ਹੀ ਵਿਸਾਰ ਦਿੰਦਾ ਹੈ ਅਤੇ ਆਪਣੇ ਕਮਰੇ ਵਿੱਚ ਇਕੱਲਾ ਹੀ ਬੈਠ ਕੇ ਇੰਟਰਨੈੱਟ ਦੇ ਸੰਸਾਰ ਵਿੱਚ ਗੁਆਚਿਆ ਰਹਿੰਦਾ ਹੈ।

ਫੇਰ ਜੀਵਨ ਵਿੱਚ ਜਦੋਂ ਕਿਸੇ ਮੁਸੀਬਤ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਉਹ ਇਕੱਲਾ ਹੀ ਰਹਿ ਜਾਂਦਾ ਹੈ ਤੇ ਮੁਸੀਬਤਾਂ ਵਿੱਚ ਘਿਰਿਆ ਹੋਇਆ ਮਹਿਸੂਸ ਕਰਦਾ ਹੈ। ਉਦੋਂ ਨਾ ਤਾਂ ਸੋਸ਼ਲ- ਮੀਡੀਆ ਕੰਮ ਆਉਂਦਾ ਹੈ ਅਤੇ ਨਾ ਹੀ ਇੰਟਰਨੈੱਟ ਦੇ ਬਣੇ ਸੱਜਣ- ਮਿੱਤਰ। ਉਦੋਂ ਆਪਣੇ ਪਰਿਵਾਰਕ ਮੈਂਬਰ ਜਾਂ ਨੇੜਲੇ ਯਾਰ- ਦੋਸਤ ਹੀ ਦੋਸਤੀ ਨਿਭਾਉਂਦੇ ਹਨ/ ਕੰਮ ਆਉਂਦੇ ਹਨ। ਖ਼ੈਰ,

ਅੱਜ ਹਾਲਾਤ ਇੰਝ ਦੇ ਬਣ ਗਏ ਹਨ ਕਿ ਬਹੁਤੇ ਲੋਕ ਖਾਣ- ਪੀਣ ਲਈ ਵੀ ਸਭ ਤੋਂ ਪਹਿਲਾਂ ਮੋਬਾਇਲ ਫੋਨ ਚਲਾ ਕੇ ਅੱਗੇ ਰੱਖਦੇ ਹਨ ਅਤੇ ਫਿਰ ਨਾਲ- ਨਾਲ ਖਾਣਾ ਖਾਂਦੇ ਹਨ। ਬੱਸ, ਰੇਲ ਜਾਂ ਕਿਸੇ ਯਾਤਰਾ ਦੇ ਮੌਕੇ ’ਤੇ ਬਹੁਤੇ ਯਾਤਰੀ ਇੱਕ- ਦੂਜੇ ਵੱਲ ਝਾਕਦੇ ਤਕ ਨਹੀਂ ਗੱਲਬਾਤ ਤਾਂ ਬਹੁਤ ਦੂਰ ਦੀ ਗੱਲ ਹੈ। ਮੁਸਾਫ਼ਰ ਆਪਣੇ ਮੋਬਾਇਲਾਂ ਤੇ ਮਸ਼ਰੂਫ ਦੇਖੇ ਜਾ ਸਕਦੇ ਹਨ। ਸੈਰ ਕਰਦਿਆਂ, ਦੌੜਦਿਆਂ, ਰੋਟੀ ਖਾਂਦਿਆਂ, ਸਫ਼ਰ ਕਰਦਿਆਂ, ਮੰਦਰ- ਗੁਰਦੁਆਰੇ ਵਿੱਚ ਬੈਠੇ ਸ਼ਰਧਾਲੂਆਂ ਨੂੰ ਮੋਬਾਇਲ ਫੋਨਾਂ ’ਤੇ ਬਿਜ਼ੀ ਦੇਖਿਆ ਜਾ ਸਕਦਾ ਹੈ। ਅੱਜ ਅਸਲ ਦੋਸਤ (ਉਹ ਭਾਵੇਂ ਆਂਢ- ਗੁਆਂਡ ਦੇ ਹੋਣ ਜਾਂ ਫਿਰ ਸਕੂਲ- ਕਾਲਜ) ਦੇ ਸਮੇਂ ਦੇ ਹੋਣ; ਉਹਨਾਂ ਨਾਲ ਜ਼ਿਆਦਾ ਵਾਅ-ਵਾਸਤਾ ਨਹੀਂ ਰੱਖਿਆ ਜਾਂਦਾ ਬਲਕਿ ਇੰਟਰਨੈੱਟ ’ਤੇ ਚੰਦ ਦਿਨਾਂ ਦੀ ਦੋਸਤੀ ਵਧੇਰੇ ਖਿੱਚ ਦਾ ਕੇਂਦਰ ਹੁੰਦੀ ਹੈ।

ਫੇਸਬੁੱਕ ਜਾਂ ਇੰਸਟਾਗ੍ਰਾਮ ਤੇ ਲੱਖਾਂ ਲੋਕਾਂ ਨਾਲ ਦੋਸਤੀ ਵਾਲੇ ਬੰਦੇ ਕਿਸੇ ਮੁਸੀਬਤ ਵਿੱਚ ਇਕੱਲੇ ਦੇਖੇ ਜਾ ਸਕਦੇ ਹਨ। ਇੱਥੇ ਗੱਲ ਸਿਰਫ਼ ਮੁਸੀਬਤ ਦੀ ਨਹੀਂ ਬਲਕਿ ਕਈ ਵਾਰ ਇੰਟਰਨੈੱਟ ’ਤੇ ਹੋਈ ਦੋਸਤੀ ਵਿਆਹ- ਸ਼ਾਦੀ ਤਕ ਅੱਪੜ ਜਾਂਦੀ ਹੈ ਪਰ, ਜਦੋਂ ਫ਼ੈਸਲਾ ਗਲਤ ਹੋ ਜਾਂਦਾ ਹੈ ਤਾਂ ਮਨੁੱਖ ਕੋਲ ਸਿਰਫ਼ ਪਛਤਾਵਾ ਹੀ ਰਹਿ ਜਾਂਦਾ ਹੈ। ਇਸ ਲਈ ਕੋਈ ਵੀ ਫ਼ੈਸਲਾ ਕਰਨਾ ਹੈ ਤਾਂ ਸੋਚ- ਸਮਝ ਕੇ ਕਰਨਾ ਚਾਹੀਦਾ ਹੈ ਤਾਂ ਕਿ ਭਵਿੱਖ ਵਿੱਚ ਕਿਸੇ ਉਲਾਂਭੇ ਦੀ ਸੰਭਾਵਨਾ ਨਾ ਰਹੇ।

ਇੰਟਰਨੈੱਟ ਦੀ ਦੁਨੀਆਂ ਅਸਲ ਹਕੀਕਤ ਨਹੀਂ ਹੈ। ਇੱਥੇ ਖ਼ਾਸ ਗੱਲ ਇਹ ਹੈ ਕਿ ਇੰਟਰਨੈੱਟ ’ਤੇ ਹੋਈਆਂ ਸਾਰੀਆਂ ਦੋਸਤੀਆਂ ਹੀ ਗਲਤ ਜਾਂ ਗ਼ੈਰ ਜ਼ਰੂਰੀ ਨਹੀਂ ਹੁੰਦੀਆਂ ਪਰ, ਅਸਲ ਜੀਵਨ ਦੇ ਦੋਸਤ- ਮਿੱਤਰ ਅਤੇ ਪਰਿਵਾਰਕ ਮੈਂਬਰ ਹੀ ਵਧੇਰੇ ਕੰਮ ਆਉਂਦੇ ਹਨ। ਮਨੁੱਖ ਨੂੰ ਜਿੰਨੀ ਖੁਸ਼ੀ ਆਪਣੇ ਘਰ ਤੋਂ, ਆਪਣੇ ਪਰਿਵਾਰਕ ਮੈਂਬਰਾਂ ਵਿੱਚ ਬੈਠ ਕੇ ਮਿਲ ਸਕਦੀ ਹੈ ਉੰਨੀ ਇੰਟਰਨੈੱਟ ’ਤੇ ਨਹੀਂ ਮਿਲ ਸਕਦੀ। ਜਿਸ ਪਰਿਵਾਰਕ ਮੈਂਬਰ ਨੇ ਤੁਹਾਨੂੰ ਨਿੱਕੇ ਹੁੰਦਿਆਂ ਤੋਂ ਦੇਖਿਆ, ਜਾਣਿਆ ਅਤੇ ਸਮਝਿਆ ਹੈ ਉਹ ਤੁਹਾਡੇ ਲਈ ਵਧੇਰੇ ਸਾਰਥਕ ਅਤੇ ਮੱਦਦਗਾਰ ਸਾਬਿਤ ਹੋ ਸਕਦਾ ਹੈ। ਪਰ ਦਿਨ ਭਰ ਇੰਟਰਨੈੱਟ ’ਤੇ ਖੁਸ਼ੀਆਂ ਭਾਲਦੇ ਲੋਕ ਇਹ ਗੱਲ ਨੂੰ ਕਿੰਨਾ ਕੁ ਸਮਝਣਗੇ, ਇਹ ਦੇਖਣ ਵਾਲੀ ਗੱਲ ਹੋਵੇਗੀ। ਜਿਉਂਦੇ- ਵੱਸਦੇ ਰਹੋ ਸਾਰੇ।
***
ਸੰਪਰਕ:- 90414-98009
***

(2) ਆਇਆ ਬਸੰਤ ਪਾਲ਼ਾ ਉਡੰਤ…!  —ਡਾ. ਨਿਸ਼ਾਨ ਸਿੰਘ ਰਾਠੌਰ

ਬਸੰਤ ਰੁੱਤ ਨੂੰ ਕੁਦਰਤ ਦੀ ਮਿੱਠੀ ਅਤੇ ਖ਼ੂਬਸੂਰਤ ਨਿਆਮਤ ਕਿਹਾ ਜਾਂਦਾ ਹੈ। ਇਸ ਰੁੱਤ ਵਿੱਚ ਠੰਢ ਦਾ ਪ੍ਰਭਾਵ ਸਹਿਜੇ- ਸਹਿਜੇ ਘੱਟਣ ਲੱਗਦਾ ਹੈ ਅਤੇ ਦਰਖਤਾਂ ’ਤੇ ਹਰੇ ਪੱਤੇ ਆਉਣ ਲੱਗਦੇ ਹਨ। ਰੁੱਖ਼ਾਂ ਦੀਆਂ ਟਾਹਣੀਆਂ ਹਰੀਆਂ- ਭਰੀਆਂ ਹੋ ਜਾਂਦੀਆਂ ਹਨ। ਬੂਟਿਆਂ ਤੇ ਫੁੱਲ ਖਿੜਨ ਲੱਗਦੇ ਹਨ। ਇਸ ਰੁੱਤ ਦਾ ਸਮਾਂ ਫਰਵਰੀ ਦੇ ਅੱਧ ਤੋਂ ਲੇ ਕੇ ਅਪ੍ਰੈਲ ਦੇ ਆਖ਼ਰ ਤਕ ਮੰਨਿਆ ਜਾਂਦਾ ਹੈ। ਇਸ ਰੁੱਤ ਵਿੱਚ ਵਾਤਾਵਰਣ ਵਿੱਚ ਠੰਢੀ ਮਿੱਠੀ ਪਉਣ ਦੇ ਝੋਕੇ ਕੁਦਰਤ ਦੇ ਸੁਹੱਪਣ ਨੂੰ ਚਾਰ ਚੰਨ ਲਾ ਦਿੰਦੇ ਹਨ ਅਤੇ ਧਰਤੀ ਨਵੀਨ ਰੰਗਤ ਨਾਲ ਰੰਗੀਨ ਅਤੇ ਖ਼ੂਬਸੂਰਤ ਦਿੱਸਣ ਲੱਗਦੀ ਹੈ। ‘ਆਇਆ ਬਸੰਤ ਪਾਲ਼ਾ ਉਡੰਤ’ ਵਾਲੀ ਪੰਗਤੀ ਇਸੇ ਖੁਸ਼ਗਵਾਰ ਮੌਸਮ ਨੂੰ ਦਰਸਾਉਂਦੀ ਹੈ। ਇਸ ਰੁੱਤ ਨੂੰ ਆਮ ਬੋਲਚਾਲ ਦੀ ਭਾਸ਼ਾ ਵਿੱਚ “ਮੌਸਮਾਂ ਦੀ ਰਾਣੀ” ਵੀ ਕਿਹਾ ਜਾਂਦਾ ਹੈ। ਖ਼ੈਰ,

 ਖ਼ਾਸ ਗੱਲ ਇਹ ਹੈ ਕਿ ਇਸ ਥਾਂ ’ਤੇ ਕੇਵਲ ਮੌਸਮ (ਰੁੱਤ) ਦੀ ਤਬਦੀਲੀ ਦੀ ਹੀ ਗੱਲ ਨਹੀਂ ਕੀਤੀ ਜਾਂਦੀ ਬਲਕਿ ਮਨੁੱਖੀ ਜੀਵਨ ਵਿੱਚ ਨਵੀਨ ਤਾਜ਼ਗੀ, ਉਮੀਦ ਅਤੇ ਉਤਸ਼ਾਹ ਦਾ ਸੰਕੇਤ ਦਿੱਤਾ ਗਿਆ ਹੁੰਦਾ ਹੈ। ਬਸੰਤ ਰੁੱਤ ਦੇ ਆਗਮਨ ਮੌਕੇ ਚਾਰੇ ਪਾਸੇ (ਖੇਤਾਂ ਵਿੱਚ) ਹਰਿਆਲੀ ਛਾ ਜਾਂਦੀ ਹੈ। ਰੁੱਖਾਂ, ਬੂਟਿਆਂ ’ਤੇ ਬੈਠ ਕੇ ਪੰਛੀ ਚਹਿਕਦੇ ਹਨ। ਸਰੋਂ ਦੇ ਪੀਲੇ ਫੁੱਲ ਖੇਤਾਂ ਨੂੰ ਸੋਨੇ ਰੰਗਾ ਕਰਕੇ ਚਮਕਾ ਦਿੰਦੇ ਹਨ। ਹਵਾ ਵਿੱਚ ਮਿੱਠੀ– ਮਿੱਠੀ ਸੁਗੰਧੀ ਫੈਲ ਜਾਂਦੀ ਹੈ। ਕਹਿਰ ਦੀ ਠੰਢ ਦੀ ਥਾਂ ’ਤੇ ਕੋਸੀ– ਕੋਸੀ ਧੁੱਪ ਪਿੰਡੇ ਨੂੰ ਨਿੱਘ ਦੇਣ ਲੱਗਦੀ ਹੈ। ਲੋਕ ਧੁੱਪ ਵਿੱਚ ਬੈਠ ਕੇ ਕੁਦਰਤ ਦੇ ਸੁਹੱਪਣ ਦਾ ਆਨੰਦ ਲੈਣ ਲੱਗਦੇ ਹਨ। ਭਾਰੀ– ਮੋਟੇ ਕੱਪੜੇ ਸੁਆਣੀਆਂ ਪੈਟੀਆਂ- ਟਰੰਕਾਂ ਵਿੱਚ ਸੰਭਾਲਣ ਲੱਗਦੀਆਂ ਹਨ ਅਤੇ ਹਲਕੇ ਕੱਪੜੇ ਤੇ ਚਾਦਰਾਂ- ਖੇਸ ਕੱਢਣ ਲੱਗਦੀਆਂ ਹਨ। ਕੋਟੀਆਂ- ਸਵੈਟਰ ਤਹਿ ਕਰਕੇ ਸਾਂਭੇ ਜਾਣ ਲੱਗਦੇ ਹਨ ਅਤੇ ਅੱਧੀਆਂ ਬਾਹਵਾਂ ਵਾਲੇ ਕੁੜਤੇ- ਪਜਾਮੇ ਧੁੱਪ ਵਿੱਚ ਰੱਖੇ ਜਾਣ ਲੱਗਦੇ ਹਨ।  

ਬਸੰਤ ਰੁੱਤ ਕੇਵਲ ਮੌਸਮ ਦੀ ਤਬਦੀਲੀ ਦੀ ਰੁੱਤ ਨਹੀਂ ਕਹੀ ਜਾ ਸਕਦੀ ਬਲਕਿ ਇਸ ਨੂੰ ਲੋਕ ਜੀਵਨ ਵਿੱਚ ਨਵ- ਊਰਜਾ ਦੇ ਸੰਚਾਰ ਦੀ ਰੁੱਤ ਵੀ ਕਿਹਾ ਜਾ ਸਕਦਾ ਹੈ। ਇਸ ਰੁੱਤ ਵਿੱਚ ਲੋਕ ਵਿਆਹ- ਸ਼ਾਦੀਆਂ ਕਰਨ ਲੱਗਦੇ ਹਨ, ਭਾਵ (ਉੱਤਰ ਭਾਰਤ ਵਿੱਚ) ਖ਼ਾਸ ਕਰਕੇ ਪੰਜਾਬ- ਹਰਿਆਣੇ ਵਿੱਚ ਇਹ ਵਿਆਹਾਂ ਦਾ ਸੀਜਨ ਹੁੰਦਾ ਹੈ। ਲੋਕ ਰੰਗ- ਬਿਰੰਗੇ ਕੱਪੜੇ ਪਾਉਣ ਲੱਗਦੇ ਹਨ ਅਤੇ ਲੋਕ- ਗੀਤਾਂ ਦੇ ਗਾਇਨ ਨਾਲ ਮਾਹੌਲ ਖੁਸ਼ਗਵਾਰ ਹੋ ਜਾਂਦਾ ਹੈ। ਮਨੁੱਖ ਆਪਣੇ ਨਿੱਤ ਦੇ ਅਕੇਵੇਂ ਤੋਂ ਛੁੱਟਕਾਰਾ ਪਾ ਲੈਂਦਾ ਹੈ। ਆਪਸ ਵਿੱਚ ਮੋਹ- ਮੁਹੱਬਤ ਦਾ ਸੰਚਾਰ ਹੋਣ ਲੱਗਦਾ ਹੈ। ਨਾਰਾਜ਼ਗੀਆਂ ਦੂਰ ਹੋਣ ਲੱਗਦੀਆਂ ਹਨ। ਲੋਕ ਇੱਕ- ਦੂਜੇ ਦੀ ਫਿਕਰ ਕਰਨ ਲੱਗਦੇ ਹਨ ਕਿਉਂਕਿ ਖੁਸ਼ੀਆਂ ਦੇ ਮੌਕੇ ਆਪਣੇ- ਪਿਆਰਿਆਂ ਨਾਲ ਹੀ ਸੋਭਦੇ ਹਨ। ਇਸ ਲਈ ਲੋਕ ਇੱਕ- ਦੂਜੇ ਦੀ ਨਾਰਾਜ਼ਗੀ ਦੂਰ ਕਰਕੇ ਪ੍ਰੇਮ ਦਾ ਸਬੂਤ ਦਿੰਦੇ ਹਨ ਅਤੇ ਖੁਸ਼ੀਆਂ ਮਾਣਦੇ ਹਨ।

ਪੰਜਾਬੀ ਸੱਭਿਆਚਾਰ ਵਿੱਚ ਬਸੰਤ ਰੁੱਤ:

ਬਸੰਤ ਰੁੱਤ ਪੰਜਾਬੀ ਸੱਭਿਆਚਾਰ, ਮਨੁੱਖ ਦੇ ਮਨੋਵਿਗਿਆਨ ਅਤੇ ਕੁਦਰਤ (ਤਿੰਨਾਂ) ਨੂੰ ਇੱਕੋ ਥਾਵੇਂ ਜੋੜ ਕੇ ਰੱਖਣ ਵਾਲੀ ਰੁੱਤ ਹੁੰਦੀ ਹੈ। ਕੁਦਰਤ (ਮੌਸਮ) ਪੱਖੋਂ ਵਿਚਾਰ ਕਰਨ ਨਾਲ ਇਹ ਰੁੱਤ ਨਵ- ਊਰਜਾ ਦੇ ਸੰਚਾਰ ਅਤੇ ਬਦਲਾਓ ਦੀ ਰੁੱਤ ਕਹੀ ਜਾਂਦੀ ਹੈ। ਹਿੰਦੀ ਸਾਹਿਤ ਦੇ ਸ਼ਬਦਕੋਸ਼ ਅਨੁਸਾਰ ਭਾਰਤ ਛੇ ਰੁੱਤਾਂ ਦੀ ਭੂਮੀ ਹੈ: ਹੇਮੰਤ, ਸਿਸ਼ਿਰ, ਬਸੰਤ, ਗ੍ਰੀਸ਼ਮ (ਗਰਮੀ), ਵਰਖ਼ਾ ਅਤੇ ਸ਼ਰਦ (ਠੰਢ)। ਇਸ ਦੇ ਮੁਤਾਬਿਕ ਬਸੰਤ ਰੁੱਤ ਸਰਦੀ ਅਤੇ ਗਰਮੀ ਦੇ ਵਿਚਾਲੇ ਇੱਕ ਕੜੀ ਵੱਜੋਂ ਕੰਮ ਕਰਦੀ ਹੈ (ਭਾਵ) ਸਰਦੀ ਪੂਰੀ ਤਰ੍ਹਾਂ ਗਈ ਨਹੀਂ ਹੁੰਦੀ ਅਤੇ ਗਰਮੀ ਪੂਰੀ ਤਰ੍ਹਾਂ ਆਈ ਨਹੀਂ ਹੁੰਦੀ। ਇਸ ਰੁੱਤ ਦੇ ਆਗਮਨ ਨਾਲ ਕੁਦਰਤ ਆਪਣੇ ਨਵੇਂ ਪਹਿਰਾਵੇ ਵਿੱਚ ਆਉਣ ਲੱਗਦੀ ਹੈ। ਭਾਵ ਰੁੱਖਾਂ- ਬੂਟਿਆਂ ’ਤੇ ਨਵੇਂ ਪੱਤੇ ਆਉਣ ਲੱਗਦੇ ਹਨ। ਖੇਤਾਂ ਵਿੱਚ ਹਰਿਆਲੀ ਛਾ ਜਾਂਦੀ ਹੈ। ਕੁਲ ਮਿਲਾ ਕੇ ਕੁਦਰਤ ਆਪਣੇ ਰੂਪ ਨੂੰ ਸ਼ਿੰਗਾਰ ਲੈਂਦੀ ਹੈ।

ਸਾਹਿਤਕ ਪ੍ਰਸੰਗ ਵਿੱਚ ਬਸੰਤ ਰੁੱਤ:

ਪੰਜਾਬੀ ਸਾਹਿਤ ਵਿੱਚ ਬਸੰਤ ਦੀ ਰੁੱਤ ਨੂੰ “ਮਿਲਾਪ ਦੀ ਰੁੱਤ” ਵੱਜੋਂ ਸਿਰਜਿਆ ਜਾਂਦਾ ਹੈ। ਇਹ ਰੁੱਤ ਹੈ ਜਦੋਂ ਪ੍ਰੇਮੀ- ਪ੍ਰਮਿਕਾ (ਪਤੀ- ਪਤਨੀ) ਇੱਕ– ਦੁਜੇ ਨਾਲ ਮਿਲਾਪ ਦੀ ਅਵਸਥਾ ਵਿੱਚ ਹੁੰਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਬਸੰਤ ਵਿੱਚ ਮਿਲਾਪ ਦੀ ਅਵਸਥਾ ਨੂੰ ਸਿਰਜਿਆ ਗਿਆ ਹੈ। ਇੱਥੇ ਗੁਰੂ ਸਾਹਿਬ ਜੀਵ ਰੂਪੀ ਇਸਤਰੀ ਅਤੇ ਪ੍ਰਭੂ- ਪਿਤਾ ਪ੍ਰਮਾਤਮਾ ਦੇ ਮਿਲਾਪ ਦੀ ਅਵਸਥਾ ਨੂੰ ਬਿਆਨ ਕਰਦੇ ਹਨ।

ਨਾਨਕ ਤਿਨਾ ਬਸੰਤੁ ਹੈ ਜਿਨ੍ ਘਰਿ ਵਸਿਆ ਕੰਤੁ।।
ਜਿਨ ਕੇ ਕੰਤ ਦਿਸਾਪੁਰੀ ਸੇ ਅਹਿਨਿਸ ਫਿਰਹਿ ਜਲੰਤ।। (ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ- 791)

ਗੁਰੂ ਅੰਗਦ ਦੇਵ ਜੀ ਆਖਦੇ ਹਨ ਜਿਨ੍ਹਾਂ ਜੀਵ ਰੂਪੀ ਇਸਤਰੀਆਂ ਦੇ ਕੰਤ (ਮਾਲਕ) ਭਾਵ ਪ੍ਰਮਾਤਮਾ ਉਨ੍ਹਾਂ ਦੇ ਘਰ ਹਨ ਉਨ੍ਹਾਂ ਦੀ ਬਸੰਤ ਰੁੱਤ ਚੱਲ ਰਹੀ ਹੈ ਭਾਵ ਇਹ ਮਿਲਾਪ ਦੀ ਰੁੱਤ ਹੈ/ ਮਿਲਾਪ ਦੀ ਅਵਸਥਾ ਹੈ। ਇਸ ਰੁੱਤ ਵਿੱਚ ਪ੍ਰਭੂ- ਪਿਤਾ ਪ੍ਰਮਾਤਮਾ ਨਾਲ ਮਿਲਾਪ ਸਹਿਜਤਾ ਨਾਲ ਸੰਭਵ ਹੁੰਦਾ ਹੈ। ਕੁਦਰਤ ਖੇੜੇ ਦੀ ਅਵਸਥਾ ਵਿੱਚ ਹੁੰਦੀ ਹੈ।

ਮਉਲੀ ਧਰਤੀ ਮਉਲਿਆ ਆਕਾਸੁ।।
ਘਟਿ ਘਟਿ ਮਉਲਿਆ ਆਤਮੁ ਪਰਗਾਸੁ।। (ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ- 1193)

ਅਤੇ

ਪਹਿਲ ਬਸੰਤੈ ਆਗਮਨਿ ਪਹਿਲਾ ਮਉਲਿਓ ਸੋਇ।।
ਜਿਤੁ ਮਉਲਿਐ ਸਭ ਮਉਲੀਐ ਤਿਸਹਿ ਨ ਮਉਲਿਹੁ ਕੋਇ।। (ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ- 791)

ਭਾਵ ਬਸੰਤ ਦੀ ਰੁੱਤ ਆਉਣ ਨਾਲ ਹਰ ਇੱਕ ਪਾਸਾ ਖਿੜ ਪੈਂਦਾ ਹੈ। ਚਾਰੇ ਪਾਸੇ ਰੱਬ ਦੀ ਦ੍ਰਿਸ਼ਟੀ ਨਾਲ ਖਿੜਿਆ ਵਾਤਾਵਰਣ ਮਨਮੋਹਕ ਦ੍ਰਿਸ਼ ਨੂੰ ਪੈਦਾ ਕਰਦਾ ਹੈ।

ਸੂਫ਼ੀ ਸਾਹਿਤ ਵਿੱਚ ਪੀਲੇ ਰੰਗ ਨੂੰ ਪ੍ਰੇਮ ਦੇ ਚਾਨਣ ਅਤੇ ਰੱਬੀ ਨੂਰ ਵੱਜੋਂ ਜਾਣਿਆ ਜਾਂਦਾ ਹੈ ਅਤੇ ਹਰੇ ਰੰਗ (ਭਾਵ ਹਰਿਆਲੀ) ਨੂੰ ਜੀਵਨ ਦੀ ਆਸ, ਲੋਕਾਂ ਦੀ ਗਿਣਤੀ ਅਤੇ ਉਮੀਦ ਦੀ ਕਿਰਨ ਵੱਜੋਂ ਚਿੱਤਰਿਆ ਜਾਂਦਾ ਰਿਹਾ ਹੈ।

ਸਕਲ ਬਣ ਫੂਲੇ ਅੰਬਰ ਭਏ, ਬਸੰਤ ਆਯੋ ਰੇ। (ਅਮੀਰ ਖੁਸਰੋ)

ਅਤੇ

ਇਸ਼ਕ ਦੀ ਹਵਾ ਵੱਗੇ ਤਾਂ ਦਿਲ ਦਾ ਬਾਗ ਖਿੜ ਪੈਂਦਾ ਹੈ। (ਸ਼ਾਹ ਨਿਆਜ਼ੀ)

ਇਸ ਤਰ੍ਹਾਂ ਪੰਜਾਬੀ ਸਾਹਿਤ ਵਿੱਚ ਬਸੰਤ ਰੁੱਤ ਨੂੰ ਵਿਸ਼ੇਸ਼ ਤੌਰ ’ਤੇ ਚਰਚਾ ਦਾ ਵਿਸ਼ਾ ਬਣਾਇਆ ਜਾਂਦਾ ਰਿਹਾ ਹੈ ਤੇ ਇਸ ਨਾਲ ਖੇੜੇ ਅਤੇ ਮਿਲਾਪ ਦੀ ਅਵਸਥਾ ਨੂੰ ਚਿੱਤਰਿਆ ਜਾਂਦਾ ਰਿਹਾ ਹੈ।

 ਮਨੋਵਿਗਿਆਨਕ ਪੜਚੋਲ:

ਮਨੁੱਖ ਦਾ ਜੀਵਨ ਭੱਜਦੌੜ ਭਰਿਆ ਜੀਵਨ ਹੈ। ਅੱਜ ਮਨੁੱਖ ਕੋਲ਼ ਸਹੁਲਤਾਂ ਭਾਵੇਂ ਵੱਧ ਗਈਆਂ ਹਨ ਪਰ, ਮਾਨਸਿਕ ਸਕੂਨ ਕਿੱਧਰੇ ਗੁਆਚ ਗਿਆ ਜਾਪਦਾ ਹੈ। ਰੁੱਤਾਂ ਦੀ ਤਬਦੀਲੀ ਮਨੁੱਖ ਦੇ ਮਨ ਅੰਦਰ ਪੈਦਾ ਹੁੰਦੇ ਅਕੇਵੇਂ ਨੂੰ ਦੂਰ ਕਰਦੀ ਹੈ ਅਤੇ ਸੰਕੇਤਕ ਰੂਪ ਵਿੱਚ ਸਿੱਖਿਆ ਵੀ ਦਿੰਦੀ ਹੈ ਕਿ ਕੋਈ ਵੀ ਚੀਜ਼ (ਦੁੱਖ- ਸੁੱਖ) ਸਦੀਵੀਂ ਨਹੀਂ ਹਨ। ਜਿਸ ਪ੍ਰਕਾਰ ਗਰਮੀ ਤੋਂ ਬਾਅਦ ਸਰਦੀ ਆਉਂਦੀ ਹੈ ਉਵੇਂ ਹੀ ਸਰਦੀ ਤੋਂ ਬਾਅਦ ਗਰਮੀ ਵੀ ਆਉਣਾ ਕੁਦਰਤ ਦਾ ਨਿਯਮ ਹੈ। ਕਿਸੇ ਮਨੁੱਖ ਦੇ ਜੀਵਨ ਵਿੱਚ ਜੇਕਰ ਦੁੱਖਾਂ ਦੇ ਪਹਾੜ ਹਨ ਤਾਂ ਉਹ ਛੇਤੀ ਹੀ ਸਮਾਪਤ ਵੀ ਹੋ ਜਾਣੇ ਹੁੰਦੇ ਹਨ। ਕੁਦਰਤ ਜਿਸ ਤਰ੍ਹਾਂ ਰੁੱਤਾਂ ਨੂੰ ਇੱਕੋ ਵਰਗਾ ਨਹੀਂ ਰੱਖਦੀ ਇਸੇ ਤਰ੍ਹਾਂ ਮਨੁੱਖੀ ਜੀਵਨ ਵਿੱਚ ਸਥਿਤੀਆਂ/ ਅਵਸਥਾਵਾਂ ਵੀ ਹਮੇਸ਼ਾ ਇੱਕੋ ਵਰਗੀਆਂ ਨਹੀਂ ਰਹਿੰਦੀਆਂ। ਬਸੰਤ ਰੁੱਤ ਦੀ ਰੰਗੀਨਤਾ ਮਨੁੱਖ ਦੇ ਜੀਵਨ ਅੰਦਰ ਚਮਕ ਅਤੇ ਊਰਜਾ ਦਾ ਸੰਚਾਰ ਕਰਦੀ ਹੈ।

ਆਖ਼ਰ ਵਿੱਚ ਉੱਪਰ ਕੀਤੀ ਗਈ ਵਿਚਾਰ- ਚਰਚਾ ਦੇ ਆਧਾਰ ’ਤੇ ਕਿਹਾ ਜਾ ਸਕਦਾ ਹੈ ਕਿ ਬਸੰਤ ਰੁੱਤ ਮਨੁੱਖ ਦੇ ਜੀਵਨ ਵਿੱਚ ਜਿੱਥੇ ਕੁਦਰਤੀ ਬਦਲਾਓ ਨੂੰ ਰੂਪਮਾਨ ਕਰਦੀ ਹੈ ਉੱਥੇ ਹੀ ਸੱਭਿਆਚਾਰਕ ਪਰਿਪੇਖ, ਸਮਾਜਿਕ ਸੰਦਰਭ, ਮਨੋਵਿਗਿਆਨਕ ਦ੍ਰਿਸ਼ਟੀ ਅਤੇ ਸਾਹਿਤਕ ਪ੍ਰਸੰਗ ਨੂੰ ਵੀ ਬਿਆਨਦੀ ਹੈ। ਇਹ ਰੁੱਤ ਮਨੁੱਖ ਦੇ ਜੀਵਨ ਵਿੱਚ ਨਵ- ਚੇਤਨਾ ਦਾ ਸੰਚਾਰ ਕਰਦੀ ਹੈ। ਮਨੁੱਖ ਆਪਣੇ ਨਿੱਤ ਦੇ ਕਾਰ- ਵਿਹਾਰ ਤੋਂ ਰਾਹਤ ਮਹਿਸੂਸ ਕਰਦਾ ਹੈ ਅਤੇ ਉਸਨੂੰ ਰੱਬ ਦੀ ਨਿਆਮਤ (ਕੁਦਰਤ) ਨਾਲ ਇੱਕ- ਮਿੱਕ ਹੋਣ ਦਾ ਅਵਸਰ ਪ੍ਰਾਪਤ ਹੁੰਦਾ ਹੈ। ਮਨੁੱਖ ਦਾ ਜੀਵਨ ਸੁਖਾਲਾ ਅਤੇ ਆਰਾਮਦਾਇਕ ਬਣਦਾ ਹੈ। ਜੀਵਨ ਵਿੱਚ ਖੁਸ਼ੀ ਅਤੇ ਖੇੜੇ ਦਾ ਅਹਿਸਾਸ ਹੁੰਦਾ ਹੈ।
***
# 1054/1, ਵਾ. ਨੰ. 15-ਏ, ਭਗਵਾਨ ਨਗਰ ਕਾਲੌਨੀ, ਪਿੱਪਲੀ, ਕੁਰੂਕਸ਼ੇਤਰ (ਹਰਿਆਣਾ)
ਸੰਪਰਕ: 90414-98009.

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
**
1762
***

+7589233437 |  + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਡਾ. ਨਿਸ਼ਾਨ ਸਿੰਘ ਰਾਠੌਰ
# 1054/1,

ਵਾ: ਨੰ: 15-ਏ,
ਭਗਵਾਨ ਨਗਰ ਕਾਲੌਨੀ,
ਪਿੱਪਲੀ, ਕੁਰੂਕਸ਼ੇਤਰ।
ਸੰਪਰਕ: 90414-98009

ਡਾ. ਨਿਸ਼ਾਨ ਸਿੰਘ ਰਾਠੌਰ

ਡਾ. ਨਿਸ਼ਾਨ ਸਿੰਘ ਰਾਠੌਰ # 1054/1, ਵਾ: ਨੰ: 15-ਏ, ਭਗਵਾਨ ਨਗਰ ਕਾਲੌਨੀ, ਪਿੱਪਲੀ, ਕੁਰੂਕਸ਼ੇਤਰ। ਸੰਪਰਕ: 90414-98009

View all posts by ਡਾ. ਨਿਸ਼ਾਨ ਸਿੰਘ ਰਾਠੌਰ →