21 March 2025

ਉੱਚੀਆਂ ਉਡਾਰੀਆਂ (ਬਾਲ ਕਹਾਣੀ- ਸੰਗ੍ਰਹਿ)—ਡਾ. ਨਿਸ਼ਾਨ ਸਿੰਘ ਰਾਠੌਰ

ਪੁਸਤਕ- ਉੱਚੀਆਂ ਉਡਾਰੀਆਂ (ਬਾਲ ਕਹਾਣੀ- ਸੰਗ੍ਰਹਿ)
ਕਹਾਣੀਕਾਰਾ- ਮੀਨਾ ਨਵੀਨ
ਸਮੀਖਿਆ: ਡਾ. ਨਿਸ਼ਾਨ ਸਿੰਘ ਰਾਠੌਰ

ਪੰਨੇ- 92, ਮੁੱਲ- 299 ਰੁਪਏ, ਸਾਲ- 2025
ਪ੍ਰਕਾਸ਼ਨ- ਕਮਲ ਧਾਰਾ ਪਬਲੀਕੇਸ਼ਨ, ਅੰਬਾਲਾ ਕੈਂਟ, ਹਰਿਆਣਾ।

ਮੀਨਾ ਨਵੀਨ ਹਰਿਆਣੇ ਦੇ ਉਹਨਾਂ ਕਲਮਕਾਰਾਂ ਵਿੱਚੋਂ ਇਕ ਹੈ ਜਿਹੜੀ ਨਿਰੰਤਰ ਸਿਰਜਣਾ ਦੇ ਖ਼ੇਤਰ ਵਿਚ ਸਰਗਗਮ ਹੈ। ਇਸੇ ਕਰਕੇ ਸਾਲ- 2025 ਦੇ ਜਨਵਰੀ ਮਹੀਨੇ ਹੀ ਉਸਦਾ ਨਵ-ਪ੍ਰਕਾਸ਼ਤ ਬਾਲ ਕਹਾਣੀ- ਸੰਗ੍ਰਹਿ ‘ਉੱਚੀਆਂ ਉਡਾਰੀਆਂ’ ਛਪ ਕੇ ਪੰਜਾਬੀ ਪਾਠਕਾਂ ਦੇ ਹੱਥਾਂ ’ਚ ਪਹੁੰਚ ਗਿਆ ਹੈ। ਪਿਛਲੇ ਵਰ੍ਹੇ ਸਾਲ- 2024 ਵਿਚ ਵੀ ਮੀਨਾ ਨਵੀਨ ਦਾ ਅਨੁਵਾਦਤ ਕਹਾਣੀ ਸੰਗ੍ਰਹਿ ‘ਮਰਾਠੀ ਝਲਕਾਰਾ’ ਪਾਠਕਾਂ ਤੀਕ ਪਹੁੰਚਿਆ ਸੀ। ਇਸੇ ਸਿਰਜਣਾ ਕਰਕੇ ‘ਹਰਿਆਣਾ ਸਾਹਿਤ ਅਤੇ ਸੰਸਕ੍ਰਿਤ ਅਕੈਡਮੀ’ (ਹਰਿਆਣਾ ਸਰਕਾਰ) ਵੱਲੋਂ ਉਸਨੂੰ ‘ਕਵੀ ਹਰਿਭਜਨ ਸਿੰਘ ਰੇਣੂ’ ਇਨਾਮ ਐਲਾਨਿਆ ਗਿਆ ਹੈ।

‘ਉੱਚੀਆਂ ਉਡਾਰੀਆਂ’ ਪੁਸਤਕ ਦਾ ਅਧਿਐਨ ਕਰਦਿਆਂ ਇੰਝ ਲੱਗਦਾ ਹੈ ਕਿ ਇਸ ਕਹਾਣੀ- ਸੰਗ੍ਰਹਿ ਦੀਆਂ ਕਹਾਣੀਆਂ ਨਿੱਕੇ ਬੱਚਿਆਂ ਨੂੰ ਚੰਗੀ ਸੇਧ ਦਿੰਦੀਆਂ ਹਨ। ਲੇਖਿਕਾ ਇਹਨਾਂ ਕਹਾਣੀਆਂ ਦੇ ਮਾਧਿਅਮ ਰਾਹੀਂ ਨਿੱਕੇ ਬੱਚਿਆਂ ਨੂੰ ਪੜ੍ਹਾਈ ਦੇ ਮਹੱਤਵ ਬਾਰੇ ਜਾਗਰੂਕ ਕਰਦੀ ਹੈ। ‘ਵੱਡੀ ਮਾਂ’ ਕਹਾਣੀ ਵਿਚ ਉਹ ਪੜ੍ਹਾਈ ਨੂੰ ਮਾਂ ਤੋਂ ਵੀ ਉੱਤੇ ਦਾ ਦਰਜ਼ਾ ਦਿੰਦੀ ਹੈ ਜਦੋਂ ਇੱਕ ਬੱਚੀ ਦਾ ਮਨ ਪੜ੍ਹਾਈ ਵਿਚ ਨਹੀਂ ਲੱਗਦਾ ਅਤੇ ਉਹ ਪ੍ਰੇਸ਼ਾਨ ਰਹਿੰਦੀ ਹੈ ਤਾਂ ਲੇਖਿਕਾ ਉਸ ਬੱਚੀ ਨੂੰ ਪੜ੍ਹਾਈ ਦੀ ਅਹਿਮੀਅਤ ਬਾਰੇ ਜਾਗਰੂਕ ਕਰਦੀ ਹੈ। ਇਸਦਾ ਅਸਰ ਵੀ ਉਸ ਬੱਚੀ ਉੱਪਰ ਦੇਖਣ ਨੂੰ ਮਿਲਦਾ ਹੈ ਅਤੇ ਉਹ ਮੁੜ ਪੜ੍ਹਾਈ ਨੂੰ ਤਵੱਜੋਂ ਦੇਣ ਲੱਗਦੀ ਹੈ।

ਇਸੇ ਤਰ੍ਹਾਂ ‘ਸਮਝਦਾਰੀ’ ਕਹਾਣੀ ਵਿਚ ਬੱਚਿਆਂ ਨੂੰ ਸੁਚੇਤ ਰਹਿਣ ਬਾਰੇ ਤਾਕੀਦ ਕੀਤੀ ਗਈ ਹੈ ਕਿ ਕਿਵੇਂ ਸਮਝਦਾਰੀ ਕਰਕੇ ‘ਨੇਹਾ’ ਨੇ ਆਪਣੀ ਜਾਨ ਬਚਾਈ। ਛੋਟੀਆਂ ਬੱਚੀਆਂ ਨੂੰ ਇਹ ਕਹਾਣੀਆਂ ਪੜ੍ਹ ਕੇ ਆਪਣੀ ਰੱਖਿਆ ਕਰਨ ਦਾ ਪਤਾ ਲੱਗਦਾ ਹੈ। ਅਸਲ ਵਿਚ ਇਕ ਕਾਰ ਨੇਹਾ ਦਾ ਕਈ ਦਿਨਾਂ ਤੋਂ ਪਿੱਛਾ ਕਰ ਰਹੀ ਸੀ। ਉਹਨਾਂ ਕਾਰ ਸਵਾਰਾਂ ਦੇ ਇਰਾਦੇ ਨੇਕ ਨਹੀਂ ਸਨ। ਨੇਹਾ ਉਮਰ ’ਚ ਭਾਵੇਂ ਛੋਟੀ ਸੀ ਪਰ ਉਹ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਚੁਕੀ ਸੀ। ਇਸੇ ਸਮਝਦਾਰੀ ਦੀ ਬਦੌਲਤ ਉਹ ਮਾੜੇ ਅਨਸਰ ਪੁਲਿਸ ਅੜਿੱਕੇ ਚੜ ਗਏ ਅਤੇ ਨੇਹਾ ਦੀ ਜਾਨ ਬਚ ਗਈ।

‘ਉੱਚੀ ਉਡਾਰੀਆਂ’ ਬਾਲ ਕਹਾਣੀ- ਸੰਗ੍ਰਹਿ ’ਚ ਇਸ ਤਰ੍ਹਾਂ ਦੀਆਂ ਕਹਾਣੀਆਂ ਰਾਹੀਂ ਬੱਚਿਆਂ ਨੂੰ ਸਿੱਖਿਆ ਦੇਣ ਦਾ ਕੰਮ ਕਹਾਣੀਕਾਰਾ ਮੀਨਾ ਨਵੀਨ ਨੇ ਬਾਖੂਬੀ ਕੀਤਾ ਹੈ। ਕਹਾਣੀਆਂ ਵਿਚ ਕਥਾ ਦਾ ਪ੍ਰਵਾਹ ਅਤੇ ਕਹਾਣੀ ਦੀ ਬਣਤਰ ਦਰੁੱਸਤ ਢੰਗ ਨਾਲ ਕੀਤੀ ਗਈ ਹੈ। ਭਾਸ਼ਾ ਸਰਲ ਅਤੇ ਆਮ ਬੋਲਚਾਲ ਵਾਲੀ ਹੈ ਜਿਸ ਨਾਲ ਪਾਠਕ ਬੋਰੀਅਤ ਮਹਿਸੂਸ ਨਹੀਂ ਕਰਦਾ ਅਤੇ ਆਪਣੇ- ਆਪ ਨੂੰ ਕਹਾਣੀਆਂ ਨਾਲ ਜੁੜਿਆ ਹੋਇਆ ਮਹਿਸੂਸ ਕਰਦਾ ਹੈ।

ਹਰਿਆਣੇ ਵਿਚ ਰਚੇ ਜਾ ਰਹੇ ਇਸ ਤਰ੍ਹਾਂ ਦੇ ਬਾਲ ਸਾਹਿਤ ਨੂੰ ਮੁੱਖਧਾਰਾ ਦੇ ਪੰਜਾਬੀ ਪਾਠਕਾਂ ਤੀਕ ਪਹੁੰਚਣਾ ਚਾਹੀਦਾ ਹੈ। ਹਰਿਆਣੇ ਦੇ ਪੰਜਾਬੀ ਸਾਹਿਤ ਵਿੱਚ ਇਕ ਹੋਰ ਸਿਰਜਣਾ ਲਈ ਲੇਖਿਕਾ ਮੀਨਾ ਨਵੀਨ ਨੂੰ ਬਹੁਤ ਮੁਬਾਰਕ।
***
ਡਾ
. ਨਿਸ਼ਾਨ ਸਿੰਘ ਰਾਠੌਰ
ਸੰਪਰਕ- 90414-98009

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1486
***

+7589233437 |  + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਡਾ. ਨਿਸ਼ਾਨ ਸਿੰਘ ਰਾਠੌਰ
# 1054/1,

ਵਾ: ਨੰ: 15-ਏ,
ਭਗਵਾਨ ਨਗਰ ਕਾਲੌਨੀ,
ਪਿੱਪਲੀ, ਕੁਰੂਕਸ਼ੇਤਰ।
ਸੰਪਰਕ: 90414-98009

ਡਾ. ਨਿਸ਼ਾਨ ਸਿੰਘ ਰਾਠੌਰ

ਡਾ. ਨਿਸ਼ਾਨ ਸਿੰਘ ਰਾਠੌਰ # 1054/1, ਵਾ: ਨੰ: 15-ਏ, ਭਗਵਾਨ ਨਗਰ ਕਾਲੌਨੀ, ਪਿੱਪਲੀ, ਕੁਰੂਕਸ਼ੇਤਰ। ਸੰਪਰਕ: 90414-98009

View all posts by ਡਾ. ਨਿਸ਼ਾਨ ਸਿੰਘ ਰਾਠੌਰ →