9 October 2024

ਟਰੇਨ ਦੇ ਸਫ਼ਰ ਦੀ ਅਭੁੱਲ ਯਾਦ — ਡਾ: ਨਿਸ਼ਾਨ ਸਿੰਘ ਰਾਠੌਰ

ਜੂਨ 2008 ਦੀ ਗੱਲ ਹੈ। ਮੈਂ ਕਿਸੇ ਸਰਕਾਰੀ ਕੰਮ ਲਈ ਟਰੇਨ ਰਾਹੀਂ ਜਬਲਪੁਰ (ਮੱਧਪ੍ਰਦੇਸ਼) ਜਾ ਰਿਹਾ ਸਾਂ। ਟਰੇਨ ਨਿਜਾਮੂਦੀਨ (ਪੁਰਾਣੀ ਦਿੱਲੀ) ਰੇਲਵੇ- ਸਟੇਸ਼ਨ ਤੋਂ ਚੱਲਦੀ ਸੀ ਅਤੇ ਮੈਂ ਇੱਥੋਂ ਹੀ ਬੈਠਣਾ ਸੀ ਕਿਉਂਕਿ ਟਰੇਨ ਦੇ ਏ ਸੀ ਸੈਕਿੰਡ ਕਲਾਸ ਵਿਚ ਮੇਰੀ ਸੀਟ ਬੁੱਕ ਸੀ। ਨੌਕਰੀ ਦੌਰਾਨ ਮੈਨੂੰ ਅਕਸਰ ਹੀ ਇਸ ਤਰ੍ਹਾਂ ਦੀਆਂ ਯਾਤਰਾਵਾਂ ’ਤੇ ਜਾਣਾ ਪੈਂਦਾ ਹੈ। ਇਸ ਲਈ ਮੈਂ ਆਪਣੀ ਰੋਟੀ ਘਰ ਤੋਂ ਹੀ ਬਣਵਾ ਕੇ ਲੈ ਜਾਂਦਾ ਹਾਂ ਕਿਉਂਕਿ ਰੇਲਵੇ-ਸਟੇਸ਼ਨਾਂ ’ਤੇ ਇੰਨਾ ਵਧੀਆ ਅਤੇ ਸਾਫ਼- ਸੁੱਥਰਾ ਖਾਣਾ ਨਹੀਂ ਮਿਲਦਾ। ਦੂਜੀ ਗੱਲ, ਬਾਹਰ ਦਾ ਖਾਣਾ ਸਿਹਤ ਲਈ ਵੀ ਨੁਕਸਾਨਦੇਹ ਹੁੰਦਾ ਹੈ। ਇਸ ਲਈ ਮੇਰੀ ਪਤਨੀ ਮੈਨੂੰ ਘਰ ਤੋਂ ਹੀ ਖਾਣਾ ਤਿਆਰ ਕਰਕੇ ਦਿੰਦੀ ਹੈ। ਖ਼ੈਰ,
ਟਰੇਨ ਦੇ ਤੈਅ ਵਕਤ ਉੱਪਰ ਮੈਂ ਨਿਜਾਮੂਦੀਨ ਰੇਲਵੇ ਸਟੇਸ਼ਨ ’ਤੇ ਅਪੱੜ ਗਿਆ। ਟਰੇਨ ਵੀ ਸਹੀ ਵਕਤ ’ਤੇ ਸਟੇਸ਼ਨ ’ਤੇ ਲੱਗ ਗਈ ਕਿਉਂਕਿ ਇਹ ਟਰੇਨ ਇੱਥੋਂ ਹੀ ਬਣ ਕੇ ਚੱਲਦੀ ਹੈ। ਇਸ ਲਈ ਟਰੇਨ ਵਿੱਚ ਬੈਠਣ ਲਈ ਕੋਈ ਬਹੁਤੀ ਮਾਰਾ-ਮਾਰੀ ਜਾਂ ਭੀੜ ਨਹੀਂ ਹੁੰਦੀ। ਇਹ ਟਰੇਨ ਇੱਥੇ ਅੱਧੇ ਘੰਟੇ ਤੋਂ ਵੀ ਵੱਧ ਸਮੇਂ ਲਈ ਖੜ੍ਹੀ ਰਹਿੰਦੀ ਹੈ। ਮੈਂ ਆਪਣੀ ਸੀਟ ਉੱਪਰ ਜਾ ਕੇ ਬੈਠ ਗਿਆ।

ਕੁਝ ਸਮੇਂ ਬਾਅਦ ਮੇਰੇ ਸਾਹਮਣੇ ਵਾਲੀ ਸੀਟ ’ਤੇ ਇੱਕ ਲਾਲਾ ਜੀ ਆਪਣੇ ਪਰਿਵਾਰ ਸਮੇਤ ਆ ਕੇ ਬੈਠ ਗਏ। ਮੈਂ ਕਿਤਾਬ ਪੜ੍ਹਨ ਵਿੱਚ ਮਸਰੂਫ਼ ਸਾਂ। ਨਾ ਉਹਨਾਂ ਮੇਰੇ ਨਾਲ ਕੋਈ ਗੱਲ ਕੀਤੀ ਅਤੇ ਨਾ ਹੀ ਮੈਂ ਕੁਝ ਬੋਲਣ ਦਾ ਯਤਨ ਕੀਤਾ। ਲਾਲਾ ਜੀ ਨਾਲ ਉਹਨਾਂ ਦੀ ਪਤਨੀ ਅਤੇ ਬੇਟੀ ਸਨ। ਉਹ ਆਪਸ ਵਿਚ ਗੱਲਾਂ-ਬਾਤਾਂ ਵਿੱਚ ਰੁੱਝੇ ਹੋਏ ਸਨ। ਗੱਲਾਂ ਤੋਂ ਮਹਿਸੂਸ ਹੁੰਦਾ ਸੀ ਕਿ ਉਹ ਵੀ ਜਬਲਪੁਰ ਹੀ ਜਾ ਰਹੇ ਸਨ। 

ਮੈਂ ਹੇਠਲੀ ਸੀਟ ’ਤੇ ਲੇਟਿਆ ਹੋਇਆ ਸਾਂ। ਅੱਧੇ ਕੁ ਘੰਟੇ ਦੇ ਸਫ਼ਰ ਮਗ਼ਰੋਂ ਲਾਲਾ ਜੀ ਨੇ ਖਾਣਾ ਖਾਣ ਲਈ ਆਪਣਾ ਰੋਟੀ ਵਾਲਾ ਡੱਬਾ ਖੋਲ੍ਹ ਲਿਆ। ਉਹ ਤਿੰਨੇ ਮੇਰੇ ਸਾਹਮਣੇ ਵਾਲੀ ਇੱਕੋ ਸੀਟ ’ਤੇ ਬਹਿ ਕੇ ਰੋਟੀ ਖਾਣ ਲੱਗੇ। ਮੈਂ ਚੁੱਪਚਾਪ ਲੇਟਿਆ ਰਿਹਾ। ਦਸ-ਪੰਦਰਾਂ ਮਿੰਟਾਂ ਬਾਅਦ ਉਹਨਾਂ ਖਾਣਾ ਖਾ ਕੇ ਹੱਥ- ਮੂੰਹ ਧੋ ਲਿਆ ਅਤੇ ਆਪਸ ਵਿੱਚ ਫਿਰ ਗੱਲਾਂ ਵਿੱਚ ਮਸਰੂਫ਼ ਹੋ ਗਏ। ਖ਼ੈਰ, ਕੋਈ ਡੇਢ-ਦੋ ਘੰਟੇ ਬਾਅਦ ਮੈਨੂੰ ਵੀ ਭੁੱਖ ਲੱਗ ਗਈ।

ਮੈਂ ਆਪਣੀ ਸੀਟ ਤੋਂ ਉੱਠਿਆ ਅਤੇ ਘਰੋਂ ਬਣਵਾਈ ਰੋਟੀ ਵਾਲਾ ਡੱਬਾ ਕੱਢ ਕੇ ਆਪਣੀ ਸੀਟ ’ਤੇ ਬਹਿ ਗਿਆ। ਰੋਟੀਆਂ ਵਾਲਾ ਡੱਬਾ ਖੋਲ੍ਹ ਕੇ ਮੈਂ ਲਾਲਾ ਜੀ ਦੀ ਬੇਟੀ ਨੂੰ (ਜਿਹੜੀ ਮੇਰੀ ਸਾਹਮਣੇ ਵਾਲੀ ਸੀਟ ’ਤੇ ਬੈਠੀ ਫੋਨ ਚਲਾ ਰਹੀ ਸੀ, ਪੁੱਛਿਆ, ‘ਬੇਟਾ, ਖਾਣਾ ਖਾਉਗੇ?’ ਉਹ ਕਹਿੰਦੀ, ‘ਨਹੀਂ ਅੰਕਲ, ਹਮਨੇ ਖਾਣਾ ਖਾ ਲੀਆ ਹੈ।’

ਮੈਂ ਕਿਹਾ, ‘ਕੋਈ ਨਾ ਬੇਟਾ, ਹੋਰ ਖਾ ਲਓ।’ ਉਹ ਕਹਿੰਦੀ, ‘ਨਹੀਂ ਅੰਕਲ, ਥੈਂਕਸ।’

ਇੰਨਾ ਸੁਣ ਲਾਲਾ ਜੀ ਵੀ ਆਪਣੀ ਸੀਟ ਤੋਂ ਉੱਠ ਪਏ। ਮੈਂ ਲਾਲਾ ਜੀ ਨੂੰ ਵੀ ਮੁਖਾਤਿਬ ਹੁੰਦਿਆਂ ਕਿਹਾ, ‘ਲਾਲਾ ਜੀ, ਆਪ ਭੋਜਨ ਗ੍ਰਹਿਣ ਕਰੇਂਗੇ?’

ਉਹ ਕਹਿੰਦੇ, ‘ਨਹੀਂ ਸਰਦਾਰ ਸਾਹਿਬ, ਹਮਨੇ ਅਭੀ ਖਾਇਆ ਹੈ।’

ਮੈਂ ਕਿਹਾ, ‘ਠੀਕ ਹੈ ਜੀ।’

ਉਹ ਬੋਲੇ, ‘ਸਰਦਾਰ ਜੀ, ਹਮੇ ਮਾਫ਼ ਕਰਨਾ, ਜਬ ਹਮ ਖਾਣਾ ਖਾ ਰਹੇ ਥੇ ਤੋਂ ਹਮਨੇ ਆਪ ਕੋ ਪੂਛਾ ਤੱਕ ਨਹੀਂ। ਯੇ ਹਮਾਰੀ ਗਲਤੀ ਹੈ।’

ਮੈਂ ਕਿਹਾ, ‘ਲਾਲਾ ਜੀ, ਕੋਈ ਗੱਲ ਨਹੀਂ। ਇਹ ਕੋਈ ਗਲਤੀ ਨਹੀਂ ਬਲਕਿ ਬਿਰਤੀ ਹੁੰਦੀ ਹੈ।’

ਉਹ ਕਹਿੰਦਾ, ‘ਬਿਲਕੁਲ ਸਹੀ ਕਹਾ ਆਪਨੇ, ਸਰਦਾਰਾਂ ਕੋ ਤੋ ਬਚਪਣ ਸੇ ਹੀ ਮਿਲ-ਬਾਂਟ ਕਰ ਖਾਣੇ ਕਾ ਪਾਠ ਪੜ੍ਹਾਇਆ ਜਾਤਾ ਹੈ।’

ਮੈਂ ਹਾਂ ਵਿੱਚ ਸਿਰ ਹਿਲਾਇਆ। ਉਹ ਕਹਿੰਦਾ, ‘ਯੇ ਬਹੁਤ ਅੱਛੀ ਸੀਖ (ਸਿੱਖਿਆ) ਹੈ। ਹਮੇ ਆਪਸ ਮੇਂ ਮਿਲ-ਬਾਂਟ ਕਰ ਭੋਜਨ ਗ੍ਰਹਿਣ ਕਰਨਾ ਚਾਹੀਏ। ਜਬ ਹਮ ਕਭੀ ਗੁਰਦੁਆਰੇ ਮੇਂ ਜਾਤੇ ਹੈਂ ਤੋਂ ਵਹਾਂ ਪਰ ਸਭ ਲੋਗੋਂ ਕੋ ਏਕ ਹੀ ਪੰਗਤੀ ਮੈਂ ਬਿਠਾ ਕਰ ਖਾਣਾ ਪਰੋਸਾ ਜਾਤਾ ਹੈ।’

ਮੈਂ ਕਿਹਾ, ਸਾਡੇ ਗੁਰੂ ਸਾਹਿਬਾਨ ਨੇ ਮਨੁੱਖਤਾ ਨੂੰ ਬਰਾਬਰਤਾ ਦਾ ਸੰਦੇਸ਼ ਦੇਣ ਹਿੱਤ ‘ਇੱਕ ਪੰਗਤ’ ਦਾ ਸਿਧਾਂਤ ਦਿੱਤਾ ਹੈ।’ ਇਸੇ ਲਈ ਗੁਰੂ ਘਰਾਂ ਵਿੱਚ ਪ੍ਰਸ਼ਾਦੇ ਲਈ ਇੱਕੋ ਹੀ ਪੰਗਤ ਲਗਾਈ ਜਾਂਦੀ ਹੈ। ਉੱਥੇ ਕੋਈ ਉੱਚਾ- ਨੀਵਾਂ ਨਹੀਂ ਹੁੰਦਾ ਬਲਕਿ ਸਭ ਬਰਾਬਰ ਹੁੰਦੇ ਹਨ।

ਖ਼ੈਰ! ਲਾਲਾ ਜੀ ਮੇਰੇ ਸਿਰਫ਼ ‘ਖਾਣਾ ਪੁੱਛਣ’ ਤੋਂ ਬਹੁਤ ਪ੍ਰਭਾਵਿਤ ਹੋਏ ਅਤੇ ਪੂਰੇ ਸਫ਼ਰ ਦੌਰਾਨ ਸ਼ਰਮ ਜਿਹੀ ਮਹਿਸੂਸ ਕਰਦੇ ਰਹੇ। ਹਾਲਾਂਕਿ ਮੈਂ ਉਹਨਾਂ ਨੂੰ ਪੂਰਾ ਮਾਣ-ਸਤਿਕਾਰ ਦਿੱਤਾ ਅਤੇ ਇਹ ਗੱਲ ਭੁੱਲਣ ਲਈ ਬੇਨਤੀ ਵੀ ਕੀਤੀ।

ਖ਼ੈਰ, ਜਬਲਪੁਰ ਪਹੁੰਚ ਕੇ ਉਹਨਾਂ ਮੇਰਾ ਸੰਪਰਕ ਨੰਬਰ ਲਿਆ ਅਤੇ ਮੈਨੂੰ ਆਪਣੇ ਘਰ ਆਉਣ ਦਾ ਸੱਦਾ ਦਿੱਤਾ। ਪਰ! ਸਮੇਂ ਦੀ ਘਾਟ ਕਾਰਨ ਮੈਂ ਬਹੁਤ ਅਦਬ ਸਹਿਤ ਉਹਨਾਂ ਤੋਂ ਖ਼ਿਮਾ ਮੰਗ ਲਈ ਅਤੇ ਕਿਹਾ, ‘ਕਦੇ ਫਿਰ ਸੱਬਬ ਬਣਿਆ ਤਾਂ ਲਾਜ਼ਮੀ ਆਵਾਂਗਾ, ਲਾਲਾ ਜੀ।’

ਦੋਸਤੋ! ਨਾ ਉਹਨਾਂ ਨੇ ਮੇਰੇ ਕੋਲੋਂ ਕੁਝ ਲਿਆ ਅਤੇ ਨਾ ਹੀ ਮੈਂ ਉਹਨਾਂ ਨੂੰ ਕੁਝ ਦਿੱਤਾ, ਸਿਰਫ਼ ਪਿਆਰ ਨਾਲ ਬੋਲਣ ਕਰਕੇ ਅਤੇ ਇੱਜ਼ਤ ਕਰਕੇ ਉਹਨਾਂ ਸਮੁੱਚੀ ਕੌਮ ਨੂੰ ਮਾਣ ਦਿੱਤਾ। ਇਹ ਸਾਡੇ ਇਖ਼ਲਾਕੀ ਫ਼ਰਜ਼ ਹੁੰਦੇ ਹਨ ਕਿ ਜਦੋਂ ਅਸੀਂ ਕਿਸੇ ਦੂਜੇ ਸੂਬੇ ਜਾਂ ਮੁਲਕ ਵਿੱਚ ਸਫ਼ਰ ਕਰਦੇ ਹਾਂ/ਜਾਂਦੇ ਹਾਂ ਤਾਂ ਅਸੀਂ ਆਪਣੇ ਪਹਿਰਾਵੇ, ਬੋਲੀ ਅਤੇ ਕਿਰਦਾਰ ਕਰਕੇ ਆਪਣੀ ਕੌਮ ਦੇ ਰਾਜਦੂਤ ਹੁੰਦੇ ਹਾਂ। ਸਾਡੇ ਕਿਰਦਾਰ, ਕਾਰ- ਵਿਹਾਰ ਜਾਂ ਗੱਲਬਾਤ ਤੋਂ ਉੱਥੋਂ ਦੇ ਲੋਕ ਸਾਡੇ ਸੂਬੇ, ਧਰਮ, ਇਤਿਹਾਸ ਅਤੇ ਸੱਭਿਆਚਾਰ ਬਾਰੇ ਅੰਦਾਜ਼ਾ ਲਗਾਉਂਦੇ ਹਨ। ਇਸ ਲਈ ਆਪਣੀ ਇਖ਼ਲਾਕੀ ਜਿ਼ੰਮੇਵਾਰੀ ਸਮਝਦਿਆਂ ਆਪਣੇ ਕਿਰਦਾਰ ਨੂੰ ਉੱਚਾ, ਸੁੱਚਾ ਰੱਖਣਾ ਚਾਹੀਦਾ ਹੈ। ਇਹ ਗੱਲ ਸਿਰਫ਼ ਦੂਜੇ ਥਾਂ ’ਤੇ ਜਾ ਕੇ ਹੀ ਚੇਤੇ ਨਹੀਂ ਰੱਖਣੀ ਚਾਹੀਦੀ ਬਲਕਿ ਇਹ ਸਾਡੀ ਆਦਤ ਵਿੱਚ ਸ਼ਾਮਿਲ ਹੋਣੀ ਚਾਹੀਦੀ ਹੈ ਅਤੇ ਆਪਣੇ ਘਰ, ਗਲੀ ਜਾਂ ਪਿੰਡ ਵਿੱਚ ਵੀ ਸਲੀਕੇ ਨਾਲ ਜੀਵਨ ਬਤੀਤ ਕਰਨਾ ਚਾਹੀਦਾ ਹੈ ਪਰ! ਦੂਜੇ ਥਾਂ ’ਤੇ ਜਾ ਕੇ ਇਹ ਜਿ਼ੰਮੇਵਾਰ ਹੋਰ ਵੱਧ ਜਾਂਦੀ ਹੈ।

# 1054/1,
ਵਾ: ਨੰ: 15-ਏ,
ਭਗਵਾਨ ਨਗਰ ਕਾਲੌਨੀ,
ਪਿੱਪਲੀ, ਕੁਰੂਕਸ਼ੇਤਰ। (ਹਰਿਆਣਾ)

ਸੰਪਰਕ – 90414-98009

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1394
***

ਡਾ. ਨਿਸ਼ਾਨ ਸਿੰਘ ਰਾਠੌਰ
# 1054/1,

ਵਾ: ਨੰ: 15-ਏ,
ਭਗਵਾਨ ਨਗਰ ਕਾਲੌਨੀ,
ਪਿੱਪਲੀ, ਕੁਰੂਕਸ਼ੇਤਰ।
ਸੰਪਰਕ: 90414-98009

ਡਾ. ਨਿਸ਼ਾਨ ਸਿੰਘ ਰਾਠੌਰ

ਡਾ. ਨਿਸ਼ਾਨ ਸਿੰਘ ਰਾਠੌਰ # 1054/1, ਵਾ: ਨੰ: 15-ਏ, ਭਗਵਾਨ ਨਗਰ ਕਾਲੌਨੀ, ਪਿੱਪਲੀ, ਕੁਰੂਕਸ਼ੇਤਰ। ਸੰਪਰਕ: 90414-98009

View all posts by ਡਾ. ਨਿਸ਼ਾਨ ਸਿੰਘ ਰਾਠੌਰ →