|
ਇਹ 1989 ਦੀ ਗੱਲ ਏ। ਮੈਂ ਪੰਜਾਬ ਦੇ ਇੱਕ ਡਿਗਰੀ ਕਾਲਜ ਵਿੱਚ ਸਲਾਨਾ ਪ੍ਰੀਖਿਆਵਾਂ ਦਾ ਸੈਂਟਰ ਸੁਪਰਡੰਟ ਸਾਂ। ਪਿਛਲੇ ਕਈ ਸਾਲਾਂ ਤੋਂ ਪੰਜਾਬ ਦੇ ਹਾਲਾਤ ਖਰਾਬ ਹੋਣ ਕਾਰਨ ਕਾਲਜਾਂ ਦੀਆਂ ਪ੍ਰੀਖਿਆਵਾਂ ਇੱਕ ਮਜ਼ਾਕ ਹੀ ਬਣੀਆਂ ਹੋਈਆਂ ਸਨ। ਨਿਗਰਾਨ ਪ੍ਰੋਫੈਸਰ ਆਪਣਾ ਡੰਗ ਟਪਾ ਰਹੇ ਸਨ ਤੇ ਉਮੀਦਵਾਰ ਇਹਨਾਂ ਨਿਗਰਾਨਾਂ ਨੂੰ ਗਹਿਰੀ ਅੱਖ ਦਿਖਾ ਕੇ ਆਪਣਾ ਮਤਲਬ ਕੱਢੀ ਜਾ ਰਹੇ ਸਨ। ਯੂਨੀਵਰਸਿਟੀਆਂ ਵਾਲੇ ਪ੍ਰੀਖਿਆ ਕੇਂਦਰਾਂ ਵੱਲ ਮਾੜਾ ਮੋਟਾ ਗੇੜਾ ਹੀ ਮਾਰਦੇ ਸਨ। ਉੱਪਰੋਂ ਲੈ ਕੇ ਹੇਠਾਂ ਤੱਕ ਹਰ ਕੋਈ ਬਾਂਸ ਨਾਲ਼ ਹਵਾ ਰੋਕਣ ਦੀ ਕੋਸ਼ਿਸ਼ ਹੀ ਕਰ ਰਿਹਾ ਸੀ। ਭਾਵੇਂ ਸਰਹੱਦੀ ਜਿਲ੍ਹਿਆਂ ਦਾ ਹਾਲ ਜਿਆਦਾ ਹੀ ਮਾੜਾ ਸੀ, ਬਾਕੀ ਸਾਰਾ ਪੰਜਾਬ ਵੀ ਤਕਰੀਬਨ ਇਹੋ ਜਿਹੀਆਂ ਪ੍ਰਸਥਿਤੀਆਂ ਦਾ ਸਾਹਮਣਾ ਕਰ ਰਿਹਾ ਸੀ। ਚਲਾਕ ਅਧਿਆਪਕ ਤਰੀਕੇ ਨਾਲ ਨਿਗਰਾਨ ਤੇ ਸੁਪਰਡੰਟ ਦੀ ਡਿਊਟੀ ਤੋਂ ਬਚ ਜਾਇਆ ਕਰਦੇ ਸਨ। ਸ਼ਰੀਫ ਬੰਦੇ ਜੋਖਮ ਭਰਪੂਰ ਕੰਮਾਂ ਤੇ ਮੱਲੋ ਮੱਲੀ ਲਗਾ ਦਿੱਤੇ ਜਾਂਦੇ ਸਨ। ਇਹ ਸ਼ਰੀਫ ਬੰਦੇ ਬੜੀ ਸਿਆਣਪ ਤੇ ਨਰਮਾਈ ਨਾਲ ਆਪਣੇ ਦਿਨ ਕੱਟੀ ਜਾਇਆ ਕਰਦੇ ਸਨ। ਮੇਰੀ ਡਿਊਟੀ ਯੂਨੀਵਰਸਿਟੀ ਦੇ ਇਸ ਕੰਮ ਲਈ ਇਸ ਕਰਕੇ ਲੱਗੀ ਸੀ ਕਿਉਂਕਿ ਮੇਰਾ ਪ੍ਰਿੰਸੀਪਲ ਬਹੁਤਾ ਮੇਰੇ ਹੱਕ ਵਿੱਚ ਨਹੀਂ ਸੀ ਹੋਇਆ ਕਰਦਾ। ਆਪ ਉਹ ਪਰੇ ਉਰੇ ਹੋ ਜਾਇਆ ਕਰਦਾ ਸੀ ਤੇ ਮੈਨੂੰ ਪਰੇਸ਼ਾਨੀ ਵਿੱਚ ਪਾ ਦਿਆ ਕਰਦਾ ਸੀ। ਮਿਸਾਲ ਦੇ ਤੌਰ ਤੇ ਇੱਕ ਗਣਤੰਤਰ ਦਿਵਸ ਦੀ ਗੱਲ ਸੁਣਾ ਦਿੰਦਾ ਹਾਂ। ਮੈਂ ਕਾਲਜ ਦਾ ਐਨ. ਸੀ. ਸੀ. ਅਫਸਰ ਵੀ ਸਾਂ। ਪੰਜਾਬ ਦੇ ਹਾਲਾਤਾਂ ਦੇ ਮੱਦੇ ਨਜ਼ਰ ਕਾਲਜ ਦੇ ਐਨ. ਸੀ. ਸੀ. ਕੈਡਟਾਂ ਨੇ ਸਿੱਖ ਫੈਡਰੇਸ਼ਨ ਦੀ ਕਾਲ ਤੇ ਗਣਤੰਤਰ ਦਿਵਸ ਦੀ ਪਰੇਡ ਦਾ ਬਾਈਕਾਟ ਕਰ ਦਿੱਤਾ ਸੀ। ਜਦ ਕੈਡਟ ਰਿਹਰਸਲ ਵਿੱਚ ਨਹੀਂ ਗਏ ਤਾਂ ਪੁਲਿਸ ਦਾ ਸਿਪਾਹੀ ਮੇਰੇ ਘਰ ਆ ਗਿਆ। ਕਹਿੰਦਾ: ਤੁਹਾਨੂੰ ਠਾਣੇ ਬੁਲਾਇਆ ਹੈ। ਮੈਂ ਚਲਾ ਗਿਆ। ਐਸ. ਐਚ. ਓ. ਕਹਿੰਦਾ: ਕੈਡਟ ਪਰੇਡ ਦੀ ਰਿਹਰਸਲ ਵਿਚ ਕਿਉਂ ਨਹੀਂ ਆਏ। ਮੈਂ ਕਿਹਾ: ‘ਮੈਂ ਬਥੇਰਾ ਜ਼ੋਰ ਲਾਇਆ ਉਹ ਮੰਨੇ ਹੀ ਨਹੀਂ।’ ਐਸ. ਐਚ. ਓ. ਕਹਿਣ ਲੱਗਾ, ‘ਜੀਪ ਤੇ ਬੈਠੋ ਤੇ ਡੀ. ਐਸ. ਪੀ. ਪਾਸ ਜਾ ਕੇ ਆਪਣਾ ਇਹ ਬਿਆਨ ਦਿਓ।’ ਮੈਨੂੰ ਖੁੱਲੀ ਜੀਪ ਤੇ ਬਿਠਾ ਕੇ ਨਹਿਰ ਦੇ ਪਾਸ ਧੁੱਪ ਵਿੱਚ ਲੱਗੇ ਡੀ. ਐਸ. ਪੀ. ਦੇ ਦਫਤਰ ਲੈ ਗਏ। ਮੈਂ ਉੱਥੇ ਜਾ ਕੇ ਵੀ ਇਹੀ ਬਿਆਨ ਦੇ ਦਿੱਤਾ। ਡੀ. ਐਸ. ਪੀ. ਕਹਿਣ ਲੱਗਾ: ‘ਨਾਮ ਲਓ, ਕਿਹੜਾ ਕੈਡਟ ਪੈਰ ਖਿੱਚ ਰਿਹਾ ਏ।’ ਮੈਂ ਕਿਹਾ ‘ਸਾਰੇ ਹੀ ਚੁੱਪ ਖੜੇ ਸਨ।’ ਕਹਿੰਦਾ, ‘ਜੇ ਤੁਹਾਡਾ ਐਨ. ਸੀ. ਸੀ. ਭੱਤਾ ਬੰਦ ਕਰਵਾ ਦਿਆਂ?’ ਮੈਂ ਚੁੱਪ ਰਿਹਾ। ਕੁਝ ਦੇਰ ਬਿਠਾ ਕੇ ਮੈਨੂੰ ਫਿਰ ਥਾਣੇ ਮੇਰੇ ਮੋਟਰਸਾਈਕਲ ਪਾਸ ਛੱਡ ਗਏ। ਮੈਂ ਫਿਰ ਘਰ ਵਾਪਸ ਆ ਗਿਆ। ਇਸ ਵਕਤ ਮੇਰੇ ਕਾਲਜ ਦੇ ਪ੍ਰਿੰਸੀਪਲ ਦੀ ਇਹ ਡਿਊਟੀ ਬਣਦੀ ਸੀ ਕਿ ਮੇਰੇ ਨਾਲ ਠਾਣੇ ਜਾਂਦਾ। ਪ੍ਰਿੰਸੀਪਲ ਆਪ ਸ਼ਹਿਰ ਛੱਡ ਕੇ ਪਰੇ ਉਰੇ ਹੋ ਗਿਆ ਤੇ ਮੈਨੂੰ ਚੱਕਰ ਵਿੱਚ ਪਾ ਗਿਆ। ਮੈਨੂੰ ਖੁੱਲੀ ਜੀਪ ਵਿੱਚ ਬੈਠੇ ਨੂੰ ਦੇਖ ਕੇ ਲੋਕਾਂ ਨੇ ਮੇਰੇ ਬਾਰੇ ਪਤਾ ਨਹੀਂ ਕੀ ਕੀ ਅੰਦਾਜੇ ਲਗਾਏ ਹੋਣਗੇ। ਇਹ ਹਾਲ ਸੀ ਮਾੜੇ ਪ੍ਰਿੰਸੀਪਲਾਂ ਦਾ ਉਸ ਸਮੇਂ। ਜਦ ਮੈਂ ਡਿਊਟੀ ਤੇ ਜਾਣ ਲਈ ਤਿਆਰ ਹੋਇਆ ਤਾਂ ਮੇਰੇ ਕਾਲਜ ਦਾ ਇੱਕ ਕੱਚਾ ਲੈਕਚਰਾਰ ਮੇਰੇ ਨਾਲ ਉਸੇ ਕਾਲਜ ਵਿੱਚ ਪ੍ਰੀਖਿਆ ਕੇਂਦਰ ਵਿੱਚ ਨਿਗਰਾਨ ਦੇ ਤੌਰ ਤੇ ਜਾਣ ਲਈ ਤਿਆਰ ਹੋ ਗਿਆ ਕਿਉਂਕਿ ਉਸਦਾ ਪਿੰਡ ਉਸ ਪਾਸੇ ਪੈਂਦਾ ਸੀ। ਇਸ ਪ੍ਰਕਾਰ ਉਹ ਉਧਰੋਂ ਆਪਣੇ ਘਰੋਂ ਡਿਊਟੀ ਦੇ ਕੇ ਆਪਣਾ ਡੇਢ ਕੁ ਮਹੀਨਾ ਕੱਢਣਾ ਚਾਹੁੰਦਾ ਸੀ ਤੇ ਨਾਲ ਪੈਸੇ ਕਮਾਉਣਾ ਚਾਹੁੰਦਾ ਸੀ। ਮੈਂ ਸੋਚਿਆ ਮੇਰੇ ਨਾਲ ਜਾਣ ਨਾਲ ਉਹ ਮੇਰੇ ਲਈ ਪੰਜਾਬ ਦੇ ਮਾੜੇ ਹਾਲਾਤਾਂ ਵਿੱਚ ਜਸਮਾਨੀ ਤੇ ਨੈਤਿਕ ਦੋਨੋਂ ਸਪੋਰਟਾਂ ਬਣ ਜਾਵੇਗਾ। ਏ. ਕੇ. ਸੰਤਾਲੀ ਦੇ ਸਾਏ ਹੇਠ ਹੋ ਰਹੀਆਂ ਪ੍ਰੀਖਿਆਵਾਂ ਦੌਰਾਨ ਜੇ ਦੋ ਬੰਦੇ ਇਕੱਠੇ ਤੁਰਦੇ ਫਿਰਦੇ ਹੋਣ ਤਾਂ ਕਿਸੇ ਐਰੇ ਗੈਰੇ ਦਾ ਡਰਾਉਣ ਧਮਕਾਉਣ ਦਾ ਥੋੜ੍ਹੇ ਕੀਤੇ ਹੌਸਲਾ ਨਹੀਂ ਸੀ ਪੈਂਦਾ। ਮੇਰੇ ਨਾਲ ਜਾਣ ਵਾਲੇ ਇਸ ਲੈਕਚਰਾਰ ਦਾ ਨਾਮ ਮਨੋਹਰ ਸਿੰਘ ਸੀ। ਅਸੀਂ 4 ਅਪ੍ਰੈਲ ਨੂੰ ਜਾ ਕੇ ਉਸ ਕਾਲਜ ਵਿੱਚ ਆਪਣੀ ਡਿਊਟੀ ਸੰਭਾਲ ਲਈ। ਵੱਖ ਵੱਖ ਜਮਾਤਾਂ ਦੇ ਪਹਿਲੇ ਦੋ ਤਿੰਨ ਪਰਚੇ ਅੰਗਰੇਜ਼ੀ ਦੇ ਸਨ। ਇਸ ਤੋਂ ਬਾਅਦ ਗਣਿਤ ਦਾ ਪਰਚਾ ਆ ਗਿਆ। ਇਹ ਪਰਚਾ ਖਤਮ ਹੋਣ ਤੋਂ ਬਾਅਦ ਮੈਨੂੰ ਮੇਰੇ ਸਾਥੀ ਪ੍ਰੋਫੈਸਰ ਮਨੋਹਰ ਸਿੰਘ ਨੇ ਦੱਸਿਆ ਕਿ ਕਾਲਜ ਦੇ ਇੱਕ ਉਮੀਦਵਾਰ ਦੇ ਮਾਪਿਆਂ ਨੇ ਉਹਦੇ ਤੱਕ ਇਸ ਪਰਚੇ ਵਿੱਚ ਨਕਲ ਕਰਵਾਉਣ ਲਈ ਪਹੁੰਚ ਕੀਤੀ ਸੀ। ਮਨੋਹਰ ਕਹਿੰਦਾ ਕਿ ਉਸਨੇ ਉਸ ਉਮੀਦਵਾਰ ਦੇ ਮਾਪਿਆਂ ਨੂੰ ਇਹ ਯਕੀਨ ਦੁਆ ਦਿੱਤਾ ਸੀ ਕਿ ਉਹ ਉਸ ਕਮਰੇ ਵਿੱਚ ਆਪਣੀ ਡਿਊਟੀ ਲਗਵਾ ਲਵੇਗਾ ਤੇ ਉਮੀਦਵਾਰ ਜੋ ਚਾਹੇ ਕਰ ਲਵੇ। ਜਦ ਪਰਚਾ ਸ਼ੁਰੂ ਹੋਇਆ, ਉਹ ਕਹਿੰਦਾ, ਉਸਨੇ ਇਸ ਪਰਚੇ ਦੇ ਪੰਜ ਛੇ ਸਵਾਲ ਉਸ ਉਮੀਦਵਾਰ ਦੇ ਮਾਪਿਆਂ ਨੂੰ ਇੱਕ ਚਪੜਾਸੀ ਦੇ ਹੱਥ ਬਾਹਰ ਭੇਜ ਦਿੱਤੇ ਤਾਂ ਕਿ ਉਹ ਇਹ ਸਵਾਲ ਹੱਲ ਕਰਵਾ ਕੇ ਵਾਪਸ ਅੰਦਰ ਭੇਜ ਦੇਣ। ਮਾਪਿਆਂ ਨੇ ਉਸੇ ਕਾਲਜ ਦੇ ਹਿਸਾਬ ਦੇ ਕਾਰਜਕਾਰੀ ਪ੍ਰੋਫੈਸਰ ਮੇਲ੍ਹਰ ਸਿੰਘ ਨਾਲ ਪਹਿਲਾਂ ਹੀ ਗੱਲ ਕੀਤੀ ਹੋਈ ਸੀ ਕਿ ਪ੍ਰਸ਼ਨ ਪੱਤਰ ਬਾਹਰ ਆ ਜਾਵੇਗਾ ਤੇ ਉਹ ਪਰਚਾ ਹੱਲ ਕਰ ਦੇਵੇਗਾ। ਇਸ ਪ੍ਰਕਾਰ ਹੱਲ ਕੀਤੇ ਹੋਏ ਸਵਾਲ ਅੰਦਰ ਭੇਜ ਕੇ ਉਹ ਆਪਣੇ ਲੜਕੇ ਦੀ ਮਦਦ ਕਰਵਾ ਦੇਣਗੇ। ਮਨੋਹਰ ਨੇ ਮੈਨੂੰ ਦੱਸਿਆ ਕਿ ਉਸਨੇ ਸਵਾਲ ਤਾਂ ਬੜੀ ਜਲਦੀ ਬਾਹਰ ਭੇਜ ਦਿੱਤੇ ਸਨ ਪ੍ਰੰਤੂ ਇਹ ਹੱਲ ਹੋ ਕੇ ਵਾਪਸ ਨਹੀਂ ਸੀ ਆਏ । ਅੰਦਰ ਬੈਠਾ ਉਮੀਦਵਾਰ ਤਰਲੋ ਮੱਛੀ ਹੋਈ ਜਾਵੇ ਕਿਉਂਕਿ ਉਹ ਹੱਲ ਕੀਤੇ ਸਵਾਲ ਉਡੀਕ ਰਿਹਾ ਸੀ। ਦੂਜੇ ਪਾਸੇ ਸਮਾਂ ਖੰਭ ਲਗਾ ਕੇ ਉੱਡਦਾ ਜਾ ਰਿਹਾ ਸੀ। ਹੱਲ ਕੀਤੇ ਹੋਏ ਸਵਾਲ ਉਦੋਂ ਤੱਕ ਵੀ ਨਾ ਆਏ ਜਦ ਸਮਾਂ ਖਤਮ ਹੋਣ ਨੂੰ ਅੱਧਾ ਘੰਟਾ ਰਹਿੰਦਾ ਸੀ। ਮਨੋਹਰ ਕਹਿੰਦਾ ਕਿ ਉਹਦਾ ਕੰਮ ਤਾਂ ਉਸ ਲੜਕੇ ਪ੍ਰਤੀ ਨਰਮ ਰਹਿਣਾ ਸੀ। ਨਰਮ ਉਹ ਰਹੀ ਜਾ ਰਿਹਾ ਸੀ। ਜਦ ਲੜਕੇ ਪਾਸ ਕੁਝ ਪਹੁੰਚਿਆ ਹੀ ਨਹੀਂ ਤਾਂ ਮੇਰੀ ਨਰਮਾਈ ਵੀ ਕੀ ਕਰ ਸਕਦੀ ਸੀ? ਜਦ ਉਹਦੇ ਪਾਸ ਹੱਲ ਕੀਤੇ ਸਵਾਲ ਪਹੁੰਚੇ ਹੀ ਨਾ ਤਾਂ ਉਹ ਤਾਂ ਪਰਚਾ ਕਰਨ ਤੋਂ ਸੱਖਣਾ ਰਹਿ ਗਿਆ। ਆਖਰ ਸਮਾਂ ਖਤਮ ਹੋ ਗਿਆ। ਸਭ ਉਮੀਦਵਾਰਾਂ ਤੋਂ ਪਰਚੇ ਲੈ ਲਏ ਗਏ। ਬਾਹਰ ਮੇਲ੍ਹਰ ਸਿੰਘ ਨੂੰ ਉਸ ਉਮੀਦਵਾਰ ਦੇ ਮਾਪੇ ਪਹਿਲਾਂ ਹੀ ਰੈਡ ਨਾਈਟ ਵਿਸਕੀ ਦੀਆਂ ਦੋ ਬੋਤਲਾਂ ਦੇ ਚੁੱਕੇ ਸਨ ਤਾਂ ਕਿ ਉਹ ਸਵਾਲ ਹੱਲ ਕਰਕੇ ਫੁਰਤੀ ਨਾਲ਼ ਅੰਦਰ ਭੇਜ ਦੇਵੇ। ਜਦ ਪਰਚਾ ਖਤਮ ਹੋਣ ਤੋਂ ਬਾਅਦ ਮੈਂ ਆਪਣੀਆਂ ਉੱਤਰ ਪੱਤਰੀਆਂ ਸੁਪਰਡੰਟ ਪਾਸ ਜਮ੍ਹਾਂ ਕਰਾ ਕੇ ਕੇਂਦਰ ਤੋਂ ਬਾਹਰ ਨਿਕਲਿਆ ਤਾਂ ਮਨੋਹਰ ਮੈਨੂੰ ਉੱਡ ਕੇ ਮਿਲਿਆ ਤੇ ਕਹਿਣ ਲੱਗਾ: “ਸਰ ਜੀ, ਕੰਮ ਤਾਂ ਨਹੀਂ ਹੋ ਸਕਿਆ ਪਰੰਤੂ ਮਾਲ ਮਿਲ ਚੁੱਕਾ ਹੈ।” “ਕੀ ਭਾਵ?” ਮੈਂ ਹੈਰਾਨ ਸਾਂ। “ਸਰ, ਅੰਦਰ ਮੇਰੇ ਕਮਰੇ ਵਿੱਚ ਇੱਕ ਉਮੀਦਵਾਰ 227088 ਸੀ। ਜਿਸ ਦਾ ਨਾਮ ਕਰਨ ਸੀ। ਉਸਨੇ ਬਾਹਰ ਇਸੀ ਕਾਲਜ ਦੇ ਨਵੇਂ ਨਵੇਂ ਪਾਰਟ ਟਾਈਮ ਨਿਯੁਕਤ ਹੋਏ ਪ੍ਰੋਫੈਸਰ ਮੇਲ੍ਹਰ ਸਿੰਘ ਨੂੰ ਪਰਚਾ ਹੱਲ ਕਰਨ ਲਈ ਦੋ ਬੋਤਲਾਂ ਵਿਸਕੀ ਦੀਆਂ ਦਿੱਤੀਆਂ ਹੋਈਆਂ ਸਨ। ਇਹਨਾਂ ਵਿੱਚੋਂ ਇੱਕ ਬੋਤਲ ਮੇਲ੍ਹਰ ਸਿੰਘ ਨੇ ਮੈਨੂੰ ਦੇ ਦਿੱਤੀ ਸੀ ਤਾਂ ਕਿ ਮੈਂ ਅੰਦਰ ਉਸ ਉਮੀਦਵਾਰ ਪ੍ਰਤੀ ਨਰਮ ਰਹਾਂ। ਮੁੰਡੇ ਦਾ ਕੰਮ ਤਾਂ ਨਹੀਂ ਹੋਇਆ ਪਰ ਮਾਲ ਤਾਂ ਮਿਲ ਹੀ ਚੁੱਕਾ ਏ। ਆਓ ਆਪਾਂ ਮੇਲ੍ਹਰ ਸਿੰਘ ਦੇ ਕਮਰੇ ਵਿੱਚ ਚਲੀਏ ਤੇ ਉੱਥੇ ਜਾ ਕੇ ਗਲਾਸੀ ਲਗਾ ਲਈਏ।” ਮੈਂ ਮਨੋਹਰ ਨੂੰ ਤਾੜਿਆ, “ਪੰਜਾਬ ਦੇ ਹਾਲਾਤ ਅੰਤਾਂ ਦੇ ਖਰਾਬ ਹਨ। ਤੁਸੀਂ ਉਮੀਦਵਾਰਾਂ ਤੋਂ ਸ਼ਰਾਬ ਲੈ ਕੇ ਬੜਾ ਘਟੀਆ ਕੰਮ ਕੀਤਾ ਹੈ। ਇੰਜ ਕਰਕੇ ਤੁਸੀਂ ਇੱਥੇ ਮੇਰਾ ਨਾਮ ਵੀ ਬਦਨਾਮ ਕਰ ਦੇਵੋਗੇ।” “ਸਰ ਜੀ, ਗੁੱਸਾ ਨਾ ਕਰੋ। ਪ੍ਰਭਾਵ ਤਾਂ ਸਾਰੇ ਪੰਜਾਬ ਦਾ ਖਰਾਬ ਹੋ ਹੀ ਚੁੱਕਾ ਏ। ਨਕਲ ਤਾਂ ਸਾਰੇ ਪਾਸੇ ਆਮ ਚੱਲਦੀ ਏ। ਨਾਲੇ ਮੈਂ ਕਿਹੜੀ ਸਿੱਧੀ ਉਮੀਦਵਾਰ ਤੋਂ ਫੜੀ ਏ। ਮੈਨੂੰ ਤਾਂ ਮੇਲ੍ਹਰ ਨੇ ਪਰਚਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਫੜਾ ਦਿੱਤੀ ਸੀ। ਆਓ ਇੱਕ ਇੱਕ ਹਾੜਾ ਲਗਾ ਲੈਦੇ ਹਾਂ। ਫਿਰ ਚਲੇ ਚਲਾਂਗੇ।” “ਮਨੋਹਰ, ਮੈਂ ਤਾਂ ਪੀਣੀ ਨਹੀਂ, ਤੁਹਾਡੀ ਮਰਜ਼ੀ।” “ਸਰ, ਮੈਂ ਤੁਹਾਡੇ ਨਾਲ ਸਕੂਟਰ ਤੇ ਜਾਣਾ ਏ। ਮੇਰੇ ਪਾਸ ਤਾਂ ਕੋਈ ਵਾਹਨ ਹੈ ਹੀ ਨਹੀਂ। ਤੁਸੀਂ ਮੈਨੂੰ ਰਸਤੇ ਵਿੱਚੋਂ ਮੇਰੇ ਪਿੰਡ ਉਤਾਰੋਗੇ ਤੇ ਫਿਰ ਆਪਣੇ ਸ਼ਹਿਰ ਨੂੰ ਜਾਓਗੇ। ਚਾਹੋ ਤਾਂ ਅੱਜ ਦੀ ਰਾਤ ਮੇਰੇ ਪਾਸ ਰਹਿ ਲੈਣਾ। ਆਓ ਤਾਂ ਸਹੀ ਦੇਖੀਏ ਮੇਲ੍ਹਰ ਸਿੰਘ ਨੇ ਕੀ ਪ੍ਰਬੰਧ ਕੀਤਾ ਹੋਇਆ ਏ।” “ਮਨੋਹਰ, ਉਮੀਦਵਾਰ ਦਾ ਕੰਮ ਤਾਂ ਬਣਿਆ ਕੋਈ ਨਹੀਂ। ਮੇਲ੍ਹਰ ਨੇ ਉਸ ਲਈ ਸਵਾਲ ਹੱਲ ਕਰਕੇ ਅੰਦਰ ਕਿਉਂ ਨਹੀਂ ਭੇਜੇ?” “ਇਸ ਦਾ ਕਾਰਨ ਵੀ ਸੁਣ ਲਓ। ਪਰਚਾ ਕਾਫੀ ਔਖਾ ਸੀ। ਦੂਜੀ ਗੱਲ ਇਹ ਕਿ ਮੇਲ੍ਹਰ ਸਿੰਘ ਵੀ ਹੁਣੇ ਹੁਣੇ ਹਿਸਾਬ ਦੀ ਐਮ. ਏ. ਕਰਕੇ ਆਇਆ ਹੈ। ਉਸਦੀ ਕਾਲਜ ਵਿੱਚ ਇਹ ਪਹਿਲੀ ਪੋਸਟਿੰਗ ਹੈ। ਉਹ ਹੈ ਵੀ ਪਾਰਟ ਟਾਈਮ। ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਪੰਜ ਛੇ ਸਾਲਾਂ ਤੋਂ ਨਕਲ ਤਾਂ ਆਮ ਚੱਲਦੀ ਹੀ ਆ ਰਹੀ ਏ। ਮੇਲ੍ਹਰ ਨੇ ਵੀ ਐਮ. ਏ. ਨਕਲ ਦੇ ਸਿਰ ਤੇ ਹੀ ਕੀਤੀ ਸੀ। ਇੱਕ ਤਾਂ ਮਾਡਰਨ ਗਣਿਤ ਪਾਠ ਕ੍ਰਮਾਂ ਦਾ ਹਿੱਸਾ ਬਣ ਗਿਆ। ਇਹ ਵੈਸੇ ਵੀ ਕਾਫੀ ਔਖਾ ਏ। ਦੂਜੇ ਹੁਣ ਮੇਲ੍ਹਰ ਜਿਹੇ ਅਨੇਕਾਂ ਬੰਦੇ ਨਕਲ ਦੇ ਸਿਰ ਤੇ ਸਿਫਾਰਸ਼ਾਂ ਨਾਲ ਆਮ ਮਹਿਕਮਿਆਂ ਵਿੱਚ ਆਣ ਭਰਤੀ ਹੋਏ ਹਨ। ਇਹ ਲੋਕ ਆਪਣੇ ਖੇਤਰ ਦੇ ਮਾਹਰ ਨਹੀਂ ਹਨ। ਸੁਣਿਆ ਬਾਹਰ ਬੈਠੇ ਮੇਲ੍ਹਰ ਨੇ ਸਵਾਲ ਹੱਲ ਕਰਨ ਲਈ ਸਾਰਾ ਜ਼ੋਰ ਲਗਾਇਆ। ਉਸ ਤੋਂ ਪੰਜਾ ਸਵਾਲਾਂ ਵਿੱਚੋਂ ਇੱਕ ਵੀ ਸਵਾਲ ਹੱਲ ਨਹੀਂ ਹੋ ਸਕਿਆ। ਉਮੀਦਵਾਰਾਂ ਦੇ ਮਾਪੇ ਵੱਡੀਆਂ ਉਮੀਦਾਂ ਨਾਲ ਉਹਨੂੰ ਨਾਲ ਲੈ ਕੇ ਆਏ ਸਨ। ਉਹਨਾਂ ਦੀਆਂ ਸਭ ਆਸਾਂ ਤੇ ਪਾਣੀ ਫਿਰ ਗਿਆ। ਮੇਲ੍ਹਰ ਬੈਠਾ ਬਾਂਸ ਨਾਲ ਹਵਾ ਰੋਕਣ ਦੀ ਕੋਸ਼ਿਸ਼ ਕਰਦਾ ਰਿਹਾ। ਕਦੀ ਥੁੱਕ ਨਾਲ ਵੀ ਪਕੌੜੇ ਪੱਕਦੇ ਨੇ? ਅਸਲੀ ਖਾੜਕੂ ਪੰਜਾਬ ਦੀ ਲਹਿਰ ਕਿਸੇ ਖਾਸ ਮਕਸਦ ਲਈ ਚਲਾ ਰਹੇ ਹਨ। ਇਸ ਆੜ ਵਿੱਚ ਕਾਫੀ ਨਕਲੀ ਅੱਤਵਾਦੀ ਵੀ ਪੈਦਾ ਹੋ ਗਏ ਹਨ, ਜਿਹੜੇ ਆਪਣਾ ਮਤਲਬ ਕੱਢ ਰਹੇ ਹਨ। ਇਸ ਪ੍ਰਕਾਰ ਪੰਜਾਬ ਦੇ ਬਹੁਤੇ ਮਹਿਕਮਿਆਂ ਵਿੱਚ ਮਾੜੇ ਬੰਦੇ ਭਰਤੀ ਹੋਈ ਜਾ ਰਹੇ ਹਨ। ਇਸ ਪ੍ਰਕਾਰ ਦੀਆਂ ਸਿਫਾਰਸ਼ੀ ਫੀਤੀਆਂ ਲੁਆਣ ਵਾਲੇ ਬੰਦੇ ਪੁਲਿਸ ਵਿੱਚ ਵੀ ਕਾਫੀ ਆ ਗਏ ਹਨ। ਜੇ ਹਾਲਾਤ ਇਸ ਪ੍ਰਕਾਰ ਦੇ ਰਹੇ ਤਾਂ ਆਉਣ ਵਾਲੇ ਚਾਰ ਪੰਜ ਸਾਲਾਂ ਵਿੱਚ ਬਹੁਤੇ ਮਹਿਕਮਿਆਂ ਵਿੱਚ ਕੱਚੇ ਪਿੱਲੇ ਕਰਮਚਾਰੀ ਹੀ ਹੋਇਆ ਕਰਨਗੇ।” “ਜੇ ਇੰਜ ਸੀ ਤਾਂ ਮੇਲ੍ਹਰ ਸਿੰਘ ਨੇ ਉਮੀਦਵਾਰ ਦੇ ਮਾਂ ਪਿਓ ਤੋਂ ਸ਼ਰਾਬ ਕਿਉਂ ਲਈ?” “ਸ਼ਰਾਬ ਤਾਂ ਮਾਪਿਆਂ ਨੇ ਉਸਨੂੰ ਇੱਕ ਦਿਨ ਪਹਿਲਾਂ ਹੀ ਫੜਾ ਦਿੱਤੀ ਸੀ। ਉਸਨੇ ਮੈਨੂੰ ਵੀ ਇੱਕ ਬੋਤਲ ਅੱਜ ਸਵੇਰੇ ਹੀ ਦੇ ਦਿੱਤੀ ਸੀ। ਖੌਰੇ ਉਹਨੇ ਕੋਈ ਬਹਾਨਾ ਉਸਦੇ ਮਾਪਿਆਂ ਪਾਸ ਮਾਰ ਦਿੱਤਾ ਹੋਊ। ਕਹਿ ਦਿੱਤਾ ਹੋਊ, ਸੁਪਰਡੰਟ ਨੇ ਮਾਲ ਅੰਦਰ ਜਾਂਦੇ ਜਾਂਦੇ ਚਪੜਾਸੀ ਤੋਂ ਬਾਹਰ ਹੀ ਫੜ ਲਿਆ ਹੋਊ। ਹੋਰ ਬਥੇਰੇ ਤਰੀਕੇ ਹੁੰਦੇ ਹਨ ਮਾਪਿਆਂ ਨੂੰ ਤਸੱਲੀ ਦੁਆਂਉਣ ਦੇ। ਇਹ ਸਭ ਕੁਝ ਇੱਕ ਬੰਦੇ ਦੇ ਹੱਥ ਵਿੱਚ ਥੋੜ੍ਹਾ ਏ। ਮਾਲ ਲੈ ਕੇ ਬਾਅਦ ਵਿੱਚ ਜੋ ਮਰਜ਼ੀ ਬੋਲ ਦਿਓ। ਆਓ, ਅਸੀਂ ਉਸਦੇ ਕਮਰੇ ਵਿੱਚ ਚਲਦੇ ਹਾਂ। ਜੇ ਤੁਸੀਂ ਨਹੀਂ ਵੀ ਪੀਂਦੇ ਤਾਂ ਵੀ ਤੁਸੀਂ ਘੰਟਾ ਕੁ ਸਾਡੇ ਪਾਸ ਵੈਸੇ ਹੀ ਬੈਠੇ ਰਿਹੋ। ਕੁਝ ਖਾ ਪੀ ਲੈਣਾ। ਮੈਂ ਦੋ ਕੁ ਹਾੜੇ ਹੀ ਲਗਾਵਾਂਗਾ, ਜ਼ਿਆਦਾ ਨਹੀਂ। ਨਾਲੇ ਮੇਲ੍ਹਰ ਤੋਂ ਅਸਲੀ ਕਹਾਣੀ ਪੁੱਛਾਂਗੇ। ਫਿਰ ਆਪਾਂ ਚਲੇ ਚੱਲਾਂਗੇ।” ਮੈਂ ਮਨੋਹਰ ਨਾਲ ਮੇਲ੍ਹਰ ਦੇ ਕਮਰੇ ਨੂੰ ਚੱਲ ਪਿਆ। ਰਾਹ ਵਿੱਚ ਮੈਂ ਮਨੋਹਰ ਨੂੰ ਪੁੱਛਿਆ, “ਜਦ ਮੇਲ੍ਹਰ ਸਵਾਲ ਹੱਲ ਹੀ ਨਹੀਂ ਕਰ ਸਕਿਆ ਤਾਂ ਇਹ ਪੜ੍ਹਾਉਂਦਾ ਕਿਵੇਂ ਹੋਊ?” “ਸਰ ਜੀ, ਬਾਜ਼ਾਰ ਵਿੱਚ ਬਥੇਰੇ ਘਟੀਆ ਨੋਟ ਮਿਲ ਜਾਂਦੇ ਨੇ। ਬਾਕੀ ਵਾਰ ਵਾਰ ਕੋਸ਼ਿਸ਼ ਕਰਨ ਨਾਲ ਬਾਂਦਰ ਵੀ ਬਿਰਖਾਂ ਤੇ ਚੜ੍ਹਨਾ ਸਿੱਖ ਹੀ ਜਾਂਦਾ ਏ। ਨਾਲੇ ਇਸ ਪੇਂਡੂ ਕਾਲਜ ਦੇ ਵਿੱਚ ਵਿਦਿਆਰਥੀ ਕਿੰਨੇ ਕੁ ਗੰਭੀਰ ਹਨ? ਹਰ ਜਮਾਤ ਵਿੱਚ ਚਾਰ ਚਾਰ ਤਾਂ ਵਿਦਿਆਰਥੀ ਹਨ। ਗੱਲ ਨੌਕਰੀ ਲੈਣ ਦੀ ਹੁੰਦੀ ਏ। ਕੰਮ ਕਿਵੇਂ ਕਰਨਾ ਹੈ ਆਪ ਹੀ ਆ ਜਾਂਦਾ ਹੈ?” ਜਦ ਕਮਰੇ ਕੋਲ ਪਹੁੰਚੇ ਤਾਂ ਮੇਲ੍ਹਰ ਸਾਨੂੰ ਮਿਲ ਕੇ ਬੜਾ ਖੁਸ਼ ਹੋਇਆ। ਉਸਨੇ ਖਾਣ ਪੀਣ ਦਾ ਸੋਹਣਾ ਪ੍ਰਬੰਧ ਕੀਤਾ ਹੋਇਆ ਸੀ। ਰੈੱਡ ਨਾਈਟ ਦੀ ਬੋਤਲ ਖੋਲ੍ਹ ਕੇ ਮੇਜ਼ ਤੇ ਰੱਖ ਦਿੱਤੀ। ਇੱਕ ਲੜਕਾ ਤਲੇ ਦੋ ਮੁਰਗੇ ਦੇ ਗਿਆ। “ਪ੍ਰੋਫੈਸਰ ਸਾਹਿਬ, ਬੜੀ ਖੇਚਲ ਕੀਤੀ।” ਮੈਂ ਗੱਲ ਤੋਰੀ। “ਸਰ, ਤੁਹਾਡੇ ਜਿਹੀ ਮਸ਼ਹੂਰ ਹਸਤੀ ਨੇ ਗਰੀਬ ਦੇ ਘਰ ਚਰਨ ਪਾਏ ਨੇ। ਸ਼ੁਕਰ ਏ! ਛਕੋ, ਸਰ ਜੀ।” “ਮੇਲ੍ਹਰ, ਮੈਂ ਤਾਂ ਕੋਕ ਹੀ ਪੀਵਾਂਗਾ। ਮਨੋਹਰ ਤੁਹਾਡੇ ਨਾਲ ਕੰਪਨੀ ਕਰੇਗਾ।” “ਸਰ ਜੀ, ਪਲੀਜ਼ ਇੱਕ ਪੈਗ ਤਾਂ ਲਾਓ।” “ਮੇਲ੍ਹਰ, ਮੈਂ ਨਹੀਂ ਪੀਂਦਾ। ਮਨੋਹਰ ਪੀ ਲੈਂਦਾ ਹੈ। ਤੁਸੀਂ ਇਹਦੀ ਸੇਵਾ ਕਰੋ।” “ਸਰ, ਮੈਂ ਕਿਹੜਾ ਪਹਿਲਾਂ ਪੀਂਦਾ ਹੁੰਦਾ ਸੀ। ਜਦ ਪੰਜਾਬ ‘ਚ ਸੁਧਾਰ ਲਹਿਰ ਚੱਲੀ ਸੀ ਉਦੋਂ ਮੈਂ 18 ਕੁ ਸਾਲ ਦਾ ਸਾਂ। ਮੇਰੇ ਪਿਤਾ ਜੀ ਕਾਫੀ ਪੀਆ ਕਰਦੇ ਸਨ। ਹੁਣ ਉਹ ਦੁਨੀਆਂ ਵਿੱਚ ਨਹੀਂ ਹਨ। ਮੈਂ ਲਹਿਰ ਦੇ ਪ੍ਰਭਾਵ ਹੇਠ ਇੰਨਾ ਆਇਆ ਕਿ ਇੱਕ ਵਾਰ ਮੈਂ ਆਪਣੇ ਬਾਪ ਦੀਆਂ ਚਾਰੇ ਬੋਤਲਾਂ ਤੋੜ ਦਿੱਤੀਆਂ ਸਨ। ਉਹ ਮੈਨੂੰ 12 ਕੁ ਸਾਲ ਦੀ ਉਮਰ ਤੋਂ ਹੀ ਸ਼ਰਾਬ ਲੈਣ ਭੇਜਿਆ ਕਰਦੇ ਸਨ। ਬਾਅਦ ਵਿੱਚ ਜਦ ਪੰਜਾਬ ਵਿੱਚ ਖਾੜਕੂਆਂ ਨੇ ਸੁਧਾਰ ਲਹਿਰ ਚਲਾਈ ਤਾਂ ਮੈਂ ਉਸ ਤੋਂ ਬੜਾ ਪ੍ਰਭਾਵਿਤ ਹੋ ਗਿਆ ਸਾਂ। ਮੈਂ ਮੀਟ ਤੇ ਸ਼ਰਾਬ ਦੋਨੋਂ ਹੀ ਛੱਡ ਦਿੱਤੇ ਸਨ। ਹੁਣ ਜਾਬ ਤੇ ਲੱਗ ਕੇ ਕਦੀ ਕਦੀ ਦਿਲ ਕਰਨ ਲੱਗ ਪੈਂਦਾ ਏ। ਇੱਕ ਦੋ ਹੋਰ ਬੰਦਿਆਂ ਦੀ ਸੰਗਤ ਵੀ ਐਸੀ ਮਿਲੀ ਹੋਈ ਹੈ ਕਿ ਉਹ ਮੱਲੋ ਮੱਲੀ ਥੋੜ੍ਹੀ ਜਿਹੀ ਪਿਆ ਹੀ ਦਿੰਦੇ ਹਨ। ਇੱਕ ਤਾਂ ਦਫਤਰ ਸੁਪਰਡਡੰਟ ਤਿਲਕ ਰਾਜ ਏ। ਉਹ ਰੋਜ਼ ਕੋਈ ਨਾ ਕੋਈ ਜੁਗਾੜ ਕਰ ਹੀ ਲੈਂਦਾ ਏ। ਕਾਲਜ ਦੇ ਕਈ ਖਾਂਦੇ ਪੀਂਦੇ ਮੁੰਡੇ ਉਹਦੇ ਨੇੜੇ ਹਨ। ਫਿਰ ਨਾਲ ਮੈਨੂੰ ਵੀ ਖਿੱਚ ਲੈਂਦਾ ਏ।” “ਮੇਲ੍ਹਰ ਜੀ, ਤੁਸੀਂ ਹਿਸਾਬ ਦੇ ਸਵਾਲ ਅੰਦਰ ਕਿਉਂ ਨਹੀਂ ਪਹੁੰਚਾਏ?” “ਸਰ ਜੀ, ਕੀ ਦੱਸਾਂ? ਅੱਜ ਕੱਲ ਇੱਕ ਤਾਂ ਮਾਡਰਨ ਮੈਥਮੈਟਿਕਸ ਆ ਗਿਆ ਏ। ਇਹ ਸਾਲਾ ਬਾਹਲਾ ਹੀ ਔਖਾ ਏ। ਬਾਕੀ ਤੁਸੀਂ ਜਾਣਦੇ ਹੀ ਹੋ ਕਿ ਪਿਛਲੇ ਪੰਜ ਛੇ ਸਾਲਾਂ ਤੋਂ ਇਮਤਿਹਾਨ ਕਿਵੇਂ ਹੋ ਰਹੇ ਹਨ। ਮੈਂ ਹਿਸਾਬ ਦੀ ਐਮ. ਏ. ਇਸ ਲਈ ਚੁਣੀ ਸੀ ਕਿ ਇਸ ਨਾਲ ਨੌਕਰੀ ਇੱਕ ਦਮ ਮਿਲ ਜਾਊ। ਇਸ ਵਿੱਚ ਟਿਊਸ਼ਨ ਵੀ ਸੋਹਣੀ ਮਿਲ ਜਾਂਦੀ ਏ। ਜਿਸ ਕਾਲਜ ਵਿੱਚ ਮੈਂ ਐਮ. ਏ. ਕੀਤੀ। ਉੱਥੇ ਮੈਨੂੰ ਦੋਵੇਂ ਸਾਲ ਬਹੁਤੇ ਪਰਚੇ ਹੱਲ ਕੀਤੇ ਕਰਾਏ ਮਿਲ ਗਏ। ਮੈਂ ਤਾਂ ਅੰਦਰ ਬੈਠੇ ਨੇ ਬਸ ਬਾਂਸ ਨਾਲ ਹੀ ਹਵਾ ਰੋਕੀ ਸੀ। ਪਰਚੇ ਤਾਂ ਪੂਰੇ ਦੇ ਪੂਰੇ ਬਾਹਰੋਂ ਹੱਲ ਹੋ ਕੇ ਆ ਗਏ ਸਨ। ਡੈਡ ਦੀ ਉੱਥੇ ਸੋਹਣੀ ਚਲਦੀ ਸੀ। ਡੈਡ ਤਹਿਸੀਲਦਾਰ ਸਨ। ਅਸੀਂ ਰਾਖਵੀਂ ਕੈਟੇਗਰੀ ਵਿੱਚੋਂ ਹਾਂ। ਉਸ ਕਾਲਜ ਦੇ ਦੋ ਪ੍ਰੋਫੈਸਰਾਂ ਨੂੰ ਤਾਂ ਡੈਡ ਨੇ ਹੀ ਜ਼ਮੀਨ ਦੇ ਵਧੀਆ ਪਲਾਟ ਲੈ ਕੇ ਦੇ ਦਿੱਤੇ ਸਨ। ਡੈਡ ਤਾਂ ਸਾਰੀ ਉਮਰ ਲੋਕਾਂ ਦੇ ਹੀ ਕੰਮ ਕਰਵਾਉਂਦੇ ਰਹੇ।’ “ਤੁਸੀਂ ਡੈਡ ਦੀ ਸ਼ਰਾਬ ਦੇ ਲੰਬਾ ਸਮਾਂ ਵਿਰੋਧੀ ਰਹੇ ਜਾਂ ਥੋੜ੍ਹਾ ਸਮਾਂ?” “ਸਰ ਜੀ, ਜਦ ਕੁ ਮੇਰਾ ਦਿਲ ਪੀਣ ਨੂੰ ਕਰਨ ਲੱਗ ਪਿਆ ਉਦੋਂ ਤੋਂ ਮੈਂ ਡੈਡ ਦਾ ਵਿਰੋਧ ਕਰਨਾ ਬੰਦ ਕਰ ਦਿੱਤਾ। ਪਹਿਲਾਂ ਮੇਰੀ ਹਾਲਤ ਉਸ ਮੱਖੀ ਜਿਹੀ ਸੀ ਜਿਹੜੀ ਮੱਝ ਉੱਪਰ ਬੈਠੀ ਹੋਣ ਕਰਕੇ ਆਪਣੇ ਆਪ ਨੂੰ ਉੱਚੀ ਸਮਝਦੀ ਹੋਵੇ। ਬਾਅਦ ਵਿੱਚ ਮੈਨੂੰ ਮੱਝ ਵੀ ਦਿਖਣੋ ਬੰਦ ਹੋ ਗਈ ਤੇ ਮੱਖੀ ਵੀ। ਮੇਰੇ ਇੱਕ ਦੋ ਸਾਲਾਂ ਵਿੱਚ ਬੜੀ ਤਬਦੀਲੀ ਆ ਗਈ ਸੀ। ਫਿਰ ਤਾਂ ਮੈਂ ਅਕਸਰ ਹੀ ਪੀਣ ਲੱਗ ਪਿਆ ਸਾਂ।” ਮਨੋਹਰ ਦੋ ਤਿੰਨ ਪੈੱਗ ਲਗਾ ਚੁੱਕਾ ਸੀ। ਉਹਦੇ ਕੋਲ ਆਪਣੀ ਲਈ ਹੋਈ ਬੋਤਲ ਵੀ ਸੀ। ਮੇਰੇ ਕਹਿਣ ਤੇ ਉਹ ਉੱਠ ਖੜ੍ਹਾ ਹੋਇਆ। ਸ਼ਰਾਬੀ ਥੋੜ੍ਹੇ ਕੀਤੇ ਉੱਠਦੇ ਤਾਂ ਨਹੀ ਹੁੰਦੇ ਪਰ ਉਸਦੇ ਮਨ ਵਿੱਚ ਮੇਰੇ ਪ੍ਰਤੀ ਆਦਰ ਵੀ ਸੀ ਤੇ ਮੇਰਾ ਉਸਨੂੰ ਡਰ ਵੀ ਸੀ ਕਿਉਂਕਿ ਉਸਦੀਆਂ ਬਾਕੀ ਨਿਗਰਾਨ ਡਿਊਟੀਆਂ ਮੇਰੇ ਹੱਥ ਵਿੱਚ ਹੀ ਸਨ। ਆਫਟਰ ਆਲ ਮਹੀਨੇ ਕੁ ਲਈ ਮੈਂ ਉਸਦਾ ਬੌਸ ਸਾਂ। ਮੇਲ੍ਹਰ ਸਿੰਘ ਨੇ ਜ਼ੋਰ ਪਾਇਆ ਕਿ ਅਸੀਂ ਕੁਝ ਸਮਾਂ ਹੋਰ ਬੈਠੀਏ। ਮੈਂ ਸੋਫੀ ਸੀ। ਪੂਰਾ ਹੋਸ਼ ਮੰਦ ਸੀ। ਮੈਂ ਜਲਦੀ ਜਲਦੀ ਮਨੋਹਰ ਨੂੰ ਉਥੋਂ ਉਠਾਇਆ ਆਪਣੇ ਸਕੂਟਰ ਤੇ ਬਿਠਾਇਆ ਤੇ ਲਿਜਾ ਕੇ ਉਹਦੇ ਪਿੰਡ ਲਾਹ ਦਿੱਤਾ। ਜਦ ਉਹ ਆਪਣੇ ਘਰ ਅੰਦਰ ਵੜ ਗਿਆ ਤਾਂ ਮੈਂ ਸਕੂਟਰ ਨੂੰ ਕਿੱਕ ਮਾਰ ਕੇ ਅੱਗੇ ਆਪਣੇ ਟਿਕਾਣੇ ਵੱਲ ਨੂੰ ਤੁਰ ਪਿਆ। |
|
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
Dr. Avtar S. Sangha
BA ( Hons. English) MA English, Ph.D English--- Punjab
Graduate Dip In Education--- NSW ( Australia)
Lecturer in English in a college in Punjab for 25 years.
Teacher in Sydney--- 6 years
Now retired
Author of 8 books
**
sangha_avtar@hotmail.com
My latest book of short English fiction STORM IN A TEACUP AND OTHER STORIES can be seen on
DESIBUZZ CANADA
**
The Punjabi book of short stories edited by me and published by Azad Book Depot Amritsar 5 PARVAASI KAHANIKAAR is now available in the market.
**

by 