18 April 2024

ਬੰਦੀ ਛੋੜ ਦਿਵਸ ਤੇ ਦੀਵਾਲੀ ਦਾ ਤਿਉਹਾਰ/ਦੀਵਾਲੀ ਹਰੀ ਮਨਾਵਾਂਗੇ (ਗੀਤ)—ਗੁਰਦੀਸ਼ ਕੌਰ ਗਰੇਵਾਲ- ਕੈਲਗਰੀ- ਕੈਨੇਡਾ

ਦੀਵਾ ਬਲੈ ਅੰਧੇਰਾ ਜਾਇ॥
ਬੇਦ ਪਾਠ ਮਤਿ ਪਾਪਾ ਖਾਇ॥
ਉਗਵੈ ਸੂਰੁ ਨ ਜਾਪੈ ਚੰਦੁ॥
ਜਹ ਗਿਆਨ ਪਰਗਾਸੁ ਅਗਿਆਨੁ ਮਿਟੰਤੁ॥ (ਅੰਗ 791)

ਦੀਵਾਲੀ ਹਿੰਦੂਆਂ ਤੇ ਸਿੱਖਾਂ ਦਾ ਸਾਂਝਾ ਤਿਉਹਾਰ ਜਾਣਿਆਂ ਜਾਂਦਾ ਹੈ। ਇਤਿਹਾਸ ਅਨੁਸਾਰ ਇਸ ਦਿਨ ਸ੍ਰੀ ਰਾਮ ਚੰਦਰ ਜੀ 14 ਸਾਲ ਦਾ ਬਨਵਾਸ ਕੱਟ ਕੇ ਵਾਪਿਸ ਅਯੁੱਧਿਆ ਪਹੁੰਚੇ ਸਨ ਤੇ ਲੋਕਾਂ ਨੇ ਖੁਸ਼ੀ ਵਿੱਚ ਦੀਪਮਾਲਾ ਕੀਤੀ ਸੀ। ਹਿੰਦੂ ਭਾਈਚਾਰਾ ਇਸ ਨੂੰ ‘ਲਕਸ਼ਮੀ ਪੂਜਾ’ ਕਹਿ ਕੇ ਵੀ ਮਨਾਉਂਦਾ ਹੈ। ਸਿੱਖ ਇਸ ਨੂੰ ‘ਬੰਦੀ ਛੋੜ ਦਿਵਸ’ ਸਮਝ ਕੇ ਮਨਾਉਂਦੇ ਹਨ। ਭਾਵੇਂ ਸਿੱਖ ਇਤਿਹਾਸ ਨੂੰ ਘੋਖਿਆਂ, ਇਹ ਪਤਾ ਲਗਦਾ ਹੈ ਕਿ- ਬੰਦੀ ਛੋੜ ਦਿਵਸ ਦਾ ਸਮਾਂ ਦੀਵਾਲੀ ਦੇ ਤਿਉਹਾਰ ਨਾਲ ਮੇਲ ਨਹੀਂ ਖਾਂਦਾ। ਪਰ ਸਾਡੇ ਗੁਰੂ ਸਾਹਿਬਾਨ ਦੇ ਸਮੇਂ ਤੋਂ ਹੀ, ਦੀਵਾਲੀ ਤੇ ਵਿਸਾਖੀ ਦੇ ਮੌਕੇ ਸਿੱਖ ਸੰਗਤਾਂ ਨੂੰ ਹੁਕਮਨਾਮੇ ਭੇਜ ਕੇ ਬੁਲਾਇਆ ਜਾਂਦਾ ਤੇ ਇਸ ਦਿਨ ਅਹਿਮ ਫੈਸਲੇ ਸੰਗਤ ਨਾਲ ਸਾਂਝੇ ਕੀਤੇ ਜਾਂਦੇ। ਸੋ ਮੇਰਾ ਖਿਆਲ ਹੈ ਕਿ- ਇਸ ਤਿਉਹਾਰ ਨੂੰ ਭਾਈਚਾਰਕ ਸਾਂਝ ਦੇ ਤੌਰ ਤੇ ਇਕੱਠਾ ਮਨਾ ਲਿਆ ਜਾਵੇ ਤਾਂ ਕੋਈ ਹਰਜ਼ ਨਹੀਂ।

ਬੰਦੀ ਛੋੜ ਦਿਵਸ ਵਾਲੇ ਦਿਨ, ਛੇਵੇਂ ਪਾਤਸ਼ਾਹ ਸ੍ਰੀ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲੇ ਵਿਚੋਂ ਰਿਹਾ ਹੋ ਕੇ ਆਏ ਸਨ। ਗੁਰੂ ਸਾਹਿਬ ਤੋਂ ਪਹਿਲਾਂ, ਉਥੇ ਬਗਾਵਤ ਦੇ ਇਲਜ਼ਾਮ ਵਿੱਚ 52 ਰਾਜੇ ਵੀ ਕੈਦ ਭੁਗਤ ਰਹੇ ਸਨ- ਜਿਹਨਾਂ ਨੂੰ ਗੁਰੂ ਸਾਹਿਬ ਹਰ ਰੋਜ਼ ਗੁਰਬਾਣੀ ਤੇ ਚੜ੍ਹਦੀ ਕਲਾ ਦਾ ਉਪਦੇਸ਼ ਦਿੰਦੇ- ਜਿਸ ਨਾਲ ਉਹਨਾਂ ਦੇ ਜੀਵਨ ਵਿੱਚ ਅਨੋਖੀ ਤਬਦੀਲੀ ਆ ਗਈ। ਪਰ ਡੇੜ ਸਾਲ ਬਾਅਦ, ਜਦੋਂ ਜਹਾਂਗੀਰ ਨੇ ਆਪਣੀ ਗਲਤੀ ਸਵੀਕਾਰ ਕਰਕੇ, ਗੁਰੂ ਸਾਹਿਬ ਨੂੰ ਰਿਹਾਈ ਦਾ ਹੁਕਮ ਸੁਣਾਇਆ ਤਾਂ ਉਹ 52 ਰਾਜੇ ਰੋ ਕੇ ਕਹਿਣ ਲੱਗੇ-‘ਹੁਣ ਸਾਡਾ ਕੀ ਬਣੇਗਾ?’ ਗੁਰੂ ਸਾਹਿਬ ਨੇ ਰਾਜਿਆਂ ਦੀ ਰਿਹਾਈ ਤੋਂ ਬਿਨਾ, ਆਪ ਰਿਹਾ ਹੋਣ ਤੋਂ ਇਨਕਾਰ ਕਰ ਦਿੱਤਾ। ਜਹਾਂਗੀਰ ਨੇ ਗੁਰੂ ਸਾਹਿਬ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ- ਪਰ ਸਭ ਵਿਅਰਥ। ਉਸ ਹਾਰ ਕੇ ਕਹਿ ਦਿੱਤਾ-‘ਜੋ ਤੁਹਾਡਾ ਦਾਮਨ ਪਕੜ ਕੇ ਜਾ ਸਕਦਾ ਹੈ ਚਲਾ ਜਾਵੇ!’ ਇਸ ਤੇ ਗੁਰੂ ਸਾਹਿਬ ਨੇ ਸਿੱਖਾਂ ਨੂੰ ਸੁਨੇਹਾ ਭੇਜ ਕੇ, ਇੱਕ 52 ਕਲੀਆਂ ਵਾਲਾ ਚੋਲ਼ਾ ਬਣਵਾਇਆ- ਜਿਸ ਦੀਆਂ ਕੰਨੀਆਂ ਪਕੜ ਕੇ ਸਾਰੇ ਰਾਜੇ ਬਾਹਰ ਆ ਗਏ। ਇਤਿਹਾਸਕਾਰਾਂ ਅਨੁਸਾਰ ਰਿਹਾਈ ਦਾ ਸਮਾਂ ਅਗਸਤ, 1613 ਮੰਨਿਆਂ ਗਿਆ ਹੈ। ਸੋ ਉਸ ਸਾਲ ਦੀ ਦਿਵਾਲੀ, ਗੁਰੂ ਸਾਹਿਬ ਨੇ ਸੰਗਤਾਂ ਨਾਲ ਮਿਲ ਕੇ ਸ੍ਰੀ ਅੰਮਿ੍ਤਸਰ ਸਾਹਿਬ ਵਿਖੇ ਮਨਾਈ ਤੇ ਦੂਰ ਦੂਰ ਤੋਂ ਸੰਗਤਾਂ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਆਈਆਂ। ਉਸ ਦਿਨ ਸਮੂਹ ਸਿੱਖਾਂ ਨੇ ਆਪੋ ਆਪਣੇ ਘਰਾਂ ਵਿੱਚ ਵੀ ਘਿਓ ਤੇਲ ਦੇ ਦੀਵੇ ਜਗਾਏ। ਉਸ ਦਿਨ ਤੋਂ ਇਹ ਤਿਉਹਾਰ ਦੋਹਾਂ ਕੌਮਾਂ ਵਿੱਚ ਹੀ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ।

ਇਸ ਤਿਉਹਾਰ ਦੇ ਕਈ ਚੰਗੇ ਪੱਖ ਹਨ। ਇਹ ਸਾਨੂੰ- ਸਰਬੱਤ ਦੇ ਭਲੇ ਦਾ ਸੰਦੇਸ਼ ਦੇਣ ਤੋਂ ਇਲਾਵਾ ਲੋੜਵੰਦਾਂ, ਨਿਮਾਣਿਆਂ, ਨਿਤਾਣਿਆਂ ਦੀ ਮਦਦ ਕਰਨ ਦੀ ਪ੍ਰੇਰਨਾ ਵੀ ਦਿੰਦਾ ਹੈ। ਮੌਸਮ ਦੇ ਲਿਹਾਜ ਤੋਂ ਵੀ ਜੇ ਦੇਖਿਆ ਜਾਵੇ, ਤਾਂ ਇਸ ਸਮੇਂ ਤੋਂ ਸਰਦੀ ਦੇ ਮੌਸਮ ਦੀ ਸ਼ੁਰੂਆਤ ਮੰਨੀ ਜਾਂਦੀ ਹੈ ਤੇ ਇਸੇ ਬਹਾਨੇ ਘਰਾਂ ਦੀ ਸਾਫ ਸਫਾਈ ਹੋ ਜਾਂਦੀ ਹੈ- ਰੰਗ ਰੋਗਨ ਕਰਾਏ ਜਾਂਦੇ ਹਨ- ਫਾਲਤੂ ਤੇ ਪੁਰਾਣਾ ਸਮਾਨ ਲੋੜਵੰਦਾਂ ਨੂੰ ਦੇ ਦਿੱਤਾ ਜਾਂਦਾ ਹੈ ਤੇ ਕੁੱਝ ਨਵਾਂ ਖਰੀਦਿਆ ਜਾਂਦਾ ਹੈ- ਤੇ ਉਸ ਵਿੱਚ ਵੱਸਣ ਵਾਲਿਆਂ ਦੇ ਮਨ ਤਰੋਤਾਜ਼ਾ ਹੋ ਕੇ ਨਵੀਂ ਊਰਜਾ ਮਹਿਸੂਸ ਕਰਦੇ ਹਨ। ਸੱਜਣਾਂ ਮਿੱਤਰਾਂ ਤੇ ਰਿਸ਼ਤੇਦਾਰਾਂ ਨੂੰ ਸ਼ੁਭ ਇੱਛਾਵਾਂ ਭੇਜੀਆਂ ਜਾਂਦੀਆਂ ਹਨ- ਜਿਸ ਨਾਲ ਪਿਆਰ ਦੀਆਂ ਗੰਢਾਂ ਪੀਢੀਆਂ ਹੁੰਦੀਆਂ ਹਨ। ਇਸ ਰਾਤ ਜਿੱਥੇ ਘਰਾਂ ਨੂੰ ਰੌਸ਼ਨੀਆਂ ਨਾਲ ਰੁਸ਼ਨਾਇਆ ਜਾਂਦਾ ਹੈ, ਉਥੇ ਗੁਰਦੁਆਰੇ ਤੇ ਮੰਦਰਾਂ ਵਿੱਚ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਜਾਂਦੀ ਹੈ।

ਸਮੇਂ ਦੇ ਨਾਲ ਨਾਲ, ਇਸ ਤਿਉਹਾਰ ਦੇ ਮਨਾਉਣ ਦੇ ਰੰਗ ਢੰਗ ਵੀ ਬਦਲ ਗਏ ਹਨ। ਅਸੀਂ ਲੋਕ ਇਸ ਦਿਨ ਪਟਾਖਿਆਂ ਤੇ ਹੀ ਲੱਖਾਂ ਕਰੋੜਾਂ ਰੁਪਏ ਫੂਕ ਦਿੰਦੇ ਹਾਂ- ਜਿਸ ਨਾਲ ਹਜ਼ਾਰਾਂ ਗਰੀਬਾਂ ਤੇ ਭੁੱਖਿਆਂ ਦੇ ਪੇਟ ਭਰੇ ਜਾ ਸਕਦੇ ਹਨ। ਦੂਜਾ ਇਸ ਨਾਲ ਪ੍ਰਦੂਸ਼ਣ ਕਿੰਨਾ ਵਧਦਾ ਹੈ- ਸੋਚਿਆ ਕਦੇ? ਸਾਡੇ ਗੁਰੂ ਸਾਹਿਬ ਨੇ ਤਾਂ ਸਾਨੂੰ- ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥ ਦਾ ਸੰਦੇਸ਼ ਦਿੱਤਾ ਹੈ- ਪਰ ਅਸੀਂ ਉਸ ਸ਼ੁਧ ਹਵਾ ਨੂੰ ਇੰਨੀ ਕੁ ਗੰਧਲੀ ਕਰ ਦਿੰਦੇ ਹਾਂ ਕਿ ਸਾਹ ਲੈਣਾ ਵੀ ਔਖਾ ਹੋ ਜਾਂਦਾ। ਹੋਰ ਤਾਂ ਹੋਰ ਸਾਡੇ ਗੁਰੂ ਘਰਾਂ ‘ਚ ਵੀ ਆਤਿਸ਼ਬਾਜ਼ੀ ਚਲਾਈ ਜਾਂਦੀ ਹੈ। ਕਈ ਲੋਕ ਦੇਖਾ ਦੇਖੀ ਔਖੇ ਹੋ ਕੇ ਮਹਿੰਗੇ ਗਿਫਟ ਇੱਕ ਦੂਜੇ ਨੂੰ ਦਿੰਦੇ ਹਨ। ਮੇਰਾ ਖਿਆਲ ਹੈ ਕਿ- ਸਾਡੇ ਮੋਹ ਭਿੱਜੇ ਬੋਲ, ਗਿਫਟ ਨਾਲੋਂ ਕਿਤੇ ਵੱਧ ਕੀਮਤੀ ਹੁੰਦੇ ਹਨ। ਸਰਮਾਏਦਾਰਾਂ ਨੇ ਤਾਂ ਇਸ ਦਿਨ ਕਮਾਈ ਕਰਨ ਲਈ, ਤਰ੍ਹਾਂ ਤਰ੍ਹਾਂ ਦੇ ਬਾਜ਼ਾਰ ਲਾਉਣੇ ਹੁੰਦੇ ਹਨ- ਪਰ ਸਾਨੂੰ ਆਪਣੀ ਚਾਦਰ ਦੇਖ ਕੇ ਪੈਰ ਪਸਾਰਨੇ ਚਾਹੀਦੇ ਹਨ। ਰੀਸੋ ਰੀਸੀ ਝੁੱਗਾ ਚੌੜ ਕਰਾ ਲੈਣਾ- ਭਲਾ ਕਿੱਥੋਂ ਦੀ ਸਿਆਣਪ ਹੈ? ਕੁੱਝ ਲੋਕ ਇਸ ਦਿਨ ਸ਼ਰਾਬਾਂ ਪੀਂਦੇ, ਜੂਆ ਖੇਡਦੇ ਤੇ ਹੋਰ ਵੀ ਕਈ ਤਰ੍ਹਾਂ ਦੇ ਨਸ਼ੇ ਕਰਦੇ ਹਨ। ਭਾਈ- ਇਹ ਦਿਨ ਤਾਂ ਸਗੋਂ ਵਿਸ਼ੇ ਵਿਕਾਰ ਛੱਡਣ ਅਤੇ ਹੱਕ ਸੱਚ, ਧਰਮ, ਨਿਆਂ, ਪਰਉਪਕਾਰ ਤੇ ਭਲਾਈ ਕਰਨ ਦਾ ਅਹਿਦ ਲੈਣ ਲਈ ਹੁੰਦਾ ਹੈ।

ਹੁਣ ਦੇ ਹਾਲਾਤ ਪਿਛਲੇ ਸਾਲਾਂ ਤੋਂ ਵੱਖਰੇ ਹਨ। ਕਰੋਨਾ ਦੀ ਮਹਾਂਮਾਰੀ ਝੱਲਣ ਤੋਂ ਬਾਅਦ, ਸਾਨੂੰ ਪੂਰੀ ਸਾਵਧਾਨੀ ਵਰਤਣ ਦੀ ਲੋੜ ਹੈ। ਪਟਾਕਿਆਂ ਦੇ ਚਲਾਉਣ ਤੇ ਪੂਰੀ ਪਾਬੰਦੀ ਲਗਣੀ ਚਾਹੀਦੀ ਹੈ ਹਮੇਸ਼ਾ ਲਈ ਹੀ। ਫਿਰ ਇਸ ਬਾਰ ਤਾਂ ਮਾਸਕ ਤੋਂ ਛੁਟਕਾਰਾ ਮਿਲਣ ਕਾਰਨ, ਮਸੀਂ ਹੀ ਸਾਹ ਲੈਣਾ ਸੌਖਾ ਹੋਇਆ ਹੈ- ਉਤੋਂ ਪ੍ਰਦੂਸ਼ਣ ਹੋਰ ਵਧਾਉਣਾ ਭਲਾ ਕਿੱਥੋਂ ਦੀ ਸਿਆਣਪ ਹੈ? ਇਹ ਸਾਨੂੰ ਆਪ ਹੀ ਸੋਚ ਲੈਣਾ ਚਾਹੀਦਾ! ਦੂਜਾ- ਅਰਥ ਵਿਵਸਥਾ ਦੇ ਡਾਊਨ ਜਾਣ ਨਾਲ ਬਹੁਤੇ ਲੋਕ ਕੰਮਾਂ ਤੋਂ ਹੱਥ ਧੋ ਬੈਠੇ ਹਨ- ਜਿਹਨਾਂ ਦੀ ਸਗੋਂ ਮਦਦ ਕਰਨ ਦੀ ਲੋੜ ਹੈ। ਬਜ਼ਾਰੀ ਮਿਠਾਈਆਂ ਦੇ ਤਾਂ ਮੈਂ ਪਹਿਲਾਂ ਹੀ ਬਰਖਲਾਫ ਹਾਂ। ਸਾਡੇ ਘਰ ਵਿੱਚ ਬਹੁਤ ਸਾਲਾਂ ਤੋਂ ਕਦੇ ਵੀ ਕਿਸੇ ਤਿਉਹਾਰ ਤੇ ਮਿਠਾਈ ਨਹੀਂ ਖਰੀਦੀ ਜਾਂਦੀ- ਘਰ ਹੀ ਕੋਈ ਮਿੱਠੀ ਚੀਜ਼ ਬਣਾ ਲਈਦੀ ਹੈ। ਨਕਲੀ ਦੁੱਧ ਤੋਂ ਖੋਆ ਤਿਆਰ ਕਰਕੇ ਬਣਾਈਆਂ ਮਿਠਾਈਆਂ ਸਾਡੀ ਸਿਹਤ ਦਾ ਕੀ ਹਾਲ ਕਰਨਗੀਆਂ- ਸੋਚਿਆ ਕਦੇ? ਹੁਣ ਤਾਂ ਪਿਛਲੇ ਢਾਈ ਸਾਲ ਤੋਂ ਅਸੀਂ ਬਾਹਰਲੇ ਖਾਣੇ ਤੋਂ ਵੀ ਕਾਫੀ ਪਰਹੇਜ਼ ਰੱਖਿਆ ਹੋਇਆ ਹੈ ਤੇ ਰੱਖਣਾ ਵੀ ਚਾਹੀਦਾ- ਕਿਉਂਕਿ ਪਤਾ ਨਹੀ ਕਦੋ ਇਹ ਬੀਮਾਰੀ ਕੋਈ ਹੋਰ ਰੂਪ ਵਟਾ ਕੇ ਆ ਜਾਵੇ! ਦੇਸ਼ ਵਿਦੇਸ਼ ਚ ਜੋ ਸਾਡਾ ਹਾਲ ਹੋਇਆ- ਆਪਾਂ ਸਾਰੇ ਜਾਣਦੇ ਹੀ ਹਾਂ !

ਸਾਥੀਓ- ਇਸ ਦਿਨ ਆਪਣੇ ਘਰਾਂ ਨੂੰ ਸਜਾਉਣ ਨਾਲੋਂ, ਕਿਤੇ ਵੱਧ ਲੋੜ ਹੈ ਆਪਣੇ ਮਨਾਂ ਨੂੰ ਰੁਸ਼ਨਾਉਣ ਦੀ। ਆਓ ਆਪਣੇ ਮਨਾਂ ਵਿਚੋਂ ਅਗਿਆਨਤਾ ਦੇ ਹਨ੍ਹੇਰੇ ਨੂੰ ਦੂਰ ਕਰਕੇ, ਗੁਰਬਾਣੀ ਅਨੁਸਾਰ- ਆਪਣੇ ਅੰਦਰ ਗਿਆਨ ਦਾ ਪ੍ਰਕਾਸ਼ ਕਰਨ ਦੀ ਕੋਸ਼ਿਸ਼ ਕਰੀਏ- ਸ਼ਬਦ ਗੁਰੂ ਅਤੇ ਸ਼ਬਦਾਂ ਰਾਹੀਂ ਚਾਨਣ ਕਰਨ ਵਾਲੀਆਂ ਪੁਸਤਕਾਂ ਨਾਲ ਸਾਂਝ ਪਾਈਏ-

ਦੀਵਾ ਬਲੈ ਅੰਧੇਰਾ ਜਾਇ॥
ਬੇਦ ਪਾਠ ਮਤਿ ਪਾਪਾ ਖਾਇ॥
ਉਗਵੈ ਸੂਰੁ ਨ ਜਾਪੈ ਚੰਦੁ॥
ਜਹ ਗਿਆਨ ਪਰਗਾਸੁ ਅਗਿਆਨੁ ਮਿਟੰਤੁ॥ (ਅੰਗ 791)

ਸੋ ਇਸ ਦਿਨ ਤੇ ਆਪ ਦੀ ਸੁਖ ਸ਼ਾਂਤੀ ਦੀ ਅਰਦਾਸ ਕਰਦੀ ਹੋਈ, ਕਾਮਨਾ ਕਰਦੀ ਹਾਂ ਕਿ ਇਹ ਤਿਉਹਾਰ ਸਾਡੀ ਭਾਈਚਾਰਕ ਸਾਂਝ ਨੂੰ ਮਜਬੂਤ ਕਰਕੇ, ਚੜ੍ਹਦੀ ਕਲਾ ਦਾ ਪ੍ਰਤੀਕ ਬਣੇ !
***

ਦੀਵਾਲੀ ਹਰੀ ਮਨਾਵਾਂਗੇ (ਗੀਤ)

ਦੀਵਾਲੀ ਦੀ ਰਾਤ ਪਟਾਕੇ ਨਹੀਂ ਚਲਾਵਾਂਗੇ।
ਇਸ ਵਾਰੀ ਦੀਵਾਲੀ ਆਪਾਂ ਹਰੀ ਮਨਾਵਾਂਗੇ।

ਸਾਡੇ ਬਾਬੇ ‘ਪਵਣੁ ਗੁਰੂ’ ਉਪਦੇਸ਼ ਸੁਣਾਇਆ ਏ।
ਧਰਤੀ ਮਾਂ ਨੂੰ ਮਾਤਾ ਕਹਿ ਉਸ ਨੇ ਵਡਿਆਇਆ ਏ।
ਨਾਨਕ ਦੇ ਬੋਲਾਂ ਤੇ ਆਪਾਂ ਫੁੱਲ ਚੜ੍ਹਾਵਾਂਗੇ
ਇਸ ਵਾਰੀ…

ਹਰ ਦੀਵਾਲੀ ਨੋਟਾਂ ਨੂੰ ਅੱਗ ਲਾਈ ਜਾਨੇਂ ਆਂ।
ਖੂਨ ਪਸੀਨੇ ਵਾਲੀ ਰੋੜ੍ਹ ਕਮਾਈ ਜਾਨੇ ਆਂ।
ਲੋੜਵੰਦਾਂ ਦੀ ਲੋੜ ਕੋਈ ਪੂਰੀ ਕਰ ਆਵਾਂਗੇ
ਇਸ ਵਾਰੀ…

ਅੱਠ ਮਾਰਗੀ ਸੜਕਾਂ ਛਾਵਾਂ ਕਿੱਥੋਂ ਭਾਲਾਂਗੇ।
ਇੱਕ ਦਿਨ ਪਰਲੋ ਆ ਜਾਊ ਆਪਾਂ ਕਿੱਦਾ ਟਾਲਾਂਗੇ।
ਹਰੇ ਭਰੇ ਰੁੱਖ ਲਾ ਧਰਤੀ ਦੀ ਕੁੱਖ ਬਚਾਵਾਂਗੇ
ਇਸ ਵਾਰੀ…

‘ਬੰਦੀ ਛੋੜ ਦਿਵਸ’ ਗੁਰੂ ਘਰ ਜਾ ਮਨਾ ਲਈਏ।
ਗੁਰਬਾਣੀ ਨੂੰ ‘ਦੀਸ਼’ ਦਿਲਾਂ ਦੇ ਵਿੱਚ ਵਸਾ ਲਈਏ।
ਬਾਬੇ ਦੇ ਵਿਹੜੇ ਵੀ ਬੂਟਾ ਲਾ ਕੇ ਆਵਾਂਗੇ
ਇਸ ਵਾਰੀ…
**

ਗੁਰਦੀਸ਼ ਕੌਰ ਗਰੇਵਾਲ- ਕੈਲਗਰੀ- ਕੈਨੇਡਾ
ਵਟਸਐਪ: +91 98728 60488

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।*

***
928
***

About the author

ਗੁਰਦੀਸ਼ ਕੌਰ ਗਰੇਵਾਲ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਨਾਮ: ਗੁਰਦੀਸ਼ ਕੌਰ ਗਰੇਵਾਲ
ਜਨਮ ਮਿਤੀ: 5- 7- 1950
ਰਹਾਇਸ਼: ਲੁਧਿਆਣਾ ਤੇ ਕੈਲਗਰੀ ਕੈਨੇਡਾ
ਕਿੱਤਾ: ਅਧਿਆਪਕਾ ( ਰਿਟਾ.)
ਸਟੇਟਸ: ਛੋਟੀ ਜਿਹੀ ਸਾਹਿਤਕਾਰਾ
ਛਪੀਆਂ ਕਿਤਾਬਾਂ: 7
1. ਹਰਫ ਯਾਦਾਂ ਦੇ - ਕਾਵਿ ਸੰਗ੍ਰਹਿ - 2011
2. ਸੋਚਾਂ ਦੇ ਸਿਰਨਾਵੇਂ- ਨਿਬੰਧ ਸੰਗ੍ਰਹਿ- 2013
3. ਜਿਨੀ ਨਾਮੁ ਧਿਆਇਆ- ਧਾਰਮਿਕ ਕਾਵਿ ਸੰਗ੍ਰਹਿ- 2014
4. ਸਰਘੀ ਦਾ ਸੂਰਜ- ਕਾਵਿ ਸੰਗ੍ਰਹਿ- 2017
5. ਮੋਹ ਦੀਆਂ ਤੰਦਾਂ- ਨਿਬੰਧ ਸੰਗ੍ਰਹਿ- 2017
6. ਸਾਹਾਂ ਦੀ ਸਰਗਮ- ਗ਼ਜ਼ਲ ਸੰਗ੍ਰਹਿ- 2021
7. ਖੁਸ਼ੀਆਂ ਦੀ ਖੁਸ਼ਬੋਈ- ਨਿਬੰਧ ਸੰਗ੍ਰਹਿ- 2021

ਮੈਂਬਰ: ਕੈਲਗਰੀ ਦੀਆਂ ਲਿਖਾਰੀ ਸਭਾਵਾਂ ਦੀ ਮੈਂਬਰ ਹੋਣ ਤੋਂ ਇਲਾਵਾ, ਵਿਸ਼ਵ ਪੰਜਾਬੀ ਕਵੀ ਸਭਾ ਦੀ ਸਕੱਤਰ ਤੇ ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ ਦੀ ਜਨਰਲ ਸਕੱਤਰ ਦੀਆਂ ਸੇਵਾਵਾਂ ਵੀ ਨਿਭਾ ਰਹੀ ਹਾਂ ਜੀ
ਮਾਨ ਸਨਮਾਨ: ਦੇਸ਼ ਵਿਦੇਸ਼ ਚ ਮਿਲੇ ਅਨੇਕਾਂ ਸਨਮਾਨਾਂ ਦਾ ਜਿਕਰ ਕਰਨਾ ਜਰੂਰੀ ਨਹੀਂ- ਮਾਂ ਬੋਲੀ ਪੰਜਾਬੀ ਦੀ ਗੁੜ੍ਹਤੀ, ਵਾਹਿਗੁਰੂ ਜੀ ਦੀ ਕਿਰਪਾ ਤੇ ਪਾਠਕਾਂ ਦੇ ਭਰਵੇਂ ਹੁੰਗਾਰੇ ਕਾਰਨ ਹੀ ਕਲਮ ਚਲਦੀ ਹੈ ਜੀ!
-ਗੁਰਦੀਸ਼ ਕੌਰ ਗਰੇਵਾਲ
ਵਟਸਅਪ: +91 98728 60488

ਗੁਰਦੀਸ਼ ਕੌਰ ਗਰੇਵਾਲ

ਨਾਮ: ਗੁਰਦੀਸ਼ ਕੌਰ ਗਰੇਵਾਲ ਜਨਮ ਮਿਤੀ: 5- 7- 1950 ਰਹਾਇਸ਼: ਲੁਧਿਆਣਾ ਤੇ ਕੈਲਗਰੀ ਕੈਨੇਡਾ ਕਿੱਤਾ: ਅਧਿਆਪਕਾ ( ਰਿਟਾ.) ਸਟੇਟਸ: ਛੋਟੀ ਜਿਹੀ ਸਾਹਿਤਕਾਰਾ ਛਪੀਆਂ ਕਿਤਾਬਾਂ: 7 1. ਹਰਫ ਯਾਦਾਂ ਦੇ - ਕਾਵਿ ਸੰਗ੍ਰਹਿ - 2011 2. ਸੋਚਾਂ ਦੇ ਸਿਰਨਾਵੇਂ- ਨਿਬੰਧ ਸੰਗ੍ਰਹਿ- 2013 3. ਜਿਨੀ ਨਾਮੁ ਧਿਆਇਆ- ਧਾਰਮਿਕ ਕਾਵਿ ਸੰਗ੍ਰਹਿ- 2014 4. ਸਰਘੀ ਦਾ ਸੂਰਜ- ਕਾਵਿ ਸੰਗ੍ਰਹਿ- 2017 5. ਮੋਹ ਦੀਆਂ ਤੰਦਾਂ- ਨਿਬੰਧ ਸੰਗ੍ਰਹਿ- 2017 6. ਸਾਹਾਂ ਦੀ ਸਰਗਮ- ਗ਼ਜ਼ਲ ਸੰਗ੍ਰਹਿ- 2021 7. ਖੁਸ਼ੀਆਂ ਦੀ ਖੁਸ਼ਬੋਈ- ਨਿਬੰਧ ਸੰਗ੍ਰਹਿ- 2021 ਮੈਂਬਰ: ਕੈਲਗਰੀ ਦੀਆਂ ਲਿਖਾਰੀ ਸਭਾਵਾਂ ਦੀ ਮੈਂਬਰ ਹੋਣ ਤੋਂ ਇਲਾਵਾ, ਵਿਸ਼ਵ ਪੰਜਾਬੀ ਕਵੀ ਸਭਾ ਦੀ ਸਕੱਤਰ ਤੇ ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ ਦੀ ਜਨਰਲ ਸਕੱਤਰ ਦੀਆਂ ਸੇਵਾਵਾਂ ਵੀ ਨਿਭਾ ਰਹੀ ਹਾਂ ਜੀ ਮਾਨ ਸਨਮਾਨ: ਦੇਸ਼ ਵਿਦੇਸ਼ ਚ ਮਿਲੇ ਅਨੇਕਾਂ ਸਨਮਾਨਾਂ ਦਾ ਜਿਕਰ ਕਰਨਾ ਜਰੂਰੀ ਨਹੀਂ- ਮਾਂ ਬੋਲੀ ਪੰਜਾਬੀ ਦੀ ਗੁੜ੍ਹਤੀ, ਵਾਹਿਗੁਰੂ ਜੀ ਦੀ ਕਿਰਪਾ ਤੇ ਪਾਠਕਾਂ ਦੇ ਭਰਵੇਂ ਹੁੰਗਾਰੇ ਕਾਰਨ ਹੀ ਕਲਮ ਚਲਦੀ ਹੈ ਜੀ! -ਗੁਰਦੀਸ਼ ਕੌਰ ਗਰੇਵਾਲ ਵਟਸਅਪ: +91 98728 60488

View all posts by ਗੁਰਦੀਸ਼ ਕੌਰ ਗਰੇਵਾਲ →