21 September 2024

ਖੋਜ, ਸਮੀਖਿਆ, ਯਥਾਰਥ ਅਤੇ ਕਲਪਨਾ ਦਾ ਸਮੇਲ: ਡਾ. ਪ੍ਰੀਤਮ ਸਿੰਘ ਕੈਂਬੋ—ਮੁਲਾਕਾਤੀ ਸਤਨਾਮ ਸਿੰਘ ਢਾਅ

ਮੁਲਾਕਾਤ:

Pritam Singh Kambo
ਡਾ. ਪ੍ਰੀਤਮ ਸਿੰਘ ਕੈਂਬੋ

ਡਾ. ਪ੍ਰੀਤਮ ਸਿੰਘ ਕੈਂਬੋ ਬਰਤਾਨਵੀ ਪੰਜਾਬੀ ਸਾਹਿਤ ਵਿੱਚ ਕਿਸੇ ਜਾਣਕਾਰੀ ਦਾ ਮੁਥਾਜ ਨਹੀਂ, ਉਹ ਉਂਗਲਾਂ ਤੇ ਗਿਣੇ ਜਾਣ ਵਾਲੇ ਪੰਜਾਬੀ ਸਾਹਿਤ ਦੇ ਖੋਜੀ ਵਿਦਵਾਨਾਂ ਵਿੱਚੋਂ ਇੱਕ ਹੈ, ਜਿਨ੍ਹਾਂ ਨੇ ਵਿਦੇਸ਼ ਵਿੱਚ ਰਹਿੰਦਿਆਂ ਰੋਟੀ ਰੋਜ਼ੀ ਦੇ ਨਾਲ ਉੱਚ ਵਿੱਦਿਆ ਪ੍ਰਾਪਤ ਵੀ ਕੀਤੀ ਅਤੇ ਮਾਂ ਬੋਲੀ ਨੂੰ ਜਿਉਂਦਾ ਰੱਖਣ ਲਈ ਅਣਥੱਕ ਯੋਗਦਾਨ ਵੀ ਪਾਇਆ ਹੈ। ਉਹ ਇੱਕ ਬਹੁਪੱਖੀ ਲੇਖਕ ਹੈ, ਜਿਸ ਨੇ ਸਿਰਜਣਾਤਮਕ ਕਾਰਜ ਦੇ ਨਾਲ ਨਾਲ ਬਹੁਵਿਧਾਵਾਂ ਵਿੱਚ ਕੰਮ ਕਰਕੇ ਇੱਕ ਸਫ਼ਲ ਸਾਹਿਤਕਾਰ ਦੇ ਤੌਰ ਤੇ ਆਪਣਾ ਨਾਂ ਕਮਾਇਆ ਹੈ। ਉਸ ਨੇ ਆਪਣਾ ਲਿਖਣ ਦਾ ਸਫ਼ਰ ਇੱਕ ਕਹਾਣੀਕਾਰ ਦੇ ਤੌਰ ਤੇ ਸ਼ੁਰੂ ਕੀਤਾ ਅਤੇ ਨਾਲ ਨਾਲ ਆਲੋਚਨਾ, ਖੋਜ, ਸੰਪਾਦਨਾ, ਮੁਲਾਕਾਤਾਂ ਅਤੇ ਰੀਵੀਊ ਆਦਿ ਕਾਰਜ ਵੀ ਨਿਰੰਤਰਤਾ ਸਹਿਤ ਕੀਤੇ ਹਨ। ਉਹ ਪੰਜਾਬੀ ਬੋਲੀ ਦੀ ਸਾਂਭ-ਸੰਭਾਲ ਅਤੇ ਇਸ ਦੇ ਵਿਕਾਸ ਬਾਰੇ ਲੇਖ ਵੀ ਪੂਰੀ ਲਗਨ ਅਤੇ ਇਮਾਨਦਾਰੀ ਨਾਲ ਸਮੇਂ ਸਮੇਂ ਲਿਖਦਾ ਆ ਰਿਹਾ ਹੈ। ਉਸ ਨੇ ਜਿੰਨਾ ਵੀ ਕਾਰਜ ਕੀਤਾ ਹੈ, ਉਹ ਮਿਆਰੀ ਅਤੇ ਸਾਂਭਣਯੋਗ ਹੈ। ਉਹ ਉਨ੍ਹਾਂ ਮੁੱਢਲੇ ਪੰਜਾਬੀ ਲੇਖਕਾਂ ਵਿੱਚੋਂ ਇੱਕ ਹੈ, ਜਿਨ੍ਹਾਂ ਨੇ ਬਰਤਾਨੀਆਂ ਵਿੱਚ ਰਹਿੰਦਿਆਂ ਪੰਜਾਬੀ ਸਭਾਵਾਂ ਦੀ ਪ੍ਰਫੁਲਤਾ ਲਈ ਦੂਜੇ ਲੇਖਕਾਂ ਦੇ ਸਹਿਯੋਗ ਨਾਲ ਮੋਢੀਆਂ ਦੇ ਰੂਪ ਵਿੱਚ ਲਾਸਾਨੀ ਕਾਰਜ ਕੀਤਾ। ਉਹ ਵਿਸ਼ਵ ਕਾਨਫ਼ਰੰਸ ਸਮੇਂ ਇੰਟਰਨੈਸ਼ਨਲ ਪੰਜਾਬੀ ਸਾਹਿਤ ਸਭਾ ਦੇ ਮੈਂਬਰਾਂ ਨਾਲ ਖੁਦ ਸ਼ਿਰਕਤ ਕਰਦਾ ਰਿਹਾ ਹੈ ਅਤੇ ਕਾਨਫ਼ਰੰਸ ਦੀਆਂ ਸੁੰਦਰ ਝਲਕੀਆਂ ਨੂੰ ਬੇਹੱਦ ਮਾਣਦਾ ਰਿਹਾ ਹੈ। ਉਹ ਆਪਣੀ ਮਾਂ ਬੋਲੀ ਪ੍ਰਤੀ ਨਿਰੰਤਰ ਯੋਗਦਾਨ ਪਾ ਰਿਹਾ ਹੈ ਅਤੇ ਸਮੇਂ ਸਮੇਂ ਲੇਖਾਂ ਦੇ ਰੂਪ ਵਿੱਚ ਲਿਖਣਾ ਆਪਣਾ ਮਾਨਵੀ ਫ਼ਰਜ਼ ਸਮਝਦਾ ਹੈ।

ਜੇਕਰ ਉਹਨੇ ਕਹਾਣੀ ਲਿਖੀ ਤਾਂ ਉਹ ਨੇ ਆਪਣੀ ਕਲਮ ਕਹਾਣੀ ਕਲਾ ਵੱਲ ਚਲਾ ਕੇ ਭਾਰਤ ਤੇ ਬਰਤਾਨਵੀ ਸਮਾਜ ਦੀ ਤਸਵੀਰ ਬੜੇ ਹੀ ਕਲਾਤਮਕ ਢੰਗ ਨਾਲ ਪੇਸ਼ ਕੀਤੀ ਹੈ। ਉਸ ਨੇ ਪਰਵਾਸੀ ਲੋਕਾਂ ਦੇ ਦੁੱਖਾਂ, ਦਰਦਾਂ ਦੀ ਦਾਸਤਾਨ ਨੂੰ ਬਿਆਨਦਿਆਂ ਦੌਲਤ ਸਿੰਘ, ਕੈਲੀ, ਸੈਂਡੀ ਅਤੇ ਸੁਖਪ੍ਰੀਤ ਵਰਗੇ ਪਾਤਰਾਂ ਨੂੰ ਪਾਠਕਾਂ ਸਾਹਮਣੇ ਰੱਖ ਕੇ ਸਮਾਜਿਕ ਯਥਾਰਥ ਨੂੰ ਪੇਸ਼ ਕੀਤਾ ਹੈ। ਪਰਵਾਸੀ ਲੋਕਾਂ ਦੇ ਦੋਹਰੇ ਦੁਖਾਂਤ ਨੂੰ ਪੇਸ਼ ਕਰਨ ਦਾ ਉਸ ਦੀ ਕਹਾਣੀ ਕਲਾ ਦਾ ਵਿਸ਼ੇਸ਼ ਗੁਣ ਹੈ। ਉਸ ਦੀ ਪਾਤਰ ਉਸਾਰੀ ਵਿੱਚ ਮਾਨਵੀ-ਸੰਵੇਦਨਾ ਦੀ ਪਕੜ ਹੈ ਅਤੇ ਉਸ ਨੂੰ ਮਨੁੱਖੀ ਮਨ ਨੂੰ ਪੜ੍ਹਨ ਦੀ ਡੂੰਘੀ ਜਾਚ ਹੈ। ਇਸੇ ਕਰਕੇ ਉਸ ਦੀਆਂ ਕਹਾਣੀਆਂ ਮਾਨਵਵਾਦੀ ਕਦਰਾਂ-ਕੀਮਤਾਂ ਦੀ ਸ਼ਾਅਦੀ ਭਰਦੀਆਂ ਹਨ। ਨਵੰਬਰ ਉੱਨੀ ਸੌ ਚਰਾਸੀ ਦੇ ਦਿੱਲੀ ਵਿਚਲੇ ਕਤਲੇਆਮ ਨੂੰ ਲੈ ਕੇ ਇੰਤਕਾਮ ਅਤੇ ਭਾਗਵੰਤੀ ਕਹਾਣੀਆਂ ਵਿਚਲੇ ਪਾਤਰ ਇੱਕ ਸੰਵੇਦਨਸ਼ੀਲ ਹਿਰਦਾ ਹੀ ਉਸਾਰ ਸਕਦਾ ਹੈ। ਉਹ ਮਨੁੱਖ ਅਤੇ ਉਸ ਦੀ ਮਾਨਵਤਾ ਨੂੰ ਧੁਰ-ਅੰਦਰੋਂ ਪਛਾਣਦਾ ਹੈ। ਉਸ ਦਾ ਵਿਸ਼ਵਾਸ ਹੈ ਕਿ ਭਾਵੇਂ ਦੁਨੀਆਂ ਤੇ ਜਬਰ ਜ਼ੁਲਮ ਦੀ ਅੱਤ ਹੋ ਚੁੱਕੀ ਹੈ ਪਰ ਅਜੇ ਮਨੁੱਖਤਾ ਲੋਕਾਂ ਵਿੱਚ ਜਿਉਂਦੀ ਹੈ ਤੇ ਜਿਉਂਦੀ ਰਹੇਗੀ।

ਉਹ ਕਿਸੇ ਵਾਦ ਅਧੀਨ ਆਲੋਚਨਾ ਨਹੀਂ ਕਰਦਾ, ਸਗੋਂ ਟੈੱਕਸਟ ਨੂੰ ਮੁੱਖ ਰੱਖ ਕੇ ਸਮੇਂ ਸਮੇਂ ਜਾਣੇ ਪਹਿਚਾਣੇ ਅਤੇ ਅਗਿਆਤ ਬਰਤਾਨਵੀ ਲੇਖਕਾਂ ਦੀਆਂ ਪੁਸਤਕਾਂ ਦਾ ਨਿਰੀਖਣ ਕਰਕੇ ਆਪਣੇ ਵਿਚਾਰ ਬਿਨਾਂ ਪੱਖਪਾਤ ਦੇ ਲੇਖਾਂ/ਰੀਵੀਊਆਂ ਦੀ ਸ਼ਕਲ ਵਿੱਚ ਦਿੰਦਾ ਰਹਿੰਦਾ ਹੈ। ਉਸ ਦਾ ਇਹ ਕਾਰਜ ਬਰਤਾਨੀਆ ਤੱਕ ਸੀਮਤ ਨਹੀਂ ਹੈ। ਭਾਰਤੀ ਪੰਜਾਬੀ ਲੇਖਕਾਂ ਬਾਰੇ ਵੀ ਉਸ ਨੇ ਲਿਖਿਆ ਹੈ ਜੋ ਜਲਦੀ ਪ੍ਰਕਾਸ਼ਤ ਹੋ ਰਿਹਾ ਹੈ। ਉਸ ਨੇ ਉਨ੍ਹਾਂ ਲੇਖਕਾਂ ਨੂੰ ਵੀ ਪਾਠਕਾਂ ਦੇ ਸਨਮੁੱਖ ਕੀਤਾ ਜਿਨ੍ਹਾਂ ਨੂੰ ਆਲੋਚਕਾਂ ਨੇ ਕਿਸੇ ਨਾ ਕਿਸੇ ਤਰ੍ਹਾਂ ਅਣਗੌਲਿਆ ਕਰ ਛੱਡਿਆ ਸੀ। ਪ੍ਰੀਤਮ ਸਿੰਘ ਨੇ ਆਲੋਚਨਾ ਕਰਦਿਆਂ ਆਪਣੇ ਆਪ ਨੂੰ ਵਿਦਵਾਨ ਸਾਬਤ ਕਰਨ ਲਈ ਔਖੇ ਤੇ ਪੰਡਤਾਊ ਸ਼ਬਦਾਂ ਦੀ ਵਰਤੋਂ ਨਹੀਂ ਕੀਤੀ ਸਗੋਂ ਸਰਲ ਸਾਹਿਤਕ ਭਾਸ਼ਾ ਵਿੱਚ ਆਪਣੀ ਗੱਲ ਪਾਠਕਾਂ ਤਕ ਪਹੁੰਚਾਈ ਹੈ। ਜੇਕਰ ਕਿਸੇ ਲੇਖਕ ਦੀ ਰਚਨਾ ਵਿੱਚ ਕੋਈ ਘਾਟ ਨਜ਼ਰ ਆਵੇ, ਤਾਂ ਉਹ ਕਲਾਤਮਕ ਤੇ ਸਾਹਿਤਕ ਭਾਸ਼ਾ ਵਿੱਚ ਉਸ ਦੀ ਰਚਨਾ ਨੂੰ ਪੁਖਤਾ ਕਰਨ ਲਈ ਨਿਮਰ-ਭਾਵਾਂ ਨਾਲ ਸੁਝਾਅ ਪ੍ਰਦਾਨ ਕਰਦਾ ਹੈ। ਉਸ ਨੇ ਯਾਦਗਾਰੀ ਦਸਤਾਵੇਜ਼ ਕਿਤਾਬਾਂ ਪੰਜਾਬੀ ਸਾਹਿਤਕ ਜਗਤ ਨੂੰ ਦਿੱਤੀਆਂ ਹਨ। ਉਹ ਇੱਕ ਖੋਜੀ ਵਿਦਵਾਨ ਹੈ, ਜਿਸ ਨੇ ‘ਜ਼ਬਤ ਸ਼ੁਦਾ ਪੰਜਾਬੀ ਕਵਿਤਾ-ਇੱਕ ਆਲੋਚਨਾਤਮਕ ਅਧਿਐਨ’ ਦੇ ਵਿਸ਼ੇ ਤੇ ਇੰਗਲੈਂਡ ਵਿਖੇ ਰਹਿੰਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਪੀਐੱਚ. ਡੀ. ਦੀ ਡਿਗਰੀ ਹਾਸਲ ਕੀਤੀ। ਉਸ ਦੇ ਨਿਗਰਾਨ ਪ੍ਰਸਿੱਧ ਲੋਕਯਾਨਿਕ ਵਿਦਵਾਨ ਡਾ. ਕਰਨੈਲ ਸਿੰਘ ਥਿੰਦ ਜੀ ਸਨ। ਇਹ ਇੱਕ ਵਡਮੁੱਲਾ ਕਾਰਜ ਹੈ। ਭਾਰਤ ਦੀ ਸੁਤੰਤਰਤਾ ਲਈ ਚੱਲੀਆਂ ਲਹਿਰਾਂ (ਗ਼ਦਰ ਲਹਿਰ, ਅਕਾਲੀ ਲਹਿਰ, ਕਿਰਤੀ ਲਹਿਰ, ਨਾ ਮਿਲਵਰਤਨ ਲਹਿਰ ਅਤੇ ਕੂਕਾ ਲਹਿਰ ਇਤਿ ਆਦਿ) ਬਾਰੇ ਜਿੱਥੇ ਇਤਿਹਾਸਕ ਵਾਕਫ਼ੀਅਤ ਕਰਵਾਈ ਹੈ, ਉੱਥੇ ਉਸ ਨੇ ਅੰਗਰੇਜ਼ਾਂ ਵੱਲੋਂ ਜ਼ਬਤ ਕੀਤੀ ਗਈ ਕਵਿਤਾ ਨੂੰ ਵੀ ਪਾਠਕਾਂ ਦੇ ਸਨਮੁੱਖ ਕੀਤਾ ਹੈ, ਜਿਸ ਨਾਲ ਬਹੁਤ ਸਾਰੇ ਆਜ਼ਾਦੀ ਦੇ ਪ੍ਰਵਾਨਿਆਂ ਦੇ ਦਿਲਾਂ ਵਿੱਚ ਕੁਰਬਾਨੀਆਂ ਦੇਣ ਦੀ ਚਿੰਗਿਆੜੀ ਮੱਘ ਉੱਠੀ। ਨਾਲ ਦੀ ਨਾਲ ਉਸ ਨੇ ਬ੍ਰਿਟਿਸ਼ ਸਰਕਾਰ ਦੀ ਪ੍ਰੈੱਸ ਪਾਲਿਸੀ ਜੋ ਇਨਕਲਾਬੀ ਸਾਹਿਤ ਨੂੰ ਲੋਕਾਂ ਵਿੱਚ ਜਾਣ ਤੋਂ ਰੋਕ ਲਾਉਂਦੀ ਸੀ, ਨੂੰ ਵੀ ਨੰਗਿਆਂ ਕੀਤਾ ਹੈ। ਬ੍ਰਿਟਿਸ਼ ਸਰਕਾਰ ਦੀ ਪ੍ਰੈੱਸ ਪਾਲਿਸੀ ਤੇ ਪ੍ਰੈੱਸ ਦੇ ਸਮੁੱਚੇ ਇਤਿਹਾਸ ਨੂੰ ਪੇਸ਼ ਕਰਨ ਦਾ ਇੱਕ ਵੱਖਰਾ ਵਿਸ਼ਾ ਹੈ। ਪ੍ਰੰਤੂ ਉਸ ਨੇ ਇਸ ਦੀ ਵਿਸ਼ਾਲਤਾ ਨੂੰ ਕਲਾਤਮਕ ਢੰਗ ਨਾਲ ਸੰਖੇਪ ਤੇ ਭਾਵਪੂਰਤ ਸ਼ਬਦਾਂ ਵਿੱਚ ਪੇਸ਼ ਕਰ ਦਿੱਤਾ ਹੈ। ਮੇਰੇ iਖ਼ਆਲ ਅਨੁਸਾਰ ਜੇਕਰ ਮੈਂ ਗ਼ਲਤ ਨਾ ਹੋਵਾਂ ਤਾਂ ਪੰਜਾਬੋਂ ਬਾਹਰ ਬੈਠੇ ਲੇਖਕਾਂ ਵਿੱਚ ਗਿ. ਕੇਸਰ ਸਿੰਘ ਦਾ ਗ਼ਦਰ ਲਹਿਰ ਤੇ ਗ਼ਦਰੀਆਂ ਦੀਆਂ ਕੁਰਬਾਨੀਆਂ ਬਾਰੇ ਕਾਰਜ ਲਾਸਾਨੀ ਹੈ। ਜੋਗਿੰਦਰ ਸ਼ਮਸ਼ੇਰ ਨੇ ‘1919 ਦਾ ਪੰਜਾਬ’ ਪੁਸਤਕ ਲਿਖ ਕੇ ਉਸ ਸਮੇਂ ਦੀਆਂ ਸਮਕਾਲੀ ਰਾਜਨੀਤਕ ਪਰਸਥਿਤੀਆਂ ਨੂੰ ਸਾਹਮਣੇ ਲਿਆ ਕੇ ਵਧੀਆ ਕਾਰਜ ਕੀਤਾ ਹੈ। ਪ੍ਰੀਤਮ ਸਿੰਘ ਕੈਂਬੋ ਦਾ ਆਪਣੇ ਥੀਸਜ਼ ਰਾਹੀਂ ਕੀਤਾ ਗਿਆ ਕੰਮ ਵੀ ਬਹੁਤ ਮਹੱਤਵਪੂਰਨ ਸਥਾਨ ਰੱਖਦਾ ਹੈ। ਇਸ ਲਈ ਪ੍ਰੀਤਮ ਸਿੰਘ ਵਧਾਈ ਦਾ ਪਾਤਰ ਹੈ।

ਪ੍ਰੀਤਮ ਸਿੰਘ ਇੱਕ ਸਫ਼ਲ ਖੋਜਕਾਰ ਅਤੇ ਆਲੋਚਕ ਹੀ ਨਹੀਂ, ਉਹ ਨਿੱਠ ਕੇ ਕੰਮ ਕਰਨ ਵਾਲਾ ਸੰਪਾਦਕ ਵੀ ਹੈ। ਆਮ ਤੌਰ ਤੇ ਸੰਪਾਦਨਾ ਦਾ ਕੰਮ ਬਹੁਤ ਸਰਲ ਤੇ ਸੌਖਾ ਲੱਗਦਾ ਹੈ, ਪਰ ਇਹ ਬਹੁਤ ਔਖਾ ਤੇ ਸਿਰੜਤਾ ਨਾਲ ਸਿਰੇ ਚੜ੍ਹਦਾ ਹੈ। ਪ੍ਰੀਤਮ ਸਿੰਘ ਨੇ ਸਹਿ-ਸੰਪਾਦਨਾ ਵੀ ਕੀਤੀ ਹੈ, ਜਿਸ ਦੇ ਸਿੱਟੇ ਵਜੋਂ ‘ਇੰਟਰਨੈਸ਼ਨਲ ਪੰਜਾਬੀ ਸਾਹਿਤ’ ਨਾਮੀ ਪੁਸਤਕ ਸਾਹਮਣੇ ਆਈ। ਉਨ੍ਹਾਂ ਦੇ ਨਾਲ ਗਿ. ਮੱਖਣ ਸਿੰਘ ਮ੍ਰਿਗਿੰਦ ਅਤੇ ਬਲਬੀਰ ਸਿੰਘ ਕੰਵਲ ਹੋਰੀਂ ਇਸ ਕਾਰਜ ਵਿੱਚ ਭਾਗੀਦਾਰ ਸਨ। ਨਿੱਜੀ ਤੌਰ ਤੇ ਉਸ ਨੇ ਗਿ. ਮੱਖਣ ਸਿੰਘ ਮ੍ਰਿਗਿੰਦ ਅਭਿਨੰਦਨ ਗ੍ਰੰਥ, ਹਰਦੇਵ ਸਿੰਘ ਢੇਸੀ ਰਚਨਾਵਲੀ ਅਤੇ ‘ਪ੍ਰੋ. ਪ੍ਰੀਤਮ ਸਿੰਘ ਜੀਵਨ ਤੇ ਰਚਨਾ’ ਵਰਗੇ ਵੱਡ ਅਕਾਰੀ ਗ੍ਰੰਥ ਨੂੰ ਸੰਪੰਨ ਕੀਤਾ ਹੈ। ਇਸ ਗ੍ਰੰਥ ਦੀ ਮਹਾਨਤਾ ਇਹ ਹੈ ਕਿ ਇਸ ਵਿੱਚ ਲਗ ਭਗ ਪੰਜਾਬੀ ਸਾਹਿਤ ਦੇ 75 ਪ੍ਰਸਿੱਧ ਤੇ ਸਿਰਮੌਰ ਲੇਖਕਾਂ ਨੇ ਮਹੱਤਵਪੂਰਨ ਵਿਸ਼ਿਆਂ ਬਾਰੇ ਲਿਖ ਕੇ ਵਿਸ਼ਾਲ ਤੇ ਬਹੁਮੁੱਲੇ ਸਾਹਿਤ ਨੂੰ ਸੰਚਿਤ ਕਰ ਦਿੱਤਾ ਹੈ ਅਤੇ ਪ੍ਰੋ. ਪ੍ਰੀਤਮ ਸਿੰਘ ਜੀ ਦੇ ਜੀਵਨ ਦੇ ਅਨੇਕਾਂ ਪੱਖਾਂ ਨੂੰ ਖੋਲ੍ਹਦਿਆਂ ਉਨ੍ਹਾਂ ਦੀ ਸਾਹਿਤਕ ਸ਼ਖ਼ਸੀਅਤ ਨੂੰ ਵੀ ਰੋਸ਼ਨ ਕਰ ਦਿੱਤਾ ਹੈ। ਇੱਥੇ ਹੀ ਬੱਸ ਨਹੀਂ, ਪ੍ਰੀਤਮ ਸਿੰਘ ਕੈਂਬੋ ਨੇ ਗਿਆਰਾਂ ਵਿਦਵਾਨਾਂ ਅਤੇ ਸਮਰੱਥ ਲੇਖਕਾਂ ਨਾਲ ਮੁਲਾਕਾਤਾਂ ਕਰਕੇ ‘ਸਿਰਜਣਾ ਤੇ ਸੰਵਾਦ’ ਨਾਮ ਦੀ ਕਿਤਾਬ ਵੀ ਪੰਜਾਬੀ ਸਾਹਿਤ ਦੀ ਝੋਲੀ ਪਾਈ ਹੈ, ਜੋ ਇੱਕ ਬਹੁਤ ਹੀ ਮਹਾਨ ਕਾਰਜ ਹੈ। ਇਸ ਤੋਂ ਕੈਂਬੋ ਹੋਰਾਂ ਦੇ ਵਿਸ਼ਾਲ ਅਧਿਐਨ ਦਾ ਪਤਾ ਲੱਗਦਾ ਹੈ। ਇਸ ਕਿਤਾਬ ਦੇ ਪੜ੍ਹਨ ਤੋਂ ਪਤਾ ਲੱਗਦਾ ਹੈ ਕਿ ਪੰਜਾਬ, ਪੰਜਾਬੀ ਸੱਭਿਆਚਾਰ, ਪੰਜਾਬੀ ਭਾਸ਼ਾ, ਸਿੱਖ ਧਾਰਮਿਕ ਸਾਹਿਤ ਅਤੇ ਪੱਤਰਕਾਰੀ ਆਦਿ ਵਿਸ਼ਿਆਂ ਤੇ ਚਰਚਾ ਕਰਕੇ ਲੇਖਕ ਨੇ ਪੁਸਤਕ ਵਿੱਚ ਅੰਕਿਤ ਸ਼ਖ਼ਸੀਅਤਾਂ ਨੂੰ ਕਿਸ ਤਰ੍ਹਾਂ ਕੁਰੇਦ ਕੇ ਉਨ੍ਹਾਂ ਦੀਆਂ ਰਚਨਾਵਾਂ ਵਿੱਚੋਂ ਅਨੇਕਾਂ ਬਹੁਭਿੰਨੇ ਤੱਥਾਂ ਤੇ ਤੰਦਾਂ ਨੂੰ ਉਜਾਗਰ ਕੀਤਾ ਹੈ। ਡਾ. ਪ੍ਰੀਤਮ ਸਿੰਘ ਕੈਂਬੋ ਦੀਆਂ ਪ੍ਰਾਪਤੀਆਂ ਨੂੰ ਮੁੱਖ ਰੱਖ ਕੇ ‘ਭਾਸ਼ਾ ਵਿਭਾਗ ਪੰਜਾਬ’ ਨੇ 2004 ਵਿੱਚ ਵਿਦੇਸ਼ੀ ਪੁਰਸਕਾਰ ਨਾਲ ਸਨਮਾਨਿਆ ਹੈ। 2005 ਵਿੱਚ ਪੰਜਾਬੀ ਸੱਥ ਦੀ ਯੂਰਪੀਅਨ ਇਕਾਈ ਨੇ ਵੀ ਐਵਾਰਡ ਨਾਲ ਸਨਮਾਨਤ ਕੀਤਾ ਹੈ। ਇੰਟਰਨੈਸ਼ਨਲ ਪੰਜਾਬੀ ਸਾਹਿਤ ਸਭਾ ਯੂ. ਕੇ. ਨੇ ਤਾਂ ਪਹਿਲੋਂ ਹੀ ਕੈਂਬੋ ਜੀ ਨੂੰ ਮਾਣ ਸਨਮਾਨ ਬਖਸ਼ ਦਿੱਤਾ ਸੀ।

ਪ੍ਰੀਤਮ ਸਿੰਘ ਕੈਂਬੋ ਇੱਕ ਮਿੱਠ ਬੋਲੜਾ, ਨੇਕ ਦਿਲ, ਮਿਹਨਤੀ, ਸਿਰੜੀ, ਸੁਹਿਰਦ ਅਤੇ ਬਹੁਤ ਹੀ ਮਿਲਣਸਾਰ ਇਨਸਾਨ ਹੈ। ਉਸ ਦੀਆਂ ਜੀਵਨ ਪਰਤਾਂ ਨੂੰ ਫਰੋਲਦਿਆਂ ਪਤਾ ਲੱਗਦਾ ਹੈ ਕਿ ਕਿਵੇਂ ਉਸ ਨੇ ਇੱਕ ਸਾਧਾਰਨ ਪਰਿਵਾਰ ਵਿੱਚੋਂ ਉੱਠ ਕੇ ਜ਼ਿੰਦਗੀ ਦੀਆਂ ਮੰਜ਼ਲਾਂ ਨੂੰ ਛੋਹਿਆ, ਜੋ ਦੂਜੇ ਲੋਕਾਂ ਲਈ ਇੱਕ ਮਾਰਗ ਦਰਸ਼ਨ ਹੈ। ਉਹ ਇੱਕ ਸੈੱਲਫ ਮੇਡ ਸ਼ਖ਼ਸੀਅਤ ਹੈ, ਜਿਸ ਨੂੰ ਅਧਿਐਨ ਕਰਨ ਦੀ ਬੇਹੱਦ ਭੁੱਖ ਹੈ। ਉਸ ਕੋਲ ਬੇਅੰਤ ਪੁਸਤਕਾਂ ਦਾ ਭੰਡਾਰ ਹੈ। ਭਾਵੇਂ ਉਹ ਅਤੇ ਉਸ ਦਾ ਪਰਿਵਾਰ ਇੰਗਲੈਂਡ ਵਿੱਚ ਪੂਰੀ ਤਰ੍ਹਾਂ ਸੈੱਟਲ ਹੈ, ਪਰ ਉਹ ਆਪਣੀ ਜੰਮਣ-ਭੌਂ ਨਾਲ ਜੁੜਿਆ ਹੋਇਆ ਇੱਕ ਸੰਵੇਦਨਸ਼ੀਲ ਇਨਸਾਨ ਹੈ। ਤਕਰੀਬਨ ਹਰ ਸਾਲ ਆਪਣੇ ਪਿੰਡ ਜਾ ਕੇ ਸਾਹਿਤਕ ਮਹਿਫਲਾਂ ਸਜਾਉਂਦਾ ਹੈ, ਅਤੇ ਹੋਰ ਨਿਕਟਵਰਤੀ ਲੇਖਕਾਂ ਨਾਲ ਮਿਲਣ ਦਾ ਸੁਭਾਗ ਪ੍ਰਾਪਤ ਕਰਦਾ ਰਿਹਾ ਹੈ। ਉਸ ਦਾ ਸਾਹਿਤਕਾਰਾਂ ਨੂੰ ਮਿਲਣਾ ਸਾਬਤ ਕਰਦਾ ਹੈ ਕਿ ਉਸ ਦੇ ਮਨ ਵਿੱਚ ਦੂਜੇ ਲੇਖਕਾਂ ਪ੍ਰਤੀ ਅਥਾਹ ਪਿਆਰ ਤੇ ਸਤਿਕਾਰ ਹੈ। ਉਹ ਹਰ ਸਾਲ ਆਪਣੇ ਪਿੰਡ ਤਿੰਨ ਕੁ ਮਹੀਨੇ ਬਿਤਾ ਆਉਂਦਾ ਹੈ। ਉਸ ਨੇ ਦੋਹੀਂ ਥਾਈਂ ਪੁਸਤਕਾਂ ਦਾ ਬੜਾ ਵੱਡਾ ਭੰਡਾਰ ਕਾਇਮ ਕਰ ਰੱਖਿਆ ਹੈ, ਜਿਸ ਵਿੱਚ ਲਗ ਭਗ ਹਰ ਸਾਹਿਤਕ ਵਿਸ਼ੇ ਤੇ ਕਿਤਾਬਾਂ ਉਪਲਭਦ ਹਨ। ਕਿਤਾਬਾਂ ਨਾਲ ਪਿਆਰ ਦੀ ਗੱਲ ਇਸ ਤਰ੍ਹਾਂ ਹੈ ਕਿ ਜਿਸ ਤਰ੍ਹਾਂ ਇੱਕ ਸੂਮ ਬੰਦਾ ਪੈਸੇ ਨੂੰ ਇਕੱਠੇ ਕਰਦਾ ਨਹੀਂ ਰੱਜਦਾ, ਇਸੇ ਤਰ੍ਹਾਂ ਪ੍ਰੀਤਮ ਸਿੰਘ ਕਿਤਾਬਾਂ ਇਕੱਠੀਆਂ ਕਰਦਾ ਨਹੀਂ ਰੱਜਦਾ। ਪੰਜਾਬੀ ਭਾਸ਼ਾ ਅਤੇ ਪੰਜਾਬੀ ਸਾਹਿਤ ਲਈ ਉਸ ਦੇ ਮਨ ਵਿੱਚ ਅਥਾਹ ਸ਼ਰਧਾ ਤੇ ਪਿਆਰ ਹੈ। ਇੱਥੇ ਹੀ ਬੱਸ ਨਹੀਂ, ਉਸ ਨੂੰ ਉਰਦੂ ਸਾਹਿਤ ਨਾਲ ਵੀ ਬੇਹੱਦ ਲਗਾਉ ਹੈ। ਡਾ. ਇਕਬਾਲ, ਮਿਰਜ਼ਾ ਗਾਲਿਬ, ਸਾਹਿਰ ਲੁਧਿਆਣਵੀ, ਉਸਤਾਦ ਜ਼ੌਕ ਆਦਿ ਤੋਂ ਇਲਾਵਾ ਹੋਰ ਉਰਦੂ ਲੇਖਕਾਂ ਦੇ ਸ਼ਿਅਰ ਸ਼ੌਕ ਨਾਲ ਪੜ੍ਹਦਾ ਰਹਿੰਦਾ ਹੈ ਅਤੇ ਉਰਦੂ ਸਾਹਿਤ ਦੀਆਂ ਬੇਅੰਤ ਪੁਸਤਕਾਂ ਵੀ ਉਸ ਦੀ ਲਾਇਬਰੇਰੀ ਦਾ ਸ਼ਿੰਗਾਰ ਹਨ।

ਉਹ ਇਸ ਗੱਲ ਦਾ ਦੁੱਖ ਪ੍ਰਗਟ ਕਰਦਾ ਹੈ ਕਿ ਬਰਤਾਨੀਆਂ ਵਿੱਚ ਵਸੀਆਂ ਪਹਿਲੀਆਂ ਪੀੜ੍ਹੀਆਂ ਅਗਲੀਆਂ ਪੀੜ੍ਹੀਆਂ ਵਿੱਚ ਪੰਜਾਬੀ ਪ੍ਰਤੀ ਲੋੜੀਂਦਾ ਉਤਸ਼ਾਹ ਪੈਦਾ ਨਹੀਂ ਕਰ ਸਕੀਆਂ, ਜਿਸ ਕਰਕੇ ਨਵੇਂ ਬੱਚੇ ਪੰਜਾਬੀ ਨਾਲੋਂ ਹੌਲ਼ੀ ਹੌਲ਼ੀ ਟੁੱਟ ਰਹੇ ਹਨ। ਉਸ ਦਾ ਕਹਿਣਾ ਹੈ ਕਿ ਮੈਂ ਫੇਰ ਵੀ ਨਿਰਾਸ਼ਾਵਾਦੀ ਨਹੀਂ, ਕਿਉਂਕਿ ਪੰਜਾਬੀ ਲੋਕ ਇਸ ਗੱਲ ਨੂੰ ਭਲੀ ਭਾਂਤ ਜਾਣਦੇ ਹਨ ਕਿ ਜਿਸ ਕੌਮ ਦੀ ਭਾਸ਼ਾ ਮਰ ਜਾਵੇ, ਉਹ ਕੌਮ ਬਹੁਤ ਚਿਰ ਜਿਉਂਦੀ ਅਤੇ ਆਜ਼ਾਦ ਨਹੀਂ ਰਹਿ ਸਕਦੀ। ਪੰਜਾਬੀ ਕੌਮ ਜਿਉਂਦੀ ਜਾਗਦੀ ਕੌਮ ਹੈ, ਇਸ ਲਈ ਇਹ ਆਪਣੇ ਫ਼ਰਜ਼ ਤੋਂ ਅਵੇਸਲੀ ਨਹੀਂ ਹੋਵੇਗੀ। ਉਸ ਦਾ ਕਹਿਣਾ ਹੈ ਕਿ ਸਾਨੂੰ ਆਪਣੇ ਘਰਾਂ ਵਿੱਚ ਪੰਜਾਬੀ ਬੋਲਦੇ ਰਹਿਣਾ ਚਾਹੀਦਾ ਹੈ ਅਤੇ ਬੱਚਿਆਂ ਨੂੰ ਉਤਸ਼ਾਹਿਤ ਕਰਦੇ ਰਹਿਣਾ ਚਾਹੀਦਾ ਤਾਂ ਕਿ ਸਾਡੀ ਅਮੀਰ ਭਾਸ਼ਾ ਆਪਣਾ ਰੁਤਬਾ ਕਾਇਮ ਰੱਖ ਸਕੇ। ਲੇਖਕ ਵੱਲੋਂ ਡਾ. ਪ੍ਰੀਤਮ ਸਿੰਘ ਕੈਂਬੋ ਨਾਲ ਕੀਤੀ ਮੁਲਾਕਾਤ ਦੇ ਅੰਸ਼ ਪਾਠਕਾਂ ਨਾਲ ਸਾਂਝੀ ਕਰਨ ਦੀ ਖੁਸ਼ੀ ਲੈ ਰਹੇ ਹਾਂ।

ਬਾਲ-ਮਨ ਤੇ ਅਸਰ

? ਕੈਂਬੋ ਜੀ ਅਪਣੇ ਜਨਮ, ਤੇ ਪਰਿਵਾਰਕ ਪਿਛੋਕੜ ਬਾਰੇ ਦੱਸੋ? ਤੁਹਾਡਾ ਬਚਪਨ ਕਿਹੋ ਜਿਹਾ ਸੀ। ਨਾਲ ਹੀ ਆਪਣੇ ਮਾਤਾ ਪਿਤਾ, ਭੈਣਾਂ, ਭਰਾਵਾਂ ਬਾਰੇ ਵੀ ਕੁਝ ਦੱਸੋ? ਆਪਣੇ ਬਚਪਨ ਦੀ ਕੋਈ ਯਾਦ ਵਿਸਥਾਰ ਨਾਲ ਸਾਂਝੀ ਕਰਨਾ ਚਾਹੋਗੇ?

– ਸਤਨਾਮ ਸਿੰਘ ਜੀ, ਮੇਰਾ ਜਨਮ 15 ਸਤੰਬਰ, 1939 ਨੂੰ ਪਿੰਡ ਭੁੱਲਾਰਾਈ (ਫ਼ਗਵਾੜਾ) ਵਿਖੇ ਹੋਇਆ। ਮਾਤਾ ਜੀ ਦਾ ਨਾਮ ਸ੍ਰਦਾਰਨੀ ਰਤਨ ਕੋਰ ਅਤੇ ਪਿਤਾ ਦਾ ਨਾਮ ਸ੍ਰ. ਕਿਸ਼ਨ ਸਿੰਘ ਹੈ। ਦੋਵੇਂ ਹੀ ਇਸ ਸੰਸਾਰ ਤੋਂ ਵਿਦਾ ਹੋ ਗਏ ਹਨ। ਤੁਸੀਂ ਬਚਪਨ ਨੂੰ ਵਿਸਤਾਰ ਸਹਿਤ ਜਾਨਣ ਦੀ ਅਭਿਲਾਸ਼ਾ ਪ੍ਰਗਟ ਕੀਤੀ ਹੈ। ਬਚਪਨ ਜ਼ਿੰਦਗੀ ਦਾ ਉਹ ਹਿੱਸਾ ਹੈ ਜਿਸ ਵਿੱਚ ਜੀਵਨ ਦੀਆਂ ਹੋਣ ਵਾਲੀਆਂ ਘਟਨਾਵਾਂ ਵਿੱਚ ਇਸ ਦਾ ਅਸਰ ਪੈਂਦਾ ਹੈ। ਬਚਪਨ ਵਿੱਚ ਬੱਚੇ ਦਾ ਮਨ ਕੋਮਲ ਹੁੰਦਾ ਹੈ। ਕੋਮਲ ਹਿਰਦੇ ਤੇ ਪਏ ਪ੍ਰਭਾਵ ਜ਼ਿੰਦਗੀ ਤੇ ਗਹਿਰਾ ਪ੍ਰਭਾਵ ਛੱਡਦੇ ਹਨ। ਬਚਪਨ ਦਾ ਸਮਾਂ ਮੇਰਾ ਜਰਜਰੀ ਹਾਲਤ ਵਾਲਾ ਸੀ। ਪਹਿਲਾਂ ਥੋੜਾ ਜਿਹਾ ਹਿੱਸਾ ਚੰਗੇਰਾ ਰਿਹਾ, ਜਦੋਂ ਮੇਰੇ ਬਾਬਾ ਜੀ ਜਿਉਂਦੇ ਸਨ। ਬਾਅਦ ਵਿੱਚ ਉਹਨਾਂ ਦੇ ਚਲੇ ਜਾਣ ਤੋਂ ਬਾਅਦ ਜ਼ਿੰਦਗੀ ਘੋਰ ਨਿਰਾਸ਼ਤਾ ਵਾਲੀ ਬਣ ਗਈ। ਕਮਜ਼ੋਰ ਆਰਥਿਕਤਾ ਦੇ ਕਈ ਕਾਰਣ ਹੁੰਦੇ ਹਨ। ਪਰ ਮੇਰਾ ਕੇਸ ਅਜੀਬ ਜਿਹਾ ਸੀ। ਮੇਰੇ ਪਿਤਾ ਜੀ ਬੇਪਰਵਾਹ ਕਿਸਮ ਦੇ ਮਨੁੱਖ ਸਨ। ਕੰਮ-ਕਾਰ ਵੱਲੋਂ ਅਵੇਸਲੇ ਰਹਿਣਾ ਹੀ ਉਨ੍ਹਾਂ ਦਾ ਸੁਭਾਅ ਸੀ। ਮੇਰਾ ਭਾਵ ਉਨ੍ਹਾਂ ਦੇ ਅਕਸ ਨੂੰ ਵਿਗਾੜਣ ਦਾ ਹਰਗਿਜ਼ ਨਹੀਂ। ਉਹ ਬਹੁਤ ਹੀ ਨੇਕ ਤੇ ਸ਼ਰੀਫ ਇਨਸਾਨ ਸਨ। ਪਰ ਇਹ ਪੱਖ ਉਨ੍ਹਾਂ ਦਾ ਨਿਵੇਕਲਾ ਹੀ ਸੀ। ਮਾਤਾ ਜੀ ਉਪਰ ਹੀ ਸਭ ਕੁਝ ਨਿਰਭਰ ਕਰਦਾ ਸੀ। ਉਹ ਬੜੇ ਹੀ ਮਿਹਨਤੀ ਸੁਭਾਅ ਵਾਲੇ, ਅਣਥਕ ਕਾਮੇ ਤੇ ਘਰ ਦੀ ਹਰ ਪ੍ਰਕਾਰ ਦੀ ਜ਼ਿੰਮੇਵਾਰੀ ਨਿਭਾਉਣ ਵਾਲੇ ਸਨ। ਉਹ ਕਹਿੰਦੇ ਸਨ ਕਿ ਮੈਂ ਪੜ੍ਹੀ ਲਿਖੀ ਨਹੀਂ। ਘਰਦਿਆਂ ਨੇ ਪਤਾ ਨਹੀਂ ਕਿਉਂ ਨਹੀਂ ਪੜ੍ਹਾਇਆ! ਨਹੀਂ ਤਾਂ ਮੈਂ ਤੈਨੂੰ ਇਸ ਤਰ੍ਹਾਂ ਦੀ ਤੰਗੀ ਦੇਖਣ ਹੀ ਨਹੀਂ ਸੀ ਦੇਣੀ।

ਮੈਂ ਯਾਦ ਕਰਦਾ ਹਾਂ ਉਸ ਸਮੇਂ ਦੇ ਹਾਲਾਤ ਮੂਜਬ ਉਹ ਘਰ ਦੇ ਹਰ ਕੰਮ ਵਿੱਚ ਪ੍ਰਬੀਨ ਸਨ। ਭੋਜਨ ਆਦਿਕ ਬਣਾਉਣ ਵਿੱਚ ਪੂਰਨ ਮਾਹਿਰ, ਆਏ ਗਏ ਦੀ ਸੇਵਾ ਕਰਨ ਵਾਲੇ। ਪ੍ਰਾਹੁਣਿਆਂ ਦੇ ਆਉਣ ਤੇ ਉਨ੍ਹਾਂ ਵੱਲੋਂ ਨਿਭਾਏ ਫ਼ਰਜ਼ਾਂ ਤੋਂ ਪਤਾ ਲੱਗਦਾ ਸੀ ਕਿ ਉਹ ਘਰ ਪ੍ਰਤੀ ਕਿੰਨੇ ਸੁਹਿਰਦ ਸਨ ਤੇ ਅਣਥਕਤਾ ਦੇ ਮੁਜੱਸਮਾ ਸਨ। ਕਿਹੜਾ ਕੰਮ ਸੀ ਜੋ ਉਹ ਨਹੀਂ ਸੀ ਜਾਣਦੇ! ਚਰਖਾ ਬਗੈਰਾ ਕੱਤਣਾ, ਸੂਤ ਆਦਿ ਕੱਤ ਕੇ ਖ਼ੇਸੀਆਂ ਆਦਿ ਬਣਾਉਣੀਆਂ, ਦਰੀਆਂ ਬੁਣਨਾ, ਸਵੈਟਰ ਬੁਣਨੇ, ਕਰੋਸ਼ੀਏ ਆਦਿ ਦੇ ਕੰਮ ਕਰਨੇ ਅਤੇ ਰਜਾਈਆਂ ਆਦਿ ਨਗੰਦਣੀਆਂ, ਭਾਵ ਹਰ ਤਰ੍ਹਾਂ ਦੇ ਹੁਨਰੀ ਤੇ ਗੈਰ-ਹੁਨਰੀ ਕੰਮ ਕਰਦੇ ਸਨ। ਪਰ ਉਨ੍ਹਾਂ ਦੇ ਮੁਤਾਬਕ ਇਹ ਕੰਮ ਨਹੀਂ ਸਨ, ਭਾਵ ਇਹ ਸੀ ਕਿ ਸਿਲਾਈ ਬਗੈਰਾ ਨਹੀਂ ਸਿੱਖ ਸਕੇ ਜਿਸ ਦੇ ਵਜੋਂ ਉਹ ਚਾਰ ਪੈਸੇ ਕਮਾ ਸਕਦੇ। ਅਨਪੜ੍ਹਤਾ ਤੇ ਸਕਿਲਡ ਕੰਮ ਨਾ ਸਿੱਖਣ ਦਾ ਉਨ੍ਹਾਂ ਨੂੰ ਝੋਰਾ ਸੀ। ਖ਼ੈਰ ਜਿਸ ਤਰ੍ਹਾਂ ਵੀ ਸੀ, ਘਰ ਦਾ ਨਿਰਬਾਹ ਚਲਦਾ ਰਿਹਾ। ਮੇਰੀਆਂ ਤਿੰਨ ਭੈਣਾਂ ਤੇ ਇੱਕ ਭਰਾ ਬਚਪਨ ਵਿੱਚ ਹੀ ਜਲਦੀ ਜਲਦੀ ਬਚਪਨ ਵਿਚ ਹੀ ਗੁਜ਼ਰਦੇ ਗਏ। ਮੇਰੇ ਤੋਂ ਛੋਟਾ ਮੇਰਾ ਅਖ਼ੀਰਲਾ ਭਰਾ ਵਿਆਹਿਆ ਵਰਿ੍ਹਆ ਜਵਾਨੀ ਦੀ ਉਮਰ ਵਿੱਚ ਪਤਨੀ ਤੇ ਦੋ ਬੱਚਿਆਂ ਨੂੰ ਛੱਡ ਕੇ ਚਲ ਵੱਸਿਆ)। ਘਰ ਵਿੱਚ ਗ਼ਰੀਬੀ, ਦੂਜੇ ਘਰ ਵਿੱਚ ਸੁੰਨਾ ਜਿਹਾ ਮਾਹੌਲ, ਭੈਣਾਂ-ਭਰਾਵਾਂ ਦੇ ਵਿਛੋੜੇ ਨਾਲ ਇਕੱਲਤਾ ਦੀਆਂ ਸੂਈਆਂ ਚੁੱਭਦੀਆਂ ਰਹੀਆਂ, ਜਿਸ ਨਾਲ ਮਨ ਵਿੱਚ ਸੋਚਾਂ ਦਾ ਜਮ ਘਟਾ ਹੀ ਬਣਿਆ ਰਹਿੰਦਾ। ਮਾਂ ਬਾਪ ਪਿਆਰ ਤਾਂ ਬਹੁਤ ਕਰਦੇ ਸਨ, ਪਰ ਉਹ ਗ਼ਰੀਬੀ ਤੇ ਘੋਰ ਨਿਰਾਸ਼ਤਾ ਵਾਲੀ ਹਾਲਤ ਦਾ ਕੀ ਕਰਦੇ! ਜਦੋਂ ਇਹੋ ਜਿਹੀ ਹਾਲਤ ਹੋਵੇ ਤਾਂ ਰਿਸ਼ਤੇਦਾਰ ਤੇ ਹੋਰ ਨੇੜਲੇ ਸੰਗੀ ਸਾਥੀ ਵੀ ਸਾਥ ਨਹੀਂ ਦਿੰਦੇ। ਪਰ ਇਸ ਸਭ ਕੁਝ ਦੇ ਬਾਵਜੂਦ ਮੇਰੇ ਹਿਰਦੇ ਵਿੱਚ ਆਪਣੇ ਮਾਪਿਆਂ ਪ੍ਰਤੀ ਸਦਭਾਵਨਾ ਤੇ ਸ਼ੁਕਰਗੁਜ਼ਾਰੀ ਦੇ ਭਾਵ ਡੂੰਘੀ ਤਰ੍ਹਾਂ ਰਮੇ ਹੋਏ ਹਨ।

? ਹਰ ਇੱਕ ਵਿਅਕਤੀ ਦਾ ਬਚਪਨ ਜ਼ਿੰਦਗੀ ਦੀ ਅਮੀਰੀ ਦਾ ਖ਼ਜ਼ਾਨਾ ਹੁੰਦਾ ਹੈ। ਉਹ ਇਸ ਖ਼ਜ਼ਾਨੇ ਦੀ ਪਟਾਰੀ ਹਮੇਸ਼ਾਂ ਆਪਣੇ ਨਾਲ ਰੱਖਦਾ ਹੈ। ਉਸ ਪਟਾਰੀ ਵਿੱਚੋਂ ਬਚਪਨ ਦੇ ਆਪਣੇ ਕਿਸੇ ਗੂੜ੍ਹੇ ਮਿੱਤਰ/ਦੋਸਤ ਦੀ ਕੋਈ ਯਾਦ ਸਾਂਝੀ ਕਰਨੀ ਚਾਹੋਗੇ ?

– ਢਾਅ ਜੀ, ਆਪ ਜੀ ਦਾ ਪ੍ਰਸ਼ਨ ਬੜਾ ਸੁਆਦਲਾ ਹੈ ਕਿਉਂਕਿ ਕਿਸੇ ਵੀ ਮਨੁੱਖ ਦਾ ਬਚਪਨ ਅਮੀਰ ਵਿਰਸੇ ਨਾਲ ਭਰਪੂਰ ਹੁੰਦਾ ਹੈ। ਇਸ ਸਮੇਂ ਵਾਪਰੀਆਂ ਘਟਨਾਵਾਂ ‘ਚੋਂ ਜ਼ਿੰਦਗੀ ਦਾ ਭਵਿੱਖ ਉੱਸਰਦਾ ਹੈ। ਇਸ ਦੌਰ ਵਿੱਚ ਭਾਵ ਬਚਪਨ ਵਿੱਚ ਆਪਣੇ ਸਾਥੀਆਂ ਨਾਲ ਪ੍ਰੇਮ ਵਿਕਸਦਾ ਹੈ ਅਤੇ ਕੁਝ ਰੂਹ ਨਾਲ ਭਰਪੂਰ ਗੂੜ੍ਹੇ ਰਿਸ਼ਤੇ ਬਣ ਜਾਂਦੇ ਹਨ ਜਿਨ੍ਹਾਂ ਦਾ ਜ਼ਿੰਦਗੀ ਵਿੱਚ ਬੜਾ ਅਹਿਮ ਰੋਲ ਹੋ ਨਿਬੜਦਾ ਹੈ। ਨਾਲ ਨਾਲ ਦੂਜੇ ਸਾਥੀਆਂ ਨਾਲ ਵੀ ਨਿਭੀ ਤੁਰੀ ਜਾਂਦੀ ਹੈ। ਫਿਰ ਕੁਝ ਸਮਾਂ ਟੱਪ ਕੇ ਹੋਰਾਂ ਨਾਲ ਵੀ ਮੋਹ ਬਣ ਜਾਂਦਾ ਹੈ। ਜੋ ਜਵਾਨੀ ਦੀ ਦਹਿਲੀਜ਼ ਤੱਕ ਪੁੱਜਦਿਆਂ ਭਵਿੱਖਤ ਜ਼ਿੰਦਗੀ ਦਾ ਹਿੱਸਾ ਵੀ ਬਣ ਜਾਂਦੇ ਹਨ। ਕੁਝ ਬਿਖ਼ਰ ਜਾਂਦੇ ਹਨ, ਕੁਝ ਉਮਰ ਦਾ ਸਾਥ ਛੱਡ ਜਾਂਦੇ ਹਨ। ਕੁਝ ਹੀ ਅਖ਼ੀਰਲੇ ਸਫ਼ਰ ਤੱਕ ਰਹਿ ਜਾਂਦੇ ਹਨ। ਬਿਖਰੇ ਹੋਏ ਦੋਸਤ ਜਦ ਕਦੇ ਜੀਵਨ ਦੇ ਕਿਸੇ ਪੜਾਅ ਤੇ ਮਿਲਦੇ ਹਨ, ਉਹ ਅਤਿਅੰਤ ਖੁਸ਼ੀ ਤੇ ਖੇੜਾ ਪ੍ਰਦਾਨ ਕਰਦੇ ਹਨ। ਤੁਸੀਂ ਇਹ ਪੁੱਛਿਆ ਹੈ ਕਿ ਬਚਪਨ ਦੀ ਐਸੀ ਘਟਨਾ ਜਿਸ ਨੇ ਅੱਗੇ ਜੀਵਨ ਵਿੱਚ ਪ੍ਰਭਾਵ ਪਾਇਆ ਹੋਵੇ। ਬਚਪਨ ਵਿੱਚ ਮੇਰਾ ਇੱਕ ਦੋਸਤ ਸੀ, ਸੋਹਣ ਸਿੰਘ, ਜਿਸ ਨੇ ਮੇਰੇ ਵਿਚਲੀ ਸਾਹਿਤਕ ਚਿਣਗ ਨੂੰ ਮਘਾਉਣ ਵਿੱਚ ਉੇਤੇਜਨਾ ਪੈਦਾ ਕੀਤੀ। ਉਸ ਦੇ ਪ੍ਰਭਾਵ ਵਜੋਂ ਮੈਂ ਵੀ ਕੁਝ ਕਵਿਤਾਵਾਂ ਲਿਖੀਆਂ, ਪਰ ਇਹ ਗੀਤ-ਨੁਮਾ ਕਵਿਤਾਵਾਂ ਸਨ। ਪਰ ਬਹੁਤਾ ਚਿਰ ਇਹ ਸਥਿਤੀ ਕਾਇਮ ਨਾ ਰਹੀ। ਪ੍ਰੰਤੂ ਸਾਹਿਤ ਦੀ ਚੇਤਨਾ ਲਈ ਇਹ ਉਤੇਜਨਾ ਮਹੱਤਵਪੂਰਨ ਹੋ ਨਿਬੜੀ। ਇਹ ਨਿੱਕੀਆਂ ਨਿੱਕੀਆਂ ਘਟਨਾਵਾਂ ਹੀ ਹੁੰਦੀਆਂ ਹਨ ਜੋ ਅੱਗੇ ਵਿਕਸ ਕੇ ਪੂਰੀ ਕਹਾਣੀ ਦਾ ਰੂਪ ਧਾਰ ਲੈਂਦੀਆਂ ਹਨ।
ਸਾਹਿਤਕ ਰੁਚੀਆਂ ਦਾ ਜਾਗ

? ਆਪ ਜੀ ਨੇ ਮੁੱਢਲੀ ਵਿੱਦਿਆ ਫੇਰ ਉਚੇਰੀ ਵਿੱਦਿਆ ਕਿੱਥੋਂ ਪ੍ਰਾਪਤ ਕਤੀ? ਸਾਹਿਤਕ ਰੁਚੀਆਂ ਕਿਵੇਂ ਜਾਗੀਆਂ? ਕੋਈ ਕੰਮ ਕਾਰ ਵੀ ਮਿiਲ਼ਆ?
– ਪ੍ਰਇਮਰੀ ਵਿੱਦਿਆ ਆਪਣੇ ਪਿੰਡ ਭੁੱਲਾਰਾਈ ਤੋਂ ਪ੍ਰਾਪਤ ਕੀਤੀ। ਫਿਰ ਮੈਟ੍ਰਿਕ ਦੀ ਪੜ੍ਹਾਈ ਰਾਮਗੜ੍ਹੀਆ ਸਕੂਲ ਫ਼ਗਵਾੜਾ ਤੋਂ ਹਾਸਲ ਕੀਤੀ। ਬਾਅਦ ਪ੍ਰਾਈਵੇਟਲੀ ਵਿਦਵਾਨੀ ਤੇ ਗਿਆਨੀ ਗਿ. ਤੇਰਾ ਸਿੰਘ ਚੰਨ ਦੇ ਕਾਲਜ ‘ਫੁਲਵਾੜੀ ਗਿਆਨੀ ਕਾਲਜ’ ਤੋਂ ਪ੍ਰਾਪਤ ਕੀਤੀ। ਇਹ ਤੇਰਾ ਸਿੰਘ ਚੰਨ ਹੋਰੀਂ ਉਹੀ ਹਨ ਜੋ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਜਨਰਲ ਸਕੱਤਰ ਦੇ ਤੌਰ ਤੇ ਸੇਵਾ ਨਿਭਾਉਂਦੇ ਰਹੇ ਹਨ ਅਤੇ ਉਹ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਚੰਨ ਹੋਰਾਂ ਬਾਰੇ ਮੇਰੇ ਮਨ ਵਿੱਚ ਬਹੁਤ ਹੀ ਆਦਰਾਨਾ ਭਾਵ ਸਮਾਏ ਹੋਏ ਹਨ। ਉਹ ਚੰਗੇ ਸਾਹਿਤਕਾਰ ਤੇ ਕੁਸ਼ਲ ਪ੍ਰਬੰਧਕ ਦੇ ਨਾਲ ਨਾਲ ਰਾਜਨੀਤਕ ਚੇਤਨਾ ਵਾਲੇ ਪੁਰਸ਼ ਸਨ। ਪਰ ਉਹ ਅਧਿਆਪਕ ਦੇ ਤੌਰ ਤੇ ਵੀ ਬਹੁਤ ਪ੍ਰਬੀਨ ਸਨ। ਉਹ ਬੜੀ ਰੂਹ ਨਾਲ ਤੇ ਭਾਵਪੂਰਤ ਸ਼ਿੱਦਤ ਨਾਲ ਪੜ੍ਹਾਉਂਦੇ ਸਨ। ਉਨ੍ਹਾਂ ਦੇ ਪੜ੍ਹਾਉਣ ਦੇ ਅੰਦਾਜ਼ ਵਿੱਚ ਇੱਕ ਵਿਸ਼ੇਸ਼ ਆਕਰਸ਼ਣ ਸੀ। ਉਹ ਆਪਣੇ ਵਿਦਿਆਰਥੀਆਂ ਨਾਲ ਪਿਆਰ ਵੀ ਬਹੁਤ ਕਰਦੇ ਸਨ। ਵਿਦਵਾਨੀ ਦੇ ਰੀਜ਼ਲਟ ਆ ਗਏ। ਮੈਨੂੰ ਉਨ੍ਹਾਂ ਸੁਨੇਹਾ ਭੇਜਿਆ ਕਿ ਮੈਨੂੰ ਆਪਣੀਆਂ 2/3 ਫੋਟੋ ਦਿਉ। ਮੈਂ ਹੈਰਾਨ ਸਾਂ, ਤੇ ਕਿਹਾ, ਕਾਹਦੇ ਲਈ,“ਕਹਿੰਦੇ ਤੂੰ, ਪੰਜਾਬ ‘ਚੋਂ ਸੈਕਿੰਡ ਆਇਆ ਹੈਂ”। (ਉਨ੍ਹਾਂ ਨੇ ਅਜੀਤ ਵਿੱਚ ਖ਼ਬਰ ਦੇ ਨਾਲ ਫੋਟੋ ਵੀ ਛਪਵਾਈ)। ਇੰਨਾ ਮਾਣ ਸੀ ਉਨ੍ਹਾਂ ਦਾ ਆਪਣੇ ਵਿਦਿਆਰਥੀ ਤੇ। ਐੱਫ. ਏ. ਕਰਨ ਤੋਂ ਬਾਅਦ ਬੀ. ਏ. ਤੱਕ ਪੁੱਜਣ ਲਈ ਘਰ ਮਿਹਨਤ ਕਰਨ ਦੇ ਨਾਲ ਨਾਲ ਪ੍ਰਾਈਵੇਟ ਤੌਰ ਤੇ ਫ਼ਗਵਾੜੇ ਦੇ ਪ੍ਰੋਫੈਸਰਾਂ ਤੇ ਈਵਨਿੰਗ ਕਾਲਜ ਜਲੰਧਰ ਤੋਂ ਜਿੱਥੇ ਉਨ੍ਹਾਂ ਦਿਨਾਂ ਵਿੱਚ ਪ੍ਰੋ. ਹਰਭਜਨ ਸਿੰਘ ਪ੍ਰਿੰਸ ਪੜ੍ਹਾਇਆ ਕਰਦੇ ਸਨ, ਤੋਂ ਤਾਲੀਮ ਹਾਸਲ ਕੀਤੀ। ਐੱਮ. ਏ. ਪੰਜਾਬੀ ਫਿਰ ਪ੍ਰਾਈਵੇਟ ਤੌਰ ਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਕੀਤੀ। ਇਸ ਸੰਬੰਧੀ ਮੈਂ ਪ੍ਰੋ. ਜਗਜੀਤ ਸਿੰਘ ਛਾਬੜਾ ਜੋ ਰਾਮਗੜ੍ਹੀਆ ਕਾਲਜ ਫ਼ਗਵਾੜਾ ਵਿੱਚ ਪੜ੍ਹਾਉਂਦੇ ਸਨ, ਤੋਂ ਟਿਊਸ਼ਨ ਦੇ ਤੌਰ ਤੇ ਪੜ੍ਹਾਈ ਹਾਸਲ ਕਰਦਾ ਰਿਹਾ ਹਾਂ। ਉਹ ਬੜੇ ਮਿਹਨਤੀ ਤੇ ਲਾਇਕ ਪ੍ਰੋਫੈਸਰ ਸਨ। ਉਨ੍ਹਾਂ ਦੀ ਬੌਧਿਕ ਪ੍ਰਤਿਭਾ ਤੋਂ ਵਿਦਿਆਰਥੀ ਕੀਲੇ ਜਾਂਦੇ ਸਨ। ਮੈਂ ਉਨ੍ਹਾਂ ਪਾਸੋਂ ਉਨ੍ਹਾਂ ਦੇ ਨਿਵਾਸ ਸਥਾਨ ਜਲੰਧਰ ਵਿਖੇ ਲੈਸਨ ਲੈਣ ਜਾਂਦਾ ਰਿਹਾ ਸਾਂ। ਕੁਝ ਚਿਰ ਮੈਂ ਉਨ੍ਹਾਂ ਤੋਂ ਟਿਊਸ਼ਨ ਸ਼ਿਮਲੇ ਜਾ ਕੇ ਵੀ ਪ੍ਰਾਪਤ ਕੀਤੀ ਕਿਉਂਕਿ ਉਹ ਉੱਥੇ ਪ੍ਰੋਫੈਸਰ ਜਾ ਲੱਗੇ ਸਨ। ਉਨ੍ਹਾਂ ਦੇ ਦੋਸਤ ਜਸਵੰਤ ਸਿੰਘ ਵਿਰਦੀ ਜੀ ਸਨ, ਜੋ ਮੇਰੇ ਦੋਸਤ ਹਰਦੇਵ ਸਿੰਘ ਚਾਨਾ ਦੇ ਫੁੱਫੜ ਜੀ ਸਨ, ਜਦੋਂ ਵੀ ਉਹ ਸਾਡੇ ਪਿੰਡ ਆਉਂਦੇ ਉਨ੍ਹਾਂ ਨਾਲ ਪੜ੍ਹਾਈ ਬਾਰੇ ਤੇ ਸਹਿਤਕ ਗੱਲਾਂ ਨੇ ਮੇਰੀ ਸਾਹਿਤਕ ਰੁਚੀ ਨੂੰ ਪ੍ਰਫੁਲਤ ਕੀਤਾ।

ਤੁਸੀਂ ਪੱਛਿਆ ਹੈ ਕਿ ਉਚੇਰੀ ਪੜ੍ਹਾਈ ਤੋਂ ਬਾਅਦ ਕੀ ਕੀ ਕੰਮ ਕੀਤੇ। ਇਹ ਮੈਂ ਦੱਸ ਦਿਆਂ ਕਿ ਪੀਐੱਚ. ਡੀ. ਕਰਨ ਦਾ ਜ਼ਿਕਰ ਅੱਗੇ ਜਾ ਕੇ ਕਰਾਂਗਾ। ਮੈਟ੍ਰਿਕ ਦੀ ਪੜ੍ਹਾਈ ਤੋਂ ਅੱਗੇ ਪੜ੍ਹਨ ਦਾ ਸੁਪਨਾ ਸੀ, ਪ੍ਰੰਤੂ ਘਰੇਲੂ ਹਾਲਤ ਜਰਜਰੀ ਹੋਣ ਕਰਕੇ ਸੁਪਨਾ ਅਧੂਰਾ ਰਹਿ ਗਿਆ। ਜਦੋਂ ਮਨ ਵਿੱਚ ਅੱਗੇ ਨਾ ਪੜ੍ਹਨ ਦਾ ਝੋਰਾ ਜਿਹਾ ਉੱਠਦਾ ਸੀ ਤੇ ਦਿਲ ਨੂੰ ਹਲੂਣਾ ਜਿਹਾ ਵੱਜਦਾ ਸੀ। ਦਿਲ ਵਹਿੰਦਾ ਜਾਂਦਾ ਸੀ। ਸਕੂਲੀ ਪੜ੍ਹਾਈ ਦੇ ਦਿਨਾਂ ਦੀ ਯਾਦ ਬਹੁਤ ਤੜਫਾਉਂਦੀ ਸੀ ਪਰ ਹਾਲਤ ਨਾਲ ਸਮਝੌਤਾ ਕਰਨ ਦਾ ਮਨ ਬਣਾ ਲਿਆ।

ਕੰਮ ਮਿਲਣ ਦਾ ਵੀ ਸਮਝੋ ਸਬੱਬ ਹੀ ਬਣ ਗਿਆ।‘ਜਿੱਥੇ ਚਾਹ, ਉੱਥੇ ਰਾਹ’ ਵਾਲੀ ਗੱਲ ਜ਼ਿੰਦਗੀ ਵਿੱਚ ਇਤਫਾਕਨ ਹੀ ਸਾਰਥਕ ਸਿੱਧ ਹੋ ਜਾਂਦੀ ਹੈ। ਫ਼ਗਵਾੜੇ ਮੇਰੇ ਇੱਕ ਕਲਾਸ-ਫੈਲੋ ਸੋਹਣ ਸਿੰਘ ਹੋਰਾਂ ਦੀ ਫ਼ੈਕਟਰੀ ਸੀ (ਉਹ ਅੱਜ ਕੱਲ੍ਹ ਦੁਨੀਆਂ ਵਿੱਚ ਨਹੀਂ ਹੈ) ਪਰ ਉਸ ਨੇ ਸਕੂਲ ਵਿੱਚ ਪੜ੍ਹਦਿਆਂ ਮੇਰੇ ਨਾਲ ਇਹ ਗੱਲ ਸਾਂਝੀ ਨਹੀਂ ਸੀ ਕੀਤੀ। ਉਸ ਦੀ ਫ਼ੈਕਟਰੀ ਵਿੱਚ ਬਤੌਰ ਸਟੋਰ ਕੀਪਰ-ਕੰਮ ਕਲਰਕ ਦੀ ਨੌਕਰੀ ਪ੍ਰਾਪਤ ਹੋ ਗਈ। ਉਸ ਵੇਲੇ ਭਾਵ 1957 ਵਿੱਚ ਸਿਰਫ਼ 50 ਰੁਪਏ ਮਹੀਨਾ ਨੌਕਰੀ ਸ਼ੁਰੂ ਕੀਤੀ ਸੀ। ਪ੍ਰੰਤੂ ਮੇਰੇ ਲਈ ਇਹ ਰਕਮ ਬੜੀ ਵੱਡੀ ਗੱਲ ਸੀ। ਇਹ ਵੱਡੀ ਉਪਲੱਬਧੀ ਸੀ। ਮੇਰੀ ਖੁਸ਼ੀ ਨਾਲੋਂ ਮੇਰੇ ਮਾਤਾ ਪਿਤਾ ਕਿਤੇ ਵੱਧ ਖੁਸ਼ ਹੋਏ ਸਨ। ਉਨ੍ਹਾਂ ਦੇ ਸੁਪਨਿਆਂ ਨੁੰ ਤਾਂ ਜਿਵੇਂ ਖੰਭ ਲੱਗ ਗਏ ਸਨ। ਇਹ ਨੌਕਰੀ ਮੈਂ ਲੱਗਪੱਗ ਦੋ ਕੁ ਸਾਲ ਕੀਤੀ ਸੀ ਕਿ ਮੈਨੂੰ ਸਰਕਾਰੀ ਨੌਕਰੀ ਪ੍ਰਾਪਤ ਹੋ ਗਈ, ਡਿਪਟੀ ਕਮਿਸ਼ਨਰ ਕਪੂਰਥਲਾ ਦੀ ਅਸਟੈਬਲਿਸ਼ਮੈਂਟ ਵਿੱਚ। ਇਹ ਵੀ ਇੱਕ ਕ੍ਰਿਸ਼ਮਾ ਵਾਪਰਿਆ ਸੀ ਮੇਰੇ ਨਾਲ। ਨੌਕਰੀਆਂ ਨਿਕਲੀਆਂ ਤੇ ਅਪਲਾਈ ਕੀਤਾ। ਲਿਖਤੀ ਤੇ ਜੁਬਾਨੀ ਇੰਟਰਵੀਊ ਪਾਸ ਕਰਕੇ ਸਫ਼ਲਤਾ ਮਿਲ ਗਈ। ਨਾ ਕੋਈ ਪੈਸਾ ਅਤੇ ਨਾ ਕੋਈ ਸਿਫਾਰਸ਼। ਕਿੰਨੇ ਅੱਛੇ ਦਿਨ ਸਨ! ਹਾਂ, ਡਾ. ਤਾਰਾ ਚੰਦ ਤੋਖੀ ਜੋ ਉਨ੍ਹਾਂ ਦਿਨਾਂ ਵਿੱਚ ਚੰਡੀਗੜ੍ਹ ਵਿੱਚ ਸਰਕਾਰੀ ਨੌਕਰੀ ਕਰਦੇ ਸਨ, ਉਨ੍ਹਾਂ ਨੇ ਮੈਨੂੰ ਪੰਜਾਬ ਸਰਵਿਸ ਸਲੈਕਸ਼ਨ ਬੋਰਡ ਦੇ ਇਮਤਿਹਾਨਾਂ ਬਾਰੇ ਇੱਕ ਕਿਤਾਬ ਖ਼ਰੀਦਣ ਲਈ ਕਿਹਾ ਸੀ, ਜੋ ਮੈਂ ਖ਼ਰੀਦ ਲਈ ਅਤੇ ਉਸ ਨੂੰ ਚੰਗੀ ਤਰ੍ਹਾਂ ਪੜ੍ਹ ਲਿਆ ਤੇ ਇਸ ਨੂੰ ਹਿਰਦੇ ਵਿੱਚ ਰਚਾ ਲਿਆ। ਮੈਂ ਸਾਰੀ ਉਮਰ ਉਨ੍ਹਾਂ ਦਾ ਰਿਣੀ ਰਿਹਾ ਹਾਂ। ਅੱਜ ਉਹ ਭਾਵੇਂ ਇਸ ਦੁਨੀਆਂ ਵਿੱਚ ਨਹੀਂ ਹਨ ਤਾਂ ਮੈਂ ਉਨ੍ਹਾਂ ਨੂੰ ਯਾਦ ਕਰਕੇ ਸ਼ੁਕਰਗੁਜ਼ਾਰੀ ਦੇ ਸ਼ਬਦ ਹਿਰਦੇ ਵਿੱਚ ਉਚਾਰਦਾ ਹਾਂ। ਉੱਘੇ ਕਹਾਣੀਕਾਰ ਜਸਵੰਤ ਸਿੰਘ ਵਿਰਦੀ ਹੋਰਾਂ ਦੀ ਪ੍ਰੇਰਨਾ ਦਾ ਕਾਫ਼ੀ ਹੱਥ ਹੈ।

? ਪ੍ਰੀਤਮ ਜੀ, ਫੇਰ ਤੁਹਾਡੇ ਅੰਦਰ ਬੈਠੇ ਲੇਖਕ ਨੇ ਤੁਹਾਨੂੰ ਕਦੋਂ ਕੁ ਕਾਗਜ਼ ਤੇ ਕਲਮ ਚੁੱਕਣ ਦਾ ਇਸ਼ਾਰਾ ਕੀਤਾ ਜਾਂ ਕਲਮ ਫੜਨ ਲਈ ਕਿਸੇ ਸ਼ਖ਼ਸੀਅਤ ਨੇ ਪ੍ਰਭਾਵਿਤ ਕੀਤਾ। ਬਹੁਤੇ ਲੇਖਕਾਂ ਵਾਂਗ ਕਵਿਤਾ ਤੋਂ ਸ਼ੁਰੂਆਤ ਕੀਤੀ ਜਾਂ ਵਾਰਤਕ ਤੋਂ?

Bartanvi Punjabi Kavta
ਬਰਤਾਨਵੀ ਪੰਜਾਬੀ ਕਵਿਤਾ (ਅਧਿਐਨ ਤੇ ਮੁਲਾਂਕਣ)

-ਸਾਹਿਤਕ ਰੁਚੀਆਂ ਵਾਲਿਆਂ ਦੇ ਹਿਰਦੇ ਵਿੱਚ ਸਾਹਿਤਕ ਕਣਾਂ ਦੀ ਪ੍ਰਵਿਰਤੀ ਕੁਦਰਤੀ ਹੁੰਦੀ ਹੈ। ਉਸ ਦਾ ਪ੍ਰਕਿਰਤੀ ਨਾਲ ਪਿਆਰ, ਸਮਾਜਕ ਅਤੇ ਆਲੇ ਦੁਆਲੇ ਦੀ ਘੋਖਣਾ, ਹਾਸਿਆਂ, ਖੁਸ਼ੀਆਂ ਤੇ ਗ਼ਮੀਆਂ ਵਿੱਚ ਰੁੱਝਣ ਨਾਲ ਇੱਕ ਉਮਾਹ ਜਿਹਾ ਉੱਠਦਾ ਹੈ। ਮੇਰੀ ਰੁਚੀ ਅੰਤਰਮੁਖਤਾ ਵਾਲੀ ਸੀ। ਕੁਝ ਨਾ ਕੁਝ ਸੋਚਦੇ ਰਹਿਣਾ ਤੇ ਮਨ ਵਿੱਚ ਚਿਤਵਦੇ ਰਹਿਣਾ। ਇਹ ਰੁਚੀ ਸਾਹਿਤਕ ਕਣਾਂ ਵਾਲੀ ਹੁੰਦੀ ਹੈ। ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਹੈ ਕਿ ਸਾਡਾ ਪਿਆਰਾ ਦੋਸਤ ਸੋਹਣ ਸਿੰਘ ਜੋ ਕਿ ਵਧੀਆ ਕਵਿਤਾ ਹੀ ਨਹੀਂ ਲਿਖਦਾ ਸੀ, ਉਹ ਗਾਉਂਦਾ ਵੀ ਬਹੁਤ ਮਿੱਠਾ ਤੇ ਸੁਰੀਲਾ ਸੀ। ਕੁਦਰਤ ਉਸ ਤੇ ਮਿਹਰਬਾਨ ਸੀ। ਸਕੂਲ ਦੇ ਪ੍ਰੋਗਰਾਮਾਂ ਵਿੱਚ ਅਕਸਰ ਉਹ ਹਿੱਸਾ ਲੈਂਦਾ ਹਹਿੰਦਾ ਸੀ। ਦਿਲਕਸ਼ ਅਵਾਜ਼ ਦੇ ਨਾਲ ਉਹਦੇ ਕਾਵਿ-ਬੋਲ ਵੀ ਤੋਲੇ ਨਾਪੇ ਤੇ ਇਕਸੁਰਤਾ ਵਿੱਚ ਬੱਝੇ ਹੁੰਦੇ ਸਨ। ਮੈਂ ਵੀ ਨਿੱਕੀਆਂ ਨਿੱਕੀਆਂ ਕਵਿਤਾਵਾਂ ਲਿਖਣ ਲੱਗ ਪਿਆ। ਜ਼ਿਆਦਾ ਤਰ ਛੋਟੇ ਛੋਟੇ ਗੀਤ ਤਰਜ਼ਾਂ ਤੇ ਅਧਾਰਤ ਲਿਖਣ ਦਾ ਇੱਕ ਝੱਲ ਜਿਹਾ ਉੱਠਦਾ ਸੀ। ਇਹ ਕਾਵਿ-ਗੀਤ ਮੈਂ ਆਪਣੇ ਦੋਸਤ ਸਰਵਣ ਦਾਸ ਵਿਰਦੀ (ਮੇਰੇ ਪਿੰਡ ਉਸ ਦੇ ਨਾਨਕੇ ਸਨ) ਨੂੰ ਸੈਰ ਕਰਨ ਜਾਣ ਸਮੇਂ ਸੁਣਾਇਆ ਕਰਦਾ ਸਾਂ। ਕਦੇ ਕਦੇ ਚਰਨ ਦਾਸ ਵੀ ਨਾਲ ਹੁੰਦਾ ਸੀ। ਮੈਨੂੰ ਉਹ ਬੜੀ ਹੱਲਾਸ਼ੇਰੀ ਦਿੰਦਾ ਸੀ।(ਵਿਰਦੀ ਹੋਰੀਂ ਸਰਕਾਰੀ ਨੌਕਰੀ ਵਿੱਚ ਉੱਚ ਪੱਧਰੀ ਪੁਜ਼ੀਸ਼ਨ ਤੇ ਪੁੱਜ ਗਏ ਸਨ)। ਪ੍ਰੰਤੂ ਇਹ ਕਾਵਿਕ ਮਾਹੌਲ ਅੱਗੇ ਤੁਰ ਨਾ ਸਕਿਆ। ਇਨ੍ਹਾਂ ਕਵਿਤਾਵਾਂ ਦੀ ਪ੍ਰਕਿਰਤੀ ਸਮਾਜਿਕਤਾ ਤੇ ਦੇਸ਼ ਪਿਆਰ ਨਾਲ ਸੰਬੰਧਿਤ ਸੀ। ਇੱਕ ਨਿੱਕੀ ਜਿਹੀ ਟੁਕੜੀ ਪੇਸ਼ ਕਰਦਾ ਹਾਂ ਜੋ ਅਜੇ ਤੱਕ ਯਾਦ ਹੈ ਜੋ ਅੱਠਵੀਂ ਵਿੱਚ ਪੜ੍ਹਦਿਆਂ ਲਿਖੀ ਸੀ:

“ਤਕੜੇ ਹੋ ਕੇ ਭਾਰਤ ਵਾਸੀ, ਇਨ੍ਹਾਂ ਬਿੱਲਿਆਂ ਨੂੰ ਸਮਝਉਣਾ ਏ
ਖੱਟ ਲਉ ਨਾਂ ਦੁਨੀਆਂ ਦੇ ਵਿੱਚੋਂ, ਨਾਂ ਪ੍ਰੀਤਮ ਚਮਕਉਣਾ ਏ”

ਕਾਵਿਕ ਪ੍ਰਵਿਰਤੀ ਭਾਵੇਂ ਨਿਰੰਤਰ ਨਾ ਤੁਰ ਸਕੀ ਪਰ ਜਦੋਂ ਵੀ ਮੇਰੇ ਹਿਰਦੇ ਵਿੱਚ ਕੋਈ ਉਬਾਲ ਉੱਠਿਆ, ਮੈਂ ਉਹਨੂੰ ਕਾਵਿਕਤਾ ਵਿੱਚ ਪਰੋਂਦਾ ਆ ਰਿਹਾ ਹਾਂ। ਪਹਿਲਾਂ ਤਾਂ ਸਰਕਾਰੀ ਨੌਕਰੀ ਕਰਕੇ ਤੇ ਕੰਮ ਦੇ ਬੋਝ ਕਰਕੇ ਮੈਂ ਸਾਹਿਤਕਤਾ ਤੋਂ ਟੁੱਟ ਜਿਹਾ ਗਿਆ ਸਾਂ, ਪ੍ਰੰਤੂ ਗਿਆਨੀ ਕਰਦਿਆਂ ਤੇ ਫਿਰ ਐੱਮ. ਏ. ਪੰਜਾਬੀ ਕਰਦਿਆਂ ਸਾਹਿਤਕ ਵਲਵਲਿਆਂ ਨੇ ਮੇਰੀ ਦੱਬ ਚੁੱਕੀ ਉਮੰਗ ਨੂੰ ਫਿਰ ਜਗਾ ਦਿੱਤਾ। ਮੈਂ ਕੁਝ ਕਹਾਣੀਆਂ ਲਿਖੀਆਂ ਜੋ ਮਾਸਟਰ ਤਾਰਾ ਸਿੰਘ ਜੀ ਦੀ ਅਖ਼ਬਾਰ ‘ਜਥੇਦਾਰ’ ਵਿੱਚ ਛਪ ਗਈਆਂ। ਇਹ ਪ੍ਰੋ. ਬਲਵੰਤ ਸਿੰਘ ਮਦਾਨ ਦੀ ਮਿਹਰਬਾਨੀ ਦਾ ਸਦਕਾ ਸੀ ਜੋ ਗੁਰੂ ਨਾਨਕ ਨਵ ਭਾਰਤ ਕਾਲਜ ਨਰੂੜ-ਪਾਂਛਟ ਵਿੱਚ ਵਾਈਸ ਪ੍ਰਿੰਸੀਪਲ ਸਨ ਤੇ ਮੈਂ ਲੈਕਚਰਾਰ ਦੇ ਤੌਰ ਤੇ ਪੜ੍ਹਾ ਰਿਹਾ ਸਾਂ। ਜਦੋਂ ਮੈਂ ਸਰਕਾਰੀ ਨੌਕਰੀ ਵਿੱਚ ਸਾਂ ਤਾਂ ਐੱਸ. ਡੀ. ਐੱਮ ਫ਼ਗਵਾੜਾ ਦੇ ਦਫ਼ਤਰ ਵਿੱਚ ਸਰਵਣ ਅਲਬੇਲਾ ਬੜਾ ਪਿਆਰਾ ਤੇ ਨਿੱਘਾ ਸ਼ਖਸ ਆਪਣੀਆਂ ਕਹਾਣੀਆਂ ਤੇ ਕਵਿਤਾਵਾਂ ਅਜੀਤ ਅਖ਼ਬਾਰ ਵਿੱਚ ਭੇਜਦਾ ਹੁੰਦਾ ਸੀ। ਮੈਂ ਵੀ ਆਪਣੀ ਲਿਖੀ ਕਹਾਣੀ ਸੁਣਾਈ। ਉਹ ਬੜਾ ਹੀ ਖੁਸ਼ ਹੋਇਆ। ਸੁਖਾਂਦਰੂ ਲਈ ਇਹ ਨਿੱਕੀਆਂ ਨਿੱਕੀਆਂ ਸ਼ਾਬਾਸ਼ੀਆਂ ਬਹੁਤ ਅਰਥ ਰੱਖਦੀਆਂ ਹਨ। ਮੈਂ ਉਦੋਂ ਇੱਕ ਰੁਬਾਈ ਲਿਖੀ ਜੋ ਮੈਂ ਅਲਬੇਲਾ ਜੀ ਨੂੰ ਸੁਣਾਈ ਤਾਂ ਉਸ ਨੇ ਮੈਨੂੰ ਅਜੀਤ ਨੂੰ ਭੇਜਣ ਲਈ ਪ੍ਰੇਰਿਤ ਕੀਤਾ। ਮੈਂ ਝਕ ਰਿਹਾ ਸਾਂ ਪਰ ਉਹ ਛਪ ਗਈ। ਲਉ ਰੁਬਾਈ ਦੇ ਦੋ ਲਫ਼ਜ਼ ਵੀ ਸੁਣ ਲਉ ਤਾਂ ਕਿ ਫਿਰ ਭੁੱਲ ਨਾ ਜਾਵਾਂ।

“ਯਾਦ ਸੱਜਨ ਜਦ ਤੇਰੀ ਆਈ
ਹੌਕਿਆਂ ਆਪਣਾ ਦਿਲ ਪਰਚਾਇਆ
ਹੰਝੂ ਰਲ ਕੇ ਕੱਠੇ ਬਹਿ ਗਏ
ਵਖਰਾ ਸ਼ੁਗਲ ਉਨ੍ਹਾਂ ਮਨਇਆ
ਪਰ ਕੀ ਬਣਿਆ ਪ੍ਰੀਤਮ ਦਿਲ ਨੂੰ
ਦਿਲ ਹੀ ਬੁੱਝੇ ਦਿਲ ਪ੍ਰੀਤਮ ਦਾ
ਗਮ ਦੇ ਹਉਕੇ ਰੱਜ ਕੇ ਪੀਤੇ
ਗੀਤ ਬ੍ਰਿਹੋਂ ਦਾ ਬਹਿ ਕੇ ਗਾਇਆ”।

ਨਿੱਕੀਆਂ ਨਿੱਕੀਆਂ ਗੀਤ-ਨੁਮਾ ਕਵਿਤਾਵਾਂ ਦਾ ਜ਼ਿਕਰ ਮੈਂ ਪਹਿਲਾ ਕੀਤਾ ਹੈ। ਪਰ ਇਹ ਰੁਬਾਈ ਸੀ ਜੋ ਪਹਿਲਾਂ ਕਿਸੇ ਪਰਚੇ ਵਿੱਚ ਛਪੀ। ਸਭ ਤੋਂ ਪਹਿਲਾਂ ਜਿਹੜੀ ਕਹਾਣੀ ਮੈਂ ਲਿਖੀ ਉਹ ਸੀ ‘ਸੱਧਰਾਂ ਦਾ ਖੂਨ’। ਇਹ ਕਹਾਣੀ ਵੀ ਮੈਂ ਅਲਬੇਲਾ ਨੂੰ ਹੀ ਸਭ ਤੋਂ ਪਹਿਲਾਂ ਸੁਣਾਈ ਸੀ ਜਿਸ ਨੇ ਇਸ ਨੂੰ ਚੰਗੀ ਕਹਾਣੀ ਕਹਿ ਕੇ ਆਪਣੀ ਹਾਮੀ ਭਰੀ। ਖ਼ਾਸ ਕਰਕੇ ਜਦੋਂ ਮੈਂ ਦੱਸਿਆ ਕਿ ਇਹ ਮੇਰੀ ਪਹਿਲੀ ਕਹਾਣੀ ਹੈ। ਇਹ ਕਹਾਣੀ ਮੈਂ ਇੰਗਲੈਂਡ ਆ ਕੇ ਵੀ ਛਪਵਾਈ ਸੀ ਤੇ ਇਹ ਛਪੀ ਸੀ ‘ਪੰਜਾਬ ਟਾਈਮਜ਼ ਇੰਟਰਨੈਸ਼ਨਲ’ ਵਿੱਚ ਤੇ ਸਾਲ ਅੰਦਾਜ਼ਨ 1971 ਹੋ ਸਕਦਾ ਹੈ। ਸੰਪਾਦਕ ਨੇ ਇਹ ਵੀ ਲਿਖਿਆ ਸੀ ਕਿ ਤੁਸੀਂ ਆਪਣੀ ਰਚਨਾ ਭੇਜਿਆ ਕਰੋ। ਭਾਵੇਂ ਇਹ ਨਿੱਕੀਆਂ ਨਿੱਕੀਆਂ ਪ੍ਰਾਪਤੀਆਂ ਹਨ ਪ੍ਰੰਤੂ ਉਦੋਂ ਅਜਿਹੀਆਂ ਘਟਨਾਵਾਂ ਨਾਲ ਤੁਹਾਨੂੰ ਹੁਲਾਰਾ ਮਿਲਦਾ ਸੀ ਤੇ ਤਸਕੀਨ ਵੀ।

ਅਧਿਆਪਨ ਅਤੇ ਪਰਵਾਸ ਉੱਡਾਰੀ

? ਹਾਂ ਕੈਂਬੋ ਜੀ, ਤੁਸੀਂ ਦੱਸ ਰਹੇ ਸੀ ਕਿ ਵਿੱਦਿਆ ਤੋਂ ਬਾਅਦ ਨਰੂੜ-ਪਾਂਛਟ ਕਾਲਜ (ਫ਼ਗਵਾੜਾ) ਵਿੱਚ ਲੈਕਚਰਾਰ ਦੇ ਤੌਰ ਤੇ ਕੰਮ ਮਿਲ ਗਿਆ ਸੀ। ਪਰ ਫੇਰ ਤੁਸੀਂ ਇੰਗਲੈਂਡ ਆਉਣ ਦਾ ਫ਼ੈਸਲਾ ਕਿਵੇਂ ਕੀਤਾ?

– ਭਾਰਤ ਤੋਂ ਇੰਗਲੈਂਡ ਆ ਕੇ ਸਥਾਪਿਤ ਹੋਣਾ ਨਿਰਸੰਦੇਹ ਬੜਾ ਹੀ ਕਠਨਾਈ ਭਰਪੂਰ ਸੀ। ਤੁਹਾਡੀ ਮਾਨਸਿਕਤਾ ਦੁਬਿਧਾ ਵਾਲੀ ਸਥਿਤੀ ਵਿੱਚ ਫਸ ਜਾਂਦੀ ਹੈ। ਸਭ ਤੋਂ ਪਹਿਲੀ ਗੱਲ ਇੰਗਲੈਂਡ ਵਿੱਚ ਪੜ੍ਹੇ ਲਿਖੇ ਹੁੰਦਿਆਂ ਵੀ ਅਨਪੜ੍ਹ ਸਮਾਨ ਹੀ ਹੋ ਜਾਂਦੇ ਹੋ ਕਿਉਂਕਿ ਇੱਥੇ ਦੀ ਅੰਗਰੇਜ਼ੀ ਭਾਸ਼ਾ ਨੂੰ ਆਪਣੇ ਅੰਦਰ ਰਚਾਉਣ ਲਈ ਕਾਫੀ ਸਮਾਂ ਦਰਕਾਰ ਹੈ। ਇਸੇ ਕਰਕੇ ਪੜ੍ਹੇ ਲਿਖੇ ਵਰਗ ਨੂੰ ਇੱਥੇ ਆ ਕੇ ਮਜ਼ਦੂਰੀ ਹੀ ਕਰਨੀ ਪਈ। ਮੈਂ ਵੀ ਪਹਿਲੋਂ ਇੱਥੇ ਆ ਕੇ ਫ਼ੈਕਟਰੀ ਵਿੱਚ ਹੀ ਕੰਮ ਕੀਤਾ ਹੈ। ਇਹ ਬੜੀ ਔਖੀ ਕਿਰਿਆ ਹੈ। ਇਹ ਇੱਕ ਐਸਾ ਦਰਦ ਹੈ ਜਿਸ ਨੂੰ ਤੁਸੀਂ ਭਾਰਤ ਵਿੱਚ ਕਿਸੇ ਨਾਲ ਚਿੱਠੀਆਂ ਵਿੱਚ ਸਾਂਝਾ ਨਹੀਂ ਸੀ ਕਰ ਸਕਦੇ ਕਿਉਂਕਿ ਭਾਰਤ ਵਿੱਚ ਤਾਂ ਵਲੈਤੀਏ ਦਾ ਸੰਕਲਪ ਰੰਗੀਨੀ ਵਾਲਾ ਹੈ। ਇਸ ਤਰ੍ਹਾਂ ਦੀ ਬੱਝੀ ਹਵਾ ਨੂੰ ਕੌਣ ਠੱਲ ਸਕਦਾ ਸੀ। ਰੁਚੀਆਂ ਦੇ ਬਿਪ੍ਰੀਤ ਕੰਮ ਕਰਨ ਲਈ ਮਜ਼ਬੂਰ ਹੋਣਾ ਤੇ ਮਾਨਸਿਕ ਪੱਧਰ ਦੇ ਸਮਾਨ-ਅੰਤਰ ਨਾ ਹੋਣਾ ਬੜਾ ਵੱਡਾ ਧੱਕਾ ਸੀ। ਬਾਹਰਲੀ ਦੁਨੀਆ ਵੀ ਨਸਲੀ ਭਿੰਨ ਭੇਦ ਵਾਲੀ ਸੀ। ਦੂਜੇ ਹਾਲਾਤ ਵੀ ਅਸਹਿਣਯੋਗ ਸਨ। ਕਈ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਸਨ। ਗੋਰੇ ਛੋਕਰੇ ਰਾਹ ਜਾਂਦਿਆਂ ਨੂੰ ਹੂਟਾਂ ਮਾਰਦੇ ਹੁੰਦੇ ਸਨ। ਬੱਚ ਬਚਾ ਕੇ ਲੰਘ ਜਾਈਦਾ ਸੀ। ਮਾਹੌਲ ਸੁਖਾਵਾਂ ਨਹੀਂ ਸੀ। ਵਾਪਰਦੀਆਂ ਘਟਨਾਵਾਂ ਵਿੱਚੋਂ ਇੱਕ ਰਲਦੀ ਮਿਲਦੀ ਘਟਨਾ ਦਾ ਜ਼ਿਕਰ ਮੇਰੀ ਕਹਾਣੀ ‘ਇੱਕ ਛਿੰਨ ਵੀ ਅਜ਼ਾਦ ਨਹੀਂ’ ਵਿੱਚੋਂ ਪਾਠਕ ਪੜ੍ਹ ਸਕਦੇ ਹਨ। ਪਰ ਅੱਜ ਦੀ ਸਥਿਤੀ ਪਹਿਲਿਆਂ ਵਾਲੀ ਨਹੀਂ ਰਹੀ। ਇਸ ਪਿੱਛੇ ਸਾਡੇ ਲੋਕਾਂ ਦੇ ਸੰਘਰਸ਼ ਦਾ ਹਿੱਸਾ ਵੀ ਹੈ ਤੇ ਗੋਰੇ ਲੋਕਾਂ ਵਿੱਚ ਆਈ ਮਾਨਸਿਕ ਪਰਿਵਰਤਨ ਦਾ ਵੀ। ਉਸ ਵੇਲੇ ਦੀਆਂ ਸਥਿਤੀਆਂ ਨੂੰ ਸਾਹਮਣੇ ਰੱਖ ਕੇ ਕਿਹਾ ਜਾ ਸਕਦਾ ਹੈ ਕਿ ਵਾਪਸ ਜਾਣ ਦਾ ਇਰਾਦਾ ਤਾਂ ਹਰ ਵੇਲੇ ਸਿਰ ਤੇ ਸਵਾਰ ਰਹਿੰਦਾ ਸੀ ਪਰ ਹਾਲਤਾਂ ਦੀ ਕੁੜਿੱਕੀ ਵਿੱਚ ਫਸਣ ਕਰਕੇ ਜਾਣਾ ਅਸੁਭਾਵਕ ਸੀ। ਮੇਰੇ ਕੇਸ ਵਿੱਚ ਗੱਲ ਕੁਝ ਹੋਰ ਵੀ ਸੀ। ਆਮ ਲੋਕ ਏਥੇ ਆ ਕੇ ਖੁਸ਼ੀ ਦੇ ਜੋਸ਼ ਵਿੱਚ ਭਰ ਜਾਂਦੇ ਸਨ ਪਰ ਮੈਂ ਆ ਕੇ ਰਾਜ਼ੀ ਹੀ ਨਹੀਂ ਸਾਂ। ਅਧਿਆਪਨ ਦੇ ਪੇਸ਼ੇ ਨਾਲ ਮੈਂ ਮਾਨਸਿਕ ਤੌਰ ਤੇ ਪ੍ਰਸੰਨਤਾ ਅਨੁਭਵ ਕਰ ਰਿਹਾ ਸਾਂ ਤੇ ਅੱਗੇ ਵਧਣ ਲਈ ਉਤਾਵਲਾ ਸਾਂ। ਮੈਂ ਕਾਲਜ ਦੀ ਅਧਿਆਪਨ ਦੀ ਜ਼ਿੰਦਗੀ ਨੂੰ ਮਾਨਸਿਕ ਸਰਸ਼ਾਰ ਵਾਲੀ ਸਮਝਦਾ ਸੀ ਪਤਨੀ ਦੇ ਮਾਤਾ ਪਿਤਾ ਯੂ. ਕੇ. ਵਿੱਚ ਸੈੱਟਲ ਸਨ, ਉਨ੍ਹਾਂ ਵੱਲੋਂ ਵਾਊਚਰ ਪ੍ਰਾਪਤੀ ਨਾਲ ਖੁਸ਼ੀ ਤੇ ਦੁਬਿਧਾ ਨਾਲੋਂ ਨਾਲ ਖੜੋ ਗਈਆਂ। ਇਸ ਲਈ ਨਾ ਚਾਹੁੰਦਿਆਂ ਵੀ ਇੰਗਲੈਂਡ ਦੀ ਧਰਤੀ ਤੇ ਪੁੱਜ ਗਿਆ ਤੇ ਵਲੈਤੀਆਂ ਦੀ ਲਿਸਟ ਵਿੱਚ ਸ਼ਾਮਲ ਹੋ ਗਿਆ, ਪਰ ਵਲੈਤੀਆ ਕਹਾਇਆ ਬਿਲਕੁਲ ਨਹੀਂ। ਇੱਕ ਗੱਲ ਮੈਂ ਹੁਣ ਸੋਚਦਾ ਹਾਂ ਕਿ ਔਖਿਆਂ ਸਮਿਆਂ ਵਿੱਚ ਜੇ ਮੈਂ ਥਿੜਕਿਆ ਸਾਂ ਤਾਂ ਇਹ ਨਾਕਾਰਾਤਮਕ ਸੋਚ ਸੀ। ਹਾਲਾਤਾਂ ਨਾਲ ਮੁਕਾਬਲਾ ਕਰਨਾ ਹੀ ਮਾਨਵੀ ਫ਼ਰਜ਼ ਹੈ।

? ਤੁਸੀਂ ਅਧਿਆਪਨ ਕਰਦੇ ਆਏ ਸੀ। ਕੀ ਇੱਥੇ ਆ ਕੇ ਉਹੀ ਕੰਮ ਸੌਖਾ ਮਿਲ ਗਿਆ ਸੀ ਜਾਂ ਫਿਰ ਹੋਰ ਪੰਜਾਬੀਆਂ ਵਾਂਗ ਪਹਿਲਾਂ ਜੱਦੋ-ਜਹਿਦ ਕਰਨੀ ਪਈ?

– ਢਾਅ ਜੀ, ਉਹੀ ਕੰਮ ਕਿਵੇਂ ਸੌਖਾ ਮਿਲ ਸਕਦਾ ਸੀ। ਜਿਵੇਂ ਮੈਂ ਪਹਿਲਾਂ ਦੱਸਿਆ ਹੈ ਕਿ ਇੱਥੇ ਆ ਕੇ ਪ੍ਰਸਥਿਤੀਆਂ ਦੇ ਅਨੁਕੂਲ ਹੀ ਢਲ਼ ਕੇ ਤੁਸੀਂ ਆਪਣੇ ਮਿਸ਼ਨ ਵੱਲ ਵਧ ਸਕਦੇ ਹੋ। ਹਾਂ, ਮੈਨੂੰ ਕੰਮ ਤਾਂ ਮਿਲ ਗਿਆ ਸੀ ਕਿਉਂਕਿ ਮੈਨੂੰ ਜਿਸ ਫ਼ੈਕਟਰੀ ‘ਚੋਂ ਵਾਊਚਰ ਪ੍ਰਾਪਤ ਹੋਇਆ ਸੀ, ਉੱਥੇ ਜਾ ਲੱਗਾ। ਪਰ ਮੈਨੂੰ ਤਾਂ ਮਸ਼ੀਨ ਦਾ ਸਕਿਲਡ ਕੰਮ ਆਉਂਦਾ ਹੀ ਨਹੀਂ ਸੀ। ਕਾਫੀ ਸੰਘਰਸ਼ ਤੋਂ ਬਾਅਦ ਗੁਜ਼ਾਰੇ ਮੁਤਾਬਕ ਕੰਮ ਸਿੱਖ ਲਿਆ ਤੇ ਦੂਜੇ ਪਰਵਾਸੀਆਂ ਵਾਂਗ ਮੈਂ ਵੀ ਰੇੜ੍ਹੇ ਪੈ ਗਿਆ। ਕੁਝ ਸਾਲਾਂ ਦੀ ਫ਼ੈਕਟਰੀ ਦੀ ਨੌਕਰੀ ਤੋਂ ਬਾਅਦ ਭਾਰਤ ਮੁੜ ਲੈਕਚਰਾਰੀ ਕਰਨ ਦਾ ਝੱਲ ਉੱਠਿਆ। ਮੈਂ ਮਾਨਸਿਕ ਤੌਰ ਤੇ ਅਸਥਿਰ ਹੋ ਗਿਆ ਸਾਂ। ਸੋਚਿਆ ਸ਼ਾਇਦ ਗੱਲ ਬਣ ਜਾਵੇ। ਪ੍ਰੰਤੂ ਭਾਰਤ ਵਿੱਚ ਕੁਝ ਸਾਲਾਂ ਬਾਅਦ ਸਥਿਤੀਆਂ ਬਿਲਕੁਲ ਬਦਲ ਗਈਆਂ ਸਨ। 14 ਮਹੀਨੇ ਰਹਿ ਕੇ ਫਿਰ ਇੰਗਲੈਂਡ ਆ ਵੱਸਿਆ। ਇਹ ਮੇਰੀ ਖੁਸ਼ਫਹਿਮੀ ਸੀ, ਜੋ ਸਫ਼ਲ ਨਹੀਂ ਸੀ ਹੋ ਸਕਦੀ। ਵਜਾਏ ਇਸ ਦੇ ਮੈਨੂੰ ਯੂ. ਕੇ. ਵਿੱਚ ਹੀ ਨਿਰੰਤਰ ਸੰਘਰਸ਼ੀਲ ਹੋਣ ਦੀ ਲੋੜ ਸੀ। ਪ੍ਰੰਤੂ ਜਦੋਂ ਤੁਸੀਂ ਢਹੀ ਮਾਨਸਿਕਤਾ ਦੇ ਮਗਰ ਲੱਗ ਜਾਂਦੇ ਹੋ ਤਾਂ ਉਧਰ ਨੂੰ ਹੀ ਤੁਰੀ ਜਾਂਦੇ ਹੋ। ਦੁਬਾਰਾ ਫਿਰ ਫ਼ੈਕਟਰੀ ਦੀ ਨੌਕਰੀ ਪੱਲੇ ਪੈ ਗਈ। ਪ੍ਰੰਤੂ ਜਦੋਂ ਤੁਸੀਂ ਘੋਰ ਨਿਰਾਸ਼ਤਾ ਦੇ ਬੱਦਲਾਂ ਵਿੱਚ ਘਿਰ ਜਾਂਦੇ ਹੋ ਤਾਂ ਕੋਈ ਨਾ ਕੋਈ ਕਿਰਨ ਵੀ ਦਿਸ ਪੈਂਦੀ ਹੈ। ਅਸੀਂ ਤਿੰਨ ਦੋਸਤ ਇਕੱਠੇ ਰਹਿੰਦੇ ਸਾਂ। ਮੇਰੇ ਦੋਸਤ ਬਿਸ਼ਨ ਦਾਸ ਵਰਮਾ ਦਾ ਭਰਾ ਆਇਆ ਤਾਂ ਉਸ ਨੇ ਸਰਸਰੀ ਹੀ ਮੇਰੀ ਪੜ੍ਹਾਈ ਆਦਿ ਦਾ ਜ਼ਿਕਰ ਛੇੜਿਆ ਤਾਂ ਮੈਂ ਆਪਣਾ ਹਿਰਦਾ ਸਪਾਟ ਖੋਲ੍ਹ ਦਿੱਤਾ। ਉਹ ਅਧਿਆਪਕ ਸੀ ਤੇ ਉਸ ਨੇ ਮੇਰੀ ਢੱਠੀ ਆਤਮਾ ਨੂੰ ਬੱਲ ਦਿੱਤਾ। ਦੋ ਹੋਰ ਦੋਸਤ ਵੀ ਮੇਰੇ ਹਮਦਰਦ ਬਣ ਗਏ। ਬਾਵਾ ਜੀ (ਪੂਰਾ ਨਾਮ ਯਾਦ ਨਹੀਂ) ਮੇਰੇ ਬੱਚਿਆਂ ਦੀ ਪੜ੍ਹਾਈ ਸੰਬੰਧੀ ਆਪਣੀ ਡਿਊਟੀ ਦੇ ਤੌਰ ਤੇ ਮੇਰੇ ਘਰ ਪੁੱਜੇ। ਉਨ੍ਹਾਂ ਨੇ ਮੇਰੀ ਸਥਿਤੀ ਨੂੰ ਭਾਂਪਦਿਆਂ ਮੈਨੂੰ ਪੰਜਾਬੀ ਟੀਚਰ ਲਈ ਅਪਲਾਈ ਕਰਨ ਲਈ ਸੁਝਾਅ ਦਿੱਤਾ। ਤੀਜੀ ਸ਼ਖਸੀਅਤ ਸੁਹਿਰਦ ਦੋਸਤ ਡਾ. ਗੁਰਦਿਆਲ ਸਿੰਘ ਰਾਏ ਹੋਰੀਂ ਹਨ ਜਿਨ੍ਹਾਂ ਨਾਲ ਮੇਰੀ ਮਿੱਤਰਤਾ ਇੰਟਰਨੈਸ਼ਨਲ ਪੰਜਾਬੀ ਸਾਹਿਤ ਸਭਾ ਦੇ ਗਠਨ ਸਮੇਂ ਬਣੀ ਸੀ। ਉਹ ਵੀ ਮੋਹਰੀਆਂ ਵਿੱਚੋਂ ਸਨ। ਉਨ੍ਹਾਂ ਨੇ ਅਧਿਆਪਨ ਦੀ ਨੌਕਰੀ ਪ੍ਰਾਪਤ ਕਰਨ ਲਈ ਕਈ ਨਿੱਗਰ ਸੁਝਾਅ ਦਿੱਤੇ। ਰਾਏ ਹੋਰਾਂ ਨਾਲ ਮੇਰੀ ਮਿੱਤਰਤਾ ਨਿਰੰਤਰ ਕਾਇਮ ਤੁਰੀ ਆ ਰਹੀ ਹੈ। ਇਸ ਸਿਲਸਲੇ ਵਿਚ ਸਵਰਗਵਾਸੀ ਨਿਰੰਜਨ ਸਿੰਘ ਨੂਰ ਹੋਰਾਂ ਦਾ ਯੋਗਦਾਨ ਵੀ ਘੱਟ ਨਹੀਂ ਸੀ। ਉਪਰੋਕਤ ਸ਼ਖ਼ਸੀਅਤਾਂ ਤੋਂ ਪ੍ਰੇਰਿਤ ਹੋ ਕੇ ਅਧਿਆਪਨ ਦੀ ਸੇਧੇ ਤੁਰ ਪਿਆ ਤੇ ਕਮਿਊਨਿਟੀ ਲੈਂਗੂਏਜਿਜ਼ ਡਿਪਲੋਮਾ ਹਾਸਲ ਕਰਕੇ ਮੈਂ ਅਧਿਆਪਨ ਵਾਲੇ ਪਾਸੇ ਆ ਗਿਆ। ਮੁਸ਼ਕਲਾਂ ਤਾਂ ਇਸ ਸਮੇਂ ਵੀ ਬੜੀਆਂ ਆਈਆਂ। ਪੰ੍ਰਤੂ ਜ਼ਿੰਦਗੀ ਪਹਿਲਾਂ ਨਾਲੋਂ ਸੌਖੀ ਹੋ ਗਈ।

ਬਰਤਨੀਆ ਵਿੱਚ ਪੰਜਾਬੀ ਸਾਹਿਤਕ ਸਿਰਜਣਾ

? ਕੈਂਬੋ ਜੀ, ਇੰਗਲੈਂਡ ਵਿੱਚ ਪੰਜਾਬੀ ਅੱਧੀ ਸਦੀ ਤੋਂ ਪਰਿਵਾਸ ਕਰਦੇ ਆ ਰਹੇ ਹਨ। ਬਰਤਾਨੀਆਂ ਵਿੱਚ ਕੁਝ ਪੰਜਾਬੀ 1962-63 ਤੋˆ ਪਹਿਲਾਂ ਵੀ ਆਏ ਹੋਣਗੇ। ਪਰ ਬਹੁਤੇ ਪੰਜਾਬੀ 1962-63 ਵਿੱਚ ਵਾਊਚਰ ਸਿਸਟਮ ਨਾਲ ਹੀ ਆਏ। ਬਰਤਾਨੀਆ ਵਿੱਚ ਪੰਜਾਬੀ ਸਾਹਿਤ ਦੀ ਸ਼ੁਰੂਆਤ ਉਦੋਂ ਹੀ ਮੰਨੀ ਜਾਂਦੀ ਹੈ। ਆਪ ਇਸ ਸਾਹਿਤ ਦੀ ਸਥਿਤੀ ਬਾਰੇ ਚਾਨਣਾ ਪਾਉਣ ਦਾ ਯਤਨ ਕਰੋਗੇ? ਇਸ ਸਾਹਿਤ ਦੇ ਮੁਲਾਂਕਣ ਬਾਰੇ ਤੁਹਾਡਾ ਕੀ ਯੋਗਦਾਨ ਹੈ?

– ਇਹ ਦਰੁਸਤ ਹੈ ਕਿ ਪੰਜਾਬੀ 1962-63 ਤੋਂ ਪਹਿਲੋਂ ਵੀ ਪੁੱਜ ਚੁੱਕੇ ਸਨ। ਪ੍ਰੰਤੂ ਵਧੇਰੇ ਗਿਣਤੀ ਵਿੱਚ ਵਿਸ਼ੇਸ਼ ਕਰਕੇ ਪੜ੍ਹਿਆ ਲਿਖਿਆ ਵਰਗ ਵਾਊਚਰ ਸਿਸਟਮ ਨਾਲ 1962-63 ਵਿੱਚ ਹੀ ਪੁੱਜਿਆ। ਜਿਨ੍ਹਾਂ ਵਿੱਚ ਉਹ ਲੇਖਕ ਵੀ ਸਨ ਜਿਹੜੇ ਪਹਿਲਾਂ ਹੀ ਭਾਰਤ ਵਿੱਚ ਲਿਖਦੇ ਰਹੇ ਸਨ। ਇੱਥੇ ਆ ਕੇ ਲਿਖਣ ਵਾਲਿਆਂ ਦੀ ਲਿਸਟ ਲੰਮੇਰੀ ਹੈ। ਉਨ੍ਹਾਂ ਨੇ ਲਗ ਭਗ ਹਰ ਵਿਧਾ ਵਿੱਚ ਚੋਖਾ ਸਾਹਿਤ ਰਚਿਆ ਹੈ। ਕੋਈ ਸਮਾਂ ਸੀ, ਬਰਤਾਨਵੀ ਪੰਜਾਬੀ ਸਾਹਿਤ ਪੂਰੀ ਚੜ੍ਹਤ ਵਿੱਚ ਸੀ। ਰਚਿਆ ਹੁਣ ਵੀ ਜਾ ਰਿਹਾ ਹੈ, ਪਰ ਉਹ ਚੜ੍ਹਤ ਨਹੀਂ ਰਹੀ। ਮੈਂ ਹਰ ਲੇਖਕ ਦਾ ਦਿਲੋਂ ਸਤਿਕਾਰ ਕਰਦਾ ਹਾਂ ਜਿਨ੍ਹਾਂ ਨੇ ਸੰਘਰਸ਼ੀਲਤਾ ਵਾਲਾ ਜੀਵਨ ਜੀ ਕੇ ਅਤੇ ਆਪਣੇ ਪਿਛੋਕੜ ਦਾ ਹੇਰਵਾ ਪਾਲ਼ਦਿਆਂ ਸਾਹਿਤ ਰਚਨਾ ਜਾਰੀ ਰੱਖੀ। ਪਹਿਲੇ ਭਾਵਿਕਤਾ ਦੇ ਦੌਰ ਵਿੱਚ ਕਵਿਤਾ ਨੇ ਜਨਮ ਲਿਆ। ਸਵਰਗਵਾਸੀ ਨਿਰੰਜਨ ਸਿੰਘ ਨੂਰ ਦਾ ਯੋਗਦਾਨ ਵੱਡ-ਅਕਾਰੀ ਰਚਨਾ ਵਾਲਾ ਸੀ। ਰਘਬੀਰ ਢੰਡ ਨੇ ਕਹਾਣੀ ਵਿੱਚ ਸੁਹਜ ਭਰਪੂਰ ਅਤੇ ਪ੍ਰਗਤੀਸ਼ੀਲਤਾ ਦਾ ਰੰਗ ਭਰਿਆ। ਤਰਸੇਮ ਨੀਲਗਿਰੀ ਨੇ ਸੰਜੀਦਗੀ ਨਾਲ ਕਹਾਣੀ ਦੀ ਸਿਰਜਣਾ ਕੀਤੀ। ਸਵਰਨ ਚੰਦਨ ਇੱਕ ਐਸਾ ਸਾਹਿਤਕਾਰ ਸੀ, ਜਿਸ ਨੇ ਨਿਰੰਤਰਤਾ ਸਹਿਤ ਗਲਪ ਸਾਹਿਤ ਦੇ ਨਾਲ ਆਲੋਚਨਾ ਵਿੱਚ ਨਿੱਗਰ ਯੋਗਦਾਨ ਪਾਇਆ ਹੈ। ਉਪਰੋਕਤ ਵਰਣਿਤ ਲੇਖਕਾਂ ਦੇ ਪੂਰਨਿਆਂ ਤੇ ਚਲਦਿਆਂ ਸਾਹਿਤਕਾਰਾਂ ਨੇ ਹਰ ਵਿਧਾ ਵਿੱਚ ਮੁੱਲਵਾਨ ਸਾਹਿਤ ਰਚਿਆ ਹੈ। ਮੈਂ ਆਪਣੀ ਪਹਿਲੀ ਆਲੋਚਨਾ ਪੁਸਤਕ ( ਬਰਤਾਨਵੀ ਪੰਜਾਬੀ ਸਾਹਿਤ ) ਵਿੱਚ ਬਰਤਾਨਵੀ ਪੰਜਾਬੀ ਵਾਰਤਕ ਅਤੇ ਗਲਪ ਸਾਹਿਤ ਦੇ ਨਿਸਚਤ ਜ਼ਿਕਰ ਦੇ ਇਲਾਵਾ ਕੁਝ ਪ੍ਰਮੁੱਖ ਕਾਵਿ ਰਚਨਾਵਾਂ ਬਾਰੇ ਸਮੀਖਿਆਤਮਕ ਵਿਚਾਰ ਪੇਸ਼ ਕੀਤੇ ਹਨ। ਦੂਜੀ ਪੁਸਤਕ (ਬਰਤਾਨਵੀ ਪੰਜਾਬੀ ਕਵਿਤਾ) ਵਿੱਚ ਬਰਤਾਨਵੀ ਪੰਜਾਬੀ ਕਵਿਤਾ ਉੱਪਰ ਸਮੁੱਚੀ ਦ੍ਰਿਸ਼ਟੀ ਪਾਉਂਦਿਆਂ ਕੁਝ ਲੇਖਾਂ ਤੋਂ ਇਲਾਵਾ 17 ਕਵੀਆਂ ਦੀ ਸਿਰਜਣਾਤਮਕ ਦੇਣ ਬਾਰੇ ਆਲੋਚਨਾਤਮਕ ਜ਼ਿਕਰ ਕੀਤਾ ਹੈ। ਤਿੰਨ ਨਵੀਆਂ ਪੁਸਤਕਾਂ ਤਿਆਰੀ ਅਧੀਨ ਹਨ ਜਿਨ੍ਹਾਂ ਵਿੱਚ ਗਲਪ, ਕਾਵਿ ਤੇ ਵਾਰਤਕ ਬਾਰੇ ਲੇਖ ਸ਼ਾਮਲ ਕੀਤੇ ਜਾ ਰਹੇ ਹਨ।

? ਕੈਂਬੋ ਸਾਹਿਬ, ਤੁਸੀਂ ਬਰਤਾਨਵੀ ਪੰਜਾਬੀ ਸਾਹਿਤ ਦੇ ਸੰਬੰਧ ਵਿੱਚ ਜਿਨ੍ਹਾਂ ਲੇਖਕਾਂ ਦਾ ਜ਼ਿਕਰ ਕੀਤਾ ਹੈ, ਉਨ੍ਹਾਂ ਵਿਚੋਂ ਤਾਂ ਸ਼ਾਇਦ ਬਹੁਤੇ ਇਸ ਸੰਸਾਰ ਤੋਂ ਵਿਦਾ ਹੋ ਗਏ ਹਨ। ਤੁਸੀਂ ਉਨ੍ਹਾਂ ਲੇਖਕਾਂ ਦਾ ਵੀ ਜ਼ਿਕਰ ਕਰੋਂਗੇ ਜਿਹੜੇ ਨਿਰੰਤਰ ਵੱਖੋ ਵੱਖਰੀਆਂ ਵਿਧਾਵਾਂ ਵਿੱਚ ਰਚਨਾ ਕਰ ਰਹੇ ਹਨ?

-ਹਾਂ ਠੀਕ ਹੈ। ਦੇਖੋ, ਕਵਿਤਾ ਵਿੱਚ ਜਗਤਾਰ ਢਾਅ, ਬਲਦੇਵ ਬਾਵਾ (ਹੁਣ ਕਨੇਡਾ ਵਿੱਚ), ਮੁਸ਼ਤਾਕ ਸਿੰਘ (ਕਵਿਤਾ ਤੇ ਗਜ਼ਲ), ਅਵਤਾਰ ਜੰਡਿਆਲਵੀ (ਸਵਰਗਵਾਸੀ), ਦਰਸ਼ਨ ਬੁਲੰਦਵੀ, ਜਸਵਿੰਦਰ ਮਾਨ, ਭੁਪਿੰਦਰ ਸੱਗੂ, ਸੁਰਿੰਦਰ ਸੀਹਰਾ ਅਤੇ ਗੁਰਚਰਨ ਸੱਗੂ (ਕਵਿਤਾ ਤੇ ਗ਼ਜ਼ਲ), ਬਲਿਹਾਰ ਸਿੰਘ ਰੰਧਾਵਾ, ਡਾ. ਮਹਿੰਦਰ ਗਿੱਲ ਅਤੇ ਗੁਰਨਾਮ ਢਿੱਲੋਂ ਹਨ ( ਗੁਰਨਾਮ ਢਿੱਲੋਂ ਹੁਰਾਂ ਨੇ ਕਾਵਿ ਰਚਨਾ ਦੇ ਨਾਲ ਆਲੋਚਨਾ ਵਿੱਚ ਵੀ ਹਿੱਸਾ ਪਾਇਆ ਹੈ)। ਪਰੰਪਰਾਗਤ ਕਾਵਿ ਵਿੱਚ ਸਰਵਣ ਸਿੰਘ ਅਮੋਲਕ (ਸਵਰਗਵਾਸੀ), ਰਣਜੀਤ ਸਿੰਘ ਰਾਣਾ, ਰਣਜੀਤ ਸਿੰਘ ਰਾਏ, ਦਲਜੀਤ ਸਿੰਘ ਉੱਪਲ ਅਤੇ ਗੁਰਦੇਵ ਸਿੰਘ ਮਠਾਰੂ ਨੇ ਨਿੱਗਰ ਹਿੱਸਾ ਪਾਇਆ ਹੈ। ਵਰਿੰਦਰ ਪਰਿਹਾਰ ਅਤੇ ਬਲਵਿੰਦਰ ਮਥਾਰੂ ਨੇ ਖੁੱਲ੍ਹੀ ਕਵਿਤਾ ਵਿੱਚ ਜ਼ਿਕਰਯੋਗ ਰਚਨਾ ਕੀਤੀ ਹੈ। ਵਾਰਤਕ ਵਿੱਚ ਪਹਿਲੋਂ ਪਹਿਲ ਸਾਥੀ ਲੁਧਿਆਣਵੀ ਤੇ ਰਣਜੀਤ ਧੀਰ ਹੋਰਾਂ ਨੇ ਮੁੱਲਵਾਨ ਕਾਰਜ ਕੀਤਾ ਹੈ ਅਤੇ ਉਹ ਨਿਰੰਤਰਤਾ ਨੂੰ ਕਾਇਮ ਰੱਖ ਰਹੇ ਹਨ। ਸਾਥੀ ਜੀ ਨੇ ਆਮ ਜਾਣਕਾਰੀ ਵਾਲੇ ਲੇਖਾਂ ਨੂੰ ਸਾਹਿਤਕ ਸ਼ੈਲੀ ਵਿੱਚ ਰਚ ਕੇ ਨਾਮਣਾ ਖੱਟਿਆ ਅਤੇ ਉਨ੍ਹਾਂ ਦਾ ਨਾਮ ਪ੍ਰੀਤਲੜੀ ਦੇ ਪਰਚੇ ਵਿੱਚ ਗੂੰਜਦਾ ਰਿਹਾ। ਰਣਜੀਤ ਧੀਰ ਜੀ ਬਹੁਪੱਖੀ ਗਿਆਨ ਨੂੰ ਤੇ ਪਰਵਾਸੀ ਜੀਵਨ ਦੀ ਵਰਤਮਾਨ ਸਥਿਤੀ ਨੂੰ ਸੰਜੀਦਗੀ ਨਾਲ ਤੇ ਸਰਲ ਸ਼ੈਲੀ ਵਿੱਚ ਚਾਨਣਾ ਪਾਉਂਦੇ ਹਨ। ਪ੍ਰੀਤਮ ਸਿੱਧੂ ਜੀ ਨੇ ਵਾਰਤਕ ਤੇ ਕਹਾਣੀ ਵਿੱਚ ਨਿਰੰਤਰਤਾ ਸਹਿਤ ਯੋਗਦਾਨ ਪਾਇਆ ਹੈ। ਬਲਬੀਰ ਸਿੰਘ ਕੰਵਲ ਨੇ ਸੱਭਿਆਚਾਰਕ ਤੇ ਸੰਗੀਤ ਦੀ ਦੁਨੀਆਂ ਬਾਰੇ ਪਾਠਕਾਂ ਨੂੰ ਰੌਚਿਕ ਸ਼ੈਲੀ ਵਿੱਚ ਜਾਣਕਾਰੀ ਪ੍ਰਦਾਨ ਕੀਤੀ ਹੈ। ਨਿਬੰਧਾਂ ਵਿੱਚ ਸ਼ਿਵਚਰਨ ਗਿੱਲ ਤੇ ਡਾ. ਗੁਰਦਿਆਲ ਸਿੰਘ ਰਾਏ ਹੋਰਾਂ ਨੇ ਖੁਬਸੂਰਤ ਰਚਨਾ ਕੀਤੀ ਹੈ। ਪੂਰਨ ਸਿੰਘ (ਲੰਡਨ) ਹੋਰਾਂ ਨੇ ਵਾਰਤਕ ਵਿੱਚ ਨਿਰੰਤਰ ਲਿਖਿਆ ਹੈ ਤੇ ਥੋੜੇ ਸਾਲਾਂ ਵਿੱਚ ਦਾਰਸ਼ਨਿਕ ਮਸਲਿਆਂ ਬਾਰੇ ਸ਼ਕਤੀਸ਼ਾਲੀ ਤੇ ਸੁਹਜ ਭਰਪੂਰ ਸ਼ੈਲੀ ਵਿੱਚ ਆਪਣੇ ਵਿਚਾਰਾਂ ਨੂੰ ਨਿਰੂਪਤ ਕੀਤਾ ਹੈ। ਕਹਾਣੀ ਵਿੱਚ ਹਰਜੀਤ ਅਟਵਾਲ, ਜਿਸ ਨੇ ਥੋੜੇ ਸਾਲਾਂ ਵਿੱਚ ਲਗ ਭਗ ਦੱਸ ਨਾਵਲ ਰਚ ਦਿੱਤੇ ਹਨ, ਗੁਰਨਾਮ ਗਿੱਲ, ਸ਼ਿਵਚਰਨ ਗਿੱਲ, ਡਾ. ਗੁਰਦਿਆਲ ਸਿੰਘ ਰਾਏ, ਸੰਤੋਖ ਧਾਲੀਵਾਲ, ਦਵਿੰਦਰ ਨੌਰਾ, ਅਵਤਾਰ ਸਾਦਿਕ, ਕੇ. ਸੀ. ਮੋਹਨ, ਡਾ. ਰਤਨ ਰੀਹਲ ਹੋਰਾਂ ਨੇ ਮਹੱਤਵਪੂਰਣ ਰੋਲ ਅਦਾ ਕੀਤਾ ਹੈ।

ਅਮੀਨ ਮਲਿਕ ਦਾ ਕਹਾਣੀ ਦੇ ਨਾਲ ਵਾਰਤਕ ਰਚਨਾ ਦਾ ਰੋਲ ਵੀ ਵਡਮੁੱਲਾ ਹੈ। ਸੁਰਜੀਤ ਸਿੰਘ ਕਾਲੜਾ (ਸਵਰਗੀ) ਨੇ ਕਹਾਣੀ ਤੇ ਵਾਰਤਕ ਵਿੱਚ ਵਿਸ਼ੇਸ਼ ਯੋਗਦਾਨ ਪਾਇਆ ਹੈ। ਖੋਜ ਤੇ ਸਭਿਆਚਾਰ ਦੇ ਖੇਤਰ ਵਿੱਚ ਡਾ. ਚੰਨਣ ਸਿੰਘ (ਸਵਰਗਵਾਸੀ) ਨੇ ਮੁੱਲਵਾਨ ਕੰਮ ਕੀਤਾ ਹੈ। ਨਾਵਲ ਖੇਤਰ ਵਿੱਚ ਦਰਸ਼ਨ ਧੀਰ, ਸ਼ਿਵਚਰਨ ਗਿੱਲ, ਗੁਰਨਾਮ ਗਿੱਲ, ਮਹਿੰਦਰ ਪਾਲ ਧਾਲੀਵਾਲ, ਹਰਿੰਦਰ ਸਿੰਘ ਬਜਾਜ (ਸਵਰਗਵਾਸੀ) ਤੇ ਪ੍ਰਕਾਸ਼ ਸੋਹਲ ਇਸ ਵਿਧਾ ਵਿੱਚ ਨਿਰੰਤਰ ਸਿਰਜਣਾ ਕਰ ਰਹੇ ਹਨ। ਬਹੁਪੱਖੀ ਲੇਖਿਕਾ ਕੈਲਾਸ਼ਪੁਰੀ ਨੇ ਨਾਵਲ, ਕਹਾਣੀ ਅਤੇ ਵਾਰਤਕ ਵਿੱਚ ਵਿਸ਼ੇਸ਼ ਯੋਗਦਾਨ ਪਾਇਆ ਹੈ। ਡਾ. ਹਰੀਸ਼ ਮਲਹੋਤਰਾ ਨੇ ਵਾਰਤਕ ਵਿੱਚ ਸਮਾਜਿਕ ਮਸਲਿਆਂ ਨੂੰ ਬਾਖੂਬੀ ਪੇਸ਼ ਕੀਤਾ ਹੈ। ਵੀਨਾ ਵਰਮਾ ਇੱਕ ਸਸ਼ੁਕਤ ਤੇ ਪ੍ਰਬੀਨ ਕਹਾਣੀ ਲੇਖਿਕਾ ਹੈ। ਸੁਰਜੀਤ ਕਲਪਨਾ ਨੇ ਸੁਹਜ ਭਰਪੂਰ ਸ਼ੈਲੀ ਵਿੱਚ ਕਹਾਣੀਆਂ ਦੀ ਰਚਨਾ ਕੀਤੀ ਹੈ। ਪਿਛਲੇ ਸਾਲਾਂ ਵਿੱਚ ਕਾਵਿ-ਵਿਧਾ ਦੀ ਪ੍ਰਸਿੱਧ ਵੰਨਗੀ ਗਜ਼ਲ ਵਿੱਚ ਕੁਝ ਲੇਖਕਾਂ ਨੇ ਨਿੱਠ ਕੇ ਸਿਰਜਣਾ ਕੀਤੀ ਹੈ। ਜਿਨ੍ਹਾਂ ਵਿੱਚ ਗੁਰਦਾਸ ਸਿੰਘ ਪਰਮਾਰ ਤੇ ਗੁਰਸ਼ਰਨ ਸਿੰਘ ਅਜੀਬ ਦੇ ਨਾਂ ਸ਼ਾਮਲ ਹਨ। ਉਪਰੋਕਤ ਕਵੀਆਂ ਵਿੱਚ ਲਗ ਭਗ ਹਰ ਕਵੀ ਨੇ ਗ਼ਜ਼ਲਾਂ ਵੀ ਲਿਖੀਆਂ ਹਨ।

ਆਲੋਚਨਾ ਵਿੱਚ ਰਘਬੀਰ ਢੰਡ, ਡਾ. ਚੰਦਨ ਦੇ ਨਾਲ ਹਰਬਖਸ਼ ਮਕਸੂਦਪੁਰੀ ਅਤੇ ਡਾ. ਦਵਿੰਦਰ ਕੋਰ ਤੇ ਡਾ. ਗੁਰਦਿਆਲ ਸਿੰਘ ਰਾਏ ਨੇ ਬਣਦਾ ਹਿੱਸਾ ਪਾਇਆ ਹੈ। ਢਾਅ ਜੀ, ਇਹ ਵੀ ਮੈਂ ਦੱਸ ਰਿਹਾ ਹਾਂ ਕਿ ਮੈਂ 10/15 ਸਾਲਾਂ ਤੋਂ ਸਾਹਿਤਕ ਸਰਗਰਮੀਆਂ ਵਿੱਚ ਲੋੜੀਂਦਾ ਹਿੱਸਾ ਨਹੀਂ ਲੈ ਸਕਿਆ। ਇਸ ਕਰਕੇ ਬਹੁਤ ਸਾਰੇ ਜ਼ਿਕਰਯੋਗ ਨਾਮ ਰਹਿ ਵੀ ਗਏ ਹੋਣਗੇ। ਨਵੇਂ ਉੱਭਰ ਰਹੇ ਚਿਹਰਿਆਂ ਵਿੱਚ ਰਾਜਿੰਦਰਜੀਤ ਦਾ ਬਤੌਰ ਕਵੀ ਦਾ ਨਾਮ ਹੈ। ਪਰਮਜੀਤ ਸਿੰਘ ਰਤਨਪਾਲ ਅੱਛੇ ਲੇਖ ਲਿਖ ਰਿਹਾ ਹੈ। ਹੋਰ ਵੀ ਜ਼ਰੂਰ ਨਾਮ ਹੋਣਗੇ, ਜਿਹੜੇ ਮੇਰੇ ਗਿਆਨ ਵਿੱਚ ਨਹੀਂ ਹਨ। ਬਾਕੀ ਮੈਂ ਆਪਣੀਆਂ ਪੁਸਤਕਾਂ ਵਿੱਚ ਪੂਰਨ ਕੋਸ਼ਿਸ਼ ਕਰਦਾ ਹਾਂ ਕਿ ਹਰ ਲੇਖਕ ਨੂੰ ਲੋੜੀਂਦਾ ਤੇ ਢੁਕਵਾਂ ਸਥਾਨ ਦਿੱਤਾ ਜਾਵੇ। ਬਰਤਾਨੀਆ ਵਿੱਚ ਕਾਫੀ ਕਾਰਜ ਹੋਇਆ ਹੈ ਤੇ ਉਪਰੋਕਤ ਦੱਸੇ ਨਾਮ ਪ੍ਰਸਿੱਧੀ ਪ੍ਰਾਪਤ ਲੇਖਕਾਂ ਬਾਰੇ ਹਨ। ਪੰਜਾਬੀ ਸਾਹਿਤ ਦੀ ਵੱਡੀ ਤਰਾਸਦੀ ਹੈ ਕਿ ਇਸ ਦੀ ਪੁਸ਼ਤਪਨਾਹੀ ਨਹੀਂ ਕੀਤੀ ਜਾ ਰਹੀ। ਸਰਕਾਰੀ ਅਦਾਰੇ ਤੇ ਗੈਰ ਸਰਕਾਰੀ ਸੰਸਥਾਵਾਂ ਵੱਲੋਂ ਨਿੱਠ ਕੇ ਕਾਰਜ ਨਹੀਂ ਹੋ ਰਿਹਾ। ਜਦੋਂ ਅਸੀਂ ਆਪਣੀ ਭਾਸ਼ਾ ਤੇ ਸਾਹਿਤ ਨੂੰ ਖੁੱਦ ਹੀ ਬੜ੍ਹਾਵਾ ਨਹੀਂ ਦੇ ਰਹੇ ਤਾਂ ਹੋਰ ਕੌਣ ਦੇਵੇਗਾ। ਅੱਜ ਕੱਲ੍ਹ ਸਾਹਿਤ ਵਿੱਚ ਵੀ ਗਲੈਮਰ ਵਧ ਰਿਹਾ ਹੈ। ਇੰਟਰਨੈੱਟ ਵਿੱਚ ਕੁਝ ਵਧੀਆ ਗੱਲਾਂ ਦਾ ਜ਼ਿਕਰ ਤਾਂ ਹੋ ਰਿਹਾ ਹੈ ਪਰ ਬਹੁਤਾ ਕੁਝ ਨਹੀਂ। ਸਾਹਿਤਕਾਰਾਂ ਦਾ ਸਵੈ-ਸਵਾਰਥ ਤੇ ਗੁੱਟਬਾਜ਼ੀ ਦਾ ਵੀ ਬੋਲ ਬਾਲਾ ਹੈ। ਚੰਗੀ ਤੇ ਖੁਸ਼ੀ ਵਾਲੀ ਗੱਲ ਇਹ ਹੈ ਕਿ ਪੰਜਾਬੀ ਸਾਹਿਤ ਦੀ ਭਰਪੂਰ ਸਿਰਜਣਾ ਹੋਈ ਹੈ। ਵੀਹਵੀਂ ਸਦੀ ਚੜ੍ਹਤ ਵਾਲੀ ਸਦੀ ਰਹੀ ਹੈ ਤੇ ਇੱਕੀਵੀਂ ਸਦੀ ਵੀ ਅਵੱਸ਼ ਪੰਜਾਬੀ ਸਾਹਿਤ ਦੇ ਵਿਕਾਸ-ਰਾਹੇ ਤੁਰੇਗੀ। ਸਿਰਫ਼ ਸਾਡੀ ਸਰਕਾਰ ਤੇ ਸੰਸਥਾਵਾਂ ਨੂੰ ਆਪਣੇ ਫ਼ਰਜ਼ ਨੂੰ ਪਹਿਚਾਨਣ ਦੀ ਲੋੜ ਹੈ।

? ਕੈਂਬੋ ਜੀ, ਜਿਹੜੇ ਲੇਖਕਾਂ ਨੂੰ ਤੁਸੀਂ ‘ਬਰਤਾਨਵੀ ਪੰਜਾਬੀ ਸਾਹਿਤ’ ਰਾਹੀਂ ਪਾਠਕਾਂ ਦੇ ਸਨਮੁੱਖ ਕੀਤਾ, ਇਸ ਬਾਰੇ ਤੁਹਾਡੀ ਚੋਣ ਦਾ ਪੈਮਾਨਾ ਕੀ ਰਿਹਾ?

– ਢਾਅ ਜੀ, ਸਾਰੇ ਲੇਖਕ ਇੱਕੋ ਪੱਧਰ ਦੇ ਨਹੀਂ ਹੋ ਸਕਦੇ। ਉੱਚ ਪੱਧਰੀ ਸਿਰਜਣਾ ਦੇ ਲੇਖਕ, ਮੱਧਮ ਸਿਰਜਣਾ ਦੇ ਲੇਖਕ ਅਤੇ ਆਮ ਲੇਖਕ। ਇਹ ਤਾਂ ਉਨ੍ਹਾਂ ਦੀਆਂ ਰਚਨਾਵਾਂ ਤੋਂ ਹੀ ਤਸੀਂ ਪ੍ਰਭਾਵਿਤ ਹੋ ਕੇ ਲਿਖਦੇ ਹੋ। ਬਾਕੀ ਤੁਸੀਂ ਹਰ ਲੇਖਕ ਦੀ ਹਰ ਰਚਨਾ ਬਾਰੇ ਨਹੀਂ ਲਿਖ ਸਕਦੇ । ਕਿਉਂਕਿ ਲੇਖਕਾਂ ਅਤੇ ਉਨਾਂ ਦੀ ਰਚਨਾਵਾਂ ਬਾਰੇ ਖੁੱਭ ਕੇ ਨਿਯਮਤ ਰੂਪ ਵਿੱਚ ਯੂਨੀਵਰਸਿਟੀਆਂ ਅਤੇ ਸਾਹਿਤ ਦੀਆਂ ਸੰਸਥਾਵਾਂ ਹੀ ਕੰਮ ਕਰਾ ਸਕਦੀਆਂ ਹਨ। ਜਿਹੜੇ ਲੇਖਕ ਲਿਖਦੇ ਹਨ, ਉਹ ਉਨ੍ਹਾਂ ਦੀਆਂ ਰਚਨਾਵਾਂ ਤੋਂ ਪ੍ਰਭਾਵਿਤ ਹੋ ਕੇ ਲਿਖਦੇ ਹਨ। ਇਹ ਗੱਲ ਸਹੀ ਹੈ ਕਿ ਹਰ ਰਚਨਾ ਇੱਕੋ ਜਿਹਾ ਪ੍ਰਭਾਵ ਨਹੀਂ ਦਿੰਦੀ। ਪ੍ਰੰਤੂ ਫਿਰ ਵੀ ਤੁਸੀਂ ਪ੍ਰਭਾਵਿਤ ਰਚਨਾ ‘ਚੋਂ ਚੋਣ ਕਰਕੇ ਲਿਖਦੇ ਹੋ। ਆਲੋਚਨਾ ਦਾ ਕਾਰਜ ਪਰਚਿਆਂ ਦੇ ਲਿਖਣ-ਕਾਰਜ ਦੇ ਰੂਪ ਵਿੱਚ ਹੁੰਦਾ ਹੈ। ਤੁਸੀਂ ਰਚਣਕਾਰਾਂ ਦੀ ਗੁਣਵੱਤਾ ਨੂੰ ਜਾਂਚ ਲੈਂਦੇ ਹੋ ਤੇ ਪ੍ਰਾਪਤ ਕੀਤੇ ਪ੍ਰਭਾਵ ਨੂੰ ਆਪਣੇ ਕਾਰਜ ਵਿੱਚ ਸਮੇਟ ਲੈਂਦੇ ਹੋ।

? ਸਾਹਿਤਕ ਦੁਨੀਆਂ ਵਿੱਚ ਤੁਹਾਡੀ ਪਛਾਣ ਤੁਹਾਡੇ ਕਹਾਣੀ ਸੰਗ੍ਰਹਿ ‘ਧੁੱਖਦਾ ਗੋਹਟਾ’ ਕਰਕੇ ਹੋਈ। ਤੁਸੀਂ ਕੀ ਸਮਝਦੇ ਹੋ ਕਿ ਇਨ੍ਹਾਂ ਕਹਾਣੀਆਂ ਦੇ ਵਿਸ਼ੇ ਆਕਰਸ਼ਿਕ ਸਨ ਜਾਂ ਇਨ੍ਹਾਂ ਦੀ ਪਾਠਕਾਂ ਵੱਲੋਂ ਦਿੱਤੀ ਪਰਵਾਨਗੀ ਕਲਾ ਪ੍ਰਬੀਨਤਾ ਕਰਕੇ ਸੀ?

– ਮੇਰੀ ਸਾਹਿਤਕ ਪਛਾਣ ‘ਧੁੱਖਦਾ ਗੋਹਟਾ’ ਕਹਾਣੀ ਸੰਗ੍ਰਹਿ ਨਾਲ ਵੀ ਹੋਈ ਅਤੇ ਨਾਲ ਮੇਰੀ ਦੂਜੀ ਪੁਸਤਕ ‘ਬਰਤਾਨਵੀ ਪੰਜਾਬੀ ਸਾਹਿਤ’ ਨਾਲ ਵੀ ਹੋਈ। ਕਿਉਂਕਿ ਇਸ ਪੁਸਤਕ ਨਾਲ ਮੇਰਾ ਆਲੋਚਨਾਤਮਕ ਕਾਰਜ ਵੀ ਸਾਹਮਣੇ ਆਇਆ। ਮੇਰੀਆਂ ਇਹ ਪੁਸਤਕਾਂ ਇੱਕੋ ਸਮੇਂ ਛਪੀਆਂ। ਹੁਣ ਪਹਿਲੋਂ ਤੁਹਾਡੇ ਸਵਾਲ ਦੇ ਅਨੁਸਾਰ ‘ਧੁੱਖਦਾ ਗੋਹਟਾ’ ਦੀ ਚਰਚਾ ਬਾਰੇ ਇਹ ਗੱਲ ਹੈ ਕਿ ਸਮਕਾਲੀ ਪਰਸਥਿਤੀਆਂ ਤੇ ਪਰਵਾਸੀ ਹਾਲਾਤਾਂ ਦੀ ਪੇਸ਼ਕਾਰੀ ਨੇ ਇਸ ਨੂੰ ਯੋਗ ਥਾਂ ਦਿਵਾਈ। ਇਸ ਪੁਸਤਕ ਵਿਚਲੇ ਵਿਸ਼ੇ ਪਰਵਾਸੀ ਮਸਲਿਆਂ ਦੇ ਨਾਲ ਭਾਰਤੀ ਪੰਜਾਬ ਦੇ ਪਿਛੋਕੜ ਦੇ ਮਸਲਿਆਂ ਨੂੰ ਵੀ ਇਸ ਪੁਸਤਕ ਵਿਚਲੀਆਂ ਕਹਾਣੀਆਂ ਰਾਹੀਂ ਨਿਰੂਪਤ ਕੀਤਾ ਕੀਤਾ ਗਿਆ ਹੈ। ਪਾਠਕਾਂ ਦਾ ਹੁੰਗਾਰਾ ਇਸ ਕਰਕੇ ਮਿਲਿਆ ਕਿਉਂਕਿ ਇਹ ਭਾਰਤੀ ਤੇ ਪਰਵਾਸੀ ਮਸਲਿਆਂ ਪ੍ਰਤੀ ਦੁਵੱਲੀ ਦ੍ਰਿਸ਼ਟੀ ਪਾਉਂਦੀਆਂ ਸਨ ਤੇ ਉਨ੍ਹਾਂ ਨੂੰ ਮੇਰਾ ਪੇਸ਼ਕਾਰੀ ਪੱਖ (ਭਾਵ) ਕਲਾਤਮਕ ਪੱਖ ਵੀ ਪਸੰਦ ਆਇਆ ਹੋਵੇਗਾ।

? ਇਸੇ ਸੰਗ੍ਰਹਿ ਦੀ ਕਹਾਣੀ ‘ਧੁੱਖਦਾ ਗੋਹਟਾ’ ਵਿੱਚ ਰਿਸ਼ਤਿਆਂ ਦੀ ਬਦਲਦੀ ਤਸਵੀਰ ਦਾ ਯਥਾਰਥਕ ਬਿਆਨ ਬਹੁਤ ਬਾਰੀਕਬੀਨੀ ਨਾਲ ਕੀਤਾ ਹੈ। ਕਹਾਣੀ ਦੇ ਪਾਤਰ ਅਜੋਕੇ ਸਮਾਜ ਦੇ ਸਾਰੇ ਰਿਸ਼ਤੇ ਸੁਆਰਥ ਵਿੱਚ ਰੰਗੇ ਨਜ਼ਰ ਆਉਂਦੇ ਹਨ। ਇੱਕ ਮਾˆ ਪਿਉ ਆਪਣੇ ਪੁੱਤਰ ਨਾਲ ਇਸ ਤਰ੍ਹਾˆ ਦਾ ਪੱਖਪਾਤੀ ਵਰਤਾਉ ਕਰਦੇ ਹਨ! ਜਿਸ ਕਰਕੇ ਕਿ ‘ਇਹ ਨਾ ਘਰ ਦੇ ਰਹਿੰਦੇ ਹਨ ਨਾ ਘਾਟ ਦੇ’। ਇਹ ਕਹਾਣੀ ਦੀ ਸਿਰਜਣਾ ਬਾਰੇ ਕੁਝ ਦੱਸੋ?

– ਦਰਅਸਲ ਤੁਸੀਂ ਆਪਣੇ ਪ੍ਰਸ਼ਨ ਵਿੱਚ ਕਹਾਣੀ ਉੱਪਰ ਘੋਖਵੀਂ ਨਜ਼ਰ ਪਾ ਕੇ ਸਾਰਥਕ ਸਿੱਟੇ ਕੱਢੇ ਹਨ। ਪਰ ਇਹ ਸੱਚ ਹੈ ਕਿ ਆਰਥਿਕਤਾ ਦੀ ਖਿੱਚ ਨੇ ਸਾਰੇ ਰਿਸ਼ਤਿਆਂ ਵਿੱਚ ਡੂੰਘੀਆਂ ਤਰੇੜਾਂ ਪਾ ਦਿੱਤੀਆਂ ਹਨ। ਕਹਿਣਾ ਇਹ ਚਾਹੀਦਾ ਹੈ ਕਿ ਸਾਡੇ ਲਹੂ ਵਿੱਚ ਪਾਣੀ ਪੈ ਗਿਆ ਹੈ। ਜਿੱਥੇ ਮਾਪੇ ਆਪਣੀ ਆਰਥਿਕ ਹਾਲਤ ਸੁਧਾਰਣ ਹਿਤ ਬੱਚਿਆਂ ਨੂੰ ਬਾਹਰ ਭੇਜ ਰਹੇ ਸਨ ਅਤੇ ਉਨ੍ਹਾ ਦੇ ਵਿਛੋੜੇ ਨਾਲ ਦੁਖਿਤ ਵੀ ਮਹਿਸੂਸ ਕਰਦੇ ਸਨ। ਪ੍ਰੰਤੂ ਉਨ੍ਹਾਂ ਦੀ ਆਰਥਿਕ ਮਜ਼ਬੂਤੀ ਨੇ ਅਤੇ ਭਾਰਤ ਵਿੱਚ ਬਦਲਦੀਆਂ ਹਾਲਤਾਂ ਨੇ ਉਨ੍ਹਾਂ ਨੂੰ ਪਦਾਰਥਿਕਤਾ ਦੀ ਜਿਲ੍ਹਣ ਵਿੱਚ ਖਭੋ ਦਿੱਤਾ ਹੈ ਅਤੇ ਉਨ੍ਹਾਂ ਵਿੱਚ ਸਵਾਰਥੀ ਰੁਚੀਆਂ ਦੀ ਪ੍ਰਧਾਨਤਾ ਭਰ ਦਿੱਤੀ ਹੈ। ਆਰਥਿਕ ਖੁੱਲ੍ਹ-ਡੁੱਲ੍ਹਤਾ ਕਾਰਣ ਉਹ ਆਪਣੇ ਪਰਵਾਸੀ ਹੋਏ ਬੱਚਿਆਂ ਦੀ ਭਾਰਤ ਵਿੱਚ ਹੋਂਦ ਨੂੰ ਖ਼ਤਮ ਕਰਨ ਦੇ ਰਾਹ ਪੈ ਗਏ ਹਨ। ਉਹ ਸਮਝਣ ਲੱਗ ਪਏ ਹਨ ਕਿ ਇਨ੍ਹਾਂ ਦੇ ਬਾਹਰ ਰਹਿਣ ਨਾਲ ਹੀ ਸਾਡਾ ਜੀਵਨ ਸੁਖੀ ਰਹਿਣਾ ਹੈ। ਭਰਾਵਾਂ/ਭੈਣਾਂ ਦੀ ਮਾਨਸਿਕਤਾ ਵਿੱਚ ਵੀ ਤਰੇੜਾਂ ਪੈ ਗਈਆਂ ਹਨ। ਭਾਵੇਂ ਇਹ ਸਥਿਤੀ ਸਾਰਿਆਂ ਤੇ ਲਾਗੂ ਨਹੀਂ ਕੀਤੀ ਜਾ ਸਕਦੀ, ਪ੍ਰੰਤੂ ਬਹੁਤਾਤ ਇਨ੍ਹਾਂ ਵਿਚਾਰਾਂ ਤੇ ਭਾਵਨਾ ਨਾਲ ਜਕੜੇ ਜ਼ਰੂਰ ਗਏ ਹਨ।

? ਇਸ ਸੰਗ੍ਰਹਿ ਦੀਆˆ ਕਹਾਣੀਆਂ ਦੀ ਪਾਤਰ ਉਸਾਰੀ ਬਹੁਤ ਵਧੀਆ ਕੀਤੀ ਹੈ। ਜਿਸ ਤਰ੍ਹਾਂ: ਜ਼ਰਦ ਪੱਤਾ, ਬੰਦ ਖ਼ਲਾਸੀ, ਭਾਗਵੰਤੀ, ਲਕੀਰਾਂ, ਪਛਤਾਵਾ ਅਤੇ ਗ਼ਰੀਬ ਦੀ ਲੱਜ ਵਰਗੀਆਂ ਕਹਾਣੀਆਂ ਦੀ ਸਿਰਜਣਾ ਬਾਰੇ ਵੀ ਕੁਝ ਦੱਸੋ, ਤਾਂ ਕਿ ਜਿਸ ਪਾਠਕ ਨੇ ਅਜੇ ਇਹ ਕਹਾਣੀਆਂ ਨਾ ਪੜ੍ਹੀਆਂ ਹੋਣ, ਉਸ ਨੂੰ ਵੀ ਪਤਾ ਲੱਗ ਸਕੇ?

– ਹਰ ਕਹਾਣੀ ਦੀ ਪਾਤਰ ਉਸਾਰੀ ਵਿਸ਼ੇ ਅਨੁਕੂਲ ਹੀ ਹੁੰਦੀ ਹੈ। ਕਹਾਣੀ ਦਾ ਢਾਂਚਾ ਹੀ ਇਹ ਸਭ ਕੁਝ ਕਰਵਾਉਂਦਾ ਹੈ। ਬਾਕੀ ਹਰ ਲੇਖਕ ਦਾ ਅਨੁਭਵ ਤੇ ਸਮਾਜਕ ਸਭਿਆਚਾਰ ਦੀ ਗਹਿਰੀ ਜਾਣਕਾਰੀ ਦਾ ਵੀ ਵੱਡਾ ਹੱਥ ਹੁੰਦਾ ਹੈ। ਆਪ ਵੱਲੋਂ ਅੰਕਿਤ ਕੀਤੀਆਂ ਕਹਾਣੀਆਂ ਵਿਚਲੀ ਪਾਤਰ ਉਸਾਰੀ ਤੁਹਾਨੂੰ ਚੰਗੀ ਲੱਗੀ ਹੈ, ਬਹੁਤ ਖੁਸ਼ੀ ਹੈ। ਪਰ ਦੂਜੀ ਗੱਲ ਇਹ ਵੀ ਹੈ ਕਿ ਹਰ ਕਹਾਣੀ ਨੂੰ ਮੈਂ ਕਲਪਨਾ ਨਾਲ ਹੀ ਨਹੀਂ ਘੜਿਆ, ਸਗੋਂ ਮੇਰੇ ਜੀਵਨ ਵਿੱਚ ਇਹ ਘਟਨਾਵਾਂ ਵਾਪਰੀਆਂ ਹਨ। ਕੁਝ ਨੂੰ ਮੈਂ ਅੱਖੀਂ ਦੇਖਿਆ ਤੇ ਅਨੁਭਵ ਕੀਤਾ ਹੈ। ਕੁਝ ਬਾਰੇ ਅਹਿਸਾਸਾਂ ਦੀ ਪਕੜ ਨੇ ਸਾਥ ਦਿੱਤਾ ਹੈ। ਬਾਕੀ ਢਾਂਚਾ ਤਾਂ ਕਲਪਨਾ ਦੇ ਆਸਰੇ ਹੀ ਉੱਸਰਦਾ ਹੈ। ਕੱਲੀ ਕੱਲੀ ਕਹਾਣੀ ਬਾਰੇ ਤਾਂ ਦੱਸਣਾ ਮੁਸ਼ਕਲ ਹੈ ਕਿਉਂਕਿ ਕਹਾਣੀ ਪੜ੍ਹ ਲੈਣ ਨਾਲ ਹੀ ਸੰਬੰਧ ਰੱਖਦੀ ਹੈ। ਮੇਰੀਆਂ ਦੋ ਪੁਸਤਕਾਂ ਹੀ ਛਪੀਆਂ ਹਨ ਜੋ ਅੰਗਰੇਜ਼ੀ ਵਿੱਚ ਅਨੁਵਾਦਿਤ ਰੂਪ ਵਿੱਚ ਵੀ ਪ੍ਰਕਾਸ਼ਤ ਹੋ ਚੁੱਕੀਆਂ ਹਨ। ‘ਜ਼ਰਦ ਪੱਤਾ’ ਕਹਾਣੀ ਦਾ ਪਿਛੋਕੜ ਇਹ ਹੈ। ਮੈਂ ਪੰਜਾਬੀ ਦਾ ਸਕੂਲ ਅਧਿਆਪਕ ਹੋਣ ਕਰਕੇ ਬੱਚਿਆਂ ਦੀ ਜ਼ਿੰਦਗੀ ਬਾਰੇ ਜਾਣਦਾ ਰਿਹਾ ਹਾਂ। ਸਕੂਲ ਵਿੱਚ ਪੇਰੈਂਟਸ ਈਵਨਿੰਗ ਸਮੇਂ ਜਾ ਕਦੀ ਕਦੀ ਕਿਸੇ ਸਿਲਸਲੇ ਵਿੱਚ ਮਾਪਿਆਂ ਨੂੰ ਬੱਚਿਆਂ ਦੀ ਪੜ੍ਹਾਈ ਸੰਬੰਧੀ ਸਕੂਲ ਵਿਖੇ ਬੁਲਾਈਦਾ ਸੀ ਤਾਂ ਪੜ੍ਹਾਈ ਤੋਂ ਇਲਾਵਾ ਕਈ ਦਫਾ ਘਰੇਲੂ ਗੱਲਾਂ ਵੀ ਹੋ ਜਾਂਦੀਆਂ ਸਨ। ਇਸ ਵਿੱਚ ਪਾਤਰ ਲੜਕੀ ਕਿਵੇਂ ਘਰ ਲੇਟ ਪੁੱਜਦੀ ਹੈ ਤੇ ਮਾਪੇ ਅਧਿਆਪਕ ਦੇ ਕਹਿਣ ਤੇ ਸਕੂਲ ਪੁੱਜਦੇ ਹਨ ਤਾਂ ਕਈ ਗੱਲਾਂ ਦੇ ਭੇਦ ਵੀ ਨਿਕਲਦੇ ਹਨ। ਸਾਰਾ ਕੁਝ ਯਥਾਰਥ ਤਾਂ ਨਹੀਂ ਹੁੰਦਾ। ਅਸਲ ਗੱਲ ਯਥਾਰਥ ਦੀ ਪਕੜ ਦੀ ਹੁੰਦੀ ਹੈ। ਬਾਕੀ ਕਲਪਨਾ ਨਾਲ ਕਹਾਣੀ ਉਸਾਰੀ ਜਾਂਦੀ ਹੈ। ਜਿੰਨੀ ਨੇੜਿਉਂ ਤੁਸੀਂ ਸੰਬੰਧਿਤ ਗੱਲ ਨੂੰ ਪਕੜਦੇ ਹੋ, ਸਮਝਦੇ ਹੋ, ਮਨ ਵਿੱਚ ਉਸ ਸਮੱਸਿਆ ਨੂੰ ਖਰੋਚਦੇ ਹੋ ਤਾਂ ਤੁਹਾਨੂੰ ਇਨ੍ਹਾਂ ਪਾਤਰਾਂ ਦੀਆਂ ਮਾਨਸਿਕ ਗੁੰਝਲਾਂ ਦਾ ਪਤਾ ਲੱਗਦਾ ਹੈ।

‘ਬੰਦ ਖ਼ਲਾਸੀ’ ਦੀ ਕਹਾਣੀ ਦੀ ਥੀਮ ਵੀ ਸਮਾਜ ਵਿੱਚੋਂ ਹੀ ਪਕੜੀ ਹੈ। ਸਮਾਜਿਕ ਸੰਬੰਧਾਂ ਦੀ ਪੀਡੀ ਸਾਂਝ ਵਿੱਚੋਂ ਅਜਿਹੇ ਪਾਤਰ ਆਪਣੀ ਕਹਾਣੀ ਸੁਣਾ ਜਾਂਦੇ ਹਨ। ਉਹ ਕਹਾਣੀ ਰੂਪ ਵਿੱਚ ਨਹੀਂ ਸਮਝਾਉਂਦੇ, ਉਹ ਗੱਲਾਂ ਗੱਲਾਂ ਵਿੱਚ ਆਪਣਾ ਦੁੱਖ ਫਰੋਲਦੇ ਹਨ। ਬੱਸ ਕਹਾਣੀਕਾਰ ਨੂੰ ਹੋਰ ਕੀ ਚਾਹੀਦਾ ਹੈ। ਇਨ੍ਹਾਂ ਵਿਚਲਾ ਪਾਤਰ ਵੀ ਆਪਣੇ ਜੀਵਨ ਦੀਆਂ ਹੋਣੀਆਂ, ਕਰਨੀਆਂ ਦਾ ਦੁਖਾਂਤਕ ਵੇਰਵਾ ਦੱਸਦਾ ਹੈ ਕਿ ਕਿਵੇਂ ਉਹ ਇਕੱਲਾ ਹੀ ਘਰੇਲੂ ਜ਼ਿੰਮੇਵਾਰੀਆਂ ਨੂੰ ਨਿਭਾਉਂਦਾ ਹੈ। ਭੈਣਾਂ ਤੇ ਭਰਾਵਾਂ ਦੀ ਜ਼ਿੰਦਗੀ ਨੂੰ ਸੁਰ ਸਿਰ ਕਰਦਾ ਹੋਇਆ ਵੀ ਉਹ ਸੁਖੀ ਮਹਿਸੂਸ ਨਹੀਂ ਕਰਦਾ। ਸਭ ਕੁਝ ਕਰਨ ਦੇ ਬਾਵਜੂਦ ਉਨ੍ਹਾਂ ਵੱਲੋਂ ਸ਼ੁਕਰਗੁਜ਼ਾਰੀ ਦੇ ਸ਼ਬਦ ਤਾਂ ਕੀ ਮਿਲਣੇ ਸਨ, ਸਗੋਂ ਉਹ ਉਸ ਦੀ ਜ਼ਿੰਮੇਵਾਰੀ ਦੱਸ ਕੇ ਪੱਲਾ ਝਾੜ ਦਿੰਦੇ ਹਨ, ਜਿਸ ਨਾਲ ਪਾਤਰ ਦਾ ਹਿਰਦਾ ਵਲੂੰਧਰਿਆ ਜਾਂਦਾ ਹੈ। ਕਹਾਣੀ ਦਾ ਅੰਤ ਇਸ ਗੱਲ ਤੇ ਹੁੰਦਾ ਹੈ, ਜਦੋਂ ਪਾਤਰ ਦੁੱਖੀ ਹੋਇਆ ਕਹਿੰਦਾ ਹੈ ਕਿ ਮੇਰੀ ਬੰਦ ਖ਼ੁਲਾਸੀ ਕਦੋਂ ਹੋਵੇਗੀ?। ਅਜਿਹੇ ਪਾਤਰਾਂ ਦੀ ਸਾਡੇ ਸਮਾਜ ਵਿੱਚ ਭਰਮਾਰ ਹੈ ਜੋ ਮਿਹਨਤ ਮੁਸ਼ੱਕਤ ਕਰਦੇ ਹਨ, ਜੀਵਨ ਦੇ ਦੁੱਖੜਿਆਂ ਦੀ ਪੰਡ ਚੁੱਕਦੇ ਹਨ ਅਤੇ ਫ਼ਰਜ਼ਾਂ ਦੀ ਪਾਲਣਾ ਕਰਦੇ ਹਨ ਪਰ ਉਨ੍ਹਾਂ ਨੂੰ ਫ਼ਰਜ਼ ਨਿਭਾਉਣ ਬਦਲੇ ਨਿਰਾਦਰ ਭਰਪੂਰ ਸ਼ਬਦਾਂ ਦੀ ਖੁਰਾਕ ਹੀ ਮਿਲਦੀ ਹੈ। ‘ਭਾਗਵੰਤੀ’ ਕਹਾਣੀ 1984 ਦੇ ਕਤਲੇਆਮ ਨਾਲ ਸੰਬੰਧਿਤ ਕਹਾਣੀ ਹੈ। ਅਜਿਹੇ ਪਾਤਰ ਮਿਲਦੇ ਤਾਂ ਘੱਟ ਹਨ, ਪ੍ਰੰਤੂ ਜ਼ਿੰਦਗੀ ਵਿੱਚ ਐਸੇ ਇਨਸਾਨ ਵੀ ਹਨ ਜਿਨ੍ਹਾਂ ਨੇ ਮਨੁੱਖਤਾ ਵਾਲਾ ਧਰਮ ਪਾਲਣਾ ਹੁੰਦਾ ਹੈ। ਅਜਿਹੀ ਹੀ ‘ਭਾਗਵੰਤੀ’ ਪਾਤਰਾ ਹੈ ਜੋ ਦ੍ਰਿੜ ਵਿਸ਼ਵਾਸੀ, ਸਾਹਸੀ ਪਰ ਬਿਨਾਂ ਵਿਤਰੇਕ ਤੋਂ ਇਨਸਾਨੀਅਤ ਨਾਲ ਪ੍ਰਣਾਈ ਹੋਈ ਦੇਵੀ ਸਮਾਨ ਹਿੰਦੂ ਇਸਤਰੀ ਹੈ ਜਿਸ ਨੇ ਉਪਰੋਕਤ ਦੰਗਿਆਂ ਵਿੱਚ ਇੱਕ ਸਿੱਖ ਨੂੰ ਬਚਾਉਣ ਲਈ ਆਪਣੀ ਜ਼ਿੰਦਗੀ ਦੀ ਆਹੂਤੀ ਦਿੱਤੀ।

ਭਾਵੇਂ 84 ਵਿੱਚ ਅਨੇਕਾਂ ਹੀ ਹਿੰਦੂਆਂ ਨੇ ਆਪਣੀ ਜਾਨ ਜੋਖ਼ਮ ‘ਚ ਪਾ ਕੇ ਸਿੱਖਾਂ ਦੀ ਮੱਦਦ ਕੀਤੀ ਹੈ। ਪ੍ਰੰਤੂ ਕਿਤੇ ਕਿਤੇ ਹਿੰਦੂ ਇਸਤਰੀਆਂ ਨੇ ਵੀ ਸਿੱਖਾਂ ਦੀ ਔਖੇ ਵੇਲਿਆਂ ਵਿੱਚ ਮਦਦ ਕਰਕੇ ਆਪਣਾ ਮਾਨਵੀ ਰੋਲ ਨਿਭਾਇਆ ਹੈ। ਇਸ ਕਹਾਣੀ ਵਿਚਲੇ ਯਥਾਰਥਕ ਅੰਸ਼ਾਂ ਦੇ ਅਦਾਰ ਤੇ ਕਹਾਣੀ ਦੀ ਉਸਾਰੀ ਕੀਤੀ ਗਈ ਹੈ।‘ਲਕੀਰਾਂ’ ਕਹਾਣੀ ਦਾ ਬਿਰਤਾਂਤ ਵੀ ਜੀਵਨ ਵਿੱਚ ਵਾਪਰੇ ਇੱਕ ਐਸੇ ਨੌਜਵਾਨ ਦੀ ਕਹਾਣੀ ਹੈ ਜਿਸ ਦੇ ਪਿਤਾ ਨੇ ਉਸ ਦੇ ਮਾਨਸਿਕ ਉਲਾਰ ਦੇ ਹੁੰਦਿਆਂ ਹੋਇਆਂ ਵੀ ਉਸ ਦਾ ਵਿਆਹ ਕਰ ਦਿੱਤਾ, ਜਿਸ ਦੇ ਉਹ ਯੋਗ ਨਹੀਂ ਸੀ। ਜਿਸ ਦੇ ਪਰਿਨਾਮ ਵਜੋਂ ਉਸ ਨਾਲ ਵਿਆਹੀ ਗਈ। ਨੌਜਵਾਨ ਕੁੜੀ ਵੀ ਸੰਤਾਪ ਝਲਦੀ ਹੈ। ਇਸ ਕਹਾਣੀ ਦੀ ਘਟਨਾ ਵੀ ਪਰਵਾਸੀ ਜ਼ਿੰਦਗੀ ਵਿਚਲੇ ਵਰਤਾਰਿਆਂ ਨਾਲ ਸੰਬੰਧ ਰੱਖਦੀ ਹੈ।‘ਗ਼ਰੀਬ ਦੀ ਲੱਜ’ ਵੀ ਇੱਕ ਗ਼ਰੀਬ ਮਜ਼ਦੂਰ ਨਾਲ ਦੁਕਾਨ ਵਿੱਚ ਹੁੰਦੇ ਦੁਰ-ਵਿਵਹਾਰ ਤੋਂ ਉਸਾਰੀ ਗਈ ਹੈ। ਇਸ ਵਿੱਚ ਅੰਕਿਤ ਕੀਤੀਆਂ ਘਟਨਾਵਾਂ ਜੀਵਨ ਵਿੱਚ ਵਾਪਰਦੀਆਂ ਹਨ।‘ਪਛਤਾਵਾ’ ਕਹਾਣੀ ਵੀ ਨੌਜਵਾਨਾਂ ਦੇ ਰਿਸ਼ਤੇ ਵਿੱਚੋਂ ਉਸਾਰੀ ਗਈ ਹੈ ਜੋ ਹਕੀਕਤ ਦੀ ਦੁਨੀਆਂ ਵਿੱਚ ਵਾਪਰਦੇ ਹਨ। ਸਤਨਾਮ ਜੀ, ਆਪ ਜੀ ਦੇ ਕਹੇ ਅਨੁਸਾਰ ਤੁਹਾਡੇ ਵੱਲੋਂ ਕਹਾਣੀਆਂ ਬਾਰੇ ਟਿੱਪਣੀਆਂ ਪੇਸ਼ ਕੀਤੀਆਂ ਹਨ, ਨਿਰਸੰਦੇਹ ਇਨ੍ਹਾਂ ਕਹਾਣੀਆਂ ਦੇ ਵਿਸ਼ੇ ਸਮਾਜ ਵਿੱਚ ਵਾਪਰਦੇ ਅੰਸ਼ਾਂ ‘ਚੋਂ ਹੀ ਲਏ ਗਏ ਹਨ। ਬਾਕੀ ਦਾ ਕੰਮ ਕਲਪਨਾ ਦਾ ਹੁੰਦਾ ਹੈ। ਕਹਾਣੀ ਦੀ ਰੂਹ ਨੂੰ ਪੂਰਨਤਾ ਹਿਤ ਸਮਝਣ ਲਈ ਕਹਾਣੀ ਦਾ ਪਾਠ ਹੀ ਪਾਠਕ ਨੂੰ ਮਾਨਸਿਕ ਤਸੱਲੀ ਦੇ ਸਕਦਾ ਹੈ।

? ਕੈਂਬੋ ਜੀ, ਲਗੱਦੇ ਹੱਥ ਦੂਸਰੇ ਕਹਾਣੀ ਸੰਗ੍ਰਹਿ (ਦਿਸ਼ਾਵਾਂ) ਬਾਰੇ ਵੀ ਗੱਲ ਕਰ ਲਈਏ ਇਸ ਸੰਗ੍ਰਹਿ ਦੀਆਂ ਕਹਾਣੀਆਂ ਵੀ ਪਾਠਕਾਂ ਨੂੰ ਕੀਲ ਕੇ ਬਿਠਾਈ ਰੱਖਦੀਆਂ ਹਨ। ‘ਦਿਸ਼ਾਵਾਂ’ ਕਹਾਣੀ ਦੀ ਸਿਰਜਣਾ ਬਾਰੇ ਕੀ ਕਹਿਣਾ ਚਾਹੋਗੇ? ਬਾਕੀ ਕਹਾਣੀਆਂ (ਭਟਕਣਾਂ, ਆਪਣਾ ਲਹੂ, ਮਮਤਾ, ਜ਼ਹਿਰੀਲੀ ਹਵਾ, ਸੁਪਨਿਆਂ ਦੀ ਸਿਰਜਣਾ) ਵੀ ਪਾਠਕ ਦੀ ਅੰਤਰ-ਆਤਮਾ ਨੂੰ ਟੁੰਬਣ ਦੀ ਸ਼ਕਤੀ ਰੱਖਦੀਆਂ ਹਨ। ਇਨ੍ਹਾਂ ਦੀ ਸਿਰਜਣਾ ਬਾਰੇ ਵੀ ਕੁਝ ਦੱਸੋ। ਪਰ ਆਲੋਚਕਾਂ ਦਾ ਕਹਿਣਾ ਹੈ ਕਿ ਕਿਤੇ ਕਿਤੇ ਨਿੱਜੀ ਵੇਰਵੇ ਵੀ ਮਿਲਦੇ ਹਨ। ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ?

– ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਹੈ ਕਿ ਸਾਰੀਆਂ ਕਹਾਣੀਆਂ ਦੀ ਉਸਾਰੀ ਦੀ ਜਿੰਦ ਜਾਨ ਸਾਡਾ ਸਮਾਜ ਹੀ ਹੈ। ਸਮਾਜ ‘ਚੋਂ ਹੀ ਲੇਖਕ ਸਭ ਕੁਝ ਪਕੜਦਾ ਹੈ। ਕਹਾਣੀ ਤਾਂ ਮਿੰਟ ਮਿੰਟ ਤੇ ਵਾਪਰਦੀ ਹੈ। ਤੁਹਾਡੇ ਮਾਨਸਿਕ ਝੁਕਾਅ ਤੇ ਨਿਰਭਰ ਕਰਦਾ ਹੈ। ਹਰ ਲੇਖਕ ਆਪਣੀ ਆਪਣੀ ਵਿਧਾ ਅਨੁਸਾਰ ਕੰਮ ਕਰਦਾ ਹੈ। ਜਿਸ ਵਿਧਾ ਵੱਲ ਉਹ ਕੰਮ ਕਰ ਰਿਹਾ ਹੋਵੇ, ਉਹੀ ਪ੍ਰਭਾਵ ਉਸ ਦੀ ਬੌਧਿਕਤਾ ਵਿੱਚ ਪਸਰਿਆ ਰਹਿੰਦਾ ਹੈ। ਪ੍ਰੰਤੂ ਜੇ ਲੇਖਕ ਕਹਾਣੀਕਾਰ ਵੀ ਹੋਵੇ ਤਾਂ ਉਹ ਸਮੇਂ ਅਨੁਕੂਲ ਵਾਪਰਦੀਆਂ ਘਟਨਾਵਾਂ ਤੋਂ ਅਭਿੱਜ ਨਹੀਂ ਰਹਿ ਸਕਦਾ। ਜਦੋਂ ਵੀ ਉਸ ਨੇ ਕਿਸੇ ਘਟਨਾ ਦਾ ਪ੍ਰਭਾਵ ਕਬੂਲ ਲਿਆ ਤਾਂ ਉਸ ਸੰਬੰਧੀ ਕਹਾਣੀ ਦੀ ਉਸਾਰੀ ਹੋ ਜਾਂਦੀ ਹੈ। ਇਸ ਪ੍ਰਸ਼ਨ ਵਿਚਲੀਆਂ ਕਹਾਣੀਆਂ ਵੀ ਪਰਵਾਸੀ ਤੇ ਭਾਰਤੀ ਸਭਿਆਚਾਰ ਨਾਲ ਸੰਬੰਧ ਰੱਖਦੀਆਂ ਹਨ। ‘ਭਟਕਣਾ’ ਜਾਹਲੀ ਪਰਵਾਸੀ ਦੀ ਮਨੋ-ਸੰਵੇਦਨਾ ਨੂੰ ਪ੍ਰਗਟ ਕਰਦੀ ਹੈ।‘ਆਪਣਾ ਲਹੂ’, ‘ਜ਼ਹਿਰੀਲੀ ਹਵਾ’ ਤੇ ‘ਸੁਪਨਿਆਂ ਦੀ ਸਿਰਜਣਾ’ ਆਦਿ ਇਹ ਕਹਾਣੀਆਂ ਭਾਰਤੀ ਪੰਜਾਬ ਦੇ ਪਿਛੋਕੜ ਨਾਲ ਸੰਬੰਧ ਰੱਖਦੀਆਂ ਹਨ। ‘ਆਪਣਾ ਲਹੂ’ ਕਹਾਣੀ ਵਿਚਲੇ ਪਾਤਰ ਆਪਣੇ ਬੱਚਿਆਂ ਲਈ ਖ਼ੂਨ ਡੋਲ੍ਹਦੇ ਹਨ ਪਰ ਇਸ ਦੇ ਇਵਜ਼ ਵਿੱਚ ਉਹ ਮਾਪਿਆਂ ਨੂੰ ਦੁੱਖ ਦਿੰਦੇ ਹਨ। ਪ੍ਰੰਤੂ ਫਿਰ ਵੀ ਲਹੂ ਦੀ ਲੱਜ ਪਾਲਦਿਆਂ ਉਨ੍ਹਾਂ ਲਈ ਦੁੱਖ ਵੇਲੇ ਬਹੁੜਦੇ ਹਨ।‘ਸੁਪਨਿਆਂ ਦੀ ਸਿਰਜਣਾ’ ਇੱਕ ਐਸੀ ਪਾਤਰਾ ਦੀ ਕਹਾਣੀ ਹੈ ਜੋ ਉੱਚੀ ਜਾਤ ਵਾਲੇ ਪਾਤਰ ਨਾਲ ਵਫਾਈ ਨਿਭਾਉਂਦੀ ਹੈ, ਪ੍ਰੰਤੂ ਉਸ ਨੂੰ ਇਸ ਦੇ ਬਦਲੇ ਨਿਰਾਸਤਾ ਹੀ ਪੱਲੇ ਪੈਂਦੀ ਹੈ। ਉਸ ਦਾ ਪ੍ਰੇਮੀ ਧਰਮ ਪਾਲਣਾ ਤੋਂ ਪਿੱਠ ਮੋੜ ਜਾਂਦਾ ਹੈ ਅਤੇ ਪਾਤਰਾਂ ਦੀ ਸੁਪਨਿਆਂ ਦੀ ਦੁਨੀਆਂ ਵਿਛੁੰਨੀ ਜਾਂਦੀ ਹੈ। ਇਸ ਕਹਾਣੀ ਦਾ ਆਸ਼ਾ ਇਹ ਦਿਰਸਾਣਾ ਹੈ ਕਿ ਸਾਡਾ ਸਮਾਜ ਅਜੇ ਉਸ ਲੈਵਲ ਤੇ ਨਹੀਂ ਪੁੱਜਿਆ ਜਿੱਥੇ ਪ੍ਰੇਮੀ ਆਪਣਾ ਪ੍ਰੇਮ ਨਿਭਾਉਣ ਦੇ ਸਮਰੱਥ ਹੋ ਸਕਦੇ ਹਨ। ਜਾਤ ਪਾਤ ਦੀ ਦੀਵਾਰ ਏਡੀ ਛੇਤੀ ਢਾਈ ਨਹੀਂ ਜਾ ਸਕਦੀ। ਸਮਾਜ ਨੂੰ ਕਈ ਮਰਹਲਿਆਂ ਵਿੱਚੋਂ ਲੰਘਣਾ ਪੈਣਾ ਹੈ।

? ਤੁਹਾਡਾ ਕਹਾਣੀ ਲਿਖਣ ਦਾ ਮੰਤਵ ਕਿਸੇ ਸਮੱਸਿਆ ਨੂੰ ਪਾਠਕਾਂ ਦੇ ਸਨਮੁਖ ਕਰਨਾ ਹੈ ਜਾਂ ਕਿਸੇ ਹੋਰ ਮੰਤਵ ਨਾਲ ਕਹਾਣੀ ਲਿਖਦੇ ਹੋ। ਬਹੁਤੀਆਂ ਕਹਾਣੀਆਂ ਮੈਨੂੰ ਪਾਤਰ ਪ੍ਰਧਾਨ ਲੱਗਦੀਆਂ ਹਨ। ਇਨ੍ਹਾਂ ਦੀ ਸਿਰਜਣਾ ਬਾਰੇ ਕੁਝ ਦੱਸੋ?

– ਢਾਅ ਜੀ, ਕਹਾਣੀ ਲੇਖਕ ਕਿਸੇ ਸਮੱਸਿਆ ਨੂੰ ਸਾਹਮਣੇ ਰੱਖ ਕੇ ਕਹਾਣੀ ਨਹੀਂ ਲਿਖ ਸਕਦਾ। ਕਹਾਣੀ ਤਾਂ ਕਿਸੇ ਨਾ ਕਿਸੇ ਘਟਨਾ ਨਾਲ ਸੰਬੰਧ ਰੱਖਦੀ ਹੈ। ਜੋ ਕਹਾਣੀ ਲੇਖਕ ਨੂੰ ਉਕਸਾਂਦੀ ਤੇ ਪ੍ਰੇਰਦੀ ਹੈ। ਜਦੋਂ ਇਹ ਘਟਨਾ ਮਾਨਸਿਕਤਾ ਚ ਪੱਕ ਕੇ ਏਨੀ ਹਾਵੀ ਹੋ ਜਾਂਦੀ ਹੈ ਤਾਂ ਕਲਪਨਾ ‘ਚ ਆਪਣਾ ਜਾਮਾ ਪਹਿਨ ਲੈਂਦੀ ਹੈ। ਹਾਂ, ਕਹਾਣੀ ਲਿਖਣ ਲਈ ਸਿਰਫ਼ ਘਟਨਾ ਦਾ ਹੋਣਾ ਹੀ ਕਾਫ਼ੀ ਨਹੀਂ, ਕਹਾਣੀ ਲੇਖਕ ਨੂੰ ਸਿਰਜਣਾਤਮਕ ਰਚਨਾਵਾਂ ਤੇ ਹੋਰ ਗਿਆਨ ਵਰਧਕ ਵਿਸ਼ਿਆਂ ਨੂੰ ਪੜ੍ਹਦੇ ਰਹਿਣਾ ਵੀ ਲਾਜ਼ਮੀ ਹੈ, ਜੋ ਕਹਾਣੀ ਦੀ ਸਿਰਜਣਾ ਵਿੱਚ ਸਹਾਈ ਹੁੰਦੇ ਹਨ। ਕਹਾਣੀ ਘਟਨਾ ਪ੍ਰਧਾਨ ਹੋਵੇ, ਮਨੋਵਿਗਿਆਨਕ ਪ੍ਰਧਾਨ ਹੋਵੇ ਜਾਂ ਪਾਤਰ ਪ੍ਰਧਾਨ ਹੋਵੇ, ਇਹ ਸਾਰਾ ਕੁਝ ਕਹਾਣੀ ਸਥਿਤੀਆਂ ਨਾਲ ਹੀ ਸੰਬੰਧਿਤ ਹੁੰਦਾ ਹੈ ਜਿੱਥੋਂ ਇਹ ਪੁੰਗਰ ਕੇ ਆਪਣਾ ਰੂਪ ਸਿਰਜ ਲੈਂਦੀ ਹੈ।

? ਪ੍ਰੀਤਮ ਜੀ, ਬਰਤਾਨੀਆਂ ਵਿੱਚ ਹਾਲਾਤ ਦੇ ਬਦਲਣ ਨਾਲ ਕਹਾਣੀ, ਜਿਸ ਵਿੱਚ ਪਹਿਲਾਂ ਪਹਿਲ ਭੂ-ਹੇਰਵਾ, ਨਸਲਵਾਦ, ਤਿੜਕਦੇ ਰਿਸ਼ਤੇ, ਅਨਜੋੜ ਵਿਆਹਾਂ ਦੀ ਦਾਸਤਾਂ ਜਾਂ ਕਾਮ ਸੰਬੰਧੀ ਖੁੱਲ੍ਹ ਦੇ ਵਿਰੋਧ ਵਰਗੇ ਵਿਸ਼ਿਆਂ ਨੂੰ ਲੈ ਕੇ ਲਿਖੀ ਜਾਂਦੀ ਸੀ। ਅੱਜ ਦੀ ਬਰਤਾਨਵੀ ਪੰਜਾਬੀ ਕਹਾਣੀ ਕਿਹੋ ਜਿਹੇ ਵਿਸ਼ਿਆਂ ਨੂੰ ਆਪਣੇ ਕਲੇਵਰ ਵਿੱਚ ਲੈ ਰਹੀ ਹੈ?

– ਜਿਉਂ ਜਿਉਂ ਬਰਤਾਨਵੀ ਸਮਾਜ ਵਿੱਚ ਪਰਿਵਰਤਨ ਵਾਪਰਦੇ ਹਨ ਤਿਵੇਂ ਤਿਵੇਂ ਉਪਜਦੇ ਵਿਸ਼ਿਆਂ ਨੂੰ ਕਹਾਣੀ ਰੂਪ ਵਿੱਚ ਸਿਰਜਿਆ ਗਿਆ ਹੈ। ਭੂ-ਹੇਰਵਾ, ਤਿੜਕਦੇ ਰਿਸ਼ਤੇ ਅਤੇ ਕਾਮਕਤਾ ਪ੍ਰਧਾਨ ਜਾਂ ਇਸ ਦੇ ਵਿਰੋਧ ‘ਚ ਉਪਜੀਆਂ ਕਹਾਣੀਆਂ ਰਚੀਆਂ ਜਾਂਦੀਆਂ ਰਹੀਆਂ ਹਨ। ਅੱਜ ਦਾ ਬਰਤਾਨਵੀ ਸਮਾਜ ਬਹੁਤ ਬਦਲ ਗਿਆ ਹੈ। ਭੂ-ਹੇਰਵਾ ਪਹਿਲੀ ਸ਼ਿੱਦਤ ਵਾਲਾ ਨਹੀਂ ਰਿਹਾ। ਜਿਨ੍ਹਾਂ ਲੋਕਾਂ ਨੇ ਭੂ-ਹੇਰਵੇ ਨੂੰ ਹੱਡੀਂ ਸਹਿਆ ਹੈ ਉਹ ਅੱਜ ਦੇ ਸਮੇਂ ਵਿੱਚ ਉਮਰਾਂ ਭੋਗ ਗਏ ਹਨ ਅਤੇ ਜਾਂ ਆਪਣੀਆਂ ਉਲਾਦਾਂ ਵੱਲੋਂ ਨਵੀਆਂ ਸਭਿਆਚਾਰਕ ਸਮੱਸਿਆਵਾਂ ਨੂੰ ਹੰਢਾ ਰਹੇ ਹਨ, ਉਨ੍ਹਾਂ ਨਾਲ ਉਹ ਦੁਖੀ ਹਨ। ਇਨ੍ਹਾਂ ਦੇ ਪੋਤੇ ਪੋਤੀਆਂ ਪੰਜਾਬੀ ਰਹਿਤਲ ਤੋਂ ਮੁੱਖ ਮੋੜ ਕੇ ਗੈਰ ਪੰਜਾਬੀ ਸੰਬੰਧਾਂ ਨਾਲ ਆਪਣਾ ਨਾਤਾ ਜੋੜ ਰਹੇ ਹਨ। ਬੱਚਿਆਂ ਦਾ ਮਾਂ ਬਾਪ ਲਈ ਪਹਿਲਾਂ ਵਾਲਾ ਸਤਿਕਾਰ ਨਹੀਂ ਰਿਹਾ, ਉਨ੍ਹਾਂ ਆਪਣੀਆਂ ਵਾਗਾਂ ਖੁੱਲ੍ਹੀਆਂ ਛੱਡ ਦਿੱਤੀਆਂ ਹਨ। ਇਸ ਦੇ ਇਲਾਵਾ ਪੰਜਾਬ ਤੋਂ ਆਏ ਨਵੇਂ ਬੱਚਿਆਂ ਨੂੰ ਸੈੱਟਲ ਹੋਣ ਲਈ ਵੀ ਅਨੇਕਾਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪੜ੍ਹਾਈ ਆਦਿ ਲਈ ਪਹਿਲੋਂ ਵਾਂਗ ਗਰਾਂਟਾਂ ਨਹੀਂ ਮਿਲ ਰਹੀਆਂ ਤੇ ਕਰਜ਼ੇ ਚੁੱਕ ਕੇ ਪੜ੍ਹਨਾ ਤੇ ਜ਼ਿੰਦਗੀ ਗੁਜ਼ਾਰਨ ਲਈ ਪੱਕੇ ਪੈਰੀਂ ਹੋਣਾ ਤੇ ਮਕਾਨਾਂ ਆਦਿ ਦੀ ਪ੍ਰਾਪਤੀ ਲਈ ਬਿਖੜੇ ਰਾਹਾਂ ਚੋਂ ਗੁਜ਼ਰਨਾ ਪੈਂਦਾ ਹੈ। ਸਾਡਾ ਸਮਾਜ ਪਹਿਲੋਂ ਵਾਲਾ ਪੰਜਾਬੀ ਸਮਾਜ ਨਹੀਂ ਰਿਹਾ ਹੈ। ਬੱਚੇ ਅਨੇਕਾਂ ਖੁੱਲ੍ਹਾਂ ਲੈ ਰਹੇ ਹਨ। ਪਹਿਲਾਂ ਮਾਂ ਬਾਪ ਤੇ ਬੱਚਿਆਂ ਦੀ ਮਿਲਵੀਂ ਸਹਿਮਤੀ ਨਾਲ ਰਿਸ਼ਤੇ ਤੈਅ ਹੁੰਦੇ ਸਨ। ਹੁਣ ਉਹ ਖੁੱਦ ਹੀ ਤੈਅ ਕਰ ਰਹੇ ਹਨ ਤੇ ਮਾਪਿਆਂ ਕੋਲ਼ੋਂ ਮੋਹਰ ਲਵਾਉਂਦੇ ਹਨ ਅਤੇ ਮਾਪਿਆਂ ਦੀਆਂ ਸ਼ੁਭ ਇਛਿਆਵਾਂ ਤੇ ਰਾਵਾਂ ਨੂੰ ਵਿਸਾਰ ਕੇ ਆਪ ਹੀ ਮਾਪਿਆਂ ਵਾਲ਼ੀ ਪ੍ਰਵਾਨਗੀ ਦੇ ਪਾਤਰ ਬਣ ਕੇ ਰਿਸ਼ਤੇ ਨੂੰ ਅੰਤਿਮ ਰੂਪ ਦੇ ਲੈਂਦੇ ਹਨ। ਇਹ ਸਮਾਜਿਕ ਰੁੱਖ ਹੈ। ਭਾਵੇਂ ਸਾਰੇ ਬੱਚੇ ਇਸ ਦੇ ਭਾਗੀਦਾਰ ਨਹੀਂ ਹਨ ਪਰ ਭਵਿੱਖ ਦੀ ਹੋਣੀ ਵਿੱਚ ਕੀ ਕੁਝ ਲੁਕਿਆ ਪਿਆ ਹੈ, ਇਹ ਤਾਂ ਸਮਾਂ ਹੀ ਦੱਸੇਗਾ। ਹਾਂ, ਕੁਝ ਪ੍ਰੋਫੈਸ਼ਨਲ ਬੱਚੇ ਆਰਥਿਕ ਤੰਗੀਆਂ ਨੂੰ ਝੱਲ ਕੇ ਆਪਣੀ ਮਿਹਨਤ ਤੇ ਲਿਆਕਤ ਨਾਲ ਆਪਣੀ ਬਿਹਤਰ ਜ਼ਿੰਦਗੀ ਸਿਰਜ ਲੈਂਦੇ ਹਨ। ਕਈ ਆਪਣੇ ਭਾਈਚਾਰੇ ਦਾ ਨਾਮ ਵੀ ਉੱਚਿਆਂ ਕਰ ਜਾਂਦੇ ਹਨ ਤੇ ਕਈ ਦੂਜੇ ਕਲਚਰ ਨਾਲ ਨਾਤਾ ਜੋੜ ਕੇ ਵੀ ਆਪਣੀ ਹਸਤੀ ਤੇ ਸਭਿਆਚਾਰਕ ਰਵਾਇਤਾਂ ਨੂੰ ਨਹੀਂ ਵਿਸਾਰਦੇ। ਅਜਿਹੀਆਂ ਪਰਸਥਿਤੀਆਂ ਨੂੰ ਧਿਆਨ ਚ ਰੱਖ ਕੇ ਕਹਾਣੀਆਂ ਲਿਖੀਆਂ ਜਾ ਰਹੀਆਂ ਹਨ। ਇਸਦੇ ਇਲਾਵਾ ਹੋਰ ਮੌਜੂਦਾ ਵਿਸ਼ਿਆਂ ਨੂੰ ਵੀ ਲੇਖਕ ਸਾਹਮਣੇ ਰੱਖ ਕੇ ਕਹਾਣੀਕਾਰ ਕਹਾਣੀ ਸਿਰਜਣਗੇ।

? ਤੁਸੀਂ ਜਦੋਂ ਕੋਈ ਸਿਰਜਣਾ ਕਰਦੇ ਹੋ ਤਾਂ ਉਹ ਪਾਠਕਾਂ ਦੇ ਹੱਥਾਂ ਤੱਕ ਪਹੁੰਚਣ ਲਈ ਕਿੰਨੀਆਂ ਕੁ ਪੜ੍ਹਤਾਂ ਵਿੱਚੋਂ ਲੰਘਦੀ ਹੈ? ਜਦੋਂ ਕੋਈ ਕਹਾਣੀ ਤੁਹਾਡੇ ਅੰਦਰ ਆਪਣਾ ਘਰ ਬਣਾਉਂਦੀ ਹੈ, ਉਸ ਨੂੰ ਅਮਲੀ ਜਾਮਾ ਪਹਿਨਾਉਣ ਲਈ ਕਿਹੋ ਜਿਹਾ ਸਮਾਂ, ਸਥਾਨ ਜਾਂ ਵਾਤਾਵਰਣ ਦੀ ਲੋੜ ਮਹਿਸੂਸ ਕਰਦੇ ਹੋ?

– ਸਿਰਜਣਾਤਮਕ ਰਚਨਾ ਨੂੰ ਸਿਰਜਦਿਆਂ ਸਮੇਂ ਦੀ ਕੋਈ ਸੀਮਾਂ ਨਹੀਂ ਹੈ। ਕਦੀ ਕਦੀ ਕਹਾਣੀ ਇੱਕ ਅੱਧ ਦਿਨ ਵਿੱਚ ਵੀ ਲਿਖੀ ਜਾਂਦੀ ਹੈ। ਕਦੀ ਕਦੀ ਮਹੀਨੇ ਤੇ ਸਾਲਾਂ ਬੱਧੀ ਵੀ ਲੰਘ ਜਾਂਦੇ ਹਨ। ਇਹ ਤੁਹਾਡੇ ਮਾਨਸਿਕ ਝੁਕਾਅ ਤੇ ਮੁਨੱਸਰ ਕਰਦਾ ਹੈ। ਕੋਈ ਘਟਨਾ ਘਟੀ-ਦੇਖੀ, ਪ੍ਰਭਾਵ ਲਿਆ, ਪ੍ਰੰਤੂ ਪਾਸਾਰ ਨਾ ਬਣਿਆ। ਇਸ ਦਾ ਇਹ ਵੀ ਕਾਰਣ ਹੈ ਕਿ ਤੁਸੀਂ ਹੋਰ ਕਾਰਜ ਵੀ ਕਰਦੇ ਹੋ। ਉਹਦੇ ਵਿੱਚ ਜ਼ਿਆਦਾ ਰੁਚਿਤ ਹੋ ਗਏ ਤਾਂ ਸਿਰਜਣਾਤਮਕਤਾ ਤੇ ਸੱਟ ਵੱਜਦੀ ਹੈ। ਇਸ ਤਰ੍ਹਾਂ ਸਮੇਂ ਦੀ ਸੀਮਾਂ ਫ਼ੇਲ੍ਹ ਜਾਂਦੀ ਹੈ। ਬਹੁਤੀਆਂ ਕਹਾਣੀਆਂ ਦੀਆਂ ਘਟਨਾਵਾਂ/ਅਨਭਵਾਂ ਨੂੰ ਗ੍ਰਹਿਣ ਕੀਤਾ ਹੈ। ਪ੍ਰੰਤੂ ਦੂਜਿਆਂ ਸਾਹਿਤਕ ਕਾਰਜਾਂ ਨੇ ਤੁਹਾਡੀ ਮਾਨਸਿਕਤਾ ਨੂੰ ਵਲ਼ ਲਿਆ। ਅਨੇਕਾਂ ਸਾਲਾਂ ਤੋਂ ਚਿਤਵੀਆਂ ਕਹਾਣੀਆਂ ਅਜੇ ਤੱਕ ਲਿਖਤੀ ਜਾਮਾ ਨਹੀਂ ਪਹਿਨ ਸਕੀਆਂ। ਇਹ ਮੇਰਾ ਹੋਰਨਾਂ ਵਿਸ਼ਿਆਂ ਤੇ ਵਿਧਾਵਾਂ ਵੱਲ ਰੁਚਿਤ ਹੋਣ ਕਰਕੇ ਹੈ। ਜਿਹੜੇ ਲੇਖਕ ਨਿਰੋਲ ਸਿਰਜਣਾਤਮਕ ਰਹਿੰਦੇ ਹਨ, ਉਨ੍ਹਾਂ ਦੀ ਰਚਨਾਤਮਿਕਤਾ ਹਰ ਸਮੇਂ ਭਾਵਕਤਾ ਦੇ ਜੋਸ਼ ਦਾ ਝੁਕਾਅ ਰੱਖਦੀ ਹੈ। ਸਮਾਂ, ਸਥਾਨ ਤੇ ਵਾਤਾਵਰਣ ਤੁਹਾਡੀ ਮਾਨਸਿਕ ਸਥਿਤੀ ਤੇ ਨਿਰਭਰ ਕਰਦਾ ਹੈ। ਨੋਟ ਤਾਂ ਕਿਤੇ ਅਤੇ ਕਿਸੇ ਸਮੇਂ ਵੀ ਲੈ ਹੋ ਜਾਂਦੇ ਹਨ, ਪਰ ਲਿਖਣ-ਕਾਰਜ ਤਾਂ ਕੁਰਸੀ ਤੇ ਟਿੱਕ ਕੇ, ਬਹਿ ਕੇ ਟੇਬਲ ਦੇ ਆਸਰੇ ਨਾਲ ਹੀ ਕੀਤਾ ਜਾਂਦਾ ਹੈ।

? ਪ੍ਰੀਤਮ ਜੀ, ਕਹਾਣੀ ਲਿਖਦਿਆਂ ਕਦੇ ਇਸ ਤਰ੍ਹਾਂ ਵੀ ਹੋਇਆ ਕਿ ਤੁਹਾਡੇ ਪਾਤਰ ਤੁਹਾਡੇ ਵੱਸੋਂ ਬਾਹਰ ਹੋ ਕੇ ਕਹਾਣੀ ਨੂੰ ਕਿਸੇ ਹੋਰ ਪਾਸੇ ਮੋੜਾ ਦੇ ਗਏ ਹੋਣ?

-ਜਿਹੜਾ ਵੀ ਪਾਤਰ ਕਹਾਣੀ ਰੂਪ ਸੰਬੰਧੀ ਸਿਰਜਿਆ ਜਾਂਦਾ ਹੈ, ਉਹ ਆਪਣੀ ਸਥਿਤੀ ਅਨੁਸਾਰ ਹੀ ਤੁਰਦਾ ਹੈ। ਉਸ ਨੂੰ ਉਸ ਸਥਿਤੀ ਅਨੁਸਾਰ ਹੀ ਕਹਾਣੀ ਲੇਖਕ ਤੋਰਦਾ ਹੈ। ਕਈ ਦਫਾ ਉਸ ਦੀ ਮਾਨਸਿਕ ਸਥਿਤੀ ਘਟਨਾ ਅਨੁਕੂਲ ਨਾ ਹੋ ਕੇ ਥੋੜੀ ਜਿਹੀ ਇੱਧਰ ਉੱਧਰ ਵੀ ਹੋ ਜਾਂਦੀ ਹੈ। ਕਹਾਣੀ ਲੇਖਕ ਦਾ ਫ਼ਰਜ਼ ਹੈ ਕਿ ਸਥਿਤੀ ਤੇ ਮਾਨਸਿਕਤਾ ਦੀ ਮਿਲਵੀਂ ਸੁਰ ਅਨੁਸਾਰ ਕਹਾਣੀ ਨੂੰ ਅੱਗੇ ਤੋਰੇ ਤੇ ਪਾਤਰ ਨੂੰ ਵੀ ਤੋਰੇ। ਆਪਣੇ ਵੱਲੋਂ ਕੋਸ਼ਿਸ਼ ਤਾਂ ਇਹੀ ਹੁੰਦੀ ਹੈ ਕਿ ਇਹ ਸੰਤੁਲਨ ਬਣਿਆ ਰਵ੍ਹੇ। ਕਈ ਵਾਰ ਪਾਠਕ ਇਨ੍ਹਾਂ ਗੱਲਾਂ ਨੂੰ ਪਕੜ ਲੈਂਦੇ ਹਨ।

? ਕਹਾਣੀ ਸੰਗ੍ਰਹਿਾਂ ਦੇ ਨਾਲ ਹੀ ਇੱਕ ਤੁਹਾਡੀ ਕਿਤਾਬ ‘ਬਰਤਾਨਵੀ ਪੰਜਾਬੀ ਸਾਹਿਤ’ ਦੀ ਬਹੁਤ ਚਰਚਾ ਹੋਈ। ਇਸ ਕਿਤਾਬ ਦੀ ਸਿਰਜਣਾ ਬਾਰੇ ਕੁਝ ਦੱਸੋ। ਤੁਸੀਂ ਸਾਹਿਤਕ ਕਿਰਤਾਂ ਲਈ ਸਮਾਂ ਕਿਸ ਤਰ੍ਹਾਂ ਕੱਢਿਆ ਤੇ ਰਚਨਾਵਾਂ ਦੇ ਸਾਹਿਤਕ ਅਧਿਐਨ ਤੋਂ ਬਾਅਦ ਇਹ ਬਹੁਮੁੱਲੀਆਂ ਕਿਰਤਾਂ ਪੰਜਾਬੀ ਸਾਹਿਤ ਦੇ ਪਾਠਕਾਂ ਨੂੰ ਦਿੱਤੀਆਂ?

– ਨਿਰਸੰਦੇਹ ਬਰਤਾਨਵੀ ਪੰਜਾਬੀ ਸਾਹਿਤਕ ਪੁਸਤਕ ਵੀ ਚਰਚਾ ‘ਚ ਰਹੀ। ਇਹ ਮੇਰੀ ਆਲੋਚਨਾ ਦੀ ਪਹਿਲੀ ਪੁਸਤਕ ਸੀ। ਤੁਸੀਂ ਵੇਖਿਆ ਹੈ ਕਿ ਇਸ ਪੁਸਤਕ ਦੇ ਲੇਖ ਵੱਖ ਵੱਖ ਵਿਸ਼ਿਆਂ ਨਾਲ ਸੰਬੰਧ ਰੱਖਦੇ ਹਨ। ਇਸ ਪੁਸਤਕ ਵਿਚਲੇ ਲੇਖ ਵੀ ਸਮੇਂ ਦੀ ਮੰਗ ਅਨੁਸਾਰ ਹੀ ਲਿਖੇ ਗਏ ਹਨ। ਜਿਵੇਂ ਮੈਂ ਪਹਿਲਾਂ ਕਿਹਾ ਹੈ ਕਿ ਮੈਂ ਕਹਾਣੀ-ਸਿਰਜਣਾ ਦੇ ਨਾਲ ਹੋਰ ਵਿਧਾਵਾਂ ਵਿੱਚ ਵੀ ਕੰਮ ਕੀਤਾ ਹੈ। ਪ੍ਰੰਤੂ ਆਲੋਚਨਾ ਦੇ ਕਾਰਜ ਨੂੰ ਮੈਂ ਆਪਣੇ ਜ਼ਿੰਮੇਂ ਲਿਆ ਹੈ। ਪਰਵਾਸੀ ਸਾਹਿਤ ਨੂੰ ਵੀ ਆਪਣੇ ਅਧਿਐਨ ਦਾ ਅਮਗ ਬਣਾ ਲਿਆ। ਇਸ ਸੰਬੰਧ ਵਿੱਚ ਮੇਰੇ ਲੇਖ ‘ਬਰਤਾਨਵੀ ਪੰਜਾਬੀ ਵਾਰਤਕ’, ‘ਬਰਤਾਨਵੀ ਪੰਜਾਬੀ ਕਹਾਣੀ ਰੂਪ ਤੇ ਸ਼ਿਲਪ’, ‘ਘਰ ਸੁੱਖ ਵਸਿਆ’, ‘ਨਾਨਕਤਾ-ਇੱਕ ਅਧਿਐਨ’, ‘ਮੇਰੇ ਪਰਤ ਆਉਣ ਤਕ’ ਆਦਿ ਪਰਵਾਸੀ ਸਾਹਿਤ ਤੇ ਸਾਹਿਤਕਾਰਾਂ ਦੀਆਂ ਰਚਨਾਵਾਂ ਨਾਲ ਸੰਬੰਧਿਤ ਹਨ। ਬਹੁਤੇ ਲੇਖ ਸਮੇਂ ਦੀ ਲੋੜ ਅਨੁਸਾਰ ਪਰਚਿਆਂ ਦੇ ਰੂਪ ਵਿੱਚ ਲਿਖੇ ਗਏ ਹਨ। ਦੂਜੀ ਭਾਂਤ ਦੇ ਲੇਖ ਆਪਣੇ ਪੀਐੱਚ. ਡੀ. ਤੇ ਖੋਜ ਕਾਰਜ ਨਾਲ ਸੰਬੰਧਿਤ ਹਨ ਜਿਵੇਂ ਪੰਜਾਬੀ ਦਾ ਪ੍ਰਤੀਬੰਧਿਤ ਸਾਹਿਤ ਅਤੇ ਹੋਰ ਚਾਰ ਪੰਜ ਲੇਖ ਰਾਸ਼ਟਰੀ ਲਹਿਰਾਂ ਨਾਲ ਸੰਬੰਧਿਤ ਹਨ। ਇੱਕ ਲੇਖ ‘ਦੀਵਾਨ ਸਿੰਘ ਕਾਲੇ ਪਾਣੀ ਦੀ ਵਾਰਤਕ’ ਬਾਰੇ ਲਿਖਿਆ। ਇਨ੍ਹਾਂ ਲੇਖਾਂ ਦੀ ਸਿਰਜਣਾ ਖੋਜ-ਕਾਰਜ ਕਰਦਿਆਂ ਹੋਈ। ਪਰਵਾਸੀ ਸਾਹਿਤ ਨਾਲ ਜੁੜਨ ਕਰਕੇ ਇਸ ਸਾਹਿਤ ਨਾਲ ਸੰਬੰਧਿਤ ਆਲੋਚਨਾਤਮਕ ਲੇਖਾਂ ਦਾ ਕਾਰਜ ਨੇਪਰੇ ਚੜ੍ਹਿਆ। ਭਾਵੇਂ ਇਸ ਪੁਸਤਕ ਦੇ ਲੇਖ ਰਲੇ ਮਿਲੇ ਹਨ, ਪ੍ਰੰਤੂ ਇਹ ਲੇਖ ਨਿੱਠ ਕੇ ਲਿਖੇ ਗਏ ਹੋਣ ਕਰਕੇ ਇਨ੍ਹਾਂ ਦਾ ਯੋਗ ਮੁੱਲ ਪਿਆ। ਇਸ ਪੁਸਤਕ ਬਾਰੇ ਹੋਏ ਰੀਵੀਊਆਂ ਵਿੱਚੋਂ ਸਾਰਥਕ ਮੁਲਾਂਕਣ ਦਾ ਪਤਾ ਲੱਗਦਾ ਹੈ।

? ਇਹ ਗਿਲਾ ਸੁਣਨ ਵਿੱਚ ਆਉਦਾ ਰਿਹਾ ਕਿ ਪੰਜਾਬੋˆ ਬਾਹਰਲੇ ਪੰਜਾਬੀ ਸਾਹਿਤ ਨੂੰ, ਪੰਜਾਬ ਵਿੱਚ ਬਹੁਤੀ ਮਾਨਤਾ ਨਹੀਂ ਦਿੰਦੀ ਜਾਂਦੀ ਰਹੀ, ਸਗੋਂ ਇਹ ਕਹਿ ਕੇ ਨਿਕਾਰ ਦਿੱਤਾ ਜਾਂਦਾ ਰਿਹਾ ਹੈ ਕਿ ਇਹ ਤਾਂ ਡਾਲਰਾਂ ਪੌਂਡਾਂ ਦਾ ਸਾਹਿਤ ਹੈ। ਤੁਹਾਨੂੰ ਲੱਗਦਾ ਹੈ ਕਿ ਅੱਜ ਪੰਜਾਬ ਦੇ ਵਿਦਵਾਨ ਬਾਹਰਲੇ ਪੰਜਾਬੀ ਸਾਹਿਤ ਨੂੰ ਸਮੁੱਚੇ ਪੰਜਾਬੀ ਸਾਹਿਤ ਦਾ ਅੰਗ ਮੰਨਣ ਲਈ ਤਿਆਰ ਹਨ?

– ਪਰਵਾਸੀ ਪੰਜਾਬੀ ਸਾਹਿਤ ਨੂੰ ਡਾਲਰਾਂ ਪੌਂਡਾਂ ਦਾ ਸਾਹਿਤ ਕਹਿ ਕੇ ਨਿਕਾਰਨ ਦੀ ਚਰਚਾ ਵੀ ਭਾਰਤੀ ਪੰਜਾਬੀ ਸਾਹਿਤ ਦੇ ਕੁਝ ਦਾਨਿਸ਼ਵਰਾਂ ਵੱਲੋਂ ਕੀਤੀ ਜਾ ਰਹੀ ਹੈ। ਪ੍ਰੰਤੂ ਸਾਰੇ ਪੰਜਾਬੀ ਹਿਤੂ ਸਾਹਿਤਕਾਰਾਂ ਦੀ ਇਹ ਰਾਏ ਨਹੀਂ ਹੈ। ਮੇਰੇ iਖ਼ਆਲ ਅਨੁਸਾਰ ਪੰਜਾਬੀ ਸਾਹਿਤ ਜਿੱਥੇ ਵੀ ਲਿਖਿਆ ਜਾਂਦਾ ਹੈ, ਉਹ ਪੰਜਾਬੀ ਸਾਹਿਤ ਹੀ ਹੈ। ਹਾਂ, ਸਮੇਂ, ਸਥਾਨ ਦੀਆਂ ਪ੍ਰਸਥਿਤੀਆਂ ਦਾ ਰੰਗ ਜ਼ਰੂਰ ਵੱਖਰਾ ਹੁੰਦਾ ਹੈ। ਕੱਚਾ ਸਾਹਿਤ ਪੰਜਾਬ ਵਿੱਚ ਵੀ ਲਿਖਿਆ ਜਾਂਦਾ ਹੈ ਤੇ ਪਰਵਾਸ ਵਿੱਚ ਵੀ। ਪ੍ਰੰਤੂ ਸਮੁੱਚੇ ਸਾਹਿਤ ਤੇ ਅਸੀਂ ਇਹ ਲੇਬਲ ਨਹੀਂ ਲੱਗਾ ਸਕਦੇ। ਪਰਵਾਸੀ ਸਾਹਿਤਕਾਰਾਂ ਵਿੱਚ ਭਾਰਤੀ ਪੰਜਾਬੀ ਸਾਹਿਤਕਾਰਾਂ ਨਾਲੋਂ ਘੱਟ ਪ੍ਰੇਮ ਨਹੀਂ ਹੈ। ਹਾਂ, ਵਾਤਾਵਰਣ ਦਾ ਪ੍ਰਭਾਵ ਜ਼ਰੂਰ ਹੋ ਸਕਦਾ ਹੈ ਕਿਉਂਕਿ ਭਾਰਤ ਵਿਚਲੇ ਮਾਹੌਲ ਦਾ ਬਾਹਰ ਬੈਠੇ ਪਰਵਾਸੀ ਲੇਖਕਾਂ ਵਿੱਚ ਉਸ ਸ਼ਿੱਦਤ ਨਾਲ ਨਹੀਂ ਹੋ ਸਕਦਾ। ਪਰ ਅੱਜ ਕੱਲ੍ਹ ਸੰਚਾਰ-ਸਹੂਲਤਾਂ ਵਧ ਗਈਆਂ ਹਨ। ਇਸ ਲਈ ਪਰਵਾਸੀ ਲੇਖਕ ਵੀ ਬਹੁ-ਵਿਧਾਵਾਂ ਵਿੱਚ ਲਿਖ ਰਹੇ ਹਨ। ਸਤਨਾਮ ਜੀ, ਪਿਛਲੇ ਕੁਝ ਸਮੇਂ ਤੋਂ ਪੰਜਾਬ ਦੀਆਂ ਵੱਖ ਵੱਖ ਯੂਨੀਵਰਸਿਟੀਆਂ ਵਿੱਚ ਪਰਵਾਸੀ ਲੇਖਕਾਂ ਦੀਆਂ ਪੁਸਤਕਾਂ ਨੂੰ ਸਿਲੇਬਸ ਦਾ ਹਿੱਸਾ ਬਣਾ ਕੇ ਪੜ੍ਹਾਇਆ ਜਾਣ ਨਾਲ, ਪਰਵਾਸੀ ਸਾਹਿਤਕਾਰਾਂ ਦੇ ਕੰਮਾਂ ‘ਤੇ ਐੱਮ ਫਿਲ ਅਤੇ ਪੀਐੱਚ. ਡੀਜ਼ ਵੀ ਹੋ ਰਹੀਆਂ ਹਨ ਇਸ ਤੋਂ ਕਿਹਾ ਜਾ ਸਕਦਾ ਹੈ ਕਿ ਪੰਜਾਬ ਦੇ ਵਿਦਵਾਨ ਪੰਜਾਬ ਤੋਂ ਬਾਹਰਲੇ ਪੰਜਾਬੀ ਸਹਿਤ ਨੂੰ ਸਮੁੱਚੇ ਪੰਜਾਬੀ ਸਾਹਿਤ ਦਾ ਅੰਗ ਮੰਨ ਰਹੇ ਹਨ ਅਤੇ ਮਾਨਤਾ ਵੀ ਦੇ ਰਹੇ ਹਨ।

? ਪ੍ਰੀਤਮ ਜੀ, ਅਧਿਆਪਨ ਦਾ ਕਿੱਤਾ ਤੁਹਾਡੀ ਲੇਖਣੀ ਵਿੱਚ ਕਿੰਨਾ ਕੁ ਅਤੇ ਕਿਸ ਰੂਪ ਵਿੱਚ ਸਹਾਈ ਹੋਇਆ ਸਮਝਦੇ ਹੋ?

– ਢਾਅ ਜੀ, ਅਧਿਆਪਨ ਦਾ ਕਿੱਤਾ ਮੇਰੀ ਸਿਰਜਣਾ ਵਿੱਚ ਬਹੁਤਾ ਸਹਾਈ ਨਹੀਂ ਹੋਇਆ ਕਿਉਂਕਿ ਮੈਂ ਸੈਕੰਡਰੀ ਸਕੂਲ ਵਿੱਚ ਪੜ੍ਹਾਉਂਦਾ ਸੀ ਤੇ ਇਹ ਕੰਮ ਅਕਾਦਮਿਕ ਪੱਧਰ ਦਾ ਸੀ। ਇਸ ਵਿੱਚ ਸਾਹਿਤ ਦਾ ਕੋਈ ਸਿੱਧਾ ਦਖ਼ਲ ਨਹੀਂ ਸੀ। ਹਾਂ, ਮੈਂ ਤਿੰਨ/ਚਾਰ ਸਾਲ ਏ ਲੈਵਲ ਦੇ ਵਿਦਿਆਰਥੀਆਂ ਨੂੰ ਵੀ ਪੜ੍ਹਾਇਆ ਹੈ। ਉਸ ਵਿੱਚ ਸਾਹਿਤ ਦਾ ਕੁਝ ਅੰਸ਼ ਸੀ। ਪ੍ਰੰਤੂ ਇੱਥੇ ਵੀ ਉੱਚੇ ਪੱਧਰ ਦੇ ਸਾਹਿਤ ਨਾਲ ਰਾਬਤਾ ਨਹੀਂ ਸੀ ਬਣਿਆ। ਇਹ ਸਕੂਲੀ ਕਿਸਮ ਦਾ ਕਾਰਜ ਸੀ। ਪ੍ਰੰਤੂ ਅਧਿਆਪਨ ਦਾ ਮਾਹੌਲ ਹੋਣ ਕਰਕੇ ਪ੍ਰੋਖ ਰੂਪ ਵਿੱਚ ਸਾਹਿਤ ਨਾਲ ਜੁੜਨ ਵਿੱਚ ਸਹਾਈ ਜ਼ਰੂਰ ਹੋਇਆ। ਸਕੂਲ ਦੇ ਵਿਹਲੇ ਪੀਰੀਅਡਾਂ ਵਿੱਚ ਵੀ ਸਾਹਿਤ-ਅਧਿਐਨ ਵਿੱਚ ਰੁਝਿਆ ਰਹਿੰਦਾ ਸਾਂ। ਸਕੂਲ ਵਿੱਚ ਛੁੱਟੀਆਂ ਵੀ ਕਾਫ਼ੀ ਹੁੰਦੀਆਂ ਸਨ। ਇਹ ਵੀ ਸਾਹਿਤਕ-ਕਾਰਜਕਾਰੀ ਤੇ ਅਧਿਐਨ ਵਿੱਚ ਸਹਾਈ ਹੁੰਦੀਆਂ ਸਨ।

? ਤੁਹਾਡੇ ਕਿਤਾਬਾਂ ਦੇ ਭੰਡਾਰ ਤੋਂ ਤਾਂ ਇਹ ਗੱਲ ਦਾ ਤਾਂ ਮੈਨੂੰ ਭਲੀ ਭਾਂਤ ਪਤਾ ਲੱਗਦਾ ਕਿ ਤੁਸੀਂ ਅਧਿਅਨ ਬਹੁਤ ਕਰਦੇ ਹੋ। ਤੁਸੀਂ ਪੰਜਾਬੀ ਸਾਹਿਤ ਦੇ ਸਿਰਮੌਰ ਲੇਖਕਾਂ ਤੋਂ ਬਿਨਾਂ ਦੂਜੀਆਂ ਭਾਸ਼ਾਵਾਂ ਦੇ ਕਿਹੜੇ ਲੇਖਕਾਂ ਨੂੰ ਪੜ੍ਹਨਾ ਪਸੰਦ ਕਰਦੇ ਹੋ?

-ਮੇਰੀ ਪੜ੍ਹਨ ਰੁਚੀ ਨਿਰੰਤਰ ਵੀ ਹੈ ਤੇ ਕਈ ਪੱਖਾਂ ਤੋਂ ਪੜ੍ਹਨ ਲਈ ਪ੍ਰੇਰਦੀ ਵੀ ਹੈ। ਤੁਹਾਡਾ ਸਵਾਲ ਜਿੰਨਾ ਛੋਟਾ ਹੈ, ਓਨਾ ਹੀ ਇਹ ਵਿਸ਼ਾਲ ਪਰਤਾਂ ਵਾਲਾ ਹੈ। ਤੁਸੀਂ ਪੁੱਛਿਆ ਹੈ ਕਿ ਤੁਸੀਂ ਪੰਜਾਬੀ ਦੇ ਸਿਰਮੌਰ ਲੇਖਕਾਂ ਤੋਂ ਇਲਾਵਾ ਹੋਰ ਕਿਹੜੇ ਲੇਖਕਾਂ ਨੂੰ ਪੜ੍ਹਨਾ ਪਸੰਦ ਕਰਦੇ ਹੋ। ਪਹਿਲਾਂ ਸੰਖੇਪ ਤੌਰ ਤੇ ਪੰਜਾਬੀ ਸਾਹਿਤ ਦੀ ਗੱਲ ਕਰ ਲਈਏ। ਪੰਜਾਬੀ ਸਾਹਿਤ ਨੂੰ ਪੂਰੀ ਤਰ੍ਹਾਂ ਸਮਝਣ ਲਈ ਇਸ ਦੇ ਵਿਭਿੰਨ ਪੜਾਵਾਂ ਦੇ ਚੋਣਵੇਂ ਸਾਹਿਤ ਨਾਲ ਵਾਕਫੀ ਪੈਦਾ ਕੀਤੀ ਹੈ ਤੇ ਅੱਗੇ ਹੋਰ ਪੜ੍ਹਨ ਲਈ ਲਗਨ ਵੀ ਜਾਰੀ ਹੈ। ਸਾਹਿਤ ਦੀਆਂ ਇਹ ਧਾਰਾਵਾਂ ਹਨ: ਕਿੱਸਾ ਸਾਹਿਤ, ਵਾਰ ਸਾਹਿਤ, ਭਗਤੀ ਸਾਹਿਤ, ਸੂਫੀ ਸਾਹਿਤ, ਗੁਰਮਤਿ ਸਾਹਿਤ, ਲੋਕ ਸਾਹਿਤ ਅਤੇ ਆਧੁਨਿਕ ਸਾਹਿਤ। ਮੁੱਢਲੇ ਸਾਹਿਤਕਾਰਾਂ ਬਾਰੇ ਜਾਨਣ ਦੀ ਕੋਸ਼ਿਸ਼ ਕੀਤੀ ਹੈ ਜਿਨ੍ਹਾਂ ਨੇ ਸਾਹਿਤ ਦਾ ਇਕੱਤਰੀਕਰਨ ਕੀਤਾ ਤੇ ਸੰਪਾਦਨ ਕਰਕੇ ਪੰਜਾਬੀ ਸਾਹਿਤ ਦਾ ਭੰਡਾਰ ਕਾਇਮ ਕੀਤਾ। ਆਧੁਨਿਕ ਸਾਹਿਤ ਦੇ ਹਰ ਵਿਧਾ ਦੇ ਮੁੱਢਲੇ ਸਾਹਿਤਕਾਰਾਂ ਤੋਂ ਲੈ ਕੇ ਅਗਲੇ ਪੜਾਵਾਂ ‘ਚੋਂ ਲੰਘਦਿਆਂ ਵਰਤਮਾਨ ਸਾਹਿਤ ਨੂੰ ਜਾਚਣ ਦੀ ਰੁਚੀ ਜਾਰੀ ਰਹਿੰਦੀ ਹੈ। ਸਾਹਿਤਕਾਰਾਂ ਦੀ ਲਿਸਟ ਬਹੁਤ ਲੰਮੇਰੀ ਹੈ, ਇਸ ਲਈ ਸੀਮਤ ਰਹਿਣਾ ਹੀ ਯੋਗ ਹੈ। ਭਾਰਤੀ ਸਾਹਿਤ ਬਾਰੇ ਮੁਨਸ਼ੀ ਪ੍ਰੇਮ ਚੰਦ, ਰਾਬਿੰਦਰ ਨਾਥ ਟੈਗੋਰ, ਸਵਾਮੀ ਵਿਵੇਕਾ ਨੰਦ, ਡਾ. ਰਾਧਾ ਕ੍ਰਿਸ਼ਨਨ, ਮਹਾਸ਼ਾਵੇਤਾ ਦੇਵੀ ਤੇ ਖੁਸ਼ਵੰਤ ਸਿੰਘ ਆਦਿ ਬਾਰੇ ਕੁਝ ਪੜ੍ਹਿਆ ਹੈ ਅਤੇ ਹੋਰ ਜਾਨਣ ਦੀ ਲੋਚਾ ਜਾਰੀ ਹੈ। ਇਸ ਦੇ ਇਲਾਵਾ ਪਰਚਿਆਂ ‘ਚੋਂ ਵੀ ਬਹੁਤ ਕੁਝ ਪ੍ਰਾਪਤ ਹੁੰਦਾ ਹੈ। ਸਮਕਾਲੀ ਸਾਹਿਤ, ਹੁਣ, ਫਿਲਹਾਲ, ਕਹਾਣੀ ਪੰਜਾਬ, ਸਿਰਜਣਾ, ਧਰਤੀ ਦਾ ਸੂਰਜ, ਐਤਵਾਰਤਾ, ਪੰਜਾਬੀ ਟ੍ਰਿਬਿਊਨ ਤੋਂ ਇਲਾਵਾ ਇੰਡੀਅਨ ਲਿਟਰੇਚਰ ਅਤੇ ਸਿੱਖ ਰੀਵੀਊੂ ਆਦਿ ਸ਼ਾਮਲ ਹਨ ਜਿਨਾਂ ਨੂੰ ਨਿਰੰਤਰ ਪੜ੍ਹਦਾ ਹਾਂ ਅਤੇ ਇੰਟਰਨੈਟ ਤੇ ਡਾ. ਗੁਰਦਿਆਲ ਸਿੰਘ ਰਾਏ ਦੇ ‘ਲਿਖਾਰੀ’ ਨੂੰ ਵੀ।

ਅੰਗਰੇਜ਼ੀ ਸਾਹਿਤ ਨੂੰ ਵੀ ਅਨੁਵਾਦਿਤ ਰੂਪ ਵਿੱਚ ਕੁਝ ਨਾ ਕੁਝ ਪੜ੍ਹਿਆ ਹੈ। ਪਰ ਵਿਸਤ੍ਰਿਤ ਰੂਪ ਵਿੱਚ ਨਹੀਂ। ਪ੍ਰੰਤੂ ਥਾਮਸ ਹਾਰਡੀ, ਸ਼ੈਕਸਪੀਅਰ, ਟਾਲਸਟਾਇ, ਗੋਰਕੀ, ਦੋਸਤੋਵਸਕੀ, ਵਿਕਟਰ ਹਿਊਗੋ, ਡੀ-ਐੱਚ-ਲਾਰੈਂਸ, ਚਾਰਲਸ ਡਿਕਨਜ਼, ਜੇਨ ਆਸਟਨ ਆਦਿ ਸਾਹਿਤਕਾਰ ਸਾਹਿਤਕਤਾ ਲਈ ਗਿਆਨ ਤੇ ਕਲਾ ਦੀ ਪ੍ਰਾਪਤੀ ਵਜੋਂ ਬਹੁਤ ਉਪਯੋਗੀ ਹਨ। ਜ਼ਿਹਨ ਵਿੱਚ ਤਾਂ ਬਹੁਤ ਕੁਝ ਹੈ, ਪਰ ਇਹ ਸਮੇਂ ਦੀ ਸੀਮਾਂ ਅਨੁਸਾਰ ਹੀ ਸੰਭਵ ਹੈ। ਇਹ ਰੁਚੀ ਐਸੀ ਹੈ ਜਿਸ ਦਾ ਕੋਈ ਅੰਤ ਨਹੀਂ। ਸਾਹਿਤ ਦਾ ਅਧਿਐਨ ਦੋ ਤਰ੍ਹਾਂ ਨਾਲ ਚਲਦਾ ਹੈ, ਇੱਕ ਤਾਂ ਹੱਥਲੇ ਕਾਰਜ ਸੰਬੰਧੀ ਪੜ੍ਹਨ ਪ੍ਰਕਿਰਿਆ ਹੈ ਜਿਸ ਬਾਰੇ ਲਿਖਣਾ ਹੋਵੇ। ਇਸ ਦੇ ਨਾਲ ਚੋਣਵੇਂ ਸਾਹਿਤ ਦੀ ਪ੍ਰਕਿਰਿਆ ਵੀ ਜਾਰੀ ਰੱਖਦਾ ਹਾਂ। ਢਾਅ ਜੀ, ਮੇਰੀ ਉਰਦੂ ਸਾਹਿਤ ਵਿੱਚ ਵੀ ਗਹਿਰੀ ਦਿਲਚਸਪੀ ਹੈ। ਮਿਰਜ਼ਾ ਗਾਲਿਬ, ਡਾ. ਇਕਬਾਲ, ਸਾਹਿਰ ਲੁਧਿਆਣਵੀ ਤੇ ਫ਼ੈਜ਼ ਅਹਿਮਦ ਫ਼ੈਜ਼ ਆਦਿ ਵੀ ਬੌਧਿਕਤਾ ਵਿੱਚ ਸ਼ਾਮਲ ਰਹਿੰਦੇ ਹਨ। ਪੜ੍ਹਨ ਪ੍ਰਕਿਰਿਆ ਤੇ ਲਿਖਣ ਪ੍ਰਕਿਰਿਆ ਦੀ ਕੋਈ ਸੀਮਾਂ ਨਹੀਂ ਹੈ। ਪ੍ਰੰਤੂ ਜਿੰਨਾ ਕੁਝ ਤੁਸੀਂ ਸਵੈ-ਸੰਤੁਸ਼ਟਤਾ ਲਈ ਤੇ ਕੁਝ ਸੰਚਾਰਤ ਹਿਤ ਕਰ ਸਕਦੇ ਹੋ, ਕਰਦੇ ਰਹਿਣਾ ਚਾਹੀਦਾ ਹੈ। ਮੇਰੀ ਪੜ੍ਹਨ ਰੁਚੀ ਅਸੀਮ ਹੈ। ਇਸ ਲਈ ਮੈਂ ਹੌਲ਼ੀ ਹੌਲ਼ੀ ਚੋਖਾ ਪੁਸਤਕ ਭੰਡਾਰ ਕਾਇਮ ਕਰ ਲਿਆ ਹੈ ਅਤੇ ਨਵੀਆਂ ਛਪ ਰਹੀਆਂ ਪੁਸਤਕਾਂ ਤੇ ਵੀ ਨਿਗ੍ਹਾ ਰੱਖਦਾ ਹਾਂ ਤੇ ਜਿਹੜੀਆਂ ਪੁਸਤਕਾਂ ਪ੍ਰਾਪਤ ਹੋ ਸਕਣ, ਉਹ ਹਾਸਲ ਕਰ ਲੈਂਦਾ ਹਾਂ।

? ਤੁਸੀਂ ਇੱਕ ਬਹੁ-ਪੱਖੀ ਲੇਖਕ ਹੋ ਅਤੇ ਕਹਾਣੀ, ਆਲੋਚਨਾ, ਨਿਬੰਧ, ਮੁਲਾਕਾਤਾਂ ਅਤੇ ਸੰਪਾਦਨਾ ਵਿੱਚ ਕੰਮ ਕੀਤਾ ਹੈ। ਮੁੱਖ ਤੌਰ ਤੇ ਸਾਹਿਤਕ ਹਲਕਿਆਂ ਵਿੱਚ ਆਪ ਨੁੰ ਬਤੌਰ ਆਲੋਚਕ ਅਤੇ ਖੋਜਕਾਰ ਦੇ ਤੌਰ ਤੇ ਜਾਣਿਆ ਜਾਂਦਾ ਹੈ ਤੁਸੀਂ ਇਹ ਸਾਰੇ ਕਾਰਜ ਕਿਵੇਂ ਨਿਭਾਉਂਦੇ ਹੋ?

– ਤੁਸੀਂ ਠੀਕ ਕਹਿੰਦੇ ਹੋ ਕਿ ਮੈਂ ਕਈ ਵਿਧਾਵਾਂ ਵਿੱਚ ਲਿਖਿਆ ਹੈ। ਜਦੋਂ ਗਿਆਨ ਦੀ ਲਿਲ੍ਹਕ ਲੱਗ ਜਾਵੇ ਤੇ ਸਾਹਿਤਕ ਰੁਚੀ ਦੀ ਪ੍ਰਬਲ ਭਾਵਨਾ ਮੱਚਦੀ ਰਵ੍ਹੇ ਤਾਂ ਸਮੇਂ ਅਨੁਕੂਲ ਭਿੰਨ ਭਿੰਨ ਵਿਧਾਵਾਂ ਵਿੱਚ ਲਿਖਿਆ ਜਾਂਦਾ ਹੈ। ਹਰ ਇੱਕ ਵਿਧਾ ਆਪਣਾ ਰਸਤਾ ਅਖ਼ਤਿਆਰ ਕਰ ਲੈਂਦੀ ਹੈ। ਜਿਵੇਂ ਜਿਵੇਂ ਦਿਲਚਸਪੀ ਦੇ ਭਿੰਨ ਭਿੰਨ ਪੱਖਾਂ ਦੀ ਰੁਚੀ ਵਿਕਾਸ ਕਰਦੀ ਜਾਂਦੀ ਹੈ। ਇਸ ਰਚਨਾ ਦਾ ਕੰਮ ਨਿਰੰਤਰ ਚਲਦਾ ਰਹਿੰਦਾ ਹੈ। ਬਹੁਤੀਆਂ ਵਿਧਾਵਾਂ ਵਿੱਚ ਲਿਖਣਾ ਸਮੇਂ ਦੀ ਮੰਗ ਅਨੁਸਾਰ ਹੁੰਦਾ ਹੈ, ਇਸ ਲਈ ਮਨ ਦੀ ਇਕਾਗਰਤਾ ਵੀ ਅਤਿ ਲੋੜੀਂਦੀ ਹੈ। ਬੇਅੰਤ ਪੁਸਤਕਾਂ ਦੇ ਨਾਲ ਪਰਚਿਆਂ ਦਾ ਆਉਣਾ ਜਾਣਾ ਸਮੇਟਿਆ ਨਹੀਂ ਜਾਂਦਾ। ਪਰ ਜਦੋਂ ਕਿਸੇ ਪੱਖ ਲਈ ਉਤੇਜਿਤ ਹੋ ਜਾਈਦਾ ਹੈ ਤਾਂ ਕੰਮ ਚੱਲ ਹੀ ਪੈਂਦਾ ਹੈ। ਜਦੋਂ ਤੁਸੀਂ ਟਾਰਗੈਟ ਬਣਾ ਲੈਂਦੇ ਹੋ, ਤਾਂ ਲਿਖਿਆ ਹੀ ਜਾਂਦਾ ਹੈ। ਇਹ ਸਾਧਨਾ ਹੈ, ਜਿੰਨੀ ਸਮਰੱਥਾ ਅਨੁਸਾਰ ਕਰ ਸਕਦਾ ਹਾਂ, ਕਰਦਾ ਹਾਂ। ਇਹ ਜਿੰਨੀ ਸਾਧਨਾ ਕਰ ਲਵੋ ਥੋੜੀ ਹੈ। ਸਾਹਿਤਕ ਕਾਰਜ ਮੁੱਕਦੇ ਨਹੀਂ ਤੇ ਨਾ ਹੀ ਸੰਪੂਰਨ ਹੁੰਦੇ ਹਨ। ਹਾਂ, ਬਹੁਤਾ ਪਸਾਰਾ ਤੁਹਾਡੇ ਸਮੇਂ ਨੂੰ ਸੰਕੁਚਿਤ ਕਰਦਾ ਹੈ ਤੇ ਨਿਰੋਲ ਸਿਰਜਣਾਤਮਕ ਰਚਨਾਕਾਰੀ ਨੂੰ ਸੱਟ ਵੀ ਜ਼ਰੂਰ ਵੱਜਦੀ ਹੈ।

? ਪਹਿਲਾਂ ਗੱਲ ਆਲੋਚਨਾ ਦੀ ਕਰ ਲੈਂਦੇ ਹਾਂ, ਤੁਹਾਡੀ ਆਲੋਚਨਾ ਵਾਦ-ਰਹਿਤ ਆਲੋਚਨਾ ਹੈ। ਜਦੋਂ ਕਿ ਅੱਜ ਕੱਲ੍ਹ ਤਾਂ ਅਨੇਕਾਂ ਹੀ ਵਾਦਾਂ ਅਧੀਨ ਆਲੋਚਨਾ ਕੀਤੀ ਜਾਂਦੀ ਹੈ। ਤੁਹਾਡਾ ਕਿਸੇ ਵਾਦ ਅਧੀਨ ਆਲੋਚਨਾ ਨਾ ਕਰਨ ਦਾ ਕੀ ਕਾਰਨ ਹੈ?

– ਢਾਅ ਜੀ, ਜਿਹੜੇ ਵਾਦ ਹਨ, ਉਨ੍ਹਾਂ ਦੀ ਸਮਝ ਜ਼ਰੂਰੀ ਹੈ। ਪ੍ਰੰਤੂ ਆਲੋਚਨਾ ਕਰਨ ਲੱਗਿਆਂ ਤੁਹਾਨੂੰ ਆਪਣੇ ਮਨ ਵਿੱਚ ਇਹ ਨਹੀਂ ਰੱਖਣਾ ਚਾਹੀਦਾ ਕਿ ਮੈਂ ਇਸ ਨੂੰ ਫਲਾਣੇ ਵਾਦ ਦੇ ਅਨੁਸਾਰ ਢਾਲਣਾ ਹੈ। ਜਿਹੜੀ ਟੈਕਸਟ ਹੈ, ਉਸ ਨੂੰ ਸਮਝ ਕੇ, ਆਪਣੇ ਅਨੁਭਵ ਤੇ ਗਿਆਨ ਦੇ ਆਸਰੇ ਢੁੱਕਵੀਂ ਆਲੋਚਨਾ ਕਰਨੀ ਅਨਿਵਾਰੀ ਹੈ। ਸਿਧਾਂਤ ਤੁਹਾਡੇ ਗਿਆਨ ਦੀ ਸਮਝ ਨੂੰ ਵਿਕਸਾਉਣ ਲਈ ਜ਼ਰੂਰੀ ਹਨ, ਨਾ ਕਿ ਇਹ ਜੀਵਨ ਲਈ ਜ਼ਰੂਰੀ ਹਨ।

? ਬਰਤਾਨੀਆ ਵਿੱਚ ਮੇਰੇ iਖ਼ਆਲ ਨਾਲ ਤੁਸੀਂ ਅਤੇ ਡਾ. ਗੁਰਦਿਆਲ ਸਿੰਘ ਰਾਏ ਹੀ ਅਜਿਹੇ ਲੇਖਕ ਨਜ਼ਰ ਆਏ ਹੋ ਜਿਨ੍ਹਾਂ ਨੇ ਆਪਣੀਆਂ ਮੌਲਿਕ ਰਚਨਾਵਾਂ ਦੇ ਨਾਲ ਨਾਲ ਬਰਤਾਨੀਆ ਵਿਚਲੇ ਲੇਖਕਾਂ ਦੇ ਕੰਮ ਦੀ ਪਰਖ-ਪੜਚੋਲ ਕਰਦਿਆਂ ਉਹਨਾਂ ਨੂੰ ਉਤਸ਼ਾਹਿਤ ਵੀ ਕੀਤਾ ਹੈ। ਅਣਗੌਲੇ ਲੇਖਕਾਂ ਨੂੰ ਪਾਠਕਾਂ ਦੇ ਸਨਮੁੱਖ ਕਰਨ ਦਾ ਇਸ ਇਤਿਹਾਸਕ ਕੰਮ ਦਾ ਸਬੱਬ ਕਿਸ ਤਰ੍ਹਾਂ ਬਣਿਆ?

-ਪਹਿਲਾਂ ਇਹ ਗੱਲ ਸਾਫ਼ ਕਰਦਿਆਂ ਕਿ ਸਾਥੋਂ ਇਲਾਵਾ ਹੋਰ ਲੇਖਕਾਂ ਨੇ ਵੀ ਕਾਰਜ ਕੀਤਾ ਹੈ, ਜਿਨ੍ਹਾਂ ਦਾ ਅਲੇਖ ਮੈਂ ਪਹਿਲਾਂ ਕਰ ਆਇਆ ਹਾਂ। ਢਾਅ ਜੀ, ਇਹ ਝੁਕਾਉ ਦੀ ਗੱਲ ਹੈ ਅਤੇ ਇਹ ਤੁਹਾਡੀਆਂ ਰੁਚੀਆਂ ਅਨੁਸਾਰ ਬਣ ਜਾਂਦਾ ਹੈ। ਕਈ ਦਫਾ ਹਾਲਾਤ ਹੀ ਐਸੇ ਬਣ ਜਾਂਦੇ ਹਨ। ਪਰਵਾਸੀ ਸਾਹਿਤ ਬਾਰੇ ਮੇਰੀ ਰੁਚੀ ਇਸ ਤਰ੍ਹਾਂ ਪੁੰਗਰੀ ਤੇ ਸੇਧਿਤ ਹੋਈ। ਮੈਂ ਪੀਐੱਚ. ਡੀ. ਦਾ ਖੋਜ-ਕਾਰਜ ਅੰਗਰੇਜ਼ੀ ਰਾਜ ਸਮੇਂ ‘ਜ਼ਬਤ ਸ਼ੁਦਾ ਪੰਜਾਬੀ ਕਵਿਤਾ’ ਦੇ ਵਿਸ਼ੇ ਤੇ ਕੀਤਾ ਸੀ। ਪ੍ਰੰਤੂ ਜਦੋਂ ਮੈਂ ਇਸ ਟੀਚੇ ਦੀ ਪ੍ਰਾਪਤੀ ਕੀਤੀ, ਤਾਂ ਬਰਤਾਨਵੀ ਪੰਜਾਬੀ ਲੇਖਕਾਂ ਨੇ ਮੇਰੇ ਪਾਸੋਂ ਬਰਤਾਨਵੀ ਪੰਜਾਬੀ ਸਾਹਿਤ ਦੇ ਸੰਦਰਭ ਵਿੱਚ ਆਲੋਚਨਾਤਮਕ ਕਾਰਜ ਦੀ ਆਸ ਰੱਖੀ। ਇਹਦੇ ਅਨੁਸਾਰ ਮੈਂ ਪਰਵਾਸੀ ਲੇਖਕਾਂ ਬਾਰੇ ਲਿਖਣਾ ਸ਼ੁਰੂ ਕੀਤਾ। ਭਾਵੇਂ ਮੈਂ ਪਰਚੇ ਆਦਿ ਦੇ ਰੂਪ ਵਿੱਚ ਨਿੱਕਾ ਮੋਟਾ ਕੰਮ ਕੀਤਾ ਸੀ ਪਰ ਪਰਵਾਸੀ ਸੰਦਰਭ ਵਿੱਚ ਨਿੱਠ ਕੇ ਨਹੀਂ ਸੀ ਹੋਇਆ। ਮੈਂ ਬਰਤਾਨਵੀ ਪੰਜਾਬੀ ਕਵਿਤਾ ਦੇ ਪ੍ਰਸਿੱਧ ਹਸਤਾਖਰ ਬਲਿਹਾਰ ਸਿੰਘ ਰੰਧਾਵਾ ਦੀ ਕਿਰਤ ‘ਨਾਨਕਤਾ’ ਬਾਰੇ ਆਪਣੇ ਵਿਚਾਰ ਪਰਚੇ ਦੇ ਰੂਪ ਵਿੱਚ ਪੇਸ਼ ਕੀਤੇ। ਇਸ ਤੋਂ ਅੱਗੇ ਇਹ ਝੁਕਾਉ ਤੁਰਦਾ ਹੀ ਗਿਆ। ਇਹ ਠੀਕ ਹੈ ਆਮ ਕਰਕੇ ਸਿਰਜਣਾਤਮਕ ਲੇਖਕ ਆਪਣੇ ਰਚਨਾਤਮਿਕ ਕਾਰਜ ਵਿੱਚ ਹੀ ਲੀਨ ਰਹਿੰਦੇ ਹਨ, ਪ੍ਰੰਤੂ ਕੁਝ ਐਸੇ ਵੀ ਹੁੰਦੇ ਹਨ ਜਿਨ੍ਹਾ ਦਾ ਅਨੁਭਵ ਕੁਦਰਤਨ ਹੀ ਇਸ ਪਾਸੇ ਢਲ ਜਾਂਦਾ ਹੈ। ਇਸ ਤਰ੍ਹਾਂ ਰੁਚੀ ਵਿਕਸਦੀ ਰਹਿੰਦੀ ਹੈ, ਫਿਰ ਹੌਲ਼ੀ ਹੌਲ਼ੀ ਇਹ ਲਖਸ਼ ਹੀ ਬਣ ਜਾਂਦਾ ਹੈ।

? ਤੁਸੀਂ ਬਰਤਾਨੀਆਂ ਰਹਿੰਦਿਆਂ ਪੀਐੱਚ. ਡੀ. ਗੁਰੂ ਨਾਨਕ ਦੇਵ ਯੁਨੀਵਰਸਿਟੀ ਤੋਂ ਕੀਤੀ। ਇਸ ਉੱਚ ਪ੍ਰਾਪਤੀ ਦਾ ਸਬੱਬ ਕਿਵੇਂ ਬਣਿਆ, ਜਦੋਂ ਕਿ ਪ੍ਰਦੇਸਾਂ ਵਿੱਚ ਰਹਿੰਦਿਆਂ ਤਾਂ ਸਭ ਤੋਂ ਵੱਡਾ ਫਿਕਰ ਰੋਟੀ ਰੋਜ਼ੀ ਦਾ ਹੀ ਹੁੰਦਾ।?

– ਇਹ ਵੀ ਇੱਕ ਗਾਥਾ ਹੀ ਹੈ। ਬਰਤਾਨੀਆਂ ਵਿੱਚ ਪ੍ਰਵੇਸ਼ ਪਾਉਣ ਤੋਂ ਪਹਿਲਾਂ ਮੈਂ ਕੁਝ ਫੁਟਕਲ ਕਵਿਤਾਵਾਂ ਤੇ ਕਹਾਣੀਆਂ ਹੀ ਲਿਖੀਆਂ ਸਨ। ਨਿੱਠ ਕੇ ਸਾਹਿਤ ਦੇ ਪਾਸੇ ਨਹੀਂ ਸੀ ਆਇਆ। ਹਾਂ, ਪ੍ਰੀਤ ਲੜੀ ਤੇ ਆਰਸੀ ਪਰਚਿਆਂ ਨਾਲ ਜੁੜਿਆ ਹੋਇਆ ਜ਼ਰੂਰ ਸਾਂ। ਇੱਥੇ ਆ ਕੇ ਕੁਝ ਸਮਾਂ ਤਾਂ ਅਨਿਸਚਤਤਾ ਦੀ ਹਾਲਤ ਵਿੱਚ ਵਿਚਰਿਆ। ਪ੍ਰੰਤੂ ਜਿਉਂ ਹੀ ਸੰਭਲਿਆ ਤਾਂ ਸਾਹਿਤ ਦੀ ਭੁੱੱਖ ਚਮਕ ਪਈ ਤੇ ਮੇਰਾ ਨਾਤਾ ਸਰਵਣ ਸਿੰਘ ਅਮੋਲਕ, ਰਣਜੀਤ ਰਾਏ ਅਤੇ ਬਲਬੀਰ ਸਿੰਘ ਕੰਵਲ ਨਾਲ ਹੋਇਆ। ਅਸੀਂ ਵੀਕ-ਐਂਡ ਤੇ ਮਿਲਦੇ ਤੇ ਸਾਹਿਤ ਬਾਰੇ ਵਿਚਾਰ ਵਟਾਂਦਰਾ ਵੀ ਕਰਦੇ। ਮੁੱਖ ਗੱਲਾਂ ਸਾਹਿਤ ਤੇ ਹੀ ਕੇਂਦਰਤ ਹੁੰਦੀਆਂ। ਨਵੀਆਂ ਆਈਆਂ ਪੁਸਤਕਾਂ ਨੂੰ ਖ਼ਰੀਦਦੇ। ਇੱਕ ਦਿਨ ਅਮੋਲਕ ਸਾਹਿਬ ਨੇ ਕਿਹਾ ਕਿ ਤੇਰੀ ਦਿਲਚਸਪੀ ਸਾਹਿਤ ਬਾਰੇ ਕਾਫ਼ੀ ਹੈ। ਕਿਉਂ ਨਹੀਂ ਕੋਈ ਖੋਜ ਕਰਦਾ। ਉਸ ਨੇ ਜਿਵੇਂ ਮੇਰੀ ਬਿਰਤੀ ਤੇ ਚੇਤਨਾ ਦੀ ਚਿੰਗਿਆੜੀ ਸੁੱਟੀ ਹੋਵੇ। ਚਿੰਗਿਆੜੀ ਮੱਘ ਗਈ ਤੇ ਮੈਂ ਜੀਵਨ-ਵਿਚਾਰਧਾਰਾ ਤੇ ਸੋਚ ਅਨੁਕੂਲ ਅਵੱਸਥਾਵਾਂ ਨੂੰ ਸਾਹਮਣੇ ਰੱਖਦਿਆਂ ਸੁਤੰਤਰਤਾ ਸੰਗਰਾਮ ਦੀ ਪੰਜਾਬੀ ਕਵਿਤਾ ਦੀ ਢੂੰਡ ਭਾਲ ਸ਼ਰੂ ਕੀਤੀ। ਇਹ ਮੈਂ ਆਪਣੀ ਸੋਚ-ਬਿਰਤੀ ਤੇ ਸਮਾਜਿਕ ਵਿਸ਼ਲੇਸ਼ਣ ਕਰਦਿਆਂ ਅਤੇ ਮਨੁੱਖਤਾ ਪ੍ਰਤੀ ਨਾਬਰਾਬਰੀ ਦੇਖਦਿਆਂ ਕਾਰਜ ਨੁੰ ਹੱਥ ਪਾਇਆ। ਇਸ ਕਾਰਜ ਦੇ ਨਾਲ ਨਾਲ ਮੈਂ ਸੁਤੰਤਰਤਾ ਸੰਗਰਾਮ ਦੀਆਂ ਲਹਿਰਾਂ ਬਾਰੇ ਵੀ ਪੜ੍ਹਨਾ ਸ਼ੁਰੂ ਕੀਤਾ।

ਸੁਤੰਤਰਤਾ ਸੰਗਰਾਮ ਦੀ ਕਵਿਤਾ ਸੰਬੰਧੀ ਮੈਂ ਤਕਰੀਬਨ 500 ਪੁਸਤਕਾਂ ਦੀ ਲਿਸਟ ਤਿਆਰ ਕਰ ਲਈ ਅਤੇ ਕੁਝ ਸਮੱਗਰੀ ਇਸ ਕਵਿਤਾ ਬਾਰੇ ਇਕੱਤਰ ਵੀ ਕਰ ਲਈ। ਇਸ ਇਕੱਤਰਤਾ ਦੀ ਰੁਚੀ ਵਿੱਚੋਂ ਹੀ ‘ਜ਼ਬਤ ਸ਼ੁਦਾ ਪੰਜਾਬੀ ਸਾਹਿਤ’ ਦੀ ਟੋਹ ਮਿਲ ਗਈ ਤੇ ਕਾਫ਼ੀ ਰਚਨਾਵਾਂ ਮੈਂ ਜ਼ਬਤੀ ਕਵਿਤਾ ਸੰਬੰਧੀ ਨੋਟ ਵੀ ਕੀਤੀਆਂ ਤੇ ਕੁਝ ਦੀਆਂ ਫੋਟੋ ਕਾਪੀਆਂ ਵੀ ਪ੍ਰਾਪਤ ਕੀਤੀਆਂ। ਇਹ ਜ਼ਿਆਦਾ ਸਮੱਗਰੀ ‘ਬ੍ਰਿਟਿਸ਼ ਮਿਊਜ਼ਮ’ ਤੇ ‘ਇੰਡੀਆ ਆਫ਼ਿਸ ਲਾਇਬਰੇਰੀ’ ਵਿੱਚ ਉਪਲਭਦ ਸੀ। ਮਿਊਜ਼ਮ ਵਿੱਚ ਤੁਸੀਂ ਉੱਥੇ ਬੈਠ ਕੇ ਲਿਖ ਸਕਦੇ ਸੀ ਤੇ ਇੰਡੀਆ ਆਫ਼ਿਸ ਵਿੱਚ ਪੈਨਸਿਲ ਨਾਲ ਨੋਟ ਲੈ ਸਕਦੇ ਸੀ। ਸੋ ਜ਼ਿਆਦਾ ਰਚਨਾਵਾਂ ਬ੍ਰਿਟਿਸ਼ ਮਿਊਜ਼ਮ ‘ਚੋਂ ਹੱਥ ਨਾਲ ਲਿਖੀਆਂ ਤੇ ਨੋਟ-ਨੁਮਾ ਕੰਮ ਇੰਡੀਆ ਆਫ਼ਿਸ ਲਾਇਬਰੇਰੀ ਤੋਂ ਕੀਤਾ। ਇਹ ਸਮੱਗਰੀ ਹੋਰ ਸੋਮਿਆਂ ਤੋਂ ਵੀ ਪ੍ਰਾਪਤ ਕੀਤੀ ਹੈ। ਇਹ ਕਠਨ ਕਾਰਜ ਸੀ ਕਿਉਂਕਿ ਪਰਵਾਸੀ ਜ਼ਿੰਦਗੀ ਦੇ ਕਾਰੋਬਾਰੀ ਮਾਹੌਲ ਤੇ ਰੁਝੇਵਿਆਂ ਵਿੱਚੋਂ ਐਨਾ ਸਮਾਂ ਕੱਢ ਕੇ ਕਾਰਜ ਦੀ ਪੂਰਤੀ ਕਰਨੀ ਨਿਰਸੰਦੇਹ ਮੁਸ਼ਕਲ ਕੰਮ ਸੀ। ਇਸ ਇਕੱਤਰਤਾ ਦੇ ਕੰਮ ਬਾਰੇ ਮੈਨੂੰ ਬਲਬੀਰ ਸਿੰਘ ਕੰਵਲ ਨੇ ਪੀਐੱਚ. ਡੀ. ਕਰਨ ਲਈ ਸੁਝਾਅ ਦਿੱਤਾ ਅਤੇ ਅਗਵਾਈ ਵੀ ਦਿੱਤੀ। ਜਿਹੜੀ ਗੱਲ, ਤੁਸੀਂ ਇੱਥੇ ਰਹਿੰਦਿਆਂ ਰੋਟੀ ਰੋਜ਼ੀ ਦੇ ਫਿਕਰ ਦਾ ਜ਼ਿਕਰ ਕੀਤਾ ਹੈ। ਨਿਰਸੰਦੇਹ ਇਹ ਬੇਹੱਦ ਲੋੜੀਂਦਾ ਹੈ। ਪ੍ਰੰਤੂ ਮਾਨਸਿਕ ਭੁੱਖ ਵੀ ਤੁਹਾਨੂੰ ਚੈਨ ਨਾਲ ਬੈਠਣ ਨਹੀਂ ਦਿੰਦੀ। ਇਸ ਮਾਨਸਿਕ ਭੁੱਖ ਦੀ ਵੀ ਆਪਣੀ ਮਹੱਤਤਾ ਹੈ।

? ਡਾ. ਕੈਬੋ ਜੀ, ਫਿਰ ਪੀਐੱਚ. ਡੀ. ਦੀ ਗੱਲ ਵੀ ਦੱਸਦੇ ਜਾਉ ਕਿ ਤੁਸੀਂ ਪੀਐੱਚ. ਡੀ ਵਾਸਤੇ ਕਾਰਜ ਕਿਵੇਂ ਆਰੰਭਿਆ? ਕਿਵੇਂ ਸਮਾਪਤ ਕੀਤਾ?

– ਢਾਅ ਜੀ, ਮੌਕੇ ਸਿਰ ਗੱਲ ਦੀ ਲੜੀ ਫੜੀ ਹੈ। 1980 ਵਿੱਚ ਜਦੋਂ ਵਿਸ਼ਵ ਪੰਜਾਬੀ ਕਾਨਫਰੰਸ ਬਰਤਾਨੀਆਂ ਵਿਖੇ ਹੋਈ ਸੀ। ਡਾ. ਕਰਨੈਲ ਸਿੰਘ ਥਿੰਦ ਹੋਰੀਂ ਵੀ ਪੁੱਜੇ ਹੋਏ ਸਨ। ਉਨ੍ਹਾਂ ਨਾਲ ਮੈਂ ਆਪਣੇ ਝੁਕਾਅ ਦਾ ਜ਼ਿਕਰ ਕੀਤਾ ਹੋਇਆ ਸੀ ਤੇ ਆਪਣੇ ਰੁਝਾਨ ਬਾਰੇ ਕੁਝ ਵਾਕਫ਼ੀਅਤ ਵੀ ਦਿੱਤੀ ਹੋਈ ਸੀ। ਇਸ ਕਰਕੇ ਉਨ੍ਹਾਂ ਦੇ ਇੱਥੇ ਪੁੱਜਣ ਤੇ ਮੈਂ ਇਕੱਤਰ ਕੀਤੇ ਸਾਹਿਤ ਬਾਰੇ ਜਾਣਕਾਰੀ ਦਿੱਤੀ ਤੇ ਵੇਰਵੇ ਸਾਹਿਤ ਦਰਸਾਇਆ ਵੀ। ਉਹ ਬਹੁਤ ਹੀ ਖੁਸ਼ ਹੋਏ ਤੇ ਨਾਲ ਹੀ ਸੁਝਾਅ ਦਿੱਤਾ ਕਿ ਤੁਸੀਂ ਬਾਕੀ ਕਵਿਤਾ ਨੂੰ ਛੱਡ ਦਿਉ। ਜ਼ਬਤ ਕਵਿਤਾ ਹੀ ਕਾਫੀ ਹੈ। ਇਸ ਸੰਬੰਧੀ ਹੋਰ ਵੇਰਵੇ ਵੀ ਸਾਕਾਰ ਹੋ ਜਾਣਗੇ। ਬੱਸ ਤੁਸੀਂ ਸਾਈਨਾਪਸਿਜ਼ ਤਿਆਰ ਕਰੋ ਅਤੇ ਉਨ੍ਹਾਂ ਨੇ ਯਕੀਨ ਦੁਆਇਆ ਕਿ ਤੁਹਾਡੇ ਸਾਈਨਾਪਸਿਜ਼ ਪੁੱਜਣ ਤੇ ਤੁਹਾਡੀ ਅਰਜ਼ੀ ਤੇ ਗੌਰ ਕਰਕੇ ਯਨੀਵਰਸਿਟੀ ਤੁਹਾਨੂੰ ਰਜਿਸਟਰੇਸ਼ਨ ਪ੍ਰਦਾਨ ਕਰ ਦੇਵੇਗੀ। ਡਾ. ਥਿੰਦ ਹੋਰੀਂ ਉਨ੍ਹਾਂ ਦਿਨਾਂ ਵਿੱਚ ਪੰਜਾਬੀ ਅਧਿਐਨ ਸਕੂਲ ਦੇ ਹੈੱਡ ਸਨ ਤੇ ਮੇਰਾ ਨਿਗਰਾਨ ਬਣਨਾ ਵੀ ਉਨ੍ਹਾਂ ਸਵੀਕਾਰ ਕਰ ਲਿਆ ਸੀ। ਮੇਰੀ ਮਿਹਨਤ ਨੂੰ ਫਲ਼ ਲੱਗਣ ਲਈ ਫੁੱਲ ਪੱਤੇ ਪੁੰਗਰਨੇ ਸ਼ੁਰੂ ਹੋ ਗਏ। ਮੇਰੀ ਰਜਿਸਟਰੇਸ਼ਨ ਹੋਣ ਨਾਲ ਮੈਂ ਖੋਜ-ਕਾਰਜ ਦੇ ਆਹਰੇ ਲੱਗ ਗਿਆ ਜਿਸ ਦੀ ਆਪਣੀ ਇੱਕ ਵੱਖਰੀ ਕਹਾਣੀ ਹੈ। ਹਰ ਸਾਹਿਤਕ ਕਾਰਜ ਦੀ ਪੂਰਤੀ ਲਈ ਨਿਰੰਤਰ ਸਾਧਨਾ ਤੇ ਹਿਰਦੇ ਪੂਰਬਕ ਲਗਨ ਅਨਿਵਾਰੀ ਹੈ। ਜੋ ਸਮੇਂ ਦੀਆਂ ਪਰਸਥਿਤੀਆਂ ਵਿੱਚੋਂ ਗੁਜ਼ਰ ਕੇ ਫਲ਼ ਰੂਪੀ ਸਫ਼ਲਤਾ ਤੱਕ ਪੁੱਜ ਜਾਂਦੀ ਹੈ।

? ਤੁਹਾਡੀ ਪੁਸਤਕ ‘ਜ਼ਬਤ ਸ਼ੁਦਾ ਪੰਜਾਬੀ ਕਵਿਤਾ’ ਜਿਸ ਦੀ ਦੇਸ਼ਾਂ ਬਦੇਸ਼ਾਂ ਵਿੱਚ ਬਹੁਤ ਚਰਚਾ ਹੋਈ। ਵਿਸ਼ੇਸ਼ ਕਰਕੇ ਇਨ੍ਹਾਂ ਦਿਨਾਂ ਵਿੱਚ ਹੋਰ ਵੀ ਜ਼ਿਕਰ ਹੋਇਆ ਹੈ ਕਿਉਂਕਿ ਬਹੁਤ ਸਾਰੀਆਂ ਸ਼ਤਾਬਦੀਆਂ ਦੇ ਸਾਲ ਜੋ ਭਾਰਤ ਦੀ ਆਜ਼ਾਦੀ ਨਾਲ ਸੰਬੰਧਤ ਹਨ ਤੇ ਸੰਗਰਾਮਾਂ ਬਾਰੇ ਗੱਲ ਚਲਦੀ ਹੈ ਤਾਂ ਇਸ ਕਿਤਾਬ ਦਾ ਜ਼ਿਕਰ ਵੀ ਹੁੰਦਾ ਹੈ। ਇਸ ਵਿਚਲੀ ਅਮਕਿਤ ਕਵਿਤਾ ਨੇ ਭਾਰਤੀਆਂ ਤੇ ਪਰਵਾਸੀ ਭਾਰਤੀਆਂ ਨੂੰ ਹਲੂਣਾ ਦੇ ਕੇ ਦੇਸ਼ ਦੀ ਆਜ਼ਾਦੀ ਲਈ ਜਾਨਾਂ ਨਿਛਾਵਰ ਕਰਨ ਲਈ ਪ੍ਰੇਰਿਆ। ਇਸ ਕਿਤਾਬ ਦੀ ਸਿਰਜਣਾ ਬਾਰੇ ਵਿਸਥਾਰ ਨਾਲ ਚਾਨਣਾ ਪਾਉ ਕਿ ਕਿਸ ਤਰ੍ਹਾਂ ਇਹ ਹੋਂਦ ਵਿੱਚ ਆਈ ਅਤੇ ਕਿਹੜੀਆਂ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ?

– ਨਿਰਸੰਦੇਹ ਇਸ ਕਿਤਾਬ ਦੀ ਚਰਚਾ ਹੋਈ, ਵਿਸ਼ੇਸ਼ ਕਰਕੇ ਸੁਤੰਤਰਤਾ ਸੰਗਰਾਮ ਸੰਬੰਧੀ ਪੰਜਾਬੀ ਜ਼ਬਤ ਕਾਵਿ ਬਾਰੇ ਮੇਰੀ ਇਹ ਪਹਿਲੀ ਪ੍ਰਕਾਸ਼ਤ ਰਚਨਾ ਸੀ। ਜਿਸ ਸੰਬੰਧੀ ਬੇਅੰਤ ਪਰਚਿਆਂ ਵਿੱਚ ਚੰਗੇ ਰੀਵੀਊ ਹੋਏ। ਇੰਟਰਨੈਸ਼ਨਲ ਪੰਜਾਬੀ ਸਾਹਿਤ ਸਭਾ ਯੂ. ਕੇ. ਵੱਲੋਂ ਇੱਕ ਵਿਸ਼ੇਸ਼ ਸਮਾਗਮ ਹੋਇਆ। ਕੁਝ ਲੇਖਕਾਂ ਨੇ ਮੇਰੀ ਪੁਸਤਕ ਬਾਰੇ ਪਰਚੇ ਲਿਖੇ। ਇਹ ਮੇਰੇ ਲਈ ਕਾਫ਼ੀ ਸੁਖਦ ਸਮਾਂ ਸੀ। ਭਾਰਤ ਵਿੱਚ ਵੀ ਕਈ ਸਮਾਗਮਾਂ ਵਿੱਚ ਮੇਰੀ ਇਸ ਪ੍ਰਾਪਤੀ ਦਾ ਜ਼ਿਕਰ ਹੁੰਦਾ ਰਹਿੰਦਾ ਹੈ। ਇਨ੍ਹਾਂ ਸਾਲਾਂ ਵਿੱਚ ਸੁਤੰਤਰਤਾ ਸੰਗਰਾਮ ਦੀਆਂ ਲਹਿਰਾਂ ਬਾਰੇ ਬੜਾ ਕੰਮ ਸਾਹਮਣੇ ਆਇਆ ਹੈ। ‘ਦੇਸ਼ ਭਗਤ ਯਾਦਗਾਰ ਜਲੰਧਰ’ ਵੱਲੋਂ ਗ਼ਦਰ ਲਹਿਰ ਬਾਰੇ ਵਿਸ਼ੇਸ਼ ਕਰਕੇ ਬਹੁਤ ਕਾਰਜ ਕੀਤਾ ਗਿਆ ਹੈ। ਇਸ ਕਿਤਾਬ ਦੀ ਸਿਰਜਣਾ ਬਾਰੇ ਬੜੀਆਂ ਅੋਕੜਾਂ ਆਈਆਂ ਤੇ ਇੱਥੇ ਵਿਸਥਾਰ ਦੇਣ ਨਾਲ ਗੱਲ ਲੰਮੀ ਹੋ ਜਾਵੇਗੀ। ਵਿਸ਼ੇਸ਼ ਗੱਲ ਇਹ ਸੀ ਕਿ ਮੈਂ ਯੂ. ਕੇ. ਵਿੱਚ ਸਾਂ ਤੇ ਮੇਰੇ ਨਿਗਰਾਨ ਡਾ. ਥਿੰਦ ਭਾਰਤ ਵਿੱਚ ਸਨ। ਇਹ ਬਿਖੜਾ ਕਾਰਜ ਸੀ। ਅਜਿਹੇ ਕਾਰਜ ਲਈ ਸਮੱਸਿਆਵਾਂ ਦਾ ਪੈਦਾ ਹੋਣਾ ਕੁਦਰਤੀ ਸੀ ਤੇ ਨਿਰੰਤਰ ਸਾਧਨਾ ਤੇ ਸਮੇਂ ਅਨੁਕੂਲ ਨਿਬੇੜਾ ਕਰਨ ਨਾਲ ਇਨ੍ਹਾਂ ਦਾ ਸਮਾਧਾਨ ਹੋ ਜਾਂਦਾ ਰਿਹਾ ਹੈ। ਪਾਠਕਾਂ ਦਾ ਹੁੰਗਾਰਾ ਵੀ ਬਹੁਤ ਵਧੀਆ ਰਿਹਾ ਹੈ। ਇਸ ਬਾਰੇ ਮੈਂ ਕਈ ਸੰਸਥਾਵਾਂ ਵਿੱਚ ਪਰਚੇ ਵੀ ਪੜ੍ਹੇ ਹਨ। ਇਹ ਵੀ ਜ਼ਿਕਰਯੋਗ ਹੈ ਕਿ ਇਹ ਪੁਸਤਕ ਪਿਛਲੇ ਦਿਨੀਂ ਅੰਗਰੇਜ਼ੀ ਵਿੱਚ ਅਨੁਵਾਦ ਦੇ ਰੂਪ ਵਿੱਚ ਵੀ ਛਪ ਚੁੱਕੀ ਹੈ।

? ਪ੍ਰੀਤਮ ਸਿੰਘ ਜੀ, ਇਹ ਕਿਤਾਬ ਪੰਜਾਬੀ ‘ਇਤਿਹਾਸਕ ਸਾਹਿਤ’ ਲਈ ਵੀ ਇੱਕ ਅਮੁੱਲ ਵਾਧਾ ਹੈ। ਜਿੱਥੇ ਤੁਸੀਂ ਭਾਰਤ ਦੀ ਆਜ਼ਾਦੀ ਲਈ ਵੱਖ ਵੱਖ ਸਮੇਂ ਲਈ ਚੱਲੀਆਂ ਲਹਿਰਾਂ ਦਾ ਜ਼ਿਕਰ ਕੀਤਾ ਹੈ। ਉੱਥੇ ਇਸ ਕਿਤਾਬ ਦੇ ਸ਼ੁਰੂ ਵਿੱਚ ਤੁਸੀਂ ਦੋ ਚੈਪਟਰ ਬ੍ਰਿਟਿਸ਼ ਸਰਕਾਰ ਦੀ ਭਾਰਤ ਵਿੱਚ ਪੱਤਰਕਾਰੀ ਅਤੇ ਪ੍ਰੈੱਸ ਪ੍ਰਤੀ ਮਾਰੂ ਨੀਤੀਆˆ ਦੇ ਪੜਦੇ ਵੀ ਫਾਸ਼ ਕੀਤੇ ਹਨ। ਭਾਰਤ ਦੀ ਆਜ਼ਾਦੀ ਨਾਲ ਜੁੜੀ ਭਾਰਤੀ ਪ੍ਰੈੱਸ ਦੇ ਰੋਲ ਦਾ ਇਤਿਹਾਸ ਇੱਕ ਵਡਮੁੱਲੀ ਦਸਤਾਵੇਜ਼ ਹੈ।ਇਹਦੇ ਬਾਰੇ ਕੁਝ ਦੱਸੋ?

-ਢਾਅ ਜੀ, ਤੁਸੀਂ ਮੇਰੀ ਪੁਸਤਕ ‘ਜ਼ਬਤ ਸ਼ੁਦਾ ਪੰਜਾਬੀ ਕਵਿਤਾ’ ਬਾਰੇ ਗੱਲ ਛੇੜੀ ਹੈ। ਜਿਵੇਂ ਮੈਂ ਪਹਿਲਾਂ ਵੀ ਇਹ ਜ਼ਿਕਰ ਕੀਤਾ ਹੈ ਕਿ ਮੈਂ ਪਹਿਲੋਂ ਪਹਿਲ ਸੁਤੰਤਰਤਾ ਸੰਗਰਾਮ ਦੀ ਪੰਜਾਬੀ ਕਵਿਤਾ ਦੇ ਵਿਸ਼ੇ ਨਾਲ ਜੁੜਿਆ ਤੇ ਬੇਅੰਤ ਸਮੱਗਰੀ ਇਕੱਤਰ ਵੀ ਕਰ ਲਈ। ਸੁਤੰਤਰਤਾ ਸੰਗਰਾਮ ਦੀ ਕਵਿਤਾ ਨੂੰ ਵਿਸਤਾਰ ਸਹਿਤ ਜਾਣਨ ਲਈ ਮੈਂ ਸੁਤੰਤਰਤਾ ਸੰਗਰਾਮ ਦੀਆਂ ਲਹਿਰਾਂ ਨੂੰ ਪੜ੍ਹਿਆ ਅਤੇ ਉਪਰੋਕਤ ਕਵਿਤਾਵਾਂ ਨੂੰ ਮੈਂ ਭਿੰਨ ਭਿੰਨ ਲਹਿਰਾਂ ਨਾਲ ਜੋੜਿਆ। ਖੋਜ ਦੌਰਾਨ ਜਦੋਂ ਮੈਨੂੰ ਜ਼ਬਤ ਸਾਹਿਤ ਦਾ ਪਤਾ ਲੱਗਿਆ ਤਾਂ ਮੈਂ ਇਸ ਸੰਬੰਧੀ ਲੋੜੀਂਦਾ ਮੈਟੀਰੀਅਲ ਇਕੱਤਰ ਕੀਤਾ। ਜ਼ਬਤ ਸਾਹਿਤ ਪ੍ਰਤੀ ਜਿਸ ਪੁਸਤਕ ਨੂੰ ਮੈਂ ਅਦਾਰ ਬਣਾਇਆ, ਉਸ ਦਾ ਨਾਂ ਸੀ ‘ਬੈਂਡ’ ਅਤੇ ਜਿਸ ਦਾ ਲੇਖਕ ਸੀ, ਐਨ-ਜੀ-ਬੈਰੀਅਰ। ਇਸ ਪੁਸਤਕ ਦੇ ਅਧਿਐਨ ਨੇ ਮੈਨੂੰ ਜ਼ਬਤੀ ਸਾਹਿਤ ਦੇ ਕਾਰਨਾਂ ਤੋਂ ਜਾਣੂ ਕਰਵਾਇਆ ਅਤੇ ਉਨ੍ਹਾਂ ਲਹਿਰਾਂ ਬਾਰੇ ਵੀ ਜਿਨ੍ਹਾਂ ਅਧੀਨ ਇਹ ਸਾਹਿਤ ਜ਼ਬਤ ਕੀਤਾ ਗਿਆ। ਇਸ ਪੁਸਤਕ ਦੇ ਅਦਾਰ ਤੇ ਮੈਂ ਸਰੋਤ ਸਮੱਗਰੀ ਤਿਆਰ ਕੀਤੀ। ਇਹ ਸਮੱਗਰੀ ਹੋਰ ਸਾਧਨਾਂ ਤੋਂ ਵੀ ਪ੍ਰਾਪਤ ਕੀਤੀ। ਜ਼ਬਤ ਸਾਹਿਤ ਸੰਬੰਧੀ ਇੰਡੀਆ ਆਫ਼ਿਸ ਵਿੱਚ ਰੀਕਾਰਡ ਨੂੰ ਵੀ ਵਾਚਿਆ। ਜਦੋਂ ਮੈਂ ਖੋਜ-ਕਾਰਜ ਦੀ ਤਰਕਪੂਰਨ ਦਲੀਲ (ਜਸਟੀਫੀਕੇਸ਼ਨ) ਦਿੱਤੀ ਅਤੇ ਮੈਂ ਸਾਈਨਾਪਸਿਜ਼ ਪੇਸ਼ ਕੀਤੇ, ਜਿਸ ਦੇ ਅਦਾਰ ਤੇ ਗੁਰੂ ਨਾਨਕ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਮੇਰੀ ਬਤੌਰ ਐਕਸਟਰਨਲ ਕੈਂਡੀਡੇਟ ਰਜਿਸਟਰੇਸ਼ਨ ਕਰ ਦਿੱਤੀ ਗਈ। ਮੈਂ ਸਾਈਨਾਪਸਿਜ਼ ਵਿੱਚ ਉਪਰੋਕਤ ਪੁਸਤਕ ਦੇ ਅਧਿਅਨ ਤੇ ਲਹਿਰਾਂ ਦੇ ਕਾਰਜੀਕਰਣ ਤੋਂ ਨਿਰਣਾ ਕਰਨਾ ਚਾਹਿਆ ਤਾਂ ਕਿ ਇਹ ਪਤਾ ਲੱਗੇ ਕਿ ਇਹ ਸਾਹਿਤ ਕਿਸ ਤਰ੍ਹਾਂ ਜ਼ਬਤ ਹੋਇਆ ਭਾਵ ਜ਼ਬਤ ਕਰਨ ਦੀ ਮੈਥੇਡੌਲੋਜੀ ਕੀ ਸੀ ਅਤੇ ਪ੍ਰੈੱਸ ਰਾਹੀਂ ਇਹ ਜ਼ਬਤੀ ਸਿਸਟਮ ਕਿਵੇਂ ਨੇਪਰੇ ਚੜ੍ਹਿਆ। ਆਜ਼ਾਦੀ ਲਹਿਰ ਦੇ ਸਾਹਿਤਕਾਰ/ਕਵੀ ਆਦਿਕ ਆਪਣੀਆਂ ਰਚਨਾਵਾਂ ਪ੍ਰੈੱਸ ਵਿੱਚ ਪ੍ਰਕਾਸ਼ਤ ਕਰਵਾਉਂਦੇ ਸਨ ਤਾਂ ਕਿ ਲੋਕ ਇਸ ਸਾਹਿਤ ਤੋਂ ਪ੍ਰੇਰਿਤ ਹੋ ਕੇ ਆਜ਼ਾਦੀ ਲਹਿਰ ਵਿੱਚ ਕੁੱਦ ਪੈਣ।

ਸੋ ਪ੍ਰੈੱਸ ਆਜ਼ਾਦੀ ਲਹਿਰ ਦੇ ਸੰਚਾਰ ਲਈ ਇੱਕ ਅਹਿਮ ਮਾਧਿਅਮ ਸੀ। ਸਰਕਾਰ ਆਜ਼ਾਦੀ ਲਹਿਰ ਦੇ ਸਾਹਿਤ ਤੇ ਬੰਦਸ਼ ਲਾਉਂਦੀ ਸੀ। ਮੇਰੇ ਲਈ ਇਹ ਜਾਣਨਾ ਜ਼ਰੂਰੀ ਸੀ ਕਿ ਬਿਉਰੋਕਰੇਸੀ ਕਿਵੇਂ ਪਾਬੰਦੀਆਂ ਆਇਦ ਕਰਦੀ ਰਹੀ ਹੈ ਜਦੋਂ ਕਿ ਰਾਸ਼ਟਰੀ ਲਹਿਰਾਂ ਅਤੇ ਇਸ ਦੇ ਸਾਹਿਤ ਨੇ ਆਪਣਾ ਕਾਰਜ ਵੀ ਕਰਨਾ ਸੀ। ਇਸ ਲਈ ਸਰਕਾਰ, ਰਾਸ਼ਟਰੀ ਲਹਿਰਾਂ ਤੇ ਸਾਹਿਤ ਨੂੰ ਪ੍ਰੈੱਸ ਰਾਹੀਂ ਨਿਰੰਤਰ ਦਬਾਉਦੀ ਰਹੀ। ਸੋ ਪ੍ਰੈੱਸ ਦੀ ਬਿਉਰੋਕਰੇਸੀ ਨੂੰ ਸਮਝਣ ਲਈ, ਰਾਸ਼ਟਰੀ ਲਹਿਰਾਂ ਤੇ ਸਾਹਿਤ ਦੀ ਸਿਰਜਣਾ ਨੂੰ ਜਾਚਣ ਲਈ ਇਹ ਜ਼ਰੂਰੀ ਸੀ ਕਿ ਇਸ ਸਾਰੇ ਇਤਿਹਾਸ ਨੂੰ ਸਮਝਿਆ ਜਾਵੇ। ਇਸ ਲਈ ਭਾਰਤ ਵਿੱਚ ਪ੍ਰੈੱਸ ਦੇ ਨਿਰਮਾਣ ਤੋਂ ਲੈ ਕੇ ਵੀਹਵੀਂ ਸਦੀ ਤੱਕ ਦੀਆਂ ਸਾਰੀਆਂ ਗਤੀਵਿਧੀਆਂ ਨੂੰ ਪੂਰਨ ਵਿਸਥਾਰ ਦੇ ਕੇ ਸਮਝਣ ਦੀ ਕੋਸ਼ਿਸ਼ ਕੀਤੀ ਹੈ ਜਿਸ ਨਾਲ ਇੱਕ ਪਾਸੇ ਸਰਕਾਰੀ ਪਾਲਿਸੀਆਂ ਤੇ ਬਿਉਰੋਕਰੇਸੀ ਵੱਲੋਂ ਪ੍ਰੈੱਸ ਤੇ ਲਾਈਆਂ ਪਾਬੰਦੀਆਂ, ਰਾਸ਼ਟਰੀ ਲਹਿਰਾਂ ਦੇ ਸੰਘਰਸ਼ਪੂਰਨ ਇਤਿਹਾਸ ਤੇ ਸਾਹਿਤ ਅਤੇ ਪ੍ਰੈੱਸ ਦਾ ਨਿਕਾਸ ਤੇ ਵਿਕਾਸ ਵੀ ਸਾਹਮਣੇ ਆ ਗਿਆ ਹੈ। ਇਹ ਪ੍ਰੈੱਸ ਦਾ ਵਿਕਾਸ ਦੋ ਤਰ੍ਹਾਂ ਦਾ ਸੀ। ਇੱਕ ਪਾਸੇ ਸਰਕਾਰੀ ਪ੍ਰੈੱਸ ਤੇ ਦੂਜੇ ਪਾਸੇ ਰਾਸ਼ਟਰੀ ਪ੍ਰੈੱਸ, ਜਿਨ੍ਹਾਂ ਦਾ ਰੋਲ ਆਪਣਾ ਆਪਣਾ ਸੀ। ਮੁੱਢਲੇ ਸਰਕਾਰੀ ਪ੍ਰੈੱਸ ਤੇ ਵੀ ਪਾਬੰਦੀਆਂ ਲਾਈਆਂ ਜਾਂਦੀਆਂ ਸਨ ਤਾਂ ਕਿ ਇਸ ਨੂੰ ਮਿਲੀ ਸੁਤੰਤਰਤਾ ਦਾ ਰਾਸ਼ਟਰੀ ਪ੍ਰੈੱਸ ਤੇ ਵੀ ਅਜਿਹਾ ਪ੍ਰਭਾਵ ਨਾ ਪਵੇ। ਢਾਅ ਜੀ, ਗੱਲ ਲੰਮੇਰੀ ਹੋ ਗਈ ਹੈ। ਦਰਅਸਲ ਪੂਰਨ ਤੱਥਾਂ ਤੇ ਸਚਾਈ ਨੂੰ ਜਾਣਨ ਲਈ ਪ੍ਰੈੱਸ ਸੰਬੰਧੀ ਮੇਰੀ ਪੁਸਤਕ ਦੇ ਪਹਿਲੇ ਦੋ ਚੈਪਟਰਾਂ ਦਾ ਅਧਿਐਨ ਲੋੜੀਂਦਾ ਹੈ।
ਸਾਹਿਤਕ ਮਿਲਣੀਆਂ

? ਤੁਸੀਂ ਬਹੁਤ ਸਾਰੇ ਨਾਮੀ ਅਤੇ ਵੱਡੇ ਲੇਖਕਾਂ ਨੂੰ ਮਿਲਦੇ ਰਹੇ ਹੋ। ਉਨ੍ਹਾਂ ਮਿਲਣੀਆˆ ਦੀ ਕੋਈ ਯਾਦ ਸਾਂਝੀ ਕਰਨਾ ਚਾਹੋਗੇ?

– ਸਾਹਿਤਕ ਸਫ਼ਰ ਦੌਰਾਨ ਮੇਰਾ ਅਨੇਕਾਂ ਹੀ ਸਾਹਿਤਕਾਰਾਂ ਨਾਲ ਰਿਸ਼ਤਾ ਬਣਿਆ। ਇਹ ਰਿਸ਼ਤਾ ਹੈ ਵੀ ਸਹਿਜਤਾ ਵਾਲਾ ਹੀ। ਡਾ. ਥਿੰਦ ਤੋਂ ਭਰਪੂਰ ਸਹਿਯੋਗ ਮਿਲਿਆ। ਫਿਰ ਜਿਵੇਂ ਜਿਵੇਂ ਸੰਪਰਕ ਹੋਰ ਲੇਖਕਾਂ ਨਾਲ ਬਣਦਾ ਗਿਆ, ਇਸ ਰਿਸ਼ਤੇ ਦੀ ਲੜੀ ਬਣਦੀ ਗਈ। ਡਾ. ਸਤਿਅਨੰਦ ਸੇਵਕ, ਪ੍ਰੋ. ਪਿਆਰਾ ਸਿੰਘ ਪਦਮ, ਪ੍ਰੋ. ਪ੍ਰੀਤਮ ਸਿੰਘ, ਡਾ. ਹਰਿਭਜਨ ਸਿੰਘ, ਡਾ. ਹਰਿਭਜਨ ਸਿੰਘ ਭਾਟੀਆ, ਡਾ. ਕਿਰਪਾਲ ਸਿੰਘ, ਪ੍ਰੋ. ਪਿਆਰਾ ਸਿੰਘ ਭੋਗਲ, ਗੁਰਮੀਤ ਪਲ਼ਾਹੀ, ਜਸਵੰਤ ਸਿੰਘ ਵਿਰਦੀ, ਬਚਿੰਤ ਕੋਰ, ਪ੍ਰਿੰ. ਐੱਸ. ਐੱਸ. ਅਮੋਲ, ਪ੍ਰਿੰ: ਸੁਜਾਨ ਸਿੰਘ। ਮੈਂ ਦੱਸਦਿਆਂ ਇਨ੍ਹਾਂ ‘ਚੋਂ ਬਹੁਤੇ ਲੇਖਕਾਂ ਨਾਲ ਗੂੜ੍ਹੇ ਸੰਪਰਕ ਦਾ ਹੀ ਫਲ਼ ਹੈ ਕਿ ਮੈਨੂੰ ਇਨ੍ਹਾਂ ਮਾਣਯੋਗ ਸ਼ਖ਼ਸੀਅਤਾਂ ਨਾਲ ਇੰਟਰਵੀਊ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਜਿਸ ਦੀ ਬਦੌਲਤ ‘ਸਿਰਜਣਾ ਤੇ ਸੰਵਾਦ’ ਨਾਮੀ ਪੁਸਤਕ ਹੋਂਦ ਵਿੱਚ ਆਈ। ਉਪਰੰਤ ਇੰਟਰਨੈਸ਼ਨਲ ਪੰਜਾਬੀ ਸਾਹਿਤ ਵਿੱਚ ਪ੍ਰਬੰਧਕੀ ਕਾਰਜ ਕਰਦਿਆਂ ਭਾਰਤ ਦੇ ਅਨੇਕਾਂ ਹੀ ਨਾਮਵਰ ਸਾਹਿਤਕਾਰਾਂ ਨਾਲ ਸੰਪਰਕ ਬਣਿਆ। ਫਿਰ ਪ੍ਰੋ. ਪ੍ਰੀਤਮ ਸਿੰਘ ਹੋਰਾਂ ਦੇ ਸਿਮਰਤੀ ਗ੍ਰੰਥ ਦੀ ਤਿਆਰੀ ਦੇ ਦੌਰਾਨ ਬੇਅੰਤ ਸ਼ਖ਼ਸੀਅਤਾਂ ਨਾਲ ਵੀ ਸੰਵਾਦ ਬਣਦਾ ਗਿਆ। ਨਾਮ ਤਾਂ ਬਹੁਤ ਹਨ, ਪ੍ਰੰਤੂ ਜਿਨ੍ਹਾਂ ਨਾਲ ਨਿਕਟ ਵਰਤੀ ਪਹਿਚਾਣ ਬਣੀ, ਉਹ ਨਾਮ ਹਨ: ਡਾ. ਐੱਸ. ਪੀ. ਸਿੰਘ, ਡਾ. ਗੁਰਚਰਨ ਸਿੰਘ, ਡਾ. ਕੁਲਦੀਪ ਸਿੰਘ ਧੀਰ, ਡਾ. ਰਾਜਿੰਦਰ ਸਿੰਘ, ਡਾ. ਸਤਿੰਦਰ ਸਿੰਘ ਨੂਰ, ਗੁਰਦਿਆਲ ਸਿੰਘ ਨਾਵਲਕਾਰ, ਪ੍ਰੀਤਮ ਸਿੰਘ ਆਈ. ਏ. ਐੱਸ, ਡਾ. ਕੁਲਬੀਰ ਸਿੰਘ ਕਾਂਗ, ਡਾ. ਸਰਦਾਰਾ ਸਿੰਘ ਜੌਹਲ, ਡਾ. ਕਰਨੈਲ ਸਿੰਘ ਸੋਮਲ, ਪ੍ਰੋ. ਨਰਿੰਜਨ ਸਿੰਘ ਤਸਨੀਮ, ਡਾ. ਬਲਦੇਵ ਸਿੰਘ ਧਾਲੀਵਾਲ, ਡਾ. ਬ੍ਰਹਮ ਜਗਦੀਸ਼ ਸਿੰਘ, ਪ੍ਰੋ. ਕਿਰਪਾਲ ਸਿੰਘ ਕਸੇਲ, ਡਾ. ਰਘਬੀਰ ਸਿੰਘ ਸਿਰਜਣਾ, ਡਾ. ਧਰਮ ਸਿੰਘ, ਡਾ. ਐੱਸ. ਤਰਸੇਮ, ਪ੍ਰੋ. ਕੇਵਲ ਕਿਸ਼ਨ ਕਲੋਟੀ, ਡਾ. ਨਿਰਮਲ iੰਸੰਘ, ਹਰਭਜਨ ਸਿੰਘ ਹੁੰਦਲ, ਡਾ. ਕਰਨਜੀਤ ਸਿੰਘ, ਡਾ. ਦਰਸ਼ਨ ਸਿੰਘ ਆਸ਼ਟ, ਰਾਮ ਸਰੂਪ ਅਣਖੀ, ਪ੍ਰੋ. ਗੁਰਮੁਖ ਸਿੰਘ ਸਹਿਗਲ, ਨਿੰਦਰ ਘੁਗਿਆਣਵੀ। ਇਹ ਉਨ੍ਹਾਂ ਸ਼ਖ਼ਸੀਅਤਾਂ ਦੇ ਹੀ ਨਾਮ ਹਨ ਜਿਨ੍ਹਾਂ ਨਾਲ ਮੇਰਾ ਨਿੱਜੀ ਸੰਪਰਕ ਬਣਿਆ ਜਾਂ ਸੰਵਾਦ ਹੋਇਆ।

? ਪ੍ਰੀਤਮ ਜੀ, ਇੱਥੇ ਇਹ ਵੀ ਦੱਸਦੇ ਜਾਉ ਕਿ ‘ਸਿਰਜਣਾ ਤੇ ਸੰਵਾਦ’ (ਮੁਲਾਕਾਤਾਂ) ਨਾਮੀ ਵਾਲੀ ਕਿਤਾਬ ਕਿਵੇਂ ਹੋਂਦ ਵਿੱਚ ਆਈ?

– ਬਰਤਾਨੀਆ ਵਿਖੇ ਸਾਹਿਤਕ ਕਾਰਜ ਕਰਦਿਆਂ ਜਿਨ੍ਹਾਂ ਵਿਦਵਾਨ ਲੇਖਕਾਂ ਨਾਲ ਮੇਰਾ ਸੰਬੰਧ ਬਣਦਾ ਗਿਆ, ਉਨ੍ਹਾਂ ਵੱਲੋਂ ਪ੍ਰਵਾਨਗੀ ਮਿਲਣ ਉਪਰੰਤ ਮੈਂ ਉਨ੍ਹਾਂ ਲੇਖਕਾਂ ਨੂੰ ਪੜ੍ਹਦਾ ਗਿਆ। ਪ੍ਰਸ਼ਨ ਤਿਆਰ ਕੀਤੇ, ਭੇਜੇ ਅਤੇ ਸਮਾਂ ਤੇ ਸਥਾਨ ਨਿਸਚਤ ਕਰਕੇ ਇੰਟਰਵੀਊ ਰੀਕਾਰਡ ਕੀਤੀਆਂ। ਪਰਚਿਆਂ ਵਿੱਚ ਛਾਪਣ ਉਪਰੰਤ ਪੁਸਤਕ ਰੂਪ ਵਿੱਚ ਪਰਵੇਸ਼ ਪਾ ਗਈਆਂ। ਕੁਝ ਇੰਟਰਵੀਉਜ਼ ਲੰਡਨ ਵਿਖੇ ਹੀ ਰਿਕਾਰਡ ਕੀਤੀਆਂ ਤੇ ਬਾਕੀ ਦਿੱਲੀ, ਚੰਡੀਗੜ੍ਹ ਤੇ ਪੰਜਾਬ ਵਿੱਚ ਲੇਖਕਾਂ ਦੇ ਨਿਵਾਸ ਅਸਥਾਨਾਂ ਤੇ ਜਾ ਕੇ ਕੀਤੀਆਂ।

? ਤੁਸੀਂ ਹੋਰ ਸੰਪਾਦਨਾ ਦੇ ਨਾਲ ਨਾਲ ਇੱਕ ਬਹੁਤ ਹੀ ਚਰਚਿਤ ਕਿਤਾਬ ਦੀ ਸੰਪਾਦਨਾ ਕੀਤੀ ਹੈ: ‘ਪ੍ਰੋ. ਪ੍ਰੀਤਮ ਸਿੰਘ ਜੀਵਨ, ਸ਼ਖ਼ਸੀਅਤ ਅਤੇ ਰਚਨਾ’। ਇਸ ਮਹੱਤਵਪੂਰਨ ਪੁਸਤਕ ਦੀ ਸੰਪਾਦਨਾ ਦਾ ਸਬੱਬ ਕਿਸ ਤਰ੍ਹਾਂ ਬਣਿਆ? ਇੰਗਲੈਂਡ ਵਿੱਚ ਬੈਠਿਆਂ ਇੰਨੇ ਲੇਖਕਾਂ ਤੋਂ ਆਰਟੀਕਲ ਲਿਖਵਾਉਣੇ ਤਾਂ ਹੋਰ ਵੀ ਮੁਸ਼ਕਲ ਕੰਮ ਹੋਵੇਗਾ। ਕਿੰਨਾ ਕੁ ਸਮਾਂ ਲੱਗਾ, ਇਸ ਵੱਡ-ਅਕਾਰੀ ਪੁਸਤਕ ਨੂੰ ਪਾਠਕਾਂ ਤੱਕ ਪਹੁੰਚਾਉਣ ਲਈ?

– ਹਾਂ, ਢਾਅ ਜੀ, ਨਿਰਸੰਦੇਹ ਮੈਂ ਖੁਸ਼ ਕਿਸਮਤ ਹਾਂ ਕਿ ਪੰਜਾਬੀ ਸਾਹਿਤ ਦੀ ਮਹਾਨ ਸ਼ਖ਼ਸੀਅਤ ਬਾਰੇ ਪ੍ਰੋ. ਪ੍ਰੀਤਮ ਸਿੰਘ-ਜੀਵਨ, ਸ਼ਖ਼ਸੀਅਤ ਅਤੇ ਰਚਨਾ ਨੂੰ ਸੰਪਾਦਤ ਕਰਨ ਦਾ ਅਵਸਰ ਮਿਲਿਆ। ਪ੍ਰੋ. ਪ੍ਰੀਤਮ ਸਿੰਘ ਨੇ ਬਹੁਤ ਹੀ ਨਿੱਠ ਕੇ ਲਿਖਿਆ ਹੈ। ਗਹਿਰ ਗੰਭੀਰਤਾ ਨਾਲ ਲਿਖਿਆ ਹੈ। ਉਹ ਆਪਣੀ ਹਰ ਲਿਖਤ ਨੂੰ ਖਰੋਚ ਖਰੋਚ ਕੇ ਲਿਖਦੇ ਸਨ। ਉਨ੍ਹਾਂ ਦੀ ਕੋਸ਼ਿਸ਼ ਹੁੰਦੀ ਸੀ ਕਿ ਜਿੰਨੀ ਦੇਰ ਤੱਕ ਉਨ੍ਹਾਂ ਦੀ ਲਿਖਤ ਵਿੱਚ ਪੂਰਨ-ਪ੍ਰੋੜਤਾ ਨਹੀਂ ਸੀ ਆ ਜਾਂਦੀ, ਉੱਨਾ ਚਿਰ ਉਹ ਰਚਨਾ ਨੂੰ ਅੰਤਿਮ ਰੂਪ ਨਹੀਂ ਸਨ ਦਿੰਦੇ। ਦੂਜੀ ਗੱਲ ਜਿੰਨਾ ਪੰਜਾਬੀ ਭਾਸ਼ਾ ਦੀ ਵਰਤਮਾਨ ਦਸ਼ਾ ਬਾਰੇ ਇਨ੍ਹਾਂ ਪੰਜਾਬੀ ਸਮਾਜ ਨੂੰ ਹਲੂਣਿਆਂ, ਸਰਕਾਰਾਂ ਨੂੰ ਸਤਰਕ ਕੀਤਾ, ਇੰਨਾ ਸ਼ਾਇਦ ਕਿਸੇ ਹੋਰ ਲੇਖਕ ਨੇ ਨਾ ਕੀਤਾ ਹੋਵੇ। ਆਖ਼ਰੀ ਦਮ ਤੱਕ ਉਹ ਆਪਣਾ ਨੈਤਿਕ ਫ਼ਰਜ਼ ਸਿਦਕ-ਦਿਲੀ ਨਾਲ ਨਿਭਾਉਂਦੇ ਰਹੇ। ਇਹੋ ਜਿਹੀ ਸ਼ਖ਼ਸੀਅਤ ਬਾਰੇ ਗ੍ਰੰਥ ਤਿਆਰ ਕਰਨ ਦੀ ਜ਼ਿੰਮੇਵਾਰੀ ਮਿਲਣੀ ਨਿਹਾਇਤ ਹੀ ਮਾਣ ਵਾਲੀ ਗੱਲ ਹੈ। ਖੈਰ ਇਸ ਗ੍ਰੰਥ ਦੀ ਸੰਪਾਦਨਾ ਕਰਨ ਦਾ ਪਿਛੋਕੜ ਇਹ ਹੈ ਕਿ ਪ੍ਰੋ. ਸਾਹਿਬ ਨਾਲ ਮੇਰਾ ਸੰਪਰਕ ਉਦੋਂ ਬਣਿਆ, ਜਦੋਂ ਉਹ ਵਿਸ਼ਵ ਪੰਜਾਬੀ ਕਾਨਫ਼ੰਰਸ ਦੇ ਹੋਣ ਤੋਂ ਬਆਦ ਯੂ. ਕੇ. ਆਏ ਤਾਂ ਮੈਂ ਉਨ੍ਹਾਂ ਨਾਲ ਸ਼ਾਇਦ ਅਮਰੀਕਨ ਐਂਬੈਸੀ ਗਿਆ ਸੀ। ਗੱਲਬਾਤ ਤਾਂ ਸਾਹਿਤ ਬਾਰੇ ਹੀ ਹੋਣੀ ਸੀ। ਅੱਛਾ ਸੰਪਰਕ ਬਣ ਗਿਆ। ਉਨ੍ਹਾਂ ਦੀ ਸਾਹਿਤਕ ਦੇਣ ਤੇ ਉਨ੍ਹਾਂ ਦੀਆਂ ਲਿਖਤਾਂ ਨੂੰ ਪੜ੍ਹਨ ਦਾ ਮੌਕਾ ਬਣਦਾ ਗਿਆ। ਹਰ ਸਾਲ ਕਰਿਸਮਿਸ/ਨਵੇਂ ਸਾਲ ਦਾ ਕਾਰਡ ਭੇਜਣਾ ਤੇ ਉੱਤਰ ਹਰ ਹਾਲਤ ਵਿੱਚ ਪੋਸਟ ਕਾਰਡ ਰਾਹੀਂ ਜ਼ਰੂਰ ਮਿਲਣਾ।

ਇਸ ਤਰ੍ਹਾਂ ਉਨ੍ਹਾਂ ਦੀਆਂ ਪ੍ਰਕਾਸ਼ਤ ਰਚਨਾਵਾਂ ਬਾਰੇ ਵੇਰਵਾ ਮਿਲਦਾ ਰਹਿਣ ਕਰਕੇ ਮੈਂ ਉਨ੍ਹਾਂ ਦੀਆਂ ਲਗ ਭਗ ਸਾਰੀਆਂ ਪ੍ਰਸਿੱਧ ਪੁਸਤਕਾਂ ਪੜ੍ਹ ਗਿਆ। ਉਨ੍ਹਾਂ ਦਾ ਜ਼ਿਕਰ ਵੀ ਮੈਂ ਆਪਣੇ ਖ਼ਤਾਂ ਵਿੱਚ ਕਰਦਾ ਰਿਹਾ। ਇਸ ਦੌਰਾਨ ਮੇਰੇ ਮਨ ਵਿੱਚ ਉਨ੍ਹਾਂ ਦੀਆਂ ਲਿਖਤਾਂ ਪ੍ਰਤੀ ਇੱਕ ਸ਼ਰਧਾ ਉਪਜ ਗਈ ਤੇ ਉਨ੍ਹਾਂ ਪ੍ਰਤੀ ਕੋਈ ਨਿੱਠ ਕੇ ਕਾਰਜ ਕਰਨ ਲਈ ਮਨ ਵਿੱਚ ਵਲਵਲੇ ਉਪਜਣ ਲੱਗੇ। ਉਨ੍ਹਾਂ ਨਾਲ ਨੇੜਤਾ ਤਾਂ ਬਣ ਹੀ ਚੁੱਕੀ ਸੀ। ਨਿਝੱਕਤਾ ਨਾਲ ਮੈਂ ਉਨ੍ਹਾਂ ਬਾਰੇ ਕੰਮ ਕਰਨ ਲਈ ਆਗਿਆ ਮੰਗੀ। ਉਨ੍ਹਾਂ ਵੱਲੋਂ ਪ੍ਰਵਾਨਗੀ ਮਿਲਣ ਤੇ ਕਾਰਜ ਸ਼ੁਰੂ ਕਰ ਦਿੱਤਾ। 4/5 ਸਾਲ ਉਨ੍ਹਾਂ ਨਾਲ ਈ-ਮੇਲ ਤੇ ਪੁਸਤਕ ਦੀ ਤਿਆਰੀ ਸੰਬੰਧੀ ਸਲਾਹਾਂ, ਪੁੱਛਾਂ ਤੇ ਵਿਚਾਰਾਂ ਦੇ ਨਾਲ ਨਾਲ ਨਜ਼ਦੀਕੀ ਲੇਖਕਾਂ ਬਾਰੇ ਜਾਣਕਾਰੀ ਹਾਸਲ ਕਰਕੇ ਲੇਖਕਾਂ ਕੋਲ਼ੋਂ ਲੇਖਾਂ ਦੀ ਪ੍ਰਾਪਤੀ ਦੇ ਅਵਸਰ ਪ੍ਰਾਪਤ ਹੋਏ। ਨਾਲ ਨਾਲ ਮੈਂ ਆਪਣੇ ਬਣੇ ਹੋਏ ਸੰਪਰਕਾਂ ਨੂੰ ਵੀ ਵਰਤਿਆ ਅਤੇ ਨਵੇਂ ਅਪ੍ਰੀਚਤ ਲੇਖਕਾਂ ਨਾਲ ਵੀ ਸੰਬੰਧ ਬਣਦੇ ਗਏ। ਏਡੇ ਵੱਡੇ ਲੇਖਕ ਬਾਰੇ ਲਿਖਣਾ, ਲੇਖਾਂ ਦੀ ਪ੍ਰਾਪਤੀ ਕਰਨੀ, ਲੇਖਕਾਂ ਕੋਲ਼ੋਂ ਸਹਿਯੋਗ ਲੈਣਾ ਮੇਰੇ ਵੱਸ ਦੀ ਗੱਲ ਤਾਂ ਨਹੀਂ ਸੀ, ਪ੍ਰੰਤੂ ਪ੍ਰੋ. ਸਾਹਿਬ ਹਰ ਮੌਕੇ ਤੇ ਮੈਨੂੰ ਅਗਵਾਈ ਕਰਦੇ ਤੇ ਇਸ ਤਰ੍ਹਾਂ ਉੱਚ ਪਾਏ ਦੇ ਲੇਖਕਾਂ ਤੇ ਉੱਭਰਵੀਆਂ ਸ਼ਖ਼ਸੀਅਤਾਂ ਕੋਲ਼ੋਂ ਲੇਖਾਂ ਦੀ ਪ੍ਰਾਪਤੀ ਹੋਈ।

ਇਹ ਠੀਕ ਹੈ, ਇੰਗਲੈਂਡ ਬੈਠ ਕੇ ਭਾਰਤੀ ਪੰਜਾਬ ਦੇ ਲੇਖਕਾਂ ਤੋਂ ਲੇਖ ਲਿਖਵਾਉਣੇ ਤੇ ਸਮੱਗਰੀ ਇਕੱਤਰ ਕਰਨੀ ਬਿਖੜਾ ਕਾਰਜ ਸੀ, ਪ੍ਰੰਤੂ ਜਦੋਂ ਸ਼ੁੱਧ ਭਾਵਨਾ ਹੋਵੇ ਤੇ ਤੁਹਾਨੂੰ ਪ੍ਰੋ. ਸਾਹਿਬ ਵਰਗੀ ਸ਼ਖ਼ਸੀਅਤ ਦੀ ਹੱਲਾਸ਼ੇਰੀ ਹੋਵੇ ਤਾਂ ਰੁਕਾਵਟਾਂ ਹੌਲ਼ੀ ਹੌਲ਼ੀ ਹੱਲ ਹੋ ਹੀ ਜਾਂਦੀਆਂ ਹਨ ਉਹ ਮੇਰੀ ਸਹਾਇਤਾ ਤੇ ਰਾਹਨੁਮਾਈ ਕਰਦੇ ਸਨ। ਸੋ ਸਮਾਂ ਤਾਂ ਲੱਗਣਾ ਹੀ ਸੀ ਪਰ ਤੁਹਾਨੂੰ ਪਤਾ ਹੀ ਹੈ ਕਿ ਅਜਿਹੇ ਕਾਰਜ ਦੀ ਸੰਪੂਰਨਤਾ ਲਈ ਔਕੜਾਂ ਤਾਂ ਆਉਂਦੀਆਂ ਹੀ ਹਨ। ਸਿੰਘ ਬ੍ਰਦਰਜ਼ ਦੇ ਪ੍ਰਕਾਸ਼ਕ ਸ੍ਰ. ਗੁਰਸਾਗਰ ਸਿੰਘ ਹੋਰੀਂ ਪੂਰਨ ਉਤਸ਼ਾਹ ਦੇ ਕੇ ਨਿਵਾਜਦੇ ਰਹੇ। ਉਨ੍ਹਾਂ ਪੂਰੀ ਲਗਨ ਨਾਲ ਇਸ ਗ੍ਰੰਥ ਨੂੰ ਸੁਹਜ ਭਰਪੂਰ ਬਣਾ ਕੇ ਪ੍ਰਕਾਸ਼ਤ ਕਰ ਦਿੱਤਾ ਤੇ ਮੇਰੇ ਵੱਲੋਂ ਵਿੱਢੇ ਹੋਏ ਕਾਰਜ ਨੂੰ ਸੰਪੰਨ ਕਰਕੇ ਮੈਨੂੰ ਮਾਣ ਦਾ ਅਧਿਕਾਰੀ ਬਣਾ ਦਿੱਤਾ।

? ਕੈਂਬੋ ਸਾਹਿਬ, ਤੁਸੀਂ ‘ਪ੍ਰੋ. ਪ੍ਰੀਤਮ ਸਿੰਘ ਜੀਵਨ, ਸ਼ਖ਼ਸੀਅਤ ਤੇ ਰਚਨਾ’ ਨਾਮੀਂ ਗ੍ਰੰਥ ਨੂੰ ਬਹੁਤ ਹੀ ਮਿਹਨਤ ਤੇ ਖੂਬਸੂਰਤੀ ਨਾਲ ਤਿਆਰ ਕੀਤਾ ਹੈ। ਇਸ ਗ੍ਰੰਥ ਨੂੰ ਪ੍ਰਕਾਸ਼ਤ ਕਰਨ ਪਿੱਛੇ ਕਿਹੜੀ ਪ੍ਰੇਰਨਾ ਕੰਮ ਕਰਦੀ ਸੀ। ਮੈਨੂੰ ਇਸ ਪੁਸਤਕ ਨੇ ਬਹੁਤ ਪ੍ਰਭਵਿਤ ਕੀਤਾ ਹੈ। ਅਤੇ ਇਸ ਪੁਸਤਕ ਦੀ ਚਰਚਾ ਵੀ ਕਾਫੀ ਹੋਈ ਹੈ। ਤੁਸੀਂ ਇਸ ਦਾ ਕੀ ਮਹੱਤਵ ਸਮਝਦੇ ਹੋ?

– ਢਾਅ ਜੀ, ਮੈਨੂੰ ਬਹੁਤ ਖੁਸ਼ੀ ਹੋਈ ਕਿ ਤੁਸੀਂ ਇਸ ਪੁਸਤਕ ਨੂੰ ਬੜੀ ਗੰਭੀਰਤਾ ਨਾਲ ਪੜ੍ਹਿਆ ਤੇ ਪੰਸਦ ਕੀਤਾ ਹੈ। ਜਿਵੇਂ ਕਿ ਮੈਂ ਜ਼ਿਕਰ ਕੀਤਾ ਹੈ ਕਿ ਪ੍ਰੋ. ਸਾਹਿਬ ਨਾਲ ਸੰਪਰਕ ਬਣਨ ਕਰਕੇ ਮੈਂ ਉਨ੍ਹਾਂ ਦੀ ਸ਼ਖ਼ਸੀਅਤ ਤੋਂ ਪ੍ਰਭਾਵਿਤ ਹੋਇਆ ਅਤੇ ਉਨ੍ਹਾਂ ਦੀਆਂ ਮਹੱਤਵਪੂਰਨ ਪੁਸਤਕਾਂ ਦਾ ਅਧਿਐਨ ਕਰ ਲਿਆ। ਉਨ੍ਹਾਂ ਦੀ ਸ਼ਖ਼ਸੀਅਤ ਤੇ ਉਨ੍ਹਾਂ ਵੱਲੋਂ ਕੀਤੇ ਸਾਹਿਤਕ ਕਾਰਜਾਂ ਤੋਂ ਇੰਨਾ ਅਕਰਸ਼ਿਤ ਹੋਇਆ ਅਤੇ ਮੈਂ ਮਨ ਬਣਾਇਆ ਕਿ ਉਨ੍ਹਾਂ ਦੀ ਸ਼ਖ਼ਸੀਅਤ ਪ੍ਰਤੀ ਅਭਿਨੰਦਨ ਗ੍ਰੰਥ ਬਣਾਇਆ ਜਾਵੇ। ਇਸ ਇੱਛਾ ਵਿੱਚੋਂ ਹੱਥਲੇ ਗ੍ਰੰਥ ਦਾ ਜਨਮ ਹੋਇਆ। ਜਦੋਂ ਇਸ ਇੱਛਾ ਨੇ ਅਮਲੀ ਜਾਮਾ ਪਹਿਨ ਲਿਆ, ਤਾਂ ਮੈਂ ਉਨ੍ਹਾਂ ਦੀ ਸਾਹਿਤਕ ਦੇਣ ਪ੍ਰਤੀ ਵਿਦਵਾਨਾਂ ਕੋਲੋਂ ਲੇਖ ਲਿਖਵਾਏ। ਇਸ ਕੰਮ ਦੀ ਚੋਣ ਏਨੀ ਸੁਖਾਲੀ ਨਹੀਂ ਸੀ ਕਿਉਂ ਕਿ ਬਹੁਤ ਸਾਰੇ ਵਿਦਵਾਨ ਉਨ੍ਹਾਂ ਦੀ ਪੀੜ੍ਹੀ ਦੇ ਸਨ ਜਿਨ੍ਹਾਂ ਪ੍ਰਤੀ ਪ੍ਰੋ. ਸਾਹਿਬ ਹੀ ਨੇੜਤਾ ਰੱਖਦੇ ਸਨ ਤੇ ਉਨ੍ਹਾਂ ਦੇ ਸਾਹਿਤਕ ਕਾਰਜਾਂ ਤੋਂ ਵੀ ਭਲੀਭਾਂਤ ਜਾਣੂ ਸਨ। ਭਾਵ ਕੀ ਪ੍ਰੋ. ਸਾਹਿਬ ਦੀ ਰਾਹਨੁਮਾਈ ਕਰਕੇ ਮੇਰੀ ਸਿਦਕਦਿਲੀ ਨੂੰ ਭਰਪੂਰ ਬੱਲ ਮਿਲਿਆ। ਹੱਥਲੇ ਗ੍ਰੰਥ ਵਿੱਚ ਅੰਕਿਤ ਵਿਦਵਾਨਾਂ ਨੇ ਪ੍ਰੋ. ਸਾਹਿਬ ਦੀ ਸ਼ਖ਼ਸੀਅਤ ਤੇ ਉਨ੍ਹਾਂ ਵੱਲੋਂ ਸਾਹਿਤਕ ਕਾਰਜਾਂ ਦੇ ਅਨੇਕਾਂ ਖੇਤਰਾਂ ਵਿੱਚ ਪਾਏ ਯੋਗਦਾਨ ਨੂੰ ਪੂਰਨ ਭਾਂਤ ਖੋਲ੍ਹ ਕੇ ਜਿੱਥੇ ਪ੍ਰੋ. ਸਾਹਿਬ ਦੀ ਵਿਰਾਟ ਪ੍ਰਤਿਭਾ ਨੂੰ ਪਾਠਕਾਂ ਦੇ ਸਨਮੁਖ ਕੀਤਾ ਹੈ, ਉੱਥੇ ਉਨ੍ਹਾਂ ਦੀ ਆਪਣੀ ਸ਼ਖ਼ਸੀਅਤ ਅਤੇ ਕੀਤੇ ਕੰਮਾਂ ਦੀ ਤਫ਼ਸੀਲ ਵੀ ਉਜਾਗਰ ਹੋ ਗਈ ਹੈ। ਇਸ ਕਰਕੇ ਇਸ ਗ੍ਰੰਥ ਦੀ ਅਹਿਮੀਅਤ ਵਧ ਗਈ ਹੈ ਜਿਸ ਕਰਕੇ ਇਸ ਦੀ ਚਰਚਾ ਹੋਈ ਹੈ। ਇਸ ਗ੍ਰੰਥ ਵਿੱਚ ਯੋਗਦਾਨ ਪਾਉਣ ਵਾਲੇ ਸਾਹਿਤਕਾਰ ਵੀ ਉੱਚੀ ਸ਼ਖ਼ਸੀਅਤ ਵਾਲੇ ਹਨ ਅਤੇ ਅਨੇਕਾਂ ਖੇਤਰਾਂ ਦੇ ਮਾਹਿਰ ਤੇ ਖੋਜਕਾਰ ਵੀ ਹਨ। ਕੁਝ ਵਿਦਵਾਨ ਤਾਂ ਵੱਡ-ਅਕਾਰੀ ਸਾਹਿਤਕਾਰ ਹੀ ਨਹੀਂ ਹਨ, ਸਗੋਂ ਉਹ ਕੁਝ ਖੇਤਰਾਂ ਦੇ ਵਿਸ਼ੇਸ਼ਗ ਵੀ ਹਨ। ਮੇਰੇ iਖ਼ਆਲ ਅਨੁਸਾਰ ਪਾਠਕ ਇਸ ਰਚਨਾ ਵਿਚਲੇ ਅੰਕਿਤ ਗਿਆਨ ਦੀਆਂ ਪਰਤਾਂ ਨੂੰ ਫਰੋਲ ਕੇ ਪੰਜਾਬੀ ਸਹਿਤ ਦੇ ਵਿਸ਼ਾਲ ਇਤਿਹਾਸ ਦੇ ਦਰਸ਼ਨ ਵੀ ਕਰ ਸਕਣਗੇ।

ਪਹਿਲੀ ਪੰਜਾਬੀ ਕਾਨਫ਼ਰੰਸ

? ਬਰਤਾਨੀਆ ਵਿੱਚ ਪਹਿਲੀ ਵਿਸ਼ਵ ਪੰਜਾਬੀ ਕਾਨਫ਼ਰੰਸ ਸਮੇਂ ਬਹੁਤ ਸਾਰੇ ਪੰਜਾਬੀ ਲੇਖਕ ਦੁਨੀਆ ਭਰ ਤੋਂ ਇਕੱਠੇ ਹੋਏ। ਕਾਨਫ਼ਰੰਸ ਵਿੱਚ ਪੰਜਾਬੀ ਭਾਸ਼ਾ ਤੇ ਹੋਰ ਮਸਲਿਆˆ ਨੂੰ ਵਿਚਾਰਿਆ ਗਿਆ ਹੋਵੇਗਾ। ਇਸ ਕਾਨਫ਼ਰੰਸ ਦਾ ਕੀ ਪ੍ਰਭਾਵ ਪਿਆ ਮਹਿਸੂਸ ਕਰਦੇ ਹੋ?

-ਨਿਰਸੰਦੇਹ ਵਿਸ਼ਵ ਪੰਜਾਬੀ ਕਾਨਫ਼ਰੰਸ ਵਿੱਚ ਬਹੁਤ ਹੀ ਨਾਮਵਰ ਲੇਖਕ ਸ਼ਾਮਲ ਹੋਏ ਜਿਨ੍ਹਾ ਵਿੱਚ ਸੋਹਣ ਸਿੰਘ ਜੋਸ਼, ਪ੍ਰਿੰ. ਸੰਤ ਸਿੰਘ ਸੇਖੋਂ। ਪ੍ਰਿੰ. ਸੁਜਾਨ ਸਿੰਘ, ਡਾ. ਕਰਨੈਲ ਸਿੰਘ ਥਿੰਦ, ਪ੍ਰੀਤਮ ਸਿੰਘ ਆਈ. ਏ. ਐੱਸ, ਡਾ. ਵਿਸ਼ਵਾ ਨਾਥ ਤਿਵਾੜੀ, ਡਾ. ਹਰਿਭਜਨ ਸਿੰਘ, ਡਾ. ਸਤਿੰਦਰ ਸਿੰਘ ਨੂਰ, ਸ਼ਰੀਫ ਕੁੰਜਾਹੀ, ਇਕਬਾਲ ਅਰਪਨ, ਪ੍ਰੋ. ਸੁਰਜੀਤ ਸਿੰਘ ਹਾˆਸ, ਪ੍ਰੋ: ਗੁਰਦਿਆਲ ਸਿੰਘ ਨਾਵਲਕਾਰ, ਜਸਵੰਤ ਸਿੰਘ ਕੰਵਲ, ਸੋਹਣ ਸਿੰਘ ਮੀਸ਼ਾ ਆਦਿ ਅਨੇਕਾਂ ਪ੍ਰਸਿੱਧ ਸਾਹਿਤਕਾਰਾਂ ਨੇ ਕਾਨਫ਼ਰੰਸ ਦੀ ਸ਼ੋਭਾ ਵਧਾਈ। ਭਾਰਤ ਤੇ ਪਾਕਿਸਤਾਨ ਦੀ ਪੰਜਾਬੀ ਦੀ ਮੌਜੂਦਾ ਹਾਲਤ, ਪ੍ਰਗਤੀ ਲਹਿਰ ਦੀ ਸਥਿਤੀ, ਪੰਜਾਬ ਦਾ ਸਭਿਆਚਾਰਕ ਵਿਰਸਾ, ਪੰਜਾਬ, ਪੰਜਾਬੀ ਤੇ ਪੰਜਾਬੀਅਤ, ਪਾਕਿਸਤਾਨ ਵਿੱਚ ਪੰਜਾਬੀ ਅਦਬ, ਪੂਰਬੀ ਅਫਰੀਕਾ ਵਿੱਚ ਪੰਜਾਬੀ ਕਲਚਰ, ਬਰਤਾਨੀਆਂ ਵਿੱਚ ਪੰਜਾਬੀ ਸਾਹਿਤ, ਪੰਜਾਬੀ ਭਾਸ਼ਾ ਤੇ ਨਸਲਵਾਦ ਆਦਿ ਵਿਸ਼ਿਆਂ ਨੂੰ ਛੋਹਿਆ ਤੇ ਵਿਚਾਰਿਆ ਗਿਆ। (ਇਸ ਕਾਨਫ਼ਰੰਸ ਸੰਬੰਧੀ ਡਾ. ਥਿੰਦ ਹੋਰਾਂ ਦੇ ਲੇਖ ਤੋਂ ਵੀ ਜਾਣਕਾਰੀ ਪ੍ਰਾਪਤ ਕੀਤੀ ਹੈ) ਪ੍ਰਬੰਧਕਾਂ ਨੇ ਲੇਖਕਾਂ ਨੂੰ ਇੰਗਲੈਂਡ ਦੀਆਂ ਯਾਦਗਾਰੀ ਥਾਵਾਂ ਵੀ ਦਿਖਾਈਆਂ ਜਿਵੇਂ ਸ਼ੈਕਸਪੀਅਰ ਦਾ ਜਨਮ ਸਥਾਨ, ਡਿਕਨਜ਼ ਤੇ ਬਰਨਜ਼ ਆਦਿ ਸਾਹਿਤਕਾਰਾਂ ਦੀਆਂ ਖ਼ੂਬਸੂਰਤ ਯਾਦਗਾਰਾਂ। ਲੇਖਕ ਬਹੁਤ ਸੰਤੁਸ਼ਟ ਹੋਏ ਅਤੇ ਉਨ੍ਹਾਂ ਨੇ ਆਪਣੇ ਵਿਚਾਰਾਂ ਨਾਲ ਬਰਤਾਨਵੀ ਪੰਜਾਬੀ ਲੇਖਕਾਂ, ਪਾਠਕਾਂ ਤੇ ਕਾਨਫ਼ਰੰਸ ਵਿੱਚ ਹਾਜ਼ਰ ਸਰੋਤਿਆਂ ਨੂੰ ਕੀਲਿਆ। ਇਸ ਤਰ੍ਹਾਂ ਦਾ ਮਾਹੋਲ ਉੱਸਰ ਗਿਆ ਸੀ ਜਿਵੇਂ ਪੰਜਾਬੀਅਤ ਦਾ ਬੋਲ ਬਾਲਾ ਹੋ ਗਿਆ ਹੋਵੇ। ਪੰਜਾਬੀ ਭਾਸ਼ਾ ਦੀਆਂ ਸਮੱਸਿਆਵਾਂ ਨੂੰ ਵੀ ਵਿਚਾਰਿਆ ਗਿਆ ਅਤੇ ਲੇਖਕਾਂ ਨੇ ਆਪਣੇ ਵਡਮੁੱਲੇ ਸੁਝਾਅ ਵੀ ਦਿੱਤੇ। ਪ੍ਰੰਤੂ ਇਹ ਖੂਬਸੂਰਤ ਪ੍ਰਭਾਵ ਚਿਰ ਸਥਾਈ ਨਾ ਰਿਹਾ। ਇੱਥੇ ਦੀਆਂ ਪ੍ਰਸਥਿਤੀਆਂ, ਇੱਥੇ ਦੇ ਸਮਾਜ ਨੇ ਹੀ ਨਜਿੱਠਣੀਆਂ ਸਨ।

ਹਾਲਾਤ ਨੇ ਐਸਾ ਗੇੜ ਖਾਧਾ ਕਿ ਪੰਜਾਬੀ ਦੀ ਸਥਿਤੀ ਨਿੱਘਰਦੀ ਹੀ ਗਈ। ਭਾਰਤ ਵਿੱਚ ਵੀ ਸਾਰਥਕ ਮਾਹੌਲ ਨਾ ਉੱਸਰ ਸਕਿਆ। ਉਸ ਤੋਂ ਬਾਅਦ 1984 ਦਾ ਕਾਂਡ ਵਾਪਰ ਗਿਆ ਤੇ ਸਮੂਹ ਪੰਜਾਬੀ ਗਹਿਰੇ ਸਦਮੇ ਵਿੱਚੋਂ ਗੁਜ਼ਰੇ। ਭਾਰਤ ਵਿੱਚ ਪੰਜਾਬੀਅਤ ਦਾ ਅਕਸ ਧੁੰਦਲਾ ਪੈਂਦਾ ਗਿਆ। ਪ੍ਰੰਤੂ ਉਪਰੋਕਤ ਸਾਕੇ ਬਾਰੇ ਕਾਫ਼ੀ ਸਾਹਿਤ ਉਪਜਿਆ। ਇੱਥੇ ਦੇ ਲੇਖਕਾਂ ਨੇ ਵੀ ਆਪਣੀਆਂ ਰਚਨਾਵਾਂ ਰਚੀਆਂ। ਪ੍ਰੰਤੂ ਪੰਜਾਬੀ ਭਾਸ਼ਾ ਪ੍ਰਤੀ ਭਾਰਤੀ ਪੰਜਾਬ ਵੱਲੋਂ ਕੋਈ ਪ੍ਰੇਰਣਾ ਜਨਕ ਉਤਸ਼ਾਹ ਨਹੀਂ ਮਿਲਿਆ। ਇੱਥੇ ਦੀ ਜਵਾਨ ਹੁੰਦੀ ਪੀੜ੍ਹੀ ਪੰਜਾਬੀ ਭਾਸ਼ਾ ਵੱਲੋਂ ਅਵੇਸਲੀ ਹੁੰਦੀ ਗਈ। ਪੰਜਾਬੀ ਦੀ ਪ੍ਰਤਿਭਾ ਦੇ ਕਮਜ਼ੋਰ ਹੋਣ ਨਾਲ ਪੰਜਾਬੀ ਦਾ ਵਾਤਾਵਰਣ ਨਿੱਘਰਦਾ ਗਿਆ ਹੈ। ਭਾਰਤੀ ਪੰਜਾਬ ਵਿੱਚ ਪਬਲਿਕ ਸਕੂਲਾਂ ਦੀ ਸਥਾਪਨਾ, ਅੰਗਰੇਜ਼ੀ ਦਾ ਮੁੱਢਲੀ ਪ੍ਰਾਇਮਰੀ ‘ਚ ਲਾਗੂ ਹੋਣਾ ਤੇ ਆਮ ਸਕੂਲਾਂ ਵਿੱਚ ਅੰਗਰੇਜ਼ੀ ਦੇ ਉਛਾਲ ਨਾਲ ਪੰਜਾਬੀ ਦੀ ਦੁਰਦਸ਼ਾ ਹੋਈ ਤੇ ਤਰਸਯੋਗ ਹਾਲਤ ਬਣ ਗਈ। ਭਾਵੇਂ ਦੋ ਐਕਟ ਦੁਬਾਰਾ ਪਾਸ ਕੀਤੇ ਗਏ ਹਨ, ਪ੍ਰੰਤੁ ਅਮਲੀ ਕਦਮਾਂ ਦੀ ਘਾਟ ਕਰਕੇ ਕੀਤੇ ਗਏ ਯਤਨ ਸਾਰਥਿਕ ਸਿੱਧ ਨਾ ਹੋ ਸਕੇ। ਮੈਂ ਭਾਰਤੀ ਹਾਲਤ ਦਾ ਜ਼ਿਕਰ ਇਸ ਕਰਕੇ ਕੀਤਾ ਹੈ ਕਿ ਜਦੋਂ ਕੇਂਦਰ ਤੋਂ ਕੋਈ ਸੇਧ ਨਾ ਮਿਲਦੀ ਹੋਵੇ ਤਾਂ ਦੂਜੇ ਥਾਵਾਂ ਤੇ ਬੈਠੇ ਪੰਜਾਬੀਆਂ ਨੂੰ ਪੰਜਾਬੀ ਭਾਸ਼ਾ ਦਾ ਕੱਦ ਉੱਚਾ ਕਰਨ ਲਈ ਬੜ੍ਹਾਵਾ ਨਹੀਂ ਮਿਲਦਾ।

? ਕੈਂਬੋ ਸਾਹਿਬ, ਅੱਸੀਵਿਆਂ ਵਿੱਚ ਇੰਗਲੈਂਡ ਨਿਵਾਸੀ ਲੇਖਕਾਂ ਨੇ ਪਹਿਲੀ ਵਿਸ਼ਵ ਕਾਨਫ਼ਰੰਸ ਕਰਕੇ ਇੱਕ ਨਵਾਂ ਮੀਲ-ਪੱਥਰ ਸਥਾਪਤ ਕੀਤਾ ਸੀ, ਪਰ ਉਸ ਤੋਂ ਬਾਅਦ ਪੰਜਾਬੀ ਲੇਖਕਾਂ ਦੀ ਚੜ੍ਹਾਈ ਦੂਜੇ ਦੇਸ਼ਾਂ ਦੇ ਮੁਕਾਬਲੇ ਉਹ ਨਹੀਂ ਲੱਗਦੀ ਜੋ ਹੋਣੀ ਚਾਹੀਦੀ ਸੀ। ਤੁਸੀਂ ਇਸ ਦਾ ਕੀ ਕਾਰਨ ਸਮਝਦੇ ਹੋ?

– ਢਾਅ ਜੀ, ਜਦੋਂ ਵਿਸ਼ਵ ਕਾਨਫਰੰਸ ਹੋਈ, ਉਦੋਂ ਬਰਤਾਨਵੀ ਪੰਜਾਬੀ ਸਾਹਿਤ ਆਪਣੀ ਸਿਖ਼ਰ ਹੰਢਾ ਰਿਹਾ ਸੀ ਤੇ ਇਹ ਸਿਖ਼ਰ ਲੱਗ ਪੱਗ ਸੰਨ 2000 ਤੱਕ ਚੱਲਦੀ ਰਹੀ। ਉਸ ਤੋਂ ਬਾਅਦ ਇੰਮੀਗਰੇਸ਼ਨ ਕੰਟਰੋਲ ਹੋਣ ਕਰਕੇ ਨਵੇਂ ਪੜ੍ਹੇ ਲਿਖੇ ਨੌਜਵਾਨ ਆਉਣੋ ਰੁੱਕ ਗਏ। ਨਵੀਂ ਪੀੜ੍ਹੀ ਦੇ ਨੌਜਵਾਨ (ਯੂ. ਕੇ. ਵਾਸੀ) ਪੰਜਾਬੀ ਸਾਹਿਤ ਵੱਲ ਝੁਕਣ ਤੋਂ ਅਸਮਰਥ ਰਹੇ। ਕਾਰਣ ਇਹ ਸੀ ਕਿ ਸਕੂਲਾਂ ਵਿੱਚ ਪੰਜਾਬੀ ਬੜੀ ਮਿਹਨਤ ਨਾਲ ਪੰਜਾਬੀ ਸੰਸਥਾਵਾਂ ਦੇ ਆਸਰੇ ਚਾਲੂ ਕੀਤੀ ਗਈ ਸੀ। ਪ੍ਰੰਤੂ ਮਾਪੇ ਆਪਣੇ ਬੱਚਿਆਂ ਨੂੰ ਪੰਜਾਬੀ ਵੱਲ ਪ੍ਰੇਰਿਤ ਕਰਨ ਵਿਚ ਅਸਫ਼ਲ ਹੋਏ। ਦੂਜੇ ਪਾਸੇ ਬਰਤਾਨਵੀ ਪਾਲਿਸੀ ਦਾ ਰੁੱਖ ਗੈਰ ਅੰਗਰੇਜ਼ੀ ਭਾਸ਼ਾਵਾਂ ਪ੍ਰਤੀ ਏਨਾਂ ਉਦਾਰ ਭਰਿਆ ਨਹੀਂ ਸੀ। ਭਾਵੇਂ ਸਰਕਾਰ ਨੇ ਇਨ੍ਹਾਂ ਭਾਸ਼ਾਵਾਂ ਦੀ ਪੜ੍ਹਾਈ ਲਈ ਕਾਨੂੰਨੀ ਤੌਰ ਤੇ ਵਿਵਸਥਾ ਕੀਤੀ ਹੋਈ ਸੀ ਤੇ ਹੈ ਵੀ, ਪਰ ਇਹ ਕਾਰਜ ਏਨਾ ਸੌਖਾ ਨਹੀਂ ਹੈ। ਜਿੰਨਾ ਚਿਰ ਪੰਜਾਬੀ ਭਾਈਚਾਰਾ ਖੁੱਦ ਸਾਕਾਰਾਤਮਿਕ ਰਵਈਆ ਤੇ ਉਤਸ਼ਾਹ ਪੂਰਬਕ ਧਾਰਣਾ ਨਹੀਂ ਬਣਾਉਂਦਾ, ਉੱਨਾ ਚਿਰ ਇਹ ਕਾਰਜ ਬੜਾ ਮੁਸ਼ਕਲ ਹੈ। ਫਰੈਂਚ ਤੇ ਜਰਮਨ ਆਦਿ ਭਾਸ਼ਾਵਾਂ ਪ੍ਰਤੀ ਮਾਹੌਲ ਉਤਸ਼ਾਹ ਵਰਧਕ ਰਿਹਾ ਹੈ ਤੇ ਏਸ਼ੀਅਨ ਭਾਸ਼ਾਵਾਂ ਲਈ ਉਪਰੋਕਤ ਦੱਸੇ ਕਾਰਨਾਂ ਕਰਕੇ ਪੰਜਾਬੀ ਪੜ੍ਹਾਈ ਤਾਂ ਐਸ ਵੇਲੇ ਕਿਸੇ ਹੀ ਸਕੂਲ ਵਿੱਚ ਸ਼ਾਇਦ ਹੋਵੇ। ਗੁਰਦਵਾਰਾ ਸਾਹਿਬਾਨ ਵੱਲੋਂ ਪੰਜਾਬੀ ਯਥਾਸ਼ਕਿਤ ਪੜ੍ਹਾਈ ਜਾਂਦੀ ਹੈ। ਜਿਹੜੇ ਲੇਖਕ ਵਿਸ਼ਵ ਸਮਾਗਮ ਵੇਲੇ ਲਿਖਦੇ ਪੜ੍ਹਦੇ ਸਨ, ਉਹ ਆਪਣੀ ਉਮਰ ਦੇ ਆਖ਼ਰੀ ਪੜਾ ਤੇ ਪੁੱਜ ਚੱਕੇ ਹਨ। ਕੁਝ ਲੇਖਕ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਹਨ। ਹਾਂ, ਅਜੇ ਵੀ ਸਾਹਿਤਕ ਰਚਨਾਵਾਂ ਛਪ ਰਹੀਆਂ ਹਨ ਨੌਜਵਾਨ ਵਰਗ ਦੇ ਲੇਖਕ ਅਜੇ ਵੀ ਨਿਰੰਤਰ ਸਾਧਨਾ ਵਿੱਚ ਜੁਟੇ ਹੋਏ ਹਨ। ਕੁਝ ਸਮੇਂ ਤੱਕ ਨਵੇਂ ਵਿਆਹੇ ਜੋੜੇ ਇੱਥੇ ਆਉਂਦੇ ਰਹੇ ਹਨ। ਉਨ੍ਹਾਂ ਦੀ ਦਿਲਚਸਪੀ ਅਜੇ ਤੱਕ ਕਾਇਮ ਹੈ। ਪ੍ਰੰਤੂ ਇੱਥੇ ਦੀ ਨਵੀਂ ਪੀੜ੍ਹੀ ਵੱਲੋਂ ਨਿਰਾਸ਼ਤਾ ਹੀ ਪੱਲੇ ਪਈ ਹੈ। ਨਵੇਂ ਲੇਖਕਾਂ ਵਿੱਚੋਂ ਅੰਗਰੇਜ਼ੀ ਸਾਹਿਤ ਵਿੱਚ ਲਿਖਣ ਵਾਲੇ ਟਾਵੇਂ ਟਾਵੇਂ ਹੀ ਹਨ। ਦਰਅਸਲ ਪਰਵਾਸ ਦੇ ਨਿਸ਼ਕਰਸ਼ ਐਸੇ ਹੀ ਨਿਕਲਣੇ ਸਨ, ਜੋ ਨਿਕਲੇ ਹਨ ।

? ਪ੍ਰੀਤਮ ਜੀ, ਇੰਗਲੈਂਡ ਵਿੱਚ ਰਹਿੰਦਿਆਂ ਬਹੁਤ ਸਾਰੇ ਸਮਰੱਥ ਲੇਖਕਾਂ ਨੇ ਪੰਜਾਬੀ ਸਾਹਿਤ ਲਈ ਪ੍ਰਤੀਬੱਧਤਾ ਨਾਲ ਵੱਖ ਵੱਖ ਵੰਨਗੀਆਂ ਵਿੱਚ ਲਿਖ ਕੇ ਯੋਗਦਾਨ ਪਾਇਆ ਹੈ। ਪਰ ਪੰਜਾਬ ਵਿੱਚ ਕੁਝ ਕੁ ਲੇਖਕਾਂ ਨੂੰ ਛੱਡ ਕੇ ਇੰਗਲੈˆਡ ਦੇ ਸਾਹਿਤ ਦੇ ਬਾਰੇ ਬਹੁਤੀ ਚਰਚਾ ਹੁੰਦੀ ਨਜ਼ਰ ਨਹੀਂ ਆਈ। ਕੀ ਤੁਹਾਨੂੰ ਵੀ ਇਸ ਤਰ੍ਹਾਂ ਮਹਿਸੂਸ ਨਹੀਂ ਹੁੰਦਾ?

– ਸਤਨਾਮ ਜੀ, ਇਹ ਗੱਲ ਇਸ ਤਰ੍ਹਾਂ ਹੈ ਕਿ ਸਾਰੇ ਸਾਹਿਤਕਾਰ ਤਾਂ ਉੱਚ ਪੱਧਰ ਦੇ ਨਹੀਂ ਹੋ ਸਕਦੇ। ਪ੍ਰੰਤੂ ਮੱਧਲੇ ਵਰਗ ਤੇ ਹੇਠਲੇ ਵਰਗ ਦੇ ਲੇਖਕਾਂ ਦਾ ਵੀ ਆਪਣਾ ਯੋਗਦਾਨ ਹੁੰਦਾ ਹੈ। ਉਨ੍ਹਾਂ ਦਾ ਵੀ ਪ੍ਰਭਾਵ ਪੈਂਦਾ ਹੈ। ਕੋਈ ਕਿੰਨਾ ਵੀ ਪ੍ਰਤਿਭਾਵਾਨ ਲੇਖਕ ਕਿਉਂ ਨਾ ਹੋਵੇ, ਉਹ ਸਾਰਾ ਕੁਝ ਤਾਂ ਸਮੇਟ ਨਹੀਂ ਸਕਦਾ। ਪ੍ਰੰਤੂ ਤੁਹਾਡੇ ਸਵਾਲ ਬਾਰੇ ਕਈ ਤਰ੍ਹਾਂ ਦੇ ਪ੍ਰਸ਼ਨ ਉੱਭਰਦੇ ਹਨ। ਇੱਕ ਤਾਂ ਪਹਿਲਾਂ ਪਹਿਲ ਪਰਵਾਸੀ ਸਾਹਿਤ ਪੂਰੀ ਤਰ੍ਹਾਂ ਗੌiਲ਼ਆ ਨਹੀਂ ਜਾਂਦਾ ਰਿਹਾ, ਦੂਜਾ ਪੰਜਾਬੀ ਸਾਹਿਤ ਦਾ ਵਿਕਾਸ ਇਸ ਕਦਰ ਨਹੀਂ ਹੋਇਆ ਕਿ ਹਰ ਤਰ੍ਹਾਂ ਦੇ ਸਾਹਿਤ ਨੁੰ ਗੌiਲ਼ਆ ਜਾਂਦਾ ਰਿਹਾ ਹੋਵੇ। ਇਹ ਦੇ ਵਿੱਚ ਸਰਕਾਰੀ ਸੰਸਥਾਵਾਂ, ਪ੍ਰਾਈਵੇਟ ਸੰਸਥਾਵਾਂ, ਲੇਖਕਾਂ, ਆਲੋਚਕਾਂ ਤੇ ਬੁੱਧੀਜੀਵਿਆਂ ਦਾ ਵਡੇਰਾ ਹੱਥ ਹੁੰਦਾ ਹੈ। ਇਹ ਸਾਰੇ ਫੈਕਟਰ ਮਿਲ ਕੇ ਸਾਹਿਤ ਦੀ ਸਾਰਥਿਕਤਾ ਨੂੰ ਵਿਕਸਾਉਂਦੇ ਹਨ। ਜਿੰਨੇ ਇਹ ਫੈਕਟਰ ਮਜ਼ਬੂਤ ਹੋਣਗੇ, ਉੱਨੀਆਂ ਹੀ ਸਾਹਿਤ ਦੀਆਂ ਭਿੰਨ ਭਿੰਨ ਵੰਨਗੀਆਂ ਵਿਚਾਰੀਆਂ ਜਾਣਗੀਆਂ, ਉੱਨੀਆਂ ਹੀ ਸ਼ਿੱਦਤਾਂ ਨਾਲ ਸਾਰੇ ਲੇਖਕਾਂ ਦੇ ਕਾਰਜ ਨੂੰ ਗੌਲਿਆ ਜਾਵੇਗਾ। ਸਾਹਿਤ ਪ੍ਰਤੀ ਵਚਨਬੱਧਤਾ, ਸਾਹਿਤ ਪ੍ਰਤੀ ਲਗਾਉ, ਸਚਾਈ ਦੀ ਅਧਾਰਸ਼ਿਲਾ, ਲੇਖਕਾਂ ਦੀ ਇੱਕ-ਜੁੱਟਤਾ ਅਤੇ ਇਸ ਦੇ ਹਰ ਕਾਰਜ ਪ੍ਰਤੀ ਸੁਹਿਰਦਤਾ ਹੋਣੀ ਅਤਿ ਅਨਿਵਾਰੀ ਹੈ। ਇਹ ਠੀਕ ਹੈ ਉੱਚੇ ਪੱਧਰ ਦੇ ਲੇਖਕ ਨੇ ਇੱਕ ਦਮ ਸਾਹਮਣੇ ਆਉਣਾ ਹੀ ਹੈ, ਪ੍ਰੰਤੂ ਜਦੋਂ ਸਮੁੱਚਾ ਵਾਤਾਵਰਣ ਵਿਕਸ ਜਾਵੇਗਾ, ਤਾਂ ਵੱਧ ਤੋਂ ਵੱਧ ਲੇਖਕਾਂ ਦੇ ਕਾਰਜਾਂ ਦੀ ਨਿਸ਼ਾਨਦੇਹੀ ਹੋਵੇਗੀ। ਇਹ ਨਹੀਂ ਕਿ ਪਰਵਾਸੀ ਸਾਹਿਤ ਨੂੰ ਬਿਲਕੁਲ ਅਣਗੌਲਿਆ ਕੀਤਾ ਗਿਆ ਹੈ। ਜਿਹੜਾ ਵੀ ਕਾਰਜ ਹੋਇਆ ਹੈ, ਉਸ ਰਾਹੀਂ ਸਾਹਿਤ ਦਾ ਮੁਲਾਂਕਣ ਉੱਚ ਪੱਧਰ ਦਾ ਨਹੀਂ ਹੋਇਆ। ਸਰਵੇਖਣ ਪੱਧਰ ਦਾ ਹੈ। ਉਹ ਵੀ ਪੂਰੀ ਤਰ੍ਹਾਂ ਨਿੱਠ ਕੇ ਨਹੀਂ। ਕੰਮ ਭਾਵੇਂ ਥੋੜਾ ਹੋਵੇ, ਉਸ ਦਾ ਮਿਆਰ ਜ਼ਰੂਰ ਹੋਣਾ ਚਾਹੀਦਾ ਹੈ। ਇਸ ਸਭ ਕੁਝ ਵਿੱਚ ਅਰਥ ਵਿਵਸਥਾ, ਸੰਸਥਾਵਾਂ ਤੇ ਆਲੋਚਕਾਂ ਦੀ ਦ੍ਰਿਸ਼ਟੀ ਦਾ ਬੜਾ ਵੱਡਾ ਹੱਥ ਹੈ। ਪੰਜਾਬੀ ਸਾਹਿਤ ਦੇ ਪਿਆਰਿਆਂ, ਇੱਛਾ ਸ਼ਕਤੀ ਤੇ ਸਰਕਾਰੀ ਸਰਪ੍ਰਸਤੀ ਦਾ ਵੀ ਅਹਿਮ ਰੋਲ ਹੈ। ਢਾਅ ਜੀ, ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਪੰਜਾਬ ਦੀਆਂ ਵੱਖ ਵੱਖ ਯੂਨੀਵਰਸਿਟੀਆਂ ਵਿੱਚ ਪਰਵਾਸੀ ਲੇਖਕਾਂ ਦੀਆਂ ਪੁਸਤਕਾਂ ਨੂੰ ਸਿਲੇਬਸ ਦਾ ਹਿੱਸਾ ਬਣਾ ਕੇ ਪੜ੍ਹਾਇਆ ਜਾਣਾ ਅਤੇ ਪਰਵਾਸੀ ਸਾਹਿਤਕਾਰਾਂ ਦੇ ਕੰਮ ‘ਤੇ ਐੱਮ. ਫਿਲ ਅਤੇ ਪੀਐੱਚ. ਡੀਜ਼ ਕਰਵਾਉਣਾ ਇਹ ਇੱਕ ਸ਼ਲਾਘਾਯੋਗ ਯਤਨ ਹੈ। ਇਸ ਕਰਕੇ ਕਹਿ ਸਕਦੇ ਹਾਂ ਕਿ ਪੰਜਾਬ ਵਿਚਲੇ ਵਿਦਵਾਨ ਹੁਣ ਪਰਵਾਸੀ ਸਾਹਿਤ ਨੂੰ ਗੌਲ਼ ਰਹੇ ਹਨ।

? ਤੁਸੀਂ ਸਾਹਿਤ ਸਭਾਵਾਂ ਦੇ ਮੋਢੀ ਰਹੇ ਹੋ। ਬਹੁਤ ਲੰਮਾਂ ਸਮਾਂ ਸਭਾਵਾਂ ਵਿੱਚ ਕੰਮ ਵੀ ਕੀਤਾ। ਬਰਤਾਨੀਆਂ ਵਿੱਚ ਸਾਹਿਤਕ ਸਭਾਵਾਂ ਦੇ ਰੋਲ ਬਾਰੇ ਜਾਂ ਇਨ੍ਹਾਂ ਦੀ ਕੀ ਦੇਣ ਰਹੀ ਹੈ? ਪੰਜਾਬੀ ਸਾਹਿਤ ਦੇ ਵਿਕਾਸ ਵਿੱਚ ਵੀ ਕੋਈ ਯੋਗਦਾਨ ਮਹਿਸੂਸ ਕਰਦੇ ਹੋ? ਹੁਣ ਅੱਜ ਕੱਲ੍ਹ ਬਰਤਾਨੀਆਂ ਵਿੱਚ ਸਾਹਿਤਕ ਸਭਾਵਾਂ ਦੀ ਕੀ ਸਥਿਤੀ ਹੈ?

– ਸਾਹਿਤ ਸਭਾਵਾਂ, ਸਾਹਿਤ ਦੀ ਪ੍ਰਗਤੀ ਲਈ ਬਹੁਤ ਉਪਜਾਊ ਹਨ। ਇਹ ਐਸੇ ਕੇਂਦਰ ਹਨ, ਜਿੱਥੇ ਲੇਖਕ ਨਿਰੰਤਰ ਇਕੱਠੇ ਹੁੰਦੇ ਹਨ, ਆਪਣੀਆਂ ਰਚਨਾਵਾਂ ਸੁਣਾਉਂਦੇ, ਦੂਜੇ ਲੇਖਕਾਂ ਦੀਆਂ ਸੁਣਦੇ, ਸਲਾਹੁਤਾਂ ਦਿੰਦੇ ਤੇ ਰਚਨਾਵਾਂ ਨੂੰ ਚਮਕਾਉਂਦੇ ਹਨ। ਨਿਰਸੰਦੇਹ ਇਹ ਲੇਖਕਾਂ ਦੀਆਂ ਟਕਸਾਲਾਂ ਹਨ। ਇਨ੍ਹਾਂ ਕਰਕੇ ਸਾਹਿਤਕਾਰਾਂ ਦੀਆਂ ਰਚਨਾਵਾਂ ਸੋਧ ਸੁਧਾਈ ਬਾਅਦ ਛਪਦੀਆਂ ਹਨ ਤੇ ਪੁਸਤਕ ਰੂਪ ਧਾਰਣ ਕਰਦੀਆਂ ਹਨ। ਮੈਂ ਇੰਟਰਨੈਸ਼ਨਲ ਪੰਜਾਬੀ ਸਾਹਿਤ ਸਭਾ ਵਿੱਚ ਲੱਗ ਪੱਗ 25 ਸਾਲ ਕੰਮ ਕੀਤਾ ਹੈ। ਮੋਹਰਲੀ ਕਤਾਰ ਵਿੱਚ ਰਿਹਾ ਹਾਂ। ਨਿਰੰਤਰ ਮੀਟਿੰਗਾਂ ਕਰਦੇ ਸਾਂ। ਸਾਲ ਵਿੱਚ ਦੋ ਤਿੰਨ ਫੰਕਸ਼ਨ ਕਰਵਾਉਂਦੇ ਸਾਂ ਤੇ ਸਾਲਾਨਾ ਕਾਨਫ਼ਰੰਸ ਵੱਡੀ ਪੱਧਰ ਤੇ ਕਰਵਾਈ ਜਾਂਦੀ ਸੀ। ਬਰਤਾਨੀਆ ਦੀਆਂ ਹੋਰ ਸਭਾਵਾਂ ਵੀ ਕਾਨਫ਼ਰੰਸਾਂ ਕਰਦੀਆਂ ਸਨ। ਕਾਫ਼ੀ ਸਾਹਿਤ ਉਪਜਿਆ। ਬੜੇ ਨਾਮਵਰ ਸਾਹਿਤਕਾਰ ਵੀ ਪੈਦਾ ਹੋਏ। ਪ੍ਰੰਤੂ ਹੌਲ਼ੀ ਹੌਲ਼ੀ ਇਨ੍ਹਾਂ ਸਭਾਵਾਂ ਵਿੱਚ ਜਦੋਂ ਵਿਅਕਤੀਵਾਦ ਪ੍ਰਧਾਨ ਹੋਣ ਲੱਗਦਾ ਹੈ। ਜਿਸ ਨਾਲ ਨਿੱਗਰ ਕਾਰਜਾਂ ਵਿੱਚ ਰੁਕਾਵਟਾਂ ਪੈਦਾ ਹੁੰਦੀਆਂ ਹਨ। ਅੱਜ ਕੱਲ੍ਹ ਸਾਹਿਤ ਸਭਾਵਾਂ ਦੀ ਪਹਿਲਾਂ ਵਾਲੀ ਚਹਿਲ ਪਹਿਲ ਨਹੀਂ ਰਹੀ। ਕਿਉਂਕਿ ਪਹਿਲੀ ਪੀੜ੍ਹੀ ਦੇ ਲੇਖਕ ਸਿਆਣੇ ਹੋ ਗਏ ਹਨ ਤੇ ਕਈ ਸਵਰਗਵਾਸ ਵੀ ਹੋ ਗਏ ਹਨ। ਸਾਹਿਤ ਵਿੱਚ ਰੁਚੀ ਰੱਖਣ ਵਾਲੇ ਲੋਕਾਂ ਦੀ ਗਿਣਤੀ ਵੀ ਘਟਦੀ ਜਾ ਰਹੀ ਹੈ। ਪ੍ਰੰਤੂ ਫਿਰ ਵੀ ਕੁਝ ਸਭਾਵਾਂ ਜਿਨ੍ਹਾਂ ਵਿੱਚ ਨੌਜਵਾਨ ਵਰਗ ਦੇ ਲੇਖਕ ਆਪਣਾ ਯੋਗਦਾਨ ਪਾ ਰਹੇ ਹਨ। ਸਭਾਵਾਂ ਦਾ ਯੋਗਦਾਨ ਨਿਰਸੰਦੇਹ ਬਹੁਤ ਮੁੱਲਵਾਨ ਹੈ, ਪ੍ਰੰਤੂ ਅਨੁਸ਼ਾਸ਼ਨਹੀਣਤਾ, ਮਰਿਆਦਾ ਦੀ ਪਾਲਣਾ ਨਾ ਕਰਨੀ ਤੇ ਹਉਮੈ ਦੀ ਹਵਾ ਨਾਲ ਸਾਹਿਤ ਦਾ ਵਿਨਾਸ਼ ਹੀ ਹੋਵੇਗਾ। ਸਚਾਈ ਵਿੱਚ ਬੜੀ ਤਾਕਤ ਹੁੰਦੀ ਹੈ।

? ਤੁਸੀਂ ਪੰਜਾਬੀ ਸਾਹਿਤਕ ਮੈਗਜ਼ੀਨਾਂ ਬਾਰੇ ਕੀ ਰਾਏ ਰੱਖਦੇ ਹੋ? ਇਹ ਮੰਨਿਆ ਜਾਂਦਾ ਹੈ ਕਿ ਪੰਜਾਬੀ ਦੀ ਸਾਹਿਤਕ ਪੱਤਰਕਾਰੀ ਪਹਿਲੇ ਸਮਿਆਂ ਵਿੱਚ ਪੰਜਾਬੀ ਦੇ ਵਿਕਾਸ ਲਈ ਯੋਗਦਾਨ ਪਾਉਂਦੀ ਰਹੀ ਹੈ। ਕੀ ਅੱਜ ਦੇ ਯੁੱਗ ਵਿੱਚ ਇਨ੍ਹਾਂ ਮੈਗਜ਼ੀਨਾਂ ਦੀ ਮਹੱਤਤਾ ਓਨੀ ਹੈ ਜਾਂ ਕੋਈ ਫ਼ਰਕ ਮਹਿਸੂਸ ਕਰਦੇ ਹੋ? ਇੰਗਲੈਂਡ ਤੋਂ ਕੋਈ ਸਾਹਿਤਕ ਰਿਸਾਲਾ ਨਿਕਲ ਰਿਹਾ ਹੈ, ਜਿਸ ਦਾ ਜ਼ਿਕਰ ਤੁਸੀਂ ਕਰਨਾ ਚਾਹੋਗੇ?

– ਸਾਹਿਤਕ ਮੈਗਜ਼ੀਨਾਂ ਦਾ ਨਿਕਲਣਾ ਬੜਾ ਸਿਹਤਮੰਦ ਉਪਰਾਲਾ ਹੈ। ਪਹਿਲੇ ਸਮਿਆਂ ਵਿੱਚ ਗੁਰਬਖਸ਼ ਸਿੰਘ ਵੱਲੋਂ ਪ੍ਰੀਤਲੜੀ, ਭਾਪਾ ਪ੍ਰੀਤਮ ਸਿੰਘ ਵੱਲੋਂ ਆਰਸੀ, ਪ੍ਰੋ. ਮੋਹਨ ਸਿੰਘ ਵੱਲੋਂ ਪੰਜ ਦਰਿਆ, ਕਰਤਾਰ ਸਿੰਘ ਬਲੱਗਣ ਵੱਲੋਂ ਕਵਿਤਾ ਤੇ ਗਿ. ਹੀਰਾ ਸਿੰਘ ਦਰਦ ਵੱਲੋਂ ਫੁਲਵਾੜੀ ਆਦਿ ਪਰਚਿਆਂ ਨੇ ਪੰਜਾਬੀ ਸਾਹਿਤ ਦੇ ਪਾਠਕ ਪੈਦਾ ਕੀਤੇ ਹਨ। ਉਨ੍ਹਾਂ ਦੀ ਪੜ੍ਹਨ ਰੁਚੀ ਪ੍ਰਫੁਲਤ ਹੋਈ ਤੇ ਇਨ੍ਹਾਂ ਪਰਚਿਆਂ ਤੋਂ ਪ੍ਰੇਰਿਤ ਹੋ ਕੇ ਬੇਅੰਤ ਲੇਖਕ ਬਣੇ। ਅੱਛੇ ਸੰਪਾਦਕ ਭਿੰਨ ਭਿੰਨ ਵਿਸ਼ਿਆਂ ਦੀ ਜਾਣਕਾਰੀ ਤੇ ਗਿਆਨ ਪ੍ਰਦਾਨ ਕਰਕੇ ਰਸ ਪੂਰਤ ਸ਼ੈਲੀ ਨਾਲ ਸਾਹਿਤ ਦੀ ਸੇਵਾ ਕਰਦੇ ਰਹੇ ਹਨ। ਉਨ੍ਹਾਂ ਦੇ ਯੋਗਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ। ਹੁਣ ਵੀ ਚੰਗੇ ਪਰਚੇ ਨਿਕਲ ਰਹੇ ਹਨ ਜਿਵੇਂ ‘ਹੁਣ’, ‘ਫਿਲਹਾਲ’ ਅਤੇ ‘ਸਮਕਾਲੀ ਸਾਹਿਤ’। ਇਹ ਪਰਚੇ ਬੜਾ ਨਿੱਗਰ ਸਾਹਿਤ ਪ੍ਰਦਾਨ ਕਰ ਰਹੇ ਹਨ। ਇੰਗਲੈਂਡ ਵਿੱਚ ਵੀ ਕਈ ਪਰਚੇ ਨਿਕਲੇ ਹਨ। ਪਹਿਲੋਂ ਗੁਰਚਰਨ ਸੱਗੂ ਨੇ ‘ਸਵੇਰਾ’ ਨਾਂ ਦਾ ਪਰਚਾ ਕੱਢਿਆ। ਹੋਰਾਂ ਬਾਰੇ ਮੈਨੂੰ ਬਹੁਤੀ ਵਾਕਫ਼ੀ ਨਹੀਂ। ਪਰ ਜ਼ਿਆਦਾ ਦੇਰ ਚੱਲਣ ਵਾਲਾ ਪਰਚਾ ‘ਰਚਨਾ’ ਸੀ ਜਿਸ ਦੇ ਸੰਪਾਦਕ ਗੁਰਸ਼ਰਨ ਸਿੰਘ ਅਜੀਬ ਰਹੇ ਹਨ। ਲੱਗ ਪੱਗ ਦਸ ਸਾਲ ਚੱਲ ਕੇ ਬੰਦ ਹੋ ਗਿਆ। ਹਾਂ, ਹਾਸ ਵਿਅੰਗ ਦਾ ਪਰਚਾ ‘ਅਸਲੀ ਪੰਜਾਬੀ ਮੀਰਜ਼ਾਦਾ’( ਸੰ: ਇੰਦਰਜੀਤ ਸਿੰਘ) ਸਫ਼ਲਤਾ ਨਾਲ ਚੱਲ ਰਿਹਾ ਹੈ। ਅੱਜ ਦੇ ਸਮੇਂ ਵਿੱਚ ਵੀ ਸਾਹਿਤਕ ਮੈਗਜ਼ੀਨਾਂ ਦੀ ਓਨੀ ਹੀ ਮਹੱਤਤਾ ਹੈ। ਭਾਵੇਂ ਅਖ਼ਬਾਰਾਂ ਵਿੱਚ ਵੀ ਅੱਜ ਕੱਲ੍ਹ ਸਾਹਿਤਕ ਮੈਟਰ ਕਾਫ਼ੀ ਆ ਰਿਹਾ ਹੈ ਪਰ ਫਿਰ ਵੀ ਮੈਗਜ਼ੀਨਾਂ ਦਾ ਆਪਣਾ ਸਥਾਨ ਹੈ। ਹਾਂ ਯਾਦ ਆ ਗਿਆ, ‘ਸਾਹਿਤ ਸਮਾਚਾਰ’ ਤੇ ‘ਆਲੋਚਨਾ’ ਪਰਚਿਆਂ ਨੇ ਵੀ ਬੜਾ ਨਾਮ ਖੱਟਿਆ ਹੈ। ‘ਆਲੋਚਨਾ’ ਤਾਂ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ ਅਜੇ ਵੀ ਕੱਢਿਆ ਜਾ ਰਿਹਾ ਹੈ। ਗੁਰੂ ਨਾਨਕ ਯੂਨੀਵਰਸਿਟੀ ਵੱਲੋਂ ‘ਖੋਜ ਦਰਪਣ’ ਕੱਢਿਆ ਜਾ ਰਿਹਾ ਹੈ।‘ਖੋਜ ਪੱਤਰਕਾ’ ਪੰਜਾਬੀ ਯੂਨੀਵਰਸਿਟੀ ਦਾ ਵਧੀਆ ਪਰਚਾ ਹੈ। ਆਲੋਚਨਾ ਦੇ ਖੇਤਰ ਵਿੱਚ ‘ਸਿਰਜਣਾ’ ਦਾ ਰੋਲ ਵੀ ਸਲਾਹੁਣ ਯੋਗ ਹੈ। ਕੋਈ ਸਮਾਂ ਸੀ ਜਦੋਂ ‘ਪੰਜਾਬੀ ਦੁਨੀਆ’ (ਭਾਸ਼ਾ ਵਿਭਾਗ) ਬੜੀ ਚਰਚਾ ਵਿੱਚ ਰਿਹਾ ਸੀ।‘ਸਿੰਘ ਸਭਾ ਪੱਤਰਕਾ’ ਬੜੇ ਸ਼ਾਨਦਾਰ ਅੰਕ ਕੱਢਦਾ ਰਿਹਾ ਹੈ। ‘ਕੌਮੀ ਏਕਤਾ’ ਬੜਾ ਪ੍ਰਸਿੱਧ ਪਰਚਾ ਰਿਹਾ ਹੈ। ਬੜਾ ਪੜ੍ਹਿਆ ਜਾਂਦਾ ਰਿਹਾ ਹੈ। ਇਸ ਤੋਂ ਇਲਾਵਾ ਹੋਰ ਵੀ ਪਰਚੇ ਨਿਕਲ ਰਹੇ ਹਨ। ਨਿਰਸੰਦੇਹ ਪਰਚਿਆਂ ਦੀ ਮਹੱਤਤਾ ਬਹੁਤ ਹੈ। ਇੱਥੋਂ ਇੰਗਲੈਂਡ ਤੋਂ ਡਾ. ਗੁਰਦਿਆਲ ਸਿੰਘ ਰਾਏ ਹੋਰੀਂ 15/16 ਸਾਲ ਤੋਂ ਇੰਟਰਨੈੱਟ ਰਾਹੀਂ ‘ਲਿਖਾਰੀ’ ਪਰਚਾ ਮਿਹਨਤ ਤੇ ਲਗਨ ਨਾਲ ਨਿਰੰਤਰਤਾ ਸਹਿਤ ਚਲਾ ਰਹੇ ਹਨ ਅਤੇ ਉਹ ਆਪਣੇ ਸਿਰਜਣਾਤਮਕ ਕਾਰਜਾਂ ਨੂੰ ਪਿੱਛੇ ਪਾ ਕੇ ਪ੍ਰਤੀਬੱਧ ਤੇ ਨਵੇਂ ਲੇਖਕਾਂ ਦੀਆਂ ਰਚਨਾਵਾਂ ਨੂੰ ਸਾਹਿਤ ਸੰਸਾਰ ਨੂੰ ਪਹੁੰਚਾ ਰਹੇ ਹਨ। ਡਾ. ਰਾਏ ਹੋਰਾਂ ਦੇ ਦੱਸਣ ਅਨੁਸਾਰ ਬਲਦੇਵ ਸਿੰਘ ਕੰਦੋਲਾ ਵੱਲੋਂ ਇੰਟਰਨੈੱਟ ਰਾਹੀਂ ਸਫ਼ਲਤਾ ਨਾਲ ‘ਪੰਜਾਬੀ ਕੌਮ’ ਨਿਕਲ ਰਿਹਾ ਹੈ।‘ਮਨਜਿੱਤ’ ਤੇ ‘ਸਮਾਜ’ ਵੀਕਲੀ ਪਰਚੇ ਵੀ ਛਪ ਰਹੇ ਹਨ ਜੋ ਮੁਫ਼ਤ ਸੇਵਾ ਕਰ ਰਹੇ ਹਨ। ਇਹ ਬਹੁ ਪੱਖੀ ਗਿਆਨ ਦਾ ਸੋਮਾਂ ਹਨ। ਇਹ ਕੰਮ ਔਖਾ ਹੈ ਪਾਠਕਾਂ ਦੇ ਸਹਿਯੋਗ ਤੋਂ ਬਿਨਾਂ ਪਰਚਾ ਚੱਲ ਨਹੀਂ ਸਕਦਾ।

? ਪਹਿਲੀ ਪੀੜ੍ਹੀ ਦੇ ਲੇਖਕਾਂ ਨੇ ਉਸ ਸਮੇਂ ਦੇ ਹਾਲਾਤ ਨੂੰ ਆਪਣੀ ਸਿਰਜਣਾ ਵਿੱਚ ਬਿਆਨ ਕੀਤਾ ਹੈ ਪਰ ਅੱਜ ਹਾਲਤ ਬਦਲ ਚੁੱਕੇ ਹਨ। ਕੀ ਅੱਜ ਵੀ ਪੰਜਾਬੀ ਸਾਹਿਤ ਦੀ ਰਚਨਾ ਸਮੇਂ ਦੇ ਬਦਲਦੇ ਪਰਿਪੇਖ ਨੂੰ ਲੈ ਕੇ ਨਵੇਂ ਜਾਂ ਪੁਰਾਣੇ ਲੇਖਕ ਸਰਗਰਮ ਹਨ? ਜਾਂ ਇਹ ਕਹੀਏ ਕਿ ਤੁਹਾਨੂੰ ਬਰਤਾਨੀਆ ਵਿੱਚ ਪੰਜਾਬੀ ਸਾਹਿਤ ਦਾ ਭਵਿੱਖ ਕਿਸ ਤਰ੍ਹਾਂ ਲੱਗਦਾ?

– ਪੰਜਾਬੀ ਸਾਹਿਤ ਦੇ ਭਵਿੱਖ ਬਾਰੇ ਗੱਲ ਆਪਾਂ ਪਹਿਲਾਂ ਵੀ ਕਰ ਚੁਕੇ ਹਾਂ। ਪਹਿਲੇ ਲੇਖਕਾਂ ਨੇ ਸਮੇਂ ਦੇ ਹਾਲਾਤ ਨੂੰ ਸਨਮੁਖ ਰੱਖਦਿਆਂ ਬੜੀਆਂ ਮੁੱਲਵਾਨ ਰਚਨਾਵਾਂ ਰਚੀਆਂ ਹਨ ਜਿਨ੍ਹਾਂ ਦਾ ਜ਼ਿਕਰ ਮੈਂ ਕੀਤਾ ਹੈ। ਹੁਣ ਵੀ ਕਈ ਲੇਖਕ ਨਿਰੰਤਰ ਲਿਖ ਰਹੇ ਹਨ। ਜਿਨ੍ਹਾਂ ਵਿੱਚ ਨਾਵਲਕਾਰ ਵੀ ਹਨ, ਕਹਾਣੀਕਾਰ ਵੀ ਹਨ, ਕਵਿਤਾ ਰਚਣ ਵਾਲੇ ਵੀ ਹਨ। ਸਾਹਿਤ ਅਧਿਐਨ ਨਾਲ ਵੀ ਜੁੜੇ ਹੋਏ ਹਨ। ਵਾਰਤਕ ਵਿਧਾ ਵਿੱਚ ਵੀ ਕੰਮ ਹੋ ਰਿਹਾ ਹੈ। ਹੁਣ ਲਿਖ ਰਹੇ ਲੇਖਕਾਂ ਤੋਂ ਬਾਅਦ ਦੀ ਸਥਿਤੀ ਬਹੁਤੀ ਸਾਫ਼ ਨਹੀਂ ਹੈ।

? ਕੈਂਬੋ ਸਾਹਿਬ ਪੰਜਾਬ ਤੋਂ ਬਾਹਰਲੇ ਲੇਖਕਾਂ ਨੇ ਲਗ ਭਗ ਸਾਰੀਆਂ ਵਿਧਾਵਾਂ ਵਿੱਚ ਲਿਖਿਆ ਹੈ ਪਰ ਮੈਨੂੰ ਲੱਗਦਾ ਹੈ ਕਿ ਸ਼ਾਇਦ ਬਰਤਾਨਵੀ ਲੇਖਕਾਂ ਦਾ ਨਾਟਕ ਤੇ ਸਫ਼ਰਨਾਮਾ ਵੱਲ ਘੱਟ ਧਿਆਨ ਗਿਆ ਹੈ?

– ਇਹ ਠੀਕ ਹੈ। ਪੰਜਾਬ ਤੋਂ ਬਾਹਰ ਦੇ ਲੇਖਕਾਂ ਬਾਰੇ ਮੈਨੂੰ ਬਹੁਤਾ ਪਤਾ ਨਹੀਂ। ਪਰ ਬਰਤਾਨੀਆ ਦੇ ਸੰਦਰਭ ਵਿੱਚ ਮੈਂ ਇਹ ਜਾਣਦਾ ਹਾਂ ਕਿ ਇਨ੍ਹਾਂ ਵਿਧਾਵਾਂ ਵਿੱਚ ਵੀ ਕੁਝ ਲੇਖਕਾਂ ਨੇ ਕਾਰਜ ਕੀਤਾ ਹੈ। ਨਾਟਕ ਦੇ ਖੇਤਰ ਵਿੱਚ ਗਿ. ਦਰਸ਼ਨ ਸਿੰਘ, ਲੱਖਾ ਸਿੰਘ ਜੌਹਰ ਅਤੇ ਤਰਸੇਮ ਨੀਲਗਿਰੀ ਨੇ ਰਚਨਾਵਾਂ ਸਿਰਜੀਆਂ ਹਨ। ਸਫ਼ਰਨਾਮਾ ਵਿਧਾ ਵਿੱਚ ਸਵਰਨ ਚੰਦਨ ਨੇ ਭਾਰਤ ਬਾਰੇ ਅਤੇ ਪ੍ਰੀਤਮ ਸਿੱਧੂ ਨੇ ਕੈਨੇਡਾ ਬਾਰੇ ਸਫ਼ਰਨਾਮਾ ਲਿਖਿਆ ਹੈ। ਗੁਰਚਰਨ ਸੱਗੂ ਨੇ ਵੀ ਪਾਕਿਸਤਾਨੀ ਸਫ਼ਰਨਾਮਾ ਲਿਖਿਆ ਸੀ ਪਰ ਪਤਾ ਨਹੀਂ ਇਹ ਛਪ ਗਿਆ ਸੀ ਕਿ ਨਹੀਂ। ਹਾਂ, ਇਹ ਕਹਿ ਸਕਦੇ ਹਾਂ ਕਿ ਕਵਿਤਾ ਕਹਾਣੀ ਦੇ ਮੁਕਬਲੇ ਨਾਟਕ ਤੇ ਸਫ਼ਰਨਾਮਾ ਘੱਟ ਲਿਖਿਆ ਗਿਆ।

ਪੰਜਾਬੀ ਸਭਿਆਚਾਰ ਅਤੇ ਬੋਲੀ ਦੇ ਵਾਰਸ

? ਕੈਂਬੋ ਸਾਹਿਬ, ਪੰਜਾਬੀ ਬੋਲੀ ਦਾ ਭਵਿੱਖ ਉਸ ਦੇ ਵਾਰਸਾਂ ਤੇ ਨਿਰਭਰ ਕਰਦਾ ਹੈ। ਕੀ ਇੰਗਲੈਂਡ ਦੀ ਪੀੜ੍ਹੀ ਪੰਜਾਬੀ ਭਾਸ਼ਾ ਨਾਲ ਜੁੜੀ ਹੋਈ ਹੈ? ਤੁਹਾਡੇ ਤਜਰਬੇ ਕੀ ਕਹਿੰਦੇ ਹਨ। ਕੀ ਪੰਜਾਬੀ ਨੂੰ ਦੂਜੀ ਬੋਲੀ ਦੇ ਅਧਾਰ ਤੇ ਸਕੂਲਾਂ ਵਿੱਚ ਪੜ੍ਹਾਉਣ ਦਾ ਉਪਰਾਲਾ ਠੀਕ ਚੱਲ ਰਿਹਾ ਹੈ ਜਾਂ ਮੇਨ ਸਟਰੀਮ ਕਲਚਰ ਨੇ ਆਪਣੇ ਵਿੱਚ ਸਮੋ ਲਿਆ ਹੈ? ਕੀ ਪੰਜਾਬੀ ਲੋਕ ਪੰਜਾਬੀ ਬੋਲੀ ਦੀ ਚਿੰਤਾ ਹੁਣ ਓਨੀ ਨਹੀਂ ਕਰਦੇ ਜਿੰਨੀ ਪਹਿਲਾਂ ਕਰਦੇ ਸੀ?

– ਜਿਵੇਂ ਮੈਂ ਪੰਜਾਬੀ ਦੀ ਸਥਿਤੀ ਬਾਰੇ ਪਹਿਲਾਂ ਵੀ ਜ਼ਿਕਰ ਕੀਤਾ ਹੈ। ਜਿੱਥੋਂ ਤੱਕ ਸਕੂਲਾਂ ਵਿੱਚ ਪੰਜਾਬੀ ਪੜ੍ਹਾਉਣ ਦਾ ਕਾਰਜ ਸੀ, ਉਹ ਅੱਸੀਵੇਂ ਦਹਾਕੇ ਸ਼ੁਰੂ ਹੋਇਆ ਸੀ ਤੇ ਲਗ ਭਗ ਸੰਨ 2000 ਤੱਕ ਹੀ ਚੱਲ ਸਕਿਆ। ਸ਼ਾਇਦ ਹੀ ਐਸ ਵੇਲੇ ਕਿਸੇ ਸਕੂਲ ਵਿੱਚ ਪੰਜਾਬੀ ਚੱਲ ਰਹੀ ਹੋਵੇ। ਭਾਵੇਂ ਸਰਕਾਰ ਨੇ ਏਸ਼ੀਅਨ ਭਾਸ਼ਾਵਾਂ ਦੀ ਸੁਵਿਧਾ ਦੇ ਰੱਖੀ ਸੀ। ਪ੍ਰੰਤੂ ਪ੍ਰਤੀਬੱਧਤਾ ਬਿਲਕੁਲ ਨਹੀਂ ਸੀ। ਇਹ ਪੰਜਾਬੀ ਟੀਚਰਾਂ ਦੇ ਆਸਰੇ ਤੇ ਹੀ ਅਧਾਰਤ ਸੀ। ਵਾਇਏਬਲ ਕਲਾਸਾਂ ਦਾ ਹੋਣਾ ਵੀ ਜ਼ਰੂਰੀ ਸੀ। ਸਰਕਾਰੀ ਪਾਲਿਸੀਆਂ, ਗਵਰਨਿੰਗ ਬਾਡੀਜ਼ ਦਾ ਬਣਨਾ ਤੇ ਸਮੇਂ ਸਮੇਂ ਹੁੰਦੀਆਂ ਤਬਦੀਲੀਆਂ ਨਾਲ ਅਸੀਂ ਪੰਜਾਬੀ ਤੁਰ ਨਹੀਂ ਸਕੇ। ਕਿਉਂਕਿ ਬਰਤਾਨਵੀ ਪਾਲਿਸੀਆਂ, ਇਸ ਦੇ ਸਕੂਲੀ ਸਿਸਟਮ ਤੇ ਦੂਜੀਆਂ ਭਾਸ਼ਾਵਾਂ ਦੀ ਮਹੱਤਤਾ ਦੇ ਮੁਕਾਬਲੇ ਵਿੱਚ ਇਸ ਦੇਸ਼ ਵਿੱਚ ਆਪਣੀ ਭਾਸ਼ਾ ਦੀ ਅਹਿਮੀਅਤ ਨੂੰ ਦਰਸਾਉਣ ਲਈ ਹਰ ਪੱਖ ਨੂੰ ਸਮਝਣਾ ਤੇ ਪੰਜਾਬੀਆਂ ਨੂੰ ਨਾਲ ਲੈ ਕੇ ਤੁਰਨਾ, ਸੇਧ ਦੇਣਾ ਅਤੇ ਗਿਆਨ ਨਾਲ ਲੈਸ ਹੋਈ ਟੀਮ ਪੈਦਾ ਕਰਨਾ ਸੀ ਅਤੇ ਸੰਘਰਸ਼ੀਲ ਬਿਰਤੀ ਅਪਨਾਉਣੀ ਸੀ ਜੋ ਅਸੀਂ ਪੈਦਾ ਨਹੀਂ ਕਰ ਸਕੇ। ਮਾਡਰਨ ਭਾਸ਼ਾਵਾਂ ਦਾ ਵਿਭਾਗ ਆਪਣਾ ਝੁਕਾਅ ਫਰੈਂਚ ਤੇ ਜਰਮਨ ਭਾਸ਼ਾਵਾਂ ਤੱਕ ਹੀ ਸੀਮਤ ਰੱਖਦਾ ਸੀ। ਇਸ ਸਭ ਕੁਝ ਦੇ ਬਾਵਜੂਦ ਅਜੇ ਵੀ ਪੰਜਾਬੀ ਦੀ ਪੜ੍ਹਾਈ ਗੁਰਦਵਾਰਾ ਸਾਹਿਬਾਨ ਵੱਲੋਂ ਹੋ ਰਹੀ ਹੈ। ਪਰਸਥਿਤੀਆਂ ਅਨੁਕੂਲ ਜੋ ਵੀ ਹੋ ਰਿਹਾ, ਠੀਕ ਹੀ ਹੈ। ਪਰ ਪੰਜਾਬੀ ਦਾ ਭਵਿੱਖ ਉੱਜਲਾ ਨਹੀਂ ਹੈ। ਪੰਜਾਬੀਆਂ ਨੇ ਇਸ ਪਾਸੇ ਪੂਰਨ ਧਿਆਨ ਨਹੀਂ ਦਿੱਤਾ, ਭਾਵੇਂ ਉਨ੍ਹਾਂ ਦੀਆਂ ਵੀ ਮਜਬੂਰੀਆਂ ਸਨ। ਨਵੀਂ ਪੀੜ੍ਹੀ ਦਾ ਝੁਕਾਅ ਤਾਂ ਨਹੀਂ ਹੈ। ਪ੍ਰੰਤੂ ਦੂਰ ਅੰਦੇਸ਼ੀ ਮਾਪੇ ਆਪਣੇ ਯਤਨਾਂ ਨਾਲ ਆਪਣੇ ਬੱਚਿਆਂ ਨੂੰ ਪੰਜਾਬੀ ਸਿਖਾ ਰਹੇ ਹਨ। ਪੰ੍ਰਤੂ ਆਮ ਘਰਾਂ ਵਿੱਚ ਇਹ ਚੇਤਨਾ ਨਹੀਂ ਹੈ। ਇਨ੍ਹਾਂ ਹਾਲਾਤਾਂ ਵਿੱਚ ਭਵਿੱਖ ਦਾ ਹਾਲ ਤਾਂ ਤੁਸੀਂ ਖ਼ੁਦ ਹੀ ਜਾਣ ਸਕਦੇ ਹੋ।

? ਪਿੱਛੇ ਜਿਹੀ ਖ਼ਬਰ ਆਈ ਸੀ ਕਿ ਬਰਤਾਨੀਆ ਵਿੱਚ ਪੰਜਾਬੀ ਭਾਸ਼ਾ ਨੂੰ ਸਕੂਲਾਂ ਵਿੱਚ ਪੜ੍ਹਾਉਣਾ ਬੰਦ ਹੋ ਜਾਵੇਗਾ ਪਰ ਪੰਜਾਬੀ ਲੋਕਾਂ ਦੇ ਵਿਰੋਧ ਕਾਰਨ ਪਤਾ ਲੱਗਾ ਕਿ ਪੰਜਾਬੀ ਭਾਸ਼ਾ ਬੰਦ ਨਹੀਂ ਹੋਵੇਗੀ?

– ਜਿਸ ਗੱਲ ਦਾ ਜ਼ਿਕਰ ਤੁਸੀਂ ਕੀਤਾ ਹੈ, ਉਹ ਏ ਲੈਵਲ ਦੇ ਇਮਤਿਹਾਨਾਂ ਬਾਰੇ ਚਰਚਾ ਸੁਣਿਆ ਸੀ, ਪ੍ਰੰਤੂ ਕਮਿਊਨਿਟੀ ਦੇ ਜ਼ੋਰ ਦੇਣ ਤੇ ਇਹ ਮਸਲਾ ਟਲ਼ ਗਿਆ ਹੈ। ਪਰ ਸਵਾਲ ਤਾਂ ਇਹ ਹੈ ਕਿ ਜੇ ਨਵੀਂ ਪਨੀਰੀ ਪੰਜਾਬੀ ਭਾਸ਼ਾ ਪ੍ਰਤੀ ਪੂਰਨ ਰੂਪ ਵਿੱਚ ਸਿਖਿਅਤ ਨਹੀਂ ਹੁੰਦੀ ਤਾਂ ਇਨ੍ਹਾਂ ਪ੍ਰੀਖਿਆਵਾਂ ਦੇ ਨਿਗਰਾਨ ਕਿਵੇਂ ਬਣਨਗੇ।

? ਪ੍ਰੀਤਮ ਜੀ, ਸਮਾਜਿਕ ਤੇ ਸਭਿਅਚਾਰਕ ਕਦਰਾਂ ਕੀਮਤਾਂ ਦੀ ਗੱਲ ਕਰੀਏ ਤਾਂ ਇਹ ਗੱਲ ਸੁਣਨ ਵਿੱਚ ਆਈ ਹੈ ਕਿ ਬਰਤਾਨੀਆਂ ਵਿੱਚ, ਨਵੀਂ ਪੀੜ੍ਹੀ ਦੇ ਬੱਚਿਆਂ ਖ਼ਾਸ ਕਰਕੇ ਲੜਕੀਆਂ ਦੇ ਵਿਆਹਾਂ ਦੀ ਸਮੱਸਿਆ ਬਾਰੇ ਕਾਫ਼ੀ ਚਰਚਾ ਚੱਲੀ ਸੀ। ਕੀ ਇਹ ਪੀੜ੍ਹੀ ਪਾੜੇ ਦੀ ਪ੍ਰਾਬਲਮ ਹੈ? ਨਵੀਂ ਪੀੜ੍ਹੀ ਦੇ ਬਹੁਤ ਸਾਰੇ ਬੱਚੇ ਵਿਆਹ ਹੀ ਨਹੀਂ ਕਰਾ ਰਹੇ। ਕੀ ਪੱਛਮੀ ਹਵਾ ਦਾ ਅਸਰ ਹੈ ਜਾਂ ਹੋਰ ਕੋਈ ਕਾਰਨ ਸਮਝਦੇ ਹੋ?

– ਪੱਛਮੀ ਪ੍ਰਭਾਵ ਵਾਲੀ ਗੱਲ ਤਾਂ ਸਹੀ ਹੈ। ਜਿਸ ਮੁਲਕ ਵਿੱਚ ਅਸੀਂ ਰਹਿ ਰਹੇ ਹਾਂ, ਜਿਸ ਦਾ ਕਲਚਰ ਹਾਵੀ ਕਲਚਰ ਹੈ। ਇੱਥੇ ਵਿਅਕਤੀਵਾਦ ਪ੍ਰਧਾਨ ਹੈ। ਬੱਚਿਆਂ ਨੇ ਇਸ ਕਲਚਰ ਦੇ ਝੁਕਾਵਾਂ ਨੂੰ ਤਾਂ ਪਕੜਨਾ ਹੀ ਹੈ। ਜਿਹੜੀ ਇੱਥੋਂ ਦੀ ਤਰਜ਼ੇ-ਜ਼ਿੰਦਗੀ ਹੈ, ਉਸ ਤੋਂ ਅਸੀਂ ਕਿਵੇਂ ਬੱਚ ਸਕਦੇ ਹਾਂ। ਲੜਕੇ ਲੜਕੀਆਂ ਦਾ ਮਸਲਾ ਇਹ ਹੈ ਕਿ ਪਹਿਲੀ ਪੀੜ੍ਹੀ ਦੇ ਬੱਚੇ ਮਾਪਿਆਂ ਦੇ ਅਸਰ ਹੇਠ ਭਾਰਤ ਤੋਂ ਲੜਕਾ/ਲੜਕੀ ਮੰਗਵਾਣ ਲਈ ਸਹਿਮਤ ਹੋ ਜਾਂਦੇ ਸਨ। ਪਰ ਬਹੁਤੇ ਕੇਸਾਂ ਵਿੱਚ ਇਹ ਰਵਾਇਤ ਕਾਮਯਾਬ ਨਹੀਂ ਹੋ ਸਕੀ, ਕਿਉਂਕਿ ਇੰਡੀਆ ਤੋਂ ਆਏ ਬੱਚੇ ਇੱਥੇ ਦੇ ਮਾਹੌਲ ਅਨੁਸਾਰ ਸੈੱਟਲ ਨਹੀਂ ਹੁੰਦੇ। ਇੱਥੇ ਦੇ ਕਲਚਰ ਤੇ ਭਾਰਤੀ ਕਦਰਾਂ ਕੀਮਤਾਂ ਦਾ ਭੇੜ ਵੀ ਸੀ। ਹੁਣ ਬੱਚੇ ਮਾਪਿਆਂ ਤੋਂ ਆਜ਼ਾਦ ਹੋ ਕੇ ਆਪਣੇ ਸਾਥੀ ਨੂੰ ਚੁਣ ਲੈਂਦੇ ਹਨ ਤੇ ਮਾਪਿਆਂ ਕੋਲੋਂ ਬਾਅਦ ਵਿੱਚ ਪ੍ਰਵਾਨਗੀ ਪਾ ਲੈਂਦੇ ਹਨ। ਬਾਹਰ ਆਲ ਇਸ ਪੱਧਤੀ ਨਾਲ ਕੁਝ ਕੇਸ ਸਫ਼ਲ ਹੋ ਜਾਂਦੇ ਹਨ ਤੇ ਕਈ ਘਰੇਲੂ ਸਮੱਸਿਆਵਾਂ ਨਾਲ ਘਿਰ ਜਾਂਦੇ ਹਨ ਕਿਉਂਕਿ ਬੱਚਿਆਂ ਦੀ ਚੋਣ ਮਾਪਿਆਂ ਦੀ ਰਾਏ ਨਾਲ ਨਹੀਂ ਹੁੰਦੀ। ਇਸ ਪ੍ਰਕਿਰਿਆ ਨਾਲ ਸੰਯੁਕਤ ਪਰਿਵਾਰਕ ਸਿਸਟਮ ਨੂੰ ਵੀ ਸੱਟ ਲੱਗ ਰਹੀ ਹੈ ਤੇ ਪੰਜਾਬੀ ਸਭਿਆਚਾਰ ਨੂੰ ਵੀ।

ਪਰਵਾਸੀ ਪੰਜਾਬੀਆਂ ਦੀਆਂ ਮੁਸ਼ਕਲਾਂ

? ਪੰਜਾਬੀਆਂ ਦੀਆਂ ਹੋਰ ਸਮੱਸਿਆਵਾਂ ਵੀ ਹੋਣਗੀਆਂ, ਪਰ ਪੀੜ੍ਹੀ ਪਾੜੇ ਦੀ ਸਮੱਸਿਆ ਤੁਸੀਂ ਕਿੰਨੀ ਕੁ ਸਮਝਦੇ ਹੋ। ਕਿਉਂ ਕਿ ਪਹਿਲੀ ਪੀੜ੍ਹੀ ਦੀ ਸੋਚ ਤੇ ਦੂਜੀ ਪੀੜ੍ਹੀ ਦੀਆਂ ਸੋਚਾਂ ਵਿੱਚ ਕਾਫ਼ੀ ਅੰਤਰ ਹੋਵੇਗਾ। ਪੰਜਾਬੀ ਕਮਿਊਨਿਟੀ ਦਾ ਇੰਗਲੈˆਡ ਵਿੱਚ ਭਵਿੱਖ ਕਿਹੋ ਜਿਹਾ ਲੱਗਦਾ?

– ਢਾਅ ਜੀ, ਪੰਜਾਬੀ ਕਮਿਊਨਿਟੀ ਦੀਆਂ ਅਨੇਕਾਂ ਹੀ ਸਮੱਸਿਆਵਾਂ ਹਨ। ਨਵੇਂ ਮੁਲਕ ਵਿੱਚ ਵਸਣ ਲਈ ਬੇਅੰਤ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪੰਜਾਬੀ ਕਲਚਰ ਤੇ ਪੀੜ੍ਹੀ-ਪਾੜੇ ਦੀ ਸਮੱਸਿਆ ਨਿਰਸੰਦੇਹ ਗੰਭੀਰ ਹੈ। ਪਹਿਲੀ ਪੀੜ੍ਹੀ ਦੇ ਆਪਣੇ ਮਸਲੇ ਸਨ। ਉਨ੍ਹਾਂ ਨੂੰ ਨਵੇਂ ਮੁਲਕ ਵਿੱਚ ਸੈੱਟਲ ਹੋਣ ਲਈ ਬੇਅੰਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਮਾਪੇ ਆਪਣੇ ਬੱਚਿਆਂ ਦੀ ਪੈਰਵਾਈ ਕਰਨ ਤੋਂ ਅਸਮਰੱਥ ਰਹੇ। ਨਵੀਨ ਪੀੜ੍ਹੀ ਆਪਣੇ ਮਾਪਿਆਂ ਤੋਂ ਦੂਰ ਹੁੰਦੀ ਚਲੇ ਗਈ। ਦੂਜੇ ਮੁਲਕ ਵਿੱਚ ਆ ਕੇ ਮਾਪਿਆਂ ਨੂੰ ਆਪਣੀ ਸਭਿਆਚਾਰਕ ਹੋਂਦ ਰੱਖਣੀ ਤੇ ਬੱਚਿਆਂ ਨੂੰ ਆਪਣੇ ਸਮਾਜਿਕ ਵਾਤਾਵਰਣ ਤੇ ਸਭਿਆਚਾਰ ਦੇ ਅਨੁਸਾਰ ਤੋਰੀ ਰੱਖਣਾ ਬਹੁਤ ਔਖਾ ਮਸਲਾ ਹੈ। ਇਹ ਠੀਕ ਹੈ ਬਹੁਤ ਸਾਰੀਆਂ ਗੱਲਾਂ ਨਵੇਂ ਦੇਸ਼ ਅਨੁਸਾਰ ਢਾਲਣੀਆਂ ਉੱਚਿਤ ਹਨ ਤੇ ਜਿਹੜੀਆਂ ਢਾਹੂ ਤੇ ਮਾਰੂ ਕੀਮਤਾਂ ਹਨ, ਉਨ੍ਹਾਂ ਤੋਂ ਬਚਣ ਦੀ ਵੀ ਲੋੜ ਹੈ। ਬੱਚਿਆਂ ਨੂੰ ਆਪਣੇ ਕਲਚਰ ਵਿੱਚ ਢਾਲੀ ਰੱਖਣਾ ਇੱਕ ਗੰਭੀਰ ਸਮੱਸਿਆ ਹੈ। ਇਸ ਸੰਦਰਭ ਵਿੱਚ ਸਾਡੀ ਕਮਿਊਨਿਟੀ ਨੂੰ ਆਪਣੇ ਬੱਚਿਆਂ ਨੂੰ ਪਿਛੋਕੜ ਨਾਲ ਜੋੜੀ ਰੱਖਣ ਲਈ ਨਿਰੰਤਰ ਗਿਆਨ ਤੇ ਲੋੜੀਂਦੀ ਸੇਧ ਦੇਣ ਹਿਤ ਸਖ਼ਤ ਮਿਹਨਤ ਦੀ ਲੋੜ ਹੈ। ਸਾਨੂੰ ਆਪਣੇ ਝੁਕਾਵਾਂ ਨੂੰ ਵੀ ਬਦਲਣ ਦੀ ਲੋੜ ਹੈ। ਐਸ ਵੇਲੇ ਸਾਡੀ ਮੁੱਖ ਬਿਰਤੀ ਆਰਥਿਕਤਾ ਹੈ। ਸਮੇਂ ਤੇ ਪਰਸਥਿਤੀਆਂ ਅਨਸਾਰ ਇਸ ਦਾ ਝੁਕਆ ਬੱਚਿਆਂ ਵੱਲ ਮੋੜਨ ਦੀ ਅਤਿ ਆਵੱਸ਼ਕਤਾ ਹੈ। ਬੱਚਿਆਂ ਦੀਆਂ ਸਮੱਸਿਆਵਾਂ ਨਾਲ ਵੀ ਇਕਸੁਰਤਾ ਬਣਾਈ ਰੱਖਣ ਦੀ ਲੋੜ ਹੈ। ਉਨ੍ਹਾਂ ਦੀਆਂ ਔਕੜਾਂ ਨੂੰ ਨਜਿੱਠਣ ਲਈ ਕਮਿਊਨਿਟੀ ਲੈਵਲ ਤੇ ਬਾਕਾਇਦਾ ਸੈੱਲ ਕਾਇਮ ਕਰਨ ਦੀ ਜ਼ਰੂਰਤ ਹੈ। ਪ੍ਰੰਤੂ ਯਾਦ ਰਹੇ ਕਿ ਸਾਨੂੰ ਇੱਥੇ ਦੇ ਮੁਲਕ ਨੂੰ ਵੀ ਆਪਣਾ ਸਮਝਣਾ ਚਾਹੀਦਾ ਹੈ। ਇੱਥੇ ਦੀਆਂ ਨਿੱਗਰ ਤੇ ਉਸਾਰੂ ਕੀਮਤਾਂ ਨੂੰ ਅਪਨਾਉਣਾ ਚਾਹੀਦਾ ਹੈ। ਭਾਵੇਂ ਆਰਥਿਕ ਪੱਖ ਤੋਂ ਸਾਡਾ ਭਵਿੱਖ ਠੀਕ ਹੈ, ਪੰ੍ਰਤੂ ਕਲਚਰਲ ਤੇ ਬੱਚਿਆਂ ਦੇ ਮਸਲਿਆਂ ਦੇ ਪੱਖ ਤੋਂ ਸਾਨੂੰ ਸੁਚੇਤ ਹੋਣ ਦੀ ਲੋੜ ਹੈ। ਸਮਕਾਲੀ ਪਰਸਥਿਤੀਆਂ ਤੇ ਹੋਰ ਸਮੇਂ ਸਮੇਂ ਆ ਰਹੇ ਮਸਲਿਆਂ ਨੂੰ ਵੀ ਨਾਲੋ ਨਾਲ ਨਜਿੱਠਣਾ ਹੈ।

ਨਵੀਂ ਪੀੜ੍ਹੀ ਵੱਲੋਂ ਜਾਤ ਪਾਤ ਦਾ ਰੰਗ ਫਿੱਕਾ ਕੀਤਾ

? ਪੰਜਾਬੀਆਂ ਨੇ ਜਿੱਥੇ ਹੋਰ ਤਰੱਕੀ ਕੀਤੀ ਹੈ, ਉੱਥੇ ਸਿੱਖਾਂ ਨੇ ਜਾਤ ਪਾਤ ਦੇ ਅਧਾਰ ਤੇ ਆਪੋ ਆਪਣੇ ਗੁਰੂ ਘਰ ਉਸਾਰਨ ਦੇ ਕੰਮ ‘ਤੇ ਵੀ ਬਹੁਤ ਜੋਰ ਲਾਇਆ ਹੈ। ਕੀ ਨਵੀਂ ਪੀੜ੍ਹੀ ਵੀ ਜਾਤ ਪਾਤ ਵਿੱਚ ਪਹਿਲੀ ਪੀੜ੍ਹੀ ਜਿੰਨੀ ਹੀ ਕੱਟੜ ਹੈ ਜਾਂ ਇਸ ਨੂੰ ਨਿਕਾਰ ਰਹੀ ਹੈ? ਬਰਤਾਨੀਆ ਵਿੱਚ ਸਾਡੀ ਨਵੀਂ ਪੀੜ੍ਹੀ ਦੀ ਸੋਚ ਵਿੱਚ ਤੁਹਾਨੂੰ ਕੋਈ ਤਬਦੀਲੀ ਆਈ ਲੱਗਦੀ ਹੈ?

– ਇਹ ਠੀਕ ਹੈ ਕਿ ਸਾਡੇ ਵਿੱਚ ਜਾਤ ਪਾਤ ਦੀ ਅਹਿਮੀਅਤ ਏਥੇ ਆ ਕੇ ਵੀ ਘੱਟੀ ਨਹੀਂ। ਕੁਝ ਜਾਤਾਂ ਤੇ ਅਧਾਰਤ ਗੁਰਦਵਾਰੇ ਉਸਾਰੇ ਗਏ ਹਨ ਜੋ ਠੀਕ ਕਦਮ ਨਹੀਂ। ਪ੍ਰੰਤੂ ਇਸ ਦੀਆਂ ਜੜ੍ਹਾਂ ਸਾਡੀਆਂ ਸੰਸਕਾਰਕ ਸੋਚਾਂ ਤੇ ਅਧਾਰਤ ਹਨ ਜੋ ਅਸੀਂ ਸਦੀਆਂ ਤੋਂ ਲੈ ਕੇ ਤੁਰੇ ਆ ਰਹੇ ਹਾਂ। ਚਾਹੀਦਾ ਤਾਂ ਸੀ ਕਿ ਨਵੇਂ ਮੁਲਕ ਵਿੱਚ ਆ ਕੇ ਅਸੀਂ ਆਪਣਾ ਰਸਤਾ ਬਦਲ ਲੈਂਦੇ, ਪਰ ਅਸੀਂ ਬਦਲਾਅ ਲਿਆਉਣ ਵਿੱਚ ਅਸਮਰੱਥ ਰਹੇ ਹਾਂ। ਬੱਚੇ ਤਦੇ ਹੀ ਜਾਤਾਂ ਪਾਤਾਂ ਦੇ ਸਿਸਟਮ ਨੂੰ ਨਾਕਾਰ ਰਹੇ ਹਨ। ਸਗੋਂ ਇਸੇ ਕਾਰਣ ਕਰਕੇ ਸਾਡੇ ਬੱਚੇ ਆਪਣੇ ਸਮਾਜਿਕ ਘੇਰੇ ਤੋਂ ਬਾਹਰ ਵੀ ਨਿਕਲ ਰਹੇ ਹਨ। ਨਵੀਂ ਪੀੜ੍ਹੀ ਨਿਰਸੰਦੇਹ ਆਪਣਾ ਨਵਾਂ ਰਸਤਾ ਬਣਾ ਰਹੀ ਹੈ। ਪ੍ਰੰਤੂ ਇਹ ਵੀ ਸੱਚ ਹੈ ਕਿ ਬੱਚੇ ਵੀ ਆਪਣੀਆਂ ਧਾਰਮਿਕ ਕਦਰਾਂ ਕੀਮਤਾਂ ਤੋਂ ਅਗਾਹ ਨਹੀਂ ਹੋ ਰਹੇ। ਉਹ ਚੰਗੀਆਂ ਤੇ ਮਾੜੀਆਂ ਕਦਰਾਂ ਕੀਮਤਾਂ ਦਾ ਨਿਖੇੜਾ ਨਹੀਂ ਕਰ ਰਹੇ। ਬਹੁਤੇ ਬੱਚੇ ਮਾਪਿਆਂ ਨੂੰ ਵਿਸ਼ਵਾਸ ‘ਚ ਨਾ ਲੈਣ ਕਰਕੇ ਤੇ ਕਈ ਹਾਲਾਤ ‘ਚ ਉਨ੍ਹਾਂ ਦੀਆਂ ਨਸੀਹਤਾਂ ਨੂੰ ਰੱਦ ਕਰਕੇ ਔਕੜਾਂ ‘ਚ ਫਸ ਜਾਂਦੇ ਹਨ ਤੇ ਮਾਪੇ ਵੀ ਦੁੱਖ ਭੋਗਦੇ ਹਨ। ਬੱਚਿਆਂ ਤੇ ਮਾਪਿਆਂ ਦੇ ਪ੍ਰਸਪਰ ਸਹਿਯੋਗ ਨਾਲ ਹੀ ਸਹੀ ਦਿਸ਼ਾ ਨਿਰਧਾਰਤ ਕੀਤੀ ਜਾ ਸਕਦੀ ਹੈ। ਹਠੀ ਵਤੀਰਾ ਕਿਸੇ ਵੀ ਧਿਰ ਲਈ ਸਾਜ਼ਗਾਰ ਨਹੀਂ। ਇਹ ਵੀ ਜ਼ਿਕਰਯੋਗ ਹੈ ਕਿ ਜਿਹੜੀ ਤਬਦੀਲੀ ਅਸੀਂ ਦੇਖਦੇ ਹਾਂ, ਉਹ ਕਿਸੇ ਚੇਤਨਾ ਲਹਿਰ ਦਾ ਹਿੱਸਾ ਨਹੀਂ। ਇਹ ਤਾਂ ਬੱਚਿਆਂ ਦੇ ਇਮੋਸ਼ਨਲ (ਭਾਵਿਕ) ਪਿਆਰ ਸੰਬੰਧਾਂ ‘ਚੋਂ ਇਹ ਰਿਸ਼ਤੇ ਬਣਦੇ ਹਨ, ਨਾ ਕਿ ਉਨ੍ਹਾਂ ਦੀ ਡੂੰਘੀ ਸੋਚ ਤੋਂ।

? ਪਹਿਲੀ ਪੀੜ੍ਹੀ ਵਿੱਚ ਕੁਝ ਅਨਪੜ੍ਹ ਲੋਕਾਂ ਦੇ ਨਾਲ ਭਾਵੇਂ ਬਹੁਤੇ ਲੋਕ ਪੜ੍ਹੇ ਲਿਖੇ ਵੀ ਆਏ ਸਨ, ਪਰ ਉਨ੍ਹਾਂ ਨੂੰ ਨਸਲੀ ਪੱਖਪਾਤ ਦਾ ਬਹੁਤ ਡੂੰਘਾ ਕੰਡਾ ਸਾਰੀ ਉਮਰ ਹੀ ਚੁੱਭਦਾ ਰਿਹਾ। ਅੱਜ ਨਵੀਂ ਪੀੜ੍ਹੀ ਜਿਹੜੀ ਏਥੇ ਜੰਮੀ ਪਲੀ, ਚੰਗੀ ਐਜੂਕੇਸ਼ਨ ਲੈ ਕੇ ਵਧੀਆ ਨੌਕਰੀਆਂ ਤੇ ਵੀ ਲੱਗੀ ਹੋਈ ਹੈ। ਤੁਹਾਡਾ ਕੀ iਖ਼ਆਲ ਹੈ ਗੋਰਿਆਂ ਦਾ ਏਸ਼ੀਆਈ ਜਾਂ ਕਾਲੇ ਲੋਕਾਂ ਨਾਲ ਵਤੀਰਾ ਬਦਲਿਆ ਹੈ, ਜਾਂ ਫੇਰ ਅੰਦਰੂਨੀ ਵਿਤਕਰਾ ਅਜੇ ਵੀ ਦੇਖਿਆ ਜਾ ਸਕਦਾ?

-ਪਹਿਲੀ ਪੀੜ੍ਹੀ ਦੇ ਲੋਕਾਂ ਸਾਹਮਣੇ ਆਰਥਿਕਤਾ ਦਾ ਮਸਲਾ ਸੀ। ਅੰਗਰੇਜ਼ੀ ਭਾਸ਼ਾ ਦੀ ਅੜਚਣ ਵੀ ਸੀ। ਜਿਸ ਕਰਕੇ ਤਾਲ ਮੇਲ ਦੀ ਘਾਟ ਕਰਕੇ ਮਾਨਸਿਕ ਉਲਝਣਾਂ ਵੀ ਸਨ। ਆਪਣੀ ਹੋਂਦ ਨੂੰ ਸੁਰੱਖਿਅਤ ਰੱਖ ਕੇ ਬੱਚਿਆਂ ਨੂੰ ਮਿਆਰੀ ਵਿੱਦਿਆ ਦੇਣ ਦੀ ਜ਼ਿੰਮੇਵਾਰੀ ਵੀ ਸੀ। ਇਸ ਲਈ ਇਹ ਪੀੜ੍ਹੀ ਨਸਲੀ ਜ਼ਹਿਰਾਂ ਨੂੰ ਜਰਦੀ ਹੋਈ ਵੀ ਨਿਰੰਤਰ ਸੰਘਰਸ਼ਸ਼ੀਲ ਰਹੀ। ਨਵੀਂ ਪੀੜ੍ਹੀ ਦਾ ਮਨੋਬਲ ਵਧਿਆ ਹੈ। ਭਾਵੇਂ ਉਨ੍ਹਾਂ ਨੂੰ ਮੁਸ਼ਕਲਾਂ ਤਾਂ ਅਜੇ ਵੀ ਹੈਨ, ਪੰ੍ਰਤੂ ਪਹਿਲੀ ਪੀੜ੍ਹੀ ਨਾਲੋਂ ਢੇਰ ਫ਼ਰਕ ਹੈ। ਨਸਲੀ ਵਿਤਕਰਾ ਵੀ ਅੱਗੇ ਨਾਲੋਂ ਕਾਫ਼ੀ ਘਟਿਆ ਹੈ।

? ਫੇਰ ਕੈਬੋ ਜੀ, ਪਹਿਲੀ ਪੀੜ੍ਹੀ ਵਿੱਚ ਬੇਗਾਨਗੀ ਦਾ ਅਹਿਸਾਸ ਅੱਜ ਕਿਸ ਤਰ੍ਹਾਂ ਲੱਗਦਾ ਹੈ। ਨਵੀਂ ਪੀੜ੍ਹੀ ਲਈ ਤਾਂ ਉਨ੍ਹਾਂ ਦਾ ਦੇਸ਼ ਇੰਗਲੈਂਡ ਹੀ ਹੈ। ਉਹ ਤਾਂ ਇੱਥੇ ਹੀ ਖੁਸ਼ ਹੋਣਗੇ ਅਤੇ ਸੈੱਟਲ ਹੋ ਹੀ ਰਹੇ ਹੋਣਗੇ? ਪਰ ਪਹਿਲੀ ਪੀੜ੍ਹੀ ਤਾਂ ਇਕੱਲਤਾ ਸੰਤਾਪ ਭੋਗ ਰਹੀ ਹੋਵੇਗੀ?

– ਪਹਿਲੀ ਪੀੜ੍ਹੀ ਵਾਲੇ ਪਰਵਾਸੀਆਂ ਲਈ ਆਪਣੇ ਮੁਲਕ ਨਾਲ ਲਗਾਉ ਤਾਂ ਆਪਣੀ ਜ਼ਿੰਦਗੀ ਤੱਕ ਕਾਇਮ ਰਹੇਗਾ। ਪਰ ਸਮੇਂ ਦੀਆਂ ਪਰਸਥਿਤੀਆਂ ਦਾ ਵੀ ਬੜਾ ਵੱਡਾ ਹੱਥ ਹੁੰਦਾ ਹੈ। ਲੰਮਾ ਅਰਸਾ ਰਹਿਣ ਕਰਕੇ, ਇੱਥੇ ਮਿਲ਼ ਰਹੀਆਂ ਸੁਵਿਧਾਵਾਂ ਕਰਕੇ ਤੇ ਕੁਝ ਸਮੇਂ ਅਨੁਕੂਲ ਮੇਜ਼ਬਾਨੀ ਮੁਲਕ ਦੀ ਧਰਤੀ ਨਾਲ ਲਗਾਉ ਵੀ ਹੋ ਜਾਂਦਾ ਹੈ। ਪ੍ਰੰਤੂ ਸਭ ਤੋਂ ਵੱਡੀ ਗੱਲ ਜਿਹੜੀ ਹੈ, ਉਹ ਹੈ ਭਾਰਤ ਵਿੱਚ ਹਾਲਾਤ ਉਸ ਕਦਰ ਸੁਧਰ ਨਹੀਂ ਸਕੇ ਜਿਸ ਕਦਰ ਉਨ੍ਹਾਂ ਨੂੰ ਆਸ ਸੀ। ਜਿੱਥੇ ਉਨ੍ਹਾਂ ਦਾ ਆਪਣੇ ਵਤਨ ਜਾ ਕੇ ਉੱਥੇ ਦੀ ਮਿੱਟੀ ਨਾਲ ਮੋਹ ਪਾਲਣ ਦੇ ਆਸ਼ੇ ਨਾਲ ਸੈੱਟਲ ਹੋਣ ਦਾ ਇਰਾਦਾ ਸੀ, ਉਹ ਹੁਣ ਲਗ ਭਗ ਖ਼ਤਮ ਹੋ ਗਿਆ ਹੈ। ਨਵੀਂ ਪੀੜ੍ਹੀ ਦਾ ਤਾਂ ਇਹੀ ਮੁਲਕ ਹੈ। ਉਨ੍ਹਾਂ ਦਾ ਭਵਿੱਖ ਵੀ ਇਸ ਮੁਲਕ ਤੇ ਨਿਰਭਰ ਕਰਦਾ ਹੈ। ਆਪਣੇ ਮਾਪਿਆਂ ਦੇ ਮੁਲਕ ਕੋਲੋਂ ਨਿਰਾਸ਼ਾ ਪੱਲੇ ਪੈਣ ਕਰਕੇ ਉਹ ਤਾਂ ਹਾਲੀਡੇ ਵੀ ਯੂਰਪੀਨ ਮੁਲਕਾਂ ਵਿੱਚ ਮਨਾਉਣ ਲਈ ਤਰਜੀਹ ਦੇ ਰਹੇ ਹਨ। ਦੂਜੀ ਪੀੜ੍ਹੀ ਤੋਂ ਬਾਅਦ ਤੀਜੀ ਪੀੜ੍ਹੀ ਦੇ ਬੱਚੇ ਹੋਰ ਵੀ ਆਪਣੇ ਮਾਪਿਆਂ ਤੋਂ ਵੱਖਰਾ ਰਾਸਤਾ ਅਪਣਾ ਰਹੇ ਹਨ।

? ਬਹੁਤ ਸਾਰੇ ਪੰਜਾਬੀ ਲੋਕ ਮਹਿਸੂਸ ਕਰਦੇ ਹਨ ਕਿ ਅਸੀਂ ਚੰਗੇ ਭਵਿੱਖ ਦੀ ਭਾਲ ਵਿੱਚ ਘਰੋਂ ਨਿਕਲੇ ਸੀ, ਪਰ ਇੱਥੇ ਆ ਕੇ ਸਾਡੀ ਨਵੀਂ ਪੀੜ੍ਹੀ ਪੱਛਮੀ ਰੰਗ ਵਿੱਚ ਰੰਗੀ ਗਈ। ਪੂਰਬੀ ਕਦਰਾਂ ਕੀਮਤਾਂ ਉਨ੍ਹਾਂ ਨੂੰ ਪਛੜੇਪਨ ਦੀ ਨਿਸ਼ਾਨੀ ਲੱਗਦੀ ਹੈ। ਉਹ ਮਾਪਿਆਂ ਤੋਂ ਦੂਰੀ ਬਣਾ ਰਹੇ ਹਨ। ਪਹਿਲੀ ਪੀੜ੍ਹੀ ਦੇ ਪੰਜਾਬੀ ਆਪਣੇ ਘਰ ਅਤੇ ਆਪਣੀਆਂ ਜ਼ਮੀਨਾਂ ਸਾਂਭਣ ਲਈ ਨਹੀਂ ਜਾ ਸਕਦੇ। ਦੋਚਿਤੀ ਦਾ ਸੰਤਾਪ ਭੋਗ ਰਹੇ ਲੋਕਾਂ ਬਾਰੇ ਕੀ ਕਹਿਣਾ ਚਾਹੋਗੇ?

-ਸਤਨਾਮ ਜੀ, ਹਾਲਾਤ ਹੀ ਐਸ ਤਰ੍ਹਾਂ ਦੇ ਬਣ ਗਏ ਹਨ। ਬੱਚੇ ਦੂਰ ਚਲੇ ਗਏ ਹਨ। ਆਪਣੇ ਕਲਚਰ ਪ੍ਰਤੀ ਪਹਿਰਾ ਦੇਣ ਵਾਲੇ ਮਾਪਿਆਂ ਨੂੰ ਛੱਡ ਕੇ ਦੂਜੇ ਬੱਚਿਆਂ ਲਈ ਪੂਰਬੀ ਕਦਰਾਂ ਕੀਮਤਾਂ ਦਾ ਬਹੁਤਾ ਅਰਥ ਨਹੀਂ ਰਹਿ ਗਿਆ। ਪਿੱਛੇ ਦੇ ਹਾਲਾਤ ਸਾਜ਼ਗਾਰ ਨਹੀਂ ਰਹੇ। ਰਹਿੰਦੀ ਕਸਰ ਆਪਣਿਆਂ ਨੇ ਪੂਰੀ ਕਰ ਦਿੱਤੀ ਹੈ। ਬਹੁਤਿਆਂ ਨੇ ਸਾਨੂੰ ਪ੍ਰਦੇਸੀ ਜਾਣਦਿਆਂ ਜਾਇਦਾਦਾਂ ਨੂੰ ਆਪਣਾ ਹੀ ਸਮਝ ਲਿਆ ਹੈ। ਬੇਅੰਤ ਲੋਕ ਆਪਣੀਆਂ ਜਾਇਦਾਦਾਂ ਖਾਤਰ ਝਗੜਿਆਂ ‘ਚ ਪਏ ਹੋਏ ਸਮਾਂ ਵੀ ਬਰਬਾਦ ਕਰ ਰਹੇ ਹਨ ਤੇ ਪੈਸਾ ਵੀ ਗੁਆ ਰਹੇ ਹਨ। ਨਵੀਂ ਪੀੜ੍ਹੀ ਇਹੋ ਜਿਹੀਆਂ ਮੁਸੀਬਤਾਂ ਨੂੰ ਮੁੱਲ ਨਹੀਂ ਲੈਣਾ ਚਾਹੁੰਦੀ।

? ਡਾ. ਕੈਬੋ ਜੀ, ਵਿਸ਼ਵੀਕਰਨ ਦੇ ਪ੍ਰਭਾਵ ਨਾਲ ਦੁਨੀਆਂ ਇੱਕ ਗਲੋਬਲ ਵਿਲੇਜ ਬਣ ਗਈ ਹੈ। ਕੀ ਤੁਹਾਨੂੰ ਲੱਗਦਾ ਇਸ ਨੇ ਪੰਜਾਬੀ ਸਮਾਜ ਨੂੰ ਵੀ ਆਪਣੇ ਰੰਗ ਵਿੱਚ ਰੰਗ ਛੱਡਿਆ ਹੈ? ਵਿਸ਼ਵੀਕਰਨ ਦਾ ਪੰਜਾਬੀ ਸਾਹਿਤ ਉੱਤੇ ਤੁਸੀਂ ਕੀ ਅਸਰ ਦੇਖ ਰਹੇ ਹੋ?

– ਵਿਸ਼ਵੀਕਰਨ ਦਾ ਨਾਂ ਤਾਂ ਬੜਾ ਲੁਭਾਏਮਾਨ ਹੈ, ਪ੍ਰੰਤੂ ਇਹ ਪ੍ਰਮੱਖ ਸਰਮਾਏਦਾਰ ਦੇਸ਼ਾਂ ਵੱਲੋਂ ਵਿਸ਼ਵ ਮੰਡੀ ਉੱਪਰ ਗਲਬਾ ਜਮਾਉਣ ਦਾ ਕਾਰਜ ਕਰਦਾ ਹੈ। ਕਿਹਾ ਜਾਂਦਾ ਹੈ ਕਿ ਕਿ ਸਾਰੇ ਵਿਸ਼ਵ ਵਿੱਚ ਨੇੜਤਾ ਪੈਦਾ ਕਰਨੀ ਹੈ ਤੇ ਨਵੀਆਂ ਸੰਭਾਵਨਾਵਾਂ ਪੈਦਾ ਕਰਨੀਆਂ ਹਨ। ਨਿਰਸੰਦੇਹ ਨੇੜਤਾ ਵਧਣ ਕਰਕੇ ਕਈ ਸੁੱਖ-ਸਵਿਧਾਵਾਂ ਵੀ ਪੈਦਾ ਹੋਈਆਂ ਹਨ, ਪਰ ਜਾਪਦਾ ਹੈ ਕਿ ਸਮਰੱਥਾਵਾਨ ਮੁਲਕ ਆਪਣਾ ਗਲਬਾ ਜਮਾ ਕੇ ਦੂਜਿਆਂ ਕਲਚਰਾਂ ਨੂੰ ਥੱਲੇ ਲੱਗਾ ਰਹੇ ਹਨ ਅਤੇ ਆਪਣਾ ਮਾਹੌਲ ਉਸਾਰ ਕੇ ਆਪਣੇ ਨਿੱਜੀ ਲਾਭ ਪ੍ਰਾਪਤ ਕਰ ਰਹੇ ਹਨ। ਇਸ ਲਈ ਹਰ ਸਭਿਆਚਾਰ ਨੂੰ ਸੁਚੇਤ ਹੋ ਕੇ ਆਪਣੀ ਰਾਖੀ ਕਰਨੀ ਚਾਹੀਦੀ ਹੈ। ਪੰਜਾਬੀ ਸਭਿਆਚਾਰ ਭਾਵੇਂ ਅਮੀਰ ਅਭਿਆਚਾਰ ਹੈ, ਪ੍ਰੰਤੂ ਚੇਤੰਨ ਹੋ ਕੇ ਆਪਣੀਆਂ ਕਦਰਾਂ-ਕੀਮਤਾਂ ਨੂੰ ਬਚਾਉਣ ਦੇ ਤਦ ਹੀ ਅਸੀਂ ਸਮਰੱਥ ਹੋ ਸਕਦੇ ਹਾਂ, ਜੇ ਅਸੀਂ ਆਪਣੀ ਭਾਸ਼ਾ ਅਤੇ ਸਾਹਿਤ ਤੇ ਨਿਰੰਤਰ ਪਹਿਰਾ ਦਿੰਦੇ ਰਹੀਏ। ਇਹ ਸਾਡਾ ਮੁੱਖ ਉਦੇਸ਼ ਹੋਣਾ ਚਾਹੀਦਾ ਹੈ। ਅਸੀਂ ਦੇਖਦੇ ਹਾਂ ਕਿ ਵਿਸ਼ਵੀ ਕਰਨ ਦਾ ਮਾੜਾ ਪ੍ਰਭਾਵ ਪੰਜਾਬੀ ਸਮਾਜ ਤੇ ਵੀ ਪਿਆ ਹੈ। ਬਾਹਰਲੇ ਮੁਲਕਾਂ ਦੀ ਚਕਾ-ਚਂੌਧ ਤੇ ਚੜ੍ਹਤ-ਬੜ੍ਹਤ ਨੇ ਸਾਨੂੰ ਗ੍ਰਿਫਤ ਵਿੱਚ ਲੈ ਲਿਆ ਹੈ। ਵਸਤੂ ਮੋਹ ਅਤੇ ਆਰਥਿਕ ਹਾਲਾਤ ਨੂੰ ਬੇਹਤਰ ਬਣਾਉਣ ਨੇ ਸਾਨੂੰ ਏਨਾ ਘੇਰ ਲਿਆ ਹੈ ਕਿ ਅਸੀਂ ਪਦਾਰਥਕ ਰੁਚੀਆਂ ਦੇ ਹੀ ਧਾਰਣੀ ਹੋ ਗਏ ਹਾਂ। ਆਪਣੇ ਕਲਚਰ ਨੂੰ ਵੀ ਉਹ ਥਾਂ ਨਹੀਂ ਦੇ ਰਹੇ। ਸਿਰਫ ਦਿਨਾਂ ਤਿਉਹਾਰਾਂ ਦੇ ਸਮੇਂ ਅਸੀ ਧਾਰਮਿਕ ਅਸਥਾਨਾਂ ਤੇ ਇਕੱਠ ਹੋ ਕੇ ਕੁਝ ਭੁੱਖ ਪੂਰੀ ਕਰ ਲੈਂਦੇ ਹਾਂ। ਪੰਜਾਬੀ ਸਾਹਿਤ ਉੱਤੇ ਵੀ ਕਈ ਪੱਖਾਂ ਤੋਂ ਚੰਗਾ ਪ੍ਰਭਾਵ ਨਹੀਂ ਪਿਆ ਹੈ। ਬਾਹਰ ਆ ਕੇ ਅਸੀਂ ਸਾਹਿਤਕ, ਸਭਿਆਚਾਰਕ ਤੇ ਭਾਸ਼ਾਈ ਕਦਰਾਂ ਕੀਮਤਾਂ ਨਾਲੋਂ ਟੁੱਟ ਰਹੇ ਹਾਂ। ਭਾਵੇਂ ਸਾਹਿਤਕਾਰ ਆਪਣਾ ਫ਼ਰਜ਼ ਨਿਭਾ ਰਹੇ ਹਨ, ਪ੍ਰੰਤੂ ਗਲੈਮਰ ਦੇ ਵਧਣ ਕਰਕੇ ਉਨ੍ਹਾਂ ਦਾ ਬਹੁਤਾ ਪ੍ਰਭਾਵ ਨਹੀਂ ਪੈ ਰਿਹਾ।

ਪੰਜਾਬੀ ਬੋਲੀ ਦੇ ਵਿਕਾਸ ਵਿੱਚ ਪੰਜਾਬੀ ਮੀਡੀਆਂ ਦਾ ਰੋਲ

? ਅੱਜ ਦੇ ਹਾਲਾਤ ਵਿੱਚ ਤਬਦੀਲੀ ਆਉਣ ਨਾਲ ਮੀਡੀਆ ਤੇ ਪੰਜਾਬੀ ਬੋਲੀ ਦੇ ਪਾਸਾਰ ਨੂੰ ਲੈ ਕੇ ਸੰਭਾਵਨਾਵਾਂ ਵੱਧਦੀਆਂ ਲੱਗਦੀਆਂ ਹਨ। ਪੰਜਾਬੀ ਰੇਡੀਉ, ਟੀਵੀ ਤੇ ਅਖ਼ਬਾਰਾਂ ਤੋਂ ਇਲਾਵਾ ਪੰਜਾਬੀ ਗੀਤ ਸੰਗੀਤ ਤੇ ਸਭਿਆਚਾਰਕ ਗਤੀ-ਵਿਧੀਆਂ ਵੀ ਪੰਜਾਬੀ ਬੋਲੀ ਨੂੰ ਨਵੀਂ ਪੀੜ੍ਹੀ ਨਾਲ ਜੋੜਨ ਲਈ ਕੁਝ ਹੱਦ ਤਕ ਸਹਾਇਕ ਰਹੀਆਂ ਹਨ। ਕੀ ਇੱਧਰ ਵੀ ਕੁਝ ਤਬਦੀਲੀ ਨਜ਼ਰ ਆਈ ਹੈ? ਇੰਗਲੈਂਡ ਵਿੱਚ ਅੱਜ ਕੱਲ੍ਹ ਵੀ ਕੋਈ ਸੰਗੀਤ-ਗਰੁੱਪ ਕੰਮ ਕਰ ਰਹੇ ਹਨ?

– ਨਿਰਸੰਦੇਹ ਮੀਡੀਏ ਵਿੱਚ ਸਾਡੀਆਂ ਜ਼ੁਬਾਨਾਂ ਨੇ ਆਪਣੀ ਥਾਂ ਬਣਾਈ ਹੈ। ਰੇਡੀਉ ਤਾਂ ਰਾਤ ਭਰ ਪ੍ਰੋਗਰਾਮ ਦੇ ਰਹੇ ਸਨ ਪਰ ਕਿਉਂਕਿ ਪਹਿਲੀ ਪੀੜ੍ਹੀ ਆਪਣੀ ਅਉਧ ਲਗ ਭਗ ਹੰਢਾ ਚੁੱਕੀ ਹੈ। ਨਵੀਂ ਪੀੜ੍ਹੀ ਅੰਗਰੇਜ਼ੀ ਨਾਲ ਜੁੜ ਗਈ ਹੈ ਪਰ ਫਿਰ ਵੀ ਸਾਹਿਤਕਤਾ ਨਾਲੋਂ ਮੀਡੀਆਈ ਕਲਚਰ ਅਜੇ ਬਚਿਆ ਹੋਇਆ ਹੈ। ਪਹਿਲਾਂ ਸੰਗੀਤਕ ਗਰੁੱਪਾਂ ਦੀ ਭਰਮਾਰ ਸੀ। ਹੁਣ ਉਹ ਦੀ ਜਗ੍ਹਾ ਡੀ. ਜੇ. ਰੋਲ ਨਿਭਾ ਰਹੇ ਹਨ। ਨਵੀਂ ਇਮੀਗਰੇਸ਼ਨ ਇੱਥੇ ਨਹੀਂ ਹੋ ਰਹੀ ਹੈ। ਇਸ ਲਈ ਪੰਜਾਬੀ ਭਾਸ਼ਾ ਦੇ ਕਲਚਰਲ ਪ੍ਰੋਗਰਾਮ ਦਾ ਖੇਤਰ ਨੀਵਾਣਾਂ ਵੱਲ ਜਾਣ ਦੀ ਸੰਭਾਵਨਾ ਹੈ। ਫਿਰ ਵੀ ਆਸ ਹੈ ਪੰਜਾਬੀ ਭਾਸ਼ਾ ਦਾ ਸੰਪਰਕ ਭਵਿੱਖ ਵਿੱਚ ਵੀ ਬਣਿਆ ਰਹੇਗਾ ਕਿਉਂਕਿ ਥੋੜੀ ਕੀਤਿਆਂ ਅਮੀਰ ਜ਼ੁਬਾਨ ਮਰਦੀ ਨਹੀਂ ਹੁੰਦੀ। ਹਿੰਦੀ ਤੇ ਪੰਜਾਬੀ ਚੈਨਲਾਂ ਨੇ ਵੀ ਸਾਡੀ ਜ਼ੁਬਾਨ ਦਾ ਰੁਤਬਾ ਕਾਇਮ ਰੱਖਿਆ ਹੋਇਆ ਹੈ ਅਤੇ ਰੇਡੀਉ ਤੇ ਵੀ ਪ੍ਰੋਗਰਾਮ ਆਉਂਦੇ ਹਨ। ਪੰਜਾਬੀ ਦਾ ਭਵਿੱਖ ਨਿਤਾਪ੍ਰਤੀ ਪਰਸਥਿਤੀਆਂ ਦੇ ਬਦਲਣ ਨਾਲ ਵੀ ਸੰਬੰਧ ਰੱਖਦਾ ਹੈ।

? ਇੰਗਲੈਂਡ ਵਿੱਚ ਪਿਛਲੀ ਅੱਧੀ ਸਦੀ ਤੋਂ ਪੰਜਾਬੀ ਲੋਕ ਰਹਿ ਰਹੇ ਹਨ। ਉਹ ਆਪਣੇ ਨਾਲ ਆਪਣੀ ਬੋਲੀ ਤੇ ਕਲਚਰ ਨਾਲ ਵੀ ਲੈ ਕੇ ਆਏ ਹਨ। ਬਰਤਾਨੀਆ ਵਿੱਚ ਪੰਜਾਬੀ ਪੱਤਰਕਾਰੀ ਵੀ ਉੱਭਰੀ, ਪਰ ਜਿੰਨਾ ਕੰਮ ਪੱਤਰਕਾਰੀ ਦਾ ਹੋਣਾ ਚਾਹੀਦਾ ਸੀ, ਉੱਨਾ ਹੋਇਆ ਨਹੀਂ ਜਾਪਦਾ। ਤੁਸੀਂ ਇਸ ਗੱਲ ਨਾਲ ਕਿੰਨਾ ਕੁ ਸਹਿਮਤ ਹੋ?

-ਵੀਹਵੀਂ ਸਦੀ ਦੇ ਅੱਧ ਵਿੱਚ ਜਦੋਂ ਵਾਊਚਰ ਸਿਸਟਮ ਲਾਗੂ ਹੋਇਆ। ਧੜਾ ਧੜ ਸਾਡੇ ਲੋਕੀਂ ਬਰਤਾਨੀਆ ਨੂੰ ਪਧਾਰੇ। ਉਨ੍ਹਾਂ ਕੋਲ ਆਪਣੀ ਭਾਸ਼ਾ ਸੀ ਤੇ ਆਪਣਾ ਸਭਿਆਚਾਰ ਵੀ। ਪ੍ਰੰਤੂ ਉਨ੍ਹਾਂ ਨੇ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਇੱਥੇ ਦੇ ਹਾਲਾਤਾਂ ਅਨੁਸਾਰ ਢਾਲਣਾ ਤੇ ਸੈੱਟਲ ਹੋਣਾ ਜ਼ਰੂਰ ਸੀ। ਸੋ ਆਮ ਲੋਕੀ ਇਸ ਪਾਸੇ ਵੱਲ ਝੁਕ ਗਏ। ਪੰਜਾਬੀ ਪਹਿਲੋਂ ਜਿੱਥੇ ਵੀ ਸਥਿਰਤਾ ਨਾਲ ਟਿਕਣ ਲਈ ਠਾਣਦੇ ਹਨ, ਗੁਰਦਵਾਰੇ ਉਸਾਰਦੇ ਹਨ। ਹਿੰਦੂ ਲੋਕ ਮੰਦਰ ਉਸਾਰਦੇ ਹਨ। ਆਪਣੇ ਧਰਮ ਤੇ ਕਲਚਰ ਨਾਲ ਜੁੜਨ ਲਈ ਇਹ ਧਾਰਮਿਕ ਅਸਥਾਨ ਵਸੀਲਾ ਬਣਦੇ ਹਨ। ਪੰਜਾਬੀ ਜਿੱਥੇ ਆਪਣੇ ਅਕੀਦੇ ਅਨੁਸਾਰ ਜੀਵਨ ਜਿਉਂਦੇ ਹਨ, ਉੱਥੇ ਉਨ੍ਹਾਂ ਦੇ ਹੋਰ ਵੀ ਅਨੇਕਾਂ ਸਮਾਜਿਕ ਮਸਲੇ ਹੁੰਦੇ ਹਨ। ਸੋ ਧਾਰਮਿਕ ਅਸਥਾਨਾਂ ਨੇ ਪੰਜਾਬੀਆਂ ਨੂੰ ਪੱਕੇ ਤੌਰ ਤੇ ਟਿਕਣ ਲਈ ਮਹੱਤਵਪੂਰਣ ਰੋਲ ਅਦਾ ਕੀਤਾ ਹੈ। ਪ੍ਰੰਤੂ ਜਿਹੜੀ ਸਭਿਆਚਾਰਕ ਤੇ ਗਿਆਨ ਦੀ ਭੁੱਖ ਹੁੰਦੀ ਹੈ, ਉਸ ਦੀ ਵੀ ਬੜੀ ਅਹਿਮੀਅਤ ਹੁੰਦੀ ਹੈ। ਪੜ੍ਹੇ ਲਿਖੇ ਲੋਕਾਂ ਨੇ ਜਿਨ੍ਹਾਂ ਕੋਲ ਪੱਤਰਕਾਰੀ ਦਾ ਤਜਰਬਾ ਸੀ, ਉਹ ਲੋਕ ਅੱਗੇ ਆਏ ਤੇ ਪੰਜਾਬੀ ਲੋਕ ਜਾਣਕਾਰੀ ਦੀ ਭੁੱਖ ਪੂਰੀ ਕਰਨ ਲਈ ਇਨ੍ਹਾਂ ਪੱਤਰਾਂ ਨਾਲ ਜੁੜ ਗਏ।
ਵਿਸ਼ੇਸ਼ ਤੌਰ ਤੇ ਲੰਮੇ ਅਰਸੇ ਤੋਂ ਬਾਅਦ ‘ਦੇਸ ਪ੍ਰਦੇਸ’ ਤੇ ‘ਪੰਜਾਬ ਟਾਈਮਜ਼’ ਚੱਲ ਰਹੇ ਹਨ। ਹੁਣ ‘ਮਨਜਿੱਤ’ ਤੇ ਹੋਰ ਪਰਚੇ ਵੀ ਆਪਣਾ ਰੋਲ ਨਿਭਾ ਰਹੇ ਹਨ। ‘ਦੇਸ ਪ੍ਰਦੇਸ’ ਤੇ ‘ਪੰਜਾਬ ਟਾਈਮਜ਼’ ਵਿੱਚ ਸਾਹਿਤਕ ਕਿਰਤਾਂ ਨਿਰੰਤਰ ਛਪਦੀਆਂ ਰਹੀਆਂ ਹਨ ਤੇ ਆਪਣੇ ਦੇਸ਼ ਨਾਲ ਸੰਬੰਧਿਤ ਜਾਣਕਾਰੀ ਵੀ ਮਿਲਦੀ ਸੀ। ਹੁਣ ਇੰਟਰਨੈੱਟ ਦੇ ਆਉਣ ਨਾਲ ਪਰਚਿਆਂ ਦੀ ਅਹਿਮੀਅਤ ਵਿੱਚ ਫ਼ਰਕ ਪਿਆ ਹੈ। ਪਰ ਫਿਰ ਵੀ ਅਜੇ ਪਹਿਲੀ ਪੀੜ੍ਹੀ ਦੇ ਪਾਠਕ ਇਨ੍ਹਾਂ ਪਰਚਿਆਂ ਤੇ ਆਸਥਾ ਰੱਖਦੇ ਹਨ। ਪ੍ਰੰਤੂ ਤੁਹਾਡਾ ਪ੍ਰਸ਼ਨ ਹੈ ਕਿ ਪੱਤਰਕਾਰੀ ਪੂਰੀ ਤਰ੍ਹਾਂ ਵਿਕਸਤ ਨਹੀਂ ਹੋ ਸਕੀ। ਕਾਰਣ ਸਪਸ਼ਟ ਹੈ ਕਿ ਆਪਣੀ ਭਾਸ਼ਾ ਦੀ ਚੜ੍ਹਤ ਨਾਲ ਹੀ ਇਸ ਗੱਲ ਦਾ ਸੰਬੰਧ ਹੈ। ਨਵੀਨ ਪਰਸਥਿਤੀਆਂ ਦੇ ਉੱਭਰਣ ਕਰਕੇ ਉਹ ਚੜ੍ਹਤ ਬਣੀ ਨਹੀਂ ਰਹਿ ਸਕੀ ਤੇ ਨਾ ਹੀ ਬਣਨੀ ਸੀ। ਨਵੀਆਂ ਭਾਸ਼ਾਈ ਸਹੂਲਤਾਂ ਦੀ ਘਾਟ ਕਰਕੇ ਤੇ ਸਾਡੀ ਕਮਿਊਨਿਟੀ ਵੱਲੋਂ ਆਪਣੀ ਭਾਸ਼ਾ ਨਾਲ ਪੂਰਨ ਤੌਰ ਤੇ ਨਾ ਜੁੜਨ ਕਰਕੇ ਇਹ ਸਥਿਤੀ ਆਉਣੀ ਹੀ ਸੀ। ਨਵੀਂ ਪੀੜ੍ਹੀ ਵੱਲੋਂ ਆਪਣੀ ਭਾਸ਼ਾ ਨਾਲ ਲਗਾਉ ਤੋਂ ਅਭਿੱਜ ਰਹਿਣ ਕਰਕੇ ਇਹ ਸਾਰਾ ਕੁਝ ਵਾਪਰਿਆ ਹੈ। ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਭਾਸ਼ਾ ਦੇ ਹੋ ਰਹੇ ਨਿਘਾਰ ਦੀ ਗੱਲ ਕੀਤੀ ਹੈ।

? ਪ੍ਰੀਤਮ ਜੀ, ਤੁਸੀਂ ਆਪਣੀ ਕਿਤਾਬ ‘ਜ਼ਬਤ ਸ਼ੁਦਾ ਪੰਜਾਬੀ ਕਵਿਤਾ’ ਵਿੱਚ ਇੰਡੀਆ ਦੀ ਆਜ਼ਾਦੀ ਤੋਂ ਪਹਿਲਾਂ ਪੰਜਾਬ ਵਿੱਚ ਚੱਲੀਆਂ ਲਹਿਰਾਂ ਬਾਰੇ ਡੂੰਘਾ ਅਧਿਐਨ ਕਰਕੇ ਹਰ ਪੱਖ ਦਾ ਜ਼ਿਕਰ ਕੀਤਾ ਹੈ। ਪਰ ਆਜ਼ਾਦੀ ਤੋਂ ਬਾਅਦ ਵੀ ਦੋ ਲਹਿਰਾਂ ਪੰਜਾਬ ਵਿੱਚ ਜ਼ੋਰ ਨਾਲ ਚੱਲੀਆਂ। ਇਨ੍ਹਾਂ ਦੇ ਸੇਕ ਨਾਲ ਬਹੁਤ ਸਾਰਾ ਜਾਨੀ, ਮਾਲੀ ਨੁਕਸਾਨ ਵੀ ਹੋਇਆ। ਤੁਸੀਂ ਇਨ੍ਹਾਂ ਲਹਿਰਾਂ ਅਤੇ ਪਹਿਲੀਆਂ ਲਹਿਰਾਂ ਨਾਲ ਅੰਤਰ ਜਾˆ ਕੋਈ ਸਾਂਝ ਦੇਖਦੇ ਹੋ?

– ਢਾਅ ਜੀ, ‘ਜ਼ਬਤ ਸ਼ੁਦਾ ਪੰਜਾਬੀ ਕਵਿਤਾ’ ਵਿੱਚ ਅੰਕਿਤ ਲਹਿਰਾਂ ਸੁਤੰਤਰਤਾ ਸੰਗਰਾਮ ਦੇ ਅੰਦੋਲਨ ਨਾਲ ਸੰਬੰਧਿਤ ਸਨ ਜਿਸ ਦਾ ਜ਼ਿਕਰ ਮੈਂ ਆਪਣੀ ਉਪਰੋਕਤ ਪੁਸਤਕ ਵਿੱਚ ਕਰ ਆਇਆ ਹਾਂ। ਜਿਨ੍ਹਾਂ ਦਾ ਸੰਬੰਧ ਰਾਸ਼ਟਰਵਾਦ ਨਾਲ ਸੀ ਅਤੇ ਇਸ ਸੰਦਰਭ ਵਿੱਚ ਬੜਾ ਅਮੀਰ ਸਾਹਿਤ ਉੱਪਜਿਆ। ਜਿਹੜੀਆਂ ਦੋ ਹੋਰ ਲਹਿਰਾਂ ਬਾਰੇ ਤੁਸੀਂ ਜ਼ਿਕਰ ਕਰ ਰਹੇ ਹੋ, ਇੱਕ ਹੈ ਪ੍ਰਗਤੀਵਾਦੀ ਲਹਿਰ ਤੇ ਦੂਜੀ ਹੈ ਜੁਝਾਰ ਵਿਦਰੋਹੀ ਲਹਿਰ। ਪ੍ਰਗਤੀਵਾਦੀ ਕਵਿਤਾ ਮਾਰਕਸੀ ਚਿੰਤਨ ਦੇ ਪ੍ਰਭਾਵ ਹੇਠ ਪੈਦਾ ਹੋਈ ਜਿਸ ਦਾ ਮੁੱਖ ਨਿਸ਼ਾਨਾ ਸਮਾਜ ਵਿੱਚ ਸਰਮਾਏਦਾਰੀ ਸ਼ੋਸ਼ਣ ਦਾ ਖਾਤਮਾ ਕਰਕੇ ਸਮਾਨਤਾ, ਸੁਤੰਤਰਤਾ ਤੇ ਸਾਂਝੀਵਾਲਤਾ ਦੇ ਸਿਧਾਂਤਾਂ ਤੇ ਪਹਿਰਾ ਦੇਣ ਤੇ ਲੋੜੀਂਦਾ ਸਾਹਿਤ ਉਪਜਾਣਾ ਸੀ। ਉਸ ਸਾਹਿਤ ਦੀ ਸਿਰਜਣਾ ਕਰਨੀ ਜਿਸ ਨਾਲ ਸਮਾਜ ਪ੍ਰਗਤੀ ਕਰੇ, ਮਜ਼ਦੂਰਾਂ, ਕਿਰਸਾਣਾਂ ਤੇ ਕਿਰਤੀਆਂ ਦੇ ਹੱਕ ਵਿੱਚ ਇੱਕ ਚੇਤਨਾ ਪੈਦਾ ਹੋਵੇ। ਪਹਿਲੇ ਕਵੀਆਂ ਵਿੱਚੋਂ ਪ੍ਰੋ. ਮੋਹਨ ਸਿੰਘ ਤੇ ਬਾਵਾ ਬਲਵੰਤ ਆਦਿ ਨੇ ਇਸ ਵਿੱਚ ਭਰਪੂਰ ਯੋਗਦਾਨ ਪਾਇਆ। ਇਨ੍ਹਾਂ ਹੀ ਲਾਈਨਾਂ ਤੇ ਬਰਤਾਨਵੀ ਪੰਜਾਬੀ ਕਵੀਆਂ ਨੇ ਵੀ ਯੋਗਦਾਨ ਪਾਇਆ, ਜਿਸ ਦਾ ਜ਼ਿਕਰ ਲੇਖਕਾਂ ਦੇ ਅਨੁਸਾਰ ਮੈਂ ਆਪਣੀ ਪੁਸਤਕ ‘ਬਰਤਾਨਵੀ ਪੰਜਾਬੀ ਕਵਿਤਾ’ ਵਿੱਚ ਤਫ਼ਸੀਲ ਨਾਲ ਦੇ ਆਇਆ ਹਾਂ। ਜੁਝਾਰੂ ਵਿਦਰੋਹੀ ਲਹਿਰ ਵੀ ਉਸ ਮਾਰਕਸੀ ਚਿੰਤਨ (ਪ੍ਰਗਤੀਵਾਦੀ) ਤੋਂ ਪ੍ਰੇਰਿਤ ਹੋ ਕੇ ਚੱਲੀ, ਜਿਸ ਦੀ ਨਿਰਾਸ਼ਾ ਜਨਕ ਸਥਿਤੀ ਦੇ ਪ੍ਰਗਟ ਹੋਣ ਕਰਕੇ ਚੇਤਨਾ ਵਜੋਂ ਵਿਦਰੋਹੀ ਰੂਪ ਵਿੱਚ ਪ੍ਰਗਟ ਹੋਈ।

ਇਹ ਪ੍ਰਗਤੀਵਾਦੀ ਲਹਿਰ ਦੇ ਖੜੋਤ ਵਜੋਂ ਪ੍ਰਗਟ ਹੋਈ। ਜਿਸ ਦਾ ਰੂਪ ਹਿੰਸਾਤਮਕ ਹੋ ਨਿਬੜਿਆ। ਇਸ ਲਹਿਰ ਦੇ ਪਿੱਛੇ ਪ੍ਰਗਤੀਵਾਦੀ ਵਿਚਾਰਾਂ ਵਾਲੀ ਪਾਰਟੀ ਤੋਂ ਅੱਡ ਹੋਏ ਬੁੱਧੀਜੀਵੀਆਂ ਦੀ ਪਾਰਟੀ ਸੀ, ਜੋ ਹਥਿਆਰਬੰਦ ਸੰਘਰਸ਼ ਨਾਲ ਸਿੱਟੇ ਕੱਢਣ ਵਿੱਚ ਵਿਸ਼ਵਾਸ ਰੱਖਦੇ ਸਨ। ਇਸ ਕਾਵਿ ਧਾਰਾ ਦੇ ਮੁੱਖ ਪਾਤਰ ਪਾਸ਼, ਲਾਲ ਸਿੰਘ ਦਿਲ, ਸੰਤ ਰਾਮ ਉਦਾਸੀ, ਹਰਭਜਨ ਸਿੰਘ ਹਲਵਾਰਵੀ ਆਦਿ ਪ੍ਰਸਿੱਧ ਕਵੀ ਹੋਏ ਹਨ। ‘ਜ਼ਬਤ ਸ਼ੁਦਾ ਪੰਜਾਬੀ ਕਵਿਤਾ’ ਵਿੱਚ ਚੱਲੀਆਂ ਲਹਿਰਾਂ ਤੇ ਆਜ਼ਾਦੀ ਤੋਂ ਬਾਅਦ ਦੀਆਂ ਲਹਿਰਾਂ ਦਾ ਫ਼ਰਕ ਇਹ ਹੈ ਕਿ ਪਹਿਲੀਆਂ ਲਹਿਰਾਂ ਰਾਸ਼ਟਰੀਅਤਾ ਨਾਲ ਸੰਬੰਧ ਰੱਖਦੀਆਂ ਹਨ। ਦੂਜੀਆਂ ਦਾ ਸੰਬੰਧ ਆਜ਼ਾਦੀ ਉਪਰੰਤ ਉਹ ਇਨਕਲਾਬ ਲਿਆਉਣਾ ਸੀ ਜਿਸ ਨਾਲ ਆਮ ਲੋਕ ਸਰਮਾਏਦਾਰੀ ਸ਼ੋਸ਼ਣ ਤੋਂ ਨਿਜ਼ਾਤ ਪਾ ਕੇ ਸੁਖੀ ਜ਼ਿੰਦਗੀ ਬਸਰ ਕਰ ਸਕਣ। ਪਹਿਲੀਆਂ ਲਹਿਰਾਂ ਨੇ ਆਜ਼ਾਦੀ ਪ੍ਰਾਪਤੀ ਵਿੱਚ ਵਿਸ਼ੇਸ਼ ਹਿੱਸਾ ਪਾਇਆ ਜਦੋਂ ਕਿ ਮਗਰਲੀਆਂ ਲਹਿਰਾਂ ਦਾ ਮਕਸਦ ਆਜ਼ਾਦੀ ਪ੍ਰ੍ਰਾਪਤੀ ਤੋਂ ਬਾਅਦ ਆਮ ਵਰਗ ਲਈ ਸਹੂਲਤਾਂ ਪ੍ਰਦਾਨ ਕਰਾਉਣੀਆਂ ਸਨ, ਜਿਸ ਦਾ ਰੋਲ ਅਜੇ ਤੱਕ ਕਿਸੇ ਨਾ ਕਿਸੇ ਸ਼ਕਲ ਵਿੱਚ ਚੱਲ ਰਿਹਾ ਹੈ। ਸਾਂਝ ਵਾਲੀ ਗੱਲ ਇਹ ਕਹਿ ਸਕਦੇ ਹਾਂ, ਕਿ ਇਨ੍ਹਾਂ ਸਾਰੀਆਂ ਲਹਿਰਾਂ ਦਾ ਨਿਸ਼ਾਨਾ ਪ੍ਰਗਤੀਵਾਦ ਸੀ।

? ਇਸ ਨਾਲ ਹੀ ਜੁੜਵਾਂ ਸਵਾਲ ਇਹ ਹੈ ਕਿ ਇਨ੍ਹਾਂ ਲਹਿਰਾਂ ਦਾ ਪ੍ਰਭਾਵ ਬਰਤਾਨਵੀ ਪੰਜਾਬੀ ਲੇਖਕਾਂ ਤੇ ਕਿਸ ਤਰ੍ਹਾਂ ਦਾ ਪਿਆ। ਕੁਝ ਲੇਖਕਾਂ ਨੇ ਹੱਕ ਵਿੱਚ, ਕੁਝ ਵਿਰੋਧ ਵਿੱਚ ਵੀ ਲਿਖਿਆ ਹੋਵੇਗਾ?

– ਇਨ੍ਹਾਂ ਲਹਿਰਾਂ ਦਾ ਬਰਤਾਨਵੀ ਲੇਖਕਾਂ ਤੇ ਤਿੱਖਾ ਅਸਰ ਪਿਆ ਹੈ। ਜਿਸ ਨਾਲ ਉਹ ਇੱਥੇ ਨਸਲਵਾਦ ਦੇ iਖ਼ਲਾਫ, ਮਜ਼ਦੂਰਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਨ ਅਤੇ ਆਪਣੇ ਕਲਚਰ ਤੇ ਭਾਸ਼ਾ ਦੇ ਹੱਕ ਵਿੱਚ ਆਪਣੇ ਦਿਲੀ ਭਾਵ ਪ੍ਰਗਟ ਕਰਦੇ ਰਹੇ ਹਨ। ਇਨ੍ਹਾਂ ਦਾ ਨਿੱਗਰ ਪ੍ਰਭਾਵ ਵੀ ਪਿਆ ਹੈ। ਜੁਝਾਰੂ ਵਿਦਰੋਹੀ ਲਹਿਰ ਦੇ ਪ੍ਰਤੀਕਰਮ ਦਾ ਬਰਤਾਨਵੀ ਸਾਹਿਤ ਤੇ ਉਸ ਤਰ੍ਹਾਂ ਦਾ ਪ੍ਰਭਾਵ ਨਹੀਂ ਪਿਆ ਜਿਸ ਤਰ੍ਹਾਂ ਭਾਰਤੀ ਪੰਜਾਬੀ ਸਾਹਿਤ ਵਿੱਚ ਮਿਲਦਾ ਹੈ। ਸਿੱਖ ਲਹਿਰ ਦਾ ਪ੍ਰਤੀਕਰਮ ਅਵੱਸ਼ ਪਿਆ ਹੈ। ਵਿਸ਼ੇਸ਼ ਕਰਕੇ ਹਰਿਮੰਦਰ ਸਾਹਿਬ ‘ਤੇ ਭਾਰਤੀ ਫੌਜ ਦਾ ਹਮਲਾ, ਦਿੱਲੀ ਦਾ ਕਤਲੇਆਮ ਤੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਆਦਿ ਬਾਰੇ ਪੰਜਾਬੀ ਸਾਹਿਤ ਵਿੱਚ ਰੋਸ ਲਹਿਰ ਵੀ ਪ੍ਰਗਟ ਹੋਈ ਤੇ ਗਰਮ iਖ਼ਆਲਾਂ ਤੇ ਉਦਾਰ ਵਿਚਾਰਾਂ ਵਾਲੇ ਲੇਖਕਾਂ ਦੇ ਜਜ਼ਬਾਤਾਂ ਦਾ ਇਜ਼ਹਾਰ ਵੀ ਹੋਇਆ ਹੈ। ਇਹ ਐਸੀਆਂ ਘਟਨਾਵਾਂ ਹਨ, ਜਿਨ੍ਹਾਂ ਨੇ ਪੰਜਾਬੀਆਂ ਦੇ ਹਿਰਦੇ ਨੂੰ ਵਲੂੰਧਰ ਸੁੱਟਿਆ। ਇਨ੍ਹਾਂ ਘਟਨਾਵਾਂ ਦੇ ਦੋ ਵਿਰੋਧੀ ਪੱਖ ਉਜਾਗਰ ਹੋਏ। ਇੱਕ ਤਾਂ ਸ਼ਰਧਾਵਾਨ ਸਿੱਖਾਂ ਤੇ ਗਰਮ ਵਿਚਾਰਾਂ ਨਾਲ ਜੁੜਿਆ ਹੋਇਆ ਲੇਖਕ ਤਬਕਾ ਤੇ ਦੂਜੇ ਪੱਖ ਦੇ ਖੱਬੇ ਪੱਖੀ ਵਿਚਾਰਾਂ ਦੇ ਪ੍ਰਤੀਨਿੱਧ ਲੇਖਕਾਂ ਨੇ ਆਪਣੇ ਵਿਚਾਰ ਪ੍ਰਗਤੀਵਾਦੀ ਸੋਚ ਨਾਲ ਪ੍ਰਸਤੁੱਤ ਕੀਤੇ ਹਨ। ਇਨ੍ਹਾਂ ਘਟਨਾਵਾਂ ਬਾਰੇ ਰਚੇ ਸਾਹਿਤ ਦਾ ਨਿਰੀਖਣ ਮੈਂ ਆਪਣੀ ਪੁਸਤਕ ‘ਬਰਤਾਨਵੀ ਪੰਜਾਬੀ ਕਵਿਤਾ’ ਵਿੱਚ ਵਿਸਥਾਰ ਨਾਲ ਦਿੱਤਾ ਹੈ।

? ਬਰਤਾਨੀਆ ਦੀ ਆਰਥਿਕਤਾ ਵਿੱਚ ਪੰਜਾਬੀਆਂ ਦੀ ਦੇਣ ਨੂੰ ਬਰਤਾਨਵੀ ਮੇਨ ਸਟਰੀਮ ਕਿਸ ਤਰ੍ਹਾਂ ਦੇਖਦੀ ਹੈ? ਇਨ੍ਹਾਂ ਦਾ ਅੱਜ ਤੋਂ ਪੰਜਾਹ ਸੱਠ ਸਾਲ ਪਹਿਲਾਂ ਆ ਕੇ ਫਾਊਂਡਰੀਆਂ ਵਿੱਚ ਕੰਮ ਕਰਨ ਦਾ ਕਿਸੇ ਪਾਸਿਉਂ ਕੋਈ ਮੁੱਲ ਪਿਆ ਜਾਪਦਾ? ਤੁਸੀਂ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ?

– ਨਿਰਸੰਦੇਹ ਸਾਡੇ ਲੋਕਾਂ ਨੇ ਆਰਥਿਕ ਪੱਧਰ ਤੇ ਕਾਫੀ ਤਰੱਕੀ ਕੀਤੀ ਹੈ। ਪਹਿਲੀ ਪੀੜ੍ਹੀ ਨਾਲੋਂ ਸਾਡੇ ਬੱਚੇ ਹਰ ਖੇਤਰ ਵਿੱਚ ਅੱਛੇ ਨਿਕਲ ਰਹੇ ਹਨ ਅਤੇ ਆਪਣੀ ਥਾਂ ਬਣਾ ਰਹੇ ਹਨ।ਪੰਜਾਬੀਆਂ ਦੇ ਯੋਗਦਾਨ ਨੂੰ ਸਰਕਾਰ ਵੀ ਸਮਝਦੀ ਹੈ।

? ਇੰਗਲੈਂਡ ਵਿੱਚ ਪੰਜਾਬ ਦੇ ਲੋਕ ਬਹੁਤ ਦੇਰ ਤੋਂ ਰਹਿ ਰਹੇ ਹਨ। ਹੋਰ ਖੇਤਰਾਂ ਵਿੱਚ ਤਾਂ ਕਾਫ਼ੀ ਮੱਲਾਂ ਮਾਰੀਆਂ ਹਨ, ਪਰ ਰਾਜਨੀਤੀ ਵਿੱਚ ਬਹੁਤੇ ਸਰਗਰਮ ਨਹੀਂ ਹੋਏ। ਤੁਸੀਂ ਕੀ ਕਾਰਨ ਸਮਝਦੇ ਹੋ ਕਿ ਅਜੇ ਵੇਲਾ ਨਹੀਂ ਜਾਂ ਨਵੀਂ ਪੀੜ੍ਹੀ ਦੀ ਰਾਜਨੀਤੀ ਵਿੱਚ ਉੱਨੀ ਦਿਲਚਸਪੀ ਨਹੀਂ, ਇੰਗਲੈˆਡ ਵਿੱਚ ਆਪਣੇ ਭਾਈਚਾਰੇ ਦੀ ਰਾਜਨੀਤੀ ਵਿੱਚ ਦਿਲਚਸਪੀ ਦਾ ਕੰਮ ਕੁਝ ਢਿੱਲਾ ਨਜ਼ਰ ਨਹੀਂ ਆਉਂਦਾ ਹੈ?

– ਬਰਤਾਨੀਆਂ ਵਿੱਚ ਪਹਿਲੀ ਪੀੜ੍ਹੀ ਦੇ ਲੋਕਾਂ ਨੇ ਆਪਣਾ ਧਿਆਨ ਇੱਥੇ ਪੱਕੇ ਤੌਰ ਤੇ ਟਿਕਣ ਲਈ ਤੇ ਆਰਥਿਕ ਮਜ਼ਬੂਤੀ ਲਈ ਲਾਇਆ ਤਾਂ ਕਿ ਪਿੱਛੇ ਆਪਣੇ ਮੁਲਕ ਵਿੱਚ ਉਨ੍ਹਾਂ ਤੇ ਨਿਰਭਰ ਮਾਤਾ ਪਿਤਾ ਤੇ ਭੈਣ ਭਰਾ ਸੌਖੀ-ਸੁਖਾਵੀਂ ਜ਼ਿੰਦਗੀ ਜੀ ਸਕਣ। ਪ੍ਰੰਤੂ ਫਿਰ ਵੀ ਸਾਡੀਆਂ ਸੰਸਥਾਵਾਂ ਜਿਵੇਂ ‘ਭਾਰਤੀ ਮਜ਼ਦੂਰ ਸਭਾ’ ਜਿਸ ਨੇ ਭਾਰਤ ਦੀ ਆਜ਼ਾਦੀ ਸੰਬੰਧੀ ਸਰਗਰਮੀਆਂ ਵਿੱਚ ਵੀ ਹਿੱਸਾ ਪਾਇਆ। ‘ਇੰਡੀਅਨ ਵਰਕਰਜ਼ ਐਸੋਸੀਏਸ਼ਨ ਸਾਊਥਹਾਲ’ ਜੋ 1956 ਵਿੱਚ ਬਣਾਈ ਗਈ ਨੇ ਸਰਕਾਰੀ ਇਮੀਗਰੇਸ਼ਨ ਕੰਟਰੋਲ ਦੀਆਂ ਨੀਤੀਆਂ ਪ੍ਰਤੀ ਸੰਘਰਸ਼ ਕੀਤਾ ਤੇ ਨਸਲਵਾਦ ਦੇ iਖ਼ਲਾਫ ਵੀ ਲੜਾਈ ਲੜੀ। ਹੁਣੇ ਹੁਣੇ ‘ਇੰਡੀਅਨ ਵਰਕਰਜ਼ ਐਸੋਸੀਏਸ਼ਨਜ਼’ ਬਾਰੇ ਇੱਕ ਪੁਸਤਕ ਵੀ ਆਈ ਹੈ ਜੋ ਬਲਰਾਜ ਪੁਰੇਵਾਲ ਨੇ ਲਿਖੀ ਹੈ, ਜੋ ਭਾਰਤੀ ਲੋਕਾਂ ਦੀਆਂ ਰਾਜਨੀਤਕ ਸਰਗਰਮੀਆਂ ਦਾ ਵੇਰਵਾ ਦਿੰਦੀ ਹੈ। ਦੂਜਾ ਸਾਡਾ ਮਕਸਦ ਆਰਥਿਕਤਾ ਤੇ ਕੇਂਦਰਤ ਰਿਹਾ ਹੈ। ਅਸੀਂ ਆਪਣੇ ਬੱਚਿਆਂ ਨੂੰ ਵੀ ਪ੍ਰੋਫੈਸ਼ਨਲ ਬਣਾ ਰਹੇ ਹਾਂ। ਇਸ ਲਈ ਬੱਚੇ ਵੀ ਰਾਜਨੀਤਕ ਸਰਗਰਮੀਆਂ ਵੱਲ ਘੱਟ ਹੀ ਰੁਚਿਤ ਰਹੇ ਹਨ। ਫਿਰ ਵੀ ‘ਇੰਡੀਅਨ ਵਰਕਰਜ਼ ਐਸੋਸੀਏਸ਼ਨਜ’ ਤੋਂ ਇਲਾਵਾ ਵੀ ਸਾਡੀਆਂ ਧਾਰਮਿਕ ਸੰਸਥਾਵਾਂ ਆਦਿ ਨੇ ਵੀ ਆਪਣਾ ਰੋਲ਼ ਅਦਾ ਕੀਤਾ ਹੈ। ਕਾਫ਼ੀ ਗਿਣਤੀ ਵਿੱਚ ਕੌਂਸਲਰ ਬਣ ਕੇ ਆਪਣਾ ਫ਼ਰਜ਼ ਨਿਭਾ ਰਹੇ ਹਨ। ਆਸ ਹੈ ਨਵੀਂ ਪੀੜ੍ਹੀ ‘ਚੋਂ ਵੀ ਅਜਿਹੇ ਝੁਕਾਅ ਵਾਲੇ ਬੱਚੇ ਅੱਗੇ ਆਉਣਗੇ। ਕੁਝ ਪ੍ਰਤੀਬੱਧ ਨੇਤਾ ਰਾਜਨੀਤਕ ਸਰਗਰਮੀਆਂ ਨਾਲ ਲੈਸ ਰਹੇ ਹਨ ਜਿਨ੍ਹਾਂ ‘ਚੋਂ ਮੇਰੇ ਜ਼ਿਹਨ ‘ਚ ਪੰ: ਵਿਸ਼ਨੂੰ ਦੱਤ ਸ਼ਰਮਾ, ਸਰਦੂਲ ਸਿੰਘ ਗਿੱਲ, ਗਿ. ਦਰਸ਼ਨ ਸਿੰਘ, ਨਿਰੰਜਨ ਸਿੰਘ ਨੂਰ ਅਤੇ ਅਜੀਤ ਸਿੰਘ ਰਾਏ ਆਦਿ ਨਾਮ ਉੱਭਰ ਰਹੇ ਹਨ। ਪਿਆਰਾ ਸਿੰਘ ਖ਼ਾਬੜਾ ਮੈਂਬਰ ਪਾਰਲੀਮੈਂਟ ਰਹੇ ਹਨ। ਹੁਣ ਵਰਿੰਦਰ ਸ਼ਰਮਾ ਜੀ ਹਨ। ਪ੍ਰੰਤੂ ਕੈਨੇਡਾ ਵਾਂਗ ਇੱਥੇ ਰਾਜਨੀਤਕ ਚੇਤਨਾ ਇੰਨੀਂ ਨਹੀਂ ਉੱਭਰ ਸਕੀ। ਕੈਨੇਡਾ ਇੱਕ ਫੈਡਰਲ ਮੁਲਕ ਹੈ, ਜਿੱਥੇ ਭਿੰਨ ਭਿੰਨ ਕੌਮਾਂ ਦਾ ਮਿਸ਼ਰਣ ਹੈ ਇਸ ਕਰਕੇ ਹਰ ਕੌਮ ਨੂੰ ਆਪਣੀ ਭਾਸ਼ਾ ਤੇ ਸਭਿਆਚਾਰ ਨੂੰ ਵਿਕਸਾਉਣ ਦੇ ਮੌਕੇ ਉਪਲਭਦ ਹਨ।

ਗਿਲੇ ਸ਼ਿਕਵੇ

? ਕੈਂਬੋ ਜੀ, ਤੁਸੀਂ ਬੜੀ ਮਹੱਤਵ ਪੂਰਨ ਸਾਹਿਤਕ ਰਚਨਾ ਕੀਤੀ ਹੈ। ਕੀਤੀ ਹੋਈ ਮਿਹਨਤ ਨੂੰ ਪਬਲਿਸ਼ ਕਰਾ ਕੇ ਪਾਠਕਾਂ ਦੇ ਹੱਥਾਂ ਤੱਕ ਪਹੁੰਚਾਉਣ ਦਾ ਕੰਮ ਬਹੁਤ ਮੁਸ਼ਕਲ ਤੇ ਖ਼ਰਚੀਲਾ ਹੈ। ਇਹ ਸਾਡੀ ਪੰਜਾਬੀ ਲੇਖਕਾਂ ਦੀ ਬਦਕਿਸਮਤੀ ਹੈ ਕਿ ਬਹੁਤੀਆਂ ਕਿਤਾਬਾਂ ਨੂੰ ਆਪਣੇ ਕੋਲੋਂ ਪੈਸ ਖ਼ਰਚ ਕੇ ਛਪਾਉਣਾ ਪੈਂਦਾ ਹੈ। ਜਦੋਂ ਕਿ ਦੂਜੀਆਂ ਭਾਸ਼ਾਵਾਂ ਵਾਲੇ ਪਬਲਿਸ਼ਰ ਲੇਖਕ ਨੂੰ ਰਾਇਲਟੀ ਦਿੰਦੇ ਹਨ। ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਕੀ ਇਹ ਪੰਜਾਬੀ ਸਾਹਿਤ ਦੀ ਦੁਰਦਸ਼ਾ ਦੀ ਨਿਸ਼ਾਨੀ ਨਹੀਂ, ਜਿੱਥੇ ਲੇਖਕ ਦੀ ਉਹ ਕਦਰ ਨਹੀਂ ਜੋ ਦੂਜੇ ਭਾਸ਼ਾਵਾਂ ਦੇ ਲੇਖਕ ਦੀ ਹੈ?

– ਸਤਨਾਮ ਜੀ, ਇਹ ਬੜਾ ਦੁਖਦਾਈ ਪਹਿਲੂ ਹੈ। ਤੁਹਾਡੇ ਇਸ ਸਵਾਲ ਦੇ ਕਈ ਪਹਿਲੂ ਹਨ। ਪਹਿਲਾਂ ਤਾਂ ਅਸੀਂ ਪੰਜਾਬੀਆਂ ਨੇ ਪੰਜਾਬੀ ਨੂੰ ਖੁੱਲ੍ਹੇ ਦਿਲ ਨਾਲ ਆਪਣੀ ਭਾਸ਼ਾ ਨੂੰ ਅਪਣਾਇਆ ਨਹੀਂ ਅਤੇ ਪੰਜਾਬੀ ਸਾਹਿਤ ਨੂੰ ਪੜ੍ਹਨ ਵਿੱਚ ਉਹ ਦਿਲਚਸਪੀ ਨਹੀਂ ਲਈ ਜਿਵੇਂ ਇੱਕ ਜਿਉਂਦੀ ਜਾਗਦੀ ਕੌਮ ਆਪਣੇ ਸਾਹਿਤ ਪ੍ਰਤੀ ਮਾਨਵੀ ਫ਼ਰਜ਼ ਵਜੋਂ ਲੈਂਦੀ ਹੈ। ਇਸ ਲਈ ਪੰਜਾਬੀ ਸਾਹਿਤ ਦੇ ਪਾਠਕਾਂ ਦੀ ਘਾਟ ਹੈ। ਹਾਂ, ਪੰਜਾਬੀ ਅਖ਼ਬਾਰਾਂ ਦੇ ਵਧਣ ਕਰਕੇ ਇਨ੍ਹਾਂ ਵਿੱਚ ਕਾਫ਼ੀ ਮਾਤਰਾ ਵਿੱਚ ਸਾਹਿਤ ਉਪਲਭਦ ਹੁੰਦਾ ਹੈ। ਜਿਸ ਨਾਲ ਕਾਫ਼ੀ ਪਾਠਕਾਂ ਦੀ ਤ੍ਰਿਪਤੀ ਹੋ ਜਾਂਦੀ ਹੈ। ਪ੍ਰੰਤੂ ਬਹੁਤ ਸਾਰਾ ਗੰਭੀਰ ਸਾਹਿਤ ਪੁਸਤਕਾਂ ਵਿੱਚ ਹੀ ਛਪਦਾ ਹੈ। ਇਸ ਲਈ ਪੁਸਤਕਾਂ ਨਾਲ ਜੁੜਨ ਲਈ ਗੰਭੀਰ ਪਾਠਕਾਂ ਦੀ ਲੋੜ ਹੈ। ਤੀਜੀ ਗੱਲ ਪੰਜਾਬੀ ਸਾਹਿਤਕਾਰਾਂ ਵਿੱਚ ਏਕਤਾ ਦੀ ਵੀ ਘਾਟ ਹੈ। ਪੰਜਾਬੀ ਸਾਹਿਤਕਾਰਾਂ ਨੇ ਮਿਲਵੇਂ-ਜੁਲਵੇਂ ਯਤਨਾਂ ਰਾਹੀਂ ਏਕਤਾ ਵਿੱਚ ਪਰੁੱਚ ਕੇ ਪਬਲਿਸ਼ਰਾਂ ਸਾਹਮਣੇ ਆਪਣੇ ਵੱਲੋਂ ਰਚੇ ਜਾ ਰਹੇ ਸਾਹਿਤ ਪ੍ਰਤੀ ਅਹਿਮੀਅਤ ਵੀ ਨਹੀਂ ਜਤਲਾਈ। ਏਕਤਾ ਵਿੱਚ ਬੱਝ ਕੇ ਜਦੋਂ ਗੱਲ ਪਬਲਿਸ਼ਰਾਂ ਕੋਲ਼ ਪੁਜੇਗੀ ਤਾਂ ਉਹ ਵੀ ਮਜਬੂਰ ਹੋਣਗੇ। ਪੰਜਾਬੀ ਲੇਖਕਾਂ ਦਾ ਇਹ ਵੀ ਫ਼ਰਜ਼ ਹੈ ਕਿ ਉਹ ਪੰਜਾਬ ਸਰਕਾਰ ਪਾਸ ਪੰਜਾਬੀ ਸਾਹਿਤ ਦੇ ਵਿਕਾਸ ਲਈ ਜ਼ੋਰ ਪਾਉਣ। ਉਹ ਇਸ ਲਈ ਲਾਇਬਰੇਰੀਆਂ ਵੀ ਖੋਲ੍ਹੇ ਅਤੇ ਮਿਆਰ ਨੂੰ ਸਾਹਮਣੇ ਰੱਖ ਕੇ ਲੇਖਕਾਂ ਦੀਆਂ ਪੁਸਤਕਾਂ ਲਾਇਬਰੇਰੀਆਂ ਲਈ ਖ਼ਰੀਦਣ। ਇਸ ਤਰ੍ਹਾਂ ਲੇਖਕਾਂ ਦੀ ਪੁੱਛ ਪ੍ਰਤੀਤ ਹੋਵੇਗੀ। ਲੇਖਕਾਂ ਦਾ ਵੀ ਫ਼ਰਜ਼ ਹੈ ਕਿ ਉਹ ਆਪਣੀਆਂ ਰਚਨਾਵਾਂ ਨੂੰ ਨਿੱਗਰਤਾ ਪ੍ਰਦਾਨ ਕਰਨ ਤਾ ਕਿ ਪੰਜਾਬੀ ਸਾਹਿਤ ਦੀ ਇੱਕ ਵਿਲੱਖਣ ਪ੍ਰਤਿਭਾ ਬਣ ਜਾਵੇ। ਕੋਈ ਇਹ ਨਾ ਕਹਿ ਸਕੇ ਕਿ ਪੰਜਾਬੀ ਸਾਹਿਤ ਤਾਂ ਕਚਰਾ ਸਾਹਿਤ ਹੈ। ਪਬਲਿਸ਼ਰਾਂ ਨੂੰ ਵੀ ਚਾਹੀਦਾ ਹੈ ਕਿ ਪੁਸਤਕਾਂ ਪ੍ਰਕਾਸ਼ਤ ਕਰਨ ਦੇ ਨਾਲ ਨਾਲ ਇਨ੍ਹਾਂ ਦੀ ਮੰਗ ਪੈਦਾ ਕਰਨ ਲਈ ਵਿਸ਼ੇਸ਼ ਯਤਨ ਕਰਨ ਤਾਂ ਕਿ ਉਨ੍ਹਾਂ ਦੇ ਨਾਲ ਨਾਲ ਸਾਹਿਤਕਾਰਾਂ ਨੂੰ ਵੀ ਕੀਤੀ ਮਿਹਨਤ ਦਾ ਕੁਝ ਫਲ਼ ਪ੍ਰਾਪਤ ਹੋਵੇ।

ਵਿੱਦਿਅਕ ਵਿਉਪਾਰ

? ਤੁਸੀਂ ਪੰਜਾਬ ਆਉਂਦੇ ਜਾਂਦੇ ਰਹਿੰਦੇ ਹੋ। ਵਿੱਦਿਆ ਦੇ ਖੇਤਰ ਵਿੱਚ ਤੁਹਾਡੀ ਦਿਲਚਸਪੀ ਰਹੀ ਹੈ। ਪਿਛਲੇ ਕੁਝ ਸਮੇਂ ਤੋਂ ਖ਼ਾਸ ਕਰਕੇ ਪੰਜਾਬ ਵਿੱਚ ਪ੍ਰਾਈਵੇਟ ਸਕੂਲਾਂ ਦਾ ਰੁਝਾਨ ਤਾਂ ਸੀ ਹੀ, ਪਰ ਹੁਣ ਤਾਂ ਬਹੁਤ ਸਾਰੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਵੀ ਖੁੱਲ੍ਹ ਗਈਆਂ ਹਨ। ਤੁਸੀਂ ਇਸ ਰੁਝਾਨ ਨੂੰ ਕਿਸ ਤਰ੍ਹਾਂ ਦੇਖਦੇ ਹੋ। ਇਸ ਰੁਝਾਨ ਦੇ ਕਿਸ ਤਰ੍ਹਾਂ ਦੇ ਸਿੱਟੇ ਨਿਕਲ ਸਕਦੇ ਹਨ?

– ਪੰਜਾਬ ਦੇ ਵਿੱਦਿਆ ਖੇਤਰ ਦਾ ਹਾਲ ਚੰਗਾ ਨਹੀਂ ਹੈ। ਕਿਉਂਕਿ ਪ੍ਰਾਈਵੇਟ ਅਦਾਰਿਆਂ ਦੇ ਹੱਥ ਆ ਕੇ ਵਿੱਦਿਆ ਇੱਕ ਵਿਉਪਾਰ ਬਣਦੀ ਜਾ ਰਹੀ ਹੈ। ਵਿੱਦਿਆ ਸਰਕਾਰੀ ਹੱਥਾਂ ਵਿੱਚ ਹੀ ਚਾਹੀਦੀ ਹੈ। ਪ੍ਰੰਤੂ ਸਰਕਾਰ ਪ੍ਰਾਈਵੇਟ ਸੈਕਟਰ ਨੂੰ ਤਰਜੀਹ ਦੇ ਰਹੀ ਹੈ, ਜਿਸ ਨਾਲ ਵਿੱਦਿਅਕ ਸਿਸਟਮ ਗੜਬੜਾ ਰਿਹਾ ਹੈ। ਪੰਜਾਬੀ ਭਾਸ਼ਾ ਦੇ ਡਿੱਗਦੇ ਮਿਆਰ ਤੋਂ ਤੁਸੀਂ ਅੰਦਾਜ਼ਾ ਲੱਗਾ ਸਕਦੇ ਹੋ।

? ਤੁਸੀਂ ਬਰਤਾਨਵੀ ਵਿਦਿਅਕ ਸਿਸਟਮ ਨੂੰ ਬਹੁਤ ਨੇੜਿਉਂ ਦੇਖਿਆ ਹੈ। ਇੰਡੀਆ ਦੇ ਪ੍ਰਾਈਵੇਟ ਸਕੂਲਾਂ ਅਤੇ ਇੰਗਲੈਂਡ ਦੇ ਪ੍ਰਾਈਵੇਟ ਸਕੂਲਾਂ ਵਿੱਚ ਕੀ ਅੰਤਰ ਸਮਝਦੇ ਹੋ?

– ਇੱਥੇ ਆਮ ਸਕੂਲ ਤਾਂ ਕਾਊਂਸਲ ਸਕੂਲ ਭਾਵ ਸਰਕਾਰੀ ਸਕੂਲ ਹਨ। ਕੁਝ ਪ੍ਰਾਈਵੇਟ ਸਕੂਲ ਵੀ ਹਨ। ਪ੍ਰੰਤੂ ਉਨ੍ਹਾਂ ਦਾ ਸਿਸਟਮ ਵੀ ਸਰਕਾਰੀ ਨਿਯਮਾਂ ਅਨੁਸਾਰ ਹੀ ਚੱਲ ਰਿਹਾ ਹੈ। ਇੱਕ ਗਰਾਮਰ ਸਕੂਲ ਵੀ ਹਨ, ਜਿੱਥੇ ਹੁਸ਼ਿਆਰ ਵਿਦਿਆਰਥੀਆਂ ਨੂੰ ਹੀ ਸਥਾਨ ਮਿਲਦਾ ਹੈ। ਭਾਵ ਉਹੀ ਬੱਚੇ ਦਾਖ਼ਲਾ ਪ੍ਰਾਪਤ ਕਰ ਸਕਦੇ ਹਨ, ਜੋ ਮੈਰਿਟ ਦੇ ਤੌਰ ਤੇ ਵੱਧ ਨੰਬਰ ਪ੍ਰਾਪਤ ਕਰ ਲੈਂਦੇ ਹਨ। ਨਿਰਸੰਦੇਹ ਇਨ੍ਹਾਂ ਸਕੂਲਾਂ ਦਾ ਮਿਆਰ ਉੱਚਾ ਹੁੰਦਾ ਹੈ। ਇੰਡੀਆ ਦੇ ਪ੍ਰਾਈਵੇਟ ਸਕੂਲ ਤਾਂ ਆਪਣੇ ਸ਼ਹਿਰਾਂ ਦੇ ਹਰ ਮੁਹਲੇ ਵਿੱਚ ਇੱਕ ਤਰ੍ਹਾਂ ਦੀਆਂ ਦੁਕਾਨਾਂ ਹਨ, ਇਨ੍ਹਾਂ ਦਾ ਮਿਆਰ ਨਾਲ ਕੋਈ ਲੈਣਾ ਦੇਣਾ ਨਹੀਂ, ਕੋਈ ਨਿਯਮ ਨਹੀਂ, ਕੋਈ ਪੁੱਛ ਗਿੱਛ ਨਹੀਂ। ਇੰਡੀਆ ਵਿੱਚ ਜਿਸ ਕੋਲ ਪੈਸਾ ਹੈ, ਉਹ ਮਹਿੰਗੇ ਤੇ ਮਿਆਰੀ ਸਕੂਲਾਂ ਵਿੱਚ ਪੜ੍ਹਾ ਰਹੇ ਹਨ। ਇੰਗਲੈਂਡ ਦੇ ਤਾਂ ਪਬਲਿਕ ਸਕੂਲਾਂ ਮਿਆਰ ਵੀ ਬਹੁਤ ਉੱਚਾ ਹੈ।

ਅਨੁਵਾਦਿਤ ਸਾਹਿਤ ਅਤੇ ਪਾਠਕ

? ਇੰਗਲੈਂਡ ਵਿੱਚ ਪੰਜਾਬੀ ਸਾਹਿਤ ਦਾ ਅਨੁਵਾਦ ਨਵੀਂ ਪੀੜ੍ਹੀ ਨੂੰ ਆਪਣੇ ਕਲਚਰ ਨਾਲ ਜੋੜਨ ਲਈ ਜਾਂ ਪੰਜਾਬੀ ਸਾਹਿਤ ਦੂਜੇ ਭਾਸ਼ਾਵਾਂ ਦੇ ਲੋਕਾਂ ਲਈ ਜੇਕਰ ਉਪਲੱਬਧ ਹੁੰਦਾ ਹੈ ਤਾਂ ਇਸ ਦੀ ਗੰਭੀਰਤਾ ਨੂੰ ਦੂਜੀਆਂ ਬੋਲੀਆਂ ਵਾਲੇ ਵੀ ਸਮਝ ਸਕਦੇ ਹਨ। ਜਿਸ ਤਰ੍ਹਾਂ ਪਿੱਛੇ ਜਿਹੇ ਤੁਹਾਡੀ ਕਿਤਾਬ ‘ਜ਼ਬਤ ਸ਼ੁਦਾ ਪੰਜਾਬੀ ਕਵਿਤਾ’ ਦਾ ਅਨੁਵਾਦ ਹੋਇਆ ਹੈ। ਕੀ ਇਹੋ ਜਿਹੇ ਹੋਰ ਉਪਰਾਲੇ ਵੀ ਹੋ ਰਹੇ ਹਨ?

– ਸਤਨਾਮ ਜੀ, ਹੈ ਤਾਂ ਇਹ ਗੱਲ ਚੰਗੀ, ਪਰ ਇਹ ਵਰਤਾਰਾ ਨਿੱਜੀ ਤੌਰ ਤੇ ਹੀ ਵਰਤ ਰਿਹਾ ਹੈ। ਕਈ ਲੇਖਕਾਂ ਨੇ ਆਪਣੀਆਂ ਪੁਸਤਕਾਂ ਨੂੰ ਅੰਗਰੇਜ਼ੀ ਵਿੱਚ ਅਨੁਵਾਦਿਤ ਰੂਪ ਵਿੱਚ ਪ੍ਰਕਾਸ਼ਤ ਕਰਵਾਇਆ ਹੈ। ਪਰ ਮੈਂ ਅਜਿਹੀ ਅਨੁਵਾਦਿਤ ਹੋਈ ਪੁਸਤਕ ਬਾਰੇ ਚਰਚਾ ਨਹੀਂ ਸੁਣੀ। ਦਰਅਸਲ ਮੈਨੂੰ ਜਾਪਦਾ ਹੈ ਕਿ ਸਾਡੇ ਸਾਹਿਤ ਦੀ ਅੰਗਰੇਜ਼ੀ ਆਦਿ ਭਾਸ਼ਾਵਾਂ ਵਿੱਚ ਪਛਾਣ ਨਹੀਂ ਬਣ ਸਕੀ। ਅਸਲ ਵਿੱਚ ਪੰਜਾਬੀ ਸਾਹਿਤਕਾਰਾਂ ਨੂੰ ਅੰਗਰੇਜ਼ੀ ਸਾਹਿਤ ਦੀਆਂ ਸੰਸਥਾਵਾਂ ਨਾਲ ਮਿਲ ਕੇ ਆਪਣੇ ਰਚੇ ਸਾਹਿਤ ਨੁੰ ਪੇਸ਼ ਕਰਨਾ ਚਾਹੀਦਾ ਹੈ। ਫਿਰ ਪੁਣਛਾਣ ਤੋਂ ਬਾਅਦ ਸਾਡੇ ਸਾਹਿਤ ਨੂੰ ਪ੍ਰਵਾਨਗੀ ਮਿਲ ਸਕਦੀ ਹੈ। ਸਵਾਲ ਤੁਹਾਡਾ ਬੜਾ ਡੂੰਘਾ ਹੈ ਤੇ ਵਿਚਾਰਨਯੋਗ ਹੈ। ਸਵਾਲ ਇਹ ਵੀ ਹੈ ਕਿ ਦੂਜੇ ਮੁਲਕ ਵਿੱਚ ਆ ਕੇ ਆਪਣੀ ਪਛਾਣ ਬਣਾਉਣੀ, ਆਪਣੇ ਸਾਹਿਤ ਦੀ ਪ੍ਰਮਾਣਿਕਤਾ ਦਵਾਉਣੀ ਬੜੇ ਔਖੇ ਮਸਲੇ ਹਨ। ਪਹਿਲੀ ਪੀੜ੍ਹੀ ਆਪਣੇ ਆਪ ਨੂੰ ਸੈੱਟਲ ਕਰਦੀ, ਬੱਚਿਆਂ ਲਈ ਸੁੱਖ ਸੁਵਿਧਾਵਾਂ ਪ੍ਰਦਾਨ ਕਰਕੇ ਆਪਣੇ ਫ਼ਰਜ਼ਾਂ ਦੀ ਪਾਲਣਾ ਵਿੱਚ ਸਮਾਂ ਬਿਤਾ ਦਿੰਦੀ ਹੈ। ਦੱਸੀਆਂ ਹਾਲਾਤਾਂ ਅਨੁਸਾਰ ਪੰਜਾਬੀ ਪਹਿਲੀ ਪੀੜ੍ਹੀ ਤੱਕ ਸੀਮਤ ਹੋ ਜਾਂਦੀ ਹੈ। ਜੇ ਇਹ ਗੱਲ ਅੱਗੇ ਤੁਰਦੀ ਤਾਂ ਵਿਕਾਸ ਦੇ ਲੀਹੇ ਪੈਣ ਵਾਲੀ ਗੱਲ ਹੋ ਸਕਦੀ ਸੀ। ਪ੍ਰੰਤੂ ਪਰਵਾਸੀਆਂ ਦੀ ਹਾਲਤ ਅਨੁਸਾਰ ਹੀ ਸਾਡੇ ਸਾਹਿਤ ਦੀ ਸਥਿਤੀ ਬਣਦੀ ਹੈ। ਪ੍ਰੰਤੂ ਜੇ ਨਵੀਨ ਪੀੜ੍ਹੀ ਆਪਣੇ ਸਭਿਆਚਾਰ ਨੂੰ ਜਾਨਣ ਲਈ ਚੇਤੰਨ ਹੋ ਜਾਂਦੀ ਹੈ, ਤਾਂ ਅਨੁਵਾਦਿਤ ਕਾਰਜ ਬੜਾ ਲਾਹੇਵੰਦ ਸਾਬਤ ਹੋ ਸਕਦਾ ਹੈ। ਮੇਰਾ iਖ਼ਆਲ ਹੈ ਕਿ ਸਾਡੀ ਕਮਿਊਨਿਟੀ ਨੂੰ ਇਸ ਪਾਸੇ ਨਿਰੰਤਰ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ।

? ਜਿੱਥੇ ਤੁਸੀਂ ਪ੍ਰੋ. ਪ੍ਰੀਤਮ ਸਿੰਘ ਜੀਵਨ, ਸ਼ਖਸੀਅਤ ਅਤੇ ਰਚਨਾ ਵਰਗੀ ਵੱਡ-ਅਕਾਰੀ ਪੁਸਤਕ ਦੀ ਸੰਪਾਦਨਾ ਕੀਤੀ, ਉੱਥੇ ਦੋ ਹੋਰ ਕਿਤਾਬਾਂ ਗਿ. ਮੱਖਣ ਸਿੰਘ ਮ੍ਰਗਿੰਦ ਅਭਿਨੰਦਨ ਗ੍ਰੰਥ ਅਤੇ ਹਰਦੇਵ ਸਿੰਘ ਢੇਸੀ ਵਰਗੇ ਲੋਕ-ਹਿਤੂ ਤੇ ਰਾਜਨੀਤਕ ਘੁਲਾਟੀਏ ਦੇ ਲੇਖਾਂ ਦਾ ਸੰਗ੍ਰਹਿ ਵੀ ਸੰਪਾਦਨ ਕੀਤਾ। ਇਨ੍ਹਾਂ ਸਾਰੇ ਮੁਸ਼ਕਲ ਕੰਮਾਂ ਨੂੰ ਸਿਰੇ ਚਾੜ੍ਹਨ ਦਾ ਸਬੱਬ ਕਿਸ ਤਰ੍ਹਾਂ ਬਣਿਆ?

– ਗਿ. ਮੱਖਣ ਸਿੰਘ ਮ੍ਰਗਿੰਦ ਇੰਟਰਨੈਸ਼ਨਲ ਪੰਜਾਬੀ ਸਾਹਿਤ ਸਭਾ ਦੇ ਜੀਵਨ ਸਰਪ੍ਰਸਤ ਸਨ। ਉਹ ਬੜੇ ਹਠੀ ਸਨ, ਮਿਹਨਤੀ ਸਨ। ਸਾਹਿਤਕਾਰੀ ਅਤੇ ਕਾਰਜਕਾਰੀ ਕੰਮਾਂ ਵਿੱਚ ਨਿਰੰਤਰ ਰੁਝੇ ਰਹਿੰਦੇ ਸਨ। ਸਭਾ ਨੇ ਉਨ੍ਹਾਂ ਪ੍ਰਤੀ ਸ਼ਰਧਾ ਹਿਤ ਅਭਿਨੰਦਨ ਕਰਨ ਲਈ ਹੁਕਮ ਕੀਤਾ, ਤਾਂ ਇਹ ਕਾਰਜ ਹੋ ਗਿਆ। ਹਰਦੇਵ ਸਿੰਘ ਢੇਸੀ ਸਮਾਜਕ ਤੇ ਰਾਜਨੀਤਕ ਪੱਧਰ ਦੇ ਨਾਲ ਨਾਲ ਸੁਲਝੇ ਹੋਏ ਸਾਹਿਤਕਾਰ ਵੀ ਸਨ। ਉਨ੍ਹਾਂ ਦੀ ਧਰਮ ਪਤਨੀ ਆਪਣੇ ਪਤੀ ਵੱਲੋਂ ਕੀਤੇ ਕਾਰਜ ਨੂੰ ਪਾਠਕਾਂ ਸਾਹਮਣੇ ਰੱਖਣ ਦੇ ਅਭਿਲਾਸ਼ੀ ਸਨ। ਪੰਜਾਬੀ ਪੇਰੈਂਟਸ ਐਸੋਸੀਏਸ਼ਨ ਦੇ ਉਹ ਰੂਹੇ-ਰਵਾਂ ਸਨ। ਸਭਾ ਨੇ ਮੈਨੂੰ ਹੁਕਮ ਕੀਤਾ ਤੇ ਇਹ ਵੀ ਮੈਂ ਸੁਹਿਰਦਤਾ ਸਹਿਤ ਨਿਭਾ ਦਿੱਤਾ। ਪ੍ਰੋ. ਪ੍ਰੀਤਮ ਸਿੰਘ ਜੀ ਸਾਡੇ ਪੰਜਾਬੀ ਸਾਹਿਤ ਦੇ ਮਾਣ ਸਨ। ਸਾਹਿਤ ਪੱਖੋਂ ਵਡੇਰੀ ਸ਼ਖ਼ਸੀਅਤ ਹੋਣ ਦੇ ਬਾਵਜੂਦ ਉਹ ਪੰਜਾਬੀ ਭਾਸ਼ਾ ਲਈ ਪੂਰਨ ਅਕੀਦਤ ਰੱਖਦੇ, ਇਸ ਦੇ ਹਿਤਾਂ ਲਈ ਓੜ੍ਹਦੇ ਤੇ ਪੰਜਾਬੀ ਭਾਸ਼ਾ ਦਾ ਬਣਦਾ ਸਥਾਨ ਦਿਵਾਣ ਲਈ ਪੰਜਾਬੀ ਪੱਤਰਾਂ ਵਿੱਚ ਨਿਰੰਤਰ ਲਿਖਦੇ ਰਹਿੰਦੇ ਸਨ। ਉਨ੍ਹਾਂ ਦੀ ਲੇਖਣੀ ਵਿੱਚੋਂ ਪੰਜਾਬੀ ਭਾਸ਼ਾ ਤੇ ਸਾਹਿਤ ਪ੍ਰਤੀ ਇੱਕ ਵਿਸ਼ੇਸ਼ ਤੇ ਵਿਲੱਖਣ ਖਿੱਚ ਝਲਕਦੀ ਸੀ। ਮੈਨੂੰ ਉਨ੍ਹਾਂ ਦਾ ਸਿੰਮ੍ਰਤੀ ਗ੍ਰੰਥ ਪ੍ਰਕਾਸ਼ਤ ਕਰਵਾ ਕੇ ਬੇਹੱਦ ਖੁਸ਼ੀ ਤੇ ਮਾਣ ਮਹਿਸੂਸ ਹੋਇਆ ਹੈ।

ਸਿਰਜਣਾਤਮਕ ਆਲੋਚਨਾ

? ਤੁਸੀਂ ਵੱਖ ਵੱਖ ਸਾਹਿਤਕ ਵਿਧਾਵਾਂ ਵਿੱਚ ਸਿਰਜਣਾਤਿਕ ਰਚਨਾ ਦੇ ਨਾਲ ਨਾਲ ਆਲੋਚਨਾ ਦਾ ਵੀ ਕਾਰਜ ਕੀਤਾ ਹੈ, ਕੀ ਤੁਸੀਂ ਇਸ ਨਾਲ ਸੰਤੁਸ਼ਟ ਹੋ?

– ਆਲੋਚਨਾ ਦਾ ਖੇਤਰ ਬਹੁਤ ਵਿਸ਼ਾਲ ਹੈ। ਮੈਂ ਆਪਣੇ ਤੌਰ ਤੇ ਜੋ ਕੁਝ ਕਰ ਸਕਿਆ ਹਾਂ, ਉਸ ਨਾਲ ਸੰਤੁਸ਼ਟ ਤਾਂ ਹਾਂ। ਪਰ ਇਸ ਖੇਤਰ ਦੀ ਵਿਸ਼ਾਲਤਾ ਨੂੰ ਸਾਹਮਣੇ ਰੱਖ ਕੇ ਮੈਂ ਆਪਣੀ ਸੀਮਾਂ ਅਨੁਸਾਰ ਹੀ ਕੰਮ ਕਰ ਸਕਿਆ ਹਾਂ। ਹਰ ਅਧਿਐਨ ਕਰਤਾ ਦੀ ਆਪਣੀ ਆਪਣੀ ਸੀਮਾਂ ਹੁੰਦੀ ਹੈ। ਕਿੰਨੀਆਂ ਵਿਧਾਵਾਂ ਹਨ ਤੇ ਅਗੋਂ ਕਿੰਨੇ ਪਾਸਾਰ ਹਨ। ਸਾਡੇ ਆਲੋਚਕਾਂ ਨੇ ਬਹੁਤ ਵਿਧਾਵਾਂ ਵਿੱਚ ਕਾਰਜ ਕੀਤਾ ਹੈ। ਸਾਡੇ ਸਿਰਮੌਰ ਆਲੋਚਕ ਪ੍ਰਿੰ: ਸੰਤ ਸਿੰਘ ਸੇਖੋਂ, ਪ੍ਰੋ. ਕਿਸ਼ਨ ਸਿੰਘ, ਡਾ. ਹਰਿਭਜਨ ਸਿੰਘ, ਡਾ. ਅਤਰ ਸਿੰਘ, ਡਾ. ਕੇਸਰ ਸਿੰਘ ਕੇਸਰ, ਡਾ. ਟੀ. ਆਰ. ਵਿਨੋਦ ਅਤੇ ਜੋਗਿੰਦਰ ਸਿੰਘ ਰਾਹੀ ਆਦਿ ਨੇ ਭਿੰਨ ਭਿੰਨ ਵਿਧਾਵਾਂ ਨੂੰ ਆਪਣੇ ਅਧਿਐਨ ਖੇਤਰ ਹੇਠ ਲਿਆਂਦਾ ਹੈ। ਮੌਜੂਦਾ ਆਲੋਚਕਾਂ ਵਿੱਚ ਡਾ. ਹਰਿਭਜਨ ਭਾਟੀਆ, ਡਾ. ਸਰਬਜੀਤ ਸਿੰਘ, ਡਾ. ਸੁਖਦੇਵ ਸਿੰਘ ਸਿਰਸਾ, ਡਾ. ਬ੍ਰਹਮ ਜਗਦੀਸ਼ ਸਿੰਘ, ਡਾ. ਰਘਬੀਰ ਸਿਰਜਣਾ ਨੇ ਵੀ ਬਹੁਤ ਕਾਰਜ ਕੀਤਾ ਹੈ। ਪੰ੍ਰਤੂ ਹਰ ਸਮੀਖਿਆਕਾਰ ਨੂੰ ਕਿਸੇ ਨਾ ਕਿਸੇ ਇੱਕ ਵਿਧਾ ਤੱਕ ਹੀ ਸੀਮਤ ਰਹਿਣਾ ਚਾਹੀਦਾ ਹੈ। ਹੁਣ ਪੰਜਾਬੀ ਸਾਹਿਤ ਇੰਨਾ ਵਿਸ਼ਾਲ ਹੋ ਚੁੱਕਿਆ ਹੈ ਕਿ ਸਾਰੇ ਸਾਹਿਤ ਨੂੰ ਹੰਘਾਲਣਾ ਅਤਿ ਮੁਸ਼ਕਲ ਕਾਰਜ ਹੈ। ਕਿਸੇ ਇੱਕ ਵਿਧਾ ਵਿੱਚ ਨਿੱਠ ਕੇ ਕੀਤਾ ਹੋਇਆ ਕੰਮ ਜ਼ਿਆਦਾ ਪਾਏਦਾਰ ਹੋ ਸਕਦਾ ਹੈ।

? ਆਲੋਚਨਾ ਕਾਰਜ ਦੀ ਤੁਹਾਡੀ ਵਿਧੀ ਕਿਹੜੀ ਹੈ?

– ਹਰ ਲੇਖਕ ਦਾ ਆਪਣਾ ਦ੍ਰਿਸ਼ਟੀਕੋਣ ਹੁੰਦਾ ਹੈ, ਨਜ਼ਰੀਆ ਹੁੰਦਾ ਹੈ ਤੇ ਪ੍ਰਾਪਤ ਵਸਤੂ ਨੂੰ ਨਿਭਾਉਣ ਦੀ ਵਿਧੀ ਵੀ ਉਸ ਦੀ ਆਪਣੀ ਹੁੰਦੀ ਹੈ। ਸਭ ਤੋਂ ਪਹਿਲਾਂ ਅਧਿਅਨ ਹੇਠ ਟੈਕਸਟ ਦੀ ਸਮਝ ਜ਼ਰੂਰੀ ਬਣਦੀ ਹੈ ਜਿਸ ਲਈ ਨਿੱਠ ਕੇ ਇਸ ਦਾ ਪਾਠ ਕਰਨਾ ਬਹੁਤ ਲਾਜ਼ਮੀ ਹੈ। ਇਨ੍ਹਾਂ ‘ਚੋਂ ਉੱਭਰਦੇ ਨੁਕਤਿਆਂ ਬਾਰੇ ਤੇ ਟੈਕਸਟ ਦੀ ਅੰਦਰਲੀ ਸਮਝ ਅਨੁਸਾਰ ਜਾਣਕਾਰੀ ਤੇ ਗਿਆਨ ਹਾਸਲ ਕਰਨਾ ਹੁੰਦਾ ਹੈ। ਫਿਰ ਪ੍ਰਾਪਤ ਗਿਆਨ ਤੇ ਅਨੁਭਵ ਦੇ ਆਸਰੇ ਆਲੋਚਨਾਤਮਕ ਨਿਰਣਿਆਂ ਨੂੰ ਸਾਕਾਰ ਕਰਨਾ ਹੰਦਾ ਹੈ। ਕਿਸੇ ਵੀ ਰਚਨਾ ਬਾਰੇ ਉਸ ਦੇ ਸਾਕਾਰਾਤਮਿਕ ਪੱਖਾਂ ਬਾਰੇ ਪ੍ਰਸੰਸਾਤਮਿਕ ਮੁਲਾਂਕਣ ਬਣਦਾ ਹੈ। ਜੇ ਵਿਸ਼ੇਸ਼ ਗੱਲ ਹੋਵੇ ਤਾਂ ਸਹਿਜਤਾ ਤੇ ਕਲਾਤਮਕ ਸ਼ੈਲੀ ਰਾਹੀਂ ਆਪਣਾ ਕਿੰਤੂ ਪ੍ਰੰਤੂ ਦੇਣਾ ਬਣਦਾ ਹੈ। ਪਰ ਸੁਹਿਰਦਤਾ ਰੱਖਣੀ ਬਹੁਤ ਜ਼ਰੂਰੀ ਹੈ।

? ਤੁਸੀਂ ਆਪਣਾ ਖੋਜ-ਕਾਰਜ ‘ਜ਼ਬਤ-ਸ਼ੁਦਾ ਪੰਜਾਬੀ ਕਵਿਤਾ’ ਬਾਰੇ ਕੀਤਾ ਹੈ। ਜ਼ਬਤੀ ਸਾਹਿਤ ਹੋਰ ਕਿਸੇ ਵਿਧਾ ਵਿੱਚ ਵੀ ਹੋਇਆ ਹੈ?

– ਹਾਂ, ਕਵਿਤਾ ਤੋਂ ਇਲਾਵਾ ਵਾਰਤਕ ਵਿੱਚ ਰਚਿਆ ਸਾਹਿਤ ਵੀ ਜ਼ਬਤ ਹੋਇਆ ਹੈ। ਪਰ ਹਰ ਪਾਸੇ ਕਾਰਜ ਕਰਨਾ ਮੁਸ਼ਕਲ ਕੰਮ ਬਣ ਜਾਂਦਾ ਹੈ। ਜਦੋਂ ਕਿ ਮੇਰੇ ਕੇਸ ਵਿੱਚ ਗੱਲ ਇਹ ਹੈ ਕਿ ਮੈਂ ਪਰਵਾਸੀ ਸਾਹਿਤ ਨਾਲ ਵੀ ਜੁੜ ਗਿਆ ਸਾਂ। ਪ੍ਰੰਤੂ ਰਾਸ਼ਟਰੀ ਲਹਿਰਾਂ ਨਾਲ ਖ਼ਾਸ ਕਰਕੇ ਗ਼ਦਰ ਲਹਿਰ ਨਾਲ ਸੰਬੰਧਿਤ ਕਾਫ਼ੀ ਕਾਰਜ ਵਾਰਤਕ ਬਾਰੇ ਹੋਇਆ ਹੈ। ਗਿ. ਕੇਸਰ ਸਿੰਘ ਦਾ ਕੰਮ ਬਹੁਤ ਮਹੱਤਵਪੂਰਣ ਹੈ। ਜਿਸ ਨੂੰ ਡਾ. ਕੇਸਰ ਸਿੰਘ ਕੇਸਰ ਨੇ ਸੰਪਾਦਤ ਕੀਤਾ ਹੈ। ਹੁਣ ਰਾਸ਼ਟਰੀ ਚੇਤਨਾ ਦੇ ਇਤਿਹਾਸ ਨੂੰ ਕਾਫੀ ਸਾਹਿਤਕਾਰਾਂ ਨੇ ਨਿਰਖਿਆ-ਪਰਖਿਆ ਹੈ ਵਿਸ਼ੇਸ਼ ਕਰਕੇ ਗ਼ਦਰ ਲਹਿਰ ਦੇ ਸਾਹਿਤ ਨੂੰ।

? ਤੁਸੀਂ ਆਪਣੀ ਲਿਖਤ ਨੂੰ ਛਪਵਾਉਣ ਲਈ ਉਤੇਜਿਤ ਹੁੰਦੇ ਸੀ ਜਾਂ ਸਹਿਜ-ਧੀਰੇ ਹੀ ਚਲਦੇ ਸੀ। ਰਚਨਾ ਛਪਣ ਤੇ ਕਿਵੇਂ ਮਹਿਸੂਸ ਕਰਦੇ ਸੀ। ਤੁਸੀਂ ਕਿਹੜੇ ਕਿਹੜੇ ਪਰਚਿਆਂ ਵਿੱਚ ਛਪਦੇ ਰਹੇ ਹੋ?

-ਰਚਨਾ ਛਪਵਾਉਣ ਲਈ ਮੈਂ ਬਹੁਤਾ ਕਾਹਲਾ ਤਾਂ ਨਹੀਂ ਸਾਂ। ਮੂਡ ਤੇ ਹੀ ਨਿਰਭਰ ਕਰਦਾ ਸੀ। ਰਚਨਾ ਛਪਣ ਤੇ ਅਕਿਹ ਖੁਸ਼ੀ ਮਿਲਦੀ ਸੀ। ਭਾਵੇਂ ਮੈਂ ਧੀਵਾਂ ਹੀ ਛਪਦਾ ਰਿਹਾ ਹਾਂ। ਪਰ ਬਹੁਤਿਆਂ ਪਰਚਿਆਂ ਵਿੱਚ ਛਪਦਾ ਰਿਹਾ ਹਾਂ। ਮੋਟੇ ਮੋਟੇ ਜੋ ਨਾਮ ਯਾਦ ਆ ਰਹੇ ਹਨ, ਉਹ ਇਹ ਹਨ:-ਪੰਜਾਬੀ ਦੁਨੀਆਂ, ਜਨ ਸਾਹਿਤ, ਦੇਸ ਪ੍ਰਦੇਸ, ਪੰਜਾਬ ਟਾਈਮਜ਼, ਪੰਜਾਬੀ ਦਰਪਣ, ਪੰਜਾਬੀ ਗਾਰਡੀਅਨ, ਰਚਨਾ, ਖੋਜ ਦਰਪਣ, ਅਕਸ, ਦਰਪਣ, ਸਮਕਾਲੀ ਸਾਹਿਤ, ਲੜੀ, ਆਰਸੀ, ਰੂਪਾਂਤਰ, ਚਿਰਾਗ, ਭਾਈ ਦਿੱਤ ਸਿੰਘ ਪੱਤਰਕਾ, ਗੁਰਮਿਤ ਪ੍ਰਕਾਸ਼, ਪੰਜਾਬੀ ਟ੍ਰਿਬਿਊਨ, ਐਤਵਾਰਤਾ ਅਤੇ ‘ਹੁਣ’, ਮਹਿਰਮ, ਅਜੀਤ ਤੇ ਜਥੇਦਾਰ ਇਤਿ ਆਦਿ।

? ਇਹ ਗੱਲ ਆਮ ਸੁਣਨ ਵਿੱਚ ਆਉਂਦੀ ਹੈ ਕਿ ਸਾਹਿਤ ਸਿਰਜਣਾਂ ਲਈ ਲਿਖਣਾ ਪੜ੍ਹਨਾ ਤੇ ਅਧਿਅਨ ਕਰਨਾ ਬੜਾ ਜ਼ਰੂਰੀ ਹੈ।ਇਹਦੇ ਬਾਰੇ ਤੁਹਾਡਾ ਕੀ iਖ਼ਆਲ ਹੈ?

-ਹਾਂ, ਬਿਲਕੁਲ ਠੀਕ ਹੈ। ਸਾਹਿਤਕਾਰੀ ਵਿੱਚ ਗਿਆਨ ਦਾ ਬੜਾ ਵੱਡਾ ਹੱਥ ਹੈ। ਤੁਹਾਡੇ ਅਨੁਭਵ ਨੂੰ ਅਮੀਰ ਬਣਾਉਣ ਵਿੱਚ ਬਹੁਪੱਖੀ ਗਿਆਨ ਦਾ ਹੋਣਾ ਅਤਿ ਜ਼ਰੂਰੀ ਹੈ। ਸਿਰਜਣਾਤਮਕ ਸਾਹਿਤ ਵਿੱਚ ਜਿੱਥੇ ਤੁਹਾਡੇ ਅਮੀਰ ਅਨੁਭਵ ਦੀ ਲੋੜ ਹੈ, ਉੱਥੇ ਲੋੜੀਂਦੇ ਗਿਆਨ ਦਾ ਆਪਣਾ ਮਹੱਤਵ ਹੈ। ਆਲੋਚਨਾਤਮਕ ਕਾਰਜ ਲਈ ਤਾਂ ਬਹੁਪੱਖੀ ਤੇ ਵਿਸ਼ਾਲ ਗਿਆਨ ਦੀ ਆਵੱਸ਼ਕਤਾ ਹੈ। ਗਿਆਨ ਦੀ ਅਮੀਰੀ ਐਸੀ ਹੈ ਕਿ ਜਿੰਨਾ ਪ੍ਰਾਪਤ ਕੀਤਾ ਜਾਵੇ, ਉੱਨਾਂ ਹੀ ਥੋੜਾ ਹੈ। ਜਿੱਥੇ ਗਿਆਨ ਸਾਹਿਤ ਦੀ ਅਮੀਰੀ ਲਈ ਜ਼ਰੂਰੀ ਹੈ ਉੱਥੇ ਤੁਹਾਡੇ ਵਿੱਚ ਅੱਗੇ ਤੋਂ ਅੱਗੇ ਜਾਨਣ ਦੀ ਚਾਹਤ ਲਈ ਵੀ ਜ਼ਰੂਰੀ ਹੈ ਅਤੇ ਇਹ ਤੁਹਾਡੇ ਕਿਰਦਾਰ ਨੂੰ ਹਉਂਮੈ ਰਹਿਤ ਵੀ ਕਰਦਾ ਹੈ। ਗਿਆਨ ਇੱਕ ਵਿਸ਼ਾਲ ਸਮੁੰਦਰ ਦੀ ਨਿਆਈਂ ਹੈ। ਜੇ ਇਸ ਗੱਲ ਨੂੰ ਧਿਆਨ ਵਿੱਚ ਰੱਖਿਆ ਜਾਵੇ ਤਾਂ ਹਉ ਰਹਿਤ ਬਣਨ ਵਿੱਚ ਮੱਦਦ ਵੀ ਮਿਲਦੀ ਹੈ।

ਸਾਹਿਤਕ ਦੋਸਤੀਆਂ ਅਤੇ ਯਾਦਾਂ

? ਕੈਂਬੋ ਸਾਹਿਬ, ਗੱਲ ਬਾਤ ਦੋਰਾਨ ਤੁਸੀਂ ਆਪਣੇ ਮਿੱਤਰਾਂ ਦੋਸਤਾਂ ਦਾ ਜ਼ਿਕਰ ਕੀਤਾ ਹੈ। ਤੁਹਾਡੀ ਜ਼ਿੰਦਗੀ ਵਿੱਚ ਉਨ੍ਹਾਂ ਦਾ ਯੋਗਦਾਨ ਕਿਹੋ ਜਿਹਾ ਰਿਹਾ?

– ਸਤਨਾਮ ਜੀ, ਜਿਸ ਤਰ੍ਹਾਂ ਮੈਂ ਦੋਸਤਾਂ ਬਾਰੇ ਪਹਿਲਾਂ ਵੀ ਗੱਲ ਕੀਤੀ ਹੈ, ਜ਼ਿੰਦਗੀ ਵਿੱਚ ਦੋਸਤਾਂ ਦਾ ਬੜਾ ਵੱਡਾ ਹੱਥ ਹੁੰਦਾ ਹੈ। ਬਚਪਨ ਦੇ ਦੋਸਤਾਂ ਦਾ ਨਾਤਾ ਤਾਂ ਜ਼ਿੰਦਗੀ ਵਿੱਚ ਚਲਦਾ ਹੀ ਰਹਿੰਦਾ ਹੈ। ਦੋਸਤਾਂ ਦਾ ਸਾਥ ਜ਼ਿੰਦਗੀ ਦੀਆਂ ਬੇਰੁੱਖੀਆਂ ਨੂੰ ਦੂਰ ਕਰਦਾ ਹੈ ਅੱਗੇ ਵੱਧਣ ਦਾ ਹੌਂਸਲਾ ਦਿੰਦਾ ਹੈ। ਦੋਸਤਾਂ ਦੀ ਸੰਗਤ ਵਿੱਚ ਤੁਹਾਡੇ ਗ਼ਮ ਫ਼ਿਕਰ ਵੀ ਤੁਹਾਡੇ ਤੋਂ ਦੂਰ ਰਹਿੰਦੇ ਹਨ। ਪਰ ਜ਼ਿੰਦਗੀ ਦੀ ਵਾਸਤਵਿਕਤਾ ਇਹ ਹੈ, ਸਮੇਂ ਦੇ ਅਨੁਸਾਰ ਨਵੇਂ ਰਿਸ਼ਤੇ ਬਣਦੇ ਜਾਂਦੇ ਹਨ। ਖ਼ਾਸ ਕਰਕੇ ਪਰਵਾਸ ਦੇ ਸੰਦਰਭ ਨਾਲ ਤਾਂ ਬਹੁਤ ਕੁਝ ਤਬਦੀਲ ਹੋ ਜਾਂਦਾ ਹੈ। ਜਿਸ ਤਰ੍ਹਾਂ ਮੈਂ ਸਾਹਿਤਕ ਦੋਸਤਾਂ ਦਾ ਵੀ ਜ਼ਿਕਰ ਕੀਤਾ ਹੈ। ਸਾਹਿਤਕ ਮਿੱਤਰਤਾ ਵੀ ਬੜਾ ਸੁਖਾਵਾਂ ਰੋਲ ਅਦਾ ਕਰਦੀ ਹੈ। ਹੁਣ ਮੇਰੇ ਦੋਸਤ ਪ੍ਰਿੰ: ਰਾਮ ਕਿਸ਼ਨ ਜੀ ਬਣੇ ਹਨ ਜੋ ਅੰਗਰੇਜ਼ੀ ਵਿੱਚ ਲਿਖ ਰਹੇ ਹਨ। ਮੈਂ ਉਨ੍ਹਾਂ ਨੂੰ ਪੰਜਾਬੀ ਵੱਲ ਵੀ ਪ੍ਰੇਰ ਰਿਹਾ ਹਾਂ। ਹਾਂ, ਬਚਪਨ ਦੇ ਮਿੱਤਰਾਂ ਨਾਲ ਨਾਤਾ ਬਰਕਰਾਰ ਰਹਿੰਦਾ ਹੈ। ਬਚਪਨ ਦੇ ਦੋਸਤਾਂ ਵਿੱਚ ਪਰਗਟ ਸਿੰਘ (ਸੰਗੀਤਕਾਰ), ਹਰਦੇਵ ਸਿੰਘ ਚਾਨਾ, ਨਵਿੰਦਰ ਸਿੰਘ ਚਾਨਾ, ਅਜੀਤ ਸਿੰਘ ਮਠਾਰੂ, ਕਰਮ ਸਿੰਘ ਠੇਕੇਦਾਰ ਅਤੇ ਸੁਰਿੰਦਰ ਸਿੰਘ ਮਠਾਰੂ (ਕੀਨੀਆ) ਨਾਲ ਦੋਸਤੀ ਕਾਇਮ ਹੈ। ਕਰਮ ਸਿੰਘ ਇੰਡੀਆ ਵਿੱਚ ਅਤੇ ਬਾਕੀ ਕੈਨੇਡਾ ਤੇ ਅਮਰੀਕਾ ਅਤੇ ਅਫ਼ਰੀਕਾ ਵਿੱਚ ਵੀ ਹਨ। ਮੇਰੇ ਤਿੰਨ ਦੋਸਤ ਜੋ ਬਹੁਤ ਗੂੜ੍ਹੇ ਸਨ ਉਹ ਸੰਸਾਰ ਨੂੰ ਛੱਡ ਗਏ ਹਨ। ਉਹ ਸਨ, ਰਾਧਾ ਰਾਮ, ਸਰਵਣ ਦਾਸ ਵਿਰਦੀ ਅਤੇ ਚੰਨਣ ਸਿੰਘ (ਚੰਨਾ)।

? ਤੁਹਾਡੇ ਜੀਵਨ ਦੀ ਕੋਈ ਐਸੀ ਯਾਦਗਾਰ ਘਟਨਾ ਜਿਸ ਨੇ ਤੁਹਾਨੂੰ ਕਦੇ ਮਾਨਸਿਕ ਜਾਂ ਸਰੀਰਕ ਤੌਰ ਤੇ ਬੇਅਰਾਮ ਕੀਤਾ ਹੋਵੇ?

– ਜ਼ਿੰਦਗੀ ਵਿੱਚ ਬੇਅੰਤ ਘਟਨਾਵਾਂ ਘਟੀਆਂ ਹਨ। ਕਿਸ ਕਿਸ ਦਾ ਜ਼ਿਕਰ ਕਰਾਂ। ਜੀਵਨ ਹੈ ਹੀ ਦੁੱਖਾਂ ਸੁੱਖਾਂ ਨਾਲ ਖਹਿ ਕੇ ਤੁਰਨ ਤੇ ਰਾਹ ਬਣਾਉਣ ਦਾ ਨਾਂ। ਬਚਪਨ ਵਿਚਲੀ ਗ਼ਰੀਬੀ ਨੇ ਮਾਨਸਿਕਤਾ ਨੂੰ ਭਰਪੂਰ ਛਿੱਲਿਆ। ਚੰਗਾ ਪੱਖ ਇਹ ਹੈ ਕਿ ਬਚਪਨ ਦੀ ਗ਼ਰੀਬੀ ਤੇ ਵਾਪਰਦੇ ਹਾਲਾਤਾਂ ਨੇ ਗ਼ਰੀਬੀ ਅਮੀਰੀ ਦੀ ਵਾਸਤਵਿਕਤਾ ਅਤੇ ਅਸਮਾਨਤਾ ਦੀ ਚੇਤਨਾ ਨਾਲ ਮੈਂ ਸੁਤੰਤਰਤਾ ਸੰਗਰਾਮ ਦੀਆਂ ਲਹਿਰਾਂ ਨਾਲ ਜੁੜਿਆ, ਜਿਸ ‘ਚੋˆ ਮੇਰੇ ਥੀਸਜ਼ ਦੇ ਵਿਸ਼ੇ ਦਾ ਆਗਾਜ਼ ਹੋਇਆ।

? ਡਾ. ਸਾਹਿਬ, ਬਹੁਤ ਸਾਰੇ ਲੇਖਕ ਆਪਣੀ ਜੀਵਨੀ ਲਿਖਣ ਦਾ ਉੱਦਮ ਵੀ ਕਰਦੇ ਹਨ, ਜਿਸ ਰਾਹੀਂ ਵਿਸਥਾਰ ਨਾਲ ਸਾਰੇ ਜੀਵਨ ਤੇ ਝਾਤ ਪੁਆਈ ਜਾਂਦੀ ਹੈ। ਕੀ ਤੁਸੀਂ ਵੀ ਕੋਈ ਐਹੋ ਜਿਹਾ ਉਪਰਾਲਾ ਕਰਨ ਦਾ ਮਨ ਬਣਾਇਆ ਹੈ?

– ਮੇਰੇ ਮਨ ਵਿੱਚ ਇਹੋ ਜਿਹਾ ਇਰਾਦਾ ਨਹੀਂ ਪਨਪਿਆ ਕਿਉਂਕਿ ਸਵੈ-ਜੀਵਨੀ ਉਹੋ ਹੀ ਲਿਖਦਾ ਹੈ, ਜਿਸ ਨੇ ਜ਼ਿੰਦਗੀ ਵਿੱਚ ਬੇਅੰਤ ਲਿਖਿਆ ਹੋਵੇ ਤੇ ਮਹਾਨ ਪ੍ਰਾਪਤੀਆਂ ਕੀਤੀਆਂ ਹੋਣ। ਪਰ ਹੈਰਾਨੀ ਦੀ ਗੱਲ ਹੈ ਕਿ ਮੇਰੇ ਨਿਕਟ ਵਰਤੀ ਦੋਸਤਾਂ ਨੇ ਵੀ ਮੈਨੂੰ ਸਵੈ-ਜੀਵਨੀ ਲਿਖਣ ਲਈ ਪ੍ਰੇਰਿਆ ਹੈ ਤਾਂ ਮੈਂ ਆਪਣੇ ਅੰਦਰ ਝਾਤੀ ਮਾਰ ਕੇ ਦੇਖ ਰਿਹਾ ਹਾਂ ਕਿ ਮੇਰੇ ਦੋਸਤਾਂ ਨੇ ਮੇਰੇ ਵਿੱਚ ਉਤਸਕਤਾ ਪੈਦਾ ਕੀਤੀ ਹੈ। ਗੰਭੀਰਤਾ ਨਾਲ ਸੋਚ ਰਿਹਾ ਹਾਂ ਕਿ ਮੈਂ ਇਸ ਵਿੱਚ ਸਫ਼ਲ ਹੋ ਸਕਾਂਗਾ ਕਿ ਨਹੀਂ। ਪਰ ਇਹ ਹੈ ਬੜਾ ਹੀ ਔਖਾ ਕਾਰਜ ਹੈ।

? ਤੁਹਾਡੇ ਸਾਹਿਤਕ ਕਾਰਜ ਪ੍ਰਤੀ ਕੋਈ ਮਿਲਿਆ ਮਾਣ ਸਨਮਾਨ?

– ਢਾਅ ਜੀ, ਉਂਝ ਤਾਂ ਭਾਵੇਂ ਕਈਆਂ ਸਮਾਗਮਾਂ ਤੇ ਰਵਾਇਤੀ ਮਾਣ ਸਨਮਾਨ ਹੋਇਆ ਹੈ ਪਰ ਤਿੰਨ ਮਾਣ ਸਨਮਾਨਾਂ ਦਾ ਜ਼ਿਕਰ ਮੇਰੇ ਲਈ ਮਾਣ ਵਾਲੀ ਗੱਲ ਹੈ। ਇੰਟਰਨੈਸ਼ਨਲ ਪੰਜਾਬੀ ਸਾਹਿਤ ਸਭਾ ਵੱਲੋਂ ਇੱਕ ਵਿਸ਼ੇਸ਼ ਸਮਾਗਮ ਕਰਕੇ ਮਾਣ ਕੀਤਾ ਗਿਆ, ਜਿਸ ਸਭਾ ਵਿੱਚ ਮੈਂ ਤਕਰੀਬਨ 25 ਸਾਲ ਕਾਰਜ ਕੀਤਾ ਹੈ। ਇਹ ਸਨਮਾਨ ਸਮਾਗਮ ਮੇਰੀ ਪੀਐੱਚ. ਡੀ. ਕਰਨ ਉਪਰੰਤ ਮੇਰੀ ਪੁਸਤਕ ‘ਜ਼ਬਤ ਸ਼ੁਦਾ ਪੰਜਾਬੀ ਕਵਿਤਾ’ ਦੇ ਛਪਣ ਤੇ ਕੀਤਾ ਗਿਆ। ਦੂਜਾ ਸਨਮਾਨ ਭਾਸ਼ਾ ਵਿਭਾਗ ਪੰਜਾਬ ਵੱਲੋਂ 2004 ਵਿੱਚ ‘ਸ਼੍ਰੋਮਣੀ ਪੰਜਾਬੀ ਸਾਹਿਤਕਾਰ ਵਿਦੇਸ਼ੀ ਪੁਰਸਕਾਰ’ ਦੇ ਤੌਰ ਤੇ ਦੇਣ ਸਮੇਂ ਹੋਇਆ ਹੈ। 2006 ਵਿੱਚ ਯੂਰਪੀਅਨ ਪੰਜਾਬੀ ਸੱਥ ਨੇ ਲੇਖਕ ਨੂੰ ‘ਡਾ. ਪ੍ਰੇਮ ਪ੍ਰਕਾਸ਼ ਸਿੰਘ ਐਵਾਰਡ’ ਨਾਲ ਨਿਵਾਜਿਆ ਹੈ।

ਮਾਨਸਿਕ ਸਕੂਨ

? ਤੁਹਾਡੀਆਂ ਲਿਖਤਾਂ ਨੇ ਤੁਹਾਡੇ ਜੀਵਨ ਤੇ ਵੀ ਕੋਈ ਪ੍ਰਭਾਵ ਪਾਇਆ?

– ਢਾਅ ਜੀ, ਤੁਹਾਡੀਆਂ ਲਿਖਤਾਂ ਤੁਹਾਨੂੰ ਜੀਵਨ ਵਿੱਚ ਸਕੂਨ ਬਖਸ਼ਦੀਆਂ ਹਨ। ਮਨ ਨੂੰ ਸੰਤੁਸ਼ਟਤਾ ਮਿਲਦੀ ਹੈ। ਕੋਈ ਵੀ ਲਿਖਤ ਜੀਵਨ ਤੋਂ ਹੀ ਪੈਦਾ ਹੁੰਦੀ ਹੈ। ਜਦੋਂ ਤੁਸੀਂ ਲਿਖ ਲੈਂਦੇ ਹੋ, ਤਾਂ ਤੁਹਾਨੂੰ ਇੱਕ ਅਜੀਬ ਤਰ੍ਹਾਂ ਦਾ ਅਹਿਸਾਸ ਹੁੰਦਾ ਹੈ, ਇਹ ਆਨੰਦਦਾਇਕ ਹੁੰਦਾ ਹੈ। ਇਹ ਅਜਿਹਾ ਸਰੂਰ ਹੈ ਜਿਸ ਨੂੰ ਬਿਆਨ ਕਰਨਾ ਮੁਸ਼ਕਲ ਹੈ। ਤੁਹਾਨੂੰ ਲਿਖਤਾਂ ਅੱਗੇ ਤੋਂ ਅੱਗੇ ਪ੍ਰੇਰਿਤ ਕਰਦੀਆਂ ਹਨ। ਇੱਕ ਦੀ ਪ੍ਰਾਪਤੀ ਦੂਜੀ ਲਿਖਤ ਲਈ ਪ੍ਰੇਰਣਾਦਾਇਕ ਹੁੰਦੀ ਹੈ। ਇਸ ਤਰ੍ਹਾਂ ਗਿਆਨ ਦੀ ਪ੍ਰਾਪਤੀ ਵੀ ਹੁੰਦੀ ਹੈ ਤੇ ਤੁਹਾਡੇ ਵੱਲੋਂ ਰਚਨਾਤਮਿਕ ਪ੍ਰਾਪਤੀ ਅੱਗੇ ਪਾਠਕਾਂ ਲਈ ਵੀ ਅਸਰ ਭਰਪੂਰ ਹੋ ਨਿਬੜਦੀ ਹੈ ਤਾਂ ਮਨ ਨੂੰ ਬੇਹੱਦ ਪ੍ਰਸੰਨਤਾ ਮਿਲਦੀ ਹੈ।

? ਕੈਂਬੋ ਸਾਹਿਬ, ਤਸੀਂ ਜ਼ਿਕਰ ਕਰ ਰਹੇ ਸੀ ਕਿ ਪੜ੍ਹਨ ਲਿਖਣ ਤੋਂ ਇਲਾਵਾ ਤੁਹਾਨੰ ਕਲਾਸੀਕਲ ਤੇ ਮਿਆਰੀ ਗੀਤ ਸੰਗੀਤ ਨਾਲ ਵੀ ਬੜਾ ਪਿਆਰ ਹੈ, ਇਹਦੇ ਬਾਰੇ ਕੁਝ ਦੱਸੋਗੇ? ਕੋਈ ਹੋਰ ਸ਼ੌਕ…?

– ਭਾਵੇਂ ਮੇਰਾ ਮੁੱਖ ਸੌਂਕ ਪੰਜਾਬੀ ਸਾਹਿਤ ਹੀ ਹੈ, ਇਹ ਇਸ਼ਕ ਵਾਂਗ ਹੈ। ਇਸ ਲਈ ਸਰੀਰਕ ਤੇ ਮਾਨਸਿਕ ਸਿਹਤ ਬਹੁਤ ਜ਼ਰੂਰੀ ਹੈ। ਸਿਹਤ ਠੀਕ ਰਵ੍ਹੇਗੀ ਤਾਂ ਪੜ੍ਹਨਾ ਲਿਖਣਾ ਜਾਰੀ ਰਹਿ ਸਕਦਾ ਹੈ। ਇਹੀ ਸਭ ਤੋਂ ਵੱਡੀ ਖੁਸ਼ੀ ਹੈ ਤੇ ਸੰਤੁਸ਼ਟਤਾ ਵੀ। ਮਨ ਦੀ ਸੰਤੁਸ਼ਟਤਾ ਲਈ ਸੰਗੀਤ ਵੀ ਇੱਕ ਖੁਰਾਕ ਵਾਂਗ ਹੈ, ਪਰ ਮੈਨੂੰ ਇਹ ਸੰਗੀਤ ਰੌਲੇ ਗੌਲੇ ਵਾਲਾ ਨਹੀਂ ਚਾਹੀਦਾ। ਕਲਾਸੀਕਲ, ਅਰਧ ਕਲਾਸੀਕਲ ਤੇ ਲਾਈਟ ਫ਼ਿਲਮੀ ਸੰਗੀਤ ਨਾਲ ਦਿਲ ਪਰਚਦਾ ਹੈ। ਜਿਸ ਨਾਲ ਸੁਹਜ ਸੁਆਦ ਤੇ ਸਕੂਨ ਮਿਲਦਾ ਹੈ। ਗੁਰਬਾਣੀ ਸੰਗੀਤ ਜੋ ਕਲਾਸੀਕਲ ਰਾਗਾਂ ਤੇ ਅਧਾਰਤ ਹੈ, ਕੀਰਤਨ ਕਹਿਲਾਉਂਦਾ ਹੈ। ਇਸ ਨਾਲ ਅਲੌਕਿਕ ਆਨੰਦ ਮਿਲਦਾ ਹੈ। ਪੰਜਾਬੀ ਦੇ ਕਲਾਕਾਰ ਜਿਵੇਂ ਸੁਰਿੰਦਰ ਕੋਰ, ਪ੍ਰਕਾਸ਼ ਕੌਰ, ਨਰਿੰਦਰ ਬੀਬਾ, ਜਗਮੋਹਨ ਕੋਰ ਤੇ ਆਸਾ ਸਿੰਘ ਮਸਤਾਨਾ, ਜਮ੍ਹਲਾ ਜੱਟ ਤੇ ਕੁਲਦੀਪ ਮਾਣਕ ਆਦਿ ਦੇ ਗੀਤਾਂ ਨਾਲ ਮਨ ਮਖਮੂਰ ਹੋ ਜਾਂਦਾ ਹੈ, ਹੋਰ ਵੀ ਅਜਿਹੇ ਕਲਾਕਾਰ ਹਨ ਜੋ ਇਨ੍ਹਾਂ ਵਾਂਗ ਹੀ ਸਾਫ ਸੁੱਥਰਾ ਸੰਗੀਤ ਦਿੰਦੇ ਹਨ, ਅਵੱਸ਼ ਮਨ ਨੂੰ ਤਰਾਵਤ ਬਖਸ਼ਦੇ ਹਨ। ਅਜੋਕੇ ਗਾਇਕਾਂ ਗੁਰਦਾਸ ਮਾਨ, ਹਰਭਜਨ ਮਾਨ, ਹੰਸ ਰਾਜ ਹੰਸ ਅਤੇ ਸਤਿੰਦਰ ਸਿੰਘ ਸਿਰਤਾਜ ਸਾਫ਼ ਸੁੱਥਰਾ ਤੇ ਮਿਆਰੀ ਗੀਤ ਗਾਉਂਦੇ ਹਨ। ਬਾਕੀ ਕਲਾਕਾਰਾਂ ਨੂੰ ਵੀ ਇਨ੍ਹਾਂ ਗੀਤਕਾਰਾਂ ਦੀ ਪੱਧਰ ਨੂੰ ਸਾਹਮਣੇ ਰੱਖ ਕੇ ਇਸ ਪਿੜ ਵਿੱਚ ਆਉਣਾ ਚਾਹੀਦਾ ਹੈ। ਇਹ ਵਿਉਪਾਰ ਨਹੀਂ, ਉੱਚਤਮ ਕਲਾ ਹੈ ਜੋ ਪੂਜਣ ਯੋਗ ਹੈ। ਇਹ ਸਾਧਨਾ ਹੈ, ਸਮਰਪਣ ਹੈ। ਇਨ੍ਹਾਂ ਗੀਤਾਂ ਰਾਹੀਂ ਸਮਾਜ ਨੂੰ ਉੱਚ ਪਾਏ ਦੀਆਂ ਇਖਲਾਕੀ ਕਦਰਾਂ-ਕੀਮਤਾਂ ਦਾ ਸੁਨੇਹਾ ਪੁੱਜਣਾ ਚਾਹੀਦਾ ਹੈ। ਕੀ ਅਸੀਂ ਅਜੋਕੇ ਚਲੰਤ ਗੀਤਾਂ ਰਾਹੀਂ ਪੇਸ਼ ਕੀਤੇ ਕਲਚਰ ਨੂੰ ਪੰਜਾਬੀ ਕਲਚਰ ਕਹਿ ਸਕਦੇ ਹਾਂ! ਪੰਜਾਬੀ ਭਾਸ਼ਾ ਦੀ ਪੁੱਛ-ਪ੍ਰਤੀਤ ਨਹੀਂ ਬਣੀ ਤੇ ਪੰਜਾਬੀ ਕਲਚਰ ਵਿੱਚੋਂ ਉਹ ਤਸਵੀਰ ਨਹੀਂ ਉੱਘੜਦੀ, ਜਿਸ ਤੇ ਅਸੀਂ ਮਾਣ ਕਰ ਸਕੀਏ। ਏਨਾ ਨਿਘਾਰ ਪਹਿਲਾਂ ਕਦੇ ਨਹੀਂ ਦੇਖਿਆ। ਜੋ ਚਿੰਤਾਜਨਕ ਹੈ।

? ਹਾਂ ਜੀ ਕੈਂਬੋ ਸਾਹਿਬ ਜੀ, ਜੋ ਤੁਸੀਂ ਸੰਗੀਤ ਬਾਰੇ ਕਹਿ ਰਹੇ ਹੋ, ਮੈਂ ਵੀ ਉਸ ਨਾਲ ਸਹਿਮਤ ਹਾਂ। ਫੇਰ ਵੀ ਅੱਜ ਦੇ ਦੌਰ ਵਿੱਚ ਹੋਰ ਵੀ ਕਈ ਕਲਾਕਾਰ ਹੋ ਗੁਜ਼ਰੇ ਹਨ, ਜਿਨ੍ਹਾਂ ਨੇ ਆਪਣਾ ਪ੍ਰਭਾਵ ਪੰਜਾਬੀ ਸਭਿਆਚਾਰ ‘ਤੇ ਛੱਡਿਆ ਹੈ। ਉਨ੍ਹਾਂ ਬਾਰੇ ਕੀ ਕਹਿਣਾ ਚਾਹੋਗੇ?

– ਹਾਂ, ਢਾਅ ਜੀ, ਬਿਲਕੁਲ ਮੈਂ ਤੁਹਾਡੇ ਨਾਲ ਇੱਕਮਤ ਹਾਂ ਕਿ ਹੋਰ ਵੀ ਬਹੁਤ ਸਾਰੇ ਕਲਾਕਾਰ ਹੋ ਗੁਜ਼ਰੇ ਹਨ ਜਿਨ੍ਹਾਂ ਨੇ ਆਪਣਾ ਅਕਸ ਛੱਡਿਆ ਹੈ। ਦਰਅਸਲ ਸਾਡਾ ਸੰਗੀਤਕ ਵਿਰਸਾ ਬੜਾ ਅਮੀਰ ਹੈ। ਸੰਖ਼ੇਪ ਜਿਹੇ ਵਿੱਚ ਮੈਂ ਦੱਸਦਾ ਹਾਂ ਕਿ ਸਾਡੇ ਕਲਾਸੀਕਲ ਸੰਗੀਤ ਦੀ ਬੜੀ ਅਮੀਰ ਪਰੰਪਰਾ ਹੈ। ਪੰਜਾਬ ਦੇ ਸਭਿਆਚਾਰ ਵਿੱਚ ਲੋਕ ਸੰਗੀਤ ਦੇ ਨਾਲ ਨਾਲ ਕਲਾਸਕਿਲ ਸੰਗੀਤ ਦਾ ਰੁਤਬਾ ਬੜਾ ਮਹਾਨ ਹੈ। ਇਸ ਨੇ ਭਾਰਤੀ ਸੰਗੀਤ ਵਿੱਚ ਬੜਾ ਵੱਡਾ ਰੋਲ ਅਦਾ ਕੀਤਾ ਹੈ। ਪੰਜਾਬ ਦੇ ਬੇਅੰਤ ਸੰਗੀਤਕਾਰ ਹੋਏ ਹਨ ਜਿਨ੍ਹਾਂ ਵਿੱਚੋਂ ਦਲੀਪ ਚੰਦਰ ਬੇਦੀ, ਉਸਤਾਦ ਬੜੇ ਗੁਲਾਮ ਅਲੀ ਖਾਂ, ਉਸਤਾਦ ਮਾਸਟਰ ਰਤਨ, ਪਦਮ ਸ੍ਰੀ ਸੋਹਣ ਸਿੰਘ, ਨਜ਼ਾਕਤ ਅਲੀ, ਸਲਾਮਤ ਅਲੀ, ਬਰਕਤ ਸਿੱਧੂ ਅਤੇ ਪੂਰਨ ਚੰਦ ਵਡਾਲੀ ਵਾਲੇ ਆਦਿ ਨੇ ਬੜਾ ਨਾਮਣਾ ਖੱਟਿਆ ਹੈ। ਗੁਰਬਾਣੀ ਰਾਗਾਂ ਤੇ ਅਧਾਰਤ ਹੈ ਜਿਸ ਵਿੱਚ ਨਾਮਵਰ ਸੰਗੀਤਕਾਰਾਂ ਨੇ ਆਪਣਾ ਯੋਗਦਾਨ ਪਾ ਕੇ ਸ਼ਬਦ ਸਭਿਆਚਾਰ ਦੇ ਨਾਲ ਸੰਗੀਤ ਪਰੰਪਰਾ ਨੂੰ ਅਮੀਰ ਕੀਤਾ ਹੈ। ਭਾਈ ਚਾਂਦ, ਭਾਈ ਲਾਲ, ਭਾਈ ਸਮੁੰਦ ਸਿੰਘ, ਭਾਈ ਸੰਤਾ ਸਿੰਘ (ਦਿੱਲੀ ਵਾਲੇ), ਭਾਈ ਸੰਤਾ ਸਿੰਘ ਚਮਕ, ਭਾਈ ਸੁਰਜਨ ਸਿੰਘ, ਭਾਈ ਦਵਿੰਦਰ ਸਿੰਘ, ਸੰਤ ਸੁਜਾਨ ਸਿੰਘ, ਭਾਈ ਦਿਲਬਾਗ ਸਿੰਘ, ਗੁਲਬਾਗ ਸਿੰਘ, ਭਾਈ ਬਖਸ਼ੀਸ਼ ਸਿੰਘ, ਭਾਈ ਧਰਮ ਸਿੰਘ ਜ਼ਖਮੀ, ਭਾਈ ਸ਼ਮਸ਼ੇਰ ਸਿੰਘ ਜ਼ਖਮੀ ਆਦਿ ਬੜੇ ਸਮਰੱਥ ਗੁਰਬਾਣੀ ਗਾਇਕ ਹੋਏ ਹਨ। ਮੌਜੂਦਾ ਹਰਜਿੰਦਰ ਸਿੰਘ ਸ੍ਰੀ ਨਗਰ ਵਾਲੇ ਬੜਾ ਮਿੱਠਾ ਕੀਰਤਨ ਕਰਦੇ ਹਨ। ਇਨ੍ਹਾਂ ਤੋਂ ਇਲਾਵਾ ਹੋਰ ਵੀ ਗੁਰਬਾਣੀ ਕੀਰਤਨ ਰਸੀਏ ਹੋਏ ਹਨ, ਜਿਨ੍ਹਾਂ ਨੇ ਗੁਰਬਾਣੀ ਸਭਿਆਚਾਰ ਦੀ ਮਹਿਕ ਨੂੰ ਖਿਲਾਰ ਕੇ ਭਿੰਨੀ ਭਿੰਨੀ ਮਹਿਕ ਪ੍ਰਦਾਨ ਕੀਤੀ ਹੈ।

ਸਾਡੀ ਕਵੀਸ਼ਰੀ ਗਾਇਕੀ ਵੀ ਹਿਰਦਿਆਂ ਨੂੰ ਤਸਕੀਨ ਬਖਸ਼ਦੀ ਹੈ। ਇਹ ਸਾਜ਼ਾਂ ਤੋਂ ਬਗੈਰ ਤਰੰਨਮ ਵਿੱਚ ਗਾਈ ਜਾਣ ਵਾਲੀ ਗਾਇਕੀ ਹੈ। ਜੋ ਸਾਡੇ ਇਤਿਹਾਸ ਨੂੰ ਕਾਵਿਕਤਾ ਦੇ ਰੰਗ ਵਿੱਚ ਸਰੋਤਿਆਂ ਨੂੰ ਸੁਹਜ-ਸੁਆਦ ਪ੍ਰਦਾਨ ਕਰਦੀ ਹੈ। ਮਾਲਵੇ ਦੀ ਕਵੀਸ਼ਰੀ-ਪਰੰਪਰਾ ਦਾ ਸਾਡੇ ਕੋਲ ਚੋਖਾ ਖ਼ਜ਼ਾਨਾ ਹੈ। ਬਾਬੂ ਰਜ਼ਬ ਅਲੀ, ਸਾਧੂ ਦਇਆ ਸਿੰਘ ਆਰਿਫ, ਮੋਹਣ ਸਿੰਘ ਰੋਡੇ, ਕਰਨੈਲ ਸਿੰਘ ਪਾਰਸ ਆਦਿ ਪ੍ਰਸਿੱਧ ਨਾਮ ਹਨ। ਢਾਡੀ ਕਲਾ ਵੀ ਬਹੁਤ ਹਰਮਨ ਪਿਆਰੀ ਹੈ। ਢਾਡੀਆਂ ਨੇ ਲੋਕ ਕਥਾਵਾਂ ਨੂੰ ਵੀ ਗਾਇਆ ਹੈ ਤੇ ਇਤਿਹਾਸਕ ਵਾਰਤਾਵਾਂ ਨੂੰ ਵੀ। ਵਿਸ਼ੇਸ਼ ਕਰਕੇ ਸਿੱਖੀ ਇਤਿਹਾਸ ਦੀਆਂ ਘਟਨਾਵਾਂ ਦੇ ਪਸੰਗਾਂ ਨੂੰ ਗਾ ਕੇ ਸਰੋਤਿਆਂ ਵਿੱਚ ਜੋਸ਼ ਭਰਨ ਦਾ ਕਾਰਜ ਕੀਤਾ ਹੈ। ਗੁਰੂ ਹਰਿਗੋਬਿੰਦ ਜੀ ਦੇ ਸਮੇਂ ਢਾਡੀ ਪਰੰਪਰਾ ਚਾਲੂ ਹੋਈ। ਭਾਈ ਨੱਥਾ ਤੇ ਅਬਦੁੱਲਾ ਗੁਰੂ ਹਰਿਗੋਬਿੰਦ ਦੇ ਦਰਬਾਰ ਦੇ ਢਾਡੀ ਹੋਏ ਹਨ। ਗੁਰੂ ਗੋਬਿੰਦ ਸਿੰਘ ਦੇ ਦਰਬਾਰ ਵਿੱਚ ਮੁਸ਼ਕੀ ਤੇ ਛਬੀਲਾ ਨਾਮਵਰ ਢਾਡੀ ਹੋਏ ਹਨ। ਇਸ ਕਲਾ ਵਿੱਚ ਯੋਗਦਾਨ ਪਾਉਣ ਵਾਲੇ ਅਨੇਕਾਂ ਕਲਾਕਾਰ ਹੋਏ ਹਨ। ਦੀਦਾਰ ਸਿੰਘ ਰਟੈਂਡਾ, ਸੋਹਣ ਸਿੰਘ ਸੀਤਲ, ਦਇਆ ਸਿੰਘ ਦਿਲਬਰ, ਅਮਰ ਸਿੰਘ ਸ਼ੌਂਕੀ, ਪਾਲ ਸਿੰਘ ਪੰਛੀ। ਲੋਕ ਗਥਾਵਾਂ ਗਾਉਣ ਵਿੱਚ ਬੂਟਾ ਘੁਮਿਆਰ, ਈਦੂ ਸ਼ਰੀਫ ਅਤੇ ਦੇਸ ਰਾਜ ਲਿਛਕਾਨੀ ਆਦਿ ਢਾਡੀਆਂ ਨੇ ਇਸ ਰਾਗ ਕਲਾ ਵਿੱਚ ਧੁੰਮਾਂ ਪਾਈਆਂ ਹਨ।

ਇਸ ਤਰ੍ਹਾਂ ਲੋਕ ਗਾਇਕ ਤੇ ਗਾਇਕਾਵਾਂ ਤੋਂ ਇਲਾਵਾ ਜਗਤ ਸਿੰਘ ਜੱਗਾ, ਮਿਲਖੀ ਰਾਮ, ਚਾਂਦੀ ਰਾਮ, ਮੁਹੰਮਦ ਸਦੀਕ ਅਤੇ ਰਣਜੀਤ ਕੌਰ ਦੀ ਜੋੜੀ, ਗੁਲਾਮ ਅਲੀ ਖਾਂ, ਸਰਦੂਲ ਸਿਕੰਦਰ, ਮੁਹੰਮਦ ਸਦੀਕ, ਨੁਸਰਤ ਫ਼ਤਿਹ ਅਲੀ ਖਾਂ, ਸ਼ਮਸ਼ਾਦ ਬੇਗਮ, ਨੂਰ ਜਹਾਂ, ਸੁਰਿੰਦਰ ਕੋਰ, ਨਰਿੰਦਰ ਕੋਰ, ਪ੍ਰਕਾਸ਼ ਕੋਰ, ਨਰਿੰਦਰ ਬੀਬਾ, ਗੁਰਮੀਤ ਬਾਵਾ, ਡੌਲੀ ਗੁਲੇਰੀਆ, ਆਲਮ ਲੁਹਾਰ ਅਤੇ ਸ਼ੌਕਤ ਅਲੀ ਆਦਿ ਬੜੇ ਸਮਰੱਥ ਗਾਇਕ ਤੇ ਗਾਇਕਾਵਾਂ ਹੋਈਆਂ ਹਨ। ਇਹ ਕੁਝ ਨਾਮ ਚੋਣਵੇਂ ਹਨ ਮੇਰੇ iਖ਼ਆਲ ਨਾਲ ਲਿਸਟ ਲੰਮੇਰੀ ਕਰਨ ਦਾ ਕੋਈ ਫ਼ਾਇਦਾ ਨਹੀਂ। ਗੱਲ ਦਰਸਾਣ ਦਾ ਭਾਵ ਇਹ ਹੈ ਕਿ ਐਡੀ ਅਮੀਰ ਵਿਰਾਸਤ ਦੇ ਹੁੰਦਿਆਂ ਸਾਡੀ ਗਾਇਕੀ ਕਿੱਧਰ ਨੂੰ ਜਾ ਰਹੀ ਹੈ! ਇਹ ਠੀਕ ਹੈ ਕੁਝ ਯਤਨ ਹੋ ਰਹੇ ਹਨ ਤੇ ਕੁਝ ਗਾਇਕ ਮੁਕਾਬਲਿਆਂ ਵਿੱਚ ਅੱਛੇ ਬੱਚੇ ਵੀ ਨਿਕਲ ਰਹੇ ਹਨ। ਪ੍ਰੰਤੂ ਭਾਵ ਤਾਂ ਸਭਿਆਚਾਰ ਨੂੰ ਸਵੱਛ ਤੇ ਸੁੰਦਰ ਰੱਖਣ ਤੇ ਬਣਾਉਣ ਦੀ ਹੈ। ਝੁਕਾਵਾਂ ਨੂੰ ਬਦਲਣ ਦੀ ਲੋੜ ਹੈ। ਕਲਾ ਨੂੰ ਪ੍ਰਧਾਨਤਾ ਦੇਣੀ ਬਣਦੀ ਹੈ। ਚੰਗੀ ਗੱਲ ਇਹ ਹੈ ਕਿ ਪੰਜਾਬੀ ਸਾਹਿਤ ਵਿੱਚ ਅਜਿਹੇ ਕਈ ਸਾਹਿਤਕਾਰ ਹਨ ਜੋ ਅਮੀਰ ਵਿਰਸੇ ਨੂੰ ਪੇਸ਼ ਕਰਕੇ ਤੇ ਉਭਾਰ ਕੇ ਪੇਸ਼ ਕਰਦੇ ਹਨ ਤਾਂ ਕਿ ਸਾਨੂੰ ਮਿਆਰੀ ਸੰਗੀਤ ਦੀ ਪਛਾਣ ਹੋ ਸਕੇ ਜਿਨ੍ਹਾਂ ਵਿੱਚ ਗੁਰਨਾਮ ਸਿੰਘ ਸੰਗੀਤਕਾਰ, ਹਰਦਿਆਲ ਸਿੰਘ ਸੂਫ਼ੀ, ਬਲਬੀਰ ਸਿੰਘ ਕੰਵਲ, ਨਿੰਦਰ ਘੁਗਿਆਣਵੀ। ਕੈਨੇਡਾ ਵਿੱਚ ਇਕਬਾਲ ਮਾਹਲ ਨੇ ਵੀ ਇਸ ਕਲਾ (ਗੀਤ ਸੰਗੀਤ) ਦੀ ਸਾਂਭ ਸੰਭਾਲ ਵਿੱਚ ਬਹੁਤ ਮਹੱਤਵਪੂਰਨ ਯੋਗਦਾਨ ਪਾਇਆ ਹੈ।

? ਆਪਣੇ ਪਰਿਵਾਰ ਬਾਰੇ ਵੀ ਕੁਝ ਦੱਸੋ। ਤੁਹਾਡਾ ਵਿਆਹ ਤੁਹਾਡੀ ਆਪਣੀ ਚੋਣ ਜਾਂ ਮਾਪਿਆਂ ਦੀ ਮਰਜ਼ੀ ਅਨੁਸਾਰ ਹੀ ਹੋਇਆ ਸੀ। ਤੁਹਾਡੇ ਬੱਚੇ ਵੀ ਸਾਹਿਤ ਵਿਚ ਦਿਲਚਸਪੀ ਰੱਖਦੇ ਹਨ?

– ਮੇਰਾ ਵਿਆਹ ਮਾਪਿਆਂ ਦੀ ਰਜ਼ਾਮੰਦੀ ਅਨੁਸਾਰ ਹੀ ਹੋਇਆ ਸੀ, 1964 ਵਿੱਚ। ਤਿੰਨ ਬੱਚਿਆਂ ਦਾ ਜਨਮ ਭਾਰਤ ਵਿੱਚ ਹੋਇਆ ਤੇ ਇੱਕ ਦਾ ਇੰਗਲੈਂਡ ਵਿੱਚ। ਬੱਚੇ ਸਾਰੇ ਵਿਆਹੇ ਵਰ੍ਹੇ ਗਏ ਹਨ। ਸਾਰੇ ਚੰਗੀਆਂ ਨੌਕਰੀਆਂ ਤੇ ਹਨ। ਦੋਨੋਂ ਲੜਕਿਆਂ ਨੇ ਤਾਂ ਸੀ. ਏ. ਕਰਕੇ ਸ਼ਾਨਦਾਰ ਨੌਕਰੀਆਂ ਹਾਸਲ ਕੀਤੀਆਂ ਹੋਈਆਂ ਹਨ। ਲੜਕੀਆਂ ਵੀ ਆਪਣੇ ਘਰੀਂ ਅੱਛੀਆਂ ਥਾਵਾਂ ਤੇ ਸੈੱਟਲ ਹਨ। ਬੱਚਿਆਂ ਦੇ ਬੱਚੇ ਵੀ ਵੱਡੇ ਹੋ ਗਏ ਹਨ ਤੇ ਕੁਝ ਵੱਡੇ ਹੋ ਰਹੇ ਹਨ। ਬੱਚੇ ਤਾਬਿਆਦਾਰ ਵੀ ਹਨ। ਵਿੱਦਿਆ ਵਿੱਚ ਪ੍ਰਬੀਨ ਤੇ ਚੰਗੀਆਂ ਨੌਕਰੀਆਂ ਤੇ ਸੁਸ਼ੋਭਿਤ ਹਨ। ਬੱਚਿਆਂ ਤੇ ਪਤਨੀ ਵੱਲੋਂ ਸੰਤੁਸ਼ਟ ਹਾਂ ਤੇ ਲੋੜੀਂਦਾ ਸਹਿਯੋਗ ਵੀ ਮਿਲਦਾ ਹੈ। ਬੱਚਿਆਂ ਦੇ ਵੱਡੇ ਬੱਚਿਆਂ ਨੇ ਵਿੱਦਿਆ ਪ੍ਰਾਪਤ ਕਰਕੇ ਚੰਗੀਆਂ ਨੌਕਰੀਆਂ ਵੀ ਹਾਸਲ ਕਰ ਲਈਆਂ ਹਨ। ਛੋਟੇ ਬੱਚੇ ਪੜ੍ਹ ਰਹੇ ਹਨ। ਬੱਚਿਆਂ ਦੀ ਪੰਜਾਬੀ ਸਾਹਿਤ ਵੱਲ ਕੋਈ ਬਹੁਤੀ ਰੁਚੀ ਨਹੀਂ ਪਰ ਮੇਰੀਆਂ ਰਚਨਾਵਾਂ ਨੂੰ ਜ਼ਰੂਰ ਸੁਣਦੇ ਹਨ ਤੇ ਉਤਸ਼ਾਹਿਤ ਵੀ ਕਰਦੇ ਹਨ।

? ਤੁਹਾਨੂੰ ਸਾਹਿਤਕ ਸਿਰਜਣਾ ਦਾ ਕੰਮ ਕਰਦਿਆਂ ਘਰੇਲੂ ਜ਼ਿੰਮੇਵਾਰੀਆਂ ਨੂੰ ਪਿੱਛੇ ਛੱਡਣਾ ਪਿਆ ਹੋਵੇਗਾ। ਘਰ ਪਰਿਵਾਰ ਵੱਲੋਂ ਕਿਸ ਤਰ੍ਹਾਂ ਦਾ ਸਹਿਯੋਗ ਮਿਲਿਆ? ਤੁਹਾਡੇ ਬੱਚੇ ਤੁਹਾਡੀਆਂ ਲਿਖਤਾਂ ਨੂੰ ਕਿਸ ਤਰ੍ਹਾਂ ਲੈਂਦੇ ਹਨ, ਉਹ ਤੁਹਾਡੀਆਂ ਲਿਖਤਾਂ ਨੂੰ ਪੜ੍ਹ ਸਕਦੇ ਹਨ ਜਾਂ ਫੇਰ ਉਨ੍ਹਾਂ ਦੇ ਰੁਝੇਵੇਂ ਵੱਖਰੇ ਹਨ?

– ਸਤਨਾਮ ਜੀ, ਮੈਂ ਇਸ ਪੱਖੋਂ ਬਹੁਤ ਖੁਸ਼ਕਿਸਮਤ ਹਾਂ, ਪਰਿਵਾਰ ਵੱਲੋਂ ਮੈਨੂੰ ਪੂਰਨ ਸਹਿਯੋਗ ਮਿਲਿਆ ਹੈ। ਸੁਪਤਨੀ ਵੱਲੋਂ ਕਦੇ ਕੋਈ ਗਿਲਾ ਸ਼ਿਕਵਾ ਨਹੀਂ ਹੋਇਆ। ਭਾਵੇਂ ਮੇਰੇ ਬੱਚੇ ਮੇਰੀਆਂ ਲਿਖਤਾਂ ਪੜ੍ਹਨ ਤੋਂ ਅਸਮਰੱਥ ਹਨ, ਪਰੰਤੂ ਉਨ੍ਹਾਂ ਦੀ ਸੁਹਿਰਦ ਭਾਵਨਾ ਨੇ ਮੇਰੇ ਸਾਹਿਤਕ ਸ਼ੌਕ ਨੂੰ ਉਭਾਰਿਆ ਹੈ। ਉਹ ਸਮੇਂ ਸਮੇਂ ਮੇਰੀ ਦਿਲਚਸਪੀ ਦੀਆਂ ਪੁਸਤਕਾਂ ਮੈਨੂੰ ਗਿਫ਼ਟ ਦੇ ਤੌਰ ਤੇ ਦੇ ਕੇ ਉਤਸ਼ਾਹਿਤ ਕਰਦੇ ਰਹਿੰਦੇ ਹਨ। ਕਈ ਵਿਸ਼ਿਆਂ ਤੇ ਮੇਰੇ ਨਾਲ ਵਿਚਾਰ ਵਟਾਂਦਰਾ ਕਰਕੇ ਮੈਨੂੰ ਲਿਖਣ ਲਈ ਪ੍ਰੇਰਦੇ ਵੀ ਰਹਿੰਦੇ ਹਨ। ਜਿਸ ਨਾਲ ਮੇਰਾ ਹੌਸਲਾ ਨਿਰੰਤਰ ਬਣਿਆਂ ਰਿਹਾ ਹੈ। ਹਾਂ, ਉਹਨਾਂ ਦੇ ਕੰਮ-ਕਾਰ ਤੇ ਰੇਝੇਵੇਂ ਵੀ ਮੇਰੇ ਤੋਂ ਵਖ਼ਰੇ ਹਨ।

? ਕੈਂਬੋ ਜੀ, ਇੱਕ ਦੋ ਨਿੱਜੀ ਸਵਾਲ ਕਰਨਾ ਚਾਹੁੰਦਾ ਹਾਂ, ਅੱਜ ਤੋਂ ਲਗ ਭਗ ਪੰਜਾਹ ਸਾਲ ਪਹਿਲਾˆ ਜਦੋਂ ਤੁਸੀਂ ਆਪਣਾ ਘਰ ਛੱਡ ਕੇ ਇੰਗਲੈਂਡ ਨੂੰ ਤੁਰੇ ਸੀ ਤਾਂ ਬਹੁਤ ਸਾਰੇ ਸੁਪਨੇ ਸਿਰਜੇ ਹੋਣਗੇ। ਤੁਹਾਨੂੰ ਕੀ ਲੱਗਦਾ,ਉਹ ਸੁਪਨੇ ਸਾਕਾਰ ਹੋਏ? ਜਾਂ ਤੁਹਾਨੂੰ ਲੱਗਦਾ ਅਜੇ ਨਹੀਂ? ਤੁਸੀਂ ਬਰਤਾਨੀਆਂ ਵਿੱਚ ਆ ਕੇ ਕਿੰਨੀ ਕੁ ਸੰਤੁਸ਼ਟਤਾ ਮਹਿਸੂਸ ਕਰਦੇ ਹੋ?

– ਇੰਗਲੈਂਡ ਆ ਕੇ ਟਿਕਣ ਦਾ ਵਿਚਾਰ ਭਾਵਿਕਤਾ ਦੇ ਅਸਰ ਥੱਲੇ ਲਿਆ ਗਿਆ ਫ਼ੈਸਲਾ ਸੀ। ਸੁਪਨੇ ਜ਼ਰੂਰ ਸੰਜੋਏ ਸਨ ਕਿ ਆਰਥਿਕ ਹਾਲਤ ਬਿਹਤਰ ਕਰਕੇ ਆਪਣੇ ਭਾਰਤ ਵਿੱਚ ਚੰਗੀ ਹਾਲਤ ਵਿੱਚ ਆ ਕੇ ਵਿਚਰਾਂਗੇ ਤੇ ਨਾਲ ਨਾਲ ਸਾਹਿਤ ਰਚਨਾ ਵਿੱਚ ਸਹਿਜਤਾ ਨਾਲ ਕੰਮ ਹੋ ਸਕੇਗਾ। ਪਰ ਤੁਸੀਂ ਜਾਣਦੇ ਹੋ ਕਿ ਸਾਰੇ ਸੁਪਨੇ ਪੂਰੇ ਸਾਕਾਰ ਨਹੀਂ ਹੁੰਦੇ। ਜਾਣਾ ਚਾਹੁੰਦਿਆਂ ਵੀ ਵਾਪਸ ਜਾ ਨਹੀਂ ਹੋਇਆ। ਪ੍ਰੰਤੂ ਇੰਨਾ ਲਾਭ ਜ਼ਰੂਰ ਹੋਇਆ ਕਿ ਬੱਚੇ ਪੜ੍ਹ ਕੇ ਆਤਮ ਨਿਰਭਰ ਹੋ ਗਏ ਹਨ। ਪ੍ਰੰਤੂ ਅੱਗੋਂ ਆਪਣੇ ਸਭਿਆਚਾਰ ਵਿੱਚ ਕਿੰਨੇ ਕੁ ਪ੍ਰਪੱਕ ਰਹਿ ਸਕਣਗੇ, ਇਹ ਤਾਂ ਸਮੇਂ ਨੇ ਫ਼ੈਸਲਾ ਕਰਨਾ ਹੈ। ਬੜੀ ਟੇਢੀ ਤੇ ਗੁੰਝਲਦਾਰ ਸਥਿਤੀ ਹੈ।

? ਤੁਸੀਂ ਜੋ ਕੁਝ ਵੀ ਲਿਖਿਆ, ਤੁਹਾਨੂੰ ਇਸ ਨਾਲ ਕਿੰਨੀ ਕੁ ਤਸੱਲੀ ਹੋਈ ਹੈ। ਹੋਰ ਕਿਹੜੇ ਕਿਹੜੇ ਪ੍ਰੋਜੈਕਟ ਤੁਹਾਡੇ ਮਨ ਵਿੱਚ ਹਨ ਜਿਨ੍ਹਾਂ ਤੇ ਤੁਸੀਂ ਕੰਮ ਕਰਨਾ ਚਾਹੰਦੇ ਹੋ? ਕੋਈ ਆਲੋਚਨਾਤਮਕ ਕੰਮ ਜਾਂ ਕੋਈ ਹੋਰ ਕਹਾਣੀ ਸੰਗ੍ਰਹਿ?

– ਜੋ ਕੁਝ ਵੀ ਲਿਖ ਸਕਿਆ ਹਾਂ, ਸਮੇਂ ਅਨੁਕੂਲ ਕੀਤਾ ਹੈ। ਵੱਖਰੀਆਂ ਵੱਖਰੀਆਂ ਵਿਧਾਵਾਂ ਵਿੱਚ ਲਿਖਿਆ ਹੈ। ਪ੍ਰੰਤੂ ਪੂਰਨ ਮਾਨਸਿਕ ਤਸੱਲੀ ਕਦੇ ਵੀ ਨਹੀਂ ਹੋ ਸਕਦੀ। ਪਹਿਲਾਂ ਲਿਖ ਕੇ ਅੱਗੇ ਤੁਰਨ ਦਾ ਸੁਪਨਾ ਹੁੰਦਾ ਹੈ। ਉਸ ਦੀ ਪੂਰਤੀ ਹੁੰਦੀ ਹੈ, ਫਿਰ ਅਗਲਾ ਪ੍ਰੋਜੈਕਟ ਸ਼ੁਰੂ ਹੋ ਜਾਂਦਾ ਹੈ। ਮੋਟੇ ਤੌਰ ਤੇ ਸਾਹਿਤ ਨੂੰ ਦੋ ਵਰਗਾਂ ਵਿੱਚ ਵੰਡ ਸਕਦੇ ਹਾਂ, ਇੱਕ ਸਿਰਜਣਾਤਮਕ ਸਾਹਿਤ ਤੇ ਦੂਜਾ ਗਿਆਨ ਸਾਹਿਤ। ਜਿਹੜੇ ਪਾਸੇ ਵੀ ਤੁਰ ਪਉ, ਅੰਤ ਕੋਈ ਨਹੀਂ। ਮੇਰੇ ਮੋਟੇ ਮੋਟੇ ਕਾਰਜ ਹਨ। ਪਰਵਾਸੀ ਸਾਹਿਤ ਨੂੰ ਹੱਥ ਵਿੱਚ ਲਿਆ ਹੋਇਆ ਹੈ। ‘ਬਰਤਾਨਵੀ ਪੰਜਾਬੀ ਕਵਿਤਾ’ (ਦੂਜਾ ਭਾਗ), ‘ਬਰਤਾਨਵੀ ਪੰਜਾਬੀ ਵਾਰਤਕ’, ‘ਬਰਤਾਨਵੀ ਪੰਜਾਬੀ ਗ਼ਲਪ’ ਤੋਂ ਇਲਾਵਾ ਨਿਬੰਧ ਸੰਗ੍ਰਹਿ, ਭਾਸ਼ਾ ਤੇ ਸਭਿਆਚਾਰਕ ਲੇਖ ਤੇ ਭਾਰਤੀ ਸਾਹਿਤ ਬਾਰੇ ਆਦਿ ਪੁਸਤਕਾਂ ਤਿਆਰ ਹਨ। ਪਰ ਇਨ੍ਹਾਂ ਵਿੱਚ ਵਾਧਾ ਘਾਟਾ ਕਰਨ ਤੇ ਸੋਧ ਸੁਧਾਈ ਤੋਂ ਬਾਅਦ ਹੀ ਪ੍ਰਕਾਸ਼ਨ ਹਿਤ ਭੇਜਾਂਗਾ। ਇਨ੍ਹਾਂ ਤੋਂ ਇਲਾਵਾ ਹੋਰ ਵੀ ਪ੍ਰੋਜੈਕਟ ਹਨ। ਇੱਕ ਹੋਰ ਕੰਮ ਪਿਆਰਾ ਸਿੰਘ ਪਦਮ ਬਾਰੇ ਵੀ ਮੈਂ ਇਕ ਵੱਡ ਅਕਾਰੀ ਕਿਤਾਬ ਸੰਪਾਦਤ ਕਰ ਰਿਹਾਂ ਹਾਂ ਉਮੀਦ ਹੈ ਛੇਤੀ ਛਪ ਜਾਵੇਗੀ। ਭਾਵ ਇਹ ਹੈ ਕਿ ਇਹ ਕਾਰਜ ਮੁੱਕਣ ਵਾਲੇ ਨਹੀਂ ਹਨ। ਜਦ ਤੱਕ ਜੀਵਨ ਹੈ ਤੇ ਸਿਹਤ ਕਾਇਮ ਹੈ, ਇਹ ਕਾਰਜ ਚਲਦੇ ਰਹਿਣਗੇ। ਤੁਰਨਾ ਹੀ ਜ਼ਿੰਦਗੀ ਹੈ।
ਤਮੰਨਾ ਅਤੇ ਸੁੱਖ-ਸਨੇਹਾ

? ਆਪਣੇ ਪਰਵਾਸੀ ਜੀਵਨ ਦੇ ਤਜਰਬੇ ਤੋਂ ਪੰਜਾਬੀ ਭਾਈਚਾਰੇ ਨੂੰ ਕੋਈ ਸੁੱਖ ਸੁਨੇਹਾ ਦੇਣਾ ਚਾਹੋਗੇ? ਹਰ ਪੰਜਾਬੀ ਆਪਣਾ ਬਿਸਤਰਾ ਬੰਨ੍ਹੀ ਪ੍ਰਦੇਸ ਜਾਣ ਲਈ ਤਾਂਘ ਰਿਹਾ ਹੈ। ਅੱਜ ਹਰ ਬੱਚਾ ਹਈ ਸਕੂਲ ਕਰਨ ਉਪਰੰਤ ਆਈਲਿਟ ਕਰ ਕੇ ਵਿਦੇਸ਼ਾਂ ਨੂੰ ਦੌੜ ਰਿਹਾ ਉਹਨਾਂ ਮੁੰਡੇ ਕੁੜੀਆਂ ਨੂੰ ਕੀ ਕਹਿਣਾ ਚਾਹੋਗੇ?

– ਢਾਅ ਜੀ, ਇਹ ਸਵਾਲ ਬੜਾ ਅਹਿਮ ਹੈ, ਪਰ ਇਹ ਬਿਖੜਾ ਵੀ ਹੈ। ਪਰਵਾਸੀ ਬਣੇ ਲੇਖਕਾਂ ਨੇ ਆਪਣੇ ਤਜਰਬੇ ਤੇ ਅਨੁਭਵਾਂ ਨੂੰ ਪੰਜਾਬੀਆਂ ਨਾਲ ਸਾਂਝਾ ਕੀਤਾ ਹੈ। ਪ੍ਰੰਤੂ ਵਿਡੰਬਣਾ ਇਹ ਹੈ ਕਿ ਬਾਵਜੂਦ ਦਰਦਨਾਕ ਘਟਨਾਵਾਂ ਤੇ ਅਣਸੁਖਾਵੇਂ ਹਾਲਤਾਂ ਨੂੰ ਜਾਣਦਿਆਂ ਸਮਝਦਿਆਂ ਵੀ ਪੰਜਾਬੀ ਇਸ ਰਾਹ ਪੈ ਰਹੇ ਹਨ। ਗੱਲ ਸਪਸ਼ਟ ਹੈ ਕਿ ਇੱਕ ਤਾਂ ਆਰਥਿਕਤਾ ਦੀ ਬੇਹਤਰੀ ਹਰ ਇੱਕ ਦਾ ਲਖਸ਼ ਬਣ ਗਿਆ ਹੈ ਤਾ ਕਿ ਇਸ ਪਦਾਰਥਕ ਭਰਪੂਰ ਜ਼ਿੰਦਗੀ ਵਿੱਚ ਵਿਚਰਦਿਆਂ ਹਰ ਤਰ੍ਹਾਂ ਦੀਆਂ ਸੁਵਿਧਾਵਾਂ ਪ੍ਰਾਪਤ ਕਰ ਸਕਣ। ਦੂਜਾ ਸਾਡੇ ਆਪਣੇ ਮੁਲਕ ਦੀ ਅਰਥ ਵਿਵਸਥਾ ਨੇ ਵੀ ਨੌਜਵਾਨਾਂ ਨੂੰ ਇਸ ਦਿਸ਼ਾ ਵੱਲ ਧਕੇਲਿਆ ਹੈ। ਇੱਕ ਗੱਲ ਤਾਂ ਇਹ ਹੈ ਕਿ ਪੰਜਾਬੀਆਂ ਨੂੰ ਗ਼ਲਤ ਰਸਤੇ ਅਪਣਾ ਕੇ ਬਾਹਰ ਨਹੀਂ ਆਉਣਾ ਚਾਹੀਦਾ। ਜੇਕਰ ਆਉਣਾ ਹੀ ਹੈ ਤਾਂ ਸਭ ਕੁਝ ਸਮਝ ਕੇ ਸਹੀ ਤਰੀਕੇ ਨਾਲ ਆਉਣਾ ਹੀ ਯੋਗ ਹੈ। ਜੇ ਭਾਰਤ ਵਿੱਚ ਰਹਿ ਕੇ ਕੋਈ ਚੰਗੀ ਪ੍ਰਾਪਤੀ ਦਾ ਰਾਹ ਬਣਦਾ ਹੈ, ਤਾਂ ਅਵੱਸ਼ ਯਤਨ ਕਰਨਾ ਚਾਹੀਦਾ ਹੈ। ਪੜ੍ਹਿਆਂ ਲਿਖਿਆਂ ਨੂੰ ਆਪਣੇ ਮੁਲਕ ਦੀ ਪ੍ਰਗਤੀ ਵਿੱਚ ਵੀ ਹਿੱਸਾ ਪਾਉਣਾ ਚਾਹੀਦਾ ਹੈ। ਮੇਰੇ iਖ਼ਆਲ ਨਾਲ ਸਾਡੇ ਦੇਸ਼ ਦੀਆਂ ਸਰਕਾਰਾਂ ਨੂੰ ਚਾਹੀਦਾ ਹੈ ਕਿ ਲੋੜੀਂਦੇ ਰੁਜ਼ਗਾਰ ਦੇ ਮੌਕੇ ਪੈਦਾ ਕਰਕੇ ਯੰਗ, ਮੈਨ-ਪਾਵਰ ਨੂੰ ਆਪਣੇ ਦੇਸ਼ ਵਿੱਚ ਹੀ ਉਹ ਸੁੱਖ ਸਹੁਲਤਾਂ ਦੇਵੇ ਤਾਂ ਇਹਨਾਂ ਦਾ ਰੁਝਾਨ ਬਾਹਲੇ ਦੇਸ਼ਾਂ ਵੱਲੋਂ ਹਟ ਕੇ ਦੇਸ਼ ਵਿੱਚ ਰਹਿ ਕੇ ਦੇਸ਼ ਦੀ ਤਰੱਕੀ ਲਈ ਯੋਗਦਾਨ ਪਾਉਣ ਦੇ ਸਮਰੱਥ ਹੋ ਸਕਣ।ਇਸ ਰੁਝਾਨ ਨਾਲ ਦੇਸ਼ ਯੰਗ-ਪਾਵਰ ਤੋਂ ਸੱਖਣੀ ਹੋਣ ਦਾ ਖਦਸ਼ਾ ਪੈਦਾ ਹੋ ਸਕਦੈ।

? ਕੋਈ ਤਮੰਨਾ ਜੋ ਪੂਰੀ ਕਰਨਾ ਲੋਚਦੇ ਹੋਵੋਂ?

– ਢਾਅ ਜੀ, ਤਮੰਨਾ ਕਦੇ ਵੀ ਪੂਰੀਆਂ ਨਹੀਂ ਹੁੰਦੀਆਂ, ਪਰ ਫਿਰ ਵੀ ਮੈਂ ਚਾਹੁੰਦਾ ਹਾਂ ਕਿ ਮੇਰੇ ਛੋਹੇ ਹੋਏ ਸਾਹਿਤਕ ਕਾਰਜ ਸੰਪੂਰਨ ਹੋ ਜਾਵਣ ਤੇ ਮੇਰੇ ਪੁਸਤਕ ਭੰਡਾਰ ਬਾਰੇ ਕੋਈ ਨਿਸਚਤ ਸਾਂਭ-ਸੰਭਾਲ ਦਾ ਕੰਮ ਹੋ ਸਕੇ।

? ਨਵੇਂ ਜਾਂ ਪਹਿਲੇ ਲਿਖ ਰਹੇ ਲੇਖਕਾਂ ਨੂੰ ਕੋਈ ਸਨੇਹਾ?

– ਮੈਂ ਇੰਨਾ ਸਮਰੱਥ ਤਾਂ ਨਹੀਂ, ਪਰ ਅਰਜ਼ ਹੀ ਕਰ ਸਕਦਾ ਹਾਂ ਕਿ ਸੁਹਿਰਦਤਾ ਸਹਿਤ ਅਤੇ ਨਿਰੰਤਰਤਾ ਸਹਿਤ ਜਿੰਨਾ ਵੀ ਕੰਮ ਕਰੋ, ਨਿੱਠ ਕੇ, ਪ੍ਰਤੀਬੱਧਤਾ ਨਾਲ ਕਰੋ। ਸੀਮਾਂ ਤਾਂ ਆਪਣੀ ਆਪਣੀ ਹੀ ਹੁੰਦੀ ਹੈ। ਪੰਜਾਬੀ ਭਾਸ਼ਾ ਤੁਹਾਡੀ ਆਪਣੀ ਭਾਸ਼ਾ ਹੈ। ਇਹ ਬੜੀ ਅਮੀਰ ਭਾਸ਼ਾ ਹੈ। ਜਿੱਥੇ ਜਿੱਥੇ ਵੀ ਪੰਜਾਬੀ ਬੈਠਾ ਹੈ, ਉਹ ਇਸ ਨੂੰ ਆਪਣੀ ਰੂਹ ‘ਚ ਰਚਾ ਲਵੇ, ਇਹ ਮੇਰੀ ਕਾਮਨਾ ਹੈ। ਪੰਜਾਬ ਤੋਂ ਬਾਹਰ ਬੈਠੇ ਹਰ ਪੰਜਾਬੀ ਨੂੰ ਉੱਥੋਂ ਦੀ ਭਾਸ਼ਾ ਨੂੰ ਪੂਰਨਤਾ ਨਾਲ ਅਪਨਾਉਣਾ ਚਾਹੀਦਾ ਹੈ, ਪਰ ਪੰਜਾਬੀ ਨੂੰ ਵੀ ਪੂਰਾ ਮਾਣ ਦਿੰਦੇ ਰਹਿਣਾ ਚਾਹੀਦਾ ਹੈ। ਪੰਜਾਬੀ ਭਾਸ਼ਾ ਵਿੱਚ ਰਚਿਆ ਸਾਹਿਤ ਸਭਿਆਚਾਰਕ ਮਾਨਵੀ ਕਦਰਾਂ-ਕੀਮਤਾਂ ਨਾਲ ਲਬਰੇਜ਼ ਹੈ।

? ਕੋਈ ਹੋਰ ਜੋ ਤੁਸੀਂ ਦੱਸਣਾ ਚਾਹੁੰਦੇ ਹੋਵੇ, ਜੋ ਮੇਰੇ ਧਿਆਨ ਵਿੱਚ ਨਾ ਆਇਆ ਹੋਵੇ ਜਾਂ ਮੈਂ ਪੁੱਛ ਨਾ ਸਕਿਆ ਹੋਵਾਂ?

-ਤੁਸੀਂ ਆਪਣੇ ਪ੍ਰਸ਼ਨਾਂ ਰਾਹੀਂ ਬਹੁਤ ਕੁਝ ਖ਼ਰੋਚਿਆ ਹੈ। ਤੁਸੀਂ ਪੂਰੇ ਹਿਰਦੇ ਨਾਲ ਤੇ ਤਨ ਦੇਹੀ ਨਾਲ ਕਾਰਜ ਕੀਤਾ ਹੈ। ਮੈਂ ਮਾਣ ਸਮਝਦਾ ਹਾਂ ਕਿ ਤੁਸੀਂ ਮੈਨੂੰ ਮੁਲਾਕਾਤ ਦੇ ਯੋਗ ਸਮਝਿਆ ਹੈ। ਜਿਸ ਲਈ ਮੈਂ ਬਹੁਤ ਰਿਣੀ ਹਾਂ।

ਸਤਨਾਮ ਸਿੰਘ: ਕੈਬੋ ਸਾਹਿਬ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੋ ਆਪ ਜੀ ਨੇ ਆਪਣੇ ਰੁਝੇਵਿਆਂ ਵਿੱਚੋਂ ਇਸ ਲੰਬੀ ਗੱਲਬਾਤ ਲਈ ਸਮਾਂ ਕੱਢਿਆ ਅਤੇ ਆਪਣੀ ਸੰਘਰਸ਼ ਭਰੀ ਜ਼ਿੰਦਗੀ ਦੇ ਕੀਮਤੀ ਪੰਨਿਆਂ ਨੂੰ ਸਾਂਝਾ ਕੀਤਾ ਜਿਸ ਨਾਲ ਸਾਨੂੰ ਬਰਤਨਵੀ ਪੰਜਾਬੀ ਸਾਹਿਤ ਦੇ ਇੱਕ ਯੁਗ ਦੇ ਦਰਸ਼ਣ ਹੋਏ ਹਨ।
***

227
***

satnam_dhaw

ਸਤਨਾਮ ਢਾਅ ਦੀਅਾਂ ਪੁਸਤਕਾਂ ਦਾ ਵੇਰਵਾ:

ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਦੂਜਾ)
ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਪਹਿਲਾ)

ਪਤਾ:
Satnam Singh Dhah
303 ASPEN RIDGE PL SW

Calgary, AB T3 H 1T2
Canada
Ph.403-285-6091
e-mailsatnam.dhah@gmail.com

ਸਤਨਾਮ ਢਾਅ

ਸਤਨਾਮ ਢਾਅ ਦੀਅਾਂ ਪੁਸਤਕਾਂ ਦਾ ਵੇਰਵਾ: ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਦੂਜਾ) ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਪਹਿਲਾ) ਪਤਾ: Satnam Singh Dhah 303 ASPEN RIDGE PL SW Calgary, AB T3 H 1T2 Canada Ph.403-285-6091 e-mailsatnam.dhah@gmail.com

View all posts by ਸਤਨਾਮ ਢਾਅ →