ਗੁਰਮੀਤ ਸਿੰਘ ਪਲਾਹੀ ਪੰਜਾਬੀ ਦਾ ਸਿਰਮੌਰ ਕੁਲਵਕਤੀ ਪੱਤਰਕਾਰ, ਕਾਲਮ ਨਵੀਸ ਅਤੇ ਪ੍ਰਬੁੱਧ ਲੇਖਕ ਹੈ। ਕਿੱਤੇ ਵਜੋਂ ਭਾਵੇਂ ਉਹ ਪ੍ਰਿੰਸੀਪਲ ਸੇਵਾ ਮੁਕਤ ਹੋਏ ਹਨ ਪ੍ਰੰਤੂ ਆਪਣੀ ਨੌਕਰੀ ਦੌਰਾਨ ਵੀ ਉਹ ਬੇਬਾਕੀ ਅਤੇ ਬੇਖ਼ੌਫ਼ ਹੋ ਕੇ ਆਪਣੀ ਕਲਮ ਅਜ਼ਮਾਉਂਦੇ ਰਹੇ ਹਨ। ਸੇਵਾ ਮੁਕਤੀ ਤੋਂ ਬਾਅਦ ਤਾਂ ਕੋਈ ਅਜਿਹਾ ਦਿਨ ਨਹੀਂ ਹੁੰਦਾ ਜਦੋਂ ਕਿਸੇ ਨਾ ਕਿਸੇ ਪੰਜਾਬੀ ਦੇ ਅਖ਼ਬਾਰ ਵਿੱਚ ਉਨ੍ਹਾਂ ਦਾ ਲੇਖ ਪੜ੍ਹਨ ਨੂੰ ਨਾ ਮਿਲੇ। ਪੰਜਾਬ ਡਾਇਰੀ-2021 ਦੇ ਪਹਿਲੇ ਪੰਨੇ ‘ਤੇ ਹੀ ਪੰਜਾਬ ਦੇ ਸਿਆਸਤਦਾਨਾ ਨੂੰ ਵੰਗਾਰ ਕੇ ਲਿਖਣਾ ‘‘ਕਿਉਂ ਪੰਜਾਬ ਦੀ ਮਿੱਟੀ ਬਾਲ਼ ਰਹੇ ਹੋ ਸਿਆਸਤਦਾਨੋ?’’ ਦਲੇਰੀ ਅਤੇ ਪੰਜਾਬ ਦੀ ਤਰਾਸਦੀ ਦੀ ਹੂਕ ਦਾ ਪ੍ਰਗਟਾਵਾ ਹੈ। ਇਸ ਪੁਸਤਕ ਵਿੱਚ ਪ੍ਰਕਾਸ਼ਤ ਲੇਖ ਆਮ ਲੋਕਾਂ ਵਿੱਚ ਜਾਗ੍ਰਤੀ ਪੈਦਾ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦੇ ਹਨ। ਮਾਫ਼ੀਆ, ਸਿਆਸਤਦਾਨਾ ਅਤੇ ਅਫਸਰਸ਼ਾਹੀ ਦੀ ਮਿਲੀਭੁਗਤ ਤੋਂ ਬਿਨਾ ਭਾਰੂ ਨਹੀਂ ਪੈ ਸਕਦਾ। ਉਹ ਪੰਜਾਬ ਦੀ ਤਬਾਹੀ ਦਾ ਮੁੱਖ ਕਾਰਨ ਸਿਆਸਤਦਾਨਾ ਨੂੰ ਮੰਨਦੇ ਹਨ। ਨਸ਼ੇ ਅਤੇ ਗੈਂਗਸਟਰ ਬਿਨਾ ਸਿਆਸੀ ਸ਼ਹਿ ਦੇ ਫੈਲ ਨਹੀਂ ਸਕਦੇ। ਪੰਜਾਬ ਵਿੱਚ ਹਵਾ ਅਤੇ ਪਾਣੀ ਦੇ ਪ੍ਰਦੂਸ਼ਨ ਇਨਸਾਨੀ ਜ਼ਿੰਦਗੀਆਂ ਲਈ ਖ਼ਤਰਨਾਕ ਸਾਬਤ ਹੋ ਰਹੇ ਹਨ। ਉਨ੍ਹਾਂ ਦੇ ਲੇਖ ਪੜ੍ਹਕੇ ਮੇਰੇ ਦਿਮਾਗ ਵਿੱਚ ਗੁਰਮੀਤ ਸਿੰਘ ਪਲਾਹੀ ਦਾ ਚਿਹਰਾ ਇਕ ਬਜ਼ੁਰਗ ਮਹਾਂਪੁਰਸ਼ ਵਰਗੇ ਦੇਵਤੇ ਦਾ ਬਣ ਚੁੱਕਾ ਸੀ। ਉਹ ਲਗਪਗ ਪਿਛਲੀ ਅੱਧੀ ਸਦੀ ਤੋਂ ਪੰਜਾਬੀ ਪੱਤਰਕਾਰੀ ਵਿੱਚ ਵਿਲੱਖਣ ਯੋਗਦਾਨ ਪਾ ਰਿਹਾ ਹੈ। ਜਦੋਂ ਮੈਂ ਪੰਜਾਬ ਸਿਵਲ ਸਕੱਤਰੇਤ ਵਿਖੇ 1974 ਵਿੱਚ ਸਰਕਾਰੀ ਨੌਕਰੀ ਸ਼ੁਰੂ ਕੀਤੀ ਸੀ ਤਾਂ ਉਨ੍ਹਾਂ ਦਿਨਾਂ ਵਿੱਚ ਗੁਰਮੀਤ ਸਿੰਘ ਪਲਾਹੀ ਦੇ ਲੇਖਾਂ ਨੂੰ ਘੋਖਵੀਂ ਨਜ਼ਰ ਨਾਲ ਪੜ੍ਹਨ ਅਤੇ ਵਿਚਾਰ ਚਰਚਾ ਕਰਨ ਦਾ ਸਬੱਬ ਬਣਿਆ। ਮੇਰੇ ਮਨ ਵਿੱਚ ਅਜਿਹੇ ਪੱਤਰਕਾਰ ਦੇ ਰੂਬਰੂ ਹੋਣ ਦੀ ਤਾਂਘ ਪੈਦਾ ਹੋ ਗਈ ਕਿਉਂਕਿ ਕੋਈ ਵੀ ਚਲੰਤ ਮਾਮਲਾ ਹੁੰਦਾ ਸੀ ਤਾਂ ਸਭ ਤੋਂ ਪਹਿਲਾਂ ਉਨ੍ਹਾਂ ਦਾ ਤੱਥਾਂ ਨਾਲ ਲਬਰੇਜ਼ ਲੇਖ ਪੜ੍ਹਨ ਨੂੰ ਮਿਲਦਾ ਸੀ, ਜਿਸ ਤੋਂ ਸਾਡੇ ਵਰਗੇ ਉਭਰਦੇ ਨੌਜਵਾਨਾਂ ਨੂੰ ਪ੍ਰੇਰਨਾ ਅਤੇ ਭਰਪੂਰ ਜਾਣਕਾਰੀ ਮਿਲਦੀ ਸੀ। ਹੈਰਾਨੀ ਇਸ ਗੱਲ ਦੀ ਹੈ ਕਿ ਆਮ ਤੌਰ ਤੇ ਹਰ ਪੱਤਰਕਾਰ ਕਿਸੇ ਇਕ ਖੇਤਰ ਦਾ ਮਾਹਰ ਹੁੰਦਾ ਹੈ ਪ੍ਰੰਤੂ ਗੁਰਮੀਤ ਸਿੰਘ ਪਲਾਹੀ ਸਰਬ-ਕਲਾ ਸੰਪੂਰਨ ਹਰ ਵਿਸ਼ੇ ਦੇ ਮਾਹਰ ਹਨ। ਮੇਰੀ ਸਰਕਾਰੀ ਨੌਕਰੀ ਤੋਂ ਸੇਵਾ ਮੁਕਤੀ ਤੋਂ ਬਾਅਦ ਅੰਤਰਰਾਸ਼ਟਰੀ ਪੱਤਰਕਾਰ ਨਰਪਾਲ ਸਿੰਘ ਸ਼ੇਰਗਿਲ ਹੋਰਾਂ ਰਾਹੀਂ ਗੁਰਮੀਤ ਸਿੰਘ ਪਲਾਹੀ ਦੇ ਫਗਵਾੜਾ ਵਿਖੇ ਉਨ੍ਹਾਂ ਦੇ ਦਫਤਰ ‘ਪੰਜਾਬੀ ਵਿਰਸਾ ਟਰਸਟ (ਰਜਿ:) ਪਲਾਹੀ ਫਗਵਾੜਾ’ ਵਿੱਚ ਦਰਸ਼ਨ ਕਰਨ ਦਾ ਮੌਕਾ ਮਿਲਿਆ। ਜ਼ਮੀਨ ਨਾਲ ਜੁੜੇ ਹੋਏ ਸਾਧਾਰਨ ਜ਼ਹੀਨ ਇਨਸਾਨ ਨੂੰ ਮਿਲ ਕੇ ਰੂਹ ਸ਼ਰਸ਼ਾਰ ਹੋ ਗਈ। ਇਉਂ ਮਹਿਸੂਸ ਹੋ ਰਿਹਾ ਸੀ ਜਿਵੇਂ ਕੁਝ ਪ੍ਰਾਪਤ ਹੋ ਗਿਆ ਹੁੰਦਾ ਹੈ। ਉਨ੍ਹਾਂ ਦੀ ਜਾਣਕਾਰੀ ਦਾ ਖ਼ਜਾਨਾ ਬਹੁਤ ਹੀ ਅਮੀਰ, ਉਸਾਰੂ ਅਤੇ ਲੋਕ ਪੱਖੀ ਹੈ, ਜਿਨ੍ਹਾਂ ਦੀ ਦਾਦ ਦਿੱਤੇ ਬਿਨਾ ਮਨ ਨੂੰ ਸਕੂਨ ਨਹੀਂ ਮਿਲਦਾ। ਗੁਰਮੀਤ ਸਿੰਘ ਪਲਾਹੀ ਦੇ ਲੇਖਾਂ ਦੇ ਵਿਸ਼ੇ ਸਮਾਜਿਕ ਤਾਣੇ ਬਾਣੇ ਵਿੱਚ ਆਈਆਂ ਗਿਰਾਵਟਾਂ ਅਤੇ ਬੁਰਾਈਆਂ ਦਾ ਮੁਕਾਬਲਾ ਕਿਵੇਂ ਕੀਤਾ ਜਾਵੇ ਅਤੇ ਉਨ੍ਹਾਂ ਤੋਂ ਮੁਕਤੀ ਪਾਉਣ ਲਈ ਕਿਹੜੇ ਉਪਰਾਲੇ ਕੀਤੇ ਜਾਣ, ਉਨ੍ਹਾਂ ਦੇ ਲੇਖਾਂ ਵਿਚੋਂ ਪੜ੍ਹਨ ਨੂੰ ਮਿਲਦੇ ਹਨ। ਲੋਕ ਹਿਤਾਂ ਨਾਲ ਸੰਬੰਧਤ ਕੋਈ ਅੈਸਾ ਵਿਸ਼ਾ ਨਹੀਂ ਜਿਸ ਬਾਰੇ ਉਨ੍ਹਾਂ ਦਾ ਲੇਖ ਪ੍ਰਕਾਸ਼ਤ ਨਾ ਹੋਇਆ ਹੋਵੇ। ਉਨ੍ਹਾਂ ਦੇ ਲੇਖ ਪੜ੍ਹਕੇ ਗੁਰਮੀਤ ਸਿੰਘ ਪਲਾਹੀ ਦੇ ਦਿਲ ਦੇ ਦਰਦ ਦੀ ਹੂਕ ਸੁਣਾਈ ਦੇਣ ਲੱਗ ਜਾਂਦੀ ਹੈ ਕਿ ਉਨ੍ਹਾਂ ਨੂੰ ਪੰਜਾਬੀਆਂ ਨਾਲ ਕਿਤਨਾ ਲਗਾਓ ਹੈ। ਉਨ੍ਹਾਂ ਦੇ ਲੇਖਾਂ ਵਿੱਚ ਸਭ ਨਾਲੋਂ ਜ਼ਿਆਦਾ ਕਿੰਤੂ ਪ੍ਰੰਤੂ ਪੰਜਾਬ ਦੀਆਂ ਸਿਆਸੀ ਪਾਰਟੀਆਂ ਤੇ ਕੀਤਾ ਹੁੰਦਾ ਹੈ, ਜਿਹੜੀਆਂ ਪੰਜਾਬ ਦੇ ਲੋਕਾਂ ਦੇ ਹਿਤਾਂ ‘ਤੇ ਪਹਿਰਾ ਦੇਣ ਦੀ ਥਾਂ ਉਨ੍ਹਾਂ ਦੀ ਦੁਰਵਰਤੋਂ ਕਰਨ ਤੋਂ ਝਿਜਕਦੀਆਂ ਨਹੀਂ। ਉਹ ਆਮ ਆਦਮੀ ਦੀਆਂ ਰੋਜ਼ ਮਰ੍ਹਾ ਦੀਆਂ ਲੋੜਾਂ ਨੂੰ ਵੀ ਨਹੀਂ ਸਮਝਦੀਆਂ ਸਗੋਂ ਆਪਣੇ ਸਿਆਸੀ ਹਿਤਾਂ ਨੂੰ ਮੁੱਖ ਰਖਦੀਆਂ ਹਨ, ਜਦੋਂ ਕਿ ਉਨ੍ਹਾਂ ਦਾ ਆਪਣੀ ਪਰਜਾ ਦਾ ਧਿਆਨ ਰੱਖਣਾ ਮੁੱਢਲੀ ਜ਼ਿੰਮੇਵਾਰੀ ਹੈ। ਗੁਰਮੀਤ ਸਿੰਘ ਪਲਾਹੀ ਦੀ ‘‘ਪੰਜਾਬ ਡਾਇਰੀ-2021’’ ਵਿੱਚ ਉਹ ਸਾਰੇ ਲੇਖ ਸ਼ਾਮਲ ਹਨ, ਜਿਹੜੇ ਸਾਰਾ ਸਾਲ ਵੱਖ-ਵੱਖ ਅਖ਼ਬਾਰਾਂ ਦਾ ਸ਼ਿੰਗਾਰ ਬਣਦੇ ਰਹੇ ਹਨ। ਲੇਖ ਬਹੁਤ ਹੀ ਸਰਲ, ਆਮ ਲੋਕਾਂ ਦੇ ਸਮਝ ਵਿੱਚ ਆਉਣ ਵਾਲੀ ਸ਼ਬਦਾਵਲੀ ਵਿੱਚ ਹੁੰਦੇ ਹਨ। ਉਹ ਕਿਸੇ ਵੀ ਗੱਲ ਨੂੰ ਲਿਖਣ ਲਗੇ ਵਿੰਗ ਵਲ ਪਾ ਕੇ ਨਹੀਂ ਕਹਿੰਦੇ ਸਗੋਂ ਛੋਟੇ ਛੋਟੇ ਵਾਕਾਂ ਦੇ ਵਿੱਚ ਸਪਾਟ ਕਹਿ ਦਿੰਦੇ ਹਨ। ਉਨ੍ਹਾਂ ਦੇ ਲੇਖ ਸਮਤੁਲ, ਇਕਪਾਸੜ ਨਹੀਂ ਹੁੰਦੇ ਜਿਥੇ ਸਰਕਾਰਾਂ ਦੀ ਕਾਰਗੁਜ਼ਾਰੀ ਦੀ ਨਿੰਦਾ ਕਰਦੇ ਹਨ, ਉਥੇ ਪੰਜਾਬ ਦੇ ਲੋਕਾਂ ਨੂੰ ਵੀ ਆਗਾਹ ਕਰਦੇ ਹਨ ਕਿ ਉਹ ਵੀ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰਨ। ਪਿੰਡਾਂ ਵਿੱਚ ਧੜੇਬੰਦੀ ਬਣਾਕੇ ਆਪਣੇ ਪਿੰਡਾਂ ਦਾ ਵਿਕਾਸ ਖੁਦ ਰੋਕਣ ਤੋਂ ਪ੍ਰਹੇਜ ਕਰਨ। ਧੜੇਬੰਦੀ ਪੈਦਾ ਕਰਕੇ ਲੋਕ ਆਪਣੇ ਪੈਰੀਂ ਆਪ ਕੁਹਾੜੀ ਮਾਰਦੇ ਹਨ। ਲੋਕਾਂ ਨੇ ਤਾਂ ਪਿੰਡ ਵਿੱਚ ਹੀ ਰਹਿਣਾ ਹੁੰਦਾ ਹੈ, ਸਿਆਸਤਦਾਨ ਤਾਂ ਧੜੇਬੰਦੀ ਨਾਲ ਵੋਟਾਂ ਵਟੋਰਕੇ ਮੁੜਕੇ ਪਿੰਡ ਵਿੱਚ ਵੜਦੇ ਨਹੀਂ। ਨੌਜਵਾਨੀ ਨੂੰ ਵੀ ਸਿਰਫ ਸਰਕਾਰੀ ਨੌਕਰੀ ‘ਤੇ ਨਿਰਭਰ ਨਾ ਰਹਿਣ ਦੀ ਤਾਕੀਦ ਕਰਦੇ ਹਨ। ਉਨ੍ਹਾਂ ਨੂੰ ਆਪਣੇ ਲਘੂ ਕਾਰੋਬਾਰ ਕਰਨ ਅਤੇ ਪ੍ਰਾਈਵੇਟ ਖੇਤਰ ਦੀਆਂ ਨੌਕਰੀਆਂ ਕਰਨ ਦੀ ਸਲਾਹ ਵੀ ਦਿੰਦੇ ਹਨ। ਕੇਂਦਰ ਸਰਕਾਰ ਵੱਲੋਂ ਕਿਸਾਨਾਂ ਅਤੇ ਮਜ਼ਦੂਰਾਂ ਦੇ ਗਲੇ ਘੋਟਣ ਲਈ ਬਣਾਏ ਜਾ ਰਹੇ ਨਵੇਂ ਕਾਨੂੰਨਾ ਦੇ ਮਾੜੇ ਪ੍ਰਭਾਵਾਂ ਬਾਰੇ ਵੀ ਜਾਗ੍ਰਤ ਕਰਦੇ ਰਹੇ ਹਨ। ਪਿਛਲੇ ਇਕ ਸਾਲ ਚਲੇ ਸ਼ਾਂਤਮਈ ਕਿਸਾਨ ਮਜ਼ਦੂਰ ਅੰਦੋਲਨ ਦੀ ਪ੍ਰੋੜਤਾ ਕਰਨ ਲਈ ਲਗਪਗ 50 ਲੇਖ ਉਨ੍ਹਾਂ ਦੇ ਅਖ਼ਬਾਰਾਂ ਅਤੇ ਰਸਾਲਿਆਂ ਵਿੱਚ ਪ੍ਰਕਾਸ਼ਤ ਹੋਏ ਹਨ। ਨੌਜਵਾਨਾਂ ਨੂੰ ਪੰਜਾਬ ਦੀਆਂ ਰਵਾਇਤੀ ਖੇਡਾਂ ਵਿੱਚ ਦਿਲਚਸਪੀ ਲੈਣ ਲਈ ਵੀ ਪ੍ਰੇਰਦੇ ਹਨ। ਜੇਕਰ ਨੌਜਵਾਨ ਖੇਡਾਂ ਵਿੱਚ ਰੁਝੇ ਰਹਿਣਗੇ ਤਾਂ ਨਸ਼ਿਆਂ ਅਤੇ ਗੈਂਗਸਟਰਾਂ ਦੇ ਧੱਕੇ ਨਹੀਂ ਚੜ੍ਹਨਗੇ। ਭਾਵ ਉਹ ਲੋਕ ਸਰੋਕਾਰਾਂ ‘ਤੇ ਹਮੇਸ਼ਾ ਆਪਣੇ ਲੇਖਾਂ ਰਾਹੀਂ ਪਹਿਰਾ ਦਿੰਦੇ ਰਹਿੰਦੇ ਹਨ। ਪੰਜਾਬ ਦੇ ਸਿਆਸੀ, ਸਮਾਜਿਕ, ਸਭਿਆਚਾਰਕ ਅਤੇ ਆਰਥਿਕ ਸੰਕਟ ਉਨ੍ਹਾਂ ਦੀ ਕਲਮ ਦੇ ਵਿਸ਼ੇ ਬਣਦੇ ਰਹਿੰਦੇ ਹਨ। ਇਕ ਵਿਸ਼ੇ ਬਾਰੇ ਵੀ ਕਈ ਲੇਖ ਲਿਖ ਦਿੰਦੇ ਹਨ ਪ੍ਰੰਤੂ ਸਾਰੇ ਲੇਖਾਂ ਦੀ ਸ਼ਬਦਾਵਲੀ ਵੱਖਰੀ ਹੁੰਦੀ ਹੈ। ਇਹ ਕਮਾਲ ਗੁਰਮੀਤ ਸਿੰਘ ਪਲਾਹੀ ਦੇ ਹੀ ਜ਼ਿੰਮੇ ਆਈ ਹੈ। ਕਿਸਾਨਾਂ ਨੂੰ ਖੇਤੀਬਾੜੀ ਕਰਜ਼ਿਆਂ ਦਾ ਸਿਰਫ਼ ਖੇਤੀਬਾੜੀ ਦੇ ਸੰਦਾਂ ‘ਤੇ ਹੀ ਖ਼ਰਚਣ ਦੀ ਸਲਾਹ ਦਿੰਦੇ ਹਨ ਤਾਂ ਜੋ ਕਰਜ਼ਿਆਂ ਦਾ ਭਾਰ ਘਟਾਉਣ ਵਿੱਚ ਸਹਾਇਤਾ ਮਿਲ ਸਕੇ। ਉਹ ਇਹ ਵੀ ਲਿਖਦੇ ਹਨ ਕਿ ਵਿਆਹ ਸ਼ਾਦੀਆਂ ਅਤੇ ਭੋਗਾਂ ‘ਤੇ ਗ਼ੈਰ ਜ਼ਰੂਰੀ ਖ਼ਰਚਿਆਂ ਤੋਂ ਬਚਿਆ ਜਾਣਾ ਚਾਹੀਦਾ ਹੈ ਕਿਉਂਕਿ ਇਨਸਾਨ ਦੀਆਂ ਮੁਢਲੀਆਂ ਲੋੜਾਂ ਦੀ ਪੂਰਤੀ ਹੋਣੀ ਅਤਿਅੰਤ ਜ਼ਰੂਰੀ ਹੈ। ਫਾਲਤੂ ਦੀ ਵਾਹਵਾ ਸ਼ਾਹਵਾ ਦਾ ਕੋਈ ਲਾਭ ਨਹੀਂ ਹੁੰਦਾ। ਪੰਜਾਬੀਆਂ ਵੱਲੋਂ ਕੀਤੀਆਂ ਜਾ ਰਹੀਆਂ ਆਤਮ ਹੱਤਿਆਵਾਂ ਬਾਰੇ ਵੀ ਉਹ ਆਪਣੇ ਲੇਖਾਂ ਵਿੱਚ ਚਿੰਤਾ ਦਾ ਪ੍ਰਗਟਾਵਾ ਕਰਦੇ ਹੋਏ ਇਨਸਾਨੀ ਜ਼ਿੰਦਗੀਆਂ ਦਾ ਨੁਕਸਾਨ ਕਰਨ ਤੋਂ ਵਰਜਦੇ ਹਨ। ਆਤਮ ਹੱਤਿਆ ਕਿਸੇ ਵੀ ਸਮੱਸਿਆ ਦਾ ਹਲ ਨਹੀਂ ਹੁੰਦੀ, ਸਗੋਂ ਬਾਅਦ ਵਿਚ ਉਨ੍ਹਾਂ ਦੇ ਪਰਿਵਾਰ ਰੁਲ ਜਾਂਦੇ ਹਨ। ਪੰਜਾਬ ਡਾਇਰੀ-2021 ਦੇ ਦੂਜੇ ਭਾਗ ਵਿੱਚ ਗੁਰਮੀਤ ਸਿੰਘ ਪਲਾਹੀ ਨੇ ਪਰਵਾਸੀ ਪੰਜਾਬੀਆਂ ਦੀ ਪੰਜਾਬ ਨੂੰ ਦੇਣ ਅਤੇ ਉਨ੍ਹਾਂ ਦੇ ਰਸਤੇ ਵਿੱਚ ਆ ਰਹੀਆਂ ਮੁਸ਼ਕਲਾਂ ਬਾਰੇ ਵੀ ਲੇਖ ਪ੍ਰਕਾਸ਼ਤ ਕੀਤੇ ਹਨ। ਪੰਜਾਬ ਦੀ ਆਰਥਿਕਤਾ ਵਿੱਚ ਪਰਵਾਸੀ ਪੰਜਾਬੀਆਂ ਦੇ ਯੋਗਦਾਨ, ਪ੍ਰਵਾਸੀ ਪੰਜਾਬੀ ਸਮੇਲਨ, ਐਨ ਆਰ ਆਈ ਕਾਰਡ, ਪ੍ਰਵਾਸੀ ਅਤੇ ਕਾਂਗਰਸ, ਪ੍ਰਵਾਸੀਆਂ ਨਾਲ ਭੈੜਾ ਸਲੂਕ, ਪ੍ਰਵਾਸੀ ਨਿਵੇਸ਼, ਪ੍ਰਵਾਸੀਆਂ ਦੀਆਂ ਸਮੱਸਿਆਵਾਂ ਦਾ ਹੱਲ ਹੋਵੇ, ਚੋਣਾਂ ਤੇ ਪ੍ਰਵਾਸੀ, ਪ੍ਰਵਾਸੀ ਖੜ੍ਹੇ ਅੰਦੋਲਨ ਨਾਲ, ਪੰਜਾਬੀਆਂ ਪੱਲੇ ਬੇਰੋਜ਼ਗਾਰੀ ਤੇ ਪ੍ਰਵਾਸ ਅਤੇ ਪ੍ਰਵਾਸੀਆਂ ਦੀ ਕਿਸਾਨਾਂ ਪ੍ਰਤੀ ਇਕਜੁਟਤਾ ਆਦਿ ਵਿਸ਼ਿਆਂ ਤੇ ਉਨ੍ਹਾਂ ਵੱਲੋਂ ਲਿਖੇ ਲੇਖ ਪ੍ਰਕਾਸ਼ਤ ਕੀਤੇ ਗਏ ਹਨ। ਇਸ ਤੋਂ ਇਲਾਵਾ ਪ੍ਰਵਾਸੀਆਂ ਦਾ ਵਿਦੇਸ਼ਾਂ ਵਿੱਚ ਵਧ ਰਿਹਾ ਪ੍ਰਭਾਵ, ਪੂਰਾ ਬ੍ਰਹਿਮੰਡ ਇੱਕ ਪਿੰਡ, ਭਾਰਤੀ ਪ੍ਰਵਾਸੀਆਂ ਦਾ ਇਤਿਹਾਸ, ਨਾਮਣਾ ਖੱਟ ਰਹੇ ਪ੍ਰਵਾਸੀ ਪੰਜਾਬੀ, ਪ੍ਰਸਿੱਧ ਪ੍ਰਵਾਸੀ ਪੰਜਾਬੀ, ਪ੍ਰਵਾਸੀਆਂ ਦੀ ਮਿਹਨਤ ਨੂੰ ਪਿਆ ਬੂਰ, ਜਨਮ ਭੂਮੀ ਅਤੇ ਪ੍ਰਵਾਸ ਵਿਸ਼ਿਆਂ ਦੇ ਲੇਖ ਜਿਹੜੇ ਵੱਖ-ਵੱਖ ਅਖ਼ਬਾਰਾਂ ਵਿੱਚ ਪ੍ਰਕਾਸ਼ਤ ਹੋਏ ਸਨ ਸ਼ਾਮਲ ਹਨ। ਪੰਜਾਬ ਦੇ ਪੰਜ ਨਾਮਵਰ ਪਰਵਾਸੀ ਪੰਜਾਬੀਆਂ ਜਿਨ੍ਹਾਂ ਵਿੱਚ ਸਾਹਿਤਕਾਰ ਰਵਿੰਦਰ ਰਵੀ, ਸਾਇੰਸਦਾਨ ਸਵ: ਡਾ ਨਰਿੰਦਰ ਸਿੰਘ ਕੰਪਾਨੀ, ਚਿੱਤਰਕਾਰ ਜਰਨੈਲ ਸਿੰਘ, ਖੇਡ ਲੇਖਕ ਪ੍ਰਿੰਸੀਪਲ ਸਰਵਣ ਸਿੰਘ ਅਤੇ ਅੰਤਰਰਾਸ਼ਟਰੀ ਪੱਤਰਕਾਰ ਨਰਪਾਲ ਸਿੰਘ ਸ਼ੇਰਗਿਲ ਸ਼ਾਮਲ ਹਨ। ਪੁਸਤਕ ਦੇ ਤੀਜੇ ਭਾਗ ਵਿੱਚ ‘ਜਿਨ੍ਹਾਂ ‘ਤੇ ਮਾਣ ਪੰਜਾਬੀਆਂ ਨੂੰ’ ਸਿਰਲੇਖ ਹੇਠ ਪੰਜ ਪੰਜਾਬੀਆਂ ਬਾਰੇ ਲੇਖ ਹਨ, ਜਿਨ੍ਹਾਂ ਵਿੱਚ ਪੰਜਾਬੀਆਂ ਦੀ ਕੈਨੇਡਾ ਵਿੱਚ ਧਾਂਕ ਜਮਾਉਣ ਵਾਲਾ: ਮਨਮੋਹਨ ਸਿੰਘ ਸਹੋਤਾ ਕੈਨੇਡਾ, ਪੰਜਾਬ ਦਾ ਸਟਰੌਬਰੀ ਕਿੰਗ-ਨਵਜੋਤ ਸਿੰਘ ਸ਼ੇਰਗਿਲ, ਦੁਆਬੇ ਦੀ ਧਰਤੀ ਦਾ ਜੰਮਪਲ: ਬਰਤਾਨੀਆਂ ਦਾ ਲਾਡਲਾ ਦਰਸ਼ਨ ਲਾਲ ਕੱਲ੍ਹਣ, ਅਮਰੀਕਾ ਦੀ ਮਾਣਮੱਤੀ ਸਖ਼ਸ਼ੀਅਤ: ਮੇਅਰ ਪਰਗਟ ਸਿੰਘ ਸੰਧੂ ਅਤੇ ਮੇਵਿਆਂ ਦਾ ਬਾਦਸ਼ਾਹ: ਬਲਜੀਤ ਸਿੰਘ ਚੱਢਾ ਸ਼ਾਮਲ ਹਨ। ਪੰਜਾਬ ਡਾਇਰੀ-2021, ਪਰਮਿੰਦਰ ਸਿੰਘ ਦੁਆਰਾ ਸੰਪਾਦਿਤ, ਅੰਤਰਰਾਸ਼ਟਰੀ ਪੱਤਰਕਾਰ ਨਰਪਾਲ ਸਿੰਘ ਸ਼ੇਰਗਿਲ ਦੁਆਰਾ ਸਪਾਂਸਰ, 160 ਪੰਨਿਆਂ, 200 ਰੁਪਏ ਕੀਮਤ ਵਾਲੀ ਪੁਸਤਕ ਪੰਜਾਬੀ ਵਿਰਸਾ ਟਰੱਸਟ (ਰਜਿ:) ਪਲਾਹੀ, ਫਗਵਾੜਾ ਵੱਲੋਂ ਪ੍ਰਕਾਸ਼ਤ ਕੀਤੀ ਗਈ ਹੈ। ਉਮੀਦ ਕਰਦੇ ਹਾਂ ਕਿ ਗੁਰਮੀਤ ਸਿੰਘ ਪਲਾਹੀ 2022 ਵਿੱਚ ਹੋਰ ਵਧੀਆ ਲੇਖ ਲਿਖਕੇ ਪੰਜਾਬੀਆਂ ਦੀ ਸੇਵਾ ਕਰਦੇ ਰਹਿਣਗੇ। ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ |
*** 563 *** |