19 June 2024
artist at work

ਚੱਕਰਵਿਊ—ਗੁਰਸ਼ਰਨ ਸਿੰਘ ਕੁਮਾਰ

ਮਿੰਨੀ ਕਹਾਣੀ

ਮੈਂ ਆਪਣੀ ਜ਼ਿੰਦਗੀ ਵਿਚ ਬਹੁਤ ਮਿਹਨਤ ਕੀਤੀ ਅਤੇ ਬਹੁਤ ਧਨ ਕਮਾਇਆ। ਧਨ ਦੇ ਆਉਣ ਨਾਲ ਮੇਰੇ ਕੋਲ ਸਭ ਦੁਨਿਆਵੀਂ ਸੁੱਖ ਸਹੂਲਤਾਂ ਉਪਲੱਬਦ ਹੋ ਗਈਆਂ। ਸ਼ਹਿਰ ਵਿਚ ਆਲੀਸ਼ਾਨ ਕੋਠੀ ਮੇਰੀ ਸੀ। ਸਭ ਤੋਂ ਮਹਿੰਗੀ ਕਾਰ ਮੇਰੇ ਕੋਲ ਸੀ। ਹੋਰ ਵੀ ਐਸ਼ੋ ਇਸ਼ਰਤ ਦਾ ਸਭ ਸਮਾਨ ਮੇਰੇ ਕੋਲ ਸੀ। ਇਕ ਵੱਡਾ ਬੈਂਕ ਬੈਲੇਂਸ ਮੇਰਾ ਸੀ। ਪਰ ਹੁਣ ਮੈਨੂੰ ਇਨ੍ਹਾਂ ਸਭ ਪਦਾਰਥਾਂ ਦਾ ਆਨੰਦ ਮਿਲਣਾ ਬੰਦ ਹੋ ਗਿਆ। ਮਨ ਵਿਚ ਇਕ ਭਟਕਣ ਜਿਹੀ ਲੱਗ ਗਈ ਕਿ ਬੰਦਾ ਇਸ ਧਰਤੀ ‘ਤੇ ਕਿਉਂ ਆਉਂਦਾ ਹੈ? ਜ਼ਿੰਦਗੀ ਦਾ ਅਸਲੀ ਮਕਸਦ ਕੀ ਹੈ? ਇਸ ਦਾ ਕੋਈ ਤਸੱਲੀ-ਬਖ਼ਸ਼ ਉੱਤਰ ਮੈਨੂੰ ਕਿਧਰੋਂ ਨਹੀਂ ਸੀ ਮਿਲ ਰਿਹਾ। ਅਖਿਰ ਮੇਰੀ ਤਲਾਸ਼ ਇਕ ਸਧਾਰਨ ਜਿਹੇ ਮਹਾਂਪੁਰਸ਼ ਤੇ ਅਟਕ ਗਈ। ਉਹ ਬਹੁਤ ਸਿੱਧਾ ਸਾਦਾ ਅਤੇ ਧਾਰਮਿਕ ਬੰਦਾ ਸੀ। ਕੁਝ ਕੁ ਉਸ ਦੇ ਪੈਰੋਕਾਰ ਵੀ ਸਨ। ਉਹ ਆਪ ਸ਼ਹਿਰ ਦੀ ਅਬਾਦੀ ਤੋਂ ਦੂਰ ਇਕ ਸਧਾਰਨ ਜਿਹੇ ਮਕਾਨ ਦੇ ਛੋਟੇ ਜਿਹੇ ਕਮਰੇ ਵਿਚ ਰਹਿੰਦਾ ਸੀ ਅਤੇ ਰੋਜ਼ਾਨਾ ਸਵੇਰੇ ਇਕ ਘੰਟਾ ਪ੍ਰਵਚਨ ਕਰਦਾ ਸੀ।

ਮੈਂ ਵੀ ਉਸ ਮਹਾਂਪੁਰਸ਼ ਬਾਬੇ ਦੀ ਸ਼ਰਨ ਵਿਚ ਪਹੁੰਚ ਗਿਆ ਅਤੇ ਆਪਣੇ ਸੁਆਲ ਉਸ ਅੱਗੇ ਰੱਖੇ। ਉਸ ਮਹਾਂਪੁਰਸ਼ ਨੇ ਆਪਣੇ ਪ੍ਰਵਚਨਾਂ ਨਾਲ ਮੇਰੇ ਕਪਾਟ ਖੋਲ੍ਹ ਦਿੱਤੇ। ਉਸ ਨੇ ਦੱਸਿਆ ਕਿ ਇਹ ਦੁਨਿਆਵੀਂ ਮਾਇਆ ਇਕ ਨਾਗਣੀ ਹੈ। ਇਹ ਸਾਨੂੰ ਪ੍ਰਮਾਤਮਾ ਤੋਂ ਦੂਰ ਕਰਦੀ ਹੈ। ਮਾਇਆ ਨੂੰ ਹਾਸਿਲ ਕਰਨ ਲਈ ਸਾਨੂੰ ਕਈ ਤਰਦਦ ਕਰਨੇ ਪੈਂਦੇ ਹਨ। ਕਈਆਂ ਦਾ ਹੱਕ ਮਾਰਿਆ ਜਾਂਦਾ ਹੈ। ਅੰਤ ਸਮੇਂ ਇਹ ਸਾਰਾ ਧਨ ਅਤੇ ਕਾਰਾਂ ਕੋਠੀਆਂ ਨਾਲ ਨਹੀਂ ਜਾਂਦੇ। ਕੇਵਲ ਸਾਡੇ ਚੰਗੇ ਕਰਮ ਅਤੇ ਗ਼ਰੀਬਾਂ ਨੂੰ ਦਾਨ ਕੀਤਾ ਧਨ ਹੀ ਨਾਲ ਜਾਂਦਾ ਹੈ।

ਲਉ ਜੀ ਅਸੀਂ ਤਾਂ ਉਸ ਮਹਾਂਪੁਰਸ਼ ਦੇ ਮੁਰੀਦ ਹੋ ਗਏ। ਸਾਨੂੰ ਅੰਦਰੋਂ ਚਾਨਣ ਹੋ ਗਿਆ। ਸਭ ਦੁਨਿਆਵੀਂ ਪਦਾਰਥ ਸਾਨੂੰ ਫਿੱਕੇ ਲੱਗਣ ਲੱਗ ਪਏ। ਅਸੀਂ ਮਹਾਂਪੁਰਸ਼ਾਂ ਨੂੰ ਆਪਣੀ ਕੋਠੀ ਆ ਕੇ ਪ੍ਰਵਚਨ ਕਰਨ ਦੀ ਬੇਨਤੀ ਕੀਤੀ। ਉਹ ਮੰਨ ਗਏ। ਸਾਡੀ ਕੋਠੀ ਵਿਚ ਸਵੇਰੇ ਸ਼ਾਮ ਉਨ੍ਹਾਂ ਦੇ ਪ੍ਰਵਚਨ ਹੋਣੇ ਸ਼ੁਰੂ ਹੋ ਗਏ। ਰੋਜ਼ ਵੱਡੇ ਵੱਡੇ ਭੰਡਾਰੇ ਲੱਗਣੇ ਸ਼ੁਰੂ ਹੋ ਗਏ। ਸਾਡੀ ਮਾਇਆ ਦੇ ਜ਼ੋਰ ਨਾਲ ਉਨ੍ਹਾਂ ਦੇ ਯੱਸ਼ ਅਤੇ ਭਗਤਾਂ ਦਾ ਦਾਇਰਾ ਬਹੁਤ ਵਧ ਗਿਆ। ਅੱਨ੍ਹੀ ਸ਼ਰਧਾ ਕਾਰਨ ਸਾਡੇ ਵਿਚ ਤਿਆਗ ਦੀ ਭਾਵਨਾ ਬਹੁਤ ਜ਼ਿਆਦਾ ਆ ਗਈ। ਸਾਡੇ ਸਾਰੇ ਸਾਧਨ, ਧਨ ਦੌਲਤ ਅਤੇ ਕਾਰ ਬਾਬਾ ਜੀ ਦੇ ਪ੍ਰਚਾਰ ਅਤੇ ਪ੍ਰਸਾਰ ਦੇ ਕੰਮ ਆਉਣ ਲੱਗੇ। ਉਨ੍ਹਾਂ ਨੇ ਸਾਡੀ ਕੋਠੀ ਨੂੰ ਪੱਕਾ ਹੀ ਡੇਰਾ ਬਣਾ ਲਿਆ। ਬਾਬਾ ਜੀ ਦੇ ਪ੍ਰਵਚਨਾ ਕਾਰਨ ਸਾਡੀ ਜ਼ਿੰਦਗੀ ਸੁੰਗੜਣ ਲੱਗੀ। ਇੱਥੋਂ ਤੱਕ ਕਿ ਮੈਂ ਸ਼ਹਿਰੋਂ ਦੂਰ ਉਨ੍ਹਾਂ ਦੇ ਛੋਟੇ ਜਿਹੇ ਮਕਾਨ ਵਿਚ ਜਾ ਡੇਰੇ ਲਾਏ ਅਤੇ ਬਾਬਾ ਜੀ ਮੇਰੀ ਕੋਠੀ ਵਿਚ ਪੱਕੇ ਤੋਰ ਤੇ ਆਸਨ ਗ੍ਰਹਿਣ ਕਰ ਬੈਠੇ। ਹੁਣ ਗੱਲ ਇਹ ਹੈ ਕਿ ਮੇਰੀ ਕੋਠੀ, ਕਾਰ ਅਤੇ ਸਾਰੀ ਜਾਇਦਾਦ ਬਾਬਾ ਜੀ ਕੋਲ ਹੈ ਅਤੇ ਮੈਂ ਉਨ੍ਹਾਂ ਦੇ ਗਿਆਨ ਦੇ ਚੱਕਰਵਿਊ ਵਿਚ ਫਸਿਆ ਬੈਠਾ ਹਾਂ। ਮੈਂ ਸੋਚਦਾ ਹਾਂ ਕਿ ਮੈਂ ਇਸ ਗਿਆਨ ਨੂੰ ਅੱਗੋਂ ਕਿਸ ਨੂੰ ਵੰਡਾਂ?
***
111
***

ਗੁਰਸ਼ਰਨ ਸਿੰਘ ਕੁਮਾਰ
#1183, ਫੇਜ਼-10, ਮੁਹਾਲੀ
ਮੋਬਾਇਲ:-094631-89432, 83608-42861

About the author

ਗੁਰਸ਼ਰਨ ਸਿੰਘ ਕੁਮਾਰ
ਗੁਰਸ਼ਰਨ ਸਿੰਘ ਕੁਮਾਰ

ਗੁਰਸ਼ਰਨ ਸਿੰਘ ਕੁਮਾਰ

View all posts by ਗੁਰਸ਼ਰਨ ਸਿੰਘ ਕੁਮਾਰ →