ਸੂਫ਼ੀ ਅਮਰਜੀਤ ਸਾਹਿਤਕ ਜਗਤ ਵਿੱਚ ਜਾਣਿਆਂ ਪਛਾਣਿਆਂ ਨਾਂ ਹੈ। ਉਹ ਵੀ ਸਾਡੇ ਸਾਰਿਆਂ ਪੰਜਾਬੀਆਂ ਵਾਂਗ ਹੀ ਆਪਣੇ ਵਧੀਆ ਭਵਿੱਖ ਲਈ ਪੰਜਾਬ ਤੋਂ ਪੰਜਾਹ ਸਾਲ ਪਹਿਲਾਂ ਕੈਨੇਡਾ ਆਇਆ ਸੀ। ਪੰਜਾਬ ਵਿੱਚ ਰਹਿੰਦਿਆਂ ਉਹ ਟੀਚਰ ਯੂਨੀਅਨ ਵਿੱਚ ਕਾਫ਼ੀ ਸਰਗਰਮ ਰਿਹਾ। ਅਧਿਆਪਕਾਂ ਦੀਆਂ ਮੰਗਾਂ ਲਈ ਯੂਨੀਅਨ ਵਿੱਚ ਅਾਗੂ ਰਹਿ ਕੇ ਕੰਮ ਕੀਤਾ। ਕੋਠਰੀ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਨੂੰ ਲਾਗੂ ਕਰਉਣ ਲਈ ਅੰਬਾਲਾ ਜ਼ੇਲ੍ਹ ਯਾਤਰਾ ਵੀ ਕੀਤੀ। ਸੂਫ਼ੀ ਅਮਰਜੀਤ ਇੱਕ ਅਜਿਹਾ ਲੇਖਕ ਹੈ ਜਿਸ ਨੇ ਕਿਸੇ ਇੱਕ ਵਾਦ ਦਾ ਅਧਿਐਨ ਹੀ ਨਹੀਂ ਕੀਤਾ। ਸਗੋਂ ਉਸ ਨੇ ਅਧਿਆਤਮਿਕਵਾਦ ਅਤੇ ਮਾਰਕਸਵਾਦ ਦਾ ਡੂੰਘਾ ਅਧਿਐਨ ਕੀਤਾ ਹੈ। ਉਸ ਨੇ ਗੁਰਮਤਿ, ਗੀਤਾ, ਕੁਰਾਨ ਅਤੇ ਵੇਦਾਂ ਦੇ ਪੰਨਿਆਂ ਨੂੰ ਆਪਣੇ ਅਧਿਐਨ ਦਾ ਵਿਸ਼ਾ ਬਣਾਇਆ। ਇੰਡੀਆ ਵਿੱਚ ਹੁੰਦਿਆਂ ਵੀ ਅਖ਼ਬਾਰਾਂ ਤੇ ਰਿਸਾਲਿਆਂ ਲਈ ਲਿਖਦਾ ਰਿਹਾ ਪਰ ਕਿਸੇ ਵੱਖਰੇ ਨਾਂ ਹੇਠਾਂ ਕਿਉਂਕਿ ਸਰਕਾਰੀ ਅਧਿਆਪਕ ਹੋਣ ਕਰਕੇ ਸਰਕਾਰ ਵਿਰੋਧੀ ਗੱਲਬਾਤ ਲਿਖਣ ਦੀ ਮਨਾਹੀ ਸੀ। ਭਾਵੇਂ ਪਰਿਵਾਰਕ ਪਿਛੋਕੜ ਕਾਂਗਰਸੀ ਵਿਚਾਰਧਾਰਾ ਨਾਲ ਸੀ ਪਰ ਅਮਰਜੀਤ ਮਾਰਕਸੀ ਵਿਚਾਰਾਂ ਨੂੰ ਪ੍ਰਨਾਇਆ ਹੋਇਆ ਹੈ। ਅਮਰਜੀਤ ਨੂੰ ਅਸੀਂ ਕਿਸੇ ਇੱਕ ਵਿਧਾ ਵਿੱਚ ਲਿਖਣ ਵਾਲਾ ਲੇਖਕ ਨਹੀਂ ਕਹਿ ਸਕਦੇ ਉਹਨੇ ਵੱਖ ਵੱਖ ਵਿਧਾ ਵਿੱਚ ਲਿਖ ਕੇ ਆਪਣੇ ਵਿਚਾਰ ਪੇਸ਼ ਕੀਤੇ ਹਨ। ਕਵਿਤਾ, ਕਹਾਣੀ, ਨਾਵਲ, ਜੀਵਨੀ, ਸਫ਼ਰਨਾਮਾ, ਅਨੁਵਾਦ, ਆਲੋਚਨਾ ‘ਤੇ ਵੀ ਕੰਮ ਕੀਤਾ ਹੈ। ਉਹ ਰਾਜਨੀਤਿਕ ਸੂਝ ਬੂਝ ਰੱਖਦਾ ਹੋਇਆ ਹੋਰ ਪਾਰਟੀਆਂ ਨਾਲ ਜੁੜਨ ਦੀ ਥਾਂ ਕੈਨੇਡਾ ਦੀ ਕਮਿਊਨਿਸਟ ਪਾਰਟੀ ਦਾ ਸਰਗਰਮ ਮੈਂਬਰ ਹੈ। ਰਾਜਨੀਤਿਕ ਪਾਰਟੀਆਂ ਦੀਆਂ ਲੋਕ-ਵਿਰੋਧੀ ਪਾਲਸੀਆਂ ਦਾ ਵਿਰੋਧ ਕਰਦਿਆਂ ਆਪਣੇ ਵਿਚਾਰਾਂ ਨੂੰ ਖੁੱਲ੍ਹ ਕੇ ਪੇਸ਼ ਕਰਦਾ ਰਹਿੰਦਾ ਹੈ।
ਕੈਨੇਡਾ ਵਿੱਚ ਆ ਕੇ ਸਥਾਪਤੀ ਦੇ ਦਿਨਾਂ ਵਿੱਚ ਉਸ ਨੂੰ ਨਸਲੀ ਵਿਤਕਰੇ ਦਾ ਸਾਹਮਣਾ ਕਰਨਾ ਪਿਆ। ਉਸ ਦਾ ਕਹਿਣਾ ਹੈ ਕਿ ਸਾਡਾ ਪਹਿਲਾ ਕਸੂਰ ਇਹੋ ਸੀ ਕਿ ਇੱਕ ਤਾਂ ਸਾਡੀ ਦਿੱਖ (ਪੱਗ, ਦਾੜੀ) ਗੋਰੇ ਲੋਕਾਂ ਨੂੰ ਪੰਸਦ ਨਹੀਂ ਸੀ। ਦੂਸਰਾ ਯੂਨੀਅਨ ਵਿੱਚ ਸ਼ਾਮਲ ਹੋ ਕੇ ਮਿਹਨਤਕਸ਼ ਲੋਕਾਂ ਦੇ ਹੱਕਾਂ ਦੀ ਗੱਲ ਕਰਨੀ। ਬੇਇਨਸਾਫ਼ੀ ਦੇ iਖ਼ਲਾਫ਼ ਅਵਾਜ਼ ਬਲੰਦ ਕਰਨਾ ਕਰਕੇ ਕਈ ਵਾਰ ਕੰਮ ਤੋਂ ਕੱਢ ਦਿੱਤਾ ਜਾਂਦਾ ਰਿਹਾ। ਕਿਉਂਕਿ ਜੀ ਹਜ਼ੂਰੀਏ ਬਣ ਕੇ ਕੰਮ ਕਰਨ ਮਨ ਨਹੀਂ ਸੀ ਮੰਨਦਾ। ਸਾਡੇ ਵਿੱਚੋਂ ਹੀ ਕੁਝ ਲੋਕ ਮਾਲਕਾਂ ਕੋਲ਼ ਚੁਗਲੀਆਂ ਕਰ ਚੰਗੇ ਤੇ ਬੀਬੇ ਰਾਣੇ ਬਣਦੇ ਰਹੇ। ਇਸੇ ਕਰਕੇ ਬਹੁਤ ਸਾਰੇ ਥਾਂਈ ਕੰਮ ਕਰਨਾ ਪਿਆ। ਆਰਾਂ ਮਿਲ੍ਹਾਂ ਤੋਂ ਸੀ. ਐੱਨ. ਆਰ. ਵਰਗੀਆਂ ਕੰਪਨੀਆਂ ਵਿੱਚ ਕੰਮ ਕੀਤਾ। ਸਾਰੇ ਥਾਂਈ ਕਾਮਿਆਂ ਦੇ ਹੱਕਾਂ ਲਈ ਯੂਨੀਅਨ ਦਾ ਸਰਗਰਮ ਮੈਂਬਰ ਰਹਿ ਕੇ ਕੰਮ ਕੀਤਾ। ਪਰ ਨਾਲ ਸਾਹਿਤਕ ਗਤੀ-ਵਿਧੀਆਂ ਨੂੰ ਵੀ ਚਾਲੂ ਰੱਖਿਆ। ਪਿਛਲੇ ਚਾਲ਼ੀ ਪਜਾਹ ਸਾਲਾਂ ਤੋ ਸਾਹਿਤਕ ਖ਼ੇਤਰ ਵਿੱਚ ਸਰਗਰਮ ਹੈ। ਕਿਸੇ ਇੱਕ ਵਿਧਾ ਨਾਲ ਨਾਹ ਜੁੜਨ ਬਾਰੇ ਉਹਦਾ ਵਿਚਾਰ ਹੈ ਕਿ ਹਰ ਵਿਸ਼ਾ ਆਪਣੀ ਵਿਧਾ ਲੈ ਕੇ ਆੳਂੁਦਾ ਹੈ। ਕਵਿਤਾ ਅਤੇ ਵਾਰਤਕ ਦੇ ਵਿਸ਼ੇ ਵੀ ਵੱਖ ਹਨ। ਉਸ ਦਾ ਕਹਿਣਾ ਹੈ ਕਿ ਜਦੋਂ ਮੈਂ ਲਿਖਣ ਲਈ ਵਿਸ਼ਾ ਚੁਣਦਾ ਹਾਂ ਤਾਂ ਵਿਧਾ ਦੀ ਚੋਣ ਵੀ ਉਸ ਮੁਤਬਿਕ ਹੁੰਦੀ ਹੈ। ਕਈ ਦੇਸ਼ਾਂ ਦੀ ਯਾਤਰਾ ਵੀ ਕੀਤੀ ਪਰ ਸਫ਼ਰਨਾਮਾ ਅਜੇ ਲਹਿੰਦੇ ਪੰਜਾਬ ਬਾਰੇ ਹੀ ਲਿਖਿਆ ਹੈ, ਜਿਸ ਵਿੱਚ ਲਹਿੰਦੇ ਪੰਜਾਬ ਦੇ ਲੋਕਾਂ ਦੀ ਮੁਹੱਬਤ ਦਾ ਬਿਆਨ ਕਰਦਿਆਂ ਦੱਸਦਾ ਕਿ ਆਮ ਲੋਕ ਕਿਵੇਂ ਇੱਕ ਦੂਜੇ ਨੂੰ ਪਿਆਰ ਕਰਦੇ ਹਨ ਤੇ ਰਾਜਨੀਤਿਕ ਲੋਕ ਕਿਵੇਂ ਫਿਰਕੂ ਨਫ਼ਰਤਾਂ ਫੈਲਾ ਕੇ ਦੁਸ਼ਮਣੀਆਂ ਪੈਦਾ ਕਰਦੇ ਅਤੇ ਇਨਸਾਨੀਅਤ ਨੂੰ ਪਾੜ ਕੇ ਰੱਖਦੇ ਹਨ। ਸੂਫ਼ੀ ਨੇ ਪੰਜਾਬੀ ਸਾਹਿਤ ਤੋਂ ਬਿਨਾਂ ਰੂਸੀ ਅਤੇ ਚੀਨੀ ਸਾਹਿਤ ਵੀ ਪੜ੍ਹਿਆ। ਉਹਦੀਆਂ ਲਿਖਤਾਂ ਦੀ ਗਿਣਤੀ ਭਾਵੇਂ ਬਹੁਤ ਜ਼ਿਆਦਾ ਨਹੀਂ ਪਰ ਜਿੰਨੀ ਵੀ ਹੈ ਬਹੁਤ ਮਹੱਤਵਪੂਰਨ ਤੇ ਨਿਵੇਕਲੀ ਹੈ। ਉਸ ਨੇ ਜੀਵਨੀ-ਸਾਹਿਤ ਵਿੱਚ ਖ਼ਾਸ ਵਿਅਕਤੀਆਂ ਦੀਆਂ ਜੀਵਨੀਆਂ ਦਾ ਅਨੁਵਾਦ ਕਰਕੇ ਮੁੱਲਵਾਨ ਵਾਧਾ ਕੀਤਾ ਹੈ। ਨਾਲ ਹੀ ਉਨ੍ਹਾਂ ਇਤਿਹਾਸਕ ਤੱਥਾਂ ਨੂੰ ਪੰਜਾਬੀ ਪਾਠਕਾਂ ਦੇ ਧਿਆਨ ਵਿੱਚ ਲਿਆਂਦਾ ਜਿਨ੍ਹਾ ਬਾਰੇ ਬਹੁਤ ਘੱਟ ਜਾਣਕਾਰੀ ਸੀ। ਜਿਸ ਤਰ੍ਹਾਂ ਮੈਡਮ ਕਾਮਾ, ਵੀਅਤਨਾਮੀ ਕ੍ਰਾਂਤੀਕਾਰੀ ਹੋ ਚੀ ਮਿੰਨ, ਕਾ. ਏ. ਕੇ. ਗੋਪਾਲਨ ਦੀ ਸਵੈ-ਜੀਵਨੀ ਅਤੇ ਗ਼ਦਰੀ ਬਾਬਾ ਪਾਖਰ ਸਿੰਘ ਦੀ ਜੀਵਨੀ ਨਛੱਤਰ ਸਿੰਘ ਗਿੱਲ ਨਾਲ ਮਿਲ਼ ਕੇ ਅਨੁਵਾਦ ਕੀਤਾ ਹੈ। ਇਹ ਪੰਜਾਬੀ ਪਾਠਕਾਂ ਲਈ ਬਹੁਤ ਹੀ ਲਾਹੇਬੰਦ ਹੈ। ਕਿਉਂਕਿ ਇਹ ਜੀਵਨੀਆਂ ਅੰਗਰੇਜ਼ੀ ਵਿੱਚ ਤਾਂ ਮਿਲ਼ਦੀਆਂ ਸਨ, ਸ਼ਾਇਦ ਪੰਜਾਬੀ ਵਿੱਚ ਨਹੀਂ ਸਨ। ਇਹ ਦੂਜੀਆਂ ਭਾਸ਼ਾਵਾਂ ਦਾ ਮਿਆਰੀ ਸਾਹਿਤ ਪੰਜਾਬੀ ਵਿੱਚ ਅਨੁਵਾਦ ਕਰਨ ਦਾ ਸ਼ਲਾਘਾਯੋਗ ਉਪਰਾਲਾ ਹੈ। ਇਸੇ ਤਰ੍ਹਾਂ ਆਲੋਚਨਾਂ, ਨਾਵਲ ਅਤੇ ਸਫ਼ਰਨਾਮਾ ਵੀ ਖ਼ਾਸ ਮਹੱਤਵ ਵਾਲ਼ੀਆਂ ਤੇ ਮੁੱਲਵਾਨ ਰਚਨਾਵਾਂ ਹਨ। ਅੱਜ ਭਾਵੇਂ ਉਹਦੀ ਸੋਚ ਖੱਬੇ-ਪੱਖੀ ਧਾਰਨਾ ਨਾਲ ਜੁੜੀ ਹੋਈ ਹੈ ਪਰ ਬਾਕੀ ਫ਼ਿਲਸਫੀਆਂ ਬਾਰੇ ਵੀ ਪੂਰਨ ਗਿਆਨ ਕਰਕੇ ਆਪਣੇ ਵਿਚਾਰ ਇੱਕ ਪੱਖੀ ਤੇ ਕਟੜਤਾ ਨਾਲ ਪੇਸ਼ ਨਹੀਂ ਕਰਦਾ। ਉਸ ਦਾ ਇਹ ਕਹਿਣਾ ਕਿ ਜੇਕਰ ਤੁਹਾਨੂੰ ਦੂਜਿਆਂ ਬਾਰੇ ਗਿਆਨ ਹੋਵੇਗਾਂ ਤਾਂ ਆਪਣੇ ਵਿਚਾਰਾਂ ਲਈ ਸਭ ਕੁਝ ਸੋਚ ਵਿਚਾਰ ਕਰਕੇ ਹੀ ਫ਼ੈਸਲਾ ਕਰੋਂਗੇ ਨਹੀਂ ਤਾਂ ਤੁਸੀਂ ਕੇਵਲ ਇੱਕ ਪਾਸੜ ਗਿਆਨ ਤੇ ਹੀ ਨਿਰਭਰ ਹੋਵੋਗੇ। ਉਹ ਲੋਕਾਂ ਨੂੰ ਜਾਗਰਤ ਕਰਨ ਲਈ ਲਗਭਗ ਇੱਕ ਦਹਾਕਾ ਸਮਾਜਿਕ ਅਤੇ ਰਾਜਨੀਤਿਕ ਮਸਲਿਆਂ ਨੂੰ ਲੈ ‘ਲੋਕਤਾ’ ਨਾਂਅ ਦਾ ਇੱਕ ਮਸਿਕ ਪਰਚਾ ਵੀ ਚਲਾਉਂਦਾ ਰਿਹਾ। ਉਸ ਦਾ ਮੰਨਣਾ ਹੈ ਕਿ ਭਾਵੇਂ ਸਮਾਜਵਾਦੀ ਢਾਂਚੇ ਵਿੱਚ ਸੌ ਨੁਕਸ ਹੋਣਗੇ ਪਰ ਪੂੰਜੀਵਾਦ ਨੇ ਜਿਸ ਹੱਦ ਤੱਕ ਮਨੁੱਖਤਾ ਦਾ ਨੁਕਸਾਨ ਕੀਤਾ ਹੈ ਇਹ ਬਹੁਤ ਹੀ ਖ਼ਤਰਨਾਖ ਹੈ। ਅੱਜ ਸਾਨੂੰ ਇਸ ਦੇ ਮਾਰੂ ਅਸਰਾਂ ਤੋਂ ਜਾਣੂ ਹੋਣ ਦੀ ਬੇਹੱਦ ਲੋੜ ਹੈ। ਪਿਛਲੇ ਦਿਨੀਂ ਸੂਫ਼ੀ ਅਮਰਜੀਤ ਨਾਲ ਮਿਲ਼ ਬੈਠਣ ਦਾ ਸਬੱਬ ਬਣਿਆ ਤਾਂ ਇੱਕ ਲੰਬੀ ਮੁਲਾਕਾਤ ਕੀਤੀ ਹੈ ਜਿਸ ਦੇ ਕੁਝ ਅੰਸ਼ ਪਾਠਕਾਂ ਨਾਲ ਸਾਂਝੇ ਕਰਨ ਦੀ ਖੁਸ਼ੀ ਲੈ ਰਹੇ ਹਾਂ। ਯਾਦਾਂ ਬਚਪਨ ਦੀਆਂ -ਢਾਅ ਜੀ ਮੇਰਾ ਜਨਮ 7 ਜੁਲਾਈ 1940 ਨੂੰ ਮਾਤਾ ਜੀ ਮਾਨ ਕੌਰ ਅਤੇ ਪਿਤਾ ਜੀ ਸ੍ਰ. ਹਰਚਰਨ ਸਿੰਘ ਉੱਪਲ ਦੇ ਘਰ ਪਿੰਡ ਬੱਸੀਆਂ, ਤਹਿਸੀਲ ਰਾਏ ਕੋਟ ਜ਼ਿਲ੍ਹਾ ਲੁਧਿਆਣਾ ਵਿਖੇ ਹੋਇਆ। ਸਾਡੇ ਪਰਿਵਾਰ ਵਿੱਚ ਮੇਰੀ ਇੱਕ ਭੈਣ ਅਤੇ ਇੱਕ ਛੋਟਾ ਭਰਾ ਉਹ ਵੀ ਇੱਥੇ ਕੈਨੇਡਾ ਵਿੱਚ ਹੀ ਹਨ। ਮੇਰੇ ਬਾਬਾ ਜੀ ਸ੍ਰ. ਪ੍ਰਤਾਪ ਸਿੰਘ ਜਿਹੜੇ ਆਪਣੇ ਇਲਾਕੇ ਵਿੱਚ ਬਹੁਤ ਸਤਿਕਾਰਤ ਵਿਅਕਤੀ ਸਨ। ਲੋਕ ਉਨ੍ਹਾਂ ਨੂੰ ਚੌਧਰੀ ਪ੍ਰਤਾਪ ਸਿੰਘ ਦੇ ਨਾਂਅ ਨਾਲ ਜਾਣਦੇ ਸਨ। ਪਿਤਾ ਜੀ ਦੇ ਦੱਸਣ ਮੁਤਾਬਿਕ ਇੱਕ ਵਾਰ ਦੀ ਗੱਲ ਹੈ ਕਿ ਉਨ੍ਹਾਂ ਦਿਨਾਂ ਵਿੱਚ ਡਿਸਟ੍ਰਰਿਕ ਬੋਰਡ ਦੀਆਂ ਚੋਣਾਂ ਸਨ। ਇਲਾਕੇ ਦੇ ਲੋਕਾਂ ਨੇ ਬਾਬਾ ਜੀ ਨੂੰ ਜ਼ੋਰ ਪਾਕੇ ਚੋਣਾਂ ਵਿੱਚ ਖੜਾ ਕਰ ਦਿੱਤਾ। ਉਸ ਸਮੇਂ ਸਾਡੇ ਨਾਲ ਦੇ ਪਿੰਡ ਸੀਵੀਆਂ ਵਿੱਚ ਇੱਕ ਅੰਗਰੇਜ਼ਾਂ ਦਾ ਪਿੱਠੂ ਜ਼ੈਲਦਾਰ ਸੀ। ਅੰਗਰੇਜ਼ ਉਹਨੂੰ ਆਪਣੇ ਮੁਫ਼ਾਦ ਲਈ ਵਰਤਦੇ ਸਨ। ਅੰਗਰੇਜ਼ਾਂ ਦੀ ਸ਼ਹਿ ਤੇ ਉਹਨੇ ਇਸ ਚੋਣ ਲਈ ਆਪਣੇ ਆਪ ਨੂੰ ਉਮੀਦਵਾਰ ਐਲਾਨ ਕਰ ਦਿੱਤਾ। ਪਰ ਜਦੋਂ ਉਹਨੂੰ ਬਾਪੂ ਜੀ ਦੇ ਬਾਰੇ ਪਤਾ ਲੱਗਾ ਤਾਂ ਉਹਨੇ ਆਪਣੇ ਪੇਪਰ ਵਾਪਸ ਲੈ ਲਏ। ਪਰ ਜ਼ਿਲ੍ਹੇ ਦੇ ਡੀ. ਸੀ. ਨੇ ਉਸ ਵਿਅਕਤੀ ਨੂੰ ਕਾਫ਼ੀ ਝਾੜ-ਝੰਭ ਕੀਤੀ ਕਿ ਤੂੰ ਆਪਣੇ ਪੇਪਰ ਵਾਪਸ ਕਿਉਂ ਲਏ। ਤੂੰ ਭਾਵੇਂ ਚੋਣ ਹਾਰ ਜਾਂਦਾ ਪੇਪਰ ਵਾਪਸ ਨਹੀਂ ਸੀ ਲੈਣੇ। ਸੋ ਸਾਡੇ ਪਰਿਵਾਰ ਵਿੱਚ ਲੋਕ-ਸੇਵਾ ਤੇ ਅੰਗਰੇਜ਼ਾਂ ਦੇ ਖਿਲਾਫ਼ ਦੇਸ਼ ਦੀ ਆਜ਼ਾਦੀ ਲਈ ਜੱਦੋ-ਜਹਿਦ ਕਰਨ ਦਾ ਰੁਝਾਨ ਰਿਹਾ। ਅੰਗਰੇਜ਼ਾਂ ਦੇ ਜਾਣ ਤੋਂ ਬਾਅਦ ਮੇਰੇ ਪਿਤਾ ਕਾਂਗਰਸ ਦਾ ਹਿਮਾਇਤੀ ਰਹੇ। ਪਰ ਮੇਰਾ ਝੁਕਾ ਖੱਬੇ-ਪੱਖੀ ਵਿਚਾਰਧਾਰਾ ਵੱਲ ਰਿਹਾ ਹੈ। ? ਸੂਫ਼ੀ ਜੀ, ਬਚਪਨ ਕਿਹੋ ਜਿਹਾ ਸੀ? ਹਰ ਵਿਅਕਤੀ ਦੀ ਸ਼ਖ਼ਸੀਅਤ ਬਣਾਉਣ ਵਿੱਚ ਕਿਸੇ ਵਿਅਕਤੀ ਵਿਸ਼ੇਸ਼ ਦਾ ਹੱਥ ਹੁੰਦਾ ਹੈ। ਤੁਸੀਂ ਆਪਣੇ ਸੰਦਰਭ ਕੀ ਕਹਿਣਾ ਚਾਹੋਗੇ? – ਹਾਂ ਜੀ, ਮੇਰਾ ਬਚਪਨ ਵੀ ਪਿੰਡਾਂ ਦੇ ਆਮ ਬੱਚਿਆਂ ਵਾਂਗ ਹੀ ਉਸ ਸਮੇਂ ਦੀਆਂ ਖੇਡਾਂ ਖੇਡਦਿਆਂ ਬਤੀਤ ਹੋਇਆ। ਉਸ ਸਮੇਂ ਗਰਾਸ ਹਾਕੀ, ਫੁੱਟਬਾਲ ਦੀਆਂ ਖੇਡਾਂ ਤੋਂ ਬਿਨਾਂ ਆਮ ਪੇਂਡੂ ਖੇਡਾਂ, ਲੁਕਣ-ਮੀਚੀ, ਛੂਹ-ਛੂਹਾਈ, ਸ਼ੱਕਰ-ਭਿੱਜੀ, ਖਿੱਦੋ-ਖੂੰਡੀ, (ਲੱਲਾ ਗੁੱਤ), ਕੋਟਲਾ-ਛਪਾਕੀ, ਗੁੱਲੀ-ਡੰਡਾ, ਗੋਲ਼ੀਆਂ ਅਤੇ ਤਾਸ਼ ਦੀਆਂ ਵੀ ਕਈ ਖੇਡਾਂ ਖੇਡ ਲਈਦੀਆਂ ਸੀ। ਮੇਰੀ ਜਿਹੋ ਜਿਹੀ ਵੀ ਅੱਜ ਸ਼ਖ਼ਸੀਅਤ ਹੈ ਇਸ ਨੂੰ ਬਣਾਉਣ ਲਈ ਪਰਿਵਾਰ ਦੇ, ਪਿੰਡ ਦੇ ਲੋਕਾਂ, ਦੋਸਤਾਂ ਤੋਂ ਬਿਨਾਂ ਆਰਿਫ਼ ਦਲੀਪ ਸਿੰਘ ਅਤੇ ਸੂਫ਼ੀ ਸਾਧੂ ਸਿੰਘ ਕੋਟ ਮਹੰਮਦ ਖ਼ਾਂ ਜ਼ਿਲ੍ਹਾ ਅੰਮ੍ਰਿਤਸਰ (ਹੁਣ ਤਰਨ-ਤਾਰਨ) ਦਾ ਵੱਡਾ ਹੱਥ ਹੈ। ਮੈਂ 16 ਤੋਂ 20 ਸਾਲ ਦੀ ਉਮਰ ਤੱਕ ਗੁਰਮਿਤ ਸਾਹਿਤ ਤੋਂ ਬਿਨਾਂ ਪੁਰਾਤਨ ਭਾਰਤੀ ਸਾਹਿਤ, ਉਪਨਿਸ਼ਦਾਂ, ਛੇ ਸ਼ਸ਼ਤਰ, ਰਿਗਵੇਦ, ਅਯੂਜਰਵੇਦ ਤੇ ਸ਼ਾਮਵੇਦ ਭਗਵਤ ਗੀਤਾ (ਹਿੰਦੀ), ਸੁਆਮੀ ਰਾਮ ਤੀਰਥ ਅਤੇ ਹੋਰ ਕਈ ਵੇਦਾਂਤ ਦੇ ਗ੍ਰੰਥ (ਸ਼ੰਕਰਭਾਸ਼) ਇਸ ਤੋਂ ਬਿਨਾਂ ਕੁਰਾਨ ਸ਼ਰੀਫ਼ ਆਦਿ ਵੀ ਪੜ੍ਹੇ। ਹੋਰ ਸਮਾਜਵਾਦੀ ਸਾਹਿਤ ਖ਼ਾਸ ਕਰਕੇ ਰੂਸੀ, ਚੀਨੀ ਸਾਹਿਤ। ? ਬਚਪਨ ਦੀ ਕੋਈ ਹੋਰ ਕੌੜੀ, ਮਿੱਠੀ ਯਾਦ ਜੋ ਅੱਜ ਵੀ ਚੇਤੇ ਪੱਟੀ ਤੇ ਉੱਕਰੀ ਗਈ ਹੋਵੇ? ਜਾਂ ਸਕੂਲ ਦੇ ਕਿਸੇ ਅਧਿਆਪਕ ਦੀ ਕੋਈ ਯਾਦ ਤੁਹਾਡੇ ਚੇਤੇ ਦੀ ਚੰਗੇਰ ਵਿੱਚ ਪਈ ਹੋਵੇ? – ਦੇਸ਼ ਦੀ ਵੰਡ ਸਮੇਂ ਮੈਂ ਦੂਸਰੀ ਜਮਾਤ ਵਿੱਚ ਪੜ੍ਹਦਾ ਸੀ। ਸਾਡਾ ਮੁਨਸ਼ੀ ਵਲੀ ਮੁਹੰਮਦ ਹੁੰਦਾ ਸੀ। ਉਸ ਸਮੇਂ ਮੁਸਲਮਲੀਗ ਦੇ ਪ੍ਰਚਾਰ ਦਾ ਜ਼ੋਰ ਸੀ ਤੇ ਉਹ ਮੇਰੇ ਵੱਲ ਕੌੜ ਦ੍ਰਿਸ਼ਟੀ ਨਾਲ ਦੇਖਦਾ ਸੀ। ਮੇਰੇ ਬਾਪੂ ਜੀ ਪਿੰਡ ਵਿੱਚ ਕਾਂਗਰਸ ਪਾਰਟੀ ਨਾਲ ਸਨ, ਸ਼ਾਇਦ ਇਸ ਕਰਕੇ ਹੋਵੇ। ਪਰ ਉਸ ਦਾ ਤਿੱਖਾ ਨੱਕ ਵੱਡੀਆਂ ਮੁੱਛਾਂ ਚਿੱਟੀ ਤੁਰਲੇ ਵਾਲੀ ਪੱਗ, ਚਿੱਟੀ ਸਲਵਾਰ ਤੇ ਇਕਹਿਰਾ ਜਿਹਾ ਸਰੀਰ ਹੁਣ ਵੀ ਮੇਰੀ ਯਾਦ ਵਿੱਚ ਸਾਕਾਰ ਹੈ। ? ਅਗਲੇਰੀ ਤੁਸੀਂ ਵਿੱਦਿਆ ਕਿੱਥੋਂ ਪ੍ਰਾਪਤ ਕੀਤੀ? ਇਸ ਤੋਂ ਬਾਅਦ ਕੋਈ ਹੋਰ ਕੰਮ ਵੀ ਕੀਤਾ ਜਾਂ ਫੇਰ ਅਧਿਆਪਨ ਵੱਲ ਹੀ ਆ ਗਏ? ਆਪਣੇ ਉਸ ਸਮੇਂ ਦੀ ਕੋਈ ਯਾਦ ਸਾਂਝੀ ਕਰਨਾ? – ਮੈਂ ਮੈਟ੍ਰਿਕ ਪਿੱਛੋਂ ਜੇ. ਬੀ. ਟੀ. ਦੀ ਟ੍ਰੇਨਿੰਗ ਲਈ। ਉਸ ਸਮੇਂ ਹੀ ਮੈਂ ਗਿਆਨੀ ਦੀ ਪ੍ਰੀਖਿਆ ਪਾਸ ਕੀਤੀ ਉਸ ਸਮੇਂ ਤੋਂ ਹੀ ਮੇਰੀ ਦਿਲਚਸਪੀ ਪੰਜਾਬੀ ਸਾਹਿਤ ਵਿੱਚ ਹੋਈ। ਅਧਿਆਪਨ ਸਮੇਂ ਅਧਿਆਪਕਾਂ ਦੀਆਂ ਤਨਖ਼ਾਹਾਂ ਬੜੀਆਂ ਥੋੜੀਆਂ ਸਨ। ਆਰੰਭ 100 ਰੁਪਏ ਤੋਂ ਹੁੰਦਾ ਸੀ। ਉਸ ਸਮੇਂ ਸੈਂਟਰ ਵਿੱਚ ਵਿੱਦਿਆ ਮੰਤਰੀ ਨੇ ਕੋਠਾਰੀ ਕਮੀਸ਼ਨ ਵਿੱਦਿਆ ਦੇ ਖ਼ੇਤਰ ਵਿੱਚ ਬਿਠਇਆ। ਉਸ ਦੀਆਂ ਸ਼ਿਫ਼ਾਰਸ਼ਾਂ ਨੂੰ ਲਾਗੂ ਕਰਵਾਉਣ ਲਈ ਪੰਜਾਬ ਟੀਚਰਜ਼ ਯੂਨੀਅਨ ਵੱਲੋਂ ਸਤਿਆਗ੍ਰਹਿ ਕੀਤਾ ਗਿਆ। ਮੈਨੂੰ ਆਪਣੇ ਸਾਥੀਆਂ ਸਮੇਤ ਦੂਸਰੇ ਦਿਨ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਵਿੱਚ ਗ੍ਰਿਫ਼ਤਾਰ ਕਰਕੇ ਅੰਬਾਲੇ ਜ਼ੇਲ੍ਹ ਵਿੱਚ ਭੇਜ ਦਿੱਤਾ। ਸਾਡੀਆਂ ਮੰਗਾਂ ਪੂਰੀਆਂ ਹੋਣ ਤੇ ਰਿਹਾ ਕੀਤਾ ਗਿਆ। ਇਹ ਸਮਝੌਤਾ ਉਸ ਸਮੇਂ ਸਾਂਝੇ ਫ਼ਰੰਟ, ਜਸਟਿਸ ਗੁਰਨਾਮ ਸਿੰਘ ਦੀ ਸਰਕਾਰ ਉੱਪਰ ਸਾਂਝੇ ਫ਼ਰੰਟ ਦੇ ਕੁਆਰਡੀਨੇਟਰ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਦੇ ਪ੍ਰਭਾਵ ਤੇ ਦਖ਼ਲ ਕਾਰਨ ਜਿੱਤ ਵਿੱਚ ਹੋਇਆ। ਸਕੂਲ ਦੇ ਸਮੇਂ ਤੋਂ ਬਾਅਦ ਹੋਰ ਪਰਿਵਾਰਕ ਕੰਮ ਖੇਤੀ ਦੇ ਕੰਮਾਂ-ਕਾਰਾਂ ਵਿੱਚ ਸਹਿਯੋਗ ਸਭਾਵਿਕ ਸੀ। ਪਰਵਾਸ, ਨਸਲੀ ਵਿਤਕਰਾ ਅਤੇ ਸੰਘਰਸ਼ – ਮੈਂ 1970 ਵਿੱਚ ਕੈਨੇਡਾ ਆਇਆ ਸੀ। ਇਸ ਤੋਂ ਪਹਿਲਾਂ ਮੇਰੀ ਪਤਨੀ ਸਰਬਜੀਤ ਕੌਰ ਦਾ ਛੋਟਾ ਭਰਾ ਡੇਢ ਕੁ ਸਾਲ ਪਹਿਲਾਂ ਕੈਨੇਡਾ ਆਇਆ ਸੀ। ਉਨ੍ਹਾਂ ਦਾ ਸੁਹਰਾ ਪਰਿਵਾਰ 1916 ਤੋਂ ਕੈਨੇਡਾ ਵਿੱਚ ਸੀ। ਮੈਂ ਪਹਿਲਾਂ ਇਕੱਲਾ ਹੀ ਵਿਜ਼ਟਰ ਦੇ ਤੌਰ ਤੇ ਆਇਆ ਸੀ। ਮੇਰੇ ਬੱਚੇ ਅਤੇ ਪਤਨੀ ਮੇਰੇ ਤੋਂ ਢਾਈ ਕੁ ਸਾਲ ਪਿੱਛੋਂ ਆਏ ਸਨ। ਤੁਹਾਨੂੰ ਪਤਾ ਹੀ ਹੈ ਕਿ ਇੱਥੇ ਆ ਕੇ ਜੱਦੋ-ਜਹਿਦ ਕਰਨੀ ਸੁਭਾਵਿਕ ਹੀ ਹੈ ਕਿਉਂਕਿ ਹਰ ਨਵਾਂ ਆਉਣ ਵਾਲਾ ਵਿਅਕਤੀ ਆਪਣੇ ਕੋਲ਼ ਕੇਵਲ ਅੱਠ ਕੁ ਡਾਲਰ ਹੀ ਲੈ ਕੇ ਆ ਸਕਦਾ ਸੀ। ਹਾਂ, ਏਨਾ ਜ਼ਰੂਰ ਸੀ ਕਿ ਮੇਰੇ ਰਿਸ਼ਤੇਦਾਰ ਇੱਥੇ ਸੀ ਇੱਥੇ ਆਉਣ ਤੇ ਕੁਝ ਸਹੂਲਤ ਮਿਲਣੀ ਸੁਭਾਵਿਕ ਸੀ। ਉਸ ਤੋਂ ਮਗਰੋਂ ਤਾਂ ਤੁਹਾਨੂੰ ਪਤਾ ਆਪਣੀ ਆਪ ਬਾਲ਼ ਕੇ ਸੇਕਣੀ ਹੁੰਦੀ ਹੈ। ਇੱਥੇ ਆ ਕੇ ਪਹਿਲਾਂ ਫ਼ਾਰਮ ਵਿੱਚ ਫੇਰ ਬੀ. ਸੀ. ਰੇਲ ਵਿੱਚ ਟ੍ਰੈਕ ਮੇਂਟਨੈਂਸ ਦਾ ਕੰਮ ਕੀਤਾ। ਉਸ ਸਮੇਂ ਦੀ ਇੱਕ ਯਾਦ ਤੁਹਾਨੂੰ ਦੱਸਦਾਂ ਕਿ ਬੀ. ਸੀ. ਰੇਲਵੇ ਦੀ ਨਵੀਂ ਰੇਲਵੇ ਲਾਈਨ ਫ਼ੋਰਟਸੇਨ ਜੇਮਜ਼ ਤੇ ਉੱਤਰ ਵੱਲ 80 ਮੀਲ ਬਣ ਰਹੀ ਸੀ, ਉੱਥੇ ਮੇਰਾ ਇੱਕ ਦੋਸਤ ਫੋਰਮੈਨ ਸੀ। ਉਹ ਟੈਕਲਾ ਲੇਕ ਦੇ ਥਾਂ ਉੱਤੇ ਕੰਪਨੀ ਦੇ ਟ੍ਰੇਲਰਾਂ ਵਿੱਚ ਰਹਿੰਦਾ ਸੀ। ਉੱਥੇ ਇੱਕ ਸਟੀਵ ਨਾਂ ਦਾ ਰੋਡ ਇੰਸਪੈਕਟਰ ਵੀ ਰਹਿੰਦਾ ਸੀ। ਉਹ ਸਾਢੇ ਛੇ ਫੁੱਟ ਲੰਬਾ ਤੇ ਸ਼ੇਰ ਦੇ ਮੂੰਹ ਜਿੱਡਾ ਉਹਦਾ ਚਿਹਰਾ ਬਿੱਲੀਆਂ ਅੱਖਾਂ ਤਾਂ ਕੁਦਰਤੀ ਸਨ ਹੀ। ਉਸ ਸਮੇਂ ਮੈਂ ਪੱਗੜੀ ਬੰਨਦਾ ਹੁੰਦਾ ਸੀ, ਦਾਹੜੀ ਖੁੱਲ੍ਹੀ ਹੁੰਦੀ ਸੀ ਪਰ ਕੰਮ ਤੇ ਪੱਗੜੀ ਨਹੀਂ ਸੀ ਬੰਨ ਸਕਦੇ। ਇੱਕ ਦਿਨ ਮੈਂ ਕੰਮ ਤੋਂ ਬਾਅਦ ਨਹਾ ਕੇ ਆਪਣੀ ਕੈਬਨ ਨੂੰ ਆ ਰਿਹਾ ਸੀ ਅੱਗੋਂ ਮੈਨੂੰ ਸਟੀਵ ਮਿਲ਼ ਪਿਆ। ਉਹਨੇ ਮੇਰੇ ਖੁੱਲ੍ਹੇ ਕੇਸ ਦੇਖ ਕੇ ਆਪਣੇ ਇੱਕ ਸਹਾਇਕ ਕਾਮੇ ਨੂੰ ਭੇਜ ਕੇ ਆਪਣੇ ਦਫ਼ਤਰ ਵਿੱਚ ਬੁਲਇਆ ਨਾਲ ਹੀ ਫੋਰਮੈਨ ਵੀ ਸੀ। ਮੈਂ ਹੈਲੋ ਕਹਿ ਕੇ ਸਾਹਮਣੇ ਪਈ ਕੁਰਸੀ ਤੇ ਬੈਠ ਗਿਆ। ਉਸ ਨੇ ਮੈਨੂੰ ਪੂਰੇ ਰੋਹਬ ਨਾਲ ਕਿਹਾ, “ਤੈਨੂੰ ਪਤਾ ਕਿ ਤੈਨੂੰ ਇੱਥੇ ਕਿਉਂ ਸੱਦਿਆ? ਮੈਂ ਕਿਹਾ ਮੈਨੂੰ ਨਹੀਂ ਪਤਾ ਮੈਂ ਕੋਈ ਜੋਤਸ਼ੀ ਹਾਂ? ਉਸ ਨੇ ਫੋਰਮੈਨ ਨੂੰ ਕਿਹਾ ਕਿ ਇਸ ਨੂੰ ਸਮਝਾ ਦੇਹ ਕਿ…ਮੈਂ ਕਿਹਾ ਕਿ ਮੈਂ ਸਮਝ ਗਿਆ ਹਾਂ ਤੁਸੀਂ ਕੀ ਕਿਹਾ। ਉਸ ਨੇ ਕਿਹਾ, “ਮੈਨੂੰ ਲੰਬੇ ਵਾਲ਼ ਚੰਗੇ ਨਹੀਂ ਲੱਗਦੇ।” ਮੈਂ ਕਿਹਾ, “ਫੇਰ ਕੀ ਹੋਇਆ ਮੈਨੂੰ ਤਾਂ ਚੰਗੇ ਲੱਗਦੇ ਹਨ।” ਜੇਕਰ ਇੱਥੇ ਰਹਿਣਾ ਹੈ ਤਾਂ ਵਾਲ਼ ਕਟਾਉਣੇ ਪੈਣਗੇ। ਮੈਂ ਕਿਹਾ ਮੈਂ ਇੱਥੇ ਰਹਿਣਾ ਵੀ ਚਾਹੁੰਦਾ ਹਾਂ ਤੇ ਵਾਲ਼ ਵੀ ਨਹੀਂ ਕਟਾਉਣੇ ਕਿਉਂਕਿ ਮੈਨੂੰ ਚੰਗੇ ਲੱਗਦੇ ਹਨ। ਉਸ ਨੇ ਫੇਰ ਫੋਰਮੈਨ ਨੂੰ ਕਿਹਾ ਕਿ ਇਸ ਨੂੰ ਚੰਗੀ ਤਰ੍ਹਾਂ ਸਮਝਾ ਦੇਹ। ਫੋਰਮੈਨ ਚੁੱਪ ਰਿਹਾ। ਮੈਂ ਕਿਹਾ ਮੈਨੂੰ ਸਮਝ ਆ ਗਈ ਹੈ ਮੈਂ ਦੱਸ ਵੀ ਦਿੱਤਾ ਕਿ ਵਾਲ਼ ਮੈਨੂੰ ਚੰਗੇ ਲੱਗਦੇ ਹਨ। ਉਸ ਨੇ ਕਿਹਾ, “ਚੰਗਾ ਫੇਰ ਜਾਹ ਗੁੱਡ ਨਾਈਟ।” ਮੈਂ ਉਹਨੂੰ ਗੁੱਡ ਨਾਈਟ ਕਹਿ ਕੇ ਆ ਗਿਆ। ਉਸ ਤੋਂ ਬਾਅਦ ਨਾ ਹੀ ਉਸ ਨੇ ਨਾ ਹੀ ਫੋਰਮੈਨ ਨੇ ਅਗਲੇ ਛੇ ਮਹੀਨੇ ਜਿੰਨਾ ਚਿਰ ਮੈਂ ਉੱਥੇ ਰਿਹਾ, ਫੇਰ ਕਿਸੇ ਨੇ ਕਦੀ ਇਸ ਬਾਰੇ ਗੱਲ ਨਹੀਂ ਕੀਤੀ। ਉੱਥੋਂ ਵਦਾਇਗੀ ਸਮੇਂ ਲਿਖੀ ਕਵਿਤਾ ਵੀ ਸੁਣੋ: ਤੱਤਾ ਤੈਨੂੰ ਵਿਦਾਇਗੀ ਕੈਂਪ ਕੈਨੀਅਨ, ਨਾਲੇ ਵਿਦਾ ਤੈਨੂੰ ਝੀਲੇ ਪਿਆਰੀਏ ਨੀ। ? ਤੁਹਾਡੀ ਇਸ ਗੱਲ ਤੋਂ ਇੱਕ ਹੋਰ ਸਵਾਲ ਮਨ ਵਿੱਚ ਆ ਰਿਹਾ ਕਿ ਅੱਜ ਹਾਲਾਤ ਭਾਵੇਂ ਹੁਣ ਕਾਫ਼ੀ ਬਦਲ ਗਏ ਹਨ, ਜਿਸ ਤਰ੍ਹਾਂ ਤੁਸੀਂ ਦੱਸਦੇ ਹੋ ਕਿ ਪਹਿਲਿਆਂ ਸਮਿਆਂ ਵਿੱਚ ਕੈਨੇਡਾ ਵਿੱਚ ਵੀ ਕਾਫ਼ੀ ਨਸਲਵਾਦ ਦਾ ਬੋਲ-ਬਾਲਾ ਰਿਹਾ। ਪਿੱਛੇ ਝਾਤੀ ਮਾਰੀਏ ਤਾਂ 1914 ਵਿੱਚ ਕਦੇ ਉਹ ਦਿਨ ਵੀ ਸਨ ਜਦੋਂ ਕੈਨੇਡਾ ਤੋਂ ਕਮਾਗਾਟਾ ਮਾਰੂ ਜਹਾਜ਼ ਦੇ ਹਿੰਦੋਸਤਾਨੀ ਮੁਸਾਫ਼ਰਾਂ ਨੂੰ ਵਾਪਸ ਭੇਜਿਆ ਗਿਆ। ਭਾਵੇਂ ਅੱਜ ਅਠਾਰਾਂ ਪੰਜਾਬੀ/ਭਾਰਤੀ ਮੂਲ ਦੇ ਐੱਮ.ਪੀਜ਼. ਕੈਨੇਡੀਅਨ ਪਾਰਲੀਮਿਂਟ ਵਿੱਚ ਬੈਠੇ ਹਨ। ਪਰ ਨਸਲੀ ਵਿਤਕਰੇ ਦਾ ਰੰਗ ਅਜੇ ਵੀ ਫਿੱਕਾ ਨਹੀਂ ਪਿਆ ਲੱਗਦਾ। ਤੁਸੀਂ ਇਸ ਵਰਤਾਰੇ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ? – ਢਾਅ ਜੀ, ਇਹ ਠੀਕ ਹੈ ਕਿ ਨਸਲਵਾਦ ਦੇ ਮਧਮ ਤੇ ਪ੍ਰਚੰਡ ਰੂਪ ਕਈ ਵਾਰ ਘੱਟ ਗਿਣਤੀ ਸਾਨੂੰ ‘ਤੇ ਹੋਰਨਾਂ ਲੋਕਾਂ ਨੂੰ ਵੀ ਪੇਸ਼ ਆੳਂੁਦੇ ਹਨ। ਇਹ ਤਾਂ ਸਮੁੱਚੇ ਦੇਸ਼ ਦੇ ਲੋਕਾਂ ਦੀ ਆਰਥਿਕ, ਰਾਜਨੀਤਿਕ ਅਤੇ ਸਭਿਆਚਾਰਕ ਵਖ਼ਰੇਵੇਂ ਕਾਰਨ ਹੋਣਾ ਹੀ ਹੋਣਾ ਹੈ। ਮਨੁੱਖਤਾ ਹਾਲੇ ਮੱਧਯੁਗ ਦੀਆਂ ਰੁਚੀਆਂ ਤੋਂ ਮੁਕਤ ਨਹੀਂ ਹੋਈ। ਇਹ ਰੁਚੀਆਂ ਵੱਖੋ ਵੱਖ ਧਰਮਾਂ ਦੇ ਆਪਸੀ ਮੱਤ ਭੇਦਾਂ ਤੇ ਸੰਬੰਧਾਂ ਕਾਰਨ ਬਣੀਆਂ ਹੋਈਆਂ ਹਨ। ਧਾਰਮਿਕ ਰੁਚੀਆਂ ਤੇ ਵਿਸ਼ਵਾਸ ਨੂੰ ਵਿਗਿਆਨਕ ਸਿੱਖਿਆ ਦੀ ਸਮਝ ਅਤੇ ਜੀਵਨ ਵਿੱਚ ਪ੍ਰੰਸਨਤਾ ਬਣਨ ਨਾਲ ਦੂਰ ਹੋਣੇ ਹਨ। ਕਿਉਂਕਿ ਇਹ ਸਮਾਜੀ ਜੀਵਨ ਜਮਾਤਾਂ ਵਿੱਚ ਵੰਡੇ ਹੋਣ ਕਾਰਨ ਹੀ ਹੈ। ਇਸੇ ਲਈ ਇਹ ਕਿਹਾ ਤੇ ਮੰਨਿਆਂ ਜਾਂਦਾ ਹੈ ਕਿ ਵਿਗਿਆਨਕ ਸਮਝ ਇਸ ਦਾ ਦਾਰੂ ਹੈ। ਫੇਰ ਤੁਹਾਨੂੰ ਪਤਾ ਕਿ ਪੂੰਜੀਵਾਦ ਦੀ ਤਾਂ ਹੋਂਦ ਹੀ ਵੰਡਾਂ ਉੱਪਰ ਨਿਰਭਰ ਹੈ। ਕੈਨੇਡੀਅਨ ਰਾਜਨੀਤੀ ਅਤੇ ਪੰਜਾਬੀ-ਲੋਕ _ ਮੈਂ ਰਾਜਨੀਤੀ ਵਿੱਚ ਹਮੇਸ਼ਾਂ ਹੀ ਹਿੱਸਾ ਲੈਂਦਾ ਰਿਹਾ ਹਾਂ। ਰਾਜਨੀਤੀ ਵਿੱਚ ਮੇਰੀ ਪਹੁੰਚ ਵਿਚਾਰਧਾਰਕ ਤੌਰ ਤੇ ਪ੍ਰਗਤੀਵਾਦੀ ਮਾਰਕਸਵਾਦੀ ਦ੍ਰਿਸ਼ਟੀ ਤੋਂ ਹੈ। ਇਹ ਰਾਜਨੀਤਿਕ ਪਹੁੰਚ ਧਰਮ ਨਿਰਪੱਖ, ਗੈਰ-ਫ਼ਿਰਕੂ ਅਤੇ ਮਿਹਨਤਕਸ਼ ਲੋਕਾਂ ਦੇ ਹਿੱਤਾਂ ਦੇ ਪੱਖ ਨਾਲ ਜੁੜੀ ਹੋਈ ਹੈ। ਇਸੇ ਲਈ ਇੱਥੇ ਵੀ ਮੇਰੀ ਸੋਚ ਕਮਿਊਨਿਸਟ ਪਾਰਟੀ ਆਫ਼ ਕੈਨੇਡਾ ਨਾਲ ਜੁੜੀ ਹੋਈ ਹੋਈ ਹੈ। ਮੇਰਾ ਕੈਨੇਡਾ ਆਉਣ ਤੋਂ ਦੋ ਸਾਲ ਬਾਅਦ ਹੀ ਇਸ ਨਾਲ ਸੰਪਰਕ ਜੁੜਿਆ ਸੀ ਅਤੇ ਹਾਲੇ ਤੱਕ ਵੀ ਜੁੜਿਆ ਹੋਇਆ ਹੈ। ਹਰ ਜ਼ੁਲਮ ਸਿਤਮ ਦੀ ਟੱਕਰ ਵਿੱਚ ਸਾਡਾ ਸੰਘਰਸ਼ ਹੀ ਸਾਡਾ ਨਾਹਰਾ ਹੈ, ਮੇਰਾ ਮਾਟੋ ਰਿਹਾ ਹੈ। ਬਾਕੀ ਪੰਜਾਬ ਵਿੱਚ ਕਮਿਊਨਿਸਟ ਪਾਰਟੀ ਦਾ ਘੱਟ ਪ੍ਰਭਾਵ ਦਾ ਕਾਰਨ ਇਹ ਹੈ, ਕਿ ਦੂਜੀਆਂ ਰਵਾਇਤੀ ਪਾਰਟੀਆਂ ਕਾਂਗਰਸ ਤੇ ਅਕਾਲੀ ਹਾਕਮ ਜਮਾਤਾਂ ਤੇ ਧਰਮ ਦੀ ਓਟ ਲੈਂਦੀਆਂ ਹਨ। ਪਰਤੱਖ ਰੂਪ ਵਿੱਚ ਤੇ ਲੁਕਵੇਂ ਵਿੱਚ ਫਿਰ ਇਹ ਜਾਗੀਰਦਾਰ ਤੇ ਪੂੰਜੀਪਤੀ/ਸਨਅਤੀ ਧਿਰਾਂ ਦੇ ਅਰਥਚਾਰੇ ਨਾਲ ਖੜ੍ਹੀਆਂ ਹਨ, ਜਿਹੜੇ ਲੋਕਾਂ ਉੱਪਰ ਆਪਣੀ ਜਕੜ ਬਣਾਈ ਰੱਖਦੇ ਹਨ। ਕੈਨੇਡਾ ਕਮਿਊਨਿਸਟ ਪਾਰਟੀ ਦੀ ਸਥਿਤੀ ਗੌਲਣ ਯੋਗ ਨਹੀਂ ਕਿਉਂਕਿ ਇਸ ਦਾ ਅਧਾਰ ਪਹਿਲਾਂ ਟ੍ਰੇਡ ਯੂਨੀਅਨ ਹੁੰਦਾ ਸੀ, ਹੈ ਤਾਂ ਭਾਵੇਂ ਹੁਣ ਵੀ ਪ੍ਰੰਤੂ ਘੱਟ ਹੈ। ਹੁਣ ਤੁਸੀਂ ਦੇਖੋ ਐੱਨ. ਡੀ. ਪੀ. ਟ੍ਰੇਡ ਯੂਨੀਅਨ ਦੇ ਸਿਰ ਉੱਤੇ ਹੀ ਖੜ੍ਹੀ ਹੈ। ਇਸ ਦਾ ਉਦੇਸ਼ ਵਰਕਰ ਨੂੰ ਜਮਾਤੀ ਤੌਰ ਤੇ ਜਾਗਰਤ ਕਰਨਾ ਨਹੀਂ ਹੈ, ਸਿਰਫ਼ ਤਨਖ਼ਾਹ ਵਿੱਚ ਵਾਧੇ ਲਈ ਸਮਰੱਥਨ ਕਰਨਾ ਹੈ। ਇਸ ਨੂੰ ਵਿਚਾਰਧਾਰਕ ਨਹੀਂ ਆਰਥਿਕਵਾਦ ਦੀ ਸੰਕੀਰਨਤਾ ਕਹਿਆ ਜਾ ਸਕਦਾ ਹੈ। ਇਸ ਤਰ੍ਹਾਂ ਐੱਨ. ਡੀ. ਪੀ. ਵੀ ਹਾਕਮ ਪਾਰਟੀ ਦੀ ਕੜੀ ਦਾ ਹੀ ਇੱਕ ਅੰਗ ਹੈ। ਸਾਹਿਤਕ ਸਿਰਜਣਾ – ਮੈਂ ਜਦੋਂ ਗਿਆਨੀ ਦੀ ਪ੍ਰੀਖਿਆ ਲਈ ਅਧਿਅਨ ਕਰ ਰਿਹਾ ਸੀ, ਉਸ ਸਮੇਂ ਮੇਰੇ ਮਨ ਵਿੱਚ ਲਿਖਣ ਦੀ ਉਮੰਗ ਪੈਦਾ ਹੋਈ। ਪਹਿਲਾਂ ਪਹਿਲ ਕੁਝ ਰਿਵਾਇਤੀ ਤੌਰ ਦੀ ਛੰਦਾਬੰਦੀ ਵਿੱਚ ਲਿਖਿਆ। ਫੇਰ ਕੁਝ ਕਹਾਣੀਆਂ ਵੀ ਲਿਖੀਆਂ ਪਰ ਇਹ ਸਭ ਕੁਝ ਸੰਭਾਲੇ ਨਹੀਂ ਜਾ ਸਕੇ। ਇਸ ਤੋਂ ਪਿੱਛੋਂ ਮੈਂ ਟੀਚਰ ਯੂਨੀਅਨ ਵੱਲੋਂ ਕੱਢੇ ਜਾਂਦੇ ਇੱਕ ‘ਅਧਿਆਪਕ’ ਨਾਂ ਦੇ ਪੱਤਰ ਵਿੱਚ ਲਿਖਿਆ ਇਸ ਨਾਲ ਮੇਰਾ ਉਤਸ਼ਾਹ ਵਧਿਆ। ਇਹ 1962-63 ਦੀ ਗੱਲ ਹੈ। ਬਾਕੀ ਬਕਾਇਦਾ ਸਾਹਿਤਕ ਸਿਰਜਣਾ ਦਾ ਸਿਲਸਿਲਾ ਤਾਂ ਕੈਨੇਡਾ ਆਉਣ ਉਪਰੰਤ ਹੀ ਸ਼ੁਰੂ ਹੋਇਆ। ਭਾਰਤ ਵਿੱਚ ਰਹਿੰਦੇ ਸਮੇਂ ਸੀ. ਪੀ. ਆਈ. (ਐੱਮ) ਵੱਲੋਂ ਸ਼ੁਰੂ ਕੀਤੇ ਗਏ ਅਖ਼ਬਾਰ ‘ਲੋਕ ਜਮੂਹੂਰੀਅਤ’ ਵਿੱਚ ਲਿਖਿਆ। ਉਸ ਸਮੇਂ ਅਖ਼ਬਾਰਾਂ ਰਿਸਾਲਿਆਂ ਵਿੱਚ ਲਿਖਣਾ ਸਰਕਾਰੀ ਮੁਲਾਜ਼ਮ ਲਈ ਜਾਬਤੇ ਦੀ ਉਲੰਘਣਾ ਕਰਨਾ ਸੀ ਪਰ ਮੈਂ ‘ਜ. ਸ.’ ਨਾਂ ਹੇਠ ਲਿਖਦਾ ਰਿਹਾ। ? ਅੱਛਾ ਜੀ, ਅਮਰਜੀਤ ਸਿੰਘ ਉੱਪਲ, ਸੂਫ਼ੀ ਅਮਰਜੀਤ ਕਿਵੇਂ ਤੇ ਕਦੋਂ ਬਣਿਆ? ਇਹਦੇ ਬਾਰੇ ਕੁਝ ਦੱਸੋ? – ਅਮਰਜੀਤ ਸਿੰਘ ਉੱਪਲ ਦੀ ਥਾਂ ਸੂਫ਼ੀ ਅਮਰਜੀਤ ਮੈਂ ਵੈਨਕੂਵਰ ਵਿੱਚ ਐਮਰਜੈਂਸੀ ਦੇ ਵਿਰੋਧ ਕਰਨ ਲਈ ਕੀਤੀਆਂ ਜਾਣ ਵਾਲ਼ੀਆਂ ਮੀਟਿੰਗਾਂ ਵਿੱਚ ਬੋਲਣ ਸਮੇਂ ਵਰਤਣ ਲੱਗਿਆ ਸੀ। ਮੇਰੇ ਸਮੇਂਤ ਤਿੰਨ ਮੈਂਬਰੀ ਕਮੇਟੀ ਦੇ ਹੋਰ ਮੈਂਬਰ, ਹਰਿਆਣੇ ਤੋਂ ਪੋ੍ਰ. ਹਰੀ ਸ਼ਰਮਾਂ ਅਤੇ ਬੰਗਾਲ ਤੋਂ ਪੋ੍ਰ. ਚੰਨ ਬੈਨਰਜੀ ਸਨ। ਉਨ੍ਹਾਂ ਦਿਨਾਂ ਵਿੱਚ ਅਸੀਂ ਵੈਨਕੂਵਰ ਵਿੱਚ ਵਿਰੋਧ ਪਬਲਿਕ ਮੀਟਿੰਗਾਂ ਕੀਤੀਆ ਸਨ। ? ਤੁਹਾਡਾ ਪਹਿਲਾ ਕਵਿ-ਸੰਗ੍ਰਹਿ ‘ਹੋਂਦ ਕਥਾ’ ਮੈਨੂੰ ਨਹੀਂ ਮਿਲ਼ ਸਕਿਆ। ਕ੍ਰਿਪਾ ਕਰਕੇ ਦੱਸੋਂਗੇ ਕਿ ਇਸ ਵਿੱਚ ਕਿਸ ਤਰ੍ਹਾਂ ਦੀਆਂ ਕਵਿਤਾਵਾਂ ਹਨ ਤੇ ਇਹ ਸੰਗ੍ਰਹਿ ਕਦੋਂ ਛਪਿਆ, ਇਹਦੇ ਬਾਰੇ ਕੁਝ ਦੱਸੋ? – ਹਾਂ ਜੀ, ਹੋਂਦ ਕਥਾ ਮੇਰਾ ਪਹਿਲਾ ਕਵਿ-ਸੰਗ੍ਰਹਿ ਹੈ। ਇਸ ਦਾ ਨਾਂ ਇਸ ਵਿੱਚ ਦਰਜ ਪਹਿਲੀ ਕਵਿਤਾ ਦੇ ਸਿਰਲੇਖ ਉਪਰ ਹੈ ਕਿ ਸੰਸਾਰ ਉੱਤਪਤੀ ਕਿਸ ਤਰ੍ਹਾਂ ਭੌਤਿਕੀ ਵਿਕਾਸ ਦੁਆਰਾ ਹੋਂਦ ਵਿੱਚ ਆਈ। ਕੁਝ ਨਜ਼ਮਾਂ ਵੀਅਤਨਾਮ ਦੀ ਜੱਦੋ-ਜਹਿਦ, 1975 ਦੀ ਭਾਰਤ ਵਿਚ ਐਮਰਜੈਂਸੀ ਦੇ ਵਿਰੁਧ ਹਨ। ਇਹ ਮੇਰਾ ਯਤਨ ਲੇਖਕ ਵਰਗ ਵਿੱਚ ਸ਼ਾਮਲ ਹੋਣ ਦਾ ਅਨਾੜੀ ਜਿਹਾ ਯਤਨ ਸੀ। ਖ਼ੈਰ ਇਸ ਨੇ ਮੈਨੂੰ ਹੋਰ ਵਧੇਰੇ ਲਿਖਣ ਲਈ ਉਤਸ਼ਾਹਿਤ ਕੀਤਾ। ਪ੍ਰੰਤੂ ਫੇਰ ਮੇਰਾ ਕਵਿਤਾ ਦੀ ਥਾਂ ਵਾਰਤਕ ਵੱਲ ਜ਼ਿਆਦਾ ਝੁਕਾ ਹੋ ਗਿਆ। ਇਸ ਵਿੱਚ ਸਮਜਿਕ, ਰਾਜਨੀਤਿਕ ਮਸਲਿਆਂ ਲਈ ਵਾਰਤਕ ਨੂੰ ਮੈਂ ਵਧੇਰੇ ਢੁੱਕਵਾਂ ਸਮਝਿਆ। ਵਧੇਰੇ ਮਸਲਿਆਂ ਬਾਰੇ ਲਿਖਣ ਲਈ ਮੈਂ ‘ਲੋਕਤਾ’ ਮਾਸਿਕ ਪੱਤਰ 1979 ਆਰੰਭ ਕੀਤਾ, ਜੋ ਕੁਝ ਅੰਕਾਂ ਨੂੰ ਛੱਡ ਕੇ 1989-90 ਤੱਕ ਛਪਦਾ ਰਿਹਾ ਪਹਿਲੇ ਅੰਕ ਉਸ ਸਮੇਂ ਪਿੰ੍ਰਟਿੰਗ ਦਾ ਇੱਥੇ ਪ੍ਰਬੰਧ ਨਾ ਹੋਣ ਕਰਕੇ ਹੱਥ ਲਿਖਤ ਅਤੇ ਪਹਿਲਾਂ ਛਪੇ ਜਾਂ ਭਾਰਤ ਤੋਂ ਲੋਕ-ਲਹਿਰ ਦੇ ਸੰਪਾਦਕ ਮਰਹੂਮ ਸੁਹੇਲ ਦੇ ਸਹਿਯੋਗ ਨਾਲ ਪ੍ਰਿੰਟ ਹੋ ਕੇ ਆਉਣ ਨਾਲ ਛਾਪਿਆ ਜਾਂਦਾ ਸੀ। ? ਪੰਜਾਬੀ ਸਾਹਿਤ ਤੋਂ ਇਲਾਵਾ ਹੋਰ ਕਿਸ ਤਰ੍ਹਾਂ ਦੀਆਂ ਕਿਤਾਬਾਂ ਪੜ੍ਹਨ ਵਿੱਚ ਦਿਲਚਸਪੀ ਰੱਖਦੇ ਹੋ? ਸਿਰਜਣਾਤਮਿਕਤਾ ਵਿੱਚ ਤੁਸੀਂ ਕਿਸੇ ਸਾਹਿਤਕਾਰ ਦਾ ਅਸਰ ਵੀ ਕਬੂਲਿਆ? – ਮੈਂ ਪੰਜਾਬੀ ਸਾਹਿਤ ਤੋਂ ਇਲਾਵਾ ਮੈਂ ਰਾਜਨੀਤਿਕ, ਦਾਰਸ਼ਨਿਕ ਅਤੇ ਪੁਰਾਤਨ ਭਾਰਤੀ ਵੈਦਿਕ ਸਾਹਿਤ ਆਦਿ ਅਕਸਰ ਪੜ੍ਹਦਾ ਰਹਿੰਦਾ ਹਾਂ। ਮੈਂ ਪਰਤੱਖ ਤੌਰ ਤੇ ਕਿਸੇ ਲੇਖਕ ਦਾ ਅਸਰ ਨਹੀਂ ਕਬੂਲਿਆ। ਹਾਂ, ਮੈਂ ਜੋ ਰੂਸੀ ਸਾਹਿਤ ਦਾ ਅਧਿਐਨ ਕਰਦਿਆਂ ਪ੍ਰਗਤੀਵਾਦੀ ਪ੍ਰਭਾਵ ਜ਼ਰੂਰ ਕਬੂਲੇ ਸਨ। ? ਤੁਸੀਂ ਬਹੁ-ਵਿਧਾਵੀ ਲੇਖਕ ਹੋ। ਕਿਸੇ ਇੱਕ ਵਿਧਾ ਨੂੰ ਨਹੀਂ ਅਪਨਾਇਆ। ਸ਼ੁਰੂਆਤ ਤੁਸੀਂ ਕਵਿਤਾ ਤੋਂ ਕੀਤੀ ਫੇਰ ਨਾਵਲ, ਆਲੋਚਨਾ, ਅਨੁਵਾਦ, ਇੱਕ ਸਫ਼ਰਨਾਮਾ ਵੀ ਲਿਖਿਆ। ਕਵਿਤਾ ਨੂੰ ਛੱਡ ਕੇ ਤੁਹਾਡਾ ਵਾਰਤਕ ਨੂੰ ਤਰਜੀਹ ਦੇਣ ਦਾ ਕੋਈ ਖ਼ਾਸ ਕਾਰਨ ਹੈ। ਕੀ ਕਾਰਨ ਹੈ, ਤੁਸੀਂ ਮੁੜ ਕਵਿਤਾ ਵੱਲ ਨਹੀਂ ਆਏ? – ਸਤਨਾਮ ਜੀ, ਮੈਂ ਕਵਿਤਾ ਨੂੰ ਤਿਆਗਿਆ ਕਦੇ ਨਹੀਂ ਨਾਲੇ ਜੋ ਗੱਲ ਕਵਿਤਾ ਵਿੱਚ ਕਲਾਤਮਿਕ ਢੰਗ ਨਾਲ ਸੰਕੇਤਕ ਰੂਪ ਅਤੇ ਅਲੰਕਾਰਕ ਢੰਗ ਵਿੱਚ ਕਹੀ ਜਾ ਸਕਦੀ ਹੈ, ਉਹ ਵਾਰਤਕ ਵਿੱਚ ਨਹੀਂ ਕਹਿ ਸਕਦੇ। ਪਰ ਵਾਰਤਕ ਦਾ ਘੇਰਾ ਬੜਾ ਵਿਸ਼ਾਲ ਹੈ। ਨਾਵਲ ਦੀ ਰਚਨਾ ਭਾਵੇਂ ਕਲਾਤਮਿਕ ਘੇਰੇ ਵਿੱਚ ਆਉਦੀ ਹੈ ਪ੍ਰੰਤੂ ਕਹਾਣੀ, ਨਾਵਲ ਤੋਂ ਬਿਨਾਂ ਵਾਰਤਕ ਹੀ ਹੈ ਜਿਸ ਵਿੱਚ ਗੰਭੀਰ ਮਸਲਿਆਂ ਨੂੰ ਵਿਸਥਾਰ ਵਿੱਚ ਵਿਚਾਰਿਆ ਜਾ ਸਕਦਾ ਹੈ। ? ਫੇਰ ਤੁਸੀਂ ਕਿਸੇ ਇੱਕ ਵਿਧਾ ਵਿੱਚ ਬੱਝ ਕੇ ਨਹੀਂ ਲਿਖਿਆ। ਕਵਿਤਾ, ਵਾਰਤਕ, ਅਨੁਵਾਦ ਅਤੇ ਅਲੋਚਨਾ ਵੀ ਕੀਤੀ ਹੈ। ਜੇਕਰ ਤੁਹਾਨੂੰ ਪਹਿਲ ਦੇ ਅਧਾਰ ਤੇ ਗੱਲ ਕਰੀਏ ਤਾਂ ਪਹਿਲ ਕਿਸ ਨੂੰ ਦਿੰਦੇ ਹੋ ਕਵੀ ਨੂੰ, ਵਾਰਤਾਕਾਰ ਜਾਂ ਅਨੁਵਾਦਿਕ ਤੇ ਆਲੋਚਕ ਨੂੰ ? – ਹਾਂ ਜੀ, ਮੈਂ ਕਿਸੇ ਇੱਕ ਵਿਸ਼ੇ ਨੂੰ ਕਿਸੇ ਵਿਸ਼ੇਸ਼ ਵਿਚਾਰ ਅਧੀਨ ਨਹੀਂ ਲਿਖਿਆ, ਸਗੋਂ ਮੇਰੇ ਵਿਚਾਰ ਵਿੱਚ ਇਹ ਤਾਂ ਹਰ ਲਿਖਤ ਦੇ ਵਿਸ਼ਾ ਦਾ ਆਪਣਾ ਸਭਾਅ ਹੁੰਦਾ ਹੈ ਜਿਹੜਾ ਲਿਖਣ ਅਧੀਨ ਵਿਸ਼ੇ ਨੂੰ ਉਹ ਵਿਧਾ ਧਾਰਨ ਕਰ ਲੈਂਦੀ ਹੈ। ਮੇਰੇ iਖ਼ਆਲ ਵਿੱਚ ਪਹਿਲ ਵਾਲੀ ਗੱਲ ਦਾ ਫ਼ੈਸਲਾ ਪਾਠਕ ਕਰ ਸਕਦੇ ਹਨ। ? ਇੱਕ ਸਫ਼ਰਨਾਮਾ ਵੀ ਲਿਖਿਆ ਉਸ ਬਾਰੇ ਵੀ ਦੱਸੋ। ਹਾਂ, ਤੁਸੀਂ ਗੱਲ ਕਰ ਰਹੇ ਸੀ ਕਿ ਇਕ ਕਵਿਤਾ ਨੂੰ ਪੂਰੀ ਕਰਨ ਵਿੱਚ ਕਈ ਸਾਲ ਦਾ ਸਮਾਂ ਲੱਗਿਆ ਉਹ ਕਿਵੇਂ? ਬਾਕੀ ਵੀ ਦੱਸੋ ਤੁਸੀਂ ਹੋਰ ਕਿਸ ਵਿਧਾ ਵਿੱਚ ਕੀ ਕੀ ਲਿਖਿਆ? – ਮੈਂ ਹੁਣ ਤੱਕ ਕਵਿਤਾ, ਨਾਵਲ, ਵਾਰਤਕ ਲਿਖੀ ਹੈ। 2006 ਵਿੱਚ ‘ਲਹਿੰਦੇ ਪੰਜਾਬ ਦੀ ਜ਼ਿਅਤਰਤ’ ਦੇ ਨਾਂ ਹੇਠ ਪਾਕਿਸਤਾਨ ਦੀ ਯਾਤਰਾ ਬਾਰੇ ਲਿਖਿਆ ਹੈ। ਇੱਕ ਹੋਰ ਸਫ਼ਰਨਾਮਾ ਦੱਖਣੀ ਭਾਰਤ ਦੇ ਕੇਰਲ, ਤਾਮਿਲਨਾਡੂ ਦੇ ਦੱਖਣੀ ਭਾਵ ਕੰਨਿਆ-ਕੁਮਾਰੀ ਦੀ ਯਾਤਰਾ ਬਾਰੇ ਦਰਾਵੜ ਵਰਤ ਦੀ ਯਤਰਾ ਦੇ ਨਾਂ ਹੇਠ ਲਿਖਿਆ ਹੈ ਜੋ ਛਪਾਈ ਅਧੀਨ ਹੈ। ਬਾਕੀ ਕਵਿਤਾ ਨੂੰ ਲੰਮਾ ਸਮਾਂ ਵਾਲੀ ਗੱਲ ਇਓ ਸੀ ਕਿ ‘ਹੋਂਦ ਕਥਾ’ ਕਵਿਤਾ, ਪਿਰਿਆ ਨਾਂਅ ਦਾ ਲੰਬੀ ਕਵਿਤਾ ਇੱਕ ਪਿਰਿਆ ਨਾਂ ਦੀ ਛੇ ਸਾਲ ਦੀ ਬੱਚੀ ਨੂੰ ਇੱਕ ਗੈਰ-ਜ਼ਿੰਮੇਵਾਰ ਡਰਾਇਵਰ ਦੇ ਕੁਚਲ ਦੇਣ ਨਾਲ ਹੋਈ ਮ੍ਰਿਤੂ ਦਾ ਇੱਕ ਕਿਸਮ ਦੀ ਸ਼ੋਕ ਕਵਿਤਾ ਭਾਵ ਜਿਸ ਨੂੰ ਉਰਦੂ ਜ਼ੁਬਾਨ ਵਿੱਚ ਸ਼ਾਇਦ ਮਰਸੀਆ ਕਹਿੰਦੇ ਹਨ ਲਿਖੀ। ਪਹਿਲੀ ਵਾਰ ਇਹ ਕਵਿਤਾ ਤਿੰਨ ਚਾਰ ਦਿਨਾਂ ਵਿੱਚ ਪਿਰਿਆ ਦੀ ਮੌਤ ਬਾਰੇ ਪਤਾ ਲੱਗਦੇ ਹੀ ਉੱਤੇ ਲਿਖੀ ਜੋ ਅਮਰੀਕਾ ਵਸਦੇ ਮੇਰੇ ਮਿੱਤਰ ਅਮਰੀਕ ਖਡਾਲੀਆ ਦੀ ਬੇਟੀ ਸੀ। ਮੈਂ ਉਸ ਨੂੰ ਦੋ ਵਾਰ ਦੇਖਿਆ ਹੋਣ ਕਰਕੇ ਵਧੇਰੇ ਭਾਵਵੁਕਤਾ ਦੇ ਅਵੇਗ ਕਾਰਨ ਲੰਮੀ ਕਵਿਤਾ ਲਿਖੀ ਗਈ। ਪ੍ਰੰਤੂ ਇਸ ਨੂੰ ਮੁੜ ਮੁੜ ਸੋਧਣ ਕਾਰਨ ਕੁੱਲ ਮਿਲ਼ਾ ਕੇ 10 ਕੁ ਵਰਿ੍ਹਆਂ ਵਿੱਚ ਮੇਰੀ ਤਸੱਲੀ ਹੋਣ ਉੱਤੇ ਮੁਕੰਮਲ ਹੋਈ। ? ਸ਼ਹੀਦ ਭਗਤ ਸਿੰਘ ਦੀ ਲਿਖਤ ‘ਮੈਂ ਨਾਸਤਿਕ ਕਿਉਂ ਹਾਂ’ ਨੂੰ ਤੁਸੀਂ ਦਵਾਰਾ ਆਪਣੇ ਸ਼ਬਦਾਂ ਵਿੱਚ ਲਿਖਿਆ ਹੈ ਇਸ ਦਾ ਕੀ ਕਾਰਨ ਹੈ? ਤੁਸੀਂ ਉਸ ਗੱਲ ਨੂੰ ਕਿਸੇ ਵੱਖਰੇ ਢੰਗ ਨਾਲ ਦੱਸਣ ਦੀ ਕੋਸ਼ਿਸ਼ ਹੈ ਜਾਂ ਕੋਈ ਹੋਰ ਕਾਰਨ…? – ਸ਼ਹੀਦ ਭਗਤ ਸਿੰਘ ਦੀ ਲਿਖਤ ‘ਮੈਂ ਨਾਸਤਿਕ ਕਿਉਂ ਹਾਂ’ ਮੈਂ ਇਸ ਲਈ ਲਿਖੀ ਕਿ ਇਸ ਲਿਖਤ ਨੂੰ ਹੋਰ ਵਧੇਰੇ ਗੰਭੀਰਤਾ ਨਾਲ ਪ੍ਰਭਾਵਿਕ ਢੰਗ ਨਾਲ ਲਿਖਿਆ ਜਾਵੇ। ਮੈਨੂੰ ਤਸੱਲੀ ਹੈ ਕਿ ਉਸ ਨੂੰ ਅਨੇਕਾਂ ਪਾਠਕਾਂ ਨੇ ਪਸੰਦ ਕੀਤਾ ਅਤੇ ਅਪਣਾ ਪ੍ਰਤੀਕਰਮ ਦੱਸਿਆ। ਪੰਜਾਬ ਵਿੱਚ ਚੱਲੀਆਂ ਲਹਿਰਾਂ ਦੇ ਸਾਹਿਤ ‘ਤੇ ਪ੍ਰਭਾਵ ? ਤੁਸੀਂ ਪੰਜਾਬ ਵਿੱਚ ਭਾਰਤ ਦੀ ਆਜ਼ਾਦੀ ਸਮੇਂ ਦਾ ਦੁਖਾਂਤ ਬਚਪਨ ਵਿੱਚ ਦੇਖਿਆ। ਉਸ ਤੋਂ ਬਾਅਦ ਹੁਣ ਤੱਕ ਵੱਖ ਵੱਖ ਸਮੇਂ ਦੋ ਹੋਰ ਲਹਿਰਾਂ ਵੀ ਚੱਲੀਆਂ ਇੱਕ ਰਾਜਨੀਤਿਕ ਚਿੰਤਕ ਤੇ ਸਾਹਿਤਕਾਰ ਦੇ ਤੌਰ ਤੇ ਇਨ੍ਹਾਂ ਲਹਿਰਾਂ ਨੂੰ ਕਿਸ ਤਰ੍ਹਾਂ ਲਿਆ? ਇਨ੍ਹਾਂ ਲਹਿਰਾਂ ਤੋਂ ਪ੍ਰਭਾਵਿਤ ਹੋ ਕੇ ਵੀ ਕੋਈ ਰਚਨਾ ਕੀਤੀ? – ਢਾਅ ਜੀ, ਜੀਵਨ ਵਿੱਚ ਅਨੇਕਾਂ ਵਰਤਾਰੇ ਦ੍ਰਿਸ਼ਟੀਗੋਚਰ ਹੁੰਦੇ ਹਨ ਪਰ ਲਿਖਣ ਦਾ ਸਬੱਬ ਹਰ ਇੱਕ ਦਾ ਨਹੀਂ ਬਣਦਾ। ਵੇਸੇ ਵੀ ਕਿਸੇ ਵਰਤਾਰੇ ਬਾਰੇ ਜਾਣਕਾਰੀ ਭਾਵੇਂ ਉਹ ਕਿੰਨੀ ਵੀ ਗੰਭੀਰ ਤੇ ਮਹੱਤਵਪੂਰਨ ਕਿਉਂ ਨਾ ਹੋਵੇ ਹਰ ਇੱਕ ਹੀ ਲਿਖਣ ਲਈ ਨਹੀਂ ਪ੍ਰੇਰਦਾ ਹੈ। ਲੇਕਨ ਨਿਰਭਰ ਕਰਦਾ ਤੁਸੀਂ ਉਸ ਨਾਲ ਕਿਸ ਰੂਪ ਵਿੱਚ ਜੁੜੇ ਹੁੰਦੇ ਹੋ। ਇਤਿਹਾਸ ਦਾ ਖੇਤਰ ਬੜਾ ਵਿਸ਼ਾਲ ਹੈ। ਸੁਤੰਤਰਤਾ ਲਹਿਰ ਬਾਰੇ ਬੜਾ ਕੁਝ ਲਿਖਿਆ ਗਿਆ। ਇਹ ਬੜਾ ਹੀ ਖੋਜ ਦਾ ਅਤੇ ਅਧਿਅਨ ਦਾ ਵਿਸ਼ਾ ਹੈ। ਮੈਂ ਇਸ ਬਾਰੇ ਪੜ੍ਹਦਾ ਰਹਿੰਦਾ ਹਾਂ ਜਿਵੇਂ ਹਿੰਦੀ ਇਤਿਹਾਸਕਾਰ ਅਯੁਧਿਆ ਸਿੰਘ ਦਾ ‘ਭਾਰਤ ਦਾ ਮੁਕਤੀ ਸੰਗਰਾਮ’ ਬੜੀ ਸ਼ਾਨਦਾਰ ਰਚਨਾ ਹੈ। ਗ਼ਦਰ ਪਾਰਟੀ ਦੇ ਬਾਰੇ ਅਤੇ ਇੱਕ ਦੋ ਹੋਰ ਵਰਤਰਿਆਂ ਬਾਰੇ ਲਿਖਣ ਦਾ ਵਿਚਾਰ ਹੈ ਪਰ ਹਾਲੇ ਲਿਖਿਆ ਨਹੀਂ ਜਾ ਸਕਿਆ। ? ਕਈ ਵਾਰ ਇਹ ਸੁਣਨ ਨੂੰ ਮਿਲਦਾ ਕਿ ਵੱਖ ਵੱਖ ਸਮੇਂ ਚੱਲੀਆਂ ਲਹਿਰਾਂ ਜਾਂ ਦੁਖਾਂਤਾਂ ਨੂੰ ਪੰਜਾਬੀ ਸਾਹਿਤਕਾਰਾਂ ਨੇ ਗੰਭੀਰਤਾ ਨਾਲ ਨਹੀਂ ਲਿਆ ਤੇ ਖ਼ਾਸ ਕਰ ਕੇ ਦਿੱਲੀ ਅਤੇ ਦੂਸਰੇ ਸ਼ਹਿਰਾਂ ‘ਚ ਸਿੱਖਾਂ ਦਾ ਕਤਲੇਆਮ, ਗੁਜਰਾਤ ਵਿੱਚ ਮੁਸਲਮਾਨਾਂ ਦਾ ਤੇ 47 ਦੇ ਕਤਲੇਆਮ ਬਾਰੇ ਤਾਂ ਬਹੁਤ ਘੱਟ ਲਿਖਿਆ ਗਿਆ। ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਂਗੇ? ਹੁਣ ਅੱਜ ਵੀ ਫਿਰਕੂ ਸੋਚ ਰਾਜਨੀਤੀ ਤੇ ਭਾਰੂ ਹੋ ਰਹੀ ਹੈ? ਘੱਟ ਗਿਣਤੀਆਂ ਦਾ ਜਿਉਂਣਾ ਦੁੱਭਰ ਹੋ ਰਿਹਾ ਹੈ। ਇਹਦੇ ਬਾਰੇ ਕੀ ਕਹਿਣਾ ਚਾਹੋਂਗੇ? – ਮੁਕਤੀ ਸੰਗਰਾਮ ਜਾਂ ਹੋਰ ਲਹਿਰਾਂ ਬਾਰੇ ਅਜਿਹੀ ਗੱਲ ਤਾਂ ਨਹੀਂ ਕਿ ਬਿਲਕੁਲ ਲਿਖਿਆ ਹੀ ਨਾ ਗਿਆ ਹੋਵੇ। ਕਈ ਵਾਰੀ ਇਹ ਲਹਿਰਾਂ ਦੇ ਵਰਤਾਰੇ ਹਰ ਲੇਖਕ ਦੇ ਲਿਖਣ ਦੇ ਬੱਸ ਦਾ ਰੋਗ ਨਹੀਂ ਹੁੰਦਾ। ਫੇਰ ਵੀ ਇਨ੍ਹਾਂ ਬਾਰੇ ਲਿਖਿਆ ਗਿਆ ਪਰ ਘੱਟ। ਪ੍ਰੰਤੂ ਕਈ ਵਾਰੀ ਹਰ ਲੇਖਕ ਦੀ ਰੁਚੀ ਧਾਰਮਿਕ ਵਿਵਾਦ ਬਾਰੇ ਲਿਖਣ ਤੋਂ ਪਾਸਾ ਵੱਟ ਜਾਂਦੀ ਹੈ। ਕਿਉਂਕਿ ਜਦੋਂ ਇੱਕ ਧਿਰ ਹਕੂਮਤ ਦੇ ਪੱਖ ਵਿੱਚ ਅਤੇ ਦੂਜੀ ਧਿਰ ਵਿਰੋਧ ਵਿੱਚ ਹੋਵੇ ਤਾਂ ਲੇਖਕ ਲਈ ਮੁਸ਼ਕਲਾਂ ਪੈਦਾ ਕਰ ਸਕਦੀ ਹੈ। ਸਤਨਾਮ ਜੀ, ਇਹ ਵੀ ਸੱਚ ਹੈ ਕਿ ਨਿਰਪੱਖ ਹੋ ਕੇ ਲਿਖਣਾ ਕਈ ਲੇਖਕ ਔਖਾ ਮੰਨ ਜਾਂਦੇ ਹਨ। ? ਇਹ ਮੰਨਿਆ ਜਾਂਦਾ ਹੈ ਕਿ ਲੇਖਕ ਸਮਾਜ ਦੀ ਅੱਖ ਹੁੰਦਾ ਹੈ, ਜਦੋਂ ਕਿਤੇ ਜ਼ਬਰ ਜ਼ੁਲਮ ਹੁੰਦਾ ਹੈ ਤਾਂ ਸਾਹਿਤਕਾਰ ਬੜੀ ਨਿਡੱਰਤਾ ਨਾਲ ਇਮਾਨਦਾਰੀ ਨਾਲ ਉਸ ਦੇ iਖ਼ਲਾਫ਼ ਆਵਾਜ਼ ਉਠਾਉਦਾ ਹੈ। ਬਹੁਤ ਸਾਰੇ ਲੇਖਕਾਂ ਅਤੇ ਸਮਾਜ ਸੇਵਕਾਂ ਨੇ ਹਰਿਮੰਦਰ ਸਾਹਿਬ ‘ਤੇ ਸਰਕਾਰੀ ਹਮਲੇ ਦੇ iਖ਼ਲਾਫ਼ ਰੋਸ ਵਜੋਂ ਆਪਣਾ ਆਪਣਾ ਪਦਮ ਸ੍ਰੀ ਵਾਪਸ ਕਰ ਦਿੱਤਾ ਸੀ। ਅੱਜ ਵੀ ਜਿਹੜੇ ਲੇਖਕ ਸੱਚ ਬੋਲਣ ਦਾ ਜੇਰਾ ਕਰਦੇ ਹਨ ਹੁਣ ਉਨ੍ਹਾ ਲੇਖਕਾਂ ਤੇ ਵੀ ਅੱਤਿਆਚਾਰ ਹੋਣੇ ਸ਼ੁਰੂ ਹੋ ਗਏ ਹਨ, ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਂਗੇ? – ਮੇਰੇ ਵਿਚਾਰ ਵਿੱਚ ਜਿਹੜੀ ਲਹਿਰ ਵਿਸ਼ਾਲ ਲੋਕਾਂ ਦੇ ਹਿੱਤਾਂ ਨਾਲ ਸੰਬੰਧਿਤ ਹੁੰਦੀ ਹੈ, ਉਸ ਬਾਰੇ ਗੰਭੀਰ ਕਿਸਮ ਦੀਆਂ ਲਿਖਤਾਂ ਲਿਖੀਆਂ ਜਾਂਦੀਆਂ ਰਹੀਆਂ ਹਨ। ਫੇਰ ਹਰਿਮੰਦਰ ਸਾਹਿਬ ਦੇ ਦੁੱਖਦਾਈ ਵਰਤਾਰੇ ਬਾਰੇ ਗੰਭੀਰ ਲਿਖਤ ਹੀ ਧਿਆਨ ਖਿੱਚਦੀ ਹੈ। ਜ਼ਿੰਮੇਵਾਰ ਹਕੂਮਤੀ ਧਿਰਾਂ ਨੁਕਤਾਚੀਨੀ ਨੂੰ ਸਹਿਣ ਨਹੀਂ ਕਰਦੀਆਂ, ਸਗੋਂ ਬਦਲੇ ਉੱਤੇ ਉੱਤਰ ਆੳਂੁਦੀਆਂ ਹਨ। ਨਾਲੇ ਸੱਚ ਕਹਿਣਾ ਤੇ ਲਿਖਣਾ ਹਰ ਇੱਕ ਦੀ ਹਿੰਮਤ ਵਿੱਚ ਵੀ ਨਹੀਂ ਹੁੰਦਾ। ਪੰ੍ਰਤੂ ਬੁੱਲ੍ਹੇਸ਼ਾਹ ਦੇ ਕਹਿਣ ਵਾਂਗ : ‘ਮੂੰਹ ਆਈ ਬਾਤ ਨਾ ਰਹਿੰਦੀ ਏ, ਝੂਠ ਆਖਾਂ ਤੇ ਕੁਝ ਬਚਦਾ ਏ, ਫੇਰ ਵੀ ਗੰਭੀਰ ਧਾਰਮਿਕ ਕਿਸਮ ਦੇ ਮੁੱਦੇ ਹਰ ਲੇਖਕ ਦੀ ਪਹੁੰਚ ਤੋਂ ਵੱਡੇ ਹੰਦੇ ਹਨ। ? ਤੁਹਾਡੇ ਇਸ ਜਵਾਬ ਤੋਂ ਇੱਕ ਸਵਾਲ ਮੇਰੇ ਮਨ ਵਿੱਚ ਹੋਰ ਆ ਗਿਆ ਕਿ ਤੁਸੀਂ ‘ਪੰਜਾਬ ਸੰਕਟ: ਇੱਕ ਵਿਸ਼ਲੇਸ਼ਨ’ ਲਿਖੀ ਹੈ। ਹੋ ਸਕਦਾ ਬਹੁਤੇ ਪਾਠਕਾਂ ਨੇ ਇਹ ਨਾ ਪੜ੍ਹਿਆ ਹੋਵੇ। ਕ੍ਰਿਪਾ ਕਰਕੇ ਸੰਖੇਪ ਵਿੱਚ ਦੱਸੋ ਇਹਦੇ ਵਿੱਚ ਤੁਸੀਂ ਪੰਜਾਬ ਸੰਕਟ ਦੇ ਕਾਰਨ ਤੇ ਹੱਲ ਲੱਭਣ ਦੀ ਕੋਈ ਕੋਸ਼ਿਸ਼ ਕੀਤੀ ਜਾਂ ਕਿਸੇ ਹੋਰ ਪੱਖ ਤੋਂ ਇਸ ਵਿਸ਼ੇ ਤੇ ਵਿਚਾਰ ਪ੍ਰਗਟ ਕੀਤੇ ਹਨ? – ‘ਪੰਜਾਬ ਸੰਕਟ ਇੱਕ ਵਿਸ਼ਲੇਸ਼ਸਨ’ ਨਾਂ ਦੀ ਪੁਸਤਕ ਨੇ ਅਨੇਕਾਂ ਗੰਭੀਰ ਪਾਠਕਾਂ ਦਾ ਧਿਆਨ ਖਿੱਚਿਆ ਸੀ। ਉਸ ਵਿੱਚ ਮੈਂ ਇਹ ਦੱਸਣ ਦਾ ਯਤਨ ਕੀਤਾ ਸੀ ਕਿ ਪੰਜਾਬ ਦਾ ਮਸਲਾ ਇਹ ਲੋਕਾਂ ਦੀਆਂ ਬੁਨਿਆਦੀ ਆਰਥਿਕ ਖ਼ਾਸ ਕਰਕੇ ਖੇਤੀ ਸੰਕਟ ਦੀ ਆਰਥਿਕਤਾ ਨਾਲ ਜੁੜਿਆ ਹੋਇਆ ਹੈ। ਜਿਸ ਕਾਰਨ ਬੇਰੁਜ਼ਗਾਰੀ ਦਾ ਸ਼ਿਕਾਰ ਨੌਜੁਆਨ ਭਾਵੁਕ ਹੋ ਕੇ, ਕੁਝ ਹਕੂਮਤ ਵੱਲੋਂ ਜਾਣ-ਬੁੱਝ ਕੇ ਇਸ ਨੂੰ ਰਾਜਨੀਤਿਕ ਕਾਰਨਾਂ ਕਰਕੇ ਅਮਲ ਵਿੱਚ ਲਿਆਦਾ ਗਿਆ। ਮੇਰੀ ਜਾਣਕਾਰੀ ਵਿੱਚ ਇਸ ਵਰਤਾਰੇ ਦੀਆਂ ਜੜਾਂ ਵਿੱਚ ਇੱਕ ਗੰਭੀਰ ਕੌਮਾਤਰੀ ਸ਼ਾਜਿਸ ਸੀ। ਵਿਸਥਾਰ ਵਿੱਚ ਨਾ ਜਾਂਦਿਆਂ ਸੰਖੇਪ ਵਿੱਚ ਕਹਿ ਸਕਦੇ ਹਾਂ ਕਿ ਅਮਰੀਕਾ ਭਾਰਤ ਨੂੰ ਸੋਵੀਅਤ ਰੂਸ ਨਾਲੋਂ ਪਰੇ੍ਹ ਕਰਨਾ ਚਾਹੁੰਦਾ ਸੀ ਅਤੇ ਆਪਣੇ ਪ੍ਰਭਾਵ ਖੇਤਰ ਵਿੱਚ ਲਿਆਉਣਾ ਚਾਹੁੰਦਾ ਸੀ। ਇਸ ਲਈ ਇੰਦਰਾ ਨੂੰ ਕਤਲ ਕਰਨ ਤੋਂ ਬਿਨਾਂ ਕੋਈ ਰਾਹ ਨਹੀਂ ਸੀ। ਸਗੋਂ ਉਸ ਤੋਂ ਪਿੱਛੋ ਇਸੇ ਕਾਰਨ ਰਾਜੀਵ ਗਾਂਧੀ ਨੂੰ ਪਾਸੇ ਕਰਕੇ ਅਮਰੀਕਾ ਪੱਖੀ ਨਰਸਿਮ ਰਾਓ ਤੇ ਡਾ. ਮਨਮੋਹਣ ਸਿੰਘ ਨੂੰ ਲਿਆਂਦਾ। ? ਇਸ ਦੇ ਨਾਲ ਹੀ ਇੱਕ ਹੋਰ ਸਵਾਲ ਕਿ ਇੱਕ ਵਾਰ ਤੁਸੀਂ ਡਾ. ਅਤਰ ਸਿੰਘ ਵੱਲੋਂ ‘ਪੰਜਾਬੀ ਸਭਿਆਚਾਰ ਪ੍ਰਸੰਗ’ ਅਤੇ ਪੰਜਾਬੀਅਤ ਦੀ ਪ੍ਰੀਭਾਸ਼ਾ ‘ਸਿਰਜਣਾ’ ਦੇ ਅੰਕ (39-40) ਵਿੱਚ ਲਿਖੇ ਇੱਕ ਆਰਟੀਕਲ ‘ਤੇ ਆਲੋਚਨਾਤਮਿਕ ਲੇਖ ਵੀ ਲਿਖਿਆ ਸੀ। ਇਹਦੇ ਬਾਰੇ ਵੀ ਦੱਸੋ ਕਿ ਤੁਹਾਨੂੰ ਇਸ ਲੇਖ ਦੀ ਆਲੋਚਨਾ ਕਿਉਂ ਅਤੇ ਕਿਸ ਪੱਖ ਤੋਂ ਕਰਨੀ ਪਈ? – ਢਾਅ ਜੀ, ਪੰਜਾਬ ਸੰਕਟ ਦਾ ਮੂਲ ਕਾਰਨ ਤਾਂ ਇਸ ਦਾ ਬੋਲੀ ਦੇ ਅਧਾਰ ਤੇ ਗਠਨ ਨਾ ਕੀਤਾ ਜਾਣਾ ਸੀ, ਜੋ ਕਿ ਅੱਜ ਤੱਕ ਵੀ ਨਹੀਂ ਕੀਤਾ ਗਿਆ। ਬੋਲੀ ਦੇ ਅਧਾਰ ਉੱਪਰ ਤਾਂ ਕੇਵਲ ਇੱਕ ਪਿੰਡ ਨੂੰ ਹੀ ਇਕਾਈ ਮੰਨ ਕੇ ਕੀਤਾ ਜਾ ਸਕਦਾ ਸੀ।ਇਸ ਤਰ੍ਹਾਂ ਕਰਨ ਨਾਲ ਹਾਕਮ ਪਾਰਟੀ ਦੇ ਮੰਤਵ ਪੂਰੇ ਨਹੀਂ ਸਨ ਹੋਣੇ। ਮੇਰੇ ਵਿਚਾਰ ਨਾਲ ਸਤਨਾਮ ਜੀ, ਪੰਜਾਬ ਸੰਕਟ ਦਾ ਹੱਲ ਲੱਭਣਾ ਤੁਸਾਂ, ਅਸਾਂ ਦੇ ਵੱਸ ਤੇ ਘੇਰੇ ਤੋਂ ਬਾਹਰ ਹੈ। ਸਰਕਾਰਾਂ ਨੂੰ ਗੰਭੀਰਤਾ ਨਾਲ ਸਾਰੇ ਮਸਲਿਆਂ ਨੂੰ ਇਮਾਨਦਾਰੀ ਨਾਲ਼ ਹੱਲ ਕਰਨ ਲਈ ਸੁਹਿਰਦ ਕੋਸ਼ਿਸ਼ਾਂ ਦੀ ਲੋੜ ਹੈ। ਪੰਜਾਬੀ ਸਾਹਿਤ ਆਲੋਚਨਾ – ‘ਚੀਨੀ ਸਾਹਿਤ ਆਲੋਚਨਾ’ ਦਾ ਮੂਲ ਅਧਾਰ ਲਿਖਤ ਨੂੰ ਤਿੰਨ ਭਾਗਾਂ ਵਿੱਚ ਵੰਡ ਕੇ ਉਸ ਦੀ ਤਹਿ ਤੱਕ ਜਾ ਕੇ ਤੱਥਾਂ ਨੂੰ ਸਾਹਮਣੇ ਲਿਆਉਣਾ ਹੈ, ਉਹ ਤੱਥ ਹਨ ‘ਸਤਯਮ, ਸ਼ਿਵਮ, ਸੁੰਦਰਮ’ ਭਾਵ ਯਥਾਰਥ, ਕਲਿਆਣਕਾਰੀ ਅਤੇ ਸੁਹਜ ਦੇ ਰੂਪਾਂ ਨੂੰ ਪਛਾਣਿਆਂ ਜਾਵੇ ਤੇ ਸਾਹਮਣੇ ਲਿਆਦਾ ਜਾਵੇ। ਪੰਜਾਬੀ ਆਲੋਚਨਾ ਮੇਰੀ ਸਮਝ ਅਨੁਸਾਰ ਹਾਲੇ ਵਧੇਰੇ ਮਿਹਨਤ ਦੀ ਮੰਗ ਕਰਦੀ ਹੈ। ਕੁਝ ਸੂਝਵਾਨ ਚੇਤਨ ਅਤੇ ਵਿਗਿਆਨਕ ਦ੍ਰਿਸ਼ਿਟੀ ਵਾਲੇ ਆਲੋਚਕ ਵੀ ਹਨ ਪ੍ਰੰਤੂ ਹਾਲੇ ਇਨ੍ਹਾਂ ਦੀ ਘਾਟ ਹੈ। ਨਵੀਆਂ ਪੁਸਤਕਾਂ ਦਾ ਰੀਵਿਊ ਬਹੁਤੀ ਵਾਰ ਚੰਲਤ ਕਿਸਮ ਦੇ ਹੀ ਹੁੰਦੇ ਹਨ। ਅਸਲ ਵਿੱਚ ਇਹ ਰੀਵੀਊ ਅਤੇ ਆਲੋਚਨਾ ਹੀ ਹੁੰਦੀ ਹੈ ਜੋ ਪੁਸਤਕ ਦੀ ਪਾਠਕਾਂ ਨਾਲ ਜਾਣ ਪਛਾਣ ਕਰਾਂਉਦੀ ਹੈ ਅਤੇ ਪੜ੍ਹਨ ਲਈ ਪ੍ਰੇਰਤ ਕਰਦੀ ਹੈ। ਇੱਕ ਵਾਰ ਮੈਂ ਇਹ ਸਵਾਲ ਉਠਾਇਆ ਸੀ ਕਿ ਨਵੀਆਂ ਛਪੀਆਂ ਪੁਸਤਕਾਂ ਲਈ ਇੱਕ ਸੁਤੰਤਰ ਮੈਗਜ਼ੀਨ ਚਾਹੀਦਾ ਹੈ ਉਸ ਦੇ ਛਪਣ ਲਈ ਮਾਇਕ ਸਹਾਇਤਾ ਪਬਲਿਸ਼ਰਾਂ ਨੂੰ ਕਰਨੀ ਚਾਹੀਦੀ ਹੈ। ਇਹ ਪਬਲਿਸ਼ਰ ਹੀ ਹਨ, ਜੋ ਲੇਖਕ ਦੀ ਮਿਹਨਤ ਦੀ ਸੌ ਫ਼ੀਸਦੀ ਲੁੱਟ ਕਰਦੇ ਹਨ। ਲੇਖਕ ਨੂੰ ਰੁਇਲਟੀ ਤਾਂ ਕੀ ਦੇਣੀ ਹੈ ਸਗੋਂ ਉਸ ਦੀ ਅਨੈਤਿਕਤਾ ਦੀ ਹੱਦ ਤੱਕ ਸ਼ੋਸ਼ਨ ਕਰਦੇ ਹਨ। ? ਦੇਖਣ ਵਿੱਚ ਇਹ ਆਇਆ ਕਿ ਬਹੁਤ ਸਾਰੀ ਆਲੋਚਨਾ ਕਿਸੇ ਨਾ ਕਿਸੇ ਵਾਦ ਅਧੀਨ ਕੀਤੀ ਜਾਂਦੀ ਹੈ। ਪਰ ਤੁਸੀਂ ਕੋਈ ਵਾਦ ਅਪਨਾਉਣ ਦੀ ਵਜਾਏ ਤੁਹਾਡੀ ਆਲੋਚਨਾ ਸਿਰਜਣਾਤਮਿਕ ਹੈ। ਇਹਦੇ ਬਾਰੇ ਕੀ ਕਹਿਣਾ ਹੈ? – ਮੇਰੇ ਵਿਚਾਰ ਵਿੱਚ ਆਲੋਚਨਾ, ਵਾਦ ਤੋਂ ਮੁਕਤ ਨਹੀਂ ਹੋ ਸਕਦੀ। ਜੇਕਰ ਤਸੀਂ ਸਾਰਥਿਕ ਦ੍ਰਿਸ਼ਟੀ ਤੋਂ ਆਲੋਚਨਾ ਕਰਦੇ ਹੋ, ਪੱਖਪਾਤ ਨਹੀਂ ਕਰਦੇ। ਪ੍ਰਾਪਤ ਸਮਗਰੀ ਨੂੰ ਧਿਆਨ ਵਿੱਚ ਰੱਖ ਕੇ ਲਿਖਤਾਂ ਦਾ ਵਿਸ਼ਲੇਸ਼ਣ ਕਰਦੇ ਹੋ ਤਾਂ ਉਹ ਪਾਠਕਾਂ ਨੂੰ ਪੁਸਤਕ ਵਿਸ਼ੇਸ਼ ਪੜ੍ਹਨ ਵਿੱਚ ਸਹਾਈ ਹੋ ਸਕਦੀ ਹੈ। ਲੇਖਕ ਨੂੰ ਆਪਣੀ ਸਿਰਜਣਾ ਪੱਧਰ ਦਾ ਪਤਾ ਲੱਗਦਾ ਹੈ ਜੋ ਉਸ ਦੀਆਂ ਅਗਲੀਆਂ ਲਿਖਤਾਂ ਲਈ ਸਾਹਾਈ ਹੋ ਸਕਦਾ ਹੈ। ਜੀਵਨੀਆਂ ਅਤੇ ਜੀਵਨੀਆਂ ਦੇ ਅੁਨਵਾਦ – ਅਸਲ ਵਿੱਚ ਸੱਠਵਿਆਂ ਦਾ ਦਹਾਕਾ ਸੰਸਾਰ ਭਰ ਵਿੱਚ ਲੋਕਾਂ ਦਾ ਧਿਆਨ ਵੀਅਤਨਾਮ ਵੱਲ ਲੱਗਿਆ ਹੋਇਆ ਸੀ। ਵਿਸ਼ੇਸ਼ ਗੱਲ ਬਸਤੀਵਾਦ ਤੋਂ ਸੁਤੰਤਰ ਦੇਸ਼ਾਂ ਦੇ ਲੋਕਾਂ ਦੀਆਂ ਹਮਦਰਦੀਆਂ ਵੀਅਤਨਾਮ ਦੇ ਲੋਕਾਂ ਨਾਲ ਸੀ ਜੋ, ਜਪਾਨੀ, ਫਰਾਂਸੀਸੀ ਸਾਮਰਾਜਾਂ ਨੂੰ ਹਰਾ ਦੇਣ ਤੋ ਪਿੱਛੋਂ ਅਮਰੀਕੀ ਸਾਮਰਾਜ ਨੂੰ ਹਰਾਉਣ ਲਈ ਜੂਝ ਰਹੇ ਸਨ। ਇਸ ਦਾ ਸਿਹਰਾ ਵੀਅਤਨਾਮੀ ਲੋਕਾਂ ਦੇ ਮਹਾਨ ਆਗੂ ਹੋਅ ਚੀ ਮਿੰਨ ਸਿਰ ਸੀ। ਇਸ ਲੜਾਈ ਬਾਰੇ 1970 ਵਿੱਚ ਇੱਕ ਚੀਨੀ ਵਫ਼ਦ ਦੇ ਅੰਮ੍ਰਿਤਸਰ ਦਰਬਾਰ ਸਾਹਿਬ ਦੀ ਯਾਤਰਾ ਕਰਨ ਸਮੇਂ ਸੰਤ ਫਤਿਹ ਸਿੰਘ ਬੜੇ ਹੀ ਖ਼ੂਬਸੂਰਤ ਸੱਚੇ ਸ਼ਬਦਾਂ ਵਿੱਚ ਬਿਆਨ ਕੀਤੇ ਉਨ੍ਹਾਂ ਕਿਹਾ ਸੀ, “ਅਸੀਂ ਤਾਂ ਗੁਰੂ ਗੋਬਿੰਦ ਸਿੰਘ ਦੇ ਨਾਮ ਧੀਰਕ ਸਿੱਖ ਹਾਂ ਅਸਲੀ ਸਿੱਖ ਤਾਂ ਵੀਅਤਨਾਮੀ ਲੋਕ ਹਨ।” ਹੋਅ ਚੀ ਮਿੰਨ ਦੀ ਮੇਰੇ ਵੱਲੋਂ ਲਿਖੀ ਜੀਵਨੀ ਦੀਆਂ ਅਲਚਣਾ ਤਾਂ ਪਬਲਿਸ਼ਰ ਦੇ ਧੋਖਾ ਕਰਨ ਦੇ ਕਾਰਨ ਹੋਈਆਂ ਪ੍ਰੰਤੂ ਮੈਨੂੰ ਇਹ ਖੁਸ਼ੀ ਹੈ ਇਹ ਛਪ ਗਈ। ਇਹੋ ਹੀ ਨਹੀਂ ਇਹਦੇ ਦੋ ਪੰਜਾਬੀ ਐਡੀਸ਼ਨ, ਅਤੇ ਇੱਕ ਪ੍ਰਕਾਸ਼ਨ ਗਾਰਗੀ ਨਾਂ ਦੇ ਪਬਲਿਸ਼ਰ ਨੇ ਇਹ ਹਿੰਦੀ ਵਿੱਚ ਛਾਪੀ ਸੀ। ਜਿਸ ਕਾਰਨ ਇਸ ਦੇ ਪਾਠਕ ਹਿੰਦੀ ਖੇਤਰ ਵਿੱਚ ਵੀ ਬਣੇ ਇਹ ਦਿੱਲੀ ਵਿੱਚ ਪ੍ਰਗਤੀ ਮੈਦਾਨ ਵਿੱਚ ਹਰ ਸਾਲ ਲੱਗਦੇ ਪੁਸਤਕ ਮੇਲੇ ਵਿੱਚ ਧੂਮ ਧਾਮ ਨਾਲ ਰੀਲੀਜ਼ ਕੀਤੀ ਗਈ ਸੀ। ਇਹੋ ਜਿਹੀਆਂ ਖ਼ਬਰਾਂ ਲੇਖਕ ਨੂੰ ਖੁਸ਼ੀ ਵੀ ਦਿੰਦੀਆਂ ਹਨ ਤੇ ਉਤਸ਼ਾਹਿਤ ਵੀ ਕਰਦੀਆਂ ਹਨ। ? ਹੋਅ ਚੀ ਮਿੰਨ ਦੀ ਜੀਵਨੀ ਪੜ੍ਹਦਿਆਂ ਮੈਨੂੰ ਇਸ ਗੱਲ ਨੇ ਬਹੁਤ ਪ੍ਰਭਾਵਿਤ ਕੀਤਾ ਕਿ ਜਿਸ ਤਰ੍ਹਾਂ ਇੰਡੀਆ ਨੂੰ ਅੰਗਰੇਜ਼ਾਂ ਨੇ ਛੱਡਿਆਂ ਤਾਂ ਦੇਸ਼ ਦੋ ਟੋਟਿਆਂ ਵਿੱਚ ਵੰਡ ਗਿਆ। ਪਰ ਵੀਅਤਨਾਮ ਦੇ ਲੋਕਾਂ ਨੇ ਫ਼ਰਾਂਸੀਸੀਆਂ ਦੀ ਦੇਸ਼ ਨੂੰ ਦੋ ਹਿੱਸਿਆਂ ਵਿੱਚ ਵੰਡਣ ਦੀ ਚਾਲ ਨਹੀਂ ਚੱਲਣ ਦਿੱਤੀ। ਦੇਸ਼ ਨੂੰ ਕਿਹੜੀ ਤਾਕਤ ਨੇ ਲੋਕਾਂ ਨੂੰ ਇਕੱਠਾ ਰੱਖਿਆ ਅਤੇ ਇਸ ਦਾ ਕੀ ਕਾਰਨ ਸਮਝਦੇ ਹੋ? – ਸਤਨਾਮ ਜੀ, ਤੁਸੀਂ ਵੀਅਤਨਾਮ ਦੀ ਜੱਦੋ-ਜਹਿਦ ਦੀ ਜਿੱਤ ਦੀ ਸਫ਼ਲਤਾ ਤੋਂ ਪ੍ਰਭਵਿਤ ਹੋਏ ਹੋ। ਇਸੇ ਨੂੰ ਹੀ ਵੀਅਤਨਾਮ ਦੀ ਜੱਦੋ-ਜਹਿਦ ਦੀ ਅੱਜ ਤੱਕ ਬਣੀ ਹੋਈ ਇਤਿਹਾਸਕ ਸਫ਼ਲਤਾ ਦਾ ਇੱਕ ਪ੍ਰਮਾਣ ਹੀ ਸਮਝੋ। ਇਹ ਪ੍ਰਸ਼ਾਸ਼ਨ ਹੋਅ ਚੀ ਮਿੰਨ ਦੇ ਜਤਨਾਂ ਸਦਕਾ ਹੀ ਵੰਡੇ ਗਏ ਵੀਅਤਨਾਮ ਨੂੰ ਇੱਕ ਦੇਸ਼ ਦੇ ਰੂਪ ਵਿੱਚ ਮੁੜ ਤੋਂ ਇਕੱਠ ਕੀਤਾ ਸੀ। ? ਤੁਸੀਂ ਇੱਕ ਹੋਰ ਜੀਵਨੀ ਇਨਕਲਾਬੀ ਮੈਡਮ ਕਾਮਾ ਦੀ ਜੀਵਨੀ ਨੂੰ ਅਨੁਵਾਦ ਕਰਨ ਦਾ ਕੰਮ ਵੀ ਕੀਤਾ। ਇਸ ਦੀ ਭੂਮਿਕਾ ਵਿੱਚ ਤੁਸੀਂ ਲਿਖਿਆ ਕਿ ਮੈਡਮ ਕਾਮਾ ਦੇ ਭਾਰਤ ਦੀ ਆਜ਼ਾਦੀ ਲਹਿਰ ਵਿੱਚ ਪਾਏ ਯੋਗਦਾਨ ਨੂੰ ਪਿੱਛੇ ਸੁੱਟ ਕੇ ਗੁਜਰਾਤ ਦੇ ਦੂਜੇ ਆਗੂਆਂ ਨੂੰ ਭਾਰਤ ਦੇ ਇਤਿਹਾਸਕਾਰਾਂ ਨੇ, ਮੋਹਰੀ ਬਣਾ ਦਿੱਤਾ ਗਿਆ। ਜਦੋਂ ਕਿ ਉਹ ਦੇਸ਼ ਭਗਤਾਂ ਵਿੱਚ ਭਾਰਤ ਦੇ ਇਨਕਲਾਬ ਦੀ ਮਾਤਾ ਦੇ ਨਾਂਅ ਵਜੋਂ ਪ੍ਰਸਿੱਧ ਸੀ। ਇਹਦੇ ਪਿੱਛੇ ਤੁਸੀਂ ਕੀ ਸ਼ਾਜਿਸ ਸਮਝਦੇ ਹੋ? – ਮੈਡਮ ਜੀ ਕਾਮਾ, ਜਿੱਥੇ ਵੀਹਵੀਂ ਸਦੀ ਦੀ ਮਹਾਨ ਇਨਕਲਾਬੀ ਸੂਰਮਾਂ ਸੀ ਉੱਥੇ ਉਹ ਭਾਰਤ ਦੀ ਸੁਤੰਤਰਤਾ ਸੰਗਰਾਮ ਦੀ ਮਹਾਨ ਮਾਂ ਵੀ ਸੀ। ਕਾਂਗਰਸ ਪਾਰਟੀ ਦੀ ਸ਼ਾਤੀ-ਪੂਰਨ ਲਹਿਰ ਦੇ ਵਿਪਰੀਤ ਹਥਿਆਰਬੰਦ ਲਹਿਰ ਦੀ ਸਮਰਥਕ ਸੀ। ਹੋਰ ਵੀ ਗਰਮ-ਦੱਲੀਏ ਸੁਤੰਤਰਤਾ ਸੰਗਰਾਮੀਆਂ ਨੂੰ ਜਿਵੇਂ ਬਾਲ ਗੰਗਾਧਰ ਤਿਲਕ, ਸ਼ਹੀਦੇ ਆਜ਼ਮ ਭਗਤ ਸਿੰਘ ਨੂੰ ਅਤੇ ਉਸ ਦੇ ਸਾਥੀਆਂ ਨੂੰ ਵੀ ਵਿਉਂਤਬੰਦ ਢੰਗ ਨਾਲ ਅਣਡਿੱਠ ਕੀਤਾ ਗਿਆ ਹੋਣ ਦਾ ਕਾਰਨ ਸਿਰਫ਼ ਇਹ ਸੀ ਕਿ ਮੈਡਮ ਕਾਮਾ ਸਮਾਜਵਾਦੀ ਢੰਗ ਦੀ ਸਥਪਨਾ ਕਰਨ ਦੇ ਪੱਖ ਵਿੱਚ ਸੀ। ? ਮੈਡਮ ਕਾਮਾਂ ਦੀ ਜੀਵਨੀ ਤੋਂ ਇਹ ਵੀ ਪਤਾ ਲੱਗਦਾ ਕਿ ਤਿਰੰਗੇ ਝੰਡੇ ਨੂੰ ਭਾਰਤ ਦੀ ਆਜ਼ਾਦੀ ਦਾ ਕੌਮੀ ਝੰਡਾ ਬਣਨ ਲਈ ਚਾਲ਼ੀ ਸਾਲ ਦਾ ਸਮਾਂ ਲੱਗਾ! ਪਰ ਇਹ ਗੱਲ ਸਪਸ਼ਟ ਨਹੀਂ ਕਿ ਇਸ ਦਾ ਡਜ਼ਾਇਨ ਮੈਡਮ ਕਾਮਾ ਨੇ ਤਿਆਰ ਕੀਤਾ ਸੀ ਜਾਂ ਕਿਸੇ ਹੋਰ ਨੇ? ਇਹਦੇ ਬਾਰੇ ਚਾਨਣ ਪਾਉ? – ਭਾਰਤ ਦੇ ਕੌਮੀ ਝੰਡੇ ਦਾ ਡਿਜ਼ਾਇਨ ਮੈਡਮ ਕਾਮਾਂ ਨੇ ਨਹੀਂ ਸਗੋਂ ਕੁਝ ਹੋਰ ਦੇਸ਼ ਭਗਤਾਂ ਨੇ ਇਕੱਠ ਹੋ ਕੇ 1906 ਵਿੱਚ ਤਿਆਰ ਕੀਤਾ ਸੀ। ਇਸ ਦੇ ਤਿੰਨ ਰੰਗ (ਪੀਲ਼ਾ, ਚਿੱਟਾ ਅਤੇ ਹਰਾ) ਭਾਰਤੀ ਸਭਿਆਚਾਰ ਅਤੇ ਸਭਿਅਤਾ ਦੇ ਪ੍ਰਤੀਕ ਹਨ। ਮੈਡਮ ਕਾਮਾ ਨੇ ਤਾਂ ਕੌਮਾਂਤਰੀ ਸਟੇਜ ਉੱਤੇ ਪ੍ਰਗਟ ਕਰਕੇ ਦੁਨੀਆਂ ਨੂੰ ਦਿਰਸਾਇਆ ਸੀ। ਅਨੁਵਾਦ ਕਰਨ ਦਾ ਸਬੱਬ – ਦੇਸ਼ ਭਗਤ ਗ਼ਦਰੀ ਬਾਬਾ ਪਾਖਰ ਸਿੰਘ ਦੀ ਜੀਵਨੀ ਦਾ ਸਹਿ-ਅਨੁਵਾਦ ਸ੍ਰੀ ਨਛੱਤਰ ਸਿੰਘ ਗਿੱਲ ਦੇ ਨਾਲ ਮਿਲ਼ ਕੇ ਕਰਨ ਦਾ ਸਬੱਬ ਬਣਿਆ। ਅਸਲ ਵਿੱਚ ਇਹ ਜੀਵਨੀ ਦੇ ਅੰਗਰੇਜ਼ੀ ਵਿੱਚ ਲਿਖੀ ਡਾ. ਨਿਰਮਲ ਸਿੰਘ ਮਾਨ ਕੈਲੇਫੋਰਨੀਆਂ ਦੀ ਲਿਖਤ ਹੈ। ਇੱਕ ਕਾਪੀ ਜੋ ਮੈਂ ਨਛੱਤਰ ਸਿੰਘ ਗਿੱਲ ਕੋਲ਼ ਦੇਖੀ, ਉਸ ਨੂੰ ਅਵਤਾਰ ਗਿੱਲ ਨੇ ਲਿਆ ਕੇ ਦਿੱਤੀ ਸੀ। ਫੇਰ ਅਸੀਂ ਮਿਲ਼ ਕੇ ਇਸ ਦਾ ਅਨੁਵਾਦ ਕੀਤਾ ਕੁਝ ਉਨ੍ਹਾਂ ਨੇ ਕੁਝ ਮੈਂ ਕੀਤਾ। ? ਦੂਜੀਆਂ ਭਾਸ਼ਾਵਾਂ ਦਾ ਮਿਆਰੀ ਸਾਹਿਤ ਪੰਜਾਬੀ ਸਾਹਿਤ ਵਿੱਚ ਅਨੁਵਾਦ ਬਹੁਤ ਘੱਟ ਹੋਇਆ ਹੈ। ਪੰਜਾਬੀ ਸਾਹਿਤ ਵਿੱਚ ਅਨੁਵਾਦਿਤ ਸਾਹਿਤ ਦੀ ਕਿਹੋ ਜਿਹੀ ਸਥਿਤੀ ਹੈ? ਇਹ ਮੰਨਿਆ ਜਾਂਦਾ ਹੈ ਕਿ ਅਨੁਵਾਦ ਕਰਨ ਲਈ ਪੇਸ਼ਾਵਰ ਅਨੁਵਾਦਕ ਦੀ ਲੋੜ ਜ਼ਰੂਰੀ ਹੈ। ਬਹੁਤ ਸਾਰੇ ਅਲੋਚਕਾਂ ਦਾ ਇਹ ਵੀ ਵਿਚਾਰ ਹੈ ਕਿ ਅਨੁਵਾਦ ਕਰਦਿਆਂ ਲਿਖਤ ਦੀ ਅਸਲ ਰੂਹ ਮਰ ਜਾਂਦੀ ਹੈ। ਤੁਸੀਂ ਇਸ ਕਥਨ ਨਾਲ ਕਿੱਥੇ ਤੱਕ ਸਹਿਮਤ ਹੋ? – ਹਾਂ ਜੀ, ਬਿਲਕੁਲ ਦੂਜੀਆਂ ਭਾਸ਼ਾਵਾਂ ਦਾ ਮਿਆਰੀ ਸਾਹਿਤ ਦਾ ਪੰਜਾਬੀ ਵਿੱਚ ਅਨੁਵਾਦ ਕੀਤਾ ਜਾਣਾ ਚਾਹੀਦਾ ਹੈ। ਇਸ ਨਾਲ ਸਾਡੀ ਭਾਸ਼ਾ ਤੇ ਸਹਿਤ ਹੋਰ ਅਮੀਰ ਹੋਵੇਗਾ। ਪੰਜਾਬੀ ਵਿੱਚ ਪਹਿਲਾਂ ਰੂਸੀ ਸਾਹਿਤ ਦੇ ਬਹੁਤ ਹੀ ਵਧੀਆ ਅਨੁਵਾਦ ਰੂਸ ਵਿੱਚ ਛਪ ਕੇ ਇੱਥੇ ਪ੍ਰਪਤ ਕੀਤੇ ਜਾਂਦੇ ਸਨ। ਭਾਰਤ ਵਿੱਚ ਦੂਜੀਆਂ ਭਾਸ਼ਾਵਾਂ ਦੇ ਅਨੁਵਾਦ ਹਿੰਦੀ ਤੋਂ ਜਾਂ ਦੂਜੀਆਂ ਭਾਸ਼ਾਂਵਾਂ ਤੋਂ ਹਿੰਦੀ ਵਿੱਚ ਹੋਏ ਅਨੁਵਾਦ ਪੰਜਾਬੀ ਵਿੱਚ ਕੀਤੇ ਜਾ ਸਕਦੇ ਹਨ। ਜਿਵੇਂ ‘ਚੀਨੀ ਸਾਹਿਤ ਆਲੋਚਨਾ’ ਦਾ ਅਨੁਵਾਦ ਪਹਿਲਾਂ ਅੰਗਰੇਜ਼ੀ ਵਿੱਚ ਹੋਇਆ ਸੀ ਫੇਰ ਹਿੰਦੀ ਵਿੱਚ ਹੋਇਆ ਸੀ, ਮੈਂ ਹਿੰਦੀ ਤੋਂ ਪੰਜਾਬੀ ਵਿੱਚ ਕੀਤਾ। ਮੇਰਾ iਖ਼ਆਲ ਨਹੀਂ ਕਿ ਇਸ ਨਾਲ ਮੂਲ ਲਿਖਤ ਵਾਂਗ ਇਸ ਦਾ ਲਾਭ ਨਾ ਹੋਇਆ ਹੋਵੇ। ਹੁਣ ਦੇਖੋ ਅਸੀਂ ਜੇਕਰ ਅੰਗਰੇਜ਼ੀ ਤੇ ਹਿੰਦੀ ਵਿੱਚ ਉਸ ਨੂੰ ਪੜ੍ਹ ਨਹੀਂ ਸੀ ਸਕਦੇ ਤਾਂ ਅਸੀਂ ਇੱਕ ਵਧੀਆ ਜਾਣਕਾਰੀ ਤੋਂ ਸੱਖਣੇ ਰਹਿਣਾ ਸੀ। ਹਾਂ, ਤੁਹਾਡੀ ਇਸ ਗੱਲ ਨਾਲ ਸਹਿਮਤ ਹਾਂ ਕਿ ਜੇਕਰ ਕਵਿਤਾ ਵਰਗੀ ਵਿਧਾ ਦਾ ਅਨੁਵਾਦ ਹੋਵੇ ਤਾਂ ਉਸ ਦੀ ਰੂਹ ਮਰਨ ਦਾ ਸ਼ੰਕਾਂ ਹੋ ਸਕਦਾ ਜੇਕਰ ਅਨੁਵਾਦਿਕ ਦੋਹਾਂ ਭਾਸ਼ਾਵਾਂ ‘ਚੋ ਕਿਸੇ ਇੱਕ ਦਾ ਗਿਆਨ ਓਨਾ ਡੂੰਘਾ ਨਾ ਰੱਖਦਾ ਹੋਵੇ। ਪਰ ਵਾਰਤਕ ਬਾਰੇ ਅਜਿਹਾ ਨਹੀਂ ਕਿਹਾ ਜਾ ਸਕਦਾ। ? ਤਸੀਂ ਕੈਨੇਡਾ ਪਿਛਲੇ ਕਾਫ਼ੀ ਸਮੇਂ ਤੋਂ ਰਹਿ ਰਹੇ ਹੋ ਤੁਹਾਨੂੰ ਕੀ ਲੱਗਦਾ ਕਿ ਕੈਨੇਡੀਅਨ ਪੰਜਾਬੀ ਸਾਹਿਤਕਾਰਾਂ ਨੇ ਉਨ੍ਹਾਂ ਸਾਰਿਆਂ ਵਿਸ਼ਿਆਂ ਨੂੰ ਛੋਇਆ ਹੈ ਜਿੰਨ੍ਹਾਂ ਦੀ ਲੋੜ ਹੈ? ਜਾਂ ਕੁਝ ਵਿਸ਼ੇ ਅਣਛੋਹੇ ਵੀ ਹਨ, ਜਿੰਨ੍ਹਾਂ ਤੇ ਲਿਖਣ ਦੀ ਲੋੜ ਹੈ? – ਕੈਨੇਡੀਅਨ ਪੰਜਾਬੀ ਲੇਖਕਾਂ ਦਾ ਪਿਛੋਕੜ ਤੇ ਜੀਵਨ ਦ੍ਰਿਸ਼ਟੀ ਪੰਜਾਬੀ ਜੀਵਨ ਪ੍ਰਭਾਵਾਂ ਤੋਂ ਮੁਕਤ ਹੋਣੀ ਅਸਭੰਵ ਹੈ। ਕਿਉਂਕਿ ਜੋ ਉਹ ਲਿਖਦੇ ਹਨ, ਉਹ ਆਪਣੀ ਮਾਤ ਭਾਸ਼ਾ ਵਿੱਚ ਸੋਚ ਕੇ iਲ਼ਖਦੇ ਹਨ। ਅੰਗਰੇਜ਼ੀ ਬੋਲਣ ਸਮੇਂ ਵੀ ਉਨ੍ਹਾਂ ਦੀ ਬੁੱਧੀ ਪਹਿਲਾਂ ਪੰਜਾਬੀ ਵਿੱਚ ਉਹ ਹੀ ਸੋਚਦੀ ਹੈ, ਜੋ ਕਿ ਸੂਖਮ ਰੂਪ ਵਿੱਚ ਨਾਲ਼ੋ ਨਾਲ਼ ਅੰਗਰੇਜ਼ੀ ਵਿੱਚ ਰੂਪਪਾਂਤਰ ਕਰ ਦਿੰਦੀ ਹੈ। ਇਹ ਵਰਤਾਰਾ ਅਸੀਂ ਹੀ ਨਹੀਂ ਸਗੋਂ ਹੋਰ ਬੋਲੀਆਂ ਵਾਲੇ ਵੀ ਇਵੇਂ ਹੀ ਸੋਚਦੇ ਹਨ। ਇੱਕ ਵਾਰ ਯੂਰਪ ਦੇ ਕਿਸੇ ਫ਼ਰਾਂਸ ਤੋਂ ਆਏ ਬੰਦੇ ਇੱਕ ਅੰਗਰੇਜ਼ੀ ਪਰਚੇ ਵਿੱਚ ਕੁਝ ਇਸ ਤਰ੍ਹਾਂ ਲਿਖਿਆ ਸੀ ਕਿ ਉਹ ਕਈ ਸਾਲਾਂ ਤੋਂ ਇੱਥੇ ਰਹਿਣ ਦੇ ਬਾਵਜੂਦ ਵੀ ਮੈਂ ਪਹਿਲਾਂ ਆਪਣੀ ਮਾਤ-ਭਾਸ਼ਾ ਵਿੱਚ ਸੋਚਦਾਂ ਹਾਂ ਫੇਰ ਬੋਲਦਾ ਤੇ ਲਿਖਦਾ ਹਾਂ। ? ਤੁਹਾਡੀਆਂ ਬਹੁਤੀਆਂ ਲਿਖਤਾਂ ਵਿੱਚੋਂ ਰਾਜਨੀਤਿਕ ਵਿਚਾਰਧਾਰਾ ਦਾ ਰੰਗ ਨਜ਼ਰ ਆਉਦਾ ਜਦੋਂ ਕਿ ਤੁਸੀਂ ਅਧਿਆਤਮਿਕਤਾ ਦਾ ਵੀ ਕਾਫ਼ੀ ਅਧਿਐਨ ਕੀਤਾ ਹੈ ਖ਼ਾਸ ਕਰਕੇ ਸੂਫ਼ੀ ਸਾਹਿਤ ਦਾ ਪਰ ਤੁਹਾਡੀਆਂ ਰਚਨਾਵਾਂ ਵਿੱਚ ਅਧਿਆਤਕਮਿਕਤਾ ਦੀ ਥਾਂ ਜ਼ਿਆਦਾ ਰੰਗ ਮਾਰਕਸਵਾਦੀ ਹੈ, ਕੀ ਇਹ ਅਚੇਤ ਜਾਂ ਸੁਚੇਤ ਯਤਨ ਹੈ? – ਹਾਂ ਜੀ, ਇਹ ਗੱਲ ਇਉਂ ਹੈ ਕਿ ਮੇਰੇ ਮੁੱਢਲੇ ਜੀਵਨ ਵਿੱਚ ਅਧਿਆਤਮਿਕ ਅਧਿਅਨ ਕਰਨ ਨਾਲ ਤੇ ਪਿੱਛੋਂ ਮਾਰਕਸਵਾਦ ਦੇ ਅਧਿਅਨ ਨਾਲ ਮੈਨੂੰ ਸਮਾਜ ਨੂੰ ਵਧੇਰੇ ਗੰਭੀਰਤਾ ਅਤੇ ਡੁੰਘਾਈ ਵਿੱਚ ਸਮਝਣ ਦਾ ਸੰਯੋਗ ਬਣਿਆ। ਸਾਡਾ ਯੁਗ ਪੁਰਾਣਾ ਸਮਾਜ ਖੇਤੀ ਪ੍ਰਧਾਨ ਹੋਣ ਕਾਰਨ ਪ੍ਰਕ੍ਰਿਤੀ ਅਤੇ ਅਧਿਆਤਮਿਕਤਾ ਨਾਲ ਜੁੜਿਆ ਰਿਹਾ ਹੈ। ਇਸ ਲਈ ਇਹ ਪ੍ਰਭਾਵ ਅਚੇਤ ਹੀ ਪਿਆ ਹੈ। ਸ਼ਾਇਦ ਇਹ ਸਹਿਜ ਵਿਕਾਸ ਦੀ ਪ੍ਰਕਿਆ ਹੈ। ਪਰਵਾਸੀ ਨਾਵਲ ਵਿੱਚ ਦੂਜੀਆਂ ਕਮਿਊਨਿਟੀਆਂ ਦੇ ਪਾਤਰਾਂ ਦੀ ਸ਼ਮੂਲੀਅਤ ? ਤੁਸੀਂ ਇੱਕ ਨਾਵਲ ‘ਸਿੰਬਲ ਰੁੱਖ ਸਰਾਇਰਾ’ ਵੀ ਲਿਖਿਆ ਜਿਸ ਵਿੱਚ ਤੁਸੀਂ ਸਿੱਖ ਭਾਈਚਾਰੇ ਵਿਚਲੀਆਂ ਸਮਸਿਆਵਾਂ ਨੂੰ ਲੈ ਕੇ ਪਾਠਕਾਂ ਦੇ ਸਨਮੁਖ ਕੀਤਾ। ਇਸ ਨਾਵਲ ਦਾ ਪਾਠਕਾਂ ਵੱਲੋਂ ਕਿਹੋ ਜਿਹਾ ਹੁੰਗਰਾ ਮਿਲਿਆ? ਖ਼ਰੀਆਂ ਤੇ ਸੱਚੀਆਂ ਸੁਣਨ ਸੁਣਾਉਣ ਤੇ ਕੁਝ ਲੋਕਾਂ ਨੇ ਔਖ ਵੀ ਮਹਿਸੂਸ ਕੀਤੀ ਹੋਵਗੀ? – ‘ਸਿਮੰਲ ਰੁੱਖ ਸਰਾਇਰਾ’ ਨਾਵਲ ਮੇਰਾ ਪਹਿਲਾ ਯਤਨ ਸੀ। ਨਾਵਲ ਲਿਖਣ ਦਾ ਮੈਨੂੰ ਕੋਈ ਅਭਿਆਸ ਨਹੀਂ ਸੀ। ਪ੍ਰੰਤੂ ਇੱਕ ਕਹਾਣੀ ਨੂੰ ਜੋ ਮੈਂ ਪਹਿਲਾਂ ਵਿਉਂਤੀ ਨਹੀਂ ਸੀ, ਨਾਲ਼ੋ ਨਾਲ਼ ਬਣਦੀ ਉੱਸਰਦੀ ਗਈ। ਮੈਨੂੰ ਇਸ ਦੇ ਪੂਰੇ ਹੋਣ ਉੱਤੇ ਖੁਸ਼ੀ ਹੋਣੀ ਕੁਦਰਤੀ ਸੀ। ਮਹਰੂਮ ਆਲੋਚਕ ਸੁਰਜੀਤ ਗਿੱਲ ਨੂੰ ਮੈਂ ਇਸ ਦਾ ਖ਼ਰੜਾ ਛਪਣ ਤੋਂ ਪਹਿਲਾਂ ਦਿਖਾਇਆ। ਉਸ ਨੇ ਇਸ ਨੂੰ ਪੰਸਦ ਵੀ ਕੀਤਾ ਤੇ ਛਾਪਣ ਲਈ ਉਤਸ਼ਾਹਿਤ ਵੀ ਕੀਤਾ। ਖ਼ੈਰ ਇਹ ਛਪਵਾਇਆ ਤੇ ਇਸ ਦੇ ਦੋ ਐਡੀਸ਼ਨ ਛਪ ਗਏ ਹਨ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਇਸ ਨਾਵਲ ਨੂੰ ਐੱਮ ਫਿਲ ਲਈ ਚੁਣਿਆ ਗਿਆ। ਹਾਂ, ਇਸ ਦੇ ਵਿਸ਼ੇ ਬਾਰੇ ਕੁਝ ਲੋਕਾਂ ਨੇ ਕਿੰਤੂ ਪ੍ਰੰਤੂ ਜ਼ਰੂਰ ਕੀਤਾ ਪਰ ਬਹੁਤਿਆਂ ਨੇ ਪੰਸਦ ਕੀਤਾ। ? ਆਮ ਕਰਕੇ ਦੇਖਿਆ ਗਿਆ ਹੈ ਕਿ ਬਹੁਤ ਸਾਰੀਆਂ ਰਚਨਾਵਾਂ ਵਿੱਚ ਭਾਵੇਂ ਉਹ ਕਹਾਣੀ ਹੋਵੇ ਜਾਂ ਨਾਵਲ ਉਨ੍ਹਾਂ ਵਿੱਚ ਕਿਧਰੇ ਨਾ ਕਿਧਰੇ ਲੇਖਕ ਆਪ ਵੀ ਹੁੰਦਾ ਪਰ ਤੁਹਾਡੇ ਇਸ ਨਾਵਲ ਵਿੱਚ ਤੁਸੀਂ ਆਪ ਪੂਰੀ ਤਰ੍ਹਾਂ ਗਾਇਬ ਹੋ। ਕੀ ਇਹ ਅਚੇਤ ਜਾਂ ਸੁਚੇਤ ਯਤਨ ਹੈ? – ਢਾਅ ਜੀ, ਇਸ ਨਾਵਲ ਵਿੱਚ ਮੇਰੇ ਅਲੋਪ ਹੋਣਾ ਜਾਂ ਰਹਿਣਾ ਸੁਚੇਤ ਰੂਪ ਵਿੱਚ ਅਜਿਹਾ ਨਹੀਂ ਹੋਇਆ। ਅਸਲ ਵਿੱਚ ਕਹਾਣੀ ਜਦੋਂ ਤੁਹਾਡੇ ਸਾਹਮਣੇ ਬਾਹਰ ਸੰਸਾਰ ਵਿੱਚ ਵਾਪਰਦੀ ਹੈ ਤਾਂ ਤੁਸੀਂ ਉਸਦੇ ਕਰਤਾ ਨਹੀਂ ਦਰਸ਼ਿਕ ਹੋ। ਜੋ ਵਾਪਰਦਾ ਦੇਖਦੇ ਹੋ ਲਿਖੀ ਜਾਂਦੇ ਹੋ। ? ਅਮਰਜੀਤ ਜੀ, ਪਰਵਾਸੀ ਨਾਵਲ ਬਾਰੇ ਆਲੋਚਕਾਂ ਵੱਲੋਂ ਕਹਿਣਾ ਹੈ ਕਿ ਪਰਵਾਸੀ ਪੰਜਾਬੀ ਨਾਵਲ ਵਿੱਚ ਦੂਜੇ ਭਾਈਚਾਰਿਆਂ ਦੇ (ਸਥਾਨਕ) ਲੋਕਾਂ ਨਾਲ ਸਾਂਝ ਜਾਂ ਉਨ੍ਹਾਂ ਦੇ ਜੀਵਨ ਬਾਰੇ ਬਹੁਤ ਘੱਟ ਚਿੱਤਰਿਆ ਗਿਆ ਹੈ ਜੇ ਕਿਸੇ ਨਾਵਲ ਵਿੱਚ ਹੈ ਤਾਂ ਉਹ ਵੀ ਬਹੁਤ ਹੀ ਸੀਮਤ ਜਿਹਾ ਵਰਨਣ ਹੈ। ਤੁਸੀਂ ਆਪਣੇ ਇਸ ਨਾਵਲ ਸਮੇਤ ਪ੍ਰਵਾਸੀ ਨਾਵਲ ਬਾਰੇ ਇਸ ਵਿਚਾਰ ਨਾਲ ਕਿੰਨਾ ਕੁ ਸਹਿਮਤ ਹੋ? – ਮੇਰੇ iਖ਼ਆਲ ਨਾਲ ਦੂਜਿਆਂ ਭਾਈਚਾਰਿਆਂ ਦਾ ਕਿਸੇ ਨਾਵਲ ਵਿੱਚ ਚਿੱਤਰਿਆ ਜਾਣਾ ਤਦ ਹੀ ਸੰਭਵ ਹੈ, ਜੇਕਰ ਲੇਖਕ ਕਿਸੇ ਭਾਈਚਾਰੇ ਵਿੱਚ ਸ਼ਾਮਲ ਹੋ ਕੇ ਸਾਂਝ ਪਾਵੇਗਾ। ਬਾਹਰੋਂ ਰਹਿ ਕੇ ਦੇਖ ਕੇ ਤਾਂ ਬਹੁਤਾ ਨਹੀਂ ਲਿਖਿਆ ਜਾ ਸਕਦਾ। ਹਾਂ, ਇਹ ਬਿਲਕੁਲ਼ ਠੀਕ ਹੈ ਕਿ ਬਹੁਤ ਸੀਮਤ ਲਿਖਿਆ ਜਾ ਸਕਿਆ ਹੈ। ਮੈਂ ਇਸ ਗੱਲ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਕਿ ਜਿੱਥੇ ਤੁਸੀਂ ਰਹਿੰਦੇ ਹੋ ਉਸ ਸਮਾਜ ਨਾਲ ਵੀ ਸਾਂਝ ਪਾ ਕੇ ਓਥੋਂ ਦੇ ਲੋਕਾਂ ਨੂੰ ਆਪਣੀਆਂ ਲਿਖਤਾਂ ਦੇ ਪਾਤਰ ਬਣਾਉਣ ਦੀ ਕੋਸ਼ਿਸ ਕਰਨੀ ਚਾਹੀਦੀ ਹੈ। ? ਇੱਕ ਹੋਰ ਗੱਲ ਕਿ ਆਮ ਨਾਵਲਕਾਰ ਦੀ ਲਾਲਸਾ ਹੁੰਦੀ ਹੈ ਕਿ ਨਾਵਲ ਵਿੱਚ ਇੱਕ ਨਾਇਕ ਜ਼ਰੂਰ ਹੋਵੇ। ਤੁਹਾਡੇ ਇਸ ਨਾਵਲ ਵਿੱਚ ਉਂਝ ਤਾਂ ਭਾਵੇਂ ਹੋਰ ਪਾਤਰ ਵੀ ਪਾਠਕ ਦਾ ਧਿਆਨ ਖਿੱਚਦੇ ਹਨ ਪਰ ਤੁਸੀਂ ਆਪਣੇ ਨਾਵਲ ਵਿੱਚ ਨਾਇਕ ਕਿਸ ਨੂੰ ਮੰਨਦੇ ਹੋ, ਤੀਰਥ ਸਿੰਘ ਨੂੰ, ਕਰਤਾਰ ਨੂੰ ਜਾਂ ਅਮਰ ਸਿੰਘ ਅੜੀਅਲ ਨੂੰ? – ਮੈਂ ਇਸ iਖ਼ਆਲ ਨਾਲ ਨਾਵਲ ਨਹੀਂ ਲਿਖਿਆ ਕਿ ਕਿਸੇ ਪਾਤਰ ਨੂੰ ਨਾਇਕ ਸਮਝ ਕੇ ਵਿਕਸਤ ਕੀਤਾ ਜਾਵੇ। ਇਸ ਨਾਵਲ ਵਿੱਚ ਕਹਾਣੀ ਖ਼ੁਦ ਪਾਤਰ ਨੂੰ ਉਭਾਰਦੀ ਹੈ। ਮੇਰੇ ਇਸ ਨਾਵਲ ਵਿੱਚ ਮੇਰੀ ਸਮਝ ਵਿੱਚ ਤਾਂ ਨਾਇਕ ਕਰਤਾਰ ਹੀ ਬਣਦਾ ਹੈ। ? ਅਮਰਜੀਤ ਸਿੰਘ ਜੀ, ਮੈਨੂੰ ਇਹ ਵੀ ਪਤਾ ਲੱਗਾ ਕਿ ਤਸੀਂ ਲਿਖਣ ਨਾਲ਼ੋ ਪੜ੍ਹਦੇ ਜ਼ਿਆਦਾ ਹੋ, ਇਹ ਨਾਵਲ ਲਿਖਣ ਤੋਂ ਪਹਿਲਾਂ ਸ਼ਾਇਦ ਹੋਰ ਭਾਸ਼ਾਵਾਂ ਵਿੱਚ ਲਿਖੇ ਨਾਵਲਾਂ ਨੂੰ ਵੀ ਪੜ੍ਹਿਆ, ਵਾਚਿਆ ਹੋਵੇਗਾ। ਦੂਜੀਆਂ ਭਾਸ਼ਾਵਾਂ ਵਿੱਚ ਲਿਖੇ ਜਾ ਰਹੇ ਨਾਵਲਾਂ ਦੇ ਮੁਕਾਬਲੇ ਪੰਜਾਬੀ ਨਾਵਲ ਦੀ ਸਿਥਿਤੀ ਕਿਹੋ ਜਿਹੀ ਮਹਿਸੂਸ ਕਰਦੇ ਹੋ? – ਮੈਂ ਵੇਸੇ ਨਾਵਲ ਘੱਟ ਹੀ ਪੜ੍ਹਦਾ ਹਾਂ। ਹਾਂ, ਜੇਕਰ ਕਿਸੇ ਨਾਵਲ ਬਾਰੇ ਵਿਸ਼ੇਸ਼ ਚਰਚਾ ਹੋਵੇ ਤਾਂ ਮੈਂ ਜ਼ਰੂਰ ਧਿਆਨ ਨਾਲ ਪੜ੍ਹਦਾ ਹਾਂ। ਪੰਜਾਬੀ ਨਾਵਲ ਤੋਂ ਬਿਨਾ, ਨਾਵਲ ਭਾਵੇਂ ਹਿੰਦੀ, ਉਰਦੂ ਦਾ ਹੋਵੇ। ਕੁਝ ਸਮਾਂ ਪਹਿਲਾਂ ਇੱਕ ਉਰਦੂ ਨਾਵਲ ‘ਅੱਗ ਦਾ ਦਰਿਆ’ ਦੀ ਬੜੀ ਚਰਚਾ ਸੀ, ਮੈਂ ਉਚੇਚੇ ਤੌਰ ਤੇ ਦਿੱਲੀ ਤੋਂ ਮੰਗਵਾ ਕੇ ਪੜ੍ਹਿਆ। ਮੇਰੀ ਸਮਝ ਵਿੱਚ ਸਾਡੇ ਲੇਖਕਾਂ ਨੂੰ ਪੰਜਾਬੀ ਤੋਂ ਬਿਨਾਂ ਜਿਹੜੀ ਵੀ ਭਾਸ਼ਾ ਬਾਰੇ ਗਿਆਨ ਹੋਵੇ ਉਸ ਦੇ ਨਾਵਲ ਤੇ ਹੋਰ ਸਾਹਿਤ ਪੜ੍ਹਨਾ ਲਾਹੇਬੰਦ ਹੋਵੇਗਾ। ਫੇਰ ਵੀ ਮੈਂ ਕਈ ਪ੍ਰਸਿੱਧ ਨਾਵਲ ਪੜ੍ਹੇ ਹਨ ਜਿਵੇਂ: ਮਾਂ, ਤਿੰਨ ਭੈਣਾਂ, ਜੰਗ ਤੇ ਅਮਨ ਆਦਿ। ਦੂਜੀ ਗੱਲ ਹੈ ਕਿ ਨਾਵਲ ਤੇ ਕਹਾਣੀ ਪੜ੍ਹਨ ਦੀ ਰੁਚੀ ਹਰ ਇੱਕ ਦੀ ਰੁਚੀ ਨਹੀਂ ਹੁੰਦੀ। ਮੈਂ ਨਿੱਜੀ ਤੌਰ ਤੇ ਨਾਵਲ ਤੋਂ ਬਿਨਾਂ ਵਾਰਤਕ ਵਿੱਚ ਜੋ ਵੀ ਮਿਲੇ ਪੜ੍ਹਨ ਦਾ ਯਤਨ ਕਰਦਾ ਹਾਂ। ਬਾਕੀ ਦੂਜੀਆਂ ਭਾਸ਼ਾਵਾਂ ਦੇ ਮੁਕਬਲੇ ਪੰਜਾਬੀ ਨਾਵਲ ਦੀ ਤੁੱਲਣਾ ਕਰਨਾ ਮੇਰੇ ਬੱਸ ਦੀ ਗੱਲ ਨਹੀਂ। ਇਹ ਤਾਂ ਤੁਹਾਨੂੰ ਆਲੋਚਕ ਹੀ ਦੱਸ ਸਕਦੇ ਹਨ। ਸਿਰਜਕ ਪ੍ਰਕਿਰਿਆ ? ਇਸ ਕਵਿਤਾ ਵਿੱਚਲੀਆਂ ਕੁਝ ਸਤਰਾਂ : ਅਮਨ ਨਾ ਇਨ੍ਹਾ ਚੰਗਾ ਲੱਗਦਾ ਇਸ ਕਵਿਤਾ ਨੇ ਮੈਨੂੰ ਬੜਾ ਟੁੰਬਿਆ। ਇਸ ਵਿੱਚ ਤੁਸੀਂ ਯਥਾਰਥ ਨੂੰ ਬਹੁਤ ਹੀ ਸੰਵੇਦਨਸ਼ੀਲ ਸ਼ਬਦਾਂ ਵਿੱਚ ਬਿਆਨ ਕੀਤਾ ਹੈ। ਅੱਜ ਸਚਾਈ ਜਾਣਦੇ ਹੋਏ ਵੀ ਬਹੁਤ ਸਾਰੇ ਲੋਕ ਅਤੇ ਮੁਲਕ ਇਨ੍ਹਾਂ ਤਾਕਤਾਂ ਦਾ ਸਾਥ ਦੇ ਰਹੇ ਹਨ। ਕੀ ਕਹਿਣਾ ਚਾਹੋਗੇ? – ‘ਪਿਰਿਆ’ ਨਾਂ ਦੀ ਲੰਬੀ ਕਵਿਤਾ ਲਿਖਣ ਦਾ ਸਬੱਬ ਮੇਰੇ ਅਮਰੀਕਾ ਰਹਿੰਦੇ ਦੋਸਤ ਅਮਰੀਕ ਖੁਡਾਲੀਆ ਦੀ ਛੇ ਸਾਲ ਦੀ ਬੱਚੀ ਦੀ ਸੜਕ ਹਾਦਸੇ ਵਿੱਚ ਡਰਾਇਵਰ ਦੀ ਅਣਗਹਿਲੀ ਭਰੀ ਡਰਾਇਵਿੰਗ ਕਰਨ ਕਰਕੇ ਹੋਈ। ਇਹ ਬੱਚੀ ਮੈਂ ਪਹਿਲਾਂ ਦੋ ਵਾਰ ਵੀ ਦੇਖੀ ਸੀ। ਬੱਚੇ ਤਾਂ ਸਾਰੇ ਹੀ ਪਿਆਰੇ ਹੁੰਦੇ ਹਨ ਖ਼ਾਸ ਕਰਕੇ ਛੋਟੀ ਉਮਰ ਦੇ। ਬੱਚੇ ਭਾਵਂੇ ਕੁੱਕੜੀ ਦੇ, ਬੱਕਰੀ ਦੇ, ਮੱਝ ਗਾਂ ਦਾ ਕਟਰੂ ਬਸ਼ਰੂ ਹੋਵੇ, ਪ੍ਰੰਤੂ ਕਿਸੇ ਦੀ ਵੀ ਮੌਤ ਦਾ ਦੁੱਖ ਤਾਂ ਹੁੰਦਾ ਹੀ ਹੁੰਦਾ ਹੈ। ਇਹ ਕਵਿਤਾ ਪਹਿਲਾਂ ਮੈਂ ਅਮਰੀਕ ਕੋਲ ਅਫ਼ਸੋਸ ਕਰਨ ਸਮੇਂ ਲਿਖਣੀ ਸ਼ੁਰੂ ਕੀਤੀ। ਪ੍ਰੰਤੂ ਇਸ ਦਾ ਵਿਸ਼ਾ ਮਨੁੱਖਤਾ ਨਾਲ ਜੁੜਿਆਂ ਹੋਣ ਕਰਨ ਵਧੇਰੇ ਭਾਵਕ ਮਹਿਸੂਸ ਹੋਇਆ। ਜਦੋਂ ਵੀ ਮੈਂ ਇਸ ਨੂੰ ਪੜ੍ਹਨਾ ਕੁਝ ਨਾ ਕੁਝ ਹੋਰ ਜੁੜ ਜਾਂਦਾ। ਤੁਸੀਂ ਹੈਰਾਨ ਹੋਵੋਂਗੇ ਕਿ ਮੇਰਾ ਇਸ ਨੂੰ ਛਾਪਣ ਦਾ ਕੋਈ iਖ਼ਆਲ ਨਹੀਂ ਸੀ। ਇਸ ਤਰ੍ਹਾਂ ਇਹ ਲਗਾਤਾਰ ਨਹੀਂ, ਸਮੇਂ ਸਮੇਂ ਲਿਖੀ ਤੇ ਵੱਧਦੀ ਜਾਂਦੀ ਰਹੀ ਇਸ ਤਰ੍ਹਾਂ ਇਹ ਕਵਿਤਾ ਪੂਰੀ ਹੋਣ ਲਈ ਪੂਰੇ ਦਸ ਵਰ੍ਹੇ ਲੱਗੇ। ਪਿਰਿਆ ਦੇ ਜੀਵਤ ਪਾਤਰ ਰਾਹੀਂ ਮੈਂ ਅਜੋਕੀ ਪੂੰਜੀਵਾਦੀ ਬੇਮੁਹਾਰ ਸਨਅਤੀ ਵਿਕਾਸ ਪ੍ਰਕ੍ਰਿਆ ਦੇ ਧੁੰਦਲੇ ਪਾਸੇ ਨੂੰ ਪ੍ਰਗਟ ਕਰਨ ਦਾ ਯਤਨ ਕੀਤਾ ਹੈ। ਬਾਕੀ ਕਵਿਤਾ ਦਾ ਅਕਾਰ ਤਾਂ ਲਿਖਣ ਸਮੇਂ ਮਨ ਦੇ ਅਵੇਗ ਅਤੇ ਵਿਸ਼ੇ ਉੱਤੇ ਨਿਰਭਰ ਕਰਦਾ ਹੈ। ਇਹ ਕਵਿਤਾ ਦੀਆਂ ਸਤਰਾਂ ਪੂੰਜੀਵਾਦੀ ਹਾਕਮਾਂ ਦੇ ਮਾਨਵ ਵਿਰੋਧੀ ਸੁਆਰਥੀ ਰੁਚੀਆਂ ਨੂੰ ਪ੍ਰਗਟ ਕਰਨਾ ਹੈ ਅਤੇ ਅਮਨ ਪੱਖੀ ਲੋਕ-ਸ਼ਕਤੀਆਂ ਦੇ ਇੱਕ ਮੁੱਠ ਹੋਣ ਤੇ ਪੂੰਜੀਵਾਦੀ ਪ੍ਰਬੰਧ ਦੇ ਵਿਰੋਧ ਨੂੰ ਕਰਨ ਲਈ ਸ਼ਕਤੀਸ਼ਾਲੀ ਬਣਨ ਦੀ ਇੱਛਾ ਨੂੰ ਪ੍ਰਬਲ ਕਰਨਾ ਹੈ। ਬਾਕੀ ਗੱਲ ਇਹ ਹੈ ਕਿ ਪਹਿਲਾਂ ਚਿਤਵ ਕੇ ਕੋਈ ਕਵਿਤਾ ਨਹੀਂ ਲਿਖੀ ਜਾਂਦੀ। ਮੈਂ ਤਾਂ ਕਹਾਂਗਾ ਕਿ ਪਿਰਿਆ ਕਵਿਤਾ ਦਾ ਲੰਬੇ ਹੋਣਾ ਦਾ ਕਾਰਨ ਇਸ ਨੂੰ ਪੜ੍ਹ ਕੇ ਵਾਰ ਵਾਰ ਸੋਧਣਾ ਹੀ ਬਣਿਆ ਹੈ। ? ਤੁਹਾਡੇ ਜਵਾਬ ‘ਚੋ ਇੱਕ ਹੋਰ ਸਵਾਲ ਮਨ ਵਿਚ ਆੳਂੁਦਾ ਹੈ ਕਿ ਜਦੋਂ ਕੋਈ ਰਚਨਾ ਪੂਰੀ ਕਰ ਲੈਂਦੇ ਹੋ ਕਿਸ ਤਰ੍ਹਾਂ ਮਹਿਸੂਸ ਕਰਦੇ ਹੋ? ਤੁਹਾਨੂੰ ਲੱਗਦਾ ਕਿ ਜੋ ਮੈਂ ਕਹਿਣਾ ਚਾਹੁੰਦਾ ਹਾਂ ਕਹਿ ਦਿੱਤਾ ਹੈ ਜਾਂ ਤੁਸੀਂ ਮਹਿਸੂਸ ਕਰਦੇ ਹੋ ਕਿ ਇਸ ਨੂੰ ਹੋਰ ਰੰਦਿਆ ਜਾ ਸਕਦਾ ਸੀ? – ਸਤਨਾਮ ਜੀ, ਕੋਈ ਰਚਨਾ ਲਿਖਣ ਤੇ ਇਸ ਗੱਲ ਦੀ ਤਾਂ ਤਸੱਲੀ ਹੋ ਜਾਂਦੀ ਹੈ ਕਿ ਮੈਂ ਇਸ ਨੂੰ ਮੁਕੰਮਲ ਕਰ ਲਿਆ ਹੈ। ਪਰ ਦੂਜੀ ਤੀਜੀ ਪੜ੍ਹਤ ਤੇ ਵਾਧ ਘਾਟ ਕਰਨ ਦੀ ਲੋੜ ਮਹਿਸੂਸ ਹੁੰਦੀ ਹੈ, ਉਹ ਕਰ ਲੈਂਦਾ ਹਾਂ। ਮੇਰੇ ਵਿਚਾਰ ਨਾਲ ਸ਼ਾਇਦ ਰਚਨਾ ਦੇ ਛਪਣ ਤੱਕ ਲੇਖਕ ਨੂੰ ਉਸ ਨੂੰ ਸੋਧਦੇ ਰਹਿਣਾ ਚਾਹੀਦਾ ਹੈ। ਮੈਨੂੰ ਵਿਸ਼ਵਾਸ਼ ਹੈ ਕਿ ਹਰ ਲੇਖਕ ਮਿਹਨਤ ਕਰਨ ਪਿੱਛੋਂ ਛਪਣ ਤੱਕ ਰੰਦਾ ਲਾੳਂੁਦੇ ਹੀ ਰਹਿੰਦੇ ਹਨ। ਮੇਰੀ ਕਵਿਤਾ ‘ਪਿਰਿਆ’ ਵਿੱਚ ਲਗਾਤਾਰ ਸੋਧ ਤੇ ਵਾਧਾ ਕਰਦਾ ਰਿਹਾ ਹਾਂ, ਇਸੇ ਕਰਕੇ ਇਸ ਨੂੰ ਮੁਕੰਮਲ ਹੋਣ ਵਿਚ ਜਾਂ ਛਪਣ ਤੱਕ ਦਸ ਸਾਲ ਤੱਕ ਸੋਧ ਸੁਧਾਈ ਤੇ ਵਾਧਾ ਹੁੰਦਾ ਰਿਹਾ, ਮੈਨੂੰ ਇਸ ਤੇ ਤਸੱਲੀ ਹੈ। ਇਹ ਇੱਕ… ਵਰਤਾਰੇ ਦੀ ਕਵਿਤਾ ਹੈ। ਮੇਰੇ ਕੁਝ ਦੋਸਤਾਂ ਨੇ ਦੱਸਿਆ ਕਿ ਪੜ੍ਹਨ ਸਮੇਂ ਅਥਰੂ ਵਗ ਪੈਂਦੇ ਹਨ। ਇਸੇ ਤਰ੍ਹਾਂ ਇੱਕ ਦੋਸਤ ਦਾ ਛੋਟੀ ਉਮਰ ਦਾ ਪੁੱਤਰ ਵਿਛੜ ਗਿਆ ਸੀ, ਇਹ ਕਵਿਤਾ ਪੜ੍ਹ ਕੇ ਉਹ ਕਈ ਰਾਤਾਂ ਸੌਂ ਨਹੀਂ ਸਕਿਆ ਸੀ। ? ਤੁਸੀਂ ਅਧਿਆਤਮਿਕਵਾਦ ਦਾ ਅਧਿਐਨ ਵੀ ਕੀਤਾ ਅਤੇ ਮਾਰਕਸਵਾਦ ਦਾ ਵੀ, ਰੱਬ ‘ਤੇ ਭਰੋਸੇ ਬਾਰੇ ਤੁਹਾਡਾ ਕੀ ਵਿਚਾਰ ਹੈ? ਪ੍ਰੋ. ਮੋਹਣ ਸਿੰਘ ਦੀ ਕਵਿਤਾ ਵਾਂਗ ਰੱਬ ਇੱਕ ਗੁਝਲਦਾਰ ਬੁਝਾਰਤ, ਰੱਬ ਇੱਕ ਗੋਰਖਧੰਦਾ ਹੀ ਲੱਗਦਾ? ਜਾਂ ਫੇਰ…? – ਮੈਂ ਮਾਰਕਸਵਾਦ ਅਤੇ ਅਧਿਆਤਮਕਵਾਦ ਨੂੰ ਸਮੇਂ ਅਨੁਸਾਰ ਆਤਮਸਾਤ ਕੀਤਾ ਸੀ। ਪ੍ਰੰਤੂ ਰੱਬ ਦੀ ਹੋਂਦ ਬਾਰੇ ਉਹ ਮੇਰੇ ਵਿਚਾਰਾਂ ਵਿੱਚ ਲੰਮਾਂ ਸਮਾਂ ਬਣਿਆ ਰਿਹਾ। ਇੱਕ ਵਾਰ 1962-63 ਦੀ ਗੱਲ ਕਿ ਲਾਲਾ ਹਰਦਿਆਲ ਦੀ ਉਰਦੂ ਅਨੁਵਾਦ ਵਾਲ਼ੀ ਕਿਤਾਬ ‘ਮਜ਼ਹਬ ਔਰ ਇਨਸਾਨੀਅਤ’ ਪੜ੍ਹ ਰਿਹਾ ਸੀ ਤਾਂ ਜਦ ਆਖ਼ਰੀ ਚੈਪਟਰ ‘ਚੋਂ ਮਹਜ਼ਬੀ ਇਨਸਾਨ ਅਤੇ ਇਹ ਫਿਕਰਾ ਪੜ੍ਹਿਆ ‘ਖ਼ੁਦਾ ਕੇ ਬਗੈਰ ਬਾਆਸਾਨੀ ਗੁਜ਼ਾਰਾ ਹੋ ਸਕਤਾ ਹੈ’ ਤਾਂ ਮੇਰੇ ਮਨ ਰੱਬ ਦੇ ਸੰਕਲਪ ਦੀ ਰਹਿੰਦ-ਖੂੰਦ੍ਹ ਇਉਂ ਬਾਹਰ ਨਿਕਲ ਕੇ ਡਿੱਗੀ ਜਿਵੇਂ ਤੁਸੀਂ ਕਿਸੇ ਬੇਲੋੜੀਂਦੀ ਚੀਜ਼ ਨੂੰ ਪਰੇ ਸੁੱਟ ਦਿੰਦੇ ਹੋ। ਪ੍ਰੰਤੂ ਉਸ ਵੇਲੇ ਤੋਂ ਪਿੱਛੇ ਪੁਲਾਂ ਹੇਠੋਂ ਬਹੁਤ ਪਾਣੀ ਲੰਘ ਚੁੱਕਾ ਸੀ ਇਹੋ ਹੀ ਨਹੀਂ ਸਗੋਂ ਪਾਣੀ ਮੁੜ ਕਦੀ ਨਾ ਦੇਖ ਸਕਣ ਲਈ ਹਿੰਦ ਮਹਾਂ ਸਾਗਰ ਵਿੱਚ ਜਾਂ ਡਿੱਗਿਆ ਹੈ। ਇਸ ਵਿਸ਼ੇ ਉਪਰ ਮੇਰਾ ਅਧਿਐਨ ਖ਼ਤਮ ਨਹੀਂ ਹੋਇਆ ਹੁਣ ਵੀ ਮੈਂ ਕੋਈ ਚੰਗੀ ਪੁਸਤਕ ਮਿਲਣ ਤੇ ਪੜ੍ਹਦਾ ਜ਼ਰੂਰ ਰਹਿੰਦਾ ਹਾਂ। ਇਸ ਵਿਸ਼ੇ ਬਾਰੇ ਵਿਸ਼ਾਲਤਾ ਨਾਲ ਤਾਂ ਹੈ ਨਾਲ ਹੀ ਸੰਸਾਰ ਭਰਦੇ ਲੋਕਾਂ ਦੇ ਮਨ ਦੂਜਿਆਂ ਦੇ ਮਨ ਵਿੱਚ ਵੀ ਡੂੰਘੀ ਤਰ੍ਹਾਂ ਵਸਿਆ ਹੋਇਆ। ਤੁਹਾਡੇ ਵਿਚਾਰ ਜੋ ਵੀ ਹੋਣ ਪ੍ਰੰਤੂ ਤੁਹਾਨੂੰ ਦੂਜਿਆਂ ਦੀਆਂ ਭਾਵਨਾਵਾਂ ਦਾ ਧਿਆਨ ਰੱਖਦਿਆਂ ਕੁਝ ਅਜਿਹਾ ਕਹਿਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਜਿਸ ਨਾਲ ਕਿਸੇ ਨੂੰ ਕਿਸੇ ਤਰ੍ਹਾਂ ਦਾ ਦੁੱਖ ਹੋਵੇ। ਪੋ੍ਰ. ਮੋਹਣ ਸਿੰਘ ਦੀ ਕਵਿਤਾ ਨੂੰ ਜੇਕਰ ਧਿਆਨ ਨਾਲ ਪੜ੍ਹੀਏ ਵਿਚਾਰੀਏ ਤਾਂ ਇਹ ਠੀਕ ਹੈ। ਜੇਕਰ ਗੱਲ ਸਿਰਫ਼ ਵਿਸ਼ਵਾਸ਼ ਤੱਕ ਰਹੇ ਤਾਂ ਜੇਕਰ ਕਰਮਕਾਂਡ ਦੇ ਚੱਕਰਾਂ ਵਿੱਚ ਤਾਂ ਮਸਲਾ ਗੋਰਖਧੰਦਾ ਬਣਨ ਵਾਲੀ ਗੱਲ ਕਿਸੇ ਹੱਦ ਤੱਕ ਠੀਕ ਹੈ। ਇਸ ਦੇ ਉੱਤਰ ਵਿੱਚ ਲੋਕਾਂ ਨੇ ਬਹੁਤ ਕੁਝ ਲਿਖਿਆ ਹੈ। ਮੈਂ ਇੱਥੇ ਆਪਣੇ ਉਸਤਾਦ ਸੂਫ਼ੀ ਜੀ ਦਾ ਡਿਉੜ ਸਾਂਝਾ ਕਰਨਾ ਚਾਹਾਂਗਾ। ਨਾ ਰੱਬ ਗੁੰਝਲਦਾਰ ਬੁਝਾਰਤ, ਨਾ ਰੱਬ ਗੋਰਖ ਧੰਦਾ, ਸਾਜ ਵੰਜਦਾ। ਲਹਿੰਦੇ ਪੰਜਾਬ ਦੇ ਲੋਕਾਂ ਦੀ ਮੁਹਬਤ – ‘ਲਹਿੰਦੇ ਪੰਜਾਬ ਦੀ ਜ਼ਿਆਰਤ’ ਨਾਂ ਦਾ ਸਫ਼ਰਨਾਮਾ ਮੈਂ ਇਸ ਲਈ ਇਸ ਤਰ੍ਹਾਂ ਦਾ ਲਿਖ ਸਕਿਆ ਹਾਂ ਕਿ ਮੈਂ ਜੋ ਦੇਖਿਆ ਉਸ ਨੂੰ ਬਿਆਨ ਕਰਦਿਆਂ ਆਪਣੀ ਰਾਜਨੀਤਿਕ ਤੇ ਸਾਹਿਤਕ ਆਲੋਚਕ ਦੀ ਦ੍ਰਿਸ਼ਟੀ ਤੋਂ ਯਥਾਰਥ ਨੂੰ ਬਿਆਨ ਕਰਨ ਦੇ iਖ਼ਆਲ ਨਾਲ ਲਿਖਿਆ ਹੈ। ਇਸ ਵਿੱਚ ਕਈ ਥਾਈਂ ਭਾਰਤੀ ਪੰਜਾਬ ਦੇ ਸੂਬਿਆਂ ਨਾਲ ਤੁਲਣਾ ਕੀਤੀ ਗਈ ਹੈ। ਇਹ ਮੇਰਾ ਵਾਘੇ ਪਾਰ ਜਾਣ ਦਾ ਪਹਿਲਾ ਮੌਕਾ ਸੀ ਅਤੇ ਮੇਰਾ ਮਨ ਪੂਰੀ ਤਰ੍ਹਾਂ ਖੁੱਲ੍ਹਾ ਸੀ ਕਿ ਜੋ ਦੇਖਾਂ ਉਹ ਆਪਣੇ ਮਨ ਦੇ ਚਿਤਰ-ਪਟ ਤੇ ਉਤਾਰ ਲਵਾਂ। ਮੈਨੂੰ ਕਈ ਪਾਠਕਾਂ ਨੇ ਤੁਹਾਡੇ ਜਿਹੇ ਪ੍ਰਤੀ-ਕਰਮ ਦਿੱਤੇ ਹਨ। ਸਗੋਂ ਕਈਆਂ ਪਾਠਕਾਂ ਨੇ ਤਾਂ ਕਿਹਾ ਤੁਸੀਂ ਸਮਾਂ ਤੇ ਪੈਸਾ ਖ਼ਰਚ ਕਰਕੇ ਯਤਰਾ ਕੀਤੀ ਹੈ। ਅਸੀਂ ਤਾਂ ਸਫ਼ਰਨਾਮਾ ਪੜ੍ਹ ਕੇ ਹੀ ਯਾਤਰਾ ਕਰ ਲਈ। ਮੈਂ ਹੋਰ ਦੇਸ਼ਾਂ ਦੀ ਯਾਤਰਾ ਬਾਰੇ ਅਜਿਹਾ ਨਹੀਂ ਲਿਖ ਸਕਿਆ। ? ਚੜ੍ਹਦੇ ਪੰਜਾਬ ਦੇ ਪੰਜਾਬ ਦੇ ਲੋਕ ਸਿੱਖਾਂ ਦੇ ਧਾਰਮਿਕ ਅਸਥਾਨਾਂ ਦੇ ਦਰਸ਼ਣ ਕਰਕੇ ਹੀ ਮੁੜ ਆਉਦੇ ਹਨ। ਕੋਈ ਸੈਲਨੀ ਪਿੰਡਾਂ ਸਹਿਰਾਂ ਵਿੱਚ ਕੁਝ ਲੰਮਾਂ ਸਮਾਂ ਰਹਿ ਕੇ ਉੱਥੇ ਦੇ ਰਹਿਣ ਸਹਿਣ ਸਭਿਆਚਾਰ ਲੋਕਾਂ ਵਿੱਚ ਵਿਚਰ ਕੇ ਹੋਰ ਡੂੰਘਆਈ ਨਾਲ ਆਪਣੇ ਅਨੁਭਵ ਨੂੰ ਬਿਆਨ ਕਰਨ ਦੀ ਗੱਲ ਸੋਚ ਸਕਦਾ? ਕਿਉਂਕਿ ਲਹਿੰਦੇ ਪੰਜਾਬ ਵਿਚ ਬਾਹਰੋਂ ਜਾਣ ਵਾਲੇ ਬਹੁਤੇ ਲੋਕ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰਦੇ ਹਨ? ਇਹਦੇ ਬਾਰੇ ਕੀ ਕਹਿਣਾ ਚਾਹੋਗੇ? – ਢਾਅ ਜੀ, ਲਹਿੰਦੇ ਪੰਜਾਬ ਦੇ ਲੋਕ ਉੱਥੇ ਜਾ ਕੇ ਪਿੰਡਾਂ ਵਿੱਚ ਨਹੀਂ ਜਾ ਸਕਦੇ ਕਿਉਂਕਿ ਇਹ ਦੋਵਾਂ ਦੇਸ਼ਾਂ ਦੇ ਅਣਸੁਖਾਵੇ ਸੰਬੰਧਾਂ ਕਾਰਨ ਅਸੁਰੱਖਿਆ ਦੇ ਘੇਰੇ ਵਿੱਚ ਆ ਜਾਂਦਾ ਹੈ। ਮੈਂ ਭਾਵੇਂ ਵਾਰਸ ਸ਼ਾਹ ਦੇ ਪਿੰਡ ਸ਼ੇਰ-ਖਾਂ ਵੀ ਗਿਆ ਹਾਂ, ਕਸੂਰ ਵੀ ਗਿਆਂ ਪਰ ਉੱਥੇ ਕਿਸੇ ਵੀ ਤਰ੍ਹਾਂ ਦੀ ਅਸੁਰੱਖਿਆ ਦਾ iਖ਼ਆਲ ਤੱਕ ਵੀ ਮੇਰੇ ਮਨ ਵਿੱਚ ਨਹੀਂ ਆਇਆ ਸਗੋਂ ਬਹੁਤ ਸਾਰੇ ਲੋਕ ਖੁਸ਼ ਹੋ ਕੇ ਅਤੇ ਗਲੇ ਲੱਗ ਕੇ ਮਿਲ਼ੇ। ? ਇਸ ਵਿੱਚ ਤਾਂ ਕੋਈ ਸ਼ੱਕ ਨਹੀਂ ਕਿ ਲਹਿੰਦੇ ਪੰਜਾਬ ਦੇ ਲੋਕ ਇੱਧਰੋਂ ਗਿਆਂ ਲੋਕਾਂ ਨੂੰ ਮੁਹੱਬਤ ਬਹੁਤ ਕਰਦੇ ਹਨ, ਉਨ੍ਹਾਂ ਦੀ ਮਹਿਮਾਨ ਨਿਵਾਜੀ ਵੀ ਲਾਸਾਨੀ ਹੈ। ਇਹ ਦੱਸੋ ਕਿ ਪੰਜਾਬੀ ਮਾਂ ਬੋਲੀ ਦਾ ਲਹਿੰਦੇ ਪੰਜਾਬ ਵਿੱਚ ਭਵਿੱਖ ਕਿਹੋ ਜਿਹਾ ਲੱਗਦਾ? ਭਾਵੇਂ ਇਹ ਮੰਨਿਆਂ ਜਾਂਦਾ ਕਿ ਪੰਜਾਬੀ ਬੋਲੀ ਬੋਲਣ ਵਾਲੇ ਸਭ ਤੋਂ ਵੱਧ ਲੋਕ ਲਹਿੰਦੇ ਪੰਜਾਬ ਵਿੱਚ ਵਸਦੇ ਹਨ ਪਰ ਧਾਰਮਿਕ ਕਟੜਵਾਦ ਪੰਜਾਬੀ ਬੋਲੀ ਤੇ ਮਾਰੂ ਅਸਰ ਪਾ ਰਿਹਾ ਹੈ। ਤੁਹਾਡਾ ਅਨੁਭਵ ਕੀ ਕਹਿੰਦਾ ਹੈ? – ਲਹਿੰਦੇ ਪੰਜਾਬ ਵਿੱਚ ਪੰਜਾਬੀ ਮਾਂ ਬੋਲੀ ਦਾ ਭਵਿੱਖ ਮੇਰੀ ਸਮਝ ਵਿੱਚ ਹਰ ਤਰ੍ਹਾਂ ਸਥਿਰ ਹੈ ਕਿਉਂ ਕਿ ਲੋਕ ਆਪਸ ਵਿੱਚ ਪੰਜਾਬੀ ਵਿੱਚ ਗੱਲ ਕਰਦੇ ਹਨ। ਬੀ. ਏ. ਐੱਮ. ਏ. ਤੱਕ ਪੰਜਾਬੀ ਪੜ੍ਹਾਈ ਜਾਂਦੀ ਹੈ। ਭਾਵੇਂ ਉਹ ਗੁਰਮੁਖੀ ਵਿੱਚ ਨਹੀਂ, ਸਗੋਂ ਸ਼ਾਹਮੁਖੀ ਭਾਵੇਂ ਫ਼ਾਰਸੀ ਲਿਪੀ ਵਿੱਚ iਲ਼ਖਦੇ ਹਨ। ਸ਼ਾਹਮੁਖੀ ਵਿੱਚ ਪੰਜਾਬੀ ਦੇ ਅਖ਼ਬਾਰ ਵੀ ਹਨ। ਧਾਰਮਿਕ ਕੱਟੜਵਾਦ ਨੇ ਆਪਣਾ ਕੰਮ ਕਰਨਾ ਹੀ ਹੁੰਦਾ ਜਿਵੇਂ ਆਪਣੇ ਦੇਸ਼ ਵਿੱਚ ਦੇਖ ਸਕਦੇ ਹਾਂ। ਪ੍ਰੰਤੂ ਆਮ ਲੋਕ ਦਿਲੋਂ ਇਸ ਦੀ ਪ੍ਰਵਾਹ ਨਹੀਂ ਕਰਦੇ। ਇਨ੍ਹਾਂ ਦੀ ਸੰਕੀਰਨਤਾ ਕੁਝ ਲੋਕਾਂ ਨੂੰ ਤਾਂ ਪ੍ਰਭਾਵਿਤ ਕਰ ਸਕਦੀ ਹੈ ਫੇਰ ਵੀ ਸਾਹਿਤ ਨੂੰ ਭਾਵੇਂ ਇਹ ਥੋੜੀ ਜਾਂ ਬਹੁਤ ਮਿਕਦਾਰ ਵਿੱਚ ਛਪਦਾ ਹੈ, ਪ੍ਰਭਵਿਤ ਕਰ ਸਕਣਾ ਅਸੰਭਵ ਹੈ। ਵੈਸੇ ਵੀ ਉਹ ਲੋਕ ਆਪਣਾ ਕੰਮ-ਕਾਜ ਉਰਦੂ ਵਿੱਚ ਹੀ ਕਰਦੇ ਹਨ, ਉਹ ਲੋਕ ਪੰਜਾਬੀ ਨੂੰ ਗਵਾਰਾਂ ਦੀ ਬੋਲੀ ਮੰਨਦੇ ਹਨ। ਲੰਘੇ ਸੱਤਰ ਸਾਲ਼ਾਂ ਵਿੱਚ ਪਕਿਸਤਾਨੀ ਪੰਜਾਬ ਤੋਂ ਤੇ ਹੋਰਨੀ ਥਾਂਈ ਅਨੇਕਾਂ ਝਖ਼ੜ ਝੁੱਲੇ ਹਨ ਪਰ ਉਹ ਪੰਜਾਬੀ ਨੂੰ ਪ੍ਰਭਵਿਤ ਕਰਨ ਤੋਂ ਅਸਮਰੱਥ ਰਹੇ ਹਨ। ਜਿਵੇਂ ਮੈਂ ਪੰਜਾਬ ਦੇ ਵਿੱਚ ਕੁਝ ਲੋਕਾਂ ਦਾ ਜ਼ਿਕਰ ਕੀਤਾ ਹੈ, ਉਹ ਜਿਸ ਖਿਤੇ ਵਿੱਚ ਰਹਿੰਦੇ ਹਨ ਉੱਥੋਂ ਦੇ ਸਥਾਨਿਕ ਡਾਇਲੌਗ ਤੋਂ ਪ੍ਰਭਾਵਿਤ ਹੋਣੇ ਹੀ ਹਨ। ਕਿਸੇ ਭਾਸ਼ਾ ਵਿੱਚ ਤਬਦੀਲੀਆਂ ਦਾ ਸਿਲਸਿਲਾ ਬੇਹੱਦ ਧੀਮੇਂ ਸਹਿਜ ਵਿਕਾਸੀ ਢੰਗ ਨਾਲ ਹੁੰਦਾ ਹੈ। ਅੰਗਰੇਜ਼ ਪੰਜਾਬ ਵਿੱਚ ਸੌ ਕੁ ਸਾਲ ਰਹੇ ਅਤੇ ਅੰਗਰੇਜ਼ੀ ਦਾ ਬੋਲ ਬਾਲਾ ਜਾਰੀ ਹੈ। ਬੋਲਚਾਲ ਦੀ ਭਾਸ਼ਾ ਵਿੱਚ ਅੰਗਰੇਜ਼ੀ ਦੇ ਕੁਝ ਸ਼ਬਦ ਹੀ ਸਮਾਏ ਹਨ। ਉਹ ਵੀ ਜੋ ਸਨਅਤ, ਮਸ਼ੀਨਰੀ, ਦਫ਼ਤਰੀ ਕਿਸਮ ਨਾਲ ਸੰਬੰਧਤ ਹਨ। ਤੁਸੀਂ ਦੇਖੋ ਮਾਹਾਰਾਜਾ ਰਣਜੀਤ ਸਿੰਘ ਦੇ ਅਨਪੜ੍ਹ ਹੋਣ ਦੇ ਬਾਵਜੂਦ ਦਫ਼ਤਰੀ ਕੰਮ ਫ਼ਾਰਸੀ ਵਿੱਚ ਹੁੰਦਾ ਸੀ ਤੇ ਉਸ ਸਮੇਂ ਵੀ ਫ਼ਾਰਸੀ ਪੰਜਾਬੀ ਨੂੰ ਮਾਮੂਲੀ ਹੀ ਪ੍ਰਭਵਿਤ ਕਰ ਸਕੀ ਸੀ। ? ਅੱਖੀਂ ਡਿੱਠੇ ਲਹਿੰਦੇ ਪੰਜਾਬ ਵਿੱਚ ਅਤੇ ਚੜ੍ਹਦੇ ਪੰਜਾਬ ਵਿੱਚ ਸਭਿਆਚਾਰਕ ਪਾੜਾ ਇੱਕੋ ਜਿਹਾ ਲੱਗਦਾ ਜਾਂ ਕੁਝ ਫ਼ਰਕ ਮਹਿਸੂਸ ਕੀਤਾ? ਇਹ ਤਾਂ ਆਮ ਸੁਣ ਨੂੰ ਮਿਲਦਾ ਕਿ ਇਸਤ੍ਰੀ ਜਾਤੀ ਲਈ ਬਹਤ ਸਾਰੀਆਂ ਪਾਬੰਦੀਆਂ ਅੱਜ ਦੇ ਜ਼ਮਾਨੇ ਵਿੱਚ ਵੀ ਉਸੇ ਤਰ੍ਹਾਂ ਹਨ? ਇਹ ਵੀ ਸੁਣਨ ਵਿਚ ਆਇਆ ਕਿ ਉਹ ਕਾਰ ਤਾਂ ਚਲਾ ਸਕਦੀਆਂ ਹਨ ਪਰ ਸਕੂਰਟਰ ਅਤੇ ਸਾਇਕਲ ਨਹੀਂ…? – ਸਤਨਾਮ ਜੀ, ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਸਭਿਆਚਾਰ ਦਾ ਪਾੜਾ ਬੜਾ ਲੰਬਾ ਚੌੜਾ ਹੈ। ਉੱਥੇ ਸ਼ਹਿਰਾਂ ਦਾ ਜੀਵਨ ਪਿੰਡਾਂ ਦੇ ਜੀਵਨ ਨਾਲੋਂ ਬਹੁਤ ਅੱਗੇ ਲੰਘ ਗਿਆ ਨਜ਼ਰ ਆਉਦਾ ਹੈ। ਮੈਂ ਇਹ ਗੱਲ ਲਾਹੌਰ ਅਤੇ ਸ਼ੇਖੂਪੁਰਾ ਦੇ ਮੁਕਾਬਲੇ ਨਨਕਾਣਾ ਸਾਹਿਬ, ਕਸੂਰ ਅਤੇ ਰਾਏਵਿੰਡ ਨੂੰ ਦੇਖਣ ਤੋਂ ਅਨੁਭਵ ਕੀਤਾ ਹੈ। ਇਸਤਰੀਆਂ ਉੱਤੇ ਇਸਲਾਮੀ ਸ਼ਰਾਂ ਅਨੁਸਾਰ ਕਾਫ਼ੀ ਪਾਬੰਦੀਆਂ ਹਨ ਪਰ ਫੇਰ ਵੀ ਖਾਂਦੇ ਪੀਂਦੇ ਪਰਿਵਾਰਾਂ ਦੀਆਂ ਇਸਤਰੀਆਂ ਦਾ ਜੀਵਨ ਸਧਾਰਨ ਇਸਤਰੀਆਂ ਨਾਲੋਂ ਕੁਝ ਵਧੇਰੇ ਖੁਲ੍ਹਾਂ ਮਾਣਦੀਆਂ ਨਜ਼ਰ ਆਉਦੀਆਂ ਹਨ। ? ਤੁਸੀਂ ਆਪਣੇ ਸਫ਼ਰਨਾਮੇ ਵਿੱਚ ਇੱਕ ਥਾਂ ਲਿਖਿਆ ਕਿ ਅਨਾਰਕਲੀ ਬਜ਼ਾਰ ਵਿੱਚ ਕਿਤਾਬਾਂ ਦੀ ਦੁਕਾਨ ਤੇ ਕਿਤਾਬਾਂ ਖ਼ਰੀਦਣ ਵਾiਲ਼ਆਂ ਦੀ ਕਾਫ਼ੀ ਭੀੜ ਦੇਖੀ, ਇੰਨੀ ਭੀੜ ਚੜ੍ਹਦੇ ਪੰਜਾਬ ਵਿੱਚ ਕਦੇ ਨਹੀਂ ਦੇਖੀ। ਇਸ ਤੋਂ ਇਹ ਪ੍ਰਭਾਵ ਮਿਲ਼ਦਾ ਕਿ ਲਹਿੰਦੇ ਪੰਜਾਬ ਵਿੱਚ ਲੋਕ ਇਧਰਲੇ ਪੰਜਾਬ ਨਾਲ਼ੋ ਜ਼ਿਆਦਾ ਪੜ੍ਹਾਕੂ ਹੋਣਗੇ? – ਕਿਤਾਬਾਂ ਦੀ ਦੁਕਾਨ ਤੇ ਭੀੜ ਵਾਲ਼ੀ ਗੱਲ ਠੀਕ ਹੈ। ਪ੍ਰੰਤੂ ਆਪਣੇ ਵੱਲ ਵੀ ਲੋਕ ਕਿਤਾਬਾਂ ਖ਼ਰੀਦਦੇ ਨਜ਼ਰ ਆਉਦੇ ਰਹਿੰਦੇ ਹਨ। ਕੁਝ ਵਰ੍ਹੇ ਪਹਿਲਾਂ ਇਧਰ ਆਪਣੇ ਬਠਿੰਡੇ ਪੁਸਤਕ ਮੇਲਾ ਲੱਗਿਆ ਸੀ, ਉੱਥੇ ਪੁਸਤਕ ਦੇ ਸਟਾਲਾਂ ਵਾਲਿਆਂ ਨੇ ਕਿਸੇ ਨੇ ਵੱਧ ਤੇ ਕਿਸੇ ਘੱਟ, ਲੱਖਾਂ ਦੀ ਵਿਕਰੀ ਕੀਤੀ। ਕਈਆਂ ਨੇ ਤਾਂ ਦੋ ਤੋਂ ਪੰਜ ਲੱਖ ਤੱਕ ਵੀ ਵਿਕਰੀ ਕੀਤੀ। ਐਸੀ ਗੱਲ ਨਹੀਂ, ਆਪਣੇ ਵੀ ਪੜ੍ਹਨ ਵਾਲਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ। ਦਿੱਲੀ ਪ੍ਰਗਤੀ ਮੈਦਾਨ ਵਿੱਚ 20 ਫ਼ਰਵਰੀ ਵਿੱਚ ਲੱਗਣ ਵਾਲੇ ਮੇਲੇ ਵਿੱਚ, ਜਿੱਥੇ ਇੰਗਲੈਂਡ ਦੇ ਪੈਗੂਅਨ ਵਰਗੇ ਪਬਲਿਸ਼ਰ ਦੀਆਂ ਦੁਕਾਨਾਂ ਹਰ ਵਰ੍ਹੇ ਲੱਗਦੀਆਂ ਹਨ। ਜਿਵੇਂ ਜਿਵੇਂ ਪੜ੍ਹੇ ਲਿਖੇ ਲੋਕਾਂ ਦੀ ਗਿਣਤੀ ਵੱਧ ਰਹੀ ਹੈ, ਕਿਤਾਬਾਂ ਪੜ੍ਹਨ ਤੇ ਖ਼ਰੀਦਣ ਵਾiਲ਼ਆਂ ਦੀ ਗਿਣਤੀ ਵੀ ਵਧਣੀ ਸੁਭਾਵਿਕ ਹੈ। ? ਤੁਸੀਂ ਆਪਣੀ ਯਾਤਰਾ ਦੌਰਾਨ ਲਹਿੰਦੇ ਪੰਜਾਬ ਦੇ ਸਾਹਿਤਕਾਰਾਂ ਨੂੰ ਵੀ ਮਿਲੇ ਹੋਵਗੇ, ਕੋਈ ਯਾਦ ਸਾਂਝੀ ਕਰਨਾ ਚਾਹੋਗੇ? ਓਧਰ ਕਿਹੜੀ ਵਿਧਾ ਵਿੱਚ ਜ਼ਿਆਦਾ ਲਿਖਿਆ ਜਾ ਰਿਹਾ ਹੈ ਜਾਂ ਤੁਸੀਂ ਕਿਸੇ ਵਿਧਾ ਦੀ ਘਾਟ ਮਹਿਸੂਸ ਕੀਤੀ ਹੈ? – ਸਤਨਾਮ ਜੀ, ਮੈਂ ਉੱਥੇ ਕੇਵਲ ਸੱਤ ਕੁ ਹੀ ਦਿਨ ਰਿਹਾਂ। ਇਸ ਬਹੁਤ ਹੀ ਥੌੜੇ ਸਮੇਂ ਦੌਰਾਨ ਮੇਰੀ ਲਾਹੌਰ ਕਾਲਜ ਦੇ ਇੱਕ ਅਧਿਆਪਕ ਕਰਾਮਤ ਅਲੀ ਨਾਲ ਇੱਕ ਸੰਖ਼ੇਪ ਜਿਹੀ ਮਿਲਣੀ ਹੋਈ। ਦੂਜੇ ਦਿਨ ਮਿਲਣਾ ਸੀ ਪਰ ਉਸ ਦਾ ਐਕਸੀਡਿਂਟ ਹੋ ਗਿਆ ਉਹ ਹੌਸਪੀਟਲ ਸਨ। ਦੂਜੇ ਮੇਰੀ ਸਿਬਤੁਲ ਹਸਨ ਜੈਗ਼ਮ ਨਾਲ ਕਈ ਘੰਟੇ ਦੀ ਮੁਲਾਕਾਤ ਹੋਈ। ਇਹ ਮੁਲਾਕਾਤ ਬੜੀ ਲਾਹੇਬੰਦ ਸੀ। ਕਿਉਂਕਿ ਉਹ ਗੁਰਮੁਖੀ ਲਿਖਤ ਨੂੰ ਪੜ੍ਹ ਤੇ ਲਿਖ ਸਕਦੇ ਸਨ ਪਰ ਉਹ ਹੁਣ ਇਸ ਦੁਨੀਆ ਵਿੱਚ ਨਹੀਂ ਰਹੇ। ਤੁਸੀਂ ਜਾਣਦੇ ਹੋ ਸਾਹਿਤ ਬਾਰੇ ਜਾਣਕਾਰੀ ਲਈ ਕੁਝ ਜ਼ਿਆਦਾ ਸਮਾਂ ਲੋੜੀਂਦਾ ਹੈ ਫੇਰ ਹੀ ਪਤਾ ਲੱਗ ਸਕਦਾ ਕਿ ਕਿਹੋ ਜਿਹਾ ਲਿਖਿਆ ਜਾ ਰਿਹਾ ਹੈ। ? ਫੇਰ ਇਸ ਮਿਲਣੀ ਤੋਂ ਤੁਹਾਨੂੰ ਲਹਿੰਦੇ ਪੰਜਾਬ ਵਿੱਚ ਰਚਿਆ ਜਾ ਰਿਹਾ ਪੰਜਾਬੀ ਸਾਹਿਤ ਅਤੇ ਚੜ੍ਹਦੇ ਪੰਜਾਬ ਵਿੱਚ ਰਚੇ ਜਾ ਰਹੇ ਪੰਜਾਬੀ ਸਾਹਿਤ ਵਿੱਚ ਕਿਸੇ ਅੰਤਰ ਦੀ ਝਲਕ ਪਈ ਹੋਵੇ। ਤੁਹਾਨੂੰ ਲੱਗਦਾ ਕਿ ਲਹਿੰਦੇ ਪੰਜਾਬ ਦਾ ਲੇਖਕ ਚੜ੍ਹਦੇ ਪੰਜਾਬ ਦੇ ਲੇਖਕ ਵਾਂਗ ਆਪਣੀ ਗੱਲ ਕਹਿਣ ਲਈ ਆਜ਼ਾਦ ਹੈ ਜਾਂ ਕੋਈ ਪਾਬੰਦੀਆਂ…? – ਜਿਵੇਂ ਮੈਂ ਜ਼ਿਕਰ ਕੀਤਾ ਕਿ ਮੈਨੂੰ ਲਹਿੰਦੇ ਪੰਜਾਬ ਦੇ ਸਾਹਿਤ ਨੂੰ ਡੂੰਘੀ ਨਿਗ੍ਹਾ ਨਾਲ ਦੇਖਣ ਦਾ ਸੰਯੋਗ ਨਹੀਂ ਬਣਿਆ। ਹਾਂ, ਚਿਰਾਗ ਦੇ ਤ੍ਰੈਮਾਸਿਕ ਲਹਿੰਦੇ ਪੰਜਾਬ ਦੇ ਲੇਖਕਾਂ ਦੀਆਂ ਲਿਖਤਾਂ ਪੜ੍ਹਦਾ ਰਿਹਾ ਹਾਂ। ਪ੍ਰੰਤੂ ਜਿੰਨੀ ਦੇਰ ਤੱਕ ਤੁਸੀਂ ਕੋਈ ਪੁਸਤਕ ਨਹੀਂ ਪੜ੍ਹਦੇ ਉਹਦਾ ਸਿੱਟਾ ਕੱਢਣਾ ਅਸੰਭਵ ਹੁੰਦਾ ਹੈ। ਕੁਝ ਦੇਰ ਪਹਿਲਾਂ ਮੈਂ ਫ਼ਖ਼ਰ ਜਮਾਨ ਦਾ ਨਾਵਲ ‘ਬੰਦੀਵਾਲ’ ਪੜ੍ਹਿਆ ਸੀ। ਉਹ ਜ਼ੁਲਫ਼ਕਾਰ ਅਲੀ ਭੁੱਟੋ ਦੀ ਜ਼ਿੰਦਗੀ ਨਾਲ ਸੰਬੰਧਤ ਛੋਟਾ ਜਿਹਾ ਨਾਵਲ ਸੀ। ਉਹ ਅੰਲਕਾਰਕ ਰੂਪ ਵਿੱਚ ਲਿਖਿਆ ਹੋਇਆ ਸੀ। ਉਸ ਤੋਂ ਪਤਾ ਲੱਗਦਾ ਕਿ ਫ਼ੌਜੀ ਡਿਕਟੇਟਰਾਂ ਦੇ ਮਾਰਸ਼ਲ-ਲ਼ਾਅ ਦੇ ਸਮੇਂ ਇਸ ਤਰ੍ਹਾਂ ਵੀ ਲਿਖਿਆ ਜਾਣਾ ਮੁਸ਼ਕਲ ਸੀ। ਇਹ ਬਹਾਦਰੀ ਕਿਹਾ ਜਾ ਸਕਦਾ ਹੈ। ਪਾਕਿਸਤਾਨੀ ਪੰਜਾਬੀ ਸਾਹਿਤ ਇਧਰ ਪ੍ਰਪਤ ਹੋ ਸਕਣਾ ਮੁਸ਼ਕਲ ਹੈ। ਪਰ ਫੇਰ ਵੀ ਜਦੋਂ ਕਦੇ ਸਮਾਂ ਮਿਲਦਾ ਹੈ ਤਾਂ ਪੜ੍ਹੀਦਾ ਹੈ। ਦੋਹਾਂ ਪੰਜਾਬਾਂ ਦੇ ਪੰਜਾਬੀ ਸਾਹਿਤ ਦੇ ਵਿਸ਼ੇ-ਵਸਤੂ ਅਤੇ ਸ਼ੈਲੀ ਦਾ ਢੇਰ ਫ਼ਰਕ ਹੈ। ਉੱਥੇ ਵਿਸ਼ਾ-ਵਸਤੂ ਭਾਰੂ ਸਮੰਤੀ ਸਮਾਜ ਦੀ ਜ਼ਿੰਦਗੀ ਵਿੱਚੋਂ ਪੁਣ ਕੇ ਆਉਦਾ ਹੈ ਅਤੇ ਉਨ੍ਹਾਂ ਦੀ ਲਿਖਤ ਸ਼ੈਲੀ ਸਾਡੀ ਪੰਜਾਬੀ ਦੀ ਸ਼ੈਲੀ ਵਾਂਗ ਵਿਕਸਤ ਹੋਣ ਨੂੰ ਅਜੇ ਕਾਫ਼ੀ ਸਮਾਂ ਉਡੀਕ ਕਰਨੀ ਪਵੇਗੀ। ? ਤੁਹਾਡੇ ਲਿਖੇ ਸਫ਼ਰਨਾਮੇ ਉੱਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਇੱਕ ਵਿਦਿਆਰਥਣ ਨੇ ਐੱਮ ਫਿਲ ਵੀ ਕੀਤੀ ਹੈ। ਇਹਦੇ ਬਾਰੇ ਕੁਝ ਦੱਸੋ? ਇਹ ਖੋਜ ਕਾਰਜ ਕਦੋਂ ਤੇ ਕਿਵੇਂ ਹੋਇਆ? -ਹਾਂ ਜੀ, ਉਹ ਸਬੱਬ ਇਸ ਤਰ੍ਹਾਂ ਬਣਿਆ ਕਿ ਸਫ਼ਰਨਾਮੇ ਉਪਰ ਐੱਮ ਫਿਲ ਕਰਨ ਵਾਲ਼ੀ ਵਿਦਿਆਰਥਣ ਨੇ ਦੱਸਿਆ ਕਿ ਲੁਧਿਆਣੇ ਸਾਹਿਤਕ ਅਕੈਡਮੀ ਵਿੱਚ ਮੇਰੇ ਸਫ਼ਰਨਾਮੇ ਦੀ ਕਿਤਾਬ ਲੈ ਕੇ ਪੜ੍ਹੀ ਉਸ ਨੂੰ ਪੰਸਦ ਆਈ। ਉਸ ਨੇ ਆਪਣੇ ਗਾਈਡ ਪ੍ਰੋ. ਯੋਗਰਾਜ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਦੱਸਿਆ ਤੇ ਐੱਮ ਫਿਲ ਸ਼ੁਰੂ ਕੀਤੀ। ਫੇਰ ਇਸੇ ਤਰ੍ਹਾਂ ਇੱਕ ਹੋਰ ਵਿਦਿਆਰਥੀ ਨੇ ਵੀ ਮੇਰੇ ਨਾਵਲ ‘ਸਿੰਮਲ ਰੁੱਖ ਸਾਰਾਇਰਾ’ ਤੇ ਵੀ ਐੱਮ ਫਿਲ ਕੀਤੀ ਹੈ। ਮਾਰਕਸਵਾਦੀ ਵਿਚਾਰਾਧਾਰਾ ਅਤੇ ਟ੍ਰੇਡ ਯੂਨੀਅਨ – ਹਾਂ ਜੀ, ਮੇਰੇ ਬਾਪੂ ਜੀ ਪੁਰਾਣੇ ਕਾਂਗਰਸੀ ਵਿਚਾਰਾਂ ਦੇ ਕਾਂਗਰਸੀ ਸਨ। ਸਾਡੇ ਗੁਆਂਢ ਇੱਕ ਪਰਿਵਾਰ ਵਿੱਚ ਵਿਆਹੇ ਤੇ ਕੇਹਰ ਸਿੰਘ ਅੱਚਰਵਾਲ, ਜੋ ਦੇਸ਼ ਭਗਤ ਪਰਿਵਾਰ ਵਿੱਚੋਂ ਕਾਮਾਂਗਾਟਾ ਮਾਰੂ ਦੇ ਮੁਸਾਫਰ ਸਨ। ਉਹ 1946 ਦੀਆਂ ਚੋਣਾਂ ਵਿੱਚ ਅਕਾਲੀ ਉਮੀਦਵਾਰ ਨੂੰ ਹਰਾ ਕੇ ਐੱਮ. ਐੱਲ. ਏ. ਬਣੇ ਸਨ। ਉਹਨਾਂ ਦੇ ਕਾਰਨ ਸਾਡਾ ਲਗਭਗ ਸਾਰਾ ਪਿੰਡ, ਕੁਝ ਪਰਿਵਾਰਾਂ ਨੂੰ ਛੱਡ ਕੇ ਕਾਂਗਰਸ ਪਾਰਟੀ ਦਾ ਸਮਰਥਿਕ ਸੀ। ਵੈਸੇ ਵੀ ਉਸ ਸਮੇਂ ਧਾਰਮਿਕ ਵਿਚਾਰਾਂ ਦਾ ਰਾਜਨੀਤੀਕਰਨ ਨਹੀਂ ਸੀ ਹੋਇਆ। ਮੇਰੇ ਵਿਚਾਰ ਪਰਿਵਾਰਕ ਰਾਜਨੀਤਿਕ ਵਿਚਾਰਾਂ ਤੋਂ ਸਿਰਫ ਧਰਮ-ਨਿਪੱਖਤਾ ਦੀ ਹੱਦ ਤੱਕ ਹੀ ਸੀਮਤ ਸੀ। ਮੈਂ ਪਰਿਵਾਰਕ ਪ੍ਰਭਾਵ ਤੋਂ ਬਿਨਾਂ ਜਿਵੇਂ ਮੈਂ ਪਹਿਲਾ ਜ਼ਿਕਰ ਕੀਤਾ ਹੈ, ਸਾਥੀ ਅਧਿਆਪਕ ਗੁਰਨੇਕ ਸਿੰਘ ਦੇ ਪ੍ਰਭਾਵ ਅਤੇ ਮਾਰਕਵਾਦ ਦੇ ਨਿੱਜੀ ਤੌਰ ਤੇ ਕੀਤੇ ਅਧਿਅਨ ਕਾਰਨ ਹੀ ਬਣੇ, ਨਾ ਕਿ ਕਿਸੇ ਦੇ ਪਿੱਛੇ ਲੱਗ ਕੇ ਬਣੇ। ਪਰਿਵਾਰ ਵੱਲੋਂ ਕੋਈ ਵਿਰੋਧ ਨਹੀਂ ਹੋਇਆ। ਹਾਂ, ਮੇਰੇ ਕੈਨੇਡਾ ਨੂੰ ਤੁਰਨ ਸਮੇਂ ਮੇਰੇ ਪਿਤਾ ਜੀ ਨੇ ਇਹ ਜ਼ਰੂਰ ਕਿਹਾ ਸੀ ਕਿ ਪੂੰਜੀਵਾਦੀ ਸਰਕਾਰਾਂ ਕਮਿਊਨਿਸਟ ਵਿਚਾਰਾਂ ਦੇ ਵਿਰੁਧ ਹਨ, ਇਸ ਲਈ ਇਸ ਗੱਲ ਦਾ ਧਿਆਨ ਰੱਖੀ। ? ਤੁਸੀਂ ਪੰਜਾਬ ਵਿੱਚ ਟ੍ਰੇਡ ਯੂਨੀਅਨ ਵਿੱਚ ਅਧਿਆਪਕਾਂ ਦੇ ਹੱਕਾਂ ਲਈ ਵੀ ਆਗੂ ਰੋਲ ਨਿਭਾਉਦੇ ਰਹੇ ਹੋ, ਪਰ ਤੁਸੀਂ ਇਥੇ ਕੈਨੇਡਾ ਆ ਕੇ ਵੀ ਇਹੋ ਜਿਹੀ ਜੱਦੋ-ਜਹਿਦ ਜਾਰੀ ਰੱਖੀ। ਫੇਰ ਕੈਨੇਡਾ ਵਿੱਚ ਰਹਿੰਦਿਆਂ ਯੂਨੀਅਨ ਦੀਆਂ ਪ੍ਰਪਤੀਆਂ ਜਾਂ ਤਜਰਬਾ ਕਿਹੋ ਜਿਹਾ ਰਿਹਾ, ਕੋਈ ਅਨੁਭਵ ਜੋ ਸਾਂਝਾ ਕਰਨਾ ਚਾਹੋਗੇ? -ਟ੍ਰੇਡ ਯੂਨੀਅਨ ਵਿੱਚ ਮੁੱਢਲੇ ਸਮੇਂ ਬਾਰੇ ਤਾਂ ਦੱਸ ਹੀ ਦਿੱਤਾ ਹੈ ਪ੍ਰੰਤੂ ਇੱਥੇ ਕੈਨੇਡਾ ਵਿੱਚ ਮੈਂ ਕੰਮ ਕਰਨ ਸਮੇਂ ਇੱਕ ਫੈਕਟਰੀ ਵਿੱਚ ਯੂਨੀਅਨ ਸੰਗਠਨ ਕਰਨ ਦੇ ਕਾਰਨ ਫੈਕਟਰੀ ਮਾਲਕਾਂ ਦੇ ਤਿੱਖੇ ਵਿਰੋਧ ਦਾ ਭਾਗੀ ਬਣਿਆ। ਹੜਤਾਲ ਦੌਰਾਨ ਉਨ੍ਹਾਂ ਨੇ ਸਾਨੂੰ ਕੰਮ ਤੋਂ ਹਟਾ ਦਿੱਤਾ। ਕੁਝ ਦੇਰ ਪਿੱਛੋਂ ਬਰਨਬੀ, ਦੇ ਪੁਲੀਸ ਚੀਫ਼ ਵੱਲੋਂ ਮਾਲਕਾਂ ਨੂੰ ਤਾੜਨਾ ਕਰਨ ਉੱਪਰ ਉਹਨਾਂ ਨੇ ਮੰਗਾਂ ਮੰਨ ਲਈਆਂ। ਮੇਰੇ ਤੋਂ ਬਿਨਾ ਬਾਕੀ ਸਾਰਿਆਂ ਨੂੰ ਕੰਮ ਤੇ ਵਾਪਸ ਰੱਖ ਲਿਆ। ਫੇਰ ਬਹੁਤ ਲੰਬੇ ਪ੍ਰਸੀਜ਼ਰ ਤੋਂ ਪਿੱਛੋਂ ਭਾਵੇਂ ਮੈਨੂੰ ਵਾਪਸ ਲੈ ਲਿਆ ਪ੍ਰੰਤੂ ਉਨ੍ਹਾਂ ਮੈਨੂੰ ਬਹੁਤ ਔਖਾ ਕਰਨ ਲਈ, ਭਾਰਾ ਅਤੇ ਔਖਾ ਕੰਮ ਤੇਜ਼ੀ ਨਾਲ ਕਰਨ ਲਈ ਤੰਗ ਕੀਤਾ। ਮੇਰੀ ਉਮਰ ਉਸ ਸਮੇਂ ਬੱਤੀ ਤੇਤੀ ਸਾਲ ਦੀ ਸੀ, ਇਹ ਕੰਮ ਮੇਰੇ ਲਈ ਕੋਈ ਔਖਾ ਨਹੀਂ ਸੀ। ਫੇਰ ਮੈਨੂੰ ਸੀ. ਐੱਨ. ਰੇਲਵੇ ਵਿੱਚ ਕੰਮ ਮਿਲਣ ਤੇ ਮੈਂ ਇਹ ਕੰਮ ਛੱਡ ਦਿੱਤਾ। ਮੇਰੇ ਨਾਲ ਇਹੋ ਜਿਹਾ ਕਰੜਾ ਵਰਤਾ ਕਰਨ ਦਾ ਕਾਰਨ ਇਹੋ ਸੀ ਕਿ ਹੋਰ ਕੰਮ ਕਰਨ ਵਾਲੇ ਇੱਕ ਤੋਂ ਬਿਨਾਂ ਸਾਰੇ ਪੰਜਾਬੀ ਮੇਰੇ ਕਰਕੇ ਮੇਰੇ ਨਾਲ ਹੜਤਾਲ ਤੇ ਉਤਰੇ ਸੀ, ਜਿਸ ਨੇ ਹੜਤਾਲ ਨਹੀਂ ਸੀ ਕੀਤੀ, ਉਸ ਨੇ ਹੀ ਮਾਲਕਾਂ ਕੋਲ਼ ਚੁਗਲੀਆਂ ਕਰਕੇ ਮੈਨੂੰ ਮਾਲਕਾਂ ਦਾ ਨਿਸ਼ਾਨਾ ਬਣਾਇਆ। ਫੇਰ ਮੈਂ ਸੀ. ਐੱਨ. ਰੇਲਵੇ ਵਿੱਚ ਕੰਮ ਕਰਨ ਲੱਗਾ ਤਾਂ ਸੀ. ਐੱਨ. ਰੇਲਵੇ ਵਿੱਚ ਤਾਂ ਪਹਿਲਾਂ ਹੀ ਯੂਨੀਅਨ ਸੀ ਹੀ। ਇੱਥੇ 1987 ਦੀ ਇੱਕ ਹਫ਼ਤੇ ਦੀ ਇਤਿਹਾਸਕ ਹੜਤਾਲ਼ ਨੇ, ਕੈਨੇਡੀਅਨ ਸਰਕਾਰ ਨੂੰ ਪਾਰਲੀਮੈਂਟ ਦਾ ਵਿਸ਼ੇਸ਼ ਸਮਾਗਮ ਬੁਲਾ ਕੇ ਕਾਮਿਆਂ ਨੂੰ ਕੰਮ ਤੇ ਵਾਪਸ ਜਾਣ ਦਾ ਮਤਾ ਪਾਸ ਕਰਨ ਲਈ ਮਜਬੂਰ ਕਰ ਦਿੱਤਾ। ਇਸ ਦਾ ਉਲੰਘਣ ਕਰਨ ਵਾਲੇ ਯੂਨੀਅਨ ਦੇ ਅਹੁਦੇਦਾਰਾਂ ਨੂੰ ਦੋ ਸਾਲ ਦੀ ਸਜਾ ਅਤੇ ਇੱਕ ਹਜ਼ਾਰ ਰੋਜ਼ ਦਾ ਜੁਰਮਾਨਾ ਹੋਵੇਗਾ। ਇਸ ਉਪਰੰਤ ਹੜਤਾਲ ਖ਼ਤਮ ਕਰ ਦਿੱਤੀ। ਪ੍ਰੰਤੂ ਸਰਕਾਰ ਨੇ ਮੰਗਾਂ ਵੀ ਮੰਨ ਲਈਆਂ ਸਨ। ਇਸ ਸਮੇਂ ਮੈਂ ਵੈਨਕੋਵਰ ਦੇ ਖ਼ੇਤਰ ਦੇ ਟ੍ਰੈਕ ਮੁਲਾਜ਼ਮਾਂ ਦਾ ਵਾਇਸ ਪ੍ਰੈਜ਼ੀਡੈਟ ਸੀ। ਪ੍ਰੈਜੀਡੈਂਟ ਨੇ ਅਸਤੀਫ਼ਾ ਦੇ ਦਿੱਤਾ ਉਸ ਦੇ ਅਸਤੀਫ਼ੇ ਤੋਂ ਬਾਅਦ ਮੈਂ ਪੈ੍ਰਜੀਡੈਂਟ ਦੀ ਜ਼ਿੰਮੇਵਾਰੀ ਨਿਭਾਈ। ਇੱਕ ਮਿਆਨ ਦੋ ਤਲਵਾਰਾਂ -ਸੂਫ਼ੀ ਸਾਧੂ ਸਿੰਘ ਨੇ 1955-56 ਵਿੱਚ ਇੱਕ ਵੱਡ-ਆਕਾਰੀ ਪੁਸਤਕ ‘ਜੱਗ-ਜੀਵਨ’ ਲਿਖੀ ਸੀ, ਉਸ ਨੂੰ ਪੜ੍ਹਨ ਉਪਰੰਤ ਮੈਂ ਉਹਨਾਂ ਨਾਲ ਚਿੱਠੀ ਪੱਤਰ ਸ਼ੂਰੂ ਕਰ ਲਿਆ ਤੇ ਲਿਖਿਆ ਕਿ ਮੈਂ ਤੁਹਾਨੂੰ ਉਸਤਾਦ ਬਣਾਉਣਾ ਚਾਹੁੰਦਾ ਹਾਂ। ਇਹ ਮੈਂ ਕਵਿਤਾ ਲਿਖਣੀ ਸਿੱਖਣ ਦੇ ਵਿਚਾਰ ਨਾਲ ਲਿਖਿਆ ਸੀ। ਉਹਨਾਂ ਦਾ ਜਵਾਬ ਇੱਕ ਕਵਿਤਾ ਵਿੱਚ ਹੀ ਲਿਖੀ ਚਿੱਠੀ ਰਾਹੀਂ ਹੀ ਮਿਲਿਆ। ਉਹਨਾਂ ਇੱਕ ਸ਼ੇਅਰ ਲਿਖਿਆ ਸੀ ਜੋ ਮੈਂ ਆਪ ਨਾਲ ਵੀ ਸਾਂਝਾ ਕਰਨਾ ਚਾਹਾਂਗਾ: “ਮੈਂ ਅਭੀ ਤੱਕ ਸੀਖ਼ਤਾ ਹੂੰ, ਇਸ ਲੀਏ ਸ਼ਾਗਿਰਦ ਹੂੰ ਉਸ ਸਮੇਂ ਉਨ੍ਹਾਂ ਦੀ ਉਮਰ 65 ਸਾਲ ਦੀ ਸੀ। ਮੈਂ ਉਨ੍ਹਾਂ ਦੇ ਪਿੰਡ ਜਾ ਕੇ ਉਨ੍ਹਾਂ ਨੂੰ ਮਿiਲ਼ਆ ਇਹ ਮੇਲ਼ ਜੋਲ਼ ਅਜੇ ਤੱਕ ਉਨ੍ਹਾ ਦੇ ਪਿੱਛੋਂ ਉਨ੍ਹਾ ਦੇ ਪਰਿਵਾਰ ਨਾਲ, ਉਨ੍ਹਾਂ ਦੇ ਪੋਤਰੇ ਪੋਤਰੀਆਂ ਨਾਲ ਵੀ ਬਣਿਆ ਹੋਇਆ ਹੈ। ? ਤੁਸੀਂ ਸਾਧੂ ਸਿੰਘ ਸੂਫ਼ੀ ਨੂੰ ਆਪਣਾ ਉਸਤਾਦ ਵੀ ਧਾਰਿਆ ਤੇ ਉਨ੍ਹਾਂ ਦੇ ਲਿਖੇ ਅਧਿਅਤਮਿਕ ਸਾਹਿਤ ਨੂੰ ਪੜ੍ਹ ਕੇ ਪ੍ਰਭਾਵਿਤ ਵੀ ਹੋਏ। ਤੁਸੀਂ ਰੁਹਾਨੀ ਵਿੱਦਿਆ ਵੀ ਲਈ ਨਾਲ ਹੀ ਮਾਰਕਸਵਾਦ ਦਾ ਅਧਿਅਨ ਵੀ ਕੀਤਾ ਹੈ। ਇੱਕ ਮਿਆਨ ਵਿੱਚ ਇਹ ਦੋ ਤਲਵਾਰਾਂ ਕਿਵੇਂ? ਤੁਸੀਂ ਨਿੱਜੀ ਜਿੰਦਗੀ ਵਿੱਚ ਦੋਹਾਂ ਵਿਚਾਰਧਾਰਾਵਾਂ ਦਾ ਕਿਸ ਤਰ੍ਹਾਂ ਦਾ ਅਸਰ ਮਹਿਸੂਸ ਕਰਦੇ ਹੋ? – ਸਤਨਾਮ ਜੀ, ਇਹ ਠੀਕ ਹੈ ਕਿ ਮੈਂ ਰੁਹਾਨੀਅਤ ਗਿਆਨ ਪ੍ਰਾਪਤ ਕਰਨ ਪਿੱਛੋਂ ਮਾਰਕਸਵਾਦ ਦਾ ਅਧਿਅਨ ਕੀਤਾ। ਮਾਰਕਸਵਾਦ ਮੈਨੂੰ ਅਧਿਆਤਮਿਕਤਾ ਨੂੰ, ਇਸ ਦੇ ਇਤਿਹਾਸਕ ਪਿਛੋਕੜ ਨੂੰ ਸਮਝਣ ਵਿੱਚ ਸਹਾਈ ਹੋਇਆ। ਇਸ ਦੇ ਸਮੇਂ ਵਿੱਚ ਜਿੱਥੇ ਹਾਕਮ ਜਮਾਤਾਂ, ਧਰਮ ਅਤੇ ਸਾਮੰਤਵਾਦ ਵਿਰੁਧ ਲੋਕਾਂ ਦਾ ਵਿਦਰੋਹ ਫੈਲਦਾ ਜਾਂ ਖੁੰਢ੍ਹਾ ਕੀਤਾ ਜਾ ਸਕਿਆ ਉੱਥੇ ਲੋਕਾਂ ਨੂੰ ਦੁੱਖਾਂ ਕਾਰਨ ਖ਼ੁਦਕਸ਼ੀਆਂ ਕਰਨ ਤੋਂ ਵੀ ਰੋਕਿਆ। ਇਸ ਵਿੱਚੋਂ ‘ਮਾਨਸ ਜਨਮ ਦਰੁਲੰਭ’ ਹੈ ਅਤੇ ਪੁਨਰ ਜਨਮ ਦਾ ਭਰੋਸਾ ਅਤੇ ਮੁਕਤੀ ਵਰਗੇ ਸੰਕਲਪ ਵੀ ਪੈਦਾ ਹੋਏ। ਇਹ ਪਰਸਪਰ ਵਿਰੋਧੀ ਵਿਚਾਰਾਂ ਦੀ ਤਲਵਾਰ ਸੱਚ ਮੁੱਚ ਹੀ ਇੱਕ ਮਿਆਨ ਵਿੱਚ ਸਮਾਂ ਨਹੀਂ ਸਕਦੀਆਂ। ਹੁਣ ਮੈਂ ਮਾਰਕਸਵਾਦ ਦੀ ਵਿਗਿਆਨਕ ਦ੍ਰਿਸ਼ਟੀ ਦਾ ਧਾਰਨੀ ਹਾਂ। ਅਧਿਆਤਮਕਵਾਦ ਦੀ ਸਮਝ ਕੋਈ ਅਜਿਹੀ ਚੀਜ਼ ਨਹੀਂ ਜੋ ਕਿਸੇ ਜ਼ੁਲਾਬ ਲੈਣ ਨਾਲ ਸਮਝ ਵਿੱਚੋਂ ਨਿਕਲ ਜਾਵੇ। ਇਸ ਨਾਲ ਮੈਨੂੰ ਸਮਾਜਿਕ ਪ੍ਰਬੰਧ ਧਾਰਮਿਕ ਲੋਕ, ਸਾਧਾਂ ਸੰਤਾਂ ਦੀ ਝੂਠੀ ਅਤੇ ਗ਼ਲਤ ਵਿਆਖਿਆ ਨੂੰ ਸਮਝਣਾ ਸਹਿਜ ਹੋ ਸਕਿਆ। ਅਸਲ ਵਿੱਚ ਮੁੱਖ ਗੱਲ ਲੋਕ-ਮੁੱਖੀ ਹੋਣ ਤੇ ਪਖੰਡੀਆਂ ਨੂੰ ਸਮਝਣਾ ਸਹਿਜ ਹੋ ਗਿਆ। ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਦੋ ਤਲਵਾਰਾਂ ਇੱਕ ਮਿਆਨ ਵਿੱਚ ਨਹੀਂ ਸਮਾਉਂਦੀਆਂ। ਪਰ ਮੈਨੂੰ ਧਾਰਮਿਕਤਾ ਦੀ ਤਲਵਾਰ ਦੀ ਲੋੜ ਹੀ ਨਹੀਂ ਰਹੀ। ਮੈਂ ਸਮਝਦਾ ਹਾਂ ਕਿ ਜੇਕਰ ਮਾਰਕਸਵਾਦ ਦੋਧਾਰਾ ਖੰਡਾ ਹੈ ਤਾਂ ਫੇਰ ਕਿਸੇ ਹੋਰ ਤਲਵਾਰ ਦੀ ਲੋੜ ਨਹੀਂ। ? ਇਹ ਵੀ ਦੱਸੋ ਕਿ ਅੱਜ ਤੁਹਾਡੀ ਵਿਚਾਰਧਾਰਾ ਕੀ ਹੈ? ਨਾਲ ਹੀ ਇਹ ਵੀ ਦੱਸੋ ਕਿ ਤੁਹਾਡਾ ਸਾਹਿਤਕ ਰਚਨਾ ਦਾ ਮਨੋਰਥ ਕੀ ਹੈ? ਕੋਈ ਸਾਹਿਤਕ, ਸਮਾਜਿਕ ਜਾਂ ਰਾਜਸੀ ਇਨਕਲਾਬ…? – ਢਾਅ ਜੀ, ਮੇਰੀ ਵਿਚਾਰਧਾਰਾ ਬਾਹਰਮੁਖੀ ਯਥਾਰਥਵਾਦ ਹੈ ਕਿ ਸਮਾਜ ਵਿਚਦੇ ਵਰਤਾਰੇ ਨੂੰ ਸਮਝ ਕੇ ਲੋਕ-ਪੱਖੀ ਦ੍ਰਿਸ਼ਟੀ ਤੋਂ ਉਸ ਦੀ ਆਲੋਚਨਾ ਕਰਨੀ ਅਤੇ ਲੋਕਾਂ ਦੇ ਹਿੱਤਾਂ ਵਿੱਚ ਆਵਾਜ਼ ਉਠਾਕੇ ਉਨ੍ਹਾਂ ਨੂੰ ਹੱਕਾਂ ਲਈ ਜੱਦੋ-ਜਹਿਦ ਕਰਨ ਲਈ ਪ੍ਰੇਰਤ ਕਰਨਾ ਅਤੇ ਉਨ੍ਹਾਂ ਦਾ ਸਾਥ ਦੇਣਾ ਹੈ। ਗਿਲੇ ਸ਼ਿਕਵੇ ਅਤੇ ਪਰਵਾਸੀ ਲੇਖਕ – ਸਤਨਾਮ ਜੀ, ਤੁਸੀਂ ਪਿਛਲੇ ਸਮੇਂ ਵਿੱਚ ਮਨਾਈਆਂ ਸ਼ਤਾਬਦੀਆਂ ਦੀ ਗੱਲ ਤੋਰੀ ਹੈ। ਖ਼ਾਸ ਕਰਕੇ ਸੁਤੰੰਤਰਤਾ ਸਗਰਾਮ ਦੀਆਂ ਸ਼ਤਬਦੀਆਂ ਦੀ। ਮੇਰੇ iਖ਼ਆਲ ਨਾਲ ਅਸਲ ਵਿੱਚ ਇਨ੍ਹਾਂ ਨੂੰ ਆਪੋ ਆਪਣੇ ਪੱਧਰ ਉੱਪਰ ਮਨਾਉਣ ਵਾਲੀਆਂ ਸੰਸਥਾਵਾਂ ਦੀ ਮੌਕਾ-ਪ੍ਰਸਤੀ ਹੀ ਕਹਿ ਸਕਦੇ ਹਾਂ। ਕਿਉਂਕਿ ਬਹੁਤ ਵਾਰ ਉਨ੍ਹਾਂ ਦੇਸ਼ ਭਗਤਾਂ ਦਾ ਨਾਂ ਆਪਣੇ ਆਪ ਨੂੰ ਅਗੇ ਲਿਆਣ ਲਈ ਦੇ ਮੰਤਵ ਨਾਲ ਕੀਤਾ ਹੁੰਦਾ ਹੈ। ਸ਼ਤਾਬਦੀਆਂ ਮਨਾਉਣ ਦਾ ਮੰਤਵ ਤਾਂ ਉਨ੍ਹਾਂ ਦੇ ਲੋਕਾਂ ਪ੍ਰਤੀ ਉਦੇਸ਼ਾਂ ਨੂੰ ਪ੍ਰਾਪਤ ਕਰਨਾ ਹੁੰਦਾ ਹੈ ਜੋ ਕਿ ਅੱਖੋਂ ਉਹਲੇ ਕੀਤਾ ਗਿਆ ਹੈ। ? ਸੂਫ਼ੀ ਜੀ, ਇੱਕ ਹੋਰ ਆਮ ਗੱਲ ਜਿਹੜੀ ਆਮ ਸੁਣਨ ਨੂੰ ਮਿਲਦੀ ਹੈ ਕਿ ਅਸੀਂ ਪੰਜਾਬੀ ਲੋਕ ਚੰਗੇ ਪੜ੍ਹਾਕੂ ਨਹੀਂ ਹਾਂ, ਇਸ ਕਰਕੇ ਕਿਤਾਬਾਂ ਵਿਕਦੀਆਂ ਨਹੀਂ। ਕੁਝ ਲੋਕਾਂ ਦਾ ਵਿਚਾਰ ਹੈ ਕਿ ਮਿਆਰੀ ਲਿਖਿਆ ਹੀ ਨਹੀਂ ਜਾ ਰਿਹਾ ਇਸ ਕਰਕੇ ਕਿਤਾਬਾਂ ਨਹੀਂ ਵਿਕ ਰਹੀਆਂ। ਤੁਸੀਂ ਇਨ੍ਹਾਂ ਗੱਲਾਂ ਨਾਲ, ਕਿੰਨਾ ਕੁ ਸਹਿਮਤ ਹੋ? – ਸਤਨਾਮ ਜੀ, ਮਿਆਰੀ ਲਿਖਣ ਦੀ ਗੱਲ ਇਓਂ ਹੈ ਕਿ ਹੁਣ ਮਿਆਰੀ ਵੀ ਕਾਫ਼ੀ ਲਿਖਿਆ ਜਾਂ ਰਿਹਾ ਹੈ ਤੇ ਛਪ ਵੀ ਰਿਹਾ ਹੈ। ਤੁਹਾਨੂੰ ਪਤਾ ਨਵੇਂ ਲੇਖਕਾਂ ਦਾ ਮਿਆਰ ਸਥਾਪਤ ਲੇਖਕਾਂ ਨਾਲੋਂ ਥੋੜਾ ਬਹੁਤ ਫ਼ਰਕ ਹੋਣਾ ਕੁਦਰਤੀ ਹੈ। ਦੂਜੀ ਗੱਲ ਨੋਟ ਕਰਨ ਵਾਲ਼ੀ ਇਹ ਹੈ ਕਿ ਘੱਟ ਮਿਆਰੀ ਪੁਸਤਕਾਂ ਛਪਣ ਲਈ ਲੁਟੇਰੇ ਕਿਸਮ ਦੇ ਪਬਲਿਸ਼ਰਾਂ ਦੀ ਲਾਲਸਾਂ ਦਾ ਵੀ ਕਾਰਨ ਹੈ ਜੋ ਪੈਸੇ ਲੈ ਕੇ ਕੱਚੀਆਂ ਪਿਲੀਆਂ ਰਚਨਾਵਾਂ ਛਾਪ ਦਿੰਦੇ ਹਨ। ਮਿਆਰ ਦਾ iਖ਼ਆਲ ਹੀ ਨਹੀਂ ਕਰਦੇ ਸਗੋਂ ਇਸ ਨੂੰ ਆਪਣਾ ਬਿਜ਼ਨਿਸ ਸਮਝਦੇ ਹਨ। ? ਤੁਸੀਂ ਆਪ ਇੱਕ ਲੇਖਕ ਹੋ, ਇੱਕ ਲੇਖਕ ਨੂੰ ਪਹਿਲਾਂ ਕਿਤਾਬ ਲਿਖਣ ਲਈ ਮਿਹਨਤ ਕਰਨੀ ਪੈਂਦੀ ਹੈ ਫੇਰ ਪਾਠਕਾਂ ਤੱਕ ਪਹੁੰਚਾਉਣ ਲਈ ਪੈਸੇ ਦੇ ਛਪਾਉਣੀ ਪੈਂਦੀ ਹੈ। ਪੰਜਾਬੀ ਸਾਹਿਤ ਦੀ ਇਹ ਏਨੀ ਬੇ-ਕਦਰੀ ਕਿਉਂ? ਜਦੋਂ ਕਿ ਬਾਕੀ ਭਾਸ਼ਾਵਾਂ ਦੇ ਲੇਖਕਾਂ ਨੂੰ ਰੁਇਲਟੀ ਮਿਲਦੀ ਹੈ। ਇਹਦੇ ਬਾਰੇ ਤੁਹਾਡਾ ਕੀ iਖ਼ਆਲ ਹੈ? – ਹਰ ਨਵੇਂ ਲੇਖਕ ਦਾ ਮਨ ਛਪਣ ਲਈ ਉਤਾਵਲਾ ਹੋਣਾ ਕੁਦਰਤੀ ਹੈ। ਪ੍ਰੰਤੂ ਲਾਲਚੀ ਤੇ ਲੁਟੇਰੇ ਕਿਸਮ ਦੇ ਪਬਲਿਸ਼ਰ ਉਸ ਨੂੰ ਸਹੀ ਸਲਾਹ ਦੇਣ ਦੀ ਵਜਾਏ ਉਸ ਦੀ ਵਧੇਰੇ ਛਿੱਲ ਲਾਹੁਣ ਦੀ ਕਾਹਲ਼ੀ ਕਰਦੇ ਹਨ। ਬਾਕੀ ਭਾਸ਼ਾਵਾਂ ਦੇ ਲੇਖਕਾਂ ਨੂੰ ਰੁਇਲਟੀ ਕਿੰਨੀ ਕੁ ਮਿਲਦੀ ਹੈ ਜਾਂ ਉਹਨਾਂ ਦਾ ਵੀ ਇਹੋ ਹਾਲ ਹੈ ਕਹਿ ਨਹੀਂ ਸਕਦੇ। ਹਾਂ, ਸਥਾਪਤ ਲੇਖਕਾਂ ਨੂੰ ਪਬਲਿਸ਼ਰ ਕੁਝ ਨਾ ਕੁਝ ਜ਼ਰੂਰ ਦਿੰਦੇ ਹਨ, ਕਿੰਨਾ ਕੁ ਦਿੰਦੇ ਹਨ ਇਸ ਬਾਰੇ ਮੈਨੂੰ ਗਿਆਨ ਨਹੀਂ। ਹਾਂ, ਮੈਨੂੰ ਤਾਂ ਅਜੇ ਤੱਕ ਕੋਈ ਰੁਇਲਟੀ ਨਹੀਂ ਮਿਲ਼ੀ। ਮਨ ਵਿੱਚ ਇਹੋ ਹੀ ਰਹਿੰਦਾ ਹੈ ਕਿ ਕਿਤਾਬ ਛਪ ਜਾਵੇ ਤੇ ਵਿਚਾਰ ਲੋਕਾਂ ਤੱਕ ਪਹੁੰਚ ਜਾਣ। ਸ਼ਾਇਦ ਇਸੇ ਲਈ ਲੇਖਕਾਂ ਨੂੰ ਆਪ ਕੋਈ ਛਪਣ ਦਾ ਉੱਦਮ ਕਰਨਾ ਚਾਹੀਦਾ ਹੈ। ? ਪਹਿਲਾਂ ਪਹਿਲ ਆਮ ਕਰਕੇ ਪੰਜਾਬ ਤੋਂ ਬਾਹਰਲੇ ਸਾਹਿਤ ਪ੍ਰਤੀ, ਪੰਜਾਬ ਵਿਚਲੇ ਸਾਹਿਤਕਾਰ ਬਹੁਤੀ ਗੰਭੀਰਤਾ ਨਾਲ ਨਹੀਂ ਸੀ ਲੈਂਦੇ ਪਰ ਹੁਣ ਲੱਗਦਾ ਕਿ ਪਰਵਾਸੀ ਸਾਹਿਤ ਬਾਰੇ ਵੀ ਪੰਜਾਬ ਵਿਚਲੀਆਂ ਯੂਨੀਵਰਸਿਟੀਆਂ ਤੇ ਵਿਦਿਆਰਥੀ ਗੰਭੀਰਤਾ ਨਾਲ ਦਿਲਸਪੀ ਲੈ ਰਹੇ ਹਨ। ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ? – ਸਤਨਾਮ ਜੀ, ਇਹ ਚੰਗੀ ਗੱਲ ਹੈ ਕਿ ਹੁਣ ਪੰਜਾਬ ਵਿਚਲੀਆਂ ਯੂਨੀਵਰਸਿਟੀਆਂ ਵਿਦੇਸ਼ਾਂ ਵਿੱਚ ਦੇ ਲੇਖਕਾਂ ਵੱਲ ਧਿਆਨ ਦੇਣ ਲੱਗੀਆਂ ਹਨ। ਸ਼ਾਇਦ ਇਸ ਦਾ ਕਾਰਨ ਹੈ ਕਿ ਵਿਦੇਸ਼ੀ ਲੇਖਕਾਂ ਦੀਆਂ ਲਿਖਤਾਂ ਦੇ ਵਿਸ਼ਾ-ਵਸਤੂ ਪੰਜਾਬੀ ਸਾਹਿਤ ਵਿੱਚ ਗੁਣਾਤਮਿਕ ਤੌਰ ਤੇ ਨਿਵੇਕਲੇ-ਪਨ ਕਾਰਨ ਅਣਡਿੱਠ ਨਹੀਂ ਕੀਤਾ ਜਾ ਸਕਦਾ। ਇਹ ਚੰਗੀ ਗੱਲ ਹੀ ਹੈ ਕਿਉਂਕਿ ਵਿਦੇਸ਼ਾਂ ਵਿੱਚ ਲਿਖਿਆ ਜਾ ਰਿਹਾ ਸਾਹਿਤ ਵੀ ਪੰਜਾਬੀ ਸਾਹਿਤ ਦਾ ਅੰਗ ਹੀ ਤਾਂ ਹੈ। ? ਅਮਰਜੀਤ ਜੀ, ਹਰ ਇਨਸਾਨ ਦੀ ਜ਼ਿੰਦਗੀ ਵਿੱਚ ਦੋਸਤੀਆਂ ਅਤੇ ਦੁਸ਼ਮਣੀਆਂ ਖ਼ਾਸ ਮਹੱਤਵ ਰੱਖਦੀਆਂ ਹਨ। ਤੁਸੀਂ ਕਿਸੇ ਦੁਸ਼ਮਣੀ ਤੇ ਦੋਸਤੀ ਦਾ ਕੋਈ ਅਨੁਭਵ ਸਾਂਝਾ ਕਰਨਾ ਚਾਹੋਗੇ? -ਬਿਲਕੁਲ ਜੀ, ਮੇਰੇ ਆਪੋ ਆਪਣੇ ਥਾਂ ਤੇ ਦੋਸਤ ਹਨ। ਜੋ ਜ਼ਿੰਦਗੀ ਵਿੱਚ ਵੱਖ ਵੱਖ ਪ੍ਰਭਾਵਾਂ ਹੇਠ ਬਣੇ। ਪ੍ਰੰਤੂ ਦੋਸਤੀ ਤਾਂ ਬਹੁਤ ਨੇੜੇ ਦੇ ਬੰਦਿਆਂ ਦੀ ਹੀ ਸਹਾਇਕ ਹੁੰਦੀ ਹੈ। ਦੂਰ ਗਿਆਂ ਦੀ ਦੋਸਤੀ ਤਾਂ ਬਣੀ ਰਹਿੰਦੀ ਹੈ। ਪੰ੍ਰਤੂ ਤੁਸੀਂ ਆਪਣੇ ਦੋਸਤ ਦੇ ਅਤੇ ਦੋਸਤ ਤੁਹਾਡੇ ਦੁੱਖ ਸੁੱਖ ਵਿੱਚ ਸ਼ਾਮਲ ਨਹੀਂ ਹੋ ਸਕਦਾ। ਦੋਸਤੀ ਦਾ ਅਨੁਭਵ ਇੱਥੇ ਬਿਆਨ ਕਰਨਾ ਮੈਨੂੰ ਅਸੰਭਵ ਲੱਗਦਾ ਹੈ। ਵੇਸੇ ਮੈਂ ਆਪਣੇ ਸਭ ਤੋਂ ਸੁਹਿਰਦ ਤੇ ਵਿਚਾਰਾਂ ਦੇ ਸਾਂਝੀਦਾਰ ਦੋਸਤ ਗੁਰਨੇਕ ਸਿੰਘ ਦਾ ਜ਼ਿਕਰ ਕੀਤਾ ਇਥੇ ਭਗਤ ਤੁਲਸੀ ਦਾਸ ਦਾ ਇੱਕ ਦੋਹਿਰਾ ਯਾਦ ਆ ਰਿਹਾ ਹੈ: ਆਸ਼ਾ, ਇਸ਼ਟ, ਉਪਾਸ਼ਨਾ, ਖਾਣ, ਦਾਨ ਮਧਪਾਨ। ਜਿੱਥੇ ਤੱਕ ਦੁਸ਼ਮਣੀ ਦੀ ਗੱਲ ਹੈ ਤਾਂ ਮੈਂ ਕਹਾਂਗਾ ਕਿ ਮੇਰਾ ਕੋਈ ਨਿੱਜੀ ਦੁਸ਼ਮਣ ਨਹੀਂ ਹੈ। ਵਿਚਾਰਾਂ ਦੇ ਵੱਖਰੇਵੇ ਨਾਲ ਵਿਚਾਰਾਂ ਦਾ ਵਿਰੋਧ ਤਾਂ ਅਸਲ ਵਿੱਚ ਕਿਸੇ ਵਸਤ ਜਾਂ ਥਾਂ ਦੇ ਝਗੜੇ ਤੋਂ ਹੁੰਦਾ। ਜਮਹੂਰੀਅਤ ਦੇ ਸਮੇਂ ਵਿੱਚ ਵਿਰੋਧ ਵਿਚਾਰ ਧਾਰਮਿਕ ਤੇ ਰਾਜਨੀਤਿਕ ਹੀ ਹੁੰਦੇ ਹਨ, ਜੋ ਹੋਣੇ ਵੀ ਚਾਹੀਦੇ ਹਨ ਤੇ ਹੁੰਦੇ ਵੀ ਹਨ। ਪਰਵਾਸ ਵਿੱਚ ਪੰਜਾਬੀ ਸਭਿਆਚਾਰ ( ਬੋਲੀ, ਰਸਮ-ਰਿਵਾਜ) – ਹਾਂ ਜੀ, ਬੀ.ਸੀ. ਵਿੱਚ ਪੰਜਾਬੀ ਸਿੱਖਣ ਦੀ ਸਹੂਲਤ ਹੈ। ਕੁਝ ਸਕੂਲਾਂ ਵਿੱਚ ਪੰਜਾਬੀ ਪੜ੍ਹਾਈ ਵੀ ਜਾਂਦੀ ਹੈ ਪਰ ਦੁਖਾਂਤ ਇਹ ਕਿ ਬਹੁਤ ਸਾਰੇ ਮਾਪੇ ਇਸ ਪਾਸੇ ਧਿਆਨ ਨਹੀਂ ਦੇ ਰਹੇ। ਪਰ ਸਕੂਲਾਂ ਯੂਨੀਵਰਸਿਟੀਆਂ ਵਿੱਚ ਇਸ ਦੇ ਕ੍ਰੈਡਿਟ ਮਿਲਦੇ ਹਨ। ਮੇਰੇ ਸੁਣਨ ਵਿੱਚ ਆਇਆ ਕਿ ਹੋਰ ਸੂਬਿਆਂ ਤੇ ਸ਼ਹਿਰਾਂ ਵਿੱਚ ਵੀ ਇਸ ਪਾਸੇ ਕੰਮ ਹੋ ਰਿਹਾ ਹੈ। ਮੇਰੇ ਵਿਚਾਰ ਨਾਲ ਸਾਡੇ ਲੋਕਾਂ ਨੂੰ ਆਪਣੇ ਸਭਿਆਚਾਰ ਬਾਰੇ ਸਮਝ ਨਹੀਂ ਜਦੋਂ ਕਿ ਕਿਸੇ ਵੀ ਸਭਿਆਚਾਰ ਦਾ ਅਧਾਰ ਭਾਸ਼ਾ ਹੀ ਹੁੰਦਾ ਹੈ। ਸਭਿਆਚਾਰ ਪਹਿਰਾਵਾ, ਖਾਣ ਪੀਣ, ਰਸਮਾਂ, ਗੀਤ-ਸੰਗੀਤ ਆਦਿ ਸਭਿਆਚਾਰ ਦਾ ਅੰਗ ਹਨ ਪ੍ਰੰਤੂ ਬੋਲੀ ਹੀ ਇਸ ਦਾ ਅਧਾਰ ਹੁੰਦੀ ਹੈ। ਹਾਂ, ਜੇਕਰ ਰੁਜ਼ਗਾਰ ਲਈ ਬੋਲੀ ਦੀ ਲੋੜ ਹੈ, ਤਾਂ ਨਵੀਂ ਪੀੜ੍ਹੀ ਅਤੇ ਮਾਪੇ ਵੀ ਜਿਵੇਂ ਦੂਜੀਆਂ ਭਾਸ਼ਾ ਲਈ ਉਤਸ਼ਾਹਿਤ ਕਰਦੇ ਹਨ ਪੰਜਾਬੀ ਲਈ ਵੀ ਕਰਨਗੇ। ਹੁਣ ਕੈਨੇਡਾ ਦੇ ਬਹੁਤ ਸਾਰੇ ਅਦਾਰਿਆਂ ਵਿੱਚ ਪੰਜਾਬੀ ਜਾਨਣ ਵਾiਲ਼ਆਂ ਦੀ ਲੋੜ ਬਣ ਰਹੀ ਹੈ। ਮੈਨੂੰ ਉਮੀਦ ਹੈ ਕਿ ਪੰਜਾਬੀ ਮਾਪੇ ਆਪਣੇ ਬੱਚਿਆਂ ਨੂੰ ਜ਼ਰੂਰ ਉਤਸ਼ਾਹਿਤ ਕਰਨਗੇ। ? ਭਾਸ਼ਾ ਮਹਿਰਾਂ ਦਾ ਕਹਿਣਾ ਹੈ ਕਿ ਆਪਣੀ ਮਾਤ ਭਾਸ਼ਾ ਦੀ ਮੁਹਾਰਤ ਦੀ ਮਜਬੂਤ ਨੀਂਹ ਹੀ ਦੂਜੀ ਭਾਸ਼ਾ ਸਿੱਖਣ ਵਿੱਚ ਵਧੇਰੇ ਸਹਾਇਕ ਹੁੰਦੀ ਹੈ। ਪਰ ਆਪਣੇ ਪੰਜਾਬ ਵਿੱਚ ਮਾਪੇ ਵੀ ਅਤੇ ਸਰਕਾਰਾਂ ਵੀ ਇੰਗਲਿਸ਼ ਨੂੰ ਤਰਜ਼ੀਹ ਦੇ ਰਹੀਆਂ ਹਨ। ਕੀ ਇੰਗਲਿਸ਼ ਤੋਂ ਬਿਨਾਂ ਸਮੇਂ ਦੇ ਹਾਣੀ ਬਣਨਾ ਮੁਸ਼ਕਲ ਲਗਦੈ? ਤੁਹਾਡਾ ਇਹਦੇ ਬਾਰੇ ਕੀ ਵਿਚਾਰ ਹੈ? – ਸਤਨਾਮ ਜੀ, ਇਹ ਕਹਿਣਾ ਬਿਲਕੁਲ ਦਰੁਸਤ ਹੈ ਕਿ ਮਾਤ ਭਾਸ਼ਾ ਹੀ ਹਰ ਗਿਆਨ ਪ੍ਰਪਤੀ ਲਈ ਅਧਾਰ ਬਣਦੀ ਹੈ। ਇੱਥੇ ਮਰਦਮ-ਸ਼ੁਮਾਰੀ ਦੇ ਫਾਰਮ ਵਿੱਚ ਮਾਤ ਭਾਸ਼ਾ ਦਾ ਕਾਲਮ ਵੀ ਹੁੰਦਾ ਹੈ। ਇੱਕ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰ ਲਵਾਂ ਕਿ 1991 ਦੀ ਮਰਦਮਸ਼ੁਮਾਰੀ ਸਮੇਂ ਮੇਰੇ ਲੜਕੇ ਨੇ ਕਿਹਾ ਕਿ ਮੇਰੀ ਮਾਤ ਭਾਸ਼ਾ ਤਾਂ ਅੰਗਰੇਜ਼ੀ ਹੈ ਕਿਉਂਕਿ ਮੈਂ ਸੋਚਦਾ ਵੀ ਇੰਗਲਿਸ਼ ਵਿੱਚ ਸੁਪਨੇ ਆਉਦੇ ਹਨ। ਮੈਂ ਚੁੱਪ ਹੋ ਗਿਆ। ਫੇਰ ਪਤਾ ਲੱਗਾ ਕਿ ਮਾਤ ਭਾਸ਼ਾ ਦਾ ਅਰਥ ਉਸ ਭਾਸ਼ਾ ਤੋਂ ਹੈ, ਜੋ ਤੁਸੀਂ ਬਚਪਨ ਵਿੱਚ ਆਪਣੀ ਮਾਂ ਤੋਂ ਸਿੱਖਦੇ ਹੋ, ਜੋ ਭਾਸ਼ਾ ਤੁਹਾਡੀ ਮਾਂ ਬੋਲਦੀ ਹੈ ਉਹ ਤੁਹਾਡੀ ਮਾਤ ਭਾਸ਼ਾ ਹੈ। ਬੱਚਾ ਵੱਡਾ ਹੋ ਕੇ ਭਾਵਂੇ ਇਸ ਨੂੰ ਭੁੱਲ ਜਾਵੇ। ਇਸ ਤਰ੍ਹਾਂ ਮੈਂ ਇੱਕ ਪਰਿਵਾਰ ਬਾਰੇ ਦੱਸਦਾ ਕਿ ਉਸ ਪਰਿਵਾਰ ਦੇ ਦੋ ਲੜਕੇ 20 ਸਾਲ ਦੀ ਉਮਰ ਦੇ ਹੋ ਕੇ ਪੰਜਾਬ ਗਏ ਪਰ ਉਹ ਘਰ ਤੇ ਸਕੂਲ ਵਿੱਚ ਅੰਗਰੇਜ਼ੀ ਬੋਲਦੇ ਹਨ। ਪੰਜਾਬ ਮਹੀਨਾ ਭਰ ਰਹਿਣ ਨਾਲ ਉਹ ਫੇਰ ਪੰਜਾਬੀ ਬੋਲਣ ਲੱਗ ਪਏ ਭਾਵੇਂ ਉਨ੍ਹਾਂ ਦਾ ਸ਼ਬਦ-ਭੰਡਾਰ ਸੀਮਤ ਹੀ ਸੀ। ਪੰਜਾਬੀ ਦਾ ਭਵਿੱਖ ਲਗਾਤਾਰ ਪੰਜਾਬ ਤੋਂ ਪੰਜਾਬੀ ਪਰਿਵਾਰਾਂ ਦੇ ਆਉਣ ਨਾਲ ਅਤੇ ਇੱਥੇ ਇਕੱਠੇ ਮਹੱਲਿਆਂ ਵਾਂਗ ਰਹਿਣਾ ਪੰਜਾਬੀ ਸਥਿਰਤਾ ਭਾਵੇਂ ਕੱਚੇ ਪੈਰੀਂ ਹੀ ਕਹਿ ਲਈਏ ਪਰ ਸਹਾਈ ਹੋ ਰਹੀ ਹੈ। ਫੇਰ ਪੰਜਾਬੀ ਦੁਕਾਨਾਂ ਦੇ ਬਜ਼ਾਰ, ਗੁਰਦੁਆਰੇ ਮੰਦਰ ਆਦਿ ਵੀ ਪੰਜਾਬੀ ਬੋਲੀ ਦੀ ਵਰਤੋਂ ਵਿੱਚ ਹਿੱਸਾ ਪਾ ਰਹੇ ਹਨ। ਪਕਿਸਤਾਨ ਦੇ ਪੰਜਾਬੀ ਵੀ ਮਸਜ਼ਿਦ ਵਿੱਚ ਪੰਜਾਬੀ ਬੋਲਦੇ ਹਨ, ਭਾਵੇਂ ਮਸਜ਼ਿਦ ਵਿੱਚ ਅਰਬ ਦੇਸ਼ਾਂ ਦੇ ਲੋਕ ਵੀ ਜਾਂਦੇ ਹਨ। ਉਹ ਆਪਸ ਵਿੱਚ ਅਰਬੀ ਬੋਲਦੇ ਹਨ। ਦੇਰ-ਸਵੇਰ ਭਾਵੇਂ ਤੀਜੀ, ਚੌਥੀ ਪੀੜ੍ਹੀ ਨੇ ਮੇਨ-ਸਟਰੀਮ ਵਿੱਚ ਹੀ ਸਮਾ ਜਾਣਾ ਹੈ। ਹੁਣ ਤੁਸੀਂ ਆਪਣੇ ਤੋਂ ਪਹਿਲਾਂ ਆਏ ਲੋਕਾਂ ਦੀ ਤੀਜੀ ਪੀੜ੍ਹੀ ਦੇਖੋਂ ਤਾਂ ਉਹ ਪੰਜਾਬੀ ਥੋੜੀ ਬਹੁਤ ਸਮਝ ਤਾਂ ਸਕਦੇ ਹਨ ਪਰ ਬੋਲ ਨਹੀਂ ਸਕਦੇ। ਕਿਉਂਕਿ ਬੋਲੀ ਤਾਂ ਵਰਤਣ ਨਾਲ, ਬੋਲਣ ਨਾਲ ਹੀ ਬਣੀ ਰਹਿੰਦੀ ਹੈ। ਬਾਕੀ ਗੱਲ ਹੈ ਕਿ ਪੰਜਾਬ ਵਿੱਚ ਮਾਪੇ ਅੰਗਰੇਜ਼ੀ ਨੂੰ ਇਸ ਵਿਚਾਰ ਨਾਲ ਬੱਚਿਆਂ ਨੂੰ ਪੜ੍ਹਾਉਦੇ ਹਨ ਕਿ ਉਨ੍ਹਾਂ ਦੇ ਬੱਚੇ ਵਿਦੇਸ਼ ਜਾ ਕੇ ਸਫ਼ਲ ਹੋ ਸਕਣਗੇ। ਭਾਸ਼ਾ ਦੇ ਮਸਲੇ ਨੂੰ ਹਰ ਵਿਅਕਤੀ ਨਹੀਂ ਸਮਝ ਸਕਦਾ। ਸੋ ਲੋਕ ਦੇਖਾਂ ਦੇਖੀ ਵੀ ਬਹੁਤ ਕੁਝ ਕਰੀ ਜਾਂਦੇ ਹਨ। ਇਸ ਸੰਬੰਧੀ ਸੇਧ ਵੀ ਕੋਈ ਨਹੀਂ ਦਿੱਤੀ ਜਾ ਸਕਦੀ ਕਿਉਂਕਿ ਇਹ ਗੱਲ ਵਿਅਕਤੀ ਤੋਂ ਵਿਅਕਤੀ ਤੇ ਲਾਗੂ ਹੁੰਦੀ ਹੈ। ਦੂਜੀ ਗੱਲ ਹੈ ਕਿ ਅੰਗਰੇਜ਼ੀ ਇੱਕ ਕੌਮਾਂਤਰੀ ਭਾਸ਼ਾ ਬਣ ਚੁੱਕੀ ਹੈ। ਇਹ ਸਾਮਰਾਜ ਦੀ ਵਿਕਸਤ ਹੋ ਚੁੱਕੀ ਭਾਸ਼ਾ ਹੈ, ਜਿਸ ਨੇ ਏਸ਼ੀਆ ਅਫ਼ਰੀਕਾ ਅਤੇ ਉੱਤਰੀ ਅਮਰੀਕਾ ਨੂੰ ਪੂਰੀ ਤਰ੍ਹਾਂ ਘੇਰ ਰੱਖਿਆ ਹੈ। ਉਨੀਵੀਂ ਸਦੀ ਵਿੱਚ ਬਰਤਾਨੀਆਂ ਤੋਂ ਬਿਨਾ, ਸਪੇਨ, ਫ਼ਰਾਂਸ ਵੀ ਬਸਤੀਵਾਦੀ ਸਨ। ਕਈ ਥਾਹੀਂ ਇਟਾਲੀਅਨ ਤੇ ਪੁਰਤਗੇਜ਼ੀ ਵੀ ਸਨ। ਉਨ੍ਹਾਂ ਦੀਆਂ ਬਸਤੀਆਂ ਵਿੱਚ ਹੁਣ ਵੀ ਅੰਗਰੇਜ਼ੀ ਦੀ ਤਰ੍ਹਾਂ ਉਨ੍ਹਾਂ ਦੀਆਂ ਹੀ ਸਰਕਾਰੀ ਭਾਸ਼ਾਵਾਂ ਹਨ। ਦੱਖਣੀ ਅਮਰੀਕਾ ਵਿੱਚ ਸਪੈਨਿਸ਼ ਅਤੇ ਇਟਾਲੀਅਨ ਕਈ ਥਾਵੀਂ ਪੁਰਤਗੀ ਵੀ ਹੈ। ਅਫ਼ਰੀਕਾ ਵਿੱਚ ਪੌਜਮਵੀਕ, ਅੰਗੋਲਾ ਆਦਿ ਵਿੱਚ ਵੀ ਅਤੇ ਭਾਰਤ ਦੇ ਗੋਆ ਦਮਨ-ਦੇਓ ਵਿੱਚ ਵੀ ਪੁਰਤਗੇਜ਼ੀ ਭਾਸ਼ਾ ਭਾਰੂ ਹੈ। ? ਤੁਸੀਂ ਖੁਦ ਅਧਿਆਪਨ ਕਿੱਤੇ ਨਾਲ ਜੁੜੇ ਰਹੇ ਹੋ। ਅੱਜ ਇਹ ਮਹਿਸੂਸ ਕੀਤਾ ਜਾਂਦਾ ਕਿ ਵਿਦਿਆਰਥੀ ਉਸ ਗਿਆਨ ਤੋਂ ਵਿਹੂਣੇ ਹਨ, ਜੋ ਉਨ੍ਹਾਂ ਨੂੰ ਮੁੱਢਲੀ ਸਿੱਖਿਆ ਸਮੇਂ ਦੇਣਾ ਚਾਹੀਦਾ ਹੈ। ਪੰਜਾਬੀ ਐੱਮ. ਏ. ਤੱਕ ਦੇ ਵਿਦਿਆਰਥੀ ਪੰਜਾਬੀ ਸ਼ਬਦਾਂ ਨੂੰ ਗ਼ਲਤ ਲਿਖਦੇ ਅਤੇ ਗ਼ਲਤ ਉਚਾਰਨ ਕਰ ਰਹੇ ਹਨ, ਇਹਦੇ ਵਿੱਚ ਕਸੂਰਵਾਰ ਕਿਸ ਨੁੰ ਮੰਨਦੇ ਹੋ ਅਤੇ ਇਹ ਸਮੱਸਿਆ ਕਿਵੇਂ ਹੱਲ ਹੋ ਸਕਦੀ ਹੈ? – ਤੁਸੀਂ ਵਿਦਿਆਰਥੀਆਂ ਦੇ ਗ਼ਲਤ ਸ਼ਬਦ ਜੋੜਾਂ ਦਾ ਮਸਲਾ ਉਠਇਆ ਹੈ, ਇਸ ਬਾਰੇ ਗੱਲ ਇਹ ਹੈ ਕਿ ਇਹ ਗੱਲ ਉੱਥੇ ਠੀਕ ਢੁੱਕਦੀ ਹੈ ਜਿੱਥੇ ਬੱਚਿਆਂ ਨੂੰ ਮੁੱਢਲੀਆਂ ਪ੍ਰਾਇਮਰੀ ਦੀ ਜਮਾਤਾਂ ਵਿੱਚ ਲਗਾਂ ਮਾਤ੍ਰਾਂ ਦੀ ਪੂਰੀ ਸਮਝ ਨਾ ਦਿੱਤੀ ਗਈ ਹੋਵੇ। ਜੇ ਮੁੱਢ ਹੀ ਗ਼ਲਤ ਹੋਵੇਗਾ ਤਾਂ ਫੇਰ ਅੱਗੇ ਇਹੋ ਕੁਝ ਹੀ ਹੋਵੇਗਾ। ਇੱਥੇ ਇਨ੍ਹਾਂ ਬੱਚਿਆਂ ਨੂੰ ਪੜ੍ਹਾਉਣ ਵਾਲੇ ਅਧਿਆਪਕਾਂ ਦਾ ਕਸੂਰ ਤਾਂ ਹੈ ਹੀ, ਨਾਲ ਮੇਰੀ ਸਮਝ ਵਿੱਚ ਇਹ ਪ੍ਰਬੰਧਕੀ ਢਾਂਚੇ ਦਾ ਵੀ ਪੂਰਾ ਕਸੂਰ ਹੈ। ਬੱਚਿਆਂ ਦੇ ਤਿਮਾਹੀ ਇਮਿਤਿਹਾਨ ਅਤੇ ਅਧਿਆਪਕਾਂ ਵੱਲੋਂ ਲਿਖਤੀ ਰੂਪ ਰਿਕਾਰਡ ਨਾ ਬਣਾਉਣਾ, ਪ੍ਰਬੰਧਕਾਂ ਅਤੇ ਮੁੱਖ ਅਧਿਆਪਕਾਂ ਵੱਲੋਂ ਪੜਤਾਲ਼ ਨਾ ਕਰਨਾ ਅਧਿਆਪਕ ਅਤੇ ਪ੍ਰਬੰਧਕਾਂ ਨੂੰ ਗੈਰ ਜ਼ਿੰਮੇਵਾਰ ਬਣਾਉਦਾ ਹੈ। ਜੇਕਰ ਇਹ ਸਾਰੀਆਂ ਧਿਰਾਂ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਮਝਣ ਤੇ ਇਮਾਨਦਾਰੀ ਨਾਲ ਨਿਭਾਉਣ ਤਾਂ ਇਹ ਸਮੱਸਿਆ ਹੱਲ ਹੋ ਸਕਦੀ ਹੈ। ? ਸੂਫ਼ੀ ਜੀ, ਤੁਹਾਡੇ iਖ਼ਆਲ ਨਾਲ ਪੰਜਾਬੀ ਭਾਸ਼ਾ ਲਈ ਅੱਜ ਦੇ ਸਮੇਂ ਵਿੱਚ ਕਿਹੜੀਆਂ ਕਿਹੜੀਆਂ ਚਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ? ਬਹੁਤ ਸਾਰੇ ਲੋਕਾਂ ਦਾ ਵਿਚਾਰ ਹੈ ਕਿ ਪੰਜਾਬੀ ਬੋਲੀ ਸ਼ਾਇਦ ਪੰਜਾਬ ਤੋਂ ਬਾਹਰ ਤਾਂ ਕੁਝ ਸਮਾਂ ਜਿਉਂਦੀ ਰਹੇਗੀ ਪਰ ਪੰਜਾਬ ਵਿਚੋਂ ਇਸ ਦੀਆਂ ਜੜ੍ਹਾਂ ਖੋਖਲੀਆਂ ਹੋ ਰਹੀਆਂ ਹਨ। ਤੁਹਾਡਾ ਕੀ iਖ਼ਆਲ ਹੈ? – ਸਤਨਾਮ ਜੀ, ਪੰਜਾਬੀ ਭਾਸ਼ਾ ਨੂੰ ਕਈ ਅਹਿਮ ਚਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਹਿਲਾਂ ਪੰਜਾਬ ਵਿਚਲੀਆਂ ਪੰਜਾਬ ਸਰਕਾਰਾਂ, ਖ਼ਾਸ ਕਰਕੇ ਜਿੰਨ੍ਹਾ ਪਾਰਟੀਆਂ ਨੇ ਪੰਜਾਬੀ ਸੂਬੇ ਲਈ ਮੋਰਚੇ ਲਾਏ, ਉਨ੍ਹਾਂ ਨੇ ਹੀ ਪੰਜਾਬੀ ਨਾਲ ਬਹੁਤ ਗ਼ਦਾਰੀ ਕੀਤੀ ਹੈ। ਇਹ ਅਕਾਲੀ ਸਰਕਾਰ ਹੀ ਸੀ, ਜਿਸ ਨੇ ਅੰਗਰੇਜ਼ੀ ਨੂੰ ਪਹਿਲੀ ਜਮਾਤ ਤੋਂ ਪੜ੍ਹਾਉਣ ਨਿਰਣਾਇਕ ਕੰਮ ਕੀਤਾ। ਸ਼ਾਇਦ ਇਸ ਗੱਲ ਦਾ ਬਹੁਤੇ ਲੋਕਾਂ ਨੂੰ ਗਿਆਨ ਨਾ ਹੋਵੇ ਕਿ ਬਾਦਲ ਸਰਕਾਰ ਨੇ ਮਰਹੂਮ ਮੁੱਖ ਮੰਤਰੀ ਲਛਮਣ ਸਿੰਘ ਗਿੱਲ ਵੱਲੋਂ ਪੰਜਾਬੀ ਨੂੰ ਰਾਜ ਭਾਸ਼ਾ ਬਣਾਉਣ ਦੇ ਇਤਿਹਾਸਕ ਫ਼ੈਸਲੇ ਨੂੰ ਮਿੱਟੀ ਵਿੱਚ ਮਿਲਾਉਣ ਲਈ ਅੰਗਰੇਜ਼ੀ ਪਹਿਲੀ ਜਮਾਤ ਤੋਂ ਪੜ੍ਹਾਉਣ ਦਾ ਆਰੰਭ ਲਛਮਣ ਸਿੰਘ ਗਿੱਲ ਦੇ ਪਿੰਡ ਚੂਹੜਚੱਕ ਤੋਂ ਹੀ ਕੀਤਾ। ਸੋ ਇਸ ਨੂੰ ਬੜੀ ਕਮੀਨੀ ਕਿਸਮ ਦੀ ਰਾਜਨੀਤੀ ਕਿਹਾ ਜਾ ਸਕਦਾ ਹੈ। ਹੋਰ ਅਫ਼ਸੋਸ ਵਾਲੀ ਗੱਲ ਇਹ ਕਿ ਬਾਦਲ ਸਰਕਾਰ ਦੇ ਫ਼ੈਸਲੇ ਦਾ ਸਮਰਥਨ ਕਰਨ ਵਾਲਿਆਂ ਵਿੱਚ ਕੁਝ ਪੰਜਾਬੀ ਦੇ ਨਾਮਵਰ ਲੇਖਕਾਂ ਦੇ ਨਾਂ ਵੀ ਸਨ। ਪੰਜਾਬੀ ਭਾਸ਼ਾ ਦੇ ਵਿਕਾਸ ਦੇ ਇਤਿਹਾਸ ਵਿੱਚ ਕਾਲੇ ਅੱਖਰਾਂ ਵਿੱਚ ਲਿਖਿਆ ਜਾਣਾ ਚਾਹੀਦਾ ਹੈ। ਤੁਸੀਂ ਜਾਣਦੇ ਹੋ ਕਿ ਅਸੀਂ ਜਾਂ ਕੋਈ ਹੋਰ ਇਤਿਹਾਸਕ ਤੱਥਾਂ ਦੀ ਬਦਲੀ ਨਹੀਂ ਕਰ ਸਕਦਾ ਇਹ ਤਾਂ ਸਭ ਦੇ ਸਾਹਮਣੇ ਹੈ। ? ਤੁਸੀਂ ਬਹੁਤ ਲੰਬੇ ਸਮੇਂ ਤੋਂ ਕੈਨੇਡਾ ਵਿੱਚ ਰਹਿ ਰਹੇ ਹੋ ਤੇ ਵੱਖ ਵੱਖ ਸਾਹਿਤ ਸਭਾਵਾਂ ਵਿੱਚ ਵਿਚਰਦੇ ਰਹੇ ਹੋਵੋਗੇ। ਪੰਜਾਬੀ ਸਾਹਿਤ ਦੇ ਵਿਕਾਸ ਵਿੱਚ ਸਾਹਿਤ ਸਭਾਵਾਂ ਦੇ ਰੋਲ ਨੂੰ ਕਿਵੇਂ ਦੇਖਦੇ ਹੋ? – ਮੈਂ 1972 ਵਿੱਚ ਬਣੀ ਤੇ ਸਥਾਪਤ ਹੋਈ ਹੋਈ ਪੰਜਾਬੀ ਲੇਖਕ ਸਭਾ ਵੈਨਕੁਵਰ ਦੇ ਮੋਢੀ ਮੈਂਬਰਾਂ ਵਿੱਚ ਹੋਣ ਕਾਰਨ ਸਭਾ ਦੇ ਲੰਘੇ ਸਮੇਂ ਵਿੱਚ ਕਈ ਉਤਰਾਵਾਂ ਚੜ੍ਹਾਵਾਂ ਨੂੰ ਦੇਖਿਆ ਹੈ। ਠੀਕ ਸੁਤੰਤਰ ਪਹੁੰਚ ਕਾਰਨ ਕਿਸੇ ਮੂੰਹ-ਮੁਲਾਹਜ਼ੇ ਤੋਂ ਬਿਨਾ ਆਪਣੇ ਵਿਚਾਰ ਸਭਾ ਦੇ ਕਈ ਸੰਕਟਾਂ ਬਾਰੇ ਦੇਣ ਕਾਰਨ ਵਿਰੋਧ ਨੂੰ ਵੀ ਸਹੇੜਿਆ। ਪ੍ਰੰਤੂ ਮੈਂ ਆਪਣੇ ਵੱਲੋਂ ਕਿਸੇ ਗੁੱਟਬੰਦੀ ਵਿੱਚ ਸ਼ਾਮਲ ਨਹੀਂ ਹੋਇਆ। ਨਾਲੇ ਸਤਨਾਮ ਜੀ, ਤੁਸੀਂ ਜਾਣਦੇ ਹੋ ਕਿ ਸਾਹਿਤਕ ਸਭਾਵਾਵਾਂ ਵਿੱਚ ਕੇਵਲ ਕਵਿਤਾ, ਕਹਾਣੀ ਜਾਂ ਕੋਈ ਹੋਰ ਲਿਖਤਾਂ ਪੜ੍ਹਨਾ ਹੀ ਨਹੀਂ ਹੁੰਦਾ। ਹਰ ਲਿਖਤ ਦੀ ਇਮਾਨਦਾਰੀ ਨਾਲ ਪਰਖ-ਪੜਚੋਲ ਵੀ ਕਰਨੀ ਚਾਹੀਦੀ ਹੈ। ਇਹ ਉਸ ਲੇਖਕ ਤੋਂ ਬਿਨਾ ਹੋਰਨਾਂ ਮੈਂਬਰਾਂ ਲਈ ਵੀ ਸਹਾਈ ਹੁੰਦਾ। ਰਚਨਾਂ ਪੜ੍ਹ ਸੁਣ ਕੇ ਵਾਹ ਵਾਹ ਕਰ ਦੇਣੀ ਜਾਂ ਫੇਰ ਲੇਖਕ ਨਾਲ ਅੰਦਰੋਂ ਕਿਸੇ ਵਿਰੋਧ ਕਾਰਨ ਨੀਵਾਂ ਦਿਖਾਉਣਾ ਨੈਤਿਕ ਪੱਖੋ ਗ਼ਲਤ ਤੇ ਮਾੜੀ ਗੱਲ ਹੈ। ਜੇਕਰ ਇਮਾਨਦਾਰੀ ਨਾਲ ਕਿਸੇ ਰਚਨਾਂ ਦੀ ਪਰਖ-ਪੜਚੋਲ ਕੀਤੀ ਜਾਵੇ, ਨਵੇ ਲੇਖਕਾਂ ਨੂੰ ਲਿਖਣ ਲਈ ਉਤਸ਼ਾਹਿਤ ਕੀਤਾ ਜਾਵੇ ਤਾਂ ਨਿਰਸੰਦੇਹ ਸਾਹਿਤ ਦੇ ਵਿਕਾਸ ਵਿੱਚ ਵਧੀਆ ਰੋਲ ਅਦਾ ਕਰ ਸਕਦੀਆਂ ਹਨ ਅਤੇ ਕਰ ਵੀ ਰਹੀਆਂ ਹਨ। ? ਅਮਰਜੀਤ ਜੀ, ਭਾਵੇਂ ਸਮੇਂ ਦੇ ਨਾਲ ਬਹੁਤ ਸਾਰਾ ਬਦਲਾਅ ਆਉਣਾ ਵੀ ਕੁਦਰਤੀ ਹੈ। ਵਿਸ਼ਵੀਕਰਨ ਦਾ ਅਸਰ ਸਾਡੇ ਸਭਿਆਚਾਰ ਤੇ ਵੀ ਬੜੀ ਤੇਜ਼ੀ ਨਾਲ ਪੈਂ ਰਿਹਾ ਹੈ। ਅੱਜ ਇੱਥੇ ਪੰਜਾਬੀ ਪਰਵਾਸੀ ਆਪਣੇ ਸਭਿਆਚਾਰ ਨੂੰ ਸੰਭਾਲਣ ਦੀ ਗੱਲ ਕਰਦੇ ਹਨ, ਜਦੋਂ ਕਿ ਪੰਜਾਬ ਵਿੱਚ ਪੰਜਾਬ ਦੇ ਲੋਕ ਪੱਛਮੀ-ਕਰਨ ਦੇ ਰੰਗ ਵਿੱਚ ਰੰਗੇ ਜਾ ਰਹੇ ਹਨ। ਇਹ ਸਭ ਕੁਝ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? – ਵਿਸ਼ਵੀ ਕਰਨ ਜਾਂ ਪੱਛਮੀਂ ਸਭਿਆਚਾਰ, ਸਾਡੇ ਉੱਤੇ ਹੀ ਨਹੀਂ ਹੋਰਨਾ ਦੇਸ਼ਾਂ ਤੇ ਵੀ ਭਾਰੂ ਹੈ। ਪੱਛਮੀਂ ਸਭਿਆਚਾਰ ਵਿੱਚ ਪੱਛਮੀਂ ਬੋਲੀਆਂ ਖ਼ਾਸ ਕਰਕੇ ਅੰਗਰੇਜ਼ੀ, ਫ਼ਰੈਚ, ਸਪੈਨਿਸ਼ ਅਤੇ ਪਹਿਰਾਵਾ ਕਮੀਜ਼ ਕੋਟ ਪੈਂਟ ਟਾਈ ਆਦਿ ਤੋਂ ਬਿਨਾਂ ਕਲੀਨ ਸ਼ੇਵਡ ਹੋਣਾ, ਪੈਰਾਂ ਵਿੱਚ ਬੂਟ ਤੇ ਜੁਰਾਬਾਂ ਪੱਛਮੀ ਲੋਕਾਂ ਨਾਲ ਹੀ ਸਾਡੇ ਮੁਲਕ ਵਿੱਚ ਗਿਆ। ਫੇਰ ਇਸ ਤੋ ਬਿਨਾਂ ਜਿਹੜੇ ਅਸੀਂ ਲੱਖਾਂ ਦੀ ਗਿਣਤੀ ਵਿੱਚ ਪੱਛਮੀ ਦੇਸ਼ਾਂ ਵਿੱਚ ਆ ਵਸੇ ਹਾਂ, ਅਸੀਂ ਵੀ ਪੱਛਮੀ ਪਹਿਰਾਵਾਂ ਤੇ ਖਾਣੇ, ਘਰਾਂ ਦਾ ਸਮਾਨ ਵਰਤ ਰਹੇ ਹਾਂ। ਇੱਥੇ ਇੱਕ ਗੱਲ ਹੈ ਤਾਂ ਹਾਸੇ ਵਾਲੀ ਪਰ ਇਸ ਵਿੱਚ ਪੱਛਮੀ ਰੰਗ ਤੇ ਦੇਸੀ ਰੰਗ ਦੀ ਗੱਲ ਜੇ ਕਹੋ ਤਾਂ ਸੁਣਾ ਦਿੰਦਾਂ ਹਾਂ।ਜੋ ਇੱਕ ਮੇਰੇ ਦੋਸਤ ਦੀ ਪਤਨੀ ਨੇ ਦੱਸੀ ਕਿ ਕਿਸੇ ਲੜਕੀ ਨੇ ਆਪਣੇ ਮਾਸੀ ਮਾਸੜ ਨੂੰ, ਜੋ ਇੰਡੀਆ ਤੋਂ ਕੈਨੇਡਾ ਨਵੇਂ ਆਏ ਸਨ ਪ੍ਰਾਹੁਣਚਾਰੀ ਪੂਰੀ ਕੀਤੀ। ਰਾਤ ਆਪਣੇ ਕੋਲ ਰੱਖ ਲਿਆ ਤੇ ਕਮਰਾ ਤੇ ਬੈੱਡ ਸੌਣ ਲਈ ਦਿੱਤਾ। ਸਵੇਰੇ ਮਾਸੀ ਨੇ ਉਲਾਭਾ ਪੂਰੇ ਗੁੱਸੇ ਵਿੱਚ ਦਿੱਤਾ ਕਿ ਕੁੜੀ ਨੇ ਤਾਂ ਲੋਹੜਾ ਮਾਰਿਆ ਸਾਨੂੰ ਰਾਤ ਸੋਣ ਲਈ ਇੱਕੋ ਬੈੱਡ ਦਿੱਤਾ। ਸਾਰੀ ਰਾਤ ਕਦੇ ਤੇਰਾ ਮਾਸੜ ਖੜਾ ਰਿਹਾ ਕਦੇ ਮੈਂ। ਮੈਂ ਭਾਈ ਹਾਰ ਕੇ ਹੇਠ ਰੱਘ ਤੇ ਹੀ ਸੋ ਗਈ। ਸੋ ਮੇਰੇ ਕਹਿਣ ਤੋਂ ਭਾਵ ਹੈ ਕਿ ਇਹਨਾਂ ਸਭਿਆਚਾਰਕ ਆਦਤਾਂ ਉੱਤੇ ਪ੍ਰਭਾਵ ਪੈਣਾ ਹੀ ਹੁੰਦਾ ਹੈ ਇਸ ਪੱਛਮੀਕਰਨ ਤੋਂ ਕੋਈ ਬਚ ਨਹੀਂ ਸਕਦਾ। ਜਿਵੇਂ ਅਪਣੇ ਇੱਕ ਕਹਾਵਤ ਹੈ: ‘ਜੇਹਾ ਦੇਸ਼ ਵੈਸਾ ਭੇਸ’ ਅਤੇ ‘ਖਾਈਏ ਮਨ ਭਾਉਂਦਾ ਪਹਿਨੀਏ ਜੱਗ ਭਾਉਦਾ’। ਪਰਵਾਸ ਦਾ ਮਸਲਾ – ਇਹ ਠੀਕ ਹੈ ਕਿ ਸਾਡੇ ਪੰਜਾਬੀ ਲੋਕਾਂ ਦਾ ਇੰਗਲੈਂਡ, ਕੈਨੇਡਾ, ਅਮਰੀਕਾ ਆਉਣ ਦਾ ਰੁਝਾਨ ਕਾਫ਼ੀ ਹੈ। ਪਰ ਕੈਨੇਡਾ ਵਿੱਚ ਭਾਰਤ ਦੇ ਦੂਜਿਆਂ ਸੂਬਿਆਂ ਤੋਂ ਜਿਵੇਂ ਕੇਰਲਾ, ਯੂ.ਪੀ, ਦਿੱਲੀ, ਹਰਿਆਣੇ ਅਤੇ ਬੰਬਈ ਦੇ ਵੀ ਕਾਫ਼ੀ ਲੋਕ ਆਏ ਹੋਏ ਹਨ। ਉਨ੍ਹਾਂ ਦਾ ਸਾਡੇ ਨਾਲ ਵਾਹ ਘੱਟ ਪੈਂਦਾ ਕਰਕੇ ਬਹੁਤ ਮਹਿਸੂਸ ਨਹੀਂ ਹੁੰਦਾ। ਦੂਜੀ ਗੱਲ ਹੈ ਕਿ ਜਿੱਥੇ ਥਾਂ ਖਾਲ਼ੀ ਹੁੰਦੀ ਹੈ, ਉੱਥੇ ਥਾਂ ਭਰਨੀ ਤਾਂ ਹੁੰਦੀ ਹੀ ਹੈ। ਇਸ ਤਰ੍ਹਾਂ ਪੰਜਾਬ ਦੇ ਸ਼ਹਿਰਾਂ ਪਿੰਡਾਂ ਵਿੱਚ ਯੂ. ਪੀ., ਬਿਹਾਰ ਅਤੇ ਰਾਜਿਸਤਾਨ ਤੋਂ ਮਜ਼ਦੂਰੀ ਕਰਨ ਆਏ ਪੰਜਾਬ ਦੇ ਪੱਕੇ ਵਸੀ ਬਣ ਗਏ ਹਨ। ਕਈ ਤਾਂ ਸਿੱਖ ਵੀ ਬਣ ਗਏ ਹਨ। ਗੁਰਬਾਣੀ ਦਾ ਪ੍ਰਚਾਰ ਕਰਦੇ ਤੇ ਗੁਰਦੁਆਰੇ ਦੇ ਗੰਥੀ ਦੀ ਸੇਵਾ ਦੇ ਨਾਲ ਪਿੰਡਾਂ ਦੀਆਂ ਪੰਚਾਇਤਾਂ ਦੇ ਮੈਂਬਰ ਵੀ ਹਨ। ਸੋ ਇਹ ਪ੍ਰਕਿਰਿਆ ਕਿਸੇ ਵਿਅਕਤੀ ਵਿਸ਼ੇਸ਼ ਤੋਂ ਬਿਨਾਂ ਲੋੜਾਂ ਵਿੱਚੋਂ ਪੈਦਾ ਹੁੰਦੀ ਹੈ। ਨਾਲੇ ਸਾਨੂੰ ਤਾਂ ਆਉਣ ਲਈ ਵੀਜ਼ੇ ਆਦਿ ਦੀ ਪ੍ਰਕਿਰਿਆ ਵਿੱਚੀਂ ਲੰਘਣਾ ਪੈਂਦਾ ਹੈ। ਉਨ੍ਹਾਂ ਨੂੰ ਤਾਂ ਵੀਜ਼ੇ ਦੀ ਵੀ ਲੋੜ ਨਹੀਂ ਕਿਉਂਕਿ ਭਾਰਤ ਦੇ ਵਾਸੀ ਹਨ। ਦੇਸ਼ ਦੇ ਕਿਸੇ ਵੀ ਕੋਨੇ ਵਿੱਚ ਜਾ ਕੇ ਵੱਸ ਸਕਦੇ ਹਨ। ਤੁਸੀਂ ਜਾਣਦੇ ਹੋ ਕਿ ਇਸ ਸਿਥਿਤੀ ਉੱਤੇ ਪੰਜਾਬ ਦੇ ਪ੍ਰਸਿੱਧ ਨਾਵਲਕਾਰ ਜਸਵੰਤ ਸਿੰਘ ਕੰਵਲ ‘ਕੌਮੀ ਵਸੀਅਤ’ ਨਾਂ ਦੀ ਕਿਤਾਬ ਲਿਖੀ ਹੈ। ਇਸ ਤਰ੍ਹਾਂ ਦੀ ਸੋਚ ਨੂੰ ਸੰਕੀਰਨ ਸੋਚ ਹੀ ਕਿਹਾ ਜਾ ਸਕਦਾ ਹੈ। ਕੀ ਜਸਵੰਤ ਸਿੰਘ ਕੰਵਲ ਨੂੰ ਇਹ ਅਹਿਸਾਸ ਨਹੀਂ ਕਿ ਕਿੰਨੇ ਪੰਜਾਬੀ ਲੋਕ ਯੂ. ਪੀ, ਬਿਹਾਰ, ਮੱਧਪ੍ਰਦੇਸ਼ ਰਾਜਿਸਤਾਨ ਵਿੱਚ ਆਪਣੇ ਘਰ ਘਾਟ ਬਣਾਈ ਬੈਠੇ ਹਨ ਅਤੇ ਆਪਣੇ ਕਾਰੋਬਾਰ ਚਲਾ ਰਹੇ ਹਨ। ਜਿੰਨੀ ਪੰਜਾਬ ਦੀ ਵੱਸੋਂ ਲਗ ਭਗ ਹੀ ਇਨੀ ਹੀ ਵੱਸੋਂ ਬਾਹਰ ਵੱਸ ਰਹੀ ਹੈ। ਪਰਦੇਸ਼ ਵਿੱਚ ਵੱਸਣ ਨੂੰ ਤਰਜੀਹ ਦੇਣ ਬਾਰੇ ਅਸੀਂ ਸਾਰੇ ਹੀ ਇੱਥੇ ਵਸਣ ਦੇ ਕਾਰਨ ਨੂੰ ਸਮਝਦੇ ਹਾਂ, ਜਦੋਂ ਅਸੀਂ ਉੱਥੇ ਵਾਪਸ ਜਾਣਾ ਹੀ ਨਹੀਂ ਉੱਥੇ ਘਰ-ਬਾਰ ਰੱਖਣੇ ਬਹਤਿਆਂ ਲੋਕਾਂ ਨੂੰ ਠੀਕ ਨਹੀਂ ਲੱਗਦਾ। ਫੇਰ ਵੀ ਮੇਰੇ ਵਰਗੇ ਲੋਕਾਂ ਨੂੰ ਅਜਿਹਾ ਦਿਲ ਤੇ ਪੱਧਰ ਰੱਖ ਕੇ ਕਰਨਾ ਪੈ ਰਿਹਾ ਹੈ। ਭਾਵੇਂ ਇਹ ਕੰਮ ਸੌਖਾ ਨਹੀਂ। ਨਾਲੇ ਸਤਨਾਮ ਜੀ, ਇਹ ਬੜਾ ਵਿਅਕਤੀਗਤ ਤੇ ਗੁੰਝਲਦਾਰ ਮਸਲਾ ਹੈ ਇਹਦੇ ਉੱਤੇ ਇੱਕ ਰਾਏ ਹੋਣਾ ਮੁਸ਼ਕਲ ਜਾਪਦਾ। ਨਿੱਜੀ ਪਰਿਵਾਰ – ਇਹ ਠੀਕ ਹੈ ਮੇਰੀ ਪਤਨੀ ਧਾਰਮਿਕ ਵਿਚਾਰਾਂ ਵਾਲ਼ੀ ਹੈ। ਉਹ ਆਪਣੇ ਪਰਿਵਾਰ ਦੀ ਪਰੰਪਰਾ ਅਨੁਸਾਰ ਪਾਠ ਕਰਦੀ। ਪਰ ਵਿਆਹ ਤੋਂ ਪਹਿਲਾਂ ਵੀ ਮੈਨੂੰ ਵੀ ਪਾਠ ਕਰਨ ਵਾiਲ਼ਆਂ ਨਾਲ ਕੋਈ ਨਫ਼ਰਤ ਜਾਂ ਵਿਰੋਧ ਨਹੀਂ ਰਿਹਾ ਕਿਉਂਕਿ ਹਰ ਇਨਸਾਨ ਆਪਣੀ ਜ਼ਿੰਦਗੀ ਦਾ ਖ਼ੁਦ ਮਾਲਕ ਹੁੰਦਾ ਹੈ। ਕੀ ਕਰਨਾ ਕੀ ਨਹੀਂ ਕਰਨਾ ਇਹ ਵਿਅਕਤੀ ਤੇ ਨਿਰਭਰ ਕਰਦਾ ਹੈ। ਸਾਂਝੇ ਖੇਤੀ ਪਰਿਵਾਰਾਂ ਵਿੱਚ ਉਸ ਸਮੇਂ ਝਗੜੇ ਬੜੇ ਘੱਟ ਹੋਇਆ ਕਰਦੇ ਸਨ, ਕਿਉਂਕਿ ਸਭ ਦਾ ਧਿਆਨ ਸਾਂਝੇ ਪਰਿਵਾਰ ਨੂੰ ਸਫ਼ਲਤਾ ਨਾਲ ਚੱਲਦਾ ਰੱਖਣ ਵਿੱਚ ਹੁੰਦਾ ਸੀ। ਕੁਝ ਸਾਡੇ ਪਰਿਵਾਰ ਵਿੱਚ ਹਰ ਇੱਕ ਆਪ ਦੀ ਜ਼ਿੰਮੇਂਵਾਰੀ ਵੀ ਸਮਝਦਾ ਸੀ। ਇੱਕ ਦੂਜੇ ਦੀਆਂ ਭਾਵਨਾਂ ਅਤੇ ਵਿਚਾਰਾਂ ਦਾ ਸਤਿਕਾਰ ਵੀ ਕੀਤਾ ਜਾਂਦਾ ਸੀ। ਸਾਨੂੰ ਰਲ਼ ਮਿਲ਼ ਕੇ ਚਲਦਿਆਂ ਕੋਈ ਸਮੱਸਿਆਂ ਨਹੀਂ ਆਈ। ? ਪਰਿਵਾਰ ਵੱਲੋਂ ਸਾਹਿਤਕ ਸਿਰਜਣਾ ਨੂੰ ਕਿਹੋ ਜਿਹਾ ਹੁੰਗਾਰਾ ਮਿiਲ਼ਆ? ਖ਼ਾਸ ਕਰਕੇ ਤੁਹਾਡੀ ਜੀਵਨ ਸਾਥਣ ਵੱਲੋਂ ਕਦੇ ਕੋਈ ਉਤਸ਼ਾਹ ਜਾਂ ਵਿਰੋਧ ਹੋਇਆ ਹੋਵੇ? – ਹਾਂ ਜੀ, ਪਰਿਵਾਰ ਵੱਲੋਂ ਮੇਰੀ ਸਾਹਿਤਕ ਸਿਰਜਣਾ ਦਾ ਕੋਈ ਵਿਰੋਧ ਨਹੀਂ ਹੋਇਆ। ਵੈਸੇ ਵੀ ਇਹ ਕੰਮ ਮੇਰੇ ਆਪਣੇ ਅਤੇ ਘਰ ਦੇ ਕੰਮ ਵਿੱਚ ਕੋਈ ਅੜਚਣ ਵਾਲ਼ਾ ਕੰਮ ਵੀ ਨਹੀਂ ਸੀ। ਹਾਂ, ਇੱਥੇ ਇਹ ਜ਼ਿਕਰ ਕਰਨਾ ਵੀ ਜ਼ਰੂਰੀ ਹੈ ਕਿ ਮੇਰੇ ਇੱਥੇ ਆਉਣ ਸਮੇਂ ਪੰਜਾਬੀ ਪੱਤਰਕਾਰੀ ਬੜੀ ਹੇਠਲੀ ਪੱਧਰ ਤੋਂ ਉੱਠ ਰਹੀ ਸੀ। ਇੱਥੇ ਇੱਕ ਸਪਤਹਿਕ ਅਖ਼ਬਾਰ ਤਾਰਾ ਸਿੰਘ ਹੇਅਰ ‘ਇੰਡੋ ਕੈਨੇਡੀਅਨ ਟਾਇਮਜ਼’ ਨਾਂ ਦਾ ਕੱਢ ਰਿਹਾ ਸੀ। ਪਰ ਉਸ ਦੀ ਸੁਰ ਪੱਤਰਕਾਰੀ ਤੋਂ ਖ਼ਾਲਿਸਤਾਨ ਨਾਲ ਜੁੜ ਗਈ। ਉਸ ਦੇ ਮੁਕਾਬਲੇ ਤੇ ਮਰਹੂਮ ਦਰਸ਼ਨ ਗਿੱਲ ਨੇ ‘ਕੈਨੇਡਾ ਦਰਪਨ’ ਨਾਂ ਦਾ ਧਰਮ ਨਿਰਪੱਖ ਸਪਤਾਹਿਕ ਕੱਢਣਾ ਸ਼ੁਰੂ ਕਰ ਦਿੱਤਾ। ਮੈਂ ਉਸ ਵਿੱਚ ਲਿਖਣਾ ਸ਼ੁਰੂ ਕਰ ਦਿੱਤਾ ਉਸ ਦੇ ਸੰਪਾਦਕੀ ਮੈਂ ਹੀ ਲਿਖਦਾ ਹੁੰਦਾ ਸੀ। ? ਆਪਣੇ ਮਾਤਾ ਪਿਤਾ ਦੀ ਕੋਈ ਯਾਦ ਸਾਂਝੀ ਕਰਨਾ ਚਾਹੋਗੇ? ਕਿਹੋ ਜਿਹੇ ਸੁਭਾਅ ਦੇ ਸਨ। ਤੁਸੀਂ ਆਪਣੇ ਸੁਭਾਅ ਤੇ ਕਿਸ ਦਾ ਅਸਰ ਵੱਧ ਮਹਿਸੂਸ ਕਰਦੇ ਹੋ? ਕੀ ਉਹ ਧਾਰਮਿਕ ਵਿਚਾਰਾਂ ਦੇ ਸਨ ਜਾਂ ਉਹ ਵੀ ਮਾਰਕਸਵਾਦ ਤੋਂ ਪ੍ਰਭਵਿਤ ਸਨ? -ਢਾਅ ਜੀ, ਮੇਰੇ ਮਾਤਾ ਜੀ ਅਨਪੜ੍ਹ ਸਨ। ਜਿਵੇਂ ਕਿ ਉਨ੍ਹਾਂ ਸਮਿਆਂ ਵਿੱਚ ਲੋਕ ਕੁੜੀਆਂ ਨੂੰ ਪੜ੍ਹਾਉਂਦੇ ਹੀ ਨਹੀਂ ਸਨ। ਖ਼ਾਸ ਕਰਕੇ ਕੁੜੀਆਂ ਦਾ ਅਨਪੜ੍ਹ ਰਹਿਣ ਦਾ ਕਾਰਨ ਪਿੰਡਾਂ ਵਿੱਚ ਸਕੂਲ ਹੁੰਦੇ ਹੀ ਨਹੀਂ ਸੀ। ਮੁੰਡਿਆਂ ਦੇ ਸਕੂਲ ਵੀ ਹਰ ਪਿੰਡ ਵਿੱਚ ਨਹੀਂ ਸਨ ਹੁੰਦੇ। ਮਾਤਾ ਜੀ ਭਾਵੇਂ ਅਨਪੜ੍ਹ ਸਨ ਪ੍ਰੰਤੂ ਘਰੇਲੂ ਕੰਮ ਧੰਦੇ ਅਤੇ ਵਰਤ/ਵਰਤਓ ਲਈ ਸੁਚਿਆਰੇ ਤੇ ਸਯੋਗ ਸਨ। ਮੇਰੇ ਨਾਨਕੇ ਪਰਿਵਾਰ ਉੱਤੇ ਉਸ ਸਮੇਂ ਹੋਰਨਾਂ ਵਾਂਗ ਹੀ ਬ੍ਰਹਾਮਣੀ ਪ੍ਰਭਾਵ ਬਹੁਤ ਸੀ। ਮੇਰੇ ਮਪਿਆਂ ਦੀ ਸ਼ਾਦੀ ਵੀ ਫੇਰਿਆਂ ਦੀ ਰਸਮ ਵੇਦੀ ਲਾ ਕੇ ਹੋਈ ਸੀ। ਮੇਰੇ ਮਾਤਾ ਜੀ, ਜਿਨ੍ਹਾਂ ਨੂੰ ਅਸੀਂ ਬੇਬੇ ਜੀ ਕਿਹਾ ਕਰਦੇ ਸਾਂ। ਪਹਿਲਾਂ ਆਪਣੇ ਮਪਿਆਂ ਦੇ ਪਰਿਵਾਰ ਵਾਂਗ ਮਾਸ ਦੀ ਵਰਤੋਂ ਨਹੀਂ ਸਨ ਕਰਦੇ ਨਾ ਹੀ ਮੀਟ ਰਿੰਨਣ ਬਣਾਉਣ ਵਾਲੇ ਭਾਂਡੇ ਮਾਂਜਦੇ ਸਨ। ਸ਼ਾਇਦ ਉਹ 1947 ਤੋਂ ਬਾਅਦ ਮੀਟ ਵਰਤਣ ਲੱਗ ਪਏ ਸਨ। ਹੋਰ ਘਰ ਵਿੱਚ ਰਸਮੋਂ ਰਿਵਾਜ ਅਨੁਸਾਰ ਪਿਤਰਾਂ ਦੀ ਯਾਦ ਨਿਮਿਤ ਸਰਾਧ ਆਦਿ ਕੀਤੇ ਜਾਂਦੇ ਸਨ। ਇਹ ਸਾਡੇ ਹੀ ਨਹੀਂ ਉਸ ਸਮੇਂ ਆਲੇ ਦੁਆਲੇ ਸਾਰੇ ਪਿੰਡਾਂ ਏਵੇਂ ਹੀ ਸੀ। ਪੰਜਾਹਵਿਆਂ ਦੇ ਅੰਤ ਵਿੱਚ ਹੀ ਬੇਦੀ ਦੇ ਫੇਰਿਆਂ ਦੇ ਥਾਂ ਅੰਨਦ ਕਾਰਜ ਦੀ ਰਸਮ ਹੋਣ ਲੱਗੀ ਸੀ। ? ਆਪਣੇ ਬੱਚਿਆਂ ਬਾਰੇ ਵੀ ਕੁਝ ਦੱਸੋ। ਉਹ ਤੁਹਾਡੀਆਂ ਰਚਨਾਵਾਂ ਨੂੰ ਕਿਵੇਂ ਦੇਖਦੇ ਹਨ? ਸਿਰਜਣਾਤਿਮਕ ਅਮਲ ਪਰਿਵਾਰ ਵਿੱਚ ਕੋਈ ਮੈਂਬਰ ਵੀ ਦਿਲਚਸਪੀ ਲੈ ਰਿਹਾ ਹੈ ਜਾਂ ਤੁਹਾਡੇ ਤੱਕ ਹੀ ਸੀਮਤ ਰਿਹਾ ਹੈ? – ਪਰਿਵਾਰ ਬਾਰੇ ਸਤਨਾਮ ਜੀ, ਮੇਰੇ ਦੋ ਲੜਕੇ ਅਤੇ ਦੋ ਲੜਕੀਆਂ ਹਨ। ਤਿੰਨ ਬੱਚੇ ਇੱਥੇ ਕੈਨੇਡਾ ਵਿੱਚ ਇੱਕ ਲੜਕੀ ਯੂ. ਐੱਸ. ਏ. ਵਿੱਚ ਕੈਲੇਫੋਰਨੀਆਂ ਰਹਿੰਦੀ ਹੈ। ਮੇਰੇ ਬੱਚੇ ਮੇਰੀਆਂ ਲਿਖਤਾਂ ਪੜ੍ਹ ਨਹੀਂ ਸਕਦੇ। ਉਹ ਪੰਜਾਬੀ ਬੜੀ ਚੰਗੀ ਤਰ੍ਹਾਂ ਬੋਲ ਤੇ ਸਮਝ ਤਾਂ ਸਕਦੇ ਹਨ ਪਰ ਪੜ੍ਹ ਤੇ ਲਿਖ ਨਹੀਂ ਸਕਦੇ। ਇਸੇ ਤਰ੍ਹਾਂ ਮੇਰੇ ਦੋਹਤੇ ਦੋਹਤੀਆਂ ਵੀ ਪੰਜਾਬੀ ਬੋਲਦੇ ਤੇ ਸਮਝਦੇ ਹਨ ਭਾਵੇਂ ਉਨ੍ਹਾਂ ਦਾ ਸ਼ਬਦ ਭੰਡਾਰ ਸੀਮਤ ਹੈ। ਕਿਉਂਕਿ ਸ਼ਬਦ ਭੰਡਾਰ ਤਾਂ ਬੋਲੀ ਦੇ ਖਿਤੇ ਵਿੱਚ ਹੀ ਤੇ ਸਮਾਜ ਵਿੱਚ ਰਹਿੰਦਿਆਂ ਬਣਦਾ ਤੇ ਵਿਗਸਦਾ ਹੈ। ਇੱਥੇ ਛੋਟੇ ਹੁੰਦੇ ਆਏ ਬੱਚਿਆਂ ਲਈ ਪੰਜਾਬੀ ਸਿਰਜਣਾਤਿਮਕ ਕਾਰਜ ਵੱਲ ਰਚਿਤ ਹੋਣਾ ਅਸੰਭਵ ਹੈ। ਵੈਸੇ ਵੀ ਬੱਚਿਆਂ ਦੀ ਬਹੁ-ਗਿਣਤੀ ਦਾ ਇਹੋ ਵਰਤਾਰਾ ਹੈ। ਭਵਿੱਖ ਦੀ ਯੋਯਨਾ – ਮੈਂ ਅੱਜ ਕੱਲ੍ਹ ਕੁਝ ਨਵਾਂ ਨਹੀਂ ਲਿਖ ਰਿਹਾ, ਪਹਿਲੇ ਲਿਖੇ ਤੇ ਨਜ਼ਰ ਮਾਰ ਰਿਹਾ ਹਾਂ। ਮੈਂ ਇੱਕ ਸੰਖੇਪ ਜੀਵਨੀ ਸਾਂਈ ਮੀਂਆ ਮੀਰ ਬਾਰੇ ਲਿਖੀ ਹੈ। ਜਿੰਨ੍ਹਾ ਬਾਰੇ ਅਸੀਂ ਏਨਾ ਹੀ ਜਾਣਦੇ ਹਾਂ ਕਿ ਗੁਰੂ ਅਰਜਨ ਦੇਵ ਜੀ ਨੇ ਉਸ ਤੋਂ ਹਰਿਮੰਦਰ ਸਾਹਿਬ ਦੀ ਨੀਂਹ ਰੱਖਵਾਈ ਸੀ। ਸੋ ਮੈਂ ਇਸ ਜੀਵਨੀ ਵਿੱਚ ਉਨ੍ਹਾਂ ਦਾ ਜਨਮ ਪਿਛੋਕੜ ਤੇ ਲਾਹੌਰ ਵਿੱਚ ਉਨ੍ਹਾਂ ਦਾ ਜਨਮ ਹੋਣ ਕਰਕੇ ਗੁਰੂ ਅਰਜਨ ਦੇਵ ਜੀ ਨੂੰ ਅਕਸਰ ਮਿਲਦੇ ਰਹਿੰਦੇ ਲੋਕਾਂ ਦਾ ਜ਼ਿਕਰ ਹੈ। ਜਿਨ੍ਹਾਂ ਵਿੱਚ ਉਨ੍ਹਾਂ ਦੇ ਸਮਕਾਲੀ ਛੱਜੂ ਭਗਤ, ਕਾਨਾ ਭਗਤ ਆਦਿ ਵੀ ਸਨ। ਇਸ ਤੋਂ ਬਿਨਾਂ ਜਿਵੇਂ ਮੈਂ ਪਹਿਲਾ ਜ਼ਿਕਰ ਕੀਤਾ ਹੈ ‘ਦਰਾਵੜ ਵਰਤ ਦੀ ਯਾਤਰਾ’ ਛਪਣ ਅਧੀਨ ਹੈ।ਲਿਖਣ ਪੜ੍ਹਨ ਤੋ ਬਿਨਾਂ ਮੇਰਾ ਹੋਰ ਕੋਈ ਖ਼ਾਸ ਸ਼ੌਂਕ ਨਹੀਂ ਹਾਂ, ਸ਼ਾਮ ਸਵੇਰ ਸੈਰ ਕਰਨ ਜ਼ਰੂਰ ਜਾਂਦਾ ਹਾਂ। ? ਤੁਸੀਂ ਆਉਣ ਵਾਲੇ ਸਮੇਂ ਵਿੱਚ ਕੀ ਲਿਖਣਾ ਚਾਹੁੰਦੇ ਹੋੋਈ ਨਾਵਲ, ਕਹਾਣੀ ਜਾਂ ਮੁੜ ਕਵਿਤਾ ਵੱਲ ਪ੍ਰਤਣਾ ਚਾਹੋਗੇ? ਕੀ iਖ਼ਆਲ ਹੈ? – ਆਉਣ ਵਾਲੇ ਸਮੇਂ ਵਿਚ ਸ਼ਾਇਦ ਇੱਕ ਨਾਵਲ ਲਿਖਾਂ ਜਿਸ ਦੇ ਨੋਟ ਤਿਆਰ ਕਰ ਰਿਹਾ ਹਾਂ। ਹੋਰ ਵੀ ਕਈ ਕੁਝ ਨਾਲ਼ੋ ਨਾਲ਼ ਚਲਦਾ ਰਹਿੰਦਾ ਹੈ। ਜੋ ਮੁਕੰਮਲ ਹੋ ਜਾਵੇ ਉਸਨੂੰ ਨੂੰ ਹੀ ਲਿਖਿਆ ਕਿਹਾ ਜਾ ਸਕਦਾ ਹੈ। ? ਕੈਨੇਡਾ ਆਉਣ ਤੋਂ ਪਹਿਲਾਂ, ਜਵਾਨੀ ਵਿੱਚ ਅਮਰਜੀਤ ਸੂਫ਼ੀ ਦੇ ਬਹੁਤ ਸਾਰੇ ਸੁਪਨੇ ਵੀ ਹੋਣਗੇ। ਤੁਹਾਡਾ ਕੋਈ ਸੁਪਨਾ ਹਕੀਕਤ ਵਿੱਚ ਬਦਲਿਆ ਵੀ? – ਸੁਪਨਿਆਂ ਬਾਰੇ ਗੱਲ ਇਓ ਹੈ ਕਿ ਜੁਆਨੀ ਵਿੱਚ ਮੇਰੇ ਦੋ ਸੁਪਨੇ ਸਨ ਇੱਕ ਵਿਦੇਸ਼ ਜਾ ਕੇ ਦੇਖਣਾ ਕਿ ਪੱਛਮੀ ਲੋਕ ਕਿਸ ਤਰ੍ਹਾਂ ਰਹਿੰਦੇ ਹਨ ਕੀ ਕੰਮਕਾਰ ਕਰਦੇ ਹਨ ਕਿਉਂਕਿ ਇਸ ਬਾਰੇ ਮੇਰੀ ਕਲਪਨਾ ਉਹ ਬੜੀ ਵੱਖ਼ਰੀ ਤਰ੍ਹਾਂ ਦੀ ਸੀ। ਦੂਜਾ ਮੇਰਾ ਸੁਪਨਾ ਇੱਕ ਮੈਗਜ਼ੀਨ ਕੱਢਣਾ ਦਾ ਉਹ ਮੈਂ 1976 ਵਿੱਚ ‘ਲੋਕਤਾ ਨਾਂ ਦਾ ਮੈਗਜ਼ੀਨ ਕੱਢ ਕੇ ਪੂਰਾ ਕਰ ਲਿਆ ਸੀ। ਮੈਗਜ਼ੀਨ ਇਸ ਕਰਕੇ ਕੱਢਣਾ ਚਾਹੁੰਦਾ ਸੀ ਕਿ ਇਸ ਨਾਲ ਲਗਾਤਾਰ ਲਿਖਣ ਦੀ ਪ੍ਰਕ੍ਰਿਆ ਚੱਲਦੀ ਰਹੇਗੀ। ਮੈਂ ਕਹਿ ਸਕਦਾ ਹਾਂ ਕਿਸੇ ਹੱਦ ਤੱਕ ਦੋਵੇਂ ਪੂਰੇ ਹੋ ਗਏ ਹਨ। ਨਿੱਜੀ ਅਨੁਭਵ ਅਤੇ ਸੁਨੇਹਾ – ਕੈਨੇਡਾ ਆ ਕੇ ਮੈਂ ਪੂੰਜੀਵਾਦੀ ਸਮਾਜ ਦਾ ਅਨੁਭਵ ਪ੍ਰਾਪਤ ਕੀਤਾ ਹੈ, ਦੂਜਾ ਮੇਰੇ ਧੀਆਂ ਪੁੱਤਰ ਤਸੱਲੀ ਬਖ਼ਸ਼ ਸਿੱਖਿਆ ਪ੍ਰਾਪਤ ਕਰਕੇ ਮਨ ਪਸੰਦ ਦੀਆਂ ਨੌਕਰੀਆਂ ਤੇ ਹਨ। ਮੇਰੀ ਵੱਡੀ ਧੀ ਇੰਸ਼ੋਰੈਂਸ ਕਾਰਪੋਰੇਸ਼ਨ ਬੀ.ਸੀ. ਵਿੱਚ ਕੰਮ ਕਰਦੀ ਹੈ। ਦੂਜੀ ਨੇ ਬੀ.ਐੱਸ. ਸੀ. ਬਾਇਉਲੌਜੀ ਕਰਕੇ ਕੈਲੇਫੋਰਨੀਆਂ ਵਿੱਚ ਹੋਸਪੀਟਲ ਵਿੱਚ ਕੰਮ ਕਰਦੀ ਹੈ। ਵੱਡਾ ਪੁੱਤਰ ਬੀ. ਐੱਸ. ਸੀ. ਫ਼ਿਜਿਕਸ ਮੇਜਰ ਕਰਕੇ ਫ਼ੈਡਰਲ ਗੌਰਮਿੰਟ ਦੇ ਰਿਸਰਚ ਇਸਟੀਚਿਉਟ ਆਫ਼ ਕੈਨੇਡਾ ਵਿੱਚ ਕੰਮ ਕਰਦਾ ਹੈ। ਉਹ ਆਪਣੀ ਸ਼ਿਫ਼ਟ ਦਾ ਸੁਪਰਵਾਇਜ਼ਰ ਵੀ ਹੈ। ਇੱਥੇ ਦੁਨੀਆ ਭਰ ਦੇ ਵਿਗਿਆਨੀ ਬੜੇ ਮਹੱਤਵਪੂਰਨ ਖੋਜ ਦੇ ਕੰਮ ਕਰਦੇ ਹਨ। ਜਿੰਨ੍ਹਾਂ ਦੇ ਕੰਮ ਲਈ ਸੈੱਟ-ਅਪ ਅਤੇ ਉਨ੍ਹਾਂ ਦੇ ਡੈਟਾ ਸੰਭਾਲਣਾ। ਉਸ ਤੋਂ ਛੋਟਾ ਕੰਪਿਉਟਰ ਸਾਇੰਸ ਦੀ ਇੰਜੀਨੀਅਰਿੰਗ ਕਰਕੇ ਬੈਂਕ ਦੇ ਨੈੱਟ-ਵਰਕ ਕਮਿਊਨੀਕੇਸ਼ਨ ਯੂਨੀਫ਼ੀਕੇਸ਼ਨ ਦੇ ਪ੍ਰੋਗਰਾਮ ਦਾ ਇੰਚਾਰਜ ਹੈ। ਉਸਦਾ ਹੈੱਡਕੁਅਟਰ ਲੰਡਨ ਇੰਗਲੈਂਡ ਵਿੱਚ ਹੈ। ਉਹਨੂੰ ਸਮੇਂ ਸਮੇਂ ਵੱਖ ਥਾਂਹੀਂ ਸਟਾਫ ਮੈਂਬਰਾਂ ਨੂੰ ਟ੍ਰੇਨਿੰਗ ਦੇਣ ਜਾਣਾ ਪੈਂਦਾ ਹੈ। ਮੈਂ ਤਾਂ ਕਹਾਂਗਾ ਕਿ ਖੱਟਿਆ ਹੀ ਹੈ। ਜੇਕਰ ਮੈਂ ਭਾਰਤ ਹੁੰਦਾ ਇਹ ਸਭ ਕੁਝ ਪ੍ਰਪਤ ਨਹੀਂ ਸੀ ਹੋ ਸਕਣਾ। ਤੁਹਾਨੂੰ ਪਤੈ ਅੱਜ ਆਜ਼ਾਦੀ ਦੇ ਏਨੇ ਵਰਿ੍ਹਆਂ ਵਾਧ ਵੀ ਸਾਡੇ ਦੇਸ਼ ਵਿੱਚ ਵਿੱਦਿਆ ਅਤੇ ਰੋਜ਼ਗਾਰ ਦਾ ਏਨਾਂ ਮਾੜਾ ਹਾਲ ਕਰਕੇ ਹੀ ਨੋਜੁਆਨੀ ਵਿਦੇਸ਼ਾਂ ਵੱਲ ਦੋੜ ਰਹੀ ਹੈ। ? ਪੰਜਾਬੀ ਭਾਈਚਾਰੇ ਨੂੰ, ਪੰਜਾਬੀ ਪਾਠਕਾਂ ਨੂੰ ਜਾਂ ਨਵੇ ਲੇਖਕਾਂ ਨੂੰ ਕੋਈ ਸੁਨੇਹਾ? ਜੋ ਸਿਰਜਣਾ ਖੇਤਰ ਵਿੱਚ ਆਉਣਾ ਚਾਹੁੰਦੇ ਹਨ? – ਢਾਅ ਜੀ, ਸੁਨੇਹਾ ਤਾਂ ਇਹੋ ਹੀ ਹੈ ਕਿ ਜੋ ਵੀ ਲਿਖਣ ਖੇਤਰ ਆਉਣਾ ਚਾਹੁੰਦਾ ਹੋਵੇ, ਉਸ ਨੂੰ ਜੋ ਵੀ ਮਿਲ਼ੇ ਵੱਧ ਤੋਂ ਵੱਧ ਪੜ੍ਹਨਾ ਚਾਹੀਦਾ ਹੈ। ਲਾਇਬਰੇਰੀਆਂ ਵਿੱਚ ਬਹੁਤ ਹੀ ਵਧੀਆ ਸਾਹਿਤ ਦੀਆਂ ਕਿਤਾਬਾਂ ਸਾਡੇ ਲਈ ਮੰਗਵਾ ਕੇ ਰੱਖੀਆਂ ਹੋਈਆਂ ਹਨ। ਜੇ ਕੋਈ ਕਿਤਾਬ ਤੁਹਾਨੂੰ ਚੰਗੀ ਲੱਗਦੀ ਉਸ ਨੂੰ ਖ਼ਰੀਦਣ ਦੀ ਘੋਲ਼ ਨਹੀਂ ਕਰਨੀ ਚਾਹੀਦੀ। ਮਹਿੰਗੀ ਕਹਿ ਕੇ ਜਾਂ ਫੇਰ ਖ਼ਰੀਦ ਲਵਾਂਗੇ ਛੱਡ ਨਹੀਂ ਦੇਣੀ ਚਾਹੀਦੀ। ਏਥੇ ਕੈਨੇਡਾ ਵਿੱਚ ਅੰਗਰੇਜ਼ੀ ਦੀਆਂ ਕਿਤਾਬਾਂ ਤਾਂ ਮਿਲ਼ ਜਾਂਦੀਆਂ ਹਨ ਪਰ ਪੰਜਾਬੀ ਅਤੇ ਹਿੰਦੀ ਉਰਦੂ ਦੀਆਂ ਕਿਤਾਬਾਂ ਤਾਂ ਭਾਰਤ ਤੋਂ ਹੀ ਮਿਲਦੀਆਂ ਹਨ। ਬਾਹਰੋਂ ਜਦੋਂ ਵੀ ਤੁਸੀਂ ਭਾਰਤ ਜਾਵੋਂ ਤਾਂ ਪ੍ਰਸਿੱਧ ਲੇਖਕਾਂ ਦੀਆਂ ਕਿਤਾਬਾਂ ਜ਼ਰੂਰ ਖ਼ਰੀਦ ਲੈਣੀਆਂ ਚਾਹੀਦੀਆਂ ਹਨ। ਇੱਥੇ ਤੁਹਾਡੀ ਜਾਣਕਾਰੀ ਲਈ ਇਹ ਵੀ ਦੱਸ ਜਾਵਾਂ ਕਿ ਸਮੇਤ ਹਿੰਦੀ ਪੰਜਾਬੀ ਤੇ ਹੋਰ ਬਹੁਤ ਸਾਰੀਆਂ ਭਾਸ਼ਾਵਾਂ ਦੀਆਂ ਪੁਸਤਕਾਂ ਖ਼ਰੀਦਣ ਲਈ ਦਿੱਲੀ ਦੇ ਪ੍ਰਗਤੀ ਮੈਦਾਨ ਵਿੱਚ ਹਰ ਸਾਲ ਫ਼ਰਵਰੀ ਮਹੀਨੇ ਵਿੱਚ ‘ਵਰਲਡ ਬੁੱਕ’ ਐਗਜ਼ੀਬੀਊਸ਼ਨ ਲੱਗਦੀ ਹੈ। ਇੱਥੇ ਇੰਗਲੈਂਡ, ਅਮਰੀਕਾ ਰੂਸ ਚੀਨ ਆਦਿ ਦੇਸ਼ਾਂ ਦੇ ਪਬਲਿਸ਼ਰਜ਼ ਸੰਸਾਰ ਪ੍ਰਸਿੱਧ ਲੇਖਕਾਂ ਦੀ ਨਵੀਆਂ ਕਿਤਾਬਾਂ ਲਿਆਉਦੇ ਹਨ। ਬੱਸ ਮੇਰਾ ਤਾਂ ਏਨਾ ਕਹਿਣਾ ਹੈ ਕਿ ਵੱਧ ਤੋਂ ਵੱਧ ਪੜ੍ਹੋ, ਹਰ ਰੋਜ਼ ਲਿਖੋ ਨਵਾਂ ਲਿਖੋ ਦੁਹਰਾਓ ਤੋਂ ਬਚੋ। ? ਤੁਸੀਂ ਯਾਤਰਾਵਾਂ ਰਾਹੀਂ ਦੁਨੀਆ ਦੇਖੀ ਹੈ। ਦੁਨਿਆਵੀ ਕੰਮ ਕਾਰ ਵੀ ਸਾਰੇ ਕਰ ਲਏ। ਕੋਈ ਕੰਮ ਕਾਰ ਜਾਂ ਕੋਈ ਖਹਿਸ਼ ਬਾਕੀ ਹੈ, ਜੋ ਪੂਰੀ ਕਰਨਾ ਲੋਚਦੇ ਹੋਵੋ? – ਸਤਨਾਮ ਜੀ, ਨਾ ਤਾਂ ਮੈਂ ਸਾਰੀ ਦੁਨੀਆ ਅਜੇ ਦੇਖ ਸਕਿਆ ਹਾਂ ਕਿਉਂਕਿ ਦੁਨੀਆ ਤਾਂ ਰੋਜ਼ ਨਵੀਂ ਬਣਦੀ ਉੱਸਰਦੀ ਰਹਿੰਦੀ ਹੈ। ਬਾਕੀ ਤਸੀਂ ਜਾਣਦੇ ਹੋ ਕੰਮ-ਕਾਰ ਵੀ ਜਿਉਂਦੇ ਜੀ ਕਦੇ ਨਹੀਂ ਪੂਰੇ ਕੀਤੇ ਜਾ ਸਕਦੇ। ਨਵੇਂ ਤੋਂ ਨਵਾਂ ਕੰਮ ਹਰ ਰੋਜ਼ ਹਰ ਇੱਕ ਨੂੰ ਆਵਾਜ਼ਾਂ ਮਾਰਦਾ ਹੈ। ਪਰ ਕੰਮ ਤੁਸੀਂ ਆਪਣੀ ਸਮਰੱਥਾ ਅਨੁਸਾਰ ਹੀ ਕਰ ਸਕਦੇ ਹੋ। ਜਿੱਥੇ ਤੱਕ ਮੇਰੀ ਅਧੂਰੀ ਜਾਂ ਪੂਰੀ ਨਾ ਪੂਰੀ ਹੋਈ ਖ਼ਹਿਸ਼ ਦਾ ਸੰਬੰਧ ਹੈ ਇਹਦੇ ਬਾਰੇ ਮੈਂ ਇੱਕ ਯਾਦ ਤੁਹਾਡੇ ਨਾਲ ਸਾਂਝੀ ਕਰਦਾ ਹਾਂ। ਪੰਜਾਹਵਿਆਂ ਵਿੱਚ ਸਾਡੇ ਲੁਧਿਆਣੇ ਦਾ ਇੱਕ ਰੇਡੀਓ ਸਿੰਗਰ ਹੁੰਦਾ ਸੀ ਉਹ ਗਾਓਦਾ ਹੁੰਦਾ ਸੀ: ‘ਆਸਾਂ ਕਦੇ ਬੰਦੇ ਦੀਆਂ ਹੁੰਦੀਆਂ ਨਾ ਪੂਰੀਆਂ। ਹੁਣ ਜੋ ਲਿਖਣ ਕਾਰਜ ਵਿੱਢੇ ਹੋਏ ਹਨ, ਉਹ ਪੂਰੇ ਕਰਨ ਦੀ ਇੱਛਾ ਰੱਖਦਾ ਹਾਂ। ? ਅਮਰਜੀਤ ਜੀ, ਕੋਈ ਗੱਲ ਜੋ ਮੈਂ ਨਾ ਪੁੱਛ ਸਕਿਆ ਹੋਵਾਂ ਤੇ ਤੁਸੀਂ ਦੱਸਣੀ ਜ਼ਰੂਰੀ ਸਮਝਦੇ ਹੋਵੋ? – ਢਾਅ ਜੀ, ਤੁਸੀਂ ਤਾਂ ਪੁੱਛਿਆ ਹੀ ਏਨਾ ਹੈ ਕਿ ਕੋਈ ਗੱਲ ਬਾਕੀ ਰਹਿਣ ਹੀ ਨਹੀਂ ਦਿੱਤੀ। ਮੈਂ ਤੁਹਾਡੇ ਸਵਾਲਾਂ ਦੇ ਜਵਾਬ ਦੇ ਹੀ ਚੈਨ ਲਈ ਹੈ। ਇਸ ਲਈ ਬਹੁਤ ਧੰਨਵਾਦ। ਤੁਸੀਂ ਤਾਂ ਮੇਰੀ ਸਵੈ-ਜੀਵਨੀ ਲਈ ਇੱਕ ਤਰ੍ਹਾਂ ਦਾ ਖ਼ਰੜਾ ਤਿਆਰ ਕਰ ਦਿੱਤਾ ਇੱਕ ਵਾਰ ਫੇਰ ਧੰਨਵਾਦ। ਸਤਨਾਮ ਸਿੰਘ: ਸੂਫ਼ੀ ਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੋ ਤੁਸੀਂ ਪਾਠਕਾਂ ਨਾਲ ਆਪਣੇ ਜ਼ਿੰਦਗੀ ਦੇ ਸੰਘਰਸ਼ ਦੇ ਅਣਜਾਣੇ ਪੱਤਰੇ ਅਤੇ ਸਾਹਿਤਕ ਸਫ਼ਰ ਦੀਆਂ ਲੰਬੀਆਂ ਵਾਟਾਂ ਸਾਂਝੀਆਂ ਕੀਤੀਆਂ। ਫੇਰ ਕਦੇ ਸਬੱਬ ਬਣਿਆਂ ਤਾਂ ਹੋਰ ਗੱਲਾਂ ਬਾਤਾਂ ਵੀ ਕਰਾਂਗੇ। |
*** 509 *** |
ਸਤਨਾਮ ਢਾਅ ਦੀਅਾਂ ਪੁਸਤਕਾਂ ਦਾ ਵੇਰਵਾ:
ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਦੂਜਾ)
ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਪਹਿਲਾ)
ਪਤਾ:
Satnam Singh Dhah
303 ASPEN RIDGE PL SW
Calgary, AB T3 H 1T2
Canada
Ph.403-285-6091
e-mailsatnam.dhah@gmail.com