27 November 2022

ਸਰਸਰੀ ਪੰਛੀ ਝਾਤ: “ਰਮਜ਼ਾਂਵਲੀ” : ਗ਼ਜ਼ਲ-ਗੋ ਤੋਂ ਸਮਰਾਟ ਉਸਤਾਦ ਗ਼ਜ਼ਲ-ਗੋ ਬਣਨ ਦਾ ਸਫ਼ਰ!—ਡਾ. ਗੁਰਦਿਆਲ ਸਿੰਘ ਰਾਏ (ਯੂ.ਕੇ.)

ਅੱਜ ਗੁਰਸ਼ਰਨ ਸਿੰਘ ਅਜੀਬ “ਸਮਰਾਟ ਉਸਤਾਦ ਗ਼ਜ਼ਲਗੋ” ਵਜੋਂ, ਸੰਸਾਰ ਭਰ ਦੇ ਪੰਜਾਬੀਆਂ ਦੇ ਦਿਲਾਂ ‘ਚ ਆਪਣੀ ਵਿਸ਼ੇਸ਼ ਥਾਂ ਬਣਾ ਚੁੱਕਿਆ ਹੈ। ਉਹ ਖੁੱਭ੍ਹ ਕੇ ਪਿਆਰੀਆਂ ਤੇ ਮਿਆਰੀਆਂ ਗ਼ਜ਼ਲਾਂ ਕਹਿ ਕਹਿ ਕੇ ਖ਼ੂਬ ਜੱਸ ਖੱਟ ਰਿਹਾ ਹੈ ਪਰ ਉਸ ਨੇ ਇਸ ਮੁਕਾਮ ਤਕ ਪੁੱਜਣ ਲਈ ਬੜਾ ਲੰਬਾ ਸਫਰ ਤੈਅ ਕਰਦਿਆਂ ਜੀਵਨ ਵਿੱਚ ਪਲ ਪਲ ਮਿਲਦੇ ਤਜ਼ਰਬਿਆਂ ਨੂੰ ਵੀ ਆਤਮਸਾਤ ਕੀਤਾ ਹੈ।

ਹਾਂ! ਇਹ ਦਰੁਸਤ ਹੈ ਕਿ ਉਸਨੂੰ ਸ਼ਾਇਰੀ, ਗ਼ਜ਼ਲ ਲਿਖਣ-ਪੜ੍ਹਣ, ਬੋਲਣ ਅਤੇ ਗਾਉਣ ਦਾ ਬਹੁਤ ਪਹਿਲਾਂ ਤੋਂ ਹੀ ਸ਼ੌਕ ਸੀ ਪਰ ਅੱਜ ਉਹ “ਉਮਰ” ਅਤੇ “ਹੁਨਰ” ਦੇ ਜਿਸ ਮੁਕਾਮ ‘ਤੇ ਪੁੱਜ ਕੇ ਬੜੇ ਸਲੀਕੇ ਨਾਲ ਗ਼ਜ਼ਲਾਂ ਦੀ ਪੇਸ਼ਕਾਰੀ ਕਰ ਰਿਹਾ ਹੈ, ਇਹ “ਹੁਨਰ” ਉਸਨੇ ਬੜੇ ਸਿਰੜ ਨਾਲ ਸਿੱਖ-ਪੜ੍ਹਕੇ, ਮਿਹਨਤ ਕਰਦਿਆਂ, ਲੰਬੇ ਅਭਿਆਸ ਨਾਲ ਲਿਆ ਹੈ।

ਉਸਨੇ “ਗ਼ਜ਼ਲ” ਕਹਿਣ ਲਈ “ਇਲਮ-ਏ-ਅਰੂਜ਼” (ਗ਼ਜ਼ਲ ਵਿਧਾਨ) ਨੂੰ ਚੰਗੀ ਤਰ੍ਹਾਂ ਸਮਝਿਆ-ਵਿਚਾਰਿਆ ਅਤੇ ਪਰਪੱਕ ਕਰਕੇ, ਭਾਵਾਂ ਨੂੰ ਵਿਅਕਤ ਕਰਦਿਆਂ, ਆਪਣੀਆਂ “ਗ਼ਜ਼ਲਾਂ” ਨੂੰ ਮਿਆਰੀ ਅਤੇ ਸਾਰਥਕ ਬਣਾਇਆ ਹੈ॥

ਸਾਡੀ ਜਾਚੇ ਕੁਝ ਵਰਤਾਰੇ ਉਸਦੀ ਪ੍ਰਗਤੀ ਲਈ ਬੜੇ ਲਾਹੇਵੰਦ ਰਹੇ ਜਿਵੇਂ ਕਿ “ਇੰਟਰਨੈਸ਼ਨਲ ਪੰਜਾਬੀ ਸਾਹਿਤ ਸਭਾ ਲੰਡਨ” ਦੇ 21-22 ਵਰੵੇ ਦੀਆਂ ਲਗਾਤਰ ਨਿਯਮ-ਬੱਧ ਲਿਖਣ ਸਰਗਰਮੀਆਂ। ਉਹ ਸਭਾ ਦੇ ਪ੍ਰਧਾਨ, ਸਕੱਤਰ ਜਾਂ ਵਿਸ਼ੇਸ਼ ਮੈਂਬਰ ਵਜੋਂ ਵੀ ਕਾਰਜ-ਰੱਤ ਰਿਹਾ ਹੈ। ਸਾਹਿਤਕਾਰ, ਅਦੀਬ ਮਿਲ ਬੈਠਦੇ ਰਹੇ, ਸਮਾਗਮ-ਕਾਨਫ਼ਰੰਸਾਂ, ਬੈਠਕਾਂ ਹੁੰਦੀਆਂ ਰਹੀਆਂ। ਭਾਰਤ ਪਾਕਿਸਤਾਨ ਤੋਂ ਵੀ ਲਿਖਾਰੀ ਆਉਂਦੇ ਰਹੇ ਅਤੇ ‘ਅਜੀਬ’ ਲਈ ਜ਼ਮੀਨ ਤਿਆਰ ਹੁੰਦੀ ਗਈ।

ਇਸਦੇ ਨਾਲ ਹੀ “ਰਚਨਾ” ਮਾਸਕ ਪਰਚੇ ਦੀ ਲਗਪਗ ਦਸ ਕੁ ਸਾਲ ਦੀ ਸੰਪਾਦਨਾ ਨੇ ‘ਅਜੀਬ’ ਦੇ ਸੁਭਾਅ ਵਿੱਚ ਸੰਜਮ ਨੂੰ ਪੁਖ਼ਤਾ ਕੀਤਾ, ਸ਼ਬਦਾਂ ਨਾਲ ਮੇਲ-ਜੋਲ ਵਧਾਇਆ, ਦੂਜੇ ਲੇਖਕਾਂ ਦੀਆਂ ਰਚਨਾਵਾਂ ਨੂੰ ਪੜ੍ਹਣ ਅਤੇ ਘੋਖਣ-ਵਿਚਾਰਨ ਲਈ ਰਾਹ ਖੋਲ੍ਹੇ ਅਤੇ ਉਹ ਸਿਰਜਣਾ (ਲਿਖਣ) ਦੇ ਕਾਰਜ ਵਿੱਚ ਖੁੱਭ੍ਹਦਾ ਗਿਆ।

ਕੇਟੀਵੀ ਵਲੋਂ ਗੁਰਸ਼ਰਨ ਸਿੰਘ ਅਜੀਬ ਦੇ ਗ਼ਜ਼ਲ ਸੰਗ੍ਰਹਿ ‘ਰਮਜ਼ਾਵਲੀ’ ਸਬੰਧੀ ਕੀਤੇ ਗਏ ਲੋਕ-ਅਰਪਣ ਸਮਾਗਮ ਸਮੇਂ ਕੇਟੀਵੀ ਦੇ ਪ੍ਰੀਜ਼ੈਂਟਰ ਸ. ਸਰਬਜੀਤ ਸਿੰਘ ਢੱਕ ਵੱਲੋਂ ਅਜੀਬ ਜੀ ਨੂੰ ਸਨਮਾਨ ਸਰਟੀਡੀਕੇਟ ਭੇਟ ਕੀਤਾ ਗਿਆ।

ਸਮੇਂ ਦੀ ਗਤੀਸ਼ੀਲਤਾ ਨਾਲ ਗ਼ਜ਼ਲਾਂ ਦੀ ਆਮਦ ਲਈ ਦਰ ਖੁੱਲ੍ਹਣੇ ਆਰੰਭ ਹੋ ਗਏ। ਭਾਵਨਾ ਨੇ ਪੰਖ ਖੋਲ੍ਹੇ ਤੇ ਉਸਦੇ ਹਿਰਦੇ ਵਿੱਚੋਂ ਗ਼ਜ਼ਲਾਂ ਨੇ ਛਹਿਬਰ ਲਾ ਦਿੱਤੀ। ਆਪ ਮੁਹਾਰੇ ਹੋ “ਗ਼ਜ਼ਲਾਂ” ਨੇ ਅਜੀਬ ਦੇ ਬੁੱਲ੍ਹਾਂ ‘ਤੇ ਗੁਨਗੁਨਾਉਣਾ ਆਰੰਭਿਆ। ਕਲਮ ਦੀ ਨੋਕ ਨੇ ਪੁਖ਼ਤਾ ਗ਼ਜ਼ਲ ਦੇ ਨਕਸ਼ ਉਭਾਰਨੇ ਸ਼ੁਰੂ ਕਰ ਦਿੱਤੇ। “ਗ਼ਜ਼ਲ” ਦੀ ਪੈਰੀਂ ਪਏ ਘੁੰਗਰੂਆਂ ਨੇ ਤਾਲ ਆਰੰਭ ਦਿੱਤੀ। ਸਿੱਟੇ ਵਜੋਂ ਗੁਰਸ਼ਰਨ ਸਿੰਘ ਅਜੀਬ ਨੇ ਗ਼ਜ਼ਲ ਨੂੰ ਪੂਰੀ ਤਰ੍ਹਾਂ ਸਮਰਪਿਤ ਹੋਣ ਦੀ ਕਗਾਰ ਤੇ ਪੁੱਜਣ ਲਈ ਆਪਣੀ ਤੋਰ ਹੋਰ ਤੇਜ਼ ਕਰ ਲਈ। ਮੰਜ਼ਿਲ ਦੂਰ ਸੀ, ਸਫ਼ਰ ਲੰਮਾ ਸੀ ਪਰ ਵਿਸ਼ਵਾਸ਼ ਦੇ ਪੱਕੇ ‘ਅਜੀਬ’ ਨੇ, ਕਰੜੀ ਮਿਹਨਤ ਅਤੇ ਸਾਧਨਾ ਦਾ ਰਾਹ ਅਪਨਾਈ ਰੱਖਿਆ। ਸਿੱਟੇ ਵਜੋਂ ਆਸ ਨੂੰ ਬੂਰ ਤਾਂ ਪੈਣੇ ਹੀ ਸਨ।

1997 ਵਿੱਚ ਸੰਪਾਦਿਤ “ਬਰਤਾਨਵੀ ਪੰਜਾਬੀ ਗ਼ਜ਼ਲ” ਸੰਗ੍ਰਹਿ ਛਪਿਆ। ਜਿਸਦੇ ਸੰਪਾਦਕ ਗੁਰਸ਼ਰਨ ਸਿੰਘ ਅਜੀਬ ਅਤੇ ਗ਼ਜ਼ਲਗੋ/ਕਹਾਣੀਕਾਰ ਗੁਰਨਾਮ ਗਿੱਲ ਸਨ। ਇਸ ਸੰਗ੍ਰਹਿ ਵਿੱਚ “ਭਾਰਤੀ ਤੇ ਪਾਕਿਸਤਾਨੀ ਪੰਜਾਬਾਂ” ਤੋਂ ਆ ਕੇ ਬਰਤਾਨੀਆ ਵਿਚ ਪੱਕੇ ਤੌਰ ‘ਤੇ ਸੈਟਲ ਹੋਏ “ਬਰਤਾਨਵੀ ਪੰਜਾਬੀ ਗ਼ਜ਼ਲਕਾਰਾਂ” ਦੀਆਂ ਸ਼ਾਹਮੁਖੀ ਤੇ ਗੁਰਮੁਖੀ ਲਿਪੀ” ਵਿੱਚ ਗ਼ਜ਼ਲਾਂ ਸ਼ਾਮਲ ਸਨ।

ਇਸ ਸੰਗ੍ਰਹਿ ਉਪਰੰਤ ਫਿਰ ਲਗਪਗ ਗਿਆਰਾਂ ਸਾਲ ਬਾਅਦ 2008 ਵਿੱਚ 120 ਗ਼ਜ਼ਲਾਂ ਦਾ “ਕੂੰਜਾਂਵਲੀ”, ਛੇ ਸਾਲ ਉਪਰੰਤ 2014 ਵਿੱਚ 189 ਗ਼ਜ਼ਲਾਂ ਦਾ “ਪੁਸ਼ਪਾਂਜਲੀ”, ਚਾਰ ਸਾਲ ਬਾਅਦ 2018 ਵਿੱਚ 312 ਗ਼ਜਲਾਂ ਦਾ “ਗ਼ਜ਼ਲਾਂਜਲੀ”, ਅਤੇ ਹੁਣ ਤਿੰਨ ਸਾਲ ਉਪਰੰਤ 2021 ਵਿੱਚ 256 ਗ਼ਜ਼ਲਾਂ ਦਾ “ਰਮਜ਼ਾਂਵਲੀ” ਸੰਗ੍ਰਹਿ ਛਪਿਆ। ਹੁਣੇ ਹੁਣੇ “ਪੁਸ਼ਪਾਂਜਲੀ’ ਗ਼ਜ਼ਲ ਸੰਗ੍ਰਹਿ ਸ਼ਾਹਮੁਖੀ ਵਿੱਚ ਵੀ ਛੱਪ ਚੁੱਕਿਆ ਹੈ।

ਜੇਕਰ ਗ਼ਜ਼ਲਗੋ ‘ਅਜੀਬ’ ਵਲੋਂ ਗ਼ਜ਼ਲ-ਸਾਧਨਾ ਨੂੰ ਸਮਰਪਿਤ ਕੀਤਾ ਗਿਆ ਆਪਣੀ ਹਯਾਤੀ ਦਾ, ਅਸੀਂ ਪਹਿਲਾ ਕੁਝ ਸਮਾਂ ਨਾ ਵੀ ਗਿਣੀਏ ਤਾਂ ਵੀ 1997 ਵਿਚ ਸੰਪਾਦਿਤ ਕੀਤੇ “ਬਰਤਾਨਵੀ ਪੰਜਾਬੀ ਗ਼ਜ਼ਲ” ਨਾਮ ਦੇ ਗ਼ਜ਼ਲ ਸੰਗ੍ਰਹਿ ਉਪਰੰਤ ਅੱਜ 1997 ਤੋਂ 2021 ਤੱਕ ਦੀ ਘਾਲਣਾ ਨੂੰ ਹੀ ਲਗਪਗ 24 ਸਾਲ ਲੱਗ ਗਏ ਹਨ। ਪਹਿਲੇ ਸਾਲ ਪਾ ਲਈਏ ਤਾਂ ਘੱਟੋ ਘੱਟ 30 ਸਾਲ ਹੋਰ ਬਣ ਜਾਂਦੇ ਹਨ। ਅਦੀਬ ਦੋਸਤੋ! ਇੱਥੋਂ ਤੱਕ ਪੁੱਜਣ ਲਈ ਲੱਗਪੱਗ 54 ਸਾਲ ਦੀ ਘਾਲਣਾ ਥੋੜੀ ਨਹੀਂ ਹੁੰਦੀ। ਲਿਖਣਾ ਤਪੱਸਿਆ ਹੈ। ਸਹਿਜ ਨਹੀਂ ਹੁੰਦਾ। ਅਸ਼ਕੇ ਜਾਈਏ ਅਦੀਬ ‘ਗੁਰਸ਼ਰਨ ਸਿੰਘ ਅਜੀਬ’ ਦੇ, ਉਸਨੇ ਆਪਣਾ ਸਮੁੱਚਾ ਜੀਵਨ ਹੀ ‘ਗ਼ਜ਼ਲ’ ਦੇ ਲੇਖੇ ਲਾ ਦਿੱਤਾ ਹੈ।

ਉਸਨੇ ਹੁਣ ਤੱਕ ਲਗਪਗ 1500 ਤੋਂ ਵੀ ਵੱਧ ਗ਼ਜ਼ਲਾਂ ਲਿਖੀਆਂ। ਇੰਨੀਆਂ ਗ਼ਜ਼ਲਾਂ ਹੋਰ ਕਿਸੇ ਵੀ ਗ਼ਜ਼ਲਗੋ ਨੇ ਸ਼ਾਇਦ ਨਹੀਂ ਲਿਖੀਆਂ ਹੋਣਗੀਆਂ । ਦੋ ਹੋਰ ਗ਼ਜ਼ਲ ਸੰਗ੍ਰਹਿ: ‘ਬੰਦਗੀ’ ਅਤੇ ‘’ਜਾਮੇ-ਗ਼ਜ਼ਲ’ ਵੀ ਛੇਤੀ ਹੀ ਪ੍ਰਕਾਸ਼ਿਤ ਹੋ ਰਹੇ ਹਨ।

ਇਸ ਪੰਛੀ ਝਾਤ ਰਾਹੀਂ ਅਸੀਂ ਵੇਖਦੇ ਹਾਂ ਕਿ ਗ਼ਜ਼ਲਗੋ ਗੁਰਸ਼ਰਨ ਸਿੰਘ ਅਜੀਬ ਨੂੰ, ਗ਼ਜ਼ਲਗੋ ਤੋਂ “ਸਮਰਾਟ ਅਤੇ ਉਸਤਾਦ ਗ਼ਜ਼ਲਗੋ” ਬਣਨ ਵਿੱਚ ਬਹੁਤ ਲੰਮਾ ਸਮਾਂ ਲੱਗਿਆ ਹੈ।

ਜੀਵਨ ਬੜਾ ਵਿਸ਼ਾਲ ਅਤੇ ਗੁੰਝਲਦਾਰ ਹੈ। ਨਿਰੰਤਰ ਸਾਧਨਾ ਵਿੱਚ ਜੁੱਟੇ ਗ਼ਜ਼ਲਗੋ ‘ਅਜੀਬ’ ਨੇ ਆਪਣੀਆਂ ਗ਼ਜ਼ਲਾਂ ਲਈ ਜੀਵਨ ਨੂੰ ਚੁਨੌਤੀਆਂ ਦੇਂਦੇ ਬਹੁਤ ਸਾਰੇ ਵਿਸ਼ੇ ਅਤੇ ਸਮੱਸਿਆਵਾਂ ਨੂੰ ਆਧਾਰ ਬਣਾਇਆ ਹੈ। ਉਸਨੇ ਪ੍ਰਮੁੱਖ ਤੌਰ ਤੇ ਪਿਆਰ, ਪਰਵਾਸ, ਸਮਾਜਿਕ ਰਿਸ਼ਤੇ ਅਤੇ ਰਿਸ਼ਤਿਆਂ ਦੀ ਟੁੱਟ-ਭੱਜ, ਨਵੀਂ ਪੀੜ੍ਹੀ ਦੀ ਦੁਬਿਧਾ ਜਾਂ ਸਮੇਂ ਕਾਰਨ ਪੀੜ੍ਹੀ-ਪਾੜੇ ਦੇ ਨਾਲ ਨਾਲ ਸਮੁੱਚੇ ਜੀਵਨ ਸਾਹਮਣੇ ਆ ਰਹੀਆਂ ਚੁਨੌਤੀਆਂ ਨੂੰ ਵੀ ਚਿਤਰਿਆ ਹੈ। ਉਹ ਸੁੰਦਰਤਾ ਦਾ ਪੁਜਾਰੀ ਹੈ। ਸੁੰਦਰਤਾ ਨੂੰ ਮਾਣਦਿਆਂ ਮਾਣਦਿਆਂ ਉਹ ਰੂਹਾਨੀਅਤ ਦੇ ਸਨਮੁੱਖ ਹੋ ਗਿਆ। ਇਸ਼ਕ, ਮਜਾਜ਼ੀ ਤੋਂ ਅੱਗੇ ਹਕੀਕੀ ਪਿਆਰ ਦੀਆਂ ਬਾਤਾਂ ਕਰਨ ਲੱਗ ਪਿਆ ਹੈ। ਉਸਦੀ ਨਜ਼ਰ ਦੇ ਘੇਰੇ ਵਿੱਚ ਸਾਰੀ ਮਨੁੱਖਤਾ ਦੇ ਨਾਲ ਨਾਲ ਨਿੱਜ ਤੋਂ ਅੱਗੇ ਸਾਰਾ ਸੰਸਾਰ ਹੀ ਆ ਬਹੁੜਿਆ ਅਤੇ ਉਹ ਗ਼ਜ਼ਲ ਕਹਿੰਦਾ ਹੋਇਆ ਗ਼ਜ਼ਲ ਨੂੰ ਹੀ ਪਰਨਾਇਆ ਗਿਆ ਹੈ। ਗ਼ਜ਼ਲ ਹੀ ਉਸ ਲਈ ਜੀਣ ਦਾ ਇਕ ਮਕਸਦ ਬਣ ਗਿਆ ਹੈ।

ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ ਲਿਖਦੇ ਹਨ: “ਰਮਜ਼ਾਂਵਲੀ” ਦਾ ਵਿਸ਼ਾ ਵਸਤੂ ਬਹੁ-ਪੱਖੀ ਹੈ। ਬੇਸ਼ਕ ਇਸ ਵਿੱਚ ਦਰਜ ਬਹੁਤੀਆਂ ਗ਼ਜ਼ਲਾਂ ਪਿਆਰ ਮੁਹੱਬਤ ਦੇ ਵਿਸ਼ੇ ਨਾਲ ਸਬੰਧਿਤ ਹਨ ਪਰ ਇਸ ਤੋਂ ਇਲਾਵਾ ਭੂ-ਹੇਰਵਾ, ਮੌਜੂਦਾ ਪੰਜਾਬ ਦੇ ਹਾਲਾਤਾਂ ਦਾ ਦਰਦ,…..ਵਧ ਰਿਹਾ ਪੀੜ੍ਹੀ ਪਾੜਾ, ਮਨੁੱਖੀ ਜੀਵਨ ਦੀ ਹੋ ਰਹੀ ਮਾਨਿਸਕ ਟੁੱਟ ਭੱਜ, ਮਨੁੱਖੀ ਰਿਸ਼ਤਿਆਂ ਦੇ ਨਿੱਤ ਬਦਲਦੇ ਸਮੀਕਰਨ, ਰਾਜਨੀਤਕ ਗਿਰਾਵਟ, ਸਮਾਜ ਵਿਚ ਵੱਧ ਰਿਹਾ ਭਰਿਸ਼ਟਾਚਾਰ, ਅਨਾਚਾਰ ਤੇ ਅਨਰਥ, ਕਿਰਤੀ ਕਿਰਸਾਨ ਦੀ ਨਿਘਰਦੀ ਜਾ ਰਹੀ ਹਾਲਤ ਅਤੇ ਮਨੁੱਖੀ ਸੋਚ ਵਿਚ ਭਾਰੂ ਹੋ ਰਹੀਆਂ ਪਦਾਰਥੀ ਰੁਚੀਆਂ ਕਾਰਨ ਆ ਰਹੀ ਸੰਕੀਰਨਤਾ ਆਦਿ ਅਨੇਕਾਂ ਵਿਸ਼ਿਆ ਉੱਤੇ ਕਲਮ ਚਲਾਈ ਗਈ ਹੈ।”

ਹੋਰ ਬਹੁਤੇ ਵਿਸਥਾਰ ਵਿੱਚ ਨਾ ਜਾਂਦਿਆਂ ਹਾਜ਼ਰ ਹਨ ਉਸ ਦੀਆਂ ਗ਼ਜ਼ਲਾਂ ਦੀਆਂ ਕੁਝ ਵੰਨਗੀਆਂ:

1. ਗ਼ਜ਼ਲਗੋ ਗੁਰਸ਼ਰਨ ਸਿੰਘ ਅਜੀਬ ਦਾ ਮੰਨਣਾ ਹੈ ਕਿ “ਗ਼ਜ਼ਲ” ਕਹਿਣ ਲਈ “ਗ਼ਜ਼ਲ-ਪਿੰਗਲ” ਅਰਥਾਤ “ਇਲਮ-ਏ-ਅਰੂਜ਼” ਸਿੱਖਣਾ-ਪੜ੍ਹਣਾ ਬੇਹੱਦ ਜ਼ਰੂਰੀ ਹੈ:

ਗ਼ਜ਼ਲ ਜੇ ਆਖਣੀ ਮਿਤਰੋ ਗ਼ਜ਼ਲ-ਪਿੰਗਲ ਪੜ੍ਹੋ ਪਹਿਲਾਂ,
ਅਖਾੜਾ ਏਸ ਦਾ ਡਾਢਾ ਗ਼ਲਤ ਘੋਲੀ ਢਹੇ ਯਾਰੋ।
….
ਗ਼ਜ਼ਲ ਪੱਕੀ ਅਸੂਲਾਂ ਦੀ ਸਦਾ ਬੰਦਸ਼ ‘ਚ ਰਹਿੰਦੀ ਹੈ,
ਕਰੇ ਨਾ ਪਾਰ ਰੇਖਾਵਾਂ ਇਹ ਸੀਤਾ ਬਣ ਰਹੇ ਯਾਰੋ। (ਗ਼ਜ਼ਲ 191)

2. “ਗ਼ਜ਼ਲ” ਨੂੰ ਬੰਦਗੀ ਮੰਨਦਿਆਂ ਅਤੇ ਅਭਿਆਸ ‘ਤੇ ਜ਼ੋਰ ਦੇਦਿਆਂ —ਬੜੀ ਹੀ ਹਲੀਮੀ ਨਾਲ — ਸੰਪੂਰਨ ਹੁੰਦਿਆਂ ਹੋਇਆਂ ਵੀ ਉਹ “ਰਮਜ਼ਾਂਵਲੀ” ਵਿਚ ਲਿਖਦਾ ਹੈ:

ਹੋਈ ਗ਼ਜ਼ਲ ਦੀ ਬੰਦਗੀ ਤੇਰੀ ਪੂਰੀ ਨਹੀਂ,
ਕਰਨਾ ਅਜੇ ‘ਗੁਰਸ਼ਰਨ’ ਕੁਝ ਅਭਿਆਸ ਬਾਕੀ ਹੈ। (ਗ਼ਜ਼ਲ 8)

3. ਇਨਸਾਨੀਅਤ ਲਈ ਫਿ਼ਕਰ ਕਰਦਿਆਂ ਚਾਨਣ ਭਾਲਦਾ ਹੈ:

(ੳ)
ਚਾਨਣ ਮੁਨਾਰਾ ਬਣ ਕੇ ਆਵੇ ਜੋ ਸਭਨਾ ਖ਼ਾਤਰ,
ਲੈ ਕੇ ਜੋ ਆਏ ਖ਼ੁਸ਼ੀਆਂ ਪਰਭਾਤ ਲਿਖ ‘ਅਜੀਬਾ’।

ਏਕੇ ਦੇ ਜੋ ਨੇ ਹਾਮੀ ਤੂੰ ਭਰ ਉਨ੍ਹਾਂ ਦੀ ਹਾਮੀ,
ਵੰਡੇ ਜੋ ਲੋਕਤਾ ਨੂੰ ਨਾ ਜ਼ਾਤ ਲਿਖ ‘ਅਜੀਬਾ’॥
(ਗ਼ਜ਼ਲ 58)

(ਅ)
ਨਾ ਮੈਂ ਹਿੰਦੂ, ਸਿੱਖ, ਮੁਸਲਮਾਂ, ਬੋਧੀ ਨਾ ਇਸਾਈ।
ਮੈਂ ਆਸ਼ਕ ਇਨਸਾਨੀਅਤ ਦਾ ਮੁਢ ਤੋਂ ਜੋ ਅਪਨਾਈ। (ਗ਼ਜ਼ਲ 40)

4. ‘ਅਜੀਬ’ ਸਭ ਦਾ ਭਲਾ ਮੰਗਦਾ ਹੈ ਅਤੇ ਮਨੁੱਖੀ ਹੱਕ ਲਈ ਖੜ੍ਹਨਾ ਲੋਚਦਾ ਹੈ:

ਸਭ ਦਾ ਭਲਾ ਇਹ ਸੋਚੇ ਮਾੜਾ ਕਦੇ ਨਾ ਲੋਚੇ,
ਲੋਕਾਂ ਦੀ ਭਾਈਵਾਲਣ ਅਸਲੀ ਗ਼ਜ਼ਲ ਹੈ ਮੇਰੀ।

ਹੱਕਾਂ ਲਈ ਹੈ ਲੜਨਾ ਤਕੀਆ-ਕਲਾਮ ਇਸ ਦਾ,
ਫੜ੍ਹ ਕੇ ਮਸ਼ਾਲ ਹਥ ਵਿਚ ਬਲਦੀ ਗ਼ਜ਼ਲ ਹੈ ਮੇਰੀ। (ਗ਼ਜ਼ਲ 67)

5. ਕਿੰਨੀ ਸਾਦਗੀ ਨਾਲ ਜੀਵਨ ਦੀ ਸਚਿਆਈ ਪੇਸ਼ ਕਰਦਿਆ ਲਿਖਦਾ ਹੈ:

(ੳ)
ਦਿਨ ਚਾਰ ਜ਼ਿੰਦਗੀ ਦੇ ਹਸ ਕੇ ਗੁਜ਼ਾਰ ਬੰਦੇ।
ਜਿੰਨਾ ਕੁ ਕਰ ਹੈਂ ਸਕਦਾ ਕਰ ਲੈ ਐ ਪਿਆਰ ਬੰਦੇ।

ਛੋਟੀ ਹੈ ਜ਼ਿੰਦਗਾਨੀ ਜਿੱਦਾਂ ਹੈ ਵਾ-ਵਰੋਲਾ,
ਇਸ ਬੀਤ ਜਾਣਾ ਫ਼ੌਰਨ ਇਹ ਨਾ ਵਿਸਾਰ ਬੰਦੇ।
(ਗ਼ਜ਼ਲ 172)

(ਅ)
ਵਗਦੀ ਨਦੀ ਦਾ ਪਾਣੀ ਵਾਪਸ ਕਦੇ ਨਾ ਮੁੜਣਾ।
ਜਗ ਤੋਂ ਗਿਆ ਪਰਾਣੀ ਵਾਪਸ ਕਦੇ ਨਾ ਮੁੜਨਾ। (ਗ਼ਜ਼ਲ 35)

(6) ਭਾਰਤ ਵਿਚ ਕਰਜ਼ਿਆਂ ਹੇਠ ਮਰ ਰਹੇ ਕਿਸਾਨਾਂ ਨੂੰ ਵੇਖਦਿਆਂ ਲਿਖਦਾ ਹੈ:

ਕਰਜ਼ਿਆਂ ਵਿਚ ਮਰ ਰਿਹਾ ਕਿਰਸਾਨ ਮੈਂ ਨਿਤ ਵੇਖਦਾਂ।
ਚੁੱਪ ਉਸ ਦੀ ਮੌਤ ‘ਤੇ ਸੁਲਤਾਨ ਮੈਂ ਨਿਤ ਵੇਖਦਾਂ

(7) ‘ਬੇਟੀ ਬਚਾਓ’ ਦੇ ਨਾਹਰੇ ਲੱਗ ਰਹੇ ਨੇ ਪਰ ਨਾਲ ਹੀ ਨਾਰੀ ਦਾ ਸੋਸ਼ਣ ਵੀ ਜਾਰੀ ਹੈ:

“ਬੇਟੀ ਬਚਾਓ” ਨਾਹਰਾ ਸੁਣ ਸੁਣ ਗਏ ਹਾਂ ਥੱਕ,
ਫਿਰ ਹੋ ਰਿਹਾ ਕਿਉਂ ਸੋਸ਼ਣ ਨਾਜ਼ੁਕ-ਕਲੀ ਦੇ ਨਾਲ। (ਗ਼ਜ਼ਲ 124)

ਬਰਤਾਨੀਆ ਵੱਸਦਾ ਇੱਕ ਹੋਰ ਸਮਰੱਥ ਗ਼ਜ਼ਲਗੋ ਭੁਪਿੰਦਰ ਸੱਗੂ “ਰਮਜ਼ਾਂਵਲੀ” ਸਬੰਧੀ ਲਿਖਦਾ ਹੈ: “ਇਸ ਗ਼ਜਲ ਸੰਗ੍ਰਹਿ ਵਿੱਚ ਸ਼ਾਮਲ ਕੀਤੀਆ ਗ਼ਜ਼ਲਾਂ ਪੜ੍ਹਣ ਤੋਂ ਬਾਅਦ ਮਾਲੂਮ ਹੁੰਦਾ ਹੈ ਕਿ ਸ਼ਿਅਰਾਂ ਵਿਚ ਦਲੀਲ, ਦਾਨਸ਼ਵਰੀ, ਪਾਕੀਜ਼ਗੀ, ਪੁਖ਼ਤਗੀ ਨਾਲ ਭਰਪੂਰ ਹੈ। ਆਪ ਦੀਆਂ ਖ਼ਿਆਲ-ਉਡਾਰੀਆਂ ਗਗਨਾਂ ਨੂੰ ਛੋਂਹਦੀਆਂ ਹਨ।”

ਗ਼ਜ਼ਲਗੋ ‘ਅਜੀਬ’ ਦੇ ਸ਼ਬਦਕੋਸ਼ ਵਿਚ “ਖੜੋਤ” ਨੂੰ ਕੋਈ ਥਾਂ ਨਹੀਂ। ਉਹ ਇੱਕ ਹੋਰ, ਇੱਕ ਹੋਰ ‘ਗ਼ਜ਼ਲ’ ਕਹਿਣ ਲਈ ਹਰ ਸਮੇਂ ਤਿਆਰ ਬਰ ਤਿਆਰ ਹੈ। ਉਸਦੀ ਇੱਕ ਗ਼ਜ਼ਲ ਜਦੋਂ ਦੇਖੀ ਤਾਂ ਮੈਂ 60-65 ਸਾਲ ਪਿੱਛੇ ਚਲਾ ਗਿਆ। ਆਦਮਪੁਰ ਤੋਂ ਨਿਕਲਦੇ ਮਾਸਿਕ ਪਰਚੇ ‘ਪੱਤਣ’ ਵਿੱਚ ਛਪੀ ਸਵਰਗਵਾਸੀ ਰਣਜੀਤ ਸਿੰਘ ਖੜਗ ਦੀ ਇੱਕ ਗ਼ਜ਼ਲ ਦੇ ਕੁਝ ਸ਼ੇਅਰ ਸੁਭਾਇਕੇ ਹੀ ਮੇਰੇ ਬੁੱਲ੍ਹਾਂ ਤੇ ਆ ਗਏ:

ਮੇਰੀ ਸੱਜਣੀ ਮੇਰੀ ਦਰਦਨ ਅਜੇ ਤਕ ਰਾਤ ਬਾਕੀ ਹੈ।
ਲਹੂ ਲਿਬੜੀ ਭਰੀ ਹੰਝੂਆਂ ਦੀ ਕੁਝ ਕੁ ਬਾਤ ਬਾਕੀ ਹੈ।

ਹੁਣੇ ਨਾ ਸੌਂ ਹੁੰਗਾਰਾ ਭਰ ਹੁਲਾਰਾ ਆਉਣ ਦੇ ਜੀਅ ਨੂੰ,
ਕਿ ਗ਼ਮ ਨਾਲ ਗ਼ਮ ਨੂੰ ਪਰਚਾਈਏ ਬੜੀ ਆਫ਼ਾਤ ਬਾਕੀ ਹੈ।

ਗ਼ਜ਼ਲਗੋ ਅਜੀਬ ਨੇ ਤਾਂ ਹੋਰ ਵੀ ਕਮਾਲ ਕਰ ਦਿੱਤੀ:
============================

ਕਹਾਂਗਾ ਮੈਂ ਗ਼ਜ਼ਲ ਇਕ ਹੋਰ ਯਾਰੋ ਰਾਤ ਬਾਕੀ ਹੈ।
ਜੋ ਕਹਿਣੀ ਆਪਣੇ ਦਿਲ ਦੀ ਅਜੇ ਉਹ ਬਾਤ ਬਾਕੀ ਹੈ।

ਗ਼ਜ਼ਲ ਮੇਰੀ ਨੇ ਇਕ ਦਿਨ ਢੁੱਕਣੈਂ ਲਾੜੇ ਕਿਸੇ ਵਾਂਗਰ,
ਜੋ ਜਾਣੀ ਅਪਸਰਾਵਾਂ ਘਰ ਅਜੇ ਬਾਰਾਤ ਬਾਕੀ ਹੈ।

ਮੇਰੇ ਸਾਹਾਂ ‘ਚ ਜੁੰਬਸ਼ ਹੈ ਮੇਰੇ ਜਜ਼ਬਾਤ ਵੀ ਕਾਇਮ,
ਮੈਂ ਜੋ ਗਲ ਆਖਣੀ ਰੂਹ ਦੀ ਅਜੇ ਹਜ਼ਰਾਤ ਬਾਕੀ ਹੈ।

ਨਾ ਚਾਹਾਂ ਮੈਂ ਕੋਈ ਤਗ਼ਮੇਂ ਰਤਨ-ਭਾਰਤ ਕਿਸੇ ਕੋਲੋਂ,
ਜੁ ਮਿਲਣੀ ਪਾਠਕਾਂ ਪਾਸੋਂ ਅਜੇ ਸੌਗ਼ਾਤ ਬਾਕੀ ਹੈ।

ਵਿਸ਼ੇ ਭਰਨੇ ਗ਼ਜ਼ਲ ਅੰਦਰ ਅਜੇ ਮੈਂ ਹੋਰ ਨੇ ਯਾਰੋ,
ਭਰੂੰ-ਹੱਤਿਆ ਨਿਆਂ ਹਕ ਸਚ ਨਸ਼ੇ ਅਰਥਾਤ ਬਾਕੀ ਹੈ।

‘ਅਜੀਬਾ’ ਮੇਘ ਖੁਸ਼ੀਆਂ ਦੇ ਵਰ੍ਹਨਗੇ ਘਰ ਤੇਰੇ ਅੰਦਰ,
ਖੁਸ਼ੀ ਜੋ ਬਖਸ਼ਣੀ ਰੱਬ ਨੇ ਉਹ ਮਿਲਣੀ ਦਾਤ ਬਾਕੀ ਹੈ।

ਦੋਸਤੋ! ਇਹ ਦੀਵਾਨ “ਰਮਜ਼ਾਂਵਲੀ” ਪੜ੍ਹਣ ਅਤੇ ਸੰਭਾਲਣ ਯੋਗ ਦਸਤਾਵੇਜ਼ ਹੈ। “ਰਮਜ਼ਾਂਵਲੀ” ਗ਼ਜ਼ਲ ਸੰਗ੍ਰਹਿ ਲਈ “ਉਸਤਾਦ-ਸਮਰਾਟ ਗ਼ਜ਼ਲਗੋ ਗੁਰਸ਼ਰਨ ਸਿੰਘ ਅਜੀਬ” ਨੂੰ ਹਾਰਦਿਕ ਵਧਾਈ ਦੇਂਦਿਆਂ ਕਹਿਣਾ ਬਣਦਾ ਹੈ:
ਜਾਪਦੈ ‘ਗੁਰਸ਼ਰਨ’ ਸਿਰਜੇਂਗਾ ਗ਼ਜ਼ਲ ਇਤਿਹਾਸ ਤੂੰ,
ਕਰ ਰਿਹਾ ਤੇਰੇ ‘ਤੇ ਕਿਰਪਾ ਕਾਵਿ ਦਾ ਭਗਵਾਨ ਹੈ।
ਆਮੀਨ!
23 ਦਸੰਬਰ 2021

***
553
***

About the author

ਗੁਰਦਿਆਲ ਸਿੰਘ ਰਾਏ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ