19 June 2024

ਸੱਤ ਗ਼ਜ਼ਲਾਂ—ਗੁਰਸ਼ਰਨ ਸਿੰਘ ਅਜੀਬ (ਲੰਡਨ)

Paste Here
ਚਾਰ ਕਿਤਾਬਾਂ ਕੁਝ ਇਕ ਗ਼ਜ਼ਲਾਂ ਇਹ ਸਾਡਾ ਸਰਮਾਇਆਹੈ!
(SSx7+S)
1. ਗ਼ਜ਼ਲ

ਚਾਰ ਕਿਤਾਬਾਂ ਕੁਝ ਇਕ ਗ਼ਜ਼ਲਾਂ ਇਹ ਸਾਡਾ ਸਰਮਾਇਆ ਹੈ॥
ਪੰਜ ਦਹਾਕੇ ਮਾਰ ਕੇ ਝੱਖਾਂ ਮੁਸ਼ਕਲ ਨਾਲ ਕਮਾਇਆ ਹੈ॥

ਨਾਲ ਗ਼ਜ਼ਲ ਦੇ ਇਸ਼ਕ ਹੈ ਕੀਤਾ ਹੋਰ ਕਿਤੇ ਮਨ ਲਾਇਆ ਨਾ,
ਰਾਤ ਦਿਨੇ ਕਰ ਬਾਤਾਂ ਇਸ ਸੰਗ ਮਨ ਅਪਣਾ ਬਹਿਲਾਇਆ ਹੈ॥

ਇਸ਼ਕ-ਹਕੀਕੀ ਇਸ਼ਕ-ਮਿਜ਼ਾਜੀ ਨਾਲ ਗ਼ਜ਼ਲ ਹੀ ਕੀਤਾ  ਏ,
ਹੋਰ ਕਿਸੇ ਦੇ ਨਾਲ ਅਸਾਂ ਨਾ ਪੇਚਾ-ਵੇਚਾ ਲਾਇਆ ਹੈ॥

ਜਦ ਦਿਲ ਕਰਦੈ ਪਰਚਾਵਣ ਨੂੰ ਦਿਲਾ ਅਪਣਾ ਉਪਰਾਮ ਜਿਹਾ,
ਨਾਲ ਗ਼ਜ਼ਲ ਕਰ ਗੁਫ਼ਤਗੂਆਂ ਨਿਤ ਮਨ ਅਪਣਾ ਪਰਚਾਇਆ ਹੈ॥

ਇਸ ਦੀ ਸ਼ੋਖ਼ ਅਦਾ ਹਰ ਉੱਤੇ ਮਤਲੇ ਮਿਸਰੇ ਆਖੇ ਨਿਤ,
ਲਿਖ ਲਿਖ ਰੂਪ ਬਦਨ ਇਸ ਦੇ ‘ਤੇ, ਨਾਂ ਇਸ ਦਾ ਚਮਕਾਇਆ ਹੈ॥

ਸ਼ਾਲਾ ! ਨਜ਼ਰ ਨਾ ਲੱਗੇ ਇਸ ਨੂੰ ‘ਗੁਰਸ਼ਰਨਾ’ ਜੁਗ ਜੁਗ ਜੀਵੇ ਇਹ,
ਸੰਗ ਗ਼ਜ਼ਲ ਦੇ ਇਸ਼ਕ ਹੈ ਕੀਤਾ ਜੀਵਨ ਲੇਖੇ ਲਾਇਆ ਹੈ॥

ਨਿੱਤ ‘ਅਜੀਬ’ ਗ਼ਜ਼ਲ ਲਿਸ਼ਕਾਈ ਸੋਧੀ ਮਾਂਜੀ ਹਰ ਵੇਲੇ,
ਇਸ ਦਾ ਤਨ ਮਨ ਬਾਹਰੋਂ ਅੰਦਰੋਂ ਜਿਉਂ ਬਰਤਨ ਲਿਸ਼ਕਾਇਆ ਹੈ॥

13.11.2021
**

ਮੈਂ ਨਾ ਬੋਲਾਂ ਬੋਲਦੀ ਮੇਰੀ ਗ਼ਜ਼ਲ!
(SISS. SISS.SIS) 
ਬਹਿਰ: ਰਮਲ

2. ਗ਼ ਜ਼ ਲ

ਮੈਂ   ਨਾ  ਬੋਲਾਂ    ਬੋਲਦੀ   ਮੇਰੀ   ਗ਼ਜ਼ਲ।
ਭੇਦ   ਦਿਲ   ਦੇ   ਖੋਲ੍ਹਦੀ  ਮੇਰੀ  ਗ਼ਜ਼ਲ।

ਆਬਸ਼ਾਰਾਂ   ਦਾ  ਵਹਾਅ  ਝਰਨਾ  ਅਜਬ,
ਪਰਬਤੀਂ   ਰਸ  ਘੋਲਦੀ  ਮੇਰੀ   ਗ਼ਜ਼ਲ॥

ਰੰਗ  ਦੇ   ਵਿਚ   ਭੰਗ   ਨਾ   ਪਾਵੇ  ਕਦੇ,
ਖ਼ੁਸ਼   ਰਹੇ  ਨਾ   ਡੋਲਦੀ  ਮੇਰੀ   ਗ਼ਜ਼ਲ।

ਤੋਲ ਤੇ ਬਹਿਰਾਂ ਦੀ ਪੂਰਨ  ਇਹ  ਗ਼ੁਲਾਮ,
ਨਿਤ  ਹੈ  ਆਪਾ  ਤੋਲਦੀ  ਮੇਰੀ   ਗ਼ਜ਼ਲ।

ਦਾਸਤਾਂ   ਰੰਗੇ-ਹਿਨਾ    ਹੈ   ਇਸ਼ਕ   ਦੀ,
ਰੰਗ  ਨਿਹੁੰ  ਦਾ  ਘੋਲਦੀ  ਮੇਰੀ  ਗ਼ਜ਼ਲ।

ਜਦ  ਕਹਾਂ  ਮਤਲਾਅ  ਮੈਂ  ਕੋਈ  ਏਸ  ‘ਤੇ,
ਖ਼ੁਦ  ਮੂੰਹੋਂ   ਫਿਰ  ਬੋਲਦੀ  ਮੇਰੀ  ਗ਼ਜ਼ਲ।

ਜਦ  ਭਰਾਂ  ਪਰਵਾਜ਼  ਮੈਂ  ਆਕਾਸ਼  ਵਿਚ,
ਪਰ,  ਮਿਰੇ  ਫੜ  ਤੋਲਦੀ  ਮੇਰੀ  ਗ਼ਜ਼ਲ।

ਲੋਚਦੀ   ਸਭ   ਦਾ   ਭਲਾ  ਤੇ  ਬਿਹਤਰੀ,
ਖ਼ੈਰ  ਸਭ  ਦੀ   ਟੋਲਦੀ   ਮੇਰੀ  ਗ਼ਜ਼ਲ॥

ਗੁਮ  ਜੇ ਹੋਵੇ  ਏਸ ‘ਚੋਂ  ਇਸ  ਦਾ  ਵਜੂਦ,
ਫੇਰ   ਖਰ੍ਹਵਾ   ਬੋਲਦੀ    ਮੇਰੀ   ਗ਼ਜ਼ਲ।

ਹਰ ਵਿਸ਼ੇ ਹਰ ਪਹਿਲੂ ‘ਤੇ  ਮੈਂ ਕਹਿ ਰਿਹਾਂ,
ਰਾਸਤੇ-ਨਵ   ਟੋਲਦੀ    ਮੇਰੀ   ਗ਼ਜ਼ਲ॥

ਵਿਚ  ਮੁਸੀਬਤ  ਵੀ  ਰਹੇ   ਬਣ  ਸ਼ੇਰਨੀ,
ਜੂਝਦੀ !  ਨਾ   ਡੋਲਦੀ    ਮੇਰੀ   ਗ਼ਜ਼ਲ।

ਵਾਂਗ   ਤਿਤਲੀ   ਲੋਚਦੀ  ਉਡਣਾ  ਸਦਾ,
ਕਾਵਿ-ਮਿਸਰੇ  ਟੋਲਦੀ   ਮੇਰੀ   ਗ਼ਜ਼ਲ।

ਵਜ਼ਨ ਅਪਣੇ ਦਾ ਸਦਾ ਰਖਦੀ ਖ਼ਿਆਲ,
ਖ਼ੁਦ ਨੂੰ ਮੁੜ ਮੁੜ  ਤੋਲਦੀ ਮੇਰੀ ਗ਼ਜ਼ਲ॥

ਜੇਸ ਦਿਨ ‘ਗੁਰਸ਼ਰਨ’ ਆਖੇ ਨਾ ਗ਼ਜ਼ਲ,
ਸੰਗ ਉਸ  ਨਾ   ਬੋਲਦੀ  ਮੇਰੀ   ਗ਼ਜ਼ਲ।

ਜਦ ਕਹੇ  ‘ਗੁਰਸ਼ਰਨ’ ਬੇਵਜ਼ਨਾਂ ਕਲਾਮ,
ਉਸ  ਨੂੰ ਵੀ  ਪੜਚੋਲਦੀ  ਮੇਰੀ  ਗ਼ਜ਼ਲ।

(SISSX2+SIS)
**

ਗ਼ੁੱਸੇ ਦੇ ਵਿਚ ਪਿਆਰੇ ਪਿਆਰੇ ਲਗਦੇ ਓ!
(SSx5+S) ਬਹਿਰ: ਮੁਤਦਾਰਿਕ

3. ਗ਼ਜ਼ਲ

ਗ਼ੁੱਸੇ ਦੇ ਵਿਚ  ਪਿਆਰੇ  ਪਿਆਰੇ  ਲਗਦੇ ਓ॥
ਬਿਨ ਅਗਨੀ ਦੇ ਅਗਨ-ਸ਼ਰਾਰੇ  ਲਗਦੇ ਓ॥

ਬਿਨ ਗਹਿਣੇ  ਬਿਨ ਗੱਟੇ  ਬਿਨ ਸ਼ਿੰਗਾਰ ਕਰੇ,
ਪਹਿਲਾਂ  ਤੋਂ  ਵੀ  ਵੱਧ   ਸ਼ਿੰਗਾਰੇ  ਲਗਦੇ  ਓ॥

ਤਿਰਛੀ ਤਿਰਛੀ ਤੇਜ਼ ਨਜ਼ਰ ਰੰਗ ਲਾਲ ਜਿਹਾ,
ਜੋਬਨ  ਭਰਵੇਂ   ਸੋਨ   ਸਿਤਾਰੇ   ਲਗਦੇ   ਓ॥

ਹਿੱਸਾ ਬਣ ਕੇ ਕਾਦਰ ਦੀ ਉਸ ਕਾਇਨਾਤ ਦਾ,
ਦੁਨੀਆ  ਭਰ  ਦੇ ਅਜਬ ਨਜ਼ਾਰੇ ਲਗਦੇ ਓ॥

ਜਾਂਦੇ  ਜਾਂਦੇ  ਕਰ  ਜਾਂਦੇ  ਹੋ   ਕਤਲ  ਜਨਾਬ,
ਸੀਨਾ  ਚੀਰ   ਦਵੇ   ਜੋ  ਆਰੇ  ਲਗਦੇ  ਓ॥

ਭਖ਼ਦੇ ਅਗਨ-ਸ਼ਰਾਰੇ ਹੋ ਪਰ ਫਿਰ ਭੀ ਆਪ,
ਸੀਤ  ਜਿਹੇ ਮਨ-ਮਸਤ  ਫ਼ੁਹਾਰੇ  ਲਗਦੇ ਓ॥

ਵਾਰੇ   ਜਾਵਾਂ   ਸ਼ੋਖ਼   ‘ਅਜੀਬ’  ਅਦਾਵਾਂ   ਤੋਂ,
ਮਿੱਠੇ ਅੰਦਰੋਂ  ਬਾਹਰੋਂ  ਪਿਆਰੇ  ਲਗਦੇ  ਓ॥

ਯਾਰੋ ਖ਼ਫ਼ਾ ਨਾ ਹੋਵੋ ਕਰਕੇ ਤਾਂ ਪਿਆਰ ਵੇਖੋ
(SSI+SISSX2)
**
4. ਗ਼ਜ਼ਲ

ਯਾਰੋ ਖ਼ਫ਼ਾ ਨਾ ਹੋਵੋ ਕਰ ਕੇ ਤਾਂ ਪਿਆਰ ਵੇਖੋ।
ਇਸ ਜ਼ਿੰਦਗੀ ‘ਚੋਂ ਭੁੱਲਾਂ ਸ਼ਿਕਵੇ ਵਿਸਾਰ ਵੇਖੋ।

ਰੁੱਸਣ ਨਾ ਮੀਤ ਅਪਣੇ ਸਭ ਨੂੰ ਮੁਆਫ਼ ਕਰ ‘ਦੋ,
ਭਰਿਆ ਜੋ ਸੰਗ ਖ਼ੁ਼ਸ਼ੀਆਂ ਜੀਵਨ ਗੁਜ਼ਾਰ ਵੇਖੋ।

ਰੁੱਸੇ ਮਨਾਵਣੇ ਤਾਂ ਔਖੇ ਬੜੇ ਨੇ ਹੁੰਦੇ,
ਨਜ਼ਦੀਕ ਜਾ ਉਨ੍ਹਾਂ ਦੇ ਬਾਹਾਂ ਪਸਾਰ ਵੇਖੋ।

ਵਾਰੀ ਹੈ ਜਿੰਦ ਅਪਣੀ ਆਪਾਂ ਨੇ ਸਭ ਦੀ ਖ਼ਾਤਰ,
ਸਾਥੋਂ ਵੀ ਜਿੰਦ ਯਾਰੋ ਕਰਕੇ ਨਿਸਾਰ ਵੇਖੋ।

ਜੀਵਨ ਦੇ ਵਿੱਚ ਹੁੰਦੇ ਗ਼ਮ ਤੇ ਖ਼ੁਸ਼ੀ ਦੋ ਪਹਿਲੂ,
ਭੁਲ ਕੇ ਗ਼ਮਾਂ ਨੂੰ ਖ਼ੁਸ਼ੀਆਂ ਘਰ-ਘਰ ਖਿਲਾਰ ਵੇਖੋ।

ਦਹਿਲੀਜ਼ ਘਰ ਦੀ ਉੱਤੇ ਦੁਸ਼ਮਣ ਵੀ ਆਣ ਬਹੁੜੇ,
ਉਸ ਦਾ ਕਰੋ ਸਵਾਗਤ ਕਰਕੇ ਵੀ ਪਿਆਰ ਵੇਖੋ।

ਅਪਣੀ ਗ਼ਜ਼ਲ ‘ਤੇ ਸਾਨੂੰ ਹੈ ਨਾਜ਼ ਪਰ ਘੁਮੰਡ ਨਾ,
ਸਾਡੀ ਗ਼ਜ਼ਲ ‘ਚੋਂ ਡੁੱਲ੍ਹਦਾ ਸਾਡਾ ਪਿਆਰ ਵੇਖੋ।

ਜਜ਼ਬਾਤ ਇਸ ‘ਚ ਗੁੰਦੇ ਰੱਖੀ ਵੀ ਬਹਿਰ ਕਾਇਮ,
ਮੇਰੀ ਗ਼ਜ਼ਲ ਦਾ ਢਾਂਚਾ ਇਸ ਦੀ ਨੁਹਾਰ ਵੇਖੋ॥

ਗੱਲ ਕੰਮ ਦੀ ਕਰਾਂ ਮੈਂ ਵਰਤਾਂ ਨਾ ਬੋਲ ਮਾੜੇ,
ਮੇਰੀ ਗ਼ਜ਼ਲ ‘ਚ ਮੇਰੇ ਉਮਦਾ ਵਿਚਾਰ ਵੇਖੋ॥

ਲੈਂਨਾ ਮੈਂ ਪਿਆਰ ਨਗਦੀ ਤੇ ਨਗਦ ਮੋੜ ਦੇਨਾਂ,
‘ਗੁਰਸ਼ਰਨ’ ਸੰਗ ਨਿਹੁੰ ਦਾ ਇਉਂ ਕਰ ਵਪਾਰ ਵੇਖੋ॥

ਜੋ ਖਿਲ ਸਕੇ ਨਾ ਫੁੱਲ ਉਹ ਆਪਾਂ ‘ਅਜੀਬ’ ਫੁਲ ਹਾਂ,
ਕਰ ਕੇ ਅਜੀਬ ਫੁਲ ਸੰਗ ਉਲਫ਼ਤ ਕਰਾਰ ਵੇਖੋ।
**
ਉਲਝੇ ਉਲਝੇ ਵਾਲ ਨੇ ਤੇਰੇ ਜ਼ੁਲਫ਼ਾਂ ਘੋਰ ਘਟਾਵਾਂ॥
(SSx7)

5. ਗ਼ਜ਼ਲ

ਉਲਝੇ  ਉਲਝੇ  ਵਾਲ  ਨੇ  ਤੇਰੇ ਜ਼ੁਲਫ਼ਾਂ ਘੋਰ ਘਟਾਵਾਂ॥
ਰੂਪ ਤਿਰੇ  ਮਸਤਾਨੇ  ਤੋਂ  ਮੈਂ  ਜਿੰਦੜੀ  ਘੋਲ  ਘੁਮਾਵਾਂ॥

ਸ਼ੋਖ਼ ਨਜ਼ਰ ਮੁੱਖ ਨੂਰਾਨੀ ਤੇ  ਹੋਂਠ  ਤਿਰੇ ਫੁਲ-ਪੱਤੀਆਂ,
ਰੁਖ਼ਸਾਰ ਤਿਰੇ ਰਸਗੁੱਲੇ ਮਿੱਠੇ ਕਾਤਲ ਸ਼ੋਖ਼ ਅਦਾਵਾਂ ॥

ਬੰਦ  ਲਬਾਂ  ਵਿਚ  ਰਾਜ਼  ਛੁਪਾਵੇਂ  ਕੂੰਵੇਂ ਨਾ  ਕੁਝ  ਮੂੰਹੋਂ,
ਪਰ ਚਿਹਰੇ ਦੀ  ਰੰਗਤ  ਦੱਸੇ ਖ਼ੁਸ਼ੀਆਂ ਦਾ ਸਰਨਾਵਾਂ॥

ਲੋਕਾਂ ਭਾਣੇ ਜੰਗ ਹੈ ਹੁੰਦੀ  ਹਿੰਦ  ਪਾਕ ਦੀ ਨਿਸ ਦਿਨ,
ਲੇਕਿਨ ਨਿੱਤ ਸਿਆਸਤ ਰਚਦੀ ਜਾਂ-ਲੇਵਾ ਘਟਨਾਵਾਂ॥

ਪਤੀ-ਪਤਨੀ ਦੀ ਅਕਸਰ ਹੁੰਦੀ  ਰਹਿੰਦੀ ਤੂੰ  ਤੂੰ  ਮੈਂ ਮੈਂ,
ਲੜਦੇ ਇਉਂ ਜਿਉਂ ਇਕ ਦੂਜੇ ਲਈ ਮੰਗਣ ਖ਼ੂਬ ਦੁਆਵਾਂ॥

ਸ਼ਹਿਰ  ਨੂਰਾਨੀ    ਤੇਰੇ  ਅੰਦਰ   ਘੋਰ  ਹਨੇਰਾ  ਜਾਪੇ,
ਕਿੰਝ ਕਿਵੇਂ ਇਸ ਸ਼ਹਿਰ ਦੇ ਅੰਦਰ ਪੈਰ ਮੈਂ ਅਪਣੇ ਪਾਵਾਂ॥

ਮਰ  ਜਾਵੇ  ਕੋਈ  ਸਾਰ ਨਾ  ਲੈਂਦਾ ਲੋਕ  ਹੋਏ ਨਿਰਮੋਹੇ,
ਸੜਕਾਂ ‘ਤੇ ਨਿਤ ਹੋਣ ਅਨੇਕਾਂ ਦੁਖਦਾਇਕ ਘਟਨਾਵਾਂ॥

ਨਾਮ ਗ਼ਜ਼ਲ ਦਾ ਕੇਵਲ ਜਪਦਾਂ ਹੋਰ ਨਾ ਮੁਰਸ਼ਦ ਮੇਰਾ,
ਰਾਤ ਦਿਨੇ ਮੈਂ ਸੰਗ ਗ਼ਜ਼ਲ ਦੇ ਮਨ ਅਪਣਾ ਪਰਚਾਵਾਂ॥

ਕੀ ਹੋਇਆ ਜੇ  ਸ਼ਹਿਰ  ਤੇਰਾ ਲੁਧਿਆਣਾ ਮੇਰੀ ਨਾਹੀਂਂ,
ਮੈਂ ਵੀ ਮਿਤਰਾ ਲੰਡਨ ਬੈਠਾ ਨਾਮ ਗ਼ਜ਼ਲ  ਚਮਕਾਵਾਂ॥

ਆਕੜ ਸ਼ਾਕੜ ਠੀਕ ਨਾ ਹੁੰਦੀ ਉੱਚੇ  ਰੁੱਖ  ਡਿਗ ਪੈਂਦੇ,
ਯਾਰ ‘ਅਜੀਬਾ’ ਤੇਰਾ ਨਿਵ ਕੇ ਚਲਣਾ  ਮੈਂ ਸਹਿਲਾਵਾਂ॥

07.11.2021
**
ਨਾ ਮੈਂ ਹਿੰਦੂ ਸਿੱਖ ਮੁਸਲਮਾਂ ਬੋਧੀ ਨਾ ਈਸਾਈ
6. ਗ਼ ਜ਼ ਲ

ਨਾ ਮੈਂ ਹਿੰਦੂ ਸਿੱਖ ਮੁਸਲਮਾਂ ਬੋਧੀ ਨਾ ਈਸਾਈ।
ਮੈਂ ਆਸ਼ਕ ਇਨਸਾਨੀਅਤ ਦਾ ਮੁਢ ਤੋਂ ਜੋ ਅਪਨਾਈ।

ਮੈਂ ਤਾਂ ਸਮਝਾਂ ਸਾਰੇ ਲੋਕੀਂ ਇਕ ਨੂਰ ਤੋਂ ਜਨਮੇਂ,
ਪਰ ਲੋਕਾਂ ਨੇ ਵੰਡ ਲੋਕਾਂ ਨੂੰ ਮਾੜੀ ਬਣਤ ਬਣਾਈ।

ਸੁੰਨੀਆਂ ਕੰਧਾਂ ਸੁੰਨਾਂ ਵਿਹੜਾ ਰੌਨਕ ਹੋਈ ਸੁਪਨਾ,
ਚੁਪ ਚੁਪੀਤੇ ਲੋਕੀਂ ਬੈਠੇ ਲਾ ਸੀਨੇ ਤਨਹਾਈ।

ਯਾਰ ਮਿਰੇ! ਰਲ ਦੋਨੋਂ ਆਪਾਂ ਵੀ ਘਰ ਇੱਕ ਵਸਾਈਏ,
ਮੈਂ ਤੇਰਾ ਹਮਰਾਜ਼ ਬਣਾਂ ਤੇ ਤੂੰ ਮੇਰੀ ਲੋਗਾਈ।

ਪਰੇਮ ਬਿਨਾਂ ਹੈ ਇਹ ਜਗ ਦੋਜ਼ਖ ਵੀ ਮਾਰੂਥਲ ਸੜਦਾ,
ਸੰਗ ਪਰੇਮ ਇਹ ਦੁਨੀਆਂ ਆਪਾਂ ਨਰਕੋਂ ਬ੍ਹਿਸ਼ਤ ਬਣਾਈ।

ਅਮਨ-ਪੁਜਾਰੀ ਬਣ ਕੇ ਆਪਾਂ ਸਾਰੀ ਉਮਰ ਬਿਤਾਈਏ,
ਐ ਮੌਲ਼ਾ ਇਸ ਧਰਤ ‘ਤੇ ਆਵੇ ਨਾ ਕੋਈ ਜੰਗ ਲੜਾਈ।

ਭਾਗ ਗ਼ਜ਼ਲ ਦੇ ਚੰਗੇ ਨੇ ਜਾਂ ਸਾਡੇ ਲੇਖ ਸੁਨਹਿਰੇ,
ਬੇਗਾਨੀ ਇਹ ਹੁੰਦੀ ਸੀ ਪਰ ਹੁੁਣ ਆਪਾਂ ਪਰਨਾਈ।

ਰੂਹ ਦੇ ਨਾਲ ਹੀ ਪੜ੍ਹਦਾਂ ਲਿਖਦਾਂ ਨਿੱਤ ਗ਼ਜ਼ਲ ਨੂੰ ਯਾਰੋ,
ਅਪਣੀ ਹੀ ਜਿੰਦ ਜਾਨ ਸਮਝ ਕੇ ਆਪਾਂ ਸੀਨੇ ਲਾਈ।

ਮਾਨਸ ਜਨਮ ‘ਅਜੀਬਾ’ ਮਿਲਿਆ ਇਸ ਨੂੰ ਲੇਖੇ ਲਾ ਲੈ,
ਮਾਨਵਤਾ ਦੀ ਸੇਵਾ ਕਰ ਕੁਝ ਕਰ ਲੈ ਕਿਰਤ-ਕਮਾਈ।

(SSx7) 
**
ਗੁਲਬਦਨ ਮੇ•ਰੀ ਗੁਲੋ-ਗੁਲ•ਜ਼ਾਰ ਹੈ ਮੇ•ਰੀ ਗ਼ਜ਼ਲ
•SISS  •SISS •SISS •SIS
ਬਹਿਰ: ਰਮਲ

7. ਗ਼ ਜ਼ ਲ

ਗੁਲਬਦਨ ਮੇਰੀ ਗੁਲੋ-ਗੁਲਜ਼ਾਰ ਹੈ ਮੇਰੀ ਗ਼ਜ਼ਲ।
ਫੁੱਲ ਪੱਤੀਆਂ ਦਾ ਨਿਰਾ ਸ਼ਿੰਗਾਰ ਹੈ ਮੇਰੀ ਗ਼ਜ਼ਲ।

ਹੱਕ ਨਾਲੇ ਸੱਚ ਦੀ ਖ਼ਾਤਰ ਹਮੇਸ਼ਾਂ ਜੂਝਦੀ,
ਲੋਕਤਾ ਦੀ ਲਹਿਰ ਇਹ ਸਰਕਾਰ ਹੈ ਮੇਰੀ ਹੈ ਗ਼ਜ਼ਲ।

ਹਰ ਵਿਸ਼ੇ ਹਾਲਾਤ ‘ਤੇ ਮੇਰੀ ਕਲਮ ਹੈ ਬੋਲਦੀ,
ਮਸਲਿਆਂ ਦੇ ਹੱਲ ਦੀ ਅਖ਼ਬਾਰ ਹੈ ਮੇਰੀ ਗ਼ਜ਼ਲ।

ਲੋਕ-ਪੂਜਾ ਦੀ ਹਮੈਤਣ ਪੂਜਦੀ ਪੱਥਰ ਨਾ ਇਹ,
ਲੋਕ ਇਸਦੇ ਇਹ ਉਨ੍ਹਾਂ ਦੀ ਸਾਰ ਹੈ ਮੇਰੀ ਗ਼ਜ਼ਲ।

ਦੁੱਖ ਵਿਚ ਮਿੱਤਰ ਮਿਰੀ ਤੇ ਸੁੱਖ ਵਿਚ ਸਾਥਣ ਵੀ ਇਹ,
ਦੋਸਤੀ ਦਾ ਬਿੰਬ ਭਾਗੀਦਾਰ ਹੈ ਮੇਰੀ ਗ਼ਜ਼ਲ।

ਜ਼ੁਲਮ ਦੀ ਵੈਰਣ ਨਾ ਪਾਵੇ ਮੌਤ ‘ਤੇ ਇਹ ਕੀਰਨੇ,
ਭਸਮ ਜ਼ਾਲਮ ਨੂੰ ਕਰੇ ਖ਼ੂੰਖ਼ਾਰ ਹੈ ਮੇਰੀ ਗ਼ਜ਼ਲ।

ਏਸ ਬਿਨ ਜੀਣਾ ਅਸੰਭਵ ਜਾਪਦਾ ਮੈਨੂੰ ਮਿਰਾ,
ਮੇਰੀ ਦੁਨੀਆ ਮੇਰਾ ਹੀ ਸੰਸਾਰ ਹੈ ਮੇਰੀ ਗ਼ਜ਼ਲ।

ਲੋਚਦੀ ਕਰਨੀ ਤਰੱਕੀ ਏਸ ਨੇ ਹੈ ਏਸ ਵਿਚ,
ਕਰ ਰਹੀ ਮਿਹਨਤ ਸਦਾ ਇਕ-ਸਾਰ ਹੈ ਮੇਰੀ ਗ਼ਜ਼ਲ।

ਵਿਚ ਡਸਿਪਲਨ ਦੇ ਇਹ ਤੁਰਦੀ, ਨਾ ਗਵਾਰਾਂ ਵਾਂਗ ਇਹ,
ਬਹਿਰ ਦੀ ਮਲਕਾ ਗ਼ਜ਼ਲ-ਟੁਣਕਾਰ ਹੈ ਮੇਰੀ ਗ਼ਜ਼ਲ।

ਦੇ ਰਹੀ ਪਹਿਰਾ ਇਹ ਸਾਂਝੀਵਾਲਤਾ ਦੀ ਸੋਚ ‘ਤੇ,
ਸਾਂਝ ਦੇ ਪੁਲ ਦੀ ਇਹ ਪਹਿਰੇਦਾਰ ਹੈ ਮੇਰੀ ਗ਼ਜ਼ਲ।

ਸ਼ੌਕ ਤੇਰਾ ਹੈ ‘ਅਜੀਬਾ’ ਜ਼ਿੰਦਗੀ ਨੂੰ ਜੀਣ ਦਾ,
ਨਾ ਮਿਰਾ ਰੁਜ਼ਗਾਰ ਨਾ ਵਿਉਪਾਰ ਹੈ ਮੇਰੀ ਗ਼ਜ਼ਲ।
(SISSx3+SIS)

***
464
***

About the author

ਗੁਰਸ਼ਰਨ ਸਿੰਘ ਅਜੀਬ
ਗੁਰਸ਼ਰਨ ਸਿੰਘ ਅਜੀਬ

ਗੁਰਸ਼ਰਨ ਸਿੰਘ ਅਜੀਬ

View all posts by ਗੁਰਸ਼ਰਨ ਸਿੰਘ ਅਜੀਬ →