ਹਰ ਮਾਂ-ਪਿਓ ਦਾ ਸੁਫ਼ਨਾ ਹੁੰਦਾ ਹੈ ਕਿ ਉਹਨਾਂ ਦੇ ਬੱਚੇ ਆਪਣੀ ਜ਼ਿੰਦਗੀ ਵਿੱਚ ਕਾਮਯਾਬੀ ਪ੍ਰਾਪਤ ਕਰਨ। ਇਸ ਲਈ ਉਹ ਹਰ ਤਰ੍ਹਾਂ ਦੀਆਂ ਸਹੂਲਤਾਂ ਆਪਣੇ ਬੱਚਿਆਂ ਨੂੰ ਮੁਹੱਈਆ ਕਰਵਾਉਂਦੇ ਹਨ। ਬੱਚੇ ਵੀ ਚੰਗੇਰੇ ਭਵਿੱਖ ਦੀ ਆਸ ਵਿੱਚ ਪੜ੍ਹਾਈ ਕਰਨ ਨੂੰ ਵਧੇਰੇ ਤਰਜ਼ੀਹ ਦਿੰਦੇ ਹਨ। ਪ੍ਰੰਤੂ! ਪੜ੍ਹਨ- ਲਿਖਣ ਦੇ ਇਸ ਰੁਝਾਨ ਅੰਦਰ ਬੱਚੇ ਅਕਸਰ ਹੀ ਘਰੇਲੂ ਕੰਮਾਂ ਤੋਂ ਘੇਸਲ ਵੱਟ ਲੈਂਦੇ ਹਨ/ ਕਿਨਾਰਾ ਕਰ ਲੈਂਦੇ ਹਨ। ਮਾਂ- ਪਿਓ ਵੀ ਬੱਚਿਆਂ ਨੂੰ ਘਰੇਲੂ ਕੰਮਾਂ ਦੀ ਆਦਤ ਨਹੀਂ ਪਾਉਂਦੇ, ਜਿਹੜੀ ਅੱਗੇ ਚੱਲ ਕੇ ਬੱਚਿਆਂ ਅਤੇ ਮਾਂ- ਪਿਓ ਦੋਹਾਂ ਲਈ ਮੁਸੀਬਤ ਦਾ ਕਾਰਨ ਬਣ ਜਾਂਦੀ ਹੈ। ਇੱਥੇ ਸਿਰਫ਼ ਕੁੜੀਆਂ ਦੀ ਗੱਲ ਨਹੀਂ ਕੀਤੀ ਜੀ ਰਹੀ ਕਿ ਉਹਨਾਂ ਨੂੰ ਘਰੇਲੂ ਕੰਮ ਕਰਨੇ ਚਾਹੀਦੇ ਹਨ/ ਸਿੱਖਣੇ ਚਾਹੀਦੇ ਹਨ ਬਲਕਿ ਅਜੋਕੇ ਦੌਰ ਵਿੱਚ ਮੁੰਡਿਆਂ ਨੂੰ ਵੀ ਰਸੋਈ ਵਿੱਚ/ ਘਰ ਦੇ ਕੰਮਾਂ ਵਿੱਚ ਆਪਣੇ ਮਾਂ- ਪਿਓ ਦਾ ਬਰਾਬਰ ਹੱਥ ਵਟਾਉਣਾ ਚਾਹੀਦਾ ਹੈ। ਘਰ ਦੇ ਕੰਮ ਕਰਨ ਵਿੱਚ/ ਸਿੱਖਣ ਵਿੱਚ ਕੋਈ ਸੰਕੋਚ ਨਹੀਂ ਕਰਨਾ ਚਾਹੀਦਾ। ਹੱਥੀਂ ਕੰਮ ਕਰਨ ਨੂੰ ਤਰਜ਼ੀਹ ਦੇਣੀ ਚਾਹੀਦੀ ਹੈ। ਖ਼ਬਰੇ! ਇਸੇ ਕਰਕੇ ਗੁਰਬਾਣੀ ਵਿੱਚ ਵੀ ਹੱਥੀਂ ਕੰਮ ਕਰਨ ਨੂੰ ਬਹੁਤ ਮਹੱਤਵ ਦਿੱਤਾ ਗਿਆ ਹੈ। ਗੁਰੂ ਸਾਹਿਬ ਆਖਦੇ ਹਨ ਕਿ ਆਪਣੇ ਕੰਮ ਆਪ ਕਰਨ ਵਾਲਾ ਵਿਅਕਤੀ ਹੀ ਅਸਲ ਅਰਥਾਂ ਵਿੱਚ ਪ੍ਰਭੂ ਦੇ ਹੁਕਮ ਨੂੰ ਸਵੀਕਾਰ ਕਰਨ ਵਾਲਾ ਮਨੁੱਖ ਹੁੰਦਾ ਹੈ; “ਆਪਣ ਹਥੀ ਆਪਣਾ ਆਪੇ ਹੀ ਕਾਜੁ ਸਵਾਰੀਐ।।” (ਗੁਰੂ ਗ੍ਰੰਥ ਸਾਹਿਬ ਜੀ, ਪੰਨਾ- 474) ਆਪਣੇ ਕੰਮ ਆਪਣੇ ਹੱਥੀਂ ਕੰਮ ਕਰਨ ਦਾ ਨਫ਼ਾ ਇਹ ਹੁੰਦਾ ਹੈ ਕਿ ਬੱਚੇ ਜਦੋਂ ਉੱਚੇਰੀ ਸਿੱਖਿਆ ਜਾਂ ਰੁਜ਼ਗਾਰ ਦੀ ਖ਼ਾਤਿਰ! ਘਰ ਤੋਂ ਦੂਰ ਜਾਂਦੇ ਹਨ ਤਾਂ ਉਹਨਾਂ ਨੂੰ ਰੋਟੀ- ਟੁੱਕ ਕਰਨ ਵਿੱਚ ਕੋਈ ਪਰੇਸ਼ਾਨੀ ਨਹੀਂ ਹੁੰਦੀ। ਪ੍ਰੰਤੂ! ਅੱਜਕਲ੍ਹ ਦੇ ਬੱਚੇ ਪਾਣੀ ਦੇ ਗਲਾਸ ਲਈ ਵੀ ਨਹੀਂ ਉੱਠਦੇ ਅਤੇ ਆਪਣੇ ਮਾਂ- ਪਿਓ ’ਤੇ ਨਿਰਭਰ ਰਹਿੰਦੇ ਹਨ। ਬੱਚਿਆਂ ਨੂੰ ਰੋਟੀ- ਪਾਣੀ ਆਪਣੇ ਕਮਰੇ ਵਿੱਚ ਆਪਣੇ ਬਿਸਤਰੇ ’ਤੇ ਚਾਹੀਦਾ ਹੈ। ਉਹ ਅਕਸਰ ਰਸੋਈ ਤੱਕ ਵੀ ਉੱਠ ਕੇ ਜਾਣ ਦੀ ਖੇਚਲ ਨਹੀਂ ਕਰਦੇ। ਮਾਂ- ਪਿਓ ਵੀ ਇਹਨਾਂ ਗੱਲਾਂ ਵੱਲ ਵਧੇਰੇ ਧਿਆਨ ਨਹੀਂ ਦਿੰਦੇ। ਨਤੀਜਨ, ਬੱਚੇ ਆਲਸੀ ਅਤੇ ਆਰਾਮਪ੍ਰਸਤ ਹੋ ਜਾਂਦੇ ਹਨ ਅਤੇ ਘਰ ਦੇ ਕੰਮਾਂ ਤੋਂ ਕਿਨਾਰਾ ਕਰ ਲੈਂਦੇ ਹਨ। ਰੋਟੀ ਖਾਣ ਤੋਂ ਬਾਅਦ ਖਾਲੀ ਭਾਂਡੇ ਰਸੋਈ ’ਚ ਰੱਖਣ ਅਤੇ ਆਪਣਾ ਬਿਸਤਰਾ ਆਪ ਵਿਛਾਉਣ ’ਚ ਸਿਰਫ਼ ਇੱਕ- ਅੱਧੇ ਮਿੰਟ ਦਾ ਸਮਾਂ ਲੱਗਦਾ ਹੈ ਪ੍ਰੰਤੂ! ਅਫ਼ਸੋਸ ਅੱਜਕਲ੍ਹ ਦੇ ਬਹੁਤੇ ਬੱਚਿਆਂ ਨੂੰ ਇਹਨਾਂ ਕੰਮਾਂ ਦੀ ਵੀ ਆਦਤ ਨਹੀਂ ਹੁੰਦੀ। ਕੰਮ ਦੀ ਸਜ਼ਾ ਨਾ ਦਿਓ :- ਕੰਮ ਦੀ ਅਹਿਮੀਅਤ ਬਾਰੇ ਦੱਸੋ :- ਮੈਰੀ ਪੋਪਿੰਸ ਦਾ ਇੱਕ ਵਾਕ ਹੈ, “ਹਰ ਕੰਮ ਜਿਹੜਾ ਕੀਤਾ ਜਾਣਾ ਚਾਹੀਦਾ ਹੈ, ਉਸ ਵਿੱਚ ਆਨੰਦ ਦਾ ਇੱਕ ਤੱਤ ਹੁੰਦਾ ਹੈ।” ਇਸ ਤਰ੍ਰਾਂ ਦੀਆਂ ਮਿਸਾਲਾਂ ਨਾਲ ਬੱਚਿਆਂ ਵਿੱਚ ਕੰਮ ਕਰਨ ਦੀ ਇੱਛਾ ਨੂੰ ਵਧਾਇਆ ਜਾ ਸਕਦਾ ਹੈ/ ਪੈਦਾ ਕੀਤਾ ਜਾ ਸਕਦਾ ਹੈ। ਲਾਡ- ਪਿਆਰ ਵੱਸ ਆਦਤ ਨਾ ਵਿਗਾੜੋ :- ਬਰੂਸ ਕੈਮਰੂਨ ਅਨੁਸਾਰ, “ਜਦੋਂ ਬੱਚਿਆਂ ਤੇ ਘਰ ਦੀ ਜ਼ੁੰਮੇਵਾਰੀ ਨਹੀਂ ਹੁੰਦੀ ਤਾਂ ਉਹਨਾਂ ’ਚ ਸਬਰ ਅਤੇ ਲਚੀਲੇਪਨ ਦੀ ਘਾਟ ਹੁੰਦੀ ਹੈ। ਉਹ ਬਹੁਤ ਛੇਤੀ ਨਿਰਾਸ਼ ਹੋ ਜਾਂਦੇ ਹਨ। ਉਹਨਾਂ ਨੂੰ ਭਵਿੱਖ ਦੇ ਟੀਚੇ ਨਿਰਧਾਰਤ ਕਰਨ ਵਿੱਚ ਕਠਿਨਾਈ ਹੁੰਦੀ ਹੈ ਅਤੇ ਉਹ ਛੇਤੀ ਕੀਤੇ ਸੰਤੁਸ਼ਟ ਨਹੀਂ ਹੁੰਦੇ।” ਸੇਹਤਮੰਦ ਅਤੇ ਕਾਮਯਾਬੀ ਦਾ ਰਾਜ਼ :- ਆਖ਼ਰ ਵਿੱਚ ਕਿਹਾ ਜਾ ਸਕਦਾ ਹੈ ਕਿ ਜੇਕਰ ਮਾਂ- ਪਿਓ ਚਾਹੁਣ ਤਾਂ ਆਪਣੇ ਬੱਚਿਆਂ ਨੂੰ ਹੱਥੀਂ ਕੰਮ ਕਰਨ ਦੀ ਆਦਤ ਪਾ ਸਕਦੇ ਹਨ। ਬੱਚਿਆਂ ਦੇ ਚੰਗੇ ਅਤੇ ਰੌਸ਼ਨ ਭਵਿੱਖ ਲਈ ਮਾਂ- ਪਿਓ ਨੂੰ ਇਹ ਕਾਰਜ ਅੱਜ ਤੋਂ ਹੀ ਆਰੰਭ ਕਰ ਦੇਣਾ ਚਾਹੀਦਾ ਹੈ। ਬੱਚਿਆਂ ਨੂੰ ਵੀ ਆਪਣੇ ਨਿੱਕੇ- ਮੋਟੇ ਕੰਮ ਆਪ ਕਰਨੇ ਸ਼ੁਰੂ ਕਰ ਦੇਣੇ ਚਾਹੀਦੇ ਹਨ। ਪ੍ਰੰਤੂ! ਇਹ ਹੁੰਦਾ ਕਦੋਂ ਹੈ?, ਇਹ ਅਜੇ ਭਵਿੱਖ ਦੀ ਕੁੱਖ ਵਿੱਚ ਹੈ। |
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
ਡਾ. ਨਿਸ਼ਾਨ ਸਿੰਘ ਰਾਠੌਰ
# 1054/1,
ਵਾ: ਨੰ: 15-ਏ,
ਭਗਵਾਨ ਨਗਰ ਕਾਲੌਨੀ,
ਪਿੱਪਲੀ, ਕੁਰੂਕਸ਼ੇਤਰ।
ਸੰਪਰਕ: 90414-98009