ਕਹਿੰਦੇ, ਇਕ ਵਾਰ ਸੂਫ਼ੀ ਫ਼ਕੀਰ ਫਿਰਦੋਸੀ ਨੂੰ ਬਾਦਸ਼ਾਹ ਨੇ ਆਪਣੇ ਦਰਬਾਰ ਵਿਚ ਸੱਦਿਆ। ਇਰਾਨ ਦੇ ਬਾਦਸ਼ਾਹ ਦਾ ਉਹ ਦਰਬਾਰੀ ਅਹਿਲਕਾਰ ਸੀ। ਫਿਰਦਸੀ ਪਹੁੰਚ ਗਿਆ। ਦੁਆ- ਸਲਾਮ ਤੋਂ ਬਾਅਦ ਬਾਦਸ਼ਾਹ ਨੇ ਕਿਹਾ, ‘ਫਿਰਦੋਸੀ, ਮੈਂ ਪੂਰੀ ਦੁਨੀਆ ਦਾ ਇਤਿਹਾਸ ਪੜ੍ਹਨਾ ਚਾਹੁੰਨਾ।’ ਫਿਰਦੋਸੀ, ‘ਜੀ ਹਜ਼ੂਰ, ਹੁਕਮ ਕਰੋ।’ ਬਾਦਸ਼ਾਹ, ‘ਮੈਂ ਚਾਹੁੰਨਾ ਕਿ ਇਹ ਇਤਿਹਾਸ ਤੂੰ ਲਿਖੇਂ। ਦੁਨੀਆਂ ਦੇ ਵੱਡੇ- ਵੱਡੇ ਬਾਦਸ਼ਾਹਾਂ, ਰਾਜਿਆਂ-ਮਹਾਰਾਜਿਆਂ, ਫ਼ਕੀਰਾਂ, ਸੰਤਾਂ, ਦਰਵੇਸ਼ਾਂ ਦੇ ਜੀਵਨ ਬਾਰੇ ਜਿਨ੍ਹਾਂ ਨੇ ਇਸ ਦੁਨੀਆਂ ਨੂੰ ਗਿਆਨ ਦੁਆਰਾ ਮਾਲਾਮਾਲ ਕਰ ਦਿੱਤਾ, ਸੂਰਬੀਰਤਾ ਨਾਲ ਦੁਨੀਆਂ ਦੇ ਨਕਸ਼ੇ ਨੂੰ ਬਦਲ ਕੇ ਰੱਖ ਦਿੱਤਾ। ਜਿਨ੍ਹਾਂ ਲੋਕਾਂ ਦੇ ਪ੍ਰਭਾਵ ਨੂੰ ਦੁਨੀਆਂ ਨੇ ਕਬੂਲ ਕੀਤਾ, ਮੈਂ ਉਨ੍ਹਾਂ ਲੋਕਾਂ ਦਾ ਇਤਿਹਾਸ ਪੜ੍ਹਨਾ ਚਾਹੁੰਨਾ।’ ਫਿਰਦੋਸੀ ਨੇ ਕਿਹਾ, ‘ਬਾਦਸ਼ਾਹ ਸਲਾਮਤ, ਮੈਂ ਦੁਨੀਆਂ ਦਾ ਇਤਿਹਾਸ ਲਿਖ ਤਾਂ ਸਕਦਾ ਹਾਂ ਪਰ! ਯਕੀਨ ਜਾਣਿਓ ਤੁਸੀਂ ਪੜ੍ਹ ਨਹੀਂ ਸਕਣਾ। ਤੁਹਾਡੇ ਕੋਲ ਵਕਤ ਕਿੱਥੇ?’ ਬਾਦਸ਼ਾਹ ਨੇ ਕਿਹਾ, ‘ਨਹੀਂ, ਮੈਂ ਲਾਜ਼ਮੀ ਪੜ੍ਹਾਂਗਾ।’ ਖ਼ੈਰ, ਗੱਲ ਕੀ? ਫਿਰਦੋਸੀ ਨੇ ‘ਹਾਂ’ ਕਹਿ ਦਿੱਤੀ ਅਤੇ ਵਾਪਸ ਮੁੜ ਆਇਆ। ਤਕਰੀਬਨ ਇਕ ਸਾਲ ਦੀ ਸਖ਼ਤ ਮਿਹਨਤ ਬਾਅਦ ਫਿਰਦੋਸੀ ਨੇ ਦਸ (10) ਪੋਥੀਆਂ ਵਿਚ ਦੁਨੀਆਂ ਦਾ ਇਤਿਹਾਸ ਲਿਖਿਆ ਤੇ ਮੁੜ ਪਹੁੰਚ ਗਿਆ ਬਾਦਸ਼ਾਹ ਦੇ ਦਰਬਾਰ ਵਿਚ। ਦੁਆ- ਸਲਾਮ ਤੋਂ ਬਾਅਦ ਜਦੋਂ ਫਿਰਦੋਸੀ ਨੇ ਦਸ (10) ਪੋਥੀਆਂ ਬਾਦਸ਼ਾਹ ਦੇ ਸਾਹਮਣੇ ਰੱਖ ਦਿੱਤੀਆਂ।ਬਾਦਸ਼ਾਹ ਨੇ ਦੇਖਿਆ ਤਾਂ ਸਖ਼ਤ ਨਾਰਾਜ਼ ਹੋ ਗਿਆ। ਕਹਿੰਦਾ, ‘ਫਿਰਦੋਸੀ, ਇੰਨਾ ਜਿਆਦਾ ਕੌਣ ਪੜ੍ਹੇਗਾ? ਮੇਰੇ ਕੋਲ਼ ਇੰਨਾ ਵਕਤ ਕਿੱਥੇ? ਇੰਜ ਕਰ ਥੋੜ੍ਹਾ ਛੋਟਾ ਕਰਕੇ ਲਿਆ। ਇਸ ਵਿਚੋਂ ਵਾਧੂ ਸਾਮੱਗਰੀ ਘਟਾ ਕੇ ਲਿਆ।’ ਖ਼ੈਰ! ਫਿਰਦੋਸੀ ਭਰੇ ਮਨ ਨਾਲ ਵਾਪਸ ਮੁੜ ਆਇਆ। ਫੇਰ ਲਗਭਗ ਛੇ ਮਹੀਨੇ ਦੀ ਮਿਹਨਤ ਬਾਅਦ ਚਾਰ (4) ਪੋਥੀਆਂ ’ਚ ਦੁਨੀਆਂ ਦਾ ਇਤਿਹਾਸ ਸਮੇਟ ਲਿਆਇਆ। ਹੁਣ ਬਾਦਸ਼ਾਹ ਫੇਰ ਨਾਰਾਜ਼ ਹੋ ਗਿਆ। ਅਖੇ, ‘ਤੈਨੂੰ ਇਸ ਗੱਲ ਦਾ ਰਤਾ ਇਲਮ ਨਹੀਂ ਕਿ ਮੇਰੇ ਕੋਲ਼ ਕਿੰਨੇ ਕੰਮ ਹੁੰਦੇ ਹਨ? ਇਸ ਨੂੰ ਹੋਰ ਛੋਟਾ ਕਰਕੇ ਲਿਆ।’ ਕਹਿੰਦੇ, ਫਿਰਦੋਸੀ ਫਿਰ ਮੁੜ ਆਇਆ। ਹੁਣ ਫੇਰ ਛੇ ਮਹੀਨੇ ਬਾਅਦ ਸਿਰਫ਼ ਇਕ ਕਿਤਾਬ ਦੇ ਰੂਪ ਵਿਚ ਦੁਨੀਆ ਦਾ ਇਤਿਹਾਸ ਲਿਖ ਲਿਆਇਆ। ਪਰ! ਫਿਰਦੋਸੀ ਕਹਿੰਦਾ, ਪਹਿਲਾਂ ਦਸ (10) ਪੋਥੀਆਂ ਤੋਂ ਚਾਰ ਕਰਨ ਲਈ ਮੈਂ ਹੰਝੂਆਂ ਨਾਲ ਭਿੱਜੀਆਂ ਅੱਖਾਂ ਨਾਲ ਵਿਦਵਾਨਾਂ ਦੇ ਜੀਵਨ ਕੱਟੇ। ਫੇਰ ਚਾਰ ਪੋਥੀਆਂ ਤੋਂ ਇਕ ਕਰਨ ਲਈ ਮੈਂ ਖ਼ੂਨ ਨਾਲ ਮਹਾਪੁਰਸ਼ਾਂ ਦੇ ਜੀਵਨ ਨੂੰ ਕੱਟਿਆ। ਖ਼ੈਰ! ਫਿਰਦੋਸੀ ਫਿਰ ਪਹੁੰਚ ਗਿਆ ਬਾਦਸ਼ਾਹ ਦੇ ਦਰਬਾਰ ਵਿਚ। ਹੁਣ ਇਕ ਪੋਥੀ ਰੱਖੀ। ਬਾਦਸ਼ਾਹ ਨੇ ਕਿਹਾ, ‘ਇਹ ਵੀ ਬਹੁਤ ਜ਼ਿਆਦਾ ਹੈ, ਮੇਰੇ ਕੋਲ਼ ਇੰਨਾ ਵਕਤ ਨਹੀਂ। ਇਸ ਨੂੰ ਹੋਰ ਸੰਖੇਪ ਕਰਕੇ ਲਿਆ।’ ਫਿਰਦੋਸੀ ਨੇ ਭਰੇ ਮਨ ਨਾਲ ਪੋਥੀ ਚੁਕੀ ਅਤੇ ਫੇਰ ਕਦੇ ਬਾਦਸ਼ਾਹ ਦੇ ਦਰਬਾਰ ’ਚ ਨਹੀਂ ਗਿਆ। ਵਕਤ ਬਤੀਤ ਹੁੰਦਾ ਗਿਆ। ਹੁਣ ਬਾਦਸ਼ਾਹ ਆਖ਼ਰੀ ਸਾਹ ਲੈਂਦਾ ਮੰਜੇ ’ਤੇ ਪਿਆ ਹੈ। ਹਕੀਮਾਂ ਨੇ ਕੁਝ ਕੁ ਪਲ ਦਾ ਮਹਿਮਾਨ ਦੱਸ ਦਿੱਤਾ। ਮਰਨ ਕਿਨਾਰੇ ਪਿਆ ਬਾਦਸ਼ਾਹ ਫਿਰਦੋਸੀ ਨੂੰ ਯਾਦ ਕਰਦਾ ਹੈ। ਫਿਰਦੋਸੀ ਨੇ ਬਾਦਸ਼ਾਹ ਦੀ ਆਖ਼ਰੀ ਇੱਛਾ ਦਾ ਸਨਮਾਨ ਕਰਦਿਆਂ ਜਾਣ ਦਾ ਫ਼ੈਸਲਾ ਕੀਤਾ ਅਤੇ ਮੁੜ ਪਹੁੰਚ ਗਿਆ ਮਹਿਲ ਦੇ ਅੰਦਰ। ਫਿਰਦੋਸੀ, ‘ਕੋਈ ਗੱਲ ਨਹੀਂ, ਬਾਦਸ਼ਾਹ।’ ਬਾਦਸ਼ਾਹ, ‘ਮੇਰੀ ਇਹ ਇੱਛਾ ਅਧੂਰੀ ਹੀ ਰਹੇਗੀ। ਮੈਂ ਰੋਂਦਾ ਹੋਇਆ ਹੀ ਇਸ ਜਹਾਨ ਤੋਂ ਰੁਖ਼ਸਤ ਹੋਵਾਂਗਾ?’ ਬਾਦਸ਼ਾਹ ਦੀਆਂ ਅੱਖਾਂ ਵਿਚ ਪਛਤਾਵੇ ਦੇ ਹੰਝੂ ਫਿਰਦੋਸੀ ਨੇ ਦੇਖ ਲਏ। ਫਿਰਦੋਸੀ, ‘ਨਹੀਂ ਬਾਦਸ਼ਾਹ। ਮੈਂ ਤੁਹਾਨੂੰ ਦੁਨੀਆਂ ਦਾ ਇਤਿਹਾਸ ਦੱਸ ਦਿੰਦਾ ਹਾਂ।’ ਸੁਣ ਕੇ ਬਾਦਸ਼ਾਹ ਮਰ ਗਿਆ। ਖ਼ੈਰ! ਅਧੂਰੀਆਂ ਇੱਛਾਵਾਂ ਦੇ ਗ਼ਮ ਵਿਚ ਮਰਨ ਨਾਲੋਂ ਚੰਗਾ ਹੈ ਕਿ ਪੂਰੀਆਂ ਹੋਈਆਂ ਜ਼ਰੂਰਤਾਂ ਦੇ ਸ਼ੁਕਰਾਨੇ ਵਿਚ ਜਹਾਨ ਤੋਂ ਰੁਖ਼ਸਤ ਹੋਇਆ ਜਾਵੇ। ਖ਼ੈਰ! ਗੁਰਬਾਣੀ ਦੀਆਂ ਇਨ੍ਹਾਂ ਪੰਗਤੀਆਂ ਨਾਲ ਟਿੱਪਣੀ ਸਮਾਪਤ ਕਰਦੇ ਹਾਂ; ‘ਰੈਣਿ ਗਵਾਈ ਸੋਇ ਕੈ ਦਿਵਸੁ ਗਵਾਇਆ ਖਾਇ।। ਜਿਉਂਦੇ- ਵੱਸਦੇ ਰਹੋ ਸਾਰੇ। |
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
ਡਾ. ਨਿਸ਼ਾਨ ਸਿੰਘ ਰਾਠੌਰ
# 1054/1,
ਵਾ: ਨੰ: 15-ਏ,
ਭਗਵਾਨ ਨਗਰ ਕਾਲੌਨੀ,
ਪਿੱਪਲੀ, ਕੁਰੂਕਸ਼ੇਤਰ।
ਸੰਪਰਕ: 90414-98009