15 September 2025

ਹੜ੍ਹ ਵੀਹ ਸੌ ਪੱਚੀ — ਰੂਪ ਲਾਲ ਰੂਪ

ਵੀਹ ਸੌ ਪੱਚੀ ਦਿਆ ਹੜ੍ਹਾ ਵੇ,
ਗਈਆਂ ਬਣ ਕਹਾਣੀਆਂ।
ਘਰਾਂ ਦੇ ਘਰ ਬੇਘਰੇ ਕੀਤੇ,
ਵੱਸਦੇ ਰਾਜੇ ਰਾਣੀਆਂ।
ਹੋਣੀ ਬਣ ਆਕਾਸ਼ੋਂ ਵਰ੍ਹਿਆ,
ਮੁੱਠੀ ਜਿੰਦ ਪ੍ਰਾਣੀਆਂ।
‘ਰੂਪ’ ਖੁਦਾ ਖੁਦ ਹੀ ਸੁਲਝਾਵੇ,
ਉਲਝ ਗਈਆਂ ਤਾਣੀਆਂ।

ਪਾਣੀ ਪਾਣੀ ਚਾਰ ਚੁਫ਼ੇਰੇ,
ਬੱਦਲ ਬੱਧਾ ਗੇੜਾ ਈ।
ਡੰਗਰ ਰੁੜ੍ਹ ਗਏ ਬੇਜ਼ੁਬਾਨੇ,
ਖੇਤੀਂ ਡੁੱਬਾ ਬੇੜਾ ਈ।
ਨੀਲੇ ਅੰਬਰ ਥੱਲੇ ਜਿੰਦਾਂ,
ਕਰਨ ਬੈਠ ਕੇ ਝੇੜਾ ਈ।
‘ਰੂਪ’ ਮਿਲੇ ਨਾ ਰੋਟੀ ਘਰਦੀ
ਨਾ ਮੱਖਣ ਦਾ ਪੇੜਾ ਈ।

ਤਨ ਦੇ ਲੀੜੇ ਪੂੰਜੀ ਪੱਲੇ,
ਡੁੱਬੇ ਲੇਫ਼ ਤਲਾਈਆਂ।
ਭੁੱਖੇ ਨੂੰ ਰਜਾਉਣ ਵਾਲੀਆਂ,
ਹੱਥ ਅੱਡਣ ਨੇ ਲਾਈਆਂ।
ਸ਼ੀਸ਼ਾ ਦੇਖਣ ਨੂੰ ਤਰਸਦੀਆਂ,
ਨਣਦਾਂ ਤੇ ਭਰਜਾਈਆਂ।
‘ਰੂਪ’ ਵੀਰਾਂ ਦੇ ਹੱਥ ਬੱਧੇ,
ਕਿੱਥੇ ਕਰਨ ਕਮਾਈਆਂ।

ਰੇਲ੍ਹੇ ਉੱਤੇ ਆਵੇ ਰੇਲ੍ਹਾ,
ਰੁੜ੍ਹ ਰੁੜ੍ਹ ਆਉਂਦੇ ਨੇ ਬੂਟੇ,
ਖਾਲੀ ਅੰਬਰ ਉੱਡਦੇ ਪੰਛੀ,
ਰੱਬਾ ਲੈਣ ਕਿੱਥੇ ਝੂਟੇ।
ਡੈਮਾਂ ਵਾਲੇ ਖੋਲ੍ਹੇ ਸਾਰੇ,
ਵੱਡੇ ਵੱਡੇ ਜੋ ਟੂਟੇ।
‘ਰੂਪ’ ਹੰਭੇ ਧੂਹ ਧੂਹ ਕੇ ਪਾਣੀ,
ਗੇਟ ਮਾਰਦੇ ਨੇ ਸੂਟੇ।

ਆਉਂਦੇ ਨੇਤਾ ਮੌਕੇ ਦੇਖਣ,
ਗਾਰਦ ਦੀਆਂ ਲੈ ਧਾੜਾਂ।
ਗੁੱਸੇ ਦੇ ਵਿਚ ਪਾਉਂਦੇ ਲੋਕੀਂ ,
ਬੇਸ਼ਰਮਾਂ ਤਾਈਂ ਝਾੜਾਂ।
ਰੁੜ੍ਹ ਪੁੜ੍ਹ ਗਈਆਂ ਪਹਿਲੇ ਰੇਲ੍ਹੇ,
ਐਲਾਨਾਂ ਦੀਆਂ ਵਾੜਾਂ।
‘ਰੂਪ’ ਪਛਾਨਣ ਲੱਗੇ ਲੋਕੀਂ,
ਤਾਕਤ ਵਾਲੀਆਂ ਨਾੜਾਂ।

ਮਨ ਕੀ ਬਾਤ ਸੁਣਾਵਣ ਵਾਲਾ,
ਬਾਤ ਕੋਈ ਨਾ ਬੋਲੇ।
ਵੋਟਾਂ ਵੇਲੇ ਥਾਂ ਥਾਂ ਜਾ ਕੇ,
ਉਹ ਕੁਫ਼ਰ ਵਥੇਰਾ ਤੋਲੇ।
ਸਮਝ ਆਂਵਦੀ ਜਾਵੇ ਲੋਕਾਂ,
ਇਹ ਮੂਲੋਂ ਖਾਲੀ ਛੋਲੇ।
‘ਰੂਪ’ ਲਾਹੀਏ ਟੀਸੀ ਉੱਤੋਂ,
ਲੈਂਦਾ ਏ ਵਿਹਲਾ ਝੋਲ੍ਹੇ।

ਇਕ ਰੋਜ਼ ਇਹ ਸੰਕਟ ਮੁੱਕਣਾ,
ਵਖ਼ਤ ਨਹਿੰ ਡੇਰਾ ਲਾਵੇ।
ਅਠਾਸੀ ਜਿਹੇ ਹੜ੍ਹ ਨੇ ਡਿੱਠੇ,
ਪੰਜਾਬ ਕਰੇ ਸੀ ਧਾਵੇ।
ਇਸਪਾਤਾਂ ਦੇ ਬੰਦੇ ਏਥੇ,
ਰਬੜ੍ਹ ਦੇ ਨਹੀਓਂ ਬਾਵੇ।
‘ਰੂਪ’ ਪੰਜਾਬ ਸਿਹੁੰ ਡਿੱਗ ਕੇ,
ਮੁੜ ਕੇ ਪੈਰੀਂ ਹੋ ਜਾਵੇ।
***
ਰੂਪ ਲਾਲ ਰੂਪ
ਪਿੰਡ ਭੇਲਾਂ ਡਾਕਖਾਨਾ ਨਾਜਕਾ
ਜਿਲ੍ਹਾ ਜਲੰਧਰ (ਪੰਜਾਬ)
+91 94652-25722

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
**
1598
***

+94652-29722 |  + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਰੂਪ ਲਾਲ ਰੂਪ
ਪ੍ਰਧਾਨ,
ਪੰਜਾਬੀ ਸਾਹਿੱਤ ਸਭਾ ਆਦਮਪੁਰ ਦੋਆਬਾ (ਰਜਿ)

ਪੁਸਤਕਾਂ:

ਕਾਵਿ ਰਿਸ਼ਮਾਂ (2020) ਸੰਪਾਦਨਾ
ਸਿਆੜ ਦਾ ਪੱਤਣ (2022) ਸੰਪਾਦਨਾ
ਗੁਰੂ ਰਵਿਦਾਸ ਪ੍ਰਗਾਸ ਦੀ ਖੋਜ--ਖੋਜੀ ਲੇਖਕ: ਰੂਪ ਲਾਲ 

ਪਤਾ:
ਪਿੰਡ ਭੇਲਾਂ ਡਾਕਖਾਨਾ ਨਾਜਕਾ
(ਜਲੰਧਰ) ਪੰਜਾਬ
+94652-29722

✍️ਰੂਪ ਲਾਲ ਰੂਪ

ਰੂਪ ਲਾਲ ਰੂਪ ਪ੍ਰਧਾਨ, ਪੰਜਾਬੀ ਸਾਹਿੱਤ ਸਭਾ ਆਦਮਪੁਰ ਦੋਆਬਾ (ਰਜਿ) ਪੁਸਤਕਾਂ: ਕਾਵਿ ਰਿਸ਼ਮਾਂ (2020) ਸੰਪਾਦਨਾ ਸਿਆੜ ਦਾ ਪੱਤਣ (2022) ਸੰਪਾਦਨਾ ਗੁਰੂ ਰਵਿਦਾਸ ਪ੍ਰਗਾਸ ਦੀ ਖੋਜ--ਖੋਜੀ ਲੇਖਕ: ਰੂਪ ਲਾਲ  ਪਤਾ: ਪਿੰਡ ਭੇਲਾਂ ਡਾਕਖਾਨਾ ਨਾਜਕਾ (ਜਲੰਧਰ) ਪੰਜਾਬ +94652-29722

View all posts by ✍️ਰੂਪ ਲਾਲ ਰੂਪ →