3 April 2026

ਝੜ ਰਹੇ ਪੱਤੇ — ਡਾ. ਨਿਸ਼ਾਨ ਸਿੰਘ ਰਾਠੌਰ

ਬਦਲਾਓ ਕੁਦਰਤ ਦਾ ਨਿਯਮ ਹੈ। ਇਸ ਨੂੰ ਕਿਸੇ ਵੀ ਢੰਗ, ਤਰੀਕੇ ਨਾਲ ਰੋਕਿਆ, ਬਦਲਿਆ ਜਾਂ ਟਾਲ਼ਿਆ ਨਹੀਂ ਜਾ ਸਕਦਾ। ਸਮੇਂ ਦੇ ਗੇੜ ਵਿੱਚ ਹਰ ਸ਼ੈਅ ਨੇ ਬਣਨਾ, ਵਿਗੜਨਾ ਤੇ ਟੁੱਟਣਾ ਹੈ। ਬ੍ਰਹਿਮੰਡ ਦੀ ਕੋਈ ਵੀ ਸ਼ੈਅ ਅਜਿਹੀ ਨਹੀਂ ਹੈ ਜਿਹੜੀ ਕਿ ਸਮੇਂ ਦੇ ਪ੍ਰਭਾਵ ਤੋਂ ਬਚ ਸਕਦੀ ਹੋਵੇ। ਇਸ ਲਈ ਮਨੋਵਿਗਿਆਨੀਆਂ ਦਾ ਕਥਨ ਹੈ ਕਿ ਮਨੁੱਖ ਨੂੰ ਆਪਣੇ ਜੀਵਨ ਵਿੱਚ ਹੁੰਦੇ ਬਦਲਾਓ ਖਿੜੇ ਮੱਥੇ ਪ੍ਰਵਾਨ ਕਰ ਲੈਣੇ ਚਾਹੀਦੇ ਹਨ ਕਿਉਂਕਿ ਉਸਦੇ ਕੋਲ਼ ਹੋਰ ਕੋਈ ਹੀਲ਼ਾ-ਵਸੀਲ਼ਾ ਵੀ ਨਹੀਂ ਹੁੰਦਾ। ਜਿਹੜੇ ਬੰਦੇ ਆਪਣੇ ਜੀਵਨ ਵਿੱਚ ਤਬਦੀਲੀ ਨੂੰ ਸਹਿਜਤਾ ਨਾਲ ਪ੍ਰਵਾਨ ਕਰ ਲੈਂਦੇ ਹਨ ਉਹ ਆਪਣੀ ਜ਼ਿੰਦਗੀ ਨੂੰ ਵਧੀਆ ਢੰਗ ਨਾਲ ਜਿਉਂਦੇ ਹਨ ਅਤੇ ਜਿਹੜੇ ਇਸ ਹਕੀਕਤ ਤੋਂ ਕੰਨੀ ਕਤਰਾਉਂਦੇ ਹਨ ਉਹ ਜ਼ਿੰਦਗੀ ਵਿੱਚ ਤੰਗ-ਪਰੇਸ਼ਾਨ ਹੁੰਦੇ ਰਹਿੰਦੇ ਹਨ, ਦੁਖੀ ਹੁੰਦੇ ਰਹਿੰਦੇ ਹਨ।  

ਮਨੁੱਖ ਦੇ ਜੀਵਨ ਵਿੱਚ ਦੁੱਖ ਅਤੇ ਸੁੱਖ ਦੇ ਸੰਕਲਪ ਨੂੰ ਇਸ ‘ਪ੍ਰਵਾਨਗੀ’ ਅਤੇ ‘ਅਪ੍ਰਵਾਨਗੀ’ ਦੇ ਸੰਦਰਭ ਰਾਹੀਂ ਸੌਖਾ ਸਮਝਿਆ ਜਾ ਸਕਦਾ ਹੈ। ਕੁਦਰਤ ਦੇ ਨਾਲ ਵਾਪਰੇ ‘ਬਦਲਾਓ’ ਨੂੰ ਸਵੀਕਾਰ ਕਰਦੇ ਬੰਦੇ, ਸੁੱਖ ਨਾਲ ਜੀਵਨ ਜਿਉਂਦੇ ਹਨ ਅਤੇ ਇਸ ਬਦਲਾਓ ਨੂੰ ਅਸਵੀਕਾਰ ਕਰਦੇ ਬੰਦੇ ਦੁੱਖ ਦੇ ਰੂਪ ਵਿੱਚ ਜੀਵਨ ਦੇ ਦਿਨ ਕੱਟਦੇ ਹਨ। ਹਾਲਾਂਕਿ ਦੁੱਖ ਵਿੱਚ ਜੀਵਨ ਜਿਉਂਦੇ ਲੋਕ ਭਾਵੇਂ ਬਦਲਾਓ ਨੂੰ ਟਾਲ਼ ਨਹੀਂ ਸਕਦੇ ਪਰ ਸਹਿਜਤਾ ਨਾਲ ਸਵੀਕਾਰਤਾ ਦੀ ਅਣਹੋਂਦ ਕਰਕੇ ਕਸ਼ਟ ਲਾਜ਼ਮੀ ਭੋਗਦੇ ਹਨ।

ਮਨੁੱਖੀ ਜੀਵਨ ਵਿੱਚ ਹੁੰਦੇ ਬਦਲਾਓ ਨੂੰ ਸਾਹਿਤ-ਜਗਤ ਵਿੱਚ ਬਹੁਤ ਵਿਸਥਾਰ-ਪੂਰਵਕ ਬਿਆਨ ਕੀਤਾ ਗਿਆ ਹੈ। ਪੰਜਾਬੀ ਸਾਹਿਤ-ਜਗਤ ਵਿੱਚ ਜਿੱਥੇ ਗੁਰਮਤਿ ਕਾਵਿ ਵਿੱਚ ਬਦਲਾਓ ਦੇ ਬਿਰਤਾਂਤ ਨੂੰ ਗੁਰੂ ਸਾਹਿਬਾਨ ਵੱਲੋਂ ਸਿਰਜਿਆ ਗਿਆ ਹੈ ਉੱਥੇ ਹੀ ਇਸ ਦੇ ਹੋਰ ਰੂਪਾਂ ਜਿਵੇਂ ਸੂਫ਼ੀ ਕਾਵਿ, ਵਾਰ ਕਾਵਿ ਅਤੇ ਕਿੱਸਾ ਕਾਵਿ ਵਿੱਚ ਵੀ ਇਸ ਨੂੰ ਪ੍ਰਮੁੱਖਤਾ ਨਾਲ ਸਿਰਜਿਆ ਗਿਆ ਹੈ, ਬਿਆਨਿਆ ਗਿਆ ਹੈ। ਇਸ ਸਿਰਜਣਾ ਦਾ ਮੂਲ ਪ੍ਰਯੋਜਨ ਇਹ ਸਮਝਿਆ ਜਾ ਸਕਦਾ ਹੈ ਕਿ ਮਨੁੱਖ ਦੇ ਮਨ ਵਿੱਚ ਬਦਲਾਓ ਦੇ ਸੰਕਲਪ ਨੂੰ ਦ੍ਰਿੜਤਾ ਨਾਲ ਸਥਾਪਤ ਕੀਤਾ ਜਾ ਸਕੇ ਅਤੇ ਡਰ, ਭੈਅ ਨੂੰ ਕੁਝ ਹੱਦ ਤੱਕ ਕੱਢਿਆ ਜਾ ਸਕੇ ਤਾਂ ਕਿ ਮਨੁੱਖ ਆਪਣੇ ਜੀਵਨ ਵਿੱਚ ਤਬਦੀਲੀ ਨੂੰ ਸਹਿਜਤਾ ਨਾਲ ਪ੍ਰਵਾਨ ਕਰ ਸਕੇ।

ਗੁਰਮਤਿ ਕਾਵਿ ਵਿੱਚ ਗੁਰੂ ਸਾਹਿਬਾਨ ਨੇ ਸਮੁੱਚੀ ਲੋਕਾਈ ਨੂੰ ਇਹ ਸੰਦੇਸ਼ ਦਿੱਤਾ ਹੈ ਕਿ ਇਸ ਸੰਸਾਰ ਵਿੱਚ ਕੋਈ ਵੀ ਸ਼ੈਅ ਸਦੀਵੀ ਨਹੀਂ ਹੈ, ਸਿਰਫ਼ ਪਰਮ-ਪਿਤਾ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ। ਇਸ ਲਈ ਦੁਨੀਆਵੀ ਵਸਤੂਆਂ ਦੀ ਪ੍ਰਾਪਤੀ ਲਈ ਮਨੁੱਖ ਨੂੰ ਆਪਣਾ ਕੀਮਤੀ ਜੀਵਨ ਅਜਾਈਂ ਨਹੀਂ ਗੁਆਉਣਾ ਚਾਹੀਦਾ। ਅਧਿਆਤਮਕ ਜਗਤ ਦੇ ਅਨੁਸਾਰ ਮਨੁੱਖ ਨੂੰ ਇਹ ਦੇਹੀ ਪ੍ਰਮਾਤਮਾ ਵਿੱਚ ਅਭੇਦਤਾ ਲਈ ਪ੍ਰਦਾਨ ਕੀਤੀ ਗਈ ਹੈ, ਸੰਸਾਰਕ ਵਸਤੂਆਂ ਦੀ ਇਕੱਤਰਤਾ ਲਈ ਨਹੀਂ:

‘ਭਈ ਪਰਾਪਤਿ ਮਾਨੁਖ ਦੇਹੁਰੀਆ।।
ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ।।’       (ਆਸਾ ਮਹਲਾ-5, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ 12)

ਪ੍ਰਮਾਤਮਾ ਨੂੰ ਪਾਉਣ ਅਤੇ ਉਸ ਵਿੱਚ ਅਭੇਦ ਹੋਣ ਲਈ ਅਜੋਕੇ ਮਨੁੱਖ ਨੂੰ ਜੀਵਨ ਰੂਪੀ ਇਕ ‘ਮੌਕਾ’ ਦਿੱਤਾ ਗਿਆ ਹੈ ਤਾਂ ਕਿ ਉਹ ਆਪਣੇ ਅਸਲ ਮਕਸਦ (ਪ੍ਰਮਾਤਮ ਵਿੱਚ ਅਭੇਦਤਾ) ਵਿੱਚ ਕਾਮਯਾਬ ਹੋ ਸਕੇ। ਪਰ ਬਦਕਿਸਮਤੀ, ਮਨੁੱਖ ਸੰਸਾਰਕ ਕਾਰ-ਵਿਹਾਰ ਅਤੇ ਦੁਨੀਆਵੀ ਸੁੱਖਾਂ ਦੇ ਪਿੱਛੇ ਭੱਜਦਾ ਹੋਇਆ ਇਸ ਬਲਦਾਓ ਦੇ ਸਿਧਾਂਤ ਤੋਂ ਮੂੰਹ ਮੋੜ ਲੈਂਦਾ ਹੈ ਅਤੇ ਅੰਤ ਵਿੱਚ ਖ਼ੁਆਰ ਹੁੰਦਾ ਹੈ:

‘ਰਾਮੁ ਗਇਓ ਰਾਵਨੁ ਗਇਓ ਜਾਕਉ ਬਹੁ ਪਰਵਾਰ।।
ਕਹੁ ਨਾਨਕ ਥਿਰੁ ਕਛੁ ਨਹੀ ਸੁਪਨੇ ਜਿਉ ਸੰਸਾਰਿ।।’          (ਸਲੋਕ ਮਹਲਾ-9, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ 1429)

ਸੂਫ਼ੀ ਕਾਵਿ ਦਾ ਅਧਿਐਨ ਕਰਦਿਆਂ ਬਾਬਾ ਫ਼ਰੀਦ ਜੀ ਦੇ ਇਸ ਸਲੋਕ ਨੂੰ ਸੰਭਾਲਿਆ ਜਾ ਸਕਦਾ ਹੈ ਜਿਸ ਵਿੱਚ ਉਹ ਆਖਦੇ ਹਨ ਕਿ ਜਿਸ ਆਸਨ ’ਤੇ ਅੱਜ ਉਹ ਬਿਰਾਜਮਾਨ ਹਨ। ਇਸ ਆਸਨ ’ਤੇ ਕਿੰਨੇ ਲੋਕ ਆ ਕੇ ਬੈਠੇ ਹਨ ਅਤੇ ਬਾਅਦ ਵਿੱਚ ਕਿੰਨਿਆਂ ਨੇ ਬਹਿਣਾ ਹੈ? ਇਹ ਆਸਨ ਇੰਝ ਹੀ ਰਹਿਣਾ ਹੈ। ਪਰ ਇਸ ਉੱਪਰ ਬੈਠਣ ਵਾਲੇ ਲੋਕ ਬਦਲਦੇ ਰਹਿੰਦੇ ਹਨ। ਜੇਕਰ ਕੋਈ ਮਨੁੱਖ ਇਸ ਭਰਮ ਵਿੱਚ ਰਹੇ ਕਿ ਉਹ ਸਦਾ ਲਈ ਇਸ ਆਸਨ ਦਾ ਮਾਲਕ ਹੋ ਗਿਆ ਹੈ ਤਾਂ ਉਹ ਮੂਰਖ਼ ਹੋਵੇਗਾ ਹੋਰ ਕੁਝ ਨਹੀਂ:

‘ਸੇਖ ਹੈਯਾਤੀ ਜਗਿ ਨ ਕੋਈ ਥਿਰੁ ਰਹਿਆ।।
ਜਿਸੁ ਆਸਣਿ ਹਮ ਬੈਠੇ ਕੇਤੇ ਬੈਸਿ ਗਇਆ।।’            (ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ 488)

ਹਿੰਦੂ ਧਰਮ ਗ੍ਰੰਥਾਂ ਦਾ ਅਧਿਐਨ ਕਰਦਿਆਂ ਜਦੋਂ ਸ੍ਰੀਮਦ ਭਗਵਤ ਗੀਤਾ ਵਿੱਚ ਮਹਾਂਭਾਰਤ ਦੀ ਲੜਾਈ ਦੇ ਵਰਣਨ ਦਾ ਅਧਿਐਨ ਕੀਤਾ ਜਾਂਦਾ ਹੈ ਤਾਂ ਭਗਵਾਨ ਸ੍ਰੀ ਕ੍ਰਿਸ਼ਨ ਜੀ ਆਖਦੇ ਹਨ: ‘ਪਰਿਵਰਤਨ ਹੀ ਸੰਸਾਰ ਦਾ ਨਿਯਮ ਹੈ’ ਭਾਵ ਬਦਲਾਓ ਹੀ ਕੁਦਰਤ ਦਾ ਅਟੱਲ ਤੇ ਸੱਚਾ ਨਿਯਮ ਹੈ। ਕੁਦਰਤ ਵਿੱਚ ਬਦਲਾਓ ਲਾਜ਼ਮੀ ਹੁੰਦੇ ਹਨ। ਇਸ ਨੂੰ ਟਾਲਿਆ, ਬਦਲਿਆ ਜਾਂ ਰੋਕਿਆ ਨਹੀਂ ਜਾ ਸਕਦਾ।  

ਕੁਰੂਕਸ਼ਤੇਰ ਦੀ ਧਰਤੀ ’ਤੇ ਮਹਾਂਭਾਰਤ ਦੀ ਜੰਗ ਵਿੱਚ ਹੱਥਿਆਰ ਸੁੱਟ ਕੇ ਬੈਠੇ ਅਰਜੁਨ ਨੂੰ ਉਪਦੇਸ਼ ਦਿੰਦਿਆਂ ਭਗਵਾਨ ਸ੍ਰੀ ਕ੍ਰਿਸ਼ਨ ਜੀ ਆਖਦੇ ਹਨ: ‘ਹੇ ਪਾਰਥ, ਅੱਜ ਜੋ ਕੁਝ ਤੇਰਾ ਹੈ, ਕੱਲ੍ਹ ਕਿਸੇ ਹੋਰ ਦਾ ਸੀ ਅਤੇ ਭਲਕ ਨੂੰ ਕਿਸੇ ਹੋਰ ਦਾ ਹੋ ਜਾਵੇਗਾ। ਤੂੰ ਇਸ ਸੰਸਾਰ ਵਿੱਚ ਕੀ ਲੈ ਕੇ ਆਇਆ ਸੀ ਅਤੇ ਕੀ ਲੈ ਕੇ ਜਾਵੇਂਗਾ? ਇਸ ਸਚਾਈ ਨੂੰ ਸਮਝ। ਆਪਣੇ ਹੱਥਿਆਰ ਚੁੱਕ ਅਤੇ ਸਾਹਮਣੇ ਖੜੇ ਦੁਸ਼ਮਣਾਂ ਦਾ ਸਾਹਮਣਾ ਕਰਕੇ ਧਰਮ ਦੀ ਰੱਖਿਆ ਕਰ। ਤੇਰੇ ਲਈ ਇਹੋ ਕਰਮ ਹੈ, ਇਹੋ ਧਰਮ ਹੈ।’

ਭਗਵਾਨ ਸ੍ਰੀ ਕ੍ਰਿਸ਼ਨ ਦੇ ਇਸ ਉਪਦੇਸ਼ ਕਰਕੇ ਮਹਾਂਭਾਰਤ ਦੀ ਜੰਗ ਵਿੱਚ ਸੱਚ ਦੀ ਜਿੱਤ ਹੋਈ ਅਤੇ ਝੂਠ ਨੂੰ ਮੂੰਹ ਦੀ ਖਾਣੀ ਪਈ। ਇਸ ਤਰ੍ਹਾਂ ਅਧਿਆਤਮਕ-ਜਗਤ ਵਿੱਚ ਮਨੁੱਖ ਨੂੰ ਜੀਵਨ ਦੀ ਨਾਸ਼ਮਾਨਤਾ ਦੇ ਬਾਰੇ ਜਾਗਰੂਕ ਕੀਤਾ ਗਿਆ ਹੈ ਤਾਂ ਕਿ ਮਨੁੱਖ ਆਪਣੇ ਜੀਵਨ ਨੂੰ ਅਜਾਈਂ ਵਿਅਰਥ ਕਾਰਜਾਂ ਵਿੱਚ ਹੀ ਨਾ ਗੁਆ ਲਵੇ।

ਖ਼ੈਰ! ਪੰਜਾਬੀ ਸਾਹਿਤ ਦੇ ਆਧੁਨਿਕ ਰੂਪ ਵਿੱਚ ਵੀ ਬਦਲਾਓ ਦੇ ਵਰਣਨ ਨੂੰ ਵਿਸ਼ੇਸ਼ ਤਵੱਜੋਂ ਦਿੱਤੀ ਗਈ ਹੈ। ਇਸੇ ਤਰ੍ਹਾਂ ਦੀ ਬਿਰਤੀ ਨੂੰ ਬਿਆਨ ਕਰਦਿਆਂ ਪ੍ਰੋ. ਰਾਬਿੰਦਰ ਮਸਰੂਰ ਜੀ ਦੀ ਇਹ ਗ਼ਜ਼ਲ ਵਿਸ਼ੇਸ਼ ਧਿਆਨ ਦੀ ਮੰਗ ਕਰਦੀ ਹੈ:

‘ਝੜ ਰਹੇ ਪੱਤਿਆਂ ਨੂੰ ਇਸ ਗੱਲ ’ਤੇ ਬੜਾ ਇਤਰਾਜ਼ ਹੈ
ਇਹ ਨਵੇਂ ਪੱਤੇ ਨਿਕਲਦੇ ਸਾਰ ਸਿਖ਼ਰਾਂ ਹੋ ਗਏ।’             (ਰਾਬਿੰਦਰ ਮਸਰੂਰ, ਤੁਰਨਾ ਮੁਹਾਲ ਹੈ (ਗ਼ਜ਼ਲ ਸੰਗ੍ਰਹਿ), ਪੰਨਾ 73)

ਮਨੁੱਖੀ ਮਨ ਦੀ ਇਸ ਅਵਸਥਾ ਨੂੰ ਪ੍ਰੋ. ਰਾਬਿੰਦਰ ਮਸਰੂਰ ਜੀ ਹੁਰਾਂ ਨੇ ਸ਼ੇਅਰ ਦੇ ਇਨ੍ਹਾਂ ਦੋ ਮਿਸਰਿਆਂ ਵਿੱਚ ਹੀ ਬਿਆਨ ਕਰ ਦਿੱਤਾ ਹੈ। ਅਸਲ ਵਿੱਚ ਕਿੱਤਾ, ਖ਼ੇਤਰ ਕੋਈ ਵੀ ਹੋਵੇ ਪੁਰਾਣੇ ਲੋਕ ਇਹ ਨਹੀਂ ਚਾਹੁੰਦੇ ਕਿ ਕੋਈ ਨਵਾਂ ਬੰਦਾ ਆਉਂਦਿਆਂ ਹੀ ਛਾ ਜਾਵੇ ਅਤੇ ਉਨ੍ਹਾਂ ਤੋਂ ਅੱਗੇ ਲੰਘ ਜਾਵੇ।

ਦੂਜੇ ਸ਼ਬਦਾਂ ਵਿੱਚ, ਕੋਈ ਵਿਅਕਤੀ ਇਹ ਨਹੀਂ ਚਾਹੁੰਦਾ ਕਿ ਕੋਈ ਨਵਾਂ ਵਿਅਕਤੀ ਉਸ ਤੋਂ ਅੱਗੇ ਲੰਘੇ। ਇਹ ਮਨੁੱਖੀ ਬਿਰਤੀ ਹੈ, ਇਸ ਨੂੰ ਬਦਲਿਆਂ ਨਹੀਂ ਜਾ ਸਕਦਾ। ਹਾਂ, ਹਉਮੈ ਦੀ ਇਸ ਅੱਗ ਨੂੰ ਅਧਿਆਤਮ ਦੇ ਮਾਰਗ ’ਤੇ ਤੁਰ ਕੇ ਕੁਝ ਹੱਦ ਤੱਕ ਘਟਾਇਆ ਜ਼ਰੂਰ ਜਾ ਸਕਦਾ ਹੈ ਪਰ ਉੱਕਾ ਹੀ ਸਮਾਪਤ ਨਹੀਂ ਕੀਤਾ ਜਾ ਸਕਦਾ। ਇਹ ਕਾਰਜ ਇੰਨਾ ਸੌਖਾ ਵੀ ਨਹੀਂ ਹੈ ਅਤੇ ਬਹੁਤੇ ਲੋਕ ਇਸ ਪਾਸੇ ਵੱਲ ਕਦਮ ਵੀ ਨਹੀਂ ਵਧਾਉਂਦੇ ਅਤੇ ਇਸ ਦੀ ਇੰਨੀ ਲੋੜ ਵੀ ਨਹੀਂ ਸਮਝੀ ਜਾਂਦੀ।

ਖ਼ੈਰ! ਪੰਜਾਬੀ ਸਾਹਿਤ-ਜਗਤ ਦੀ ਗੱਲ ਕਰਦਿਆਂ ਇਸ ਬਿਰਤੀ ਨੂੰ ਦੇਖਿਆ, ਪੜ੍ਹਿਆ ਤੇ ਸਮਝਿਆ ਜਾ ਸਕਦਾ ਹੈ। ਪੁਰਾਣੇ ਲੇਖਕ ਜਦੋਂ ਕਿਸੇ ਨਵੇਂ ਲੇਖਕ ਨੂੰ ਅੱਗੇ ਵੱਧਦਾ ਦੇਖਦੇ ਹਨ ਤਾਂ ਉਨ੍ਹਾਂ ਨੂੰ (ਸਾਰਿਆਂ ਨੂੰ ਨਹੀਂ) ਆਪਣਾ ਰੁਤਬਾ ਘੱਟਦਾ ਦਿਖਾਈ ਦਿੰਦਾ ਹੈ। ਇੱਥੇ ਵਿਸ਼ੇਸ਼ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਸ ਬਿਰਤੀ ਨੂੰ 100 ਫੀਸਦੀ ਲੇਖਕਾਂ ਜਾਂ ਸਾਹਿਤਕਾਰਾਂ ਉੱਪਰ ਲਾਗੂ ਨਹੀਂ ਕੀਤਾ ਜਾ ਸਕਦਾ। ਪਰ ਫੇਰ ਵੀ ਵੱਡੀ ਗਿਣਤੀ ਵਿੱਚ ਲੇਖਕ, ਸਾਹਿਤਕਾਰ ਇਸ ਬਿਰਤੀ ਦੇ ਧਾਰਨੀ ਹੁੰਦੇ ਹਨ ਜਾਂ ਕਹਿ ਲਓ ਇਸ ਬਿਮਾਰੀ ਦਾ ਸ਼ਿਕਾਰ ਹੁੰਦੇ ਹਨ।

ਅਜਿਹੇ ਲੇਖਕ ਉਸ ਨਵੇਂ ਲਿਖਾਰੀ ਦੀ ਆਮਦ ਨੂੰ ਸਹਿਜਤਾ ਨਾਲ ਸਵੀਕਾਰ ਨਹੀਂ ਕਰਦੇ ਬਲਕਿ ਉਸਦੇ ਹੌਸਲੇ ਨੂੰ ਤੋੜਨ ਦਾ ਭਰਪੂਰ ਯਤਨ ਕਰਦੇ ਹਨ ਤਾਂ ਕਿ ਸਾਹਿਤ ਦੇ ਰੁੱਖ ਉੱਤੇ ਉੱਗਿਆ ਉਹ ਨਵਾਂ ਪੱਤਾ ਸੜ ਕੇ ਹੇਠਾਂ ਡਿੱਗ ਪਵੇ। ਅਜਿਹੇ ਲੇਖਕ ਉਸ ਨਵੀਂ ਕਰੂੰਬਲ ਨੂੰ ਆਪਣੇ ਖ਼ੇਤਰ ਵਿੱਚੋਂ ਚੁੱਕ ਕੇ ਬਾਹਰ ਵਗਾਹ ਮਾਰਨਾ ਚਾਹੁੰਦੇ ਹਨ। ਪਰ ਉਨ੍ਹਾਂ ਦੀ ਕੋਈ ਵਾਹ ਨਹੀਂ ਚੱਲਦੀ।

ਖ਼ੈਰ! ਪੰਜਾਬੀ ਸਾਹਿਤ-ਜਗਤ ਵਿੱਚ ਇਸ ਤਰ੍ਹਾਂ ਦੀ ਬਿਰਤੀ ਤੋਂ ਬਚਣ ਲਈ ਕਈ ਸ਼ਾਇਰਾਂ, ਲੇਖਕਾਂ ਅਤੇ ਆਲੋਚਕਾਂ ਨੇ ਪਹਿਲ ਵੀ ਕੀਤੀ ਹੈ। ਉਹ ਆਪਣੀਆਂ ਰਚਨਾਵਾਂ ਵਿੱਚ ਅਜਿਹੇ ਲੇਖਕਾਂ, ਸਾਹਿਤਕਾਰਾਂ ਨੂੰ ਬੇਨਤੀ ਰੂਪ ਵਿੱਚ ਸੰਬੋਧਨ ਹੁੰਦਿਆਂ ਆਖਦੇ ਹਨ ਕਿ ਇਨ੍ਹਾਂ ਨਵੇਂ ਬੂਟਿਆਂ (ਨਵੇਂ ਲੇਖਕ-ਲੇਖਿਕਾਵਾਂ) ਨੂੰ ਹੱਲਾਸ਼ੇਰੀ ਦੀ ਖਾਦ ਪਾ ਕੇ ਦੇਖੋ ਇਹ ਨਵੇਂ ਬੂਟੇ ਸਾਹਿਤ ਦੀ ਫੁਲਵਾੜੀ ਨੂੰ ਹੋਰ ਖੂਬਸੂਰਤ ਬਣਾ ਦੇਣਗੇ। ਪਰ ਇਸ ਕਾਰਜ ਲਈ ਸਥਾਪਤ ਲੇਖਕ-ਲੇਖਿਕਾਵਾਂ ਨੂੰ ਵੱਡਾ ਦਿਲ ਦਿਖਾਉਣਾ ਪਵੇਗਾ:

‘ਨਵੇਂ ਜੋ ਉੱਗ ਰਹੇ ਬੂਟੇ ਉਨ੍ਹਾਂ ਨੂੰ ਖਾਦ ਪਾ ਕੇ ਵੇਖ
ਨਵੇਂ ਸ਼ਾਇਰ ਦੀ ਝੋਲ਼ੀ ਵਿੱਚ ਕਦੇ ਤਾਂ ਦਾਦ ਪਾ ਕੇ ਵੇਖ।’                     (ਦੇਵਿੰਦਰ ਬੀਬੀਪੁਰੀਆ, ਮੈਂ ਤੋਂ ਮੈਂ ਤੱਕ (ਗ਼ਜ਼ਲ ਸੰਗ੍ਰਹਿ), ਪੰਨਾ 36)

ਪਰ ਦੂਜੇ ਪਾਸੇ, ਇਸ ਸਚਾਈ ਤੋਂ ਉੱਕਾ ਹੀ ਮੂੰਹ ਮੋੜ ਲੈਣਾ ਇੰਝ ਹੋਵੇਗਾ ਜਿਵੇਂ ਬਿੱਲੀ ਨੂੰ ਦੇਖ ਕੇ ਕਬੂਤਰ ਅੱਖਾਂ ਬੰਦ ਕਰ ਲੈਂਦਾ ਹੈ ਤੇ ਸਮਝਦਾ ਹੈ ਕਿ ਉਹ ਮੁਸੀਬਤ ਤੋਂ ਬਚ ਗਿਆ ਹੈ। ਪਰ ਇਹ ਕਬੂਤਰ ਦਾ ਵਹਿਮ ਹੁੰਦਾ ਹੈ। ਇਸ ਸਚਾਈ ਤੋਂ ਮੂੰਹ ਫੇਰਨ ਵਾਲੇ ਸਾਹਿਤਕਾਰ ਤੇ ਲੇਖਕ ਵੀ ਕਬੂਤਰ ਵਾਂਗ ਵਹਿਮ ਦੇ ਸ਼ਿਕਾਰ ਸਮਝੇ ਜਾ ਸਕਦੇ ਹਨ, ਹੋਰ ਕੁਝ ਨਹੀਂ।

ਇੱਥੇ ਖ਼ਾਸ ਗੱਲ ਇਹ ਹੈ ਕਿ ਇਹ ਬਿਰਤੀ ਜਾਂ ਸੁਭਾਓ ਇਕੱਲੇ ਸਾਹਿਤ ਦੇ ਖ਼ੇਤਰ ਵਿੱਚ ਹੀ ਦੇਖਣ ਨੂੰ ਨਹੀਂ ਮਿਲਦਾ ਬਲਕਿ ਮਨੁੱਖੀ ਜੀਵਨ ਦੇ ਹਰ ਖ਼ੇਤਰ ਵਿੱਚ ਦੇਖਣ ਨੂੰ ਮਿਲਦਾ ਹੈ। ਹੋਰ ਤਾਂ ਹੋਰ ਪਸ਼ੂਆਂ ਵਿੱਚ ਵੀ ਇਹ ਬਿਰਤੀ ਦੇਖੀ ਜਾ ਸਕਦੀ ਹੈ। ਵਰ੍ਹਿਆਂ ਤੋਂ ਕਿਸੇ ਜੰਗਲ ਵਿੱਚ ਸ਼ਿਕਾਰ ਕਰਦੇ ਬੱਬਰ ਸ਼ੇਰ ਨੂੰ ਜਦੋਂ ਇਹ ਪਤਾ ਲੱਗਦਾ ਹੈ ਕਿਸੇ ਹੋਰ ਇਲਾਕੇ ਦਾ ਸ਼ੇਰ ਉਸਦੇ ਇਲਾਕੇ ਵਿੱਚ ਆ ਗਿਆ ਹੈ ਤਾਂ ਉਹ ਆਪਣੇ ਸ਼ਿਕਾਰ ਨੂੰ ਭੁੱਲ ਕੇ ਪਹਿਲਾਂ ਉਸ ਸ਼ੇਰ ਦਾ ਖ਼ਾਤਮਾ ਕਰਨਾ ਚਾਹੁੰਦਾ ਹੈ ਜਿਹੜਾ ਉਸਦੇ ਇਲਾਕੇ ਵਿੱਚ ਵੜਿਆ ਹੁੰਦਾ ਹੈ।

ਵਿਦਵਾਨਾਂ ਦਾ ਕਥਨ ਹੈ ਕਿ ਇੱਕੋ ਥਾਵੇਂ ਖੜਾ ਪਾਣੀ ਵੀ ਕੁਝ ਚਿਰ ਮਗ਼ਰੋਂ ਮੁਸ਼ਕ ਮਾਰਨ ਲੱਗ ਪੈਂਦਾ ਹੈ ਫੇਰ ਇੱਕੋ ਥਾਵੇਂ ਰੁਕਿਆ ਬੰਦਾ ਕਿੰਝ ਅੱਗੇ ਵੱਧ ਸਕਦਾ ਹੈ? ਬੰਦੇ ਨੇ ਜਦੋਂ ਆਪਣਾ ਘਰ ਬਦਲਣਾ ਹੋਵੇ ਤਾਂ ਮਨ ਵਿੱਚ ਡਰ ਹੁੰਦਾ ਹੈ ਕਿ ਗੁਆਂਢੀ ਖ਼ੌਰੇ ਕਿੰਝ ਦੇ ਹੋਣਗੇ? ਬਿਲਕੁਲ ਇੰਝ ਹੀ ਸਕੂਲ ਬਦਲਦਿਆਂ, ਕਾਲਜ ਬਦਲਦਿਆਂ, ਥਾਂ ਬਦਲਦਿਆਂ, ਕਾਰੋਬਾਰ ਬਦਲਦਿਆਂ ਅਤੇ ਮਨੁੱਖੀ ਜ਼ਿੰਦਗੀ ਨਾਲ ਜੁੜੇ ਕਿਸੇ ਵੀ ਮਸਲੇ ਨਾਲ ਸੰਬੰਧਤ ਬਦਲਾਓ ਜਾਂ ਤਬਦੀਲੀ ਹੁੰਦੀ ਹੈ ਤਾਂ ਮਨੁੱਖ ਦੇ ਮਨ ਨੂੰ ਚੰਗਾ ਨਹੀਂ ਲੱਗਦਾ। ਹਾਂ, ਬਾਅਦ ਵਿੱਚ ਕੁਝ ਚਿਰ ਮਗ਼ਰੋਂ ਮਨ ਇਸ ਬਦਲਾਓ ਨੂੰ ਪਰਵਾਨ ਕਰ ਲੈਂਦਾ ਹੈ ਅਤੇ ਜ਼ਿੰਦਗੀ ਪਹਿਲਾਂ ਵਾਂਗ ਸਹਿਜ ਢੰਗ ਨਾਲ ਤੁਰਨ ਲੱਗਦੀ ਹੈ। ਪਰ ਬਦਲਾਓ ਦਾ ਡਰ. ਭੈਅ ਮਨੁੱਖ ਦੇ ਮਨ ’ਚ ਸਦਾ ਬਣਿਆ ਰਹਿੰਦਾ ਹੈ।

ਪੰਜਾਬੀ ਸਾਹਿਤ-ਜਗਤ ਦੀ ਗੱਲ ਕਰਦਿਆਂ ਕਿਹਾ ਜਾ ਸਕਦਾ ਹੈ ਕਿ ਆਮ ਤੌਰ ’ਤੇ ਪੁਰਾਣੇ ਲੇਖਕ ਪਹਿਲਾਂ ਤਾਂ ਨਵੇਂ ਲੇਖਕਾਂ ਨੂੰ ਬਹੁਤਾ ਪਰਵਾਨ ਨਹੀਂ ਕਰਦੇ ਅਤੇ ਹਰ ਰਚਨਾ ’ਤੇ ਅਕਸਰ ਟੀਕਾ-ਟਿੱਪਣੀ ਕਰਕੇ ਉਸਦੇ ਆਤਮ-ਵਿਸ਼ਵਾਸ ਨੂੰ ਤੋੜਨ ਦਾ ਯਤਨ ਕਰਦੇ ਹਨ। ਪਰ, ਫੇਰ ਵੀ ਜਦੋਂ ਕੋਈ ਨਵਾਂ ਲੇਖਕ-ਲੇਖਿਕਾ ਆਪਣੇ ਖ਼ੇਤਰ ਵਿੱਚ ਨਿਰੰਤਰ ਕਾਰਜਸ਼ੀਲ ਰਹਿੰਦਾ ਹੈ ਤਾਂ ਸਹਿਜੇ-ਸਹਿਜੇ ਉਹ ਆਪਣੀ ਪਛਾਣ ਕਾਇਮ ਕਰਨ ਦੇ ਕਾਬਿਲ ਹੋ ਜਾਂਦਾ ਹੈ।

ਕੁਝ ਪੁਰਾਣੇ ਲੇਖਕਾਂ ਨੂੰ ਜਿੱਥੇ ਇਸ ਗੱਲ ਦਾ ਮਲਾਲ ਹੈ ਕਿ ਉਨ੍ਹਾਂ ਦੀ ਥਾਂ ’ਤੇ ਨਵੇਂ ਲੋਕ ਆ ਰਹੇ ਹਨ ਉੱਥੇ ਇਸ ਗੱਲ ਦਾ ਗੁੱਸਾ ਵੀ ਹੈ ਕਿ ਇਹ ਨਵੇਂ ਪੱਤੇ (ਨਵੇਂ ਲੇਖਕ-ਲੇਖਿਕਾ) ਲਿਖਤਾਂ ਜਾਂ ਸਿਰਜਣਾ ਦੀ ਸ਼ਕਤੀ ਰਾਹੀਂ ਉਨ੍ਹਾਂ ਤੋਂ ਉੱਪਰ ਉੱਠ ਰਹੇ ਹਨ ਭਾਵ ਅੱਗੇ ਨਿਕਲ ਰਹੇ ਹਨ। ਪ੍ਰੋ. ਰਾਬਿੰਦਰ ਮਸਰੂਰ ਇਸੇ ਭਾਵ ਨੂੰ ਬੜੇ ਵਿਅੰਗ ਵਿਧੀ ਰਾਹੀਂ ਆਪਣੇ ਮਿਸਰੇ ਵਿੱਚ ‘ਇਹ ਨਵੇਂ ਪੱਤੇ ਨਿਕਲਦੇ ਸਾਰ ਸਿਖਰਾਂ ਹੋ ਗਏ।’ ਕਹਿੰਦਾ ਹੈ।

ਪੰਜਾਬੀ ਲੋਕ-ਜੀਵਨ ਵਿੱਚ ਆਮ ਹੀ ਕਹਾਵਤ ਹੈ ਕਿ ਬੰਦਾ ਆਪਣੇ ਦੁੱਖ ਤੋਂ ਓਨਾ ਦੁਖੀ ਨਹੀਂ ਹੁੰਦਾ ਜਿੰਨਾ ਦੂਜੇ ਦੇ ਸੁੱਖ ਤੋਂ ਦੁਖੀ ਹੁੰਦਾ ਹੈ। ਇਹ ਬਿਰਤੀ ਇਕੱਲੇ ਸਾਹਿਤ-ਜਗਤ ਵਿੱਚ ਹੀ ਦੇਖਣ ਨੂੰ ਨਹੀਂ ਮਿਲਦੀ ਬਲਕਿ ਮਨੁੱਖੀ ਜੀਵਨ ਦੇ ਹਰ ਖ਼ੇਤਰ ਵਿੱਚ ਦੇਖਣ ਨੂੰ ਮਿਲਦੀ ਹੈ। ਕਿੱਤਾ ਕੋਈ ਵੀ ਹੋਵੇ ਪੁਰਾਣੇ ਲੋਕ ਨਵੇਂ ਲੋਕਾਂ ਨੂੰ ਅੱਗੇ ਨਹੀਂ ਆਉਣ ਦੇਣਾ ਚਾਹੁੰਦੇ।

‘ਝੜ ਰਹੇ ਪੱਤੇ’ ਆਪਣਾ ਜੀਵਨ ਭੋਗ ਕੇ ਰੁੱਤ ਅਤੇ ਸਮੇਂ ਦੇ ਮੁਤਾਬਕ ਡਿੱਗਦੇ ਹਨ ਅਤੇ ਨਵੇਂ ਪੱਤੇ ਰੁੱਤ ਅਤੇ ਸਮੇਂ ਦੇ ਮੁਤਾਬਕ ਸਿਖ਼ਰ ’ਤੇ ਸੋਭਦੇ ਹਨ। ਇੱਥੇ ਇੱਕ ਗੱਲ ਜ਼ਿਹਨ ਵਿੱਚ ਰੱਖਣ ਵਾਲੀ ਹੈ ਕਿ ਇਹ ਸਮਾਂ ਇੱਥੇ ਵੀ ਨਹੀਂ ਰੁਕਣਾ। ਰੁੱਤ ਨੇ ਫੇਰ ਬਦਲਣਾ ਹੈ ਅਤੇ ਫੇਰ ਨਵੇਂ ਪੱਤੇ ਪੁੰਗਰਨੇ ਹਨ। ਫੇਰ ਨਵਿਆਂ ਦੀ ਰੁੱਤ ਆਉਣੀ ਹੈ। ਫੇਰ ਸਮੇਂ ਦੇ ਗੇੜ ਵਿੱਚ ਇਹ ਪੱਤੇ ਡਿੱਗਣੇ ਸ਼ੁਰੂ ਹੋ ਜਾਣਗੇ ਅਤੇ ਇਨ੍ਹਾਂ ਦੀ ਥਾਵੇਂ ਨਵੇਂ ਪੱਤੇ ਸਿਖ਼ਰ ’ਤੇ ਹੋਣਗੇ। ਇਹ ਸਿਲਸਿਲਾ ਅਨੰਤ-ਅਨੰਤ ਕਾਲ ਤੱਕ ਇੰਝ ਹੀ ਚੱਲਦਾ ਰਹੇਗਾ। ਇਸ ਨੂੰ ਰੋਕਿਆ, ਬਦਲਿਆ ਜਾਂ ਟਾਲ਼ਿਆ ਨਹੀਂ ਜਾ ਸਕਦਾ। ਇਸ ਲਈ ਜਿੰਨਾ ਵਕਤ ਮਿਲਿਆ ਹੈ ਉਸ ਨੂੰ ਪ੍ਰੇਮ ਨਾਲ ਬਿਤਾਉਣਾ ਚਾਹੀਦਾ ਹੈ।

ਆਧੁਨਿਕ ਸੰਦਰਭ ਵਿੱਚ ਗੱਲ ਕਰਦਿਆਂ ਇੰਝ ਕਿਹਾ ਜਾ ਸਕਦਾ ਹੈ ਕਿ ਕੁਰਸੀਆਂ ਤਾਂ ਕੁਝ ਵਕਤ ਤੱਕ ਰਹਿ ਸਕਦੀਆਂ ਹਨ ਪਰ ਕੁਰਸੀਆਂ ’ਤੇ ਬੈਠਣ ਵਾਲੇ ਲੋਕ ਸਮੇਂ ਦੇ ਮੁਤਾਬਕ ਬਦਲਦੇ ਰਹਿਣਗੇ। ਹੁਣ ਕੋਈ ਵਿਅਕਤੀ ਇਸ ਕੁਰਸੀ ਨੂੰ ਹਮੇਸ਼ਾ ਲਈ ਆਪਣੀ ਜਾਗੀਰ ਸਮਝ ਲਵੇ ਤਾਂ ਉਸ ਨੂੰ ਮੂਰਖ਼ ਹੀ ਕਿਹਾ ਜਾ ਸਕਦਾ ਹੈ, ਹੋਰ ਕੁਝ ਨਹੀਂ।

ਆਖ਼ਰ ਵਿੱਚ ਉੱਪਰ ਕੀਤੀ ਗਈ ਵਿਚਾਰ-ਚਰਚਾ ਦੇ ਆਧਾਰ ’ਤੇ ਕਿਹਾ ਜਾ ਸਕਦਾ ਹੈ ਕਿ ਸਾਹਿਤ, ਸਮਾਜ ਅਤੇ ਸੰਵੇਦਨਾਵਾਂ ਦਾ ਇਹ ਪ੍ਰਸੰਗ ਮਨੋਵਿਗਿਆਨਕ ਮੁਲਾਂਕਣ ਦੀ ਸ਼੍ਰੇਣੀ ਵਿੱਚ ਲੰਮੀ ਵਿਚਾਰ-ਚਰਚਾ ਦਾ ਹਿੱਸਾ ਬਣਾਇਆ ਜਾ ਸਕਦਾ ਹੈ। ਇਹ ਬਿਰਤੀ ਸਮਾਜ ਵਿੱਚੋਂ ਉਪਜ ਕੇ ਸਾਹਿਤ ਵਿੱਚ ਆਪਣੀ ਛਾਪ ਛੱਡਦੀ ਹੈ ਅਤੇ ਫੇਰ ਮਨੁੱਖੀ ਮਨ ਦੀਆਂ ਕੋਮਲ ਸੰਵੇਦਨਾਵਾਂ ਵਿੱਚ ਘਰ ਕਰ ਲੈਂਦੀ ਹੈ। ਫੇਰ ਲੱਖ ਯਤਨ ਕਰਨ ’ਤੇ ਵੀ ਇਸ ਬਿਰਤੀ ਤੋਂ ਖਹਿੜਾ ਨਹੀਂ ਛੁਡਾਇਆ ਜਾ ਸਕਦਾ। ਜਿਵੇਂ ਉੱਪਰ ਵੀ ਜ਼ਿਕਰ ਕੀਤਾ ਜਾ ਚੁਕਿਆ ਹੈ ਕਿ ਇਹ ਬਿਰਤੀ ਨਾ ਰੋਕੀ ਜਾ ਸਕਦੀ ਹੈ, ਨਾ ਬਦਲੀ ਜਾ ਸਕਦੀ ਹੈ ਅਤੇ ਨਾ ਹੀ ਟਾਲ਼ੀ ਜਾ ਸਕਦੀ ਹੈ। ਕੁਝ ਹੱਦ ਤੱਕ ਘਟਾਈ ਜਾ ਸਕਦੀ ਹੈ, ਉਸ ਲਈ ਅਧਿਆਤਮ ਦੇ ਮਾਰਗ ਨੂੰ ਸਮਝਿਆ ਜਾ ਸਕਦਾ ਹੈ।

ਮਨੁੱਖ ਦਾ ਜੀਵਨ ਨਾਸ਼ਮਾਨ ਹੈ। ਇਸ ਬ੍ਰਹਿਮੰਡ ਦੀ ਹਰ ਸ਼ੈਅ ਨਾਸ਼ਮਾਨ ਹੈ। ਫੇਰ ਇਸ ਦਾ ਹੰਕਾਰ ਕਿਉਂ ਕੀਤਾ ਜਾਵੇ? ਚੰਦ ਦਿਨਾਂ ਲਈ ਸਿਖ਼ਰ ਤੇ ਝੂਲ ਕੇ ਪੱਤੇ ਨੇ ਆਖ਼ਰ ਨੂੰ ਧਰਤੀ ’ਤੇ ਹੀ ਡਿੱਗਣਾ ਹੈ:

ਸੇਖ ਹੈਯਾਤੀ ਜਗਿ ਨ ਕੋਈ ਥਿਰੁ ਰਹਿਆ ।।’         (ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ 488)

ਖ਼ੈਰ! ਮਨੁੱਖ ਨੂੰ ਆਪਣਾ ਜੀਵਨ ਸਹਿਜਤਾ ਨਾਲ ਬਤੀਤ ਕਰਨਾ ਚਾਹੀਦਾ ਹੈ ਅਤੇ ਮਨ ਵਿੱਚੋਂ ਈਰਖ਼ਾ, ਦਵੈਸ਼ ਦੀ ਭਾਵਨਾ ਕੱਢਣੀ ਚਾਹੀਦੀ ਹੈ। ਸਾਹਿਤ ਦੇ ਸੰਦਰਭ ਵਿੱਚ ਚਰਚਾ ਕਰਦਿਆਂ, ਨਵੇਂ ਲੇਖਕਾਂ ਤੇ ਸਾਹਿਤਕਾਰਾਂ ਨੂੰ ਹੱਲਾਸ਼ੇਰੀ ਦੇਣੀ ਚਾਹੀਦੀ ਹੈ ਅਤੇ ਅੱਗੇ ਵੱਧਣ ਦੀ ਪ੍ਰੇਰਣਾ ਦੇ ਕੇ ਆਪਣੇ ਫ਼ਰਜ਼ ਨੂੰ ਦਿਆਨਤਦਾਰੀ ਨਾਲ ਨਿਭਾਉਣਾ ਚਾਹੀਦਾ ਹੈ ਤਾਂ ਕਿ ਆਉਣ ਵਾਲੀਆਂ ਪੁਸ਼ਤਾਂ ਤੁਹਾਨੂੰ ਜਿੱਥੇ ਚੰਗੇ ਇਨਸਾਨ ਦੇ ਰੂਪ ਵਿੱਚ ਚੇਤੇ ਰੱਖਣ ਉੱਥੇ ਹੀ ਸਾਹਿਤ ਦੇ ਖੇਤਰ ਵਿੱਚ ਸੂਝਵਾਨ ਲੇਖਕ ਦੇ ਰੂਪ ਵਿੱਚ ਸਦੀਆਂ ਤਕ ਯਾਦ ਕੀਤਾ ਜਾਂਦਾ ਰਹੇ। ਇਹੋ ਅਰਦਾਸ ਹੈ ਮੇਰੀ…।

ਜਿਉਂਦੇ-ਵੱਸਦੇ ਰਹੋ ਸਾਰੇ।
***
ਸੰਪਰਕ: 90414-98009.

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
**
1798
***

+7589233437 |  + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਡਾ. ਨਿਸ਼ਾਨ ਸਿੰਘ ਰਾਠੌਰ
# 1054/1,

ਵਾ: ਨੰ: 15-ਏ,
ਭਗਵਾਨ ਨਗਰ ਕਾਲੌਨੀ,
ਪਿੱਪਲੀ, ਕੁਰੂਕਸ਼ੇਤਰ।
ਸੰਪਰਕ: 90414-98009

ਡਾ. ਨਿਸ਼ਾਨ ਸਿੰਘ ਰਾਠੌਰ

ਡਾ. ਨਿਸ਼ਾਨ ਸਿੰਘ ਰਾਠੌਰ # 1054/1, ਵਾ: ਨੰ: 15-ਏ, ਭਗਵਾਨ ਨਗਰ ਕਾਲੌਨੀ, ਪਿੱਪਲੀ, ਕੁਰੂਕਸ਼ੇਤਰ। ਸੰਪਰਕ: 90414-98009

View all posts by ਡਾ. ਨਿਸ਼ਾਨ ਸਿੰਘ ਰਾਠੌਰ →