|
“ਮੈਂ ਕਿਹਾ ਗੋਪਾਲ ਦੇ ਬਾਊ ਜੀ, ਜਰਾ ਹੌਸਲਾ ਰੱਖੋ। ਤੁਸੀਂ ਘਬਰਾਉਂਦੇ ਕਿਉਂ ਹੋ। ਤਕੜੇ ਹੋ ਕੇ ਆਪਣੀ ਧੀ ਦੀ ਡੋਲੀ ਤੋਰੋ। ਤੁਸੀਂ ਘਬਰਾਓ ਨਾਂ, ਮੈਂ ਹਰ ਦੁੱਖ-ਸੁੱਖ ਵਿਚ ਤੁਹਾਡੇ ਨਾਲ ਹਾਂ। ਜੇ ਤੁਸੀਂ ਹੌਸਲਾ ਛੱਡ ਗਏ ਤਾਂ ਪਿੱਛੋਂ ਮੇਰਾ ਕੀ ਬਣੇਗਾ? ਮੈਂ ਕਿਸ ਦੇ ਸਹਾਰੇ ਜ਼ਿੰਦਗੀ ਕੱਟਾਂਗੀ?” ਆਪਣੀ ਧੀ ਕੋਮਲ ਦੇ ਵਿਆਹ ਸਮੇ ਇਹ ਸ਼ਬਦ ਸੁਮਿਤਰਾ ਨੇ ਆਪਣੇ ਪਤੀ ਵੇਦ ਪ੍ਰਕਾਸ਼ ਨੂੰ ਕਹੇ। “ਗੋਪਾਲ ਦੀ ਝਾਈ, ਜੇ ਅੱਜ ਸਾਡਾ ਪੁੱਤਰ ਗੋਪਾਲ ਜ਼ਿਉਂਦਾ ਹੁੰਦਾ ਤਾਂ ਉਹ ਅੱਜ ਮੇਰੀ ਸੱਜੀ ਬਾਂਹ ਬਣ ਕੇ ਮੇਰੇ ਨਾਲ ਖੜ੍ਹਾ ਹੁੰਦਾ। ਉਹ ਖ਼ੁਸ਼ੀ ਖ਼ੁਸ਼ੀ ਆਪਣੀ ਭੈਣ ਦੀ ਡੋਲੀ ਤੋਰਦਾ। ਮੈਨੂੰ ਕਿਸੇ ਕਿਸਮ ਦਾ ਵਿਗੋਚਾ ਨਹੀਂ ਸੀ ਹੋਣਾ। ਮੇਰਾ ਹੌਸਲਾ ਦੂਗਣਾ ਹੋਣਾ ਸੀ। ਅੱਜ ਆਪਣੀ ਲਾਡਲੀ ਬੇਟੀ ਕੋਮਲ ਦੀ ਡੋਲੀ ਤੋਰਨ ਸਮੇਂ ਮੇਰੀਆਂ ਲੱਤਾਂ ਬਾਹਾਂ ਕੰਬ ਰਹੀਆਂ ਹਨ। ਮੇਰੇ ਪੁੱਤਰ ਦੇ ਤੁਰ ਜਾਣ ਨਾਲ ਮੇਰਾ ਲੱਕ ਟੁੱਟ ਚੁੱਕਾ ਹੈ। ਮੇਰੇ ਵਿਚ ਹੁਣ ਜਾਨ ਨਹੀਂ ਰਹੀ।” ਬੇਸ਼ੱਕ ਦੋਵੇਂ ਪਤੀ ਪਤਨੀ ਆਪਣੀ ਬੇਟੀ ਕੋਮਲ ਦੇ ਵਿਆਹ ਵਿਚ ਰੁੱਝੇ ਹੋਏ ਸਨ ਪਰ ਸੁਮਿਤਰਾ ਦੀਆਂ ਅੱਖਾਂ ਅੱਗੇ ਅੱਜ ਤੋਂ 25 ਸਾਲ ਪਹਿਲਾਂ ਦੇ ਨਜ਼ਾਰੇ ਘੁੰਮ ਰਹੇ ਸਨ ਜਦ ਉਹ ਆਪ ਡੋਲੀ ਵਿਚ ਬੈਠ ਕੇ ਵੇਦ ਪ੍ਰਕਾਸ਼ ਦੇ ਘਰ ਵਿਆਹੀ ਆਈ ਸੀ। ਵੇਦ ਪ੍ਰਕਾਸ਼ ਬੜਾ ਸਾਊ ਬੰਦਾ ਸੀ। ਉਹ ਸੁਮਿਤਰਾ ਦੇ ਸੁਪਨਿਆਂ ਦਾ ਰਾਜਕੁਮਾਰ ਹੀ ਸੀ। ਬੇਸ਼ੱਕ ਉਹ ਪੈਸੇ ਵੱਲੋਂ ਬਹੁਤਾ ਅਮੀਰ ਨਹੀਂ ਸੀ ਪਰ ਦਿਲ ਦਾ ਉਹ ਪੂਰਾ ਅਮੀਰ ਸੀ। ਉਹ ਸੁਮਿਤਰਾ ਦੀ ਕੋਈ ਗੱਲ ਭੂੰਜੇ ਨਹੀਂ ਸੀ ਪੈਣ ਦਿੰਦਾ। ਉਹ ਜਿਸ ਚੀਜ਼ ਨੂੰ ਵੀ ਕਹਿੰਦੀ ਉਹ ਹਾਜ਼ਰ ਕਰ ਦਿੰਦਾ। ਸੁਮਿਤਰਾ ਵੀ ਬੜੀ ਸੁਨੱਖੀ ਔਰਤ ਸੀ। ਉਹ ਵੇਦ ਪ੍ਰਕਾਸ਼ ਦੀ ਪੁਜੀਸ਼ਨ ਸਮਝਦੀ ਸੀ। ਉਹ ਆਪਣੇ ਪਤੀ ਦੀ ਮਰਜ਼ੀ ਮੁਤਾਬਕ ਹੀ ਚੱਲਦੀ ਸੀ। ਦੋਹਾਂ ਦੀ ਸੋਹਣੀ ਨਿਭ ਰਹੀ ਸੀ। ਵਿਆਹ ਤੋਂ ਇਕ ਸਾਲ ਬਾਅਦ ਉਨ੍ਹਾਂ ਦੇ ਘਰ ਇਕ ਸੋਹਣੀ ਜਿਹੀ ਬੇਟੀ ਨੇ ਜਨਮ ਲਿਆ ਜਿਸ ਦਾ ਨਾਮ ਕੋਮਲ ਰੱਖਿਆ ਗਿਆ।ਕੋਮਲ ਦਾ ਪਾਲਣ ਪੋਸ਼ਨ ਬੜੇ ਲਾਡ ਪਿਆਰ ਨਾਲ ਹੋਣ ਲੱਗਾ। ਹੁਣ ਉਨ੍ਹਾਂ ਦੀ ਖਾਹਸ਼ ਸੀ ਕਿ ਜੇ ਰੱਬ ਉਨ੍ਹਾਂ ਨੂੰ ਇਕ ਪੁੱਤਰ ਦੇ ਦਏ ਤਾਂ ਉਨ੍ਹਾਂ ਦੀ ਗ੍ਰਹਿਥੀ ਪੂਰੀ ਹੋ ਜਾਵੇਗੀ ਪਰ ਪੁੱਤਰ ਨੇ ਉਨ੍ਹਾਂ ਦੀ ਬੜੀ ਇੰਤਜਾਰ ਕਰਾਈ। ਕੋਮਲ ਤੋਂ ਪੂਰੇ 9 ਸਾਲ ਬਾਅਦ ਰੱਬ ਨੇ ਉਨ੍ਹਾਂ ਨੂੰ ਪੁੱੱਤਰ ਦੀ ਦਾਤ ਬਖ਼ਸ਼ੀ ਅਤੇ ਉਨ੍ਹਾਂ ਦੀ ਛੋਟੀ ਜਿਹੀ ਟੱਬਰੀ ਪੂਰੀ ਹੋ ਗਈ। ਬੱਚੇ ਦਾ ਨਾਮ ਗੋਪਾਲ ਰੱਖਿਆ ਗਿਆ। ਤਿੰਨੇ ਗੋਪਾਲ ਨੂੰ ਬਹੁਤ ਪਿਆਰ ਕਰਦੇ ਸਨ। ਗੋਪਾਲ ਇਕ ਕਿਸਮ ਦਾ ਉਨ੍ਹਾਂ ਦੇ ਘਰ ਦਾ ਰਾਜਾ ਸੀ। ਦਿਨ ਬਦਿਨ ਉਨ੍ਹਾਂ ਦੀਆਂ ਖ਼ੁਸ਼ੀਆਂ ਵਿਚ ਵਾਧਾ ਹੋਣ ਲੱਗਾ। ਘਰ ਬੱਚਿਆਂ ਦੀਆਂ ਕਿਲਕਾਰੀਆਂ ਨਾਲ ਗੂੰਜਣ ਲੱਗਾ। ਉਨ੍ਹਾਂ ਦੇ ਦਿਨ ਸੋਹਣੇ ਬੀਤਣ ਲੱਗੇ। ਗੋਪਾਲ ਦੀਆਂ ਪਿਆਰੀਆਂ ਪਿਆਰੀਆਂ ਖੇਡਾਂ ਉਨ੍ਹਾਂ ਦਾ ਮਨ ਮੋਹ ਲੈਂਦੀਆਂ। ਉਸ ਦਾ ਤੋਤਲੀ ਆਵਾਜ਼ ਵਿਚ ਬੋਲਣਾ ਸਭ ਨੂੰ ਪਿਆਰਾ ਲੱਗਦਾ। ਹੁਣ ਉਨ੍ਹਾਂ ਦੇ ਘਰ ਖ਼ੁਸ਼ੀਆਂ ਹੀ ਖ਼ੁਸ਼ੀਆਂ ਸਨ।ਕਿਸੇ ਚੀਜ ਦੀ ਕੋਈ ਖਾਸ ਕਮੀ ਨਹੀਂ ਸੀ। ਜੇ ਕਮੀ ਸੀ ਤਾਂ ਆਪਣੇ ਮਕਾਨ ਦੀ। ਸੁਮਿਤਰਾ ਨੂੰ ਵੀ ਇਹ ਕਮੀ ਬਹੁਤ ਰੜਕਦੀ। ਬੇਸ਼ੱਕ ਉਹ ਹਰ ਮਹੀਨੇ ਕਿਰਾਏ ਦੇ ਮਕਾਨ ਦਾ ਕਿਰਾਇਆ ਬਿਨਾ ਕਿਸੇ ਦੇਰੀ ਤੋਂ ਦਈ ਜਾਂਦੇ ਸਨ ਪਰ ਮਾਲਕ ਮਕਾਨ ਦਾ ਛੋਟੀ ਛੋਟੀ ਗੱਲ ’ਤੇ ਟੋਕਣਾ ਉਨ੍ਹਾਂ ਨੂੰ ਬਹੁਤ ਚੁਭਦਾ ਸੀ। ਵੇਦ ਪ੍ਰਕਾਸ਼ ਨੇ ਇਕ ਦਿਨ ਕੌੜਾ ਘੁੱਟ ਕਰ ਕੇ ਦਫ਼ਤਰੋਂ 8 ਲੱਖ ਦਾ ਕਰਜ ਲੈ ਲਿਆ। ਕੁਝ ਆਪਣੀ ਬੱਚਤ ਦੇ ਪੈਸੇ ਪਾ ਕੇ ਅਤੇ ਕੁਝ ਸੁਮਿਤਰਾ ਦੇ ਗਹਿਣੇ ਵੇਚ ਕੇ ਮੁਹਾਲੀ ਦੇ 11 ਫੇਸ ਵਿਚ ਦੋ ਮੰਜਿਲਾ ਫਲੈਟ ਖਰੀਦ ਲਿਆ। ਹੁਣ ਬੱਚੇ ਜਿਵੇਂ ਮਰਜ਼ੀ ਖੇਡਣ ਜਾਂ ਰੋਲਾ ਪਾਉਣ, ਕਿਸੇ ਦੀ ਕੋਈ ਪ੍ਰਵਾਹ ਨਹੀਂ ਸੀ। ਉਪਰਲੀ ਮੰਜਿਲ ਉਨ੍ਹਾਂ ਨੇ ਕਿਰਾਏ ’ਤੇ ਦੇ ਦਿੱਤੀ ਜਿਸ ਨਾਲ ਲੋਨ ਦੀਆਂ ਕਿਸ਼ਤਾਂ ਉਤਰਨ ਲੱਗੀਆਂ।ਹੁਣ ਉਨ੍ਹਾਂ ਨੂੰ ਕਿਸੇ ਕਿਸਮ ਦਾ ਕੋਈ ਫ਼ਿਕਰ ਜਾਂ ਡਰ ਨਹੀਂ ਸੀ। ਸਮਾਂ ਬੀਤਦਾ ਗਿਆ। ਕੋਮਲ ਹੁਣ 12 ਸਾਲ ਦੀ ਹੋ ਗਈ ਅਤੇ ਗੋਪਾਲ ਤਿੰਨ ਸਾਲ ਦਾ।ਉਹ ਮੁਹੱਲੇ ਦੇ ਛੋਟੇ ਛੋਟੇ ਬੱਚਿਆਂ ਨਾਲ ਗਲੀ ਵਿਚ ਖੇਡਣ ਵੀ ਨਿਕਲ ਜਾਂਦਾ। ਇਕ ਦਿਨ ਜਦ ਵੇਦ ਪ੍ਰਕਾਸ਼ ਦਫ਼ਤਰੋਂ ਛੁੱਟੀ ਕਰ ਕੇ ਘਰ ਮੁੜਿਆ ਤਾਂ ਘਰ ਅੱਗੇ ਲੋਕਾਂ ਦੀ ਭੀੜ ਜੁੜੀ ਪਈ ਸੀ॥ ਉਸ ਦਾ ਦਿਲ ਡਰ ਗਿਆ। ਲੋਕਾਂ ਨੇ ਦੱਸਿਆ ਕਿ ਉਸ ਦਾ ਲੜਕਾ ਗੋਪਾਲ ਟਰੱਕ ਹੇਠਾਂ ਆ ਕੇ ਕੁਚਲਿਆ ਗਿਆ ਸੀ ਅਤੇ ਉਸ ਦੀ ਉਸੇ ਸਮੇਂ ਹੀ ਮੌਤ ਹੋ ਗਈ ਸੀ। ਵੇਦ ਪ੍ਰਕਾਸ਼ ਤਾਂ ਉਸੇ ਸਮੇਂ ਗਸ਼ ਖਾ ਕੇ ਜ਼ਮੀਨ ਤੇ ਡਿੱਗ ਪਿਆ। ਅੰਦਰ ਸੁਮਿਤਰਾ ਬੇਹੋਸ਼ ਪਈ ਸੀ। ਕੋਮਲ ਗੁਆਂਢੀਆਂ ਨਾਲ ਮਿਲ ਕੇ ਦੋਹਾਂ ਨੂੰ ਹੋਸ਼ ਵਿਚ ਲਿਆਉਣ ਦੀ ਕੋਸ਼ਿਸ਼ ਕਰ ਰਹੀ ਸੀ। ਹੋਇਆ ਇੰਜ ਕਿ ਗਲੀ ਵਿਚ ਕੱਲ੍ਹ ਦਾ ਇਕ ਟਰੱਕ ਖੜ੍ਹਾ ਸੀ। ਬੱਚੇ ਉਸ ਦੀ ਓਟ ਵਿਚ ਖੇਡ ਰਹੇ ਸਨ।ਅਚਾਨਕ ਡਰਾਈਵਰ ਆਇਆ ਪਰ ਉਸ ਦਾ ਬਚਿਆਂ ਵੱਲ ਕੋਈ ਧਿਆਨ ਨਾ ਗਿਆ। ਉਸ ਨੇ ਟਰੱਕ ਮੋੜਣ ਲਈ ਪਿੱਛੇ ਨੂੰ ਕੀਤਾ ਤਾਂ ਗੋਪਾਲ ਕੁਚਲਿਆ ਗਿਆ ਦੋ ਹੋਰ ਬੱਚਿਆਂ ਨੁੰ ਵੀ ਕਾਫੀ ਸੱਟਾਂ ਲੱਗੀਆਂ। ਗੋਪਾਲ ਦੀ ਲਾਸ਼ ਪੋਸਟਮਾਰਟਮ ਲਈ ਅਤੇ ਦੋਵੇਂ ਬੱਚਿਆਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਅਤੇ ਪੁਲਿਸ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਕੇ ਪੁਲਿਸ ਥਾਣੇ ਲੈ ਗਈ। ਹੁਣ ਕੋਮਲ ਵੀ 24 ਸਾਲ ਦੀ ਹੋ ਗਈ ਸੀ। ਦੋਵੇਂ ਪਤੀ ਪਤਨੀ ਨੂੰ ਉਸ ਦੇ ਵਿਆਹ ਦੀ ਫਿਕਰ ਹੋਣ ਲੱਗੀ। ਉਨ੍ਹਾਂ ਨੇ ਆਪਣੇ ਜਿਹੇ ਬਰਾਬਰ ਦੇ ਘਰ ਦਾ ਮੁੰਡਾ ਦੇਖ ਕੇ ਕੋਮਲ ਦਾ ਵਿਆਹ ਪੱਕਾ ਕਰ ਦਿੱਤਾ ਪਰ ਉਨ੍ਹਾਂ ਦੇ ਦਿਲ ਨੂੰ ਡੋਬੂ ਪੈ ਰਹੇ ਸਨ ਕਿ ਕੋਮਲ ਦੇ ਸੋਹਰੇ ਚਲੀ ਜਾਣ ਤੋਂ ਬਾਅਦ ਘਰ ਬਿਲਕੁਲ ਸੁਨਂਾ ਹੋ ਜਾਵੇਗਾ। ਉਹ ਬਿਲਕੁਲ ਇਕੱਲੇ੍ਹ ਰਹਿ ਜਾਣਗੇ। ਉਹ ਮਜ਼ਬੂਰ ਸਨ ਕਿਉਂਕਿ ਸਮਾਜ ਦੀ ਰੀਤ ਤਾਂ ਨਿਭਾਉਣੀ ਹੀ ਪੈਣੀ ਸੀ। ਧੀਆਂ ਤਾਂ ਇਕ ਦਿਨ ਰਾਜੇ ਰਾਣਿਆਂ ਨੂੰ ਵੀ ਤੋਰਨੀਆਂ ਹੀ ਪੈਂਦੀਆਂ ਹਨ। ਆਖਿਰ ਕੋਮਲ ਦੇ ਵਿਆਹ ਦਾ ਦਿਨ ਵੀ ਆ ਪੁੱਜਾ। ਵਿਆਹ ਦਾ ਕੰਮ ਕਰਦਿਆਂ ਵੇਦ ਪ੍ਰਕਾਸ਼ ਦੀਆਂ ਲੱਤਾਂ ਡੋਲ ਰਹੀਆਂ ਸਨ। ਇਹ ਦੇਖ ਕੇ ਸੁਮਿਤਰਾ ਦੀ ਬਿਰਤੀ ਵਾਪਸ ਪਰਤੀ ਉਸ ਨੇ ਪਤੀ ਨੂੰ ਮੋਢੇ ਦਾ ਸਹਾਰਾ ਦਿੰਦੇ ਹੋਏ ਕਿਹਾ “ਮੈਂ ਕਿਹਾ ਗੋਪਾਲ ਦੇ ਬਾਊ ਜੀ, ਜਰਾ ਹੌਸਲਾ ਰੱਖੋ। ਤੁਸੀਂ ਘਬਰਾਉਂਦੇ ਕਿਉਂ ਹੋ। ਤਕੜੇ ਹੋ ਕੇ ਆਪਣੀ ਧੀ ਦੀ ਡੋਲੀ ਤੋਰੋ। ਤੁਸੀਂ ਘਬਰਾਓ ਨਾਂ, ਮੈਂ ਹਰ ਦੁੱਖ-ਸੁੱਖ ਵਿਚ ਤੁਹਾਡੇ ਨਾਲ ਹਾਂ। ਜੇ ਤੁਸੀਂ ਹੌਸਲਾ ਛੱਡ ਗਏ ਤਾਂ ਪਿੱਛੋਂ ਮੇਰਾ ਕੀ ਬਣੇਗਾ? ਮੈਂ ਕਿਸ ਦੇ ਸਹਾਰੇ ਜ਼ਿੰਦਗੀ ਕੱਟਾਂਗੀ?” ਖੈਰ ਕੋਮਲ ਦੀ ਡੋਲੀ ਤੋਰ ਕੇ ਉਨ੍ਹਾਂ ਦੇ ਘਰ ਦੇ ਨਾਲ ਦਿਮਾਗ਼ ਵੀ ਖਾਲੀ ਜਿਹਾ ਹੋ ਗਿਆ। ਉਨ੍ਹਾਂ ਨੂੰ ਸਮਝ ਨਹੀਂ ਸੀ ਆਉਂਦੀ ਕਿ ਕੀ ਕਰੀਏ। ਕੋਈ ਵੀ ਕੰਮ ਕਰਨ ਨੂੰ ਜੀਅ ਨਹੀਂ ਸੀ ਕਰਦਾ। ਜ਼ਿੰਦਗੀ ਦੇ ਸਾਰੇ ਕੰਮ ਜਿਵੇਂ ਕੋਮਲ ਦੇ ਨਾਲ ਹੀ ਸਨ। ਵੇਦ ਪ੍ਰਕਾਸ਼ ਨੇ ਤਾਂ ਮੰਜਾ ਹੀ ਮਲ ਲਿਆ। ਉਸ ਨੂੰ ਚੱਕਰ ਆਉਣ ਲੱਗੇ। ਹਸਪਤਾਲ ਵਾਲਿਆਂ ਨੇ ਤਾਂ ਕਹਿ ਦਿੱਤਾ ਕਿ ਦਿਮਾਗ ਵਿਚ ਕਲੋਟ (ਖੂਨ ਦਾ ਥੱਬਾ) ਹੈ ਅਤੇ ਨਸਾਂ ਵੀ ਬਹੁਤ ਕਮਜੋਰ ਹਨ। ਇਸ ਗੱਲ ਨੇ ਤਾਂ ਉਨ੍ਹਾਂ ਦਾ ਦਿਲ ਹੋਰ ਵੀ ਢਾਹ ਦਿੱਤਾ। ਸੁਮਿਤਰਾ ਦਾ ਸਰੀਰ ਵੀ ਬਹੁਤ ਕਮਜੋਰ ਹੋ ਗਿਆ ਸੀ ਇਸ ਲਈ ਉਨ੍ਹਾਂ ਨੇ ਘਰ ਦਾ ਸਾਰਾ ਕੰੰਮ ਕਰਨ ਲਈ ਪਾਰੋ ਨਾਮ ਦੀ ਇਕ ਮਾਈ ਰੱਖ ਲਈ ਸੀ। ਇਕ ਦਿਨ ਵੇਦ ਪ੍ਰਕਾਸ਼ ਚੱਕਰ ਖਾ ਕੇ ਜਮੀਨ ਤੇ ਐਸਾ ਡਿੱਗਿਆਂ ਕਿ ਫਿਰ ਨਾ ਉੱਠ ਸਕਿਆ। ਸੁਮਿਤਰਾ ਦੇ ਸਿਰ ਤੇ ਤਾਂ ਇਕ ਕਿਸਮ ਦੀ ਬਿਜਲੀ ਹੀ ਆ ਪਈ। ਉਸ ਲਈ ਤਾਂ ਬਸ ਸਭ ਕੁਝ ਖਤਮ। ਮੁਹੱਲੇ ਵਾਲਿਆਂ ਨੇ ਰਲ ਕੇ ਵੇਦ ਪ੍ਰਕਾਸ਼ ਦਾ ਸਸਕਾਰ ਕੀਤਾ। ਸੁਮਿਤਰਾ ਨੂੰ ਹੁਣ ਬੇਹੋਸ਼ੀ ਦੇ ਦੌਰੇ ਪੈਣ ਲੱਗੇ। ਉਹ ਬੇਹੋਸ਼ੀ ਵਿਚ ਹੀ ਹਰ ਸਮੇ ਕੁਝ ਨਾ ਕੁਝ ਬੁੜਬੜਾਉਂਦੀ ਰਹਿੰਦੀ। ਕਈ ਵਾਰੀ ਤਾਂ ਉਹ ਇਕੋ ਗੱਲ ਬਾਰ ਬਾਰ ਦੁਹਰਾਉਂਦੀ ਰਹਿੰਦੀ। ਹੁਣ ਕੋਮਲ ਆਪ ਵੀ ਬੱਚਿਆਂ ਵਾਲੀ ਸੀ ਇਸ ਲਈ ਉਹ ਜਿਆਦਾ ਦੇਰ ਲਈ ਆਪਣਾ ਘਰ ਛੱਡ ਕੇ ਵੀ ਨਹੀਂ ਸੀ ਆ ਸਕਦੀ। ਉੱਧਰ ਪਾਰੋ ਦਾ ਵੀ ਆਪਣਾ ਕੋਈ ਅੱਗੇ ਪਿੱਛੇ ਨਹੀ ਸੀ। ਇਸ ਲਈ ਕੋਮਲ ਨੇ ਉਸ ਨੂੰ 24 ਘੰਟੇ ਲਈ ਹੀ ਮਾਂ ਦੀ ਦੇਖ ਭਾਲ ਕਰਨ ਲਈ ਰੱਖ ਲਿਆ। ਸੁਮਿਤਰਾ ਦੀ ਬੜਬੜਾਹਟ ਵਧਦੀ ਹੀ ਗਈ। ਕਦੀ ਉਹ ਬੇਹੋਸ਼ੀ ਵਿਚ ਕੋਮਲ ਨਾਲ ਗੱਲਾਂ ਕਰਦੀ ਰਹਿੰਦੀ ਅਤੇ ਕਦੀ ਵੇਦ ਪ੍ਰਕਾਸ਼ ਨਾਲ। ਕਦੀ ਕਦੀ ਤਾਂ ਉਹ ਖਿਆਲਾਂ ਵਿਚ ਹੀ ਗੋਪਾਲ ਨੂੰ ਲਾਡ ਲਡਾਉਂਦੀ ਦਿਸਦੀ। ਪਾਰੋ ਆਪਣੇ ਵਲੋਂ ਸੁਮਿਤਰਾ ਦਾ ਪੂਰਾ ਧਿਆਨ ਰੱਖਦੀ ਤੇ ਕਦੀ ਉਸ ਨੂੰ ਇਕੱਲ੍ਹੇ ਨਾ ਛੱਡਦੀ। ਪਰ ਰੱਬ ਦੇ ਭਾਣੇ ਨੂੰ ਕੌਣ ਟਾਲ ਸਕਦਾ ਹੈ। ਅੱਜ ਸੁਮਿਤਰਾ ਦੀ ਤਬੀਅਤ ਕੁਝ ਜਿਆਦਾ ਹੀ ਖਰਾਬ ਸੀ। ਉਹ ਸਵੇਰ ਦਾ ਹੀ ਅਬਾ ਤਬਾ ਬੋਲੀ ਜਾਂਦੀ ਸੀ ਜਿਸ ਦੀ ਕਿਸੇ ਨੂੰ ਕੋਈ ਸਮਜ ਨਹੀਂ ਸੀ ਆ ਰਹੀ। ਪਾਰੋ ਨੇ ਨੇੜੇ ਹੋ ਕੇ ਉਸ ਦੀ ਬਾਂਹ ਫੜ ਕੇ ਨਬਜ਼ ਚੈਕ ਕਰਨ ਦੀ ਕੋਸ਼ਿਸ਼ ਕੀਤੀ। ਨਬਜ਼ ਬਹੁਤ ਹੋਲੀ ਚਲ ਰਹੀ ਸੀ। ਸੁਮਿਤਰਾ ਹੋਲੀ ਹੋਲੀ ਬੜਬੜਾ ਰਹੀ ਸੀ…..ਭੈਣ ਜੀ ਕੀ ਦੱਸਾਂ ਗੋਪਾਲ ਦਾ ਦੁੱਖ ਮੈਨੰ ਸਾਰੀ ਉਮਰ ਨਹੀਂ ਭੁੱਲ ਸਕਦਾ ਪਰ…… ਮਰਿਆਂ ਨਾਲ ਮਰਿਆ ਵੀ ਤਾਂ ਨਹੀਂ ਜਾਂਦਾ। ਗੋਪਾਲ ਦੇ ਬਾਊ ਜੀ ਚੰਗੇ ਵੇਲੇ ਮੈਨੂੰ ਇਹ ਛੋਟਾ ਜਿਹਾ ਮਕਾਨ ਲੈ ਕੇ ਦੇ ਗਏ।……. ਇਸ ਮਕਾਨ ਨੇ ਮੈਨੂੰ ਨਿਮਾਣੀ ਨੂੰ ਸਿਰ ਤੇ ਛੱਤ ਦਿੱਤੀ ਹੋਈ ਹੈ……. ਮੇਰੀ ਇੱਜਤ ਢੱਕੀ ਹੋਈ ਹੈ। ਹੁਣ ਤਾਂ ਇਹ ਹੀ ਮੇਰਾ ਪੁੱਤਰ ਹੈ ਜੋ ਕਿਰਾਏ ਦੇ ਰੂਪ ਵਿਚ ਮੈਨੂੰ ਰੋਟੀ ਦਈ ਜਾਂਦਾ ਹੈ।…….. ਮੇਰਾ ਬੁਢਾਪਾ ਇਸੇ ਸਹਾਰੇ ਹੀ ਕੱਟਿਆ ਜਾ ਰਿਹਾ ਹੈ।..…ਕਦੀ ਇਸੇ ਵਿਹੜੇ ਵਿਚ ਰੌਣਕਾਂ ਲੱਗਦੀਆਂ ਸਨ। ਮੇਰਾ ਗੋਪਾਲ ਅਤੇ ਕੋਮਲ ਇੱਥੇ ਖੇਡਦੇ ਸਨ……ਉਨ੍ਹਾਂ ਦੀਆਂ ਕਿਲਕਾਰੀਆਂ ਗੂੰਜਦੀਆਂ ਸਨ।…….ਗੋਪਾਲ ਦੇ ਬਾਊ ਜੀ ਤੁਸੀਂ ਮੈਨੂੰ ਕਦੀ ਰੋਣ ਨਹੀਂ ਸੀ ਦਿੰਦੇ……ਅੱਜ ਮੈਂ ਰੋਈ ਜਾਂਦੀ ਹਾਂ ਤੁਸੀਂ ਮੈਨੂੰ ਚੁੱਪ ਹੀ ਨਹੀਂ ਕਰਾਉਂਦੇ।” ਹੁਣ ਸੁਮਿਤਰਾ ਦੀ ਆਵਾਜ ਹੋਰ ਵੀ ਧੀਮੀ ਹੋ ਗਈ। ਪਾਰੋ ਨੇ ਉਸ ਦੇ ਮੂੰਹ ਕੋਲ ਕੰਨ ਕਰ ਕੇ ਸੁਣਨ ਦੀ ਕੋਸ਼ਿਸ਼ ਕੀਤੀ। ਉਹ ਬੁੜਬੜਾ ਰਹੀ ਸੀ……“ਮੈਂ ਕਿਹਾ ਗੋਪਾਲ ਦੇ ਬਾਊ ਜੀ, ਜਰਾ ਹੌਸਲਾ ਰੱਖੋ। ਤੁਸੀਂ ਘਬਰਾਉਂਦੇ ਕਿਉਂ ਹੋ। ਤਕੜੇ ਹੋ ਕੇ ਆਪਣੀ ਧੀ ਦੀ ਡੋਲੀ ਤੋਰੋ। ਤੁਸੀਂ ਘਬਰਾਓ ਨਾਂ, ਮੈਂ ਹਰ ਦੁੱਖ-ਸੁੱਖ ਵਿਚ ਤੁਹਾਡੇ ਨਾਲ ਹਾਂ। ਜੇ ਤੁਸੀਂ ਹੌਸਲਾ ਛੱਡ ਗਏ ਤਾਂ ਪਿੱਛੋਂ ਮੇਰਾ ਕੀ ਬਣੇਗਾ? ਮੈਂ ਕਿਸ ਦੇ ਸਹਾਰੇ ਜ਼ਿੰਦਗੀ ਕੱਟਾਂਗੀ?” …..ਉਸ ਦਾ ਸਿਰ ਪਾਸੇ ਵੱਲ ਲਟਕ ਗਿਆ। ਉਸ ਦੀ ਆਵਾਜ਼ ਬੰਦ ਹੋ ਗਈ ਹੁਣ ਉੱਥੇ ਪੂਰਨ ਖਾਮੌਸ਼ੀ ਸੀ। |
|
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |

by