31 July 2026

ਸਾਡੀ ਜਾਨ ‘ਤੇ ਬਣੀ ਏ – ਗੁਰਮਿੰਦਰ ਕੈਂਡੋਵਾਲ ਦੀ ਗੀਤਕਾਰੀ ਵਿੱਚ ਸਮਾਜਿਕ ਚੇਤਨਾ — ਪਿਆਰਾ ਸਿੰਘ ਕੁੱਦੋਵਾਲ

‘ਸਾਡੀ ਜਾਨ ‘ਤੇ ਬਣੀ ਏ’, ਗੁਰਮਿੰਦਰ ਕੈਂਡੋਵਾਲ ਦੀ ਪਹਿਲੀ ਕਾਵਿ ਪੁਸਤਕ ਹੈ ਜਿਸ ਨੂੰ ਕੈਫੇ ਵਰਲਡ ਵਾਲਿਆਂ ਨੇ ਛਾਪਿਆ ਹੈ। ਇਸ ਦੇ 95 ਸਫੇ ਹਨ। ਇਸ ਕਿਤਾਬ ਦਾ ਮੁੱਖ ਬੰਦ ਪ੍ਰਸਿੱਧ ਲੇਖਕ ਐਸ. ਅਸ਼ੋਕ ਭੌਰਾ ਨੇ ਲਿਖਿਆ ਹੈ। ਗੁਰਮਿੰਦਰ ਕੈਂਡੋਵਾਲ ਦੀ ਇਹ ਪੁਸਤਕ ਮੈਨੂੰ ਕਲਮਾਂ ਦਾ ਕਾਫਲਾ ਟੋਰਾਂਟੋ ਦੀ ਮੀਟਿੰਗ ਵਿੱਚ ਉਹਨਾਂ ਦੇ ਦੋਸਤ ਲਾਲੀ ਪ੍ਰੌਡਕਸ਼ਨ ਵਾਲਿਆਂ ਕੋਲੋਂ 25 ਜੁਲਾਈ 2026 ਨੂੰ ਪ੍ਰਾਪਤ ਹੋਈ। ਗੁਰਮਿੰਦਰ ਕੈਂਡੋਵਾਲ ਇਕ ਪ੍ਰਸਿੱਧ ਗੀਤਕਾਰ ਹੈ।  ਉਸ ਦੇ ਗੀਤ ਬਹੁਤ ਸਾਰੇ ਨਾਮਵਰ ਗਾਇਕਾਂ ਨੇ ਗਾਏ ਹਨ ਜਿਵੇਂ ਨਛੱਤਰ ਗਿੱਲ, ਰਵਿੰਦਰ ਗਰੇਵਾਲ, ਇੰਦਰਜੀਤ ਨਿੱਕੂ, ਸਤਵਿੰਦਰ ਬੁੱਗਾ, ਗੁਰਬਖਸ਼ ਸ਼ੌਕੀ ਤੇ ਹੋਰ ਕਈ। ਗੁਰਮਿੰਦਰ ਪੜ੍ਹਿਆ ਲਿਖਿਆ ਨੌਜਵਾਨ ਹੈ। ਆਪਣੇ ਇਲਾਕੇ ਵਿੱਚ ਇੱਕ ਸਕੂਲ ਚਲਾਉਂਦਾ ਹੈ। ਉਸ ਨੂੰ ਗੀਤ ਲਿਖਣ ਦਾ ਸ਼ੌਕ ਹੈ। ਗੀਤ ਪੰਜਾਬੀ ਸਾਹਿਤ ਵਿੱਚ ਲੈ, ਸੁਰ ਅਤੇ ਤਾਲ ਨਾਲ ਜੁੜਿਆ ਹੋਇਆ ਕਾਵਿ-ਰੂਪ ਹੈ। ਇਸ ਵਿੱਚ ਸਮਾਜਿਕ ਚੇਤਨਾ ਖਾਸ ਤੌਰ ਤੇ ਮਿਲਦੀ ਹੈ। ਕਿਹਾ ਜਾਂਦਾ ਹੈ ਕਿ ਕਿਸੇ ਕੌਮ ਦੇ ਲੋਕ-ਗੀਤਾਂ ਤੋਂ ਉਸਦਾ ਇਤਿਹਾਸ ਲਿਖਿਆ ਜਾ ਸਕਦਾ ਹੈ। ਇਸ ਤਰ੍ਹਾਂ ਗੀਤਕਾਰੀ ਲੋਕ-ਦਿਲਾਂ ਅਤੇ ਸਮਾਜ ਦੇ ਨਾਲ ਨਾਲ ਚੱਲਦੀ ਹੈ। ਇੱਕ ਚੰਗਾ ਗੀਤ ਉਹੀ ਹੁੰਦਾ ਹੈ ਜੋ ਸਮਾਜ ਦੀ ਤਸਵੀਰ ਬਣ ਸਕੇ।  ਸਮਾਜ ਨੂੰ ਅਚੇਤ ਜਾਂ ਸੁਚੇਤ ਰੂਪ ਸੇਧ ਵੀ ਦੇ ਸਕੇ। ਗੁਰਮਿੰਦਰ ਕੈਂਡੋਵਾਲ ਪਿਆਰ, ਦਰਦ, ਵਿਛੋੜਾ, ਸਮਾਜਿਕ, ਰਾਜਨੀਤਕ ਅਤੇ ਧਾਰਮਿਕ ਚੇਤਨਾ ਭਰਪੂਰ ਗੀਤ ਵੱਖਰੇ ਅੰਦਾਜ਼ ਲਿਖਦਾ ਹੈ।

ਕਿੱਥੇ ਕਿਹੜੀ ਸੱਟ ਵੱਜੀ ਇਹ ਖਿਆਲ ਛੱਡ ਦਿੱਤਾ
ਜਿਹੜੀ ਚਲ ਗਈ ਹਨੇਰੀ ਕੈਂਡੋਵਾਲ ਛੱਡ ਦਿੱਤਾ
ਦੁੱਖ ਝੱਲਦਿਆਂ ਸਮਾਂ ਵੀ ਤੇ ਖਾਸਾ ਹੋ ਗਿਆ
ਸਾਡੀ ਜਾਨ ਤੇ ਬਣੀ ਹੈ ਤੇਰਾ ਹਾਸਾ ਹੋ ਗਿਆ

ਉਸ ਦੇ ਗੀਤ ਸਾਦਕ ਇਸ਼ਕ ਦੀ ਸਾਰਥਕ ਪੇਸ਼ਕਾਰੀ ਕਰਦੇ ਹਨ। ਮਨ ਮਾਰ ਲੈਣਾ ਪਰ ਆਪਣੇ ਪਿਆਰੇ ਦਾ ਨਾਮ ਬੁੱਲਾਂ ਤੇ ਨਹੀਂ ਆਉਣ ਦੇਣਾ ਤਾਂ ਕਿ ਉਸਦੀ ਇਜ਼ਤ ਆਬਰੂ ਬਣੀ ਰਹੀ। ਇਹ ਗੀਤ ਨੌਜਵਾਨੀ ਲਈ ਆਪਣੇ ਤਰਾਂ ਦੀ ਸਮਾਜਿਕ ਚੇਤਨਾ ਪੈਦਾ ਕਰਦਾ ਹੈ।

ਗੱਲ ਕਹਿਣ ਦੀ ਵੀ ਨਹੀਂ
ਚੁੱਪ ਰਹਿਣ ਦੀ ਵੀ ਨਹੀਂ

ਡਰਦੇ ਆਂ ਤੇਰੇ ਉੱਤੇ ਇਲਜ਼ਾਮ ਆਊਗਾ
ਦੁੱਖ ਦੱਸਣ ਲੱਗੇ ਤਾਂ ਤੇਰਾ ਨਾਮ ਆਊਗਾ

ਪਿਆਰ ਮੁਹੱਬਤ ਦੀ ਅੱਜ ਕੱਲ ਹਰ ਕੋਈ ਗੱਲ ਕਰਦਾ ਹੈ। ਪਰ ਪਿਆਰ ਨੂੰ ਸਹੀ ਤਰੀਕੇ ਨਾਲ ਪ੍ਰਾਪਤ ਕਰਨਾ ਹੈ ਤਾਂ ਉਸ ਲਈ ਕੁਰਬਾਨੀਆਂ ਦੇਣ ਦੀ ਲੋੜ ਪੈਂਦੀ ਹੈ। ਉਹ ਪਿਆਰ ਕੋਈ ਵੀ ਹੋ ਸਕਦਾ ਹੈ। ਲੜਕੇ ਲੜਕੀ ਦਾ, ਔਰਤ ਮਰਦ ਦਾ, ਧਰਤੀ ਮਾਂ ਦਾ ਪਿਆਰ ਜਾਂ ਦੇਸ਼ ਦਾ ਪਿਆਰ।  ਹਰ ਤਰਾਂ ਦਾ ਪਿਆਰ, ਬੰਦੇ ਕੋਲੋਂ ਕਿਸੇ ਨਾ ਕਿਸੇ ਤਰ੍ਹਾਂ ਦੀ ਕੁਰਬਾਨੀ ਮੰਗਦਾ ਹੈ। ਜਿਸ ਵਿੱਚ ਆਪਣੇ ਆਪ ਨੂੰ ਹਾਰਨਾ ਪੈਂਦਾ ਹੈ ਤਾਂ ਕਿ ਤੁਹਾਡਾ ਪਿਆਰਾ ਜਿੱਤ ਸਕੇ। ਉਸ ਜਿੱਤ ਵਿੱਚ ਹੀ ਜਿੱਤ ਛੁੱਪੀ ਹੁੰਦੀ ਹੈ। ਹਾਰ ਵਿੱਚ ਹੀ ਮੁਹੱਬਤ ਦੀ ਸਿਖਰ ਹੁੰਦੀ ਹੈ। ਕਿਹਾ ਜਾਂਦਾ ਹੈ ਕਿ ਪਿਆਰ ਹੱਟਾਂ ਤੇ ਨਹੀਂ ਵਿੱਕਦਾ। ਦਿਲ ਵੱਟੇ ਦਿਲ ਮਿਲਦਾ ਹੈ।  

ਪਿਆਰ ਲਈ ਤਾਂ ਆਪਣਾ ਆਪ ਮਿਟਾਉਣਾ ਪੈਂਦਾ ਹੈ
ਜਿੱਤਦਿਆਂ ਹੋਇਆਂ ਸਭ ਕੁਝ ਆਪ ਹਰਾਉਣਾ ਪੈਂਦਾ ਹੈ
ਐਵੇਂ ਕਲੀ ਇਸ਼ਕ ਦੀ ਦਿਲ ਦੇ ਵਿਹੜੇ ਨਹੀਂ ਖਿਲਦੀ
ਲੋਕੋ ਮੁਹੱਬਤ ਮੁੱਲ ਨਹੀਂ ਮਿਲਦੀ

ਸਮਾਜਿਕ ਮਜਬੂਰੀਆਂ, ਰਹੁ-ਰੀਤਾਂ, ਮਾਨਵੀ ਕਮਜ਼ੋਰੀਆਂ ਅਤੇ ਮਜ਼ਬੂਰੀਆਂ ਕਾਰਨ ਅਕਸਰ ਪਿਆਰ ਸਿਰੇ ਨਹੀਂ ਚੜਦੇ। ਇਸ ਵਿੱਚ ਵਿਅਕਤੀ ਦੀ ਆਰਥਿਕਤਾ, ਦ੍ਰਿੜ ਇਰਾਦੇ ਦੀ ਕਮੀ ਅਤੇ ਮਾਨਸਿਕ ਕੰਮਜ਼ੋਰੀ ਵੀ ਬਹੁਤ ਸਾਰਾ ਹਿੱਸਾ ਪਾਉਂਦੀ ਹੈ। ਕਾਰਨ ਕੋਈ ਵੀ ਹੋ ਸਕਦਾ ਹੈ ਪਰ ਦਿਲ ਟੁੱਟਦਾ ਹੈ ਤਾਂ ਬੰਦਾ ਆਪਣੇ ਆਪ ਬਾਰੇ ਸੋਚਦਾ ਹੈ। ਮੇਰੇ ਪਿਆਰ ਵਿੱਚ ਕਿਸ ਗੱਲ ਵਿੱਚ ਕਮੀ ਰਹਿ ਗਈ ਜਿਸ ਕਰਕੇ ਮੈਂ ਇਸ ਵਿਛੋੜੇ ਦਾ ਦੁੱਖ ਭੋਗਦਾ ਹਾਂ। ਬਿਰਹਾ ਵਿੱਚ ਤਪਦਾ ਹਾਂ। ਕਈ ਵਾਰ ਦੂਸਰੀ ਤਰਫ਼ ਵੀ ਉਤਨੀ ਹੀ ਤੜਪ ਤੇ ਦਰਦ ਹੁੰਦਾ ਹੈ ਪਰ ਕਹਿਣ ਲਈ ਸ਼ਬਦ ਨਹੀਂ ਹੁੰਦੇ ਜਾਂ ਵਕਤ ਨਹੀਂ ਹੁੰਦਾ ਜਾਂ ਸਮਾਂ ਨਹੀਂ ਮਿਲਦਾ ਜਾਂ ਮਿਲਾਪ ਨਹੀਂ ਹੁੰਦਾ। ਇੱਕ ਦਰਦ ਭਰਿਆ ਦਿਲ ਇਸ ਤਰਾਂ ਗੁਰਮਿੰਦਰ ਦੀ ਕਲਮ ਵਿੱਚੋਂ ਸੀਨਾ ਫਾੜ ਕੇ ਨਿਕਲਦਾ ਹੈ:

ਜਿੱਥੇ ਸਾਨੂੰ ਤੋਲਿਆ ਨੀ ਉਥੇ ਅਸੀਂ ਤੁਲ ਗਏ
ਕਰ ਵਫਾਦਾਰੀਆਂ ਵੀ ਮਿੱਟੀ ਵਿੱਚ ਰੁਲ ਗਏ
ਸਾਡੀ ਇਸ਼ਕ ਕਹਾਣੀ ਸਾਰੀ ਹੰਝੂਆਂ ‘ਚ ਬਹਿ ਗਈ
ਦੱਸੀ ਸਾਡੇ ਪਿਆਰ ਵਿੱਚ ਕਮੀ ਕਿੱਥੇ ਰਹਿ ਗਈ

ਅਸੀਂ ਵੀ ਜਾਣਦੇ ਹਾਂ ਕਿ ਪਿਆਰ ਭਰਿਆ ਦਿਲ ਹਾਰ ਨਹੀਂ ਮੰਨਦਾ। ਪਿਆਰ ਕਰਨਾ ਕਮਜ਼ੋਰ ਦਿਲਾਂ ਦਾ ਕੰਮ ਨਹੀਂ। ਪਿਆਰ ਕਰਨ ਵਾਸਤੇ ਅਤੇ ਦੁੱਖ ਸਹਿਣ ਵਾਸਤੇ ਵੀ ਹੌਸਲਾ ਤੇ ਹਿੰਮਤ ਚਾਹੀਦੀ ਹੈ। ਅਸੀਂ ਪੁਰਾਤਨ ਇਸ਼ਕ ਕਹਾਣੀਆਂ ਵਿੱਚੋਂ ਵੀ ਸੁਣਦੇ  ਅਤੇ ਪੜ੍ਦੇ ਰਹੇ ਹਾਂ।  ਕਿਵੇਂ ਉਹਨਾਂ ਨਾਇਕਾਂ ਅਤੇ ਨਾਇਕਾਵਾਂ ਨੇ ਦੁੱਖ ਸਹਿ ਕੇ ਵੀ ਆਪਣੇ ਮਿੱਤਰ ਪਿਆਰੇ ਨੂੰ, ਆਪਣੇ ਦਿਲ ਤੋਂ ਵੱਖ ਨਹੀਂ ਹੋਣ ਦਿੱਤਾ  ਗੁਰਮਿੰਦਰ ਇਸ ਭਾਵਨਾ ਨੂੰ ਆਪਣੇ ਇਸ ਗੀਤ ਵਿੱਚ ਇਸ ਤਰਾਂ ਪੇਸ਼ ਕਰਦਾ ਹੈ

ਪਿਆਰ ਉਹਦੇ ਨੂੰ ਮੰਨ ਕੇ ਮੱਕਾ
ਨਾਤਾ ਜੋੜ ਲਿਆ ਏ ਪੱਕਾ
ਉਹ ਭਾਵੇਂ ਪੱਥਰਾਂ ਵਰਗੇ ਨੇ, ਅਸੀਂ ਰੱਬ ਬਣਾ ਕੇ ਬੈਠੇ ਆ
ਉਹ ਦਿਲ ਤੋਂ ਲਾਹ ਕੇ ਬੈਠੇ ਨੇ, ਅਸੀਂ ਦਿਲ ਨੂੰ ਲਾ ਕੇ ਬੈਠੇ

ਉਸਨੇ ਆਪਣੇ ਗੀਤਾਂ ਵਿੱਚ ਸਰਕਾਰੀ ਨੀਤੀਆਂ ਅਤੇ ਅਫ਼ਸਰਸ਼ਾਹੀ ਨਿਯਮਾਂ ਨੂੰ ਆਪਣੇ ਮਤਲਬ ਲਈ ਬਦਲਣ ਦੀਆਂ ਘਿਨਉਣੀਆਂ ਹਰਕਤਾਂ ਉਪਰ ਟਿੱਪਣੀਆਂ ਕੀਤੀਆਂ ਹਨ। ਸੋਸ਼ਲ ਮੀਡੀਆ ਉਪਰ ਲੋਕਾਂ ਵੱਲੋਂ ਇੱਕ ਦੂਜੇ ਉੱਤੇ ਦੂਸ਼ਣ ਬਾਜੀ ਕਰਨ ਦਾ ਵਧ ਰਹੇ ਰੁਝਾਨ ਬਾਰੇ ਵੀ ਵਧੀਆ ਟਿੱਪਣੀ ਕੀਤੀ ਹੈ।

ਅੰਦਰ ਚੁਸਤ ਚਲਾਕੀ ਤੇ ਲਾਲਚ, ਅਸੀਂ ਦਾਅਵੇਦਾਰ ਪਿਆਰ ਦੇ
ਗੀਤਾਂ ਵਿੱਚ ਗਾਲਾਂ ਕੱਢਦੇ ਹਾਂ, ਅਸੀਂ ਰਾਖੇ ਸਭਿਆਚਾਰ ਦੇ
ਆਪਣੇ ਫਾਇਦੇ ਲਈ ਰੂਲ ਬਣਾਏ ਤੋੜੇ, ਅਸੀਂ ਅਹੁਦੇਦਾਰ ਸਰਕਾਰ ਦੇ
ਕੋਈ ਸੱਚ ਬੋਲੇ ਸੋਸ਼ਲ ਮੀਡੀਆ ਤੇ, ਝੱਟ ਫ਼ਤਵੇ ਦਈਏ ਗਦਾਰ ਦੇ

ਸਾਡੇ ਦੇਸ਼ ਵਿੱਚ ਕੁਦਰਤ ਅਤੇ ਵਾਤਾਵਰਨ ਨਾਲ ਘਿਨਾਉਣਾ ਖਿਲਵਾੜ ਕੀਤਾ ਜਾ ਰਿਹਾ ਹੈ। ਥਾਂ ਥਾਂ ਕੂੜੇ ਕਰਕਟ ਦੇ ਢੇਰ ਹਨ। ਪੀਣ ਵਾਲੇ ਪਾਣੀ ਵਿੱਚ ਵੀ ਗੰਦਗੀ ਮਿਲਾਈ ਜਾ ਰਹੀ ਹੈ। ਲੋਕ ਖਾਣ ਪੀਣ ਵਾਲੀਆਂ ਚੀਜ਼ਾਂ ਵਿੱਚ ਵੀ ਮਿਲਾਵਟਾਂ ਕਰ ਰਹੇ ਹਨ। ਜਿਸ ਕਾਰਨ ਸਾਡੇ ਦੇਸ਼ ਦੀ ਅਤੇ ਖਾਸ ਤੌਰ ਤੇ ਪੰਜਾਬ ਦੇ ਲੋਕਾਂ ਦੀ ਸਿਹਤ ਖ਼ਰਾਬ ਹੋ ਰਹੀ ਹੈ। ਕੁਦਰਤ ਨਾਲ ਖਿਲਵਾੜ ਕਰਕੇ ਪਲਿਊਸ਼ਨ ਬਹੁਤ ਵੱਧ ਚੁੱਕਾ ਹੈ। ਹਵਾ ਵਿੱਚ ਫੇਲੈ ਪ੍ਰਦੂਸ਼ਨ ਕਾਰਣ ਸਾਹ ਲੈਣਾ ਵੀ ਦਿਨ ਬ ਦਿਨ ਔਖਾ ਹੁੰਦਾ ਜਾ ਰਿਹਾ ਹੈ। ਦਮਾ, ਸ਼ੂਗਰ ਅਤੇ ਕੈਂਸਰ ਵਰਗੀਆਂ ਬਿਮਾਰੀਆਂ ਹਰ ਦਿਨ ਜ਼ੋਰ ਫੜ ਰਹੀਆਂ ਹਨ। ਸ਼ਾਇਰ ਨੇ ਕੁਦਰਤ ਦੇ ਨਾਲ ਕੀਤੇ ਜਾ ਰਹੇ ਇਸ ਧੱਕੇ ਦਾ ਜ਼ਿਕਰ ਕੀਤਾ ਹੈ।

ਪਾਣੀ ਮੇਰੇ ਗੰਧਲੇ ਕਰਤੇ
ਰੁੱਖ ਵੀ ਰੁੰਡ ਬਣਾ ਕੇ ਧਰਤੇ
ਗੁਆਚਾ ਸੀ ਜੋ ਅਕਸ ਮੇਰਾ ਉਹ ਟੋਲ ਰਹੀ ਹਾਂ
ਮੈਂ ਕੁਦਰਤ ਬੋਲ ਰਹੀ ਹਾਂ
ਮੇਰੇ ਪਰਿੰਦੇ ਪਿੰਜਰੇ ਪਾ ਤੇ
ਹਵਾਵਾਂ ਵਿੱਚ ਵੀ ਜ਼ਹਿਰ ਮਿਲਾ ਤੇ
ਬੰਦ ਹੋਏ ਜੋ ਅਕਲ ਦੇ ਬੂਹੇ ਉਹੀ ਖੋਲ ਰਹੀ ਹਾਂ
ਮੈਂ ਕੁਦਰਤ ਬੋਲ ਰਹੀ ਹਾਂ

ਮੈਨੂੰ ਲੱਗਦਾ ਹੈ ਕਿ ਗੁਰਮਿੰਦਰ ਕੈਂਡੋਵਾਲ ਅਗਰ ਧਾਰਮਿਕ ਗੀਤ ਲਿਖਣ ਵਿੱਚ ਵੀ ਆਪਣੀ ਕਲਮ ਅਜ਼ਮਾਈ ਕਰੇ ਤਾਂ ਵਧੀਆ ਗੀਤ ਲਿਖ ਸਕਦਾ ਹੈ। ਉਸਨੇ ਛੋਟੇ ਸਾਹਿਬਜ਼ਾਦਿਆਂ ਦਾ ਇੱਕ ਵੱਖਰੇ ਅੰਦਾਜ਼ ਤੋਂ ਜ਼ਿਕਰ ਕੀਤਾ ਹੈ। ਸਰਹੰਦ ਦੀ ਉਹ ਕੰਧ ਅੱਜ ਵੀ ਹਜ਼ਾਰਾਂ ਲੱਖਾਂ ਸਿੰਘਾਂ ਸਿੰਘਣੀਆਂ ਨੂੰ ਅਤੇ ਦੇਸ਼ ਦੇ ਨੌਜਵਾਨਾਂ ਨੂੰ ਪ੍ਰੇਰਿਤ ਕਰ ਰਹੀ ਹੈ ਕਿ ਮਨੁੱਖ ਦੀ ਆਜ਼ਾਦੀ ਅਤੇ ਉਸਦੀ ਧਾਰਮਿਕ ਆਜ਼ਾਦੀ ਸਭ ਤੋਂ ਉੱਪਰ ਹੈ।

ਪਾਣੀ ਸਰਸਾ ਦਾ ਦੱਸੇ ਕਿ ਠਰਨ ਕੀ ਹੁੰਦਾ
ਇਹ ਸੂਰਮੇ ਦੱਸ ਗਏ ਕਿ ਮਰਨ ਕੀ ਹੁੰਦਾ
ਠੰਡੇ ਬੁਰਜ ਤੋਂ ਪੁੱਛੀਏ ਕਿ ਠੰਡ ਕੀ ਹੁੰਦੀ
ਸੂਬਾ ਸਮਝ ਨਾ ਸਕਿਆ ਕਿ ਝੰਡ ਕੀ ਹੁੰਦੀ
ਛੋਟੇ ਸਾਹਿਬਜ਼ਾਦੇ ਦੱਸ ਗਏ ਨੇ ਹੌਸਲੇ ਬੁਲੰਦ
ਤਾਂ ਹੀ ਬਣੀ ਇਤਿਹਾਸ ਖੜੀ ਦਿਸਦੀ ਇਹ ਕੰਧ

ਕਹਾਵਤ ਹੈ, ਪੰਜਾਬ ਦੇ ਜੰਮਿਆ ਨੂੰ ਨਿੱਤ ਮੁਹਿੰਮਾਂ 47 ਦੀ ਵੰਡ ਹੋਈ, 84 ਦੇ ਵਿੱਚ ਘੱਲੂਘਾਰਾ ਹੋਇਆ। ਹੜ੍ਹ ਆਉਂਦੇ ਜਾਂਦੇ ਰਹਿੰਦੇ ਨੇ ਪਰ ਪੰਜਾਬੀ ਹਮੇਸ਼ਾ ਹਰ ਤਰ੍ਹਾਂ ਦੀਆਂ ਕੁਦਰਤੀ ਅਤੇ ਮਨੁੱਖੀ ਆਫਤਾਂ ਦਾ ਡਟ ਕੇ ਮੁਕਾਬਲਾ ਕਰਦੇ ਆਏ ਹਨ। ਅੰਤ ਵਿੱਚ ਜਿੱਤ ਹਾਸਲ ਕਰਕੇ ਆਪਣਾ ਤੇ ਆਪਣੀ ਕੌਮ ਦਾ ਹਮੇਸ਼ਾ ਮਾਣ ਵਧਾਉਂਦੇ ਹਨ। ਪੰਜਾਬ ਦੀ ਸ਼ਾਨ ਉੱਚੀ ਚੁੱਕਦੇ ਹਨ।

ਪਹਿਲਾਂ ਸੰਤਾਲੀ,  ਚੌਰਾਸੀ ਤੇ ਫੇਰ ਅਠਾਸੀ ਹਾੜ ਗਿਆ
ਇਹ ਪੱਚੀ ਜਿਹੜਾ ਆਇਆ ਇਹ ਵੀ ਪਾਣੀ ਚਾੜ ਗਿਆ
ਫਿਰ ਵੀ ਹਿੱਕ ਤਾਣ ਕੇ ਖੜਦਾ ਤਾਂ ਹੀ ਨਵਾਬ ਕਹਿੰਦੇ ਨੇ
ਜਿਹੜਾ ਹੱਕ ਸੱਚ ਲਈ ਲੜਦਾ ਉਹਨੂੰ ਪੰਜਾਬ ਕਹਿੰਦੇ ਨੇ

ਕਿਤਾਬ ਵਿਚ ਸ਼ਬਦ ਜੋੜਾਂ ਦੀਆਂ ਗਲਤੀਆਂ ਹਨ। ਬਹੁਤ ਸਾਰੇ ਪੰਜਾਬੀ ਸ਼ਬਦ ਬੋਲਣ ਵਿੱਚ ‘ਹੋਰ’ ਤਰ੍ਹਾਂ ਆਉਂਦੇ ਹਨ। ਸਟੇਜਾਂ ਤੋਂ ਬੋਲੇ ਹੋਏ ਵੀ ਚੰਗੇ ਲੱਗਦੇ ਹਨ । ਉਹਨਾਂ ਬੋਲਚਾਲ ਦੇ ਸ਼ਬਦਾਂ ਨੂੰ ਲਿਖਤੀ ਰੂਪ ਦਿੰਦਿਆਂ ਜੇ ਸ਼ਬਦ ਜੋੜਾਂ ਦਾ ਖਿਆਲ ਨਾ ਰੱਖਿਆ ਜਾਵੇ ਤਾਂ ਬੜੇ ਅੱਖੜਦੇ ਹਨ। ਇਸ ਲਈ ਪਰੂਫ਼ ਰੀਡਿੰਗ ਕਰਵਾਕੇ, ਸ਼ਬਦ ਜੋੜਾਂ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ।  ਜਿਵੇਂ ਨਾਂ, ਨਾ ਅਤੇ ਨਾਂਹ; ਗਲਤੀ, ਗੱਲਤੀ ਦਾ ਵਖਰੇਵਾਂ ਕਰਨਾ ਆਦਿ। ਜਦੋਂ ਅਸੀਂ ਪੜ੍ਹਦੇ ਹਾਂ ਅਕਸਰ ਦੂਸਰੇ ਵੱਡੇ ਸ਼ਾਇਰਾਂ ਦੀ ਕਵਿਤਾ, ਗੀਤ ਜਾਂ ਗਜ਼ਲ ਚੰਗੀ ਲਗਦੀ ਹੈ। ਕਿਸੇ ਹੋਰ ਦੀ ਰਚਨਾ ਨੂੰ ਤੋੜ ਮਰੋੜ ਕੇ, ਫਿਰ ਆਪਣਾ ਬਣਾ ਕੇ ਨਾ ਲਿਖਿਆ ਜਾਵੇ। ਗੀਤਕਾਰੀ ਵਿੱਚ ਇਹ ਚਲਣ ਅਕਸਰ ਵੇਖਣ ਵਿੱਚ ਆਇਆ ਹੈ। 2015 ਵਿੱਚ ਛਪਿਆ ਗੁਰਤੇਜ ਕੁਹਾਰਵਾਲਾ ਦਾ ਗ਼ਜ਼ਲ ਸੰਗ੍ਰਹਿ ‘ਪਾਣੀ ਦਾ ਹਾਸ਼ੀਆ’ ਦੇ ਪੰਨਾ 13 ਉਸਦਾ ਇਕ ਬੜਾ ਪ੍ਰਸਿੱਧ ਸ਼ਿਅਰ ਹੈ:

ਕਿਤਾਬਾਂ ਵਰਗਿਆਂ ਲੋਕਾਂ ਨੂੰ ਖ਼ੁਦ ਵਿਚ ਜੋੜ ਲੈਂਦਾ ਹਾਂ।
ਮਿਲੇ ਗਹਿਰਾ ਕਿਤੇ ਲਿਖਿਆ ਤਾਂ ਵਰਕਾ ਮੋੜ ਲੈਂਦਾ ਹਾਂ।

ਇਹ ਸ਼ਿਅਰ ‘ਸਾਡੀ ਜਾਨ ‘ਤੇ ਬਣੀ ਏ’ ਪੁਸਤਕ ਵਿੱਚ ਇਸ ਤਰਾਂ ਲਿਖਿਆ ਗਿਆ ਹੈ:

ਕਿਤਾਬਾਂ ਵਰਗੇ ਮਿੱਤਰ ਮੈਂ ਜ਼ਿੰਦਗੀ ਵਿੱਚ ਜੋੜ ਲਏ
ਜਿੱਥੇ ਗੱਲ ਕੋਈ ਗਹਿਰੀ ਲੱਗੀ ਉੱਥੋਂ ਵਰਕੇ ਮੋੜ ਲਏ।  – ਪੰਨਾ 62

ਕਿਸੇ ਵੀ ਪਾਠਕ ਨੂੰ ਹੇਠਲਾ ਸ਼ਿਅਰ ਉਪਰਲੇ ਸ਼ਿਅਰ ਦੀ ਕਾਪੀ ਲੱਗੇ ਗਾ। ਹੋਰ ਦੋਸਤ ਲੇਖਕਾਂ ਨੇ ਵੀ ਇਸ ਦਾ ਨੋਟਿਸ ਲਿਆ ਹੈ। ਹੋ ਸਕਦਾ ਹੈ ਇਹ ਮਹਿਜ਼ ਇਤਫ਼ਾਕ ਹੋਵੇ ਜਾਂ ਹੋ ਸਕਦਾ ਲੇਖਕ ਨੇ ਗੁਰਤੇਜ ਦਾ ਸ਼ਿਅਰ ਪੜ੍ਹਿਆ ਅਤੇ  ਉਸਦੇ ਮਨ ਵਿੱਚ ਅਟਕਿਆ ਰਹਿ ਗਿਆ ਹੋਵੇ। ਜਿਸ ਕਰਕੇ ਇਸ ਤਰਾਂ ਦਾ ਸ਼ਿਅਰ ਲਿਖਿਆ ਗਿਆ ਹੋਵੇ। ਗੁਰਮਿੰਦਰ ਕੋਲ ਲਿਖਣ ਕਲਾ ਹੈ। ਗੀਤ ਅਤੇ

ਰੁਬਾਈ ਰਚਣਾ ਉਸਦਾ ਮਨ ਭਾਉਂਦਾ ਕਾਵਿ ਰੂਪ ਲੱਗਦਾ ਹੈ।  ਸ਼ਾਇਰ ਜਦੋਂ ਕਲਮ ਚੁੱਕਦਾ ਹੈ ਉਸ ਕੋਲ ਮੌਲਿਕ ਅਤੇ ਨਿਵੇਕਲਾ ਸਾਹਿਤ ਰਚਣ ਲਈ ਕੁੱਝ ਹੁੰਦਾ ਹੈ । ਜਿਸ ਵੱਲ ਧਿਆਨ ਦੇ ਕੇ ਉਹ ਦੂਰ ਤੱਕ ਜਾ ਸਕਦਾ ਹੈ।  ਕਿਸੇ ਹੋਰ ਸ਼ਾਇਰ ਦੀ ਰਚਨਾ ਨੂੰ ਥੋੜਾ ਜਿਹਾ ਬਦਲ ਕੇ ਲਿਖਣ ਤੋਂ ਗੁਰੇਜ਼ ਕਰਨ ਦੀ ਜ਼ਰੂਰਤ ਹੁੰਦੀ ਹੈ। ਮੌਲਿਕ ਰਚਨਾਵਾਂ ਜਿਵੇਂ ਉਪਰ ਦਿੱਤੇ ਗਏ ਗੀਤਾਂ ਨੇ ਹੀ ਪਹਿਚਾਣ ਬਣਨਾ ਹੈ 

ਗੁਰਮਿੰਦਰ ਕੈਂਡੋਵਾਲ ਵਿੱਚ ਸ਼ਾਇਰੀ ਕਰਨ ਅਤੇ ਗੀਤ ਲਿਖਣ ਦੀ ਬੜੀ ਸਮਰੱਥਾ ਹੈ। ਉਹ ਨੌਜਵਾਨ ਹੈ। ਸਮਾਜ ਵਿੱਚ ਵਿਚਰਦਾ ਹੈ। ਅਗਾਂਉ ਆਉਣ ਵਾਲੇ ਸਮੇਂ ਵਿੱਚ ਅਸੀਂ ਉਸ ਕੋਲੋਂ ਵੱਡੀਆਂ ਆਸਾਂ ਰੱਖ ਸਕਦੇ ਹਾਂ। ਸਾਫ਼ ਸੁਥਰੇ ਗੀਤ ਲਿਖਣ ਵਾਸਤੇ ਉਸ ਨੂੰ ਉਤਸ਼ਾਹਿਤ ਕਰਦੇ ਹਾਂ।  ਇਹਨਾਂ ਸ਼ਬਦਾਂ ਨਾਲ ਮੈਂ ਉਸ ਨੂੰ ਸ਼ੁਭ-ਕਾਮਨਾਵਾਂ ਦਿੰਦਾ ਹੋਇਆ ‘ਸਾਡੀ ਜਾਨ ‘ਤੇ ਬਣੀ ਏ’ ਛਾਪਣ ਲਈ ਵਧਾਈ ਦਿੰਦਾ ਹਾਂ।
***
ਪਿਆਰਾ ਸਿੰਘ ਕੁੱਦੋਵਾਲ
pskudowal@yahoo.com
ਜੁਲਾਈ 28, 2026
ਟੋਰਾਂਟੋ

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
**
1901
***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਪਿਆਰਾ ਸਿੰਘ ਕੁੱਦੋਵਾਲ

View all posts by ਪਿਆਰਾ ਸਿੰਘ ਕੁੱਦੋਵਾਲ →