27 June 2026

ਇੰਦਰਾ ਗਾਂਧੀ ਵਿਚ ਵੱਜਦਾ ਵੱਜਦਾ ਮੈਂ ਮਸਾਂ ਬਚਿਆ — ਰੂਪ ਲਾਲ ਰੂਪ

ਅੱਜ ਤੋਂ ਸੰਤਾਲੀ ਸਾਲ ਪਹਿਲਾਂ ਚਾਣਚੱਕ ਵਾਪਰੀ ਘਟਨਾ ਨੂੰ ਯਾਦ ਕਰਦਾਂ ਤਾਂ ਯਕੀਨ ਜਿਹਾ ਨਹੀਂ ਆਉਂਦਾ ਕਿ ਇੰਜ ਵੀ ਹੋ ਸਕਦਾ ਹੈ।ਗੱਲ ਸਤੰਬਰ 1979 ਕੁ ਦੀ ਹੈ।ਉਦੋਂ ਪਿੰਡਾਂ ਵਿਚ ਖ਼ਬਰਾਂ ਦਾ ਸਰੋਤ ਰੇਡੀਓ ਹੀ ਹੋਇਆ ਕਰਦੇ ਸਨ ; ਅਖ਼ਬਾਰਾਂ ਦਾ ਬਾਹਲਾ ਪ੍ਰਚਲਣ ਨਹੀਂ ਸੀ। ਰੇਡੀਓ ‘ਤੇ ਪੰਜਾਬੀ ਦੀਆਂ ਕੜਾਕੇਦਾਰ ਖ਼ਬਰਾਂ ਪੜ੍ਹਨ ਵਾਲਾ ਸੁਖਵੰਤ ਸਿੰਘ ਢਿੱਲੋਂ ਹੁੰਦਾ ਸੀ। ਤੀਰਥ ਸਿੰਘ ਢਿੱਲੋਂ ਬਾਅਦ ਵਿਚ ਆਇਆ।ਖ਼ਬਰਾਂ ਵੀ ਵਿਰਲੇ ਟਾਵੇਂ ਹੀ ਸੁਣਦੇ ਸਨ। ਬਹੁਤੇ ਲੋਕ ਗਾਣੇ ਸੁਣਨ ਨੂੰ ਤਰਜੀਹ ਦਿੰਦੇ ਸਨ। ਇਸ ਲਈ ਕਿੱਥੇ ਕੀ ਹੋ ਰਿਹਾ ਹੈ ਕੰਮ-ਕਾਰ ਨਾਲ ਜੁੜੇ ਲੋਕਾਂ ਦੀ ਇਸ ਵਿਚ ਬਾਹਲੀ ਦਿਲਚਸਪੀ ਨਹੀਂ ਸੀ ਹੁੰਦੀ।ਉਂਜ ਐਨੀ ਕੁ ਜਾਣਕਾਰੀ ਸਭਨਾਂ ਨੂੰ ਸੀ ਕਿ 15 ਜੁਲਾਈ 1979 ਨੂੰ ਸ਼੍ਰੀ ਮੁਰਾਰਜੀ ਡਿਸਾਈ, ਪ੍ਰਧਾਨ ਮੰਤਰੀ ਵਲੋਂ ਅਸਤੀਫ਼ਾ ਦੇਣ ਪਿੱਛੋਂ 28 ਜੁਲਾਈ 1979 ਨੂੰ ਚੌਧਰੀ ਚਰਨ ਸਿੰਘ, ਪ੍ਰਧਾਨ ਮੰਤਰੀ ਬਣ ਚੁੱਕੇ ਹਨ। ਪਰ ਉਨ੍ਹਾਂ ਵਲੋਂ ਲੋਕ ਸਭਾ ਵਿਚ ਬਹੁਮੱਤ ਸਿੱਧ ਨਾ ਕਰ ਸਕਣ ਕਾਰਨ ਦੇਸ਼ ਵਿਚ ਮੱਧਕਾਲੀ ਚੋਣਾਂ ਹੋਣ ਵਾਲੀਆਂ ਹਨ ਅਤੇ ਸਾਲ 1977 ਦੀਆਂ ਆਮ ਚੋਣਾਂ ਵਿਚ ਬੁਰੀ ਤਰ੍ਹਾਂ ਹਾਰੀ ਇੰਦਰਾ ਗਾਂਧੀ ਪੂਰੀ ਤਾਕਤ ਨਾਲ ਮੈਦਾਨ ਵਿਚ ਉਤਰ ਚੁੱਕੀ ਸੀ।

ਮੈਂ ਆਪਣੀ ਵੱਡੀ ਭੈਣ ਗੁਰਦੇਵ ਕੌਰ ਨੂੰ ਮਿਲ ਕੇ ਫਗਵਾੜਾ ਤੋਂ ਵਾਪਸ ਆਪਣੇ ਪਿੰਡ ਭੇਲਾਂ ਨੇੜੇ ਆਦਮਪੁਰ ਆ ਰਿਹਾ ਸਾਂ। ਰਾਮਾਮੰਡੀ (ਜਲੰਧਰ) ਗੋਲ ਚੌਂਕ(ਹੁਣ ਫਲਾਈ ਓਵਰ ਪੁਲ ਬਣ ਚੁੱਕਾ ਹੈ) ਵਿਖੇ ਮੈਂ ਬੱਸ ਛੱਡ ਦਿੱਤੀ ਅਤੇ ਹੁਸ਼ਿਆਰਪੁਰ ਦੀ ਬੱਸ ਲੈਣ ਲਈ ਆਪਣੇ ਹੱਥ ਚੌਕ ਕਰਾਸ ਕਰਦਿਆਂ ਦੇਖਿਆ ਕਿ ਸੜਕਾਂ ਦੇ ਦੁਵੱਲੇ ਲੋਕਾਂ ਦੀ ਭਾਰੀ ਭੀੜ ਸੀ ਜੋ ਫ਼ਗਵਾੜੇ ਤੇ ਜਲੰਧਰ ਬੰਨ੍ਹੀ ਦੂਰ ਤਕ ਨਜ਼ਰ ਆ ਰਹੀ ਸੀ। ਮੈਂ ਕਿਸੇ ਨੂੰ ਲੋਕਾਂ ਦੀ ਭੀੜ ਬਾਰੇ ਪੁੱਛਿਆ ਤਾਂ ਪਤਾ ਲੱਗਾ ਕਿ ਇੰਦਰਾ ਗਾਂਧੀ ਆ ਰਹੀ ਹੈ। ਸ਼ਾਮ ਹੋ ਰਹੀ ਸੀ ਪਰ ਬੱਸ ਲੈਣ ਦੀ ਬਜਾਏ ਮੈਂ ਵੀ ਇੰਦਰਾ ਗਾਂਧੀ ਦੇਖਣ ਲਈ ਭੀੜ ਦਾ ਹਿੱਸਾ ਬਣ ਗਿਆ। ਲੋਕ ਵਹੀਰਾਂ ਬਣ ਬਣ ਆ ਰਹੇ ਸਨ ਤੇ ਭੀੜ ਵਧਦੀ ਜਾ ਰਹੀ ਸੀ।ਕੁਝ ਹੀ ਸਮੇਂ ਵਿਚ ਚੌਂਕ ਲਾਗੇ ਤਿੱਲ ਸੁੱਟਣ ਨੂੰ ਥਾਂ ਨਹੀਂ ਸੀ ਮਿਲ ਰਿਹਾ।
ਗੋਲ ਚੌਂਕ ਉੱਤੇ ਬਣੀ ਛੋਟੀ ਜੇਹੀ ਸਟੇਜ ਤੋਂ ਅਨਾਉਂਸਮੈਂਟ ਸ਼ੁਰੂ ਹੋ ਗਈ। ਲੋਕਾਂ ਨੂੰ ਸ਼ਾਂਤੀ ਨਾਲ ਖੜ੍ਹਨ ਦੀ ਅਪੀਲ ਕੀਤੀ ਜਾਣ ਲੱਗੀ। ਪੁਲੀਸ ਚੌਂਕ ਨੇੜੇ ਭੀੜ ਨੂੰ ਸੜਕ ਤੋਂ ਦੂਰ ਰੱਣ ਦਾ ਯਤਨ ਕਰ ਰਹੀ ਸੀ। ਇਕ ਐਸ ਪੀ ਰੈਂਕ ਦਾ ਅਧਿਕਾਰੀ ਕੱਸਵੀਂ ਵਰਦੀ ਵਿਚ, ਸਿਰ ਹੈਟ ਵਰਗੀ ਟੋਪੀ ਪਹਿਨੀ ਤੇ ਹੱਥ ਵਿਚ ਲਾਟੂ ਵਾਲੀ ਸਵਾ ਕੁ ਦੋ ਫੁੱਟ ਬੈਂਤ ਫੜੀ ਪੂਰੀ ਤਰ੍ਹਾਂ ਮੁਸਤੈਦ ਛਾਉਣੀ ਵਾਲੇ ਪਾਸੇ, ਹੁਕਮ ਚਲਾ ਰਿਹਾ ਸੀ। ਇੰਦਰਾ ਨੂੰ ਨੇੜਿਉਂ ਦੇਖਣ ਲਈ ਲੋਕ ਬੇਤਾਬ ਸਨ।

ਮੇਰੇ ਮਨ ਵਿਚ ਖਿਆਲ ਆਇਆ ਕਿ ਮੇਰੇ ਖੜ੍ਹਨ ਦੀ ਜਗ੍ਹਾ ਸਹੀ ਨਹੀਂ ਹੈ। ਇੰਦਰਾ ਗਾਂਧੀ ਤਾਂ ਦੂਜੇ ਹੱਥ ਜਲੰਧਰ ਛਾਉਣੀ ਵਾਲੇ ਪਾਸਿਓਂ ਲੰਘ ਜਾਏਗੀ। ਹੁਸ਼ਿਆਰਪੁਰ ਵਾਲੇ ਪਾਸਿਓਂ ਉਸਦੀ ਝਲਕ ਵੀ ਨਹੀਂ ਦਿੱਸੇਗੀ। ਮੈਂ ਹੌਲੀ ਹੌਲੀ ਭੀੜ ਦੇ ਪਿੱਛਿਉਂ ਫਗਵਾੜੇ ਵਲ ਨੂੰ ਜਾ ਕੇ ਰੇਲਵੇ ਸਟੇਸ਼ਨ ਲਾਗਿਉਂ ਸੜਕ ਕਰਾਸ ਕਰ ਕੇ ਭੀੜ ਦੇ ਪਿੱਛੇ ਪਿੱਛੇ ਗੋਲ ਚੌਂਕ ਕੋਲ ਆ ਗਿਆ ਜਿੱਥੇ ਕੁ ਐਸ ਪੀ ਸਾਹਿਬ ਨੇ ਲੋਕਾਂ ਨੂੰ ਹੋਰ ਪੁਲਸੀਆਂ ਦਦੇ ਸਹਿਯੋਗ ਨਾਲ ਰੋਕ ਰੱਖਿਆ ਸੀ।ਮੈਂ ਭੀੜ ਵਿਚੋਂ ਸਹਿਜੇ ਸਹਿਜੇ ਧੁੱਸ ਦਿੰਦਾ ਮੋਹਰਲੀ ਕਤਾਰ ਵਿਚ ਆ ਗਿਆ।

ਇੰਦਰਾ ਗਾਂਧੀ ਸਮੇਂ ਤੋਂ ਕੁਝ ਲੇਟ ਸੀ। ਸਟੇਜ ਤੋਂ ਕਦੇ ਕਦੇ ਇੰਦਰਾ ਗਾਂਧੀ ਜ਼ਿੰਦਬਾਦ ਦੇ ਨਾਅਰੇ ਲੱਗਦੇ ਤੇ ਸ਼ਾਂਤ ਹੋ ਜਾਂਦੇ। ਸੂਰਜ ਛੁੱਪ ਚੁੱਕਾ ਸੀ ਪਰ ਲੋਕ ਥਾਉਂ ਥਾਈਂ ਜਿਉਂ ਦੀ ਤਿਓਂ ਖੜੇ ਸਨ। ਕੁਝ ਹੀ ਸਮੇਂ ਪਿੱਛੋਂ ਸੌ ਸਵਾ ਸੌ ਮੋਟਰਸਾਈਕਲਾਂ ਦੀ ਵਹੀਰ ਫਗਵਾੜਾ ਵਲੋਂ ਆਉਣੀ ਸ਼ੁਰੂ ਹੋਈ। ਲੋਕਾਂ ਵਿਚ ਉਤਸੁਕਤਾ ਵਧ ਗਈ ਤੇ ਇੰਦਰਾ ਗਾਂਧੀ ਜਿੰਦਾਬਾਦ ਦੇ ਆਕਾਸ਼ ਗੂੰਜਾਊ ਨਾਅਰੇ ਲੱਗਣ ਲੱਗੇ। ਸਟੇਜ ਤੋਂ ਅਨਾਉਂਸਮੈਂਟ ਹੋਣ ਲੱਗੀ, “ਇੰਦਰਾ ਜੀ ਨੂੰ ਬੇਨਤੀ ਹੈ ਕਿ ਭਾਵੇਂ ਦੋ ਮਿੰਟ ਸਟੇਜ ‘ਤੇ ਆਉਣ ਲੋਕ ਲੰਮੇ ਸਮੇੰ ਤੋਂ ਆਪਣੇ ਮਹਿਬੂਬ ਨੇਤਾ ਨੂੰ ਉਡੀਕ ਰਹੇ ਹਨ—।”

ਅਨਾਉਂਸਮੈਂਟ ਤੇਜ਼ ਹੋ ਰਹੀ ਸੀ ਤੈ ਲੋਕਾਂ ਦਾ ਉਤਸ਼ਾਹ ਵਧ ਰਿਹਾ ਸੀ। ਏਨੇ ਨੂੰ ਕਾਰਾਂ ਦਾ ਕਾਫ਼ਲਾ ਆਉਣ ਲੱਗਾ। ਪਰ ਕੋਈ ਕਾਰ ਰੁਕ ਨਹੀਂ ਰਹੀ ਸੀ।ਹਰ ਕਾਰ ਵਿਚ ਇੰਦਰਾ ਜਾਣ ਕੇ ਹਜ਼ੂਮ ਧੱਕ ਪਾਉਣ ਲੱਗਾ। ਪੁਲੀਸ ਬੇਵੱਸ ਜਿਹੀ ਹੋ ਗਈ। ਇੰਦਰਾ ਦੀ ਕਾਰ ਆ ਗਈ ਧੱਕੇ ਤੇ ਧੱਕਾ ਪੈਣ ਲੱਗਾ।ਇਕ ਐਸਾ ਧੱਕਾ ਪਿਆ ਕਿ ਐਸ ਪੀ ਟੋਪੀ ਤੇ ਲਾਟੂ ਵਾਲੀ ਬੈਂਤ ਹਜ਼ੂਮ ਦੇ ਪੈਰਾਂ ਵਿਚ ਮਿੱਧੀ ਗਈ । ਇੰਦਰਾ ਦੀ ਇਕ ਝਲਕ ਪਾਉਣ ਲਈ ਲੋਕਾਂ ਕਾਰ ਰੋਕ ਲਈ ।ਡਰਾਈਵਰ ਨੇ ਕਾਰ ਦੀਆਂ ਬੱਤੀਆਂ ਜਗਾ ਦਿੱਤੀਆਂ। ਇੰਦਰਾ ਗਾਂਧੀ ਝੁਰਮਟ ਨੂੰ ਕਾਰ ਵਿਚ ਬੈਠੀ ਦਿਸਣ ਲੱਗੀ। ਪਰ ਲੋਕਾਂ ਦੀ ਤਸੱਲੀ ਨਾ ਹੋਈ। ਸਾਰੇ ਇੰਦਰਾ ਗਾਂਧੀ ਜ਼ਿੰਦਾਬਾਦ ਦੇ ਨਾਅਰੇ ਲਾਉਂਦੇ ਮੰਗ ਕਰਨ ਲੱਗੇ ਕਿ ਉਹ ਖੁੱਲੀ ਜੀਪ ਵਿਚ ਚੜ੍ਹ ਕੇ ਅੱਗੇ ਜਾਣ।ਉਸ ਵੇਲੇ ਮੈਂ ਬਿਲਕੁਲ ਇੰਦਰਾ ਦੀ ਕਾਰ ਬਰਾਬਰ ਖਲੋਤਾ ਸਾਂ।ਕਾਰ ਦਾ ਦਰਵਾਜ਼ਾ ਖੁੱਲ੍ਹਿਆ ਤੇ ਪਿੱਛੋਂ ਐਸਾ ਧੱਕਾ ਪਿਆ ਮੈਂ ਇੰਦਰਾ ਵਿਚ ਵੱਜਣ ਡਰੋਂ ਪੂਰੇ ਜ਼ੋਰ ਨਾਲ ਪਿਛਾਂਹ ਨੂੰ ਲਪਕ ਗਿਆ ਤੇ ਉਹ ਮੈਥੋਂ ਚਾਰ ਕੁ ਉਂਗਲਾਂ ਦੀ ਵਿੱਥ ਨਾਲ ਲੰਘ ਕੇ ਖੁੱਲੀ ਗੱਡੀ ਵਿਚ ਸੁਆਰ ਹੋ ਗਈ। ਲੋਕਾਂ ਦੇ ਚਾਅ ਤੇ ਉਤਸ਼ਾਹ ਦਾ ਕੋਈ ਪਾਰਾਵਾਰ ਨਹੀਂ ਸੀ। ਗੱਡੀ ਹੌਲੀ ਹੌਲੀ ਅੱਗੇ ਵਧਣ ਲੱਗੀ। ‘ਦੇਸ਼ ਕਾ ਨੇਤਾ ਕੈਸਾ ਹੋ, ਇੰਦਰਾ ਗਾਂਧੀ ਜੈਸਾ ਹੋ’ ਦੇ ਨਾਅਰਿਆਂ ਸੜਕਾਂ ਗੂੰਜਣ ਲਾ ਦਿੱਤੀਆਂ। ਕਈਆਂ ਇਕ ਹੱਥ ਨਾਲ ਇੰਦਰਾ ਦੀ ਗੱਡੀ ਫੜੀ ਹੋਈ ਸੀ ਤੇ ਦੂਜੀ ਬਾਂਹ ਉਲਾਰ ਉਲਾਰ ਨਾਅਰੇ ਲਾ ਰਹੇ ਸਨ। ਮੈਂ ਵੀ ਉਨ੍ਹਾਂ ਵਿਚੋਂ ਇਕ ਸੀ।ਇੰਦਰਾ ਨੂੰ ਐਨਾ ਨੇੜਿਉਂ ਦੇਖਣ ਦਾ ਕਦੇ ਸੁਪਨਾ ਵੀ ਨਹੀਂ ਲਿਆ ਸੀ।ਉਹ ਤਸਵੀਰਾਂ ਵਿਚ ਜੁਆਨ ਜਹਾਨ ਕੋਈ ਮਹਾਰਾਣੀ ਜਾਪਦੀ ਮੈਨੂੰ ਬੜੀ ਦੁਬਲੀ ਪਤਲੀ ਤੇ ਮੈਥੋਂ ਪੰਜ ਛੇ ਇੰਚ ਛੋਟੀ ਪ੍ਰਤੀਤ ਹੋਈ। ਉਸ ਦੀ ਨੇੜਿਉਂ ਪਾਈ ਝਲਕ ਅੱਜ ਵੀ ਅੱਖਾਂ ਵਿਚ ਵੱਸੀ ਹੋਈ ਹੈ।

ਹਨ੍ਹੇਰਾ ਹੁੰਦਾ ਦੇਖ ਮੈਂ ਫਰਲਾਂਗ ਕੁ ਤੋਂ ਵਾਪਸ ਚੌਂਕ ਵਿਚ ਆ ਗਿਆ। ਅਜੇ ਵੀ ਸਾਰੇ ਪਾਸੇ ਲੋਕਾਂ ਦਾ ਹੜ੍ਹ ਨਜ਼ਰੀਂ ਪੈ ਰਿਹਾ ਸੀ। ਚਿਰਾਂ ਪਿੱਛੋਂ ਆਵਾਜਾਈ ਬਹਾਲ ਹੋਈ ਤਾਂ ਬੱਸ ਫੜ ਕੇ ਮੈਂ ਰਾਤ ਦਸ ਵਜੇ ਘਰ ਪੁੱਜਾ।
*
ਰੂਪ ਲਾਲ ਰੂਪ
ਪਿੰਡ ਭੇਲਾਂ ਡਾਕਖਾਨਾ ਨਾਜਕਾ
ਜਿਲ੍ਹਾ ਜਲੰਧਰ (ਪੰਜਾਬ)
94652-25722

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
**
1862
***

+94652-29722 |  + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਰੂਪ ਲਾਲ ਰੂਪ
ਪ੍ਰਧਾਨ,
ਪੰਜਾਬੀ ਸਾਹਿੱਤ ਸਭਾ ਆਦਮਪੁਰ ਦੋਆਬਾ (ਰਜਿ)

ਪੁਸਤਕਾਂ:

ਕਾਵਿ ਰਿਸ਼ਮਾਂ (2020) ਸੰਪਾਦਨਾ
ਸਿਆੜ ਦਾ ਪੱਤਣ (2022) ਸੰਪਾਦਨਾ
ਗੁਰੂ ਰਵਿਦਾਸ ਪ੍ਰਗਾਸ ਦੀ ਖੋਜ--ਖੋਜੀ ਲੇਖਕ: ਰੂਪ ਲਾਲ 

ਪਤਾ:
ਪਿੰਡ ਭੇਲਾਂ ਡਾਕਖਾਨਾ ਨਾਜਕਾ
(ਜਲੰਧਰ) ਪੰਜਾਬ
+94652-29722

✍️ਰੂਪ ਲਾਲ ਰੂਪ

ਰੂਪ ਲਾਲ ਰੂਪ ਪ੍ਰਧਾਨ, ਪੰਜਾਬੀ ਸਾਹਿੱਤ ਸਭਾ ਆਦਮਪੁਰ ਦੋਆਬਾ (ਰਜਿ) ਪੁਸਤਕਾਂ: ਕਾਵਿ ਰਿਸ਼ਮਾਂ (2020) ਸੰਪਾਦਨਾ ਸਿਆੜ ਦਾ ਪੱਤਣ (2022) ਸੰਪਾਦਨਾ ਗੁਰੂ ਰਵਿਦਾਸ ਪ੍ਰਗਾਸ ਦੀ ਖੋਜ--ਖੋਜੀ ਲੇਖਕ: ਰੂਪ ਲਾਲ  ਪਤਾ: ਪਿੰਡ ਭੇਲਾਂ ਡਾਕਖਾਨਾ ਨਾਜਕਾ (ਜਲੰਧਰ) ਪੰਜਾਬ +94652-29722

View all posts by ✍️ਰੂਪ ਲਾਲ ਰੂਪ →