15 June 2026

ਆਈਬਰੋ ਬਣਾਉਣਾ — ਰੂਪ ਲਾਲ ਰੂਪ

ਆਈਬਰੋ ਅੰਗਰੇਜ਼ੀ ਭਾਸ਼ਾ ਦਾ ਸ਼ਬਦ ਹੈ। ਪੰਜਾਬੀ ਵਿਚ ਇਹ ਭਰਵੱਟੇ, ਸੇਲੀਆਂ, ਭਵਾਂ ਆਦਿ ਦਾ ਸਮਾਨਾਰਥਕ ਹੈ। ਹਰ ਮਰਦ ਔਰਤ ਦੀਆਂ ਅੱਖਾਂ ਉੱਤੇ ਉੱਭਰਵੀਂ ਝਿੱਲੀ ਪੁਰ ਉੱਗੇ ਵਾਲ ਭਰਵੱਟੇ ਸਦਾਉਂਦੇ ਹਨ। ਇਹ ਵੀ ਸਰੀਰ ਦਾ ਅੰਗ ਹਨ ਜੋ ਚਿਹਰੇ ਦੀ ਸੁੰਦਰਤਾ ਨੂੰ ਚੌਗਣੀ ਕਰ ਦਿੰਦੇ ਹਨ। ਇਹ ਸੰਚਾਰ ਦਾ ਸਾਧਨ ਵੀ ਹਨ ਤੇ ਇਨ੍ਹਾਂ ਦੀ ਆਪਣੀ ਇਕ ਭਾਸ਼ਾ ਵੀ ਹੈ ਜੋ ਬਿਨ ਬੋਲੋ ਬਣਦੇ ਕੰਮ ‘ਤੇ ਮੋਹਰ ਲਾ ਦਿੰਦੀ ਹੈ ਤੇ ਤੜਕ ਕਰ ਕੇ ਤੋੜ ਵੀ ਦਿੰਦੀ ਹੈ।

 ਮਰਦਾਂ ਦੇ ਭਰਵੱਟੇ ਆਮ ਕਰ ਕੇ ਭਰਵੇਂ ਹੁੰਦੇ ਹਨ ਅਤੇ ਔਰਤਾਂ ਦੇ ਬਰੀਕ/ਤਿੱਖੇ ਹੁੰਦੇ ਹਨ। ਪੁਰਾਣੇ ਸਮਿਆਂ ਵਿਚ ਰਾਜੇ ਮਹਾਰਾਜੇ ਰਾਣੀਆਂ ਦੀ ਚੋਣ ਵੇਲੇ ਕਮਾਨੀਦਾਰ ਭਰਵੱਟਿਆਂ ਨੂੰ ਤਰਜੀਹ ਦਿੰਦੇ ਸਨ। ਇਸ ਕਰ ਕੇ ਔਰਤਾਂ ਕਮਾਨ ਵਰਗੇ ਭਰਵੱਟੇ ਪਸੰਦ ਕਰਦੀਆਂ ਹਨ; ਜੋ ਔਰਤ ਦੀ ਸੁੰਦਰ ਦਿੱਖ ਲਈ ਸੋਨੇ ‘ਤੇ ਸੁਹਾਗੇ ਵਾਲੀ ਗੱਲ ਹੁੰਦੀ ਹੈ। ਜਿਨ੍ਹਾਂ ਔਰਤਾਂ ਦੇ ਭਰਵੱਟੇ ਭਰਵੇਂ ਹੁੰਦੇ ਹਨ ਉਹ ਉਨ੍ਹਾਂ ਨੂੰ ਕਮਾਨੀ ਆਕਾਰ ਦੇਣ ਦਾ ਯਤਨ ਕਰਦੀਆਂ ਹਨ। ਪਰ ਮਰਦ ਇਨ੍ਹਾਂ ਦੀ ਚਿੰਤਾ ਨਹੀਂ ਕਰਦੇ। ਉਨ੍ਹਾਂ ਦਾ ਜ਼ੋਰ ਦਾੜ੍ਹੀ ਮੁੱਛਾਂ ਬਣਾਉਣ ‘ਤੇ ਲੱਗਦਾ ਹੈ। ਕਿਉਂਕਿ ਚਿਹਰੇ ਦੀ ਸੁੰਦਰਤਾ ਹੀ ਪ੍ਰਭਾਵਸ਼ਾਲੀ ਸਖਸ਼ੀਅਤ ਦੀ ਸਿਰਜਕ ਹੁੰਦੀ ਹੈ।

ਸੱਤਰਵਿਆਂ ਤਕ  ਜੀਵਨ ਬਹੁਤ ਸਾਦ ਮੁਰਾਦਾ ਹੁੰਦਾ ਸੀ। ਛੂਛਾ-ਬਾਸ਼ੀ ਬਿਲਕੁਲ ਨਹੀਂ ਸੀ। ਮਾਪਿਆਂ ਤੋਂ ਸੰਸਕਾਰ ਅਜਿਹੇ ਮਿਲਦੇ ਸਨ ਕਿ ਕੁੜੀਆਂ ਦੀ ਦੋਸਤੀ ਕੁੜੀਆਂ ਨਾਲ ਤੇ ਮੁੰਡਿਆਂ ਦੀ ਮੁੰਡਿਆਂ ਨਾਲ ਹੁੰਦੀ ਸੀ। ਕਾਲਜੀਂ ਪੜ੍ਹਦੇ ਕਿਸੇ ਮੁੰਡੇ ਕੁੜੀਆਂ ਵਿਚ ਕਿਸੇ ਨਾਲ ਕੋਈ ਫਾਲਤੂ ਗੱਲ ਕਰਨ ਦੀ ਹਿੰਮਤ ਨਹੀਂ ਸੀ। ਗੱਲ 1976 ਈ ਦੀ ਹੈ। ਗੁਰੂ ਨਾਨਕ ਖਾਲਸਾ ਕਾਲਜ, ਡਰੋਲੀ ਕਲਾਂ (ਜਲੰਧਰ) ਤੋਂ ਬੀ ਏ ਦੀ ਡਿਗਰੀ ਲੈ ਕੇ ਮੈਂ ਰਾਮਗੜ੍ਹੀਆ ਕਾਲਜ ਆਫ ਐਜੂਕੇਸ਼ਨ, ਫਗਵਾੜਾ ਵਿਖੇ ਬੀ ਐੱਡ ਕਰ ਰਿਹਾ ਸਾਂ। ਡਰੋਲੀ ਕਲਾਂ ਪੇਂਡੂ ਪਿਛੋਕੜ ਦਾ ਕਾਲਜ ਹੋਣ ਕਾਰਨ ਕੁੜੀਆਂ ਜਾਂ ਮੁੰਡਿਆਂ ਵਿਚ ਫ਼ੈਸ਼ਨ ਦੀ ਬਹੁਤੀ ਤੜਕ ਭੜਕ ਨਹੀਂ ਸੀ ਜੋ ਫਗਵਾੜਾ ਕਾਲਜ ਵਿਚ ਦੇਖਣ ਨੂੰ ਮਿਲੀ।

ਬੀ ਐੱਡ ਕਰਦਿਆਂ

ਮੇਰਾ ਨੇੜਲਾ ਦੋਸਤ ਮਾਸਟਰ ਬਾਲ ਕ੍ਰਿਸ਼ਨ ਬਣ ਗਿਆ ਜੋ ਆਰੀਆ ਹਾਈ ਸਕੂਲ, ਫਗਵਾੜਾ ਵਿਚ ਜੇਬੀਟੀ ਅਧਿਆਪਕ ਸੀ ਅਤੇ ਛੁੱਟੀ ਲੈ ਕੇ ਬੀ ਐੱਡ ਕਰਨ ਲੱਗਿਆ ਸੀ। ਕਾਲਜ ਵਿਚ ਕੋਰਸ ਲਈ 250 ਸੀਟਾਂ ਸਨ ਜਿਨ੍ਹਾਂ ਵਿਚ ਅੱਧੇ ਮੁੰਡੇ ਅਤੇ ਅੱਧੀਆਂ ਕੁੜੀਆਂ ਸਨ। ਇਕ ਗੀਤਾ ਨਾਂ ਦੀ ਕੁੜੀ ਪਠਾਨਕੋਟ ਤੋਂ ਪੜ੍ਹਨੇ ਨੂੰ ਬਹੁਤ ਹੁਸ਼ਿਆਰ ਅਤੇ ਚੁਸਤ ਸੀ। ਉਸ ਦੇ ਭਰਵੱਟੇ ਸਿਰੇ ਦੇ ਕਮਾਨੀਦਾਰ ਜਾਪਦੇ ਸਨ ਤੇ ਬਾਕੀ ਸਭਨਾਂ ਕੁੜੀਆਂ ਦੇ ਕੁਦਰਤੀ ਦਿੱਖ ਵਾਲੇ। ਇਕ ਦਿਨ ਮੈਂ ਮਾਸਟਰ ਬਾਲ ਕ੍ਰਿਸ਼ਨ ਨੂੰ ਕਿਹਾ, “ਯਾਰ ਗੀਤਾ ਦੇ ਭਰਵੱਟੇ ਬਾਹਲੇ ਤਿੱਖੇ ਹਨ; ਮੈਨੂੰ ਐਂ ਲੱਗਦਾ ਜਿੱਦਾਂ ਉਹ ਕੱਟਦੀ ਹੋਵੇ।” ਸਿਆਣਾ-ਬਿਆਣਾ ਤੇ ਵਿਆਹਿਆ ਵਰਿਆ ਮਾਸਟਰ ਬਾਲ ਕ੍ਰਿਸ਼ਨ ਮੈਨੂੰ ਕਹਿਣ ਲੱਗਾ, “ਤੂੰ ਸ਼ੁਦਾਈ ਆਂ, ਭਰਵੱਟੇ ਵੀ ਕੋਈ ਕੱਟਦਾ ਹੁੰਦਾ; ਕਈਆਂ ਦੇ ਕੁਦਰਤੀ ਤਿੱਖੇ ਹੁੰਦੇ ਆ।” ਮੈਂ ਸਿਰਫ ਇੱਕੀ ਸਾਲ ਦਾ ਸੀ ਤੇ ਬਾਲ ਕ੍ਰਿਸ਼ਨ 42 ਸਾਲ ਦਾ। ਮੈਂ ਉਸ ਦੀ ਮੰਨ ਲਈ ਤੇ ਗੱਲ ਖਤਮ ਹੋ ਗਈ। ਸਾਲ 1977 ਵਿਚ ਸਾਡਾ ਕੋਰਸ ਵੀ ਪੂਰਾ ਹੋ ਗਿਆ। ਸਾਰੇ ਆਪੋ ਆਪਣੇ ਘਰੀਂ ਚਲੇ ਗਏ।

ਮੈਨੂੰ ਗੀਤ ਲਿਖਣ ਦਾ ਸ਼ੌਕ ਸੀ ਤੇ ਰਿਕਾਰਡ ਕਰਵਾਉਣ ਲਈ ਮੈਂ ਲੁਧਿਆਣੇ ਗਾਇਕਾਂ ਪਾਸ ਗੇੜੇ ਮਾਰਿਆ ਕਰਦਾ ਸਾਂ। ਪਰ ਕੋਈ ਲੜ ਨਹੀਂ ਸੀ ਫੜਾਉਂਦਾ। ਮੈਂ ਚੰਨ ਗੁਰਾਇਆਂ ਵਾਲੇ ਨੂੰ ਆਪਣੇ ਗੀਤ ਦਿਖਾਏ ਤੇ ਉਸ ਮੈਨੂੰ ਇਕ ਐਤਵਾਰ ਲੁਧਿਆਣੇ ਮਿਲਣ ਲਈ ਸੱਦ ਲਿਆ। ਮਿੱਥੇ ਦਿਨ ਉਹ ਮੈਨੂੰ ਚਤਰ ਸਿੰਘ ਪਾਰਕ ਦੇ ਕੋਲ ਸੁਦੇਸ਼ ਬਾਲਾ ਦੇ ਘਰ ਲੈ ਗਿਆ। ਸੁਦੇਸ਼ ਬਾਲਾ ਪ੍ਰੋਗਰਾਮ ‘ਤੇ ਜਾਣ ਲਈ ਡਰੈੱਸ ਅੱਪ ਹੋਈ ਪਈ ਸੀ ਤੇ ਆਦਮ ਕੱਦ ਸ਼ੀਸ਼ੇ ਅੱਗੇ ਖੜ ਕੇ ਨਹੇਰਨੇ ਨਾਲ ਭਰਵੱਟੇ ਬਣਾ ਰਹੀ ਸੀ। ਉਹ ਚੰਨ ਨਾਲ ਗੱਲਾਂ ਵੀ ਕਰ ਰਹੀ ਸੀ ਤੇ ਬੜੀ ਜੁਗਤ ਨਾਲ ਭਵਾਂ ਦੇ ਹੇਠਾਂ ਉੱਤੇ ਮੁੜ ਝਾਕਦੇ ਛੋਟੇ ਛੋਟੇ ਵਾਲ ਕੱਟ ਰਹੀ ਸੀ। ਉਸ ਨੂੰ ਕਾਹਲ ਕਾਰਨ ਮੇਰੇ ਗੀਤਾਂ ਬਾਰੇ ਤਾਂ ਕੋਈ ਗੱਲ ਨਾ ਹੋਈ ਪਰ ਮੈਨੂੰ ਗੀਤਾ ਦੇ ਕਮਾਨੀਦਾਰ ਭਰਵੱਟਿਆਂ ਦਾ ਜਵਾਬ ਮਿਲ ਗਿਆ ਸੀ।
***
ਰੂਪ ਲਾਲ ਰੂਪ
ਪਿੰਡ ਭੇਲਾਂ ਡਾਕਖਾਨਾ ਨਾਜਕਾ
ਜਿਲ੍ਹਾ ਜਲੰਧਰ (ਪੰਜਾਬ)
+91 94652-25722

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
**
1857
***

+94652-29722 |  + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਰੂਪ ਲਾਲ ਰੂਪ
ਪ੍ਰਧਾਨ,
ਪੰਜਾਬੀ ਸਾਹਿੱਤ ਸਭਾ ਆਦਮਪੁਰ ਦੋਆਬਾ (ਰਜਿ)

ਪੁਸਤਕਾਂ:

ਕਾਵਿ ਰਿਸ਼ਮਾਂ (2020) ਸੰਪਾਦਨਾ
ਸਿਆੜ ਦਾ ਪੱਤਣ (2022) ਸੰਪਾਦਨਾ
ਗੁਰੂ ਰਵਿਦਾਸ ਪ੍ਰਗਾਸ ਦੀ ਖੋਜ--ਖੋਜੀ ਲੇਖਕ: ਰੂਪ ਲਾਲ 

ਪਤਾ:
ਪਿੰਡ ਭੇਲਾਂ ਡਾਕਖਾਨਾ ਨਾਜਕਾ
(ਜਲੰਧਰ) ਪੰਜਾਬ
+94652-29722

✍️ਰੂਪ ਲਾਲ ਰੂਪ

ਰੂਪ ਲਾਲ ਰੂਪ ਪ੍ਰਧਾਨ, ਪੰਜਾਬੀ ਸਾਹਿੱਤ ਸਭਾ ਆਦਮਪੁਰ ਦੋਆਬਾ (ਰਜਿ) ਪੁਸਤਕਾਂ: ਕਾਵਿ ਰਿਸ਼ਮਾਂ (2020) ਸੰਪਾਦਨਾ ਸਿਆੜ ਦਾ ਪੱਤਣ (2022) ਸੰਪਾਦਨਾ ਗੁਰੂ ਰਵਿਦਾਸ ਪ੍ਰਗਾਸ ਦੀ ਖੋਜ--ਖੋਜੀ ਲੇਖਕ: ਰੂਪ ਲਾਲ  ਪਤਾ: ਪਿੰਡ ਭੇਲਾਂ ਡਾਕਖਾਨਾ ਨਾਜਕਾ (ਜਲੰਧਰ) ਪੰਜਾਬ +94652-29722

View all posts by ✍️ਰੂਪ ਲਾਲ ਰੂਪ →