19 June 2025

ਸੁਲਤਾਨਪੁਰ ਲੋਧੀ ਬਾਰੇ ਇੱਕ ਖੋਜ-ਭਰਪੂਰ ਅਤੇ ਬਹੁਮੁੱਲੀ ਪੁਸਤਕ —ਰੀਵਿਊਕਾਰ : ਪ੍ਰੋ. ਨਵ ਸੰਗੀਤ ਸਿੰਘ 

ਨਡਾਲਾ (ਕਪੂਰਥਲਾ) ਵਾਸੀ ਡਾ. ਆਸਾ ਸਿੰਘ ਘੁੰਮਣ ਖੋਜੀ ਬਿਰਤੀ ਦੇ ਸਿੱਖ ਸਕਾਲਰ ਹਨ। ਉਨ੍ਹਾਂ ਨੇ ਲੰਮਾ ਸਮਾਂ ਸੁਲਤਾਨਪੁਰ ਲੋਧੀ ਦੇ ਗੁਰੂ ਨਾਨਕ ਖਾਲਸਾ ਕਾਲਜ ਵਿੱਚ ਬਤੌਰ ਅੰਗਰੇਜ਼ੀ ਪ੍ਰਾਧਿਆਪਕ ਸੇਵਾਵਾਂ ਪ੍ਰਦਾਨ ਕੀਤੀਆਂ ਹਨ। ਉਨ੍ਹਾਂ ਨੇ ਇਸ ਪਾਵਨ ਨਗਰ ਬਾਰੇ ਇੱਕ ਮਹੱਤਵਪੂਰਣ ਸੰਪਾਦਿਤ ਕਿਤਾਬ (ਪੰਜਾਬ ਦਾ ਗੌਰਵ : ਸੁਲਤਾਨਪੁਰ ਲੋਧੀ) ਸਮੇਤ ਪੰਜਾਬੀ ਸੰਸਕ੍ਰਿਤੀ, ਸਭਿਆਚਾਰ ਬਾਰੇ ਬਹੁਤ ਸਾਰੀਆਂ ਹੋਰ ਕਿਤਾਬਾਂ ਲਿਖੀਆਂ। ਜਿਨ੍ਹਾਂ ਵਿੱਚ ਪੰਜਾਬ ਦੀਆਂ ਰੁੱਤਾਂ, ਰਾਜੇ ਮਹਿਲੀਂ ਚੰਬਾ ਖਿੜਿਆ, ਸੁੰਦਰ ਮੁੰਦਰੀਏ ਹੋ, ਦਾਸਤਾਨ-ਇ-ਦਸਤਾਰ, ਮਹਾਨਤਮ ਸ਼ਖ਼ਸੀਅਤਾਂ (ਅਨੁਵਾਦ), ਬਲਿਹਾਰੀ ਕੁਦਰਤ ਵੱਸਿਆ, ਦਸਤੂਰ-ਇ-ਦਸਤਾਰ, ਅਤੀਤ ਦੇ ਪ੍ਰਛਾਵੇਂ ਅਤੇ ਦਰੀਚਾ-ਇ-ਦਸਤਾਰ, ਕੱਤਕ ਕਿ ਵਿਸਾਖ? ਕਿ ਦੋਵੇਂ ਆਦਿ ਪ੍ਰਮੁੱਖ ਹਨ।

ਪਿਛਲੇ ਦਿਨੀਂ ਯੂਰਪੀ ਪੰਜਾਬੀ ਸੱਥ ਵਾਲਸਾਲ, ਯੂਕੇ ਵੱਲੋਂ ਪ੍ਰਕਾਸ਼ਿਤ ਡਾ. ਘੁੰਮਣ ਦੀ ਇੱਕ ਹੋਰ ਵੱਡ-ਆਕਾਰੀ ਤੇ ਮਹੱਤਵਪੂਰਣ ਕਿਤਾਬ ਸਾਹਮਣੇ ਆਈ ਹੈ – ਸੁਲਤਾਨਪੁਰ ਲੋਧੀ : ਦੂਜਾ ਨਨਕਾਣਾ ਸਾਹਿਬ’ (ਪੰਨੇ : 212; ਮੁੱਲ : 200/- ਰੁਪਏ)। ਇਹ ਪੁਸਤਕ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੈ। ਮੁੱਖਬੰਦ (ਡਾ. ਪਰਮਵੀਰ ਸਿੰਘ), ਦੋ ਸ਼ਬਦ (ਡਾ. ਨਿਰਮਲ ਸਿੰਘ, ਮੋਤਾ ਸਿੰਘ ਸਰਾਏ) ਅਤੇ ਆਪਣੇ ਵੱਲੋਂ (ਆਸਾ ਸਿੰਘ ਘੁੰਮਣ) ਲਿਖੇ ਸ਼ਬਦਾਂ ਤੋਂ ਇਲਾਵਾ ਇਸ ਕਿਤਾਬ ਦੇ 25 ਚੈਪਟਰ ਬਣਾਏ ਗਏ ਹਨ ਅਤੇ ਅੰਤ ਵਿੱਚ ਅਨੁਲੱਗ -1 ਤੋਂ ਅਨੁਲੱਗ -7 (ਪੰਨੇ 199-206) ਤੱਕ ਵੱਖ ਵੱਖ ਦਸਤਾਵੇਜ਼ਾਂ ਨੂੰ ਫ਼ੋਟੋ/ ਉਤਾਰੇ ਵਜੋਂ ਉਧ੍ਰਿਤ ਕਰਨ ਦੇ ਨਾਲ-ਨਾਲ ਸਹਾਇਕ ਪੁਸਤਕਾਂ ਦੀ ਸੂਚੀ (48 ਪੰਜਾਬੀ, 16 ਅੰਗਰੇਜ਼ੀ; ਪੰਨੇ 207-212) ਵੀ ਦਿੱਤੀ ਗਈ ਹੈ। ਲੇਖਕ ਨੇ ਇਸ ਕਾਰਜ ਨੂੰ ਸਿਰੇ ਚੜ੍ਹਾਉਣ ਲਈ ਮੋਤਾ ਸਿੰਘ ਸਰਾਏ, ਡਾ. ਨਿਰਮਲ ਸਿੰਘ ਲਾਂਬੜਾਂ, ਪ੍ਰਿੰ. ਕੁਲਵਿੰਦਰ ਸਿੰਘ ਸਰਾਏ, ਡਾ. ਮੇਹਰ ਸਿੰਘ ਆਹਲੂਵਾਲੀਆ ਅਤੇ ਡਾ. ਸੁਭਾਸ਼ ਪਰਿਹਾਰ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਹੈ। ਇਹ ਪੁਸਤਕ ਸ਼ਰਧਾਲੂ ਬਿਰਤੀ ਦੀ ਬਜਾਇ ਤਾਰਕਿਕ ਦ੍ਰਿਸ਼ਟੀ ਤੋਂ ਲਿਖੀ ਗਈ ਹੈ।

ਸੁਲਤਾਨਪੁਰ ਲੋਧੀ : ਇਤਿਹਾਸਕ ਪਿਛੋਕੜ (ਪੰਨੇ 21-29) ਵਿੱਚ ਡਾ. ਘੁੰਮਣ ਨੇ ਰਾਮ ਜੱਸ, ਰਾਮ ਸੁਖ ਰਾਓ, ਅਲੈਗਜ਼ੈਂਡਰ ਕਨਿੰਘਮ, ਜਨਮਸਾਖੀਆਂ ਆਦਿ ਦੇ ਹਵਾਲਿਆਂ ਨਾਲ ਸਪਸ਼ਟ ਕੀਤਾ ਹੈ ਕਿ ਇਨ੍ਹਾਂ ਨੇ ਇਸ ਸ਼ਹਿਰ ਦ‍ਾ ਨਾਂ ਸੁਲਤਾਨਪੁਰ ਹੀ ਲਿਖਿਆ ਹੈ। ਇਹ ਸ਼ਹਿਰ ਕਦੋਂ ਸੁਲਤਾਨਪੁਰ ਲੋਧੀ ਬਣਿਆ, ਇਹ ਖੋਜ ਦ‍ਾ ਵਿਸ਼ਾ ਹੈ। ਕਨਿੰਘਮ ਨੇ ਇਸਦੇ 32 ਬਜ਼ਾਰਾਂ ਤੇ 5556 ਦੁਕਾਨਾਂ ਦਾ ਜ਼ਿਕਰ ਕੀਤਾ ਹੈ। ਨਵਾਬ ਜੱਸਾ ਸਿੰਘ ਆਹਲੂਵਾਲੀਆ ਨੇ ਸਾਰੇ ਗੁਰਦੁਆਰਿਆਂ ਦੀਆਂ ਨਵੀਂਆਂ ਇਮਾਰਤਾਂ ਬਣਵਾਈਆਂ ਅਤੇ ਇਨ੍ਹਾਂ ਦੀ ਸੇਵਾ-ਸੰਭਾਲ ਸ਼ਸਤਰਬੱਧ ਅਕਾਲੀ ਗ੍ਰੰਥੀਆਂ ਨੂੰ ਸੌਂਪੀ।

ਸੁਲਤਾਨਪੁਰ ਲੋਧੀ : ਇਤਿਹਾਸਕ ਖੰਡਰ ਤੇ ਇਮਾਰਤਾਂ (ਪੰਨੇ 31-37) ਵਿੱਚ ਕਿਲ੍ਹਾ ਸਰਾਏ, ਪੁਰਾਤਨ ਪੁਲਾਂ ਦੇ ਖੰਡਰ, ਚਿੱਟੀ ਮਸੀਤ, ਕਿਲ੍ਹੇ ਅੰਦਰ ਸ਼ਾਹੀ ਮਸੀਤ, ਕੋਸ ਮੀਨਾਰ ਅਤੇ ਹਦੀਰਾ/ਮਕਬਰਾ ਦਾ ਜ਼ਿਕਰ ਮਿਲਦਾ ਹੈ। ਮੁਗਲ ਕਾਲ ਦੌਰਾਨ ਬਣੀਆਂ ਇਮਾਰਤਾਂ ਵਿੱਚ ਹਜ਼ੀਰਾ/ਹਦੀਰਾ ਵੀ ਬਹੁਤ ਮਹੱਤਵਪੂਰਣ ਹੈ, ਜਿਸ ਬਾਰੇ ਵੱਖ ਵੱਖ ਤਰ੍ਹਾਂ ਦੇ ਵਿਚਾਰ ਮਿਲਦੇ ਹਨ। ਲੇਖਕ ਮੁਤਾਬਕ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਮੇਂ ਪੰਜਾਬ ਸਰਕਾਰ ਨੇ ਇਸਦੀ ਦਿੱਖ ਸੰਵਾਰਨ ਲਈ ਪਾਰਕ ਬਣਾ ਕੇ ਸ਼ਲਾਘਾਯੋਗ ਕੰਮ ਕੀਤਾ ਹੈ।

ਸੁਲਤਾਨਪੁਰ ਦਾ ਨਵਾਬ, ਦੌਲਤ ਖਾਂ ਲੋਧੀ (ਪੰਨੇ 39-48) ਵਿੱਚ ਜ਼ਿਕਰ ਹੈ ਕਿ ਇਹ ਸ਼ਹਿਰ ਨਵਾਬ ਦੌਲਤ ਖਾਂ ਲੋਧੀ ਦਾ ਹੀ ਵਸਾਇਆ ਹੋਇਆ ਮੰਨਿਆ ਜਾਂਦਾ ਹੈ।

ਜਨਮਸਾਖੀਆਂ : ਇਤਿਹਾਸਕ ਅਤੇ ਮਿਥਿਹਾਸਕ (ਪੰਨੇ 50-56) ਦੇ ਅੰਤਰਗਤ ਭਾਈ ਬਾਲੇ ਵਾਲੀ ਜਨਮਸਾਖੀ, ਪੁਰਾਤਨ ਜਨਮਸਾਖੀ, ਭਾਈ ਮਿਹਰਬਾਨ ਵਾਲੀ ਜਨਮਸਾਖੀ, ਭਾਈ ਮਨੀ ਸਿੰਘ ਵਾਲੀ ਜਨਮਸਾਖੀ, B-40 ਜਨਮਸਾਖੀ ਅਤੇ LDP-194 ਜਨਮਸਾਖੀ ਆਦਿ ਰਾਹੀਂ ਗੁਰੂ ਨਾਨਕ ਦੇਵ ਜੀ ਦੀ ਸ਼ਖ਼ਸੀਅਤ ਨੂੰ ਸਮਝਣ/ਸਮਝਾਉਣ ਦਾ ਯਤਨ ਕੀਤਾ ਗਿਆ ਹੈ।

ਸੁਲਤਾਨਪੁਰ ਨੂੰ ਭਾਗ ਲੱਗਣੇ (ਪੰਨੇ 58-62) ਵਿੱਚ ਗੁਰੂ ਨਾਨਕ ਦੇਵ ਜੀ ਦੇ ਇਸ ਨਗਰੀ ਵਿੱਚ ਮੁਕਾਮ ਦੇ ਸਮੇਂ ਨੂੰ ਕਲਮਬੱਧ ਕੀਤਾ ਗਿਆ ਹੈ ਅਤੇ ਪ੍ਰੋ. ਮੋਹਨ ਸਿੰਘ ਤੇ ਕਵੀ ਸੰਤੋਖ ਸਿੰਘ ਚੂੜਾਮਣੀ ਦੀਆਂ ਕਾਵਿ ਪੰਕਤੀਆਂ ਨੂੰ ਹਵਾਲੇ ਵਜੋਂ ਉਧ੍ਰਿਤ ਕੀਤਾ ਗਿਆ ਹੈ।

ਸ਼ਾਹੀ ਮੋਦੀਖਾਨਾ ਸੰਭਾਲਣਾ (ਪੰਨੇ 64-70) ਵਿੱਚ ਜਨਮਸਾਖੀਆਂ, ਕਨਿੰਘਮ, ਮੋਰਲੈਂਡ, ਭਾਈ ਸੰਤੋਖ ਸਿੰਘ, ਗਿ. ਗਿਆਨ ਸਿੰਘ, ਭਾਈ ਕਾਹਨ ਸਿੰਘ ਨਾਭਾ, ਮੋਹਸਿਨ ਫ਼ਾਨੀ, ਡਾ. ਕ੍ਰਿਪਾਲ ਸਿੰਘ, ਮੈਕਾਲਿਫ਼ ਆਦਿ ਦੇ ਹਵਾਲੇ ਦਿੱਤੇ ਗਏ ਹਨ, ਜਿਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਨੂੰ ਸਟੋਰਕੀਪਰ, ਮੋਦੀ, ਨੌਕਰ, ਦੁਕਾਨਦਾਰ ਆਦਿ ਵਜੋਂ ਚਿਤਰਿਆ ਹੈ, ਪਰ ਉਂਜ ਸਾਰੇ ਵਿਦਵਾਨ ਇਕਮੱਤ ਹਨ ਕਿ ‘ਤੇਰਾਂ’ ਦੀ ਗਿਣਤੀ ਸਮੇਂ ਉਹ ‘ਤੇਰਾ ਤੇਰਾ’ ਕਹਿ ਕੇ ਗਾਹਕ ਨੂੰ ਸਭ ਕੁਝ ਸੌਂਪ ਦਿੰਦੇ ਸਨ।

ਰੋਜ਼ਾਨਾ ਕਾਰ ਵਿਹਾਰ (ਪੰਨੇ 72-74) ਵਿੱਚ ਗੁਰੂ ਜੀ ਦੇ ਨਿੱਤ ਦੇ ਕੰਮਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ ਕਿ ਉਹ ਸਵੇਰੇ ਵੇਈਂ ਤੇ ਇਸ਼ਨਾਨ ਕਰਦੇ, ਖਰਬੂਜ਼ੇ ਸ਼ਾਹ ਵਰਗੇ ਸਾਧੂਆਂ ਨੂੰ ਮਿਲਦੇ, ਰੱਬੀ ਗੱਲਾਂ ਕਰਦੇ, ਘਰ-ਗ੍ਰਹਿਸਥੀ ਤੇ ਮੋਦੀਖਾਨੇ ਦੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਂਦੇ ਸਨ।

ਦੀਪ ਤੋਂ ਦੀਪ ਜਗੇ (ਪੰਨੇ 76-77) ਵਿੱਚ ਮਲਸੀਹਾਂ ਦੇ ਚੌਧਰੀ ਭਾਗੀਰਥ, ਮਨਸੁਖ, ਰਾਜਾ ਸ਼ਿਵਨਾਭ ਆਦਿ ਸ਼ਖ਼ਸੀਅਤਾਂ ਦਾ ਗੁਰੂ-ਮਿਲਾਪ ਨਾਲ ਜੀਵਨ-ਸ਼ੈਲੀ ਵਿੱਚ ਬਦਲਾਅ ਆਉਣ ਦੀ ਚਰਚਾ ਕੀਤੀ ਗਈ ਹੈ।

ਗੁਰੂ ਜੀ ਦਾ ਵਿਆਹ : ਸੁਲਤਾਨਪੁਰ ਕਿ ਤਲਵੰਡੀ? (ਪੰਨੇ 79-83) ਵਿੱਚ ਵਿਭਿੰਨ ਸਰੋਤਾਂ ਦੇ ਹਵਾਲੇ ਉਧ੍ਰਿਤ ਕਰਨ ਪਿੱਛੋਂ ਲੇਖਕ ਨੇ ਨਿਰਣਾ ਦਿੱਤਾ ਹੈ ਕਿ ਗੁਰੂ ਜੀ ਦਾ ਵਿਆਹ ਤਲਵੰਡੀ ਹੀ ਹੋਇਆ ਹੋਵੇਗਾ ਅਤੇ ਸ਼੍ਰੀਚੰਦ ਤੇ ਲਖਮੀਦਾਸ ਦਾ ਜਨਮ ਸਥਾਨ ਵੀ ਤਲਵੰਡੀ ਹੈ। ਲੇਖਕ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਸੁਲਤਾਨਪੁਰ ਵਿਖੇ ਸ਼ਾਦੀ ਅਤੇ ਬੱਚਿਆਂ ਦੇ ਜਨਮ ਸੰਬੰਧੀ ਪਰੰਪਰਾ ਦੇ ਸਥਾਪਤ ਹੋ ਜਾਣ ਦਾ ਇੱਕ ਵੱਡਾ ਕਾਰਨ ਤਲਵੰਡੀ (ਨਨਕਾਣਾ ਸਾਹਿਬ) ਦਾ ਪਾਕਿਸਤਾਨ ਵਿੱਚ ਰਹਿ ਜਾਣਾ ਵੀ ਹੈ।

ਵੇਈਂ ਪ੍ਰਵੇਸ਼, ਜਲ ਸਮਾਧੀ ਅਤੇ ਪ੍ਰਭੂ ਮਿਲਾਪ (ਪੰਨੇ 85-93) ਨਾਂ ਦੇ ਚੈਪਟਰ ਵਿੱਚ ਲੇਖਕ ਸਿੱਟਾ ਕੱਢਦਾ ਹੈ ਕਿ ਇਹ ਸਾਖੀ ਸਭ ਤੋਂ ਵੱਧ ਗੈਰ ਵਿਗਿਆਨਕ ਅਤੇ ਅਸੁਭਾਵਿਕ ਵੀ ਸਮਝੀ ਜਾਂਦੀ ਹੈ। ਕਿਸੇ ਸਾਹਧਾਰੀ ਵਿਅਕਤੀ ਦਾ ਦੋ ਤਿੰਨ ਦਿਨ ਪਾਣੀ ਵਿੱਚ ਰਹਿਣਾ ਕਦਾਚਿਤ ਮੰਨਣ ਵਿੱਚ ਨਹੀਂ ਆਉਂਦਾ। ਇਸ ਵਾਕਿਆ ਨੂੰ ਤਰਕਸੰਗਤ ਤੇ ਪਰਖਣ ਵਾਲੇ ਵਿਦਵਾਨਾਂ ਦਾ ਮਤਿ ਹੈ ਕਿ ਜ਼ਰੂਰ ਹੀ ਗੁਰੂ ਜੀ ਕਿਤੇ ਏਧਰ ਓਧਰ ਹੋ ਗਏ ਹੋਣਗੇ। ਵੇਈਂ ਨੇੜੇ ਜੰਗਲ ਵਿੱਚ ਚਲੇ ਗਏ ਹੋਣਗੇ, ਇਕਾਂਤਵੱਸ ਸਮਾਧੀ ਵਿੱਚ ਖੁੱਭ ਗਏ ਹੋਣਗੇ ਅਤੇ ਤੀਜੇ ਦਿਨ ਓਸੇ ਘਾਟ ਉੱਤੇ ਐਨ ਉਸੇ ਵਕਤ ਆ ਨਿਕਲੇ ਹੋਣਗੇ। ਅਗਲੇ ਅਧਿਆਇ ਵੇਈਂ ਪਰਵੇਸ਼ ਵਾਕਿਆ : ਇੱਕ ਵਿਸ਼ਲੇਸ਼ਣ (ਪੰਨੇ 95-101) ਵਿੱਚ ਸੀਐੱਚ ਪੇਨੇ, ਮੈਕਾਲਿਫ਼ ਆਦਿ ਦੇ ਹਵਾਲਿਆਂ ਰਾਹੀਂ ਦੱਸਿਆ ਗਿਆ ਹੈ ਕਿ ਗੁਰੂ ਜੀ ਜੰਗਲ ਵਿੱਚ ਇਕਾਂਤਵਾਸ ਹੋ ਗਏ ਸਨ।

ਗੁਰੂ ਉਪਾਧੀ ਧਾਰਨ ਦਿਵਸ : ਕੱਤਕ ਪੂਰਨਮਾਸ਼ੀ (ਪੰਨੇ 103-108) ਵਿੱਚ ਸਪਸ਼ਟ ਕੀਤਾ ਗਿਆ ਹੈ ਕਿ ਕੱਤਕ ਦੀ ਪੂਰਨਮਾਸ਼ੀ ਗੁਰੂ ਜੀ ਦੇ ਜੀਵਨ ਵਿੱਚ ਮਹੱਤਵਪੂਰਣ ਦਿਨ ਹੈ। ਜਿੱਥੇ ਨਨਕਾਣਾ ਸਾਹਿਬ ਉਨ੍ਹਾਂ ਦਾ ਜਨਮ ਸਥਾਨ ਹੈ, ਉਥੇ ਸੁਲਤਾਨਪੁਰ ਲੋਧੀ ਵਿਖੇ ਉਨ੍ਹਾਂ ਦਾ ਪੁਨਰ ਜਨਮ ਵੀ ਹੋਇਆ ਅਤੇ ਉਨ੍ਹਾਂ ਨੂੰ ਗੁਰੂ ਉਪਾਧੀ ਦੀ ਬਖਸ਼ਿਸ਼ ਵੀ ਪਵਿੱਤਰ ਕਾਲੀ ਵੇਈਂ ਦੇ ਪਾਣੀਆਂ ਥੀਂ ਨਸੀਬ ਹੋਈ।

… ਨਾ ਕੋ ਹਿੰਦੂ ਨ ਮੁਸਲਮਾਨ (ਪੰਨੇ 110-114) ਵਿੱਚ ਗੁਰੂ ਜੀ ਨੇ ਕਾਜ਼ੀ ਤੇ ਨਵਾਬ ਨੂੰ ਸੱਚੇ ਮੁਸਲਮਾਨ ਹੋਣ ਅਤੇ ਸਹੀ ਨਮਾਜ਼ ਪੜ੍ਹਨ ਦੀ ਤਾਕੀਦ ਕੀਤੀ।

ਰਬਾਬ ਅਤੇ ਭਾਈ ਫਿਰੰਦਾ (ਪੰਨੇ 116-119) ਵਿੱਚ ਲੇਖਕ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਰਬਾਬ ਨਾਲ ਸੰਬੰਧਿਤ 6 ਪੰਕਤੀਆਂ ਦ‍ਾ ਜ਼ਿਕਰ ਕਰਕੇ ਭਾਈ ਫਿਰੰਦੇ ਦੇ ਨਗਰ ਅਸਕਪੁਰ ਬਾਰੇ ਸਪਸ਼ਟ ਕੀਤਾ ਹੈ ਕਿ ਇਹ ਨਗਰ ਮੌਜੂਦਾ ਸਮੇਂ ਹੋਂਦ ਵਿੱਚ ਨਹੀਂ ਹੈ ਤੇ ਇਹਦੀ ਥਾਂ ਭੈਰੋਆਣਾ ਵਿਖੇ ਗੁਰਦੁਆਰਾ ਰਬਾਬਸਰ ਦੀ ਨਿਸ਼ਨਦੇਹੀ ਕੀਤੀ ਹੈ।

ਮਰਦਾਨੇ ਨੂੰ ਬੇਬੇ ਨਾਨਕੀ ਵੱਲੋਂ ਨਸੀਹਤ (ਪੰਨੇ 121-126) ਵਿੱਚ ਮਰਦਾਨੇ ਦੀ ਸੰਖਿਪਤ ਸ਼ਖ਼ਸੀਅਤ ਅਤੇ ਉਦਾਸੀਆਂ ਤੇ ਚੱਲਣ ਤੋਂ ਪਹਿਲਾਂ ਵੈਰਾਗ ਦੀ ਸਥਿਤੀ ਅਤੇ ਭਾਈ ਮਰਦਾਨੇ ਨੂੰ ਗੁਰੂ ਜੀ ਦੇ ਸੰਗੀ ਦੇ ਰੂਪ ਵਿੱਚ ਚਿਤਰਿਆ ਗਿਆ ਹੈ। ਭੈਣ ਨਾਨਕੀ ਨੇ ਮਰਦਾਨੇ ਦੀ ਸੰਸਾਰਕ ਬਿਰਤੀ ਨੂੰ ਵੇਖ ਕੇ ਉਹਨੂੰ ਕੁਝ ਰੁਪਏ ਵੀ ਦਿੱਤੇ ਤਾਂ ਜੋ ਭੁੱਖ ਪਿਆਸ ਵੇਲੇ ਉਹ ਇਨ੍ਹਾਂ ਦੀ ਵਰਤੋਂ ਕਰ ਸਕੇ।

ਸੁਲਤਾਨਪੁਰ ਤੋਂ ਵਿਦਾਇਗੀ (ਪੰਨੇ 128-131) ਵਿੱਚ ਉਨ੍ਹਾਂ ਭਾਵਕ ਪਲਾਂ ਦੀ ਪੇਸ਼ਕਾਰੀ ਹੈ ਜਦੋਂ ਜਗਤ-ਜਲੰਦੇ ਨੂੰ ਤਾਰਨ ਲਈ ਗੁਰੂ ਨਾਨਕ ਦੇਵ ਜੀ ਲੰਮੀਆਂ ਉਦਾਸੀਆਂ ਤੇ ਚੱਲੇ। ਇਨ੍ਹਾਂ ਜਜ਼ਬਿਆਂ ਨੂੰ ਪੜ੍ਹਦਿਆਂ ਗਲਾ ਭਰ ਆਉਂਦਾ ਹੈ ਤੇ ਅੱਖਾਂ ਸਜਲ ਹੋ ਉਠਦੀਆਂ ਹਨ – “ਹੌਲੀ ਹੌਲੀ ਉਨ੍ਹਾਂ ਦੇ ਪੈਰ ਜ਼ਿਮੀ ਉੱਤੇ ਅਤੇ ਦਸਤਾਰ ਜਿਵੇਂ ਅਸਮਾਨਾਂ ਨੂੰ ਛੁਹਣ ਲੱਗੀ ਸੀ…।”

ਚੜ੍ਹਿਆ ਸੋਧਣ ਧਰਤ ਲੋਕਾਈ (ਪੰਨੇ 133-139) ਵਿੱਚ ਗੁਰੂ ਜੀ ਦੀਆਂ ਉਦਾਸੀਆਂ ਤੇ ਚੱਲਣ ਦਾ ਸਮਾਂ 1502 ਈ. ਦੇ ਆਸਪਾਸ ਦਾ ਦੱਸਿਆ ਗਿਆ ਹੈ। ਇਸ ਪਹਿਲੀ ਉਦਾਸੀ ਵਿੱਚ ਗੁਰੂ ਜੀ ਨੇ ਕਰੀਬ 6462 ਮੀਲ ਲੰਮਾ ਪੈਂਡਾ ਤੈਅ ਕੀਤਾ।

ਸੁਲਤਾਨਪੁਰ ਮਿਸ਼ਨ ਸੁਮੇਰ ਪਰਬਤ ਵੱਲ (ਪੰਨੇ 141-143) ਵਿੱਚ ਸਿੱਧਾਂ ਨਾਲ ਮੇਲ ਅਤੇ ‘ਸਿੱਧ ਗੋਸਟਿ’ ਬਾਣੀ ਦ‍ਾ ਜ਼ਿਕਰ ਮਿਲਦਾ ਹੈ।

ਭੈਣ ਨਾਨਕੀ ਦਾ ਦੇਹਾਂਤ ਅਤੇ ਸੁਲਤਾਨਪੁਰ ਨੂੰ ਅਲਵਿਦਾ (ਪੰਨੇ 145-147) ਵਿੱਚ ਗੁਰੂ ਨਾਨਕ ਦੇਵ ਜੀ ਦੇ ਦੂਜੀ/ਤੀਜੀ ਉਦਾਸੀ ਤੋਂ ਬਾਦ ਤੇ ਅਗਲੀ ਉਦਾਸੀ ਤੇ ਜਾਣ ਤੋਂ ਪਹਿਲਾਂ ਹੀ ਭੈਣ ਨਾਨਕੀ ਅਤੇ ਭਾਈਆ ਜੈ ਰਾਮ ਦੇ ਦੇਹਾਂਤ ਦਾ ਜ਼ਿਕਰ ਕੀਤਾ ਗਿਆ ਹੈ।

ਸਿੱਖ ਸਿਧਾਂਤਾਂ ਦੀ ਬੀਜ-ਭੋਇੰ : ਸੁਲਤਾਨਪੁਰ ਲੋਧੀ (ਪੰਨੇ 149-152) ਵਿੱਚ ਸਪਸ਼ਟ ਕੀਤਾ ਹੈ ਕਿ ਗੁਰੂ ਜੀ ਘੱਟੋ ਘੱਟ 8-10 ਸਾਲ ਜ਼ਰੂਰ ਸੁਲਤਾਨਪੁਰ ਰਹੇ ਹੋਣਗੇ। ਸਿੱਖ ਸਿਧਾਂਤ ਦੇ ਤਿੰਨ ਨੇਮਾਂ – ਕਿਰਤ ਕਰਨਾ, ਨਾਮ ਜਪਣਾ ਤੇ ਵੰਡ ਛਕਣਾ ਨੂੰ ਗੁਰੂ ਜੀ ਨੇ ਇਸੇ ਨਗਰ ਵਿੱਚ ਹੀ ਦ੍ਰਿੜ ਕੀਤਾ। ਗੁਰੂ ਜੀ ਨੇ ਮੂਲਮੰਤਰ (ੴ ਤੋਂ ਗੁਰਪ੍ਰਸਾਦਿ) ਵੀ ਏਸੇ ਥਾਂ ਉਚਾਰਣ ਕੀਤਾ।

ਸੁਲਤਾਨ ਪੁਰਿ ਭਗਤ ਭੰਡਾਰਾ (ਪੰਨੇ 154-158) ਵਿੱਚ ਗੁਰੂ ਜੀ ਦੇ ਏਥੇ ਰਹਿੰਦਿਆਂ ਬਣੇ ਭਗਤਾਂ ਦਾ ਵਰਣਨ ਮਿਲਦਾ ਹੈ, ਜੋ ਭਾਈ ਗੁਰਦਾਸ ਦੀ 11ਵੀਂ ਵਾਰ ਦੀ 13ਵੀਂ ਤੇ 14ਵੀਂ ਪਉੜੀ ਵਿੱਚ ਆਏ ਹਨ। ਯਾਨੀ ਸੁਲਤਾਨਪੁਰ, ਸਿੱਖੀ ਦਾ ਕੇਂਦਰ, ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਹੀ ਬਣਨ ਲੱਗ ਪਿਆ ਸੀ।

ਸੁਲਤਾਨਪੁਰ ਲੋਧੀ ਵਿਖੇ ਇਤਿਹਾਸਕ ਅਤੇ ਯਾਦਗਾਰੀ ਗੁਰਧਾਮ (ਪੰਨੇ 160-179) ਵਿੱਚ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ 6, ਬੇਬੇ ਨਾਨਕੀ ਨਾਲ ਸੰਬੰਧਿਤ 2, ਗੁਰੂ ਅਰਜਨ/ਗੁਰੂ ਹਰਿਗੋਬਿੰਦ ਸਾਹਿਬ ਨਾਲ ਸੰਬੰਧਿਤ 1 ਗੁਰਧਾਮਾਂ ਦਾ ਵਿਸਤ੍ਰਿਤ ਵਰਣਨ ਮਿਲਦਾ ਹੈ।

ਕਰਾਮਾਤੀ ਕਥਾਵਾਂ ਨਾਲ ਓਤਪੋਤ ਹੈ ਸੁਲਤਾਨਪੁਰ ਲੋਧੀ (ਪੰਨੇ 181-184) ਵਿੱਚ ਲੇਖਕ ਨੇ ਇਸ ਨਗਰ ਨਾਲ ਜੁੜੀਆਂ ਅਣਗਿਣਤ ਗਾਥਾਵਾਂ ਦੀ ਨਿਸ਼ਾਨਦੇਹੀ ਕੀਤੀ ਹੈ, ਜੋ ਅਜੇ ਵੀ ਓਥੇ ਪ੍ਰਚੱਲਿਤ ਹਨ।

ਪਵਿੱਤਰ ਵੇਈਂ ਦੀ ਪੁਨਰ-ਸੁਰਜੀਤੀ : ਸੰਤ ਸੀਚੇਵਾਲ (ਪੰਨੇ 186-192) ਚੈਪਟਰ ਵਿੱਚ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਵੇਈਂ-ਸਫ਼ਾਈ ਅਭਿਆਨ ਦੇ ਸੂਤਰਧਾਰ ਵਜੋਂ ਰੇਖਾਂਕਿਤ ਕੀਤਾ ਗਿਆ ਹੈ। ਜਿਨ੍ਹਾਂ ਨੂੰ ਉਨ੍ਹਾਂ ਦੀਆਂ ਸੇਵਾਵਾਂ ਬਦਲੇ 2017 ਵਿੱਚ ‘ਪਦਮਸ਼੍ਰੀ’ ਨਾਲ ਸਨਮਾਨਿਤ ਕੀਤਾ ਗਿਆ ਅਤੇ 2024 ਤੋਂ ਉਹ ਰਾਜਸਭਾ ਦੇ ਮੈਂਬਰ ਵਜੋਂ ਕਾਰਜਸ਼ੀਲ ਹਨ।

ਆਖਰੀ ਅਧਿਆਇ ਅਜੋਕਾ ਸੁਲਤਾਨਪੁਰ ਲੋਧੀ (ਪੰਨੇ 194-198) ਵਿੱਚ ਲੇਖਕ ਨੇ ਸਪਸ਼ਟ ਕੀਤਾ ਹੈ ਕਿ ਮੌਜੂਦਾ ਸੁਲਤਾਨਪੁਰ ਲੋਧੀ ਦੀ ਮਹੱਤਾ ‘ਦੂਜਾ ਨਨਕਾਣਾ ਸਾਹਿਬ’ ਕਰਕੇ ਹੀ ਹੈ। 1947 ਵਿੱਚ ਇਹ ਇੱਕ ਸਧਾਰਨ ਕਸਬਾ ਹੀ ਸੀ, ਪਰ ਗੁਰੂ ਨਾਨਕ ਦੇਵ ਜੀ ਦੇ 500 ਅਤੇ 550-ਸਾਲਾ  ਪ੍ਰਕਾਸ਼ ਪੁਰਬ ਤੇ ਇਸਦੀ ਆਭਾ ਦੇਸ਼-ਵਿਦੇਸ਼ ਵਿੱਚ ਹੋਰ ਫੈਲੀ ਹੈ। ਲੇਖਕ ਨੇ ਇਸ ਨਗਰ ਦੇ ਵਿਕਾਸ ਲਈ ਕੁਝ ਸੁਝਾਅ ਵੀ ਦਿੱਤੇ ਹਨ ਕਿ ਇਹਨੂੰ ਸਿੱਖ ਧਰਮ ਦੇ ਕੇਂਦਰ ਵਜੋਂ ਵਿਕਸਿਤ ਕੀਤਾ ਜਾਣਾ ਚਾਹੀਦਾ ਹੈ। ਡਾ. ਘੁੰਮਣ ਨੇ ਇਸਨੂੰ ਸਿੱਖ ਧਰਮ ਦੀ ਜਨਮਭੂਮੀ ਵਜੋਂ ਮਾਨਤਾ ਦਿੱਤੀ ਹੈ।

ਪੁਸਤਕ ਵਿੱਚ ਦੋ ਥਾਂਵਾਂ (ਪੰਨਾ 48 ਤੋਂ ਪਿੱਛੋਂ ਅਤੇ ਪੰਨਾ 184 ਤੋਂ ਬਾਦ) ਤੇ 16+20 ਰੰਗੀਨ ਤਸਵੀਰਾਂ ਹਨ। ਹਰ ਅਧਿਆਇ ਦਾ ਆਰੰਭ ਮਹੱਤਵਪੂਰਣ ਪੰਕਤੀਆਂ (ਕਾਵਿ/ਵਾਰਤਕ) ਨਾਲ ਹੋਇਆ ਹੈ, ਜੋ ਗੁਰੂ ਗ੍ਰੰਥ ਸਾਹਿਬ, ਭਾਈ ਗੁਰਦਾਸ, ਜਨਮਸਾਖੀਆਂ, ਭਾਈ ਵੀਰ ਸਿੰਘ, ਅੱਲਾਮਾ ਇਕਬਾਲ, ਓਸ਼ੋ, ਪ੍ਰੋ. ਮੋਹਨ ਸਿੰਘ, ਸੁਰਜੀਤ ਪਾਤਰ ਆਦਿ ਦੇ ਕਲਾਮ ਵਿੱਚੋਂ ਹਨ। ਵਧੀਆ ਗਲੇਜ਼ਡ ਪੇਪਰ ਉੱਤੇ ਪ੍ਰਕਾਸ਼ਿਤ ਵੱਡੇ ਆਕਾਰ ਵਾਲੀ ਇਸ ਪੁਸਤਕ ਲਈ ਮੈਂ ਡਾ. ਘੁੰਮਣ ਦਾ ਅਭਿਨੰਦਨ ਕਰਦਾ ਹਾਂ ਤੇ ਉਨ੍ਹਾਂ ਦੇ ਇਸ ਮਤਿ ਨਾਲ ਸੌ ਪ੍ਰਤੀਸ਼ਤ ਸਹਿਮਤ ਹਾਂ ਕਿ ਇਹ ਧਰਮੱਗ ਧਰਤੀ ‘ਦੂਜਾ ਨਨਕਾਣਾ ਸਾਹਿਬ’ ਹੈ। ਮੇਰਾ ਵਿਚਾਰ ਹੈ ਕਿ ਜਿਵੇਂ ਪੰਜਾਬ ਸਰਕਾਰ ਨੇ ਹੋਰ ਸ਼ਹਿਰਾਂ ਦੇ ਨਾਵਾਂ ਵਿੱਚ ਤਬਦੀਲੀ ਕੀਤੀ ਹੈ (ਰੋਪੜ ਨੂੰ ਰੂਪਨਗਰ, ਮੋਹਾਲੀ ਨੂੰ ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਸੁਨਾਮ ਨੂੰ ਸੁਨਾਮ ਊਧਮ ਸਿੰਘ ਵਾਲਾ, ਨਵਾਂ ਸ਼ਹਿਰ ਨੂੰ ਸ਼ਹੀਦ ਭਗਤ ਸਿੰਘ ਨਗਰ ਆਦਿ), ਉਸੇ ਤਰ੍ਹਾਂ ਗੁਰੂ ਨਾਨਕ ਦੇਵ ਜੀ ਅਤੇ ਭੈਣ ਨਾਨਕੀ ਦੇ ਨਾਵਾਂ/ਯਾਦਾਂ ਨਾਲ ਜੁੜੇ ਸੁਲਤਾਨਪੁਰ ਲੋਧੀ ਦਾ ਨਾਂ ਬਦਲ ਕੇ ਦੂਜਾ ਨਨਕਾਣਾ ਸਾਹਿਬ/ਨਾਨਕੀ ਨਗਰ/ਨਾਨਕ ਨਗਰ ਰੱਖ ਦੇਣਾ ਚਾਹੀਦਾ ਹੈ।
***
# 1, ਲਤਾ ਗਰੀਨ ਐਨਕਲੇਵ, ਪਟਿਆਲਾ-147002.
(9417692015)

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1532
***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਪ੍ਰੋ. ਨਵ ਸੰਗੀਤ ਸਿੰਘ
1, ਲਤਾ ਇਨਕਲੇਵ,
ਪਟਿਆਲਾ-147002

ਪੰਜਾਬ, ਭਾਰਤ
ਫੋਨ:+91 9417692015

ਪ੍ਰੋ. ਨਵ ਸੰਗੀਤ ਸਿੰਘ

ਪ੍ਰੋ. ਨਵ ਸੰਗੀਤ ਸਿੰਘ 1, ਲਤਾ ਇਨਕਲੇਵ, ਪਟਿਆਲਾ-147002 ਪੰਜਾਬ, ਭਾਰਤ ਫੋਨ:+91 9417692015

View all posts by ਪ੍ਰੋ. ਨਵ ਸੰਗੀਤ ਸਿੰਘ →