|
ਆਮ ਹੀ ਕਹਾਵਤ ਹੈ ਕਿ ‘ਰੱਬ ਦੇ ਘਰ ਦੇਰ ਹੈ ਹਨੇਰ ਨਹੀਂ’ ਪਰ! ਬਦਕਿਸਮਤੀ ਇਹ ਹੈ ਕਿ ਹਰਿਆਣੇ ਦੇ ਪੰਜਾਬੀ ਲੇਖਕਾਂ ਦੇ ਸੰਦਰਭ ਵਿੱਚ ਇਹ ਕਹਾਵਤ ਸਾਰਥਕ ਹੁੰਦੀ ਨਹੀਂ ਜਾਪਦੀ। ਹਰਿਆਣੇ ਵਰਗੇ ਹਿੰਦੀ ਸੂਬੇ ਵਿੱਚ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੀ ਪ੍ਰਫੁੱਲਤਾ ਲਈ ਕਿਸੇ ਵੇਲੇ “ਹਰਿਆਣਾ ਪੰਜਾਬੀ ਸਾਹਿਤ ਅਕੈਡਮੀ” ਦੀ ਸਿਰਜਣਾ ਕੀਤੀ ਗਈ ਸੀ। ਇਸ ਅਕੈਡਮੀ ਲਈ ਹਰਿਆਣਾ ਸਰਕਾਰ ਵੱਲੋਂ ਬਕਾਇਦਾ ਫੰਡ (ਪੈਸਾ) ਜਾਰੀ ਕੀਤਾ ਜਾਂਦਾ ਸੀ। ਸਟਾਫ਼ ਦੀ ਭਰਤੀ ਕੀਤੀ ਗਈ ਸੀ ਅਤੇ ਡਿਪਟੀ ਡਾਇਰੈਕਟਰ ਅਤੇ ਚੇਅਰਮੈਨ ਨਿਯੁਕਤ ਕੀਤਾ ਜਾਂਦਾ ਸੀ। ਇਸ ਤੋਂ ਇਲਾਵਾ ਪੰਜਾਬੀ ਮਾਸਿਕ ਸਾਹਿਤਕ ਰਸਾਲਾ “ਸ਼ਬਦ ਬੂੰਦ” ਵੀ ਪ੍ਰਕਾਸ਼ਤ ਕੀਤਾ ਜਾਂਦਾ ਸੀ। ਜਿਸ ਵਿੱਚ ਹਰਿਆਣੇ ਦੇ ਪੰਜਾਬੀ ਲੇਖਕਾਂ ਅਤੇ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਪੜ੍ਹਦੇ ਵਿਦਿਆਰਥੀਆਂ ਤੇ ਖੋਜਾਰਥੀਆਂ ਦੇ ਲੇਖ ਪ੍ਰਕਾਸ਼ਤ ਹੁੰਦੇ ਸਨ। ਹਰਿਆਣੇ ਦੇ ਪੰਜਾਬੀ ਲੇਖਕਾਂ ਨੂੰ ਹਰ ਸਾਲ ਇਨਾਮਾਂ ਦਾ ਐਲਾਨ ਵੀ ਕੀਤਾ ਜਾਂਦਾ ਸੀ। ਇਸ ਲਈ ਲੇਖਕਾਂ ਤੋਂ ਉਨ੍ਹਾਂ ਦੀਆਂ ਪ੍ਰਕਾਸ਼ਤ ਹੋਈਆਂ ਪੰਜਾਬੀ ਪੁਸਤਕਾਂ ਦੀ ਮੰਗ ਕੀਤੀ ਜਾਂਦੀ ਸੀ। ਫੇਰ ਇਨ੍ਹਾਂ ਪੁਸਤਕਾਂ ਦੇ ਆਧਾਰ ’ਤੇ ਹਰਿਆਣੇ ਦੇ ਪੰਜਾਬੀ ਲੇਖਕਾਂ ਨੂੰ ਇਨਾਮਾਂ ਦਾ ਐਲਾਨ ਕੀਤਾ ਜਾਂਦਾ ਸੀ। ਹਰਿਆਣੇ ਦੇ ਪੰਜਾਬੀ ਸਾਹਿਤ ਵਿੱਚ ਨਿਰੰਤਰ ਕੰਮ ਕਰਨ ਵਾਲੇ ਲੇਖਕਾਂ ਨੂੰ ਵੱਡੇ ਅਵਾਰਡ ਵੀ ਦਿੱਤੇ ਜਾਂਦੇ ਸਨ। ਪਰ! ਹੁਣ ਇਹ ਸਭ ਬੀਤੇ ਵੇਲੇ ਦੀਆਂ ਬਾਤਾਂ ਹੋ ਗਈਆਂ ਹਨ। ਹਰਿਆਣਾ ਪੰਜਾਬੀ ਸਾਹਿਤ ਅਕੈਡਮੀ ਨੂੰ ‘ਹਰਿਆਣਾ ਸਾਹਿਤ ਅਤੇ ਸੰਸਕ੍ਰਿਤੀ ਅਕੈਡਮੀ’ ਵਿੱਚ ਮਰਜ਼ ਕਰ ਦਿੱਤਾ ਗਿਆ ਹੈ। ਹੁਣ ਹਰਿਆਣਾ ਸਾਹਿਤ ਅਤੇ ਸੰਸਕ੍ਰਿਤੀ ਅਕੈਡਮੀ ਦੇ ਅੰਦਰ ਪੰਜਾਬੀ, ਹਿੰਦੀ, ਸੰਸਕ੍ਰਿਤ ਅਤੇ ਉਰਦੂ ਭਾਸ਼ਾਵਾਂ ਦੇ (ਵੱਖ- ਵੱਖ ਵਿਭਾਗ) ਬਣਾ ਦਿੱਤੇ ਗਏ ਹਨ। ਹਰਿਆਣਾ ਪੰਜਾਬੀ ਸਾਹਿਤ ਅਕੈਡਮੀ ਦਾ ਸਟਾਫ਼ ਵੀ ਇਨ੍ਹਾਂ ਵਿਭਾਗਾਂ ਵਿੱਚ ਵੰਡ ਦਿੱਤਾ ਗਿਆ ਹੈ। ਪੰਜਾਬੀ ਵਿਭਾਗ ਲਈ ਖ਼ੌਰੇ! ਦੋ ਸਟਾਫ਼ ਮੈਂਬਰ ਹੀ ਰਹਿ ਗਏ ਹਨ। ਹਰ ਮਹੀਨੇ ਪ੍ਰਕਾਸ਼ਤ ਹੋਣ ਵਾਲਾ ਪੰਜਾਬੀ ਸਾਹਿਤਕ ਰਸਾਲਾ ‘ਸ਼ਬਦ ਬੂੰਦ’ ਹੁਣ ਤਿਮਾਹੀ (ਤਿੰਨ ਮਹੀਨਿਆਂ) ਬਾਅਦ ਪ੍ਰਕਾਸ਼ਤ ਕੀਤਾ ਜਾ ਲੱਗਾ ਹੈ। ਉਹ ਵੀ ਸਮੇਂ ਸਿਰ ਪਾਠਕਾਂ ਤੀਕ ਨਹੀਂ ਪਹੁੰਚ ਪਾਉਂਦਾ। ਇਸ ਲਈ ਪਾਠਕਾਂ ਦੀ ਗਿਣਤੀ ਲਗਾਤਾਰ ਘੱਟ ਰਹੀ ਹੈ ਕਿਉਂਕਿ ਤਿੰਨ ਮਹੀਨੇ ਬਾਅਦ ਵੀ ਜਦੋਂ ਪੰਜਾਬੀ ਰਸਾਲਾ ਨਹੀਂ ਮਿਲਦਾ ਤਾਂ ਪਾਠਕਾਂ ਦਾ ਰੁਝਾਨ ਘੱਟ ਹੀ ਜਾਂਦਾ ਹੈ। ਖ਼ੈਰ, ਹਰਿਆਣਾ ਸਰਕਾਰ ਨੇ ਜੁਲਾਈ- 2024 ਵਿੱਚ ਹਰਿਆਣੇ ਦੇ ਪੰਜਾਬੀ ਲੇਖਕਾਂ ਨੂੰ ਇਨਾਮਾਂ ਦਾ ਐਲਾਨ ਕੀਤਾ ਸੀ। ਕਾਬਿਲੇਗ਼ੌਰ ਹੈ ਕਿ ਇਹ ਇਨਾਮ ਸਾਲ- 2017 ਤੋਂ ਲੈ ਕੇ ਸਾਲ- 2022 ਤਕ ਦੇ ਐਲਾਨ ਕੀਤੇ ਗਏ ਸਨ। ਭਾਵ ਸੱਤ ਸਾਲ ਦੇ ਲੰਮੇ ਇੰਤਜ਼ਾਰ ਦੇ ਬਾਅਦ ਇਹ ਇਨਾਮ ਐਲਾਨੇ ਗਏ ਸਨ। ਪਰ! ਬਦਕਿਸਮਤੀ ਇਹ ਹੈ ਕਿ ਇਨ੍ਹਾਂ ਇਨਾਮਾਂ ਦੇ ਐਲਾਨ ਨੂੰ ਵੀ ਹੁਣ ਡੇਢ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਹੁਣ (ਜਨਵਰੀ- 2026) ਵਿੱਚ ਇਹ ਲੇਖ ਲਿਖੇ ਜਾਣ ਤਕ (ਸਾਲ– 2017) ਵਾਲੇ ਇਨਾਮ ਪੰਜਾਬੀ ਲੇਖਕਾਂ ਨੂੰ ਨਹੀਂ ਦਿੱਤੇ ਗਏ। ਹਾਲਾਂਕਿ ਇਨ੍ਹਾਂ ਇਨਾਮਾਂ ਦੀ ਰਾਸ਼ੀ (ਪੈਸਾ) ਮਾਰਚ- 2025 ਵਿੱਚ ਪੰਜਾਬੀ ਲੇਖਕਾਂ ਦੇ ਬੈਂਕ ਖ਼ਾਤਿਆਂ ਵਿੱਚ ਪਾ ਦਿੱਤਾ ਗਿਆ ਸੀ। ਪਰ! ਇਨਾਮ ਨਹੀਂ ਵੰਡੇ ਗਏ। ਇੱਥੇ ਖ਼ਾਸ ਗੱਲ ਇਹ ਵੀ ਹੈ ਕਿ ਜਿਨ੍ਹਾਂ ਲੇਖਕਾਂ ਨੂੰ ਸਾਹਿਤ ਅਕੈਡਮੀ ਵੱਲੋਂ ਇਨਾਮ ਮਿਲ ਜਾਂਦਾ ਹੈ ਉਨ੍ਹਾਂ ਨੂੰ ਹਰਿਆਣਾ ਰੋਡਵੇਜ਼ ਦੀਆਂ ਸਰਕਾਰੀ ਬੱਸਾਂ ਵਿੱਚ ਮੁਫ਼ਤ ਯਾਤਰਾ ਲਈ ਬੱਸ ਪਾਸ ਮਿਲ ਜਾਂਦਾ ਹੈ। ਪਰ! ਇਨ੍ਹਾਂ ਇਨਾਮਾਂ ਦੇ ਨਾ ਮਿਲਣ ਕਰਕੇ ਪੰਜਾਬੀ ਲੇਖਕਾਂ ਨੂੰ ਇਹ ਸਹੂਲਤ ਵੀ ਪ੍ਰਦਾਨ ਨਹੀਂ ਕੀਤੀ ਗਈ। ਹੁਣ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਜਿਹੜੇ ਲੇਖਕ ਨੂੰ ਸਾਲ- 2017 ਦਾ ਇਨਾਮ ਐਲਾਨ ਹੋਇਆ ਹੈ, ਉਸਨੂੰ ਸਾਲ- 2026 ਤਕ ਨਾ ਤਾਂ ਇਨਾਮ ਮਿਲਿਆ ਹੈ ਅਤੇ ਨਾ ਹੀ ਮੁਫ਼ਤ ਬੱਸ ਪਾਸ ਦੀ ਸਹੂਲਤ। ਇਸ ਤੋਂ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਹਰਿਆਣੇ ਅੰਦਰ ਪੰਜਾਬੀ ਜ਼ੁਬਾਨ ਪ੍ਰਤੀ ਵਕਤ ਦੀਆਂ ਸਰਕਾਰਾਂ ਅਤੇ ਅਹੁਦੇਦਾਰ ਕਿੰਨੇ ਕੁ ਸੰਜੀਦਾ ਹਨ? ਇੱਥੇ ਖ਼ਾਸ ਅਤੇ ਨਾਮੋਸ਼ੀ ਭਰੀ ਗੱਲ ਇਹ ਹੈ ਕਿ ਇਨ੍ਹਾਂ ਇਨਾਮਾਂ ਨੂੰ ਉਡੀਕਦਿਆਂ ਕਈ ਬਜ਼ੁਰਗ ਲੇਖਕ ਤਾਂ ਰੱਬ ਨੂੰ ਪਿਆਰੇ ਵੀ ਹੋ ਗਏ ਹਨ। ਪਰ! ਸਮੇਂ ਦੀਆਂ ਸਰਕਾਰਾਂ ਅਤੇ ਉੱਚੇ ਅਹੁਦੇ ਤੇ ਬੈਠੇ ਅਹੁਦੇਦਾਰਾਂ ਦੇ ਕੰਨਾਂ ਤੇ ਜੂੰ ਤਕ ਨਹੀਂ ਸਰਕੀ। ਇਸ ਸਥਿਤੀ ਵਿੱਚ ਪੰਜਾਬੀ ਜ਼ੁਬਾਨ ਦਾ ਪ੍ਰਚਾਰ- ਪ੍ਰਸਾਰ ਕਿੰਝ ਹੋ ਸਕਦਾ ਹੈ? ਇਹ ਵਿਚਾਰਨ ਵਾਲੀ ਗੱਲ ਹੈ। ਜਦੋਂ ਵੋਟਾਂ ਨੇੜੇ ਆਉਂਦੀਆਂ ਹਨ ਤਾਂ ਉਦੋਂ ਸਾਰੀਆਂ ਸਿਆਸੀ ਪਾਰਟੀਆਂ ਪੰਜਾਬੀ ਹਿਤੈਸ਼ੀ ਹੋਣ ਦਾ ਡਰਾਮਾ ਸ਼ੁਰੂ ਕਰ ਦਿੰਦੀਆਂ ਹਨ। ਪਰ! ਵੋਟਾਂ ਤੋਂ ਬਾਅਦ ਪੰਜਾਬੀ ਜ਼ੁਬਾਨ ਦਾ ਮੁੱਦਾ ਫੇਰ ਪੰਜ ਸਾਲਾਂ ਲਈ ਠੰਢੇ ਬਸਤੇ ਵਿੱਚ ਸੁੱਟ ਦਿੱਤਾ ਜਾਂਦਾ ਹੈ। ਪਿਛਲੇ ਦਸ- ਪੰਦਰਾਂ ਸਾਲਾਂ ਤੋਂ ਇੰਝ ਦਾ ਵਰਤਾਰਾ ਹੀ ਦੇਖਣ ਨੂੰ ਮਿਲ ਰਿਹਾ ਹੈ। ਹਰਿਆਣੇ ਦੇ ਪੰਜਾਬੀ ਲੇਖਕ ਸਮੇਂ- ਸਮੇਂ ਤੇ ਆਵਾਜ਼ ਉਠਾਉਂਦੇ ਰਹਿੰਦੇ ਹਨ। ਪਰ! ਅਜੇ ਤਕ ਇਹ ਮੁੱਦਾ ਜਿਉਂ ਦਾ ਤਿਉਂ ਬਣਿਆ ਹੋਇਆ ਹੈ। ਇਸ ਬਾਰੇ ਨਾ ਤਾਂ ਸਰਕਾਰ ਦਾ ਕੋਈ ਨੁਮਾਇੰਦਾ ਖੁੱਲ੍ਹਕੇ ਬੋਲਦਾ ਹੈ ਅਤੇ ਨਾ ਹੀ ਸਾਹਿਤ ਅਕੈਡਮੀ ਦਾ। ਲੇਖਕਾਂ ਵਿੱਚ ਸਮਾਂ ਬਤੀਤ ਹੋਣ ਦੇ ਨਾਲ- ਨਾਲ ਬੇਚੈਨੀ ਅਤੇ ਨਮੋਸ਼ੀ ਦਾ ਆਲਮ ਵੱਧਦਾ ਜਾ ਰਿਹਾ ਹੈ। ਉਹ (ਲੇਖਕ) ਇਨਾਮਾਂ ਦੇ ਐਲਾਨ ਤੋਂ ਲੈ ਕੇ ਹੁਣ ਤਕ ਸਬਰ ਦਾ ਘੁੱਟ ਭਰ ਕੇ ਬੈਠੇ ਰਹੇ ਹਨ। ਪਰ! ਹੁਣ ਡੇਢ ਸਾਲ ਦਾ ਲੰਮਾ ਸਮਾਂ ਵੀ ਬਤੀਤ ਹੋ ਗਿਆ ਹੈ ਪਰ! ਸਰਕਾਰ ਇਨਾਮ ਵੰਡਣ ਲਈ ਸਮਾਂ ਹੀ ਨਹੀਂ ਦੇ ਪਾ ਰਹੀ ਅਤੇ ਸਾਹਿਤ ਅਕੈਡਮੀ ਕੋਈ ਸਮਾਂ ਸੀਮਾ ਨਿਰਧਾਰਤ ਨਹੀਂ ਕਰ ਰਹੀ ਕਿ ਇਸ ਸਮੇਂ ਦੇ ਅੰਦਰ ਇਨਾਮ ਵੰਡ ਦਿੱਤੇ ਜਾਣਗੇ ਤਾਂ ਕਿ ਲੇਖਕਾਂ ਨੂੰ ਕੁਝ ਤਸੱਲੀ ਅਤੇ ਹੌਸਲਾ ਹੋ ਸਕੇ। ਹਰਿਆਣੇ ਦੇ ਪੰਜਾਬੀ ਲੇਖਕ ਅਜੇ ਵੀ ਇਸ ਉਮੀਦ ਵਿੱਚ ਸਾਹਿਤ ਸਿਰਜਣਾ ਦੇ ਖ਼ੇਤਰ ਵਿੱਚ ਤਨਦੇਹੀ ਨਾਲ ਕਾਰਜ ਕਰ ਰਹੇ ਹਨ ਕਿ ਕਦੇ ਤਾਂ ਉਨ੍ਹਾਂ ਦੀ ਮਿਹਨਤ ਦਾ ਮੁੱਲ ਸਰਕਾਰਾਂ ਪਾਉਣਗੀਆਂ। ਪਰ ਕਦੋਂ? ਇਹ ਅਜੇ ਭਵਿੱਖ ਦੀ ਕੁੱਖ਼ ਵਿੱਚ ਹੈ। ਜਿਉਂਦੇ- ਵੱਸਦੇ ਰਹੋ ਸਾਰੇ। |
|
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
ਡਾ. ਨਿਸ਼ਾਨ ਸਿੰਘ ਰਾਠੌਰ
# 1054/1,
ਵਾ: ਨੰ: 15-ਏ,
ਭਗਵਾਨ ਨਗਰ ਕਾਲੌਨੀ,
ਪਿੱਪਲੀ, ਕੁਰੂਕਸ਼ੇਤਰ।
ਸੰਪਰਕ: 90414-98009

by