11 March 2026

*ਸੁਖੀ ਜੀਵਨ ਜਿਉਣ ਦੀ ਕਲਾ—*ਗੁਰਦੀਸ਼ ਕੌਰ ਗਰੇਵਾਲ- ਕੈਲਗਰੀ- ਕੈਨੇਡਾ

*ਸੁਖੀ ਜੀਵਨ ਜਿਉਣ ਦੀ ਕਲਾ—*ਸਤਿ-ਸੰਤੋਖ, ਸ਼ੁਕਰਾਨਾ, ਤੇ ਚੜ੍ਹਦੀ ਕਲਾ*

ਅਸਲ ਵਿੱਚ ਇਹ ਸਾਰੇ ਗੁਣ ਆਪਸ ਵਿੱਚ ਇੱਕ ਦੂਜੇ ਨਾਲ ਗਹਿਰਾ ਸਬੰਧ ਰੱਖਦੇ ਹਨ। ਜੋ ਬੰਦਾ ਸੰਤੋਖੀ ਹੋਏਗਾ ਉਹ ਹੀ ਰੱਬ ਦਾ ਸ਼ੁਕਰਾਨਾ ਕਰ ਸਕੇਗਾ ਤੇ ਚੜ੍ਹਦੀ ਕਲਾ ਚ ਰਹੇਗਾ । ਕਈਆਂ ਨੂੰ ਕੱਖਾਂ ਦੀ ਕੁੱਲੀ ਵਿੱਚ ਵੀ ਸੰਤੋਖ ਹੁੰਦਾ ਹੈ ਪਰ ਕਈਆਂ ਨੂੰ- ਅਰਬਾਂ-ਖਰਬਾਂ ਨਾਲ ਵੀ ਸੰਤੋਖ ਨਹੀਂ ਆਉਂਦਾ- ਸਗੋਂ ਹੋਰ ਲਾਲਸਾ ਵਧਦੀ ਜਾਂਦੀ ਹੈ। ਪਰ ਇਤਿਹਾਸ ਗਵਾਹ ਹੈ ਕਿ ਗੁਰੂ ਦੇ ਸਿੱਖ ਤਾਂ ਜੰਗਲਾਂ ਵਿੱਚ ਰਹਿ ਕੇ, ਘੋੜਿਆਂ ਦਿਆਂ ਕਾਠੀਆਂ ਤੇ ਸੌਂ ਕੇ- ਤੇ ਭੁੱਜੇ ਛੋਲਿਆਂ ਨੂੰ ਬਦਾਮ ਕਹਿ ਕੇ ਛਕਦੇ ਹੋਏ ਵੀ- ਉਸ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਸਨ ਤੇ ਚੜ੍ਹਦੀ ਕਲਾ ਵਿੱਚ ਰਹਿੰਦੇ ਸਨ।

ਡਾ. ਜਸਵੰਤ ਸਿੰਘ ਨੇਕੀ ਆਪਣੇ ਜੀਵਨ ਦੀ, ਇੱਕ ਘਟਨਾ ਦਾ ਵਰਨਣ ਕਰਦੇ ਹੋਏ ਲਿਖਦੇ ਹਨ ਕਿ- ਸਾਡੇ ਕਾਲਜ ਵਿੱਚ ‘ਪੀਰਜ਼ਾਦਾ’ ਨਾਮ ਦਾ ਇੱਕ ਵਿਦਿਆਰਥੀ- ਫੁੱਟਬਾਲ ਦਾ ਵਧੀਆ ਖਿਡਾਰੀ ਤੇ ਯੂਨੀਵਰਸਿਟੀ ਟੀਮ ਦਾ ਫੁੱਲ ਬੈਕ ਸੀ। ਅਚਾਨਕ ਇੱਕ ਐਕਸੀਡੈਂਟ ਵਿੱਚ ਉਸ ਦੀ ਸੱਜੀ ਸੱਤ ਟੁੱਟ ਗਈ ਤੇ ਤਿੰਨ ਮਹੀਨੇ ਲਈ ਪਲੱਸਤਰ ਲੱਗ ਗਿਆ। ਉਹ ਜਦ ਹਸਪਤਾਲੋਂ ਘਰ ਆਇਆ- ਤਾਂ ਮੈਂ ਤੇ ਮੇਰਾ ਜਮਾਤੀ, ਉਸ ਦੀ ਖਬਰ ਲੈਣ ਗਏ। ਅਸੀਂ ਉਸ ਦੇ ਫੁੱਟਬਾਲ ਨਾ ਖੇਡ ਸਕਣ ਦਾ ਅਫਸੋਸ ਕਰਨ ਲੱਗੇ ਤਾਂ ਉਹ ਕਹਿਣ ਲੱਗਾ-“ਟੰਗ ਟੁੱਟਣ ਦਾ ਤਾਂ ਸੁਆਦ ਹੀ ਆ ਗਿਆ”- ਅਸੀਂ ਹੈਰਾਨ ਹੋਏ ਸੁਣ ਕੇ। ਉਹ ਫਿਰ ਕਹਿਣ ਲੱਗਾ-“ਮਿੱਤਰੋ ਟੰਗ ਹੀ ਟੁੱਟੀ, ਕੋਈ ਦਿਲ ਤਾਂ ਨਹੀਂ ਟੁੱਟਾ- ਤੇ ਇਹ ਵੀ ਉਮੀਦ ਹੈ ਜੁੜ ਜਾਏਗੀ। ਤੇ ਫੁੱਟਬਾਲ ਕੋਈ ਜਰੂਰੀ ਏ ? ਫੁੱਟਬਾਲ ਨਾਲੋਂ ਜ਼ਿੰਦਗੀ ਵੱਡੀ ਹੁੰਦੀ ਏ। ਮੈਂ ਦੋ ਦਿਨ ਹਸਪਤਾਲ ਰਿਹਾ- ਬੜਾ ਮਜ਼ਾ ਆਇਆ। ਮੈਂ ਲੇਟਿਆ ਹੋਇਆ ਟੈਗੋਰ ਦੀਆਂ ਕਹਾਣੀਆਂ ਪੜ੍ਹਦਾ ਰਿਹਾ। ਹਸਪਤਾਲੋਂ ਘਰ ਆਇਆ ਤਾਂ ਭੈਣ- ਭਰਾਵਾਂ ਨਾਲ ਪਿਆਰ ਨਾਲ ਗੱਲਾਂ ਕੀਤੀਆਂ- ਅੱਬਾ ਪਾਸੋਂ ਕੁਰਾਨ ਮਜ਼ੀਦ ਦੇ ਮਾਅਨੇ ਸੁਣੇ- ਟੰਗ ਟੁੱਟਣ ਨਾਲ ਤਾਂ ਮੇਰੀ ਜ਼ਿੰਦਗੀ ਹੀ ਸਉਰ ਗਈ। ਫੁੱਟਬਾਲ ਦੀ ਪ੍ਰੈਕਟਿਸ ਕਰਦਿਆਂ ਤਾਂ ਟਾਈਮ ਹੀ ਨਹੀਂ ਸੀ ਲਗਦਾ ਇਹਨਾਂ ਗੱਲਾਂ ਲਈ- ਮੈਂ ਤਾਂ ਬੜਾ ਸ਼ੁਕਰਗੁਜ਼ਾਰ ਹਾਂ ਅੱਲ੍ਹਾ ਤਾਲ੍ਹਾ ਦਾ!”

ਗੁਰ ਇਤਿਹਾਸ ਵਿੱਚ ਵੀ ਇੱਕ ਸਾਖੀ ਦਾ ਜ਼ਿਕਰ ਇਸ ਤਰ੍ਹਾਂ ਆਉਂਦਾ ਹੈ- ਭਾਈ ਲਹਿਣਾ ਜੀ ਦੇ ਨਗਰ ਵਿੱਚ, ਸ੍ਰੀ ਗੁਰੂ ਨਾਨਕ ਦੇਵ ਜੀ ਦਾ, ਇੱਕ ਸਤਿ-ਸੰਤੋਖੀ ਤੇ ਕਿਰਤੀ ਸਿੱਖ, ਆਪਣੀ ਪਤਨੀ ਤੇ ਬੱਚੇ ਸਮੇਤ ਰਹਿੰਦਾ ਸੀ- ਜਿਸ ਦੀ ਹਰ ਰੋਜ਼ ਦੀ ਮਜਦੂਰੀ ਨਾਲ ਹੀ ਰੋਟੀ ਪੱਕਦੀ ਸੀ। ਇੱਕ ਵਾਰੀ ਚਾਰ ਦਿਨ ਲਗਾਤਾਰ ਮੀਂਹ ਪੈਣ ਕਾਰਨ, ਉਸ ਨੂੰ ਕੋਈ ਕੰਮ ਨਾ ਮਿਿਲਆ। ਚਾਰ ਦਿਨ ਬਾਅਦ, ਜਦ ਉਹ ਕੰਮ ਤੇ ਗਿਆ ਤਾਂ ਜੋ ਮਜ਼ਦੂਰੀ ਮਿਲੀ- ਉਸ ਦਾ ਭਾਈ ਲਹਿਣਾ ਜੀ ਦੀ ਦੁਕਾਨ ਤੇ ਜਾ ਕੇ, ਰਾਸ਼ਨ ਮੰਗਿਆ। ਲਹਿਣਾ ਜੀ ਨੇ ਦੇਖਿਆ ਕਿ ਇੰਨੇ ਪੈਸਿਆਂ ਦਾ ਦੋ ਮੁੱਠੀ ਆਟਾ ਤੇ ਥੋੜ੍ਹੀ ਜਿਹੀ ਦਾਲ ਹੀ ਆਉਣੀ ਹੈ- ਤੇ ਇਹ ਕਹਿੰਦਾ ਹੈ ਕਿ ਚਾਰ ਦਿਨਾਂ ਤੋਂ ਘਰ ਰੋਟੀ ਨਹੀਂ ਪੱਕੀ। ਉਹਨਾਂ ਆਪਣੇ ਕੋਲੋਂ ਕੁੱਝ ਮੁਠੀਆਂ ਹੋਰ ਆਟਾ ਪਾ ਦਿੱਤਾ ਤੇ ਦੱਸ ਦਿੱਤਾ ਕਿ ਮੈਂ ਕੁੱਝ ਵਾਧੂ ਪਾ ਦਿੱਤਾ ਹੈ- ਕਿਉਂਕਿ ਉਹ ਬਹੁਤ ਥੋੜ੍ਹਾ ਸੀ। ਪਰ ਉਸ ਸਿੱਖ ਦਾ ਸਿਦਕ ਦੇਖੋ- ਕਹਿਣ ਲੱਗਾ-“ਨਹੀਂ ਵਾਧੂ ਤੁਸੀਂ ਕੱਢ ਲਵੋ- ਮੇਰੇ ਗੁਰੂ ਨੇ ਕਿਹਾ ਕਿ- ਆਪਣੀ ਕਿਰਤ ਕਰਕੇ ਹੀ ਖਾਣਾ ਹੈ”। ਲਹਿਣਾ ਜੀ ਹੈਰਾਨ ਹੋਏ ਸੁਣ ਕੇ- ਤੇ ਵਾਧੂ ਆਟਾ ਕੱਢ ਲਿਆ। ਪਰ ਛੇਤੀ ਹੀ ਦੁਕਾਨ ਵਧਾ ਕੇ- ਉਸ ਦੇ ਘਰ ਵੱਲ ਚੱਲ ਪਏ- ਇਹ ਦੇਖਣ ਲਈ ਕਿ- ਇੰਨੇ ਕੁ ਰਾਸ਼ਨ ਨਾਲ ਤਾਂ ਘਰ ਵਾਲੀ ਕਲੇਸ਼ ਕਰਦੀ ਹੋਊ! ਤੇ ਪਿਛਵਾੜੇ ਲੁਕ ਕੇ ਦੇਖਣ ਲਗ ਪਏ। ਪਰ ਕੀ ਦੇਖਦੇ ਕਿ- ਕੁੱਝ ਕੁ ਦਾਲ ਤੇ ਉਸ ਆਟੇ ਦੀਆਂ ਤਿੰਨ ਰੋਟੀਆਂ ਬਣੀਆਂ ਪਈਆਂ ਨੇ- ਤੇ ਦੋਵੇਂ ਜੀਅ ਲੜ ਰਹੇ ਹਨ- ਇੱਕ ਗੱਲ ਪਿੱਛੇ। ਘਰ ਵਾਲਾ ਕਹਿ ਰਿਹਾ ਕਿ-ਭਾਗਵਾਨੇ ਤੂੰ ਦੋ ਖਾ ਲੈ- ਤੂੰ ਬੱਚੇ ਨੂੰ ਦੁੱਧ ਵੀ ਪਿਆਉਣਾ ਹੈ- ਮੈਂ ਇੱਕ ਖਾਵਾਂਗਾ। ਪਰ ਘਰ ਵਾਲੀ ਕਹਿ ਰਹੀ ਹੈ ਕਿ- ਤੁਸੀਂ ਦੋ ਖਾਓ ਕਿਉਂਕਿ ਤੁਸੀ ਮਿਹਨਤ ਮਜੂਰੀ ਕਰਨੀ ਹੈ- ਮੈਂ ਤਾਂ ਘਰੇ ਰਹਿਣਾ- ਮੇਰਾ ਇੱਕ ਨਾਲ ਹੀ ਗੁਜ਼ਾਰਾ ਹੋ ਜਾਊ। ਇੰਨੇ ਵਿੱਚ ਇੱਕ ਸਾਧੂ ਦਰ ਤੇ ਆ ਗਿਆ ਤੇ ਕਹਿਣ ਲੱਗਾ- “ਗੁਰੂੁ ਨਾਨਕ ਦੇ ਸਿੱਖ ਦਾ ਘਰ ਹੈ- ਕਈ ਦਿਨਾਂ ਦਾ ਭੁੱਖਾ ਹਾਂ- ਕੁੱਝ ਖਾਣ ਨੂੰ ਮਿਲੇਗਾ?”- ਸੁਣਦਿਆਂ ਹੀ ਉਸ ਸਿੱਖ ਨੂੰ ਚਾਅ ਚੜ੍ਹ ਗਿਆ-“ਲੈ ਭਾਗਵਾਨੇ ਮੇਰੇ ਗੁਰੂ ਨੇ ਸਾਡੀ ਲੜਾਈ ਖਤਮ ਕਰਨ ਦਾ ਪ੍ਰਬੰਧ ਕਰ ਦਿੱਤਾ- ਹੁਣ ਇੱਕ ਰੋਟੀ ਇਸ ਸਾਧੂ ਨੂੰ ਦੇ ਦੇਹ ਤੇ ਇੱਕ ਇੱਕ ਆਪਾਂ ਦੋਵੇਂ ਖਾ ਲਵਾਂਗੇ”। ਪਰ ਸਾਧੂ ਨੇ ਇੱਕ ਰੋਟੀ ਦਾਲ ਨਾਲ ਖਾ ਕੇ ਕਿਹਾ – “ਅਜੇ ਭੁੱਖ ਮਿਟੀ ਨਹੀਂ- ਇੱਕ ਪ੍ਰਸ਼ਾਦਾ ਹੋਰ ਮਿਲੇਗਾ?” ਉਹਨਾਂ ਦੂਜਾ ਪਰਸ਼ਾਦਾ ਵੀ ਉਸ ਨੂੰ ਦੇ ਦਿੱਤਾ ਤੇ ਬਾਕੀ ਇੱਕ ਰੋਟੀ ਅੱਧੀ ਅੱਧੀ ਖਾ ਕੇ- ਵਾਹਿਗੁਰੂ ਦਾ ਸ਼ੁਕਰਾਨਾ ਕਰਨ ਲੱਗੇ। ਸਾਖੀਕਾਰ ਲਿਖਦਾ ਹੈ ਕਿ- ਇਸ ਘਟਨਾ ਤੋਂ ਪ੍ਰਭਾਵਤ ਹੋ ਕੇ, ਭਾਈ ਲਹਿਣਾ ਜੀ ਦੇ ਅੰਦਰ, ਉਸ ਸਿੱਖ ਦੇ ਗੁਰੂ ਦੇ ਦਰਸ਼ਨਾਂ ਦੀ ਤਾਂਘ ਜਾਗੀ- ਤੇ ਬਾਅਦ ਵਿੱਚ ਉਹਨਾਂ ਭਾਈ ਜੋਧ ਦੇ ਮੂੰਹੋਂ ਗੁਰੂੁ ਨਾਨਕ ਦੀ ਬਾਣੀ ਸੁਣੀ ਤਾਂ ਇਹ ਤਾਂਘ ਹੋਰ ਪ੍ਰਬਲ ਹੋ ਗਈ।

ਸ਼ੁਕਰਾਨਾ ਕਰਨ ਦੀ ਆਦਤ ਸਾਡੇ ਮਨ ਨੂੰ ਅਜੀਬ ਤਾਕਤ ਦਿੰਦੀ ਹੈ। ਹੁਣ ਤਾਂ ਮੈਡੀਕਲ ਸਾਇੰਸ ਵੀ ਇਹ ਮੰਨਣ ਲੱਗ ਪਈ ਹੈ ਕਿ- ‘ਧੰਨਵਾਦ’ ਜਾਂ ‘ਸ਼ੁਕਰਾਨਾ’ ਕਰਨ ਵਾਲਿਆਂ ਦੇ ਦਿਮਾਗ ਵਿੱਚ ਇੱਕ ਰਸਾਇਣ ‘ਡੋਪਾਮੀਨ’ ਪੈਦਾ ਹੁੰਦੀ ਹੈ- ਜੋ ਦਿਮਾਗ ਦੇ ਉਸ ਸੈਂਟਰ ਨੂੰ ਤਾਕਤ ਦਿੰਦੀ ਹੈ- ਜੋ ਹਿੱਸਾ ਸਮੱਸਿਆਵਾਂ ਦਾ ਹੱਲ ਕਰਦਾ ਹੈ। ਇਸ ਨਾਲ ਬੰਦੇ ਦੀ ਸੋਚ ਉਸਾਰੂ ਹੋ ਜਾਂਦੀ ਹੈ- ਉਹ ਚੁਣੌਤੀਆਂ ਦਾ ਸਾਹਮਣਾ ਕਰ ਸਕਦਾ ਹੈ ਤੇ ਦੂਜਿਆਂ ਦੀ ਮਦਦ ਕਰਨ ਵਿੱਚ ਵੀ ਖੁਸ਼ੀ ਮਹਿਸੂਸ ਕਰਦਾ ਹੈ।

ਸਭ ਤੋਂ ਪਹਿਲਾਂ ਤਾਂ ਸਾਨੂੰ ਉਸ ਅਕਾਲ ਪੁਰਖ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ- ਜਿਸ ਨੇ ਸਾਨੂੰ ਇਸ ਮਨੁੱਖਾ ਜਨਮ ਦੇ ਨਾਲ, ਅਨੇਕ ਦਾਤਾਂ, ਬਿਨਾਂ ਮੰਗਿਆਂ ਹੀ ਦਿੱਤੀਆਂ ਹੋਈਆਂ ਹਨ। ਸਾਡੇ ਰਹਿਣ ਲਈ ਧਰਤੀ, ਸਾਹ ਲੈਣ ਲਈ ਹਵਾ, ਪੀਣ ਲਈ ਪਾਣੀ ਤੋਂ ਇਲਾਵਾ ਮਾਨਣ ਲਈ ਕੁਦਰਤੀ ਨਜ਼ਾਰੇ, ਸਾਡੇ ਖਾਧੇ ਭੋਜਨ ਤੋਂ ਖੂਨ ਬਣਾ- ਹਰ ਇੱਕ ਅੰਗ ਤੱਕ ਪਚਾਉਣ ਵਾਲਾ ਤੇ ਸਾਡੀ ਸਰੀਰ ਰੂਪੀ ਮਸ਼ੀਨ ਨੂੰ ਚਲਾਉਣ ਵਾਲਾ- ਜੋ ਸਾਡੇ ਅੰਦਰ ਬੈਠਾ ਹੈ। ਸਾਡਾ ਸੁਭਾਅ ਹੈ ਕਿ- ਅਸੀਂ ਸ਼ੁਕਰਾਨਾ ਕਰਨ ਦੀ ਬਜਾਏ, ਕਿਸੇ ਇੱਕ ਚੀਜ਼ ਦੀ ਕਮੀ ਹੋਣ ਕਾਰਨ, ਰੱਬ ਨਾਲ ਗਿਲਾ ਕਰਨ ਲੱਗ ਜਾਂਦੇ ਹਾਂ। ਸ਼ਾਇਦ ਇਸੇ ਕਰਕੇ ਪੰਚਮ ਪਾਤਸ਼ਾਹ ਨੂੰ ਕਹਿਣਾ ਪਿਆ-

ਦਸ ਬਸਤੂ ਲੇ ਪਾਛੈ ਪਾਵੇ॥
ਏਕ ਬਸਤੁ ਕਾਰਨਿ ਬਿਖੋਟਿ ਗਵਾਵੈ॥
ਏਕ ਭੀ ਨ ਦੇਇ ਦਸ ਭੀ ਹਿਰ ਲੇਇ॥
ਤਉ ਮੂੜਾ ਕਹੁ ਕਹਾ ਕਰੇਇ॥ (ਅੰਗ 268)

ਇਸ ਦੇ ਨਾਲ ਹੀ, ਜੀਵਨ ਵਿੱਚ ਹਰ ਉਸ ਇਨਸਾਨ ਦਾ ਵੀ ਸ਼ੁਕਰੀਆ ਅਦਾ ਕਰਨਾ ਬਣਦਾ ਹੈ- ਜੋ ਕਿਸੇ ਵੇਲੇ ਸਾਡੇ ਕਿਸੇ ਕੰਮ ਆਇਆ ਹੋਵੇ। ਇਸ ਦੀ ਸ਼ੁਰੂਆਤ ਆਪਾਂ ਆਪਣੇ ਘਰਾਂ ਤੋਂ ਕਰ ਸਕਦੇ ਹਾਂ। ਪਤੀ-ਪਤਨੀ ਇੱਕ ਦੂਜੇ ਨੂੰ, ਬੱਚੇ ਮਾਤਾ ਪਿਤਾ ਨੂੰ ਤੇ ਮਾਤਾ ਪਿਤਾ ਬੱਚਿਆਂ ਨੂੰ- ਛੋਟੇ ਛੋਟੇ ਕੰਮਾਂ ‘ਚ ਵੀ ‘ਥੈਂਕਸ’ ਕਹਿਣ ਦੀ ਆਦਤ ਪਾ ਲੈਣ ਤਾਂ ਘਰ ਦਾ ਮਹੌਲ ਹੀ ਬਦਲ ਜਾਏਗਾ। ਇਹ ਆਦਤ ਇਹਨਾਂ ਮੁਲਕਾਂ ਵਿੱਚ ਅੰਗਰੇਜ਼ਾਂ ਤੋਂ ਸਿੱਖੀ ਜਾ ਸਕਦੀ ਹੈ। ਇੰਨਾ ਕਹਿਣ ਨਾਲ ਸਾਡਾ ਕੁੱਝ ਘਸਦਾ ਨਹੀਂ- ਪਰ ਦੂਜੇ ਨੂੰ ਪ੍ਰਸੰਨਤਾ ਤੇ ਉਤਸ਼ਾਹ ਜਰੂੁਰ ਮਿਲਦਾ ਹੈ- ਅਜ਼ਮਾ ਕੇ ਵੇਖ ਲਵੋ!
***
*ਗੁਰਦੀਸ਼ ਕੌਰ ਗਰੇਵਾਲ- ਕੈਲਗਰੀ- ਕੈਨੇਡਾ*
*ਸੰਪਰਕ: 403 404 1450* 

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1468
***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਨਾਮ: ਗੁਰਦੀਸ਼ ਕੌਰ ਗਰੇਵਾਲ
ਜਨਮ ਮਿਤੀ: 5- 7- 1950
ਰਹਾਇਸ਼: ਲੁਧਿਆਣਾ ਤੇ ਕੈਲਗਰੀ ਕੈਨੇਡਾ
ਕਿੱਤਾ: ਅਧਿਆਪਕਾ ( ਰਿਟਾ.)
ਸਟੇਟਸ: ਛੋਟੀ ਜਿਹੀ ਸਾਹਿਤਕਾਰਾ
ਛਪੀਆਂ ਕਿਤਾਬਾਂ: 7
1. ਹਰਫ ਯਾਦਾਂ ਦੇ - ਕਾਵਿ ਸੰਗ੍ਰਹਿ - 2011
2. ਸੋਚਾਂ ਦੇ ਸਿਰਨਾਵੇਂ- ਨਿਬੰਧ ਸੰਗ੍ਰਹਿ- 2013
3. ਜਿਨੀ ਨਾਮੁ ਧਿਆਇਆ- ਧਾਰਮਿਕ ਕਾਵਿ ਸੰਗ੍ਰਹਿ- 2014
4. ਸਰਘੀ ਦਾ ਸੂਰਜ- ਕਾਵਿ ਸੰਗ੍ਰਹਿ- 2017
5. ਮੋਹ ਦੀਆਂ ਤੰਦਾਂ- ਨਿਬੰਧ ਸੰਗ੍ਰਹਿ- 2017
6. ਸਾਹਾਂ ਦੀ ਸਰਗਮ- ਗ਼ਜ਼ਲ ਸੰਗ੍ਰਹਿ- 2021
7. ਖੁਸ਼ੀਆਂ ਦੀ ਖੁਸ਼ਬੋਈ- ਨਿਬੰਧ ਸੰਗ੍ਰਹਿ- 2021
8. ਆ ਨੀ ਚਿੜੀਏ (ਬਾਲ ਕਵਿਤਾਵਾਂ)-2023

ਮੈਂਬਰ: ਕੈਲਗਰੀ ਦੀਆਂ ਲਿਖਾਰੀ ਸਭਾਵਾਂ ਦੀ ਮੈਂਬਰ ਹੋਣ ਤੋਂ ਇਲਾਵਾ, ਵਿਸ਼ਵ ਪੰਜਾਬੀ ਕਵੀ ਸਭਾ ਦੀ ਸਕੱਤਰ ਤੇ ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ ਦੀ ਜਨਰਲ ਸਕੱਤਰ ਦੀਆਂ ਸੇਵਾਵਾਂ ਵੀ ਨਿਭਾ ਰਹੀ ਹਾਂ ਜੀ
ਮਾਨ ਸਨਮਾਨ: ਦੇਸ਼ ਵਿਦੇਸ਼ ਚ ਮਿਲੇ ਅਨੇਕਾਂ ਸਨਮਾਨਾਂ ਦਾ ਜਿਕਰ ਕਰਨਾ ਜਰੂਰੀ ਨਹੀਂ- ਮਾਂ ਬੋਲੀ ਪੰਜਾਬੀ ਦੀ ਗੁੜ੍ਹਤੀ, ਵਾਹਿਗੁਰੂ ਜੀ ਦੀ ਕਿਰਪਾ ਤੇ ਪਾਠਕਾਂ ਦੇ ਭਰਵੇਂ ਹੁੰਗਾਰੇ ਕਾਰਨ ਹੀ ਕਲਮ ਚਲਦੀ ਹੈ ਜੀ!
-ਗੁਰਦੀਸ਼ ਕੌਰ ਗਰੇਵਾਲ
ਵਟਸਅਪ: +91 98728 60488

ਗੁਰਦੀਸ਼ ਕੌਰ ਗਰੇਵਾਲ

ਨਾਮ: ਗੁਰਦੀਸ਼ ਕੌਰ ਗਰੇਵਾਲ ਜਨਮ ਮਿਤੀ: 5- 7- 1950 ਰਹਾਇਸ਼: ਲੁਧਿਆਣਾ ਤੇ ਕੈਲਗਰੀ ਕੈਨੇਡਾ ਕਿੱਤਾ: ਅਧਿਆਪਕਾ ( ਰਿਟਾ.) ਸਟੇਟਸ: ਛੋਟੀ ਜਿਹੀ ਸਾਹਿਤਕਾਰਾ ਛਪੀਆਂ ਕਿਤਾਬਾਂ: 7 1. ਹਰਫ ਯਾਦਾਂ ਦੇ - ਕਾਵਿ ਸੰਗ੍ਰਹਿ - 2011 2. ਸੋਚਾਂ ਦੇ ਸਿਰਨਾਵੇਂ- ਨਿਬੰਧ ਸੰਗ੍ਰਹਿ- 2013 3. ਜਿਨੀ ਨਾਮੁ ਧਿਆਇਆ- ਧਾਰਮਿਕ ਕਾਵਿ ਸੰਗ੍ਰਹਿ- 2014 4. ਸਰਘੀ ਦਾ ਸੂਰਜ- ਕਾਵਿ ਸੰਗ੍ਰਹਿ- 2017 5. ਮੋਹ ਦੀਆਂ ਤੰਦਾਂ- ਨਿਬੰਧ ਸੰਗ੍ਰਹਿ- 2017 6. ਸਾਹਾਂ ਦੀ ਸਰਗਮ- ਗ਼ਜ਼ਲ ਸੰਗ੍ਰਹਿ- 2021 7. ਖੁਸ਼ੀਆਂ ਦੀ ਖੁਸ਼ਬੋਈ- ਨਿਬੰਧ ਸੰਗ੍ਰਹਿ- 2021 8. ਆ ਨੀ ਚਿੜੀਏ (ਬਾਲ ਕਵਿਤਾਵਾਂ)-2023 ਮੈਂਬਰ: ਕੈਲਗਰੀ ਦੀਆਂ ਲਿਖਾਰੀ ਸਭਾਵਾਂ ਦੀ ਮੈਂਬਰ ਹੋਣ ਤੋਂ ਇਲਾਵਾ, ਵਿਸ਼ਵ ਪੰਜਾਬੀ ਕਵੀ ਸਭਾ ਦੀ ਸਕੱਤਰ ਤੇ ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ ਦੀ ਜਨਰਲ ਸਕੱਤਰ ਦੀਆਂ ਸੇਵਾਵਾਂ ਵੀ ਨਿਭਾ ਰਹੀ ਹਾਂ ਜੀ ਮਾਨ ਸਨਮਾਨ: ਦੇਸ਼ ਵਿਦੇਸ਼ ਚ ਮਿਲੇ ਅਨੇਕਾਂ ਸਨਮਾਨਾਂ ਦਾ ਜਿਕਰ ਕਰਨਾ ਜਰੂਰੀ ਨਹੀਂ- ਮਾਂ ਬੋਲੀ ਪੰਜਾਬੀ ਦੀ ਗੁੜ੍ਹਤੀ, ਵਾਹਿਗੁਰੂ ਜੀ ਦੀ ਕਿਰਪਾ ਤੇ ਪਾਠਕਾਂ ਦੇ ਭਰਵੇਂ ਹੁੰਗਾਰੇ ਕਾਰਨ ਹੀ ਕਲਮ ਚਲਦੀ ਹੈ ਜੀ! -ਗੁਰਦੀਸ਼ ਕੌਰ ਗਰੇਵਾਲ ਵਟਸਅਪ: +91 98728 60488

View all posts by ਗੁਰਦੀਸ਼ ਕੌਰ ਗਰੇਵਾਲ →