9 October 2024

ਪ੍ਰੇਰਕ ਪ੍ਰਸੰਗ: ਨਿਰਮਾਣਤਾ — ਪ੍ਰੋ. ਨਵ ਸੰਗੀਤ ਸਿੰਘ 

ਬੜੇ ਗੁਲਾਮ ਅਲੀ ਖਾਂ (1902-1968) ਸੰਗੀਤ-ਕਲਾ ਦੇ ਸਿਖਰ ਤੇ ਪੁੱਜ ਚੁੱਕੇ ਸਨ ਤੇ ਲੋਕ ਉਨ੍ਹਾਂ ਨੂੰ ਮਹਿਫ਼ਿਲਾਂ ਵਿੱਚ ਗਾਉਂਦਿਆਂ ਸੁਣ ਕੇ ਮੰਤਰ-ਮੁਗਧ ਹੋ ਜਾਂਦੇ ਸਨ।

ਇੱਕ ਵਾਰ ਪਟਨਾ ਦੇ ਇੱਕ ਸੰਗੀਤ-ਵਿਦਿਆਲੇ ਵਿੱਚ ਉਨ੍ਹਾਂ ਨੂੰ ਸੱਦਿਆ ਗਿਆ ਤਾਂ ਜੋ ਵਿਦਿਆਰਥੀ ਉਨ੍ਹਾਂ ਨੂੰ ਸੁਣਨ ਅਤੇ ਹੋਰ ਕੁਝ ਜਾਣਨ-ਸਿੱਖਣ ਦਾ ਮੌਕਾ ਪ੍ਰਾਪਤ ਕਰ ਸਕਣ। ਇਸ ਸੰਸਥਾ ਦੇ ਵਿਦਿਆਰਥੀਆਂ ਦਾ ਪੱਧਰ ਆਮ ਨਾਲੋਂ ਕਾਫੀ ਉੱਚਾ ਸੀ। ਬੜੇ ਗੁਲਾਮ ਅਲੀ ਖਾਂ ਨੇ ਵਿਦਿਆਰਥੀਆਂ ਨਾਲ ਰਸਮੀ ਗੱਲਾਂ ਦੌਰਾਨ ਪੁੱਛਿਆ ਕਿ ਉਨ੍ਹਾਂ ਨੇ ਕੀ ਕੁਝ ਸਿੱਖਿਆ ਹੈ? ਇੱਕ ਵਿਦਿਆਰਥੀ ਨੇ ਬੜੇ ਮਾਣ ਨਾਲ ਦੱਸਿਆ ਕਿ ਉਹ ਸੱਠ ਰਾਗਾਂ ਵਿੱਚ ਨਿਪੁੰਨ ਹੋ ਚੁੱਕਾ ਹੈ। ਫਿਰ ਇੱਕ ਹੋਰ ਵਿਦਿਆਰਥੀ ਨੇ ਉਸ ਤੋਂ ਵੀ ਵਧ-ਚੜ੍ਹ ਕੇ ਆਪਣੀ ਯੋਗਤਾ ਬਾਰੇ ਦੱਸਿਆ। ਇਸ ਪਿੱਛੋਂ ਤਾਂ ਕੁਝ ਹੋਰ ਵਿਦਿਆਰਥੀਆਂ ਨੇ ਉਸੇ ਅੰਦਾਜ਼ ਵਿੱਚ ਦੱਸਣਾ ਸ਼ੁਰੂ ਕਰ ਦਿੱਤਾ।

ਬੜੇ ਗੁਲਾਮ ਅਲੀ ਖਾਂ ਚੁੱਪਚਾਪ ਬੈਠੇ ਸੁਣਦੇ ਰਹੇ। ਉਨ੍ਹਾਂ ਨੂੰ ਹੈਰਾਨੀ ਸੀ ਕਿ ਇੰਨਾਂ ਕੁਝ ਸਿੱਖਣ ਤੇ ਵੀ ਉਨ੍ਹਾਂ ਵਿੱਚ ਹਉਮੈ ਭਰੀ ਹੋਈ ਹੈ। ਸੰਗੀਤ ਤਾਂ ਕਲਾਕਾਰਾਂ ਵਿੱਚ ਨਿਰਮਾਣਤਾ ਪੈਦਾ ਕਰਦਾ ਹੈ ਤੇ ਵਿਦਿਆਰਥੀ ਸਨ ਕਿ ਉਨ੍ਹਾਂ ਦੇ ਸਾਹਮਣੇ ਆਪਣਾ ਵਿਖਾਵਾ ਕਰੀ ਜਾ ਰਹੇ ਸਨ।

ਕੁਝ ਚਿਰ ਪਿੱਛੋਂ ਬੜੇ ਗੁਲਾਮ ਅਲੀ ਖਾਂ ਨੇ ਆਪਣੇ ਸਾਜ਼ਿੰਦਿਆਂ ਨੂੰ ਸਾਜ਼ ਬੰਨ੍ਹਣ ਤੇ ਵਾਪਸ ਚੱਲਣ ਲਈ ਕਿਹਾ। ਪ੍ਰਬੰਧਕਾਂ ਨੂੰ ਹੈਰਾਨੀ ਹੋਈ। ਪੁੱਛਣ ਤੇ ਬੜੇ ਗੁਲਾਮ ਅਲੀ ਖਾਂ ਨੇ ਕਿਹਾ, “ਲੱਗਦਾ ਹੈ ਕਿ ਏਥੇ ਸਾਰੇ ਹੀ ਪਹੁੰਚੇ ਹੋਏ ਕਲਾਕਾਰ ਹਨ। ਇਨ੍ਹਾਂ ਨੇ ਕੀ ਸਿੱਖਣਾ ਹੈ? ਸਭ ਤੋਂ ਪਹਿਲਾਂ ਤਾਂ ਨਿਰਮਾਣਤਾ ਸਿੱਖਣ ਦੀ ਲੋੜ ਹੈ।”

ਪ੍ਰਬੰਧਕਾਂ ਵੱਲੋਂ ਮਾਫ਼ੀ ਮੰਗਣ ਅਤੇ ਮਿੰਨਤਾਂ ਕਰਨ ਦੇ ਬਾਵਜੂਦ ਵੀ ਬੜੇ ਗੁਲਾਮ ਅਲੀ ਖਾਂ ਉੱਥੇ ਨਹੀਂ ਰੁਕੇ।
 ****
# ਪ੍ਰੋ. ਨਵ ਸੰਗੀਤ ਸਿੰਘ, 9417692015.

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1403
***

ਪ੍ਰੋ. ਨਵ ਸੰਗੀਤ ਸਿੰਘ
ਅਕਾਲ ਯੂਨੀਵਰਸਿਟੀ,
ਤਲਵੰਡੀ ਸਾਬੋ, ਬਠਿੰਡਾ,
ਪੰਜਾਬ, ਭਾਰਤ
+91 9417692015

ਪ੍ਰੋ. ਨਵ ਸੰਗੀਤ ਸਿੰਘ

ਪ੍ਰੋ. ਨਵ ਸੰਗੀਤ ਸਿੰਘ ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ, ਬਠਿੰਡਾ, ਪੰਜਾਬ, ਭਾਰਤ +91 9417692015

View all posts by ਪ੍ਰੋ. ਨਵ ਸੰਗੀਤ ਸਿੰਘ →