1. ਬਾਪ
ਮਾਵਾਂ ਨੂੰ ਪਿਆਰ ਪੁੱਤ ਕਰਦੇ ਬਥੇਰਾ, ਕਦੇ
ਬਾਪੂ ਨੂੰ ਵੀ ਦਿਲੋਂ ਜਰਾ ਮੋਹ ਕੇ ਤਾਂ ਵੇਖਿਓ…
ਚਿਹਰੇ ਤੋਂ ਹਮੇਸ਼ਾਂ ਜਿਹੜਾ ਲਗਦਾ ਕਠੋਰ
ਕਦੇ ਅੰਦਰੋਂ ਵੀ ਮਨ ਓਹਦਾ ਟੋਹ ਕੇ ਤਾਂ ਵੇਖਿਓ…
ਹਰ ਵੇਲੇ ਬੱਚਿਆਂ ਦੇ ਸੋਚਦਾ ਭਵਿੱਖ ਵਾਰੇ
ਓਹਦੀਆਂ ਚਿੰਤਾਵਾਂ ਨੇੜੇ ਹੋ ਕੇ ਤਾਂ ਵੇਖਿਓ…
ਬੋਹੜਾਂ ਜਿਹੇ ਰੁੱਖ ਜਿਹੀ ਛਾਂ ਜਿਹਾ ਮੁੱਖ ਜਿਹਦਾ
ਓਸ ਦੇ ਸਹਾਰੇ ਕੱਲੇ ਹੋ ਕੇ ਤਾਂ ਵੇਖਿਓ…
ਜਿਹਦੇ ਸਿਰ ਹੁੰਦਿਆਂ, ਹੁੰਦਾ ਨਹੀਂ ਫ਼ਿਕਰ ਕੋਈ
ਫ਼ਿਕਰਾਂ ਨੂੰ ਓਸ ਦੇ ਖਲੋ ਕੇ ਤਾਂ ਵੇਖਿਓ…
ਸਾਰਿਆਂ ਦੇ ਸਾਹਵੇਂ ਜਿਹੜਾ ਰੱਖੇ ਮਜ਼ਬੂਤ ਮਨ
ਕੱਲਾ ਬੈਠਾ ਰੋਂਦਾ ਬੂਹਾ ਢੋਅ ਕੇ, ਤਾਂ ਵੇਖਿਓ…
ਦੁੱਖਾਂ ਦੀ ਘੜੀ ‘ਚ ਵੀ ਜੋ ਹੌਂਸਲਾ ਬਣਾਈ ਰੱਖੇ
ਦੁਖੀ ਓਹਦੇ ਦਿਲ ਨੂੰ ਟਟੋਅ ਕੇ ਤਾਂ ਵੇਖਿਓ…
ਬੱਚਿਆਂ ਦੀ ਖੁਸ਼ੀ ਲਈ ਜੋ ਵਾਰ ਦੇਵੇ ਸੱਧਰਾਂ ਨੂੰ
ਸੱਧਰਾਂ ਜੋ ਓਹਦੀਆਂ ਨੂੰ ਛੋਹ ਕੇ ਤਾਂ ਵੇਖਿਓ…
ਦੁੱਖਾਂ ਦੇ ਪਹਾੜ ਵਿੱਚ ਟੁੱਟ ਜਾਏ ਮਨ ਕਦੇ
ਬਾਪੂ ਗਲ਼ ਲੱਗ ਜਰਾ ਰੋ ਕੇ ਤਾਂ ਵੇਖਿਓ…
“ਦੂਹੜਿਆਂ ਦਾ ਖੁਸ਼ੀ” ਪਿਆ ਕਰਦਾ ਦੁਆਵਾਂ
ਰਹੇ ਪੁੱਤਰਾਂ ਦਾ ਪਿਉ ਨਾਲ ਮੋਹ ਜ਼ਰਾ ਵੇਖਿਓ…
ਬਾਪੂ ਨੂੰ ਵੀ ਦਿਲੋਂ ਜਰਾ ਮੋਹ ਕੇ ਤਾਂ ਵੇਖਿਓ…
**
2. ਯੋਗ ਦਿਵਸ
ਮੁਰਗ-ਮੁਸੱਲਮ, ਪੀਜ਼ੇ ਬਰਗਰ,
ਖਾ-ਖਾ ਢਿੱਡ ਵਧਾ ਲਏ ਨੇ
ਯੋਗ ਦਿਵਸ ‘ਤੇ ਫੋਟੋ ਦੇ ਲਈ,
ਯੋਗ ਕਰਨ ਨੂੰ ਆ ਗਏ ਨੇ …
ਵੱਡਿਆਂ ਵੱਡਿਆਂ ਢਿੱਡਾਂ ਵਾਲੇ
ਲੀਡਰਾਂ ਯੋਗਾ ਕਰਨਾ ਏਂ
ਹਰ ਕੋਨੇ ‘ਤੇ ਕੈਮਰੇ, ਗੱਦਿਆਂ
ਨਾਲ ਪੰਡਾਲ ਸਜਾ ਲਏ ਨੇ
ਯੋਗ ਦਿਵਸ ‘ਤੇ ਫੋਟੋ ਦੇ ਲਈ,
ਯੋਗ ਕਰਨ ਨੂੰ ਆ ਗਏ ਨੇ …
ਸਾਰਾ ਸਾਲ ਪ੍ਰਹੇਜ਼ ਨਾ ਕੀਤਾ,
ਖਾਣ-ਪੀਣ ਦੀਆਂ ਚੀਜ਼ਾਂ ਤੋਂ
ਜੋ ਹੱਥ ਆਇਆ ਖਾ ਕੇ ਸਾਰਾ,
ਨਾਲ ਡਕਾਰ ਪਚਾ ਗਏ ਨੇ
ਯੋਗ ਦਿਵਸ ‘ਤੇ ਫੋਟੋ ਦੇ ਲਈ,
ਯੋਗ ਕਰਨ ਨੂੰ ਆ ਗਏ ਨੇ …
ਬੀਪੀ, ਸ਼ੂਗਰ ਵਧ ਗਏ ਦੋਵੇਂ,
ਵਧ ਗਈ ਚਰਬੀ ਤਨ ਦੀ ਵੀ
ਖੂਨ ਹੋ ਗਿਆ ਗਾੜ੍ਹਾ, ਨਾੜੀਆਂ
ਨੂੰ ਵੀ ਕਸ਼ਟ ਪੁਚਾ ਗਏ ਨੇ
ਯੋਗ ਦਿਵਸ ‘ਤੇ ਫੋਟੋ ਦੇ ਲਈ,
ਯੋਗ ਕਰਨ ਨੂੰ ਆ ਗਏ ਨੇ …
ਰੋਜ਼ ਸਵੇਰੇ ਪੂਰੀਆਂ ਛੋਲੇ,
ਕਦੇ ਪਰਾਂਠੇ ਆਲੂ ਦੇ
ਤਲ਼ੇ ਪਕੌੜੇ, ਟਿੱਕੀਆਂ ਖਾ ਕੇ,
ਕੋਲੈੱਸਟਰੋਲ ਵਧਾ ਲਏ ਨੇ
ਯੋਗ ਦਿਵਸ ‘ਤੇ ਫੋਟੋ ਦੇ ਲਈ,
ਯੋਗ ਕਰਨ ਨੂੰ ਆ ਗਏ ਨੇ …
ਕਈਆਂ ਨੂੰ ਤਾਂ ਸਿੱਧੇ ਖੜ੍ਹਿਆਂ,
ਪੈਰ ਵੀ ਆਪਣੇ ਦਿਸਦੇ ਨਹੀਂ
ਬੇਤਰਤੀਬਾ ਮਾੜਾ ਢੱਗਾ,
ਛੱਤੀ ਰੋਗ ਲਵਾ ਲਏ ਨੇ
ਯੋਗ ਦਿਵਸ ‘ਤੇ ਫੋਟੋ ਦੇ ਲਈ,
ਯੋਗ ਕਰਨ ਨੂੰ ਆ ਗਏ ਨੇ …
ਸਾਲ ‘ਚ ‘ਖੁਸ਼ੀ’ ਇੱਕ ਦਿਨ ਯੋਗਾ
ਕਰਨ ਨਾਲ ਕੁੱਝ ਹੋਣਾ ਨਹੀਂ
ਖਾਣੇ ਤੋਂ ਵੱਧ ਸਿਹਤ ਜਰੂਰੀ
ਸਿਆਣੇ ਸੱਚ ਸੁਣਾ ਗਏ ਨੇ
ਯੋਗ ਦਿਵਸ ‘ਤੇ ਫੋਟੋ ਦੇ ਲਈ,
ਯੋਗ ਕਰਨ ਨੂੰ ਆ ਗਏ ਨੇ …
***
221
***
ਖੁਸ਼ੀ ਮੁਹੰਮਦ ਚੱਠਾ
Khushi Mohammed Chatha
ਪਿੰਡ ਤੇ ਡਾਕ: ਦੂਹੜੇ (ਜਲੰਧਰ )
ਮੋਬਾ: 9779025356
Lyricist (Water) @Punjabi Folk Songs and Poetry
Former Petty Officer Radio at Indian Navy