23 May 2024
balbir_singh_senior

ਪੰਜਾਬੀਆਂ ਦਾ ਮਾਣ: ਓਲੰਪਿਕ ਗੋਲਡ ਮੈਡਲਿਸਟ ਸ੍ਰ: ਬਲਬੀਰ ਸਿੰਘ ਸੀਨੀਅਰ–ਸਤਨਾਮ ਢਾਅ

ਪੰਜਾਬੀਆਂ ਦਾ ਮਾਣ:
ਓਲੰਪਿਕ ਗੋਲਡ ਮੈਡਲਿਸਟ ਸ੍ਰ: ਬਲਬੀਰ ਸਿੰਘ ਸੀਨੀਅਰ

ਹਾਕੀ ਜਗਤ ਦਾ ਮਹਾਨ ਖਿਡਾਰੀ ਬਲਬੀਰ ਸਿੰਘ 25 ਮਈ 2020 ਨੂੰ ਸਾਨੂੰ ਅਲਵਿਦਾ ਕਹਿ ਗਿਆ। ਉਨ੍ਹਾਂ ਦੇ ਜਾਣ ਨਾਲ ਖੇਡ ਜਗਤ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ। ਇਹ ਮੁਲਾਕਾਤ ਉਨ੍ਹਾਂ ਨਾਲ਼ ਕੁਝ ਸਮਾਂ ਪਹਿਲਾਂ ਕੀਤੀ ਗਈ ਸੀ। ਜਿਸ ਨਾਲ ਖੇਡ ਜਗਤ ਬਾਰੇ ਬਹੁਤ ਸਾਰੀ ਅਣਮੁੱਲੀ ਅਤੇ ਨਵੀਂ ਜਾਣਕਾਰੀ ਮਿਲ਼ੀ ਜਿਸ ਤੋਂ ਅਸੀਂ ਪਹਿਲਾਂ ਜਾਣੂ ਨਹੀਂ ਸੀ। ਇਸ ਮੁਲਾਕਾਤ ਰਾਹੀਂ ਅਸੀਂ ਖੇਡਾਂ ਦੀ ਦੁਨੀਆਂ ਦੇ ਮਹਾਨ ਖਿਡਾਰੀ ਸ੍ਰ. ਬਲਬੀਰ ਸਿੰਘ ਜੀ ਨੂੰ ਸ਼ਰਧਾਂਜਲੀ ਭੇਂਟ ਕਰਦੇ ਹਾਂ। ਪਾਠਕਾਂ ਨੂੰ ਬੇਨਤੀ ਹੈ ਕਿ ਹੈ ਦੀ ਥਾਂ ਸੀ ਪੜ੍ਹਿਆ ਜਾਵੇ।   

ਮੁਲਾਕਾਤੀ: ਸਤਨਾਮ ਸਿੰਘ ਢਾਅ

ਹਾਕੀ ਜਗਤ ਦੇ ਚੱਲਦੇ ਫਿਰਦੇ ਇਤਿਹਾਸ, ਸ੍ਰ: ਬਲਬੀਰ ਸਿੰਘ ਦੁਨੀਆਂ ਵਿੱਚ ਕਿਧਰੇ ਵੀ ਕਿਸੇ ਜਾਣ ਪਹਿਚਾਣ ਦੇ ਮੁਥਾਜ ਨਹੀਂ, ਜਿਸ ਨੇ ਧਿਆਨ ਚੰਦ ਤੋਂ ਬਾਅਦ ਹਾਕੀ ਜਗਤ ਵਿੱਚ ਦੁਨੀਆਂ ਭਰ ਵਿੱਚ ਇੰਡੀਆ ਦੀ ਪਹਿਚਾਣ ਬਣਾਈ ਰੱਖਣ ਲਈ ਅਨੇਕਾਂ ਮਾਅਰਕੇ ਮਾਰੇ। ਇਹ ਗੱਲ ਵੀ ਜ਼ਿਕਰ ਯੋਗ ਹੈ ਕਿ ਧਿਆਨ ਚੰਦ ਅੰਗਰੇਜ਼ਾਂ ਦੇ ਸਮੇਂ ਭਾਰਤ ਲਈ ਖੇਡਿਆ ਅਤੇ ਬਲਬੀਰ ਸਿੰਘ ਆਜ਼ਾਦ ਭਾਰਤ ਲਈ। ਸਕੂਲ ਵਿੱਚ ਪੜ੍ਹਦਿਆਂ ਬਲਬੀਰ ਸਿੰਘ ਨੇ ਧਿਆਨ ਚੰਦ ਨਾਂਅ ਸਣਿਆਂ ਸੀ, ਉਸ ਦੀ ਹਾਕੀ ਬਾਰੇ ਜ਼ਾਦੂਗਰੀ ਦੇ ਕਿੱਸੇ ਸੁਣੇ ਸਨ। ਧਿਆਨ ਚੰਦ ਦੀ ਹਾਕੀ ਖੇਡਣ ਦੀ ਇੱਕ ਫ਼ਿਲਮ ਬਰਲਿਨ ਓਲੰਪਿਕ 1936 ਦੀਆਂ ਝਾਕੀਆਂ ਵੀ ਦੇਖੀਆਂ ਸਨ ਕਿ ਕਿਵੇਂ ਧਿਆਨ ਚੰਦ ਗੋਲ਼ ਤੇ ਗੋਲ਼ ਕਰੀ ਜਾ ਰਿਹਾ ਸੀ। ਇਸ ਦਾ ਬਲਬੀਰ ਸਿੰਘ ਦੇ ਬਾਲ-ਮਨ ਤੇ ਅਮਿੱਟ ਪ੍ਰਭਾਵ ਪਿਆ। ਬਲਬੀਰ ਸਿੰਘ ਨੇ ਧਿਆਨ ਚੰਦ ਨੂੰ ਰੋਲ ਮਾਡਲ ਮਨ ਕੇ ਇਹ ਧਾਰ ਲਿਆ ਕਿ ਉਹਦੇ ਵਰਗਾ ਸੈਂਟਰ ਫਾਰਵਰਡ ਬਣਨਾ ਹੈ। ਸਬੱਬ ਦੀ ਗੱਲ ਇਹ ਕਿ ਦੋਹਾਂ ਖਿਡਾਰੀਆਂ ਨੇ ਤਿੰਨ ਤਿੰਨ ਓਲੰਪਿਕ ਗੋਲਡ ਮੈਡਲ ਜਿੱਤੇ। ਦੋਵੇਂ ਹੀ ਭਾਰਤੀ ਹਾਕੀ ਟੀਮਾਂ ਦੇ ਕਪਤਾਨ ਬਣੇ ਅਤੇ ਦੋਵੇਂ ਸੈਂਟਰ ਫਾਰਵਰਡ ਖੇਡੇ। ਦੋਹਾਂ ਨੇ ਸਭ ਤੋਂ ਵੱਧ ਗੋਲ ਕਰਨ ਦੇ ਰਿਕਰਡ ਵੀ ਰੱਖੇ। ਪਰ ਓਲੰਪਿਕ ਖੇਡਾਂ ਦੇ ਫਾਇਨਲ ਮੈਚ ਵਿੱਚ ਸਭ ਤੋਂ ਵੱਧ ਗੋਲ ਕਰਨ ਦਾ ਰਿਕਾਰਡ ਪਿਛਲੇ ਛੇ ਦਹਾਕਿਆਂ ਤੋਂ ਬਲਬੀਰ ਸਿੰਘ ਦੇ ਹੀ ਨਾਂਅ ਬੋਲਦਾ ਹੈ। ਇਸੇ ਕਰਕੇ ਉਹਨੂੰ ਖੇਡ ਜਗਤ ਵਿੱਚ ਉਸ ਨੂੰ ਗੋਲਡਨ ਹੈਟਟ੍ਰਿਕ ਵਾਲਾ ਬਲਬੀਰ ਸਿੰਘ ਵੀ ਕਹਿੰਦੇ ਹਨ।

ਮੋਗੇ ਸ਼ਹਿਰ ਨਾਲ ਬਲਬੀਰ ਸਿੰਘ ਦਾ ਖ਼ਾਸ ਪਿਆਰ ਹੈ। ਕਿਉਂਕਿ ਮੋਗੇ ਤੋਂ ਹੀ ਹਾਕੀ ਨਾਲ ਬਲਬੀਰ ਸਿੰਘ ਨੂੰ ਐਸਾ ਇਸ਼ਕ ਹੋਇਆ ਕਿ ਜਿਸ ਨੇ ਬਲਬੀਰ ਸਿੰਘ ਦੀ ਜ਼ਿੰਦਗੀ ਹੀ ਬਦਲ ਦਿੱਤੀ। ਨਾਲੇ ਜਿੱਥੇ ਕਿਸੇ ਇਨਸਾਨ ਦਾ ਬਚਪਨ ਗੁਜ਼ਰਿਆ ਹੋਵੇ ਉਸ ਮਿੱਟੀ ਨੂੰ ਕਿਵੇਂ ਭੁੱਲ ਸਕਦਾ। ਉਸ ਥਾਂ ਨਾਲ ਪਿਆਰ ਹੋਣਾ ਕੁਦਰਤੀ ਹੈ। ਬਲਬੀਰ ਸਿੰਘ ਦਾ ਮੰਨਣਾ ਹੈ ਕਿ ਮੋਗੇ ਪੜ੍ਹਦਿਆਂ ਬਾਹਰਵੀਂ ਜਮਾਤ ਵਿੱਚੋਂ ਫ਼ੇਲ੍ਹ ਹੋਣਾ ਵੀ ‘ਕੁੱਬੇ ਦੇ ਲੱਤ ਕਾਰੀ ਆਈ’ ਵਾਲੀ ਹੋਈ। ਬਲਬੀਰ ਸਿੰਘ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਮੈਂ ਬਾਹਰਵੀਂ ਵਿੱਚੋਂ ਫ਼ੇਲ੍ਹ ਨਾ ਹੁੰਦਾ ਤਾਂ ਮੈਂ ਹਾਕੀ ਨਹੀਂ ਸੀ ਖੇਡ ਸਕਣਾ। ਫ਼ੇਲ੍ਹ ਹੋਣ ਤੋਂ ਬਾਅਦ ਜਦੋਂ ਉਨ੍ਹਾਂ ਦਾ ਮਸੇਰ ਭਰਾ ਦਰਸ਼ਣ ਸਿੰਘ ਢੇਸੀ ਅਤੇ ਇੱਕ ਹੋਰ ਦੋਸਤ ਰਣਜੀਤ ਸਿੰਘ ਉਨ੍ਹਾਂ ਨੂੰ ਖ਼ਲਸਾ ਕਾਲਜ ਅੰਮ੍ਰਿਤਸਰ ਲੈ ਕੇ ਗਏ ਤਾਂ ਖ਼ਾਲਸਾ ਕਾਲਜ ਅੰਮ੍ਰਿਤਸਰ ਦੇ ਹਾਕੀ ਕੋਚ ਸ੍ਰ. ਹਰਬੇਲ ਸਿੰਘ ਨੂੰ ਮਿਲ਼ਾਇਆ। ਹਰਬੇਲ ਸਿੰਘ ਨੇ ਬਲਬੀਰ ਸਿੰਘ ਦਾ ਟੈਲਿੰਟ ਤਾਂ ਦੇਖ ਲਿਆ ਪਰ ਕਿਹਾ ਕਿ ਬਲਬੀਰ ਸਿੰਘ ਨੂੰ ਸਾਡੀ ਟੀਮ ਵਿੱਚ ਖੇਡਣ ਲਈ ਅਜੇ ਹੋਰ ਮਿਹਨਤ ਕਰਨ ਦੀ ਲੋੜ ਹੈ, ਅਗਲੇ ਸਾਲ ਦੇਖਾਂਗੇ। ਇਸ ਤਰ੍ਹਾਂ ਖ਼ਾਲਸਾ ਕਾਲਜ ਅੰਮ੍ਰਿਤਸਰ ਵਿੱਚ ਦਾਖ਼ਲਾ ਨਾ ਮਿਲਿਆ। 

ਇੱਥੋਂ ਇਹ ਪਿੱਛੇ ਮੋਗੇ ਨੂੰ ਮੁੜਨ ਦੀ ਵਜਾਏ ਉਹ ਸਿੱਖ ਨੈਸ਼ਨਲ ਕਾਲਜ ਲਾਹੌਰ ਚਲੇ ਗਏ, ਓਥੇ ਦਾਖ਼ਲਾ ਮਿਲ਼ ਗਿਆ। ਸਿੱਖ ਨੈਸ਼ਨਲ ਕਾਲਜ ਦੀ ਹਾਕੀ ਟੀਮ ਵਿੱਚ ਵੀ ਚੁਣਿਆ ਗਿਆ ਤੇ ਸੈਂਟਰਲ ਫਾਰਵਰਡ ਖੇਡਣ ਲੱਗਾ। ਗੋਲ ਕਰਨ ਵਿੱਚ ਸਆਦ ਲੈਣ ਲੱਗਾ। ਟੀਮ ਦੀਆਂ ਜਿੱਤਾਂ ਨਾਲ ਬਲਬੀਰ ਸਿੰਘ ਦਾ ਮਾਣ ਵੀ ਵਧ ਗਿਆ। ਓਥੇ ਹੀ ਐੱਫ. ਏ. ਵਿੱਚੋਂ ਪਾਸ ਹੋਣ ਦਾ ਚੈਲਿੰਜ਼ ਵੀ ਪਿੰਡ ਨੱਥੂ ਵਾਲਾ ਜਦੀਦ ਦੇ ਵਿਦਿਆਰਥੀੇ ਕਿਰਪਾਲ ਸਿੰਘ ਗਿੱਲ, ਜੋ ਐੱਮ. ਐੱਸ. ਸੀ. ਕਰ ਰਿਹਾ, ਦੇ ਉਤਸ਼ਾਹਿਤ ਕਰਨ, ਸੁਝਾਓ ਦੇਣ ਅਤੇ ਮਦਦ ਕਰਨ ਨਾਲ ਚੰਗੇ ਨੰਬਰਾਂ ਨਾਲ ਪਾਸ ਕਰ ਲਿਆ। ਇਧਰ ਫੇਰ ਹਰਬੇਲ ਸਿੰਘ ਵੀ ਬਲਬੀਰ ਸਿੰਘ ਨੂੰ ਆਪਣੀ ਟੀਮ ਵਿੱਚ ਲਿਆਉਣ ਲਈ ਤਰਲੋ ਮੱਛੀ ਹੋਣ ਲੱਗਾ। ਅਖ਼ੀਰ ਖ਼ਾਲਸਾ ਕਾਲਜ ਅੰਮ੍ਰਿਤਸਰ ਲੈ ਗਿਆ। ਇੱਥੇ ਬਲਬੀਰ ਸਿੰਘ ਨੂੰ ਕੋਚ ਹਰਬੇਲ ਸਿੰਘ ਦੀ ਕੋਚਿੰਗ ਨੇ ਬਲਬੀਰ ਸਿੰਘ ਲਈ ਹਾਕੀ ਦੀ ਦੁਨੀਆ ਦੇ ਮਹਾਨ ਖਿਡਾਰੀ ਬਣਨ ਦੇ ਸਾਰੇ ਰਾਹ ਖੋਲ੍ਹ ਦਿੱਤੇ। ਬਲਬੀਰ ਸਿੰਘ ਦਾ ਕਹਿਣਾ ਹੈ ਕਿ ਜਿੱਥੇ ਮੇਰੀ ਜ਼ਿੰਦਗੀ ਵਿੱਚ ਮੇਰੇ ਮਾਤਾ ਪਿਤਾ, ਮੇਰੀ ਸੁਪਤਨੀ ਸ਼ੁਸ਼ੀਲ ਕੌਰ, ਮੇਰੇ ਅਧਿਆਪਕਾਂ, ਮੇਰੇ ਮਸੇਰ ਭਰਾ ਦਰਸ਼ਣ ਸਿੰਘ ਢੇਸੀ, ਮੇਰੇ ਹੋਰ ਮਿੱਤਰਾਂ ਦੋਸਤਾਂ ਦਾ ਹੱਥ ਹੈ ਓਥੇ ਕੋਚ ਹਰਬੇਲ ਸਿੰਘ ਦਾ ਮੇਰੀ ਜ਼ਿੰਦਗੀ ਵਿੱਚ ਬਹੁਤ ਵੱਡਾ ਯੋਗਦਾਨ ਹੈ। 

ਸ੍ਰ: ਬਲਬੀਰ ਸਿੰਘ ਸੀਨੀਅਰ, ਰਿਟਾਇਰ ਹੋਣ ਤੋਂ ਬਾਅਦ ਕੁਝ ਸਮਾਂ ਆਪਣੇ ਬੱਚਿਆਂ ਕੋਲ਼ ਬੀ. ਸੀ. ਦੇ ਸ਼ਹਿਰ ਬਰਨਬੀ, ਕੈਨੇਡਾ ਵਿੱਚ ਆ ਜਾਂਦੇ ਕੁਝ ਸਮਾਂ ਆਪਣੀ ਲੜਕੀ ਸ਼ੁਸ਼ਬੀਰ ਕੌਰ ਕੋਲ਼ ਚੰਡੀਗੜ੍ਹ ਰਹਿੰਦੇ ਹਨ। ਪਰ ਹੁਣ ਉਹ ਅੱਜ ਕੱਲ੍ਹ ਚੰਡੀਗੜ੍ਹ ਆਪਣੀ ਲੜਕੀ ਸ਼ੁਸ਼ਬੀਰ ਕੌਰ ਅਤੇ ਦੋਹਤੇ ਕਬੀਰ ਸਿੰਘ ਕੋਲ਼ ਚੰਡੀਗੜ੍ਹ ਵਿੱਚ ਰਹਿ ਰਹੇ ਹਨ। ਜੋ ਗੱਲਬਾਤ ਉਨ੍ਹਾਂ ਨਾਲ ਹੋਈ ਉਸ ਤੋਂ ਉਨ੍ਹਾਂ ਦੀ ਜ਼ਿੰਦਗੀ ਭਰ ਦੇ ਤਜਰਬੇ ਤੋਂ ਇਕੱਲੇ ਹਾਕੀ ਪ੍ਰੇਮੀਆਂ ਲਈ ਨਹੀਂ, ਇੱਕ ਆਮ ਇਨਸਾਨ ਦੇ ਸਿੱਖਣ ਨੂੰ ਵੀ ਬਹੁਤ ਕੁਝ ਮਿਲਦਾ ਹੈ। ਮੈਂ ਆਪਣੀ ਜ਼ਿੰਦਗੀ ਵਿੱਚ ਪਹਿਲੀ ਵਾਰ ਸ: ਬਲਬੀਰ ਸਿੰਘ ਨੂੰ ਨੇੜੇ ਹੋ ਕੇ ਦੇਖਿਆ। ਬਲਬੀਰ ਸਿੰਘ ਇੱਕ ਲੰਬਾ, ਪਤਲਾ ਤੇ ਗੋਰੇ ਰੰਗ ਦਾ ਫਿਫਟੀ ਬੰਨ ਕੇ ਉਨਾਭੀ ਰੰਗ ਦੀ ਬੜੇ ਸਲੀਕੇ ਨਾਲ ਬੰਨ੍ਹੀ ਪੱਗ ਤੇ ਚਿੱਟੀ ਦਾਹੜੀ ਨੂੰ ਬਹੁਤ ਹੀ ਵਧੀਆ ਢੰਗ ਨਾਲ ਜਾਲ਼ੀ ਪਾ ਕੇ ਇੱਕ ਫ਼ੌਜੀ ਦੀ ਤਰ੍ਹਾਂ ਤਿਆਰ-ਪਰ ਤਿਆਰ ਟਰੈਕ ਸੂਟ ਪਾ ਕੇ ਬੈਠਾ ਸੀ। ਉਹ ਫਰਿਸ਼ਤਿਆਂ ਵਰਗਾ ਇਨਸਾਨ ਹੈ। ਜਿਸ ਨੂੰ ਮਿਲ ਕੇ ਦਿਲ ਕਰਦਾ ਕਿ ਦਿਨ ਰਾਤ ਗੱਲਾਂ ਕਰੀ ਜਾਈਏ। 5 ਫੁੱਟ, 10 ਇੰਚ ਲੰਬਾ ਕੱਦ ਤੇ ਤਕਰੀਬਨ 70 ਕਿਲੋ ਭਾਰ, ਮੈਨੂੰ ਲੱਗਾ ਕਿ ਜਿਵੇਂ ਹੁਣੇ ਹੀ ਪ੍ਰੈਕਟਿਸ ਕਰਨ ਜਾਣ ਦੀ ਤਿਆਰੀ ਵਿੱਚ ਬੈਠਾ ਹੈ। ਉਨ੍ਹਾਂ ਦੇ ਚਿਹਰੇ ਅਤੇ ਗੱਲਬਾਤ ਤੋਂ ਉਨ੍ਹਾਂ ਦੀ ਉਮਰ ਦਾ ਅੰਦਾਜ਼ਾ ਲਗਾਉਣਾ ਮੁਸ਼ਕਲ ਜਾਪਦੈ। 

ਸਹਿਣਸ਼ੀਲ ਏਨਾਂ ਕਿ ਆਪਣੇ ਨਾਲ ਹੋਈ ਕਿਸੇ ਵੀ ਵਧੀਕੀ ਨੂੰ ਵੀ ਕਦੇ ਕ੍ਰੋਧ ਵਿੱਚ ਆ ਕੇ ਬਦਲਾ ਲਊ ਭਾਵਨਾਂ ਨਾਲ ਨਹੀਂ ਲਿਆ। ਕਿਸੇ ਹੋਰ ਖਿਡਾਰੀ ਨਾਲ ਇਹੋ ਜਿਹੀ ਵਧੀਕੀ ਹੁੰਦੀ ਤਾਂ ਮੇਰਾ iਖ਼ਆਲ ਹੈ ਕਿ ਉਹ ਹਾਕੀ ਮੈਦਾਨ ਵਿੱਚ ਸੁੱਟ ਕੇ ਘਰ ਨੂੰ ਆ ਜਾਂਦਾ। ਪਰ ਸਦਕੇ ਜਾਈਏ ਬਲਬੀਰ ਸਿੰਘ ਦੇ, ਏਨਾਂ ਸ਼ਾਂਤ ਸੁਭਾਅ! ਕਿਸੇ ਵੀ ਕਿਸਮ ਦੀ ਹਊਮੈ ਤੋਂ ਰਹਿਤ, ਏਨੀ ਹਲੀਮੀ ਵਾਲਾ ਇਨਸਾਨ! ਤਿੰਨ ਵਾਰ (1948, 1952, 1956) ਭਾਰਤੀ ਹਾਕੀ ਲਈ ਓਲੰਪਿਕ ਖੇਡਾਂ ਵਿੱਚੋਂ ਗੋਲਡ ਮੈਡਲ ਲੈ ਕੇ ਕਹਿ ਰਿਹਾ ਕਿ ਇਹਦੇ ਵਿੱਚ ਇਹ ਸਾਰਾ ਕੰਮ ਮੇਰੀ ਟੀਮ ਦਾ ਹੀ ਹੈ। ਭਾਰਤੀ ਖਿਡਾਰੀਆਂ ‘ਚੋਂ ਸਭ ਤੋਂ ਪਹਿਲਾਂ ਬਲਬੀਰ ਸਿੰਘ ਨੂੰ 1957 ਵਿੱਚ ਪਦਮ ਸ਼੍ਰੀ ਦਾ ਐਵਾਰਡ ਭਾਰਤ ਸਰਕਾਰ ਵੱਲੋਂ ਦਿੱਤਾ ਗਿਆ। ਇਹ ਆਮ ਦੇਖਿਆ ਗਿਆ ਹੈ ਕਿ ਖੇਡਦਿਆਂ ਵਿਰੋਧੀ ਟੀਮ ਨੂੰ ਧੱਕਾ-ਮੁੱਕੀ ਜਾਂ ਹਾਕੀ ਫਸਾ ਕੇ ਸੁੱਟ ਦੇਣਾ ਜਾਂ ਫੇਰ ਕਿਸੇ ਹੱਥੋਂ ਹਾਕੀ ਦਾ ਡਿੱਗ ਪੈਣਾ ਆਮ ਗੱਲ ਹੈ। ਪਰ ਬਲਬੀਰ ਸਿੰਘ ਇਸ ਦੇ ਉਲਟ ਰਿਹਾ ਜੇਕਰ ਕੋਈ ਖਿਡਾਰੀ ਡਿੱਗ ਪਿਆ ਜਾਂ ਉਹਦੀ ਹਾਕੀ ਡਿੱਗ ਪਈ, ਉਸ ਦੀ ਮਦਦ ਕਰਕੇ ਉਸ ਨੂੰ ਪਿਆਰ ਨਾਲ ਉਠਾ ਕੇ ਹਾਕੀ ਉਸ ਦੇ ਹੱਥ ਵਿਚ ਦੇ ਕੇ ਖੇਡ ਚਾਲੂ ਰੱਖੀ। ਇਸੇ ਕਰਕੇ ਬਲਬੀਰ ਸਿੰਘ ਨੂੰ ਖੇਡਦਿਆਂ ਕਦੇ ਵੀ ਰੈੱਡ ਜਾਂ ਯੈਲੋ ਕਾਰਡ ਨਹੀਂ ਮਿiਲ਼ਆ ਸਗੋਂ ਸਰਬੋਤਮ ਖਿਡਾਰੀ ਦਾ ਇਨਾਮ ਮਿਲਿ਼ਆ। ਇਸ ਉਮਰ ਵਿੱਚ ਵੀ ਹਾਕੀ ਪ੍ਰੇਮੀਆਂ ਨੂੰ ਹਾਕੀ ਦੇ ਗੁੱਝੇ ਦਾਅ ਦੱਸਣ ਲਈ ਤਿਆਰ ਪਰ ਤਿਆਰ ਰਹਿੰਦਾ ਹੈ। ਬਲਬੀਰ ਸਿੰਘ ਨੇ ਦੋ ਕਿਤਾਬਾਂ ਲਿਖ ਕੇ ( ਗੋਲਡਨ ਹੈਟ ਟ੍ਰਿਕ, ਗੋਲਡਨ ਯਾਰਡ ਸਟਿੱਕ) ਖਿਡਾਰੀਆਂ ਲਈ ਅਣਮੁੱਲਾ ਤੋਹਫ਼ਾ ਦਿੱਤਾ ਜਿਸ ਤੋਂ ਬਹੁਤ ਸਾਰੇ ਖਿਡਾਰੀਆਂ ਅਤੇ ਕੋਚਾਂ ਨੇ ਲਾਹਾ ਲਿਆ। ਹਾਕੀ ਖਿਡਾਰੀਆਂ ਨੂੰ, ਹਾਕੀ ਪ੍ਰੇਮੀਆਂ ਅਤੇ ਦ੍ਰਸ਼ਿਕਾਂ ਨੂੰ ਹਮੇਸ਼ਾ ਗਿਲਾ ਰਹੇਗਾ ਕਿ ਜਿੰਨੀ ਕਦਰ ਸਾਨੂੰ ਇਸ ਹੀਰੇ ਦੀ ਕਰਨੀ ਚਾਹੀਦੀ ਅਸੀਂ ਨਹੀਂ ਕੀਤੀ, ਨਾਹੀਂ ਭਾਰਤ ਸਰਕਾਰ ਨੇ ਨਾਹੀਂ ਪੰਜਾਬ ਸਰਕਾਰ ਨੇ। ਜਿੰਨਾ ਫਾਇਦਾ ਭਾਰਤੀ ਟੀਮ ਨੂੰ ਇਸ ਵਿਅਕਤੀ ਦੇ ਤਜਰਬੇ ਤੋਂ ਲੈਣਾ ਚਾਹੀਦਾ ਸੀ, ਉਹ ਨਹੀਂ ਲਿਆ ਗਿਆ। ਪਰ ਇਸ ਦਰਵੇਸ਼ ਸ਼ਖ਼ਸੀਅਤ ਨੂੰ ਕਿਸੇ ਉੱਤੇ ਕਿਸੇ ਕਿਸਮ ਦਾ ਕੋਈ ਗਿਲਾ ਸ਼ਿਕਵਾ ਨਹੀਂ। 

ਬਲਬੀਰ ਸਿੰਘ ਨੂੰ ਪੰਜਾਬ ਖੇਡ ਵਿਭਾਗ ਦਾ ਬਾਨੀ ਕਿਹਾ ਜਾਂਦਾ ਹੈ। ਉਹਨੇ ਭਾਵੇਂ ਸਾਰੀ ਉਮਰ ਹਾਕੀ ਦੀ ਖੇਡ ਨੂੰ ਪਿਆਰ ਕੀਤਾ। ਪਰ ਪੰਜਾਬ ਖੇਡ ਡਾਇਰੈਕਟਰ ਹੁੰਦਿਆਂ ਦੂਜੀਆਂ ਸਾਰੀਆਂ ਖੇਡਾਂ ਦੇ ਫ਼ੰਡਾਂ ਵਿੱਚ ਕਦੇ ਕੋਈ ਵਿਤਕਰਾ ਨਹੀਂ ਸੀ ਕੀਤਾ। ਬਲਬੀਰ ਸਿੰਘ ਨੇ ਇਹ ਵੀ ਦੱਸਿਆ ੳਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਦੀ ਕਮਾਈ ਹੋਈ ਅਣਮੁੱਲੀ ਪੂੰਜੀ (ਆਪਣੇ ਮੈਡਲ, ਫੋਟੋ ਅਤੇ ਹੋਰ ਖੇਡ ਨਿਸ਼ਾਨੀਆਂ) ਸਪੋਰਟਸ ਅਥੌਰਟੀ ਆਫ਼ ਇੰਡੀਆ (ਸਾਈ) ਨੂੰ ਮਿਊਜ਼ੀਅਮ ਵਿੱਚ ਰੱਖਣ ਲਈ ਦਿੱਤੇ ਸਨ ਤਾਂ ਕਿ ਇਨ੍ਹਾਂ ਨੂੰ ਦੇਖ ਕੇ ਨਵੀਂ ਪੀੜ੍ਹੀ ਖੇਡਾਂ ਵੱਲ ਉਤਸ਼ਾਹਿਤ ਹੋਵੇਗੀ। ਪਰ ਇਸ ਸੰਸਥਾ ਨੇ ਪਤਾ ਨਹੀਂ ਕਿਉਂੁ ਇਹ ਸਭ ਕੁਝ ਗੁੰਮ ਕਰ ਦਿੱਤਾ। ਇਸ ਦਾ ਦੁੱਖ ਤਾਂ ਬਲਬੀਰ ਸਿੰਘ ਹੀ ਜਾਣਦਾ ਹੈ! ਉਸ ਦਾ ਮੰਨਣਾ ਹੈ ਕਿ ਭਾਵੇਂ ਸਿਆਸੀ ਚਾਲਾਂ ਕਰਕੇ ਮੇਰੇ ਸਪਨੇ ਪੂਰੇ ਨਹੀਂ ਹੋਏ। ਪਰ ਇਸ ਦੁੱਖ ਨਾਲੋਂ ਹਾਕੀ ਐਸੋਸੀਏਸ਼ਨ ਦੀ ਫੁੱਟ ਕਰਕੇ ਸਭ ਤੋਂ ਵੱਧ ਦੁੱਖ ਉਸ ਨੂੰ ਭਾਰਤੀ ਝੋਲੀ ਵਿੱਚੋਂ ਓਲੰਪਿਕ ਦੇ ਗੋਲਡ ਮੈਡਲਾਂ ਦੇ ਗੁੰਮ ਹੋਣ ਦਾ ਨਜ਼ਰ ਆਉਂਦਾ ਹੈ। ਹਾਂ, 2012 ਵਿੱਚ ਅੰਤਰਰਾਸ਼ਟਰੀ ਓਲੰਪਿਕ ਐਸੋਸੀਏਸ਼ਨ ਨੇ ਲੰਡਨ ਦੀਆਂ ਓਲੰਪਿਕ ਖੇਡਾਂ ਵਿੱਚ ਉਨ੍ਹਾਂ ਦਾ 16 ਆਈਕੌਨਿਕ ਓਲੰਪੀਅਨਾਂ ਜਿੰਨ੍ਹਾਂ ਵਿੱਚ ਅੱਠ ਇਸਤ੍ਰੀਆਂ ਅਤੇ ਅੱਠ ਪੁਰਸ਼ਾਂ ਨੂੰ ਚੁਣਿਆਂ ਗਿਆ ਸੀ। ਭਾਰਤ ਵਿੱਚੋਂ ਇੱਕੋ ਇੱਕ, ਖਿਡਾਰੀ ਸ੍ਰ. ਬਲਬੀਰ ਸਿੰਘ ਹੀ ਹੈ ਜਿਸ ਨੂੰ ਓਲੰਪਿਕ ਰਤਨ ਮੰਨ ਕੇ ਸਨਮਾਨਿਤ ਕੀਤਾ। ਦੁਨੀਆ, ਉਨ੍ਹਾਂ ਨੂੰ ਭਾਰਤ ਰਤਨ ਮੰਨਦੀ ਹੈ ਪਰ ਭਾਰਤ ਸਰਕਾਰ ਬਲਬੀਰ ਸਿੰਘ ਨੂੰ ਭਾਰਤ ਰਤਨ ਮੰਨਣ ਨੂੰ ਪਤਾ ਨਹੀਂ ਕਿਹੜੀ ਮੁਸ਼ਕਲ ਆ ਰਹੀ ਹੈ!  

ਕੁਝ ਸਮਾਂ ਪਹਿਲਾਂ ਸਤਨਾਮ ਸਿੰਘ ਢਾਅ ਨੇ ਉਨ੍ਹਾਂ ਨਾਲ ਇੱਕ ਲੰਬੀ ਮੁਲਾਕਾਤ ਕੀਤੀ ਹੈ। ਆਓ ਉਸੇ ਮਾਲਾਕਾਤ ਰਾਹੀਂ ਤੁਹਾਨੂੰ ਵੀ ਮਿਲ਼ਾਈਏ ਭਾਰਤੀ ਹਾਕੀ ਦੇ ਗੋਲ ਕਿੰਗ, ਮਹਾਨ ਭਾਰਤੀ ਹੀਰੇ ਤੇ ਪੰਜਾਬੀਆਂ ਦੇ ਮਾਣ, ਓਲੰਪੀਅਨ ਗੋਲਡ ਮੈਡਲਿਸਟ ਸ੍ਰ. ਬਲਬੀਰ ਸਿੰਘ ਦੋਸਾਂਝ ਜੀ ਨਾਲ।

ਖੇਡਣ ਮੱਲਣ ਦੇ ਦਿਨ

?. ਬਲਬੀਰ ਸਿੰਘ ਜੀ, ਪਾਠਕ ਤੁਹਾਡੇ ਪਰਿਵਾਰਕ ਪਿਛੋਕੜ ਬਾਰੇ ਵੀ ਜਾਣਨਾ ਚਾਹੁੰਣਗੇ। ਭਾਵ (ਤੁਹਾਡਾ ਜਨਮ ਅਸਥਾਨ, ਮਾਤਾ ਪਿਤਾ, ਭੈਣ-ਭਰਾ)  ਵਿੱਦਿਆ ਵਗੈਰਾ। ਬਹੁਤ ਸਾਰੇ ਲੋਕ ਤੁਹਾਨੂੰ ਮੋਗੇ ਵਾਲਾ ਬਲਬੀਰ ਸਿੰਘ ਕਹਿੰਦੇ ਕਈ ਤੁਹਾਨੂੰ ਹਾਕੀ ਦੀ ਨਰਸਰੀ, ਸੰਸਾਰਪੁਰ ਵਾਲਾ ਬਲਬੀਰ ਸਿੰਘ ਸਮਝਦੇ ਹਨ। ਇਹਦੇ ਬਾਰੇ ਦੱਸੋ?

– ਸਤਨਾਮ ਸਿੰਘ ਜੀ, ਤੁਸੀਂ ਇਕੱਠੀ ਹੀ ਬੜੀ ਲੰਬੀ ਸਟੋਰੀ ਪੁੱਛ ਲਈ, ਖੈਰ ਮੈਂ ਇਸ ਦਾ ਜਵਾਬ ਥੋੜਾ ਕਰਕੇ ਸੰਖੇਪ ਵਿੱਚ ਦੇਣ ਦੀ ਕੋਸ਼ਿਸ਼ ਕਰਾਂਗਾ। ਪਹਿਲਾਂ ਤਾਂ ਮੈਂ ਤੁਹਾਡੇ ਸਵਾਲ ਦੇ ਦੂਜੇ ਹਿੱਸੇ ਦਾ ਜਵਾਬ ਦੇਵਾਂ, ਮੇਰਾ ਪਿੰਡ ਪੁਆਦੜਾ, ਜ਼ਿਲ੍ਹਾ ਜਲੰਧਰ, ਪਿਤਾ ਸਰਦਾਰ ਦਲੀਪ ਸਿੰਘ ਅਤੇ ਮਾਤਾ ਸਰਦਾਰਨੀ ਕਰਮ ਕੌਰ, ਜੋ ਸੁਤੰਤਰਤਾ ਸੰਗ੍ਰਾਮੀ ਸਨ। ਮੇਰਾ ਜਨਮ, ਪਿੰਡ ਹਰੀਪੁਰ ਮੇਰੇ ਨਾਨਕੇ ਘਰ ਅਕਤੂਬਰ 10, 1924 ਵਿੱਚ ਹੋਇਆ। ਉਂਝ ਮੈਂ ਆਪਣੇ ਬਚਪਨ ਵਿੱਚ ਬਹੁਤਾ ਸਮਾਂ ਆਪਣੇ ਨਾਨਕੀਂ ਹੀ ਰਿਹਾ ਕਿਉਂਕਿ ਪਿਤਾ ਜੀ ਤਾਂ ਬਹੁਤਾ ਸਮਾਂ ਜ਼ੇਲ੍ਹਾਂ ਵਿੱਚ ਹੀ ਰਹਿੰਦੇ ਸਨ। ਕਦੇ ਆ ਗਏ, ਕਦੇ ਚਲੇ ਗਏ। ਹਰੀਪੁਰ ਖ਼ਾਲਸਾ ਤੁਹਾਡੇ ਪਿੰਡਾਂ ਦੇ ਨੇੜੇ ਹੀ ਹੈ, ਸ਼ਾਇਦ ਤੁਸੀਂ ਦੇਖਿਆ ਵੀ ਹੋਵੇਗਾ। ਫ਼ਿਲੌਰ ਤੋਂ ਨੂਰਮਹਿਲ ਵੱਲ ਨੂੰ ਜਾਂਦਿਆਂ ਸੜਕ ਤੋਂ ਤਿੰਨ ਕੁ ਕਿਲੋਮੀਟਰ ਤੇ ਹੈ। ਮੇਰੀ ਇੱਕ ਭੈਣ ਸੀ ਜੋ ਕਿ ਤਿੰਨਾਂ ਸਾਲਾਂ ਦੀ ਉਮਰ ਵਿੱਚ ਨਮੂਨੀਏ ਨਾਲ ਬਿਮਾਰ ਹੋ ਕੇ ਗੁਜ਼ਰ ਗਈ ਸੀ। ਪਰ ਖੁਸ਼ਕਿਸਮਤੀ ਨਾਲ ਮੇਰੇ ਮਾਮਾ ਜੀ ਦੀਆਂ ਤਿੰਨ ਲੜਕੀਆਂ, ਮੇਰੀ ਮਾਸੀ ਜੀ ਦੀ ਇੱਕ ਬੇਟੀ ਅਤੇ ਬੇਟਾ, ਮੇਰੇ ਤਾਇਆ ਜੀ ਦੇ ਵੱਡੇ ਬੇਟਾ, ਬੇਟੀ ਨੂੰ (ਜਦੋਂ ਪਿਤਾ ਜੀ ਸਿਆਸਤ ਛੱਡ ਕੇ ਮੋਗੇ ਆ ਕੇ ਟੀਚਰ ਲੱਗ ਗਏ ਸਨ) ਮੇਰੇ ਪਿਤਾ ਜੀ ਨੇ ਆਪਣੇ ਕੋਲ ਲਿਆ ਕੇ ਰੱਖਿਆ ਤੇ ਪੜ੍ਹਾਇਆ। ਸਾਡਾ ਸਾਰਿਆਂ ਦਾ ਪਿਆਰ ਸਕੇ ਭੈਣਾਂ-ਭਰਾਵਾਂ ਨਾਲੋਂ ਵੀ ਵੱਧ ਹੈ। ਬਹੁਤੇ ਲੋਕਾਂ ਦਾ iਖ਼ਆਲ ਸੀ ਕਿ ਮੇਰੇ ਪਿਤਾ ਜੀ ਦਾ ਪ੍ਰੀਵਾਰ ਬਹੁਤ ਵੱਡਾ ਹੈ। ਅਸਲ ਵਿੱਚ ਮੇਰੇ ਪਿਤਾ ਜੀ ਸੁਧਾਰਵਾਦੀ ਸਨ, ਉਨ੍ਹਾਂ ਨੇ ਲੜਕੀਆਂ ਨੂੰ ਐਜੂਕੇਸ਼ਨ ਨਾ ਦੇਣ ਤੇ ਹੋਰ ਬੁਰਾਈਆਂ ਖ਼ਿਲਾਫ਼ ਕਾਫ਼ੀ ਅਵਾਜ਼ ਉਠਾਈ ਤੇ ਵਧ ਚੜ੍ਹ ਕੇ ਬੱਚਿਆਂ ਦੀ ਪੜ੍ਹਾਈ ਲਈ ਕੰਮ ਕੀਤਾ। ਉਨ੍ਹਾਂ ਦੀ ਦਿਲੀ ਖਾਹਿਸ਼ ਸੀ ਕਿ ਐਜੂਕੇਸ਼ਨ ਨਾਲ ਸਾਰੀਆਂ ਤਬਦੀਲੀਆਂ ਆਉਣ ਤੇ ਲੋਕਾਂ ਵਿੱਚ ਕ੍ਰਾਂਤੀ ਆਵੇਗੀ।

ਬਾਕੀ ਤੁਹਡੇ ਸਵਾਲ ਦਾ ਜਵਾਬ ਇਹ ਹੈ ਕਿ ਜਿਵੇਂ ਆਪਾਂ ਪਹਿਲਾਂ ਵੀ ਗੱਲ ਕਰਦੇ ਸੀ ਕਿ ਹਾਕੀ ਸੰਸਾਰਪੁਰ ਨਾਲ ਜੁੜੀ ਕਰਕੇ ਬਹੁਤ ਸਾਰੇ ਲੋਕਾਂ ਦੇ ਮਨ ਵਿੱਚ ਸੰਸਾਰ ਪੁਰ ਲਈ ਪਿਆਰ ਸਤਿਕਾਰ ਦੇ ਨਾਲ ਨਾਲ ਖ਼ਾਸ ਪ੍ਰਭਾਵ ਹੈ। ਭਾਵੇਂ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਬਹੁਤ ਸਾਰੇ ਹਾਕੀ ਖਿਡਾਰੀ ਸੰਸਾਰ ਪੁਰ ਦੇ ਅਤੇ ਨਾਲ ਲੱਗਦੇ ਪਿੰਡਾਂ ਤੋਂ ਵੀ ਰਹੇ ਹਨ। ਪਰ ਕਿਊਂਕਿ ਮੇਰੇ ਪਿਤਾ ਜੀ ਦੇਵ ਸਮਾਜ ਸਕੂਲ ਮੋਗਾ ਵਿਖੇ ਅਧਿਆਪਕ ਸਨ। ਸਾਡਾ ਪਰਿਵਾਰ ਵੀ ਉਨ੍ਹਾਂ ਦੇ ਨਾਲ ਸੀ। ਮੈਨੂੰ ਆਪਣੇ ਜਨਮ ਦਿਨ ਤੇ ਹਾਕੀ ਦਾ ਤੋਹਫ਼ਾ ਮਿiਲ਼ਆ ਜਿਸ ਨਾਲ ਮੈਂ ਹਾਕੀ ਨਾਲ ਅਤੇ ਹਾਕੀ ਮੇਰੇ ਨਾਲ ਜੁੜੀ ਇਹ ਮੋਗੇ ਦੀ ਮਿੱਟੀ ਦੀ ਹੀ ਕਰਾਮਾਤ ਹੈ, ਜਿੱਥੋਂ ਮੈਂ ਆਪਣਾ ਬਚਪਨ, ਸਕੂਲ ਅਤੇ ਹਾਕੀ ਨਾਲ ਇਸ਼ਕ ਹੋਇਆ ਇੱਥੋਂ ਹੀ ਮੈਂ ਮੇਰੀ ਜ਼ਿੰਦਗੀ ਦਾ ਟ੍ਰਨਿੰਗ ਪੁਆਂਟ ਹੈ। ਇਸ ਕਰਕੇ ਮੋਗੇ ਦਾ ਨਾਂ ਮੇਰੇ ਨਾਲ ਜੁੜਨਾ ਵੀ ਕੁਦਰਤੀ ਹੈ। ਹੋਰ ਵੀ ਬਲਬੀਰ ਸਿੰਘ ਨਾਂ ਦੇ ਖਿਡਾਰੀ ਹਾਕੀ ਖੇਡਦੇ ਰਹੇ ਹਨ ਪਰ ਮੈਂ ਉਨ੍ਹਾਂ ਨਾਲੋਂ ਉਮਰ ਵਿੱਚ ਵੱਡਾ ਤੇ ਪਹਿਲਾਂ ਖੇਡਦਾ ਕਰਕੇ ਮੈਂਨੂੰ ਬਹੁਤ ਲੋਕ ਬਲਬੀਰ ਸਿੰਘ ਸੀਨੀਅਰ ਕਰਕੇ ਜਾਣਨ ਲੱਗ ਪਏ।

ਯਾਦਾਂ ਦੀ ਗਠੜੀ ਵਿੱਚੋਂ ਕੁਝ

?.ਤੁਸੀਂ ਆਪਣੇ ਪਿਤਾ ਜੀ ਬਾਰੇ ਤੇ ਭੈਣ-ਭਰਾਵਾਂ ਬਾਰੇ ਤਾਂ ਦੱਸਿਆ। ਪਰ ਤੁਸੀਂ ਆਪਣੇ ਮਾਤਾ ਜੀ ਦੀ ਕੋਈ ਯਾਦ ਸਾਂਝੀ ਨਹੀਂ ਕੀਤੀ। ਕੀ  ਉਨ੍ਹਾਂ ਦੀ ਕੋਈ ਯਾਦ ਐਸ ਵੇਲੇ ਤੁਹਾਡੇ ਦਿਮਾਗ ਵਿੱਚ ਆ ਨਹੀਂ ਰਹੀ? ਮਾਤਾ ਜੀ ਦੀ ਕੋਈ ਯਾਦ ਵੀ ਸਾਂਝੀ ਕਰੋ?

-ਨਹੀਂ ਨਹੀਂ, ਐਹੋ ਜਿਹੀ ਕੋਈ ਗੱਲ ਨਹੀਂ, ਉਨ੍ਹਾਂ ਨਾਲ ਸੰਬੰਧਤ ਤਾਂ ਹਜ਼ਾਰਾਂ ਯਾਦਾਂ ਹੈਨ। ਮੇਰੀ ਮਾਤਾ ਜੀ ਦਾ ਮੇਰੀ ਜ਼ਿੰਦਗੀ ਵਿੱਚ ਬਹੁਤ ਹੀ ਮਹੱਤਵਪੂਰਨ ਰੋਲ ਹੈ, ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਪਿਤਾ ਜੀ ਤਾਂ ਦੇਸ਼ ਲਈ ਆਜ਼ਾਦੀ ਦੀ ਲੜਾਈ ਵਿੱਚ ਰੁੱਝੇ ਹੋਏ ਸਨ। ਮਾਤਾ ਜੀ ਨੇ ਇਕੱਲਿਆਂ ਨੇ ਘਰ ਦੀ ਦੇਖ-ਭਾਲ ਕਰਨੀ ਤੇ ਅੰਗਰੇਜ਼ੀ ਪੁਲੀਸ ਤੋਂ ਚੁਕੰਨੇ ਰਹਿ ਕੇ ਆਪਣੇ ਪਤੀ ਦਾ ਸਾਥ ਦੇਣਾ ਅਤੇ ਜੰਗੇ ਆਜ਼ਾਦੀ ਲਈ ਪ੍ਰਰੇਣਾ। ਇਹ ਸਭ ਬਹਾਦਰ ਮਾਤਾ ਜੀ ਦਾ ਹੀ ਕੰਮ ਸੀ। ਉਨ੍ਹਾਂ ਨਾਲ ਇੱਕ ਬਹੁਤ ਹੀ ਹਾਸੇ ਦੀ ਯਾਦਦਾਸ਼ਤ ਸਾਂਝੀ ਕਰਦਾ ਹਾਂ। ਜਦੋਂ ਮੇਰੇ ਪਿਤਾ ਜੀ ਮੋਗੇ ਦੇਵ ਸਮਾਜ ਸਕੂਲ ਵਿੱਚ ਆ ਕੇ ਪੜ੍ਹਾਉਣ ਲੱਗੇ ਤਾਂ ਉਨ੍ਹਾਂ ਨੇ ਮੇਰੇ ਮਾਤਾ ਜੀ, ਜੋ ਬਿਲਕੁਲ ਅਨਪੜ੍ਹ ਸਨ, ਨੂੰ ਅੱਠ ਜਮਾਤਾਂ ਤੱਕ ਘਰੇ ਹੀ ਪੜ੍ਹਾਇਆ। ਇੱਕ ਵਾਰ ਗਰਮੀਆਂ ਦੀਆਂ ਛੱਟੀਆਂ ਵਿੱਚ ਉਨ੍ਹਾਂ ਨੇ ਸਾਡੀਆਂ ਕਲਾਸਾਂ ਘਰ ਹੀ ਲਾ ਲੈਣੀਆਂ। ਇੱਕ ਦਿਨ ਸਾਡੀ ਸਾਰਿਆਂ ਭੈਣ ਭਰਾਵਾਂ ਦੀ ਕਲਾਸ ਲੱਗੀ ਹੋਈ ਸੀ ਤੇ ਪਿਤਾ ਜੀ ਨੇ ਮਾਤਾ ਜੀ ਨੂੰ ਵੀ ਕਿਹਾ ਕਿ ਤੁਸੀਂ ਵੀ ਨਾਲ ਹੀ ਬੈਠ ਜਾਓ। ਜਿਵੇਂ ਤੁਸੀਂ ਆਪ ਜਾਣਦੇ ਹੋ ਕਿ ਛੁੱਟੀਆਂ ਵਿੱਚ ਬੱਚਿਆਂ ਨੂੰ ਤਾਂ ਲਾਲਚ ਸਿਰਫ਼ ਖੇਡਣ ਦਾ ਹੀ ਹੁੰਦਾ ਹੈ, ਪੜ੍ਹਾਈ ਤਾਂ ਬੱਧੇ ਰੁੱਧੇ ਹੀ ਕਰਦੇ ਹਨ। ਉਹ ਗੱਲ ਇਸ ਤਰ੍ਹਾਂ ਹੋਈ ਕਿ ਸਾਨੂੰ ਤਾਂ ਭੁੱਖ ਲੱਗੀ ਹੋਈ ਸੀ ਤੇ ਅਸੀਂ ਮਾਤਾ ਜੀ ਨੂੰ ਇਸ਼ਾਰੇ ਕਰੀਏ ਕੁਝ ਖਾਣ ਲਈ ਬਣਾਓ। ਉੱਧਰ ਪਿਤਾ ਜੀ ਨੇ ਮਾਤਾ ਜੀ ਨੂੰ ਹਿਸਾਬ ਦਾ ਸਵਾਲ ਪਾ ਦਿੱਤਾ ਕਿ ਇੰਨੇ ਘੋੜੇ ਤੇ ਇੰਨੀਆਂ ਗਊਆਂ ਹਨ ਤੇ ਐਨਾ ਚਾਰਾ ਗਊਆਂ ਖਾਂਦੀਆਂ ਹਨ ਤੇ ਐਨਾ ਘੋੜੇ ਖਾਂਦੇ ਹਨ ਤੇ ਤੁਸੀਂ ਗਊਆਂ ਦੇ ਘੋੜੇ ਬਣਾਓ। ਰਹਿਮ ਦਿਲ ਮਾਤਾ ਜੀ ਤੋਂ ਇੱਕ ਤਾਂ ਬੱਚਿਆਂ ਦੀ ਭੁੱਖ ਨਾ ਸਹਾਰ ਹੋਵੇ, ਦੂਸਰਾ ਹਿਸਾਬ ਦੇ ਸਵਾਲਾਂ ਨੇ ਬੋਰ ਕਰ ਦਿੱਤਾ ਤਾਂ ਗੁੱਸੇ ਹੋ ਗਏ ਕਹਿੰਦੇ, “ਮੈਂ ਨਹੀਂ ਪੜ੍ਹਨਾ, ਮੈਂ ਤਾਂ ਲੱਗੀ ਬੱਚਿਆਂ ਨੂੰ ਖਾਣਾ ਦੇਣ, ਇੱਧਰ ਬੱਚੇ ਭੁੱਖ ਨਾਲ ਤੜਫ ਰਹੇ ਹਨ ਤੇ ਇਹ ਗਊਆਂ ਤੋਂ ਘੋੜੇ ਤੇ ਘੋੜਿਆਂ ਤੋਂ ਗਊਆਂ ਬਣਾਉਣ ਲੱਗੇ ਹੋਏ ਹਨ।” ਮਾਤਾ ਜੀ ਦੀ ਇਹ ਖ਼ਾਸੀਅਤ ਸੀ ਕਿ ਉਨ੍ਹਾਂ ਦਾ ਹਿੰਦੀ ਦਾ ਹੈਂਡਰਾਈਟਿੰਗ ਬਹੁਤ ਹੀ ਖੂਬਸੂਰਤ ਸੀ, ਜਦੋਂ ਕਿਧਰੇ ਸਕੂਲਾਂ ਦੀ ਇੰਸਪੈਕਸ਼ਨ ਕਰਨ ਡੀ. ਓ. ਵਗੈਰਾ ਨੇ ਆਉਣਾ ਤਾਂ ਸਾਡੇ ਸਕੂਲ ਵਾਲੇ ਮੇਰੇ ਮਾਤਾ ਜੀ ਤੋਂ ਮਾਟੋ ਲਿਖਾ ਕੇ ਕੰਧਾਂ ਤੇ ਟੰਗਿਆ ਕਰਦੇ ਸਨ। ਉਨ੍ਹਾਂ ਨੇ ਸਾਨੂੰ ਰੱਜਵਾਂ ਪਿਆਰ ਦਿੱਤਾ। ਮੇਰੇ ਮਾਮੇ, ਮਾਸੀਆਂ, ਤਾਇਆ ਜੀ ਦੇ ਬੱਚੇ ਮੇਰੇ ਪਿਤਾ ਜੀ ਕੋਲ ਹੀ ਪੜ੍ਹ ਕੇ ਆਪੋ ਆਪਣੇ ਥਾਂ ਚੰਗੀਆਂ ਜੌਬਾਂ ਤੇ ਗਏ। 

ਇੱਕ ਹੋਰ ਉਨ੍ਹਾਂ ਦੇ ਪਿਆਰ ਦੀ ਗੱਲ ਇਹ ਦੱਸਣੀ ਚਾਹੁੰਦਾ ਹਾਂ ਕਿ ਮੇਰੀ ਮਾਸੀ ਦੀ ਲੜਕੀ ਤੇ ਇੱਕ ਲੜਕਾ ਸੀ। ਮਾਸੜ ਜੀ ਮਿਲਟਰੀ ਵਿੱਚ ਸਨ, ਉਹ ਫੌਜ ਵਿੱਚੋਂ ਆ ਗਏ ਸਨ ਤੇ ਬਾਰ ਵਿੱਚ ਆਪਣੀ ਜ਼ਮੀਨ ਵਗੈਰਾ ਦੇਖਣ ਚਲੇ ਗਏ। ਮਾਸੀ ਜੀ ਦੀ ਲੜਕੀ ਉਦੋਂ ਬਹੁਤ ਛੋਟੀ ਸੀ ਤਾਂ ਮੇਰੇ ਮਾਸੀ ਜੀ ਗੁਜ਼ਰ ਗਏ। ਉਹ ਲੜਕੀ ਮੇਰੇ ਮਾਤਾ ਜੀ ਦੇ ਕੋਲ ਰਹੀ, ਹੁਣ ਅੱਜ ਕੱਲ੍ਹ ਇੰਗਲੈਂਡ ਵਿੱਚ ਰਹਿੰਦੇ ਹਨ। ਮੇਰੀ ਮਾਸੀ ਦਾ ਇੱਕ ਲੜਕਾ ਸ੍ਰ. ਦਰਸ਼ਣ ਸਿੰਘ ਪਿੰਡ ਕਾਨ੍ਹਾ ਢੇਸੀਆਂ ਜੋ (ਜਲੰਧਰ) ਹੈੱਡਮਾਸਟਰ ਰਿਟਾਇਰ ਹੋਏ ਹਨ। ਉਹ ਅੱਜ-ਕੱਲ੍ਹ ਪਿੰਡ ਹੀ ਰਹਿੰਦੇ ਹਨ, ਬਹੁਤ ਹੀ ਨੇਕ ਇਨਸਾਨ ਹਨ। ਤੁਹਾਡੇ ਨੇੜੇ ਦੇ ਹੀ ਹਨ ਸ਼ਾਇਦ ਤੁਸੀਂ ਜ਼ਿਆਦਾ ਜਾਣਦੇ ਹੋਵੋਗੇ ਮੇਰੇ ਨਾਲੋਂ ਵੀ ਵੱਧ। ਸੋ ਉਸ ਨਿੱਕੀ ਭੈਣ ਨਾਲ ਮੇਰਾ ਬਹੁਤ ਪਿਆਰ ਹੈ। ਮੈਂ ਜਦੋਂ ਵੀ ਇੰਡੀਆ ਤੋਂ ਕੈਨੇਡਾ ਆਵਾਂ ਜਾਂ ਇੱਧਰੋਂ ਉੱਧਰ ਜਾਵਾਂ, ਮੈਂ ਜ਼ਰੂਰ ਉਨ੍ਹਾਂ ਕੋਲ ਠਹਿਰਦਾ ਹਾਂ। ਉਂਝ ਤਾਂ ਪਿਆਰ ਭਾਵੇਂ ਸਾਰੇ ਭੈਣਾਂ ਭਰਾਵਾਂ ਨਾਲ ਹੈ, ਪਰ ਇਸ ਨਾਲ ਮੈਨੂੰ ਕੁਝ ਜ਼ਿਆਦਾ ਹੀ ਮੋਹ ਜਿਹਾ ਆਉਂਦਾ ਹੈ। ਇਹ ਸਭ ਕੁਝ ਮੇਰੇ ਮਾਤਾ ਜੀ ਦੇ ਨਿੱਘੇ ਤੇ ਪਿਆਰ ਭਰੇ ਸੁਭਾਓ ਕਰਕੇ ਹੀ ਸੀ। ਹੋਰ ਤਾਂ ਤੁਹਾਨੂੰ ਪਤੈ ਅੱਜ ਕੱਲ੍ਹ ਤਾਂ ਲੋਕਾਂ ਤੋਂ ਆਪਣੇ ਬੱਚੇ ਹੀ ਨਹੀਂ ਸਾਂਭੇ ਜਾਂਦੇ ਤੇ ਨਾ ਹੀ ਬੱਚੇ ਆਪਣੇ ਵੱਡਿਆਂ ਨੂੰ ਓਨਾ ਪਿਆਰ ਸਤਿਕਾਰ ਦਿੰਦੇ ਹਨ। ਇਹ ਕੁਝ ਕੁ ਮੇਰੀਆਂ ਯਾਦਾਂ ਹਨ, ਮੇਰੇ ਮਾਤਾ ਜੀ ਬਾਰੇ। ਮੈਨੂੰ ਹਾਕੀ ਵਿੱਚ ਆਉਣ ਲਈ ਪ੍ਰੇਰਨਾ ਵੀ ਪਿਤਾ ਜੀ ਨਾਲੋਂ ਵੱਧ ਮਾਤਾ ਜੀ ਦੀ ਸੀ। ਪਿਤਾ ਜੀ ਤਾਂ ਪੜ੍ਹਾਈ ਵੱਲ ਜ਼ਿਆਦਾ ਜ਼ੋਰ ਦਿੰਦੇ ਸਨ, ਬਾਅਦ ਵਿੱਚ ਭਾਵੇਂ ਉਨ੍ਹਾਂ ਦੇਖਿਆ ਕਿ ਮੈਂ ਹਾਕੀ ‘ਚ ਚੰਗਾ ਚੱਲ ਸਕਦਾ ਹਾਂ ਤਾਂ ਕਾਫ਼ੀ ਹੌਸਲਾ ਦਿੱਤਾ। ਪਰ ਮਾਤਾ ਜੀ ਦੀ ਪਹਿਲੀ ਪ੍ਰੇਰਨਾ ਸਦਕਾ ਹੀ ਮੇਰਾ ਲਗਾਓ ਵਧਿਆ।

?. ਆਪਣੇ ਬਚਪਨ ਦੀ ਕੋਈ ਹੋਰ ਯਾਦ, ਜੋ ਅੱਜ ਵੀ ਉਸੇ ਰੂਪ ਵਿੱਚ ਤੁਹਾਡੇ ਮਨ ਨੂੰ ਹੁਲਾਸ ਦਿੰਦੀ ਹੋਵੇ ਸਾਂਝੀ ਕਰਨਾ ਚਾਹੋਗੇ?

-ਅੱਜ ਜਦੋਂ ਮੈਂ ਪਿੱਛੇ ਝਾਤੀ ਮਾਰਦਾ ਹਾਂ ਤਾਂ ਮੈਨੂੰ ਆਪਣਾ ਨਾਨਕਾ ਪਿੰਡ ਹਰੀਪੁਰ ਯਾਦ ਆ ਜਾਂਦਾ ਹੈ, ਜਿੱਥੇ ਮੈਂ ਹੋਰ ਮੁੰਡਿਆਂ ਨੂੰ ਖਿਦੋ ਖੂੰਡੀ ਖੇਡਦੇ ਦੇਖੇ ਸਨ। ਇਸ ਦੇ ਨਾਲ ਹੀ ਮੋਗੇ ਸਕੂਲ ਦਾ ਗਰਾਂਉਡ ਜਿੱਥੇ ਮੈਂ ਸਕੂਲ ਦੇ ਮੁੰਡਿਆਂ ਨੂੰ ਹਾਕੀ ਖੇਡਦੇ ਦੇਖ ਕੇ ਹਾਕੀ ਨਾਲ ਏਨਾ ਇਸ਼ਕ ਹੋਇਆ ਕਿ ਮੈਨੂੰ ਧੁੱਪ ਛਾਂਅ ਦੀ ਵੀ ਸੁਰਤ ਨਾ ਰਹਿੰਦੀ। ਓਥੇ ਰਹਿੰਦਿਆਂ ਮੇਰੇ ਜਨਮ ਦਿਨ ਤੇ ਮਿਲੇ ਹਾਕੀ ਦੇ ਤੋਹਫ਼ੇ ਨੇ ਮੈਨੂੰ ਹਮੇਸ਼ਾ ਲਈ ਹਾਕੀ ਨਾਲ ਐਸਾ ਜੋੜਿਆ ਕਿ ਮੈਂ ਤਾਂ ਹਾਕੀ ਅੱਜ ਤੱਕ ਇਕੱਠੇ ਹਾਂ। ਇਹ ਯਾਦ ਮੈਨੂੰ ਏਨਾ ਮਾਨਸਿਕ ਆਨੰਦ ਦਿੰਦੀ ਹੈ ਕਿ ਮੈਂ ਤੁਹਾਨੂੰ ਸ਼ਬਦਾਂ ਵਿੱਚ ਬਿਆਨ ਕਰ ਨਹੀਂ ਸਕਦਾ।

ਬਚਪਨ ਦੀ ਇੱਕ ਹੋਰ ਯਾਦ ਵੀ ਸਾਂਝੀ ਕਰਨਾ ਚਾਹਾਂਗਾ ਜਿਸ ਦਾ ਮੇਰੀ ਜਿੰਦਗੀ ਬਹੁਤ ਵੱਡਾ ਰੋਲ ਹੈ। ਇਹ ਗੱਲ ਇਸ ਤਰ੍ਹਾਂ ਹੋਈ ਕਿ ਮੇਰੇ ਮਾਤਾ ਜੀ ਮੋਗੇ ਤੋਂ ਹਰੀਪੁਰ ਗਏ ਹੋਏ ਸਨ। ਉਨ੍ਹਾਂ ਨੇ ਕੁਝ ਸਮਾਂ ਹਰੀਪੁਰ ਰਹਿਣਾ ਸੀ। ਉਨ੍ਹਾਂ ਦੇ ਪਿੱਛੋਂ ਮੈਂ ਸ਼ਿਰਾਰਤਾਂ ਕਰਦੇ ਨੇ ਆਪਣੀ ਕੂਹਣੀ ‘ਤੇ ਸੱਟ ਲਗਵਾ ਲਈ ਪਰ ਪਿਤਾ ਜੀ ਤੋਂ ਡਰਦਿਆਂ ਉਨ੍ਹਾਂ ਨੁੰ ਨਾ ਦੱਸਿਆ। ਬਾਂਹ ਮੇਰੀ ਸੁੱਜ ਗਈ ਪਰ ਮੈਂ ਝੱਗੇ ਆਪਣੀ ਨਾਲ ਬਾਂਹ ਢਕੀ ਰੱਖੀ। ਉਨ੍ਹਾਂ ਦਿਨਾਂ ਵਿੱਚ ਮੇਰੀ ਨਿੱਕੀ ਭੈਣ ਦਾ ਜਨਮ ਹੋਇਆ ਸੀ। ਜਦੋਂ ਅਸੀਂ ਹਰੀਪੁਰ ਨਿੱਕੀ ਭੈਣ ਨੂੰ ਦੇਖਣ ਗਏ ਤਾਂ ਮੇਰੀ ਮਾਤਾ ਜੀ ਨੇ ਦੇਖਿਆ ਕਿ ਮੈਂ ਸੱਜੇ ਹੱਥ ਨਾਲ ਰੋਟੀ ਖਾਣ ਦੀ ਵਜਾਏ ਖੱਬੇ ਹੱਥ ਨਾਲ ਖਾਂਦਾ ਹਾਂ। ਉਨ੍ਹਾਂ ਮੈਨੂੰ ਪਿਆਰ ਨਾਲ ਪੁੱਛਿਆ ਤਾਂ ਮੈਂ ਦੱਸ ਦਿੱਤਾ ਕਿ ਮੇਰੇ ਸੱਟ ਲੱਗ ਗਈ ਸੀ। ਮਾਂ ਨੇ ਮੇਰੀ ਨਾਨੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੇ ਗੁਆਂਢ ਹੀ ਇੱਕ ਸਿਆਣੀ ਬਜ਼ੁਰਗ ਮਾਈ ਸੀ, ਜਿਸ ਨੂੰ ਜੋੜਾਂ, ਹੱਡੀਆਂ ਦੀ ਕਾਫ਼ੀ ਜਾਚ ਸੀ। ਮੈਨੂੰ ਉਹਦੇ ਕੋਲ ਲੈ ਗਏ ਉਹਨੇ ਮੇਰੀ ਕੂਹਣੀ ਨੂੰ ਟੋਹਿਆ, ਦੇਖਿਆ ਤੇ ਇੱਕ ਹੁਝਕੇ ਨਾਲ ਨਿਕਲਿਆ ਜੋੜ ਥਾਂ ਸਿਰ ਕਰਕੇ ਮਾਲਿਸ਼ ਕਰਨ ਨੂੰ ਕੋਈ ਸਪੈਸ਼ਲ ਤੇਲ ਦੇ ਦਿੱਤਾ, ਕੁਝ ਦਿਨਾਂ ਵਿੱਚ ਕੂਹਣੀ ਠੀਕ ਹੋ ਗਈ। ਹੁਣ ਮੈਂ ਸੋਚਦਾ ਕਿ ਜੇਕਰ ਸਮੇਂ ਸਿਰ ਇਲਾਜ ਨਾ ਹੁੰਦਾ ਤਾਂ ਮੈਂ ਕਦੇ ਵੀ ਹਾਕੀ ਨਾ ਖੇਡ ਸਕਦਾ। ਹਾਕੀ ਕੈਰੀਅਰ  ਖ਼ਤਮ ਹੋ ਜਾਣਾ ਸੀ। ਮਾਤਾ ਜੀ ਦੇ ਨਾਲ ਓਸ ਬਜ਼ੁਰਗ ਮਾਈ ਦਾ ਵੀ ਬਹੁਤ ਯੋਗਦਾਨ ਹੈ ਜਿਸ ਨੇ ਮੈਨੂੰ ਰੱਦੀ ਹੋਣ ਤੋਂ ਬਚਾ ਲਿਆ। ਸੋ ਸਤਨਾਮ ਜੀ, ਇਹੋ ਜਿਹੀਆਂ ਯਾਦਾਂ ਹਮੇਸ਼ਾਂ ਤੁਹਾਡੇ ਨਾਲ ਰਹਿੰਦੀਆਂ ਹਨ। 

ਪੰਜਾਬ ਵਿੱਚ ਹਾਕੀ ਅਤੇ ਬਲਬੀਰ ਸਿੰਘ ਦਾ ਹਾਕੀ ਨਾਲ ਇਸ਼ਕ

?. ਸ੍ਰ. ਬਲਬੀਰ ਸਿੰਘ ਜੀ, ਇਸ ਤੋਂ ਪਹਿਲਾਂ ਕਿ ਆਪਾਂ ਤੁਹਡੇ ਜੀਵਨ ਬਾਰੇ, ਤੁਹਾਡਾ ਹਾਕੀ ਨਾਲ ਇਸ਼ਕ ਅਤੇ ਹੋਰ ਦਿਲਚਸਪ ਗੱਲਾਂ ਕਰੀਏ। ਇਸ ਤੋਂ ਪਹਿਲਾਂ ਇਹ ਦੱਸੋ ਕਿ ਪੰਜਾਬ, ਭਾਰਤ ਵਿੱਚ ਹਾਕੀ ਕਦੋਂ ਆਈ? ਅਤੇ ਕਿਸ ਤਰ੍ਹਾਂ ਪਲਰੀ?

-ਪਹਿਲਾਂ ਤਾਂ ਜਿਹੜੀ ਗੱਲ ਤੁਸੀਂ ਪੰਜਾਬ ਅਤੇ ਭਾਰਤ ਵਿੱਚ ਹਾਕੀ ਦੀ ਆਮਦ ਬਾਰੇ ਪੁੱਛੀ ਹੈ, ਇਹ ਵੀ ਬੜੀ ਦਿਲਚਸਪ ਕਹਾਣੀ ਹੈ। ਗੱਲ ਇਸ ਤਰ੍ਹਾਂ ਹੈ ਕਿ ਇੰਡੀਆ ਵਿੱਚ ਹਾਕੀ ਦੀ ਖੇਡ ਅੰਗਰੇਜ਼ ਹੀ ਲੈ ਕੇ ਆਏ ਸਨ। 19ਵੀਂ ਸਦੀ ਦੇ ਆਖ਼ਰੀ ਦਹਾਕਿਆਂ ਵਿੱਚ  ਪਹਿਲਾਂ ਪਹਿਲਾਂ ਹਾਕੀ ਫ਼ੌਜੀ ਛਾਉਣੀਆਂ ਵਿੱਚ ਖੇਡੀ ਜਾਣ ਲੱਗੀ। 1885 ਵਿੱਚ ਕਲਕੱਤੇ ਵਿੱਚ ਹਾਕੀ ਕਲੱਬ ਬਣਨੇ ਸ਼ੁਰੂ ਹੋਏ। 1895 ਵਿੱਚ ਪਹਿਲਾ ਹਾਕੀ ਟੂਰਨਾਮੈਂਟ ਹੋਇਆ ਜਿਸ ਦਾ ਨਾਂ ‘ਬਾਈਟਨ ਕੱਪ’ ਰੱਖਿਆ ਗਿਆ। ਫੇਰ 1896 ਵਿੱਚ ਬੰਬਈ ਦਾ ਆਗਾ ਖ਼ਾ ਹਾਕੀ ਟੂਰਨਾਮੈਂਟ ਸ਼ੁਰੂ ਹੋਇਆ। 1903 ਵਿੱਚ ਹਾਕੀ ਪੰਜਾਬ ਯੂਨੀਵਰਸਿਟੀ ਦੇ ਖੇਡ ਮੁਕਬਲਿਆਂ ਵਿੱਚ ਸ਼ਾਮਲ ਕੀਤੀ ਗਈ। ਲਾਹੌਰ ਦੇ ਲਾਰੰਸ ਗਾਰਡਨ ਵਿੱਚ ਹੌਟ ਵੈਧਰ ਹਾਕੀ ਟੂਰਨਾਮੈਂਟ ਸ਼ੂਰੂ ਹੋ ਗਿਆ। ਫੇਰ 1908 ਵਿੱਚ ਬੰਗਾਲ ਹਾਕੀ ਐਸੋਸੀਏਸ਼ਨ ਬਣੀ। ਪੰਜਾਬ ਹਾਕੀ ਐਸੋਸੀਏਸ਼ਨ 1924 ਵਿੱਚ ਬਣੀ। 1928 ਵਿੱਚ ਇੰਡੀਆ ਦਾ ਪਹਿਲਾ ਅੰਤਰਰਾਜੀ ਹਾਕੀ ਟੂਰਨਾਮੈਂਟ ਹੋਇਆ, ਜਿਸ ਵਿੱਚ ਪੰਜਾਬ ਦੀ ਟੀਮ ਨੇ ਭਾਗ ਲਿਆ। ਪੰਜਾਬ ਦੇ ਤਿੰਨ ਖਿਡਾਰੀ ਇੰਡੀਆ ਟੀਮ ਲਈ ਚੁਣੇ ਗਏ। ਭਾਰਤੀ ਹਾਕੀ ਟੀਮ ਐਮਸਟਰਡਮ ਤੋਂ ਓਲੰਪਿਕ ਖੇਡਾਂ ਦਾ ਪਹਿਲਾ ਗੋਲਡ ਮੈਡਲ ਜਿੱਤੀ। ਇੱਕ ਹੋਰ ਗੱਲ ਤੁਹਾਡੀ ਜਾਣਕਾਰੀ ਲਈ ਦੱਸ ਦਿਆਂ ਕਿ ਪੰਜਾਬ ਦੀ ਹਾਕੀ ਟੀਮ ਵਿੱਚ ਬਹੁਤ ਸਾਰੇ ਖਿਡਾਰੀ ਪੰਜਾਬ ਦੇ ਕਾਲਜਾਂ ਯੁਨੀਵਰਸਿਟੀਆਂ ਵਿੱਚੋਂ ਹੀ ਹਾਕੀ ਵਿੱਚ ਗਏ।

ਅੰਤਰਰਾਜੀ ਹਾਕੀ ਟੂਰਨਾਮੈਂਟ ਜਿਸ ਦਾ ਨਾਂ ਬਾਅਦ ਵਿੱਚ ਨੈਸ਼ਨਲ ਹਾਕੀ ਚੈਂਪੀਅਨਸ਼ਿਪ ਰੱਖ ਦਿੱਤਾ ਗਿਆ। 1928 ਤੋਂ 1944 ਤੱਕ ਇਹ ਹਰ ਦੋ ਸਾਲ ਹੁੰਦੀ ਰਹੀ। 1945 ਤੋਂ ਇਹ ਹਰ ਸਾਲ ਹੋਣ ਲੱਗੀ। ਖੁਸ਼ੀ ਦੀ ਗੱਲ ਇਹ ਕਿ ਪੰਜਾਬ ਦੀ ਹਾਕੀ ਟੀਮ ਨੇ ਇਹ ਚੈਪੀਅਨਸ਼ਿਪ ਤਿੰਨ ਵਾਰ (1932, 1946, 1947) ਜਿੱਤੀ। ਢਾਅ ਜੀ, 1935 ਵਿੱਚ ਭਾਰਤੀ ਹਾਕੀ ਟੀਮ ਨਿਊਜ਼ੀਲੈਂਡ ਦੇ ਦੌਰੇ ਤੇ ਗਈ, ਉਸ ਵਿੱਚ ਪੰਜਾਬ ਦੇ ਤਿੰਨ ਖਿਡਾਰੀ ਹਰਬੇਲ ਸਿੰਘ, ਰਸ਼ੀਦ ਅਤੇ ਨਈਅਮ ਸ਼ਾਮਲ ਸਨ। ਓਥੇ ਮਾਣ ਵਾਲੀ ਗੱਲ ਇਹ ਹੋਈ ਕਿ ਨਿਊਜ਼ੀਲੈਂਡ ਵਿੱਚ ਮੌਰਿਸ ਲੋਕ ਵੀ ਰਹਿੰਦੇ ਹਨ, ਜੋ ਆਪਣਾ ਪਿਛੋਕੜ ਇੰਡੀਆ ਨਾਲ ਜੋੜਦੇ ਹਨ। ਉਨ੍ਹਾਂ ਦੇ ਵੱਡ-ਵਡੇਰੇ ਮਲਾਹ ਸਨ ਅਤੇ ਸਮੁੰਦਰ ਰਾਹੀਂ ਕੀਵੀ ਟਾਪੂਆਂ ਵਿੱਚ ਚਲੇ ਗਏ ਸਨ। ਪਰ ਉਨ੍ਹਾਂ ਨੇ ਆਪਣੇ ਪਿਛੋਕੜ ਨੂੰ ਭੁਲਾਇਆ ਨਹੀਂ। ਉਨ੍ਹਾਂ ਨੇ ਭਾਰਤੀ ਟੀਮ ਨਾਲ ਅਪੱਣਤ ਨਾਲ ਭਾਰਤੀ ਟੀਮ ਨੂੰ ਬਹੁਤ ਹੀ ਵਧੀਆ ਮੌਰਿਸ ਸ਼ੀਲਡ ਭੇਟ ਕੀਤੀ ਬਾਅਦ ਵਿੱਚ ਉਹੀ ਸ਼ੀਲਡ ਫੇਰ ਨੈਸ਼ਨਲ ਹਾਕੀ ਦੀ ਔਫੀਸ਼ੀਲ ਟਰਾਫੀ ਬਣ ਗਈ।

ਭਾਰਤ ਅਜ਼ਾਦ ਹੋਣ ਤੋਂ ਬਾਅਦ ਸਰ ਜੋਨ੍ਹ ਬੈਨਟ ਜੋ ਭਾਰਤੀ ਹਾਕੀ ਦਾ ਪ੍ਰਧਾਨ ਸੀ ਅਤੇ ਜਿਹਨੇ ਮੈਨੂੰ ਦਿੱਲੀ ਤੋਂ ਗ੍ਰਿਫ਼ਤਾਰ ਕਰਕੇ ਲਿਆ ਕੇ ਜਬਰੀ ਹਾਕੀ ਵਿੱਚ ਭਰਤੀ ਕੀਤਾ ਸੀ, ਉਹ ਇੰਗਲੈਂਡ ਚਲਾ ਗਿਆ। ਉਸ ਦੀ ਥਾਂ ਸੰਤ ਪ੍ਰਕਾਸ਼ ਸਿੰਘ ਪੰਜਾਬ ਪੁਲੀਸ ਦਾ ਆਈ. ਜੀ. ਬਣਿਆ। ਦੇਸ਼ ਦੀ ਵੰਡ ਹੋਣ ਨਾਲ ਹਾਕੀ ਦੇ ਕੁਝ ਖਿਡਾਰੀ ਪਕਿਸਤਾਨ ਚਲੇ ਗਏ। ਕੁਝ ਨੂੰ ਨੌਕਰੀਆਂ ਮਿਲ਼ ਗਈਆਂ ਕੁਝ ਉਚੇਰੀ ਪੜਾਈ ਲਈ ਅਮਰੀਕਾ ਚਲੇ ਗਏ। ਨਵੀਂ ਪੰਜਾਬ ਹਾਕੀ ਐਸੋਸੀਏਸ਼ਨ ਦੀ ਲੋੜ ਬਣ ਗਈ। ਹਾਕੀ ਪ੍ਰੇਮੀ ਪੁਲੀਸ ਅਫ਼ਸਰ ਅਸ਼ਵਨੀ ਕਮਾਰ ਅੰਬਾਲੇ ਪਲਿਸ ਕਪਤਾਨ ਲੱਗਾ ਹੋਇਆ ਸੀ। 1947 ਤਾਂ ਰੌਲੇ ਰੱਪੇ ਵਿੱਚ ਹੀ  ਲੰਘ ਗਿਆ ਅਪ੍ਰੈਲ 1948 ਵਿੱਚ ਅੰਬਾਲੇ ਵਿੱਚ ਇੱਕ ਮੀਟਿੰਗ ਰੱਖੀ ਗਈ। ਉਸ ਵਿੱਚ ਸੰਤ ਪ੍ਰਕਾਸ਼ ਸਿੰਘ ਨੂੰ ਚੜ੍ਹਦੇ ਪੰਜਾਬ ਦਾ ਹਾਕੀ ਐਸੋਸੀਏਸ਼ਨ ਦਾ ਪ੍ਰਧਾਨ, ਅਸ਼ਵਨੀ ਕਮਾਰ ਨੂੰ ਕਾਰਜਕਾਰੀ ਕਮੇਟੀ ਦਾ ਚੇਅਰਮੈਨ, ਏ. ਆਰ. ਖੰਨਾ ਅਤੇ ਏਰੀਆ ਕਮਾਂਡਰ ਅੰਬਾਲਾ ਨੂੰ ਮੀਤ ਪ੍ਰਧਾਨ, ਆਰ. ਡੀ. ਭੱਲਾ ਨੂੰ ਆਨਰੇਰੀ ਸੈਕਟਰੀ, ਐੱਮ. ਐੱਲ. ਕਪੂਰ ਨੂੰ ਖ਼ਜ਼ਾਨਚੀ ਅਤੇ ਬੀ. ਐੱਲ. ਗੁਪਤਾ ਨੂੰ ਆਨਰੇਰੀ ਅਸਿਸਟੈਂਟ ਸੈਕਟਰੀ ਚੁਣਿਆ ਗਿਆ। ਮੈਂ ਉਨ੍ਹਾਂ ਦਿਨਾਂ ਵਿੱਚ ਏ. ਐੱਸ. ਆਈ ਤੋਂ ਪ੍ਰਮੋਟ ਹੋ ਕੇ ਐੱਸ ਆਈ ਬਣ ਗਿਆ ਸੀ। ਮੇਰੀ ਬਦਲੀ ਫ਼ਿਰੋਜ਼ਪੁਰ ਹੋ ਗਈ। ਉਨ੍ਹਾਂ ਦਿਨਾਂ ਵਿੱਚ ਫ਼ਿਰੋਜ਼ਪੁਰ ਹਾਕੀ ਦਾ ਗੜ੍ਹ ਮੰਨਿਆ ਜਾਂਦਾ ਸੀ। ਮੈਨੂੰ ਫ਼ਿਰੋਜ਼ਪੁਰ ਵਿੱਚ ਹਾਕੀ ਖੇਡਣ ਦਾ ਚੰਗਾ ਮਹੌਲ ਮਿਲ ਗਿਆ। ਗਿਆਨ ਸਿੰਘ ਕਾਹਲੋਂ, ਫ਼ਿਰੋਜ਼ਪੁਰ ਦੇ ਡਿਪਟੀ ਕਮੀਸ਼ਨਰ ਜੋ ਬਾਅਦ ਵਿੱਚ ਪੰਜਾਬ ਦੇ ਮੁੱਖ ਸਕੱਤਰ ਵੀ ਰਹੇ। ਉਹ ਕਾਲਜ ਪੜ੍ਹਦੇ ਹਾਕੀ ਖੇਡਦੇ ਰਹੇ ਸਨ। ਉਨ੍ਹਾਂ ਕੋਲ ਕੈਂਬਰਿਜ਼ ਯੂਨੀਵਰਸਿਟੀ ਦਾ ਕਲਰ ਸੀ। ਜਦੋਂ ਵੀ ਉਨ੍ਹਾਂ ਨੂੰ ਵੇਹਿਲ ਮਿਲਦੀ ਮੇਰੇ ਨਾਲ ਹਾਕੀ ਖੇਡਦੇ। ਉਨ੍ਹਾਂ ਕੋਲ਼ ਇੱਥੇ ਏ. ਕੇ. ਕੌਲ ਸੀਨੀਅਰ ਪੁਲਿਸ ਕਪਤਾਨ ਸੀ, ਜਿਸ ਨੂੰ ਵੀ ਹਾਕੀ ਵਿੱਚ ਬਹੁਤ ਜ਼ਿਆਦਾ ਦਿਲਚਸਪੀ ਸੀ। ਉਹ ਮੈਨੂੰ ਹਾਕੀ ਖੇਡਣ ਲਈ ਪੁਲੀਸ ਦੀਆਂ ਜ਼ਿੰਮੇਵਾਰੀਆਂ ਤੋਂ ਛੋਡ ਵੀ ਦਿੰਦੇ ਸੀ। ਇੱਥੇ ਹਾਕੀ ਦੇ ਕਈ ਕਲੱਬ ਸਨ। ਹਾਕੀ ਦਾ ਵੈਟਰਨ ਧਿਆਨ ਚੰਦ ਵੀ ਫ਼ਿਰੋਜ਼ਪੁਰ ਛਾਉਣੀ ਵਿੱਚ ਹਾਕੀ ਖੇਡਦਾ ਸੀ। ਇਸੇ ਕਰਕੇ ਮੈਨੂੰ ਆਪਣੇ ਰੋਲ ਮਾਡਲ ਧਿਆਨ ਚੰਦ ਦੇ ਵਿਰੁਧ ਖੇਡਣ ਦਾ ਵੀ ਮੌਕਾ ਮਿਲਿ਼ਆ। ਗੱਲ ਕੀ ਮੈਨੂੰ ਆਪਣੀ ਹਾਕੀ ਦੀ ਗੇਮ ਨੂੰ ਨਿਖਾਰਨ ਅਤੇ ਪ੍ਰੈਕਟਿਸ ਕਰਨ ਦਾ ਬਹੁਤ ਹੀ ਕੀਮਤੀ ਮੌਕਾ ਮਿਲਿ਼ਆ।

 ?. ਫੇਰ ਤੁਸੀਂ ਆਪਣੀ ਐਜੂਕੇਸ਼ਨ ਨਾਲ ਹੀ ਹਾਕੀ ਦੇ ਇਸ਼ਕ ਦੀ ਕਹਾਣੀ ਵੀ ਦੱਸਣ ਦੀ ਖੇਚਲ ਕਰੋ। ਮੇਰੇ ਖ਼ਿਆਲ ਨਾਲ ਨੈਚਰਲ ਟੈਲਿੰਟ ਨੇ ਹੀ ਤੁਹਾਨੂੰ ਇਸ ਮੰਜਲ ਤਕ ਪਹੁੰਚਾਇਆ ਹੋਵੇਗਾ।  ਉਂਝ ਤਾਂ ਭਾਵੇਂ ਤੁਸੀਂ ਆਪਣੀ ਸਵੈ-ਜੀਵਨੀ ‘ਗੋਲਡਨ ਹੈਟਰਿਕ’ ਵਿੱਚ ਬਹੁਤ ਕੁਝ ਦੱਸਿਆ ਹੈ। ਪਰ ਉਹ ਕਿਤਾਬ ਹੁਣ ਆਮ ਮਿਲਦੀ ਨਹੀਂ ਕਰਕੇ, ਜਿੰਨ੍ਹਾਂ ਪਾਠਕਾਂ ਨੇ ਅਜੇ ਨਾ ਪੜ੍ਹੀ ਹੋਵੇ ਤਾਂ ਉਨ੍ਹਾਂ ਨੂੰ ਵੀ ਦੱਸੋ ਕਿ ਤੁਹਾਨੂੰ ਹਾਕੀ ਵਿੱਚ ਲਿਆਉਣ ਲਈ ਤੁਸੀਂ ਕਿੰਨ੍ਹਾ ਕਿੰਨ੍ਹਾ ਸ਼ਖ਼ਸੀਅਤਾਂ ਦਾ ਯੋਗਦਾਨ ਸਮਝਦੇ ਹੋ? 

-ਉਹ ਗੱਲ ਇਹ ਹੈ ਕਿ ਉਸ ਜ਼ਮਾਨੇ ਵਿੱਚ ਲੋਕ ਪੜ੍ਹਿਆ ਵੀ ਘੱਟ ਕਰਦੇ ਸੀ, ਉਂਝ ਸਕੂਲ ਵੀ ਵਿਰਲੇ ਵਿਰਲੇ ਹੁੰਦੇ ਸੀ। ਮੇਰੇ ਪਿਤਾ ਜੀ ਮੋਗੇ ਟੀਚਰ ਸਨ, ਪਹਿਲਾਂ ਮੈਂ ਮੋਗੇ ਪੜ੍ਹਿਆ। ਸਾਡੇ ਘਰ ਦੇ ਮੂਹਰੇ ਗਰਾਊਂਡ ਲੱਗਦੀ ਸੀ ਤੇ ਉੱਥੇ ਹੀ ਹਾਕੀ ਪਹਿਲਾਂ ਸਕੂਲ ਵਿੱਚ ਖੇਡੀ। ਦਸਵੀਂ ਮੋਗੇ ਤੋਂ ਕਰਕੇ ਫੇਰ ਮੈਂ ਐੱਮ. ਡੀ. ਕਾਲਜ ਵਿੱਚ ਆ ਗਿਆ ਤੇ ਹੌਲੀ ਹੌਲੀ ਬਲਾਕ ਪੱਧਰ ਤੋਂ ਡਿਸਟਿਕ ਲੈਵਲ ਤੱਕ ਪਹਿਲਾਂ ਪਹਿਲ ਮੈਂ ਗੋਲ਼ੀ ਖੇਡਿਆ, ਫੇਰ ਮੈਂ ਫੁੱਲ ਬੈਕ ਖੇਡਿਆ ਕਰਦਾ ਸੀ। ਐੱਫ. ਏ. ਤੱਕ ਮੋਗੇ ਪੜ੍ਹਿਆ, ਪੜ੍ਹਨ ਵਿੱਚ ਧਿਆਨ ਘੱਟ ਪਰ ਖੇਡਣ ਦਾ ਸ਼ੌਕ ਬਹੁਤ ਜ਼ਿਆਦਾ ਹੋ ਗਿਆ। ਉਨ੍ਹਾਂ ਦਿਨਾਂ ਵਿੱਚ ਜਦੋਂ ਕਾਲਜ ਤੋਂ ਛੁੱਟੀਆਂ ਹੋਈਆਂ ਤੇ ਮੇਰੇ ਵੱਡੇ ਵੀਰ ਦਰਸ਼ਣ ਸਿੰਘ ਕਾਨ੍ਹਾ ਢੇਸੀਆਂ ਜ਼ਿਲ੍ਹਾ ਜਲੰਧਰ ਜਿਨ੍ਹਾਂ ਦਾ ਜ਼ਿਕਰ ਮੈਂ ਪਹਿਲਾਂ ਵੀ ਤੁਹਾਡੇ ਨਾਲ ਕਰ ਰਿਹਾ ਸੀ, ਉਨ੍ਹਾਂ ਨੇ ਇੱਕ ਹਾਕੀ ਦੀ ਕਲੱਬ ਬਣਾਈ ਤੇ ਅਸੀਂ ਖੇਡਣ ਲੱਗੇ ਉਨ੍ਹਾਂ ਮੈਨੂੰ ਕਹਿਣਾ ਕਿ ਮੈਂ ਫੁੱਲ ਬੈਕ ਖੇਡਦਾ ਹਾਂ, ਤੂੰ ਅੱਗੇ ਸੈਂਟਰ ਫਾਰਵਡ ਖੇਡ। ਜਦੋਂ ਮੈਂ ਫਾਰਵਡ ਖੇਡਣਾ ਸ਼ੁਰੂ ਕੀਤਾ ਤਾਂ ਮੈਂ ਗੋਲ ਕਰਨ ਲੱਗ ਪਿਆ, ਬੱਸ ਫੇਰ ਕੀ ਸੀ ਗੋਲ ਕਰਨ ਦਾ ਸ਼ੌਕ ਏਨਾ ਵਧਿਆ ਕਿ ਚਲੋ ਚੱਲ, ਚਲੋ ਚੱਲ। ਗੋਲ ਕਰਨ ਵਿੱਚ ਪਿੱਛੇ ਖੇਡਣ ਨਾਲੋਂ ਵੱਧ ਸੁਆਦ ਆਉਣ ਲੱਗਾ। ਫੇਰ ਉਦੋਂ ਤੋਂ ਹੀ ਮੈਂ ਫਾਰਵਰਡ ਖੇਡਦਾ ਰਿਹਾ। ਉਸ ਸਮੇਂ ਅਸੀਂ ਇੱਕ ਚੈਂਪੀਅਨਸ਼ਿਪ ਜਿੱਤੀ। ਆਹ ਅੰਗੂਠੇ ਜਿੱਡਾ ਸਾਨੂੰ ਪਹਿਲਾ ਇਨਾਮ ਦਾ ਕੱਪ ਮਿਲਿਆ, ਜਿਹੜਾ ਕਿ ਮੈਂ ਅਜੇ ਵੀ ਸਾਂਭ ਕੇ ਰੱਖਿਆ ਹੋਇਆ ਹੈ, ਓਲੰਪਿਕ ਦੇ ਮੈਡਲਾਂ ਵਾਂਗ। ਖੇਡਾਂ ਦਾ ਸ਼ੌਕ ਜ਼ਿਆਦਾ ਹੋਣ ਕਰਕੇ, ਮੈਂ ਐੱਫ. ਏ. ਵਿੱਚੋਂ ਫ਼ੇਲ੍ਹ ਹੋ ਗਿਆ, ਪਰ ਹਾਕੀ ‘ਚ ਮੈਰਿਟ ਲੈ ਗਏ ਤਾਂ ਮੇਰੇ ਪਿਤਾ ਜੀ ਦੇ ਇੱਕ ਦੋਸਤ ਹੁੰਦੇ ਸੀ, ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ, ਉਹ ਕਹਿੰਦੇ ਕਿ ਚੱਲ ਅਸੀਂ ਇਹਨੂੰ ਅੰਮ੍ਰਿਤਸਰ ਲੈ ਜਾਂਦੇ ਹਾਂ ਨਾਲੇ ਹਾਕੀ ਖੇਡੇਗਾ ਤੇ ਨਾਲੇ ਪੜ੍ਹੇਗਾ। ਉੱਥੇ ਜਾ ਕੇ ਮੈਂ ਐੱਫ. ਏ. ਪਾਸ ਕੀਤੀ, ਇਸ ਐੱਫ. ਏ. ਪਾਸ ਕਰਨ ਦਾ ਕਰੈਡਿਟ ਵੀ ਉਨ੍ਹਾਂ ਦੋ ਮਹਾਨ ਸਖਸ਼ੀਅਤਾਂ ਨੂੰ ਜਾਂਦਾ ਹੈ ਜੋ ਇੰਜਨੀਅਰਿੰਗ ਕਾਲਜ ਵਿੱਚ ਐੱਮ. ਐੱਸ. ਸੀ. ਕਰ ਰਹੇ ਸੀ ਤੇ ਉੱਥੇ ਹੋਸਟਲ ਵਿੱਚ ਰਹਿੰਦੇ ਸਨ। ਜਦੋਂ ਉਸ ਹੋਸਟਲ ਵਿੱਚ ਵਿਦਿਆਰਥੀ ਜ਼ਿਆਦਾ ਹੋ ਜਾਂਦੇ ਸਨ ਤਾਂ ਉਨ੍ਹਾਂ ਵਿੱਚੋਂ ਕੁੱਝ ਸਿੱਖ ਮਿਸ਼ਨਰੀ ਕਾਲਜ ਵਿੱਚ ਭੇਜ ਦਿਆ ਕਰਦੇ ਸਨ। ਤਿੰਨ ਵਿਦਿਆਰਥੀ ਸਿੱਖ ਮਿਸ਼ਨਰੀ ਕਾਲਜ ਵਿੱਚ ਆ ਗਏ। ਉਨ੍ਹਾਂ ਦੀ ਸੰਗਤ ਕਰਕੇ ਮੈਂ ਪੜ੍ਹਾਈ ਕੀਤੀ ਤੇ ਐੱਫ. ਏ. ਪਾਸ ਕਰ ਗਿਆ। ਲਾਹੌਰ ਸਿੱਖ ਮਿਸ਼ਨਰੀ ਕਾਲਜ ਦੀ ਟੀਮ ਮੇਰੇ ਉੱਥੇ ਹੁੰਦਿਆਂ ਪਹਿਲੀ ਵਾਰ ਬੀ. ਲੀਗ ‘ਚੋਂ ਨਿਕਲ ਕੇ ਏ. ਲੀਗ ਵਿੱਚ ਆ ਗਈ। ਅਸੀਂ ਸਾਰੇ ਹੀ ਵੱਡੇ ਕਾਲਜਾਂ ਨੂੰ ਜਿੱਤ ਲਿਆ ਸੀ ਜਿਵੇਂ: ਗੌਰਮਿੰਟ ਕਾਲਜ ਲਾਹੌਰ, ਐੱਫ. ਸੀ.  ਕਾਲਜ ਲਾਹੌਰ, ਇਸਲਾਮੀਆਂ ਕਾਲਜ ਲਾਹੌਰ ਅਤੇ ਦਿਆਲ ਸਿੰਘ ਕਾਲਜ ਲਾਹੌਰ ਵਗੈਰਾ ਬਹੁਤ ਹੀ ਮਸ਼ਹੂਰ ਕਾਲਜ ਸਨ। 

ਓਥੋਂ ਫੇਰ ਮੈਂ ਥੋੜਾ ਲੋਕਾਂ ਦੀ ਨਿਗ੍ਹਾ ਵਿੱਚ ਆ ਗਿਆ। ਮੈਂ ਸੈਂਟਰ ਫਾਰਵਡ ਖੇਡਿਆ ਤੇ ਬੜੇ ਗੋਲ਼ ਕੀਤੇ। ਇੱਥੇ ਆਪਣੀ ਤਾਰੀਫ ਆਪ ਕਰਦੇ ਚੰਗੇ ਨਹੀਂ ਲਗਦੇ। ਉਂਝ ਜਿਹੜਾ ਸਵਾਲ ਤੁਸੀਂ ਪੁੱਛਿਆ ਹੈ, ਇੱਥੇ ਹਾਕੀ ਵਾਲੇ ਇਸ਼ਕ ਦੀ ਕਹਾਣੀ ਪੂਰੀ ਨਹੀਂ ਹੋਵੇਗੀ, ਜੇ ਮੈਂ ਉਨ੍ਹਾਂ ਮਾਹਨ ਵਿਅਕਤੀਆਂ ਦਾ ਜ਼ਿਕਰ ਨਾ ਕਰਾਂ, ਜਿਵੇਂ ਸ੍ਰ: ਹਰਬੇਲ ਸਿੰਘ ਜੋ ਖ਼ਾਲਸਾ ਕਾਲਜ ਦੇ ਡੀ. ਪੀ. ਈ. ਸਨ, ਤੇ ਹਾਕੀ ਦੇ ਇੰਚਾਰਜ ਵੀ ਹੁੰਦੇ ਸੀ। ਜਦੋਂ ਮੁੰਡੇ ਹਾਕੀ ਖੇਡਦੇ ਸੀ ਤਾਂ ਉਹ ਉਨ੍ਹਾਂ ਨੂੰ ਬੜੀ ਪਰਖਵੀਂ ਨਿਗ੍ਹਾ ਨਾਲ ਦੇਖਿਆ ਕਰਦੇ ਸਨ। ਵਧੀਆ ਖਿਡਾਰੀ ਨੂੰ ਖਿੱਚ ਲੈਂਦੇ ਸਨ, ਉਨ੍ਹਾਂ ਦਿਨਾਂ ‘ਚ ਮੈਂ ਆਪਣੀ ਪੜ੍ਹਾਈ ਖਤਮ ਕਰਕੇ ਵਾਪਸ ਮੋਗੇ ਆ ਗਿਆ ਤੇ ਉਨ੍ਹਾਂ ਨੇ ਮੇਰੇ ਪਿਤਾ ਜੀ ਨੂੰ ਚਿੱਠੀਆਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ। ਪਿਤਾ ਜੀ ਮੰਨਦੇ ਨਹੀਂ ਸਨ, ਪਰ ਹਰਬੇਲ ਸਿੰਘ ਹੋਰਾਂ ਨੇ ਪਿੱਛਾ ਨਹੀਂ ਛੱਡਿਆ। ਉਹ ਖਿੱਚ ਧੂਹ ਕੇ ਖ਼ਾਲਸਾ ਕਾਲਜ ਲੈ ਹੀ ਗਏ। ਪਿਤਾ ਜੀ ਕਹਿੰਦੇ ਕਿ ਚੱਲ ਜੇਕਰ ਉਹ ਏਨਾ ਮਾਣ ਕਰਦੇ ਹਨ ਠੀਕ ਹੈ ਸ਼ਾਇਦ ਤੇਰੀ ਜ਼ਿੰਦਗੀ ਦਾ ਭਵਿੱਖ ਇੱਥੇ ਹੀ ਬਣ ਜਾਵੇ। ਇਸ ਤਰ੍ਹਾਂ ਮੈਂ ਲਾਹੌਰ ਤੋਂ ਅੰਮ੍ਰਿਤਸਰ ਖ਼ਾਲਸਾ ਕਾਲਜ ਆ ਗਿਆ। ਸੋ ਉਹ ਮੇਰੇ ਖੇਡ ਗੁਰੂ ਜੀ ਜਾਂ ਮੇਰੀ ਕਿਸਮਤ ਬਦਲਣ ਵਾਲੇ ਸਨ। ਜਿਨ੍ਹਾਂ ਦੀ ਇੱਜ਼ਤ ਮੈਂ ਏਨੀ ਕਰਦਾ ਹਾਂ ਕਿ ਸ਼ਬਦਾਂ ‘ਚ ਬਿਆਨ ਨਹੀਂ ਕੀਤੀ ਜਾ ਸਕਦੀ, ਬਹੁਤ ਹੀ ਨੇਕ ਇਨਸਾਨ ਸਨ। ਸੋ ਮੈਂ ਕਹਾਂਗਾ ਸਭ ਤੋਂ ਵੱਧ ਯੋਗਦਾਨ ਉਨ੍ਹਾਂ ਦਾ ਸੀ, ਜੋ ਮੈਂ ਇਸ ਮੰਜਲ ਤੱਕ ਪਹੁੰਚਿਆ। 

ਢਾਅ ਜੀ, ਗੱਲ ਇਹ ਹੈ ਕਿ ਤੁਹਾਡੇ ਵਿੱਚ ਭਾਵੇਂ ਨੈਚਰਲ ਟੈਲੈਂਟ ਜਿੰਨ੍ਹਾ ਮਰਜੀ ਹੋਵੇ, ਜੇਕਰ ਉਸ ਨੂੰ ਠੀਕ ਸਮੇਂ ਸਿਰ ਤਰਾਸ਼ਿਆਂ ਨਾ ਜਾਵੇ ਜਾਂ ਠੀਕ ਸੇਧ ਨਾ ਮਿਲੇ ਤਾਂ ਫੇਰ ਕੁਝ ਨਹੀਂ ਹੋ ਸਕਦਾ। ਸੋ, ਤੱਦ ਹੀ ਸੰਭਵ ਹੈ ਕਿ ਜੇਕਰ ਜੌਹਰੀ ਦੀ ਨਿਗ੍ਹਾ ਉਸ ਵਿਅਕਤੀ ਵਿਚਲੀਆਂ ਖੂਬੀਆਂ ਨੂੰ ਪਰਖ ਲਵੇ ਤਾਂ ਉਹ ਆਪਣੀ ਜ਼ਿੰਦਗੀ ਵਿੱਚ ਸਫ਼ਲਤਾ ਦੀਆਂ ਉੱਚਾਈਆਂ ਨੂੰ ਛੂਹ ਸਕਦਾ ਹੈ। ਫੇਰ ਉਨ੍ਹਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਮਹਾਨ ਹਸਤੀਆਂ ਹਨ, ਜਿਨ੍ਹਾਂ ਦੀ ਜ਼ਿੰਦਗੀ ਨੇ ਮੇਰੇ ਤੇ ਕਾਫ਼ੀ ਪ੍ਰਭਾਵ ਪਾਇਆ, ਇਥੇ ਮੈਂ ਸੰਖੇਪ ਵਿੱਚ ਹੀ ਦੱਸਣ ਦਾ ਯਤਨ ਕਰਾਂਗਾ। ਉਨ੍ਹਾਂ ਵਿੱਚੋਂ ਖ਼ਾਸ ਕਰਕੇ ਪਹਿਲਾਂ ਤੇ ਮੇਰੇ ਸਕੂਲ ਦੇ ਹੈੱਡਮਾਸਟਰ ਜਿਨ੍ਹਾਂ ਨੂੰ ‘ਸ੍ਰੀਮਾਨ’ ਜੀ ਕਹਿੰਦੇ ਹੁੰਦੇ ਸੀ। ਸ੍ਰ: ਈਸ਼ਰ ਸਿੰਘ ਬਾਹੀਆ (ਬਠਿੰਡੇ) ਵਿੱਚ ਬਹੁਤ ਵੱਡੇ ਸਰਦਾਰਾਂ ‘ਚੋਂ ਸਨ, ਕਾਫ਼ੀ ਜ਼ਮੀਨ ਦੇ ਮਾਲਕ ਸੀ ਤੇ ਸਭ ਕੁਝ ਛੱਡ ਛਡਾ ਕੇ ਮਿਸ਼ਨਰੀ ਬਣ ਗਏ, ਬਹੁਤ ਹੀ ਇਮਾਨਦਾਰ ਸੇਵਾ ਭਾਵਨਾ ਵਾਲੇ ਨੇਕ ਇਨਸਾਨ ਸਨ। ਮੇਰੀ ਜ਼ਿੰਦਗੀ ‘ਤੇ ਉਨ੍ਹਾਂ ਦਾ ਬਹੁਤ ਅਸਰ ਹੋਇਆ। ਉਸ ਤੋਂ ਬਾਅਦ ਅਸ਼ਨੀ ਕੁਮਾਰ ਜੀ। ਜਦੋਂ ਪਾਰਟੀਸ਼ਨ ਤੋਂ ਬਾਅਦ ਪੰਜਾਬ ਪੁਲੀਸ ਦੇ ਪਹਿਲੇ ਆਈ. ਜੀ., ਸ੍ਰ: ਸੰਤ ਪ੍ਰਕਾਸ਼ ਸਿੰਘ (ਉਨ੍ਹਾਂ ਨੂੰ ਵੀ ਖੇਡਾਂ ਦਾ ਬਹੁਤ ਸ਼ੌਕ ਸੀ) ਦੇ ਕਹਿਣ ਤੇ ਇਧਰਲੇ ਪੰਜਾਬ ਵਿੱਚ ਹਾਕੀ ਦੀ ਟੀਮ ਬਣਾਈ ਗਈ ਸੀ ਤਾਂ ਉਸ ਦੇ ਇੰਚਾਰਜ ਅਸ਼ਨੀ ਕੁਮਾਰ ਸਨ। ਮੈਂ ਆਪਣੀ ਜ਼ਿੰਦਗੀ ਦਾ ਕਾਫ਼ੀ ਸਮਾਂ ਅਸ਼ਨੀ ਕੁਮਾਰ ਹੋਰਾਂ ਨਾਲ ਬਿਤਾਇਆ ਤੇ ਉਨ੍ਹਾਂ ਦੀ ਜ਼ਿੰਦਗੀ ਦਾ ਮੇਰੇ ਤੇ ਬਹੁਤ ਅਸਰ ਹੋਇਆ, ਸੋ ਉਨ੍ਹਾਂ ਦਾ ਵੀ ਕਾਫ਼ੀ ਹੱਥ ਹੈ। 

ਪੰਜਾਬ ਪਲੀਸ ਆਈ. ਜੀ. ਦਾ ਹੁਕਮ ਅਤੇ ਹਾਕੀ

?. ਸ੍ਰ. ਬਲਬੀਰ ਸਿੰਘ ਜੀ, ਤੁਸੀਂ ਦੱਸ ਰਹੇ ਸੀ ਕਿ ਤੁਹਾਡੀ ਖੇਡ ਦੇਖ ਕੇ, ਤੁਹਾਨੂੰ ਹਾਕੀ ਦੀ ਟੀਮ ਵਿੱਚ ਖਿਡਾਉਣ ਲਈ ਉਸ ਸਮੇਂ ਅੰਗਰੇਜ਼ ਸਰਕਾਰ ਦੇ ਪੰਜਾਬ ਪੁਲੀਸ ਦੇ ਆਈ. ਜੀ ਨੇ ਹੁਕਮ ਕੀਤਾ ਸੀ ਕਿ ਇਸ ਮੁੰਡੇ ਨੂੰ ਪੰਜਾਬ ਪੁਲੀਸ ਵਿੱਚ ਭਰਤੀ ਕਰੋ, ਇਹ ਪੰਜਾਬ ਪੁਲੀਸ ਲਈ ਹਾਕੀ ਖੇਡੇ। ਤੁਹਾਨੂੰ ਹੱਥਕੜੀ ਲਾ ਕੇ ਹਾਕੀ ਟੀਮ ਲਈ ਭਰਤੀ ਕਰਨ ਨੂੰ ਲਿਜਾਇਆ ਗਿਆ! ਇਹ ਕੀ ਕਹਾਣੀ ਹੈ। ਤੁਹਾਡੀ ਕਾਮਯਾਬੀ ਦਾ ਰਾਜ ਕੀ ਹੈ ਇਹਦੇ ਬਾਰੇ ਕੁਝ ਦੱਸੋ?

-ਢਾਅ ਜੀ, ਹਿੰਦੋਸਤਾਨ ਆਜ਼ਾਦ ਹੋਣ ਤੋਂ ਪਹਿਲਾਂ ਅੰਗਰੇਜ਼ਾਂ ਦੇ ਜ਼ਮਾਨੇ ਵਿੱਚ ਸਰ ਜੌਨ੍ਹ ਬੈਨਟ ਸਾਂਝੇ ਪੰਜਾਬ ਦੇ ਪੰਜਾਬ ਪੁਲੀਸ ਦੇ ਆਈ. ਜੀ. ਹੁੰਦੇ ਸਨ। ਕਿਉਂਕਿ ਮੈਂ 1945 ਵਿੱਚ ਪੰਜਾਬ ਯੂਨੀਵਰਸਿਟੀ ਟੀਮ ਦਾ ਕੈਪਟਨ ਸੀ, ਉਹ, ਉਸ ਸਮੇਂ ਹਾਕੀ ਦਾ ਪਰੈਜੀਡੈਂਟ ਸੀ। ਉਨ੍ਹਾਂ ਨੇ ਮੈਨੂੰ ਹਾਕੀ ਖੇਡਦਿਆਂ ਦੇਖਿਆ ਤਾਂ ਉਨ੍ਹਾਂ ਨੇ ਹੁਕਮ ਕੀਤਾ ਕਿ ਇਸ ਮੁੰਡੇ ਨੂੰ ਪੁਲੀਸ ਵਿੱਚ ਭਰਤੀ ਕੀਤਾ ਜਾਵੇ। ਪਰ ਤੁਹਾਨੂੰ ਪਤਾ ਮੇਰੇ ਪਿਤਾ ਜੀ ਤਾਂ ਅੰਗਰੇਜ਼ਾਂ ਦੇ ਖ਼ਿਲਾਫ ਆਜ਼ਾਦੀ ਲਈ ਲੜ ਰਹੇ ਸੀ ਤੇ ਮੇਰਾ ਮਨ ਵੀ ਨਹੀਂ ਸੀ ਮੰਨਦਾ ਅੰਗਰੇਜ਼ਾਂ ਲਈ ਕੰਮ ਕਰਨ ਲਈ। ਜਦੋਂ ਉਹਨੂੰ ਕਿਸੇ ਨੇ ਆਖਿਆ ਕਿ ਉਹਦਾ ਪਿਤਾ ਤਾਂ ਅੰਗਰੇਜ਼ਾਂ ਦੇ ਖ਼ਿਲਾਫ ਲੜ ਰਿਹਾ ਹੈ ਤਾਂ ਉਹਨਾਂ ਆਖਿਆ ਫੇਰ ਕੀ ਹੋਇਆ ਮੁੰਡਾ ਤਾਂ ਸਟੂਡੈਂਟ ਹੈ, ਇਹਨੂੰ ਹਰ ਹਾਲਤ ਵਿੱਚ ਪੰਜਾਬ ਪੁਲੀਸ ਵਿੱਚ ਭਰਤੀ ਕਰੋ ਤੇ ਇਹ ਸਾਡੀ ਹਾਕੀ ਦੀ ਟੀਮ ਲਈ ਖੇਡੇਗਾ। ਇਸੇ ਰਾਮ ਰੌਲੇ ਵਿੱਚ ਮੈਂ ਦਿੱਲੀ ਭੱਜ ਗਿਆ। ਦਿੱਲੀ ਤੋਂ ਮੈਨੂੰ ਲੱਭ ਕੇ ਪੁਲੀਸ ਵਾਲੇ ਹੱਥ-ਕੜੀ ਲਾ ਕੇ ਲੈ ਆਏ ਤੇ ਮੱਲੋਮੱਲੀ ਪੰਜਾਬ ਪੁਲੀਸ ਵਿੱਚ ਭਰਤੀ ਕਰਕੇ ਏ. ਐੱਸ. ਆਈ. ਬਣਾ ਦਿੱਤਾ। ਇਹ ਸਜ਼ਾ ਵੀ ਇੱਕ ਤਰ੍ਹਾਂ ਨਾਲ ਵਰਦਾਨ ਸਿੱਧ ਹੋਈ। ਉਸ ਸਮੇਂ ਫ਼ਿਲੌਰ ਪੁਲੀਸ ਟਰੇਨਿੰਗ ਕਾਲਜ ਇੱਕ ਕੈਦ ਦੀ ਤਰ੍ਹਾਂ ਹੀ ਸੀ। ਬੱਸ ਪ੍ਰੈਕਟਿਸ ਕਰਨੀ, ਕੋਈ ਮਿੱਤਰ ਦੋਸਤ ਨੇੜੇ ਤੇੜੇ ਨਹੀਂ ਸੀ। ਸੋ ਇਸ ਤਰ੍ਹਾਂ ਮੈਂ ਕਹਾਂਗਾ ਬਹੁਤ ਸਾਰੀਆਂ ਮਹਾਨ ਸ਼ਖਸੀਅਤਾਂ ਦਾ ਹੱਥ ਹੈ, ਮੇਰੀ ਇਸ ਕਾਮਯਾਬੀ ਲਈ। ਫੇਰ ਸਭ ਤੋਂ ਜ਼ਰੂਰੀ ਗੱਲ ਤਾਂ ਉਸ ਖੇਡ ਲਈ ਜਿਸ ਵਿੱਚ ਇੱਕ ਤੋਂ ਵੱਧ ਖਿਡਾਰੀ ਖੇਡਦੇ ਹਨ, ਉਸ ਖੇਡ ਲਈ ਟੀਮ-ਵਰਕ ਹੋਵੇ ਤਾਂ ਤੁਸੀਂ ਕਾਮਯਾਬ ਹੋ ਨਹੀਂ ਤਾਂ ਤੁਸੀਂ ਭਾਵੇਂ ਕਿੰਨੇ ਵੀ ਵਧੀਆ ਖਿਡਾਰੀ ਹੋਵੋ ਕਾਮਯਾਬ ਨਹੀਂ ਹੋ ਸਕਦੇ। ਇਹਨਾਂ ਕਾਮਯਾਬੀਆਂ ਲਈ ਮੈਂ ਓਨਾ ਹੀ ਕਰੈਡਿਟ ਆਪਣੀ ਟੀਮ ਨੂੰ ਵੀ ਦਿੰਦਾ ਹਾਂ, ਜੇਕਰ ਸਾਡੀ ਟੀਮ ਦਾ ਮਿਲਵਰਤਨ ਨਾ ਹੁੰਦਾ ਤਾਂ ਅਸੀਂ ਗੋਲਡ ਮੈਡਲ ਤਾਂ ਕੀ ਕਿਸੇ ਸ਼ਹਿਰ ਦੀ ਕਿਸੇ ਕਲੱਬ ਨੂੰ ਵੀ ਨਹੀਂ ਜਿੱਤ ਸਕਦੇ ਸੀ। ਇਹੋ ਜਿਹੀਆਂ ਹੋਰ ਵੀ ਗੱਲਾਂ ਹਨ, ਜਿਹੜੀਆਂ ਕਾਮਯਾਬੀ ਲਈ ਬਹੁਤ ਜ਼ਰੂਰੀ ਹਨ। ਜਿਵੇਂ ਟੀਮ ਡਿਸਪਲਿਨ, ਦੂਸਰਿਆਂ ਖਿਡਾਰੀਆਂ ਦਾ ਮਾਣ ਸਨਮਾਨ, ਕਦੇ ਵੀ ਦੂਜਿਆਂ ਖਿਡਾਰੀਆਂ ਨੂੰ ਆਪਣੇ ਤੋਂ ਘੱਟ ਨਹੀਂ ਸਮਝਣਾ ਚਾਹੀਦਾ। 

ਭਾਰਤੀ ਹਾਕੀ ਦੇ ਦੋ ਥੰਮਾਂ ਦੀ ਕੁਦਰਤੀ ਸਾਂਝ

?. ਇੱਥੇ ਹੀ ਇੱਕ ਹੋਰ ਗੱਲ ਮੈਂ ਪੁੱਛਣੀ ਭੁੱਲ ਹੀ ਚੱਲਿਆ ਸੀ, ਬਹੁਤ ਸਾਰੇ ਲੋਕ ਕਹਿੰਦੇ ਸੁਣੇ ਹਨ ਕਿ ਆਜ਼ਾਦੀ ਤੋਂ ਪਹਿਲੋਂ ਖੇਡਣ ਵਾਲੇ ਧਿਆਨ ਚੰਦ (ਹਾਕੀ ਜਗਤ ਦੇ ਥੰਮ) ਵਿੱਚ ਅਤੇ ਤੁਹਾਡੇ ਵਿੱਚ ਕਈ ਗੱਲਾਂ ਦੀ ਸਾਂਝ ਹੈ, ਇਹ ਗੱਲ ਕਿਥੋਂ ਕੁ ਤੱਕ ਸੱਚ ਹੈ?

– ਹਾਂ ਸਤਨਾਮ ਸਿੰਘ, ਇਹ ਗੱਲ ਬਹੁਤ ਹੱਦ ਤੱਕ ਸੱਚ ਹੈ। ਉਹ ਇਸ ਤਰ੍ਹਾਂ ਹੈ ਕਿ ਧਿਆਨ ਚੰਦ ਹਾਕੀ ਦਾ ਥੰਮ ਸੀ, ਉਸਨੇ ਆਪਣੇ ਜ਼ਮਾਨੇ ਵਿੱਚ 1928 ਤੋਂ 1936 ਤੱਕ ਇੰਡੀਅਨ ਹਾਕੀ ਵਿੱਚ ਜੋ ਮਾਰਕੇ ਮਾਰੇ ਹਨ, ਸਭ ਸੰਸਾਰ ਦੇ ਸਾਹਮਣੇ ਹਨ ਤੇ ਮੇਰਾ ਰੋਲ ਮਾਡਲ ਵੀ ਧਿਆਨ ਚੰਦ ਹੀ ਸੀ। ਮੈਂ ਉਸ ਦੇ ਨਕਸ਼ੇ ਕਦਮਾਂ ‘ਤੇ ਚੱਲਣ ਦਾ ਪ੍ਰਣ ਕੀਤਾ ਸੀ ਤੇ ਚੱਲਿਆ ਵੀ ਹਾਂ। ਇਸੇ ਕਰਕੇ ਸਾਡੇ ਦੋਹਾਂ ਹਾਕੀ ਖਿਡਾਰੀਆਂ ਵਿੱਚ ਕੁਝ ਗੱਲਾਂ ਲੋਕਾਂ ਨੂੰ ਸਾਂਝੀਆਂ ਲੱਗਦੀਆਂ ਹਨ। ਪਹਿਲੀ ਗੱਲ ਸਕੋਰ ਕਰਨ ਦਾ ਰਿਕਾਰਡ, ਪਹਿਲਾਂ ਧਿਆਨ ਚੰਦ ਦਾ, ਉਸ ਤੋਂ ਪਿੱਛੋਂ ਮੇਰਾ, ਆਪੋ-ਆਪਣੇ ਸਮੇਂ ਵਿੱਚ ਅਸੀਂ ਸਕੋਰ ਕਰਨ ਦਾ ਰਿਕਾਰਡ ਪੈਦਾ ਕੀਤਾ ਹੈ। ਦੂਸਰੀ ਗੱਲ ਧਿਆਨ ਚੰਦ ਸੈਂਟਰ ਫਾਰਵਡ ਖੇਡਦਾ ਸੀ ਤੇ ਮੇਰਾ ਵੀ ਇਹੋ ਸੁਪਨਾ ਸੀ, ਸੋ ਮੈਂ ਪੂਰਾ ਕਰ ਲਿਆ। ਤੀਸਰੀ ਗੱਲ ਤਿੰਨ ਵਾਰ ਓਲੰਪਿਕ ਵਿੱਚ ਧਿਆਨ ਚੰਦ ਕੈਪਟਨ ਸੀ, ਜਿਵੇਂ 1928, 1932, 1936 ਵਿੱਚ, ਇਸੇ ਤਰ੍ਹਾਂ ਮੈਂ ਤਿੰਨ ਵਾਰ ਓਲੰਪਿਕ ਵਿੱਚ ਕੈਪਟਨ ਸੀ; 1948, 1952, 1956 ਵਿੱਚ, ਫ਼ਰਕ ਸਿਰਫ ਏਨਾ ਪਿਆ ਕਿ ਜਿਵੇਂ ਮੈਂ ਪਹਿਲਾਂ ਜਿਕਰ ਕੀਤਾ ਕਿ ਪਹਿਲਾਂ ਪਹਿਲ ਮੇਰੀ ਆਤਮਾ ਅੰਗਰੇਜ਼ਾਂ ਦੇ ਅਧੀਨ ਰਹਿ ਕੇ ਹਾਕੀ ਖੇਡਣ ਨੂੰ ਨਹੀਂ ਸੀ ਮੰਨਦੀ, ਉਹ ਵੀ ਮੇਰਾ ਸੁਪਨਾ ਕੁਦਰਤ ਨੇ ਸਮਝੋ ਜਾਂ ਪ੍ਰਮਾਤਾਮਾ ਨੇ ਪੂਰਾ ਕੀਤਾ। ਜਿੱਥੇ ਧਿਆਨ ਚੰਦ ਦੇ ਸਮੇਂ ਯੂਨੀਅਨ ਜੈਕ ਨੂੰ ਲਹਿਰਾਇਆ ਜਾਂਦਾ ਸੀ, ਉੱਥੇ ਮੇਰੀ ਵਾਰੀ ਨੂੰ ਆਜ਼ਾਦ ਭਾਰਤ ਦਾ ਤਿਰੰਗਾ ਲਹਿਰਾਇਆ ਜਾਂਦਾ ਰਿਹਾ। ਜਿਸ ਦਾ ਮੈਨੂੰ ਬੇਹੱਦ ਮਾਣ ਵੀ ਹੈ। ਪਰ ਫੇਰ ਇੱਥੇ ਮੈਂ ਇੱਕ ਵਾਰੀ ਆਪਣੀ ਪਹਿਲੀ ਗੱਲ ਦੁਹਰਾਉਂਦਾ ਹਾਂ ਕਿ ਟੀਮ ਮਿਲਵਰਤਨ ਨਾਲ ਹੀ ਇਹ ਸਾਰੀਆਂ ਜਿੱਤਾਂ ਹੋ ਸਕਦੀਆਂ ਹਨ, ਟੀਮ ਸਪਿਰਟ ਬਿਨਾਂ ਕੁਝ ਨਹੀਂ ਹੋ ਸਕਦਾ। ਇੱਕ ਹੋਰ ਗੱਲ ਦੱਸਣੀ ਚਾਹੁੰਦਾ ਹਾਂ ਕਿ ਜਿੱਥੇ ਇਹ ਗੱਲਾਂ ਸਾਂਝੀਆਂ ਹਨ, ਉੱਥੇ ਮੈਨੂੰ ਇਸ ਗੱਲ ਦਾ ਵੀ ਮਾਣ ਹੈ ਕਿ ਜਦੋਂ ਮੈਂ ਭਾਰਤੀ ਹਾਕੀ ਦਾ ਕੋਚ ਸੀ ਤਾਂ ਅਸੀਂ 1975 ਵਿੱਚ ਵਰਲਡ ਕੱਪ ਹਾਕੀ ਜਿੱਤਿਆ ਸੀ।

ਮਨਹੂਸ ਨੰਬਰ ਜਾਂ ਲੱਕੀ ਨੰਬਰ ਦੀ ਚੋਣ (ਵਹਿਮ ਜਾਂ ਵਿਸ਼ਵਾਸ)

?. ਕਈ ਵਾਰ ਦੇਖਣ ਸੁਣਨ ਵਿੱਚ ਆਇਆ ਕਿ ਬਹੁਤ ਸਾਰੇ ਖਿਡਾਰੀ ਕਈ ਤਰ੍ਹਾਂ ਦੇ ਵਹਿਮ ਪ੍ਰਸਤੀ ਵਿੱਚ ਵੀ ਵਿਸ਼ਵਾਸ਼  ਰੱਖਦੇ ਹਨ। ਇਧਰ ਦੇਖਣ ਸੁਣਨ ਵਿੱਚ ਆਉਂਦਾ ਕਿ ਨੰਬਰ ‘ਤੇਰਾਂ’ ਨੂੰ ਪਛੱਮ ਵਿੱਚ ਮਨਹੂਸ ਮੰਨਦੇ ਹਨ। ਬਹੁਤ ਸਾਰੀਆਂ ਬਿਲਡਿੰਗਾਂ ਵਿੱਚ ਵੀ ਨੰਬਰ ‘ਤੇਰਾਂ’ ਨਹੀਂ ਲਿਖਿਆ ਜਾਂਦਾ। ਕੀ ਤੁਹਾਡੀ ਭਾਰਤੀ ਹਾਕੀ ਦੀ ਟੀਮ ਵਿੱਚ ਵੀ ਕੋਈ ਇਹੋ ਜਿਹੀ ਮੰਨੌਤ ਰਹੀ? ਕੋਈ ਯਾਦ ਸਾਂਝੀ ਕਰੋ?

-ਹਾਂ ਜੀ, ਸਤਨਾਮ ਸਿੰਘ ਇਹਦੇ ਬਾਰੇ ਤਾਂ ਕਈ ਬੜੇ ਹੀ ਦਿਲਚਸਪ ਕਿੱਸੇ-ਕਹਾਣੀਆਂ ਹਨ, ਜੇ ਤੁਹਾਡੀ ਦਿਲਚਸਪੀ ਹੈ ਤਾਂ ਸੁਣੋ: ਮੈਂ ਤਾਂ ਤੇਰਾਂ ਨੰਬਰ ਨੂੰ  ਏਨਾਂ ਪਿਆਰ ਕਰਦਾ ਕਿ ਦੱਸ ਨਹੀਂ ਸਕਦਾ। ਮੇਰੀ ਖੇਡ ਪੁਸ਼ਾਕ ਦਾ ਨੰਬਰ ਤੇਰਾਂ ਰਿਹਾ, ਜੋ ਕਿ ਮੇਰੇ ਲਈ ਲੱਕੀ ਨੰਬਰ ਹੈ। ਤੁਸੀਂ ਬਿਲਕੁਲ ਠੀਕ ਕਿਹਾ ਕਿ ਪੱਛਮੀ ਦੁਨੀਆ ਵਿੱਚ ਤੇਰਾਂ ਨੰਬਰ ਨੂੰ ਚੰਗਾ ਨਹੀਂ ਮੰਨਦੇ। ਤੁਸੀਂ ਆਪ ਚੰਡੀਗੜ ਰਹਿੰਦੇ ਰਹੇ ਹੋ। ਤੁਹਾਨੂੰ ਪਤੈ ਕਿ ਚੰਡੀਗੜ੍ਹ ਵਿੱਚ ਵੀ ਤੇਰਾਂ ਸੈਕਟਰ ਨਹੀਂ ਹੈ। ਮੇਰੀ ਗੱਲ ਇਸ ਦੇ ਉਲਟ ਹੈ। ‘ਤੇਰਾਂ’ ਨੰਬਰ ਕੁਦਰਤੀ ਹੀ ਮੇਰੇ ਨਾਲ ਪੱਕਾ ਹੀ ਜੁੜ ਗਿਆ ਹੈ। ਤੁਸੀਂ ਦੇਖੋ ਕਿ ਮੈਂ ਜਿਹੜਾ ਸੈਕਟਰ ਅਠਾਰਾਂ ਵਿੱਚ ਓਲੰਪੀਆ ਨਾਂ ਦਾ ਘਰ ਬਣਾਇਆ ਉਸਦਾ ਨੰਬਰ 1534 ਇਨ੍ਹਾਂ  ਹਿੰਣਸਿਆਂ ਦਾ ਜੋੜ ‘ਤੇਰਾਂ’ ਬਣਦਾ। ਫੇਰ ਮੇਰੀ ਦਫ਼ਤਰੀ ਕਾਰ ਦਾ ਨੰਬਰ 562 ਅਤੇ ਨਿੱਜੀ ਕਾਰ ਦਾ ਨੰਬਰ 3163 ਜੇ ਇਨ੍ਹਾਂ ਦੇ ਹਿੰਣਸਿਆਂ ਨੂੰ ਜੋੜੀਏ ਤਾਂ ਜੋੜ ‘ਤੇਰਾਂ’ ਬਣੇਗਾ। ਫੇਰ ਹੋਰ ਸੁਣੋ ਹੈਲਸਿੰਕੀ ਵਿੱਚ ਭਾਰਤੀ ਟੀਮ ਨੇ 13 ਗੋਲ਼ ਕਰਕੇ ਗੋਲਡ ਮੈਡਲ ਜਿੱਤਿਆ, ਜਿੰਨ੍ਹਾਂ ਵਿੱਚ ਮੈਂ ਨੌ ਗੋਲ ਕੀਤੇ ਸਨ। ਫ਼ਾਇਨਲ ਮੈਚ ਓਲੰਪਿਕ ਵਿੱਚ ਮੈਂ ਪੰਜ ਗੋਲ ਕੀਤੇ ਜਿਸ ਦਾ ਅਜੇ ਤੱਕ ਰਿਕਾਰਡ ਹੈ।

ਜਿਹੜੀ ਗੱਲ ਤੁਸੀਂ ਵਹਿਮ ਜਾਂ ਵਿਸ਼ਵਾਸ ਦੀ ਪੁੱਛੀ ਹੈ, ਉਹਦੇ ਵਿੱਚ ਸਾਡੀ ਭਾਰਤੀ ਹਾਕੀ ਟੀਮ ਦੇ ਮਨ ਵਿੱਚ ਰਿਹਾ ਕਿ ਸ਼ੁਕਰਵਾਰ ਦੇ ਦਿਨ ਨੂੰ ਪਕਿਸਤਾਨੀ ਹਾਕੀ ਟੀਮ ਅਸੀਂ ਹਰਾਅ ਨਹੀਂ ਸਕਦੇ। ਸਾਡੀ ਭਾਰਤੀ ਟੀਮ ਨੂੰ ਇੱਕ ਹੋਰ ਵਹਿਮ ਇਹ ਵੀ ਰਿਹਾ ਕਿ ਜੋ ਖਿਡਾਰੀ ਘਰੋਂ ਤੁਰਨ ਲੱਗਿਆਂ ਗਲ਼ਾਂ ਵਿੱਚ ਹਾਰ ਪੁਆ ਕੇ ਤੁਰੇ ਉਹ ਵੀ ਟੂਰਨਾਮੈਂਟ ਜਿੱਤ ਨਹੀਂ ਸਕਦੇ। ਮੈਨੂੰ ਯਾਦ ਹੈ ਕਿ 1975 ਵਿੱਚ ਸਾਡੀ ਭਾਰਤੀ ਟੀਮ ਨੇ ਕਆਲਾ ਲੰਪਰ ਦਾ ਵਿਸ਼ਵ ਹਾਕੀ ਕੱਪ ਖੇਡਣ ਜਾਣਾ ਸੀ। ਮੈਂ ਉਸ ਦਾ ਕੋਚ ਤੇ ਮੈਨੇਜਰ ਵੀ ਸੀ। ਪਰ ਅਸੀਂ ਵਿਦਾਇਗੀ ਪਾਰਟੀ ਸਮੇਂ ਖਿਡਾਰੀਆਂ ਦੇ ਗਲ਼ੀਂ ਹਾਰ ਨਾਂ ਪਾਉਣ ਦਿੱਤੇ ਕਈਆਂ ਹਾਕੀ ਪ੍ਰੇਮੀਆਂ ਨੇ ਇਸ ਦਾ ਬੁਰਾ ਵੀ ਮਨਾਇਆ। ਮੈਂ ਬਹੁਤ ਹੀ ਨਿਮ੍ਰਤਾ ਤੇ ਹਲੀਮੀ ਨਾਲ ਉਨ੍ਹਾਂ ਦਾ ਮਾਣ ਰੱਖਦਿਆਂ ਆਖਿਆ ਕਿ ਇਹ ਹਾਰ ਸਾਡੇ ਮੁੜ ਕੇ ਆਉਣ ਤੱਕ ਸੰਭਾਲ ਕੇ ਰੱਖੋ, ਜੇ ਪਾਉਣੇ ਹੀ ਹਨ ਤਾਂ ਸਾਡੇ ਆਇਆਂ ਦੇ ਪਾਇਓ।

ਉਧਰ ਜਦੋਂ ਭਾਰਤੀ ਟੀਮ ਕੁਆਲਾ ਲੰਪੁਰ ਦੇ ਹਵਾਈ ਅੱਡੇ ਤੇ ਉਤਰੀ ਤਾਂ ਸ਼ਰਧਾਲੂ ਓਥੇ ਵੀ ਹਾਰ ਲੈ ਕੇ ਆਏ ਓਥੇ ਵੀ ਕਿਸੇ ਤਰ੍ਹਾਂ ਬਚ ਬਚਾ ਹੋ ਗਿਆ। ਅਸੀਂ ਗਲ਼ਾਂ ਵਿੱਚ ਹਾਰ ਪਾਉਣ ਨਹੀਂ ਦਿੱਤੇ। ਜੇਕਰ ਅਜਿਹੇ ਮੌਕੇ ਹਾਰ ਖਿਡਾਰੀਆਂ ਦੇ ਗਲ਼ਾਂ ਵਿੱਚ ਪੈ ਜਾਂਦੇ ਤਾਂ ਉਨ੍ਹਾਂ ਨੇ ਮਨੋਵਿਗਆਨਿਕ ਤੌਰ ਤੇ ਹੀ ਹਾਰ ਜਾਣਾ ਸੀ। ਇੱਕ ਵਾਰ ਦੀ ਗੱਲ ਮੈਂ ਤੁਹਾਨੂੰ ਦੱਸਦਾਂ ਕਿ ਬੰਬਈ ਵਿੱਚ ਪਕਿਸਤਾਨ ਦੀ ਟੀਮ ਖੇਡਣ ਆਈ ਤਾਂ ਮੈਚ ਤੋਂ ਪਹਿਲਾਂ ਖਿਡਾਰੀ ਦੇ ਗਲ਼ਾਂ ਵਿੱਚ ਹਾਰ ਪਾਉਣ ਦਾ ਮੌਕਾ ਆਇਆ ਤਾਂ ਭਾਰਤੀ ਖਿਡਾਰੀਆਂ ਨੇ ਕਿਹਾ, “ਅਸੀਂ ਤਾਂ ਤੁਹਾਡੇ ਘਰ ਦੇ ਬੰਦੇ ਹਾਂ ਸਾਡਾ ਕੀ ਆ! ਤੁਸੀਂ ਇਹ ਹਾਰ ਮਹਿਮਾਨਾਂ ਦੇ ਪਾਓ।” ਇਸ ਤਰ੍ਹਾਂ ਭਾਰਤੀ ਟੀਮ ਦਾ ਵਹਿਮ ਵਰਗਾ ਵਿਸ਼ਵਾਸ਼ ਚੱਲਦਾ ਰਿਹਾ। ਇੱਕ ਵਾਰ ਕੁਆਲ ਲੰਪਰ ਵਿੱਚ ਔਲੰਪੀਅਨ ਸੁਰਜੀਤ ਸਿੰਘ ਹਾਕੀ ਦਾ ਤਕੜਾ ਫੁੱਲ ਬੈਕ ਸੀ ਉਹ ਪਹਿਲੇ ਮੈਚ ਵਿੱਚ ਆਪਣੀ ਖੇਡ ਵਧੀਆ ਨਾ ਖੇਡ ਸਕਿਆ। ਉਸ ਨੂੰ ਵਹਿਮ ਹੋ ਗਿਆ ਕਿ ਉਸ ਦੀ ਪੁਸ਼ਾਕ ਦਾ ਚਾਰ ਨੰਬਰ ਉਸ ਲਈ ਮਨਹੂਸ ਹੈ। ਉਸ ਨੇ ਆਪਣੀ ਸਮੱਸਿਆ ਟੀਮ ਦੇ ਨਾਲ ਗਏ ਡਾ. ਕਾਲੜਾ ਜੋ ਮਨੋਵਿਗਿਆਨੀ ਵੀ ਸੀ, ਨੂੰ ਦੱਸੀ। ਉਸ ਨੇ ਕੁਆਲਾ ਲੰਪਰ ਵਿੱਚ ਰਹਿੰਦੇ ਇੱਕ ਭਾਰਤੀ ਤੋਂ ਗੁੜ੍ਹ ਅਤੇ ਤਿਲ਼ ਮੰਗਵਾ ਕੇ ਸੁਰਜੀਤ ਨੂੰ ਖਾਣ ਨੂੰ ਦਿੱਤੇ ਤਾਂ ਸੁਰਜੀਤ ਤੇ ਇਸ ਮਨੋਵਿਗਿਆਨ ਦਾ ਐਸਾ ਅਸਰ ਹੋਇਆ ਕਿ ਬਹੁਤ ਹੀ ਵਧੀਆ ਖੇਡ ਗਿਆ। ਸੋ ਕਹਿ ਸਕਦੇ ਹਾਂ ਕਿ ਵਹਿਮ ਦਾ ਇਲਾਜ ਵੀ ਵਹਿਮ ਨਾਲ ਹੋਇਆ। ਇਸੇ ਤਰ੍ਹਾਂ ਪਕਿਸਤਾਨੀ ਖਿਡਾਰੀ ਵੀ ਪੀਰਾਂ ਫ਼ਕੀਰਾਂ ਦੇ ਧੂਣਿਆਂ ਦੀ ਰਾਖ ਆਪਣੇ ਨਾਲ ਰੱਖਦੇ ਹਨ। ਭਾਰਤੀ ਟੀਮ ਵਿੱਚ ਪਾਨਲਟੀ ਕਾਰਨਰ ਦਾ ਬਾਦਸ਼ਾਹ ਪ੍ਰਿਥਪਾਲ ਸਿੰਘ ਆਪਣੇ ਨਾਲ ਗੁਰੁ ਨਾਨਕ ਦੇਵ ਜੀ ਦੀ ਫੋਟੋ ਰੱਖਦਾ ਸੀ।

ਇਹੋ ਜਿਹੇ ਵਿਸ਼ਵਾਸ਼ ਜਾ ਵਹਿਮ ਨਾਲ ਜੁੜੀ ਇੱਕ ਹੋਰ ਬਹੁਤ ਦਿਲਚਸਪ ਘਟਨਾ ਮੈਂ ਤੁਹਾਨੂੰ ਦੱਸਦਾਂ ਜੋ ਹੁਣ ਤੱਕ ਯਾਦ ਹੈ, ਇਹ ਗੱਲ ਹੈ ਮਿਲਬੌਰਨ ਅਸਟਰੇਲੀਆ ਵਿੱਚ ਓਲੰਪਿਕ ਖੇਡਾਂ ਸਮੇਂ ਦੀ। ਹੋਇਆ ਇਸ ਤਰ੍ਹਾਂ ਇਸ ਵਾਰ ਸਾਡੀ ਭਾਰਤੀ ਟੀਮ ਫਾਇਨਲ ਵਿੱਚ ਪਹੁੰਚ ਗਈ। ਮੈਂ ਟੀਮ ਦਾ ਕਪਤਾਨ ਸੀ ਅਤੇ ਸਾਡਾ ਮੈਚ ਪਕਿਸਤਾਨ ਦੀ ਟੀਮ ਨਾਲ ਸੀ। ਖਿਡਾਰੀ ਮੈਚ ਖੇਡਣ ਦੀ ਤਿਆਰੀ ਕਰ ਰਹੇ ਸਨ। ਟੀਮ ਗਰਾਂਉਡ ਵਿੱਚ ਜਾਣ ਲਈ ਤਿਆਰ ਸੀ, ਬੱਸ ਵਿੱਚ ਬੈਠਣ ਹੀ ਲੱਗੀ ਸੀ ਕਿ ਭੁਪਾਲ ਹਾਕੀ ਐਸੋਸੀਏਸ਼ਨ ਦੇ ਸੈਕਟਰੀ ਐੱਮ. ਟੀ. ਅੰਸਾਰੀ ਨੇ ਛਿੱਕ ਮਾਰ ਦਿੱਤੀ। ਅਸ਼ਵਨੀ ਕੁਮਾਰ ਨੇ ਛਿੱਕ ਸੁਣੀ ਤਾਂ ਅੰਸਾਰੀ ਨੂੰ ਪੈ ਗਿਆ ਕਿ ਇਹ ਤੇਰਾ ਛਿੱਕ ਮਾਰਨ ਦਾ ਟਾਇਮ ਹੈ? ਮਨਹੂਸ ਕਿਸੇ ਥਾਂ ਦਾ! ਉਹਨੇ ਵਿਚਾਰੇ ਨੇ ਮੁਆਫ਼ੀ ਮੰਗੀ। ਫੇਰ ਬੱਸ ਡਰਾਇਵਰ ਨੂੰ ਕਿਹਾ ਕਿ ਬੱਸ ਦਾ ਇੰਜਣ ਬੰਦ ਕਰ ਦਿਓ। ਮੈਨੂੰ ਮੁੜ ਕਮਰੇ ਵਿੱਚ ਲੈ ਗਿਆ ਤੇ ਮੈਨੂੰ ਹੁਕਮ ਹੋਇਆ ਕਿ ਮੈਂ ਟਰੈਕ ਸੂਟ ਲਾਹ ਕੇ ਪੰਜ ਮਿੰਟ ਮੰਜੇ ਤੇ ਲੇਟਾਂ। ਇਸ ਤਰ੍ਹਾਂ ਅੰਸਾਰੀ ਦੀ ਮਾਰੀ ਛਿੱਕ ਦੀ ਬਦਸ਼ਗਨੀ ਦੂਰ ਹੋਵੇ। ਅਸੀਂ ਇਹ ਸਭ ਕੁਝ ਕੀਤਾ ਕਿਉਂਕਿ ਇਹ ਵਹਿਮ ਵੀ ਇੱਕ ਵਿਸ਼ਵਾਸ ਵਰਗਾ ਸੀ। ਹਰ ਇੱਕ ਸਮਾਜ ਵਿੱਚ ਇਹੋ ਜਿਹੇ ਵਹਿਮ ਜਾਂ ਵਿਸ਼ਵਾਸ ਦੇਖੇ ਜਾ ਸਕਦੇ ਹਨ। ਗੱਲ ਤਾਂ ਬਹੁਤੀ ਮਾਨਸਿਕਤਾਂ ਦੀ ਹੁੰਦੀ ਹੈ। ਤੁਸੀਂ ਇਹਨੂੰ ਕੁਝ ਕਹਿ ਲੌ ਵਹਿਮ ਜਾਂ ਵਿਸ਼ਵਾਸ।

ਚਿੱਲ ਫ਼ਰੂਟ ਫਾਰਮ ਵਿੱਚ ਆਓ ਭਗਤ

?. ਚਲੋ ਇਹ ਤਾਂ ਹੋਈ ਵਹਿਮ ਜਾਂ ਵਿਸ਼ਵਾਸ ਦੀ ਗੱਲ। ਹਾਕੀ ਖਿਡਾਰੀਆਂ ਦੀ ਕੋਈ ਹਾਸੇ ਮਜਾਕ ਦੀ, ਸ਼ੁਗਲ ਦੀ ਜਾਂ ਕਿਸੇ ਸ਼ੌਕ ਦੀ ਕੋਈ ਗੱਲ ਵੀ ਦੱਸੋ? ਮੈਚ ਖੇਡਣ ਅਤੇ ਪਰੈਕਟਿਸ ਤੋਂ ਬਾਅਦ ਵੇਹਿਲਾ ਸਮਾਂ ਕਿਸ ਤਰ੍ਹਾਂ ਬੀਤਦਾ ਸੀ। ਕੋਈ ਯਾਦ ਸਾਂਝੀ ਕਰਨੀ ਚਾਹੋਗੇ? 

-ਉਹ ਵੀ ਇੱਕ ਅਭੁੱਲ ਯਾਦ ਹੈ, ਪਹਿਲਾਂ ਹਾਸੇ ਵਾਲ਼ੀ ਸੁਣ ਲਓ। ਪਕਿਸਤਾਨੀ ਟੀਮ ਦੇ ਚੜ੍ਹਦੇ ਪੰਜਾਬ ਦੇ ਟੂਰ ਤੋਂ ਬਾਅਦ ਸਾਡੀ ਟੀਮ ਲੰਹਿਦੇ ਪੰਜਾਬ ਦੇ ਦੌਰੇ ‘ਤੇ ਗਈ। ਸਾਡੀ ਟੀਮ ਦੇ ਨਾਲ ਸੰਤ ਪ੍ਰਕਾਸ਼ ਸਿੰਘ ਅਤੇ ਅਸ਼ਵਨੀ ਕੁਮਾਰ ਵੀ ਗਏ ਬਾਕੀ ਮੈਂਬਰ ਸਨ: ਧਰਮ ਸਿੰਘ, ਤਰਲੋਚਨ ਸਿੰਘ, ਬਖਸ਼ੀਸ਼ ਸਿੰਘ, ਰਾਮ ਪ੍ਰਕਾਸ਼ ਅਤੇ ਮੈਂ। ਸਾਡੀਆਂ ਪਤਨੀਆਂ ਵੀ ਨਾਲ ਗਈਆਂ। ਇਹ ਸਾਡੀ ਟੀਮ ਸੀ ਤਾਂ ਪੰਜਾਬ ਪੁਲੀਸ ਦੀ, ਪਰ ਸਾਡੀ ਟੀਮ ਭਾਰਤੀ ਹਾਕੀ ਦੀ ਟੀਮ ਦੇ ਬਰਾਬਰ ਦੀ ਮੰਨੀ ਜਾਂਦੀ ਸੀ। ਸਾਡੇ ਜਾਣ ਦਾ ਆਮ ਲੋਕਾਂ ਵੱਲੋਂ ਬੜਾ ਭਰਵਾਂ ਸੁਆਗਤ ਹੋਇਆ। ਪਹਿਲਾਂ ਤਾਂ ਸਾਨੂੰ ਪੁਲੀਸ ਲਾਈਨ ਦੇ ਗੈਸਟ ਹਾਉਸ ਵਿੱਚ ਹੀ ਰੱਖਿਆ ਸੀ ਪਰ ਆਮ ਲੋਕਾਂ ਦੇ ਪਿਆਰ ਦੇਖਕੇ ਉਨ੍ਹਾਂ ਸਾਨੂੰ ਸਿਵਲ ਹਲਕਿਆਂ ਵਿੱਚ ਜਾਣ ਦੀ ਖੁੱਲ੍ਹ ਦੇ ਦਿੱਤੀ। ਅਸੀਂ ਤਾਂ ਸੈਰ ਸਪਾਟੇ ਦੇ ਮੂੜ ਵਿੱਚ ਸੀ। ਪਹਿਲਾਂ ਹਾਕੀ ਖੇਡਣ ਵਾਲੇ ਡਿਸਿਪਲਨ ਨੂੰ ਢਿੱਲਾ ਰੱਖਿਆ ਕਿਉਂਕਿ ਇਹ ਫਰਂੈਡਲੀ ਮੈਚ ਸੀ। ਲਾਹੌਰ ਵਿੱਚਲੀਆਂ ਦਾਹਵਤਾਂ ਨੇ ਸਾਡੇ ਢਿੱਡ ਪੂਰੀ ਤਰ੍ਹਾਂ ਭਰ ਦਿੱਤੇ। ਅਸੀਂ ਮੌਜ ਮੇਲੇ ਵਾਲੇ ਮੂਡ ਵਿੱਚ ਹੀ ਸਾਂ। ਇਹ ਮੈਚ ਮਿੰਟਗੁਮਰੀ ਵਿੱਚ ਸੀ। ਜਦੋਂ ਮੈਚ ਸ਼ੁਰੂ ਹੋਇਆ ਸਾਡੇ ਖਿਡਾਰੀ ਬਹੁਤੇ ਬਾਲ ਦੇ ਨਾਲ ਦੌੜਨ ਜੋਗੇ ਵੀ ਨਹੀਂ ਸਨ। ਪਹਿਲਾਂ ਗੋਲ਼ ਪਕਿਸਤਾਨੀ ਪੁਲੀਸ ਨੇ ਕਰ ਦਿੱਤਾ। ਜਿਸ ਤਰ੍ਹਾਂ ਸਾਡੇ ਵੱਲ ਅੰਮ੍ਰਿਤਸਰ ਮੈਚ ਵੇਲ਼ੇ ਹੋਇਆ ਸੀ, ਉਸੇ ਤਰ੍ਹਾਂ ਉਨ੍ਹਾਂ ਦਾ ਇੱਕ ਅਫ਼ੀਸਰ ਉਨ੍ਹਾਂ ਨੂੰ ਕਹੀ ਜਾਵੇ ਕਿ ਇਨ੍ਹਾਂ ਨੂੰਂ ਗੋਲ਼ ਕਰ ਲੈਣ ਦਿਓ। ਖ਼ੈਰ ਉਹ ਵਿਚਾਰੇ ਢਿੱਲੇ ਵੀ ਪੈ ਗਏ ਪਰ ਸਾਡੇ ਵਾਲਿ਼ਆਂ ਤੋਂ ਫੇਰ ਵੀ ਗੋਲ਼ ਨਾ ਕਰ ਹੋਇਆ। ਆਖ਼ਰ ਉਨ੍ਹਾਂ ਨੇ ਗੋਲ਼ੀ ਕੱਢ ਲਿਆ, ਗੋਲ਼ ਖਾਲ਼ੀ ਕਰ ਦਿੱਤੇ। ਵਿਸਲ ਵੱਜਣ ਤੋਂ ਪਹਿਲੋਂ ਬਾਲ ਗੋਲਾਂ ਵਿੱਚ ਚਲਾ ਗਿਆ ਤੇ ਮੈਚ ਬਰਾਬਰ ਰਿਹਾ। ਇੱਥੇ ਉਨ੍ਹਾਂ ਦੇ ਮਨ ਵਿੱਚ ਇਹ ਗੱਲ ਆਈ ਕਿ ਚੜ੍ਹਦੇ ਪੰਜਾਬ ਦੀ ਟੀਮ ਸਾਡੇ ਬਰਾਬਰ ਦੀ ਨਹੀਂ।

ਦੂਜਾ ਮੈਚ ਹੋਣਾ ਸੀ, ਲਾਹੌਰ। ਇਸ ਮੈਚ ਤੋਂ ਬਾਅਦ ਸਾਡੀ ਟੀਮ ਲਾਹੌਰ ਨੂੰ ਚੱਲ ਪਈ। ਮਿੰਟਗੁਮਰੀ ਤੋਂ ਲਾਹੌਰ ਨੂੰ ਜਾਂਦਿਆਂ ਰਾਹ ਵਿੱਚ ਇੱਕ ਬਹੁਤ ਵੱਡਾ ਬਾਗ਼ ਸੀ, ਜਿਸ ਨੂੰ ਚਿੱਲ ਫ਼ਰੂਟ ਫਾਰਮ ਕਹਿੰਦੇ ਹਨ। ਓਥੇ ਸਾਡੀ ਆਓ ਭਗਤ ਲਈ ਵੱਡੀ ਪਾਰਟੀ ਦਾ ਅਯੋਜਨ ਕੀਤਾ ਗਿਆ ਸੀ। ਬਹੁਤ ਹੀ ਵਧੀਆ ਢੰਗ ਨਾਲ ਫਲ਼-ਫਰੂਟਾਂ ਅਤੇ ਵਧੀਆ ਪਕਵਾਨਾਂ ਦੀ ਖ਼ਸ਼ਬੂ, ਵਾਜੇ ਗਾਜੇ ਵਜ ਰਹੇ ਸਨ। ਬਹਿਰੇ ਖਾਣੇ ਪਰੋਸ ਰਹੇ ਸੀ। ਸਾਨੂੰ ਮਿਹਮਾਨਾਂ ਨੂੰ ਭੁੱਖ ਵੀ ਲੋਹੜੇ ਦੀ ਲੱਗੀ ਹੋਈ। ਲਓ ਜੀ, ਜਿਓਂ ਹੀ ਅਸੀਂ ਖਾਣੇ ਦੇ ਮੇਜ਼ਾਂ ਵੱਲ ਵਧੇ। ਓਧਰੋਂ ਡੁਮਣੇ ਦੀਆਂ ਮੱਖੀਆਂ ਨੇ ਹਮਲਾ ਕਰ ਦਿੱਤਾ। ਬੱਸ ਫੇਰ ਤਾਂ ਜੀ ਅਜਿਹਾ ਰੰਗ ਵਿੱਚ ਭੰਗ ਪਿਆ। ਹੱਥਾਂ ਵਿੱਚ ਫੜੀਆਂ ਪਲੇਟਾਂ ਛੁੱਟ ਗਈਆਂ, ਭਾਜੜਾਂ ਪੈ ਗਈਆਂ। ਮੱਖੀਆਂ ਨੇ ਆਏ ਮਹਿਮਾਨਾਂ ਅਤੇ ਮੇਜ਼ਵਾਨਾਂ ਨਾਲ ਕੋਈ ਲਿਹਾਜ਼ ਨਾ ਕੀਤਾ। ਪੱਗਾਂ ਵਾਲਿਆਂ ਨੇ ਤਾਂ ਪੱਗਾਂ ਨਾਲ ਆਪਣੇ ਆਪ ਨੂੰ ਢੱਕ ਕੇ ਬੀਬੀਆਂ ਨੇ ਆਪਣੀਆਂ ਚੁੰਨੀਆਂ ਨਾਲ ਢੱਕ ਕੇ ਬਚਾਉਣ ਦੀ ਕੋਸ਼ਿਸ ਕੀਤੀ। ਪਰ ਮੱਖੀਆਂ ਸਰੀਰ ਦਾ ਜੋ ਹਿੱਸਾ ਨੰਗਾ ਲੱਭਾ ਉਨ੍ਹਾਂ ਡੰਗਾਂ ਨਾਲ ਬਿਨ੍ਹ ਮਾਰੇ। ਕਈਆਂ ਨੇ ਸਿਰ ਤੇ ਮੇਜ਼ ਪੋਸ਼ ਲੈ ਲਏ ਪਰ ਜਿੰਨ੍ਹਾ ਕੋਲ ਪੱਗ ਜਾਂ ਕੋਈ ਹੋਰ ਕਪੜਾ ਸਰੀਰ ਢੱਕਣ ਨੂੰ ਕਪੜਾ ਨਾ ਲੱਭਾ ਉਨ੍ਹਾਂ ਵਿਚਾਰਿਆਂ ਦਾ ਜੋ ਹਾਲ ਹੋਇਆ, ਉਹ ਬਿਅਨ ਕਰਨ ਤੋਂ ਬਾਹਰ ਹੈ। ਉਨ੍ਹਾਂ ਵਿਚਾਰਿਆਂ ਦੇ ਮੂੰਹ ਸਿਰ ਸੁਜ ਕੇ ਗੁਲਗਲਿਆਂ ਵਰਗੇ ਹੋ ਗਏ। ਉਨ੍ਹਾਂ ਦੀਆਂ ਤਾਂ ਸੂਰਤਾਂ ਹੀ ਵਿਗਾੜ ਦਿੱਤੀਆਂ। ਉਨ੍ਹਾਂ ਦਾ ਨਾਹ ਹੱਸਦਿਆ ਦਾ ਪਤਾ ਲੱਗੇ ਨਾਹ ਰੋਂਦਿਆਂ ਦਾ। ਇਹ ਯੁੱਧ ਕੋਈ ਅੱਧਾ ਪੌਣਾ ਘੰਟਾ ਚੱਲਿਆ। ਬੱਸ ਜਦ ਫੇਰ ਡੂਮਣੇ ਦਾ ਟਿਕ-ਟਕਾ ਹੋਇਆ, ਫੇਰ ਖਾਣਾ ਪਰੋਸਿਆ ਗਿਆ। ਫੇਰ ਹੁਣ ਭੁੱਖ ਕਿਹਨੂੰ ਸੀ! ਬੱਸ ਮਾੜੀ ਮੋਟੀ ਠੂੰਗਾ ਠਾਗੀਂ ਕੀਤੀ। ਓਧਰ ਮੇਜ਼ਵਾਨ ਮਾਫ਼ੀਆਂ ਮੰਗੀ ਜਾਣ। ਉਨ੍ਹਾਂ ਵਿਚਾਰਿਆਂ ਦਾ ਕਿਹੜਾ ਕੋਈ ਕਸੂਰ ਸੀ। ਇਹ ਤਾਂ ਕਿਸੇ ਦੇ ਯਾਦ ਚਿੱਤ ਵੀ ਨਹੀਂ ਸੀ ਕਿ ਆਹ ਕੰਮ ਵੀ ਹੋ ਸਕਦਾ। ਡੂਮਣੇ ਨੇ ਤਾਂ ਸਾਰਿਆਂ ਦੀ ਸੋਹਣੀ ਆਉ ਭਗਤ ਕਰਤੀ ਸੀ।

ਬਾਕੀ, ਵਿਹਲਾ ਸਮਾਂ ਗੁਜ਼ਾਰਨ ਲਈ, ਚੁਟਕਲੇ, ਤਾਸ਼, ਗੀਤ ਗਾਉਣ ਤੇ ਕੁਦਰਤ ਦਾ ਆਨੰਦ ਮਾਨਣ ਵਰਗੇ ਸ਼ੌਂਕ  ਸਾਡੇ ਖਿਡਾਰੀਆਂ ਵਿੱਚ ਵੀ ਦੇਖੇ ਹਨ। ਤੁਸੀਂ ਸ਼ਾਇਦ ਭਾਰਤੀ ਟੀਮ ਦੀਆਂ ਕਪਤਾਨੀਆਂ ਕਰਨ ਵਾਲੇ ਪਰਗਟ ਸਿੰਘ ਨੂੰ ਜਾਣਦੇ ਹੀ ਹੋ, ਉਹ ਬਹੁਤ ਹੀ ਵਧੀਆ ਗਾਇਕ ਵੀ ਹੈ। ਮੈਨੂੰ ਲਤੀਫ਼ੇ ਸੁਣਾਉਣ ਦਾ ਸ਼ੌਂਕ ਹੈ। ਧਿਆਨ ਚੰਦ ਦਾ ਪੁੱਤਰ ਅਸ਼ੋਕ ਕੁਮਾਰ, ਕੁਲਵੰਤ, ਵਿਨੋਦ ਕੁਮਾਰ ਅਤੇ ਗਨੇਸ਼ ਵੀ ਚੰਗੇ ਗਵੀਏ ਹਨ। ਇੱਕ ਵਾਰ ਸਾਡੀ ਟੀਮ ਨੇ ਮਦਰਾਸ ਤੋਂ ਬੰਗਲੌਰ ਜਾਣਾ ਸੀ, ਬੱਸ ਦਾ ਸਫ਼ਰ ਸੱਤ ਘੰਟੇ ਦਾ ਸੀ। ਬੱਸ ਵਿੱਚ ਬੈਠਦਿਆਂ ਹੀ ਕੁਝ ਖਿਡਾਰੀਆਂ ਨੇ ਤਾਸ਼, ਕੁਝ ਗਾਉਣ ਤੇ ਚੁਟਕਲਿਆਂ ਵੱਲ ਹੋ ਗਏ। ਵੇਹਲੇ ਸਮੇਂ ਦਾ ਤਾਂ ਪਤਾ ਹੀ ਨਾ ਲੱਗਾ।  

 ਰਾਜਨੀਤੀ ਦੀਆਂ ਕਰਾਮਾਤਾਂ!

?. ਬਲਬੀਰ ਸਿੰਘ ਜੀ, ਕਦੇ ਕਦੇ ਇਹ ਗੱਲ ਵੀ ਸੁਣੀ ਗਈ ਹੈ ਕਿ ਟੀਮ ਵਿੱਚ ਸ਼ਿਫ਼ਾਰਸ਼ੀ ਲੋਕਾਂ ਨੂੰ ਪਾ ਲਿਆ ਜਾਂਦਾ ਹੈ। ਪਰ ਜਿਸ ਕਿਸੇ ਦਾ ਹੱਕ ਬਣਦਾ ਉਹਨੂੰ ਪਿੱਛੇ ਧੱਕ ਦਿੱਤਾ ਜਾਂਦਾ ਹੈ। ਕੀ ਤੁਹਾਡੇ ਵੇਲਿਆਂ ਵਿੱਚ ਵੀ ਕਦੇ ਇਸ ਤਰ੍ਹਾਂ ਹੋਇਆ। ਜਿੱਥੇ ਸਿਆਸਤ ਨੇ ਆਪਣਾ ਰੰਗ ਦਿਖਇਆ ਹੋਵੇ… ?

-ਢਾਅ ਜੀ, ਤੁਸੀਂ ਤਾਂ ਪੁਰਾਣੇ ਜ਼ਖ਼ਮ ਛੇੜ ਦਿੱਤੇ। ਬਿਲਕੁਲ ਹੁੰਦਾ ਰਿਹਾ। ਇਕੱਲੇ ਖਿਡਾਰੀਆਂ ਦੀ ਹੀ ਨਹੀਂ ਇਹ ਸਿਆਸਤ ਤਾਂ ਮੇਰੇ ਨਾਲ ਵੀ ਹੋਈ ਹੈ। ਖਿਡਾਰੀਆਂ ਨਾਲ ਹੋਣੀ ਤਾਂ ਆਮ ਗੱਲ ਹੈ। ਇਹ ਹੋਈ ਵੀ ਉਦੋਂ, ਜਦੋਂ ਕਿ ਮੈਂ ਆਪ ਕੋਚ ਅਤੇ ਮੈਨੇਜਰ ਦੀਆਂ ਜ਼ਿੰਮੇਵਾਰੀਆਂ ਵੀ ਨਿਭਾ ਰਿਹਾ ਸੀ। ਪਰ ਮੈਂ ਕਦੇ ਇਹੋ ਜਿਹੀਆਂ ਬੇਇਨਸਾਫ਼ੀਆਂ ਦਾ ਕਦੇ ਬਹੁਤਾ ਗਿਲਾ ਨਹੀਂ ਸੀ ਕੀਤਾ। ਮੇਰਾ ਨਿਸ਼ਾਨਾ ਤਾਂ ਭਾਰਤੀ ਟੀਮ ਨੂੰ ਗੋਲਡ ਮੈਡਲ ਜਿੱਤਣ ਦੇ ਨਿਸ਼ਾਨੇ ਨਾਲ ਆਪਣੀ ਸੂਝ ਬੂਝ ਨਾਲ ਕੋਚਿੰਗ ਦੇਣ ਦੀ ਕੋਸ਼ਿਸ਼ ਕਰਨਾ ਹੀ ਰਿਹਾ। ਗੱਲ ਤਾਂ ਜਰਾ ਲੰਬੀ ਹੈ ਤੁਸੀਂ ਹੁਣ ਪੁੱਛਦੇ ਹੋ ਤਾਂ ਗੱਲ ਕਰਨੀ ਹੀ ਪੈਣੀ ਹੈ। ਗੱਲ ਇਸ ਤਰ੍ਹਾਂ ਹੋਈ ਕਿ 1964 ਵਿੱਚ ਟੋਕੀਓ ਦੀ ਓਲੰਪਿਕ ਖੇਡਾਂ ਆ ਰਹੀਆਂ ਸਨ। ਭਾਰਤੀ ਟੀਮ ਦੇ ਖਿਡਾਰੀਆਂ ਦਾ ਕੈਂਪ ਪੰਜਾਬ ਵਿੱਚ ਲਾਇਆ ਗਿਆ। ਕੋਚਿੰਗ ਦੀ ਜ਼ਿੰਮੇਵਾਰੀ ਮੈਨੂੰ ਦਿੱਤੀ ਗਈ ਸੀ। ਕੋਚਿੰਗ ਕੈਂਪ ਦਾ ਸਪੋਕਸਮੈਨ ਹਬੁਲ ਮੁਕਰਜੀ ਸੀ। ਪਤਾ ਨਹੀਂ ਕਿਉਂ ਤੇ ਕਿਵੇਂ ਹਬੁਲ ਮੁਕਰਜੀ ਦੇ ਮਨ ਵਿੱਚ ਆਈ ਕਿ ਇਸ ਕੈਂਪ ਦਾ ਸਾਰਾ ਸਿਹਰਾ ਮੈਂ ਆਪਣੇ ਸਿਰ ਲੈਣਾ। ਉਸ ਨੇ ਇਹ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਕਿ ਭਾਰਤੀ ਟੀਮ ਤਾਂ ਡਾਇਰੈਕਟ ਹੀ ਹਾਕੀ ਖੇਡ ਰਹੀ ਹੈ। ਇਸੇ ਗੱਲ ਨੂੰ ਲੈ ਕੇ ਭਾਰਤੀ ਹਾਕੀ ਟੀਮ ਨੂੰ ਟੋਕੀਓ ਭੇਜਣ ਵੇਲੇ ਸਿਆਸਤ ਖੇਡੀ ਗਈ। ਟੀਮ ਨੂੰ ਕੋਚਿੰਗ ਦੇਣ ਦੀ ਸਾਰੀ ਤਿਆਰੀ ਮੇਰੇ ਵੱਲੋਂ ਕਰਾਏ ਜਾਣ ਅਤੇ ਟੀਮ ਦੇ ਕੋਚ ਹੋਣ ਕਰਕੇ, ਜਾਣ ਦੇ ਟਾਇਮ ਜਦੋਂ ਕਿ ਮੈਂ ਕੋਚ ਦਾ ਬਲੇਜ਼ਰ ਵੀ ਪਹਿਨਿਆ ਹੋਇਆ ਸੀ। ਭਾਰਤੀ ਟੀਮ ਦਾ ਅਫ਼ੀਸ਼ੀਅਲ ਕੋਚ ਹੋਣ ਦੇ ਸਾਰੇ ਕੰਮ ਹੋ ਚੱਕੇ ਸਨ। ਟੀਮ ਰਵਾਨਾ ਹੋਣ ਤੋਂ ਐਨ੍ਹ ਪਹਿਲਾਂ ਸਾਡੀ ਟੀਮ ਦਾ ਮੇਰੇ ਤੋਂ ਜੂਨੀਅਰ ਖਿਡਾਰੀ ਸੀ ਧਰਮ ਸਿੰਘ, ਉਸ ਨੂੰ ਕੋਚ ਬਣਾ ਦਿੱਤਾ ਗਿਆ। ਮੈਂ ਕੋਈ ਰੋਸ-ਵਿਰੋਧ ਨਾ ਕੀਤਾ। ਮੈਂ ਆਪਣਾ ਬਲੇਜ਼ਰ ਲਾਹ ਕੇ ਧਰਮ ਸਿੰਘ ਨੂੰ ਦੇ ਦਿੱਤਾ। ਮੈਨੂੰ ਤਾਂ ਧਰਮ ਸਿੰਘ ਨਾਲ ਕੋਈ ਈਰਖਾ ਹੀ ਨਹੀਂ ਸੀ। ਕਿਉਂਕਿ ਅਸੀਂ ਤਾਂ ਆਪਸ ਵਿੱਚ ਪੁਰਾਣੇ ਦੋਸਤ ਸਾਂ। ਅਸੀਂ ਖ਼ਾਲਸਾ ਕਾਲਜ ਅੰਮ੍ਰਿਤਸਰ ਵਿੱਚ ਇਕੱਠੇ ਖੇਡਣ ਤੋਂ ਲੈ ਕੇ ਪੰਜਾਬ ਪੁਲੀਸ ਦੀ ਟੀਮ ਵਿੱਚ ਵੀ ਸਾਲਾਂ ਤੋਂ ਇਕੱਠੇ ਖੇਡ ਰਹੇ ਸਾਂ ਅਤੇ ਪੰਜਾਬ ਖੇਡ ਵਿਭਾਗ ਵਿੱਚ ਵੀ ਕੁਲੀਗ ਸਾਂ। 

ਮੇਰਾ ਮਿਸ਼ਨ ਤਾਂ ਭਾਰਤੀ ਹਾਕੀ ਦੀ ਖੁੱਸੀ ਸ੍ਰਦਾਰੀ ਨੂੰ ਮੁੜ ਕਾਇਮ ਕਰਨਾ ਸੀ। ਅਸੀਂ ਟੋਕੀਓ ਵਿੱਚ ਗੋਲਡ ਮੈਡਲ ਤਾਂ ਜਿੱਤ ਲਿਆ, ਜਿਸ ਦੀ ਮੈਨੂੰ ਬੇਹੱਦ ਖੁਸ਼ੀ ਹੋਈ। ਪਰ ਮੈਂ ਕਿਸੇ ਤਰ੍ਹਾਂ ਦਾ ਕੋਈ ਵਿਰੋਧ ਜਾਂ ਗਿਲਾ ਨਹੀਂ ਕੀਤਾ ਕਿ ਮੇਰੇ ਪਾਏ ਯੋਗਦਾਨ ਨੂੰ ਅੱਖੋਂ ਪ੍ਰੋਖੇ ਕੀਤਾ ਗਿਆ ਹੈ। ਤੁਸੀਂ ਦੇਖ ਸਕਦੇ ਹੋ ਕਿ ਇੱਥੇ ਕੋਚਾਂ ਜਾਂ ਮੈਨੇਜਰਾਂ ਦੀ ਇਹ ਹਾਲਤ ਹੋ ਸਕਦੀ ਹੈ ਤਾਂ ਖਿਡਾਰੀ ਕਿਹੜੇ ਬਾਗ਼ ਦੀ ਮੂਲ਼ੀ ਹਨ। ਸਤਨਾਮ ਜੀ, ਜੇਕਰ ਇਹ ਸਿਆਸਤ ਏਨੀ ਗੰਦੀ ਨਾ ਹੁੰਦੀ ਤਾਂ ਭਾਰਤੀ ਹਾਕੀ ਕਦੇ ਵੀ ਅਪਣੀ ਸਰਦਾਰੀ ਨਾ ਖੁੱਸਦੀ। ਭਾਰਤੀ ਹਾਕੀ ਫ਼ੈਡਰੇਸ਼ਨ ਦੋਫਾੜ ਹੋਣ ਨਾਲ ਇਸ ਫੁੱਟ ਨੇ ਕੈਪਟਨ ਦੀ ਚੋਣ, ਕੋਚਾਂ ਦੀ ਚੋਣ ਫੇਰ ਖਿਡਾਰੀਆਂ ਦੀ ਚੋਣ ਸਭ ਸੌੜੀ ਸਿਆਸਤ ਦੀ ਲਪੇਟ ਵਿੱਚ ਆਉਣ ਨਾਲ, ਭਾਰਤੀ ਹਾਕੀ ਨੂੰ ਜੋ ਨਾ ਪੂਰਿਆ ਜਾਣ ਵਾਲਾ ਨੁਕਸਾਨ ਹੋਇਆ, ਉਹ ਆਪਣੇ ਸਾਹਮਣੇ ਹੈ। ਤੁਸੀਂ ਦੇਖੋ ਕਿ ਜਿਹੜਾ ਭਾਰਤ ਸੱਤ ਵਾਰ ਗੋਲਡ ਮੈਡਲ ਅਤੇ ਇੱਕ ਵਾਰ ਸਿਲਵਰ ਇੱਕ ਵਾਰ ਬਰਾਉਨਜ਼ ਜਿੱਤਿਆ ਹੋਵੇ, ਮੁੜ ਕਦੇ ਕੋਈ ਮੈਡਲ ਲੈਣ ਦੀ ਸਥਿਤੀ ਵਿੱਚ ਨਾ ਹੋਵੇ ਤਾਂ ਤੁਸੀਂ ਇਸ ਗੱਲ ਦਾ ਅੰਦਾਜ਼ਾ ਭਲੀ ਭਾਂਤ ਹੀ ਲਾ ਲਉਂਗੇ। ਦਰਅਸਲ ਢਾਅ ਜੀ, ਸਾਡੇ ਵਿੱਚੋਂ ਇਨਸਾਨੀਅਤ ਹੀ ਮਰ ਰਹੀ ਹੈ। ਅਸੀਂ ਕੀਤੇ ਕੰਮਾਂ ਦੀ ਕਦਰ ਕਰਨ ਨਾਲੋਂ ਸਿਆਸਤ ਕਰਨ ਨੂੰ ਪਹਿਲ ਦੇਣ ਲੱਗ ਪਏ ਹਾਂ, ਜੋ ਕਿ ਬਹੁਤ ਹੀ ਖ਼ਤਰਨਾਖ ਸਾਬਤ ਹੋ ਰਹੀ ਹੈ। 

? ਬਿਲਕੁਲ ਜੀ, ਜੇਕਰ ਇਨਸਾਨੀਅਤ ਨਾ ਮਰੀ ਹੁੰਦੀ ਤਾਂ ਇਹ ਇਤਿਹਾਸ ਹੀ ਹੋਰ ਹੋਣਾ ਸੀ! ਅੱਛਾ ਜੀ ਇਹ ਦੱਸੋ ਕਿ ਇਹ ਵੀ ਕਈ ਵਾਰ ਸੁਣਨ ਵਿੱਚ ਆਇਆ ਕਿ ਟੀਮਾਂ ਰਲ਼ ਕੇ ਵੀ ਖੇਡ ਲੈਂਦੀਆ ਹਨ ਇੱਕ ਦੂਜੇ ਨੂੰ ਜਿਤਾੳਂੁਣ ਦਾ ਕੋਈ ਸਮਝੌਤਾ ਕਰ ਲੈਂਦੀਆਂ ਹਨ। ਹਾਕੀ ਦੀ ਖੇਡ ਵਿੱਚ, ਤੁਹਾਡੇ ਵੇਲਿਆਂ ‘ਚ ਕਦੇ ਇਸ ਤਰ੍ਹਾਂ ਹੋਇਆ ਹੋਵੇ…?

-(ਹੱਸਦੇ ਹੋੲ)ੇ ਢਾਅ ਜੀ, ਇਹ ਗੱਲ ਕਿਸੇ ਪ੍ਰੈਕਟਿਸ ਮੈਚ ਵਿੱਚ ਤਾਂ ਮੰਨੀ ਜਾ ਸਕਦੀ ਹੈ ਪਰ ਨੈਸ਼ਨਲ ਜਾਂ ਇੰਟਰਨੈਸ਼ਲ ਖੇਡ ਵਿੱਚ ਮੁਸ਼ਕਲ ਹੈ। ਹਾਂ, ਮੈਨੂੰ ਯਾਦ ਹੈ ਕਿ ਦੇਸ਼ ਦੀ ਵੰਡ ਤੋਂ ਬਾਅਦ ਲਹਿੰਦੇ ਪੰਜਾਬ ਅਤੇ ਚੜ੍ਹਦੇ ਪੰਜਾਬ ਦੀਆਂ ਹਾਕੀ ਐਸੋਸੀਏਸ਼ਨਾਂ ਨੇ ਮਨ ਬਣਾਇਆ ਕਿ ਇੱਕ ਦੂਜੇ ਨਾਲ ਮੈਚ ਖੇਡੇ ਜਾਣ। ਇਹਦੇ ਨਾਲ ਇੱਕ ਤਾਂ ਸਾਡਾ ਮੇਲ਼ ਮਿਲਾਪ ਵਧੇਗਾ ਦੂਜਾ ਹਾਕੀ ਦੀ ਖੇਡ ਵਿੱਚ ਨਿਖਾਰ ਤੇ ਪ੍ਰੈਕਟਿਸ ਹੋਵੇਗੀ। ਪਹਿਲਾਂ 1950 ਵਿੱਚ ਪਾਕਿਸਤਾਨੀ ਪੰਜਾਬ ਦੀ ਹਾਕੀ ਦੀ ਟੀਮ ਆਪਣੇ ਵੱੱਲ ਮੈਚ ਖੇਡਣ ਆਈ ਜਲੰਧਰ ਮੈਚ ਹੋਏ ਲੋਕਾਂ ਨੇ ਬਹੁਤ ਉਤਸ਼ਾਹ ਦਿਖਇਆ। ਇਸ ਨੂੰ ਦੇਖ ਕੇ ਦੋਹਾਂ ਪੰਜਾਬਾਂ ਦੇ ਪੁਲੀਸ ਅਫਸਰਾਂ ਨੇ ਫ਼ੈਸਲਾ ਕੀਤਾ ਕਿ ਇਹ ਮੈਚ ਜਿੱਤਣ, ਹਾਰਨ ਲਈ ਨਹੀਂ ਸਗੋਂ ਲੋਕਾਂ ਦੇ ਮਨੋਰੰਜਨ ਅਤੇ ਸਦਭਾਵਨਾ ਵਾਲੇ ਹੋਣਗੇ। ਹੋਇਆ ਇਹ ਕਿ 1953 ਦੇ ਸ਼ੁਰੂ ਵਿੱਚ ਓਧਰਲੇ ਪੰਜਾਬ ਦੀ ਟੀਮ ਖੇਡਣ ਆਈ ਅੰਮ੍ਰਿਤਸਰ ਮੈਚ ਹੋਇਆ। ਬਹੁਤ ਵੱਡੀ ਗਿਣਤੀ ਵਿੱਚ ਲੋਕ ਮੈਚ ਦੇਖਣ ਲਈ ਆਏ। ਕਿਉਂਕਿ ਟੀਮਾਂ ਦੋਵੇਂ ਤਕੜੀਆਂ ਮੰਨੀਆਂ ਜਾਂਦੀਆਂ ਸਨ। ਹੁਣ ਮੈਚ ਦੋਸਤਾਨ ਸੀ, ਪਹਿਲਾ ਗੋਲ ਸਾਡੀ ਟੀਮ ਨੇ ਕੀਤਾ। ਉਹ ਗੋਲ ਉਤਾਰਨ ਦੀ ਕੋਸ਼ਿਸ ਵਿੱਚ ਸਨ ਪਰ ਗੋਲ ਹੋ ਨਹੀਂ ਸੀ ਰਿਹਾ, ਓਧਰ ਟਾਇਮ ਥੋੜਾ ਰਹੀ ਜਾਵੇ। ਅਸ਼ਵਨੀ ਕੁਮਾਰ ਨੇ ਇੱਕ ਪੁਲਿਸ ਅਫਸਰ ਨੂੰ ਸਾਈਡ ਲਾਇਨ ਤੇ ਭੇਜਿਆ ਕਿ ਆਪਣੀ ਟੀਮ ਨੂੰ ਕਹਿ ਗੋਲ ਕਰਾ ਲੌ। ਉਹ ਸਾਈਡ ਤੇ ਜਾ ਕੇ ਕਹੀ ਜਾਵੇ ਗੋਲ ਲਾਹ ਲੈਣ ਦਿਉ, ਗੋਲ਼ ਲਾਹ ਲੈਣ ਦਿਉ। ਬੱਸ ਆਖ਼ਰੀ ਪਲਾਂ ਤੇ ਸਾਡੀ ਟੀਮ ਨੇ ਉਨ੍ਹਾਂ ਨੂੰ ਗੋਲ਼ ਕਰਨ ਦਾ ਮੌਕਾ ਦਿੱਤਾ ਤਾਂ ਅਸ਼ਵਨੀ ਕੁਮਾਰ ਹੋਰਾਂ ਨੂੰ ਸੁੱਖ ਦਾ ਸਾਹ ਆਇਆ। 

ਇਸੇ ਤਰ੍ਹਾਂ ਦੂਜੀ ਵਾਰ ਪਕਿਸਤਾਨੀ ਟੀਮ ਖੇਡਣ ਆਈ ਤਾਂ ਮੈਚ ਜਲੰਧਰ ਹੋਇਆ ਪਹਿਲਾਂ ਕੀਤੇ ਸਮਝੌਤੇ ਮੁਤਾਬਿਕ ਇਹ ਮੈਚ ਬਿਨਾ ਕਿਸੇ ਗੋਲ ਤੇ ਬਰਾਬਰ ਸਮਾਪਤ ਹੋਇਆ। ਦੋਹਾਂ ਪਸਿਆਂ ਦੇ ਖਿਡਾਰੀ ਅਤੇ ਪਲੀਸ ਆਫ਼ੀਸਰ ਖੁਸ਼ ਸਨ। ਇਸ ਤਰ੍ਹਾਂ ਕਈ ਵਾਰ ਦੂਜੀ ਟੀਮ ਦਾ ਦਿਲ ਰੱਖਣ ਲਈ ਪ੍ਰੈਕਟਿਸ ਜਾਂ ਫਰੈਂਡਲੀ ਮੈਚ ਵਿੱਚ ਹੋਇਆ। ਭਾਵੇਂ ਟੀਮ ਸਾਡੀ ਉਨ੍ਹਾਂ ਨਾਲੋਂ ਤਕੜੀ ਅਤੇ ਵਧੀਆ ਸੀ ਪਰ ਉਨ੍ਹਾਂ ਨੂੰ ਇਓਂ ਲੱਗਾ ਕਿ ਦੇਵੇਂ ਟੀਮਾਂ ਬਰਾਬਰ ਦੀਆਂ ਹਨ। ਕਈ ਵਾਰੀ ਪ੍ਰੈਕਟਿਸ ਵਿੱਚ ਜਾਂ ਸਦਭਾਵਨਾ ਨਾਲ ਖੇਡਣ ਕਰਕੇ ਜਿੱਤ ਹਾਰ ਦਾ ਬਹੁਤਾ ਖ਼ਿਆਲ ਨਹੀਂ ਹੁੰਦਾ ਸੀ। ਪਰ ਕਈ ਵਾਰ ਇੱਕ ਪਾਸੇ ਵਾਲੇ ਕੁਝ ਢਿੱਲਾ ਖੇਡਣ ਤਾਂ ਦੁਜੀ ਟੀਮ ਦੇ ਮਨ ਵਿੱਚ ਇਹ ਗੱਲ ਹੋਣੀ ਸੁਭਾਵਿਕ ਹੋ ਜਾਂਦੀ ਹੈ ਕਿ ਸਾਡੀ ਟੀਮ ਵਧੀਆ ਹੈ ਜਾਂ ਬਰਾਬਰ ਦੀ ਹੈ।

ਤੁਹਾਡੇ ਸਵਾਲ ਦਾ ਜਵਾਬ ਇਹ ਹੈ ਕਿ ਜੇਕਰ ਟੀਮਾਂ ਦੇ ਜਾਂ ਕੋਚਾਂ ਦੇ ਮਨ ਵਿੱਚ ਹੈ ਕਿ ਜਿੱਤਣ ਲਈ ਖੇਡਣਾ ੳੁਦੋਂ ਤਾਂ ਦੋਵੇਂ ਟੀਮਾਂ ਅੱਡੀ ਚੋਟੀ ਦਾ ਜ਼ੋਰ ਲਾਉਦੀਆਂ ਹੀ ਹਨ। ਇਸ ਦੀ ਉਦਾਹਰਣ ਮੈਂ ਤੁਹਾਨੂੰ ਦਿੰਦਾ ਹਾਂ ਕਿ ਜਦੋਂ ਸਾਡੀ ਟੀਮ ਪਕਿਸਤਾਨ ਦੇ ਟੂਰ ਤੇ ਸੀ। ਪਹਿਲਾਂ ਤਾਂ ਅਸੀਂ  ਇਹ ਮੰਨ ਕੇ ਹੀ ਖੇਡਦੇ ਸੀ ਸਦਭਾਵਨਾ ਨਾਲ ਹੀ ਖੇਡਣਾ, ਜਿੱਤਣ ਹਾਰਨ ਦੀ ਕੋਈ ਗੱਲ ਨਹੀਂ। ਡੂਮਣੇ ਦੇ ਹਮਲੇ ਤੋਂ ਬਆਦ ਸਾਡਾ ਦੂਜਾ ਮੈਚ ਲਾਹੌਰ ਦੇ ਰੇਲਵੇ ਸਟੇਡੀਅਮ ਵਿੱਚ ਸੀ। ਮੈਚ ਦੇਖਣ ਲਈ ਲੋਕਾਂ ਵਿੱਚ ਬਹੁਤ ਉਤਸ਼ਾਹ ਸੀ। ਮੈਚ ਸ਼ੁਰੂ ਹੋਣ ਤੋਂ ਪਹਿਲਾਂ ਜਦੋਂ ਲਹਿੰਦੇ ਪੰਜਾਬ ਦੀ ਟੀਮ ਦਾ ਕੈਪਟਨ ਅਜ਼ੀਜ਼, ਲਾਈਨ ਤੇ ਮੇਰੇ ਨਾਲ ਹੱਥ ਮਿਲਾਉਣ ਆਇਆ ਤਾਂ ਉਹਨੇ ਮੈਨੂੰ ਦੱਸਿਆ ਕਿ ਅੱਜ ਮੈਚ ਮੁਕਾਬਲੇ ਦਾ ਹੈ। ਫੇਰ ਇਹ ਨਾ ਕਹਿਣਾ ਕਿ ਤੁਸੀਂ ਸਾਨੂੰ ਦੱਸਿਆ ਨਹੀਂ। ਮੈਂ ਇਹੋ ਸਨੇਹਾ ਆਪਣੇ ਨਾਲ ਗਏ ਸਾਰੇ ਖਿਡਾਰੀਆਂ ਅਤੇ ਕੋਚਾਂ ਨੂੰ ਵੀ ਦੇ ਦਿੱਤਾ। ਭਾਵੇਂ ਮੇਰੇ ਸੁਨੇਹੇ ‘ਤੇ ਅਸ਼ਵਨੀ ਕਮਾਰ ਹੈਰਾਨ ਤੇ ਮਾਯੂਸ ਵੀ ਹੋਇਆ। ਫੇਰ ਕਹਿਣ ਲੱਗਾ ਚਲੋ ਠੀਕ ਹੈ, ਤੁਸੀਂ ਵੀ ਹੁਣ ਜਿੱਤਣ ਲਈ ਖੇਡਣਾ ਹੈ। ਸਾਡੀ ਟੀਮ ਵੀ ਜਿਹੜੀ ਸ਼ੁਗਲੀਆਂ ਤੌਰ ਤੇ ਖੇਡਣ ਲਈ ਮੈਦਾਨ ਵਿੱਚ ਆਈ ਸੀ ਇੱਕ ਦਮ ਚੌਕਸ ਹੋ ਗਈ। ਮੈਂ ਆਪਣੀ ਟੀਮ ਨੂੰ ਦੱਸਿਆ ਕਿ ਇਹਨਾਂ ਨੂੰ ਗ਼ਲਤ ਫ਼ੈਹਮੀ ਹੋ ਗਈ ਹੈ ਕਿ ਅਸੀਂ ਇਨ੍ਹਾਂ ਨਾਲੋਂ ਮਾੜੇ ਹਾਂ। ਆਪਾਂ ਇੰਡੀਆ ਵਿੱਚ ਭਾਵੇਂ ਕੋਈ ਮੈਚ ਹਾਰ ਜਾਈਏ ਪਰ ਅੱਜ ਆਪਾਂ ਇੱਥੇ ਜਿੱਤਣਾ ਹੀ ਹੈ। ਬੱਸ ਫੇਰ ਸਾਰੀ ਟੀਮ ਨੇ ਵੀ ਰੋਹ ਵਿੱਚ ਹੁੰਗਾਰਾ ਭਰਿਆ। ਸਾਡੀ ਟੀਮ ਆਪਣੀ ਆਈ ਤੇ ਆ ਗਈ। ਹਾਫ਼ ਟਾਈਮ ਤੱਕ ਸਾਡੀ ਟੀਮ ਤਿੰਨ ਗੋਲ਼ਾਂ ਨਾਲ ਅਗੇ ਸੀ। ਜ਼ੋਰ ਉਨ੍ਹਾਂ ਨੇ ਵੀ ਲਾਇਆ ਪਰ ਆਖ਼ਰੀ ਵਿਸਲ ਤੇ ਉਨ੍ਹਾਂ ਦੇ ਦੋ ਗੋਲ਼ ਅਤੇ ਸਾਡੀ ਟੀਮ ਦੇ ਚਾਰ ਗੋਲ਼। ਸੋ ਇਸ ਤਰ੍ਹਾਂ ਕਈ ਸਮਝੋਤੇ ਕਈ ਵਾਰ ਰੱਦ ਵੀ ਹੋ ਜਾਂਦੇ ਹਨ ਅਤੇ ਕਈ ਵਾਰ ਸਮਝੌਤਿਆਂ ਤੇ ਅਮਲ ਵੀ ਕਰਨਾ ਪੈਂਦਾ ਹੈ। ਤੁਸੀਂ ਦੇਖੋ ਕਿ ਜੇਕਰ ਅਜ਼ੀਜ਼ ਨਾ ਵੰਗਰਾਦਾ ਤੇ ਅਸੀਂ ਤਾਂ ਸ਼ੁਗਲੀਆ ਗੇਮ ਹੀ ਖੇਡਣੀ ਸੀ ਤੇ ਹੋ ਸਕਦਾ ਸਾਨੂੰ ਨਿਰਾਸ਼ ਹੋਣਾ ਪੈਂਦਾ। ਸੋ ਇਸ ਤਰ੍ਹਾਂ ਵੀ ਕਦੇ ਕਦੇ ਜ਼ੋਰ ਲਾ ਕਦੇ ਕੁਝ ਢਿੱਲੇ ਰਹਿ ਕੇ ਖੇਡ ਖੇਡਣੀ ਪੈਂਦੀ ਹੈ। ਪਰ ਇਹ ਫਰੈਂਡਲੀ ਮੈਚ ਜਾਂ ਪ੍ਰੈਕਟਿਸ ਸਮੇਂ ਹੀ ਹੋ ਸਕਦਾ ਪਰ ਉਸ ਤਰ੍ਹਾਂ ਰਲ਼ ਕੇ ਖੇਡਣ ਦੀ ਗੱਲ ਔਖੀ ਹੈ।

ਥਾਣੇਦਾਰਾਂ ਦੇ ਘਰ ਚੋਰੀ ਦੀ ਵਾਰਦਾਤ!

?. ਇੱਕ ਹੋਰ ਗੱਲ, ਤਸੀਂ ਦੱਸ ਰਹੇ ਸੀ ਕਿ ਜਦੋਂ ਤਸੀਂ ਨਵੇਂ ਨਵੇਂ ਠਾਣੇਦਾਰ ਬਣੇ ਤਾਂ ਠਾਣੇ ਵਿੱਚ ਹੀ ਚੋਰੀ ਹੋ ਗਈ ਸੀ। ਉਹ ਕਿਸ ਤਰ੍ਹਾਂ? ਚੋਰਾਂ ਨੂੰ ਫੜਨ ਵਾਲੀ ਪੁਲੀਸ ਦੇ ਚੋਰੀ ਹੋ ਜਾਣਾ ਤਾਂ ਬੜੀ ਹੈਰਾਨੀ ਦੀ ਗੱਲ?

-(ਹੱਸਦੇ ਹੋਏ) ਹਾਂ, ਹੈ ਤਾਂ ਹਾਸੇ ਤੇ ਹੈਰਾਨੀ ਵਾਲ਼ੀ ਗੱਲ! ਉਹ ਗੱਲ ਇਸ ਤਰ੍ਹਾਂ ਹੋਈ, ਸਤਨਾਮ ਜੀ, ਜਦੋਂ ਮੈਨੂੰ ਸਿਖਲਾਈ ਲੈਣ ਤੋਂ ਬਾਅਦ ਠਾਣੇਦਾਰੀ ਦੀ ਪ੍ਰੈਕਟੀਕਲ ਕਰਨ ਲਈ ਸਦਰ ਠਾਣੇ ਦੇ ਐੱਸ. ਐੱਚ. ਓ. ਨਾਲ ਲਾਇਆ ਗਿਆ। ਓਥੇ ਮੈਨੂੰ ਪੁਲੀਸ ਲਾਇਨ ਵਿੱਚ ਹੀ ਫਲੈਟ ਮਿਲ਼ ਗਿਆ ਸੀ। ਉਸ ਫਲੈਟ ਦੇ ਦੋ ਕਮਰੇ ਸਨ। ਦੂਜੇ ਕਮਰੇ ਵਿੱਚ ਇੱਕ ਮੁਸਲਮਾਨ ਐੱਸ. ਐੱਚ. ਓ. ਵੀ ਰਹਿ ਰਿਹਾ ਸੀ। ਅਸੀਂ ਆਪਣਾ ਖਾਣਾ ਬਣਾਉਣ ਅਤੇ ਘਰ ਦੀ ਸਾਫ਼ ਸਫ਼ਾਈ ਲਈ ਬਨਾਰਸ ਦੇ ਨੇੜੇ ਦਾ ਇੱਕ ਮੁੰਡਾ ਨੌਕਰ ਰੱਖ ਲਿਆ। ਅਸੀਂ ਓਥੇ ਪੂਰੇ ਠਾਣੇਦਾਰੀ ਟੌਹਰ ਨਾਲ ਰਹਿ ਰਹੇ ਸੀ। ਇੱਕ ਦਿਨ ਮੇਰੇ ਮਨ ਵਿੱਚ ਖ਼ਿਆਲ ਆਇਆ ਕਿ ਮੈਂ ਅਪਣੇ ਦੋਸਤ ਗੁਰਚਰਨ ਰੰਧਾਵਾ ਨੂੰ ਦਿਖਾਵਾਂ ਕਿ ਮੇਰਾ ਟੋਹਰ ਦੇਖ! ਮੈਂ ਉਹਨੂੰ ਸੱਦਾ ਦੇ ਦਿੱਤਾ। ਲਓ ਜੀ, ਉਹ ਲਾਇਲਪੁਰ ਤੋਂ ਗੱਡੀ ਚੜ੍ਹਿਆ ਅਤੇ ਲੁਧਿਆਣੇ ਆ ਉੱਤਰਿਆ। ਰਸਮੀ ਜਿਹੀ ਗੱਲਬਾਤ ਤੋਂ ਬਾਅਦ ਅਸੀਂ ਅਪਣੀਆਂ ਵਰਦੀਆਂ ਉਤਾਰੀਆਂ ਅਤੇ ਹਾਕੀ ਖੇਡਣ ਵਾਲੀਆਂ ਪਾ ਕੇ ਖੇਡਣ ਲਈ ਜਾਂਦੇ ਜਾਂਦੇ ਨੌਕਰ ਨੂੰ ਖਾਣ ਪੀਣ ਦੇ ਸਮਾਨ ਦੇ ਪੈਸੇ ਦੇ ਕੇ ਹੁਕਮ ਦਿੱਤਾ ਕਿ ਛੇ ਵਿਅਕਤੀਆਂ ਦਾ ਸਪੈਸ਼ਲ ਭੋਜਨ ਤਿਆਰ ਕਰ ਲਵੇ। ਰੰਧਾਵੇ ਦੀ ਆਉ ਭਗਤ ਵਿੱਚ ਅਸੀਂ ਤਿੰਨ ਕੁ ਮਹਿਮਾਨ ਹੋਰ ਵੀ ਸੱਦ ਲਏ। 

ਅਸੀਂ ਉਹਨੂੰ ਲਾਅਨ ਵਿੱਚ ਸਫ਼ਾਈ ਕਰਕੇ ਪਾਣੀ ਦਾ ਛਿੜਕਾਅ ਕਰਨ ਦੀ ਹਦਾਇਤ ਕਰਦੇ, ਹਾਕੀ ਖੇਡਣ ਲਈ ਗਰਾਊਂਡ ਨੂੰ ਨਿਕਲ ਗਏ। ਰਾਹ ਵਿੱਚ ਉਹਦੀਆਂ ਤਰੀਫ਼ਾਂ ਦੇ ਪੁਲ਼ ਬੰਨ੍ਹਦੇ ਗਏ ਕਿ ਖਾਣਾ ਏਨਾਂ ਸੁਆਦ ਬਣਾਉਦਾ ਕਿ ਬੰਦਾ ਉਂਗਲੀਆਂ ਚੱਟਦਾ ਰਹਿ ਜਾਂਦਾ। ਉਹਦੇ ਲਾਏ ਤੜਕੇ ਦੀ ਮਹਿਕ ਦੂਰ ਦੂਰ ਤੱਕ ਆਉਂਦੀ ਕਿ ਬੰਦੇ ਦੇ ਮੂੰਹ ‘ਚ ਪਾਣੀ ਆ ਜਾਂਦਾ। ਸਤਨਾਮ ਜੀ, ਜਦ ਅਸੀਂ ਖੇਡ ਕੇ ਵਾਪਸ ਆਏ ਤਾਂ ਹਾਕਾਂ ਮਾਰੀਏ ਕਿ ਠੰਡਾ ਪਾਣੀ ਲਿਆਵੇ ਜਰਾ ਰੀਲੈਕਸ ਹੋ ਕੇ ਨਹਾ-ਧੋ ਕੇ ਖਾਣਾ ਖਾਂਦੇ ਹਾਂ। ਨੌਕਰ ਨਾ ਬੋਲੇ! ਬੋਲਦਾ ਤਾਂ ਤਦ ਜੇਕਰ ਉਹ ਘਰ ਹੁੰਦਾ। ਜਦ ਅਸੀਂ ਅੰਦਰ ਜਾ ਕੇ ਦੇਖਿਆ ਤਾਂ ਭਾਂਡੇ ਖਾਲ੍ਹੀ, ਤਬਲੇ ਮੂਧੇ ਪਏ। ਅਸੀਂ ਹੈਰਾਨ ਕਿ ਕਿੱਥੇ ਚਲਾ ਗਿਆ ਹੋਵੇਗਾ! ਸਾਨੂੰ ਚਿੰਤਾ ਹੋਈ ਕਿ ਖਾਣੇ ਦਾ ਸਮਾਨ ਲੈਣ ਗਿਆ ਹੀ ਨਹੀਂ ਮੜਿਆ। ਕੁਦਰਤੀ ਉਸ ਦਿਨ ਸਾਨੂੰ ਪਹਿਲੀ ਤਨਖ਼ਾਹ ਮਿਲ਼ੀ ਸੀ ਦਰਅਸਲ ਉਹ ਘਰ ਦੀ ਸਫ਼ਾਈ ਕਰਨ ਦੀ ਵਜਾਏ ਸਾਡੀਆਂ ਜੇਬਾਂ ਸਾਫ਼ ਕਰ ਗਿਆ ਸੀ। ਅੰਦਰ ਗਏ ਤਾਂ ਸਾਰਾ ਮਾਮਲਾ ਸਮਝਣ ਨੂੰ ਦੇਰ ਨਾ ਲੱਗੀ। ਆਏ ਮਹਿਮਾਨ ਬਿਨਾਂ ਖਾਣਾ ਖਾਧੇ ਹੱਸ ਹੱਸ ਸੁਆਦ ਲੈਣ ਲੱਗੇ। ਜੇਬਾਂ ਤਾਂ ਨੌਕਰ ਭਾਵੇਂ ਸਾਡੀਆਂ ਖਾਲ਼ੀ ਕਰ ਗਿਆ। ਅਕਸਰ ਫੇਰ ਵੀ ਅਸੀਂ ਠਾਣੇਦਾਰ ਸੀ, ਹੁਣ ਆਏ ਮਹਿਮਾਨਾਂ ਨੂੰ ਭੁੱਖੇ ਤਾਂ ਸੌਣ ਨਹੀਂ ਸੀ ਦੇਣਾ। ਅਸੀਂ ਫੇਰ ਆਪਣੇ ਮਹਿਮਾਨਾਂ ਨੂੰ  ਇੱਕ ਵਧੀਆ ਹੋਟਲ ਵਿੱਚ ਖਾਣਾ ਖਲ਼ਾਇਆ। ਇਹ ਸੀ, ਜੀ ਮੇਰੀ ਠਾਣੇਦਾਰੀ ਦੀ ਟੌਹਰ ਜੋ ਮੈਂ ਅਪਣੇ ਦੋਸਤਾਂ ਮਿੱਤਰਾਂ ਨੂੰ ਦਿਖਾਈ। ਸੋ ਇਹ ਸੀ, ਠਾਣੇਦਾਰੀ ਮਿਲ਼ੀ ਦੀ ਪਾਰਟੀ, ਨਾਲੇ ਠਾਣੇ ਵਿੱਚ ਚੋਰੀ ਦੀ ਵਾਰਦਾਤ।

?. ਵਾਕਿਆ ਹੀ ਹਾਸੇ ਅਤੇ ਹੈਰਾਨੀ ਦੇ ਨਾਲ ਨਾਲ ਦੁੱਖ ਦੀ ਵੀ ਹੈ। ਅੱਛਾ ਜੀ, ਠਾਣੇਦਾਰੀ ਦੀ ਪੈ੍ਕਟਿਸ ਕਰਦਿਆਂ ਦੀ ਕੋਈ ਹੋਰ ਯਾਦਗਾਰੀ ਘਟਨਾ ਸਾਂਝੀ ਕਰਨਾ ਚਾਹੋਂਗੇ, ਜਿਸ ਨੂੰ ਯਾਦ ਕਰਕੇ ਤੁਹਾਡੇ ਮਨ ਨੂੰ ਕੋਈ ਖੁਸ਼ੀ ਜਾਂ ਦੁੱਖ ਮਹਿਸੁਸ ਹੋ ਰਿਹਾ ਹੋਵੇ?

-ਤੁਹਾਨੂੰ ਪਤੈ ਪੁਲੀਸ ਦਾ ਮਹਿਕਮਾ ਹੈ ਤਾਂ ਬਦਨਾਮ ਹੀ, ਕਿਉਂਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪੁਲੀਸ ਵਾਲੇ ਕਈ ਵਾਰ ਆਪਣੀ ਪਾਵਰ ਦਾ ਮਿਸਯੂਜ ਵੀ ਕਰਦੇ ਹਨ ਅਤੇ ਲੋਕਾਂ ਨਾਲ ਵਧੀਕੀਆਂ ਵੀ ਕਰਦੇ ਹਨ। ਇਹ ਵੀ ਦੇਖਿਆ ਕਿ ਕਨੂੰਨ ਦੀ ਓਨੀ ਉਲੰਘਣਾ ਆਮ ਆਦਮੀ ਨਹੀਂ ਕਰਦਾ ਜਿੰਨੀ ਪੁਲੀਸ ਵਾਲੇ ਕਰਦੇ ਹਨ। ਪਰ ਇਹ ਵੀ ਸੱਚ ਹੈ ਕਿ ਸਾਰੇ ਮਾੜੇ ਨਹੀਂ ਅਤੇ ਸਾਰੇ ਚੰਗੇ ਵੀ ਨਹੀਂ। ਤੁਸੀਂ ਇਹ ਗੱਲ ਸੁਣ ਕੇ ਵੀ ਹੱਸੋਂਗੇ ਵੀ ਤੇ ਦੁਖੀ ਵੀ ਹੋਵੋਗੇ ਕਿ ਜਿਸ ਠਾਣੇਦਾਰ ਨਾਲ ਮੈਨੂੰ ਪੈ੍ਕਸਿਟ ਲਈ ਲਾਇਆ ਸੀ, ਉਹਦਾ ਕਹਿਣਾ ਸੀ ਕਿ ਵੱਧ ਤੋਂ ਵੱਧ ਲੋਕਾਂ ਨੂੰ ਫੜ ਕੇ ਠਾਣੇ ਲਿਆਇਆ ਕਰ। ਕਿਉਂਕਿ ਅੰਗਰੇਜ਼ੀ ਰਾਜ ਦੇ ਵੇਲੇ ਮਾੜੇ ਮੋਟੋ ਜ਼ੁਰਮ ਜਾਂ ਕਿਸੇ ਤਰ੍ਹਾਂ ਦੀ ਸ਼ੱਕ ਕਰਕੇ, ਇੱਥੇ ਤੱਕ ਕਿ ਬਿਨਾ ਕਿਸੇ ਜ਼ੁਰਮ ਦੇ ਵੀ ਕਿਸੇ ਨੂੰ ਫੜ ਕੇ ਪੁਲੀਸ ਅੰਦਰ ਕਰ ਸਕਦੀ ਸੀ। ਉਹ ਤਾਂ ਕਿ ਭਾਰਤੀ ਲੋਕਾਂ ਅੰਦਰ ਅੰਗਰੇਜ਼ੀ ਰਾਜ ਦਾ ਡਰ ਬਣਿਆ ਰਹੇ। ਉਹ ਠਾਣੇਦਾਰ ਅੰਗਰੇਜ਼ (ਗੋਰਾ) ਸੀ ਤੇ ਚੰਗੇ ਭਾਰੇ ਸਰੀਰ ਦਾ ਸੀ। ਜਦੋਂ ਕਿਤੇ ਪਿੰਡ ਵਿੱਚ ਜਾਂਦਾ ਤਾਂ ਭੋਲੇ ਭਾਲੇ ਲੋਕਾਂ ਤੋਂ ਖੂਬ ਸੇਵਾ ਕਰਵਾਉਂਦਾ। ਇੱਥੇ ਤੱਕ ਕਿ ਉਹਦੇ ਬੂਟ ਜੁਰਾਬਾਂ ਵੀ ਲੋਕ ਉਤਾਰਦੇ ਅਤੇ ਮੁੱਠੀ ਚਾਪੀ ਕਰਦੇ। ਇਹ ਦੇਖ ਕੇ ਮੈਨੂੰ ਬਹੁਤ ਦੁੱਖ ਹੁੰਦਾ ਪਰ ਮੈਂ ਕਰ ਕੁਝ ਨਹੀਂ ਸੀ ਸਕਦਾ।

ਇੱਕ ਦਿਨ ਵੱਡੇ ਠਾਣੇਦਾਰ ਨੇ ਮੈਨੂੰ ਚੇਤਾਵਨੀ ਦਿੱਤੀ ਕਿ ਜੇਕਰ ਉਹ ਲੋਕਾਂ ਦੀਆਂ ਗ੍ਰਿਫ਼ਤਾਰੀਆਂ ਦਾ ਕੋਟਾ ਪੂਰਾ ਨਹੀਂ ਕਰੇਗਾ ਤਾਂ ਟਰੇਨਿੰਗ ਦੀ ਰੀਪੋਰਟ ਵਿੱਚ ਲਿਖ ਕੇ ਪੁਲੀਸ ਸੁਪਰਡੈਂਟ ਨੂੰ ਭੇਜ ਦੇਵੇਗਾ। ਜਿਸ ਨਾਲ ਰਿਕਾਰਡ ਖਰਾਬ ਹੋਵੇਗਾ। ਹੁਣ ਮੇਰੇ ਲਈ ਮੁਸੀਬਤ ਖੜ੍ਹੀ ਹੋ ਗਈ ਗ੍ਰਿਫਤਾਰੀਆਂ ਦਾ ਕੋਟਾ ਪੂਰਾ ਕਰਨ ਲਈ ਉਹਦੇ ਆਖੇ ਲੱਗਾਂ ਜਾਂ ਓਧਰ ਪਿਤਾ ਜੀ ਦੀ ਨਸੀਅਤ ਤੇ ਅਮਲ ਕਰਾਂ ਕਿ ਗ਼ਰੀਬ ਲੋਕਾਂ ਦੀ ਵੱਧ ਤੋਂ ਵੱਧ ਮਦਦ ਕਰਨੀ ਹੈ ਅਤੇ ਇਨਸਾਫ਼ ਦੁਆਉਣਾ ਹੈ। ਪਹਿਲਾਂ ਤਾਂ ਕਾਫ਼ੀ ਦੇਰ ਮੈਂ ਵੱਡੇ ਠਾਣੇਦਾਰ ਦਾ ਹੁਕਮ ਟਾਲ਼ਦਾ ਰਿਹਾ ਪਰ ਉਹਦੇ ਵਾਰ ਵਾਰ ਜ਼ੋਰ ਦੇਣ ਤੇ ਇੱਕ ਦਿਨ ਕੁਝ ਬੰਦੇ ਮੈਨੂੰ ਹਿਰਾਸਤ ਵਿੱਚ ਲੈਣੇ ਪਏ। ਹੋਇਆ ਇਸ ਤਰ੍ਹਾਂ ਕਿ ਮੈਂ ਕੁਝ ਸਿਪਾਹੀ ਲੈ ਕੇ ਰਾਤ ਦੀ ਗਸ਼ਤ ‘ਤੇ ਸੀ ਕੁਝ ਸਵਾਰੀਆਂ ਰੇਲ ਗੱਡੀ ਤੋਂ ਉੱਤਰ ਕੇ ਲਕੜ ਦੇ ਪੁਲ਼ ਉੱਪਰ ਦੀ ਲੰਘ ਰਹੀਆਂ ਸਨ, ਅਸੀਂ ਹਿਰਾਸਤ ਵਿੱਚ ਲੈ ਲਈਆਂ। ਉਨ੍ਹਾਂ ਵਿੱਚ ਇੱਕ ਵਕੀਲ ਵੀ ਸੀ। ਉਹ ਮੈਨੂੰ ਕਹਿਣ ਲੱਗਾ ਕਿ ਤੁਸੀਂ ਗ਼ਲਤ ਗ੍ਰਿਫਤਾਰੀਆਂ ਕਰ ਰਹੇ ਹੋ। ਕਾਨੂੰਨ ਦੀ ਪਾਲਣਾ ਕਰਨ ਵਾਲੇ ਸ਼ਹਿਰੀਆਂ ਨੂੰ ਨਜ਼ਾਇਜ ਹਿਰਾਸਤ ਵਿੱਚ ਲੈਣਾ ਤੁਹਾਨੂੰ ਮਹਿੰਗਾ ਪੈ ਸਕਦਾ। ਮੈਂ ਤਾਂ ਦੋਹਰੀ ਤਿਹਰੀ ਮੁਸੀਬਤ ਵਿੱਚ ਫਸ ਗਿਆ। ਹੁਣ ਕੋਟਾ ਪੂਰਾ ਕਰਾਂ, ਪਿਤਾ ਜੀ ਦੀ ਨਸੀਅਤ ਤੇ ਅਮਲ ਕਰਾਂ ਜਾ ਫੇਰ ਆਪ ਦੋਸ਼ੀ ਬਣ ਕੇ ਕਚਿਹਰੀਆਂ ਵਿੱਚ ਗੇੜੇ ਮਾਰਾਂ।

ਗ੍ਰਿਫ਼ਤਾਰ ਕੀਤੇ ਲੋਕਾਂ ਦੇ ਨਾਂ ਅਵਾਰਾਗਰਦਾਂ ਦੇ ਰਜਿਸਟਰ ਵਿੱਚ ਚਾੜ੍ਹ ਦਿੱਤੇ ਗਏ ਸੀ। ਅਜੇ ਕਾਗਜ਼ੀ ਕਾਰਵਾਈ ਚੱਲ ਹੀ ਰਹੀ ਸੀ ਕਿ ਅਚਾਨਕ ਜ਼ਿਲੇ ਦਾ ਐੱਸ ਐੱਸ ਪੀ ਸ੍ਰ. ਗੁਰਦਿਆਲ ਸਿੰਘ, ਠਾਣੇ ਦੀ ਕਾਰਗੁਜ਼ਾਰੀ ਵੇਖਣ ਆ ਗਏ। ਉਹ ਆਏ ਤਾਂ ਰੁਟੀਨ ਵਿੱਚ ਹੀ ਗੇੜਾ ਮਾਰਨ ਸੀ। ਉਨ੍ਹਾਂ ਨੂੰ ਦੇਖ ਕੇ ਹਵਾਲਾਤ ਵਿੱਚ ਤਾੜੇ ਹੋਏ ਲੋਕਾਂ ‘ਚੋਂ ਉਸ ਵਕੀਲ ਨੇ ਉੱਚੀ ਉੱਚੀ ਰੌਲ਼ਾ ਪਾ ਦਿੱਤਾ। ਨਾਲ਼ ਦੀ ਨਾਲ਼ ਉਹ ਅੰਗਰੇਜ਼ੀ ਵਿੱਚ ਕਾਨੂੰਨ ਦੀ ਵਿਆਖਿਆ ਵੀ ਕਰੀ ਜਾਵੇ। ਐੱਸ. ਐੱਸ. ਪੀ. ਨੇ ਠਾਣੇਦਾਰ ਨੂੰ ਪੁੱਛਿਆ ਕਿ ਇਹ ਕੀ ਮਾਮਲਾ ਹੈ…? ਠਾਣੇਦਾਰ ਨੇ ਸਾਰੀ ਜ਼ਿੰਮੇਵਾਰੀ ਮੇਰੇ ਤੇ ਮੜ੍ਹ ਦਿੱਤੀ ਅਤੇ ਆਪਣੇ ਆਪ ਨੂੰ ਬਰੀ ਕਰ ਲਿਆ। ਐੱਸ. ਐੱਸ. ਪੀ. ਮੈਨੂੰ ਹਾਕੀ ਖਿਡਾਰੀ ਹੋਣ ਤੇ ਨਾਤੇ ਜਾਣਦਾ ਸੀ। ਮੈਂ ਸਾਰੀ ਸਚਾਈ ਐੱਸ. ਐੱਸ. ਪੀ. ਨੂੰ ਦੱਸ ਦਿੱਤੀ ਕਿ ਵੱਡੇ ਠਾਣੇਦਾਰ ਸਾਹਿਬ ਦਾ ਹੁਕਮ ਸੀ ਕਿ ਕੋਟਾ ਪੂਰਾ ਕਰੋ ਨਹੀਂ ਤਾਂ ਟ੍ਰੇਨਿੰਗ ਦੀ ਰਿਪੋਰਟ ਅੱਛੀ ਨਹੀਂ ਹੋਵੇਗੀ। ਐੱਸ. ਐੱਸ. ਪੀ. ਨੇ ਹਿਰਾਸਤ ਵਿੱਚ ਲਏ ਲੋਕਾਂ ਤੋਂ ਮੁਆਫ਼ੀ ਮੰਗੀ ਅਤੇ ਉਨ੍ਹਾਂ ਨੂੰ ਰਿਹਾਅ ਕਰਨ ਦਾ ਹੁਕਮ ਦਿੱਤਾ। ਵੱਡੇ ਠਾਣੇਦਾਰ ਨੂੰ ਫਿਟਕਾਰ ਪਾਈ। ਇਸ ਗੱਲ ਨਾਲ ਜਿੱਥੇ ਮੈਨੂੰ ਬੇਕਸੂਰੇ ਲੋਕਾਂ ਨੂੰ ਹਿਰਾਸਤ ਲੈਣ ਦਾ ਦੁੱਖ ਸੀ ਓਥੇ ਮੈਨੂੰ ਮਾਨਸਿਕ ਤਸੱਲੀ ਤੇ ਬੇਅੰਤ ਖੁਸ਼ੀ ਵੀ ਹੋਈ ਕਿ ਪੁਲੀਸ ਜੋ ਆਪਣੀਆਂ ਵਧੀਕੀਆਂ ਕਰਕੇ ਬਦਨਾਮ ਹੈ, ਓਥੇ ਗੁਰਦਿਆਲ ਸਿੰਘ ਵਰਗੇ ਨੇਕ ਅਤੇ ਇਨਸਾਫ਼ ਪਸੰਦ ਲੋਕ ਵੀ ਹਨ। ਜਿੰਨ੍ਹਾ ਨੇ ਮੇਰੇ ਸਮੇਤ ਦੂਜੇ ਬੇਗੁਨਾਹ ਲੋਕਾਂ ਨੂੰ ਮੁਸੀਬਤ ਵਿੱਚੋਂ ਕੱਢਿਆ। ਇਹ ਉਹੀ ਗੁਰਦਿਆਲ ਸਿੰਘ ਸੀ ਜੋ ਬਾਅਦ ਵਿੱਚ ਪੰਜਾਬ ਪੁਲੀਸ ਦਾ ਆਈ ਜੀ ਵੀ ਬਣਿਆ। ਬਹੁਤ ਹੀ ਨੇਕ ਅਤੇ ਇਮਾਨਦਾਰ ਇਨਸਾਨ ਸੀ। ਮੇਰਾ ਖ਼ਿਆਲ ਹੈ ਕਿ ਸਤਨਾਮ, ਤੁਹਾਡੇ ਸਵਾਲ ਦਾ ਜਵਾਬ ਕੁਝ ਲੰਬਾ ਹੀ ਹੋ ਗਿਆ

ਹਾਕੀ ਦੀ ਨਰਸਰੀ ਸੰਸਾਰ ਪੁਰ ਅਤੇ ਬਲਬੀਰ ਸਿੰਘਾਂ ਦੀ ਭਾਰਤੀ ਹਾਕੀ ਨੂੰ ਦੇਣ

?. ਕੋਈ ਨਹੀਂ ਜੀ, ਲੰਬੇ ਜਵਾਬ ਵਿੱਚੋਂ ਬਹੁਤ ਤਸੱਲੀਬਖ਼ਸ਼ ਜਾਣਕਾਰੀ ਵੀ ਮਿਲ਼ਦੀ ਹੈ। ਹੁਣ ਸਵਾਲ ਇਹ ਹੈ ਜੀ ਕਿ ਜਿਵੇਂ ਮਹਿਲਪੁਰ ਨੂੰ ਫੁੱਟਬਾਲ (ਸੌਕਰ) ਦੀ ਨਰਸਰੀ ਕਿਹਾ ਜਾਂਦਾ ਹੈ ਅਤੇ ਹਾਕੀ ਜਗਤ ਵਿੱਚ ਜਲੰਧਰ ਲਾਗਲੇ ਪਿੰਡ ਸੰਸਾਰਪੁਰ ਨੂੰ ਹਾਕੀ ਦੀ ਨਰਸਰੀ ਮੰਨਿਆ ਜਾਂਦਾ ਹੈ। ਮੇਰਾ ਖ਼ਿਆਲ ਹੈ ਸਭ ਤੋਂ ਵੱਧ ਸੰਸਾਰਪੁਰ ਦੇ ਖਿਡਾਰੀਆਂ ਨੇ ਭਾਰਤੀ ਹਾਕੀ ਨੂੰ ਬੁਲੰਦੀਆਂ ਤੇ ਲੈ ਜਾਣ ਵਿੱਚ ਹਿੱਸਾ ਪਾਇਆ ਹੈ। ਉਂਝ ਭਾਵੇਂ ਹਾਕੀ ਦੇ ਵਧੀਆ ਖਿਡਾਰੀ ਭਾਵੇਂ ਦੇਸ਼ ਦੇ ਹੋਰਨਾਂ ਹਿੱਸਿਆ ਵਿੱਚੋਂ ਵੀ ਹੋਏ ਹਨ। ਪਰ ਮੈਨੂੰ ਲੱਗਦਾ ਸੰਸਾਰਪੁਰ ਨੂੰ ਵਿਸ਼ੇਸ਼ ਸਥਾਨ ਪ੍ਰਾਪਤ ਹੋਇਆ। ਫੇਰ ਜਿੰਨੇ ਵੀ ਬਲਬੀਰ ਸਿੰਘ ਹਨ ਤੇ ਸਾਰੇ ਹਾਕੀ ਹੀ ਖੇਡਦੇ ਹਨ? ਇਹਦੇ ਬਾਰੇ ਦੱਸੋ?

– ਸਤਨਾਮ ਜੀ, ਤੁਹਾਡਾ ਇਹ ਸਵਾਲ ਬਹੁਤ ਹੀ ਅਹਿਮੀਅਤ ਰੱਖਦਾ ਹੈ। ਇਸ ਗੱਲ ਵਿੱਚ ਵੀ ਕੋਈ ਸ਼ੱਕ ਨਹੀਂ, ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ। ਉਹ ਗੱਲ ਇਸ ਤਰ੍ਹਾਂ ਹੈ ਕਿ ਜਲੰਧਰ ਅੰਗਰੇਜ਼ਾਂ ਦੇ ਸਮੇਂ ਵਿੱਚ ਫੌਜ ਦੀ ਛਾਉਣੀ ਹੁੰਦਾ ਸੀ। ਇਸੇ ਤਰ੍ਹਾਂ ਜਿੱਥੇ ਜਿੱਥੇ ਅੰਗਰੇਜ਼ਾਂ ਦੀਆਂ ਛਾਉਣੀਆਂ ਸਨ, ਉੱਥੇ ਉਨ੍ਹਾਂ ਨੇ ਬਹੁਤ ਵਧੀਆ ਗਰਾਊਂਡਾਂ ਵੀ ਰੱਖੀਆਂ ਹੋਈਆਂ ਸਨ। ਉਨ੍ਹਾਂ ਦੇ ਸਮੇਂ ਵਿੱਚ ਉਹ ਖੇਡਾਂ ਨੂੰ ਖ਼ਾਸ ਕਰ ਹਾਕੀ ਨੂੰ ਅਹਿਮੀਅਤ ਦਿੰਦੇ ਸਨ। ਉਨ੍ਹਾਂ ਦੀਆਂ ਗਰਾਊਂਡਾਂ ਦਾ ਕੁਦਰਤੀ ਲਾਭ ਆਲੇ ਦੁਆਲੇ ਹੋਣਾ ਵੀ ਜ਼ਰੂਰੀ ਹੈ। ਇਹ ਲਾਭ ਮੇਰੇ ਖ਼ਿਆਲ ਵਿੱਚ ਜਿੰਨਾ ਸੰਸਾਰਪੁਰ ਤੇ ਉਸਦੇ ਆਲੇ-ਦੁਆਲੇ ਦੇ ਪਿੰਡਾਂ ਨੇ ਉਠਾਇਆ, ਓਨਾ ਦੇਸ਼ ਦੇ ਦੂਸਰੇ ਹਿੱਸਿਆਂ ਨੇ ਨਹੀਂ ਉਠਾਇਆ। ਇੱਕ ਹੋਰ ਗੱਲ ਇਹ ਹੈ ਕਿ ਜਲੰਧਰ ਦੇ ਦੁਆਲੇ ਦੇ ਜਿੰਨੇ ਪਿੰਡ ਹਨ, ਜਿਸ ਤਰ੍ਹਾਂ ਬਿਲਿੰਗ, ਮਿੱਠਾਪੁਰ, ਖ਼ੁਸਰੋਪੁਰ, ਕੁੱਕੜ-ਪਿੰਡ, ਧੈਨੋਵਾਲੀ ਦੇਖਣ ਸੁਣਨ ਨੂੰ ਭਾਵੇਂ ਵੱਖਰੇ ਹਨ ਪਰ ਇਹ ਸਾਰੇ ਦੇ ਸਾਰੇ ਪਿੰਡ ਸੰਸਾਰਪੁਰ ਨਾਲ ਜੋੜੇ ਜਾਂਦੇ ਹਨ। ਪਰ ਇਨ੍ਹਾਂ ਪਿੰਡਾਂ ਨੇ ਵੀ ਆਪੋ-ਆਪਣੇ ਹੀਰੇ ਭਾਰਤੀ ਹਾਕੀ ਦੀ ਲੜੀ ਵਿੱਚ ਪਰੋਣ ਦੀ ਮਹਾਨਤਾ ਪ੍ਰਾਪਤ ਕੀਤੀ ਹੈ। ਤੁਹਾਡੀ ਜਾਣਕਾਰੀ ਲਈ ਦੱਸ ਦਿਆਂ ਕਿ ਮਿਠਾਪੁਰ ਦੇ ਸਰੂਪ ਸਿੰਘ, ਕੁਲਵੰਤ ਸਿੰਘ, ਪਰਗਟ ਸਿੰਘ ਅਤੇ ਮਨਪ੍ਰੀਤ। ਬਿਲਿੰਗ ਦੇ ਰਾਮ ਮੂਰਤੀ ਤੇ ਪਿਆਰਾ ਸਿੰਘ। ਖ਼ੁਸਰੋਪੁਰ ਦੇ ਹਰੀਪਾਲ, ਪਿਆਰਾ ਸਿੰਘ, ਰਾਜਵਿੰਦਰ ਸਿੰਘ, ਗੁਰਮੇਲ ਸਿੰਘ, ਬਰਗੇਡੀਅਰ ਸਰੂਪ ਸਿੰਘ ਅਤੇ ਮੇਜਰ ਆਤਮਾ ਸਿੰਘ। ਧੰਨੋਵਾਲੀ ਦਾ ਵਰਿੰਦਰ ਸਿੰਘ ਅਤੇ ਕੁਕੜ ਪਿੰਡ ਦਾ ਸ਼ਿਵਦੱਤ ਇਨ੍ਹਾਂ ਹਾਕੀ ਖਿਡਾਰੀਆਂ ਨੇ ਭਾਰਤੀ ਹਾਕੀ ਦਾ ਮਾਣ ਵਧਾਇਆ। ਹਾਂ, ਉਂਝ ਸੰਸਾਰਪੁਰ ਇਕੱਲੇ ਨੇ ਸਭ ਤੋਂ ਜ਼ਿਆਦਾ ਹਾਕੀ ਸਟਾਰ ਪੈਦਾ ਕੀਤੇ ਹਨ। ਜਿਨ੍ਹਾਂ ਨੇ ਭਾਰਤੀ ਹਾਕੀ ਨੂੰ ਦੁਨੀਆਂ ਭਰ ਵਿੱਚ ਚਮਕਾਇਆ, ਸੰਸਾਰਪੁਰੀਆਂ ਨੇ ਨੈਸ਼ਨਲ, ਇੰਟਰਨੈਸ਼ਨਲ, ਏਸ਼ੀਆ ਤੇ ਵਰਲਡ ਕੱਪ ਉਲੰਪਿਕ ਤੱਕ ਮੱਲਾਂ ਮਾਰੀਆਂ ਹਨ। ਭਾਰਤੀ ਹਾਕੀ ਨੂੰ ਹਮੇਸ਼ਾਂ ਇਨ੍ਹਾਂ ਤੇ ਮਾਣ ਰਹੇਗਾ। 

ਹਾਕੀ ਦੇ ਇਤਿਹਾਸ ਵਿੱਚ ਸੰਸਾਰਪੁਰੀਆਂ ਦਾ ਨਾਂਓ ਹਮੇਸ਼ਾਂ ਚਮਕਦਾ ਰਹੇਗਾ। ਇੱਥੇ ਇਹ ਦੱਸਦਿਆਂ ਮੈਂ ਮਾਣ ਮਹਿਸੂਸ  ਕਰਦਾ ਹਾਂ ਕਿ ਸੰਸਾਰਪੁਰ ਦੇ ਖਿਡਾਰੀ ਤਾਂ 1926 ਤੋਂ ਹਾਕੀ ਖੇਡ ਰਹੇ ਹਨ। ਸੰਸਾਰਪੁਰ ਦੇ ਠਾਕਰ ਸਿੰਘ  ਨੇ 1926 ਵਿੱਚ ਭਾਰਤੀ ਹਾਕੀ ਲਈ ਨਿਉਜੀਲੈਂਡ ਵਿੱਚ ਖੇਡਿਆ, ਗੁਰਮੀਤ ਸਿੰਘ ਨੇ 1932 ਵਿਚ ਓਲੰਪਿਕ ਖੇਡਾਂ ਵਿੱਚ ਗੋਲਡ ਮੈਡਲ ਜਿੱਤਣ ਵਾਲੀ ਟੀਮ ਦਾ ਮੈਂਬਰ ਸੀ। ਊਧਮ ਸਿੰਘ ਚਾਰ ਓਲੰਪਿਕ ਖੇਡਿਆ ਅਤੇ ਚਾਰ ਮੈਡਲ ਜਿੱਤੇ ਜਿੰਨ੍ਹਾਂ ਵਿੱਚ ਤਿੰਨ ਸੋਨੇ ਤੇ ਇੱਕ ਚਾਂਦੀ ਦਾ। ਗੁਰਦੇਵ ਸਿੰਘ ਓਲੰਪਿਕ ਵੀ ਖੇਡਿਆ ਅਤੇ 1962 ਵਿੱਚ ਜਾਕਾਰਤਾ ਵਿੱਚ ਏਸ਼ੀਆਈ ਖੇਡਾਂ ਵਿੱਚ ਭਾਰਤੀ ਟੀਮ ਦੀ ਕਪਤਾਨੀ ਵੀ ਕੀਤੀ। ਮੈਨੂੰ ਵੀ ਮਾਣ ਹੈ ਉਨ੍ਹਾਂ ‘ਤੇ ਕਿਉਂਕਿ ਮੇਰੇ ਨਾਲ ਉੱਥੇ ਦੇ ਖਿਡਾਰੀ ਹਰ ਪੱਧਰ ਤੇ ਖੇਡੇ ਤੇ ਪਿਆਰ ਦਿੱਤਾ। ਬਾਕੀ ਬਲਬੀਰ ਸਿੰਘਾਂ ਬਾਰੇ ਵੀ ਇਹ ਸਚਾਈ ਹੈ ਕਿ ਹਾਕੀ ਜਗਤ ਵਿੱਚ ਪੰਜ ਬਲਬੀਰ ਸਿੰਘ ਹੋਏ ਹਨ, ਉਨ੍ਹਾਂ ਵਿੱਚੋਂ ਤਿੰਨ ਸੰਸਾਰਪੁਰ ਦੇ ਹੀ ਹਨ। ਇਹ ਹਨ ਬਲਬੀਰ ਸਿੰਘ ਜੂਨੀਅਰ, ਬਲਬੀਰ ਸਿੰਘ ਫੌਜ ਵਾਲਾ, ਬਲਬੀਰ ਸਿੰਘ ਪਲੀਸ ਵਾਲਾ। ਦਰਸ਼ਣ ਸਿੰਘ, ਗੁਰਜੀਤ ਸਿੰਘ, ਤਰਸੇਮ ਸਿੰਘ, ਅਜੀਤਪਾਲ ਸਿੰਘ, ਜਗਜੀਤ ਸਿੰਘ ਜੱਗਾ, ਜਗਜੀਤ ਸਿੰਘ ਕੀਨੀਆ ਅਤੇ ਦਰਸ਼ਣ ਸਿੰਘ ਸੇਠੀ ਜਿੰਨ੍ਹਾਂ ਨੇ ਭਾਰਤੀ ਟੀਮ ਵਿੱਚ ਖੇਡ ਕੇ ਇਤਿਹਾਸ ਰਚਿਆ। ਇੱਕ ਮੈਂ ਹੀ ਬਲਬੀਰ ਸਿੰਘ ਹਾਂ, ਸੰਸਾਰਪੁਰ ਤੋਂ ਬਾਹਰਲਾ ਹਾਂ ਤੇ ਮੈਨੂੰ ਲੋਕ ਬਲਬੀਰ ਸਿੰਘ ਸੀਨੀਅਰ ਕਹਿੰਦੇ ਹਨ। ਦੂਜੇ ਬਲਬੀਰ ਸਿੰਘ ਨਾਲੋਂ ਮੈਂ ਪਹਿਲਾਂ ਦਾ ਖੇਡਦਾ ਕਰਕੇ ਮੈਨੂੰ  ਬਲਬੀਰ ਸਿੰਘ ਸੀਨੀਅਰ ਕਹਿਣ ਲੱਗ ਪਏ। ਮੈਨੂੰ ਬਹੁਤੀ ਵਾਰੀ ਲੋਕ ਮੋਗੇ ਵਾਲਾ ਬਲਬੀਰ ਸਿੰਘ ਕਹਿ ਦਿੰਦੇ ਹਨ ਕਿਉਂਕਿ ਭਾਵੇਂ ਮੇਰਾ ਪਿੰਡ ਪੁਆਦੜੇ (ਨੇੜੇ ਤਲਵਣ) ਜ਼ਿਲ੍ਹਾ ਜਲੰਧਰ ਵਿੱਚ ਪੈਂਦਾ ਹੈ, ਪਰ ਮੈਂ ਕਦੇ ਟਿਕ ਕੇ ਪਿੰਡ ਨਹੀਂ ਬੈਠਾ। ਮੋਗੇ ਬਚਪਨ ਗੁਜ਼ਾਰ ਕੇ ਲਾਹੌਰ, ਅੰਮ੍ਰਿਤਸਰ ਅਤੇ ਚੰਡੀਗੜ੍ਹ ਕਦੇ ਬੀ. ਸੀ. ਕੈਨੇਡਾ ਘੁੰਮਦੇ ਫਿਰਦੇ ਰਹੇ ਹਾਂ।

ਹਾਕੀ ਖੇਡ ਨੂੰ ਬੁਲੰਦੀ ਤੇ ਲੈ ਜਾਣ ਵਿੱਚ ਸਹਿਯੋਗ

?. ਇੱਕ ਗੱਲ ਜਿਹੜੀ ਆਪਾਂ ਅਜੇ ਤੱਕ ਨਹੀਂ ਕੀਤੀ, ਮੇਰੇ iਖ਼ਆਲ ਵਿੱਚ ਜੇਕਰ ਉਹ ਨਾ ਕੀਤੀ ਗਈ ਤਾਂ ਇਹ ਮੁਲਾਕਾਤ ਅਧੂਰੀ ਰਹੇਗੀ।, ਕਿਉਂਕਿ ਆਮ ਕਹਾਵਤ ਹੈ ਕਿ ਕਿਸੇ ਵਿਅਕਤੀ ਨੂੰ ਬੁਲੰਦੀਆਂ ਤੇ ਲੈ ਕੇ ਜਾਣ ਲਈ ਕਿਸੇ ਨਾ ਕਿਸੇ ਸਖਸ਼ੀਅਤ ਦਾ ਹੱਥ ਜ਼ਰੂਰ ਹੁੰਦਾ ਹੈ, ਉਹ ਹੈ ਤੁਹਾਡੀ ਪਤਨੀ ਦੇ ਸਹਿਯੋਗ ਬਾਰੇ ਤੁਸੀਂ ਲਗਾਤਾਰ ਏਨਾ ਲੰਬਾ ਸਮਾਂ ਹਾਕੀ ਨੂੰ ਸਿਖਰਾਂ ਤੇ ਰੱਖਿਆ। ਤੁਹਾਡੀ ਪਤਨੀ ਵਲੋਂ ਕਿੰਨਾ ਕੁ ਸਹਿਯੋਗ ਮਿਲਿਆ? 

-ਹਾਂ ਬਿਲਕੁਲ ਢਾਅ ਜੀ, ਮੇਰੇ ਜੀਵਨ ਵਿੱਚ ਮੈਨੂੰ ਭਾਵੇਂ ਬਹੁਤ ਸਾਰੇ ਸੁਹਿਰਦ ਵਿਅਕਤੀਆਂ ਦਾ ਸਹਿਯੋਗ ਮਿਲਿ਼ਆ ਹੈ। ਹਾਂ, ਜੋ ਤੁਸੀਂ ਮੇਰੀ ਜੀਵਨ ਸਾਥਣ ਦੇ ਸਹਿਯੋਗ ਦੀ ਗੱਲ ਪੁੱਛੀ ਹੈ ਜੇਕਰ ਗੱਲ ਨਾ ਕਰੀਏ ਤਾਂ ਜ਼ਰੂਰ ਆਪਣੀ ਮੁਲਾਕਾਤ ਬਿਲਕੁਲ ਅਧੂਰੀ ਹੋਵੇਗੀ। ਉਂਝ ਤਾਂ ਮੈਨੂੰ ਏਨੇ ਲੋਕਾਂ ਨੇ ਸਹਿਯੋਗ ਦਿੱਤਾ ਕਿ ਜਿਨ੍ਹਾਂ ਦੇ ਨਾਂਓ ਲਿਖਣ ਜਾਂ ਦੱਸਣ ਲੱਗਾਂ ਤਾਂ ਕਈ ਪੇਜ਼ ਭਰ ਜਾਣਗੇ। ਬਹੁਤ ਸਾਰੇ ਸੱਜਣਾਂ ਨੇ ਮੈਨੂੰ ਇੱਥੇ ਤੱਕ ਲੈ ਜਾਣ ਵਿੱਚ ਦਿਲੋਂ ਮੱਦਦ ਕੀਤੀ। ਉਨ੍ਹਾਂ ਦਾ ਮੈਂ ਰਹਿੰਦੀ ਜ਼ਿੰਦਗੀ ਅਹਿਸਾਨਮੰਦ ਹਾਂ। ਸਤਨਾਮ ਜੀ, ਮੈਂ ਜੋ ਕੁਝ ਵੀ ਹਾਂ ਉਹ ਆਪਣੇ ਉੱਚ ਕੋਟੀ ਦੇ ਅਧਿਆਪਕਾਂ, ਕੋਚਾਂ ਸੱਚੇ ਸੁੱਚੇ ਮਿਤਰਾਂ ਦੋਸਤਾਂ ਅਤੇ ਪਰਿਵਾਰ ਦੇ ਮੈਂਬਰਾਂ ਜਿੰਨ੍ਹਾਂ ਨੇ ਮੈਨੂੰ ਮਿਹਨਤ ਕਰਨੀ, ਅਨੁਸ਼ਾਸਨ ਵਿੱਚ ਰਹਿਣਾ ਹਾਰ ਸਹਿਣੀ ਜਿੱਤ ਨੂੰ ਹਜ਼ਮ ਕਰਨਾ ਸਿਖਾਇਆ। ਪਰ ਇੱਕ ਵਿਅਕਤੀ ਜਿਸ ਦੇ ਸਹਿਯੋਗ ਤੋਂ ਬਿਨਾਂ ਮੈਂ ਕਦੇ ਵੀ ਨਹੀਂ ਸੀ ਖੇਡ ਸਕਦਾ ਉਹ ਹੈ, ਮੇਰੀ ਧਰਮ ਪਤਨੀ, ਜਿਸ ਨੇ ਮੇਰੀ ਆਸ ਤੋਂ ਵੀ ਵੱਧ ਸਹਿਯੋਗ ਦਿੱਤਾ। ਜਿਸ ਨੇ ਹਾਕੀ ਨੂੰ ਸੌਂਕਣ ਮੰਨ ਕੇ ਈਰਖ਼ਾ ਕਰਨ ਦੀ ਵਜਾਏ ਆਪਣੀ ਨਿੱਕੀ ਭੈਣ ਦੀ ਤਰ੍ਹਾਂ ਪਿਆਰ ਕੀਤਾ। ਜਿਸ ਕਰਕੇ ਮੇਰੇ ਮਨ ਵਿੱਚ ਸ਼ੁਸ਼ੀਲ ਲਈ ਏਨੀ ਇੱਜ਼ਤ ਹੈ ਕਿ ਮੈਂ ਤੁਹਾਨੂੰ ਦੱਸ ਨਹੀਂ ਸਕਦਾ। ਇੱਕ ਅਮੀਰ ਮਾਪਿਆਂ ਦੀ ਲੜਕੀ ਹੋਣ ਦੇ ਬਾਵਜੂਦ ਇੱਕ ਖਿਡਾਰੀ ਦੇ ਨਾਲ ਜ਼ਿੰਦਗੀ ਵਸਰ ਕਰਨਾ, ਤੰਗੀਆਂ ਤੁਰਸ਼ੀਆਂ ਨੂੰ ਖਿੜੇ ਮੱਥੇ ਝੱਲਣਾ ਤੇ ਕਦੇ ਵੀ ਇਸ ਗੱਲ ਦੀ ਸ਼ਿਕਾਇਤ ਨਾ ਕਰਨੀ ਕਿ ਸਾਡੇ ਕੋਲ ਆਹ ਨਹੀਂ ਔਹ ਨਹੀਂ। ਹਮੇਸ਼ਾਂ ਹੀ ਮੈਨੂੰ ਆਪਣੀ ਗੇਮ ਲਈ ਦਿਲ ਲਾ ਕੇ ਮਿਹਨਤ ਕਰਨ ਲਈ ਪ੍ਰੇਰਨਾ ਸ਼ੁਸ਼ੀਲ ਦੇ ਹੀ ਹਿੱਸੇ ਆਇਆ। ਮੈਂ ਯਕੀਨ ਨਾਲ ਕਹਿੰਦਾ ਹਾਂ ਉਸਦੇ ਸਹਿਯੋਗ ਤੋਂ ਬਿਨਾਂ ਆਪਣੀ ਖੇਡ ਨੂੰ ਇਨ੍ਹਾਂ ਬੁਲੰਦੀਆਂ ਤੇ ਲੈ ਕੇ ਜਾਣਾ ਬਹੁਤ ਮੁਸ਼ਕਲ ਸੀ। 

ਸਾਈਆਂ ਕਿਤੇ ਵਧਾਈਆਂ ਕਿਤੇ!

?. ਬਲਬੀਰ ਜੀ ਤੁਸੀਂ ਆਪਣੀ ਜੀਵਨ ਸਾਥਣ ਦੇ ਸਹਿਯੋਗ ਦੀ ਗੱਲ ਕੀਤੀ ਹੈ। ਇਥੇ ਆਪਣੇ ਵਿਆਹ ਦੀ ਕਹਾਣੀ ਵੀ ਦੱਸਦੇ ਜਾਓ। ਮੈਨੂੰ ਇਹ ਵੀ ਪਤਾ ਲੱਗਾ ਕਿ ‘ਸਾਈਆਂ ਕਿਤੇ ਵਧਾਈਆਂ ਕਿਤੇ!’  ਇਹ ਕਿਵੇਂ, ਕਿਸੇ ਵਿਚੋਲੇ ਨੇ ਇਹ ਰਿਸ਼ਤਾ ਕਰਾਇਆ ਜਾਂ ਫੇਰ ਤੁਹਾਡੀ ਆਪਣੀ ਚੋਣ ਸੀ? 

-ਹੱਸਦੇ ਹੋਏ, ਠੀਕ ਹੈ, ਹੁਣ ਇੱਥੇ ਤੁਸੀਂ ਵਿਆਹ ਦੀ ਕਹਾਣੀ ਵੀ ਸੁਣ ਲਓ। ਉਹ ਗੱਲ ਇਸ ਤਰ੍ਹਾਂ ਹੋਈ ਜੀ ਕਿ ਜਿਹੜੇ ਮੇਰੇ ਟੀਚਰ ਜਿਨ੍ਹਾਂ ਦਾ ਜ਼ਿਕਰ ਮੈਂ ਪਹਿਲਾਂ ਵੀ ਕੀਤਾ ਹੈ ਸ੍ਰੀਮਾਨ ਈਸ਼ਰ ਸਿੰਘ ਬਾਹੀਆ, ਉਨ੍ਹਾਂ ਨੇ ਹੀ ਆਪਣੇ ਭਤੀਜੇ ਅਜਮੇਰ ਸਿੰਘ ਸਿੱਧੂ ਜੋ ਮੇਰੇ ਟੀਚਰ ਵੀ ਸਨ ਤੇ ਸਾਡੇ ਫੈਮਲੀ ਦੋਸਤ ਵੀ ਸਨ। ਉਨ੍ਹਾਂ ਮੈਨੂੰ ਇੱਕ ਬਹਾਨੇ ਨਾਲ ਜੋ ਕਿ ਮੈਨੂੰ ਬਾਅਦ ਵਿੱਚ ਪਤਾ ਲੱਗਿਆ ਇੱਕ ਚਿੱਠੀ ਦੇ ਕੇ ਲਾਹੌਰ ਸਰ: ਨਰੈਣ ਸਿੰਘ ਸੰਧੂ ਹੋਰਾਂ ਦੇ ਘਰ ਭੇਜਿਆ। ਉੱਥੇ ਹੀ ਸਾਡੀ ਪਹਿਲੀ ਮੁਲਾਕਾਤ ਹੋਈ ਸੁਸ਼ੀਲ ਨਾਂਓ ਦੀ ਲੜਕੀ  ਨਾਲ, ਜੋ ਕਿ ਆਪਣੇ ਕਾਲਜ ਟਾਈਮ ਵਿੱਚ ਬੈਡਮਿੰਟਨ ਦੀ ਚੈਂਪੀਅਨ ਸੀ। ਕੁਦਰਤੀ ਸਾਨੂੰ ਵੀ ਇੱਕ ਦੂਸਰੇ ਲਈ ਖਿੱਚ ਹੋ ਗਈ ਤੇ ਮਾਤਾ ਪਿਤਾ ਦੀ ਸਲਾਹ ਨਾਲ ਸਾਡਾ ਵਿਆਹ ਹੋ ਗਿਆ। ਮੇਰੇ ਸਹੁਰਾ ਸਾਹਿਬ ਜੋ ਪਹਿਲਾਂ ਇੰਗਲੈਂਡ ‘ਚ ਪੜ੍ਹਨ ਆਏ ਸੀ ਤੇ ਉੱਥੇ ਹੀ ਸਿਵਲ ਇੰਜੀਨੀਅਰ ਦੇ ਤੌਰ ਤੇ ਰਹਿ ਕੇ ਵਾਪਿਸ ਲਾਹੌਰ ਗਏ ਸਨ। ਉਸ ਸਮੇਂ ਉਨ੍ਹਾਂ ਲਾਹੌਰ ਮਾਡਲ ਟਾਊਨ ਵਿੱਚ ਆਪਣੀ ਕੋਠੀ ਵਿੱਚ ਸਾਡਾ ਵਿਆਹ 1946 ਕੀਤਾ, ਸਾਲ ਬਾਅਦ ਪਾਰਟੀਸ਼ਨ ਹੋ ਗਈ। ਉਸ ਸਮੇਂ ਦੇ ਹਾਲਾਤਾਂ ਦਾ ਜ਼ਿਕਰ ਇੱਥੇ ਕਰਨਾ ਬਹੁਤ ਮੁਸ਼ਕਲ ਹੈ। ਮੈਂ ਸੁਸ਼ੀਲ ਨੂੰ ਲੁਧਿਆਣੇ ਲੈ ਆਇਆ, ਇੱਥੇ ਅਸੀਂ ਨਵੇਂ ਸਿਰੇ ਤੋਂ ਆਬਾਦ ਹੋਏ।

‘ਸਾਈਆਂ ਕਿਤੇ ਵਧਾਈਆਂ ਕਿਤੇ’ ਦੀ, ਗੱਲ ਵੀ ਸੁਣ ਲਓ, ਪਹਿਲਾਂ ਤਿੰਨ ਵਾਰੀ ਮੰਗਣੀ ਹੋਈ, ਪਰ ਵਿਆਹ ਨਹੀਂ ਹੋਇਆ, ਚੌਥੀ ਵਾਰੀ ਮੰਗਣੀ ਨਹੀਂ ਹੋਈ ਸਿੱਧਾ ਵਿਆਹ ਹੋ ਗਿਆ। ਕਾਰਨ ਇਹ ਕਿ ਪਹਿਲੇ ਜ਼ਮਾਨੇ ਵਿੱਚ ਲੋਕ ਵਿਆਹ ਬਹੁਤ ਜਲਦੀ ਕਰ ਦਿੰਦੇ ਸੀ, ਮੇਰਾ ਵਿਆਹ ਵੀ ਇਸੇ ਕਰਕੇ ਨਹੀਂ ਹੋਇਆ, ਲੜਕੀ ਵਾਲੇ ਵਿਆਹ ਲਈ ਕਾਹਲੇ ਹੁੰਦੇ ਸਨ ਤੇ ਮੈਂ ਅਜੇ ਪੜ੍ਹਦਾ ਸੀ। ਉਨ੍ਹਾਂ ਵਿਆਹ ਲਈ ਕਹਿਣਾ ਤੇ ਮੈਂ ਕਹਿਣਾ ਅਜੇ ਪੜ੍ਹਦਾ ਹਾਂ, ਪੜ੍ਹਾਈ ਖ਼ਤਮ ਕਰਕੇ ਵਿਆਹ ਕਰਾਊਂਗਾ। ਬੱਸ ਇਸੇ ਤਰ੍ਹਾਂ ਅਗਲੇ ਅੱਕ ਕੇ ਕਹਿ ਦਿੰਦੇ, ਇਹਨੇ ਵਿਆਹ ਨਹੀਂ ਕਰਾਉਣਾ ਚਲੋ ਆਪਣੀ ਲੜਕੀ ਕਿਧਰੇ ਹੋਰ ਥਾਂ ਵਿਆਹ ਦਿਓ। ਇੱਥੇ ਬੱਸ ਇਹ ਸਮਝ ਲਓ ਕਿ ਜਿਸ ਤਰ੍ਹਾਂ ਆਪਣੇ ਲੋਕ ਕਹਿ ਦਿੰਦੇ ਹਨ ਸੰਯੋਗ ਰੁੱਸ ਗਏ, ਸੰਯੋਗ ਢਿੱਲੇ ਜਾਂ ਮੌਕਾ ਨਹੀਂ ਸੀ, ਕੁਝ ਵੀ ਕਹਿ ਲਓ। ਜੀਵਨ ਸਾਥਣ ਦੇ ਸਹਿਯੋਗ ਦੀ ਗੱਲ, ਵਿਆਹ ਤੋਂ ਬਾਅਦ ਸੁਸ਼ੀਲ ਨੇ ਮੈਨੂੰ ਹਾਕੀ ਖੇਡਣ ਲਈ ਲਈ ਬਹੁਤ ਉਤਸ਼ਾਹਿਤ ਕੀਤਾ। ਸੋ ਤੁਹਾਨੂੰ ਪਤਾ ਕਿ ਵਿਆਹ ਤੋਂ ਬਾਅਦ ਤੁਸੀਂ ਕਿਸੇ ਵੀ ਫ਼ੀਲਡ ਵਿੱਚ ਹੋਵੋ, ਤੁਹਾਡਾ ਸਾਥੀ ਮੋਢੇ ਨਾਲ ਮੋਢਾ ਜੋੜ ਕੇ ਤੁਰਦਾ ਹੈ ਤਾਂ ਤੁਸੀਂ ਕਾਮਯਾਬ ਹੋ। ਨਹੀਂ ਤਾਂ ਫੇਰ ਇੱਕ ਪਾਸਾ ਹੀ ਰਹਿੰਦਾ ਹੈ, ਦੋਵੇਂ ਨਹੀਂ। ਦੋਵੇਂ ਪਾਸੇ ਤਾਂ ਦੋਹਾਂ ਪਾਸਿਆਂ ਤੋਂ ਸਹਿਯੋਗ ਨਾਲ ਹੀ ਸੰਭਵ ਹੈ। ਇਸ ਪੱਖੋਂ ਆਪਣੇ ਆਪ ਨੂੰ ਖੁਸ਼ਕਿਸਮਤ ਕਹੂੰਗਾ।

ਬਾਲ-ਬੱਚੇ ਅਤੇ ਉਨ੍ਹਾਂ ਦੀਆਂ ਦਿਲਚਸਪੀਆਂ

?. ਆਪਣੇ ਬੱਚਿਆਂ ਬਾਰੇ ਵੀ ਕੁਝ ਦੱਸੋ? ਕੀ ਉਹ ਇੰਡੀਆ ਵਿੱਚ ਹਨ ਜਾਂ ਕੈਨੇਡਾ ਵਿੱਚ ਰਹਿੰਦੇ ਹਨ? ਪਰਿਵਾਰ ਵਿੱਚੋਂ ਕੋਈ ਬੱਚਾ ਵੀ ਹਾਕੀ ਦੀ ਖੇਡ ਵਿੱਚ ਦਿਲਚਸਪੀ ਲੈਂਦਾ ਜਾਂ ਉਨ੍ਹਾਂ ਦੀਆਂ ਦਿਲਚਸਪੀਆਂ ਹੋਰ ਹਨ?

-ਮੇਰੀ ਇੱਕ ਲੜਕੀ ਜੋ ਸਭ ਤੋਂ ਵੱਡੀ ਹੈ ਇੰਡੀਆ ਵਿੱਚ ਏਅਰਫੋਰਸ ਆਫ਼ੀਸਰ ਨੂੰ ਵਿਆਹੀ ਹੋਈ ਹੈ। ਉਸ ਨੇ ਬੀ. ਐੱਸ. ਸੀ. ਹੋਮ ਸਾਇੰਸ ਅਤੇ ਬੀ. ਐੱਡ ਦੀਆਂ ਡਿਗਰੀਆਂ ਦੇ ਨਾਲ ਨਾਲ ਯੂਨੀਵਰਸਿਟੀ ਅਤੇ ਸਟੇਟ ਵੱਲੋਂ ਹਾਕੀ ਖੇਡੀ ਅਤੇ ਤੈਰਾਕੀ ਦੇ ਮੁਕਬਲਿਆਂ ਵਿੱਚ ਹਿੱਸਾ ਲੈਂਦੀ ਰਹੀ ਹੈ। ਅੱਜ-ਕੱਲ੍ਹ ਚੰਡੀਗੜ ਰਹਿ ਰਹੀ ਹੈ। ਮੇਰੇ ਤਿੰਨ ਲੜਕੇ ਹਨ, ਸਾਰੇ ਇਧਰ ਕੈਨੇਡਾ ‘ਚ ਹੀ ਹਨ। ਵੱਡਾ ਕੰਵਲਬੀਰ ਸਿੰਘ ਆਪਣੇ ਕਾਲਜ ਸਮੇਂ ਹਾਕੀ ਦੀ ਕਪਤਾਨੀ ਕਰਦਾ ਰਿਹਾ। ਉਹ ਬੀ. ਸੀ. ਵਿੱਚ ਕਰੈਕਸ਼ਨ ਅਫ਼ੀਸਰ ਤੋਂ ਰੀਟਾਇਰਡ ਹੋਇਆ। ਦੂਜੇ ਦੋਵੇਂ ਵੀ ਆਪਣੇ ਸਕੂਲ ਕਾਲਜ ਸਮੇਂ ਹਾਕੀ ਖੇਡਦੇ ਰਹੇ ਹਨ। ਦੂਸਰਾ ਲੜਕਾ ਕਰਨਬੀਰ ਚਾਰਟਰ ਅਕਾਊਂਟੈਂਟ ਹੈ ਉਹ ਡਇਰੈਕਟਰ ਇਨ ਅਟਾਰਨੀ ਦੇ ਦਫ਼ਤਰ ਵਿੱਚ ਕੰਮ ਕਰਦਾ ਹੈ। ਤੀਸਰਾ ਲੜਕਾ ਵੀ ਇਥੇ ਕੈਨੇਡਾ ਵਿੱਚ ਹੈ। ਉਹਦੇ ਲੜਕੇ ਪਹਿਲਵਾਨੀ ਦਾ ਸ਼ੌਕ ਰੱਖਦੇ ਹਨ। ਸਾਰੇ ਇੱਥੇ ਕੈਨੇਡਾ ਵਿੱਚ ਬੀ. ਸੀ. ਸੂਬੇ ਵਿੱਚ ਰਹਿੰਦੇ ਹਨ, ਵਿਆਹੇ ਵਰੇ ਆਪੋ-ਆਪਣੀ ਥਾਂ ਸਾਰੇ ਸੈੱਟਲ ਹਨ, ਆਪਾਂ ਰਿਟਾਇਰ ਹਾਂ। ਕੁਝ ਰਿਸ਼ਤੇਦਾਰ ਟਰਾਂਟੋ ਰਹਿੰਦੇ ਹਨ, ਆਪਾਂ ਘੁੰਮ ਫਿਰ ਛੱਡੀਦਾ। ਕਦੇ ਇੱਥੇ ਕਦੇ ਉੱਥੇ ਜਾਂ ਫੇਰ ਚੰਡੀਗੜ੍ਹ ਇੰਡੀਆ।  

 ਅਧੂਰੇ ਸੁਪਨੇ

?. ਬਲਬੀਰ ਸਿੰਘ ਜੀ, ਉਂਝ ਤਾਂ ਕਿਹਾ ਜਾਂਦਾ ਹੈ ਇਨਸਾਨ ਦੀਆਂ ਤਮੰਨਾਂ ਕਦੇ ਪੂਰੀਆਂ ਨਹੀਂ ਹੋ ਸਕਦੀਆਂ। ਤੁਹਾਡੀ ਕੋਈ ਤਮੰਨਾ ਜੋ ਪੂਰੀ ਕਰਨਾ ਲੋਚਦੇ ਹੋਵੋਂ?

-ਹਾਂ ਇਹ ਗੱਲ ਤਾਂ ਠੀਕ ਹੈ ਕਿ ਇਨਸਾਨ ਦੀਆਂ ਬਹੁਤ ਸਾਰੀਆਂ ਖ਼ਹਿਸ਼ਾਂ  ਹੁੰਦੀਆਂ ਹਨ ਤੇ ਸਾਰੀਆਂ ਪੂਰੀਆਂ ਵੀ ਨਹੀਂ ਹੋ ਸਕਦੀਆਂ। ਇੱਥੇ ਮੈ ਤੁਹਾਨੂੰ ਇੱਕ ਜ਼ਰੂਰੀ ਗੱਲ ਮੈਂ ਦੱਸਣੀ ਚਾਹੁੰਦਾ ਹਾਂ ਕਿ ਜਦੋਂ 1961 ਵਿੱਚ ਮੈਂ ਖੇਡ ਡਾਇਰੈਕਟਰ ਪੰਜਾਬ ਸੀ, ਮੇਰੀ ਕੋਸ਼ਿਸ਼ ਸੀ ਕਿ ਇੱਕ ਹਾਕੀ ਸਟੇਡੀਅਮ ਬਣਾਇਆ ਜਾਵੇ ਪਰ ਇਹ ਨਹੀਂ ਹੋ ਸਕਿਆ। ਤੁਹਾਨੂੰ ਪਤੈ ਸਾਡੇ ਸਿਆਸਤ ਬਹੁਤ ਚੱਲਦੀ ਹੈ, ਮੈਂ ਇੱਥੇ ਕਿਸੇ ਨੂੰ ਦੋਸ਼ੀ ਨਹੀਂ ਠਹਿਰਾਉਣਾ ਚਾਹੁੰਦਾ, ਬੱਸ ਗੱਲ ਇਹ ਹੈ ਕਿ ਜੋ ਕੁਝ ਸਾਨੂੰ ਖੇਡਾਂ ਲਈ ਕਰਨਾ ਚਾਹੀਦਾ ਹੈ, ਬਦਕਿਸਮਤੀ ਨਾਲ ਹੋ ਨਹੀਂ ਰਿਹਾ। ਸਾਡੇ ਦੇਸ਼ ਵਿੱਚ ਟੇਲੈਂਟ ਦੀ ਕੋਈ ਘਾਟ ਨਹੀਂ ਬੱਸ ਢੁੱਕਦੀ ਵਿਉਂਤਬੰਦੀ ਤੇ ਟਰੇਨਿੰਗ ਦੀ ਘਾਟ ਸਮਝ ਲਉ।

ਅੱਜ ਦੀ ਭਾਰਤੀ ਹਾਕੀ ਟੀਮ ਦੀ ਕਾਰਗੁਜ਼ਾਰੀ

?. ਤੁਹਾਡਾ ਜਵਾਬ ਸੁਣਦਿਆਂ ਇੱਕ ਗੱਲ ਹੋਰ ਦਿਮਾਗ ਵਿੱਚ ਆ ਗਈ ਕਿ ਜੋ ਮਾਰਕੇ ਹਾਕੀ ਜਗਤ ਵਿੱਚ ਪੰਜਾਬ, ਇੰਡੀਆ, ਨੇ ਤੁਹਾਡੇ ਸਮੇਂ ਮਾਰੇ ਹਨ, ਉਹ ਮਾਰਕੇ ਅੱਜ-ਕੱਲ੍ਹ ਅਲੋਪ ਹੋ ਗਏ ਲੱਗਦੇ ਹਨ। ਹਾਕੀ ਪ੍ਰੇਮੀ ਵੀ ਇਸ ਗੱਲ ਦੀ ਚਿੰਤਾ ਵਿੱਚ ਹਨ ਕਿ ਹਾਕੀ ਦਾ ਪੱਧਰ ਕਾਫ਼ੀ ਹੇਠਾਂ ਆ ਗਿਆ ਹੈ। ਕਿਉਂਕਿ ਓਲੰਪਿਕ ਵਿੱਚ ਜਿਵੇਂ ਤੁਹਾਡੇ ਸਮਿਆਂ ਤੇ ਹਾਕੀ ਦੀ ਚੜ੍ਹਤ ਸੀ, ਉਹ ਚੜ੍ਹਤ ਅੱਜ ਨਜ਼ਰ ਨਹੀਂ ਆ ਰਹੀ ਕੀ ਕਾਰਨ? ਕੀ ਖਿਡਾਰੀ ਖੇਡਾਂ ਪ੍ਰਤੀ ਗੰਭੀਰ ਨਹੀਂ, ਚੋਣ ਕਰਨ ਵਿੱਚ ਕੋਈ ਪ੍ਰੌਬਲਮ ਜਾਂ ਫੇਰ ਕੋਚਿੰਗ ਵਿੱਚ ਕਿਧਰੇ ਕੋਈ ਖ਼ਾਮੀਆਂ ਹਨ? ਅਕਸਰ ਕੋਈ ਕਾਰਨ ਤਾਂ ਹੈ? ਤੁਸੀਂ ਹਾਕੀ ਪੇ੍ਮੀਆਂ ਨੂੰ ਖਿਡਾਰੀਆਂ ਨੂੰ ਕੋਈ ਸੁੱਖ-ਸੁਨੇਹਾ ਦੇਣਾ ਚਾਹੋਗੇ?

– ਢਾਅ ਜੀ, ਤੁਸੀਂ ਇਸ ਮਹੱਤਵਪੂਰਨ ਸਵਾਲ ਦਾ ਅੱਧਾ ਜਵਾਬ ਤਾਂ ਆਪ ਹੀ ਦੇ ਦਿੱਤਾ। ਬਾਕੀ ਮੈਂ ਕੋਸ਼ਿਸ਼ ਕਰਦਾ ਹਾਂ। ਤੁਹਾਡੀ ਇਹ ਗੱਲ ਵੀ ਬਿਲਕੁਲ ਸਹੀ ਹੈ ਕਿ ਖਿਡਾਰੀਆਂ ਵਿੱਚ ਉਹ ਉਤਸ਼ਾਹ ਜਾਂ ਗੰਭੀਰਤਾ ਨਹੀਂ ਦਿੱਸਦੀ ।ਕਿਉਂਕਿ ਪਹਿਲਾਂ ਖਿਡਾਰੀਆਂ ਦਾ ਇੱਕ ਮਿਸ਼ਨ ਇਹੋ ਹੁੰਦਾ ਸੀ ਕਿ ਅਸੀਂ ਗੇਮ ਜਿੱਤਣੀ ਹੈ। ਉਹ ਭਾਵੇਂ ਉਹ ਕਿਸੇ ਵੀ ਪੱਧਰ ਤੇ ਹੋਵੇ, ਉਨ੍ਹਾਂ ਵਿੱਚ ਟੀਮ ਸਪਿਰਟ ਹੁੰਦੀ ਸੀ। ਆਪਣੀ ਨਿੱਜੀ ਸਟਾਰ ਬਣਨ ਦੀ ਭੁੱਖ ਨਹੀਂ ਸੀ ਹੁੰਦੀ, ਜੋ ਅੱਜ ਪਰਤੱਖ ਨਜ਼ਰ ਆ ਜਾਂਦੀ ਹੈ। ਫੇਰ ਜੇਕਰ ਕੋਈ ਖਿਡਾਰੀ ਇੱਕ ਅੱਧੀ ਵਾਰ ਇੰਡੀਆ ਟੀਮ ਲਈ ਖੇਡ ਆਵੇ ਤਾਂ ਉਹ ਆਪਣੇ ਆਪ ਨੂੰ ਬਾਕੀਆਂ ਨਾਲੋਂ ਵੱਖਰਾ ਤੇ ਜ਼ਿਆਦਾ ਮਾਹਿਰ ਸਮਝਣ ਲੱਗ ਪੈਂਦਾ ਹੈ। ਉਸ ਜ਼ਮਾਨੇ ਦੇ ਖਿਡਾਰੀਆਂ ਦੀ ਅਜਿਹੀ ਸੋਚ ਹੀ ਨਹੀਂ ਸੀ। ਤਰੱਕੀ ਤਾਂ ਉਹੀ ਖਿਡਾਰੀ ਕਰ ਸਕਦਾ ਹੈ, ਜੋ ਕਹੇ ਕਿ ਅਜੇ ਮੇਰੀ ਮੰਜਲ ਬਹੁਤ ਦੂਰ ਹੈ, ਮੈਨੂੰ ਮਿਹਨਤ ਕਰਨ ਦੀ ਕਾਫ਼ੀ ਲੋੜ ਹੈ। ਇਹ ਇਕੱਲੀ ਖੇਡ ਦੀ ਗੱਲ ਨਹੀਂ ਹਰੇਕ ਖੇਤਰ ਵਿੱਚ ਇਹ ਭਾਵਨਾ ਕੰਮ ਕਰਦੀ ਹੈ, ਚਾਹੇ ਕੋਈ ਵੀ ਫ਼ੀਲਡ ਹੋਵੇ। ਇਸ ਤੋਂ ਅੱਗੇ ਗੱਲ ਆ ਕੰਪੀਟੀਸ਼ਨਾਂ ਦੀ, ਹੁਣ ਹਾਕੀ ਕੁਝ ਹੋਰ ਦੇਸ਼ਾਂ ਵਿੱਚ ਵੀ ਪਾਪੂਲਰ ਹੋ ਗਈ ਹੈ ਜਿਵੇਂ ਹਾਕੀ ਵਿੱਚ ਪਹਿਲਾਂ ਆਸਟਰੇਲੀਆ, ਪਾਕਿਸਤਾਨ ਟੌਪ ਤੇ ਨਹੀਂ ਸਨ। ਦੂਸਰੇ ਮੁਲਕਾਂ ਨੇ ਕਾਫ਼ੀ ਤਰੱਕੀ ਕੀਤੀ ਹੈ। ਆਪਾਂ ਤਰੱਕੀ ਉਨੀ ਨਹੀਂ ਕੀਤੀ ਜਿੰਨੀ ਚਾਹੀਦੀ ਸੀ। ਫੇਰ ਗੱਲ ਆ ਜਾਂਦੀ ਹੈ ਗਰਾਊਂਡਾਂ ਦੀ, ਕਈ ਲੋਕ ਇਹਨੂੰ ਵੀ ਇੱਕ ਕਾਰਨ ਮੰਨਦੇ ਹਨ, ਅਸੀਂ ਇਧਰਲੀਆਂ ਗਰਾਊਂਡਾਂ ਵਿੱਚ ਖੇਡਣ ਦੇ ਆਦੀ ਨਹੀਂ, ਮੇਰੇ iਖ਼ਆਲ ਨਾਲ ਇਹ ਤਾਂ ਇੱਕ ਬਹਾਨਾ ਹੈ ਕਿਉਂਕਿ ਵਧੀਆ ਗਰਾਊਂਡਾਂ ਵਿੱਚ ਗੇਮ ਵਧੀਆ ਖੇਡੀ ਜਾ ਸਕਦੀ ਹੈ। ਤੁਸੀਂ ਦੇਖੋਗੇ ਕਿ ਇੱਕ ਹਾਕੀ ਹੀ ਸੀ ਸਾਡੇ ਕੋਲ ਜੋ, ਉਲੰਪਿਕ ਜਿੱਤਦੀ ਰਹੀ ਤੇ ਸਾਰਾ ਦੇਸ਼ ਇਸ ਤੇ ਖੁਸ਼ੀਆਂ ਮਨਾਉਂਦਾ ਸੀ। ਹੋਰ ਕਿਸੇ ਖੇਡ ਵਿੱਚ ਕੋਈ ਮੈਂਡਲ ਨਹੀਂ ਸੀ ਜਿੱਤਦੇ। 

ਹਾਕੀ ਨੇ ਇੰਡੀਆ ਦੀ ਪਹਿਚਾਣ ਦੁਨੀਆਂ ਵਿੱਚ ਬਣਾਈ ਹੋਈ ਸੀ। ਹੁਣ ਹਾਕੀ ਵੀ ਹਾਰ ਕੇ ਆਉਣ ਲੱਗ ਪਈ ਤਾਂ ਮਰ ਗਏ, ਮਾਰ ਲਏ ਹੋਣ ਲੱਗ ਪਈ। ਲੋਕ ਨਿਰਾਸ਼ ਹੋ ਗਏ। ਬਾਕੀ ਹਾਰਨ ਦੇ ਹੋਰ ਵੀ ਬਹੁਤ ਸਾਰੇ ਕਾਰਨ ਹਨ। ਮੀਡੀਆ ਵੀ ਕਈ ਵਾਰੀ ਤੁਹਾਨੂੰ ਤਾਰਦਾ ਤੇ ਡੋਬਦਾ ਹੈ। ਕਈ ਵਾਰੀ ਮੀਡੀਆ ਵਾਲੇ, ਅਖ਼ਬਾਰਾਂ, ਟੀ. ਵੀ. ਵਗੈਰਾ ਲੋੜ ਤੋਂ ਵੱਧ ਪ੍ਰਸ਼ੰਸਾ ਜਾਂ ਭੰਡ ਦਿੰਦੇ ਹਨ। ਮੈਂ ਤਾਂ ਕਹਿੰਦਾ ਹੁੰਦਾ ਹਾਂ ਕਿ ਬਈ ਸਹਿੰਦੀ ਸਹਿੰਦੀ ਪ੍ਰਸ਼ੰਸਾ ਕਰੋ ਤੇ ਸਹਿੰਦਾ ਸਹਿੰਦਾ ਕਰਿਟੀਸਾਇਜ਼ ਕਰੋ। ਖ਼ਾਸ ਕਰਕੇ ਇੱਕ ਖਿਡਾਰੀ ਨੂੰ ਗੇਮ ਜਿੱਤਣ ਤੇ ਹਾਰਨ ਦਾ ਕਾਰਨ ਦੱਸ ਕੇ ਨਾਹ ਉਭਾਰੋ। ਇਹ ਇੱਕ ਟੀਮ-ਵਰਕ ਹੈ, ਜਿੱਤ ਹਾਰ ਦੇ ਸਾਰੇ ਦੇ ਸਾਰੇ ਖਿਡਾਰੀ ਹਿੱਸੇਦਾਰ ਹੁੰਦੇ ਹਨ। ਜਦੋਂ ਕਿਸੇ ਇਕੱਲੇ ਖਿਡਾਰੀ ਦੀ ਇੰਟਰਵਿਊ ਲੈ ਕੇ ਉਹਨੂੰ ਹੀਰੋ ਜਾਂ ਫੇਰ ਜੀਰੋ ਕਰਨ ਦੀ ਗੱਲ ਕਰਦੇ ਹਨ ਤਾਂ ਉਨ੍ਹਾਂ ਦੀ ਟੀਮ ਸਪਿਰਟ ਨੂੰ ਕਾਫ਼ੀ ਸੱਟ ਵੱਜਦੀ ਹੈ। ਇਸ ਨਾਲ ਫੇਰ ਦੂਸਰੇ ਖਿਡਾਰੀਆਂ ਨੂੰ ਈਰਖਾ ਹੋਣੀ ਜ਼ਰੂਰੀ ਹੈ।

ਇਸ ਤੋਂ ਬਾਅਦ ਹੁਣ ਤੁਸੀ ਦੇਖੋ, ਹਾਕੀ ਦੀ ਥਾਂ ਕ੍ਰਿਕਟ ਨੇ ਲੈ ਲਈ ਲਈ ਹੈ। ਉਨ੍ਹਾਂ ਨੂੰ ਪੈਸਾ ਬਣਦਾ ਹੈ। ਫਿਲਮਾਂ ਬਣਾਉਣ ਵਾਲਿਆਂ ਨਾਲੋਂ ਵੀ ਜ਼ਿਆਦਾ। ਹਰੇਕ ਬੱਚੇ ਦੇ ਮਾਪੇ ਦਾ ਸੁਪਨਾ ਹੈ ਪੈਸਾ ਬਣਾਉਣਾ ਤੇ ਅੱਜ-ਕੱਲ੍ਹ ਜੰਮਦੇ ਨਿਆਣੇ ਲਈ ਗਿਫ਼ਟ ਮਿਲਦੇ ਹਨ ਕ੍ਰਿਕਟ ਦਾ ਬੈਟ ਬੱਲਾ, ਉਹ ਭਾਵੇਂ ਚੁੱਕਣ ਜੋਗਾ ਨਾ ਹੋਵੇ। ਮੈਂ ਤੁਹਾਨੂੰ ਦੱਸਦਾਂ, ਦੋ ਕੁ ਸਾਲ ਪਹਿਲਾਂ ਮੈਂ ਚੰਡੀਗੜ੍ਹ ਤੋਂ ਅੰਮ੍ਰਿਤਸਰ ਜਾਣਾ ਸੀ। ਜਿਉਂ ਹੀ ਅਸੀਂ ਚੰਡੀਗੜ੍ਹ ਤੋਂ ਚੱਲੇ ਆਂ, ਐਤਵਾਰ ਦਾ ਦਿਨ ਸੀ ਜਿਹੜਾ ਵੀ ਕੋਈ ਥਾਂ ਖਾਲ੍ਹੀ ਨਜ਼ਰ ਆਇਆ ਗਰਾਊਂਡ ਕਹਿ ਲਓ ਜਾਂ ਖੇਤ ਕਹਿ ਲਓ, ਬੱਸ ਕ੍ਰਿਕਟ ਹੀ ਚੱਲ ਰਹੀ ਸੀ। ਨਾ ਕਬੱਡੀ, ਨਾ ਫੁਟਬਾਲ, ਨਾ ਬਾਲੀਬਾਲ ਜਾਂ ਹੋਰ ਪੰਜਾਬ ਦੀ ਕੋਈ ਖੇਡ ਲੈ ਲਓ ਮੇਰੀ ਨਜ਼ਰ ਨਹੀਂ ਪਿਆ। ਧੁਰ ਅੰਮ੍ਰਿਤਸਰ ਬਾਰਡਰ ਤੱਕ ਅਸੀਂ ਗਏ। ਫੇਰ ਤੁਸੀਂ ਹਾਕੀ ਨੂੰ ਮੈਡਲ ਕਿੱਧਰੋਂ ਭਾਲਦੇ ਹੋ? ਸਤਨਾਮ ਜੀ, ਮੈਂ ਕ੍ਰਿਕਟ ਦਾ ਵਿਰੋਧੀ ਨਹੀਂ ਸਗੋਂ ਵਧਾਈ ਦਿੰਦਾ ਹਾਂ। ਜਦੋਂ ਮੈਂ ਖੇਡ ਡਾਇਰੈਕਟਰ ਸੀ ਜਿੰਨੀਆਂ ਵੀ ਗੇਮਾਂ ਸਨ, ਸਾਰੀਆਂ ਨੂੰ ਬਰਾਬਰ ਸਮਝਦੇ ਸੀ। ਸੋ ਕੁਝ ਵੀ ਕਹਿ ਲਓ, ਸਾਨੂੰ ਹਾਕੀ ਵਾਲਿਆਂ ਨੂੰ ਮਿਲਦਾ ਕੁਝ ਨਹੀਂ। ਕੁਦਰਤੀ ਗੱਲ ਹੈ ਕਿ ਜਿੱਧਰੋਂ ਪੈਸਾ ਬਣਦਾ ਹੈ ਬੰਦਾ ਉੱਧਰ ਨੂੰ ਹੋ ਤੁਰਦਾ ਹੈ। ਇਨ੍ਹਾਂ ਮੁਲਕਾਂ ਵਿੱਚ ਖਿਡਾਰੀਆਂ ਦੀ ਕਦਰ ਆ। ਇੱਧਰ ਲੋਕ ਇੰਨਟਰਸਟ ਨੂੰ ਪਹਿਲ ਦਿੰਦੇ ਹਨ, ਨੈਚਰਲ ਟੈਲਿੰਟ ਨੂੰ ਪਹਿਲ ਹੈ, ਉੱਥੇ ਹੁਣ ਪੈਸੇ ਨੂੰ ਇਸ ਕਰਕੇ ਇਹ ਵੀ ਇੱਕ ਕਾਰਨ ਹੈ।

ਹਾਂ, ਤੁਸੀਂ ਗੱਲ ਕਰਦੇ ਸੀ ਕੋਚਿੰਗ ਦੀ, ਜਿਥੋਂ ਤੱਕ ਮੈਂ ਸਮਝਦਾ ਹਾਂ ਇਹ ਵੀ ਇੱਕ ਕਾਰਨ ਹੈ ਕਿਉਂਕਿ ਹਰੇਕ ਗੇਮ ਵਿੱਚ ਡਸਿਪਲਨ ਦਾ ਹੋਣਾ ਸਭ ਤੋਂ ਜ਼ਰੂਰੀ ਹੈ। ਜਦੋਂ ਕੋਚ ਹੀ ਐਸ਼ੋ-ਇਸ਼ਰਤ ਵਿੱਚ ਲੱਗ ਜਾਂਦੇ ਹਨ ਤਾਂ ਫੇਰ ਖਿਡਾਰੀਆਂ ਤੇ ਕੋਈ ਡਿਸਿਪਲਨ ਕੀਹਨੇ ਰੱਖਣਾ। ਕਈ ਵਾਰੀ ਤਾਂ ਇਉਂ ਹੁੰਦਾ ਹੈ ਕਿ ਕੋਚ ਨੂੰ ਪਤਾ ਨਹੀਂ ਹੁੰਦਾ ਕਿ ਸਾਰੇ ਦੇ ਸਾਰੇ ਖਿਡਾਰੀ ਠੀਕ ਆਪੋ-ਆਪਣੇ ਰੂਮਾਂ ਵਿੱਚ ਆਰਾਮ ਕਰ ਰਹੇ ਹਨ ਜਾਂ ਫੇਰ ਕੋਈ ਮੌਜ਼-ਮੇਲਾ ਕਰ ਰਹੇ ਹਨ ਬਾਹਰ ਕਿਧਰੇ। ਇਸੇ ਤਰ੍ਹਾਂ ਕਈ ਵਾਰੀ ਖਿਡਾਰੀਆਂ ਨੂੰ ਵੀ ਇਹ ਨਹੀਂ ਪਤਾ ਕਿ ਕੋਚ ਕਿੱਥੇ ਹੈ। ਕੋਚ ਹੀ ਉਨ੍ਹਾਂ ਦਾ ਰੋਲ ਮਾਡਲ ਹੋ ਸਕਦਾ ਹੈ। ਦੂਸਰਾ ਖਿਡਾਰੀ ਨੂੰ ਆਰਾਮ ਬਹੁਤ ਜ਼ਰੂਰੀ ਹੈ। ਜੇਕਰ ਖਿਡਾਰੀ ਸਾਰੀ ਰਾਤ ਆਰਾਮ ਨਹੀਂ ਕਰਦਾ ਤਾਂ ਗਰਾਊਂਡ ਵਿੱਚ ਜਾ ਕੇ ਉਹ ਉਸ ਤਰ੍ਹਾਂ ਦੀ ਪ੍ਰਫੌਰਮ ਨਹੀਂ ਕਰ ਸਕਦਾ, ਜੋ ਪੂਰਨ ਆਰਾਮ ਤੇ ਨਸ਼ਿਆਂ ਤੋਂ ਰਹਿਤ ਖਿਡਾਰੀ ਕਰ ਸਕਦਾ ਹੈ। ਹੁਣ ਆ ਜਾਓ ਸਲੈਕਸ਼ਨ ਵੱਲ ਇਹ ਵੀ ਇੱਕ ਫੈਕਟਰ ਹੈ। ਉਂਝ ਸਲੈਕਸ਼ਨ ਭਾਵੇਂ ਸਲੈਕਸ਼ਨ ਕੰਪਨੀ ਰਾਹੀਂ ਹੁੰਦੀ ਹੈ ਪਰ ਹੁੰਦੀ ਵਿਜ਼ੂਅਲ ਸਲੈਕਸ਼ਨ ਹੈ। ਸੋ ਇਹਦੇ ਵਿੱਚ ਵੀ ਕਈ ਵਾਰੀ ਸਹੀ ਸਲੈਕਸ਼ਨ ਔਖੀ ਹੈ। ਕਈ ਵਾਰੀ ਵਧੀਆ ਖਿਡਾਰੀ ਮੈਚਾਂ ਵਿੱਚ ਕਿਸੇ ਕਾਰਨ ਵਧੀਆ ਪ੍ਰਦਰਸ਼ਨ ਨਹੀਂ ਕਰ ਸਕਦਾ ਤਾਂ ਫੇਰ ਮਾੜਾ ਜਾਂ ਉਸ ਤੋਂ ਘੱਟ ਸਕਿੱਲ ਵਾਲਾ ਖਿਡਾਰੀ ਚੁਣਿਆ ਜਾਂਦਾ ਹੈ। ਅੱਗੇ ਜਾ ਕੇ ਫੇਰ ਉਹ ਪੂਰਾ ਨਹੀਂ ਉਤਰਦਾ। ਸੋ, ਇਹੋ ਜਿਹੇ ਅਨੇਕਾਂ ਹੋਰ ਵੀ ਕਾਰਨ ਹਨ, ਜਿਸ ਕਰਕੇ ਹਾਕੀ ਦਾ ਮਿਆਰ ਹੇਠਾਂ ਆ ਗਿਆ। ਪਰ ਮੈਂ ਤੁਹਾਨੂੰ ਜਿਵੇਂ ਦੱਸਦਾ ਸੀ ਸਾਨੂੰ ਆਪਣੀ ਹਾਕੀ ‘ਤੇ ਬਹੁਤ ਉਮੀਦਾਂ ਹਨ ਤੇ ਮੁੰਡੇ ਮਿਹਨਤ ਵੀ ਕਰ ਰਹੇ ਹਨ। ਦੇਖੋ ਪ੍ਰਮਾਤਮਾ ਕਰੇ ਅਸੀਂ ਉਲੰਪਿਕ ਵਿੱਚ ਫੇਰ ਕੁਝ ਕਰ ਦਿਖਾਈਏ।

ਸਤਨਾਮ ਸਿੰਘ: ਬਲਬੀਰ ਸਿੰਘ ਜੀ, ਆਪ ਦਾ ਧੰਨਵਾਦ ਜੋ ਆਪ ਨੇ ਆਪਣੇ ਕੀਮਤੀ ਸਮੇਂ ਵਿੱਚੋਂ ਬਹੁਤ ਸਾਰਾ ਸਮਾਂ ਕੱਢ ਕੇ ਬਹੁਤ ਹੀ ਠਰ੍ਹੱਮੇ ਨਾਲ ਤੇ ਬਹੁਤ ਹੀ ਖੁੱਲ੍ਹ ਕੇ ਆਪਣੀ ਜ਼ਿੰਦਗੀ ਦੀ ਕਿਤਾਬ ਦੇ ਕੁਝ ਪੰਨੇ ਸਾਡੇ ਨਾਲ ਸਾਂਝੇ ਕੀਤੇ ਹਨ। ਖੇਡਾਂ ਦੀ ਦੁਨੀਆਂ ਦੇ ਦਰਸ਼ਣ ਕਰਾ ਦਿੱਤੇ ਹਨ। ਤੁਹਡੀਆਂ ਇਹ ਸਾਰੀਆਂ ਗੱਲਾਂ ਪੱਲੇ ਬੰਨਣ ਵਾਲੀਆਂ ਹਨ। ਉਮੀਦ ਕਰਦੇ ਹਾਂ ਖਿਡਾਰੀਆਂ ਦੇ ਨਾਲ-ਨਾਲ ਆਮ ਲੋਕ ਵੀ ਇਨ੍ਹਾਂ ਤੋਂ ਪ੍ਰੇਰਨਾ ਲੈਣਗੇ। ਅਸੀਂ ਤੁਹਾਡੀ ਲੰਬੀ ਆਯੂ ਤੇ ਸਿਹਤ ਦੀ ਤੰਦਰੁਸਤੀ ਲਈ ਪ੍ਰਮਾਤਮਾ ਪਾਸ ਅਰਦਾਸ ਕਰਦੇ ਹਾਂ ਤੇ ਆਸ ਕਰਦੇ ਹਾਂ ਕਿ ਸਾਡੀ ਅੱਜ ਹਾਕੀ ਦੀ ਟੀਮ, ਜਿਸ ਤੋਂ ਸਾਨੂੰ ਬਹੁਤ ਸਾਰੀਆਂ ਉਮੀਦਾਂ ਹਨ, ਤੁਹਾਡੇ ਤਜਰਬਿਆਂ ਤੋਂ ਸਿੱਖ ਕੇ, ਫੇਰ ਉਸੇ ਉੱਚੇ ਪੱਧਰ ਤੇ ਪਹੁੰਚ ਜਾਵੇ। ਜਿਥੇ ਤੱਕ ਤੁਸੀਂ ਇਹਨੂੰ ਪਹੁੰਚਾਇਆ ਹੈ। ਕੌਮ ਨੂੰ ਹਮੇਸ਼ਾਂ ਤੁਹਾਡੇ ਉੱਪਰ ਮਾਣ ਰਹੇਗਾ।

**

About the author

satnam_dhaw
ਸਤਨਾਮ ਢਾਅ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਸਤਨਾਮ ਢਾਅ ਦੀਅਾਂ ਪੁਸਤਕਾਂ ਦਾ ਵੇਰਵਾ:

ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਦੂਜਾ)
ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਪਹਿਲਾ)

ਪਤਾ:
Satnam Singh Dhah
303 ASPEN RIDGE PL SW

Calgary, AB T3 H 1T2
Canada
Ph.403-285-6091
e-mailsatnam.dhah@gmail.com

ਸਤਨਾਮ ਢਾਅ

ਸਤਨਾਮ ਢਾਅ ਦੀਅਾਂ ਪੁਸਤਕਾਂ ਦਾ ਵੇਰਵਾ: ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਦੂਜਾ) ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਪਹਿਲਾ) ਪਤਾ: Satnam Singh Dhah 303 ASPEN RIDGE PL SW Calgary, AB T3 H 1T2 Canada Ph.403-285-6091 e-mailsatnam.dhah@gmail.com

View all posts by ਸਤਨਾਮ ਢਾਅ →