27 November 2022

ਡਾ: ਪ੍ਰੀਤਮ ਸਿੰਘ ਕੈਂਬੋ ਦੀ ਬਰਤਾਨਵੀ ਪੰਜਾਬੀ ਕਵਿਤਾ (ਅਧਿਐਨ ਤੇ ਮੁਲਾਂਕਣ)

Pritam Singh Kamboਡਾ: ਪ੍ਰੀਤਮ ਸਿੰਘ ਕੈਂਬੋ ਇਕ ਜਾਣਿਆ-ਪਹਿਚਾਣਿਆ ਅਤੇ ਸਥਾਪਤ ਨਾਂ ਹੈ। ਉਸਨੇ ਕਹਾਣੀ ਦੀ ਵਿਧਾ ਤੋਂ ਜਿਵੇਂ ਹੀ ਆਪਣਾ ‘ਲਿਖਣ-ਸਫ਼ਰ’ ਆਰੰਭ ਕੀਤਾ ਫਿਰ ਪਿਛਾਂਹ ਮੁੜ ਕੇ ਨਹੀਂ ਵੇਖਿਆ। ਸਗੋਂ ਕਹਾਣੀ ਦੇ ਨਾਲ ਹੀ ਨਾਲ ਸਾਹਿਤ ਦੀਆਂ ਹੋਰ ਵੱਖ ਵੱਖ ਵਿਧਾਵਾਂ ਜਿਵੇਂ ਕਿ ਖੋਜ, ਆਲੋਚਨਾ, ਸੰਪਾਦਨਾ, ਸਾਹਿਤਕ ਪੁਸਤਕਾਂ ਦੇ ਮੁਖਬੰਧਾਂ ਅਤੇ ਪੰਜਾਬੀ ਦੇ ਨਾਮੀ ਸਾਹਿਤਕਾਰਾਂ ਦੇ ਨਾਲ ਮੁਲਾਕਾਤਾਂ ਦੇ ਕਾਰਜਾਂ ਨੂੰ ਵੀ ਬੜੀ ਸਫ਼ਲਤਾ ਨਾਲ ਨੇਪਰੇ ਚਾੜ੍ਹਿਆ। ਉਸਨੇ ਆਪਣੀ ਪੂਰੀ ਲਗਨ ਅਤੇ ਨਿਸ਼ਠਾ ਦਾ ਸਬੂਤ ਦੇਂਦਿਆਂ ਈਮਾਨਦਾਰੀ ਤੇ ਨਿਰਪੱਖਤਾ ਨਾਲ ਕਲਮ ਨੂੰ ਸੇਧ ਦਿੱਤੀ। ਤਿੱਖੀ ਤੇ ਪੈਨੀ ਨਜ਼ਰ ਰੱਖਣ ਵਾਲੇ ਸੂਝਵਾਨ ਆਲਚੋਕ ਦੀਆਂ ਹੁਣ ਤੱਕ ਲਗਪਗ ਤੇਰਾਂ ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ। ਉਸਦੀਆਂ ਦੋ ਪੰਜਾਬੀ ਪੁਸਤਕਾਂ ਦੇ ਅੰਗਰੇਜ਼ੀ ਅਨੁਵਾਦ ਵੀ ਛੱਪ ਚੁੱਕੇ ਹਨ।

ਸਾਡੀ ਅੱੱਜ ਦੀ ਬਹੁਤ ਹੀ ਸੰਖੇਪ ਤੇ ਸਰਸਰੀ ਵਿਚਾਰ ਦਾ ਧੁਰਾ ਉਸਦੀ ਆਲੋਚਨਾ ਦੀ ਸੱਜਰੀ ਪੁਸਤਕ ‘ਬਰਤਾਨਵੀ ਪੰਜਾਬੀ ਕਵਿਤਾ (ਅਧਿਐਨ ਤੇ ਮੁਲਾਂਕਣ) ਦੁਆਲੇ ਹੈ। ਇੱਥੇ ਇਹ ਦੱਸਣਾ ਵੀ ਜ਼ਰੂਰੀ ਅਤੇ ਅਹਿਮ ਹੈ ਕਿ ਡਾ: ਕੈਂਬੋ ਦੀਆਂ ਆਲੋਚਨਾ ਸਬੰਧੀ ਦੋ ਪੁਸਤਕਾਂ: (1) ਬਰਤਾਨਵੀ ਪੰਜਾਬੀ ਸਾਹਿਤ (1991), ਅਤੇ (2) ਬਰਤਾਨਵੀ ਪੰਜਾਬੀ ਕਵਿਤਾ-ਇਕ ਦ੍ਰਿਸ਼ਟੀ (1999) ਪ੍ਰਕਾਸ਼ਤ ਹੋਈਆਂ ਜਿਹਨਾਂ ਦੇ ਗਹਿਨ ਪਠਨ ਉਪਰੰਤ ਪੰਜਾਬੀ ਸਾਹਿਤਕ ਜਗਤ ਵਿੱਚ ਇਕ ਆਲੋਚਕ ਵਜੋਂ ਉਸਦੇ ਪੈਰ ਬਹੁਤ ਪੁਖਤਾ ਢੰਗ ਨਾਲ ਜੰਮ ਗਏ। ਆਲੋਚਨਾ ਦੀ ਪਹਿਲੀ ਪੁਸਤਕ ‘ਬਰਤਾਨਵੀ ਪੰਜਾਬੀ ਸਾਹਿਤ’ ਵਿੱਚ ਵੀ ਬਰਤਾਨਵੀ ਪੰਜਾਬੀ ਕਵਿਤਾ ਸਬੰਧੀ ਲੇਖਾਂ ਵਿੱਚ ਬਰਤਾਨਵੀ ਪੰਜਾਬੀ ਕਵੀਆਂ ਦੀਆਂ ਰਚਨਾਵਾਂ ਦੀ ਖੋਜ ਭਰਪੂਰ ਚਰਚਾ ਕੀਤੀ ਗਈ ਸੀ। ਇੰਝ ਹੀ ਆਲੋਚਨਾ ਦੀ ਦੂਜੀ ਪੁਸਤਕ ਬਰਤਾਨਵੀ ਪੰਜਾਬੀ ਕਵਿਤਾ-ਇਕ ਦ੍ਰਿਸ਼ਟੀ ਦੇ ਦੋ ਲੇਖਾਂ ਵਿੱਚ ਵੀ ਪੰਜਾਬੀ ਕਵਿਤਾ ਬਾਰੇ ਅਧਿਐਨ ਕਰਦਿਆਂ ਮੁਲਾਂਕਣ ਪ੍ਰਸਤੁਤ ਕੀਤਾ ਗਿਆ। ਇਸਦੇ ਨਾਲ ਹੀ 17 ਕਵੀਆਂ ਦੀਆਂ ਰਚਨਾਵਾਂ ਬਾਰੇ ਵਿਸਥਾਰ ਵਿੱਚ ਵਿਚਾਰਿਆ ਗਿਆ। ਹੁਣ ਸੱਜਰੀ ਪੁਸਤਕ ‘ਬਰਤਾਨਵੀ ਪੰਜਾਬੀ ਕਵਿਤਾ-(ਅਧਿਐਨ ਤੇ ਮੁਲਾਂਕਣ) ਪਹਿਲਾਂ ਛਪੀ ਪੁਸਤਕ ਦੀ ਹੀ ਅਗਲੇਰੀ ਕੜੀ ਵਜੋਂ ਹੈ ਜਿਸ ਵਿੱਚ ਡਾ: ਕੈਂਬੋ ਨੇ 25 ਆਲੋਚਨਾਤਮਿਕ ਲੇਖ ਸ਼ਾਮਲ ਕੀਤੇ ਹਨ। ਦੋ ਕਵੀਆਂ: ਨਿਰੰਜਨ ਸਿੰਘ ਨੂਰ ਅਤੇ ਗੁਰਸ਼ਰਨ ਸਿੰਘ ਅਜੀਬ ਸਬੰਧੀ ਦੋ ਦੋ ਲੇਖਾਂ ਰਾਹੀਂ ਵਿਚਾਰ ਪੇਸ਼ ਕੀਤੇ ਗਏ ਹਨ। ਨਾਲ ਹੀ 23 ਹੋਰ ਕਵੀਆਂ ਜਿਵੇਂ ਕਿ ਗ਼ਜ਼ਲਕਾਰ ਤੇ ਛੰਦ-ਬੱਧ ਕਵਿਤਾ ਲਿਖਣ ਵਾਲੇ ਗੁਰਦਾਸ ਸਿੰਘ ਪਰਮਾਰ, ਸਾਥੀ ਲੁਧਿਆਣਵੀ, ਗੁਰਨਾਮ ਗਿੱਲ, ਮੁਸ਼ਤਾਕ ਸਿੰਘ, ਭੁਪਿੰਦਰ ਸੱਗੂ, ਪ੍ਰਕਾਸ਼ ਸਿੰਘ ਆਜ਼ਾਦ, ਅਜੀਮ ਸ਼ੇਖਰ, ਪ੍ਰੋ: ਸੁਰਜੀਤ ਸਿੰਘ ਖਾਲਸਾ, ਪ੍ਰਕਾਸ਼ ਸੋਹਲ, ਸੰਤੋਖ ਭੁੱਲਰ, ਸੁਰਿੰਦਰ ਸੀਹਰਾ, ਹਕੀਮ ਗੁਲਾਮ ਨਬੀ ਤੇ ਰਣਜੀਤ ਸਿੰਘ ਰਾਣਾ ਅਤੇ ਖੁਲ੍ਹੀ ਕਵਿਤਾ ਲਿਖਣ ਵਾਲੇ: ਦਰਸ਼ਨ ਬੁਲੰਦਵੀ, ਸੰਤੋਖ ਸਿੰਘ ਸੰਤੋਖ, ਅਵਤਾਰ ਜੰਡਿਆਲਵੀ, ਗੁਰਨਾਮ ਢਿੱਲੋਂ, ਖੁਲ੍ਹੀ ਤੇ ਛੰਦ-ਬੱਧ ਕਵੀ-ਬਲਵਿੰਦਰ ਮਥਾਰੂ, ਗੁਰਚਰਨ ਸੱਗੂ, ਵੀਨਾ ਵਰਮਾ ਅਤੇ ਵਰਿੰਦਰ ਪਰਹਾਰ ਦੀਆਂ ਰਚਨਾਵਾਂ ਨੂੰ ਇਸ ਨਵੀਂ ਪੁਸਤਕ ਵਿੱਚ ਸ਼ਾਮਲ ਕਰਕੇ ਪੰਜਾਬੀ ਸਾਹਿਤ ਵਿੱਚ ਬੜਾ ਨਿੱਗਰ ਅਤੇ ਇਤਿਹਾਸਕ ਵਾਧਾ ਕੀਤਾ ਹੈ। ਹੁਣ ਤੱਕ ਡਾ: ਕੈਂਬੋ ਇਸ ਪੁਸਤਕ ਸਮੇਤ ਚਾਲੀ ਸਿਰਕੱਢ ਕਵੀਆਂ ਦੀਆਂ ਰਚਨਾਵਾਂ ਨੂੰ ਆਪਣੇ ਅਧਿਐਨ ਦਾ ਮਾਧਿਅਮ ਬਣਾ ਚੁੱਕਿਆ ਹੈ। ਇਹ ਬਹੁਤ ਹੀ ਸੰਤੋਖ ਅਤੇ ਚੰਗੀ ਪ੍ਰਾਪਤੀ  ਦੀ ਗੱਲ ਹੈ। ਲੇਖਕ ਇਸ ਲਈ ਵਧਾਈ ਦਾ ਪਾਤਰ ਹੈ। 

Bartanvi Punjabi Kavta
ਬਰਤਾਨਵੀ ਪੰਜਾਬੀ ਕਵਿਤਾ (ਅਧਿਐਨ ਤੇ ਮੁਲਾਂਕਣ)

ਡਾ: ਕੈਂਬੋ ਦੀ ਇਸ ਪੁਸਤਕ ਦੀ ਭੁਮਿਕਾ: ‘ਕੁਝ ਸ਼ਬਦ ਮੇਰੇ ਵਲੋਂ’ ਬਹੁਤ ਹੀ ਅਹਿਮ ਹੈ। ਮਹੱਤਵ ਪੂਰਨ ਇਸ ਕਾਰਨ ਕਿ ਸੂਝਵਾਨ ਆਲੋਚਕ ਨੇ ਬਰਤਾਨੀਆ ਵਿੱਚ ਲਿਖੀ ਗਈ ਤੇ ਲਿਖੀ ਜਾ ਰਹੀ ਸਾਰੀ ਕਵਿਤਾ ਦੀ ਨਿਸ਼ਾਨਦੇਹੀ ਕਰਦਿਆਂ ਇਸ ਪੁਸਤਕ ਵਿੱਚ ਨਾ ਕੇਵਲ ਪ੍ਰਗਤੀਵਾਦੀ/ਮਾਰਕਸਵਾਦੀ ਸਿਧਾਤ ਦੇ ਅਨੁਕੂਲ ਕਵੀਆਂ ਜਿਵੇਂ ਕਿ ਮਾਨਵੀ ਛੋਹਾਂ ਦਾ ਚਿਤੇਰਾ- ਨਿਰੰਜਨ ਸਿੰਘ ਨੂਰ, ਸੰਤੋਖ ਸਿੰਘ ਸੰਤੋਖ, ਗੁਰਨਾਮ ਢਿੱਲੋਂ, ਮੁਸ਼ਤਾਕ ਸਿੰਘ, ਭੁਪਿੰਦਰ ਸੱਗੂ ਦੀਆਂ ਰਚਨਾਵਾਂ ਦੀ ਘੋਖ-ਪੜਤਾਲ ਕੀਤੀ ਸਗੋਂ ਇਸਦੇ ਨਾਲ ਹੀ ਦੂਜੀ ਭਾਂਤ ਦੇ ਉਹਨਾਂ ਕਵੀਆਂ ਸਬੰਧੀ ਵੀ ਚਰਚਾ ਕੀਤੀ ਜੋ ਕਿਸੇ ਸਿਧਾਂਤ ਨਾਲ ਬੱਝ੍ਹ ਕੇ ਕਵਿਤਾ ਨਹੀਂ ਕਹਿੰਦੇ ਪਰ ਇਹਨਾਂ ਦੇ ਲਿਖਣ ਦਾ ਮਕਸਦ ਵੀ ਮਾਨਵਤਾ ਵਿੱਚ ਹੀ ਭੁਗਤਦਾ ਹੈ। ਵਿਉਹਾਰਕ ਤੌਰ ਤੇ ਕੁਝ ਕਵੀ ਛੰਦ-ਬੱਧ ਅਨਕੂਲ ਰਚਨਾ ਕਰਦੇ ਹਨ ਜਦ ਕਿ ਕੁਝ ਛੰਦ-ਬੱਧ ਸੀਮਾਂ ਵਿੱਚ ਨਾ ਬੱਝ੍ਹਦਿਆਂ ਖੁਲ੍ਹੀ ਕਵਿਤਾ ਲਿਖਣ ਵੱਲ ਰੁਚਿਤ ਹਨ। ਕਵਿਤਾ, ਕੋਈ ਵੀ ਹੋਵੇ ਲੈਅ ਬੱਧ ਤਾਂ ਹੋਣੀ ਹੀ ਚਾਹੀਦੀ ਹੈ। ਲੈਅ ਦੇ ਨਾਲ ਨਾਲ ਦਰਅਸਲ ਗੱਲ ਤਾਂ ਵਿਚਾਰਾਂ ਦੀ ਵੀ ਹੈ। ਵਿਚਾਰ ਰਹਿਤ ਕਵਿਤਾ ਸਾਰਥਕ ਨਹੀਂ ਕਹੀ ਜਾ ਸਕਦੀ। ਇਸਦੇ ਨਾਲ ਹੀ ਨਿਰੀ ਤੁੱਕ-ਬੰਦੀ ਵੀ ਕਵਿਤਾ ਨਹੀਂ ਕਹਾ ਸਕਦੀ।

ਦੂਜੀ ਗੱਲ: ਡਾ: ਕੈਂਬੋ ਨੇ ਕਾਵਿ-ਸਿਰਜਣਾ ਸਬੰਧੀ ਦੋ ਮਹੱਤਵ ਪੂਰਨ ਸੂਤਰ: ਕਲਾ ਕਲਾ ਲਈ ਅਤੇ ਕਲਾ ਜੀਵਨ ਲਈ ਉਤੇ ਵਿਚਾਰ ਪੇਸ਼ ਕਰਦਿਆਂ ਸਪਸ਼ਟ ਕੀਤਾ ਹੈ ਕਿ ‘ਕਾਵਿ ਅਤੇ ਕਲਾ ਕੀ ਹੈ। ਕਵੀ ਦੇ ਕਰਮ ਤੋਂ ਜੋ ਰਚਨਾ ਸਿਰਜੀ ਜਾਂਦੀ ਹੈ, ਉਹ ਕਾਵਿ ਕਹਿਲਾਉਂਦੀ ਹੈ। ਤੇ ਕਲਾ ਕੀ ਹੈ? ਕਲਾ ਹੈ ਉਸ ਸਿਰਜਣਾ ਦਾ ਪ੍ਰਗਟਾਊ ਢੰਗ। ਸਾਰੀ ਵਿਚਾਰ ਵਿੱਚ ਭਾਵ ਵੀ ਆ ਜਾਂਦੇ ਹਨ, ਕਲਪਨਾ ਅਤੇ ਬੁੱਧੀ ਦਾ ਦਖ਼ਲ ਵੀ। ਸ਼ਬਦਾਂ ਦੀ ਜੜਤ ਜਦੋਂ ਬਿੰਬਾਂ ਅਤੇ ਪ੍ਰਤੀਕਾਂ ਰਾਹੀਂ ਆਪਣਾ ਜਲੌ ਪੇਸ਼ ਕਰਦੀ ਹੈ ਤਾਂ ਕਵਿਤਾ ਵਿੱਚ ਸੁੰਦਰਤਾ ਆ ਜਾਂਦੀ ਹੈ। ਤਰਕ ਅਤੇ ਸੰਗੀਤਕ ਰਸ ਦੀ ਵੀ ਆਪਣੀ ਥਾਂ ਹੈ। ‘ਕਲਾ ਕਲਾ ਲਈ’ ਦਾ ਸਿਧਾਂਤ ਕੇਵਲ ਆਨੰਦ ਹੀ ਪਰਦਾਨ ਕਰਨ ਵਾਲਾ ਹੋਣ ਕਾਰਨ ਸੀਮਾ-ਬੱਧ ਹੈ। ‘ਕਲਾ ਜੀਵਨ ਲਈ’ ਹੀ ਸਾਹਿਤ ਵਿੱਚ ਵਧੇਰੇ ਵਿਆਪਕ ਅਤੇ ਕਾਰਗਰ ਹੈ। ਜੀਵਨ ਤੋਂ ਮੂੰਹ ਮੋੜਨ ਵਾਲੀ ਰਚਨਾ ਕਦੇ ਵੀ ਸਿਹਤਮੰਦ ਨਹੀਂ ਕਹਿਲਾਉਂਦੀ। 

ਡਾ: ਕੈਂਬੋ ਨੇ ਇਸ ਪੁਸਤਕ ਵਿੱਚ ਜੋ ਵੀ ਕਵੀ ਸ਼ਾਮਲ ਕੀਤੇ ਹਨ ਉਹਨਾਂ ਦੀ ਸਮੁੱਚੀ ਰਚਨਾ ਦਾ ਕਰਮ ਖੇਤਰ ਇਕ ਤਰ੍ਹਾਂ ਨਾਲ ‘ਮਾਨਵਤਾ’ ਦੇ ਹਿੱਤ ਵਿੱਚ ਹੀ ਹੈ। ਡਾ: ਕੈਂਬੋ ਨੇ ਹਰ ਕਵੀ ਦੀ ਰਚਨਾ ਨੂੰ, ਰਚਨਹਾਰੇ ਦੀਆਂ ਵੱਖ ਵੱਖ ਸਿਰਜਣ-ਸੰਚਾਰ ਵਿਧੀਆਂ ਅਨੁਸਾਰ ਹੀ, ਆਪਣੀ ਨਿਰਧਾਰਿਤ ਸੀਮਾਂ ਅੰਦਰ ਰਹਿੰਦਿਆਂ, ਬੜਾ ਖੁੱਭ੍ਹ ਕੇ ਪੜ੍ਹਿਆ, ਮਾਣਿਆ, ਜਾਣਿਆ ਅਤੇ ਹਰ ਕਵੀ ਦੀ ਰਚਨਾ ਦਾ ਬਣਦਾ ਮੁਲਾਂਕਣ ਕਰਦਿਆਂ ਜਿੱਥੇ ਜ਼ਰੂਰਤ ਮਹਿਸੂਸ ਹੋਈ ਕਵੀ ਦੀ ਦੁਬਿੱਧਾ ਜਾਂ ਮਾੜੀ-ਮੋਟੀ ਕਮਜ਼ੋਰੀ ਵੱਲ ਵੀ ਸੰਕੇਤ ਜਾਂ ਗੁਝ੍ਹਾ ਇਸ਼ਾਰਾ ਕੀਤਾ। ਨਿਰੰਜਨ ਸਿੰਘ ਨੂਰ ਬਾਰੇ ਡਾ: ਕੈਂਬੋ ਲਿਖਦਾ ਹੈ: ‘ਉਹ ਮਾਰਕਸਵਾਦੀ  ਫ਼ਲਸਫ਼ੇ ਦੇ ਅਨੁਸਾਰ ਆਪਣੀ ਦ੍ਰਿਸ਼ਟੀ ਨੂੰ ਉਸਾਰਦਾ ਤੇ ਵਿਸਤਾਰਦਾ ਰਿਹਾ।’ ਪਰ ਇਸਦੇ ਨਾਲ ਹੀ ਉਸ ਪਾਸ ਕਲਾ ਪ੍ਰਤੀ ਇਕ ਸੁੰਦਰ, ਸੁਪਨਈ ਤੇ ਆਦਰਸ਼ਵਾਦੀ ਵਿਸ਼ਾਲ ਦ੍ਰਿਸ਼ਟੀਕੋਣ ਸੀ। ਜਿਸ ਸਦਕਾ ਉਹ ਹਰ ਵਰਗ ਦੇ ਹਿਰਦਿਆਂ ਅੰਦਰ ਝਾਤੀ ਮਾਰਦਾ ਹੋਇਆ ਉਹਨਾਂ ਦੇ ਦਰਦਾਂ, ਦੁਖੜਿਆਂ ਨੂੰ ਘੋਖਦਿਆਂ ਅਨੁਭਵ ਕਰਦਿਆਂ, ਲਿਖਦਾ ਸੀ। ਪਰਵਾਸ ਦੀਆਂ ਬਹੁਭਾਂਤੀ ਸਮੱਸਿਆਵਾਂ ਸਬੰਧੀ ਵੀ ਉਹ ਬਹੁਤ ਸੁਚੇਤ ਰਿਹਾ। ਡਾ: ਕੈਂਬੋ ਸਾਰ ਵਜੋਂ ਸਾਬਤ ਕਰਦਾ ਹੈ ਕਿ ਨਿਰਸੰਦੇਹ ਨੂਰ ਭਾਵੇਂ ਪ੍ਰਗਤੀਵਾਦੀ ਕਵੀ ਸੀ ਪਰ ਉਹ ‘ਪਰੰਪਰਾ ਨੂੰ ਪੁਰਾਤਨ, ਅਪਸਾਰਵਾਦੀ, ਤੇ ਗਲੀਆਂ-ਸੜੀਆਂ ਕੀਮਤਾਂ ਦੀ ਨਿਆਈ ਨਹੀਂ ਸੀ ਸਮਝਦਾ। ਸਗੋਂ ਉਹ ਵਿਕਾਸਵਾਦੀ ਪਰੰਪਰਾ ਨੂੰ ਵਗਦੇ ਦਰਿਆ ਨਾਲ ਤੋਲਦਾ ਸੀ। ‘ਜ਼ਫ਼ਰਨਾਮਾ’ ਦਾ ਅਨੁਵਾਦ ਆਪਣੀ ਪਰੰਪਰਾ ਦੀ ਮਹੱਤਤਾ ਦਰਸਾਉਣਾ ਹੀ ਸੀ। ਗ਼ਜ਼ਲਗੋਅ ਗੁਰਦਾਸ ਸਿੰਘ ਪਰਮਾਰ ਬਾਰੇ ਲਿਖਦਿਆਂ ਕੇਵਲ ਉਸਦੇ ਅਧਿਆਤਮਕ ਰੰਗ ਨੂੰ ਹੀ ਨਹੀਂ ਪਕੜਿਆ ਸਗੋਂ ਉਸਦੀ ਕਵਿਤਾ ਵਿੱਚ ਪ੍ਰਗਟ ਨੈਤਿਕ, ਸਦਾਚਾਰਕ, ਮਾਨਵੀ ਅਤੇ ਆਦਰਸ਼ਵਾਦੀ ਗੁਣਾਂ ਦੀ ਵਿਆਖਿਆ ਵੀ ਸੁੰਦਰ ਸ਼ਬਦਾਂ ਵਿੱਚ ਕਰਦਿਆਂ ਲਿਖਿਆ: ਉਸਦੀ ਰਚਨਾ ਦਾ ਨਿਭਾਅ ਸਮਾਜਕਤਾ ਵਾਲਾ ਹੈ। ਇਹ ਨਿਸਚੈ ਰੂਪ ਵਿੱਚ ਵਿਚਾਰਾਂ ਦੀ ਡੂੰਘੀ ਫ਼ਸਲ ਹੈ।

ਇੰਝ ਹੀ, ਡਾ: ਕੈਂਬੋ ਬਾਕੀ ਹੋਰ ਨਵੇਂ ਤੇ ਪੁਰਾਣੇ ਗ਼ਜ਼ਲਕਾਰਾਂ ਤੇ ਛੰਦ-ਬੱਧ ਕਵੀਆਂ: ਸਾਥੀ ਲੁਧਿਆਣਵੀ, ਗੁਰਸ਼ਰਨ ਸਿੰਘ ਅਜੀਬ, ਭੁਪਿੰਦਰ ਸੱਗੂ, ਅਜ਼ੀਮ ਸ਼ੇਖਰ, ਸੁਰਿੰਦਰ ਸੀਹਰਾ, ਸੰਤੋਖ ਭੁੱਲਰ, ਪ੍ਰਕਾਸ਼ ਸੋਹਲ ਸਬੰਧੀ ਵੀ ਬੜੀ ਸਾਰਥਕ ਵਿਚਾਰ ਪੇਸ਼ ਕਰਦਾ ਹੈ। ਸਾਥੀ ਲੁਧਿਆਣਵੀ ਨੇ ਵਾਰਤਕ ਲਿਖਣ ਦੇ ਨਾਲ ਨਾਲ ਕਾਵਿ-ਰਚਨਾ ਵੀ ਕੀਤੀ। ਸਾਥੀ ਦੀ ਕਾਵਿ-ਪੁਸਤਕ ‘ਪੱਥਰ’ ਦੇ ਅਧਿਐਨ ਉਪਰੰਤ ਡਾ: ਕੈਂਬੋ ਲਿਖਦਾ ਹੈ ਕਿ ਭਾਵੇਂ ਸਾਥੀ ਮਾਨਵਤਾ ਦਾ ਪੁਜਾਰੀ ਹੈ ਅਤੇ ਉਸ ਵਿੱਚ ਸਦਾਚਾਰਕ ਤੇ ਨੈਤਿਕ ਕਦਰਾਂ-ਕੀਮਤਾਂ ਪ੍ਰਤੀ ਡੂੰਘਾ ਮੋਹ ਹੈ ਪਰ ਜ਼ਿਆਦਾ ਸ਼ੇਅਰ ਇਸ਼ਕ ਬਾਰੇ ਹਨ। ਉਸਦੇ ਸ਼ੇਅਰਾਂ ਵਿੱਚ ਡੂੰਘਾਈ ਤੇ ਸੂਖਮਤਾ ਦੇ ਅੰਸ਼ ਹਨ। ਗੁਰਨਾਮ ਗਿੱਲ ਦੇ ‘ਕਾਵਿ ਸੁਹਜ’ ਦੇ ਚਿਤ੍ਰਣ ਦਾ ਜ਼ਿਕਰ ਕਰਦਿਆਂ ਲਿਖਦਾ ਹੈ ਕਿ ਉਸਦੀ ਗ਼ਜ਼ਲ ਵਿੱਚ ਜੀਵਨ ਦੀ ਤਪੱਸਿਆ ਦੀ ਝਲਕ ਪੈਂਦੀ ਹੈ। ਗੁਰਸ਼ਰਨ ਸਿੰਘ ਅਜੀਬ ਤਾਂ ਸੰਪੂਰਨ ਰੂਪ ਵਿੱਚ ਗ਼ਜ਼ਲ ਨੂੰ ਹੀ ਸਮਰਪਿਤ ਚਿਤੇਰਾ ਹੈ ਜਿਸਦੇ ਦੋ ਗ਼ਜ਼ਲ ਸੰਗ੍ਰਹਿ ਬਹੁਤ ਚਰਚਾ ਦਾ ਵਿਸ਼ਾ ਬਣੇ ਹਨ। ਆਲੋਚਕ ਨੇ ਦਰਸਾਇਆ ਹੈ ਕਿ ਗ਼ਜ਼ਲਕਾਰ ਅਜੀਬ ਨੇ ਜੀਵਨ ਸਾਹਮਣੇ ਆਈਆਂ ਸਾਰੀਆਂ ਹੀ ਅਸੰਗਤੀਆਂ ਨੂੰ ਘੋਖਿਆ, ਨਿਹਾਰਿਆ ਅਤੇ ਸੁੰਦਰ ਭਾਸ਼ਾ ਵਰਤਦਿਆਂ ਬਿੰਬਾਂ-ਅਲੰਕਾਰਾਂ ਦੀ ਵਰਤੋਂ ਕੀਤੀ। ਭੁਪਿੰਦਰ ਸੱਗੂ ਦੇ ਕਾਵਿ-ਚੇਤਨਾ ਦੇ ਸਫ਼ਰ ਦਾ ਜ਼ਿਕਰ ਕਰਦਿਆਂ ਡਾ: ਕੈਂਬੋ ਦਾ ਮੰਨਣਾ ਹੈ ਕਿ ਉਹ ਨਿਰੰਤਰਤਾ ਨਾਲ ਲਿਖਦਿਆਂ ਕਵੀ ਨਿਰੰਜਨ ਸਿੰਘ ਨੂਰ ਦੇ ਪੈਰ-ਚਿੰਨ੍ਹਾਂ ਦੀ ਪੈਰਵੀ ਕਰਦਿਆਂ ਸਭਿਅੱਕ ਤੇ ਸੁਚਾਰੂ ਸਮਾਜ ਰਚਣ ਦਾ ਇਛੁੱਕ, ਪ੍ਰਗਤੀਵਾਦੀ ਅਤੇ ਮਾਨਵ-ਵਾਦੀ ਭਾਵਨਾ ਰੱਖਦਾ ਹੈ। ‘ਨਕਾਰਾਤਮਕਤਾ ਵਿੱਚੋਂ ਸਕਾਰਾਤਮਕਤਾ’ ਪੈਦਾ ਕਰ ਲੈਣ ਵਾਲੇ ਕਵੀ ਅਜੀਮ ਸ਼ੇਖਰ ਨੂੰ ਆਲੋਚਕ ਨੇ ਕਵਿਤਾ ਦਾ ਕਲਾਕਾਰ ਕਵੀ ਦੱਸਿਆ ਹੈ ਜਿਸਨੇ ਜ਼ਿੰਦਗੀ ਦੇ ਅਨੇਕਾਂ ਪਹਿਲੂਆਂ ਬਾਰੇ ਲਿਖਦਿਆਂ ਨੈਤਿਕਤਾ ਦੀ ਪੈਰਵੀ ਕੀਤੀ। ਸੁਰਿੰਦਰ ਸੀਹਰਾ ਭਾਵੇਂ ਲਿਖਦਾ ਘੱਟ ਹੈ ਪਰ ਪੜ੍ਹਦਾ ਬੁਹਤ ਹੈ। ਇਸ ਲਈ ਜੋ ਵੀ ਲਿਖਦਾ ਹੈ ਗੰਭੀਰਤਾ ਨਾਲ ਲਿਖਦਾ ਹੈ। ਆਲੋਚਕ ਕੈਂਬੋ ਲਿਖਦਾ ਹੈ ਕਿ ਸੀਹਰੇ ਦੀ ਗ਼ਜ਼ਲ ਵਿੱਚ ਤਕਨੀਕ ਨਾਲੋਂ ਵਿਚਾਰਾਂ ਨੂੰ ਜ਼ਿਆਦਾ ਮਹੱਤਤਾ ਦਿੱਤੀ ਗਈ ਹੈ। ਸੰਤੋਖ ਸਿੰਘ ਭੁੱਲਰ ਦੀ ਗ਼ਜ਼ਲ ਵਿੱਚ ਪਿਆਰ ਭਾਵਨਾ ਦੀਆਂ ਕਈ ਪਰਤਾਂ ਹਨ ਅਤੇ ਉਸਦੇ ਸ਼ੇਅਰਾਂ ਵਿੱਚ ਵੀ ਮਨੁੱਖਤਾ ਦੀ ਭਲਾਈ ਲਈ ਨਿੱਗਰ ਲਗਨ ਪਾਈ ਜਾਂਦੀ ਹੈ। ਮਾਨਵ-ਵਾਦੀ ਭਾਵਨਾ ਦੇ ਪਾਰਖੂ ਪ੍ਰਕਾਸ਼ ਸਿੰਘ ਆਜ਼ਾਦ ਦੀ ਰਚਨਾ ਬਾਰੇ ਡਾ: ਕੈਂਬੋ ਲਿਖਦਾ ਹੈ ਕਿ ਉਹ ਅੰਤਰ-ਰਾਸ਼ਟਰੀ ਸਮੱਸਿਆਵਾਂ ਨੂੰ ਆਪਣੀ ਕਾਵਿ ਚੇਤਨਾ ਵਿੱਚ ਪੇਸ਼ ਕਰਦਿਆਂ, ਭਾਰਤ-ਰਾਸ਼ਟਰ ਤੇ ਉਸਦੀ ਧਾਰਮਕ ਨਿਰਪੱਖਤਾ ਨੂੰ ਲਲਕਾਰਦਿਆਂ ਤਿੱਖੀਆਂ ਚੋਭਾ ਲਾਉਂਦਾ ਹੈ। ਆਲੋਚਕ ਰਚਨਾ ਦੇ ਗੁਣ-ਔਗਣ ਬੜੀ ਸਿਆਣਪ ਨਾਲ ਭਾਂਪਣ ਵਿੱਚ ਵੀ ਸਫ਼ਲ ਰਹਿੰਦਾ ਹੈ।

ਡਾ: ਕੈਂਬੋ ਨੇ ਬਿਰਤਾਂਤਿਕ ਵਿਧਾ ਵਾਲੇ ਕਵੀ ਰਣਜੀਤ ਸਿੰਘ ਰਾਣਾ ਦੀ ਪੁਸਤਕ ‘ਸਾਡੇ ਸਮਿਆਂ ਦਾ ਪੰਜਾਬ’ ਸਬੰਧੀ ਅਧਿਐਨ ਉਪਰੰਤ ਲਿਖਿਆ ਹੈ ਕਿ ਕਵੀ ਰਾਣਾ ਪੰਜਾਬ ਦੇ ਸੱਤ ਹਜ਼ਾਰ ਸਾਲਾਂ ਦੇ ਇਤਿਹਾਸ ਵਿੱਚੋਂ ਗੁਜ਼ਰਦਾ, ਇਤਿਹਾਸਕ ਅੰਸ਼ਾਂ ਵਾਲੀ ਰਚਨਾ ਨੂੰ ਵਾਰਤਕ ਦੀ ਥਾਂ ਕਾਵਿ-ਰੂਪ ਵਿੱਚ ਢਾਲਣ ਵਿੱਚ ਸਫ਼ਲ ਰਿਹਾ ਹੈ। ਸੁਰਜੀਤ ਸਿੰਘ ਖਾਲਸਾ ਦੀ ਕਵਿਤਾ ਵਿੱਚ ਬਹੁਪੱਖੀ ਵਿਚਾਰਾਂ ਦਾ ਸਮਾਵੇਸ਼ ਹੋਇਆ ਹੈ ਪਰ ਕੇਂਦਰੀ ਧੁਰਾ ਪਿਆਰ ਹੈ ਅਤੇ ਬਾਇਜ਼ਤ ਜ਼ਿੰਦਗੀ ਪ੍ਰਤੀ ਪਹਿਰਾ ਦਿੰਦਾ ਹੈ। ਪ੍ਰਕਾਸ਼ ਸੋਹਲ ਦੀ ਕਵਿਤਾ ਬਾਰੇ ਡਾ: ਕੈਂਬੋ ਦਸਦਾ ਹੈ ਕਿ ਉਸ ਵਿੱਚ ਪਿਆਰ ਦਾ ਜਜ਼ਬਾ ਹੈ ਅਤੇ ਉਹ ਸਵੈ-ਸੰਵਾਦ ਰਚਾ ਕੇ ਪਾਠਕਾਂ ਨੂੰ ਹਲੂਣਨ ਦਾ ਯਤਨ ਕਰਦਾ ਹੈ। ਪਿਆਰ ਦੇ ਵਿਸ਼ੇ ਨੂੰ ਆਪਣੀ ਕਵਿਤਾ ਦਾ ਮਾਧਿਅਮ ਬਣਾਉਣ ਵਾਲਾ ਗੁਰਚਰਨ ਸੱਗੂ ਪੰਜਾਬੀ ਸਾਹਿਤ ਦਾ ਪ੍ਰਮਾਣਿਕ ਹਸਤਾਖ਼ਰ ਹੈ।  ਉਸਦੀ ਕਾਵਿ-ਪੁਸਤਕ ਦਾ ਨਾਮ ਹੀ ‘ਮੁਹੱਬਤ’ ਹੈ। ਉਸਨੇ ਆਪਣੀ ਕਵਿਤਾ ‘ਮੁਹੱਬਤ’ ਵਿੱਚ ਪਿਆਰ ਦੇ ਵਿਸ਼ਾਲ ਦਿੱਸ-ਹੱਦੇ ਦੀ ਨਕਾਸ਼ੀ ਕਰਦਿਆਂ ਇਸ ਵਿੱਚ ਮਾਂ ਦੀਆਂ ਲੋਰੀਆਂ, ਭੈਣ ਦੀ ਰੱਖੜੀ, ਬਾਪੂ ਦੇ ਸਿਰ ਦਾ ਪਿਆਰ ਆਦਿ ਭਾਵ ਬਹੁ-ਦਿਸ਼ਾਵਾਂ ਵਾਲੇ ਪਿਆਰ ਦਾ ਜ਼ਿਕਰ ਕੀਤਾ ਹੈ। ਗੁਰਚਰਨ ਸੱਗੂ ਅਮੀਰ ਕਲਪਨਾ ਦਾ ਮਾਲਕ ਹੈ ਤੇ ਉਸ ਪਾਸ ਭਾਵਾਂ ਦੀ ਸ਼ਿਦਤ ਹੈ 

ਡਾ: ਕੈਂਬੋ ਨੇ ਹਰ ਕਵੀ ਦੀ ਰਚਨਾ ਦੀ ਰੂਹ ਨੂੰ ਫੜਦਿਆਂ, ਜਿੱਥੇ ਹਰ ਰਚਨਾ ਦੀ ਸਮੁਚੀ ਸੁਰ ਦੀ ਨਿਸ਼ਾਨਦੇਹੀ ਕੀਤੀ ਹੈ ਉਸਦੇ ਨਾਲ ਹੀ ਮਨੁੱਖਤਾ ਦੇ ਵਸੀਹ ਅਤੇ ਸਥਾਨਕ ਖੇਤਰ ਵਿੱਚ ਆ ਰਹੀਆਂ ਲੋੜਾਂ-ਥੋੜਾਂ ਸਬੰਧੀ, ਕਿਵੇਂ ਭੁੱਗਤਦਾ ਹੈ ਉਸਦਾ ਵੀ ਚੰਗਾ ਵਿਵਰਨ ਦਿੱਤਾ ਹੈ। ਸਮਕਾਲੀ ਪਰਿਸਥਿਤਿਆਂ ਤੇ ਘਟਨਾਵਾਂ ਨੂੰ ਪਿੱਠਭੂਮੀ ਵਜੋਂ ਚਿਤਰਦਿਆਂ, ਨਸਲਵਾਦ, ਪਰਵਾਰਕ ਭੰਨ ਤੋੜ, ਪੀੜ੍ਹੀ ਪਾੜੇ, ਧਾਰਮਕ ਸੌੜੇਪਨ, ਦੇਸ-ਪ੍ਰਦੇਸ ਦੀ ਸਮਾਜਕ ਲੁੱਟ-ਖਸੁੱਟ, ਫਿਰਕਾ-ਪ੍ਰਸਤੀ ਅਤੇ ਹੋਰ ਅ-ਮਨੁੱਖੀ ਕਾਰਜਾਂ ਦੀ ਨਿਖੇਧੀ ਵੀ ਕੀਤੀ ਹੈ। ਕੀ ਨਵੇਂ ਤੇ ਕੀ ਪੁਰਾਣੇ, ਹਰ ਕਵੀ ਦੀ ਦੇਣ ਨੂੰ ਆਲੋਚਕ ਨੇ ਉਸੇ ਹੀ ਸੰਦਰਭ ਵਿੱਚ ਵਿਚਾਰਿਆ ਜਿਸ ਪਿੱਠਭੂਮੀ ਵਿੱਚ ਰਚਨਾ ਦੀ ਉਸਾਰੀ ਹੋਈ ਅਤੇ ਆਪਣੀ ਕਲਮ ਵਿੱਚ ਰਵਾਨੀ ਰੱਖਦਿਆਂ ਉਹ ਸਿਰਜਣਾਤਮਕ ਤੇ ਸੁਆਦਲੇ ਢੰਗ ਨਾਲ ਆਪਣੇ ਵਿਚਾਰ ਸਾਂਝੇ ਕਰਨ ਵਿੱਚ ਸਫਲ ਹੋਇਆਹੈ। 

ਮਾਰਕਸਵਾਦੀ ਸਿਧਾਂਤ ਦਾ ਆਸਰਾ ਲੈਣ ਵਾਲੇ ਗੁਰਨਾਮ ਢਿੱਲੋਂ ਦੀ ਸੰਘਰਸ਼-ਸ਼ੀਲਤਾ ਦਾ ਜ਼ਿਕਰ ਕਰਦਿਆਂ ਡਾ: ਕੈਂਬੋ ਨੇ ਦਰਸਾਇਆ ਹੈ ਕਿ ਕਵੀ ਦੀ ਰਚਨਾ ਵਿੱਚ ਬਹੁਪਖੀ ਪ੍ਰਗਤੀਸ਼ੀਲ ਅੰਸ਼ਾਂ ਦੀ ਭਰਮਾਰ ਵੇਖੀ ਜਾ ਸਕਦੀ ਹੈ। ਕਵੀ ਕਿਰਤੀ ਪ੍ਰਤੀ ਜਾਗਰੂਕ ਹੈ ਅਤੇ ਕਿਰਤੀ ਨੂੰ ਆਸ਼ਵਾਦੀ ਵੇਖਣ ਦਾ ਇਛੁੱਕ ਹੈ। ਅਹਿਸਾਸਾਂ ਦੀ ਡੂੰਘਾਈ ਨਾਲ ਲਬਰੇਜ਼ ਕਵੀ ਢਿੱਲੋਂ ਚਿੰਤਨਸ਼ੀਲ ਹੈ। ਕਿਰਤੀ ਸ਼੍ਰੇਣੀ ਦੇ ਘੋਲ ਵਿੱਚ ਉਸਨੇ ਆਪਣਾ ਆਪਾ ਲਾਉਣ ਵਿੱਚ ਕੋਈ ਕਸਰ ਨਹੀਂ ਛੱਡੀ। ਉਸਦੀ ਕਵਿਤਾ ਵਿੱਚ ਕੁਝ ਬੌਧਿਕ ਅੰਸ਼ ‘ਭਾਰੂ’ ਹਨ ਇਸ ਲਈ ਉਸਨੂੰ ਆਪਣੀ ਕਵਿਤਾ ਨੂੰ ਰਸਦਾਇਕ ਬਣਾਉਣ ਲਈ ਚੇਤੰਨ ਹੋਣ ਦੀ ਲੋੜ ਹੈ।

ਇੰਝ ਹੀ ਅਗ੍ਹਾਂਵਧੂ, ਪ੍ਰਤੀਬੱਧ ਸ਼ਾਇਰ ਤੇ ਸ਼ਾਇਸਤਗੀ ਦੇ ਮੁਜੱਸਮੇ ਮੁਸ਼ਤਾਕ ਸਿੰਘ ਦਾ ਜ਼ਿਕਰ ਕਰਦਿਆਂ ਲਿਖਿਆ ਹੈ ਕਿ ਸ਼ਾਇਰ ਮੁਸ਼ਤਾਕ ਸਿੰਘ ਇਹ ਮੰਨਕੇ ਚਲਦਾ ਹੈ ਕਿ ਸਾਹਿਤ ਵਿੱਚ ਵਿਚਾਰਧਾਰਾ ਗੌਣ ਰਹਿਣੀ ਚਾਹੀਦੀ ਹੈ। ਉਸਨੇ ਆਪਣੀ ਸੁਰ ਧੀਮੀ ਰੱਖੀ ਅਤੇ ਉਸ ਦੇ ਲਹਿਜੇ ਵਿੱਚ ਸਹਿਜਤਾ ਦਾ ਵਾਸਾ ਹੈ। ਕਵੀ ਦੀਆਂ ਪੇਸ਼ ਕੀਤੀਆਂ ਕਾਵਿਕ ਤਸਵੀਰਾਂ ਪਾਠਕਾਂ ਦੇ ਹਿਰਦਿਆਂ ਵਿੱਚ ਮਿੱਠੀ ਚਾਸ਼ਣੀ ਭਰ ਦਿੰਦੀਆਂ ਹਨ। ਦਰਸ਼ਨ ਬੁਲੰਦਵੀ ਦੀ ਰਚਨਾ ਦਾ ਪਠਨ ਕਰਨ ਉਪਰੰਤ ਆਲੋਚਕ ਨੇ ਸਪਸ਼ਟ ਕੀਤਾ ਕਿ ਉਸਦੀਆਂ ਪ੍ਰਮੁੱਖ ਕਵਿਤਾਵਾਂ ਪਰਵਾਸੀ ਪਰਿਸਥਿਤੀਆਂ ਨਾਲ ਜੂਝਦੀਆਂ ਹਨ ਪਰ ਉਸਨੇ ਆਪਣੀ ਕਵਿਤਾ ਵਿੱਚ ਪ੍ਰਗਤੀਵਾਦੀ, ਆਸ਼ਾਵਾਦੀ ਤੇ ਭਰਮ ਨਿਵਾਰਕ ਸੋਚ ਨੂੰ ਵੀ ਟੁੰਬਿਆ ਹੈ। ਮਾਰਕਸਵਾਦੀ ਵਿਚਾਰਧਾਰਾ ਨਾਲ ਜੁੜੇ ਕਵੀ ਸੰਤੋਖ ਸਿੰਘ ਸੰਤੋਖ ਬਾਰੇ ਆਪਣੇ ਪ੍ਰਭਾਵ ਦਿੰਦਿਆਂ ਲਿਖਦਾ ਹੈ ਕਿ ਉਹ ਸਮੇਂ ਦੇ ਹਾਣ ਦੀਆਂ ਕਵਿਤਾਵਾਂ ਰਚਦਾ ਹੈ ਅਤੇ ਮੂਲ ਰੁਝਾਨ ਉਸਦਾ ਸਮਕਾਲੀ ਹਾਲਤਾਂ ਨੂੰ ਹੀ ਆਪਣੀ ਪਕੜ ਵਿੱਚ ਲੈਣਾ ਹੈ। ਜੀਵਨ ਦੇ ਵਿਕਾਸ ਦਾ ਇਛੁੱਕ ਹੋਣ ਕਾਰਨ ਉਹ ਅਵਿਗਿਆਨਿਕ ਗੱਲਾਂ ਵਿੱਚ ਵਿਸ਼ਵਾਸ਼ ਨਹੀਂ ਰੱਖਦਾ।  ਅਵਤਾਰ ਜੰਡਿਆਲਵੀ ਦੀ ਕਵਿਤਾ ਭਾਵੁਕਤਾ ਪ੍ਰਧਾਨ ਹੈ। ਉਸ ਨੇ ਖੁੱਭ੍ਹ ਕੇ ਲਿਖਿਆ। ਉਹ ਆਪਣੀ ਬੌਧਿਕਤਾ ਤੇ ਅਨੁਭੱਵ ਦੇ ਆਸਰੇ ਜਦੋਂ ਪੂਰੀ ਤਰ੍ਹਾਂ ਸੰਤੁਸ਼ਟ ਹੁੰਦਾ ਹੈ ਤਾਂ ਹੀ ਭਾਵਾਂ ਦੇ ਸੰਸਾਰ ਵਿੱਚ ਪ੍ਰਵੇਸ਼ ਕਰਦਾ ਹੈ। ਇਹੋ ਹੀ ਕਾਰਣ ਹੈ ਕਿ ਉਸਦੀ ਕਵਿਤਾ ਪਾਠਕਾਂ ਨੂੰ ਕੀਲਣ, ਝੰਜੋੜਨ ਤੇ ਹਿਰਦਿਆਂ ਨੂੰ ਹਿਲੂਣਨ ਦੀ ਸ਼ਕਤੀ ਰੱਖਦੀ ਹੈ।

ਨਵੀਨ ਕਵਿਤਾ ਲਿਖਣ ਵਾਲਿਆਂ ਵਿੱਚ ਬਲਵਿੰਦਰ ਮਥਾਰੂ, ਸੁਰਿੰਦਰ ਸੀਹਰਾ, ਵਰਿੰਦਰ ਪਰਿਹਾਰ ਅਤੇ ਵੀਨਾ ਵਰਮਾ ਨਿਵੇਕਲੀ ਦ੍ਰਿਸ਼ਟੀ ਵਾਲੇ ਕਾਵਿ ਰਚਨਹਾਰੇ ਹਨ। ਸੁਰਿੰਦਰ ਸਹਿਰਾ ਦਾ ਜ਼ਿਕਰ ਉਪਰ ਹੋ ਚੁੱਕਿਆ ਹੈ। ਬਲਵਿੰਦਰ ਮਥਾਰੂ ਦੀ ਸਮੁੱਚੀ ਕਵਿਤਾ ਸਬੰਧੀ ਵਿਚਾਰ ਕਰਦਿਆਂ ਡਾ: ਕੈਂਬੋ ਸਹੀ ਲਿਖਦਾ ਹੈ ਕਿ ਮਥਾਰੂ ਸੂਖਮ ਤੇ ਕੋਮਲ ਅਹਿਸਾਸਾਂ ਵਾਲਾ ਕਵੀ ਹੈ। ਉਹ ਕਿਸੇ ਵੀ ਵਿਚਾਰ ਤੇ ਕਟੱੜਤਾ ਨਾਲ ਪਹਿਰਾ ਨਹੀਂ ਦਿੰਦਾ ਸਗੋਂ ਜਦੋਂ ਉਸਦਾ ਮਨ ਕਿਸੇ ਵਿਚਾਰ ਪ੍ਰਤੀ ਪ੍ਰਸ਼ਨ ਖੜੇ ਕਰਦਾ ਹੈ ਤਾਂ ਉਹ ਆਪਣੇ ਵਿਸ਼ਵਾਸ਼ ਵਿੱਚ ਸੋਧ ਕਰਦਾ ਹੈ। ਵਰਿੰਦਰ ਪਰਿਹਾਰ ਦੇ ਕਾਵਿ-ਅਧਿਐਨ ਉਪਰੰਤ ਆਲੋਚਕ ਨੇ ਉਸਨੂੰ ਬੌਧਿਕ ਚੇਤਨਾ ਦਾ ਸ਼ਾਇਰ ਦਰਸਾਇਆ ਹੈ। ਉਸਨੇ ਪੰਜਾਬੀ ਸਾਹਿਤ ਵਿੱਚ ਸਥਾਪਤੀ ਸਥਾਨ ਰੱਖਦੀਆਂ ਪਰਿਵਿਰਤੀਆਂ ਤੋਂ ਵੱਖਰੇ ਢੰਗ ਨਾਲ ਆਧੁਨਿਕ ਕਵਿਤਾ ਲਿਖੀ ਜੋ ਰੂਪ ਪੱਖੋਂ ਛੰਦ-ਬੱਧ ਜਾਂ ਪ੍ਰਗੀਤਕ ਨਾ ਹੋਣ ਦੇ ਬਾਵਜ਼ੂਦ ਬੌਧਿਕ ਹੁੰਦਿਆਂ ਵੀ ਦਿੱਲ-ਦਿਮਾਗ ਨੂੰ ਟੁੰਬਦੀ ਹੈ, ਝੰਜੋੜਦੀ ਹੈ। ਉਸਦੀ ਕਾਵਿ-ਰਚਨਾ ‘ਕੁਦਰਤ’ ਨੂੰ ਪੜ੍ਹਦਿਆਂ ਕੁਦਰਤ ਦੇ ਬੇਅੰਤ ਪਾਸਾਰਿਆਂ ਦਾ ਗਿਆਨ ਹੁੰਦਾ ਹੈ। ਦਰਅਸਲ, ਪਰਿਹਾਰ ਨੇ ਕੁਦਰਤ ਦਾ ਐਸਾ ਵਿਸ਼ਾ ਲਿਆ ਹੈ ਜੋ ਬਹੁਤ ਹੀ ਵਿਆਪਕਤਾ ਵਾਲਾ ਹੈ। ਉਸਦੀ ਸਮੁੱਚੀ ਰਚਨਾ ਗੰਭੀਰਤਾ ਨਾਲ ਪੜ੍ਹਨ ਦੀ ਮੰਗ ਰੱਖਦੀ ਹੈ। ਡਾ: ਕੈਂਬੋ ਨੇ ਆਪਣੀ ਵਿਚਾਰ ਦਾ ਕੇਂਦਰ ਬਰਤਾਨੀਆ ਦੀ ਇੱਕ ਸਿਰਕੱਢ ਕਹਾਣੀਕਾਰ ਵੀਨਾ ਵਰਮਾ ਨੂੰ ਵੀ ਚੁਣਿਆ ਜੋ ਕਵਿਤਾ ਵੀ ਲਿਖਦੀ ਹੈ।  ਕਵਿਤਰੀ ਨੇ ਨਿਸ਼ੰਗ ਹੋ ਕੇ ਬੜੀ ਸਫਲਤਾ ਨਾਲ ਇਸਤਰੀ ਦੀ ਹੋਂਦ ਤੇ ਸਥਾਪਤੀ ਦੇ ਸੰਘਰਸ਼ ਨੂੰ, ਖੁਲ੍ਹੀ-ਡੁਲ੍ਹੀ ਭਾਸ਼ਾ ਦੀ ਵਰਤੋਂ ਕਰਦਿਆਂ ਛੰਦ-ਬੱਧ ਰੱਖਦਿਆਂ ਕੋਮਲ ਸ਼ਬਦਾਂ ਦੀ ਵਰਤੋਂ ਕੀਤੀ। ਨਸਲੀ ਭੇਦ-ਭਾਵ, ਕਰਮ-ਕਾਂਡਾਂ, ਧਾਰਮਕ ਅੰਧ-ਵਿਸ਼ਵਾਸ਼ਾਂ ਅਤੇ ਰੂੜੀਵਾਦੀ ਕੀਮਤਾਂ ਪ੍ਰਤੀ ਚੇਤੰਨਤਾ ਵਿਖਾਈ।    

ਪੁਸਤਕ ਵਿੱਚ ਦਰਜ ਸਾਰੇ ਹੀ ਕਵੀਆਂ ਦੀਆਂ ਰਚਨਾਵਾਂ ਸਬੰਧੀ ਨਿਸ਼ਕਰਸ਼ ਦੇਣੇ ਤੇ ਟੂਕਾਂ ਦੇਕੇ ਵਿਚਾਰ ਨੂੰ ਅਗੇ ਵਧਾਉਣ ਲਈ ਕੁਝ ਹੋਰ ਕਹਿਣਾ ਦਰੁਸਤ ਨਹੀਂ ਰਹੇਗਾ। ਕਿਉਂਕਿ ਇਹ ਸਾਰੇ ਹੀ ਕਵੀਆਂ ਸਬੰਧੀ ਵਿਚਾਰ ਪੜ੍ਹਨ-ਮਾਨਣ ਦੀ ਗੱਲ ਹੈ। ਪਰ ਇਹ ਗੱਲ ਸਪਸ਼ਟ ਕਰ ਦੇਣੀ ਬਣਦੀ ਹੈ ਕਿ ਪੁਸਤਕ ਵਿੱਚ ਦਰਜ ਹਰ ਕਵੀ ਆਪਣੀ ਆਪਣੀ ਵਿਸ਼ੇਸ਼ਤਾ ਰੱਖਦਾ ਹੈ। ਸਾਰੇ ਹੀ ਕਵੀ ਬਹੁਤ ਮਹੱਤਵਪੂਰਨ ਹਨ ਅਤੇ ਉਹਨਾਂ ਨੇ ਪੰਜਾਬੀ ਸਾਹਿਤ ਨੂੰ ਆਪਣੀਆਂ ਰਚਨਾਵਾਂ ਨਾਲ ਮਾਲੋ-ਮਾਲ ਕੀਤਾ। 

 ਸਾਹਿਤ ਵਿੱਚ ਸਿਰਜਣਾ ਦੇ ਨਾਲ ਨਾਲ ਆਲੋਚਨਾ ਜਾਂ ਸਮਾਲੋਚਨਾ ਦਾ ਵੀ ਬਰਾਬਰ ਦਾ ਹੀ ਮਹੱਤਵ-ਪੂਰਨ ਯੋਗਦਾਨ ਹੈ। ਇਹ ਦਰੁਸਤ ਹੈ ਕਿ ਆਲੋਚਨਾ ਤਰਕ ਦਾ ਵਿਸ਼ਾ ਹੈ ਅਤੇ ਇਸ ਵਿੱਚ ਭਾਵਾਂ ਦੀ ਥਾਂ ਦਲੀਲ ਹੀ ਪਰਧਾਨ ਹੁੰਦੀ ਹੈ। ਪਰ ਇਸਦੇ ਨਾਲ ਹੀ ਇੱਕ ਆਲੋਚਕ, ਲੇਖਕ-ਕਵੀ ਦੀ ਰਚਨਾ ਅਤੇ ਰਚਨਾ-ਜਗਤ ਦੇ ਸਰੋਤਾਂ ਸਮੇਤ ਚੁਣੇ ਗਏ ਵਿਸ਼ਿਆਂ ਦੀ ਪੂਰੀ ਜਾਣਕਾਰੀ ਪਰਾਪਤ ਕਰਨ ਉਪਰੰਤ ਡੂੰਘੀ ਵਿਚਾਰ ਨਾਲ ‘ਰਚਨਾ’ ਦੀ ਸਹੀ ਚੀਰ-ਫਾੜ ਕਰਦਿਆਂ ਰਚਨਾ ਸਬੰਧੀ ਸਿੱਟਿਆਂ ਤੇ ਪੁੱਜਦਾ ਹੈ। ਇਸ ਨਵੀਂ   ਆਲੋਚਨਾ ਦੀ ਪੁਸਤਕ ਅਤੇ ਇਸਤੋਂ ਪਹਿਲੀਆਂ ਦੋਵੇਂ ਪ੍ਰਕਾਸ਼ਿਤ ਆਲੋਚਨਾ ਦੀਆਂ ਪੁਸਤਕਾਂ ਦੇ ਅਧਿਐਨ ਤੋਂ ਸਾਬਤ ਹੁੰਦਾ ਹੈ ਕਿ ਡਾ: ਕੈਂਬੋ ਪਾਸ ਉਤੱਮ ਆਲੋਚਕ ਹੋਣ ਵਾਸਤੇ ਲੋੜੀਂਦੇ ਸਾਰੇ ਹੀ ਗੁਣ ਮੌਜੂਦ ਹਨ। ਉਹ ਵਿਦਵਾਨ ਹੈ, ਸੁਹਿਰਦ ਹੈ, ਮਿਹਨਤੀ ਹੈ ਅਤੇ ਸੰਜਮੀ ਵੀ। ਸਮੀਖਿਆ ਕਰਦਿਆਂ ਉਹ ਪੱਖਪਾਤੀ ਨਹੀਂ ਹੁੰਦਾ ਅਤੇ ਨਾ ਹੀ ਕਿਸੇ ਇੱਕ ਸਿਧਾਤਕ ਦ੍ਰਿਸ਼ਟੀਕੋਣ ਨਾਲ ਬੱਝ੍ਹਦਾ ਹੈ। ਸਗੋਂ ਹਰ ਕਵੀ ਦੀ ਰਚਨਾ ਨੂੰ ‘ਸਾਹਿਤ ਅਧਿਐਨ’ ਦੇ ਰੂਪ ਵਿੱਚ ਲੈਂਦਿਆਂ ਬੜੇ ਹੀ ਠਰੰਮੇ ਨਾਲ ਸਿਰਜਣਾਤਮਿਕ ਤੇ ਸਰਲ ਸਮਝ ਆ ਸਕਣ ਵਾਲੀ ਸ਼ਬਦਾਵਲੀ ਵਿੱਚ ਰਚਨਾ ਦੀ ਚੀਰ ਫਾੜ ਕਰਦਿਆਂ ਆਪਣੇ ਸਿੱਟੇ ਕੱਢਦਾ ਹੈ। ਗੱਲ ਸਰਸਰੀ ਜਿਹੀ ਨਹੀਂ ਕਰਦਾ ਸਗੋਂ ਬਰਤਾਨਵੀ ਪੰਜਾਬੀ ਸਾਹਿਤ ਦੀ ਪਿੱਠ-ਭੂਮੀ ਤੇ ਕੰਮ ਕਰ ਰਹੇ ਸਾਰੇ ਹੀ ਲੋੜੀਂਦੇ ਸਰੋਕਾਰਾਂ ਤੇ ਸੰਦਰਭਾਂ ਜਿਵੇਂ ਕਿ ਇਤਿਹਾਸਕ, ਧਾਰਮਕ, ਸਮਾਜਕ, ਸਭਿਆਚਾਰਕ, ਰਾਜਨੀਤਕ ਅਤੇ ਆਰਥਿਕ ਸਥਿਤੀ ਨੂੰ ਪੜਤਾਲਦਾ ਹੈ। ਉਹ ਉਲਾਰ ਨਹੀਂ ਹੁੰਦਾ ਸਗੋਂ ਸਮੀਖਿਆ ਦੇ ਉਪਯੁਕਤ ਯੋਗਤਾ ਅਤੇ ਆਲੋਚਨਾਤਮਕ ਵਿਵੇਕ ਦੀ ਸ਼ਾਹਦੀ ਭਰਦਿਆਂ ਬਹੁਤ ਹੀ ਸੰਤੁਲਿਤ ਅਤੇ ਵਿਗਿਆਨਕ ਕਿਸਮ ਦੀ ਆਲੋਚਨਾ ਦੇ ਰਿਹਾ ਹੈ।       

ਡਾ: ਪ੍ਰੀਤਮ ਸਿੰਘ ਕੈਂਬੋ ਦੀ ਨਵੀਂ ਪੁਸਤਕ ‘ਬਰਤਾਨਵੀ ਪੰਜਾਬੀ ਕਵਿਤਾ (ਅਧਿਐਨ ਤੇ ਮੁਲਾਂਕਣ)’ ਦਾ ਨਿੱਘਾ ਸੁਆਗਤ ਹੈ। ਇਹ ਪੁਸਤਕ ਕੇਵਲ ਬਰਤਾਨਵੀ ਪੰਜਾਬੀ ਸਾਹਿਤ ਲਈ ਹੀ ਨਹੀਂ ਸਗੋਂ ਸਮੁੱਚੇ ਪੰਜਾਬੀ ਸਾਹਿਤ ਵਿੱਚ ਇਕ ਨਿੱਗਰ ਇਤਿਹਾਸਕ ਵਾਧਾ ਹੈ। ਪੂਰਨ ਆਸ਼ਾ ਹੈ ਕਿ ਸਾਹਿਤ ਖੋਜਾਰਥੀਆਂ, ਲਿਖਾਰੀਆਂ ਅਤੇ ਪੰਜਾਬੀ ਪਾਠਕਾਂ ਲਈ ਇਹ ਪੁਸਤਕ ਲਾਹੇਵੰਦੀ ਸਾਬਤ ਹੋਵੇਗੀ।

**

About the author

ਗੁਰਦਿਆਲ ਸਿੰਘ ਰਾਏ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ