7 March 2026

ਕਿਸ ’ਤੇ ਮਾਣ ਕਰਾਂ — ਗੁਰਸ਼ਰਨ ਸਿੰਘ ਕੁਮਾਰ

ਗੱਲ ਬਹੁਤ ਪੁਰਾਣੀ ਹੈ ਅੰਮ੍ਰਿਤਸਰ ਦੇ ਸ਼ਰੀਫ਼ਪੁਰਾ ਮੁਹੱਲੇ ਵਿਚ ਰਾਮਸ਼ਰਨ ਦਾ ਧੋਬੀਆਂ ਦਾ ਪਰਿਵਾਰ ਰਹਿੰਦਾ ਸੀ। ਇਹ ਤਿੰਨ ਜੀਆਂ ਦਾ ਛੋਟਾ ਜਿਹਾ ਪਰਿਵਾਰ ਸੀ। ਰਾਮਸ਼ਰਨ, ਉਸ ਦੀ ਪਤਨੀ ਰਾਮ ਰੱਖੀ ਅਤੇ ਉਨ੍ਹਾਂ ਦੀ ਇਕੋ ਇਕ ਬੇਟੀ ਲੱਛੋ। ਸਧਾਰਨ ਪਰਿਵਾਰ ਸੀ। ਕੰਮ ਚੰਗਾ ਚੱਲਦਾ ਸੀ। ਪੈਸੇ ਦੀ ਕੋਈ ਕਮੀ ਨਹੀਂ ਸੀ। ਪਰਿਵਾਰ ਦਾ ਗੁਜ਼ਾਰਾ ਸੋਹਣਾ ਚੱਲਦਾ ਸੀ। ਕਾਫ਼ੀ ਕੱਪੜੇ ਧੋਣ ਅਤੇ ਪ੍ਰੈਸ ਕਰਨ ਲਈ ਆ ਜਾਂਦੇ ਸਨ। ਉਨ੍ਹਾਂ ਕੋਲ ਇਕ ਗਧਾ ਸੀ ਜੋ ਬਹੁਤ ਸਮਝਦਾਰ ਸੀ। ਉਹ ਕੱਪੜ ਲਦਾ ਕੇ ਘਰੋਂ ਧੋਬੀ ਘਾਟ ਅਤੇ ਧੋਬੀ ਘਾਟ ਤੋਂ ਘਰ ਤੱਕ ਇਕੱਲਾ੍ਹ ਹੀ ਲੈ ਜਾਂਦਾ ਸੀ। ਰਾਮਸ਼ਰਨ ਨੇ ਇਕ ਟਾਈਗਰ ਨਾਮ ਦਾ ਕੁੱਤਾ ਵੀ ਪਾਲਿਆ ਹੋਇਆ ਸੀ ਜੋ ਰਾਖੀ ਲਈ ਹਮੇਸ਼ਾਂ ਗਧੇ ਦੇ ਨਾਲ ਨਾਲ ਹੀ ਜਾਂਦਾ ਸੀ। ਇਸ ਤਰ੍ਹਾਂ ਕੱਪੜਿਆਂ ਦੀ ਚੋਰੀ ਚਕਾਰੀ ਦਾ ਕੋਈ ਡਰ ਨਹੀਂ ਸੀ। ਧੋਤੇ ਹੋਏ ਸੁੱਕੇ ਕੱੱਪੜੇ ਜਦ ਘਰ ਆਉਂਦੇ ਤਾਂ ਰਾਮ ਰੱਖੀ ਉਨ੍ਹਾਂ ਤੇ ਸੋਹਣੀ ਤਰ੍ਹਾਂ ਪ੍ਰੈਸ ਮਾਰ ਕੇ ਤਿਆਰ ਕਰ ਦਿੰਦੀ। ਇਸ ਤਰ੍ਹਾਂ ਉਨ੍ਹਾਂ ਦਾ ਸਾਰਾ ਕੰਮ ਵੰਡਿਆ ਹੋਇਆ ਸੀ। ਪਰਿਵਾਰ ਦੀ ਸਹਿਜ ਭਰੀ ਜ਼ਿੰਦਗੀ ਸੋਹਣੀ ਤਰ੍ਹਾਂ ਚੱਲ ਰਹੀ ਸੀ।

ਆਜਾਦੀ ਮਿਲਨ ਤੋਂ ਬਾਅਦ ਪਾਕਿਸਤਾਨ ਤੋਂ ਆਏ ਭਾਪੇ ਅਤੇ ਰਾਮਗੜੀਏ ਆਪਣਾ ਹੁਨਰ ਵੀ ਨਾਲ ਲੈ ਕੇ ਆਏ ਸਨ। ਉਹ ਬੜੇ ਹਿੰਮਤੀ ਸਨ। ਉਨ੍ਹਾਂ ਨੇ ਇੱਥੇ ਵੱਸਣ ਲਈ ਅਤੇ ਅਪਣੀ ਰੋਟੀ ਰੋਜ਼ੀ ਲਈ ਆਪਣੇ ਪੈਰ ਜਮਾਣੇ ਹੀ ਸਨ। ਪੰਜਾਬ ਵਿਚ ਨਵੀਂਆਂ ਕਾਢਾਂ ਕੱਢੀਆਂ ਜਾਣ ਲੱਗੀਆਂ ਅਤੇ ਨਵੀਆਂ ਮਸ਼ੀਨਾਂ ਲੱਗਣ ਲੱਗੀਆਂ। ਇਥੋਂ ਦੇ ਉਦਯੋਗ ਨੂੰ ਹੁਲਾਰਾ ਮਿਲਿਆ। ਹੱਥ ਦੇ ਕਰਨ ਵਾਲੇ ਕੰਮ ਮਸ਼ੀਨਾਂ ਨਾਲ ਕੀਤੇ ਜਾਣ ਲੱਗੇ। ਮਸ਼ੀਨਾਂ ਨਾਲ ਬਹੁਤਾ ਕੰਮ ਥੋੜ੍ਹੇ ਸਮੇਂ ਵਿਚ ਸਸਤੇ ਮੁੱਲ ਵਿਚ ਹੋਣ ਲੱਗਾ। ਮਸ਼ੀਨਾਂ ਦੇ ਕੰਮ ਦੀ ਸਫਾਈ ਵੀ ਬਹੁਤ ਸੀ। ਗੱਡੀਆਂ ਨਾਲ ਢੋਆ ਢੁਆਈ ਬਹੁਤ ਸਸਤੀ ਪੈਂਦੀ ਸੀ। ਇਸ ਨਾਲ ਲੋਕਲ ਲੋਕਾਂ ਦਾ ਰੁਜ਼ਗਾਰ ਘੱਟਣ ਲੱਗਾ। ਰਾਮਸ਼ਰਨ ਦਾ ਕੰਮ ਵੀ ਕਾਫੀ ਘੱਟ ਗਿਆ। ਉਸ ਦੀ ਆਰਥਿਕ ਹਾਲਾਤ ਪਤਲੀ ਹੋਣ ਲੱਗੀ। ਇਸ ਲਈ ਗਧੇ ਨੂੰ ਵੇਚਣਾ ਪਿਆ। ਕੁੱਤਾ ਵੀ 15 ਸਾਲ ਦੀ ਆਪਣੀ ਉਮਰ ਭੋਗ ਕੇ ਇਸ ਜਹਾਨੋਂ ਤੁਰ ਗਿਆ।

ਲੋਕਾਂ ਨੇ ਬਿਜਲੀ ਨਾਲ ਚੱਲਣ ਵਾਲੀਆਂ ਵਾਸ਼ਿੰਗ ਮਸ਼ੀਨਾਂ ਘਰ ਲੈ ਆਂਦੀਆਂ ਅਤੇ ਘਰਾਂ ਵਿਚ ਹੀ ਕੱਪੜੇ ਧੋਣੇ ਤੇ ਪ੍ਰੈਸ ਕੀਤੇ ਜਾਣ ਲੱਗੇ। ਦੂਜਾ ਬਿਹਾਰ ਅਤੇ ਯੂ.ਪੀ. ਤੋਂ ਕਈ ਭਈਏ ਇੱਧਰ ਆ ਗਏ ਉਨ੍ਹਾਂ ਨੇ ਹਰ ਮੁਹੱਲੇ ਵਿਚ ਮੇਜ਼ ਡਾਹ ਕੇ ਕੱਪੜੇ ਪ੍ਰੈੇਸ ਕਰਨੇ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ। ਧੋਬੀਆਂ ਦਾ ਕੰਮ ਖਤਮ ਹੋ ਕਿ ਰਹਿ ਗਿਆ। ਇਸ ਔਖੀ ਘੜੀ ਸਰਕਾਰ ਨੇ ਵੀ ਉਨ੍ਹਾਂ ਦੀ ਬਾਂਹ ਨਾ ਫੜੀ। ਧੋਬੀਆਂ ਨੂੰ ਆਪਾਣਾ ਜੱਦੀ ਕੰਮ ਛੱਡ ਕੇ ਕਾਰਖਾਨਿਆਂ ਵਿਚ ਮਜ਼ਦੂਰੀ ਕਰਨੀ ਸ਼ੁਰੂ ਕਰ ਦਿੱਤਾ। ਸ਼ਹਿਰਾਂ ਵਿਚ ਕੇਵਲ ਵੱਡੀਆਂ ਮਸ਼ੀਨਾਂ ਵਾਲੇ ਧੋਬੀ ਹੀ ਬਚੇ ਜਿੰਨ੍ਹਾਂ ਕੋਲ ਹਸਪਤਾਲਾਂ, ਧਾਰਮਿਕ ਸਥਾਨਾਂ ਅਤੇ ਹੋਰ ਵੱਡੇ ਅਦਾਰਿਆਂ ਦਾ ਕੰਮ ਸੀ। ਰਾਮਸ਼ਰਨ ਨੂੰ ਵੀ ਹੁਣ ਰੋਟੀ ਦੇ ਲਾਲੇ ਪੈ ਗਏ। ਉਹ ਆਪਣੇ ਬੁੱਢੇ ਸਰੀਰ ਦੇ ਬਲ ਤੇ ਹੀ ਥੋੜ੍ਹਾ ਬਹੁਤਾ ਕੰਮ ਕਰ ਰਿਹਾ ਸੀ। ਉਹ ਕਾਫ਼ੀ ਕਮਜ਼ੋਰ ਹੋ ਗਿਆ ਸੀ। ਉਸ ਦੀ ਧੀ ਜੁਆਨ ਹੋ ਰਹੀ ਸੀ ਜਿਸ ਦੇ ਵਿਆਹ ਦੀ ਚਿੰਤਾ ਉਸ ਨੂੰ ਅੰਦਰੋਂ ਅੰਦਰ ਖਾਈ ਜਾ ਰਹੀ ਸੀ। ਲੱਛੋ ਦੇ ਦਾਜ ਲਈ ਉਸ ਕੋਲ ਧਨ ਨਹੀਂ ਸੀ ਤੇ ਦਾਜ ਤੋਂ ਬਿਨਾ ਕਿਸੇ ਮੁੰਡੇ ਵਾਲੇ ਨਹੀਂ ਸਨ ਮੰਨਦੇ।

ਰਾਮਸ਼ਰਨ ਨੇ ਲੱਛੋ ਲਈ ਕਈ ਘਰ ਦੇਖੇ ਪਰ ਕਿਧਰੇ ਕੋਈ ਗੱਲ ਨਾ ਬਣੀ। ਇਸ ਨਾਲ ਉਸ ਦਾ ਬੁਢਾਪਾ ਹੋਰ ਵਧ ਗਿਆ। ਅਖਿਰ ਕਿਸੇ ਨੇ ਬਿਹਾਰ ਤੋਂ ਆਏ ਸੁਰਜੂ ਦੀ ਦੱਸ ਪਾਈ ਜੋ ਬਿਹਾਰ ਤੋਂ ਆਇਆ ਇਕ ਜੁਆਨ ਭਈਆ ਸੀ। ਉਹ ਰਿਕਸ਼ਾ ਚਲਾਉਂਦਾ ਸੀ। ਰਾਮ ਰੱਖੀ ਆਪਣੀ ਧੀ ਦਾ ਰਿਸ਼ਤਾ ਕਿਸੇ ਭਈਏ ਨਾਲ ਕਰਨ ਨੂੰ ਤਿਆਰ ਨਾ ਹੋਈ ਇਸ ਲਈ ਉਨ੍ਹਾਂ ਨੇ ਉਸ ਲਈ ਨਾਂਹ ਕਰ ਦਿੱਤੀ। ਲੱਛੋ ਭਰ ਜੁਆਨ ਹੋ ਗਈ। ਹੁਣ ਉਨ੍ਹਾਂ ਦੇ ਘਰ ਜਿਹੜਾ ਵੀ ਵਾਕਫ਼ ਜਾਂ ਰਿਸ਼ਤੇਦਾਰ ਆਉਂਦਾ ਉਸ ਦਾ ਪਹਿਲਾ ਸਵਾਲ ਇਹ ਹੁੰਦਾ ਕਿ ਲੱਛੋ ਦਾ ਵਿਆਹ ਕਦੋਂ ਕਰਨਾ ਹੈ? ਰਾਮਸ਼ਰਨ ਚੁੱਪ ਹੋ ਕੇ ਰਹਿ ਜਾਂਦਾ। ਹਾਰ ਕੇ ਉਸ ਨੂੰ ਸੁਰਜੂ ਨਾਲ ਫਿਰ ਗੱਲ ਤੋਰਨੀ ਪਈ। ਸੁਰਜੂ ਨੇ ਦੱਸਿਆ ਕਿ ਉਸ ਦਾ ਅੱਗੇ ਪਿੱਛੇ ਕੋਈ ਨਹੀਂ ਸੀ। ਇਸ ਲਈ ਉਹ ਅਨਾਥ ਸੀ। ਉਹ ਰਿਕਸ਼ਾ ਚਲਾਉਂਦਾ ਸੀ ਜਿਸ ਨਾਲ ਉਸ ਦੀ ਰੋਟੀ ਚੱਲਦੀ ਸੀ। ਉਹ ਇਕ ਖੋਲੀ ਕਿਰਾਏ ਤੇ ਲੈ ਕੇ ਰਹਿੰਦਾ ਸੀ। ਉਸ ਨੂੰ ਕੋਈ ਲਾਲਚ ਨਹੀਂ ਸੀ ਇਸ ਲਈ ਉਹ ਬਿਨਾ ਕਿਸੇ ਦਾਜ ਤੋਂ ਵੀ ਵਿਆਹ ਕਰਾਉਣ ਲਈ ਤਿਆਰ ਸੀ। ਰਾਮਸ਼ਰਨ ਨੇ ਸੋਚਿਆ ਚਲੋ ਇਹ ਵੀ ਠੀਕ ਹੈ ਕਿ ਇਸ ਦੇ ਮਾਂ-ਪਿਓ ਨਹੀਂ ਹਨ ਇਸ ਲਈ ਸਾਡੀ ਕੁੜੀ ’ਤੇ ਕਿਸੇ ਕਿਸਮ ਦਾ ਕੋਈ ਦਬਾਅ ਨਹੀਂ ਰਹੇਗਾ। ਪਤੀ ਦੀ ਸਾਰੀ ਕਮਾਈ ਕੇਵਲ ਲੱਛੋ ਦੀ ਹੀ ਹੋਵੇਗੀ। ਇਸ ਤਰ੍ਹਾਂ ਉਹ ਸੌਹਰੇ ਘਰ ਜਾ ਕੇ ਰਾਜ ਕਰੇਗੀ। ਨਾਲੇ ਇਸੇ ਸ਼ਹਿਰ ਵਿਚ ਹੋਣ ਕਰ ਕੇ ਉਹ ਸਾਡੀ ਨਿਗਰਾਨੀ ਵਿਚ ਰਹੇਗੀ।

ਰਾਮਸ਼ਰਨ ਨੇ ਘਰ ਦੇ ਦੋਹਾਂ ਜੀਆਂ ਨੂੰ ਵਿਸ਼ਵਾਸ ਵਿਚ ਲੈ ਕੇ 15 ਜਨਵਰੀ 1975 ਨੂੰ ਲੱਛੋ ਦਾ ਸਾਦਾ ਜਿਹਾ ਵਿਆਹ ਸੁਰਜੂ ਨਾਲ ਕਰ ਕੇ ਸੋਹਰੇ ਤੋਰ ਦਿੱਤਾ ਅਤੇ ਆਪਣੇ ਆਪ ਨੂੰ ਇਸ ਭਾਰ ਤੋਂ ਮੁਕਤ ਕਰ ਲਿਆ। ਸੁਰਜੂ ਨੇ ਵੀ ਲੱਛੋ ਜਿਹੀ ਸੁੰਦਰ ਅਤੇ ਸੁਸ਼ੀਲ ਲੜਕੀ ਨੂੰ ਪਾ ਕੇ ਆਪਣੇ ਆਪ ਨੂੰ ਖ਼ੁਸ਼ਨਸੀਬ ਸਮਝਿਆ। ਪਹਿਲੇ ਛੇ ਮਹੀਨੇ ਬੜੇ ਸੋਹਣੇ ਲੰਘੇ। ਦੋਵੇਂ ਇਕ ਦੂਜੇ ਦੇ ਪਿਆਰ ਦੇ ਰੰਗ ਵਿਚ ਰੰਗੇ ਗਏ। ਸੁਰਜੂ ਜਿਹੜੀ ਵੀ ਸਬਜੀ ਭਾਜੀ ਬਾਜ਼ਾਰੋਂ ਲਿਆਉਂਦਾ, ਲੱਛੋ ਬਣਾ ਦਿੰਦੀ ਅਤੇ ਦੋਵੇਂ ਰਲ ਕੇ ਖਾ ਲੈਂਦੇ। ਸੁਰਜੂ ਰੋਜ ਸ਼ਾਮ ਨੂੰ ਛੇ ਵਜੇ ਘਰ ਆ ਜਾਂਦਾ। ਉਹ ਆਪਣੀ ਸਾਰੀ ਕਮਾਈ ਲੱਛੋ ਦੀ ਤਲੀ ਤੇ ਰੱਖ ਦਿੰਦਾ। ਇਕ ਦਿਨ ਸੁਰਜੂ ਸ਼ਾਮ ਨੂਂ ਘਰ ਨਾ ਆਇਆ। ਲੱਛੋ ਉਸ ਨੂੰ ਉਡੀਕਦੀ ਰਹੀ। ਉਸ ਦੇ ਮਨ ਵਿਚ ਭੈੜੇ ਭੈੜੇ ਵਿਚਾਰ ਆਉਂਦੇ ਰਹੇ ਕਿ ਸੁਰਜੂ ਨਾਲ ਕੋਈ ਹਾਦਸਾ ਹੀ ਨਾ ਵਾਪਰ ਗਿਆ ਹੋਵੇ। ਆਖਰ 10 ਵਜੇ ਦੇ ਕਰੀਬ ਬਾਹਰ ਦਾ ਦਰਵਾਜ਼ੀ ਖੜਕਿਆ। ਲੱਛੋ ਨੇ ਭੱਜ ਕੇ ਦਰਵਾਜ਼ਾ ਖੋਲ੍ਹਿਆ। ਸਾਹਮਣੇ ਸੁਰਜੂ ਸ਼ਰਾਬ ਨਾਲ ਗੁੱਟ ਖੜ੍ਹਾ ਸੀ। ਉਸ ਦੇ ਪੈਰ ਲੜਖੜਾ ਰਹੇ ਸਨ। ਲੱਛੋ ਨੇ ਉਸ ਦੀ ਬਾਂਹ ਫੜ ਕੇ ਮਸਾਂ ਅੰਦਰ ਲਿਜਾ ਕੇ ਉਸ ਨੂੰ ਮੰਜੇ ਤੇ ਲਿਟਾਇਆ। ਲੱਛੋ ਨੇ ਪਿਆਰ ਨਾਲ ਪੁੱਛਿਆ-“ਏਨੀ ਦੇਰ ਕਿੱਥੇ ਲਾ ਦਿੱਤੀ?”

ਸੁਰਜੂ ਨੇ ਥਥਲਾਉਂਦੇ ਹੋਏ ਕਿਹਾ-“ਉ….ਹ…ਯਾ…ਯਾਰਾਂ….ਦੋ…ਸ..ਤਾਂ ਨਾ…ਲ ਬੈਠ ਗਿਆ ਸੀ।”
“ਅੱਜ ਦੇ ਪੈਸੇ ਕਿੱਥੇ ਹਨ?”
“ਨਹੀਂ ਹਨ।”
“ਕਿੱਥੇ ਗਏ?”

“ਮੇਰੇ ਪੈਸੇ ਹਨ…ਮੈਂ ਮੈਂ ਖ਼ਰਚ…ਖ਼ਰਚ ਲਏ।”

ਸਵੇਰੇ ਜਦ ਉਸ ਦਾ ਨਸ਼ਾ ਉਤਰਿਆ ਤਾਂ ਉਸ ਨੂੰ ਅਹਿਸਾਸ ਹੋਇਆ ਕਿ ਉਸ ਦੀ ਗ਼ਲਤੀ ਸੀ। ਉਸ ਨੂੰ ਐਸਾ ਨਹੀਂ ਸੀ ਕਰਨਾ ਚਾਹੀਦਾ। ਇਹ ਕਹਿੰਦੇ ਹੋਏ ਉਸ ਨੇ ਅੱਗੇ ਤੋਂ ਸ਼ਰਾਬ ਨਾ ਪੀਣ ਦਾ ਵਾਹਿਦਾ ਕੀਤਾ। ਲੱਛੋ ਨੇ ਸ਼ੁਕਰ ਕੀਤਾ ਕਿ ਅੱਗੋਂ ਤੋਂ ਇਹ ਸੁਧਰ ਜਾਵੇਗਾ ਪਰ ਉਹ ਨਾ ਸੁਧਰਿਆ। ਉਹ ਰੋਜ ਸ਼ਰਾਬ ਪੀ ਕੇ ਦੇਰ ਨਾਲ ਘਰ ਵੜਦਾ ਅਤੇ ਲੱਛੋ ਨੂੰ ਗਾਲ੍ਹਾਂ ਕੱਢਦਾ। ਹੁਣ ਸਾਰੀ ਕਮਾਈ ਉਹ ਦੋਸਤਾਂ ਅਤੇ ਸ਼ਰਾਬ ’ਤੇ ਉਡਾ ਦਿੰਦਾ। ਜੇ ਲੱਛੋ ਕੁਝ ਕਹਿੰਦੀ ਤਾਂ ਉਸ ਦੀ ਮਾਰ ਕੁਟਾਈ ਕਰਦਾ। ਤਿੰਨ ਸਾਲ ਬਾਅਦ ੳੇੁਨ੍ਹਾਂ ਘਰ ਇਕ ਬੇਟੇ ਦਾ ਜਨਮ ਹੋਇਆ। ਪੰਜਾਬੀ ਲੋਕਾਂ ਵਿਚ ਰਹਿਣ ਕਰਕੇ ਉਸ ਦਾ ਨਾਮ ਬਲਦੇਵ ਰੱਖਿਆ ਗਿਆ।

ਸੁਰਜੂ ਦੇ ਘਰ ਵਿਚ ਪੈਸੇ ਨਾ ਦੇਣ ਕਰ ਕੇ ਘਰ ਵਿਚ ਫਾਕੇ ਕੱਟਣੇ ਆਰੰਭ ਹੋ ਗਏ। ਮਰਦੀ ਕੀ ਨਾ ਕਰਦੀ। ਹੁਣ ਇਹ ਮੋਰਚਾ ਵੀ ਲੱਛੋ ਨੂੰ ਸੰਭਾਲਣਾ ਪਿਆ। ਉਸ ਨੇ ਤਿੰਨ ਘਰਾਂ ਵਿਚ ਝਾੜੂ, ਪੋਚੇ ਅਤੇ ਬਰਤਣਾ ਦਾ ਕੰਮ ਸ਼ੁਰੂ ਕਰ ਦਿੱਤਾ। ਉਹ ਕੰਮ ਕਰਦੀ ਤਾਂ ਘਰ ਦੇ ਸਾਰੇ ਟੱਬਰ ਨੂੰ ਰੋਟੀ ਮਿਲਦੀ। ਸੁਰਜੂ ਵੀ ਹੁਣ ਘਰ ਰੋਟੀ ਖਾਣ ਲਈ ਹੀ ਵੜਦਾ। ਜਦ ਬਲਦੇਵ ਪੰਜ ਸਾਲ ਦਾ ਹੋਇਆ ਤਾਂ ਲੱਛੋ ਨੇ ਉਸ ਨੂੰ ਨਾਲ ਦੇ ਸਰਕਾਰੀ ਸਕੂਲ ਵਿਚ ਦਾਖਲ ਕਰਾ ਦਿੱਤਾ। ਸਰਕਾਰ ਦੀਆਂ ਸਕੀਮਾਂ ਦਾ ਲੱਛੋ ਨੂੰ ਬਹੁਤ ਲਾਭ ਹੋਇਆ। ਬਲਦੇਵ ਦੀ ਪੜ੍ਹਾਈ ਦਾ ਲੱਛੋ ਤੇ ਕੋਈ ਭਾਰ ਨਾ ਪਿਆ। ਇੱਥੇ ਫੀਸਾਂ ਮੁਆਫ ਸਨ। ਕਿਤਾਬਾਂ ਤੇ ਵਰਦੀਆਂ ਸਰਕਾਰ ਵੱਲੋਂ ਮੁਫ਼ਤ ਵਿਚ ਦਿੱਤੀਆਂ ਜਾਂਦੀਆਂ ਸਨ ਅਤੇ ਦੁਪਹਿਰ ਦਾ ਭੋਜਨ ਵੀ ਸਕੂਲ ਵਿਚ ਹੀ ਕਰਾਇਆ ਜਾਦਾ ਸੀ। ਬਲਦੇਵ ਪੜ੍ਹਾਈ ਵਿਚ ਹੁਸ਼ਿਆਰ ਸੀ। ਇਸ ਲਈ ਉਸ ਨੂੰ ਸਕੂਲ ਵਿਚ ਤੇ ਕਾਲਜ ਵਿਚ ਵੀ ਵਜੀਫਾ ਮਿਲਦਾ ਰਿਹਾ। ਲੱਛੋ ਦੀ ਹਿੰਮਤ ਅਤੇ ਸੁਚੱਜੀ ਰਹਿਨੁਮਾਈ ਕਾਰਨ ਬਲਦੇਵ ਬੀ.ਏ. ਪਾਸ ਕਰ ਗਿਆ ਅਤੇ ਉਸ ਦੀ ਨੌਕਰੀ ਵੀ ਇਕ ਸਰਕਾਰੀ ਦਫ਼ਤਰ ਵਿਚ ਕਲਰਕ ਦੇ ਤੋਰ ਤੇ ਲੱਗ ਗਈ। ਲੱਛੋ ਨੇ ਉਸ ਦਾ ਵਿਆਹ ਇਕ ਦਰਮਿਆਨੇ ਘਰ ਦੀ ਲੜਕੀ ਨਾਲ ਕਰ ਦਿੱਤਾ। ਲੜਕੀ ਬਹੁਤ ਸੁਸ਼ੀਲ ਸੀ ਉਸ ਨੇ ਆਉਂਦਿਆਂ ਹੀ ਲੱਛੋ ਦਾ ਘਰਾਂ ਦਾ ਕੰਮ ਛੁਡਾ ਦਿੱਤਾ। ਦੋ ਸਾਲਾਂ ਦੇ ਬਾਅਦ ਉਨ੍ਹਾਂ ਦੇ ਘਰ ਇਕ ਲੜਕੇ ਨੇ ਜਨਮ ਲਿਆ। ਉਸ ਦਾ ਨਾਮ ਜਗਦੀਸ਼ ਰੱਖਿਆ ਗਿਆ।

ਬਲਦੇਵ ਦੀ ਨੌਕਰੀ ਬੜੀ ਸੋਹਣੀ ਚੱਲ ਰਹੀ ਸੀ। ਜਲਦੀ ਹੀ ਉਹ ਸਾਰੇ ਸਟਾਫ ਨਾਲ ਘੁਲ ਮਿਲ ਗਿਆ। ਪੰਜਾਬ ਵਿਚ ਰਹਿਣ ਕਰ ਕੇ ਉਹ ਪੰਜਾਬੀ ਹੀ ਬੋਲਦਾ ਸੀ ਅਤੇ ਪੰਜਾਬੀ ਹੀ ਲੱਗਦਾ ਸੀ। ਕਿਸੇ ਨੂੰ ਵੀ ਸ਼ੱਕ ਨਹੀਂ ਸੀ ਕਿ ਉਹ ਕਿਸੇ ਬਿਹਾਰੀਏ ਦਾ ਮੁੰਡਾ ਸੀ। ਇਕ ਦਿਨ ਉਸ ਦੇ ਸੁਪਰਡੈਂਟ ਦਾ 8 ਸਾਲ ਦਾ ਪੋਤਾ ਕਿਸੇ ਕੰਮ ਦਫ਼ਤਰ ਆਇਆ ਤਾਂ ਉਹ ਆਪਣੇ ਪੋਤੇ ਨੂੰ ਸਿੱਖਿਆ ਦੇ ਰਿਹਾ ਸੀ-“ਸਾਨੂੰ ਆਪਣੇ ਪਿਤਾ ਦਾ ਹਮੇਸ਼ਾਂ ਧੰਨਵਾਦੀ ਹੋਣਾ ਚਾਹੀਦਾ ਹੈ ਜਿਸ ਨੇ ਪਾਲ ਪੋਸ ਕੇੁ ਸਾਨੂੰ ਵੱਡਾ ਕੀਤਾ ਹੈ। ਚੰਗੇ ਸੰਸਕਾਰ ਦਿੱਤੇ ਹਨ। ਅਸੀਂ ਅੱਜ ਜੋ ਵੀ ਹਾਂ ਆਪਣੇ ਪਿਤਾ ਕਰ ਕੇ ਹੀ ਹਾਂ।”

ਬਲਦੇਵ ਸੁਪਰਡੈਂਟ ਦੀਆਂ ਗੱਲਾਂ ਬੜੇ ਧਿਆਨ ਨਾਲ ਸੁਣ ਰਿਹਾ ਸੀ। ਪੋਤੇ ਦੇ ਜਾਣ ਤੋਂ ਬਾਅਦ ਸੁਪਰਡੈਂਟ ਨੇ ਬਲਦੇਵ ਨੂੰ ਪੁੱਛਿਆ-“ਬਲਦੇਵ ਤੂੰ ਦੱਸ ਤੈਨੂੰ ਆਪਣੇ ਪਿਤਾ ਤੇ ਮਾਣ ਹੈ ਕਿ ਨਹੀਂ।”
“ਜੀ ਬਿਲਕੁਲ ਨਹੀਂ।” ਬਲਦੇਵ ਨੇ ਉੱਤਰ ਦਿੱਤਾ।
“ਹੈਂ! ਇਹ ਤੂੰ ਕੀ ਕਹਿ ਰਿਹਾ ਹੈਂ। ਤੇਰੇ ਪਿਤਾ ਨੇ ਤੈਨੂੰੰ ਸੰਸਕਾਰ ਦਿੱਤੇ ਹਨ।”

ਬਲਦੇਵ ਨੇ ਆਪਣੀ ਪੂਰੀ ਕਹਾਣੀ ਉਸ ਨੂੰ ਸੁਣਾਈ ਅਤੇ ਕਿਹਾ-“ਜੇ ਮੈਂ ਆਪਣੇ ਪਿਓ ਤੇ ਮਾਣ ਕਰਦਾ ਹੁੰਦਾ ਤਾਂ ਅੱਜ ਮੈਂ ਵੀ ਸ਼ਰਾਬ ਪੀ ਕੇ ਗੁੱਟ ਹੋ ਕੇ ਆਪਣੀ ਪਤਨੀ ਨੂੰ ਕੁੱਟਦੇ ਹੋਣਾ ਸੀ। ਬੱਚਿਆਂ ਨੇ ਘਰ ਦਾ ਮਾਹੋਲ ਦੇਖਦੇ ਹੋਏ ਬਦਮਾਸ਼, ਚੋਰ ਅਤੇ ਉਠਾਈ ਗਿਰ ਹੋਣਾ ਸੀ। ਉਨ੍ਹਾਂ ਨੇ ਲੋਫਰ ਅਤੇ ਤੜੀਪਾਰ ਬਣਨਾ ਸੀ। ਇਹ ਰੀਤ ਸਾਡੀ ਪੀੜ੍ਹੀ ਦਰ ਪੀੜ੍ਹੀ ਅੱਗੇ ਚੱਲਦੀ ਰਹਿਣੀ ਸੀ। ਹੁਣ ਮੈਂ ਇਹ ਰੀਤ ਬਦਲ ਦਿੱਤੀ ਹੈ। ਹੁਣ ਮੇਰੀ ਪਤਨੀ ਮੇਰੀ ਗੁਲਾਮ ਨਹੀਂ। ਮੇਰੀ ਪਤਨੀ ਮੇਰੀ ਅਰਧਾਂਗਣੀ ਹੈ। ਮੇਰੇ ਬੱਚੇ ਸ਼ਹਿਜ਼ਾਦੇ ਹਨ। ਇਹ ਪੜ੍ਹ ਲਿਖ ਕੇ ਜ਼ਿੰਮੇਵਾਰ ਨਾਗਰਿਕ ਬਣਨਗੇ। ਮੈਂ ਸ਼ਰਾਬ ਨਹੀਂ ਪੀਂਦਾ, ਜ਼ਰਦਾ ਵੀ ਨਹੀਂ ਖਾਂਦਾ ਅਤੇ ਨਾ ਹੀ ਕੋਈ ਹੋਰ ਨਸ਼ਾ ਕਰਦਾ ਹਾਂ। ਹੁਣ ਮੈਂ ਪੂਰਾ ਪੰਜਾਬੀ ਹਾਂ। ਜੇ ਕੋਈ ਮੈਨੂੰ ਭਈਆ ਕਹੇ ਤਾਂ ਲੱਗਦਾ ਹੈ ਕਿ ਜਿਵੇਂ ਕਿਸੇ ਨੇ ਮੈਨੂੰ ਗਾਲ੍ਹ ਕੱਢੀ ਹੈ। ਮੈਂ ਹੁਣ ਕੇਸ ਵੀ ਰੱਖ ਲੈਣੇਂ ਹਨ। ਅਗਲੀ ਵਿਸਾਖੀ ਤੇ ਮੈਂ ਅੰਮ੍ਰਿਤ ਵੀ ਛਕ ਲੈਣਾ ਹੈ ਤਾਂ ਕਿ ਲੋਕ ਮੈਨੂੰ ਵੀ ਸਰਦਾਰ ਜੀ ਕਹਿਣ।
***

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
**
1770
***

ਗੁਰਸ਼ਰਨ ਸਿੰਘ ਕੁਮਾਰ
Mobile:094631-89432/83608-42861 | gursharan1183@yahoo.in |  + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਗੁਰਸ਼ਰਨ ਸਿੰਘ ਕੁਮਾਰ

View all posts by ਗੁਰਸ਼ਰਨ ਸਿੰਘ ਕੁਮਾਰ →