5 December 2025

ਪੇਸ਼ ਹਨ ਬ੍ਰਤਾਨਵੀ ਗ਼ਜ਼ਲਗੋ ਗੁਰਸ਼ਰਨ ਸਿੰਘ ਅਜੀਬ ਦੀਆਂ 12 ਗ਼ਜ਼ਲਾਂ

(1)

ਕੀ ਹੋਇਆ ਜੇ ਧੰਨ ਨਾ ਪੱਲੇ ਪੱਲੇ ਪੂੰਜੀ ਗ਼ਜ਼ਲਾਂ ਦੀ!
………………………………………………….

ਬਹਿਰ: ਮੁਤਦਾਰਿਕ, ਸ਼ਾਂਜ਼ਦਹਿ, ਮਕਤੂਅ, ਅਖ਼ਜ਼
ਅਰਕਾਨ: ਇਕ ਮਿਸਰੇ ਵਿਚ ਇਕ ਵਾਰ
(ਫ਼ੇਲੁਨ+ਫ਼ੇਲੁਨ+ਫ਼ੇਲੁਨ+ਫ਼ੇਲੁਨ+ਫ਼ੇਲੁਨ+ਫ਼ੇਲੁਨ+ਫ਼ੇਲੁਨ+ਫ਼ੇ)
(SS +SS + SS + SS + SS + SS + SS+ S)

o ਗ਼ਜ਼ਲ

ਕੀ ਹੋਇਆ ਜੇ ਧੰਨ ਨਾ ਪੱਲੇ ਪੱਲੇ ਪੂੰਜੀ ਗ਼ਜ਼ਲਾਂ ਦੀ।
ਹੋਰ ਅਸੀਂ ਕੀ ਕਰਨ ਹਾਂ ਜੋਗੇ ਰਾਸ ਰਚਾਈਏ ਸ਼ਬਦਾਂ ਦੀ।

ਮਤਲਾਅ ਸਾਨੀ؛

ਵਿੱਚ ਗ਼ਜ਼ਲ ਦੇ ਤੋਲ ਤਖ਼ਈਅਲ ਬਾਤ ਨਾ ਹੋਵੇ ਖ਼ੁੱਲ੍ਹਾਂ ਦੀ।
ਬਹਿਰ ਵਜ਼ਨ ਦਾ ਮੀਟਰ ਚੱਲੇ ਬਾਤ ਕਰੇ ਜੋ ਰਮਜ਼ਾਂ ਦੀ।

ਪੁੱਤ ਜੇ ਜੰਮੇ ਲੱਡੂ ਵੰਡਣ ਧੀ ਜੰਮੇ ਤਾਂ ਕੋਈ ਖ਼ੁਸ਼ੀ ਨਾ,
ਲਾਹਨਤ ਐਸੇ ਲੋਕਾਂ ‘ਤੇ ਜੋ ਕ਼ਦਰ ਨਾ ਕਰਦੇ ਧੀਆਂ ਦੀ।

ਆਖਣ ਨੂੰ ਸਭ ਨੇਤਾ ਆਖਣ ਦੇਸ਼ ਵਿਕਾਸੀ ਰਾਹਾਂ ‘ਤੇ ਹੈ,
ਥਾਂ ਥਾਂ ਗੰਦ ਦੇ ਢੇਰ ਨੇ ਲੱਗੇ ਮੰਦੀ ਹਾਲ਼ਤ ਸਡ਼ਕਾਂ ਦੀ।

ਸਾਰੀ ਉੁਮਰ ਕੁਕਰਮ ਕਰੇਂਦੇ ਨੇਤਾ ਸਾਧੂ ਪੰਡਤ ਆਦਿ,
ਆਸ ਰਖੇਂਦੇ ਮਰਨ ਦੇ ਪਿੱਛੋਂ ਨਰਕਾਂ ਦੀ ਥਾਂ ਸੁਰਗਾਂ ਦੀ।

ਸੁਖ-ਸਾਂਦ ਦੇ ਦੀਪਕ ਬਲ਼ਦੇ ਰਹਿਣ ਹਮੇਸ਼ਾਂ ਘਰ ਘਰ ਵਿਚ,
ਕੋਈ ਨਾ ਮੰਦਰ ਮਸਜਿਦ ਢਾਵੇ ਬਾਤ ਕਰੇ ਨਾ ਰਡ਼ਕਾਂ ਦੀ।

ਮਾਨਸ ਦੀ ਇਕ ਜ਼ਾਤ ਹਾਂ ਆਪਾਂ ਕਹਿ ਗਿਆ ਜਦ ਬਾਬਾ ਨਾਨਕ,
ਲੋਡ਼ ਹੈ ਸਾਨੂੰ ਇਕ ਹੋਣ ਦੀ ਨਾ ਕਿ ਵੱਖ  ਗਰੁੱਪਾਂ ਦੀ।

ਚਾਰ ਕੁ ਗ਼ਜ਼ਲਾਂ ਚੰਦ ਕਿਤਾਬਾਂ ਹੀ ਸਾਡਾ ਸਰਮਾਯਾ ਏ,
ਵਿੱਚ ਗ਼ਜ਼ਲ ਜਦ ਗੱਲ ਵੀ ਕਰੀਏ ਕਰੀਏ ਮਾਨਵ-ਕ਼ਦਰਾਂ ਦੀ।

ਟੁਟ ਟੁਟ ਮਰ ਮਰ ਮਿਹਨਤ ਕਰੀਏ ਦੋ ਡੰਗ ਦੀ ਰੋਟੀ ਖ਼ਾਤਰ,
ਸਾਥੋਂ ਲੁੱਟ ਸਹੀ ਨਾ ਜਾਵੇ ਹਰ ਸ਼ੈ ਉੱਤੇ ਟੈਕਸਾਂ ਦੀ।

ਲੋਕਾਂ ਖ਼ਾਤਰ ਲਿਖਦੇ ਹਾਂ ‘ਗੁਰਸ਼ਰਨ’ ਇਨ੍ਹਾਂ ਲਈ ਖਡ਼ਦੇ ਹਾਂ,
ਅਸਾਂ ਤਾਂ ਉਪਮਾ ਕਰਨੀ ਕੇਵਲ ਮਿਹਨਤਕਸ਼ ਹੀ ਲੋਕਾਂ ਦੀ।

(2)

ਜਹਾਨੋਂ ਟੁਰ ਗਿਆ ਮਿੱਤਰ ਪਿਆਰਾ ਦੋਸਤੋ ਕੈਂਬੋ!
………………………………………………
(ਮਰਹੂਮ ਡਾ.ਪ੍ਰੀਤਮ ਸਿੰਘ ਕੈਂਬੋ ਦੀ ਨਜ਼ਰ)

ਬਹਿਰ: ਹਜ਼ਜ, ਮੁਸੱਮਨ, ਸਾਲਮ
ਅਰਕਾਨ: ਇਕ ਮਿਸਰੇ ਵਿਚ ਇਕ ਵਾਰ
(ਮੁਫ਼ਾਈਲੁਨ + ਮੁਫ਼ਾਈਲੁਨ + ਮੁਫ਼ਾਈਲੁਨ + ਮੁਫ਼ਾਈਲੁਨ)
(ISSS + ISSS +  ISSS + ISSS)

o ਗ਼ਜ਼ਲ

ਜਹਾਨੋਂ ਟੁਰ ਗਿਆ ਮਿੱਤਰ ਪਿਆਰਾ ਦੋਸਤੋ •ਕੈਂਬੋ।
ਨਹੀਂ ਹੁਣ ਆਵਣਾ ਮੁਡ਼ਕੇ ਦੁਬਾਰਾ ਦੋਸਤੋ ਕੈਂਬੋ।

ਦਹਾਕੇ ਛੇ ਪੁਰਾਣੀ ਦੋਸਤੀ ਉਸ ਨਾਲ਼ ਸੀ ਮੇਰੀ,
ਬਡ਼ਾ ਦੁਖ ਦੇ ਗਿਆ ਦਿਲ ਨੂੰ ਕਰਾਰਾ ਦੋਸਤੋ ਕੈਂਬੋ।

ਮਿਰੀ ਹਰ ਇਕ ਗ਼ਜ਼ਲ ਤੇ ਦੇਂਵਦਾ ਸੀ ਦਾਦ ਉਹ ਅਕਸਰ,
ਗਿਆ ਕਹਿ ਅਲਵਿਦਾ ਜਗ ਨੂੰ ਨਿਆਰਾ ਦੋਸਤੋ ਕੈਂਬੋ।

ਧਰੂ-ਤਾਰਾ ਅਦਬ ਦਾ ਖੋਹ ਲਿਆ ਸਾਥੋਂ ਹੈ ਈਸ਼ਵਰ ਨੇ,
ਰਤਨ ਹੀਰਾ ਅਦਬ ਦਾ ਸੀ ਸ਼ਰਾਰਾ ਦੋਸਤੋ ਕੈਂਬੋ।

ਨਹੀਂ ਮਿਲਣਾ ਉਦ੍ਹੇ ਵਰਗਾ ਕੋਈ ਹੁਣ ਏਸ ਦੁਨੀਆ ਵਿਚ,
ਕਿ ਬਣ ਚਮਕੇਗਾ ਹੁਣ ਅੰਬਰੀਂ ਸਿਤਾਰਾ ਦੋਸਤੋ ਕੈਂਬੋ।

ਅਲੋਚਕ ਸੀ ਪਿਆਰਾ ਕਰ ਗਿਆ ਉਹ ਅਦਬ ਦੀ ਸੇਵਾ,
ਸੀ ਸਾਹਿਤ ਦਾ ਰਚਨਹਾਰਾ ਫ਼ੁਹਾਰਾ ਦੋਸਤੋ ਕੈਂਬੋ।

ਹਲੀਮੀ ਸਾਦਗੀ ਕੁਟ ਕੁਟ ਭਰੀ ਸੀ ਓਸ ਦੇ ਅੰਦਰ,
ਸ਼ਰਾਫਤ ਦਾ ਸੀ ਉਚ ਗੁੰਬਦ ਮੁਨਾਰਾ ਦੋਸਤੋ ਕੈਂਬੋ।

ਨਹੀਂ ਭੁੱਲਣਾ ਕਦੇ ‘ਗੁਰਸ਼ਰਨ’ ਭਾਂਵੇਂ ਲਖ ਭੁਲਾ ਉਸ ਨੂੰ,
ਬਡ਼ਾ ਮਿੱਤਰ ਪਿਆਰਾ ਸੀ ਦੁਲਾਰਾ ਦੋਸਤੋ ਕੈਂਬੋ।

•ਕੈਂਬੋ: ਡਾ. ਪ੍ਰੀਤਮ ਸਿੰਘ ਕੈਂਬੋ

(3)

ਬਡ਼ਾ ਮਨ ਲੋਚਦੈ ਕਰੀਏ ਸ਼ੁਰੂ ਮੁਡ਼ ਜ਼ਿੰਦਗੀ ਯਾਰੋ!
…………………………………………………

ਬਹਿਰ: ਹਜ਼ਜ, ਮੁਸੱਮਨ, ਸਾਲਮ
ਅਰਕਾਨ: ਇਕ ਮਿਸਰੇ ਵਿਚ ਇਕ ਵਾਰ
(ਮੁਫ਼ਾਈਲੁਨ + ਮੁਫ਼ਾਈਲੁਨ + ਮੁਫ਼ਾਈਲੁਨ + ਮੁਫ਼ਾਈਲੁਨ)
(ISSS + ISSS +  ISSS + ISSS)

o ਗ਼ਜ਼ਲ

ਬਡ਼ਾ ਮਨ ਲੋਚਦੈ ਕਰੀਏ ਸ਼ੁਰੂ ਮੁਡ਼ ਜ਼ਿੰਦਗੀ ਯਾਰੋ।
ਦੁਬਾਰਾ ਇੱਕ ਹੋ ਜਾਈਏ ਭੁਲਾ ਸ਼ਿਕਵਾ-ਗਿਲ਼ੀ ਯਾਰੋ।

ਘਡ਼ੀ ਜੀਵਨ ਦੀ ਹਰ ਇਕ ਕੀਮਤੀ ਐਂਵੇਂ ਨਾ ਖੋ  ਜਾਵੇ,
ਚਿਣਾ ਕੇ ਮਹਿਲ ਯਾਦਾਂ ਦੇ ਮਨਾਈਏ ਹਰ ਘਡ਼ੀ ਯਾਰੋ।

ਬਡ਼ਾ ਛੋਟਾ ਜਿਹਾ ਜੀਵਨ ਭੁਲਾ ਦਈਏ ਗਿਲ਼ੇ ਸ਼ਿਕਵੇ,
ਬਣੀ ਰਹਿ ਸਕਦੀ ਹੈ ਏਦਾਂ ਮੁਹੱਬਤ ਦੀ ਲਡ਼ੀ ਯਾਰੋ।

ਬਚੇ ਬਾਕੀ ਹਯਾਤੀ ਦੇ ਲਮ੍ਹੇਂ ਰਲ਼ ਮਾਣੀਏਂ ਨਿਸ ਦਿਨ,
ਇਵੇਂ ਕਟ ਸਕਦੀ ਹੈ ਬਿਹਤਰ ਹਯਾਤੀ ਜੋ ਬਚੀ ਯਾਰੋ।

ਖ਼ਜ਼ਾਨਾ ਕੀਮਤੀ ਜੀਵਨ ਅਜਾਈਂ ਬੀਤ ਨਾ ਜਾਵੇ,
ਨਾ ਫੂੰ ਫਾਂ ਵਿਚ ਯਕੀਂ ਰੱਖੀਏ ਨਾ ਛੱਡੀਏ ਸਾਦਗੀ ਯਾਰੋ।

ਹੈ ਇਕ ਦਿਨ ਸ਼ਾਂਤ ਹੋ ਜਾਣੈਂ ਦਿਲੇ-ਜਜ਼ਬਾਤ ਦਾ ਸਾਗਰ,
ਨਹੀਂ ਫਿਰ ਬੋਲਣੀ ਮੁੜ ਕੇ ਦਮਾਂ ਦੀ ਪੀਪਣੀ ਯਾਰੋ।

ਕੁਈ ਰੁੱਸੇ ! ਮਨਾ ਲੈਣਾ ਇਦ੍ਹੇ ਵਿਚ ਬਿਹਤਰੀ ਹੁੰਦੀ,
ਨਹੀਂ ਕੁਝ ਹਾਸਲ ਹੋ ਸਕਦੈ ਵਧਾ ਨਾਰਾਜ਼ਗੀ ਯਾਰੋ।

ਬੜਾ ਚਿਰ ਜੀ ਲਿਆ ਆਪਾਂ ਗਿਲੇ ਗ਼ੁੱਸਿਆਂ ਦੇ ਅੰਦਰ ਹੀ,
ਬਿਤਾਈਏ ਹੋਰ ਨਾ ਏਦਾਂ ਬਚੀ ਜੋ ਜ਼ਿੰਦਗੀ ਯਾਰੋ।

ਬਡ਼ੇ ਡੌਲ਼ੇ ਵਿਖਾਉਂਦੈ ਉਹ ਬਣੀ ਭਲਵਾਨ ਹੈ ਫਿਰਦਾ,
ਮਗਰ ਘਰ ਨੌਕਰ ਬੀਵੀ ਦਾ ਸਕੇ ਨਾ ਕਰ ਅਡ਼ੀ ਯਾਰੋ।

ਬਿਨਾਂ ਪਿੰਗਲ ‘ਅਜੀਬਾ’ ਕਹਿਣ ਗ਼ਜ਼ਲਾਂ ਜੋ ਕਵੀ ਸਾਰੇ,
ਉਨ੍ਹਾਂ ਨੂੰ ਦੇ ਨਹੀਂ ਸਕਦੀ ਕਦੇ ਪ੍ਰਵਾਨਗੀ ਯਾਰੋ।

ਗ਼ਜ਼ਲ ਮੇਰੀ ‘ਚ ਮੇਰੀ ਜਾਨ ਮੇਰਾ ਖ਼ੂਨ ਵੀ ਖ਼ੌਲੇ,
‘ਅਜੀਬਾ’ ਇਸ ‘ਚ ਮੌਲ਼ੇ ਵੀ ਮਿਰੀ ਦੀਵਾਨਗੀ ਯਾਰੋ।

(4)

ਐ ਮਿਰੇ ਦਿਲਬਰ ਹਬੀਬੀ ਐ ਮਿਰੀ ਜਾਨੇ ਵਫ਼ਾ!
………………………………………………

ਬਹਿਰ: ਹਜ਼ਜ, ਮੁਸੱਮਨ, ਸਾਲਮ
ਅਰਕਾਨ: ਇਕ ਮਿਸਰੇ ਵਿਚ ਇਕ ਵਾਰ
(ਮੁਫ਼ਾਈਲੁਨ + ਮੁਫ਼ਾਈਲੁਨ + ਮੁਫ਼ਾਈਲੁਨ + ਮੁਫ਼ਾਈਲੁਨ)
(ISSS + ISSS +  ISSS + ISSS

੦ ਗ਼ ਜ਼ ਲ

ਐ ਮਿਰੇ ਦਿਲਬਰ ਹਬੀਬੀ਼ ਐ ਮਿਰੀ ਜਾਨੇ ਵਫ਼ਾ।
ਤੇਰੀਆਂ ਯਾਦਾਂ ਦਾ ਰਹਿੰਦਾ ਹਲ਼ਕਾ ਹਲ਼ਕਾ ਹੈ ਨਸ਼ਾ।

ਬਿਨ ਤਿਰੇ ਕੀ ਜ਼ਿੰਦਗਾਨੀ ਜੀਵਨਾ ਕੀ ਬਿਨ ਤਿਰੇ,
ਹੁਣ ਨਾ ਬੁੱਲੀਂ ਸੁਰਖ਼ੀਆਂ ਹੀ ਨਾ ਸਜੇ ਹੱੱਥੀਂ ਹਿਨਾ।

ਦੇਰ ਨਾ ਕਰ ਹਮਸਫ਼ਰ ਹੁਣ ਲੌਟ ਆ ਵਾਪਸ ਘਰੇ,
ਬਿਨ ਤਿਰੇ ਮੇਰੀ ਹਯਾਤੀ ਬਣ ਚੁਕੀ ਜਿਉਂ ਕਰਬਲ਼ਾ।

ਮੈਂ ਨਾ ਚਾਹਾਂ ਦੌਲ਼ਤਾਂ ਨਾ ਵਿੱਚ ਬੈਂਕਾਂ ਰਾਸ਼ੀਆਂ,
ਮੇਰੇ ਲਈ ਕਾਫ਼ੀ ਤਿਰਾ ਹਰ ਪਿਆਰ-ਭਿੱਜਾ ਵਲਵਲਾ।

ਕਿਸ ਤਰਾਂ ਨਿਤ ਬੀਤਦੇ ਦਿਨ ਰਾਤ ਤੈਨੂੰ ਕੀ ਕਹਾਂ,
ਵਾਰ ਇਕ ਪੱਥਰ-ਦਿਲਾ ਆ ਹਾਲ਼ ਸਾਡਾ ਵੇਖ ਜਾ।

ਔਂਸੀਆਂ ਪਾ ਪਾ ਲੰਘਾਵਾਂ ਹਰ ਘਡ਼ੀ ਦਿਨ ਰਾਤ ਹੀ,
ਮੁਸ਼ਕਲ ਬਡ਼ਾ ਹੁਣ ਜੀਵਨਾ ਤੇਰੇ ਬਿਨਾਂ ਐ ਦਿਲਰੁਬਾ।

ਕਟ ਰਹੀ ਜਿਉਂ ਜ਼ਿੰਦਗੀ ਸ਼ਾਲਾ ਨਾ ਬੀਤੇ ਇੰਝ ਹੁਣ,
ਹੁਣ ਤਾਂ ਲੋਚੇ ਮਨ ‘ਅਜੀਬਾ’ ਹਥ ‘ਚ ਹਥ ਪਾ ਘੁੰਮਣਾ।

(5)

ਹਾਂ ਸੂਹੇ ਲਬ ਤਿਰੇ ਤੇਰੀ ਹਸੀਂ ਮੁਸਕਾਨ ਤੋਂ ਸਦਕੇ!
……………………………………………….

ਬਹਿਰ: ਹਜ਼ਜ, ਮੁਸੱਮਨ, ਸਾਲਮ
ਅਰਕਾਨ: ਇਕ ਮਿਸਰੇ ਵਿਚ ਇਕ ਵਾਰ
(ਮੁਫ਼ਾਈਲੁਨ + ਮੁਫ਼ਾਈਲੁਨ + ਮੁਫ਼ਾਈਲੁਨ + ਮੁਫ਼ਾਈਲੁਨ)
(ISSS + ISSS +  ISSS + ISSS)

o ਗ਼ਜ਼ਲ

ਹਾਂ ਸੂਹੇ ਲਬ ਤਿਰੇ ਤੇਰੀ ਹਸੀਂ ਮੁਸਕਾਨ ਤੋਂ ਸਦਕੇ।
ਬਦਨ ਪਤਲੇ ਜਿਹੇ ਤੇਰੇ ਮਲੂਕੀ ਜਾਨ ਤੋਂ ਸਦਕੇ।

ਤਰੀਮਤ ਜੋ ਕਰੇ ਉਲਫ਼ਤ ਤੇ ਰੱਖੇ ਸੁਰ ਰਤਾ ਧੀਮੀਂ,
ਨਜ਼ਾਕਤ ਓਸ ਦੀ ਨਾਲ਼ੇ ਉਦ੍ਹੀ ਮੁਸਕਾਨ ਤੋਂ ਸਦਕੇ।

ਤਿਰੀ ਇਕ ਛੁਹ ਮਿਰੇ ਪ੍ਰੀਤਮ ਸਕੂਨਾਂ ਦੀ ਗਵਾਹੀ ਹੈ,
ਕਰੇ ਜੋ ਮੁਗਧ ਤਨਮਨ ਨੂੰ ਏਸ ਵਰਦਾਨ ਤੋਂ ਸਦਕੇ।

ਹਾਂ ਆਸ਼ਕ ਪ੍ਰੇਮ ਦਾ ਪੂਜਕ ਭੀ ਤੇਰੇ ਪਿਆਰ ਦਾ ਮੌਲ਼ਾ,
ਤਿਰੀ ਉੱਚਕੱਦਗੀ ਰਹਿਮਤ ਮੈਂ ਤੇਰੀ ਸ਼ਾਨ ਤੋਂ ਸਦਕੇ।

ਕਰੇ ਸਤਿਕਾਰ ਜੋ ਮੇਰਾ ਦਿਆਂਗਾ ਮਾਨ ਮੈਂ ਉਸਨੂੰ,
ਕਿ ਜਾਸਾਂ ਓਸ ਤੋਂ ਸਦਕੇ ਉਦ੍ਹੇ ਸਨਮਾਨ ਤੋਂ ਸਦਕੇ।

ਲਡ਼ੇ ਜੋ ਜਾਬਰਾਂ ਸੰਗ ਤੇ ਦਿਲਾਵੇ ਹੱਕ ਲੋਕਾਂ ਨੂੰ,
ਉਦ੍ਹੀ ਹਿੰਮਤ ਉਦ੍ਹੇ ਜੇਰੇ ਹਾਂ ਉਸਦੇ •ਤਾਨ ਤੋਂ ਸਦਕੇ।

ਬਡ਼ਾ ਮੁਸ਼ਕਲ ਜਿਹਾ ਹੁੰਦਾ ਹਰਿਕ ਲਈ ਦਾਨ ਦੇ ਦੇਣਾ,
ਜੋ ਦੇਵੇ ਲੋਕਤਾ ਖ਼ਾਤਰ ਮੈਂ ਉਸ ਦੇ ਦਾਨ ਤੋਂ ਸਦਕੇ।

ਦੋਸਾਝਾਂ ਦਾ ਜੋ ਸਿੰਘ ਦਿਲਜੀਤ ਗਾਇਕ ਹੈ ਬਡ਼ਾ ਦਾਨੀ,
ਕਰੇ ਜੋ ਦਾਨ ਦੀ ਬਖ਼ਸ਼ਿਸ਼ ਮੈਂ ਉਸ ਧਨਵਾਨ ਤੋਂ ਸਦਕੇ।

ਕਰੇ ਸੇਵਾ ਲੋਕਾਈ ਦੀ ਜਤਾਵੇ ਜੋ ਨਾ ਭੋਰਾ ਵੀ,
ਮਿਲੇ ਐਸਾ ਕੋਈ ਹਾਕਮ ਮੈਂ ਉਸ ਪ੍ਰਧਾਨ ਤੋਂ ਸਦਕੇ।

ਜੋ ਕੀਤੈ ਐਕਟਰਾਂ ਗਾਇਕਾਂ ਅਤੇ ਕੁਝ ਹੋਰ ਸੰਸਥਾਵਾਂ,
ਲਗਨ ਸਭ ਦੀ ਦੇ ਹੀ ਕੀਤੇ ਕਡ਼ੇ-ਕਲਿਆਨ ਤੋਂ ਸਦਕੇ।

‘ਅਜੀਬਾ’ ਜੋ ਕਹੇ ਗ਼ਜ਼ਲਾਂ ਵਜ਼ਨ ਤੇ ਬਹਿਰ ਦੇ ਅੰਦਰ,
ਅਦਾਕਾਰੀ ਉਦ੍ਹੀ ਬੰਦਿਸ਼ ਵਜ਼ਨ ਅਰਕਾਨ ਤੋਂ ਸਦਕੇ।

ਕਹੀ ਜਾਵੇ ਗ਼ਜ਼ਲ ਜਿੱਥੇ ਮੁਕੱਦਸ ਥਾਂ ‘ਅਜੀਬਾ’ ਉਹ,
ਮੈਂ ਓਥੇ ਪੁੱਜੇ ਸ਼ਾਇਰਾਂ ਤੋਂ ਤੇ ਉਸ ਅਸਥਾਨ ਤੋਂ ਸਦਕੇ।

ਤਾਨ: ਤਾਕਤ/ਸ਼ਕਤੀ
•ਅਰਕਾਨ: ਬਹਿਰ ਦੀ ਚਾਲ ਦਾ ਮੀਟਰ

(6)

ਪਿਆਕਡ਼ ਬੈਠ ਕੇ ਪੀਂਦੇ ਨਸ਼ਾ ਮੈਖ਼ਾਨਿਆਂ ਅੰਦਰ!
…………………………………………………

ਬਹਿਰ: ਹਜ਼ਜ, ਮੁਸੱਮਨ, ਸਾਲਮ
ਅਰਕਾਨ: ਇਕ ਮਿਸਰੇ ਵਿਚ ਇਕ ਵਾਰ
(ਮੁਫ਼ਾਈਲੁਨ + ਮੁਫ਼ਾਈਲੁਨ + ਮੁਫ਼ਾਈਲੁਨ + ਮੁਫ਼ਾਈਲੁਨ)
(ISSS + ISSS +  ISSS + ISSS)

੦ ਗ਼ਜ਼ਲ

ਪਿਆਕਡ਼   ਬੈਠ   ਕੇ   ਪੀਂਦੇ    ਨਸ਼ਾ  ਮੈਖ਼ਾਨਿਆਂ   ਅੰਦਰ।
ਅਸਾਂ   ਕਈ  ਬੋਤਲਾਂ  ਤਕੀਆਂ  ਨੇ  ਨੈਣਾਂ  ਤੇਰਿਆਂ  ਅੰਦਰ।

ਗ਼ਜ਼ਲ   ਜਾਮ-ਏ-ਗ਼ਜ਼ਲ   ਸਾਡੀ  ਸੁਰਾਹੀ   ਹੈ  ਸਰੂਰਾਂ   ਦੀ,
ਬਿਨਾਂ ਪੀਤੇ ਨਸ਼ਾ ਭਰਿਆ  ਅਸਾਂ  ਨਿਤ  ਮਤਲਿਆਂ  ਅੰਦਰ।

ਸਮੇਂ   ਦੇ   ਨਾਲ਼   ਹਾਂ   ਚੱਲੇ    ਟੁਰੇ   ਵੀ   ਨਾਲ਼   ਲੋਕਾਂ  ਦੇ,
ਮੁਕੰਮਲ  ਲੁਤਫ਼  ਹੈ  ਪਾਇਆ  ਗ਼ਜ਼ਲ  ਦੇ  ਕਾਰਵਾਂ  ਅੰਦਰ।

ਬਡ਼ਾ ਆਨੰਦ ਹੈ ਮਿਲਦਾ  ਗ਼ਜ਼ਲ  ਨਿਤ  ਸੁਣ  ਸੁਣਾ  ਕੇ  ਵੀ,
ਰਹੇ  ਰੰਗ  ਬੱਝਦਾ  ਕਾਵਿਕ  ਸਦਾ  ਨਿਤ  ਮਹਿਫ਼ਲਾਂ ਅੰਦਰ।

ਕੋਈ   ਆਖੇ   ਸਮੋਅ   ਲੈਂਦੈ   ਉਹ  ਸਾਗਰ  ਵਿੱਚ  ਕੁੱਜੇ  ਦੇ,
ਸਮੁੰਦਰ   ਕਾਵਿ  ਦਾ  ਭਰਿਆ  ਅਸਾਂ  ਵੀ  ਮਰਤਬਾਂ  ਅੰਦਰ।

ਖ਼ਿਆਲਾਂ   ਦਾ    ਜ਼ਖ਼ੀਰਾ  ਏ   ਉਡਾਣਾਂ  ਦੀ  ਵੀ  ਮੰਜ਼ਿਲ  ਹੈ,
ਗ਼ਜ਼ਲ    ਮੱਕਾ   ਮੁਹੱਬਤ  ਦਾ   ਰਹੇ  ਯਾਰੋ   ਦਿਲਾਂ   ਅੰਦਰ।

ਕਹੇ   ਬੋਲੇ   ਨਾ   ਮੁਸਕਾਏ  ਕਰੇ  ਉਹ  ਬਾਤ  ਨਾ  ਅਜਕਲ,
ਨਹੀਂ   ਪਹਿਲੇ  ਜਿਹੀ  ਹਾਸੀ   ਹੈ  ਉਸਦੇ  ਹਾਸਿਆਂ  ਅੰਦਰ।

ਮਹੱਲਾਂ ਵਿਚ ਜੋ  ਰਹਿੰਦੇ ਨੇ ਉਹ ਖਾਵਣ ਖ਼ਾਰ ਝੁਗੀਆਂ ਸੰਗ,
ਉਹਨਾਂ ਨੂੰ  ਚੈਨ  ਨਾ ਮਿਲਦਾ ਜੋ  ਮਿਲਦਾ ਢਾਰਿਆਂ  ਅੰਦਰ।

ਕਿਵੇਂ   ਆਖਾਂ   ਵਤਨ  ਤੈਨੂੰ  ਮੈਂ  ਏਨਾ  ਪਿਆਰ  ਕਰਦਾ  ਹਾਂ,
ਕਿ   ਜਿੰਨੇ    ਚਮਕਦੇ   ਤਾਰੇ   ਨੇ   ਨੀਲੇ  ਆਸਮਾਂ  ਅੰਦਰ।

ਗਲੋਂ  ਲਾਹੇ   ਨਹੀਂ   ਲਹਿੰਦੀ  ਗ਼ਜ਼ਲ  ਚੁੰਬਕ  ਰਹੇ  ਚੰਬਡ਼ੀ,
ਗ਼ਜ਼ਲ ‘ਗੁਰਸ਼ਰਨ’ ਵਿਚ ਵਸਦੀ ਵੀ ਉਸਦੀ ਰੂਹ ਜ਼ੁਬਾਂ ਅੰਦਰ।

ਜੋ  ਮੇਰੇ   ਜ਼ਿਹਨ   ਵਿਚ  ਹੋਵੇ   ਜ਼ੁਬਾਂ  ਮੇਰੀ  ‘ਤੇ  ਆ  ਜਾਵੇ,
ਢਲ਼ੇ ਓਹੋ ਹੀ ‘ਗੁਰਸ਼ਰਨਾ’  ਗ਼ਜ਼ਲ ਦੇ  ਮਿਸਰਿਆਂ  ਅੰਦਰ।

ਖ਼ੁਰਾਕ-ਏ-ਜ਼ਿਹਨ  ਹੈ   ਮੇਰੀ   ਗ਼ਜ਼ਲ   ਮੇਰੀ   ਮਿਰੇ  ਯਾਰੋ,
ਰਹੂ ਜੀਵਤ ਇਹ ‘ਗੁਰਸ਼ਰਨਾ’ ਤਿਰੇ ਤਨ ਮਨ ਰਗਾਂ ਅੰਦਰ।

(7)

ਜ਼ੋਖ਼ਮ ‘ਚ ਪਾ ਕੇ ਆਪਾ ਖ਼ੁਦ ਨੂੰ ਨਿਖ਼ਾਰਿਆ ਹੈ!
…………………………………………….

ਬਹਿਰ: ਮੁਜਾਰਿਆ, ਮੁਸੱਮਨ , ਅਖ਼ਰਬ
ਅਰਕਾਨ: ਇਕ ਮਿਸਰੇ ਵਿਚ ਇਕ ਵਾਰ
(ਮਫ਼ਊਲ + ਫ਼ਾਇਲਾਤੁਨ + ਮਫ਼ਊਲ + ਫ਼ਾਇਲਾਤੁਨ)
(SSI+ SISS + SSI + SISS)

੦ ਗ਼ਜ਼ਲ

ਜ਼ੋਖ਼ਮ ‘ਚ ਪਾ ਕੇ ਆਪਾ ਖ਼ੁਦ ਨੂੰ ਨਿਖ਼ਾਰਿਆ ਹੈ।
ਖ਼ਾਮੀ ਕਮੀ ਜੋ ਭਾਸੀ ਉਸ ਨੂੰ ਸੰਵਾਰਿਆ ਹੈ।

ਮਤਲਾਅ ਸਾਨੀ:

ਭੁਲ ਕੇ ਗਿਲੇ ਤੇ ਸ਼ਿਕਵੇ ਸਭ ਨੂੰ ਪਿਆਰਿਆ ਹੈ।
ਘਿਰਣਾ ਸੀ ਨਾਲ ਜਿਸ ਦੇ ਉਸ ਨੂੰ ਵੀ ਤਾਰਿਆ ਹੈ।

ਨਾ ਪੱਖ-ਪਾਤ ਕੀਤੈ ਨਾ ਵਿਤਕਰਾ ਹੀ ਕੋਈ,
ਸਭ ਸੰਗ ਬਰਾਬਰੀ ਦਾ ਰਿਸ਼ਤਾ ਉਸਾਰਿਆ ਹੈ।

ਮੌਕ਼ੇ ਮਿਲੇ ਅਨੇਕਾਂ ਤੱਕਣ ਨੂੰ ਮੁੱਖ ਸੁੰਦਰ,
ਅਪਣੇ ਸਨਮ ਦੇ ਬਿਨ ਨਾ ਚਿਹਰਾ ਨਿਹਾਰਿਆ ਹੈ।

ਆਖੀ ਜੋ ਬਾਤ ਮੂੰਹੋਂ ਆਪਾਂ ਨੇ ਹੈ ਪੁਗਾਈ,
ਕਰ ਕੇ ਨਾ ਝੂਠੇ ਵਾਦੇ ਵਾਦਾ ਵਿਸਾਰਿਆ ਹੈ।

ਜੋ ਸੋਚ ਮਾਨਵੀ ਦੀ ਬਿਲਕੁਲ ਨਾ ਕਦਰ ਕਰਦੈ,
ਉਸ ਨੂੰ ਹਮੇਸ਼ ਆਪਾਂ ਮੁਢ ਤੋਂ ਨਕਾਰਿਆ ਹੈ।

ਜਿਸ ਨੂੰ ਕਿਹਾ ਏ ਅਪਣਾ ਅਪਣਾ ਹੀ ਸਮਝਿਆ ਏ,
ਸਾਰੀ ਉਮਰ ਹੀ ਆਪਾ ਓਸੇ ਤੋਂ ਵਾਰਿਆ ਹੈ।

ਜੋ ਕੁਝ ਮਹਿਸੂਸ ਕੀਤਾ ਹੈ ਢਾਲਿਆ ਗ਼ਜ਼ਲ ਵਿਚ,
ਐਵੇਂ ਨਾ ਜੋਡ਼ ਸਤਰਾਂ ਬੁੱਤਾ ਹੀ ਸਾਰਿਆ ਹੈ।

ਸਚ ਉਚਰਿਆ ਅਸਾਂ ਨੇ ਲਿਖਿਆ ਵੀ ਸਚ ਹਮੇਸ਼ਾਂ,
ਨਕਸ਼ਾ ਦਿਲੇ ਦਾ ਗ਼ਜ਼ਲਾਂ ਦੇ ਵਿਚ ਉਤਾਰਿਆ ਹੈ।

ਕੀਤੀ ‘ਅਜੀਬ’ ਸ਼ਾਇਰੀ ਪਿੰਗਲ ਅਰੂਜ਼ ਵਿਚ ਰਹਿ,
ਚਿਣ ਚਿਣ ਕੇ ਸ਼ਬਦ-ਮੋਤੀ ਸਾਹਿਤ ਸ਼ਿੰਗਾਰਿਆ ਹੈ।

ਕੀਤੈ ਪਿਆਰ ਸੱਚਾ ਮਹਿਬੂਬ ਆਪਣੇ ਨੂੰ,
‘ਗੁਰਸ਼ਰਨ’ ਨਾਮ ਉਸ ਦਾ ਰੂਹੋਂ ਪੁਕਾਰਿਆ ਹੈ।

(8)

ਨੀਲ-ਗਗਨ ਦਾ ਤਾਰਾ ਮੇਰਾ ਮਹਿਰਮ ਹੈੋੋ!
…………………………………………

ਬਹਿਰ: ਮੁਤਦਾਰਿਕ, ਮੁਅੱਸ਼ਰ, ਮਕਤੂਅ,ਅਖ਼ਜ਼
ਅਰਕਾਨ: ਇਕ ਮਿਸਰੇ ਵਿਚ ਇਕ ਵਾਰ
(ਫ਼ੇਲੁਨ+ਫ਼ੇਲੁਨ +ਫ਼ੇਲੁਨ +ਫ਼ੇਲੁਨ+ਫ਼ੇਲੁਨ+ਫ਼ੇ)
(SS +SS + SS + SS + SS + S)

o ਗ਼ਜ਼ਲ

ਨੀਲ-ਗਗਨ ਦਾ ਤਾਰਾ ਮੇਰਾ ਮਹਿਰਮ ਹੈ।
ਪਿਆਰਾ ਸਭ ਤੋਂ ਪਿਆਰਾ ਮੇਰਾ ਮਹਿਰਮ ਹੈ।

ਵੇਖ-ਵੇਖ ਨਾ ਲਹਿੰਦੀ ਇਸ ਨੂੰ ਭੁੱਖ ਕਦੇ,
ਸੁੰਦਰ ਨਾਜ਼-ਨਜ਼ਾਰਾ ਮੇਰਾ ਮਹਿਰਮ ਹੈ।

ਹੁਸਨ ਦਾ ਸ਼ੁਅਲ਼ਾ ਆਖਾਂ ਇਸ ਨੂੰ ਭਾਂਬਡ਼ ਜਾਂ,
ਮਘਦਾ ਸੁਰਖ਼ ਸ਼ਰਾਰਾ ਮੇਰਾ ਮਹਿਰਮ ਹੈ।

ਜਾਨ ਮਿਰੀ ਕਢ ਲੈਂਦੀ ਹਰ ਮੁਸਕਾਨ ਇਦ੍ਹੀ,
ਨਖ਼ਰਾ ਪ੍ਰੀਤ-ਇਸ਼ਾਰਾ ਮੇਰਾ ਮਹਿਰਮ ਹੈ।

ਨੈਣ ਝੁਕਾ ਕੇ ਬਾਤ ਕਰੇਂਦੈ ਹਰ ਵੇਲ਼ੇ,
ਸ਼ਰਮਾਂ ਦਾ ਵਣਜਾਰਾ ਮੇਰਾ ਮਹਿਰਮ ਹੈ।

ਪਿਆਰ ਕਰੇਂਦੈ ਰੂਹੋਂ ਪਰ ਜਤਲਾਵੇ ਨਾ,
ਰੂਹ ਦਿਲ ਦਾ ਖੁਸ਼ਿਆਰਾ ਮੇਰਾ ਮਹਿਰਮ ਹੈ।

ਏਸ ਬਿਨਾਂ ਇਕ ਪਲ ਤਕ ਵੀ ਜੀ ਪਾਵਾਂ ਨਾ,
ਮੇਰਾ ਰਾਜ-ਦੁਲਾਰਾ ਮੇਰਾ ਮਹਿਰਮ ਹੈ।

ਨਾਲ਼ ਅਦਾਵਾਂ ਕ਼ਤਲ ਕਰੇਂਦੈ ‘ਗੁਰਸ਼ਰਨਾ’,
ਤੇਜ਼-ਤਰਾਰੀ-ਆਰਾ ਮੇਰਾ ਮਹਿਰਮ ਹੈ।

‘ਅਜੀਬ’ ਕਹਾਉਨੈਂ ਤੂੰ ਵੀ ਖ਼ੁਦ ਨੂੰ ‘ਗੁਰਸ਼ਰਨਾ’,
ਤੇਰੇ ਤੋਂ ਵੀ ਨਿਆਰਾ ਮੇਰਾ ਮਹਿਰਮ ਹੈ।

(9)

ਸੋਚ ਸਮਝ  ਕੇ ਚਲਣਾ ਪੈਂਦਾ ਜੀਵਨ ਵਿਚ!
…………………………………………..

ਬਹਿਰ: ਮੁਤਦਾਰਿਕ, ਮੁਅੱਸ਼ਰ, ਮਕਤੂਅ,ਅਖ਼ਜ਼
ਅਰਕਾਨ: ਇਕ ਮਿਸਰੇ ਵਿਚ ਇਕ ਵਾਰ
(ਫ਼ੇਲੁਨ+ਫ਼ੇਲੁਨ +ਫ਼ੇਲੁਨ +ਫ਼ੇਲੁਨ+ਫ਼ੇਲੁਨ+ਫ਼ੇ)
(SS +SS + SS + SS + SS + S)

੦ ਗ਼ ਜ਼ ਲ

ਸੋਚ ਸਮਝ  ਕੇ ਚਲਣਾ ਪੈਂਦਾ ਜੀਵਨ ਵਿਚ।
ਨਾਲ਼ ਹਲਾਤਾਂ ਢਲਣਾ ਪੈਂਦਾ ਜੀਵਨ ਵਿਚ।

ਅਪਣੀ ਖ਼ਾਤਰ ਜਗ ਨੂੰ ਚਲਦਾ ਵੇਖੀ ਦਾ,
ਦਰਦ ਬਿਗਾਨਾ ਝਲਣਾ ਪੈਂਦਾ ਜੀਵਨ ਵਿਚ।

ਦੁੱਖ ਮੁਸੀਬਤ ਜੀਵਨ ਦਾ ਹੀ ਹਿੱਸਾ ਨੇ,
ਸੰਗ ਇਨ੍ਹਾਂ ਦੇ ਪਲਣਾ ਪੈਂਦਾ ਜੀਵਨ ਵਿਚ।

ਆਪ ਅਗੇਰੇ ਜੀਵਨ ਜੇਕਰ ਚੱਲੇ ਨਾ,
ਸਿਰ ਬੰਨ ਕੱਫ਼ਨ ਠਲਣਾ ਪੈਂਦਾ ਜੀਵਨ ਵਿਚ।

ਚਾਹ ਦੀ ਅੱਗ ਨੇ ਕਿੰਨੇ ਲੋਕ ਹੀ ਸਾੜੇ ਨੇ,
ਵਾਂਗ ਪਤੰਗੇ ਜਲਣਾ ਪੈਂਦਾ ਜੀਵਨ ਵਿਚ।

ਸੋਚ ਮੁਤਾਬਕ ਸਰ ਜੇ ਕਰਨੇ ਪਰਬਤ ਨੇ,
ਨਾਲ਼ ਹਯਾਤੀ ਘੁਲਣਾ ਪੈਂਦਾ ਜੀਵਨ ਵਿਚ।

ਦੁਨਿਆਦਾਰੀ ਦੇ ਰਾਹਾਂ ‘ਚ ਫ਼ੇਰ ਬਹੁਤ ਨੇ,
ਨਾਲ ਤਰੀਕੇ ਚਲਣਾ ਪੈਂਦਾ ਜੀਵਨ ਵਿਚ।

ਬਹੁਮਤ ਜੇਕਰ ਯਾਰ ਕਿਸੇ ਦੀ ਆਵੇ ਨਾ,
ਨਾ ਚਾਹੇ ਵੀ ਰਲਣਾ ਪੈਂਦਾ ਜੀਵਨ ਵਿਚ।

ਖੂਹ ਨੇਕੀ ਦੇ ਅੱਜ ਵੀ ਨਿਸ ਦਿਨ ਗਿਡ਼ਦੇ ਨੇ,
ਦਿਲ ਖੋਲ੍ਹ ਕੇ ਘਲਣਾ ਪੈਂਦਾ ਜੀਵਨ ਵਿਚ।

ਚਾਹੇ ਵਿੱਚ ਮਹੱਲੀਂ ਕੋਈ ਬੈਠਾ ਹੈ,
ਨਾਲ਼ ਲੋਕਾਈ ਰਲਣਾ ਪੈਂਦਾ ਜੀਵਨ ਵਿਚ।

ਪੁੱਤ ਜਿਨ੍ਹਾਂ ਦੇ ਜਾਣ ਵਿਦੇਸ਼ੀਂ ਉਜਰਤ ਨੂੰ,
ਦੁੱਖ-ਹਿਜਰ ਦਾ ਝਲਣਾ ਪੈਂਦਾ ਜੀਵਨ ਵਿਚ।

ਇਤਿਹਾਸ ਪਡ਼੍ਹੋ ਤਾਂ ਬੀਤੇ ਯੁਗ ਦਾ ਗਿਆਨ ਮਿਲੇ,
ਪੰਨਾ ਇਕ ਇਕ ਥਲਣਾ ਪੈਂਦਾ ਜੀਵਨ ਵਿਚ।

ਫੌਜਾਂ ਦੇ ਰਾਹ-ਰਸਤੇ ਵੱਖਰੇ ਹੁੰਦੇ ਨੇ,
ਪੈਰੀਂ ਸਭ ਨੂੰ ਦਲਣਾ ਪੈਂਦਾ ਜੀਵਨ ਵਿਚ।

ਪੀਜ਼ੇ ਬਰਗਰ ਬਾਹਰ ਦੇ ਮਹਿੰਗੇ ਹੋਵਣ ਜਦ,
ਵੇਸਣ ਘੋਲ਼ ਵੀ ਤਲਣਾ ਪੈਂਦਾ ਜੀਵਨ ਵਿਚ।

ਸਾਗਰ ਜੇਕਰ ਕਰਨਾ ਪਾਰ ਗ੍ਰਹਿਸਥੀ ਦਾ,
ਵਿੱਚ ਸਮੁੰਦਰ ਠਲਣਾ ਪੈਂਦਾ ਜੀਵਨ ਵਿਚ।

ਪੰਧ ਬਡ਼ਾ ਹੀ ਟੇਢਾ ਹੈ ਜ਼ਿੰਦਗਾਨੀ ਦਾ,
ਰੁਕ ਰੁਕ ਰੁਕ ਰੁਕ ਚਲਣਾ ਪੈਂਦਾ ਜੀਵਨ ਵਿਚ।

ਸੰਭਲ ਸੰਭਲ ਕੇ ਟੁਰਿਆ ਕਰ ‘ਗੁਰਸ਼ਰਨ ਸਿੰਹਾਂ’,
ਬਾਦ ‘ਚ ਹਥ ਫਿਰ ਮਲਣਾ ਪੈਂਦਾ ਜੀਵਨ ਵਿਚ।

ਰਖਣਾ ਕਾਇਮ ਅਮਨ ਹੈ ਜੇਕਰ ਦੁਨੀਆ ਵਿਚ,
ਪੈਗ਼ਾਮ ਅਮਨ ਦਾ ਘਲਣਾ ਪੈਂਦਾ ਜੀਵਨ ਵਿਚ।

ਸ਼ਾਇਰ ਬਣਨਾ ਖੇਡ ਨਾ ਯਾਰ ‘ਅਜੀਬਾ’ ਏ,
ਰੂਹ ਨੂੰ ਧੁਖ਼ ਧੁਖ਼ ਬਲਣਾ ਪੈਂਦਾ ਜੀਵਨ ਵਿਚ।

(10)

ਨਦੀ ਪਿਆਰ ਦੀ ਨਿਤ ਜੇ ਵਗਦੀ ਰਹੇਗੀ!
…………………………………………..
ਬਹਿਰ: ਮੁਤਕਾਰਿਬ, ਮੁਸੱਮਨ, ਸਾਲਿਮ
ਅਰਕਾਨ: ਇਕ ਮਿਸਰੇ ਵਿਚ ਇਕ ਵਾਰ
(ਫ਼ਊਲਨ+ਫ਼ਊੁਲੁਨ+ਫ਼ਊੁਲੁਨ+ਫ਼ਊਲੁਨ)
(ISS+ISS+ISS+ISS)

o ਗ਼ਜ਼ਲ

ਨਦੀ ਪਿਆਰ ਦੀ ਨਿਤ ਜੇ ਵਗਦੀ ਰਹੇਗੀ।
ਤਾਂ ਜੀਵਨ ਦੀ ਹਲ਼ਟੀ ਵੀ ਚਲਦੀ ਰਹੇਗੀ।

ਨਾ ਬੁਝਸਣ ਕਿਸੇ ਘਰ ਦੇ ਦੀਪਕ ਕਦੇ ਭੀ,
ਅਗਰ ਜੋਤ ਉਲਫ਼ਤ ਦੀ ਬਲ਼ਦੀ ਰਹੇਗੀ।

ਕਰਾਂਗੇ ਕੀ ਆਪਾਂ ਕਮਾ ਕੇ ਇਹ ਦੌਲ਼ਤ,
ਫਲੀ ਨਾ ਕਮਾਈ ਜੇ ਗਲ਼ਦੀ ਰਹੇਗੀ।

ਕੀ ਫ਼ੈਦਾ ਸਮਾਂ ਵੱਧ ਮੈਂ ਕੰਮ ‘ਤੇ ਲਗਾਵਾਂ,
ਮਹਿੰਗਾਈ ਨਿਸ ਦਿਨ ਜੇ ਵਧਦੀ ਰਹੇਗੀ।

ਨਮੀ ਦੇ ਸਕੇਗੀ ਜੋ •ਰਿੱਕੀ ਨਜ਼ਰ ਨੂੰ,
ਮੁਹੱਬਤ ਦੀ ਆਹ ਉਹ ਵੀ ਬਚਦੀ ਰਹੇਗੀ।

ਮੁਨਾਫ਼ਾ ਕੀ ਹੋਣੈ ਹੈ ਕਰ ਕਰ ਭਲਾਈ,
ਜੇ ਨਫ਼ਰਤ ਦਿਲਾਂ ਵਿੱਚ ਪਲ਼ਦੀ ਰਹੇਗੀ।

ਸਚਾਈ ਦਾ ਰਸਤਾ ਹੈ ਔਖਾ ਭਲੇ ਹੀ,
ਮਗਰ ਸ਼ਕਤੀ ਅੰਦਰੋਂ ਹੀ ਮਿਲਦੀ ਰਹੇਗੀ।

ਲਿਆਣਾ ਅਮਨ-ਚੈਨ ਜਗ ਤੇ ਹੈ ਆਪਾਂ,
ਸੁਨੇਹਾ ਗ਼ਜ਼ਲ ਮੇਰੀ ਘਲ਼ਦੀ ਰਹੇਗੀ।

ਕਰੇ ਨਾ ਕਰੇ ਕੋਈ ‘ਅਜੀਬਾ’ ‘ਮੁਹੱਬਤ,
ਮਗਰ ਸ਼ਾਇਰੀ ਮੇਰੀ ‘ਚ ਪਲ਼ਦੀ ਰਹੇਗੀ।

  • ਰਿੱਕੀ: ਸੁੱਕੀ

(11)

ਕਦੇ ਨਾ ਹਾਰਨਾ ਹਿੰਮਤ ਕਦੇ ਨਾ ਮਾਰਨਾ ਹਿੰਮਤ!
…………………………………………………

ਬਹਿਰ: ਹਜ਼ਜ, ਮੁਸੱਮਨ, ਸਾਲਮ
ਅਰਕਾਨ: ਇਕ ਮਿਸਰੇ ਵਿਚ ਇਕ ਵਾਰ
(ਮੁਫ਼ਾਈਲੁਨ + ਮੁਫ਼ਾਈਲੁਨ + ਮੁਫ਼ਾਈਲੁਨ + ਮੁਫ਼ਾਈਲੁਨ)
(ISSS + ISSS +  ISSS + ISSS)

o ਗ਼ਜ਼ਲ

ਕਦੇ ਨਾ ਹਾਰਨਾ ਹਿੰਮਤ ਕਦੇ ਨਾ ਮਾਰਨਾ ਹਿੰਮਤ।
ਨਾ ਢਾ ਕੇ ਢੇਰੀਆਂ ਬਹਿਣਾ ਸਦਾ ਹੀ ਤਾਰਨਾ ਹਿੰਮਤ।

ਕਿਸੇ ਦੇ ਕੰਮ ਆ ਜਾਣਾ ਗ਼ਨੀਮਤ ਜਾਣਿਆ ਜਾਂਦੈ,
ਕਿ ਜਾਨਾਂ ਵਾਰਦੇ ਲੋਕੀਂ ਤੁਸੀਂ ਪਰ ਵਾਰਨਾ ਹਿੰਮਤ।

ਕਰੇ ਹਿੰਮਤ ਸਫ਼ਲ ਹੁੰਦੇ ਜੋ ਚਿਤਵੇ ਖ਼ਾਬ ਨੇ ਹੁੰਦੇ,
ਕਿ •ਧਰਮਿੰਦਰ ਦੇ ਵਾਂਗਰ ਹੀ ਕਦੇ ਨਾ ਹਾਰਨਾ ਹਿੰਮਤ।

ਬਿਨਾਂ ਹਿੰਮਤ ਵੀ ਜੀਣਾ ਕੀ? ਮੌਤ ਦੇ ਤੁਲ਼ ਹੀ ਹੁੰਦੈ,
ਕਿ ਜੀਵਨ ਦੇ ਹਰਿਕ ਦਿਨ ਹੀ ਸਦਾ ਸੰਵਾਰਨਾ ਹਿੰਮਤ।

‘ਅਜੀਬਾ’ ਆਖ ਰੋਜ਼ਾਨਾ ਅਤੀ ਮਨਮੋਹਣੀਆਂ ਗ਼ਜ਼ਲਾਂ,
ਕਿ ਹਰ ਇਕ ਸ਼ਿਅਰ ਦੇ ਅੰਦਰ ਰਤਾ ਖਿੰਡਾਰਨਾ ਹਿੰਮਤ।

……………………………………………………

•ਧਰਮਿੰਦਰ: ਬੌਲੀਵੁਡ ਦੇ ਹੈਂਡਸਮ ਹੀ-ਮੈਨ ਤੇ
ਡਰੀਮ ਗਰਲ ਹੇਮਾ ਮਾਲਿਨੀ ਤੇ ਪ੍ਰਕਾਸ਼ ਕੌਰ ਦੇ
ਅਦਾਕਾਰ ਸਵਰਗੀਯ ਪਤੀ ਧਰਮਿੰਦਰ ਭਾ ਜੀ!

(12)

ਕਿਧਰ ਨੂੰ ਜਾ ਰਿਹਾ ਅਜਕਲ ਜ਼ਮਾਨਾ ਸਾਰ ਨਾ ਕੋਈ!
……………………………………………………

ਬਹਿਰ: ਹਜ਼ਜ, ਮੁਸੱਮਨ, ਸਾਲਮ
ਅਰਕਾਨ: ਇਕ ਮਿਸਰੇ ਵਿਚ ਇਕ ਵਾਰ
(ਮੁਫ਼ਾਈਲੁਨ + ਮੁਫ਼ਾਈਲੁਨ + ਮੁਫ਼ਾਈਲੁਨ + ਮੁਫ਼ਾਈਲੁਨ)
(ISSS + ISSS +  ISSS + ISSS)

o ਗ਼ ਜ਼ ਲ

ਕਿਧਰ ਨੂੰ ਜਾ ਰਿਹਾ ਅਜਕਲ ਜ਼ਮਾਨਾ ਸਾਰ ਨਾ ਕੋਈ।
ਬਿਨਾਂ ਮਤਲਬ ਦੇ ਕਰਦਾ ਦੋਸਤੋ ਹੈ ਪਿਆਰ ਨਾ ਕੋਈ।

ਬਡ਼ਾ ਸੌਡ਼ਾ ਜਿਹਾ ਸੰਸਾਰ ਬਣ ਕੇ ਰਹਿ ਗਿਐ ਯਾਰੋ,
ਕਿ ਮਿਲਦੇ ਇਕ ਦੁਏ ਨੂੰ ਵਾਂਗ ਪਹਿਲਾਂ ਯਾਰ ਨਾ ਕੋਈ।

ਟੁਰੇ ਜਾਂਦੇ ਵੀ ਲੈੋੰਦੇ ਗੰਢ ਲੋਕੀਂ ਸਨ ਨਵੇਂ ਰਿਸ਼ਤੇ,
ਕਿਤੇ ਮਾਹੌਲ ਉਹ ਦਿਸਦਾ ਹੀ ਸਭਿਆਚਾਰ ਨਾ ਕੋਈ।

ਗਿਰਾਵਟ ਆ ਗਈ ਲੋਕਾਂ ਦੀ ਅਜਕਲ ਸੋਚ ਦੇ ਅੰਦਰ,
ਕਿ ਬਚਿਆ ਇਸ ਬੀਮਾਰੀ ਤੋਂ ਜਮਾ ਦਿਲਦਾਰ ਨਾ ਕੋਈ।

ਕਰਾਂ ਕੀ ਦੋਸਤੋ ਲਭਦਾ ਨਹੀਂ ਜੋ ਪਿਆਰ ਹੁੰਦਾ ਸੀ,
ਦਿਲਾਂ ਵਿੱਚੋਂ ਹੈ ਗ਼ਾਇਬ ਪਿਆਰ ਲਭਦੇ ਯਾਰ ਨਾ ਕੋਈ।

ਬਡ਼ੇ ਮਾਯੂਸ ਦਿਸਦੇ ਨੇ ਮਨੁੱਖੀ ਮੁੱਖਡ਼ੇ ਅਜਕਲ,
ਨਾ ਚਿਹਰੇ ‘ਤੇ ਖ਼ੁਸ਼ੀ ਖੇਡ਼ਾ ਦਿਖੇ ਗੁਲਜ਼ਾਰ ਨਾ ਕੋਈ।

ਕੋਰੋਨੇ ਬਾਦ ਬੁੱਲ੍ਹੀਆਂ ਤੋਂ ਨੇ ਹਾਸੇ ਉਡ ਗਏ ਯਾਰੋ,
ਦਿਖੇ ਜ਼ਿੰਦਗਾਨਡ਼ੀ ਦੇ ਵਿਚ ਉਲਫ਼ਤ ਪਿਆਰ ਨਾ ਕੋਈ।

ਰਿਹਾ ਨਾ ਪਿਆਰ ਹੁਣ ਉਪਲਭਦ ਸੱਚਾ ਇਸ ਜਹਾਂ ਅੰਦਰ,
ਕਰੇ ਹੁਣ ਆਪਣਿਆਂ ‘ਤੇ ਹੀ ਰਤਾ ਇਤਬਾਰ ਨਾ ਕੋਈ।

ਜਤਾਵੇ ਨਾ ਕੋਈ ਹਮਦਰਦ ਹਮਦਰਦੀ ਜਾਂ ਉਲਫ਼ਤ ਹੀ,
ਕਿ ਬਚਿਆ ਦੋਸਤੋ ਸੰਸਾਰ ਵਿਚ ਗ਼ਮਖ਼ਾਰ ਨਾ ਕੋਈ।

ਗਏ ਆਪੇ ਤੋਂ ਬੱਚੇ ਬਾਹਰ ਹੋ ਕੁਰਲਾਂਵਦੇ ਮਾਪੇ,
ਰਿਹਾ ਮਾਂ-ਬਾਪ ਦਾ ਉਹਨਾਂ ‘ਤੇ ਹੈ ਅਧਿਕਾਰ ਨਾ ਕੋਈ।

•ਮੁਹੱਬਤੀ-ਸ਼ਾਦੀਆਂ ਕਰਕੇ ਵੀ ਲਡ਼ਦੇ ਰਹਿਣ ਦੋਨੋਂ ਜੀ,
ਰਹੀ ਸ਼ਾਦੀ ਦੀ ਅਹਿਮੀਅਤ ਦਿਲਾਂ ਵਿਚਕਾਰ ਨਾ ਕੋਈ।

ਜਨਮ ਤੋਂ ਮਰਨ ਤਕ ਦਿੰਦੇ ਰਹੀਏ ਸਰਕਾਰ ਨੂੰ ਕਰ ਹੀ,
ਕਿ ਫਿਰ ਵੀ ਪੁਛਦੀ ਜਨਤਾ ਨੂੰ ਹੈ ਸਰਕਾਰ ਨਾ ਕੋਈ।

ਗ਼ਜ਼ਲ ਦੀ ਸਾਧਨਾ ਬਿਨ ਹੋਰ ਕੁਝ ਨਾ ਅਹੁਡ਼ਿਆ ਸਾਨੂੰ,
ਨਾ ਮਾਯਾ ਦੇ ਮਗਰ ਭੱਜੇ ਬਣੇ ਜ਼ਰਦਾਰ ਨਾ ਕੋਈ।

ਹਲੀਮੀ ਸਾਦਗੀ ਦੇ ਨਾਲ਼ ਜੀਣਾ ਹੀ ਅਸਲ ਜੀਵਨ,
ਮਗਰ ਇਸ ਨੂੰ ‘ਅਜੀਬਾ’ ਕਰ ਰਿਹਾ ਸਵਿਕਾਰ ਨਾ ਕੋਈ।

•ਮੁਹੱਬਤੀ-ਸ਼ਾਦੀਆਂ: ਲਵ-ਮੈਰੇਜਿਜ਼
o

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
**
***
1661

ਗੁਰਸ਼ਰਨ ਸਿੰਘ ਅਜੀਬ
07932752850 | merekhatt@hotmail.com |  + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਗੁਰਸ਼ਰਨ ਸਿੰਘ ਅਜੀਬ

View all posts by ਗੁਰਸ਼ਰਨ ਸਿੰਘ ਅਜੀਬ →