6 February 2023

ਚੇਤੇ ਦੀ ਚੰਗੇਰ (ਸ਼ਰਧਾਂਜਲੀ): ਨੇੜਿਉਂ ਵੇਖਿਆ ਨੂਰ —-ਡਾ: ਗੁਰਦਿਆਲ ਸਿੰਘ ਰਾਏ

ਮੈਂ, ਸਿਰਜਣਆਤਮਿਕ ‘ਕਲਾ-ਪੁਰਖ’, ‘ਲੋਹ-ਪੁਰਸ਼ ਇਨਸਾਨ’, ਸੁਹਿਰਦ ਅਤੇ ਸਿਆਣੇ ਰਾਹ-ਦਸੇਰੇ ਮਿੱਤਰ ਦੇ ਸਮਕਾਲ ਵਿਚ ਹੋਣ ਨੂੰ ਵਰਦਾਨ ਸਮਝਦਿਆਂ ਇੱਕ ਵਧੀਆ ਕਵੀ ਅਤੇ ਇਨਸਾਨ, ਕਵੀ ਨਿਰੰਜਣ ਸਿੰਘ ਨੂਰ ਜੀ , ਜੋ ਤਿੰਨ ਜੂਨ 1999 ਨੂੰ ਸਾਨੂੰ ਸਰੀਰਕ ਤੌਰ ਤੇ ਸਦੀਵੀ ਵਿਛੋੜਾ ਦੇ ਗਏ: ਕਦਾਵਰ ਸਾਹਿਤਕਾਰ ਮਿੱਤਰ-ਪਿਅਾਰੇ ਨੂੰ ਦਿਲੋਂ ਯਾਦ ਕਰਦਿਆਂ ਨਤ-ਮਸਤਿਕ ਹੁੰਦਾ ਹਾਂ। ਚੇਤੇ ਦੀ ਚੰਗੇਰ ‘ਚੋਂ ਸ਼ਰਧਾਂਜਲੀ ਵਜੋਂ -ਨੇੜਿਉਂ ਵੇਖੀਆ ਨੂਰ ‘ਲਿਖਾਰੀ ਦੇ ਪਾਠਕਾਂ ਲਈ ਹਾਜ਼ਰ ਕਰ ਰਿਹਾ ਹਾਂ—ਗਸ ਰਾਏ(ਲਿਖਾਰੀ)
**

ਚੇਤੇ ਦੀ ਚੰਗੇਰ:  ਨੇੜਿਉਂ ਵੇਖਿਆ ਨੂਰ —(ਡਾ:) ਗੁਰਦਿਆਲ ਸਿੰਘ ਰਾਏ

ਪੰਜਾਬ, ਭਾਰਤ ਰਹਿੰਦਿਆਂ, ਮੈਂ ਨਿਰੰਜਨ ਸਿੰਘ ‘ਨਾਕਿਸ’ ਨੂੰ 1954-55 ਤੋਂ ਹੀ ਜਾਣਦਾ ਸਾਂ ਅਤੇ ਮਿਲ ਵੀ ਚੁੱਕਾ ਸਾਂ ਪਰ ਨਿਰੰਜਨ ਸਿੰਘ ‘ਨੂਰ’ ਨੂੰ ਜਾਨਣ ਅਤੇ ਮਿਲਣ ਦਾ ਮੌਕਾ ਮੈਂਨੂੰ ਬਹੁਤ ਮਗਰੋਂ ਬਰਤਾਨੀਆਂ ਆ ਕੇ 1970 ਵਿਚ ਹੀ ਮਿਲਿਆ। ਬਸ, ਇੱਕ ਸਬੱਬ ਹੀ ਬਣ ਗਿਆ।

‘ਅਕਾਲੀ ਪੱਤ੍ਰਿਕਾ’ ਦੀ ਸਹਿ-ਸੰਪਾਦਕੀ ਦੀ ਨੌਕਰੀ ਛੱਡ ਕੇ, ਵਾਊਚਰ ਸਿਸਟਮ ਅਧੀਨ 1963 ਵਿੱਚ ਮੈਂ ਬਰਤਾਨੀਆ ਆਇਆ। ਕੁਝ ਕੁ ਚਿਰ ਵੈਸਟ ਡਰੇਟਨ ਅਤੇ ਮਾਈਲੈਂਡ ਰਹਿਣ ਪਿੱਛੋਂ ਕਾਫ਼ੀ ਸਮਾਂ ਪਲਾਸਟੋ ਰਹਿਣ ਦਾ ਸਬੱਬ ਬਣਿਆ। ਰੁਜ਼ਗਾਰ ਦੇ ਚੱਕਰ ਵਿਚ ਪੰਜਾਬੋਂ ਆਕੇ, ਪੰਜਾਬੀ ਸਾਹਿਤਕ ਜਗਤ ਨਾਲੋਂ ਥੋੜਾ ਕੁ ਟੁੱਟ ਗਿਆ ਸਾਂ। ਪੋਸਟ ਆਫਿਸ ਦੀ ਨੌਕਰੀ ਪਿੱਛੋਂ ਪੱਕੇ ਤੌਰ ਤੇ ਅਧਿਆਪਨ ਦੇ ਕਿੱਤੇ ਵਿਚ ਜਾਣ ਲਈ ਭਾਰਤੀ ਡਿਗਰੀਆਂ ਧਰੀਆਂ ਦੀਆਂ ਧਰੀਆਂ ਰਹਿ ਜਾਣ ਕਾਰਨ ਲੰਡਨ ਯੂਨੀਵਰਸਿਟੀ ਦੀ ਤਿੰਨ ਵਰਿ੍ਹਆਂ ਦੀ ‘ਸਰਟੀਫੀਕੇਟ ਇਨ ਐਜੂਕੇਸ਼ਨ’ ਕਰਦਿਆਂ ਖਰਚਾ ਪੂਰਾ ਕਰਨ ਲਈ ‘ਪੰਜਾਬੀ ਦੀ ਪਰਿੰਟਿੰਗ’ ਦਾ ਕਾਰਜ ਜਾਰੀ ਕਰਨਾ ਪਿਆ। ਇਸ ਹੀ ਸਿਲਸਿਲੇ ਵਿਚ ਸਵਰਗਵਾਸੀ ਸ: ਹਰਦੇਵ ਸਿੰਘ ਢੇਸੀ ਆਪਣੇ ਇੱਕ ਮਿੱਤਰ ਨਾਲ ਮਿਲਣ ਆਏ। ਗੱਲਾਂ ਹੀ ਗੱਲਾਂ ਵਿੱਚ ਢੇਸੀ ਹੁਰਾਂ ਆਪਣੇ ਨਾਲ ਆਏ ਮਿੱਤਰ ਨਾਲ ਜਾਣ ਪਹਿਚਾਣ ਕਰਾਉਂਦਿਆਂ ਕਿਹਾ: ‘ਇਹ ਪੰਜਾਬੀ ਕਵੀ ‘ਨੂਰ’ ਹਨ।’  ਮੈਂ ਸਹਿਜ ਸੁਭਾ ‘ਮੋਨੇ’ ਬੰਦੇ ਵਲਾਂ ਵੇਖਿਆ ਅਤੇ ਅਚਣਚੇਤ ਹੀ ਮੇਰੇ ਮੂੰਹੋਂ ਨਿਕਲਿਆ: ‘ਡਾ: ਨੂਰ ਭਾਰਤੀ?’ ਕਿਉਂਕਿ ਬਦਕਿਸਮਤੀ ਨਾਲ ਉਸ ਵੇਲੇ ਤੱਕ ਮੈਂ ਕੇਵਲ ਇਸ ਹੀ ‘ਨੂਰ’ ਭਾਰਤੀ ਦਾ ਨਾਂ ਬਰਤਾਨੀਆਂ ਦੀਆਂ ਮੁਢਲੀਆਂ ਪੰਜਾਬੀ ਅਖਬਾਰਾਂ ਵਿਚ ਵੇਖਿਆ ਸੀ। ਬਸ ਮੂੰਹੋਂ ਨਿਕਲ ਗਿਆ।

‘ਨਹੀਂ, ਨਹੀਂ ਰਾਏ ਜੀ! ਇਹ ਕਵੀ ਨਿਰੰਜਨ ਸਿੰਘ ‘ਨੂਰ’ ਹੈ। ਨਿਰੰਜਨ ਸਿੰਘ ‘ਨਾਕਿਸ’ ਤੋਂ ਬਦਲਿਆ ‘ਨਿਰੰਜਨ ਸਿੰਘ ਨੂਰ।’ 

ਨਿਰੰਜਨ ਸਿੰਘ ‘ਨਾਕਿਸ’ ਤੋਂ ਬਦਲਿਆ ‘ਨਿਰੰਜਨ ਸਿੰਘ ਨੂਰ?’ ਮੈਂਨੂੰ, ਆਪਣੇ ਚੇਤੇ ਦੇ ਦੀਵਾਲੀਆਪਨ ਅਤੇ ਬਰਤਾਨਵੀ ਪੰਜਾਬੀ ਸਾਹਿਤਕ ਜਗਤ ਤੋਂ ਅਗਿਆਨਤਾ ਕਾਰਨ, ਬਹੁਤ ਸ਼ਰਮ ਮਹਸਿੂਸ ਹੋਈ। ਮੈਂ ਧੋਖਾ ਸ਼ਾਇਦ ਇਸ ਕਰਕੇ ਵੀ ਖਾ ਗਿਆ ਕਿਉਂ ਜੋ ਮੈਂ ਜਿਸ ‘ਨਾਕਿਸ’ ਨੂੰ ਜਾਣਦਾ ਸਾਂ ਉਸਦੇ ਸਿਰ ਤੇ ਪੱਗ ਹੋਇਆ ਕਰਦੀ ਸੀ। ਮੈਂ ਉੱਠਿਆ ਅਤੇ ਨਾ ਪਹਚਾਣ ਸਕਣ ਕਾਰਨ ਮਾਫ਼ੀ ਮੰਗੀ। ‘ਨੂਰ’ ਨਾਲ ਵਗਲਗੀਰ ਹੁੰਦਿਆਂ ਸੋਚ ਰਿਹਾ ਸਾਂ ਪਤਾ ਨਹੀਂ ਨਿਰੰਜਨ ਸਿੰਘ ਮੇਰੇ ਨਾਲ ਕਿੰਨਾ ਕੁ ਨਾਰਾਜ਼ ਹੋਵੇਗਾ। ਪਰ ਜਦੋਂ ਮੈਂ ‘ਨੂਰ’ ਵਲਾਂ ਵੇਖਿਆ ਤਾਂ ਉਹ ਨਿੰਮ੍ਹਾ ਨਿੰਮ੍ਹਾਂ ਮੁਸਕਰਾ ਰਿਹਾ ਸੀ। ਉਸ ਦੀ ਮੁਸਕ੍ਰਾਹਟ ਨਿਰਛਲ ਜਿਹੀ ਲੱਗੀ। ਸੋਚਿਆ: ਹੁਣ ‘ਨਾਕਿਸ’ ਕਿਉਂਕਿ ‘ਨੂਰ’ ਹੈ ਉਹ ਨਾਰਾਜ਼ ਕਿਵੇਂ ਹੋ ਸਕਦਾ ਹੈ? ‘ਨੂਰ’ ਮੁਸਕਰਾਉਂਦਿਆਂ ਬੋਲਿਆ: ‘ਰਾਏ ਜੀ! ਮਾਫ਼ੀ ਕਾਸਦੀ? ਤੁਸਾਂ ਮੈਂਨੂੰ ਸ਼ਿਮਲੇ ਮਾਫ਼ ਕਰ ਦਿੱਤਾ ਅਤੇ ਅੱਜ ਮੈਂ ਤੁਹਾਨੂੰ ਇੱਥੇ। ਤੁਸੀਂ ਉਦੋਂ ਵੀ ਗ਼ਲਤਫ਼ਹਿਮੀ ਦਾ ਸ਼ਿਕਾਰ ਹੋ ਗਏ ਸੀ ਅਤੇ ਹੁਣ ਵੀ ਭੁਲੇਖਾ ਖਾ ਗਏ।’ ਅਤੇ ਮੈਂ ਚੇਤੇ ਦੀ ਚੰਗੇਰ ਨੂੰ ਫਰੋਲਦਾ, ਸੋਚੀਂ ਪੈ ਗਿਆ।

ਇਧਰ-ਉਧਰ ਦੀਆਂ ਢੇਰ ਸਾਰੀਆਂ ਗੱਲਾਂ ਹੁੰਦੀਆਂ ਰਹੀਆਂ। ਉਹ ਕਿਸ ਕੰਮ ਆਏ ਸੀ ਸਭ ਭੁੱਲ-ਭੁਲਾ ਗਏ। ‘ਢੇਸੀ’ ਹੈਰਾਨ ਵੇਖ ਰਿਹਾ ਸੀ ਅਤੇ ਸ਼ਾਇਦ ਸੋਚ ਵੀ ਰਿਹਾ ਸੀ ਕਿ ਇਹ ਕੀ ਹੋਇਆ? ‘ਨੂਰ’ ਦੋਸਤ ਤਾਂ ਉਸਦਾ ਸੀ ਅਤੇ ਉਸ ਨੇ ਹੀ ਹੁਣੇ ਜਿਹੇ ‘ਉਸਦੀ’ ਜਾਣ-ਪਹਿਚਾਣ ਮੇਰੇ ਨਾਲ ਕਰਵਾਈ ਸੀ। ਫਿਰ?

ਇਹ ਸੀ ਮੇਰੀ ਬਰਤਾਨੀਆ ਆ ਕੇ ਨਿਰਛਲ ‘ਨੂਰ’ ਨਾਲ 1970 ਵਿਚ ਪਹਿਲੀ ਮੁਲਾਕਾਤ। ਪਰ ਉਂਝ ਇਹ ਮੇਰੀ ਉਸ ਨਾਲ ਪਹਿਲੀ ਮੁਲਾਕਾਤ ਨਹੀਂ ਸੀ। ਮੈਂ ਉਸਨੂੰ ਉਸਦੀਆਂ ਲਿਖਤਾਂ ਰਾਹੀਂ ਜਾਣਦਾ ਤਾਂ ਭਾਵੇਂ 1954-1955 ਤੋਂ ਹੀ ਸਾਂ ਪਰ ਉਸ ਨਾਲ ਮੇਰੀ ਪਹਿਲੀ ਮੁਲਾਕਾਤ ਜੂਨ 1960 ਵਿੱਚ ਹੋ ਚੁੱਕੀ ਸੀ। ਇਹ ਸੰਯੋਗ ਦੀ ਗੱਲ ਹੀ ਸੀ—

–ਦਰਅਸਅਲ ਆਸਾਮ ਵਿੱਚ ਰਹਿਣ ਕਾਰਨ ਮੈਂ ਪੰਜਾਬ ਅਤੇ ਪੰਜਾਬੀ ਤੋਂ ਬਹੁਤ ਦੂਰ ਸਾਂ ਇਸ ਲਈ ਜਦੋਂ ਮੈਂ 1953 ਤੋਂ ਬਾਅਦ ਪੰਜਾਬ ਆਇਆ ਤਾਂ ‘ਪੰਜਾਬੀ’ ਨਾਲ ਵਾਹ ਪੈਣਾ ਆਰੰਭ ਹੋਇਆ। ‘ਅੰਮ੍ਰਿਤਸਰ ਦੇ ਮੈਡੀਕਲ ਕਾਲਜ’ ਵਿੱਚ ਡਾਕਟਰੀ ਦੀ ਪੜ੍ਹਾਈ ਕਰਨ ਦੇ ਸੁਪਨੇ ਲੈਂਦਿਆਂ, ਦੋ ਸਾਲਾਂ ਬਾਅਦ ‘ਦੋਆਬਾ ਕਾਲਜ, ਜਾਲੰਧਰ’ ਦੀ ‘ਰੈਗੂਲਰ’ ਪੜ੍ਹਾਈ ਹੀ ਛੱਡਣੀ ਪਈ। ਰਾਹ ਹੀ ਬਦਲ ਗਏ। ਕਿਸੇ ‘ਕਿੱਤੇ’ ਦੀ ਭਾਲ ਗਿਆਨੀ ਕਰਨ ਉਪਰੰਤ ‘ਬਾਇਆ ਬਠਿੰਡਾ’ ਅਕਾਦਮਿਕ ਯੋਗਤਾ ਪਰਾਪਤ ਕਰਨ ਦੇ ਨਾਲ ਨਾਲ ਪਹਿਲਾਂ ਹਿੰਦੀ/ਪੰਜਾਬੀ ਸਾਹਿਤ ਨੂੰ ਵੱਧ ਤੋਂ ਵੱਧ ਪੜ੍ਹਨ/ਜਾਨਣ/ਮਾਨਣ ਅਤੇ ਫਿਰ ਲਿਖਣ ਵਲਾਂ ਪ੍ਰੇਰਿਆ ਗਿਆ। ਪੜ੍ਹਨਾ ਲਿਖਣਾ ਆਰੰਭ ਹੋਇਆ ਤਾਂ ਕਵਿਤਾ, ਪ੍ਰੀਤਲੜੀ, ਅਮਰ ਕਹਾਣੀਆਂ, ਪ੍ਰੀਤਮ ਆਦਿ ਬਹੁਤ ਸਾਰੇ ਮਾਸਿਕ, ਸਪਤਾਹਿਕ ਅਤੇ ਦੈਨਿਕ ਪੰਜਾਬੀ ਪਰਚਿਆਂ ਨਾਲ ਵੀ ਜੁੜਦਾ ਗਿਆ। ਇਸੇ ਸ਼ੌਕ ਸਦਕਾ ਪੰਜਾਬੀ ਦੇ ਬਹੁਤ ਸਾਰੇ ਲੇਖਕਾਂ ਨੂੰ ਮਿਲਣ, ਜਾਨਣ ਅਤੇ ਜਾਣ-ਪਹਿਚਾਣ ਤੋਂ ਅੱਗੇ ਮਿੱਤਰਤਾ ਦੇ ਨਾਲ ਨਾਲ ਪੜ੍ਹਨ ਅਤੇ ਸਮਝਣ ਦਾ ਮੌਕਾ ਵੀ ਮਿਲਦਾ ਗਿਆ। ‘ਨਾਕਿਸ’ ਦੀਆਂ ਕਵਿਤਾਵਾਂ, ਵਿਧਾਤਾ ਸਿੰਘ ਤੀਰ ਦੀ ਸਰਪ੍ਰਸਤੀ ਅਤੇ ਕਰਤਾਰ ਸਿੰਘ ਬਲੱਗਣ ਦੀ ਸੰਪਾਦਨਾ ਹੇਠ ਚੱਲ ਰਹੇ ‘ਕਵਿਤਾ’ ਪਰਚੇ ਵਿੱਚ ਤਾਂ ਛੱਪਦੀਆਂ ਹੀ ਸਨ ਪਰ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਪਰਚਿਆਂ ਵਿਚ ਵੀ ਉਸ ਦੀਆਂ ਛਪੀਆਂ ਰਚਨਾਵਾਂ ਪੜ੍ਹਨ ਨੂੰ ਮਿਲਦੀਆਂ ਰਹਿੰਦੀਆਂ ਸਨ। ਕਵੀ ਦਰਬਾਰਾਂ ਦੀਆਂ ਛਪਦੀਆਂ ਰੀਪੋਰਟਾਂ ਵਿੱਚ ਵੀ ਉਸਦਾ ਜ਼ਿਕਰ ਹੁੰਦਾ ਸੀ।

ਜਦੋਂ ਮੈਂ ‘ਪੱਤਣ’ ਮਾਸਿਕ ਪਰਚਾ 1956 ਵਿਚ ਆਦਮਪੁਰ ਤੋਂ ਕੱਢਿਆ ਤਾਂ ਮੇਰੀ ਤਾਂਘ ਸੀ ਕਿ ਜਿੱਥੇ ਈਸ਼ਰ ਸਿੰਘ ‘ਭਾਈਆ’ (ਉਸ ਸਮੇਂ ਸ਼ਿਮਲੇ ਰਹਿੰਦੇ ਸਿਰਮੋਰ ਹਾਸ-ਰਸ ਕਵੀ), ਡਾ; ਰੌਸ਼ਨ ਲਾਲ ਆਹੂਜਾ, ਰਣਜੀਤ ਸਿੰਘ ਖੜਗ, ਨਾਜ਼ਰ ਸਿੰਘ ਤਰਸ, ਅਜੀਤ ਸਿੰਘ ‘ਪੱਤੋ’, ਵੇਦ ਪ੍ਰਕਾਸ਼ ਸ਼ਰਮਾ, ਚਰਨ ਸਿੰਘ ਨਿਰਮਾਣ (ਸਹਾਰਨਪੁਰ), ਬਿਸ਼ਨ ਸਿੰਘ ਉਪਾਸ਼ਕ, ਬਲਬੀਰ ਮੋਮੀ, ਆਤਮ ਹਮਰਾਹੀ, ਸਰਵਣ ਸਿੰਘ ਰੌਣਕੀ, ਗੁਰਦੀਪ ਸਿੰਘ ਪਾਪੀ, ਪ੍ਰੇਮ ਭੂਸ਼ਨ ਗੋਇਲ, ਗੁਰਮੇਲ ਰਾਹੀ, ਰਜਵੰਤ ਸਿੰਘ ਰਾਣਾ, ਮੋਹਣ ਸਿੰਘ ਮਤਵਾਲਾ, ਦੀਵਾਨਾ ਜਾਲੰਧਰੀ ਆਦਿਕ ਅਨਗਿਣਤ ਕਵੀ/ਲੇਖਕ ‘ਪੱਤਣ’ ਵਿੱਚ ਛੱਪਦੇ ਹਨ ਉਥੇ ਨਿਰੰਜਣ ਸਿੰਘ ‘ਨਾਕਿਸ’ ਵਲੋਂ ਵੀ ਰਚਨਾਵਾਂ ਦਾ ਸਹਿਯੋਗ ਮਿਲੇ। ਕਿਸੇ ਕਾਰਨ (ਉਸ ਸਮੇਂ ਮੈਂਨੂੰ ਕਾਰਨ ਦਾ ਪਤਾ ਨਹੀਂ ਸੀ) ਨਿਰੰਜਨ ਸਿੰਘ ‘ਨਾਕਿਸ’ ਵਲੋਂ ਮੈਂਨੂੰ ਕੋਈ ਹੁੰਗਾਰਾ ਹੀ ਨਾ ਮਿਲਿਆ। ਨਿਸਚੈ ਹੀ ਮੈਂ ਨਿਰਾਸ਼ ਹੋਇਆ ਅਤੇ ਥੋੜਾ ਜਿਹਾ ਨਾਰਾਜ਼ ਵੀ।

ਮੈਂਨੂੰ ਮੁੜ ਪੰਜਾਬ ਛੱਡ ਕੇ ਪਹਿਲਾਂ ਆਸਾਮ ਜਾਣਾ ਪਿਆ। ਫਿਰ ‘ਅਨਟਰੇਂਡ ਟੀਚਰ’ ਦੀ ਹੈਸੀਅਤ ਵਿਚ ਜਲੰਧਰ, ਕੌਲ (ਕਰਨਾਲ) ਅਤੇ ਫਿਰ ਸਹਾਰਨਪੁਰ ਪੰਜਾਬੀ-ਅਧਿਆਪਨ ਕਾਰਜ ਕਰਨਾ ਪਿਆ। ਇਸ ਪਿੱਛੋਂ ‘ਅਕਾਲੀ ਪੱਤ੍ਰਿਕਾ’ ਦੀ ਸੰਪਾਦਨਾ ਟੀਮ ਨਾਲ ਜੁੜਨ ਤੋਂ ਬਹੁਤ ਬਾਅਦ ਦੱਸ ਮਈ 1960 ਨੂੰ ਮੈਂ ਤੇ ਸੁਰਜੀਤ ਨੇ ਵਿਆਹ ਬੰਧਨ ਵਿੱਚ ਬੱਝ੍ਹਣਾ ਸੀ। ਕੁਝ ਕੁ ਲੇਖਕਾਂ ਨੂੰ ਵੀ –ਮੂਰਖਤਾ-ਵੱਸ– ਹੱਥ ਲਿਖਤ ਪੋਸਟ-ਕਾਰਡਾਂ ਰਾਹੀਂ ਵਿਆਹ ਦਾ ਸੱਦਾ ਪੱਤਰ ਭੇਜਿਆ। ਵਿਆਹ ਦੇ ਮੌਕੇ ‘ਤੇ ਕੁਝ ਲੇਖਕ-ਮਿੱਤਰ ਪੁੱਜੇ, ਕੁਝ ਨੇ ਨਾ ਪੁੱਜਣ ਲਈ ਖ਼ਿਮਾਂ ਮੰਗਦਿਆਂ ਸ਼ੁੱਭ-ਇਛਾਵਾਂ ਭੇਜੀਆਂ ਪਰ ‘ਨਾਕਿਸ’ ਨੇ ਪਹੁੰਚਣਾ ਜਾਂ ਸ਼ੁੱਭ ਇਛਾਵਾਂ ਤਾਂ ਕੀ ਭੇਜਣੀਆਂ ਸਨ, ਸੱਦਾ-ਪੱਤਰ ਦੀ ਪਹੁੰਚ ਵੀ ਨਾ ਕਬੂਲੀ। ਇੰਝ ‘ਨਾਕਿਸ’ ਦੀ ਬੇ-ਰੁਖੀ ਦਿਲ ਨੂੰ ਚੁੱਭ ਗਈ। ਮੈਂ ਸੋਚਿਆ ਕਦੇ ਜੀਵਨ ਵਿੱਚ ਮੌਕਾ ਮਿਲੇਗਾ ਤਾਂ ਗੱਲ ਕਰਾਂਗਾ।

ਅਤੇ ਫਿਰ ਇਕ ਸਬੱੱਬ ਬਣਿਆ, ਬਹੁਤ ਹੀ ਵਧੀਆ। ਦਰਅਸਲ ‘ਆਲ ਇੰਡੀਆ ਲਿਟਰੇਰੀ ਕੌਂਸਲ’ ਵਲੋਂ 24-25 ਜੂਨ 1960 ਨੂੰ ਸ਼ਿਮਲੇ ਦੇ ਕਾਲਾਬਾਰੀ ਹਾਲ ਵਿਚ ‘ਸਰਬ ਭਾਰਤੀ ਨਵ ਲੇਖਕ ਸੰਮੇਲਨ’ ਦਾ ਪਰਬੰਧ ਕੀਤਾ ਗਿਆ ਸੀ। (ਪੂਰੀ ਰੀਪੋਰਟ ਕਵਿਤਾ, ਸਤੰਬਰ 1960 ਵਿਚ ਵੇਖੀ ਜਾ ਸਕਦੀ ਹੈ।)

ਆਲ ਇੰਡੀਆ ਲਿਟਰੇਰੀ ਕੌਂਸਲ ਦੇ ਮੁੱਖ ਸਰਪ੍ਰਸਤ ਸਨ ਉਸ ਵੇਲੇ ਦੇ ਪੰਜਾਬ ਦੇ ਗਵਰਨਰ ਅਤੇ ਚਾਂਸਲਰ ਪੰਜਾਬ ਯੂਨੀਵਰਸਿਟੀ ਅਤੇ ਮਰਾਠੀ ਦੇ ਸੁ-ਪ੍ਰਸਿੱਧ ਲੇਖਕ ਸ੍ਰੀ ਐਨ.ਵੀ. ਗੈਡਗਿੱਲ ਜਿਹਨਾਂ ਦੀਆਂ 30 ਤੋਂ ਵੱਧ ਪੁਸਤਕਾਂ ਛੱਪ ਚੁੱਕੀਆਂ ਸਨ ਅਤੇ ਉਹਨਾਂ ਨੇ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦਾ ਮਰਾਠੀ ਤਰਜਮਾ ਵੀ ਕੀਤਾ ਸੀ। ਸ੍ਰੀ ਗੈਡਗਿੱਲ ਨੇ ਇਸ ਕਾਨਫਰੰਸ ਦਾ ਉਦਘਾਟਨ ਕੀਤਾ ਸੀ ਅਤੇ ਪਹਿਲੀ ਬੈਠਕ ਦੀ ਪ੍ਰਧਾਨਗੀ, ਹਿੰਦੀ ਦੇ ਵਿਦਵਾਨ ਲੇਖਕ ਪੰਡਤ ਅਮਰਨਾਥ ਵਿਦਿਆਲੰਕਾਰ ਨੇ ਕੀਤੀ। ਕੌਂਸਲ ਦੇ ਚੇਅਰਮੈਨ ਪ੍ਰੋ: ਹਰਨਾਮ ਸਿੰਘ ਸ਼ਾਨ ਸਨ। ਭਾਰਤ ਤੋਂ ਬਿਨਾਂ ਯੂਗੋਸਲਾਵੀਆ ਦੇ ਲੇਖਕ ਫਿਲਪ ਕੂਰਸਿਕ ਅਤੇ ਸੋਵੀਅਤ ਪ੍ਰਤੀਨਿੱਧ ਯਾਕੂਨਿਨ ਵੀ ਆਏ ਹੋਏ ਸਨ। ਮਾਹੌਲ ਬੜਾ ਹੀ ਸਹਿਜ, ਮਿਲਵਰਤੋਂ ਵਾਲਾ ਅਤੇ ਸੁਹਾਵਣਾ ਰਿਹਾ। ਡਾ: ਰੌਸ਼ਨ ਲਾਲ ਆਹੂਜਾ (ਜਿਹਨਾਂ ਦੀਆਂ ਕੁਝ ਰਚਨਾਵਾਂ ‘ਪੱਤਣ’ ਵਿੱਚ ਛਾਪਣ ਦੀ ਖ਼ੁਸ਼ੀ ਲੈ ਚੁੱਕਿਆ ਸਾਂ ਅਤੇ ਉਹਨਾਂ ਨੇ ਮੇਰੇ ਪੋਸਟ-ਕਾਰਡ ਵਾਲੇ ਸੱਦਾ ਪੱਤਰ ਦੇ ਜਵਾਬ ਵਿੱਚ ਨਾ-ਪੁੱਜ ਸਕਣ ਲਈ ਅਸਮਰਥਤਾ ਜ਼ਾਹਿਰ ਕੀਤੀ ਸੀ) ਅਤੇ ਨਿਰੰਜਣ ਸਿੰਘ ਨਾਕਿਸ ਇਕੱਠੇ, ਸਮਾਗਮ ਦੇ ਇੱਕ ਸੈਸ਼ਨ ਵਿੱਚ ਮਿਲ ਪਏ। ‘ਨਾਕਿਸ’ ਨਾਲ ਮੈਂ ਦਿਲੋਂ ਨਾਰਾਜ਼ ਸਾਂ। ਮੈਂ ਚੁੱਪ ਨਾ ਰਹਿ ਸਕਿਆ ਅਤੇ ਅਧੀਰ ਮਨ ਨਾਲ ‘ਨਾਕਿਸ’ ਤੋਂ ਆਪਣੇ ਅਤੇ ‘ਪਤੱਣ’ ਪ੍ਰਤੀ ਉਸ ਦੀ ਬੇ-ਰੁਖੀ ਦਾ ਕਾਰਨ ਜਾਣਨਾ ਚਾਹਿਆ। ‘ਨਾਕਿਸ’ ਕਾਰਨ ਸਬੰਧੀ ਵੇਰਵਾ ਦੇਂਦਿਆਂ ਬੋਲਿਆ: ‘ਤੁਹਾਡਾ ਗੁੱਸਾ ਜਾਇਜ਼ ਹੈ ਅਤੇ ਮੈਂ ਤੁਹਾਡੇ ਕਿਸੇ ਵੀ ਪੱਤਰ ਦਾ ਜਵਾਬ ਨਾ ਦੇ ਸਕਣ ਲਈ ਖ਼ਿਮਾਂ ਮੰਗਦਾ ਹਾਂ ਪਰ ਦਰਅਸਲ ਪੋਸਟਕਾਰਡ (ਚਿੱਠੀਆਂ) ਤੁਸੀਂ ਸਨਾਤਨ ਧਰਮ ਹਾਈ ਸਕੂਲ, ਸੁਲਤਾਨਪੁਰ ਲੋਧੀ ਪਾਏ ਸਨ ਪਰ ਮੇਰੀ ਤਬਦੀਲੀ ਸਰਕਾਰੀ ਹਾਈ ਸਕੂਲ, ਖਲਚੀਆਂ (ਅੰਮ੍ਰਿਤਸਰ) ਹੋ ਗਈ ਸੀ। ਮੈਂਨੂੰ ਪੱਤਰ ਬਹੁਤ ਪਛੜਕੇ ਮਿਲੇ ਅਤੇ ਫਿਰ ਮੈਂ ਸੋਚਿਆ ਸ਼ਾਇਦ ‘ਸ਼ਿਮਲੇ’ ਮਿਲਣ ਦਾ ਸਬੱਬ ਬਣ ਜਾਵੇ।’ ਇੰਝ ‘ਨਾਕਿਸ’ ਦਾ ਕੋਈ ਕਸੂਰ ਨਹੀਂ ਸੀ। ਮੈਂ ਹੀ ਗ਼ਲਤ-ਫ਼ਹਿਮੀ ਦਾ ਸ਼ਿਕਾਰ ਸਾਂ ਪਰ ਫਿਰ ਵੀ ਉਹ, ਆਪਣੇ ਤੋਂ ਉਮਰੋਂ ਛੋਟੇ ਭਾਵ ਮੈਥੋਂ ਖ਼ਿਮਾਂ ਮੰਗ ਰਿਹਾ ਸੀ। ਮੈਂਨੂੰ, ਉਸਦੀ ਸਖਸ਼ੀਅਤ ਦੇ ਇਸ ਸੁਹਿਰਦ ਹਾਂ-ਪੱਖ ਨੇ ਬਹੁਤ ਕੀਲਿਆ। ਮੇਰਾ ਗੁੱਸਾ ਕਾਫ਼ੂਰ ਹੋ ਗਿਆ ਅਤੇ ਮੈਂ ਨਿਰਉੱਤਰ ਹੁੰਦਿਆਂ ‘ਨਾਕਿਸ’ ਨੂੰ ਹੋਰ ਕੁਝ ਵੀ ਨਾ ਕਹਿ ਸਕਿਆ। 

ਪਲਾਸਟੋ, ਮਿਲਣ ਸਮੇਂ ਨਿਰੰਜਨ ਸਿੰਘ ‘ਨੂਰ’ ਇਸੇ ਗੱਲ ਵਲ ਇਸ਼ਾਰਾ ਕਰ ਰਿਹਾ ਸੀ। 

ਇਸੇ ਸਮਾਗਮ ਵਿੱਚ ਕਹਾਣੀਕਾਰ ਅਜੀਤ ਸੈਣੀ, ਜਗਦੀਸ਼ ਅਰਮਾਨੀ, ਪ੍ਰੋ.ਦਲੀਪ ਸਿੰਘ ਦੀਪ ਅਤੇ ਗੁਰਦਿਆਲ ਸਿੰਘ ਰਾਏ ਨੂੰ ਵਾਰਤਕ ਲਈ ਸਨਮਾਨਿਆ ਗਿਆ ਅਤੇ ਨਿਰੰਜਣ ਸਿੰਘ ਨਾਕਿਸ, ਚਰਨ ਅਸ਼ੋਕ, ਸਾਥੀ ਲੁਧਿਆਣਵੀ (ਉਸ ਵੇਲੇ ਮੋਹਨ ਸਿੰਘ ਸਾਥੀ), ਚੰਨਣ ਸਿੰਘ ਚੰਨ, ਉਜਾਗਰ ਕੰਵਲ ਆਦਿ ਕਵੀਆਂ ਨੂੰ ਉੱਚ ਪਾਏ ਦੀਆਂ ਕਵਿਤਾਵਾਂ ਲਈ ਪੁਰਸਕਾਰਾਂ ਨਾਲ ਨਿਵਾਜਿਆ ਗਿਆ।

-ਮੇਰੇ ਦਿਮਾਗ ਦੇ ਪਟ ‘ਤੇ ‘ਆਲ ਇੰਡੀਆ ਲਿਟਰੇਰੀ ਕੌਂਸਲ’ ਦੇ ਸਾਰੇ ਸਮਾਗਮ ਫਿਲਮ ਦੇ ਸੀਨ ਵਾਂਗ ਘੁੰਮ ਗਏ। ਸ: ਹਰਦੇਵ ਸਿੰਘ ਢੇਸੀ ਨੇ ਗੱਲ ਨੂੰ ਅੱਗੇ ਤੋਰਦਿਆਂ ਆਪਣੇ ਆਉਣ ਦਾ ਕਾਰਨ ਦੱਸਿਆ ਅਤੇ ਫਿਰ ਡਰਬੀ ਤੋਂ ਕੱਢੇ ਜਾਣ ਵਾਲੇ ਇੱਕ ਮਾਸਿਕ ਪਰਚੇ ਦੀ ਪ੍ਰਕਾਸ਼ਨਾ ਸਬੰਧੀ ਪ੍ਰੋਗਰਾਮ ਨਜਿਠਿਆ ਗਿਆ। ਇਹ ਸੀ ਮੇਰੀ ‘ਨਾਕਿਸ’ ਤੋਂ ‘ਨੂਰ’ ਬਣੇ ਨਿਰੰਜਨ ਸਿੰਘ ਨਾਲ 1960 ਤੋਂ ਬਾਅਦ ਬਰਤਾਨੀਆ ਵਿੱਚ ਆ ਕੇ ਮੁਲਾਕਾਤ। ਅਤੇ ਫਿਰ ਸਾਡੀਆਂ ਮੁਲਾਕਾਤਾਂ ਦਾ ਇਹ ਸਿਲਸਿਲਾ, ਉਸ ਦੀ ਹਿਆਤੀ ਤੱਕ ਜਾਰੀ ਰਿਹਾ।

1970 ਵਿੱਚ ਹੀ ਰਾਮਗੜ੍ਹੀਆ ਸਿੱਖ ਗੁਰਦੁਆਰਾ ਫੌਰੈਸਟਗੇਟ, ਲੰਡਨ ਵਿਖੇ, ਸਿੱਖ ਧਰਮ ਦੇ ਬਾਨੀ ਸ੍ਰੀ ਗੁਰੁ ਨਾਨਕ ਦੇਵ ਜੀ ਦੇ ਪੰਜ ਸੌ ਸਾਲਾ ਪ੍ਰਕਾਸ਼ ਉਤਸਵ ਸਬੰਧੀ ਇਕ ਸਰਬ ਬਰਤਾਨਵੀ ਧਾਰਮਕ ਕਵੀ ਦਰਬਾਰ ਕਰਨ ਦਾ ਆਯੋਜਨ ਕੀਤਾ ਗਿਆ। ਬਰਤਾਨੀਆ ਵਸਦੇ: ਲੰਡਨ, ਸਾਊਥਾਲ, ਕਾਵੈਂਟਰੀ, ਵੁਲਵਰਹੈਂਪਟਨ ਆਦਿ ਦੇ ਲਗਪਗ ਸਾਰਿਆਂ ਹੀ ਕਵੀਆਂ ਨੂੰ ਸੱਦਿਆ ਗਿਆ। ਨਿਰੰਜਨ ਸਿੰਘ ‘ਨੂਰ’ ਹੁਰਾਂ ਨੂੰ ਵੀ ਬੇਨਤੀ ਕੀਤੀ ਗਈ। ਉਹਨਾਂ ਨੇ ਆਉਣ ਦੀ ਹਾਮੀ ਭਰੀ ਪਰ ਕੁਝ ਕੁ ਕਵੀਆਂ ਦਾ ਕਹਿਣਾ ਸੀ ਕਿ ‘ਨੂਰ’ ਮਾਰਕਸਵਾਦੀ/ਪ੍ਰਗਤੀਵਾਦੀ ਧਾਰਾ ਨਾਲ ਜੁੜਿਆ ਹੋਣ ਕਾਰਨ ਨਹੀਂ ਆਵੇਗਾ। ਕਵੀ ਦਰਬਾਰ ਦਾ ਪ੍ਰਬੰਧ ਮੇਰੇ ਜ਼ੁੰਮੇ ਸੀ ਜਿਸ ਕਾਰਨ ਮੇਰਾ ਮਨ ਵੀ ਥੋੜਾ ਜਿਹਾ ਡੋਲਿਆ ਹੋਇਆ ਸੀ। ਕਵੀ ‘ਨੂਰ’ ਨੇ ਇਸ ਯਾਦਗਾਰੀ ਕਵੀ ਦਰਬਾਰ ਵਿੱਚ ਨਾ ਕੇਵਲ ਖਿੜੇ ਮੱਥੇ ਸ਼ਮੂਲੀਅਤ ਹੀ ਕੀਤੀ ਸਗੋਂ ਵਾਹ ਵਾਹ ਸਤਿਕਾਰ ਵੀ ਪਰਾਪਤ ਕੀਤਾ। ‘ਨੂਰ’ ਵੱਸ ਲੱਗਦੇ ਕਹਿਣੀ ‘ਤੇ ਕਰਨੀ ਦਾ ਸਦਾ ‘ਸੂਰਾ’ ਹੀ ਬਣਿਆ ਰਿਹਾ। ਮੈਂ, ਉਸਤੋਂ, ਉਸਦੇ ਦਿੱਤੇ ਹੋਏ ਬਚਨ ਦਾ ਕਦੇ ਨਿਰਾਦਰ ਹੁੰਦਾ ਨਹੀਂ ਵੇਖਿਆ।

‘ਚੇਤੇ ਦੀ ਚੰਗੇਰ’ ਨੂਰ ਦੇ ਅਨੇਕਾਂ ਹੀ ਉੱਜਲ ਪੱਖਾਂ ਨਾਲ ਭਰੀ ਪਈ ਹੈ ਪਰ ਕੇਵਲ ਉਸਦੇ ਦੋ ਹੋਰ ‘ਨੂਰੀ ਵਰਤਾਰਿਆਂ’ ਦਾ ਜ਼ਿਕਰ ਕਰਨਾ ਚਾਹਾਂਗਾ।

-ਇਕ ਵੇਰ, 1979 ਵਿੱਚ ਜਦੋਂ ਮੈਂ ਆਪਣੇ ਜੀਵਨ ਦਾ ਇੱਕ ਬਹੁਤ ਹੀ ਗ਼ਲਤ ਫੈਸਲਾ ਲੈ ਕੇ, ਨੀਊਹੈਮ ਐਜੂਕੇਸ਼ਨ ਅਥਾਰਟੀ ਤੋਂ ਅਧਿਆਪਨ ਦੇ ਕਿੱਤੇ ਤੋਂ ਅਸਤੀਫਾ ਦੇ ਕੇ ਪਹਿਲਾਂ ਲੈਸਟਰ ਅਤੇ ਫਿਰ ਬਰਮਿੰਘਮ ਆਇਆ ਤਾਂ ਸਮੇਂ ਨੇ ਬੜੇ ਹੀ ਕੌੜੇ ‘ਸੱਚ’ ਦੇ ਅਨੁਭਵ ਕਰਵਾਏ। ਅਧਿਆਪਨ ਛੱਡ ਕੇ ‘ਪ੍ਰਿੰਟਿੰਗ/ਪਬਲਿਸ਼ਿੰਗ’ ਦਾ ਕਿਸੇ ਨਾਲ ਸਾਂਝਾ ਕਾਰੋਬਾਰ ਕਰ ਬੈਠਾ। ਇਸ ਸਾਂਝ ਨੇ ਦੋ ਮਹੀਨਿਆਂ ਵਿੱਚ ਹੀ ਘਰ ਤੱਕ ਵਿਕਵਾ ਦਿੱਤਾ। ਸਾਰੀ ਜਮਾਂ ਪੂੰਜੀ ਜਾਂਦੀ ਲੱਗੀ। ਸਿਫ਼ਰ ਤੋਂ ਮੁੜ ਆਰੰਭ ਕਰਨਾ ਪਿਆ। ਬੜਾ ਔਖਾ ਸਮਾਂ ਸੀ। ਕਈ ਵਰਿ੍ਹਆਂ ਦੀ ਪੂਰੀ ਕੋਸ਼ਿਸ਼ ਦੇ ਬਾਵਜ਼ੂਦ ਵੀ ਕਾਰੋਬਾਰ ਮੁੜ ਪੈਰਾਂ ਤੇ ਨਹੀਂ ਸੀ ਆ ਰਿਹਾ। ਅਧਿਆਪਨ ਦਾ ਕਾਰਜ ਛੱਡੇ ਨੂੰ ਤਿੰਨ ਵਰ੍ਹੇ ਹੋ ਚੁੱਕੇ ਸਨ। ਪਤਨੀ ਅਤੇ ਵੱਡੇ ਬੇਟੇ ਦੇ ਸਿਰ ਤੇ ਕਰੋਬਾਰ ਨੂੰ ਛੱਡ, ਮੁੜ ਕਿਸੇ ਨੌਕਰੀ ਦੀ ਬੇਹੱਦ ਲੋੜ ਸੀ। ਭਾਲ ਜਾਰੀ ਸੀ। ਪਰ ਡਿਪਾਰਟਮੈਂਟ ਆਫ਼ ਐਜੂਕੇਸ਼ਨ ਅਤੇ ਸਾਇੰਸ ਵਲੋਂ ਪ੍ਰਵਾਣਿਤ ਅਧਿਆਪਕ ਹੋਣ ਦੇ ਬਾਵਜੂਦ ਨੌਕਰੀ ਨਹੀਂ ਸੀ ਮਿਲ ਰਹੀ।

ਕਵੀ ‘ਨੂਰ’ ਨਾਲ ਅਕਸਰ ਮੁਲਾਕਾਤਾਂ ਹੁੰਦੀਆਂ ਰਹਿੰਦੀਆਂ ਸਨ। ਫੋਨ ਰਾਹੀ ਵੀ ਗਲਬਾਤ ਹੋ ਜਾਂਦੀ। ਉਸ ਨੂੰ ਮੇਰੀ ਭੈੜੀ ਆਰਥਿਕ ਸਥਿਤੀ ਦਾ ਇਲਮ ਸੀ ਪਰ ਉਸਨੇ, ਮੈਨੂੂੰ ਕਦੇ ਵੀ ਜ਼ਾਹਿਰ ਨਾ ਹੋਣ ਦਿੱਤਾ। ਬਰਮਿੰਘਮ ਤੋਂ ਦੂਰ ਡਰਬੀ ਵਿਖੇ ‘ਅਧਿਆਪਕ ਸਕੇਲ ਤਿੰਨ’ ਲਈ ਬੇਨਤੀ ਪੱਤ੍ਰ ਦਿੱਤਾ ਹੋਇਆ ਸੀ। ਇੱਧਰ ਸੈਡਵਿੱਲ ਐਜੂਕੇਸ਼ਨ ਅਥਾਰਟੀ ਵਲੋਂ ਵੀ ‘ਅਧਿਆਪਕ ਸਕੇਲ ਦੋ’ ਲਈ ਬੇਨਤੀ ਪੱਤ੍ਰ ਮੰਗੇ ਗਏ ਸਨ। ਨੂਰ ਹੁਰਾਂ ਨੂੰ ਜਦੋਂ ਪਤਾ ਲੱਗਿਆ ਕਿ ਮੈਂ ਡਰਬੀ ਵਿਖੇ ਅਧਿਆਪਨ ਕਾਰਜ ਲਈ ਬੇਨਤੀ ਪੱਤਰ ਦਿੱਤਾ ਹੈ ਤਾਂ ਉਸ ਨੇ ਮੈਂਨੂੰ ਬਰਮਿੰਘਮ ਦੇ ਲਾਗੇ ਹੀ ਸੈਂਡਵਿੱਲ ਵਿੱਚ ਬੇਨਤੀ ਪੱਤਰ ਦੇਣ ਲਈ ਪ੍ਰੇਰਦਿਆਂ ਉਤਸ਼ਾਹਿਤ ਕੀਤਾ। ਉਸਦਾ ਸੁਝਾ ਸੀ ਕਿ ਰੋਜ਼ਾਨਾ ਬਰਮਿੰਘਮ ਤੋਂ ਡਰਬੀ ਸਫਰ ਕਰਨਾ ਠੀਕ ਨਹੀਂ ਰਹੇਗਾ, ਖਰਚ ਵਧੇਗਾ ਅਤੇ ਸਮਾਂ ਵੀ ਬਹੁਤ ਲੱਗੇਗਾ। ਸੋ ਸੈਂਡਵਿੱਲ ਐਜੂਕੇਸ਼ਨ ਅਥਾਰਟੀ ਨੂੰ ਬੇਨਤੀ ਪੱਤਰ ਦੇ ਦਿੱਤਾ। ਇੰਟਰਵੀਊ ਲਈ ਬੁਲਾਵਾ ਆਇਆ ਅਤੇ ਚੁੱਣ ਲਿਆ ਗਿਆ। ਇੰਝ ‘ਨੂਰ’ ਹੁਰਾਂ ਦੇ ਉੱਦਮ ਸਦਕਾ ਮੈਂ ਮੁੜ ਅਧਿਆਪਨ ਵਿੱਚ ਆ ਗਿਆ। ‘ਨੂਰ’ ਹੁਰਾਂ ਇਸ ਸਬੰਧੀ ਨਾ ਤਾਂ ਮੈਂਨੂੰ ਕਦੇ ਚਿਤਾਰਿਆ ਹੀ ਅਤੇ ਨਾ ਹੀ ਕਦੇ ਮੇਰੀ ਵਿਉਪਾਰਕ ਅਸਫ਼ਲਤਾ ਜਾਂ ਆਰਥਿਕ ਕਮਜ਼ੋਰੀ ਦੀ ਖਿੱਲੀ ਹੀ ਉਡਾਈ। ਉਹ ਬਹੁਤ ਨਾ ਕਹਿੰਦਿਆਂ ਕੇਵਲ ਅਚੁੱਪ ਸਹਾਇਤਾ ਕਰਨੀ ਜਾਣਦਾ ਸੀ। ਉਹ ਕਦੇ ਵੀ ਕਿਸੇ ਦੂਜੇ ਨੂੰ ਹੌਲਾ ਨਹੀਂ ਸੀ ਪੈਣ ਦਿੰਦਾ ਅਤੇ ਨਾ ਹੀ ਆਪਣੇ ਤੋਂ ਘਟੀਆ ਹੀ ਸਮਝਦਾ ਸੀ। 

-ਇੰਟਰਨੈਸ਼ਨਲ ਪੰਜਾਬੀ ਸਾਹਿਤ ਸਭਾ (ਲੰਡਨ) ਦੇ ਸੱਦੇ ‘ਤੇ ਵਾਰਸ਼ਕ ਜਾਂ ਉਚੇਚੇ ਸਮਾਗਮਾਂ ਵਿੱਚ ‘ਨੂਰ’ ਅਕਸਰ ਸ਼ਾਮਲ ਹੁੰਦਾ ਸੀ। ਇਸ ਸਭਾ ਵਿਚ ਸਮੇਂ ਸਮੇਂ ਵੱਖ ਵੱਖ ਪੰਜਾਬੀ ਲੇਖਕਾਂ ਦੀਆਂ ਕਿਰਤਾਂ ਸਬੰਧੀ ਉਚੇਚੇ ਤੌਰ ਤੇ ਪਰਚੇ ਲਿਖਵਾਏ ਅਤੇ ਪੜ੍ਹੇ ਜਾਂਦੇ ਸਨ। ਕਵੀ ਨੂਰ ਅਤੇ ਕੈਲਾਸ਼ਪੁਰੀ ਸਬੰਧੀ ਪਰਚੇ ਲਿਖਣ ਅਤੇ ਬਰਮਿੰਘਮ ਵਿਖੇ ਇੰਟਰਨੈਸ਼ਨਲ ਸਾਹਿਤ ਸਭਾ (ਲੰਡਨ) ਵਲੋਂ ਪੜ੍ਹੇ ਜਾਣ ਦਾ ਫੈਸਲਾ ਹੋਇਆ। ‘ਨੂਰ’ ਉਤੇ ਪਰਚਾ ਮੈਂ ਲਿਖਿਆ ਸੀ ਅਤੇ ‘ਕੈਲਾਸ਼ਪੁਰੀ’ ਉਤੇ ਡਾ: ਪ੍ਰੀਤਮ ਸਿੰਘ ਕੈਂਬੋ ਨੇ। ਫੇਸਲੇ ਅਨੁਸਾਰ ਪਰੋਗਰਾਮ ਬਰਮਘਿਮ ਦੇ ਇੱਕ ਗੁਰਦੁਆਰੇ ਦੇ ਪਰੋਗਰਾਮਾਂ ਲਈ ਦਿੱਤੇ ਜਾਣ ਵਾਲੇ ਹਾਲ ਵਿੱਚ ਕੀਤਾ ਜਾਣਾ ਨਿਸਚਿਤ ਹੋਇਆ ਸੀ। ਇਹ ਬੜਾ ਹੀ ਔਖਾ ਸਮਾਂ ਸੀ। ਪੰਜਾਬ ਵਿੱਚ ਹਾਲਾਤ ਠੀਕ ਨਹੀਂ ਸਨ। ਆਤੰਕਵਾਦ, ਮਾਰਧਾੜ ਅਤੇ ਭੈੜੀ ਰਾਜਨੀਤੀ ਦਾ ਅਸਰ ਬਰਤਾਨਵੀ ਸਿੱਖਾਂ ਉਤੇ ਵੀ ਪੈ ਰਿਹਾ ਸੀ। ਰੋਹ-ਅਰੋਹ ਦਾ ਮਾਹੌਲ ਸੀ। ਬਰਤਾਨਵੀ ਲੇਖਕ ਵੀ ਵੰਡੇ ਗਏ ਸਨ। ਲੇਖਕ ਅਤੇ ਅ-ਲੇਖਕ ਵਿੱਚ ਅੰਤਰ ਘੱਟ ਗਿਆ ਸੀ ਅਤੇ ਹਾਲਾਤ ਬੜੇ ਅਸੁਖਾਵੇਂ ਸਨ। ਇਸ ਸਮਾਗਮ ਵਿਚ ਹੋਰ ਅਨਗਿਣਤ ਲੇਖਕਾਂ ਦੇ ਨਾਲ ਨਾਲ ਉਚੇਚੇ ਤੌਰ ਤੇ ਪੰਡਤ ਵਿਸ਼ਨੂੰ ਦੱਤ ਸ਼ਰਮਾ ਅਤੇ ਹਿੰਦੀ/ਪੰਜਾਬੀ ਦੇ ਮਾਹਰ ਰੂਸੀ ਵਿਦਵਾਨ ਲੇਖਕ ਡਾ: ਸਰਵੀਆਕੋਵ ਵੀ ਪੁੱਜ ਰਹੇ ਸਨ। ਸਾਰਾ ਪ੍ਰੋਗਰਾਮ ਮਿੱਥਿਆ ਜਾ ਚੁੱਕਿਆ ਸੀ। ਪ੍ਰੋਗਰਾਮ ਤੋਂ ਇੱਕ ਰਾਤ ਪਹਿਲਾਂ ‘ਧਮਕੀ’ ਮਿਲੀ ਕਿ ਜੇਕਰ ਗੁਰਦੁਆਰੇ ਦੇ ਹਾਲ ਵਿੱਚ ‘ਨੂਰ’ ਸਬੰਧੀ ਕੋਈ ਪਰਚਾ ਪੜ੍ਹਿਆ ਗਿਆ ਜਾਂ ਪੰਡਤ ਵਿਸ਼ਨੂ ਦੱਤ ਸ਼ਰਮਾ ਨੂੰ ਸਟੇਜ ਉਤੇ ਬਿਠਾਇਆ ਗਿਆ ਤਾਂ ਪਰੋਗਰਾਮ ਵਿੱਚ ਖਲਬਲੀ ਮਚਾਈ ਜਾਏਗੀ ਅਤੇ ਕਿਰਪਾਨਾਂ ਵੀ ਚੱਲ ਜਾਣਗੀਆਂ। ਇਹ ਵੀ ਕਿਹਾ ਗਿਆ ਕਿ ਇਸ ਗੱਲ ਨੂੰ ਕੇਵਲ ਧਮਕੀ ਨਾ ਸਮਝਿਆ ਜਾਵੇ। ਸਿੱਟੇ ਵਜੋਂ ਕੁਝ ਸਨੇਹੀਆਂ ਦਾ ਵਿਚਾਰ ਸੀ ਕਿ ਪੁਲਸ ਦੀ ਸਹਾਇਤਾ ਲਈ ਜਾਵੇ। ਮੇਰਾ ਮਨ ਨਹੀਂ ਸੀ ਮੰਨਦਾ ਕਿ ‘ਲਿਖਾਰੀਆਂ ਦੇ ਸਮਾਗਮ’ ਲਈ ਪੁਲਸ ਨੂੰ ਸੱਦਿਆ ਜਾਵੇ। ਉਂਝ ਮੇਰਾ ਵਿਚਾਰ ਸੀ ਕਿ ਇੰਝ ਡਰ ਕੇ ‘ਨੂਰ’ ਹੋਰਾਂ ਦਾ ਪ੍ਰੋਗਰਾਮ ਕੱਟਕੇ, ਅੱਧਾ-ਅਧੂਰਾ ਪ੍ਰੋਗਰਾਮ ਕੀ ਕਰਨਾ ਹੈ, ਸਾਰਾ ਪ੍ਰੋਗਰਾਮ ਹੀ ਰੱਦ ਕਰ ਦਿੱਤਾ ਜਾਵੇ। ਪਰ ਗੱਲ ਜਨਤਕ ਹੋ ਚੁੱਕੀ ਸੀ। ਸਾਰਾ ਪ੍ਰੋਗਰਾਮ ਯਕਦਮ ਰੱਦ ਕਰਨ ਸਬੰਧੀ ਸੂਚਨਾ ਦੇਣ ਲਈ ਲੋੜੀਂਦਾ ਸਮਾਂ ਨਹੀਂ ਸੀ। ਇਸ ਲਈ ਬੜੀ ਸੋਚ-ਵਿਚਾਰ ਉਪਰੰਤ ਰਾਤ ਦੇ ਦਸ ਵਜੇ ਫੈਸਲਾ ਕਰਨਾ ਪਿਆ ਕਿ ਕਲ੍ਹ ਸਵੇਰੇ ‘ਨੂਰ’ ਹੁਰਾਂ ‘ਤੇ ਪਰਚਾ ਨਾ ਪੜ੍ਹਿਆ ਜਾਵੇ ਅਤੇ ਬਾਕੀ ਪਰੋਗਰਾਮ ‘ਜਿਉਂ ਦਾ ਤਿਉਂ’ ਹੋ ਲੈਣ ਦਿੱਤਾ ਜਾਵੇ। ਇਸ ਫੈਸਲੇ ਦੀ ਸੂਚਨਾ ਜਦੋਂ ਮੈਂ ਕੁਝ ਬੁਝ੍ਹਵੇਂ ਮਨ ਨਾਲ ‘ਨੂਰ’ ਹੁਰਾਂ ਨੂੰ ਫ਼ੋਨ ਉਤੇ ਦਿੱਤੀ ਤਾਂ ਉਹਨਾਂ ਨੇ ਸਾਰੀ ਸਥਿਤੀ ਨੂੰ ਸਮਝਦਿਆਂ ਬੜੇ ਹੀ ਸਹਿਜ ਵਿਚ ਰਹਿੰਦਿਆਂ ਮੈਂਨੂੰ ਕਿਹਾ: ‘ਰਾਏ ਜੀ! ਕੋਈ ਗੱਲ ਨਹੀਂ, ਤੁਸੀਂ ਮੇਰੇ ਸਬੰਧੀ ਪਰਚਾ ਨਾ ਪੜ੍ਹਿਉ। ਹਰ ਹਾਲਤ ਵਿੱਚ ਬਾਕੀ ਪਰੋਗਰਾਮ ਹੋ ਲੈਣ ਦਿਉ।’ ਇਹੋ ਹੀ ਨਹੀਂ, ਉਹ ‘ਸੂਰਬੀਰ’ ਦੂਜੇ ਦਿਨ ਸਮੇਂ ਤੋਂ ਪਹਿਲਾਂ ਹੀ, ਮੈਂਨੂੰ ਪੂਰਾ ਸਹਿਯੋਗ ਅਤੇ ਹੱਲਾਸ਼ੇਰੀ ਦੇਣ ਲਈ ਨਾ ਕੇਵਲ ਪਰੋਗਰਾਮ ਉਤੇ ਹੀ ਪਹੁੰਚਿਆ ਸਗੋਂ ਉਸਨੇ ਸਾਰਾ ਪਰੋਗਰਾਮ ਖਿੜੇ ਮੱਥੇ, ਇੱਕ ਦਰਸ਼ਕ ਵਜੋਂ ਮਾਣਿਆ ਵੀ। ‘ਨੂਰ’ ਦੇ ਚਿਹਰੇ ਤੇ ਕੋਈ ਮਲਾਲ ਨਹੀਂ ਸੀ। ਮੇਰੀਆਂ ਨਜ਼ਰਾਂ ਵਿੱਚ ਨੂਰ ਦਾ ਕੱਦ ਪਹਿਲਾਂ ਨਾਲੋਂ ਵੀ ਹੋਰ ਵੱਡਾ ਹੋ ਗਿਆ। ‘ਨੂਰ’ ਸਬੰਧੀ ਫਿਰ ਇੱਕ ਉਚੇਚਾ/ਵੱਖਰਾ ਸਮਾਗਮ ‘ਇੰਟਰਨੈਸ਼ਨਲ ਪੰਜਾਬੀ ਸਾਹਿਤ ਸਭਾ, ਲੰਡਨ ਵਲੋਂ ਈਸਟਹੈਮ ਵਿਖੇ ਕਰਵਾਇਆ ਗਿਆ ਜਿਸ ਦੀ ਪਰਧਾਨਗੀ ਡਾ: ਰਘਬੀਰ ਸਿੰਘ ‘ਸਿਰਜਣਾ’ ਨੇ ਕੀਤੀ ਅਤੇ ਇਸ ਸਮਾਗਮ ਵਿੱਚ ਬਰਤਾਨੀਆਂ ਭਰ ਦੇ ਲੇਖਕ ਪੁੱਜੇ।

ਚੇਤੇ ਦੀ ਚੰਗੇਰ ‘ਚੋਂ, ‘ਨੂਰ’ ਸਬੰਧੀ ਲਿਖਣ ਨੂੰ ਹੋਰ ਵੀ ਬਹੁਤ ਕੁਝ ਲਿਖਿਆ ਜਾ ਸਕਦਾ ਹੈ ਪਰ ਕੋਈ ਵੀ ‘ਲਿਖਤ’ ਉਸਦੇ ਸਾਰੇ ਸਾਰਥਕ ਕਰਤਾਰੀ ਸਿਰਜਣਆਤਮਿਕ ਸੰਸਾਰ ਜਾਂ ਸਮਾਜਕ ਵਰਤਾਰੇ ਨੂੰ ਇੱਕ-ਪੱਧਰ ਕਰਨ ਦੇ ਉਪਰਾਲਿਆਂ ਲਈ ਉਸ ਵਲੋਂ ਕੀਤੇ ਜਾਣ ਵਾਲੇ ਯਤਨਾ ਨਾਲ ਇਨਸਾਫ਼ ਨਹੀਂ ਕਰ ਸਕਦੀ। ਉਸਨੇ ਆਪਣੇ ਜੀਵਨ ਦਾ ਬਹੁਤ ਸਾਰਾ ਹਿੱਸਾ ਕਮਿਊਨਿਸਟ ਪਾਰਟੀ ਅਤੇ ਪ੍ਰਗਤੀਵਾਦੀ ਲਹਿਰ ਨੂੰ ਦਿੱਤਾ। ਨਿਰੰਜਣ ਸਿੰਘ ‘ਨੂਰ’ ਜੀਵਨ ਵਿਚ ਆਈ ਹਰ ਔਕੜ ਨੂੰ ਖਿੜੇ ਮੱਥੇ ਸਹਾਰਦਾ ਰਿਹਾ। ਉਹ ਨਰ ਹੀ ਐਸਾ ਸੀ ਕਿ ਜ਼ਿੰਦਗੀ ਦੇ ਹਰ ਸੰਘਰਸ਼ ਲਈ ਸਦਾ ਤਿਆਰ-ਬਰ ਤਿਆਰ ਰਹਿੰਦਾ ਸੀ। ਪਗੜੀ ਕੇਸ ਦੇ ਮੌਕੇ ‘ਤੇ ਵੀ ਉਹ ਪਿੱਛੇ ਨਹੀਂ ਹਟਿਆ ਭਾਵੇਂ ਕਿ ਜੇਕਰ ਉਹ ਚਾਹੁੰਦਾ ਤਾਂ ‘ਦਸਤਾਰ ਦੇ ਕੇਸ’ ਨੂੰ ਕੇਵਲ ਧਾਰਮਕ ਮਾਮਲਾ ਗਰਦਾਨਕੇ ਕੰਨੀ ਝਾੜ ਲੈਂਦਾ ਪਰ ਨਹੀਂ, ਕਹਿਣੀ, ਕਾਨੀ ਅਤੇ ਕਰਨੀ ਦੇ ‘ਕਰਮੀ ਸ਼ੇਰ’ ਨੇ ‘ਨਸਲੀ ਵਿਤਕਰੇ’ ਦੀ ਗੱਲ ਕਰਕੇ, ਆਪਣੇ ਉਤੇ ਗੋਰੇ ਮੁੱਖ ਅਧਿਆਪਕ ਵਲੋਂ ਅਦਾਲਤੀ ਹੱਤਕ-ਇਜ਼ਤ ਦਾ ਦਾਅਵਾ ਕਬੂਲ ਕਰ ਲਿਆ। ਰਕਮ ਬਹੁਤ ਵੱਡੀ ਸੀ ਇਕੱਲੇ ਨੂਰ ਲਈ ਇਹ ਅਦਾ ਕਰਨੀ ਅਤਿ ਕਠਿਨ ਸੀ। ਪਾਰਟੀ ਵਲੋਂ ਸਹਿਯੋਗ ਨਾ ਮਿਲਿਆ। ਇਸ ਮੌਕੇ ਉਤੇ ਉਸਨੂੰ ਆਪਣਿਆਂ ਅਤੇ ਦੂਜਿਆਂ ਦੀ ਸੋਚ ਵਿੱਚਲਾ ਫ਼ਰਕ ਵੀ ਜ਼ਰੂਰ ਰੜਕਿਆ। ਜੁਰਮਾਨਾ ਸੀ ਉਹ ਤਾਂ ਆਖ਼ਿਰ ਨਿੱਜੀ ਸਹਿਯੋਗੀਆਂ ਦੀ ਸਹਾਇਤਾ ਨਾਲ ਭਰ ਦਿੱਤਾ ਗਿਆ। ਪਰ ਉਹ ਸਭ ਕੁਝ ਬਿਨਾਂ ਸ਼ਕਾਇਤ ਕੀਤਿਆਂ ਸਹਿ ਗਿਆ ਕਿਉਂਕਿ ਉਹ ਸ਼ਕਾਇਤ ਕਰਨ ਵਿਚ ਵਿਸ਼ਵਾਸ਼ ਹੀ ਨਹੀਂ ਸੀ ਰੱਖਦਾ ਪਰ ਇਸ ਵਰਤਾਰੇ ਨੇ ਨੂਰ ਨੂੰ ਡੂੰਘਾ ਵਲੂੰਧਰ ਦਿੱਤਾ। 

ਨਿਰੰਜਣ ਸਿੰਘ ਨੂਰ ਇੱਕ ਬਹੁਤ ਵਧੀਆ ਕਵੀ ਤਾਂ ਸੀ ਹੀ ਪਰ ਉਹ ਇੱਕ ਬਹੁਤ ਹੀ ਸਮਝਦਾਰ, ਅਸੂਲਾਂ ਦਾ ਪੱਕਾ, ਕਰਮਸ਼ੀਲ, ਸਬਰ-ਸੰਤੋਖ ਨਾਲ ਲਬਰੇਜ਼ ਸਹਿਜ ਅਤੇ ਸੁਹਿਰਦ ਇਨਸਾਨ ਸੀ। ਆਪਣੀ ਜ਼ਿੰਦਗੀ ਵਿੱਚ ਮੈਂ ਉਸਨੂੰ ਕਦੇ ਵੀ ਤਲਖ਼ੀ ਵਿਚ ਆਉਂਦਿਆਂ ਨਹੀ ਸੀ ਵੇਖਿਆ। ਸਗੋਂ ਆਪਣੀ ਔਖ ਅਤੇ ਗੰਭੀਰ ਦਿੱਕਤਾਂ ਦੇ ਰੂ-ਬਰੂ ਹੁੰਦਿਆਂ ਹੋਇਆਂ ਵੀ ਉਹ ਮੌਕੇ ਅਤੇ ਆਪਣੀ ਵਿੱਤ ਅਨੁਸਾਰ ਦੂਜੇ ਲੋੜਵੰਦ ਦੀ ਹਰ ਪਰਕਾਰ ਦੀ ਸਹਇਤਾ ਲਈ ਤਤਪਰ ਰਹਿੰਦਾ ਸੀ। ਉਹ ਦੂਜੇ ਨੂੰ ਹੌਲਾ ਨਹੀਂ ਸੀ ਪੈਣ ਦਿੰਦਾ। ਆਪਣੇ ਸਾਹਮਣੇ ਵਾਲੇ ਨੂੰ ਉਸ ਕਦੇ ਵੀ ਘਟੀਆ-ਪਨ ਦਾ ਅਹਿਸਾਸ ਦਿਲਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਉਸਦੀ ਹਰ ਸੰਗਤ ਵਿੱਚ ਸਦਾ ਹੀ ਪਿਆਰ, ਅਪਣਤ ਅਤੇ ਸੁਹਿਰਦਤਾ ਦਾ ਵਾਤਾਵਰਣ ਬਣਿਆ ਰਹਿੰਦਾ ਸੀ। ਉਹ ਦੂਜੇ ਦੀਆਂ ਕਮਜ਼ੋਰੀਆਂ ਅਤੇ ਸੀਮਾਵਾਂ ਨੂੰ ਸਮਝਦਿਆਂ, ਮਿਲਦੇ ਸਹਿਯੋਗ ਜਾਂ ਅਸਹਿਯੋਗ ਨੂੰ ਸਹਿਜ ਨਾਲ ਹੀ ਲੈਂਦਾ ਸੀ।

ਹੋਰ ਬਹੁਤਾ ਨਾ ਕਹਿੰਦਿਆਂ ਮੈਂ, ਸਿਰਜਣਆਤਮਿਕ ‘ਕਲਾ-ਪੁਰਖ’, ‘ਲੋਹ-ਪੁਰਸ਼ ਇਨਸਾਨ’, ਸੁਹਿਰਦ ਅਤੇ ਸਿਆਣੇ ਰਾਹ-ਦਸੇਰੇ ਮਿੱਤਰ ਦੇ ਸਮਕਾਲ ਵਿੱਚ ਹੋਣ ਨੂੰ ਵਰਦਾਨ ਸਮਝਦਿਆਂ ਇੱਕ ਵਧੀਆ ਕਵੀ ਅਤੇ ਇਨਸਾਨ ਨੂੰ ਯਾਦ ਕਰਦਿਆਂ ਨਤ-ਮਸਤਿਕ ਹੁੰਦਾ ਹਾਂ।
***
198
***

About the author

ਡਾ. ਗੁਰਦਿਆਲ ਸਿੰਘ ਰਾਏ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਡਾ. ਗੁਰਦਿਆਲ ਸਿੰਘ ਰਾਏ

View all posts by ਡਾ. ਗੁਰਦਿਆਲ ਸਿੰਘ ਰਾਏ →