ਪਰਮਿੰਦਰ ਪਾਲ ਕੌਰ ਨੇ ਫਿਲਮਾ ਵਿੱਚ ਵੀ ਅਦਾਕਾਰੀ ਕੀਤੀ ਹੈ ਪ੍ਰੰਤੂ ਪਿਛਲੇ 40 ਸਾਲ ਤੋਂ ਪਟਿਆਲਾ ਹੀ ਨਹੀਂ ਸਗੋਂ ਸਮੁੱਚੇ ਦੇਸ਼ ਵਿੱਚ ਲਗਾਤਾਰ ਨਾਟਕ ਦੀ ਪਰੰਪਰਾ ਨੂੰ ਬਰਕਰਾਰ ਰੱਖ ਰਹੇ ਹਨ। ਪਰਮਿੰਦਰ ਪਾਲ ਕੌਰ ਡਾਇਰੈਕਟਰ ਕਲਾਕ੍ਰਿਤੀ ਪਟਿਆਲਾ ਵਿਖੇ ਲੰਬੇ ਸਮੇਂ ਤੋਂ ਹਰ ਸਾਲ ‘ਨੈਸ਼ਨਲ ਥੇਟਰ ਫੈਸਟੀਵਲ’ ਕਰਵਾਉਂਦੇ ਆ ਰਹੇ ਹਨ। ਕਲਾਕ੍ਰਿਤੀ ਸੰਸਥਾ ਦੇ ਉਦਮ ਸਦਕਾ ਇਸ ਸਾਲ ਵੀ 7 ਨਵੰਬਰ ਤੋਂ 13 ਨਵੰਬਰ ਤੱਕ ‘ਸਰਬਤ ਦਾ ਭਲਾ ਟਰੱਸਟ’ ਅਤੇ ‘ਨਾਰਥ ਜੋਨ ਕਲਚਰ ਸੈਂਟਰ ਪਟਿਆਲਾ’ ਦੇ ਸਹਿਯੋਗ ਨਾਲ ਪਟਿਆਲਾ ਵਿਖੇ ਸੱਤ ਰੋਜ਼ਾ ‘ਪ੍ਰੀਤਮ ਸਿੰਘ ਓਬਰਾਏ ਯਾਦਗਾਰੀ ਨੈਸ਼ਨਲ ਥੀਏਟਰ ਫ਼ੈਸਟੀਵਲ’ ਆਯੋਜਤ ਕੀਤਾ ਗਿਆ। ਇਸ ਥੇਟਰ ਫ਼ੈਸਟੀਵਲ ਵਿੱਚ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ 125 ਕਲਾਕਾਰਾਂ ਨੇ ਨਾਟਕਾਂ ਵਿੱਚ ਹਿੱਸਾ ਲਿਆ ਅਤੇ ਬਿਹਤਰੀਨ ਅਦਾਕਾਰੀ ਦੇ ਰੰਗ ਖਿਲਾਰੇ। ਇਸ ਫੈਸਟੀਵਲ ਵਿੱਚ ਸੱਤ ਨਾਟਕ: ਰੱਬ ਦੀ ਬੁਕਲ, ਬੁੱਢਾ ਮਰ ਗਿਆ, ਇੱਕ ਰਾਗ ਦੋ ਸਵਰ, ਕੋਸ਼ਿਸ਼, ਪੁਕਾਰ, ਮਹਾਂਰਥੀ ਅਤੇ ਟੈਕਸ ਫ੍ਰੀ ਅਤੇ ਦੋ ਨ੍ਰਿਤ ਇੱਕ ਅਰਸ਼ਦੀਪ ਕੌਰ ਭੱਟੀ ਦਾ ਕਥਕ ਡਾਂਸ ਅਤੇ ਦੂਜਾ ਪੱਛਵੀਂ ਬੰਗਾਲ ਕਲਾਕਾਰਾਂ ਵੱਲੋਂ ਪੇਸ਼ ਕੀਤਾ ਗਿਆ। ਕਲਾਕਾਰਾਂ ਨੇ ਆਪੋ ਆਪਣੇ ਰਾਜ ਦੇ ਸਭਿਅਚਾਰ ਦੀਆਂ ਰੰਗ ਬਰੰਗੀਆਂ ਵੰਨਗੀਆਂ ਰਾਹੀਂ ਸਮਾਜਿਕ ਸਰੋਕਾਰਾਂ ਦੀ ਪ੍ਰਤੀਨਿਧਤਾ ਕਰਦਿਆਂ ਬਾ ਕਮਾਲ ਪੇਸ਼ਕਾਰੀ ਕੀਤੀ ਗਈ। ਇਨ੍ਹਾਂ ਨਾਟਕਾਂ ਦੇ ਕਲਾਕਾਰਾਂ ਦੀ ਅਦਾਕਾਰੀ ਦੀਆਂ ਕਲਾਤਮਿਕ ਛੋਹਾਂ ਦੀ ਮਹਿਕ ਨਾਲ ਪਟਿਆਲਵੀ ਅਸ਼ ਅਸ਼ ਕਰ ਉਠੇ। ਕਲਾਕਾਰਾਂ ਦੀ ਕਲਾ ਦੀ ਖ਼ੁਸਬੂ ਨੇ ਪਟਿਆਲਾ ਦਾ ਵਾਤਵਰਨ ਮਹਿਕਣ ਲਾ ਦਿੱਤਾ। ਇਸ ਫ਼ੈਸਟੀਵਲ ਦੇ ਉਦਘਾਟਨੀ ਸਮਾਗਮ ਦੀ ਸ਼ੁਰੂਆਤ ਨੈਸ਼ਨਲ ਅਵਾਰਡੀ ਅਰਸ਼ਦੀਪ ਕੌਰ ਭੱਟੀ ਡਾਂਸਨਰ ਨੇ ਕਥਕ ਡਾਂਸ ਦੀ ਬਾਕਮਾਲ ਪੇਸ਼ਕਾਰੀ ਕੀਤੀ, ਜਿਸਨੇ ਦਰਸ਼ਕਾਂ ਦੇ ਦਿਲ ਜਿੱਤ ਲਏ। ਸਮਾਪਤੀ ਸਮਾਰੋਹ ਵਿੱਚ ਸਫਿਨਿਕਸ ਡਾਂਸ ਕ੍ਰਿੀਏਸ਼ਨ ਗਰੁਪ ਕਲਕੱਤਾ ਨੇ ਅਰੁਨਵ ਬਰਮਨ ਦੀ ਨਿਰਦੇਸ਼ਨਾ ਹੇਠ ‘ਤੇਜਾ ਤੁਰੀਆ’ ਡਾਂਸ ਦੀ ਪੇਸ਼ਕਾਰੀ ਕੀਤੀ ਗਈ। ਇਸ ਡਾਂਸ ਦੀ ਪੇਸ਼ਕਾਰੀ ਮਹਾਂਭਾਰਤ ਦੀਆਂ ਇਸਤਰੀਆਂ ਗੰਧਾਰੀ, ਸਿਖੰਡੀ, ਦਰੋਪਦੀ, ਹਿਡਿੰਬਾ ਅਤੇ ਚਿਤਰਾਂਗਦਾ ਵਰਗੀਆਂ ਇਸਤਰੀ ਪਾਤਰਾਂ ਦੇ ਰੂਪ ਵਿੱਚ ਸਾਸਵਤਾ ਇਸ਼ਾਨੀ, ਸੁਭਾਰਸੀ, ਸ੍ਰੀਲੇਖਾ ਅਤੇ ਇੰਦਰਜੀਤ ਨੇ ਨਿਭਾਈ, ਜਿਸਨੇ ਦਰਸ਼ਕਾਂ ਨੂੰ ਮੰਤਰ ਮੁਗਧ ਕਰ ਦਿੱਤਾ। ਆਪਣੀ ਪ੍ਰਤਿਭਾ ਦੇ ਰੰਗ ਬਖੇਰਦਿਆਂ ਦਰਸ਼ਕਾਂ ਨੂੰ ਮੋਹ ਲਿਆ। ਪ੍ਰਸਿੱਧ ਕਹਾਣੀਕਾਰ ਵੀਨਾ ਵਰਮਾ ਦੀ ਕਹਾਣੀ ‘ਰੱਬ ਦੀ ਰਜਾਈ’ ‘ਤੇ ਅਧਾਰਤ ਵਿਨੋਦ ਕੌਸ਼ਲ ਦਾ ਨਿਰਦੇਸ਼ਤ ਕੀਤਾ ਨਾਟਕ ਆਰਟੀਫੈਕਟ ਗਰੁੱਪ ਨੇ ਖੇਡਿਆ। ਇਸ ਸੋਲੋ ਨਾਟਕ ਵਿੱਚ ਕਲਾਕ੍ਰਿਤੀ ਦੀ ਡਾਇਰੈਕਟਰ ਪ੍ਰਮਿੰਦਰ ਪਾਲ ਕੌਰ ਦੀ ਅਦਾਕਾਰੀ ਨੇ ਦਰਸ਼ਕਾਂ ਨੂੰ ਕੀਲ ਕੇ ਰੱਖ ਦਿੱਤਾ। ਨਾਟਕ ਵਿੱਚ ਇੱਕ ਔਰਤ ਨੂੰ ਉਸਦਾ ਪਤੀ ਛੱਡਕੇ ਪਰਵਾਸ ਵਿੱਚ ਚਲਾ ਜਾਂਦਾ ਹੈ। ਇਸ ਤ੍ਰਾਸਦੀ ਵਿੱਚ ਉਸ ਔਰਤ ਦਾ ਰੋਲ ਪਰਮਿੰਦਰ ਪਾਲ ਕੌਰ ਨੇ ਕੀਤਾ, ਪਰਮਿੰਦਰ ਪਾਲ ਕੌਰ ਦੀ ਭਾਵਕਤਾ ਵਾਲੀ ਅਦਾਕਾਰੀ ਨੇ ਪੰਜਾਬ ਦੀਆਂ ਉਨ੍ਹਾਂ ਔਰਤਾਂ ਦੀ ਦ੍ਰਿਸ਼ਟਾਂਤਿਕ ਰੂਪ ਵਿੱਚ ਤਸਵੀਰ ਖਿਚ ਕੇ ਰੱਖ ਦਿੱਤੀ, ਜਿਹੜੀਆਂ ਪਤੀਆਂ ਦੇ ਪਰਵਾਸ ਵਿੱਚ ਜਾਣ ਤੋਂ ਬਾਅਦ ਜ਼ਿੰਦਗੀ ਜਿਓਣ ਲਈ ਜਦੋਜਹਿਦ ਕਰਦੀਆਂ ਬੱਚਿਆਂ ਨੂੰ ਪਾਲਦੀਆਂ ਹਨ। ਇਹ ਸੰਤਾਪ ਪੰਜਾਬ ਵਿੱਚ ਭਾਰੂ ਪੈ ਰਿਹਾ ਹੈ। ਦਰਸ਼ਕ ਪਿੰਨ ਡਰਾਪ ਸਾਈਲੈਂਸ ਨਾਲ ਪਰਮਿੰਦਰ ਪਾਲ ਕੌਰ ਦੀ ਪੇਸ਼ਕਾਰੀ ਦਾ ਆਨੰਦ ਮਾਣਦੇ ਰਹੇ।
ਖਚਾ ਖਚ ਭਰੇ ਨਾਰਥ ਜੋਨ ਕਲਚਰ ਸੈਂਟਰ ਦੇ ਕਾਲੀਦਾਸ ਆਡੋਟੋਰੀਅਮ ਵਿੱਚ ਪਟਿਆਲਵੀਆਂ ਨੇ ਇੱਕ ਹਫ਼ਤਾ ਨਾਟਕਾਂ ਦਾ ਖ਼ੂਬ ਆਨੰਦ ਮਾਣਿਆਂ ਅਤੇ ਦਰਸ਼ਕਾਂ ਦੀ ਸ਼ਾਬਾਸ਼ ਨੇ ਅਦਾਕਾਰਾਂ ਦਾ ਉਤਸ਼ਾਹ ਵਧਾਇਆ। ਇਹ ਨੈਸ਼ਨਲ ਥੇਟਰ ਫ਼ੈਸਟੀਵਲ ਪਟਿਆਲਵੀਆਂ ਦੀਆਂ ਯਾਦਾਂ ਦਾ ਸਰਮਾਇਆ ਬਣ ਗਿਆ। 2025 ਦੇ ਨੈਸ਼ਨਲ ਥੇਟਰ ਫੈਸਟੀਵਲ ਦੀ ਉਮੀਦ ਨਾਲ ਇਹ ਫੈਸਟੀਵਲ ਸਮਾਪਤ ਹੋਇਆ। |
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |