ਕੈਲਗਰੀ( ਸਤਨਾਮ ਸਿੰਘ ਢਾਅ/ਜਗਦੇਵ ਸਿੰਘ ਸਿੱਧੂ):ਅਰਪਨ ਲਿਖਾਰੀ ਸਭਾ ਕੈਲਗਰੀ ਦੀ ਮਾਸਿਕ ਮੀਟਿੰਗ 10 ਅਗਸਤ ਨੂੰ ਖਚਾ-ਖਚ ਭਰੇ ਕੋਸੋ ਹਾਲ ਵਿਚ ਹੋਈ। ਇਸ ਦੀ ਪ੍ਰਧਾਨਗੀ ਡਾ. ਜੋਗਾ ਸਿੰਘ ਸਹੋਤਾ, ਪ੍ਰੋ. ਜਗਰੂਪ ਸਿੰਘ ਸੇਖੋਂ, ਗੀਤਕਾਰ ਅਲਬੇਲ ਸਿੰਘ ਬਰਾੜ ਅਤੇ ਸਰੂਪ ਸਿੰਘ ਮੰਡੇਰ ਨੇ ਕੀਤੀ। ਸਭਾ ਦੇ ਸਕੱਤਰ ਜਸਵੰਤ ਸਿੰਘ ਸੇਖੋਂ ਨੇ ਅੱਜ ਦੀ ਮੀਟਿੰਗ ਬਾਰੇ ਜਾਣਕਾਰੀ ਦਿੰਦਿਆਂ ਦੱਸਿਅਾਂ ਕਿ ਅੱਜ ਦੇ ਪ੍ਰੋਗਰਾਮ ਵਿਚ ਕੈਲਗਰੀ ਦੇ ਨਾਮਵਰ ਕਵੀਸ਼ਰ ਸਰੂਪ ਸਿੰਘ ਮੰਡੇਰ ਦੀ ਪੁਸਤਕ ਲੋਕ ਅਰਪਨ ਕੀਤੀ ਜਾਵੇਗੀ ਅਤੇ ਪੰਜਾਬ ਤੋਂ ਆਏ ਰਾਜਨੀਤੀ ਦੇ ਮਾਹਰ ਡਾ. ਪ੍ਰੋ. ਜਗਰੂਪ ਸਿੰਘ ਸੇਖੋਂ ਅਤੇ ਸਾਫ਼ ਸੁਥਰੇ ਗੀਤ ਲਿਖਣ ਵਾਲਾ ਅਲਬੇਲ ਸਿੰਘ ਬਰਾੜ ਨੂੰ ਸਨਮਾਨਿਤ ਕੀਤਾ ਜਾਵੇਗਾ। ਡਾ. ਮਨਮੋਹਨ ਸਿੰਘ ਬਾਠ ਦੇ ਗੀਤ ਨਾਲ ਸ਼ੁਰੂਆਤ ਹੋਈ।ਸਭ ਤੋਂ ਪਹਿਲਾਂ ਕਵੀਸ਼ਰ ਸਰੂਪ ਸਿੰਘ ਮੰਡੇਰ ਦੀ ਦਸਵੀਂ ਕਿਤਾਬ ‘ਮੰਡੇਰ ਬਗੀਚਾ’ ਨੂੰ ਲੋਕ-ਅਰਪਣ ਕਰਨ ਦੀ ਰਸਮ ਹੋਈ। ਇਸ ਕਿਤਾਬ ਬਾਰੇ ਸਮੀਖਿਆ ਕਰਦਿਆਂ ਜਗਦੇਵ ਸਿੱਧੂ ਨੇ ਕਿਹਾ ਕਿ ਅੱਜ ਪੰਜਾਬ ਦੇ ਸਿਰਮੌਰ ਕਵੀਸ਼ਰ ਬਾਬੂ ਰਜਬ ਅਲੀ ਖ਼ਾਨ ਦੇ ਜਨਮ ਦੀ 130ਵੀਂ ਵਰੵੇ ਗੰਢ ਮੌਕੇ ਕਵੀਸ਼ਰੀ ਦਾ ਮਾਹੌਲ ਸਿਰਜਣਾ ਉਸ ਨੂੰ ਸ਼ਰਧਾਂਜ਼ਲੀ ਹੈ। ਇਹ ਕਿਤਾਬ ਉਸੇ ਪ੍ਰੰਪਰਾ ਨੂੰ ਸਫ਼ਲਤਾ ਨਾਲ਼ ਅੱਗੇ ਤੋਰਦੀ ਹੈ। ਮੰਡੇਰ ਨੇ ਸਮਾਜ, ਇਤਿਹਾਸ, ਰਾਜਨੀਤੀ, ਅਰਥਚਾਰੇ, ਵਾਤਾਵਰਣ, ਲੋਕ-ਲਹਿਰਾਂ, ਮਹਾਂਮਾਰੀ ਆਦਿ ਸਾਰੇ ਵਿਸ਼ਿਆਂ ਸਮੇਤ ਉਪਦੇਸ਼-ਆਤਮਿਕ ਰਵਾਇਤ ਵਾਲ਼ੇ ਵੰਨ-ਸੁਵੰਨੇ 70 ਛੰਦ ਇਸ ਸੰਗ੍ਰਹਿ ਵਿਚ ਸ਼ਾਮਲ ਕੀਤੇ ਹਨ। ਹਾਜ਼ਰੀਨ ਵੱਲੋਂ ਪੁਸਤਕ ਨੂੰ ਖ਼ਰੀਦ ਕੇ ਇਸ ਪੁਸਤਕ ਨੂੰ ਭਰਵਾਂ ਹੁੰਗਾਰਾ ਦਿੱਤਾ ਗਿਆ। ਨਾਲ਼ ਹੀ ਸਰੂਪ ਸਿੰਘ ਮੰਡੇਰ ਨੂੰ ਵਧਾਈ ਦਿੱਤੀ। ਇਸ ਮੌਕੇ ਰਾਜਨੀਤੀ ਅਤੇ ਸਮਾਜਿਕ ਵਿਸ਼ਿਆਂ ਦੇ ਮਾਹਿਰ ਪ੍ਰੋ. ਜਗਰੂਪ ਸਿੰਘ ਸੇਖੋਂ ਨੂੰ ਸਨਮਾਨ ਚਿੰਨ੍ਹ ਨਾਲ਼ ਸ਼ਾਲ ਦੇ ਕੇ ਨਿਵਾਜਿਆ ਗਿਆ। ਪ੍ਰੋ. ਸੇਖੋਂ ਨੇ ਕੁੰਜੀਵਤ ਭਾਸ਼ਣ ਦੌਰਾਨ ਭਾਰਤ ਅਤੇ ਖ਼ਾਸ ਕਰ ਕੇ ਪੰਜਾਬ ਦੇ ਰਾਜਨੀਤਿਕ, ਸਮਾਜਿਕ ਅਤੇ ਆਰਥਿਕ ਦ੍ਰਿਸ਼ ਨੂੰ ਵਿਸਥਾਰ ਸਹਿਤ ਵਿਦਵਤਾ ਪੂਰਨ ਸਾਕਾਰ ਕੀਤਾ। ਉਨ੍ਹਾਂ ਨੇ ਇਤਿਹਾਸਕ ਹਵਾਲਿਆਂ ਰਾਹੀਂ ਸਮਝਾਇਆ ਕਿ ਭਾਰਤ ਅੰਦਰ ਜਮਹੂਰੀਅਤ ਦੀਆਂ ਜੜ੍ਹਾਂ ਮਜ਼ਬੂਤ ਹੋਈਆਂ ਹਨ। ਮੰਡੇਰ ਨੂੰ ਵਧਾਈ ਦਿੰਦਿਆਂ ਉਨ੍ਹਾਂ ਕਿਹਾ ਕਿ ਪੁਸਤਕ ਵਿੱਚੋਂ ਪੰਜਾਬ ਦੀ ਆਤਮਾ ਵਿਖਾਈ ਦਿੰਦੀ ਹੈ। ਉਨ੍ਹਾਂ ਨੇ ਅਰਪਨ ਲਿਖਾਰੀ ਸਭਾ ਦਾ ਧੰਨਵਾਦ ਕਰਦਿਆਂ ਸਭਾ ਦੇ ਨੇਕ ਉਪਰਾਲਿਆਂ ਨੂੰ ਸਲਾਹਿਆ। ਦੂਜੇ ਦੌਰ ਵਿਚ ਤਿੰਨ ਹਜ਼ਾਰ ਤੋਂ ਵੱਧ ਸੱਚੇ-ਸੁੱਚੇ ਗੀਤਾਂ ਦੇ ਰਚੇਤਾ ਅਲਬੇਲ ਸਿੰਘ ਬਰਾੜ (ਦਿਓਣ ਵਾਲ਼ਾ, ਬਠਿੰਡਾ) ਨੂੰ ਸਭਾ ਵੱਲੋਂ ਸਨਮਾਨ ਚਿੰਨ੍ਹ ਸਮੇਤ ਸ਼ਾਲ ਪ੍ਰਦਾਨ ਕੀਤਾ ਗਿਆ। ਉਸ ਦੇ ਇਸ ਗੀਤ ਨੇ ਪੰਜਾਬ ਅੰਦਰ ਹੋ ਰਹੀਆਂ ਭਰੂਣ-ਹੱਤਿਆਵਾਂ ਨੂੰ ਠੱਲ੍ਹ ਪਾਉਣ ਵਿਚ ਅਹਿਮ ਭੂਮਿਕਾ ਨਿਭਾਈ ਹੈ ‘ਹੋਇਆ ਕੀ ਜੇ ਧੀ ਜੰਮ ਪਈ, ਕੁੱਖ ਤਾਂ ਸੁਲੱਖਣੀ ਹੋਈ’। ਉਸ ਦੇ ਗੀਤਾਂ ਨੇ ਸਮਾਜ ਨੂੰ ਉਸਾਰੂ ਸੇਧ ਦਿੱਤੀ ਹੈ। ਸਨਮਾਨ ਨੂੰ ਯਾਦਗਾਰੀ ਕਹਿ ਕੇ ਸਵੀਕਾਰ ਕਰਦਿਆਂ ਉਸ ਨੇ ਕਿਹਾ ਕਿ ਪ੍ਰਮਾਤਮਾ ਨੇ ਉਸ ਨੂੰ ਕਲਮ ਫੜਾ ਕੇ ਉਸਾਰੂ ਗੀਤ ਲਿਖਣ ਦੀ ਜ਼ਿੰਮੇਵਾਰੀ ਸੌਂਪੀ ਹੈ। ਉਸ ਨੇ ਆਪਣਾ ਇਹ ਗੀਤ ਸੁਣਾ ਕੇ ਲੇਖਕਾਂ ਤੇ ਗੀਤਕਾਰਾਂ ਨੂੰ ਹਲੂਣਾ ਦਿੰਦਿਆਂ ਸੁਚੇਤ ਕੀਤਾ ‘ਫ਼ੁਕਰੀ ਨਾ ਮਾਰਿਆ ਕਰੋ, ਲਿਖਣ ਤੇ ਗਾਉਣ ਵਾਲ਼ਿਓ ਗੱਲ ਅੰਬਰੀਂ ਨਾ ਚਾੜ੍ਹਿਆ ਕਰੋ’। ਡਾ. ਮਨਮੋਹਨ ਬਾਠ ਨੇ ਲਾਲ ਚੰਦ ਯਮਲ਼ਾ ਜੱਟ ਦਾ ਲਿਖਿਆ ਗੀਤ ‘ਜਿਨ੍ਹਾਂ ਕੀਤੀ ਨਾ ਕਮਾਈ ਉਨ੍ਹਾਂ ਰੱਜ ਕੇ ਕੀ ਖਾਣਾ’, ਸਰੋਤਿਆਂ ਨੂੰ ਬੰਨ੍ਹ ਕੇ ਬਠਾ ਲਿਆ ਡਾ. ਜੋਗਾ ਸਿੰਘ ਸਹੋਤਾ ਨੇ ਗ਼ਜ਼ਲ ‘ਚੱਲ ਪਾਤਰ ਹੁਣ ਢੂੰਡਣ ਚੱਲੀਏ ਭੁੱਲੀਆਂ ਹੋਈਆਂ ਥਾਵਾਂ’, ‘ਹੈ ਖ਼ੂਨ ਸੇ ਸਨਾ ਹੂਆ ਅਖ਼ਬਾਰ ਦੇਖੀਏ’ ਸਾਜ ਨਾਲ ਸੁਣਾ ਕੇ ਕਮਾਲ ਦੀ ਪੇਸ਼ਕਾਰੀ ਕੀਤੀ। ਜੈਤੋ ਵਾਲ਼ੇ ਦਰਸ਼ਨ ਸਿੰਘ ਬਰਾੜ ਦੀ ਪੇਸ਼ਕਸ਼ ‘ਸਿੱਖੀ ਮੰਗਦੀ ਹੈ ਏਹ ਕੁਰਬਾਨੀਆਂ’ ਗਾਇਕੀ ਦੀ ਸਿਖਰ ਹੋ ਨਿੱਬੜੇ। ਕੇਸਰ ਸਿੰਘ ਨੀਰ ਦੀਆਂ ਗ਼ਜ਼ਲਾਂ ‘ਮੇਰੇ ਦਿਲ ਨੇ ਸਦਮੇ ਸਹਾਰੇ ਬੜੇ ਨੇ’, ‘ਲੁਭਾਉਂਦੇ ਪੱਤਝੜਾਂ ਅੰਦਰ ਨਜ਼ਾਰੇ ਹੋਰ ਹੁੰਦੇ ਨੇ’ ਸਰੋਤਿਆਂ ਨੂੰ ਕੀਲ ਗਈਆਂ। ਸੁਰਿੰਦਰ ਕੌਰ ਕੈਂਥ ਦੀ ਪੇਸ਼ਕਾਰੀ ‘ਮੈਂ ਭੁਲਾਵਾਂ ਬੜਾ ਬੇ-ਰੁਖੀ ਓਸ ਦੀ’, ਪਰਮਜੀਤ ਸਿੰਘ ਭੰਗੂ ਦੁਆਰਾ ਗਾਈ ਸ਼ਹੀਦ ਊਧਮ ਸਿੰਘ ਦੀ ਵਾਰ, ਜਰਨੈਲ ਤੱਗੜ ਦੁਆਰਾ ਉਚਾਰੀ ਗ਼ਜ਼ਲ ‘ਸੱਚ ‘ਤੇ ਜਦ ਵੀ ਚਾਦਰ ਤਾਣੀ ਜਾਂਦੀ ਹੈ’ ਵਿਲਖਣ ਅੰਦਾਜ਼ ਵਿਚ ਸੁਣਾਈ। ਜਤਿੰਦਰ ਉਰਫ਼ ਸੰਨੀ ਸਵੈਚ ਦੀ ਵਿਅੰਗਮਈ ਰਚਨਾ ‘ਪਹੁੰਚ ਗਿਆ ਸੀ ਮੈਂ ਲੁਧਿਆਣੇ, ਸੁਜ਼ਾਨ ਸਿੰਘ ਮੰਡੇਰ ਦੀ ਕਵਿਤਾ ‘ਮਿੱਠੇ ਬੋਲ ਤੇ ਮਿੱਠੀਆਂ ਬਾਤਾਂ’ ਅਤੇ ਜਸਵੀਰ ਸਿਹੋਤਾ ਦੀ ਕਵਿਤਾ ‘ਰਸਤੇ ਦੀ ਵਾਟ ਜੀਹਦੇ ਪੈਰੀਂ ਲੱਗ ਜਾਵੇ’ ਆਪੋ ਆਪਣਾ ਅਨੂਠਾ ਪ੍ਰਭਾਵ ਛੱਡ ਗਈਆਂ। ਜਸਵੰਤ ਸੇਖੋਂ ਅਤੇ ਸਰੂਪ ਮੰਡੇਰ ਜੋੜੀ ਦੀ ਕਵੀਸ਼ਰੀ ਸਰੋਤਿਆਂ ਨੂੰ ਪੰਜਾਬ ਦੇ ਕਵੀਸ਼ਰੀ ਦੇ ਅਖਾੜਿਆਂ ਦੀ ਯਾਦ ਤਾਜ਼ਾ ਕਰਵਾ ਗਈ । ਹਾਸਿਆਂ ਦੇ ਬਾਦਸ਼ਾਹ ਤਰਲੋਕ ਚੁੱਘ ਨੇ ਹਸਾਉਣ ਦੀ ਕਸਰ ਪੂਰੀ ਕੀਤੀ। ਸਾਬਕਾ ਪੀ.ਸੀ.ਐੱਸ. ਅਫ਼ਸਰ ਹਰਜੀਤ ਸਿੰਘ ਸਿੱਧੂ ਨੇ ਆਪਣੇ ਜੀਵਨ ਦੇ ਤਜਰਬੇ ਸਾਂਝੇ ਕੀਤੇ। ਸਤਨਾਮ ਢਾਅ ਨੇ ਸਰੂਪ ਸਿੰਘ ਮੰਡੇਰ ਨੂੰ ਵਧਾਈ ਦਿੰਦਿਆਂ ਆਖਿਆ ਕਿ ਮੰਡੇਰ ਆਪਣੀ ਕਵਿਤਾ ਸਮੇਂ ਦੀ ਅੱਖ ਵਿਚ ਅੱਖ ਪਾ ਕੇ ਸਿਰਜਦੇ ਹਨ। ਅਸੀਂ ਕਾਮਨਾ ਕਰਦੇ ਹਾਂ ਕਿ ਮੰਡੇਰ ਸਾਹਿਬ ਇਸੇ ਤਰ੍ਹਾਂ ਮਿਆਰੀ ਕਵਿਤਾ ਪੰਜਾਬੀ ਸਾਹਿਤ ਦੀ ਝੋਲ਼ੀ ਪਾਉਦੇ ਰਹਿਣਗੇ।ਢਾਅ ਨੇ ਪੇਸ਼ਕਾਰੀਆਂ ਦੇ ਮਿਆਰ ਨੂੰ ਸਲਾਹਿਆ ਅਤੇ ਕਿਹਾ ਕਿ ਅੱਜ ਦੀ ਇਸ ਮੀਟਿੰਗ ਦੀ ਲਾ-ਮਿਸਾਲ ਕਾਮਯਾਬੀ ਹਮੇਸ਼ਾ ਯਾਦ ਰਹੇਗੀ।ਜਸਵੰਤ ਸੇਖੋਂ ਨੇ ਸਾਰੀ ਕਾਰਵਾਈ ਨੂੰ ਨਿਪੁੰਨਤਾ ਨਾਲ ਚਲਾਇਆ। ਪ੍ਰਧਾਨ ਡਾ. ਜੋਗਾ ਸਿੰਘ ਸਹੋਤਾ ਨੇ ਮਹਿਮਾਨਾਂ ਪ੍ਰਤੀ ਆਭਾਰ ਪ੍ਰਗਟ ਕੀਤਾ ਅਤੇ ਹਾਜ਼ਰੀਨ ਦਾ ਦਿਲੋਂ ਧੰਨਵਾਦ ਕੀਤਾ। ਹੋਰ ਜਾਣਕਾਰੀ ਲਈ 403-207-4412 ‘ਤੇ ਡਾ. ਜੋਗਾ ਸਿੰਘ ਅਤੇ 403-681-3132‘ਤੇ ਜਸਵੰਤ ਸਿੰਘ ਸੇਖੋਂ ਨੂੰ ਸੰਪਰਕ ਕੀਤਾ ਜਾ ਸਕਦਾ ਹੈ। |
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
ਸਤਨਾਮ ਢਾਅ ਦੀਅਾਂ ਪੁਸਤਕਾਂ ਦਾ ਵੇਰਵਾ:
ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਦੂਜਾ)
ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਪਹਿਲਾ)
ਪਤਾ:
Satnam Singh Dhah
303 ASPEN RIDGE PL SW
Calgary, AB T3 H 1T2
Canada
Ph.403-285-6091
e-mailsatnam.dhah@gmail.com