ਨੋਟ: ਹਰਜੀਤ ਦੌਧਰੀਆ ਸਾਨੂੰ ਪਿਛਲੇ ਦਿਨੀਂ 11 ਮਾਰਚ 2025 ਨੂੰ ਸਦੀਵੀ ਵਿਛੋੜਾ ਦੇ ਗਏ ਹਨ। ਇਹ ਮੁਲਾਕਾਤ ਕੁਝ ਸਮਾਂ ਪਹਿਲਾਂ ਉਨ੍ਹਾਂ ਦੀ ਕੈਲਗਰੀ ਫੇਰੀ ਦੌਰਾਨ ਕੀਤੀ ਗਈ ਸੀ। ਅਸੀਂ ਇਸ ਮੁਲਾਕਾਤ ਨੂੰ ਉਨ੍ਹਾਂ ਨੂੰ ਸ਼ਰਧਾਂਜਲੀ ਵਜੋਂ ਦੁਵਾਰਾਂ ਪਾਠਕਾਂ ਲਈ ਪੇਸ਼ ਕਰ ਰਹੇ। ਪਾਠਕਾਂ ਨੂੰ ਬੇਨਤੀ ਹੈ ਕਿ ਇਹ ਮੁਲਾਕਾਤ ਪੜ੍ਹਨ ਸਮੇਂ ‘ਹੈ’ ਨੂੰ ‘ਸੀ’ ਵਿਚ ਪੜ੍ਹਨ ਦੀ ਖੇਚਲ਼ ਕਰਨ।—-ਮੁਲਾਕਾਤੀ: ਸਤਨਾਮ ਸਿੰਘ ਢਾਅ ‘ਦੇਸ਼ ਵੰਡਿਆ ਹੋਇਆ ਹੈ ਸੂਬਿਆਂ ਵਿੱਚ ਇਹ ਸਤਰਾਂ ਹਰਜੀਤ ਦੌਧਰੀਆ ਦੀਆਂ ਲਿਖੀਆਂ ਹੋਈਆਂ ਹਨ। ਅੱਜ ਭਾਵੇਂ ਬਹੁਤੇ ਲੇਖਕ ਆਪਣੇ ਆਪ ਨੂੰ ਇਹ ਕਹਿਣ ਕਿ ਅਸੀਂ ਇਹਨਾਂ ਗੱਲਾਂ ਵਿੱਚ ਵਿਸ਼ਵਾਸ ਨਹੀਂ ਰੱਖਦੇ। ਪਰ ਮੈਂ ਹਰਜੀਤ ਦੌਧਰੀਏ ਦੇ ਇਹਨਾਂ ਸਤਰਾਂ ਅਤੇ ਦੌਧਰੀਆ ਦੀ ਸ਼ਖ਼ਸੀਅਤ ਨਾਲ ਮਿਲਾ ਕੇ ਦੇਖਣ ਦੀ ਕੋਸ਼ਿਸ਼ ਕੀਤੀ, ਤਾਂ ਦੌਧਰੀਆ ਸੌ ਦੇ ਸੌ ਨੰਬਰ ਲੈ ਗਿਆ। ਉਹ ਮੈਨੂੰ ਕਹਿਣੀ ਅਤੇ ਕਰਨੀ ਦਾ ਪੂਰਾ ਸੁਮੇਲ ਲੱਗਾ। ਹਰਜੀਤ ਦੌਧਰੀਆ ਇੱਕ ਸਧਾਰਨ ਕਿਰਤੀ ਪਰਿਵਾਰ ਵਿੱਚ ਪੈਦਾ ਹੋਇਆ। ਜ਼ਿੰਦਗੀ ਦੀਆਂ ਤਲਖ਼ ਹਕੀਕਤਾਂ ਨਾਲ ਜੂਝਦਾ, ਦੇਸ਼ ਬਿਦੇਸ਼ ਘੁੰਮਿਆਂ ਇੱਕ ਪੜ੍ਹਿਆ-ਗੁੜ੍ਹਿਆ ਇਨਸਾਨ ਹੈ। ਪਹਿਲੀ ਨਜ਼ਰੇ ਦੇਖਦਿਆਂ ਤੁਹਾਨੂੰ ਬਹੁਤ ਚੁੱਪ ਚਾਪ ਘੱਟ ਬੋਲਣ ਵਾਲਾ ਨਰਮ ਅਤੇ ਕੂਲਾ ਜਿਹਾ ਬੰਦਾ ਲੱਗਦਾ ਹੈ। ਪਰ ਜਦ ਤੁਸੀਂ ਉਹਨੂੰ ਨੇੜਿਓ ਹੋ ਕੇ ਜਾਣਨ ਦੀ ਕੋਸ਼ਿਸ਼ ਕਰਦੇ ਹੋ ਤਾਂ ਪਤਾ ਲੱਗਦਾ ਹੈ ਕਿ ਆਮ ਲੋਕਾਂ ਲਈ ਰੇਸ਼ਮ ਵਾਂਗ ਕੂਲ਼ਾ ਤੇ ਜਮਾਤੀ ਦੁਸ਼ਮਣਾਂ ਲਈ ਲੋਹੇ ਦੀ ਛੜੀ ਵਾਂਗ ਹੈ। ਸੁਭਾਅ ਦਾ ਰਲ਼ੌਟਾ ਹੈ। ਉਹਦੇ ਕੋਲ ਗੱਲਬਾਤ ਕਰਨ ਲਈ ਹਰ ਬੰਦੇ ਦੀ ਉਮਰ, ਸੋਚ, ਦਿਲਚਸਪੀ ਤੇ ਸ਼ੌਂਕ ਮੁਤਾਬਕ ਕਲਾ ਹੈ। ਉਹ ਇੱਕ ਕਵੀ, ਇੱਕ ਵਾਰਤਾਕਾਰ, ਇੱਕ ਰਾਜਸੀ ਤਬਦੀਲੀ ਵੇਖਣ ਵਾਲ਼ਾ ਸਮਾਜਿਕ ਚਿੰਤਕ ਵੀ ਹੈ। ਉਹ ਕਮਿਊਨਿਸਟ ਵਿਚਾਰਾਂ ਵਾਲ਼ਾ ਪਰ ਉਹ ਗੁਰਬਾਣੀ ਬਾਰੇ ਡੂੰਘੀ ਜਾਣਕਾਰੀ ਵੀ ਰੱਖਦਾ ਹੈ। ਉਸ ਦਾ ਕਹਿਣਾ ਹੈ ਕਿ ਖੱਬੇ ਲੋਕਾਂ ਦੇ ਮਨਾਂ ਵਿੱਚ ਸੱਜੇ ਵੀ ਹਨ। ਇਹ ਸਾਰੀਆਂ ਗੱਲਾਂ ਉਹ ਆਪਣੇ ਨਿਜੀ ਤਜਰਬਿਆਂ ਤੋਂ ਦੱਸਦਾ ਹੈ। ਉਹਦੇ ਕੋਲ ਨਿਵੇਕਲੇ ਸ਼ਬਦਾਂ ਦਾ ਭੰਡਾਰ ਹੈ ਪਰ ਉਨ੍ਹਾਂ ਵਿੱਚ ਐਵੇਂ ਓਪਰੀ ਜਿਹੀ ਚਾਸ਼ਣੀ ਵਾਲ਼ੇ ਮਿੱਠੇ ਮਿੱਠੇ ਸ਼ਬਦ ਬਿਲਕੁਲ ਨਹੀਂ। ਉਹ ਖ਼ਰੀ ਗੱਲ ਮੂੰਹ ਤੇ ਕਹਿਣ ਵਾਲਾ ਖ਼ਰਾ ਬੰਦਾ ਹੈ। ਇਸੇ ਕਰਕੇ ਸ਼ਾਇਦ ਪੰਜਾਬੀ ਸਾਹਿਤਕ ਹਲਕਿਆਂ ਵਿੱਚ ਉਹਨੂੰ ਦੂਜੇ ਲੇਖਕਾਂ ਵਾਂਗ ਗੌਲ਼ਿਆ ਵੀ ਨਹੀਂ ਗਿਆ। ਉਹ ਚੋਰ ਨੂੰ ਚੋਰ ਤੇ ਸਾਧ ਨੂੰ ਸਾਧ ਕਹਿੰਦਾ ਹੈ। ਉਹਦੀ ਇਹੋ ਖ਼ੂਬੀ ਹੈ ਕਿ ਹੋਰ ਲੋਕਾਂ ਦੀ ਤਰਾਂ ਆਪਣੇ ਸੁਆਰਥਾਂ ਲਈ ਚੋਰਾਂ ਨੂੰ ਸਾਧ ਨਹੀਂ ਕਹਿ ਸਕਦਾ। ਸਗੋਂ ਹਰ ਗ਼ਲਤ ਕੰਮ ਨੂੰ ਕਰਨ ਵਾਲਿਆਂ ਦੇ ਬਖੀਏ ਉਧੇੜ-ਉਧੇੜ ਕਵਿਤਾ ਰਚਦਾ ਹੈ। ਉਸ ਦੇ ਬਚਪਨ ਵਿੱਚ ਹੀ ਉਸ ਨੂੰ ਗ਼ਰੀਬੀ, ਜਾਤ-ਪਾਤ, ਸ਼ਰੀਕਾਂ ਦੀਆਂ ਵਧੀਕੀਆਂ ਸਮਾਜਿਕ ਨਾ-ਬਰਾਬਰੀ, ਰਿਸ਼ਵਤਖੋਰੀ ਤੇ ਧਾਰਮਿਕ ਅਡੰਬਰਾਂ ਅਤੇ ਪਾਖੰਡਾਂ ਵਰਗੀਆਂ ਬਿਮਾਰੀਆਂ ਨੇ ਉਸ ਦੀ ਅੰਤਰ-ਆਤਮਾ ’ਤੇ ਏੇਨੇ ਡੂੰਘੇ ਪੱਛ ਲਾਏ ਕਿ ਅੱਜ ਤੱਕ ਉਨ੍ਹਾਂ ਜ਼ਖ਼ਮਾਂ ਦੀ ਚੀਸ ਨਹੀਂ ਗਈ। ਉਸ ਨੇ ਆਪਣੀ ਸਾਹਿਤਕ ਰਚਨਾ ਵਿੱਚ ਸਮਾਜ ਦੀ ਦੁਖਦੀ ਰਗ ਨੂੰ ਪਛਾਣਿਆਂ। ਉਹ ਸਮਾਜ ਦੇ ਲਿਤਾੜੇ ਲੋਕਾਂ ਨੂੰ ਸਿਰ ਚੁੱਕ ਆਪਣੀ ਹੋਂਦ ਨੂੰ ਕਾਇਮ ਰੱਖਣ ਦੇ ਸੰਘਰਸ਼ ਲਈ ਪ੍ਰੇਰਦਾ ਹੈ। ਉਹਨੇ ਦੇਸੋਂ ਬਾਹਰ ਆ ਕੇ ਆਪਣੀਆਂ ਲਿਖਤਾਂ ਵਿੱਚ ਪ੍ਰਦੇਸ ਨੂੰ ਵੀ ਆਪਣਾ ਪਿੰਡ ਦੌਧਰ ਹੀ ਸਮਝਿਆ। ਲਿਖਣ ਲਈ ਵੀ ਉਹਨੂੰ ਆਮ ਲੇਖਕਾਂ ਵਾਂਗ ਕਿਤਾਬਾਂ ਦੀ ਗਿਣਤੀ ਵਧਾਉਣ ਦੀ ਕੋਈ ਕਾਹਲ਼ ਨਹੀਂ। ਆਪਣੀ ਮਸਤੀ ਵਿੱਚ ਹੀ ਜਦੋਂ ਕੋਈ ਗੱਲ ਉਹਨੂੰ ਲੱਗਦੀ ਹੈ ਕਿ ਲਿਖਣ ਵਾਲ਼ੀ ਹੈ, ਤਾਂ ਲਿਖਦਾ ਹੈ। ਉਹ ਇਹ ਵੀ ਦੱਸਦਾ ਹੈ ਕਿ ਹਰ ਚਮਕਦੀ ਚੀਜ਼ ਸੋਨਾ ਨਹੀਂ ਹੁੰਦੀ। ਲੋਕਾਂ ਨਾਲ ਨੇੜਿਓਂ ਹੋ ਕੇ ਵਰਤਿਆਂ ਹੀ ਅਸਲੀਅਤ ਦਾ ਪਤਾ ਲੱਗਦਾ ਹੈ। ਅਸੀਂ ਅੰਨ੍ਹੀ ਸ਼ਰਧਾ ਰੱਖਣ ਨਾਲ ਹੀ ਨੁਕਸਾਨ ਉਠਾਉਂਦੇ ਹਾਂ। ਮਿਸਤਰੀਆਂ ਦਾ ਮੁੰਡਾ ਹੁੰਦਿਆਂ ਹੋਇਆਂ ਵੀ ਖੇਤੀ ਕਰਨਾ ਉਹਦਾ ਮਨਪਸੰਦ ਕਿੱਤਾ ਰਿਹਾ। ਉਹ ਇੱਕ ਮਾਡਲ ਫਾਰਮ ਬਣਾ ਕੇ ਖੇਤੀ ਕਰਨੀ ਤੇ ਦੂਜਿਆਂ ਲਈ ਇੱਕ ਨਮੂਨੇ ਦਾ ਫਾਰਮ ਬਣਾਉਣਾ ਚਾਹੁੰਦਾ ਸੀ। ਇਸ ਲਈ ਉਸ ਨੇ ਇੰਜੀਨੀਅਰਿੰਗ ਕਰਨ ਦੀ ਥਾਂ ਬੀ. ਐੱਸ. ਸੀ. ਐਗਰੀਕਲਚਰ ਕੀਤੀ। ਖੇਤੀ ਕਰਨ ਲਈ ਉਹ ਪ੍ਰੀਤ ਨਗਰ ਤੱਕ ਘੁੰਮਿਆਂ ਪਰ ਗੱਲ ਨਾ ਬਣੀ। ਇਸੇ ਸੰਘਰਸ਼ ਵਿੱਚ ਉਹ ਘੁੰਮਦਾ-ਘੁੰਮਦਾ ਪਹਿਲਾਂ, ਉੱਨੀ ਸੌ ਸਤਾਹਟ ਵਿੱਚ ਇੰਗਲੈਂਡ ਆਇਆ ਤੇ ਫੇਰ ਇੰਗਲੈਂਡ ਤੋਂ ਕੈਨੇਡਾ ਆ ਗਿਆ। ਜਿੱਥੇ ਵੀ ਗਿਆ ਜਾਂ ਰਿਹਾ, ਲੋਕ-ਸੰਘਰਸ਼ ਨਾਲ ਜੁੜਿਆ ਰਿਹਾ। ਸਾਡੇ ਬਹੁਤੇ ਲੋਕ ਰਿਟਾਇਰਡ ਹੋਣ ਤੋਂ ਬਾਅਦ ਇਸ ਉਮਰ ਵਿੱਚ ਮੰਜਾ ਮੱਲ ਲੈਂਦੇ ਹਨ। ਪਰ ਦੌਧਰੀਆ ਤਾਂ ਪਹਿਲਾਂ ਨਾਲ਼ੋਂ ਵੀ ਮਜਬੂਤ ਹੋ ਕੇ ਸਾਰੇ ਕੰਮਾਂ ਤੇ ਫ਼ਰਜ਼ਾਂ ਨੂੰ ਇੰਜ ਨਿਭਾ ਰਿਹਾ ਹੈ ਕਿ ਉਮਰ ਦਾ ਅੰਦਾਜ਼ਾ ਲਾਉਣਾ ਮੁਸ਼ਕਲ ਹੈ। ਅੱਜ ਕੱਲ੍ਹ ਉਹ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਸਰੀ ਵਿੱਚ ਰਹਿ ਰਿਹਾ ਹੈ। ਇੱਥੇ ਕੈਨੇਡੀਅਨ ਕਮਿਊਨਿਸਟ ਪਾਰਟੀ ਦਾ ਸਰਗਰਮ ਮੈਂਬਰ ਹੈ। ਉਂਝ ਪਹਿਲਾਂ ਕਈ ਵਾਰ ਹਰਜੀਤ ਨਾਲ ਬੈਠਣ ਦਾ ਮੌਕਾ ਮਿਲ਼ਿਆ ਸੀ, ਪਰ ਕਦੇ ਮੁਲਾਕਾਤੀ ਮਾਹੌਲ ਵਿੱਚ ਵਚਨ-ਬਿਲਾਸ ਨਹੀਂ ਸਨ ਹੋਏ। ਪਿੱਛੇ ਜਿਹੇ ਉਹ ਕੈਲਗਰੀ ਆਇਆ ਤਾਂ ਖੁੱਲ੍ਹੀਆਂ ਗੱਲਾਂ-ਬਾਤਾਂ ਕਰਨ ਦਾ ਮੌਕਾ ਮਿਲ਼ਿਆ। ਉਸ ਮੁਲਾਕਾਤ ਦੇ ਕੁਝ ਅੰਸ਼ ਪਾਠਕਾਂ ਨਾਲ ਸਾਂਝੇ ਕਰ ਰਹੇ ਹਾਂ। ? ਹਰਜੀਤ ਜੀ ਆਪਣੇ ਜਨਮ, ਪਿਛੋਕੜ ਬਾਰੇ ਦੱਸੋ ਤੇ ਨਾਲ ਹੀ ਬਚਪਨ ਦੀ ਕੋਈ ਯਾਦ ਸਾਂਝੀ ਕਰਨਾ ਚਾਹੋਗੇ, ਜਿਸ ਨੇ ਤੁਹਾਡੀ ਮਾਨਸਿਕਤਾ ਨੂੰ ਪ੍ਰਭਾਵਿਤ ਕੀਤਾ ਹੋਵੇ? -ਸਤਨਾਮ ਜੀ, ਮੇਰਾ ਜਨਮ 1931 ਨੂੰ ਜ਼ਿਲ੍ਹਾ ਫਿਰੋਜ਼ਪੁਰ (ਹੁਣ ਮੋਗਾ) ਦੇ ਪਿੰਡ ਦੌਧਰ ਵਿੱਚ ਇੱਕ ਕਿਰਤੀ ਪਰਿਵਾਰ ਵਿੱਚ ਹੋਇਆ। ਮੇਰਾ ਪਿਤਾ ਹਲ ਬਣਾਉਂਦਾ ਵੀ ਸੀ ਤੇ ਵਾਹੁੰਦਾ ਵੀ ਸੀ। ਉਸ ਕੋਲ ਚਾਰ ਪੰਜ ਕਿੱਲੇ ਜ਼ਮੀਨ ਵੀ ਸੀ ਪਰ ਗਿਣਤੀ ਉਸ ਦੀ ਗ਼ਰੀਬ ਕਿਰਤੀਆਂ ਵਿੱਚ ਹੀ ਹੁੰਦੀ ਸੀ। ਮੇਰੀ ਜ਼ਿੰਦਗੀ ਵਿੱਚ ਬਚਪਨ ਦੀਆਂ ਗੱਲਾਂ-ਬਾਤਾਂ ਨੇ ਬਹੁਤ ਹੀ ਡੂੰਘਾ ਅਸਰ ਪਾਇਆ। ਜਿਸ ਤਰਾਂ ਪਹਿਲਾਂ ਤਾਂ ਮੈਨੂੰ ਇਹ ਗੱਲ ਸੋਚਣ ਲਈ ਮਜਬੂਰ ਹੋਣਾ ਪਿਆ ਕਿ ਅਸੀਂ ਗ਼ਰੀਬ ਕਿਉਂ ਹਾਂ। ਇਥੇ ਮੈਨੂੰ ਤੁਸੀਂ ਮੇਰਾ ਬਚਪਨ ਤੇ ਮੇਰੀ ਬੇਬੇ ਯਾਦ ਕਰਾ ਦਿੱਤੇ। ਯਾਦਾਂ ਤਾਂ ਬਚਪਨ ਦੀਆਂ ਹੋਰ ਵੀ ਬਹੁਤ ਹਨ। ਪਰ ਇਥੇ ਮੈਂ ਆਪ ਨਾਲ ਇੱਕ ਹੀ ਸਾਂਝੀ ਕਰਾਂਗਾ। ਮੈਂ ਕੋਈ ਪੰਜ-ਛੇ ਸਾਲ ਦਾ ਹੀ ਸੀ ਕਿ ਸਾਡੇ ਲਾਗੇ ਜਗਰਾਵਾਂ ਤੋਂ ਇੱਕ ਫੇਰੀ ਵਾਲ਼ਾ ਹਰ ਰੋਜ਼ ਡਬਲ-ਰੋਟੀ ਵੇਚਣ ਆਇਆ ਕਰਦਾ ਸੀ। ਸਾਡੇ ਘਰ ਦੇ ਲਾਗੇ ਇੱਕ ਥੜੇ ਉੱਤੇ ਉਹ ਆਪਣਾ ਸਮਾਨ ਵੇਚਿਆ ਕਰਦਾ ਸੀ। ਆਂਢ-ਗੁਆਂਢ ਸਰਦੇ–ਬਰਦੇ ਘਰਾਂ ਦੇ ਨਿਆਣੇ, ਸਿਆਣੇ ਉਹਦੇ ਕੋਲ਼ੋ ਡਬਲ-ਰੋਟੀ ਅਤੇ ਬਿਸਕੁਟ ਲੈਂਦੇ। ਮੇਰਾ ਵੀ ਦਿਲ ਕਰਿਆ ਕਰੇ ਕਿ ਮੈਂ ਵੀ ਡਬਲ-ਰੋਟੀ ਦਾ ਸੁਆਦ ਦੇਖਾਂ। ਇੱਕ ਦਿਨ ਮੈਂ ਆਪਣੀ ਬੇਬੇ ਨੂੰ ਕਿਹਾ ਕਿ ਬੇਬੇ ਮੈਂ ਵੀ ਡਬਲ-ਰੋਟੀ ਲੈਣੀ ਹੈ। ਪਹਿਲਾਂ ਤਾਂ ਇੱਕ ਦਿਨ ਉਹਨੇ ਔਖੀ ਸੌਖੀ ਨੇ ਲੈ ਦਿੱਤੀ। ਇੱਕ ਦਿਨ ਮੈਂ ਫੇਰ ਕਿਹਾ, “ਮਾਂ, ਮੈਂ ਬਿਸਕੁਟ ਲੈਣਾ। ਉਸ ਨੇ ਮੈਨੂੰ ਸਮਝਾਉਣ ਦਾ ਯਤਨ ਕੀਤਾ ਕਿ ਆਪਣੇ ਕੋਲ਼ੇ ਇੰਨੇ ਪੈਸੇ ਨਹੀਂ। ਮੈਂ ਜੁਆਕ ਸੀ ਇਸ ਗੱਲ ਨੂੰ ਸਮਝ ਨਹੀਂ ਸੀ ਸਕਦਾ। ਮੈਂ ਰੋਣਾ ਸ਼ੁਰੂ ਕਰ ਦਿੱਤਾ ਤੇ ਜ਼ਿੱਦ ਕੀਤੀ। ਬੇਬੇ ਨੇ ਗੁੱਸੇ ਵਿੱਚ ਮੇਰੇ ਦੋ ਚਪੇੜਾਂ ਮਾਰੀਆਂ ਤੇ ਮੇਰੇ ਨਾਲ ਹੀ ਰੋਣ ਲੱਗ ਪਈ। ਪਰ ਮੈਨੂੰ ਉਦੋਂ ਪਤਾ ਨਹੀਂ ਲੱਗਾ ਕਿ ਉਹ ਕਿਉਂ ਰੋਂਦੀ ਹੈ? ਇਸ ਦੀ ਸਮਝ ਬਾਅਦ ਵਿੱਚ ਲੱਗੀ। ਉਸ ਦਿਨ ਤੋਂ ਹੀ ਮੈਨੂੰ ਡਬਲ-ਰੋਟੀ, ਬਿਸਕੁਟਾਂ ਨਾਲ ਐਨੀ ਘਿਣ ਹੋਈ ਕਿ ਮੈਂ ਹੁਣ ਜਦੋਂ ਵੀ ਡਬਲ-ਰੋਟੀ ਅਤੇ ਬਿਸਕੁਟ ਦੇਖਦਾਂ ਤਾਂ ਮੇਰਾ ਖਾਣ ਨੂੰ ਦਿਲ ਨਹੀਂ ਮੰਨਦਾ। ਮੈਨੂੰ ਆਪਣੀ ਬੇਬੇ ਦੀ ਯਾਦ ਆ ਜਾਂਦੀ ਹੈ ਅਤੇ ਗੱਲ੍ਹਾਂ ‘ਤੇ ਸੇਕ ਮਹਿਸੂਸ ਹੁੰਦਾ ਹੈ। ? ਤੁਸੀਂ ਵਿੱਦਿਆ ਪ੍ਰਾਪਤੀ ਕਿੱਥੋਂ ਕੀਤੀ ਤੇ ਉਸ ਤੋਂ ਬਾਅਦ ਕੀ ਕੀ ਕੰਮ-ਕਾਰ ਜਾਂ ਨੌਕਰੀ ਕੀਤੀ। ਇਸ ਸਮੇਂ ਦਾ ਤਜਰਬਾ ਸਾਂਝਾ ਕਰਨਾ ਚਾਹੋਗੇ?
ਇਸ ਤੋਂ ਬਾਅਦ ਮੇਰੀਆਂ ਸੇਵਾਵਾਂ ਐਗਰੀਕਲਚਰ ਡਿਪਾਰਟਮੈਂਟ ਵਿੱਚ ਬਦਲ ਦਿੱਤੀਆਂ ਗਈਆਂ। ਇਸ ਤਰ੍ਹਾਂ ਊਨਾ, ਰਾਮਪੁਰਾ-ਫੂਲ ਤੇ ਹੋਰ ਵੀ ਬਹੁਤ ਥਾਈਂ ਵੱਖ-ਵੱਖ, ਚੰਗੇ-ਮਾੜੇ ਲੋਕਾਂ ਨਾਲ ਕੰਮ ਕਰਨ ਦਾ ਮੌਕਾ ਮਿਲ਼ਿਆ। ਇੱਕ ਯਾਦਗਾਰੀ ਤਜਰਬਾ ਇਹ ਹੋਇਆ ਕਿ ਸ੍ਰ. ਜੋਗਿੰਦਰ ਸਿੰਘ ਗਰੇਵਾਲ ਮੇਰੇ ਜ਼ਿਲ੍ਹਾ ਅਫ਼ਸਰ ਬਹੁਤ ਹੀ ਨੇਕ ਇਨਸਾਨ ਸਨ। ਉਨ੍ਹਾਂ ਨੇ ਮੇਰੀ ਡਿਊਟੀ ਨਰਮੇ ਦਾ ਬੀਜ, ਸਾਰੇ ਪੰਜਾਬ ਵਿੱਚ ਸਪਲਾਈ ਕਰਨ ਦੀ ਲਾਈ। ਇਸ ਤੋਂ ਪਹਿਲਾਂ ਇਨਸਪੈਕਟਰ ਆਪ ਜਾ ਕੇ ਨਰਮੇ ਦਾ ਬੀਜ ਲਿਆਇਆ ਕਰਦੇ ਸਨ। ਉਹਦੇ ਨਾਲ ਵਾਧੂ ਖ਼ਰਚਾ ਤੇ ਕਿਸਾਨ ਦੀ ਖ਼ੱਜਲ਼-ਖ਼ੁਆਰੀ ਦੇ ਨਾਲ, ਬੀਜ ਵੀ ਰਲ਼ੇ ਵਾਲਾ ਮਿਲ਼ਦਾ ਸੀ। ਅਫ਼ਸਰ ਰਲ ਮਿਲ਼ ਕੇ, ਮਾੜਾ ਬੀਜ ਚੰਗੇ ਭਾਅ ਕਿਸਾਨਾਂ ਨੂੰ ਵੇਚ ਦਿੰਦੇ ਸਨ। ਮੈਂ ਇਹ ਕੰਮ ਮਨ ਲਾ ਕੇ ਬਹੁਤ ਹੀ ਇਮਾਨਦਾਰੀ ਨਾਲ ਕੀਤਾ। ਜਿਸ ਦਾ ਨਤੀਜਾ ਇਹ ਹੋਇਆ ਕਿ ਕਿਸਾਨਾਂ ਨੂੰ ਬਿਨਾਂ ਕਿਸੇ ਖੱਜਲ਼-ਖੁਆਰੀ ਤੋਂ, ਖ਼ਾਲਸ ਬੀਜ ਮਿਲ਼ਿਆ ਅਤੇ ਖ਼ਰਚਾ ਵੀ ਘੱਟ ਹੋਇਆ। ਮੇਰੇ ਜ਼ਿਲ੍ਹਾ ਅਫ਼ਸਰ ਨੇ ਲਿਖਤੀ ਰੂਪ ਵਿੱਚ ਇਹ ਗੱਲ ਕਹੀ ਕਿ ਜ਼ਰਾਇਤ ਮਹਿਕਮੇ ਦੀ ਹਿਸਟਰੀ ਵਿੱਚ ਪਹਿਲੀ ਵੇਰ ਇੰਨੇ ਵਧੀਆ ਢੰਗ ਨਾਲ ਬੀਜ ਸਪਲਾਈ ਹੋਇਆ ਅਤੇ ਉਹ ਵੀ ਬਿਨਾਂ ਵਾਧੂ ਖ਼ਰਚਿਆਂ ਤੋਂ। ਇਸ ਤੋਂ ਬਾਅਦ ਇੱਕ ਹੋਰ ਜ਼ਿਲ੍ਹਾ ਅਫ਼ਸਰ ਆ ਗਿਆ, ਜਿਸ ਨੂੰ ਸਿਰਫ ਅਫ਼ਸਰੀ ਕਰਨ ਦਾ ਹੀ ਸ਼ੌਂਕ ਸੀ। ਮੇਰੀ ਉਸ ਨਾਲ ਅੜ-ਫਸ ਹੁੰਦੀ ਹੀ ਰਹਿੰਦੀ ਸੀ। ਨਤੀਜੇ ਵਜੋਂ ਉਸ ਨੇ ਮੇਰੀ ਬਦਲੀ ਸਮਰਾਲ਼ੇ ਕਰਵਾ ਦਿੱਤੀ। ਮੈਂ ਆਜ਼ਾਦ ਤਬੀਅਤ ਦਾ ਬੰਦਾ ਸੀ, ਨੌਕਰੀਆਂ ਤੇ ਜੀ-ਹਜ਼ੂਰੀਆਂ ਵਿੱਚ ਮੇਰੀ ਕੋਈ ਰੁਚੀ ਨਹੀਂ ਸੀ। ਦਰਅਸਲ ਮੇਰਾ ਮਨ ਆਪ ਖੇਤੀ ਕਰਨ ਨੂੰ ਕਰਦਾ ਸੀ। ਸਮਰਾਲੇ ਨੌਕਰੀ ਤੋਂ ਅਸਤੀਫ਼ਾ ਦੇ ਕੇ, ਮੈਂ ਪ੍ਰੀਤ-ਨਗਰ ਖੇਤੀ ਕਰਨ ਗਿਆ। ਪਰ ਮਨ ਉੱਥੇ ਵੀ ਨਹੀਂ ਮੰਨਿਆ। ਪ੍ਰੀਤ ਨਗਰ ਦੀ ਵੀ ਦਿਲਚਸਪ ਕਹਾਣੀ ਹੈ। ਕਿ ਗੁਰਬਖ਼ਸ਼ ਸਿੰਘ ਪ੍ਰੀਤਲੜੀ ਲਈ ਮੇਰੇ ਮਨ ਵਿੱਚ ਬਾਬੇ ਨਾਨਕ ਜਿੰਨੀ ਸ਼ਰਧਾ ਸੀ। ਜਦੋਂ ਉੱਥੇ ਜਾ ਕੇ ਮੇਰਾ ਵਾਹ ਪਿਆ ਤਾਂ ਮੈਨੂੰ ਇਸ ਗੱਲ ਦਾ ਪਤਾ ਲੱਗਾ ਕਿ ਖੱਬਿਆਂ ਵਿੱਚ ਵੀ ਸੱਜੇ ਦਿਲ ਹਨ। ਫਿਰ ਮੈਂ ਛਿਹਾਰਟੇ ਦੇ ਨੇੜੇ ਪਿੰਡ ਗੁਮਾਨ ਪੁਰੇ, ਜ਼ਿਲ੍ਹਾ ਅੰਮ੍ਰਿਤਸਰ ਇੱਕ ਲਾਲੇ ਦੀ ਵੀਹ ਕਿੱਲੇ ਜ਼ਮੀਨ ਠੇਕੇ ’ਤੇ ਲੈ ਕੇ ਖੇਤੀ ਕੀਤੀ। ਪੈਸੇ ਦੀ ਘਾਟ ਕਾਰਨ ਮੈਂ ਕਾਮਯਾਬ ਨਾ ਹੋਇਆ। ਅਖ਼ੀਰ ਮੈਂ ਚੰਡੀਗੜ੍ਹ ਆਪਣੇ ਉਸੇ ਐਗਰੀਕਲਚਰ ਡਾਇਰੈਕਟਰ ਡਾ. ਚੀਮਾ ਜੀ ਨੂੰ ਮਿਲ਼ਿਆ ਕਿ ਮੈਨੂੰ ਵਾਪਸ ਨੌਕਰੀ ’ਤੇ ਲੈ ਲਵੇ। ਉਹ ਬਹੁਤ ਹੀ ਨੇਕ ਪੁਰਸ਼ ਸੀ, ਉਸ ਨੇ ਮੈਨੂੰ ਕਿਹਾ ਕਿ ਅਸੀਂ ਤੈਨੂੰ ਵਾਪਸ ਨਹੀਂ ਲੈ ਸਕਦੇ ਕਿਉਂਕਿ ਤੂੰ ਆਪ ਅਸਤੀਫ਼ਾ ਦੇ ਕੇ ਗਿਆ ਹੈਂ। ਉਸ ਨੇ ਆਪਣੇ ਸਹਾਇਕ ਨੂੰ ਸੱਦ ਕੇ ਪੁੱਛਿਆ ਕਿ ਫਿਰੋਜ਼ਪੁਰ ਪੰਚਾਇਤੀ ਰਾਜ ਟ੍ਰੇਨਿੰਗ ਸੈਂਟਰ ਵਿੱਚ ਪ੍ਰਿੰਸੀਪਲ ਦੀ ਜੌਬ ਖ਼ਾਲ੍ਹੀ ਸੀ, ਉੱਥੇ ਕੋਈ ਬੰਦਾ ਰੱਖਿਆ ਕਿ ਨਹੀਂ? ਉਸ ਨੇ ਜਵਾਬ ਦਿੱਤਾ ਕਿ ਅਜੇ ਨਹੀਂ। ਉਸ ਨੇਕ ਦਿਲ ਇਨਸਾਨ ਨੇ ਮੈਨੂੰ ਫਿਰੋਜ਼ਪੁਰ ਪੰਚਾਇਤੀ ਰਾਜ ਟ੍ਰੇਨਿੰਗ ਸੈਂਟਰ ਵਿੱਚ ਪ੍ਰਿੰਸੀਪਲ ਲਾ ਦਿੱਤਾ। ਇੱਥੇ ਮੈਂ ਤਿੰਨ ਕੁ ਸਾਲ ਕੰਮ ਕੀਤਾ। ਇਥੇ ਵੀ ਮੇਰੇ ਖ਼ਿਲਾਫ਼ ਸੀ. ਆਈ. ਡੀ. ਨੇ ਡੀ. ਸੀ. ਫਿਰੋਜ਼ਪੁਰ ਕੋਲ਼ ਖ਼ੁਫੀਆ ਰਿਪੋਰਟ ਕੀਤੀ ਕਿ ਦੌਧਰੀਆ ਸਰਕਾਰ ਦੇ ਖ਼ਿਲਾਫ਼ ਅੱਗ ਉਗਲ਼ਦਾ ਹੈ। ਬੱਸ ਇੱਥੋਂ ਹੀ ਮੈਂ ਵਾਊਚਰ ਸਿਸਟਮ ਨਾਲ ਇੰਗਲੈਂਡ ਆ ਗਿਆ ਅਤੇ ਇੰਗਲੈਂਡ ਤੋਂ ਕੈਨੇਡਾ ਪਹੁੰਚ ਗਿਆ। ? ਹਰਜੀਤ ਜੀ, ਤੁਸੀਂ ਆਪਣੀ ਮਾਤਾ ਜੀ ਬਾਰੇ ਤਾਂ ਯਾਦ ਸਾਂਝੀ ਕੀਤੀ। ਕੀ ਕੋਈ ਪਿਤਾ ਜੀ ਦੀ ਯਾਦ ਵੀ ਸਾਂਝੀ ਕਰਨੀ ਚਾਹੋਗੇ? -ਸਤਨਾਮ ਜੀ, ਪਿਤਾ ਜੀ ਬਾਰੇ ਵੀ ਬਹੁਤ ਸਾਰੀਆਂ ਯਾਦਾਂ ਹਨ। ਮੇਰੇ ਪਿਤਾ ਜੀ ਬਹੁਤ ਹੀ ਸ਼ਰੀਫ਼ ਤੇ ਨੇਕ-ਦਿਲ ਇਨਸਾਨ ਸਨ। ਜਿਵੇਂ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਕਿ ਮੇਰਾ ਮਾਮਾ ਅੰਮ੍ਰਿਤ, ਕੁੰਢੇ ਡਾਕੂ ਹੋਰਾਂ ਨਾਲ ਰਲ਼ ਗਿਆ ਸੀ। ਉਹ ਆਉਂਦਾ-ਜਾਂਦਾ ਕੁਝ ਅਸਲਾ ਤੇ ਪਿਸਤੌਲ ਸਾਡੇ ਘਰ ਰੱਖ ਗਿਆ। ਇੱਕ ਵਾਰ, ਨਿਆਣਾ ਹੋਣ ਕਰਕੇ ਮੈਂ ਅਪਣੀ ਮਾਂ ਨਾਲ ਲੜ ਰਹੀ ਗੁਆਂਢਣ ’ਤੇ ਉਹੀ ਪਿਸਤੌਲ ਕੱਢ ਲਿਆ ਸੀ। ਇਹ ਮੇਰੇ ਪਿਤਾ ਜੀ ਹੀ ਸਨ, ਜਿਨ੍ਹਾਂ ਨੇ ਇਹ ਸਭ ਕੁਝ ਇੱਕ ਖ਼ੂਹ ਵਿੱਚ ਸੁਟਵਾ ਦਿੱਤਾ ਸੀ। ਜੇਕਰ ਉਹ ਏਨੀ ਲੰਬੀ ਨਾ ਸੋਚਦੇ ਤਾਂ ਸ਼ਾਇਦ ਹਾਲਾਤ ਕੁਝ ਹੋਰ ਹੀ ਹੁੰਦੇ। ਇਥੇ ਹੀ ਇੱਕ ਯਾਦ ਹੋਰ ਮੈਂ ਸਾਂਝੀ ਕਰਨੀ ਚਾਹੂੰਗਾ ਕਿ ਜਦੋਂ ਮੈਂ ਪ੍ਰੀਤ ਨਗਰ ਤੋਂ ਨਿਰਾਸ਼ ਹੋ ਕੇ ਛਿਹਰਟੇ ਨੇੜੇ ਖੇਤੀ ਕਰਨ ਲੱਗਾ ਤਾਂ ਆਪਣੀ ਮਦਦ ਲਈ ਜੀਰੀ ਲਾਉਣ ਸਮੇਂ, ਆਪਣੇ ਬਾਪੂ ਜੀ ਨੂੰ ਨਾਲ ਲੈ ਗਿਆ। ਇੱਕ ਦਿਨ ਝੋਨੇ ਦੀ ਪਨੀਰੀ ਪੁੱਟ ਕੇ ਖੇਤਾਂ ਵਿੱਚ ਲਾ ਰਹੇ ਸੀ। ਦਿਨ ਬਹੁਤ ਗਰਮ ਸੀ, ਤੇਜ਼ ਧੁੱਪ ਵਿੱਚ ਉਹ ਪਨੀਰੀ ਪੁੱਟ ਰਹੇ ਸਨ। ਮੁੜਕੋ-ਮੁੜਕੀ ਹੋਏ ਬਾਪੂ ਨੇ ਜੋ ਸ਼ਬਦ ਮੈਨੂੰ ਕਹੇ ਮੈਨੂੰ ਅੱਜ ਤੱਕ ਯਾਦ ਹਨ। ਉਹਨਾਂ ਨੇ ਮੈਨੂੰ ਅਵਾਜ਼ ਮਾਰੀ, “ਓ ਜੀਤਿਆ”। ਮੈਂ ਨੇੜੇ ਹੋਇਆ ਤਾਂ ਕਹਿੰਦਾ, “ਮੈਨੂੰ ਤਾਂ ਲੱਗਦੈ ਕਿ ਤੂੰ ‘ਬੀ ਆ’ ਪਾਸ ਨਹੀਂ ਕੀਤਾ”। ਮੈਂ ਹੈਰਾਨੀ ਨਾਲ ਕਿਹਾ ਕਿਉਂ ਕੀਤਾ ਕਿਉਂ ਨਹੀਂ? ਤੁਸੀਂ ਇਹ ਕਾਹਦੇ ਲਈ ਪੁੱਛਦੇ ਹੋ? ਉਹ ਬੋਲੇ, “ਜੇਕਰ ਤੂੰ ‘ਬੀ ਆ’ ਪਾਸ ਕੀਤਾ ਹੁੰਦਾ, ਸੌਹਰਿਆ ਕਿਤੇ ਕੁਰਸੀ ’ਤੇ ਨਾ ਬੈਠਾ ਹੁੰਦਾ। ਤੂੰ ਤਾਂ ਸਾਡੀ ਵੀ ਜੂਨ ਖ਼ਰਾਬ ਕਰਤੀ”। ਨਾਲੇ ਮੁੜ੍ਹਕਾ ਮੱਥੇ ਤੋਂ ਪੂੰਝੇ ਤੇ ਨਾਲੇ ਕਹੇ ਕਿ ਤੈਨੂੰ ਇਸ ਲਈ ਪੜ੍ਹਾਇਆ ਸੀ ਕਿ ਤੂੰ ਇਸ ਤਰਾਂ ਦੇ ਪੰਗੇ ਲਵੇਂ। ਮੈਂ ਇਸ ਦੁੱਖ ਨੂੰ ਬਹੁਤ ਮਹਿਸੂਸ ਕੀਤਾ। ਸੋ ਢਾਅ ਜੀ ਇਹੋ ਜਿਹੀਆਂ ਦੁਖਦਾਈ ਯਾਦਾਂ ਹੀ ਹਨ। ? ਤੁਹਾਡੇ ‘ਤੇ ਮਾਰਕਸੀ ਵਿਚਾਰਾਂ ਦਾ ਬਹੁਤ ਪ੍ਰਭਾਵ ਹੈ। ਕੀ ਬਚਪਨ ਦੀਆਂ ਇਹੋ ਜਿਹੀਆਂ ਗੱਲਾਂ ਨੇ ਹੀ ਤੁਹਾਨੂੰ ਮਾਰਕਸੀ ਵਿਚਾਰਾਂ ਵੱਲ ਖਿੱਚਿਆ ਜਾਂ ਕਿਸੇ ਹੋਰ ਘਟਨਾ ਨੇ ਵੀ ਤੁਹਾਨੂੰ ਪ੍ਰਭਾਵਿਤ ਕੀਤਾ?
ਇਥੇ ਇੱਕ ਹੋਰ ਘਟਨਾ ਦਾ ਵੀ ਮੈਂ ਜ਼ਿਕਰ ਕਰਨਾ ਚਾਹਾਂਗਾ, ਜਿਸ ਨੇ ਮੈਨੂੰ ਹਲੂਣਿਆ। ਇਹ ਗੱਲ ਮੇਰੇ ਨਾਨਕੀ ਰਹਿੰਦੇ ਸਮੇਂ ਦੀ ਹੈ। ਇੱਕ ਸਾਡਾ ਗਿਆਨੀ ਮਾਸਟਰ ਹੁੰਦਾ ਸੀ ਜੋ ਬਹੁਤ ਹੀ ਧਾਰਮਿਕ ਖ਼ਿਆਲਾਂ ਦਾ ਬੰਦਾ ਸੀ। ਸੰਤ ਕਲੇਰਾਂ ਵਾਲ਼ਿਆਂ (ਹੁਣ ਨਾਨਕਸਰ) ਦਾ ਬਹੁਤ ਵੱਡਾ ਸ਼ਰਧਾਲੂ ਸੀ। ਇੱਕ ਵਾਰ ਉਹ ਸਾਡੀ ਜਮਾਤ ਦੇ ਕੁਝ ਵਿਦਿਆਰਥੀਆਂ ਨੂੰ ਕਲੇਰੀਂ ਗੁਰਦੁਆਰੇ ਲੈ ਗਿਆ। ਗਰਮੀ ਬਹੁਤ ਸੀ, ਮੈਨੂੰ ਬੁਖ਼ਾਰ ਹੋ ਗਿਆ। ਮੈਂ ਮੁੜ ਸਕੂਲ ਨਾ ਜਾ ਸਕਿਆ। ਕੋਈ ਦਸ-ਪੰਦਰਾਂ ਦਿਨ ਲੰਘ ਗਏ। ਸਾਡੇ ਇੱਕ ਹੋਰ ਮਾਸਟਰ ਜੋ ਸਾਇੰਸ ਪੜ੍ਹਾਉਂਦੇ ਸਨ, ਸਾਧੂ ਸਿੰਘ ਢੇਸੀ, ਨੇ ਮੇਰੇ ਜਮਾਤੀਆਂ ਨੂੰ ਪੁੱਛਿਆ ਕਿ ਹਰਜੀਤ ਸਕੂਲ ਕਿਉਂ ਨਹੀਂ ਆਉਂਦਾ? ਮੇਰੇ ਜਮਾਤੀਆਂ ਨੇ ਦੱਸਿਆ ਕਿ ਉਹ ਤਾਂ ਕਾਫ਼ੀ ਦਿਨਾਂ ਤੋਂ ਬਿਮਾਰ ਹੈ। ਇਹ ਸੁਣ ਕੇ ਢੇਸੀ ਸਾਹਿਬ ਸਾਡੇ ਘਰ ਆਏ ਅਤੇ ਮੈਨੂੰ ਆਪਣੇ ਸਾਈਕਲ ਤੇ ਬਿਠਾ ਕੇ ਡਾਕਟਰ ਦੇ ਲੈ ਕੇ ਗਏ। ਦਵਾਈ ਦਵਾ ਕੇ ਘਰ ਛੱਡ ਕੇ ਗਏ। ਡਾਕਟਰ ਨੇ ਦੱਸਿਆ ਕਿ ਦੋ ਚਾਰ ਦਿਨ ਹੋਰ ਨਾ ਆਉਂਦੇ ਤਾਂ ਮੌਤ ਵੀ ਹੋ ਸਕਦੀ ਸੀ ਕਿਉਂਕਿ ਇਹ ਟਾਈਫ਼ਾਈਡ ਬੁਖ਼ਾਰ ਸੀ। ਇਸ ਗੱਲ ਨੇ ਮੇਰੇ ਮਨ ’ਤੇ ਏਨਾ ਅਸਰ ਕੀਤਾ ਕਿ ਮੈਨੂੰ ਇਸ ਤਰਾਂ ਦੇ ਦਿਖਾਵੇ ਵਾਲੇ ਲੋਕਾਂ ਨਾਲ ਨਫ਼ਰਤ ਤਾਂ ਹੋਈ ਹੀ ਸਗੋਂ ਧਾਰਮਿਕ ਅਡੰਬਰਾਂ ਤੋਂ ਵੀ ਮਨ ਦੂਰ ਹੋ ਗਿਆ। ਗਿਆਨੀ ਮਾਸਟਰ ਮੇਰੇ ’ਤੇ ਰੋਜ਼ ਸਵੇਰੇ ਸ਼ਬਦ ਕਹਾਉਣ ਦੀ ਜ਼ਬਰਦਸਤੀ ਕਰਦਾ ਸੀ। ਇੱਕ ਪਾਸੇ ਉਸ ਗਿਆਨੀ ਮਾਸਟਰ ਨੂੰ ਪਤਾ ਸੀ ਕਿ ਮੈਂ ਬਿਮਾਰ ਹਾਂ, ਉਸ ਨੇ ਮੁੜ ਬਾਤ ਨਹੀਂ ਪੁੱਛੀ। ਦੂਜੇ ਪਾਸੇ ਮਾਸਟਰ ਢੇਸੀ ਵਰਗੇ ਇਨਸਾਨ ਵੀ ਹਨ ਜਿਹੜੇ ਲੋਕਾਂ ਦੇ ਦੁੱਖਾਂ ਤਕਲੀਫ਼ਾਂ ਨੂੰ ਸਹਾਰ ਨਹੀਂ ਸਕਦੇ। ਮੈਂ ਮਾਸਟਰ ਢੇਸੀ ਵਰਗੇ ਮਨੁੱਖੀ-ਹਿਤ ਰੱਖਣ ਵਾਲੇ ਲੋਕਾਂ ਦੀ ਕਦਰ ਕਰਦਾ ਹਾਂ, ਉਨ੍ਹਾਂ ਦੇ ਲਈ ਮੇਰੇ ਮਨ ਵਿੱਚ ਬਹੁਤ ਸਤਿਕਾਰ ਹੈ। ? ਤੁਹਾਡੀ ਸ਼ਖ਼ਸੀਅਤ ਬਣਾਉਣ ਵਿੱਚ ਹੋਰ ਕਿਨ੍ਹਾਂ ਕਿਨ੍ਹਾਂ ਲੋਕਾਂ ਦਾ ਹੱਥ ਤੁਸੀਂ ਸਮਝਦੇ ਹੋ? -ਢਾਹ ਜੀ, ਮੇਰੀ ਸ਼ਖ਼ਸੀਅਤ ਬਣਾਉਣ ਵਿੱਚ ਸਭ ਤੋਂ ਜ਼ਿਆਦਾ ਹੱਥ ਮੇਰੀ ਬੇਬੇ ਦਾ ਹੈ। ਸਾਡੀ ਮਾਂ ਨੇ ਸਾਨੂੰ ਜਿਥੇ ਘਰ-ਬਾਰ ਦੇ ਸਾਰੇ ਕੰਮ ਸਿਖਾਏ, ਉੱਥੇ ਸਭ ਤੋਂ ਵੱਧ ਜ਼ਰੂਰੀ ਗੱਲ ਡਿਸਿਪਲਨ ਵਿੱਚ ਰਹਿਣਾ ਸਿਖਾਇਆ। ਉਂਝ ਮੇਰੀ ਜ਼ਿੰਦਗੀ ਵਿੱਚ ਜਿਹੜੇ ਚੰਗੇ-ਮਾੜੇ ਲੋਕ ਆਏ ਉਨ੍ਹਾਂ ਨੇ ਵੀ ਮੈਨੂੰ ਪ੍ਰਭਾਵਿਤ ਕੀਤਾ। ਪਹਿਲੀ ਗੱਲ ਮੈਂ ਤੁਹਾਨੂੰ ਦੱਸਦਾਂ ਕਿ ਮੇਰਾ ਵਿਚਕਾਰਲਾ ਮਾਮਾ ਅੰਮ੍ਰਿਤ, ਕੁੰਢੇ ਅਤੇ ਅਰਜਣ ਹੋਰਾਂ ਨਾਲ ਰਲ਼ ਕੇ ਡਾਕੂ ਬਣ ਗਿਆ ਸੀ। ਇੱਕ ਵਾਰ ਉਹ ਸਾਡੇ ਘਰ ਆਇਆ ਤੇ ਕਾਫ਼ੀ ਸਾਰਾ ਅਸਲਾ ਤੇ ਦੋ ਤਿੰਨ ਪਸਤੌਲ ਸਾਡੇ ਘਰ ਰੱਖ ਗਿਆ। ਮੈਂ ਉਦੋਂ ਅਜੇ ਛੋਟਾ ਹੀ ਸੀ। ਮੇਰੀ ਬੇਬੇ ਨਾਲ ਸਾਡੀ ਇੱਕ ਗੁਆਂਢਣ ਲੜ ਪਈ। ਉਹ ਮੇਰੀ ਬੇਬੇ ਨੂੰ ਵੱਧ ਘੱਟ ਬੋਲੀ, ਮੈਨੂੰ ਵੀ ਗੁੱਸਾ ਆ ਗਿਆ ਅਤੇ ਮੈਂ ਪਸਤੌਲ ਅੰਦਰੋਂ ਕੱਢ ਲਿਆਇਆ। ਏਨੇ ਚਿਰ ਨੂੰ ਮੇਰਾ ਵੱਡਾ ਭਰਾ ਚਰ੍ਹੀ ਦੀ ਭਰੀ ਲੈ ਕੇ ਆ ਗਿਆ। ਉਸ ਨੇ ਮੇਰੇ ਕੋਲੋਂ ਪਸਤੌਲ ਖੋਹਿਆ। ਜਦੋਂ ਸ਼ਾਮ ਨੂੰ ਮੇਰੇ ਪਿਤਾ ਜੀ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਇਹ ਸਾਰਾ ਕੁਝ ਖੂਹ ਵਿੱਚ ਸੁੱਟਵਾ ਦਿੱਤਾ। ਉਸ ਛੋਟੀ ਉਮਰ ਵਿੱਚ ਮੈਂ ਇੱਕ ਡਾਕੂ ਵੀ ਬਣਨਾ ਚਾਹਿਆ। ਮੈਂ ਵੀ ਚਾਹੁੰਦਾ ਸਾਂ ਕਿ ਡਾਕੂਆਂ ਵਾਂਗ ਕਮਾਦਾਂ ਵਿੱਚ ਲੁਕਿਆ ਕਰਾਂ। ਪੇਂਡੂ ਸਮਾਜ ਵਿੱਚ ਲੋਕਾਂ ਦੇ ਤੇ ਸ਼ਰੀਕਾਂ ਦੇ ਧੱਕਿਆਂ ਦੇ ਖ਼ਿਲਾਫ਼ ਅਕਸਰ ਮੇਰੀ ਬੇਬੇ ਦੀ ਰੜਕ-ਮੜਕ ਦੇਖ ਕੇ ਮੇਰੇ ’ਤੇ ਵੀ ਉਹਦੇ ਇਸ ਖ਼ਰਵ੍ਹੇ ਸੁਭਾਅ ਦਾ ਕਾਫ਼ੀ ਅਸਰ ਹੋਇਆ ਜੋ ਅਜੇ ਵੀ ਹੈ। ਉਨ੍ਹਾਂ ਦਿਨਾਂ ਵਿੱਚ ਚੰਗੇ ਭਾਗੀਂ ਇੱਕ ਨੇਕ-ਪੁਰਸ਼ ਦੀ ਨਿਗ੍ਹਾ ਵਿੱਚ ਮੈਂ ਆ ਗਿਆ ਉਹ ਨੇਕ ਪੁਰਸ਼ ਸੀ, ਸ੍ਰ. ਹਰਬੰਸ ਸਿੰਘ ਗਿੱਲ ਸਾਡੇ ਪਿੰਡ ਦਾ ਪਟਵਾਰੀ। ਉਨ੍ਹਾਂ ਸਮਿਆਂ ਵਿੱਚ ਲੋਕ ਮਿੱਟੀ ਦੇ ਤੇਲ ਨਾਲ ਲੈਂਪ ਜਾਂ ਦੀਵਾ ਜਗਾ ਕੇ ਪੜ੍ਹਿਆ ਕਰਦੇ ਸਨ। ਕਈ ਵਾਰ ਤਾਂ ਤੇਲ ਲੈਣ ਦੀ ਵੀ ਹਿੰਮਤ ਨਹੀਂ ਸੀ ਹੁੰਦੀ। ਉਸ ਨੇਕ ਇਨਸਾਨ ਨੇ ਮੈਨੂੰ ਬਹੁਤ ਪ੍ਰੇਰਨਾ ਦਿੱਤੀ, ਆਪਣੇ ਕੋਲ਼ੋਂ ਲੈਂਪ ਤੇ ਮਿੱਟੀ ਦਾ ਤੇਲ ਲੈ ਕੇ ਦੇਣਾ। ਆਪਣੀ ਬੈਠਕ ਵਿੱਚ ਉਸ ਨੇ ਆਪ ਵੀ ਪੜ੍ਹਨਾ ਤੇ ਮੈਨੂੰ ਵੀ ਪੜ੍ਹਾਉਣਾ। ਉਸ ਦੀ ਪ੍ਰੇਰਨਾ ਨਾਲ ਹੀ ਮੈ ਹਾਈ ਸਕੂਲ ਕਰ ਗਿਆ ਤੇ ਕਾਲਜ ਵੀ ਗਿਆ। ਜੇਕਰ ਪਟਵਾਰੀ ਸਾਹਿਬ ਮੇਰੀ ਜ਼ਿੰਦਗੀ ਵਿੱਚ ਨਾ ਆਉਂਦੇ ਤਾਂ ਸ਼ਾਇਦ ਮੈਂ ਕੁਝ ਹੋਰ ਹੀ ਹੁੰਦਾ। ਸੋ ਮੈਂ ਕਹਿ ਸਕਦਾ ਹਾਂ ਕਿ ਇਹੋ ਜਿਹੀਆਂ ਸ਼ਖ਼ਸੀਅਤਾਂ ਦਾ ਮੇਰੀ ਸ਼ਖ਼ਸੀਅਤ ਬਣਾਉਣ ਵਿੱਚ ਬਹੁਤ ਵੱਡਾ ਹੱਥ ਹੈ । ? ਹਰਜੀਤ ਜੀ, ਤੁਸੀਂ ਇੱਕ ਕਿਤਾਬ ਦਰਸ਼ਨ ਸਿੰਘ ਕੈਨੇਡੀਅਨ ਬਾਰੇ ਵੀ 2004 ਵਿੱਚ ਸੰਪਾਦਿਤ ਕੀਤੀ ਹੈ। ਇਸ ਕਿਤਾਬ ਨੂੰ ਸੰਪਾਦਨ ਕਰਨ ਦਾ ਖ਼ਿਆਲ ਤੁਹਾਡੇ ਮਨ ਵਿੱਚ ਕਿਸ ਤਰ੍ਹਾਂ ਆਇਆ ਤੇ ਇਸ ਨੂੰ ਸੰਪਾਦਨ ਕਰਨ ਲਈ ਸਬੱਬ ਕਦੋਂ ਤੇ ਕਿਸ ਤਰਾਂ ਬਣਿਆਂ? ਤੁਹਾਡੀ ਇਸ ਕੰਮ ਵਿੱਚ ਕਿਸੇ ਹੋਰ ਨੇ ਵੀ ਮੱਦਦ ਕੀਤੀ? -ਸਤਨਾਮ ਜੀ, ਇਸ ਨੂੰ ਸੰਪਾਦਤ ਕਰਨ ਦੀ ਵੀ ਇੱਕ ਦਿਲਸਚਪ ਕਹਾਣੀ ਹੈ। ਮੈਂ 1991 ਵਿੱਚ ਇੰਗਲੈਂਡ ਤੋਂ ਰਿਟਾਇਰਡ ਹੋ ਕੇ ਕੈਨੇਡਾ ਆ ਗਿਆ। 1990 ਵਿੱਚ ਸੋਵੀਅਤ ਯੂਨੀਅਨ ਟੁੱਟ ਚੁੱਕਾ ਸੀ। ਕੈਨੇਡਾ ਵਿਚਲੀ ਕਮਿਊਨਿਸਟ ਪਾਰਟੀ ਵੀ ਖੇਰੂੰ-ਖੇਰੂੰ ਹੋ ਚੁੱਕੀ ਸੀ। ਜਦੋਂ ਮੈਂ ਵੈਨਕੂਵਰ ਆਇਆ ਤਾਂ ਕੱਚੇ ਪਿੱਲੇ ਕਾਮਰੇਡ ਐਨ. ਡੀ. ਪੀ.(ਨੀਊ ਡੈਮੋਕਰੈਟਕ ਪਾਰਟੀ) ਵਿੱਚ ਜਾ ਚੁੱਕੇ ਸਨ। ਕੈਨੇਡੀਅਨ ਕਮਿਊਨਿਸਟ ਪਾਰਟੀ ਨਵੇਂ ਸਿਰਿਓਂ ਸਥਾਪਤੀ-ਸਟੇਜ ਤੇ ਸੀ। ਇਥੇ ਕੁਝ ਗੋਰੇ, ਪੁਰਾਣੇ ਪਾਰਟੀ ਮੈਂਬਰ ਮੇਰੇ ਆਉਣ ਨਾਲ ਬਹੁਤ ਖੁਸ਼ ਹੋਏ। ਉਹ ਕਾਮਰੇਡ ਦਰਸ਼ਨ ਸਿੰਘ ‘ਸੰਘਾ’ ਦੇ ਉਪਾਸ਼ਕ ਸਨ ਜੋ ਕੈਨੇਡਾ ਦੀ ਕਮਿਊਨਿਸਟ ਪਾਰਟੀ ਦੇ ਉੱਘੇ ਕਾਰਕੁਨ ਸਨ। ਮੇਰੇ ਨਾਲ ਅਕਸਰ ਉਹਦੇ ਕੀਤੇ ਕੰਮਾਂ ਦੀਆਂ ਗੱਲਾਂ ਬਾਤਾਂ ਕਰਿਆ ਕਰਦੇ ਸਨ। ਉਹ ਮੈਨੂੰ ਪਿਆਰ ਨਾਲ ‘ਛੋਟਾ ਦਰਸ਼ਨ’ ਕਹਿੰਦੇ। ਪਰ ਮੈਂ ਕਾਮਰੇਡ ਦਰਸ਼ਨ ਜੀ ਬਾਰੇ ਓਨਾ ਨਹੀਂ ਸੀ ਜਾਣਦਾ। ਹੋਲ਼ੀ ਹੌਲ਼ੀ ਮੈਂ ਕਾਮਰੇਡ ਦਰਸ਼ਣ ਜੀ ਬਾਰੇ ਜਾਣਕਾਰੀ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਦਿਨਾਂ ਵਿੱਚ ਮੈਂ ਇਸ ਮਕਸਦ ਨਾਲ ਪੰਜਾਬ ਗਿਆ। ਉੱਥੇ ਕਾਮਰੇਡ ਸਤਪਾਲ ਡਾਂਗ ਜੀ ਨੂੰ ਮਿਲ਼ਿਆ। ਉਨ੍ਹਾਂ ਨੂੰ ਮੈਂ ਦੱਸਿਆ ਕਿ ਮੈਂ ਕਾਮਰੇਡ ਦਰਸ਼ਨ ਬਾਰੇ ਜਾਣਕਾਰੀ ਇਕੱਠੀ ਕਰਨੀ ਚਾਹੁੰਦਾ ਹਾਂ। ਉਹ ਮੈਨੂੰ ਚੰਡੀਗੜ੍ਹ, ਪੰਜਾਬ ਅਸੰਬਲੀ ਦੀ ਲਾਇਬ੍ਰੇਰੀ ਵਿੱਚ ਲੈ ਗਏ। ਜਿਥੇ ਮੈਨੂੰ ਵੀਹ ਬਾਈ ਕਿਤਾਬਾਂ ਦੇਖਣ ਪੜ੍ਹਨ ਤੇ ਫਰੋਲਣ ਦਾ ਮੌਕਾ ਮਿਲ਼ਿਆ। ਨਾਲ ਹੀ ਜਿੰਨੇ ਲੈਕਚਰ ਜਾਂ ਸਪੀਚਾਂ ਕਾਮਰੇਡ ਦਰਸ਼ਨ ਜੀ ਦੀਆਂ ਸਨ, ਮੈਨੂੰ ਸਾਰੀਆਂ ਰਿਕਾਰਡ ਕੀਤੀਆਂ ਮਿਲ਼ੀਆਂ। ਇੱਕ ਗੱਲ ਹੋਰ ਇਥੇ ਦੱਸ ਜਾਵਾਂ ਕਿ ਮੈਂ ਆਪਣੀ ਜ਼ਿੰਦਗੀ ਵਿੱਚ ਪਹਿਲੀ ਵਾਰ ਤੱਕਿਆ ਕਿ ਕਾ. ਸਤਪਾਲ ਡਾਂਗ ਜੀ ਦੀ ਇੱਜ਼ਤ ਵਿਰੋਧੀ ਪਾਰਟੀਆਂ ਵਾਲੇ ਵੀ, ਉਨ੍ਹਾਂ ਦੇ ਗੋਡੀਂ ਹੱਥ ਲਾ ਕੇ ਕਰਦੇ ਹਨ। ਇੰਨੀ ਇੱਜ਼ਤ ਦੇਖ ਕੇ ਮੈਂ ਹੈਰਾਨ ਸੀ ਕਿ ਵਿਰੋਧੀ ਪਾਰਟੀਆਂ ਤਾਂ ਪੰਜਾਬ ਵਿੱਚ ਇੱਕ ਦੂਜੇ ’ਤੇ ਚਿੱਕੜ ਸੁੱਟਣ ਤੋਂ ਬਿਨਾਂ ਹੋਰ ਕੁਝ ਕਰਦੀਆਂ ਹੀ ਨਹੀਂ। ਇਸ ਤਰ੍ਹਾਂ ਕੈਨੇਡੀਅਨ ਜੀ ਬਾਰੇ ਜਾਣਕਾਰੀ ਇਕੱਠੀ ਕਰਨ ਵਿਚ ਹੋਰ ਵੀ ਬਹੁਤ ਸਾਰੇ ਦੋਸਤਾਂ-ਮਿੱਤਰਾਂ ਨੇ ਮੇਰੀ ਮਦਦ ਕੀਤੀ। ਖ਼ਾਸ ਕਰਕੇ ਡਾ. ਸੁਖਦੇਵ ਸਿੰਘ ਸਿਰਸਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਜਗਜੀਤ ਸਿੰਘ ਆਨੰਦ ਚੀਫ ਐਡੀਟਰ ਨਵਾਂ ਜ਼ਮਾਨਾ ਜਲੰਧਰ, ਪ੍ਰੋ. ਭੱਠਲ, ਜਨਮੇਜਾ ਜੌਹਲ ਵਰਗੇ ਸੁਹਿਰਦ ਦੋਸਤਾਂ ਦੀ ਮੱਦਦ ਨਾਲ ਹੀ ਮੈਂ ਇਸ ਸਾਰੀ ਜਾਣਕਾਰੀ ਨੂੰ ਕਿਤਾਬੀ ਰੂਪ ਦੇਣ ਵਿੱਚ ਕਾਮਯਾਬ ਹੋਇਆ ਹਾਂ। ਇਸ ਕਿਤਾਬ ਦੀ ਖ਼ਾਸ ਗੱਲ ਇਹ ਹੈ ਕਿ ਇਸ ਵਿਚਲੇ ਪੰਜ ਆਰਟੀਕਲ ਕਾਮਰੇਡ ਦਰਸ਼ਨ ਸਿੰਘ ਕੈਨੇਡੀਅਨ ਹੋਰਾਂ ਦੇ ਆਪ ਲਿਖੇ ਹੋਏ ਹਨ। ਸਭ ਤੋਂ ਵੱਧ ਸਾਥ ਮੈਨੂੰ ਉਨ੍ਹਾਂ ਲੋਕਾਂ ਦਾ ਮਿਲਿਆ, ਜਿਨ੍ਹਾਂ ਨੇ ਸੱਤ ਹਜ਼ਾਰ ਡਾਲਰ ਤੱਕ ਦੀ ਰਕਮ ਇਕੱਠੀ ਕਰ ਕੇ ਮੈਨੂੰ ਦਿੱਤੀ। ਭਾਵੇਂ ਸਾਰੇ ਪੈਸੇ ਇਸ ਕਿਤਾਬ ’ਤੇ ਖ਼ਰਚ ਨਹੀਂ ਸਨ ਹੋਏ ਪਰ ਲੋਕਾਂ ਦੇ ਇਸ ਉਤਸ਼ਾਹ ਤੇ ਪ੍ਰੇਰਨਾ ਨੇ ਮੈਨੂੰ ਬਹੁਤ ਹੌਸਲਾ ਦਿੱਤਾ। ਮੈਂ ਆਪਣੇ ਪੰਜਾਬ ਆਉਣ-ਜਾਣ ਦਾ ਤੇ ਰਿਹਾਇਸ਼ ਦਾ ਖ਼ਰਚ ਆਪਣੇ ਕੋਲ਼ੋਂ ਕੀਤਾ। ਬਕਾਇਆ ਪੈਸਾ ਅਸੀਂ ‘ਦਰਸ਼ਨ ਸਿੰਘ ਕੈਨੇਡੀਅਨ ਫਾਂਊਡੇਸ਼ਨ ਵੈਨਕੂਵਰ’ ਵਿੱਚ ਰੱਖਿਆ ਹੋਇਆ ਹੈ ਜੋ ਹੋਰ ਇਹੋ ਜਿਹੇ ਪੋ੍ਜੈਕਟਾਂ ’ਤੇ ਖ਼ਰਚ ਕੀਤਾ ਜਾਵੇਗਾ। ਆਮ ਜਾਣਕਾਰੀ ਲਈ ਇਥੇ ਮੈਂ ਦੱਸਦਾ ਜਾਵਾਂ ਕਿਉਂਕਿ ਕਾਮਰੇਡ ਦਰਸ਼ਨ ਜੀ 1937 ਤੋਂ 1947 ਤੱਕ ਕੈਨੇਡਾ ਰਹੇ ਤੇ ਫੇਰ ਵਾਪਸ ਪੰਜਾਬ ਚਲੇ ਗਏ ਸਨ। ਉੱਥੇ ਉਹ ਦੋ ਵਾਰ ਪੰਜਾਬ ਅਸੰਬਲੀ ਦੇ ਮੈਂਬਰ ਰਹੇ ਅਤੇ ਬਹੁਤ ਸਾਰਾ ਕੰਮ ਉਨ੍ਹਾਂ ਨੇ ਲੋਕ ਸੇਵਾ ਲਈ ਕੀਤਾ। ਬਦਕਿਸਮਤੀ ਨਾਲ ਅੱਤਵਾਦੀਆਂ ਨੇ ਉਨ੍ਹਾਂ ਨੂੰ 25 ਸਤੰਬਰ 1986 ਦੇ ਦਿਨ ਗੋਲ਼ੀ ਮਾਰ ਕੇ ਸ਼ਹੀਦ ਕਰ ਦਿੱਤਾ ਕਿਉਂਕਿ ਕਾਮਰੇਡ ਦਰਸ਼ਨ ਜੀ ਉਨ੍ਹਾਂ ਦੀਆਂ ਮਾੜੀਆਂ ਕਰਤੂਤਾਂ ਦਾ ਵਿਰੋਧ ਕਰਦੇ ਸਨ। ? ਦੌਧਰੀਆ ਜੀ, ਤੁਸੀਂ ਇਸ ਕਿਤਾਬ ਦੀ ਸੰਪਾਦਨਾ ਤੋਂ ਇਲਾਵਾ ਕਵਿਤਾ ਵੀ ਲਿਖੀ ਹੈ। ਮੇਰੇ ਧਿਆਨ ਵਿੱਚ ਕਵਿਤਾ ਦੀਆਂ ਪੰਜ ਕਿਤਾਬਾਂ ਆਈਆਂ ਹਨ। ਹੋਰ ਤੁਸੀਂ ਕੀ ਲਿਖਿਆ ਵਾਰਤਕ ਵੀ ਲਿਖੀ? ਤੁਸੀਂ ਮੈਨੂੰ ਇੱਕ ਕਵੀ ਨਾਲੋਂ ਰਾਜਸੀ ਚਿੰਤਕ ਜ਼ਿਆਦਾ ਜਾਪਦੇ ਹੋ? -ਹਾਂ, ਤੁਹਾਡੀ ਗੱਲ ਵੀ ਠੀਕ ਹੈ। ਪਹਿਲ ਮੇਰੀ ਕਵਿਤਾ ਨੂੰ ਨਹੀਂ ਰਹੀ। ਮੈਂ ਟ੍ਰੇਡ ਯੂਨੀਅਨ ਅਤੇ ਸਿਆਸਤ ਵਿੱਚ ਬਹੁਤਾ ਸਰਗਰਮ ਰਿਹਾ ਹਾਂ। ਦਰਅਸਲ ਮੈਂ ਸਮਾਜਵਾਦੀ ਵਿਚਾਰਧਾਰਾ ਦੀ ਸਿਆਸਤ ਤੋਂ ਸਾਹਿਤ ਵੱਲ ਆਇਆ ਹਾਂ। ਕਵਿਤਾ ਤਾਂ ਇਸ ਖ਼ੇਤਰ ਦੀਆਂ ਸਿਧਾਂਤਕ ਗੁੰਝਲਾਂ ਲੋਕਾਂ ਤੱਕ ਪਹੁੰਚਾਉਣ ਦੇ ਸਾਧਨ ਵਜੋਂ ਕਦੇ-ਕਦੇ ਲਿਖ ਲਈਦੀ ਹੈ। ਪਰ ਮੈਨੂੰ ਕਦੇ ਇਸ ਗੱਲ ਦੀ ਤਾਂਘ ਨਹੀਂ ਹੋਈ ਕਿ ਮੇਰਾ ਨਾਂ ਉਨ੍ਹਾਂ ਕਵੀਆਂ ਵਿੱਚ ਆਏ ਜੋ ਥੋਕ ਵਿੱਚ ਕਵਿਤਾ ਲਿਖਦੇ ਹਨ। ਮੈਂ ਆਪਣੀ ਗੱਲ ਨੂੰ ਪੇਂਡੂ ਲੋਕਾਂ ਦੀ ਸਧਾਰਨ ਬੋਲੀ ਵਿੱਚ, ਜੋ ਉਹ ਹਰ ਰੋਜ਼ ਆਪਸੀ ਗੱਲ-ਬਾਤ ਲਈ ਵਰਤਦੇ ਹਨ, ਕਹਿਣ ਦੀ ਕੋਸ਼ਿਸ਼ ਕੀਤੀ ਹੈ। ਮੈਂ ਆਪਣੇ ਰਉਂ ਵਿੱਚ ਸਹਿਜ-ਮਤੇ ਨਾਲ ਜਦੋਂ ਮੇਰਾ ਅੰਦਰਲਾ ਕਹੇ ਕਿ ਆਹ ਗੱਲ ਲੋਕਾਂ ਤੱਕ ਪਹੁੰਚਾਉਣੀ ਹੈ ਤਾਂ ਮੈਂ ਉਦੋਂ ਹੀ ਕਲਮ ਚੁੱਕਦਾ ਹਾਂ। ਮੈਂ ਹਮੇਸ਼ਾ ਹੀ ਲੋਕ-ਪੱਖੀ ਗੱਲ ਕਹਿਣ ਦੀ ਕੋਸ਼ਿਸ਼ ਕਰਦਾ ਹਾਂ ਤਾਂ ਕਿ ਲੋਕਾਂ ਵਿੱਚ ਰਾਜਸੀ ਚੇਤਨਾ ਜਾਗੇ, ਉਹ ਲੋਟੂ ਜਮਾਤਾਂ ਤੋਂ ਆਪਣੇ ਹੱਕ ਲੈਣ ਬਾਰੇ ਸੁਚੇਤ ਹੋਣ। ਬਾਕੀ ਤੁਸੀਂ ਮੇਰੀ ਕਵਿਤਾ ਪੜ੍ਹ ਕੇ ਆਪ ਹੀ ਅੰਦਾਜ਼ਾ ਲਾ ਲਓ ਕਿ ਮੇਰਾ ਕਵਿਤਾ ਲਿਖਣ ਦਾ ਮੰਤਵ ਕੀ ਹੈ? ਮੈਂ ਅੱਜ ਤੱਕ ਕਵਿਤਾ ਦੀਆਂ ਪੰਜ ਕਿਤਾਬਾਂ ਲਿਖੀਆਂ ਹਨ। ਪਹਿਲੀ ‘ਸੱਚੇ ਮਾਰਗ ਚਲਦਿਆਂ’ 1977 ਵਿੱਚ ਛਪੀ। ਇਸ ਤੋਂ ਬਾਅਦ ‘ਹੈਭੀ ਸੱਚ ਹੋਸੀ ਭੀ ਸੱਚ’ 1984 ਵਿੱਚ ਭਾਜੀ ਗੁਰਸ਼ਰਨ ਸਿੰਘ ਹੋਰਾਂ ਛਾਪੀ ਅਤੇ ਪਿੰਡਾਂ ਵਿੱਚ ਆਪ ਵੰਡੀ ਸੀ। ਤੀਜਾ ਕਾਵਿ-ਸੰਗ੍ਰਹਿ ‘ਆਪਣਾ ਪਿੰਡ ਪ੍ਰਦੇਸ 2002, ‘ਤੁੰਮਿਆਂ ਵਾਲੀ ਜਮੈਣ’ 2010, ਅੰਗਰੇਜ਼ੀ ਵਿੱਚ ‘ਹੋਲਡ ਦਾ ਸਕਾਈ’ (ਅਸਮਾਨ ਥੰਮੀਏਂ) ਅਤੇ ਲੇਖ-ਸੰਗ੍ਰਹਿ ‘ਹੇਠਲੀ ਉੱਤੇ’ 2011 ਵਿੱਚ ਛਪੇ। ਅੱਜ ਕੱਲ੍ਹ ਮੈਂ ਡਾ. ਕੁਟਨਿਸ ਅਤੇ ਡਾ. ਨਾਰਮਨ ਬੈਥੀਊਮ ਦੀਆਂ ਜੀਵਨੀਆਂ ਦੀ ਇੱਕ ਕਿਤਾਬ ਦੀ ਸੰਪਾਦਨਾ ’ਤੇ ਕੰਮ ਕਰ ਰਿਹਾ ਹਾਂ। ? ਹਰਜੀਤ ਜੀ, ਭਾਵੇਂ ਤੁਹਾਡੇ ਕਹਿਣ ਮੁਤਾਬਿਕ ਤੁਸੀਂ ਕਵਿਤਾ ਨੂੰ ਪਹਿਲ ਨਹੀਂ ਦਿੱਤੀ। ਪਰ ਜਿੰਨੀ ਵੀ ਅਤੇ ਜਿਹੜੀ ਵੀ ਕਵਿਤਾ ਤੁਸੀਂ ਲਿਖੀ ਹੈ, ਉਸ ਵਿੱਚ ਵਰਤੇ ਸ਼ਬਦ ਬੜੇ ਨਿਵੇਕਲੇ, ਨਿਰੋਲ ਪੇਂਡੂ ਅਤੇ ਮਲਵਈ ਸ਼ਬਦ ਵਰਤੇ ਹਨ, ਇਹਦੇ ਬਾਰੇ ਕੁਝ ਦੱਸੋ? -ਢਾਅ ਜੀ, ਤੁਹਾਡੇ ਇਸ ਸਵਾਲ ਦਾ ਜਵਾਬ ਲੰਬਾ ਚੌੜਾ ਦੇਣ ਨਾਲੋਂ ਮੇਰੇ ਕਾਵਿ-ਸੰਗ੍ਰਹਿ ‘ਸੱਚੇ ਮਾਰਗ ਚਲਦਿਆਂ’ ਵਿੱਚੋਂ ਕਵਿਤਾ ਦੀਆਂ ਇੰਨ੍ਹਾ ਕੁਝ ਸਤਰਾਂ ਨਾਲ ਹੀ ਸਪਸ਼ਟ ਹੋ ਜਾਵੇਗਾ ਜਿਵੇਂ: ਅਸੀਂ ਠੱਠੀਆਂ, ਕੂਚਿਆਂ, ਮਹੱਲਿਆਂ ’ਚ ਰਹਿਣ ਵਾਲੇ ਲੋਕ ਅਸੀਂ ਸ਼ਬਦਾਂ ਦੀ ਦਲਾਲੀ ਕਰਨ ਵਿੱਚ ਯਕੀਨ ਨਹੀਂ ਰੱਖਦੇ ਮੈਨੂੰ ਉਨ੍ਹਾਂ ਅਖੌਤੀ ਵਿਦਵਾਨਾਂ ਅਤੇ ਅਖੌਤੀ ਕ੍ਰਾਂਤੀਕਾਰੀ ਲੇਖਕਾਂ ਨਾਲ ਵੀ ਗਿਲ੍ਹਾ ਹੈ ਜੋ ਸਾਦੀ ਤੇ ਸਰਲ ਸ਼ੈਲੀ ਵਰਤਣ ਦੀ ਥਾਂ ਬਹੁਤ ਹੀ ਭਾਰੀ ਤੇ ਔਖੇ ਸ਼ਬਦ ਆਪਣੀ ਬੋਲੀ ਵਿੱਚੋਂ ਹੀ ਨਹੀਂ ਸਗੋਂ ਦੂਜੀਆਂ ਬੋਲੀਆਂ ਵਿੱਚੋਂ ਲੱਭ ਲੱਭ ਕੇ ਬੀੜਦੇ ਹਨ। ਪੰਜਾਬੀ ਦਾ ਹਿੰਦੀਕਰਨ ਅਤੇ ਸੰਸਕ੍ਰਿਤੀਕਰਨ ਕਰਕੇ ਕੁਲੀਨ ਵਰਗ ਦੇ ਹਿਤਾਂ ਦੀ ਵਕਾਲਤ ਕਰਦੇ ਹਨ। ਮੈਨੂੰ ਇਸ ਗੱਲ ਦਾ ਭਲੀ ਭਾਂਤ ਗਿਆਨ ਹੈ ਕਿ ਮੈਂ ਆਪਣੇ ਲੋਕਾਂ ਨੂੰ ਆਪਣੀ ਗੱਲ ਉਨ੍ਹਾਂ ਦੇ ਮੁਹਾਵਰੇ, ਸਭਿਆਚਾਰਕ ਚਿੰਨ੍ਹਾਂ, ਬਿੰਬਾਂ ਅਤੇ ਅਲੰਕਾਰਾਂ ਵਿੱਚ ਹੀ ਸਾਂਝੀ ਕਰ ਸਕਦਾ ਹਾਂ। ਨਹੀਂ ਤਾਂ ਉਹ ਮੇਰੀ ਗੱਲ ਨੂੰ ਸੁਣਨ, ਸਮਝਣ ਦੀ ਖ਼ੇਚਲ ਨਹੀਂ ਕਰਨਗੇ। ਨਾਲੇ ਕੋਈ ਵੀ ਰਚਨਾ ਜੋ ਲੋਕ-ਬੋਲੀ ਵਿੱਚ ਤੇ ਸਰਲ ਭਾਸ਼ਾ ਵਿੱਚ ਹੋਵੇਗੀ, ਉਹ ਹੀ ਲੋਕਾਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰੇਗੀ। ਦੂਸਰੀ ਗੱਲ ਇਹ ਹੈ ਕਿ ਇਹ ਸਰਲ ਤੇ ਸਾਦੇ ਸ਼ਬਦ ਹੀ ਲੋਕਾਂ ਨੂੰ ਗੁੰਝਲਦਾਰ ਵਰਤਾਰਿਆਂ ਬਾਰੇ ਸੋਝੀ ਦੇ ਸਕਦੇ ਹਨ ਅਤੇ ਉਨ੍ਹਾਂ ਨੂੰ ਆਪਣੇ ਹੱਕਾਂ ਦੀ ਰਾਖੀ ਲਈ ਸੁਚੇਤ ਕਰ ਸਕਦੇ ਹਨ। ? ਤੁਹਾਡੇ ਨਵੇਂ ਛਪੇ ਕਾਵਿ-ਸੰਗ੍ਰਹਿ ‘ਤੁੰਮਿਆਂ ਵਾਲੀ ਜਮੈਣ’ ਦੀਆਂ ਕਵਿਤਾਵਾਂ ਤੁਸੀਂ ਕਹਿ ਰਹੇ ਸੀ ਕਿ ਪਹਿਲੀਆਂ ਨਾਲੋਂ ਕੁਝ ਵੱਖਰੇ ਰੰਗ ਦੀਆਂ ਹਨ? ਕੀ ਇਸ ਵਿਚਲੀਆਂ ਕਵਿਤਾਵਾਂ ਰਾਜਸੀ-ਚੇਤਨਾ ਵਾਲ਼ੀਆਂ ਹਨ? -ਹਾਂ, ਤੁਸੀਂ ਇਹ ਕਹਿ ਸਕਦੇ ਹੋ ਕਿ ਇਹ ਰਾਜਸੀ ਕਵਿਤਾ ਹੈ। ਪਰ ਮੈਂ ਤਾਂ ਆਪਣੀਆਂ ਪਹਿਲੀਆਂ ਰਚਨਾਵਾਂ ਵਿੱਚ ਵੀ ਜੋ ਕੁਝ ਮਨੁੱਖਤਾ ਦੇ ਹਿਤ ਵਿੱਚ ਨਹੀਂ ਹੋ ਰਿਹਾ ਜਾਂ ਮੁਨਾਫ਼ੇ-ਖੋਰ ਜਮਾਤ ਜੋ ਗਰੀਬ ਨੂੰ ਹੋਰ ਗ਼ਰੀਬ ਅਤੇ ਅਮੀਰ ਨੂੰ ਹੋਰ ਅਮੀਰ ਕਰਨ ’ਤੇ ਤੁਲੀ ਹੋਈ ਹੈ, ਦੇ ਇਸ ਕਿਰਦਾਰ ਨੂੰ ਨੰਗਾ ਕਰਕੇ ਆਮ ਲੋਕਾਂ ਦੇ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕਰਦਾ ਰਿਹਾ ਹਾਂ। ਇਸ ਵਿੱਚ ਵੀ ਥੋੜਾ ਹੋਰ ਡੁੰਘਿਆਈ ਵਿੱਚ ਚਲਾ ਗਿਆ ਹੋਵਾਂਗਾ। ਇਹ ਫ਼ੈਸਲਾ ਤਾਂ ਪਾਠਕ ਨੇ ਕਰਨਾ ਹੈ। ਮੈਂ ਤਾਂ ਜੋ ਮੈਨੂੰ ਤਜਰਬਾ ਹੋਇਆ ਜਾਂ ਮੈਂ ਮਹਿਸੂਸ ਕੀਤਾ ਲਿਖ ਦਿੱਤਾ ਹੈ। ਮੈਂ ਆਪਣੀਆਂ ਕਵਿਤਾਵਾਂ ਦਾ ਵਿਸ਼ਾ ਚੋਣ ਕਰਨ ਲੱਗਿਆਂ ਇਸ ਵੱਲ ਕਦੇ ਬਹੁਤਾ ਧਿਆਨ ਨਹੀਂ ਦਿੱਤਾ। ਮੇਰੀ ਕੋਸ਼ਿਸ਼ ਯਥਾਰਥ ਨੂੰ ਲੋਕਾਂ ਸਾਹਮਣੇ ਰੱਖਣ ਦੀ ਅਤੇ ਜਮਾਤੀ ਦੁਸ਼ਮਣਾਂ (ਲੋਟੂਆਂ) ਦੇ ਠਿੱਬੀ ਮਾਰਨ ਦੀ ਹੈ। ? ਹਰਜੀਤ ਜੀ, ਇਸ ਕਿਤਾਬ ਵਿੱਚ ਇੱਕ ਕਵਿਤਾ ‘ਅਸੀਂ ਸਰਵਹਾਰੇ’ ਦੀਆਂ ਕੁਝ ਸਤਰਾਂ ਹਨ: ਅਸੀਂ ਆਦੀ ਇਸ ਕਵਿਤਾ ਲਿਖਣ ਬਾਰੇ ਕੁਝ ਦੱਸੋ ਕਦੋਂ ਤੇ ਕਿਵੇਂ ਇਸ ਦਾ ਜਨਮ ਹੋਇਆ ਤੇ ਤੁਸੀਂ ਇਸ ਵਿੱਚ ਕੀ ਕਹਿਣਾ ਚਾਹੁੰਦੇ ਹੋ? -ਇਹ ਕਵਿਤਾ ਲਿਖਣ ਦਾ ਸਬੱਬ, ਇੰਗਲੈਂਡ ਆ ਕੇ ਬਣਿਆ ਕਿਉਂਕਿ ਉਥੇ ਮੈਂ ਬਤੌਰ ਇਕ ਫ਼ੈਕਟਰੀ ਵਰਕਰ ਕੰਮ ਕਰਦਾ ਰਿਹਾ ਹਾਂ। ਟਰੇਡ ਯੂਨੀਅਨ ਵਿੱਚ ਸਰਗਰਮੀ ਨਾਲ ਹਿੱਸਾ ਲੈਂਦਿਆਂ, ਮੈਨੂੰ ਕਾਮਾ-ਜਮਾਤ ਦੀ ਰਾਜਸੀ ਸਤਾ ਦਾ ਅਨੁਭਵ ਹੋਇਆ ਅਤੇ ਮੇਰੇ ਮਨ ਦਾ ਯਕੀਨ ਬਣ ਗਿਆ ਕਿ ਕਾਮਾ-ਜਮਾਤ ਸਭ ਤੋਂ ਉੱਤਮ ਜਮਾਤ ਹੈ। ਬਾਕੀ ਸਮਾਜਵਾਦੀ ਵਿਚਾਰਧਾਰਾ ਦਾ ਜ਼ਿਆਦਾ ਗਿਆਨ ਕਮਿਊਨਿਸਟ ਪਾਰਟੀ ਕੈਨੇਡਾ ਵਿੱਚ ਸ਼ਾਮਿਲ ਹੋ ਕੇ ਹੋਇਆ। ਕਮਿਊਨਿਸਟ ਪਾਰਟੀ ਮੇਰੀ ਮਾਂ ਹੈ। ? ਹਰਜੀਤ ਜੀ, ਤੁਹਾਡੀ ਕਵਿਤਾ ਬਾਰੇ ਕੁਝ ਲੋਕ ਕਹਿੰਦੇ ਸੁਣੇ ਹਨ ਕਿ ਤੁਸੀਂ ਇਸ ਨੂੰ ਇੱਕ ਹਥਿਆਰ ਵਜੋਂ ਵਰਤਦੇ ਹੋ। ਇਹਦੇ ਬਾਰੇ ਤੁਹਾਡੇ ਕੀ ਵਿਚਾਰ ਹਨ? -ਹਾਂ, ਕੁਝ ਲੋਕ ਇਹ ਕਹਿ ਸਕਦੇ ਹਨ। ਉਨ੍ਹਾਂ ਨੂੰ ਇਹ ਕਹਿਣ ਦਾ ਪੂਰਾ ਹੱਕ ਹੈ। ਪਰ ਮੇਰਾ ਵਿਚਾਰ ਇਹ ਹੈ ਕਿ ਕੋਈ ਵੀ ਲਿਖਤ ਜਿਹੜੀ ਲੋਕ-ਹਿੱਤਾਂ ਦੀ ਗੱਲ ਕਰਦੀ ਹੈ, ਉਸ ਨੂੰ ਲੋਕ-ਹਿੱਤਾਂ ਲਈ ਹਥਿਆਰ ਦੇ ਤੌਰ ’ਤੇ ਵਰਤਣਾ ਕੋਈ ਗੁਨਾਹ ਨਹੀਂ। ਲੋਕ-ਭਲਾਈ ਲਈ ਜਾਂ ਜ਼ੁਲਮ ਦਾ ਟਾਕਰਾ ਕਰਨ ਲਈ ਤਾਂ ਸਾਡੇ ਗੁਰੂਆਂ ਨੇ ਤਲਵਾਰ ਨੂੰ ਵਰਤਣਾ ਵੀ ਜਾਇਜ਼ ਦੱਸਿਆ ਹੈ। ਤੁਸੀਂ ਦੇਖੋ ਕਿ ਆਜ਼ਾਦੀ ਤੋਂ ਪਹਿਲਾਂ ਆਜ਼ਾਦੀ ਲੈਣ ਲਈ ਲੋਕਾਂ ਨੂੰ ਜਾਗਰਤ ਕਰਨ ਲਈ, ਕਵੀਆਂ ਨੇ ਕਵਿਤਾ ਰਾਹੀਂ ਲੋਕਾਂ ਨੂੰ ਜਾਗਰਤ ਕੀਤਾ। ਫੇਰ ਉੱਤਰੀ ਅਮਰੀਕਾ ਵਿੱਚ ਗ਼ਦਰੀ ਬਾਬਿਆਂ ਨੇ ਕਵਿਤਾ ਰਾਹੀਂ ਲੋਕਾਂ ਨੂੰ ਹਲੂਣਿਆ। ਜੇਕਰ ਕੁਝ ਲੋਕ ਕਹਿਣ ਵੀ ਕਿ ਦੌਧਰੀਆ ਕਵਿਤਾ ਨੂੰ ਹਥਿਆਰ ਵਜੋਂ ਵਰਤਦਾ ਹੈ ਤਾਂ ਮੇਰਾ ਕਹਿਣਾ ਹੈ ਕਿ ਕਵਿਤਾ ਹਥਿਆਰ ਵੀ ਹੈ ਅਤੇ ਢਾਲ਼ ਵੀ। ਦਰਅਸਲ ਸਤਨਾਮ ਜੀ, ਮੈਂ ਸਿਆਸਤ ਤੋਂ ਪ੍ਰੇਰਿਤ ਹੋ ਕੇ ਸਾਹਿਤ ਵੱਲ ਆਇਆ ਹਾਂ। ਮੈਨੂੰ ਕੋਈ ਫ਼ਰਕ ਨਹੀਂ ਪੈਂਦਾ ਕਿਉਂਕਿ ਮੇਰਾ ਮੰਤਵ ਕਵਿਤਾ ਨੂੰ ਲੋਕ-ਹਿਤਾਂ ਲਈ ਵਰਤਣ ਦਾ ਹੀ ਹੈ। ? ਤੁਸੀਂ ਸ਼ਖ਼ਸੀਅਤ ਅਤੇ ਕਵੀ ਜਾਂ ਲੇਖਕ ਦੇ ਰਿਸ਼ਤੇ ਬਾਰੇ ਕੀ ਕਹਿਣਾ ਚਾਹੋਗੇ? -ਦੇਖੋ, ਕਿਸੇ ਵਿਅਕਤੀ ਦੀ ਸ਼ਖ਼ਸੀਅਤ ਤੇ ਲੇਖਣੀ ਦਾ ਬਹੁਤ ਹੀ ਗ਼ਹਿਰਾ ਸੰਬੰਧ ਹੁੰਦਾ ਹੈ। ਕੋਈ ਵੀ ਕਵੀ ਜਾਂ ਲੇਖਕ ਕਿਸੇ ਵੀ ਵਿਧਾ ਵਿੱਚ ਲਿਖੇ, ਉਹਦੇ ਆਪਣੇ ਮਨ ਅਤੇ ਆਲੇ-ਦੁਆਲੇ ਦੇ ਪ੍ਰਭਾਵ ਨਾਲ ਜੋ ਖ਼ਿਆਲ ਪੈਦਾ ਹੁੰਦੇ ਹਨ, ਜਾਂ ਜਿਵੇਂ ਉਹ ਅਨੁਭਵ ਕਰਦਾ ਹੈ, ਉਹ ਲੋਕਾਂ ਤੱਕ ਪਹੁੰਚਾਣ ਦਾ ਯਤਨ ਕਰਦਾ ਹੈ। ਪਰ ਸ਼ਰਤ ਇਹ ਕਿ ਉਹ ਇਹ ਕੰਮ ਪੂਰੀ ਇਮਾਨਦਾਰੀ ਨਾਲ ਕਰਦਾ ਹੋਵੇ। ਕਈ ਵਾਰ ਤੁਸੀਂ ਇਹ ਵੀ ਦੇਖੋਗੇ ਕਿ ਬਹੁਤ ਸਾਰੇ ਸ਼ਾਇਰਾਂ, ਅਤੇ ਲੇਖਕਾਂ ਦੀ ਕਹਿਣੀ ਤੇ ਕਰਨੀ ਵਿੱਚ ਬੜਾ ਫ਼ਰਕ ਹੁੰਦਾ ਹੈ। ਇਹੋ ਜਿਹੀਆਂ ਲਿਖਤਾਂ ਕੁਝ ਸਮੇਂ ਲਈ ਤਾਂ ਜ਼ਰੂਰ ਲੋਕਾਂ ਨੂੰ ਪ੍ਰਭਾਵਿਤ ਕਰਨਗੀਆਂ ਪਰ ਲੰਬੇ ਸਮੇਂ ਲਈ ਨਹੀਂ। ਕੋਈ ਵੀ ਢਿੱਡੋਂ ਕਹੀ ਗਈ ਗੱਲ ਹੋਵੇ, ਲੋਕਾਂ ਵਿੱਚ ਲੰਬੇ ਸਮੇਂ ਤੱਕ ਜਿਉਂਦੀ ਰਹਿ ਸਕਦੀ ਹੈ। ਮੇਰਾ ਵਿਸ਼ਵਾਸ ਹੈ ਕਿ ਲੇਖਕ ਜੋ ਕਹੇ ਜਾਂ ਲਿਖੇ, ਉਹ ਉਸ ਦੀ ਸ਼ਖ਼ਸੀਅਤ ਦਾ ਅੰਗ ਵੀ ਹੋਵੇ, ਤਦ ਹੀ ਲੇਖਣੀ ਨਾਲ ਇਨਸਾਫ਼ ਹੈ। ਨਹੀਂ ਤਾਂ ਬਹੁਰੂਪੀਏ ਬਣਨ ਦਾ ਕੋਈ ਫ਼ਾਇਦਾ ਨਹੀਂ। ਸਤਨਾਮ ਜੀ, ਸੋਚਣ, ਲਿਖਣ, ਬੋਲਣ ਤੇ ਕਰਨ ਵਿੱਚ ਵੀ ਫ਼ਰਕ ਹੁੰਦਾ ਹੈ। ਸਮਝ ਤੇ ਪਸੰਦ ਦਾ ਵੀ ਇੱਕ ਰਿਸ਼ਤਾ ਹੁੰਦਾ ਹੈ। ? ਤੁਸੀਂ ਕਿਹੜੀਆਂ ਕਿਹੜੀਆਂ ਸੰਸਥਾਵਾਂ ਦੇ ਮੈਂਬਰ ਰਹੇ ਹੋ? -ਮੈਂ ਪਹਿਲੇ ਦਿਨ ਤੋਂ ਹੀ ਲੋਕ-ਹਿਤੂ ਸੰਸਥਾਵਾਂ ਦਾ ਮੈਂਬਰ ਰਿਹਾ ਹਾਂ। ਇੰਗਲੈਂਡ ਆਉਣ ਤੋਂ ਪਹਿਲਾਂ ਵੀ ਭਾਵੇਂ ਮੇਰੀ ਨੌਕਰੀ ਸਰਕਾਰੀ ਸੀ। ਪਰ ਮੈਂ ਹਮੇਸ਼ਾ ਹੀ ਛੋਟੇ ਕਿਸਾਨਾਂ ਦੇ ਪੱਖ ਤੇ ਭਲੇ ਵਾਸਤੇ ਕੰਮ ਕੀਤਾ ਹੈ। ਕਈ ਉੱਚ ਅਫ਼ਸਰਾਂ ਨਾਲ ਵੀ ਮੇਰੀ ਨੋਕ ਝੋਕ ਹੁੰਦੀ ਰਹਿੰਦੀ, ਜਦੋਂ ਉਹ ਸਰਮਾਏਦਾਰਾਂ ਜਾ ਵੱਡੇ ਜ਼ਿਮੀਦਾਰਾਂ ਲਈ ਸਿਫ਼ਾਰਸ਼ਾਂ ਕਰਦੇ ਸਨ ਪਰ ਮੈਂ ਤਕਾਵੀਆਂ ਜਾਂ ਕਰਜ਼ੇ ਦੇਣ ਸਮੇਂ ਟ੍ਰੈਕਟਰਾਂ ਨੂੰ ਛੱਡ, ਬਲਦਾਂ ਵਾਲ਼ਿਆ ਨੂੰ ਪਹਿਲ ਦਿੰਦਾ ਸਾਂ। ਇੰਗਲੈਂਡ ਆ ਕੇ ਮੈਨੂੰ ਸਾਹਿਤਕ ਸਰਗਮੀਆਂ ਦੇ ਨਾਲ-ਨਾਲ ਨਸਲਵਾਦ ਵਿਰੁੱਧ, ਮਜ਼ਦੂਰਾਂ ਦੇ ਹੱਕਾਂ ਅਤੇ ਅਨਿਆਂ ਖ਼ਿਲਾਫ਼ ਘੋਲ਼ਾਂ ਵਿੱਚ ਭਾਰਤੀ ਮਜ਼ਦੂਰ ਸਭਾ (ਆਈ ਡਬਲਯੂ. ਏ.) ਵਿੱਚ ਕੰਮ ਕਰਨ ਦਾ ਮੌਕਾ ਮਿਲ਼ਿਆ। ਮੈਂ ਇੰਗਲੈਂਡ ਵਿੱਚ ਰੈਡਿੰਗ ਸ਼ਹਿਰ ਦੀ ਟ੍ਰੇਡ ਯੂਨੀਅਨ ਅਤੇ ‘ਪ੍ਰਗਤੀਸ਼ੀਲ ਲਿਖਾਰੀ ਸਭਾ’ ਦਾ ਮੈਂਬਰ ਰਿਹਾ ਹਾਂ। ‘ਐਂਗਲੋਚਾਇਨੀ ਅੰਡਰਸਟੈਂਡਿੰਗ’ ਦਾ ਮੈਂਬਰ ਵੀ ਰਿਹਾ ਹਾਂ। ਇਥੇ ਕੈਨੇਡਾ ਵਿੱਚ ‘ਲੇਖਕ ਮੰਚ’ ਸਰੀ ਅਤੇ ਉੱਤਰੀ ਅਮਰੀਕਾ ਦੀ ਕੇਂਦਰੀ ਲਿਖਾਰੀ ਸਭਾ ਦਾ ਮੈਂਬਰ ਹਾਂ। ‘ਕਮਿਊਨਿਸਟ ਪਾਰਟੀ ਆਫ਼ ਕੇਨੇਡਾ’ ਦਾ ਸੂਬਾ ਕਮੇਟੀ ਅਤੇ ਕੇਂਦਰੀ ਕਮੇਟੀ ਦਾ ਮੈਂਬਰ ਅਤੇ ਦਰਸ਼ਨ ਸਿੰਘ ਕੈਨੇਡੀਅਨ ਫ਼ਾਉਡੇਸ਼ਨ’ ਦਾ ਵੀ ਮੈਂਬਰ ਹਾਂ। ? ਹਰਜੀਤ ਜੀ, ਤੁਸੀਂ ਕੈਨੇਡੀਅਨ ਕਮਿਊਨਿਸਟ ਪਾਰਟੀ ਦੇ ਮੈਂਬਰ ਹੋ। ਕੀ ਤੁਹਾਨੂੰ ਲੱਗਦਾ ਹੈ ਕਿ ਕਿਸੇ ਦਿਨ ਤੁਹਾਡੀ ਪਾਰਟੀ ਵੀ ਸੂਬਾਈ ਤੇ ਫ਼ੈਡਰਲ ਸਰਕਾਰਾਂ ਲਈ ਦੂਜੀਆਂ ਪਾਰਟੀਆਂ ਵਾਂਗ ਆਪਣੇ ਉਮੀਦਵਾਰ ਮੈਦਾਨ ਵਿੱਚ ਉਤਾਰੇਗੀ? -ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ, ਸਾਡੀ ਪਾਰਟੀ ਦਰਅਸਲ ਪਾਰਟੀ-ਬਿਲਡਿੰਗ ਸਟੇਜ ’ਤੇ ਹੀ ਹੈ। ਪਰ ਜਿਉਂ ਜਿਉਂ ਲੋਕ ਪੂੰਜੀਵਾਦ ਦੇ ਦਾਅ-ਪੇਚਾਂ ਨੂੰ ਸਮਝਦੇ ਜਾਂਦੇ ਹਨ ਅਤੇ ਜਾਗਰਤ ਹੋ ਰਹੇ ਹਨ, ਜ਼ਰੂਰ ਕਿਸੇ ਦਿਨ ਤਬਦੀਲੀ ਦੀ ਲੋੜ ਮਹਿਸੂਸ ਕਰਨਗੇ। ਪਰ ਇਹ ਕੰਮ ਅਜੇ ਏਡਾ ਸੌਖ਼ਾ ਨਹੀਂ। ਨਾ ਮੁਮਕਿਨ ਨੂੰ ਮੁਮਕਿਨ ਕਰਨ ਵਾਂਗ ਹੈ, ਪਹਾੜ ਨਾਲ ਮੱਥਾ ਲਾਉਣਾ ਹੈ ਕਿਉਂਕਿ ਪੂੰਜੀਵਾਦ ਦਾ ਪ੍ਰਾਪੇਗੰਡਾ ਏਨਾ ਜ਼ਿਆਦਾ ਤੇ ਗੁੰਝਲਦਾਰ ਹੈ ਕਿ ਆਮ ਬੰਦੇ ਦੀ ਸਮਝ ਤੋਂ ਬਾਹਰ ਹੈ। ਇਸ ਤਰ੍ਹਾਂ ਦੀਆਂ ਤਬਦੀਲੀਆਂ ਆਉਣ ਨੂੰ ਸਮਾਂ ਲੱਗੇਗਾ। ? ਕੈਨੇਡੀਅਨ ਪੰਜਾਬੀ ਮੀਡੀਆ ਅਤੇ ਕੈਨੇਡੀਅਨ ਪੰਜਾਬੀ ਸਾਹਿਤ ਬਾਰੇ ਕੀ ਕਹਿਣਾ ਚਾਹੋਗੇ? ਕੀ ਤੁਹਾਨੂੰ ਲੱਗਦਾ ਹੈ ਕਿ ਇਹ ਕੈਨੇਡੀਅਨ ਪੰਜਾਬੀਆਂ ਦੀਆਂ ਸਾਰੀਆਂ ਉਨ੍ਹਾਂ ਚੁਣੌਤੀਆਂ ਨੂੰ ਆਪਣੇ ਕਲਾਵੇ ਵਿੱਚ ਲੈ ਰਿਹਾ ਹੈ, ਜਿਨ੍ਹਾਂ ’ਤੇ ਕੈਨੇਡੀਅਨ ਪੰਜਾਬੀ ਸਾਹਿਤ ਨੂੰ ਧਿਆਨ ਦੇਣ ਦੀ ਲੋੜ ਹੈ? -ਤੁਸੀਂ ਇੱਕੋ ਸਵਾਲ ਵਿੱਚ ਦੋ ਸਵਾਲ ਇਕੱਠੇ ਹੀ ਕਰ ਦਿੱਤੇ ਹਨ। ਮੈਂ ਪਹਿਲਾਂ ਤਾਂ ਪੰਜਾਬੀ ਸਾਹਿਤ ਬਾਰੇ ਗੱਲ ਕਰਦਾ ਹਾਂ। ਮੈਂ ਬਹੁਤਾ ਕੈਨੇਡੀਅਨ ਪੰਜਾਬੀ ਸਾਹਿਤ ਨਹੀਂ ਪੜ੍ਹਿਆ। ਕੈਨੇਡੀਅਨ ਪੰਜਾਬੀ ਕਵਿਤਾ ਕਦੇ-ਕਦੇ ਮੈਂ ਜ਼ਰੂਰ ਦੇਖਦਾ ਹਾਂ। ਜਿਸ ਨੂੰ ਦੇਖ ਕੇ ਮੈਂ ਇਹ ਕਹਿ ਸਕਦਾ ਹਾਂ ਕਿ ਉਹੀ ਪੁਰਾਣੀ ਰੁਟੀਨ ਹੈ। ਕੈਨੇਡਾ ਵਿੱਚ ਕਿਸੇ ਖ਼ਾਸ ਕਵਿਤਾ ਨੇ ਮੈਨੂੰ ਟੁੰਬਿਆ ਨਹੀਂ। ਹਾਂ, ਹੁਣ ਕੁਝ ਬਦਲਾਓ ਆ ਰਿਹਾ ਹੈ। ਕਈ ਲੇਖਕਾਂ ਨੇ ਇਥੋਂ ਦੀਆਂ ਸਮੱਸਿਆਵਾਂ ਨੂੰ ਆਪਣੀਆਂ ਰਚਨਾਵਾਂ ਵਿੱਚ ਲਿਆਂਦਾ ਵੀ ਹੈ। ਪਰ ਅਜੇ ਬਹੁਤ ਕੁਝ ਕਰਨ ਵਾਲਾ ਬਾਕੀ ਹੈ। ਇਸੇ ਤਰਾਂ ਪੰਜਾਬੀ ਮੀਡੀਆ ਭਾਵੇਂ ਪਿੱਛਲੇ ਕੁਝ ਸਮੇਂ ਤੋਂ ਕਾਫ਼ੀ ਸਰਗਰਮ ਲੱਗਦਾ ਹੈ ਪਰ ਅਸਲ ਵਿੱਚ ਸਾਰੀ ਦੀ ਸਾਰੀ ਗੱਲਬਾਤ ਦਾ ਕੇਂਦਰ ਪੰਜਾਬ ਹੀ ਹੁੰਦਾ ਹੈ। ਪੰਜਾਬ ਦੀ ਸਿਆਸਤ ਜਾਂ ਪੰਜਾਬ ਦੀਆਂ ਸਮੱਸਿਆਵਾਂ ਬਾਰੇ ਹੀ ਅਖ਼ਬਾਰਾਂ, ਟੀਵੀ ਅਤੇ ਰੇਡੀਓ ਉੱਤੇ ਗੱਲਾਂ-ਬਾਤਾਂ ਨੂੰ ਪਹਿਲ ਦਿੱਤੀ ਜਾਂਦੀ ਹੈ। ਚਾਹੀਦਾ ਤਾਂ ਇਹ ਹੈ ਕਿ ਜਿਥੇ ਤੁਸੀਂ ਰਹਿੰਦੇ ਹੋ, ਉੱਥੋਂ ਦੀ ਸਿਆਸਤ ਅਤੇ ਸਮੱਸਿਆਵਾਂ ਬਾਰੇ ਗੱਲ-ਬਾਤ ਕਰਕੇ ਲੋਕਾਂ ਨੂੰ ਜਾਗ੍ਰਿਤ ਕੀਤਾ ਜਾਵੇ। ਪਰ ਅਜੇ ਇਹ ਬਹੁਤਾ ਨਹੀਂ ਹੋ ਰਿਹਾ। ਇਸ ਦਾ ਇੱਕ ਕਾਰਨ ਮੈਨੂੰ ਲੱਗਦਾ ਹੈ ਕਿ ਸਾਡੇ ਮੀਡੀਆ ਵਾਲੇ ਲੋਕ ਪ੍ਰੋਫੈਸ਼ਨਲ ਨਹੀਂ। ਦੂਜਾ ਕਾਰਨ ਇਹ ਵੀ ਹੈ ਕਿ ਅਸੀਂ ਪੰਜਾਬ ਤੋਂ ਬਾਹਰ ਗਏ ਵੀ ਨਹੀਂ ਹੁੰਦੇ ਅਤੇ ਬਾਹਰ ਦਾ ਗਿਆਨ ਵੀ ਬਹੁਤਾ ਨਹੀਂ ਰੱਖਦੇ। ਆਪਣੇ ਧਰਮ ਜਾਂ ਪੰਜਾਬ ਦੀ ਸਿਆਸਤ ਦੀਆਂ ਗੱਲਾਂ ਬਾਤਾਂ ਵਿੱਚ ਸਮਾਂ ਲੰਘਾ ਦਿੰਦੇ ਹਾਂ। ਖ਼ਾਸ ਕਰਕੇ ਬਜ਼ੁਰਗ ਲੋਕ ਇਕੱਠਾਂ ਵਿੱਚ ਵੀ ਆਪਣੇ ਪਿੰਡਾਂ ਦੀਆਂ ਗੱਲਾਂ ਹੀ ਕਰਦੇ ਦੇਖੇ ਹਨ। ਹੋਰ ਤਾਂ ਹੋਰ ਅਖ਼ਬਾਰਾਂ ਤੇ ਟੀ. ਵੀ. ਵਾਲੇ ਬਾਬਿਆਂ ਅਤੇ ਜੋਤਸ਼ੀਆਂ ਦੀਆਂ ਮਸ਼ਹੂਰੀਆਂ ਦੇ ਕੇ ਲੋਕਾਂ ਨੂੰ ਗੁਮਰਾਹ ਕਰਦੇ ਹਨ। ਉਹ ਸਭ ਆਪਣਾ ਫਰਜ਼ ਪਛਾਣਨ ਦੀ ਥਾਂ ਪੈਸਾ ਕਮਾਉਣ ਵੱਲ ਲੱਗੇ ਹੋਏ ਹਨ। ਮੈਂ ਤਾਂ ਕਹਾਂਗਾ ਕਿ ਸਾਡੇ ਕੈਨੇਡੀਅਨ ਪੰਜਾਬੀ ਸਾਹਿਤਕਾਰਾਂ ਨੂੰ ਤੇ ਪੰਜਾਬੀ ਮੀਡੀਏ ਨੂੰ ਕੈਨੇਡੀਅਨ ਸਮਾਜ ਵਿੱਚ ਰਹਿੰਦੇ ਲੋਕਾਂ ਦੀਆਂ ਰੋਜ਼ਾਨਾ ਜ਼ਿੰਦਗੀ ਵਿੱਚ ਆਉਂਦੀਆਂ ਖ਼ੁਸ਼ੀਆਂ-ਗ਼ਮੀਆਂ ਤੇ ਮੁਸ਼ਕਲਾਂ ਬਾਰੇ ਕੇਂਦਰਤ ਹੋਣ ਦੀ ਲੋੜ੍ਹ ਹੈ। ਆਮ ਤੌਰ ਤੇ ਸਾਡੇ ਲੋਕਾਂ ਵਿੱਚ ਸੰਸਾਰ-ਵਿਗਿਆਨਕ ਸੋਚ ਅਤੇ ਅਮਲ ਦੀ ਘਾਟ ਹੈ। ਇਸੇ ਲਈ ਸਾਡੇ ਲੋਕਾਂ ਦੀ ਸਮਾਜੀ ਸੋਚ ਬਹੁਤ ਪੇਤਲੀ ਜਿਹੀ ਹੈ। ? ਦੌਧਰੀਆ ਜੀ, ਇਹਨਾਂ, ਲੋਕ-ਸੇਵਾ ਦੇ ਕੰਮਾਂ ਵਿੱਚ ਤੁਹਾਡੀ ਸੁਪਤਨੀ ਦਾ ਅਤੇ ਬਾਕੀ ਪਰਿਵਾਰ ਦਾ ਕਿੰਨਾ ਸਹਿਯੋਗ ਰਿਹਾ? -ਇਸ ਗੱਲੋਂ ਮੈਂ ਖ਼ੁਸ਼ਕਿਮਤ ਰਿਹਾ ਹਾਂ ਕਿ ਮੇਰੀ ਸਾਥਣ ਨੇ ਮੇਰੇ ਜ਼ਿੰਦਗੀ ਦੇ ਸਾਰੇ ਦੁੱਖ-ਸੁੱਖਾਂ ਵਿੱਚ ਮੇਰਾ ਪੂਰਾ ਸਾਥ ਨਿਭਾਇਆ ਹੈ। ਮੇਰੇ ਵਿਚਾਰਾਂ ਤੇ ਕੰਮਾਂ ਨਾਲ ਮੇਰੀ ਜੀਵਨ ਸਾਥਣ ਗੁਰਮੇਲ ਪੂਰੀ ਤਰਾਂ ਸਹਿਮਤ ਸੀ ।ਉਹਦੇ ਸਹਿਯੋਗ ਨਾਲ ਹੀ ਇਹੋ ਜਿਹੇ ਕੰਮਾਂ ਵਿੱਚ ਹਿੱਸਾ ਲੈ ਸਕਿਆ ਹਾਂ। ਮਾਣ ਵਾਲੀ ਗੱਲ ਤਾਂ ਇਹ ਹੈ ਕਿ ਜਿੰਨੀਆਂ ਸੰਸਥਾਵਾਂ ਵਿੱਚ ਮੈਂ ਕੰਮ ਕੀਤਾ, ਉਸ ਬਹਾਦਰ ਔਰਤ ਨੇ ਮੇਰੇ ਕਦਮ ਨਾਲ਼ ਕਦਮ ਮਿਲਾ ਕੇ ਸਾਰੇ ਘੋਲ਼ਾਂ ਵਿੱਚ ਹਿੱਸਾ ਲਿਆ। ਕੈਨੇਡਾ ਆ ਕੇ ਉਸ ਦੀ ਸਿਹਤ ਜਵਾਬ ਦੇ ਗਈ। ਕੁਝ ਚਿਰ ਬਿਮਾਰ ਰਹਿਣ ਪਿੱਛੋਂ ਵਿਛੋੜਾ ਦੇ ਗਈ। ਜੀਵਨ-ਸਾਥਣ ਦਾ ਇਹ ਵਿਛੋੜਾ ਭਾਵੇਂ ਅਸਹਿ ਸੀ, ਫਿਰ ਵੀ ਮੈਂ ਆਪਣੇ ਮਨ ਨੂੰ ਤਕੜਾ ਕਰਕੇ ਉਸੇ ਮਿਸ਼ਨ ’ਤੇ ਤੁਰਨ ਦੀ ਕੋਸ਼ਿਸ਼ ਕਰ ਰਿਹਾ ਹਾਂ। ਮੇਰੇ ਬੱਚੇ ਵੀ ਮੇਰੇ ਕੰਮ ਨਾਲ ਪੂਰੀ ਤਰ੍ਹਾਂ ਸਹਿਮਤ ਰਹੇ ਹਨ। ? ਹਰਜੀਤ ਜੀ ਆਪਣੇ ਸ਼ੌਕਾਂ ਬਾਰੇ ਵੀ ਕੁਝ ਦੱਸੋ। ਮੈਨੂੰ ਪਤਾ ਲੱਗਾ ਹੈ ਕਿ ਤੁਸੀਂ ਖਾਣੇ ਬਣਾਉਣ ਤੇ ਬਾਗਬਾਨੀ ਕਰਨ ਦੇ ਵੀ ਮਾਹਿਰ ਹੋ। ਤੁਸੀਂ ਆਪਣੇ ਇੰਨਾਂ ਸ਼ੌਕਾਂ ਨੂੰ ਕਿਵੇਂ ਪਾਲ਼ਿਆ? ਕੋਈ ਹੋਰ ਸ਼ੌਕ ਬਾਰੇ ਗੱਲ ਕਰਨੀ ਚਾਹੋਗੇ? -ਜਿਸ ਤਰਾਂ ਆਪਾਂ ਪਹਿਲਾਂ ਵੀ ਗੱਲ ਕਰ ਰਹੇ ਸੀ ਕਿ ਮੇਰੇ ’ਤੇ ਮੇਰੀ ਬੇਬੇ ਦੇ ਸੁਭਾਅ ਦਾ ਬਹੁਤ ਅਸਰ ਪਿਆ। ਖਾਣੇ ਬਣਾਉਣ ਦੀ ਗੱਲ ਵੀ ਇਹ ਹੋਈ ਕਿ ਅਸੀਂ ਤਿੰਨ ਭਰਾ ਹੀ ਸੀ ਤੇ ਭੈਣ ਸਾਡੀ ਕੋਈ ਨਹੀਂ ਸੀ। ਇਸ ਕਰਕੇ ਬੇਬੇ ਨਾਲ ਘਰ ਦੇ ਸਾਰੇ ਕੰਮਾਂ ਵਿੱਚ ਹੱਥ ਵਟਾਉਣਾ, ਤਕਰੀਬਨ ਰਸੋਈ ਦਾ ਸਾਰਾ ਕੰਮ ਮੈਂ ਕਰ ਲੈਂਦਾ ਸੀ। ਇਹ ਕੰਮ ਮੈਂ ਹੁਣ ਵੀ ਕਰ ਲੈਂਦਾ ਹਾਂ। ਇਸ ਤਰ੍ਹਾਂ ਵਧੀਆ ਖ਼ਾਣੇ ਬਣਾਉਣ ਦਾ ਸ਼ੌਂਕ ਪੈ ਗਿਆ। ਮੈਨੂੰ ਤਰ੍ਹਾਂ-ਤਰ੍ਹਾਂ ਦੇ ਅਚਾਰ ਬਣਾਉਣ ਦਾ ਬਹੁਤ ਸ਼ੌਂਕ ਹੈ। ਕੈਨੇਡਾ ਆ ਕੇ ਮੈਂ ‘ਗਗਨ’ ਨਾਂਅ ਦੀ ਅਚਾਰ ਕੰਪਨੀ ਵੀ ਖੋਲ੍ਹੀ ਸੀ, ਜੋ ਸਿਹਤ ਪੱਖੋਂ ਵਧੀਆ ਤੇ ਚੰਗੇ ਗੁਣਾਤਮਕ ਅਚਾਰ ਦੀ ਸਪਲਾਈ ਕਰਦੀ ਸੀ। ਇਹ ਸਿਰਫ਼ ਮੇਰੇ ਸ਼ੌਂਕ ਦੀ ਗੱਲ ਹੈ, ਮੈਂ ਕਿਸੇ ਵਿਉਪਾਰਕ ਪੱਖੋਂ ਇਸ ਕੰਮ ਨੂੰ ਨਹੀਂ ਲਿਆ। ਮਾੜੇ ਘਰੇਲੂ ਹਾਲਾਤ ਕਰਕੇ ਇਸ ਕੰਮ ਨੂੰ ਬੰਦ ਕਰਨਾ ਪਿਆ ਸੀ। ਇਸ ਸ਼ੌਂਕ ਨਾਲ ਬਾਗਬਾਨੀ ਕਰਨ ਦਾ ਸ਼ੌਂਕ ਵੀ ਪਾਲ਼ਿਆ ਹੈ। ਮੈਨੂੰ ਫਲਦਾਰ ਬੂਟੇ, ਰੰਗ-ਬਰੰਗੇ ਫੁੱਲਾਂ ਨਾਲ ਕੁਦਰਤੀ ਬਹੁਤ ਮੋਹ ਹੈ। ਹੋਰ ਸ਼ੌਂਕ ਇਹ ਹੈ ਕਿ ਫਿਰ ਤੁਰ ਕੇ ਦੁਨੀਆ ਦੇਖਣ ਦਾ ਵੀ ਮਨ ਹੈ। ਉਂਝ ਮੈਂ ਹਾਲੇ ਤਾਈਂ ਯੂਰਪ ਦੇ ਕੁਝ ਦੇਸ਼ਾਂ ਤੋਂ ਇਲਾਵਾ ਚੀਨ, ਕਿਊਬਾ ਅਤੇ ਅਮਰੀਕਾ ਘੁੰਮਿਆ ਹਾਂ। ਪੂਰਾ ਹਿੰਦੋਸਤਾਨ ਦੇਖਣ ਦਾ ਵੀ ਮਨ ਹੈ। ? ਤੁਸੀਂ ਸੋਵੀਅਤ ਯੂਨੀਅਨ ਅਤੇ ਅਜੋਕੇ ਸਮਾਜਵਾਦੀ ਹਾਲਾਤ ਬਾਰੇ ਵੀ ਕੁਝ ਦੱਸੋ? -ਇਹ ਇੱਕ ਬਹੁਤ ਵੱਡਾ ਅਤੇ ਡੂੰਘਾ ਸਵਾਲ ਹੈ। ਪਰ ਮੈਂ ਇਥੇ ਤੁਹਾਨੂੰ ਬਹੁਤ ਸੰਖ਼ੇਪ ਅਤੇ ਸਾਦੇ ਸ਼ਬਦਾਂ ਵਿੱਚ ਇਹ ਹੀ ਕਹਿ ਸਕਦਾ ਹਾਂ ਕਿ ਇਤਿਹਾਸਕ ਤੌਰ ’ਤੇ ਸਟਾਲਿਨ ਦੇ ਗੁਜ਼ਰਨ ਤੋਂ ਬਾਅਦ ਸੋਵੀਅਤ ਯੂਨੀਅਨ ਵਿੱਚ ਅੰਦਰੂਨੀ ਤੇ ਬਾਹਰੀ ਕਾਰਨਾਂ ਅਤੇ ਵਿਦੇਸ਼ੀ ਦਖ਼ਲਾਂ ਕਰਕੇ ਸਿਆਸੀ ਉਥਲ-ਪੁਥਲ ਹੋਈ। ਜਿਵੇਂ ਖ਼ਰਸ਼ਚੋਵ ਨੇ ਸਟਾਲਨ ਨੂੰ ਭੰਡਦਿਆਂ ਕਮਿਊਨਿਸਟ ਪਾਰਟੀ ਨੂੰ ‘ਲੋਕਾਂ ਦੀ ਪਾਰਟੀ’ ਅਤੇ ਸੋਵੀਅਤ ਯੂਨੀਅਨ ਨੂੰ ‘ਲੋਕਾਂ ਦੀ ਸਟੇਟ’ ਕਰਾਰ ਦਿੱਤਾ। ਇਸ ਤੋਂ ਬਾਅਦ ਬਰਿਜ਼ਨੇਵ, ਗਰਵਾਚੋਵ, ਯੈਲਸਟਨ ਹੋਰਾਂ ਨੇ ਰਲ਼ ਕੇ ਸਮਾਜਵਾਦੀ ਢਾਂਚੇ ਨੂੰ ਮੂਧਾ ਮਾਰ ਦਿੱਤਾ। ਸੋਵੀਅਤ ਯੂਨੀਅਨ ਵੱਖ ਵੱਖ ਸਟੇਟਾਂ ਵਿੱਚ ਮੁੜ ਵੰਡੀ ਗਈ ਅਤੇ ਕਮਿਊਨਿਸਟ ਪਾਰਟੀ ਬੈਨ ਕੀਤੀ ਗਈ। ਰੀਗਨ ਅਤੇ ਥੈਚਰ ਦੇ ਸਮੇਂ ਵਿੱਚ ਬਾਹਰਲੇ ਦਖ਼ਲ ਨੇ ਵੀ ਸਮਾਜਵਾਦੀ ਢਾਂਚੇ ਨੂੰ ਢਾਉਣ ਵਿੱਚ ਪੂਰੀ ਮਦਦ ਕੀਤੀ। ਅਸਲ ਵਿੱਚ ਤਾਂ ਲੈਨਿਨ ਦੇ ਸਮੇਂ ਤੋਂ ਹੀ ਮੈਨਸ਼ਵਿਕ ਅਤੇ ਹੋਰ ਸੱਜੇ ਪੱਖੀ ‘ਚਿੱਟੇ ਗਾਰਡ’ ਵੀ ਸਮਾਜਵਾਦੀ ਇਨਕਲਾਬ ਦੇ ਵਿਰੋਧੀ ਸਨ। ਜੇਕਰ ਸਮਾਜੀ ਅਧਿਐਨ ਕਰੀਏ ਤਾਂ ਪਤਾ ਲੱਗਦਾ ਹੈ, ਕਬੀਲਾਦਾਰੀ ਤੋਂ ਜਾਗੀਰਦਾਰੀ, ਬਾਦਸ਼ਾਹੀਆਂ, ਸਰਮਾਏਦਾਰੀ ਤੇ ਸਾਮਰਾਜਵਾਦ ਦਾ ਵਿਕਾਸ ਹੋਇਆ। ਇਹ ਇੱਕ ਇਤਿਹਾਸਕ ਸਮਾਜੀ ਪੌੜੀ ਹੈ। ਇਸ ਤੋਂ ਉੱਪਰ ਚੜ੍ਹਦਿਆਂ ਸੰਸਾਰ ਵਿੱਚ ਆਮ ਲੋਕਾਂ ਦੀ ਜੱਦੋ-ਜਹਿਦ ਰਾਹੀਂ ਵੱਖ-ਵੱਖ ਦੇਸ਼ਾਂ ਵਿੱਚ ਪੜਾਅ ਦਰ ਪੜਾਅ ਸਮਾਜਵਾਦੀ ਵਿਕਾਸ ਹੋਵੇਗਾ। ਜਿੱਥੇ ਹਰ ਕਾਮੇ ਨੂੰ ਯੋਗਤਾ ਅਤੇ ਲਿਆਕਤ ਅਨੁਸਾਰ ਕੰਮ ਤੇ ਕੰਮ ਅਨੁਸਾਰ ਉਜ਼ਰਤ ਅਤੇ ਲੋੜ ਅਨੁਸਾਰ ਵਸਤੂਆਂ ਤੇ ਜ਼ਿੰਦਗੀ ਦੀਆਂ ਸਹੂਲਤਾਂ ਪ੍ਰਾਪਤ ਹੋਣਗੀਆਂ। ਇਸ ਸਮਾਜੀ ਸਥਿਤੀ ਨੂੰ ਕਮਿਊਨਿਜ਼ਮ ਕਿਹਾ ਜਾਵੇਗਾ। ਇਹ ਹੋਣਾ ਲਾਜ਼ਮੀ ਹੈ। ? ਹਰਜੀਤ ਜੀ, ਪੰਜਾਬੀ ਪਿਆਰਿਆਂ ਨੂੰ ਕੋਈ ਸੁੱਖ-ਸੁਨੇਹਾ?
|
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
ਸਤਨਾਮ ਢਾਅ ਦੀਅਾਂ ਪੁਸਤਕਾਂ ਦਾ ਵੇਰਵਾ:
ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਦੂਜਾ)
ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਪਹਿਲਾ)
ਪਤਾ:
Satnam Singh Dhah
303 ASPEN RIDGE PL SW
Calgary, AB T3 H 1T2
Canada
Ph.403-285-6091
e-mailsatnam.dhah@gmail.com