29 April 2025

ਬਹੁ-ਪੱਖੀ ਸ਼ਖ਼ਸੀਅਤ ਅਤੇ ਬਾਇਓ-ਕੈਮਿਸਟ ਸਾਇੰਸਦਾਨ ਡਾ. ਗੁਰਦੇਵ ਸਿੰਘ ਘਣਗਸ — ਮੁਲਾਕਾਤੀ ਸਤਨਾਮ ਸਿੰਘ ਢਾਅ

dr_gurdev_singh_ghangasਡਾ. ਗੁਰਦੇਵ ਸਿੰਘ ਘਣਗਸ ਨੇ ਇਕ ਸਧਾਰਨ ਕਿਸਾਨੀ ਪਰਿਵਾਰ ਵਿਚ ਜਨਮ ਲਿਆ। ਆਪਣੀ ਮਿਹਨਤ ਅਤੇ ਸਿਰੜ ਨਾਲ ਜਿਸ ਮੁਕਾਮ ‘ਤੇ ਉਹ ਪਹੁੰਚਿਆ ਕਈ ਵਾਰ ਸਾਰੀਆਂ ਸੁੱਖ-ਸਹੂਲਤਾਂ ਹੋਣ ਦੇ ਬਾਵਜੂਦ ਵੀ ਲੋਕ ਇਸ ਮੁਕਾਮ ਨੂੰ ਹਾਸਲ ਨਹੀਂ ਕਰ ਸਕਦੇ। ਉਹ ਪਿੰਡਾਂ ਦੇ ਆਮ ਬੱਚਿਆਂ ਵਾਂਗ ਸਰਕਾਰੀ ਸਕੂਲਾਂ ਵਿਚੋਂ ਲੰਘਦਾ ਹੋਇਆੂ ਖੇਡਾਂ (ਕਬੱਡੀ, ਸੌਕਰ ਅਤੇ ਘੋਲ਼) ਖੇਡਦਾ ਹੋਇਆ ਜ਼ਿੰਦਗੀ ਦੇ ਘੋਲ਼ ਵਿਚ ਸ਼ਾਮਲ ਹੋਇਆ। ਗੁਰਦੇਵ ਸਿੰਘ ਨੇ ਆਪਣੇ ਪਿੰਡ ਤੋਂ ਪ੍ਰਾਇਮਰੀ ਕਰਕੇ, ਹਾਈ ਸਕੂਲ ਅਤੇ ਖੇਤੀਬਾੜੀ ਯੂਨੀਵਰਸਿਟੀ ਤੋਂ ਬਾਇਓ- ਕੈਮਿਸਟਰੀ ਵਿਚ ਐੱਮ. ਐੱਸਸੀ. ਮੈਰਿਟ ਕਲਾਸ ਵਿਚ ਕਰਨ ਉਪਰੰਤ ਇਕ ਅਮਰੀਕਨ ਯੂਨੀਵਰਸਿਟੀ ਵੱਲੋਂ ਵਜ਼ੀਫ਼ਾ ਪ੍ਰਾਪਤ ਕੀਤਾ। ਅਮਰੀਕਾ ਤੋਂ ਪੀਐੱਚ. ਡੀ. ਕਰਕੇ ਵੱਖ ਵੱਖ ਅਮਰੀਕਨ ਯੂਨੀਵਰਸਿਟੀਆਂ ਵਿਚ ਖੋਜ-ਕਾਰਜ ਕੀਤੇ ਅਤੇ ਪੜ੍ਹਾਇਆ ਵੀ। ਜ਼ਿੰਦਗੀ ਦੇ ਸੰਘਰਸ਼ ਵਿਚ ਬਹੁਤ ਸਾਰੇ ਦੁੱਖ ਸੁੱਖ ਭੋਗਦਿਆਂ ਇਕ ਖੋਜੀ ਬਾਇਓ-ਕੈਮਿਸਟ ਸਾਇੰਸਦਾਨ ਦੇ ਤੌਰ ਤੇ ਨਾਮਣਾ ਖੱਟ ਕੇ ਰੀਟਾਇਰਡ ਹੋਏ। ਪਰ ਬਦ-ਕਿਸਮਤੀ ਨਾਲ ਰਿਟਾਇਰਡ ਹੋਣ ਤੋਂ ਪਹਿਲਾਂ ਹੀ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਨੇ ਘੇਰ ਲਏ। ਪਰ ਇਕ ਸਿਰੜੀ ਤੇ ਅਗਾਂਹਵਧੂ ਸੋਚ ਦੇ ਮਾਲਕ ਹੋਣ ਕਰਕੇ ਇਸ ਬਿਮਾਰੀ ਦਾ ਮੁਕਾਬਲਾ ਵੀ ਬਹੁਤ ਬਹਾਦਰੀ ਤੇ ਹੌਸਲੇ ਨਾਲ ਕਰਦੇ ਹੋਏ, ਜਿਸ ਤਰ੍ਹਾਂ ਜੁਆਨੀ ਵਿਚ ਖੇਡਾਂ ਖੇਡਦਿਆਂ ਦੂਜੀਆਂ ਟੀਮਾਂ ਅਤੇ ਖਿਡਾਰੀਆਂ ਨੂੰ ਹਰਾਉਂਦਾ ਰਿਹਾ ਇਸੇ ਤਰ੍ਹਾਂ ਡਾ. ਗੁਰਦੇਵ ਸਿੰਘ ਨੇ ਕੈਂਸਰ ਵਰਗੀ ਬਿਮਾਰੀ ਨੂੰ ਵੀ ਪੈਰਾਂ ਵਿਚ ਮਧੋਲ਼ ਕੇ ਰੱਖ ਦਿੱਤਾ। ਉਨ੍ਹਾਂ ਦੇ ਦੱਸਣ ਮੁਤਾਬਿਕ ਸੱਠ ਸਾਲਾਂ ਦੀ ਉਮਰ ਵਿਚ ਪੰਜਾਬੀ ਸਾਹਿਤ ਵੱਲ ਮੋੜੇ,(ਪੜ੍ਹਨ ਅਤੇ ਕਵਿਤਾ ਸਿਰਜਣ) ਦਾ ਸਬੱਬ ਵੀ ਮੇਰੀ ਇਸ ਬਿਮਾਰੀ ਨੇ ਹੀ ਬਣਾਇਆ। ਡਾ. ਘਣਗਸ ਨੇ ਪੰਜਾਬੀ ਸਾਹਿਤ ਦੀ ਝੋਲ਼ੀ ਪੰਜ ਕਾਵਿ-ਸੰਗ੍ਰਹਿ, ਆਪਣੀ ਜੀਵਨੀ ਦੇ ਕੁਝ ਲੇਖ ਲਿਖ ਕੇ ਪਾਠਕਾਂ ਦਾ ਧਿਆਨ ਖਿੱਚਿਆ ਹੈ।

ਬਹੁਤ ਸਾਰੇ ਸ਼ਾਇਰ ਕਵਿਤਾ ਇਕ ਵਿਧਾ ਨਾਲ ਹੀ ਲਿਖਦੇ ਹਨ ਪਰ ਗੁਰਦੇਵ ਸਿੰਘ ਸੰਵੇਦਨਾ-ਮਈ ਕਾਵਿ ਗੁਲਦਸਤੇ ਗੁੰਦਦਿਆਂ, ਗ਼ਜ਼ਲਾਂ, ਗੀਤ ਅਤੇ ਖੁੱਲ੍ਹੀ ਕਵਿਤਾ ਦੇ ਨਾਲ਼ ਨਾਲ਼ ਢਾਡੀ ਰੰਗ (ਰਸਾਲੂ, ਕਲੀ, ਮਿਰਜ਼ਾ, ਬੈਂਤ ਅਤੇ ਵਾਰ) ਦੀਆਂ ਕਵਿਤਾਵਾਂ ਦੀ ਸਿਰਜਣਾ ਵੀ ਕੀਤੀ। ਇਥੇ ਹੀ ਬਸ ਨਹੀਂ ਡਾ. ਘਣਗਸ ਨੇ ਬਹੁਤ ਸਾਰੇ ਸਾਜ਼ ਬਜਾਉਣੇ (ਢੱਡ, ਢੋਲ, ਸਾਰੰਗੀ, ਤੂੰਬੀ, ਤਬਲਾ ਅਤੇ ਹਰਮੋਨੀਅਮ) ਸਿੱਖ ਕੇ ਆਪਣੇ ਆਪ ਨੂੰ ਸੰਗੀਤਕ ਸਮੁੰਦਰ ਵਿਚ ਅੰਨਦ ਦੀਆਂ ਚੁੱਭੀਆਂ ਲਾ ਕੇ ਕੁਦਰਤ ਨਾਲ ਇਕ ਮਿਕ ਹੋਣ ਦਾ ਵਸੀਲਾ ਬਣਾਇਆ ਹੈ। ਇਨ੍ਹਾਂ ਸਾਜਾਂ ਦੀ ਸਿਖਲਾਈ ਲਈ ਅੰਮ੍ਰਿਤਸਰ ਤੋਂ ਬਨਾਰਸ ਤੱਕ ਸੰਗੀਤ ਦੇ ਮਾਹਰ ਉਸਤਾਦਾਂ ਦੀ ਸ਼ਗਿਰਦੀ ਕਰਦਾ ਰਿਹਾ ਹੈ। ਫੇਰ ਆਪਣੀਆਂ ਕਾਵਿ ਉਡਾਰੀਆਂ ਵੀ ਐਵੈਂ ਕੋਈ ਤੁਕਬੰਦੀ ਨਹੀਂ, ਸਗੋਂ ਬਹੁਤ ਗੰਭੀਰਤਾ ਨਾਲ ਸਮਾਜਿਕ, ਰਾਜਨੀਤਿਕ ਅਤੇ ਭਖਦੇ ਮਸਲਿਆਂ ਤੇ ਵਿਅੰਗ-ਭਰੀ ਕਰਾਰੀ ਚੋਟ ਵੀ ਕੱਸਦਾ ਹੈ। ਕੁਦਰਤ ਦੀਆਂ ਸਿਫ਼ਤਾਂ ਨਾਲ ਲੋਕਾਂ ਵਿਚ ਜਾਗਰਤੀ ਲਿਆਉਣ ਲਈ ਕਾਵਿ-ਸਿਰਜਣਾ ਦੇ ਨਾਲ਼ ਨਾਲ਼ ਲੇਖ ਵੀ ਸਮੇਂ ਸਮੇਂ ਲਿਖਦਾ ਰਹਿੰਦਾ ਹੈ। ਸਾਹਿਤਕ ਭੁੱਖ ਮਿਟਾਉਂਣ ਲਈ ਉਹ ਸਾਹਿਤਕ ਸ਼ਖ਼ਸੀਅਤਾਂ ਅਤੇ ਸਾਹਿਤਕ ਸਭਾਵਾਂ ਵਿਚ ਹਾਜ਼ਰੀ ਭਰਦਾ ਰਿਹਾ ਹੈ। ਅੱਜ ਕੱਲ੍ਹ ਕਦੇ ਕਦੇ ਆਪਣੇ ਸ਼ਹਿਰ ਦੇ ਪੰਜਾਬੀ ਰੇਡੀਓ ‘ਤੇ ਵੀ ਸਰੋਤਿਆਂ ਨਾਲ ਸਾਂਝ ਪਾ ਲੈਂਦਾ ਹੈ। ਉਹ ਵਿਗਿਆਨੀਆਂ ਵਾਂਗ ਸਿਰਫ਼ ਬੰਦ ਕਮਰਿਆਂ ਵਿਚ ਖੋਜਾਂ ਵਿਚ ਹੀ ਰੁੱਝੇ ਰਹਿਣ ਵਾਲ਼ਾ ਹੀ ਨਹੀਂ। ਉਹਦਾ ਸੁਭਾਅ ਥੋੜਾ ਘੁਮੰਤਰੂ ਵੀ ਹੈ। ਖੇਡਾਂ ਦੇਖਣ ਦਾ ਵੀ ਸ਼ੋਕੀਨ ਹੈ ਪੰਜਾਬ ਫੇਰੀ ਤੋਂ ਇਲਾਵਾ ਲਹਿੰਦੇ ਪੰਜਾਬ ਵਿਚ ਗੁਰਧਾਮਾਂ ਦੇ ਦਰਸ਼ਣ ਵੀ ਕਰਦਾ ਹੈ। ਕਦੇ ਕੈਲੇਫੋਰਨੀਆਂ ਅਤੇ ਨੀਊਯਾਰਕ ਦੇ ਅਜ਼ਾਇਬ ਘਰ ਅਤੇ ਹੋਰ ਦੇਖਣ ਵਾਲੀਆਂ ਥਾਂਵਾਂ ਦੀ ਪ੍ਰਕਰਮਾਂ ਵੀ ਕਰਦਾ ਹੈ।

ਗੁਰਦੇਵ ਸਿੰਘ ਕੁਝ ਨਵਾਂ ਸਿੱਖਣ ਅਤੇ ਨਵੇਂ ਤਜਰਬੇ ਕਰਨ ਦਾ ਚਾਹਵਾਨ ਵੀ ਹੈ। ਘਣਗਸ ਦੇ ਸ਼ੇਅਰਾਂ ਵਿਚ ਤਿੱਖਾ ਵਿਅੰਗ ਦੇਖ ਕੇ ਜਿਸ ਤਰ੍ਹਾਂ:

“ਮਾਇਆ ਨਾਗਣੀ ਬਦੇਸ਼ੀ ਬੈਂਕਾਂ ‘ਚ ਭੇਜੋ ਜਾਂ ਡੇਰਿਆਂ ਦੇ ਲੇਖੇ ਲਾਈ ਚਲੋ ਪਿਆਰੇ”

ਇਕ ਹੋਰ ਸ਼ੇਅਰ

“ਅੱਤਵਾਦ ਅਤੇ ਗ਼ਦਰ ਬਰੋਬਰ ਨਹੀਂ ਹੁੰਦੇ, ਗ਼ਦਰੀਆਂ ਕਰਕੇ ਸਹੀ ਬਗਾਵਤ ਹੁੰਦੀ ਹੈ।”

ਇਨ੍ਹਾਂ ਸੌਖੇ ਸਰਲ ਸ਼ਬਦਾਂ ਵਿਚ ਕਹਿਣ ਦੀ ਡੂੰਘੀ ਗੱਲ ਕਰਕੇ ਹੀ ਮੇਰੀ ਬੜੇ ਚਿਰਾਂ ਤੋਂ ਤਮੰਨਾ ਸੀ ਕਿ ਇਨ੍ਹਾਂ ਨਾਲ ਇਕ ਇੰਟਰਵਿਊ ਕੀਤੀ ਜਾਵੇ। ਸਬੱਬ ਬਣਿਆ ਮੈਨੂੰ ਇਸ ਸ਼ਖ਼ਸੀਅਤ ਨੂੰ ਨੇੜਿਓਂ ਸਮਝਣ ਸੁਣਨ ਦਾ ਮੌਕਾ ਬਣਿਆ। ਭਾਵੇਂ ਮੈਂ ਬਾਇਓ-ਕੈਮਿਸਟਰੀ ਦਾ ਵਿਦਿਆਰਥੀ ਨਹੀਂ ਕਰਕੇ ਬਹਤੇ ਸਵਾਲ ਕਮਿਸਟਰੀ ਬਾਰੇ ਬਹੁਤ ਸਵਾਲ ਨਹੀਂ ਪੁੱਛ ਸਕਦਾ ਸੀ ਪਰ ਮੈਨੂੰ ਹੋਰ ਗੁਣਾਂ ਅਤੇ ਦੂਜੇ ਪੱਖਾਂ ਨੇ ਪ੍ਰਭਾਵਿਤ ਕੀਤਾ। ਮੈਨੂੰ ਪੂਰਨ ਆਸ ਹੈ ਕਿ ਇਕ ਸਾਇੰਸਦਾਨ ਦੀ ‘ਸੈਲਫ਼ ਮੇਡ’ ਜ਼ਿੰਦਗੀ ਦੀ ਘਾਲਣਾ ਪਾਠਕਾਂ ਨੂੰ ਵੀ ਜ਼ਿੰਦਗੀ ਦੇ ਉਤਰਾਵਾਂ ਝੜਾਵਾਂ ਵਿਚ ਸ਼ੰਘਰਸ਼ ਕਰਨ ਦੀ ਪ੍ਰੇਰਨਾ ਜ਼ਰੂਰ ਦੇਵੇਗੀ।

ਜੋ ਮੁਲਾਕਾਤ ਉਨ੍ਹਾਂ ਹੋਈ ਉਸ ਦੇ ਕੁਝ ਅੰਸ਼ ਆਪਣੇ ਪਾਠਕਾਂ ਨਾਲ ਸਾਂਝੇ ਕਰ ਰਿਹਾ ਹਾਂ।

? ਡਾ. ਸਾਹਿਬ ਪਹਿਲਾਂ ਤਾਂ ਆਪਣੇ ਪਿਛੋਕੜ ਬਾਰੇ ( ਜਨਮ, ਮਾਪੇ ਬਚਪਨ ਭੈਣ ਭਰਾ) ਜਾਣਕਾਰੀ ਦਿਉ ?

– ਸਤਨਾਮ ਜੀ, ਮੇਰਾ ਜਨਮ 1942 ਦਾ ਹੈ ਜਦੋਂ ਸਾਡੇ ਮੁਲਕ ਇੰਡੀਆ ਤੇ ਬਰਤਾਨੀਆ ਰਾਜ ਸੀ। ਮੇਰਾ ਪਿਛੋਕੜ ਅਨਪੜ੍ਹ ਪੇਂਡੂ ਕਿਸਾਨੀ ਹੈ। ਮਾਤਾ ਦਲੀਪ ਕੌਰ ਚਾਰ ਕੁ ਅੱਖਰ ਪੜ੍ਹ ਲੈਂਦੀ ਸੀ, ਪਿਤਾ ਗੁਰਬਚਨ ਸਿੰਘ ਭਾਵੇਂ ਅਨਪੜ੍ਹ ਸਨ, ਪਰ ਪਿੰਡ ਦੇ ਬਹੁਤੇ ਲੋਕ ਸਲਾਹਾਂ ਲੈਣ ਲਈ ਉਹਦੇ ਕੋਲ ਆਉਂਦੇ ਰਹਿੰਦੇ ਸਨ। ਤਿੰਨ ਭਰਾਵਾਂ ਵਿੱਚੋਂ ਮੈਂ ਵੱਡਾ ਸੀ, ਛੋਟੇ ਭਰਾ ਦੋਵੇਂ ਚੱਲ ਵਸੇ ਹਨ। ਸਾਡੀਆਂ ਤਿੰਨ ਭੈਣਾਂ ਵਿਚੋਂ ਦੋ ਚੱਲ ਵਸੀਆਂ ਹਨ। ਮੈਂ ਵੀ ਹੁਣ ਨਦੀ ਕਿਨਾਰੇ ਰੁੱਖੜੇ ਵਾਂਗ ਹਾਂ। ਫਰਵਰੀ 2024 ਵਿਚ ਮੈਨੂੰ ਹਸਪਤਾਲ ਜਾਣਾ ਪਿਆ, ਦਿਲ ਦਾ ਮਾਮਲਾ ਸੀ।

? ਡਾ. ਗੁਰਦੇਵ ਸਿੰਘ ਜੀ, ਆਪਣੀ ਮੁੱਢਲੀ ਅਤੇ ਉੱਚ ਵਿੱਦਿਆ ਅਤੇ ਕੰਮ ਕਾਰ ਬਾਰੇ ਚਾਨਣਾ ਪਾਉ?

– ਹਾਂ ਜੀ, ਮੈਂ ਆਪਣੇ ਪਿੰਡ ਦੇ ਸਕੂਲ ਤੋਂ ਪ੍ਰਾਇਮਰੀ ਦੀਆਂ ਚਾਰ ਜਮਾਤਾਂ ਕਰਕੇ ਦਸਵੀਂ ਗੁਰੂ ਨਾਨਕ ਖ਼ਾਲਸਾ ਹਾਈ ਸਕੂਲ ਕਰਮਸਰ ਤੋਂ ਕਰ ਕੇ ਸਰਕਾਰੀ ਖੇਤੀਬਾੜੀ ਕਾਲਜ ਲੁਧਿਆਣਾ ਜੋ ਬਾਅਦ ਵਿਚ ਖੇਤੀਬਾੜੀ ਯੂਨੀਵਰਸਿਟੀ ਬਣਾ ਦਿੱਤੀ ਗਈ ਇਥੋਂ 1963 ਵਿਚ ਬੀ.ਐੱਸਸੀ ਅਤੇ 1966 ਵਿਚ ਐੱਮ.ਐੱਸਸੀ. ਕਰਕੇ ਕੁਝ ਮਹੀਨੇ ਯੂਨੀਵਰਸਿਟੀ ਵਿਚ ਹੀ ਕੰਮ ਕਰਕੇ ਉੱਚ ਵਿੱਦਿਆ ਲਈ ਅਮਰੀਕਾ ਦੀ ਸਿਰਾਕਿਊਜ਼ ਯੂਨੀਵਰਸਿਟੀ ਨਿਊਯਾਰਕ ਤੋਂ 1971 ਵਿਚ ਪੀਐੱਚ.ਡੀ. ਹਾਸਲ ਕੀਤੀ। ਜਿਵੇਂ ਆਪਾਂ ਪਹਿਲਾਂ ਗੱਲ ਕਰ ਰਹੇ ਸੀ, ਮੇਰਾ ਮੁੱਖ ਕਿੱਤਾ ਤਾਂ ਵਿਗਿਆਨ ਹੀ ਰਿਹਾ ਮੈਂ ਪੈਂਤੀ ਸਾਲ ਵੱਖ ਵੱਖ ਸੰਸਥਾਵਾਂ ਵਿਚ ਖੋਜ ਅਤੇ ਅਧਿਆਪਨ ਦਾ ਕੰਮ ਕੀਤਾ।

? ਬਚਪਨ ਕਿਹੋ ਜਿਹਾ ਸੀ, ਕੋਈ ਪ੍ਰਾਇਮਰੀ ਸਕੂਲ ਦੀ ਯਾਦ ਆਪਣੇ ਆੜੀਆਂ ਦੀ, ਸਕੂਲ ਅਧਿਆਪਕ ਦੀ ਕੋਈ ਯਾਦ ਜੋ ਅੱਜ ਵੀ ਤੁਹਾਨੂੰ ਬਚਪਨ ਵਿਚ ਲੈ ਜਾਂਦੀ ਹੋਵੇ?

– ਮੇਰਾ ਬਚਪਨ ਰਲ਼ਗੱਡ ਜਿਹਾ ਸੀ। ਕੁਝ ਚੰਗਾ, ਕੁਝ ਦੁਖਦਾਈ ਵੀ ਸੀ। ਵੱਡੇ ਅਨਪੜ੍ਹ ਪਰਿਵਾਰਾਂ ਵਾਂਗ ਕੁਝ ਬੱਚੇ ਅਣਗੌਲ਼ੇ ਰਹਿ ਗਏ ਜਾਂ ਚਾਰ ਜਮਾਤਾਂ ਪਿੱਛੋਂ ਵਿਆਹੁਣ ਜੋਗੇ ਕਰ ਕੇ ਪੜ੍ਹਨੋ ਹਟਾਕੇ ਖੇਤੀਬਾੜੀ ਦੇ ਕੰਮ-ਧੰਦਿਆਂ ਵਿਚ ਲਾ ਦਿੱਤੇ ਗਏ। ਇਸਦਾ ਮੇਰੇ ਮਨ ਤੇ ਬਹੁਤ ਅਸਰ ਪਿਆ। ਪਰ ਮੈਂ ਇਸ ਰਸਤੇ ਤੋਂ ਉਲਟਾ ਰਸਤਾ ਫੜਕੇ ਹੁਣ ਤੱਕ ਕੁਝ-ਨ-ਕੁਝ ਸਿੱਖਦਾ ਆ ਰਿਹਾ ਹਾਂ।
ਢਾਅ ਜੀ, ਸਕੂਲ ਦੀਆਂ ਯਾਦਾਂ ਬਹੁਤ ਨੇ, ਇਕ ਨਾ-ਭੁੱਲਣ-ਵਾਲੀ ਯਾਦ ਸਾਂਝੀ ਕਰਦਾਂ ਜੋ ਇਕ ਮੁੱਢਲੇ ਅਧਿਆਪਕ ਨਾਲ ਜੁੜੀ ਹੋਈ ਹੈ ਜੋ ਸਾਡੀ ਹਾਜ਼ਰੀ ਵੀ ਲਾਉਂਦਾ ਸੀ। ਸਾਡਾ ਸਕੂਲ ਆਜ਼ਾਦੀ ਤੋਂ ਬਾਅਦ ਪਿੰਡ ਦੀ ਧਰਮਸ਼ਾਲਾ ਵਿਚ ਨਵਾਂ ਖੁੱਲ੍ਹਿਆ ਸੀ। ਹਾਜ਼ਰੀ ਦੇ ਅੰਤ ਵਿਚ ਉਹ ਕੁਝ ਬੱਚਿਆਂ ਦੇ ਨਾਂ ਬੋਲਦਾ ਸੀ ਜੋ ਉਸ ਸਮੇਂ ਮੇਰੇ ਨਾਲ ਪੜ੍ਹਦੇ ਸਨ। ਉਨ੍ਹਾਂ ਬੱਚਿਆਂ ਦੇ ਨਾਂ ਸਾਡੀ ਕਵਿਤਾ ਬਣ ਗਏ। ਇਹ ਕਵਿਤਾ ਅਸੀਂ ਛੁੱਟੀ ਹੋਣ ਵੇਲੇ ਘਰਾਂ ਨੂੰ ਜਾਂਦੇ ਜਾਂਦੇ ਪੜ੍ਹਦੇ ਸੀ: ‘‘ ਰਾਮ ਪਿਆਰੀ, ਸਾਦੀ, ਮੋਤੀ, ਗਾਸਾ, ਸਾਧੂ ਰਾਮ, ਰਾਮ ਮੂਰਤੀ।’’ ਇਹ ਕੁੜੀਆਂ ਮੁੰਡੇ ਇਕ ਦੂਜੇ ਤੋਂ ਹੁਣ ਸਭ ਵਿੱਖਰ ਗਏ ਹਨ, ਪਰ ਉਹ ਕਵਿਤਾ ਅਜੇ ਵੀ ਜਿਉਂਦੀ ਹੈ।

? ਘਣਗਸ ਜੀ, ਇਹ ਆਮ ਕਿਹਾ ਜਾਂਦਾ ਹੈ ਕਿ ਕਿਸੇ ਇਨਸਾਨ ਨੂੰ ਜਿੰਦਗੀ ਵਿਚ ਸਫ਼ਲ ਹੋਣ ਵਿਚ ਉਹਦੇ ਮਾਪੇ ਜਾਂ ਅਧਿਆਪਕਾਂ ਦਾ ਵੱਡਾ ਹੱਥ ਹੁੰਦਾ ਹੈ ਤੁਹਾਡਾ ਇਨ੍ਹਾਂ ਬੁਲੰਦੀਆਂ ਤੇ ਪਹੁੰਚਣ ਵਿਚ ਕੀ ਕਿਸੇ ਦਾ ਹੱਥ ਹੈ/ਸੀ?

– ਸਤਨਾਮ ਜੀ, ਜ਼ਿੰਦਗੀ ਵਿਚ ਸਫ਼ਲਤਾ ਆਸਾਨ ਹੋ ਜਾਂਦੀ ਹੈ, ਜੇ ਤੁਹਾਨੂੰ ਆਲੇ-ਦੁਆਲੇ ਦੇ ਲੋਕਾਂ ਦਾ ਸਹਿਯੋਗ ਮਿਲਦਾ ਰਹੇ। ਕੁਝ ਟੰਗਾਂ ਖਿੱਚਣ ਵਾਲੇ ਵੀ ਹੁੰਦੇ ਨੇ ਜਿਸ ਨਾਲ ਤੁਹਾਡੀ ਸਫ਼ਲਤਾ ਵਿਚ ਵਿਗਨ ਪੈ ਸਕਦਾ ਹੈ। ਮੇਰੀ ਸਫ਼ਲਤਾ ਵਿਚ ਮੇਰੇ ਪਰਿਵਾਰ ਤੋਂ ਬਿਨਾ, ਸੂਝਵਾਨ ਅਧਿਆਪਕਾਂ ਦੀ ਹੱਲਾਸ਼ੇਰੀ ਦਾ ਹਿੱਸਾ ਵੀ ਬਹੁਤ ਵੱਡਾ ਹੈ। ਜ਼ਿੰਦਗੀ ਵਿਚ ਕੁਝ ਐਸੇ ਵੀ ਆਏ, ਜਿਨ੍ਹਾਂ ਕਰਕੇ ਜ਼ਿੰਦਗੀ ਦੇ ਦੁੱਭਰ ਪਲ਼ ਵੀ ਦੇਖਣੇ ਪਏ। ਪਹਿਲਾਂ-ਆਏ ਦੁੱਭਰ ਪਲ਼ ਅਗਲੀਆਂ ਮੁਸ਼ਕਿਲਾਂ ਵਿਚ ਸਹਾਈ ਵੀ ਹੁੰਦੇ ਰਹੇ। ਇਕ ਰਿਸ਼ਤੇਦਾਰ (ਜਸਵੰਤ ਸਿੰਘ) ਨੇ ਮੇਰਾ ਹਵਾਈ ਟਿਕਟ ਖ਼ਰੀਦ ਕੇ ਮੇਰਾ ਅਮਰੀਕਾ ਆਉਣਾ ਆਸਾਨ ਕਰ ਦਿੱਤਾ। ਉਸ ਬਾਰੇ ਮੈਂ ਆਪਣੀ ਅੰਗਰੇਜ਼ੀ ਦੀ ਪਹਿਲੀ ਕਿਤਾਬ ਵਿਚ ਲਿਖਿਆ ਹੈ। ਮੈਂ ਕਿਸੇ ਬੁਲੰਦੀ ਤੇ ਨਹੀਂ ਪਹੁੰਚਿਆ। ਬੁਲੰਦੀਆਂ ਤੇ ਪਹੁੰਚਣ ਲਈ ਕੁਦਰਤ ਦੀ ਖੇਡ ਵੀ ਜ਼ਰੂਰੀ ਹੁੰਦੀ ਹੈ।

? ਤੁਸੀਂ ਆਪਣੇ ਨਾਂ ਨਾਲ ਘਣਗਸ ਲਿਖਦੇ ਹੋ। ਘਣਗਸ ਤੁਹਾਡਾ ਗੋਤ ਹੈ ਜਾਂ ਤਖ਼ਲਸ ਇਹਦੇ ਬਾਰੇ ਕੁਝ ਦਸੋ?

– ‘ਘਣਗਸ’ ਮੇਰੇ ਪਿੰਡ ਦਾ ਨਾਂ ਹੈ ਜੋ ਮੈਂ ਦਸਵੀਂ ਜਮਾਤ ਦੇ ਪਰਚੇ ਦੇਣ ਵੇਲੇ ਚੁਣ ਲਿਆ ਸੀ, ਪਰ ਗੋਤ ਮੇਰਾ ‘ਖੰਗੂੜਾ’ ਹੈ।

? ਤੁਹਾਡੇ ਬਚਪਨ ਦੇ ਸਾਥੀਆਂ ਵਿਚੋਂ ਕੁਝ ਪਿੰਡ ਵੀ ਹੋਣਗੇ ਕੁਝ ਬਾਹਰਲੇ ਦੇਸ਼ਾਂ ਵਿਚ ਚਲੇ ਗਏ ਹੋਣਗੇ ਬਾਅਦ ਵਿਚ ਕਦੇ ਉਨ੍ਹਾਂ ਨੂੰ ਮਿਲ਼ੇ ਵੀ ਉਨ੍ਹਾਂ ਵਿਚੋਂ ਕਿੰਨਿਆਂ ਨੇ ਉੱਚ ਵਿੱਦਿਆ ਲੈ ਕੇ ਕੰਮ ਕਾਰ ਲਈ ਪੰਜਾਬ ਵਿਚ ਰਹੇ ਜਾਂ ਫੇਰ ਵਿਦੇਸ਼ਾਂ ਨੂੰ ਆ ਗਏ?

– ਮੈਂ ਪੰਜਾਬ ਤੋਂ ਅਮਰੀਕਾ 1966 ਵਿਚ ਆਇਆ। ਉਸ ਤੋਂ ਪਹਿਲਾਂ ਪਿੰਡ ਦੀਆਂ ਇਕ ਦੋ ਕੁੜੀਆਂ ਇੰਗਲੈਂਡ ਵਿਆਹੀਆਂ ਹੋਈਆਂ ਸਨ। ਮੇਰੇ ਪਿੰਡ ਦਾ ਇਕ ਮਸ਼ਹੂਰ ਖਿਡਾਰੀ ਤਾਰਾ ਸਿੰਘ ਕਬੱਡੀ ਆਧਾਰ ਤੇ ਬਰਤਾਨੀਆ ਜਾ ਵਸਿਆ। ਮੇਰੇ ਤੋਂ ਬਾਅਦ ਕਾਫ਼ੀ ਲੋਕ ਵਿਦੇਸ਼ਾਂ ਨੂੰ ਆ ਗਏ। ਤਾਰਾ ਸਿੰਘ ਮੈਨੂੰ ਮਿਲਿਆ ਨਹੀਂ, ਪਰ ਕਦੇ ਕਦੇ ਫੋਨ ‘ਤੇ ਗੱਲਬਾਤ ਕਰ ਲੈਂਦਾ ਹੈ। ਹੌਲ਼ੀ ਹੌਲ਼ੀ ਪਿੰਡ ਦੀ ਆਬਾਦੀ ਵਧ ਰਹੀ ਹੈ ਅਤੇ ਮੇਰੀ ਪੇਂਡੂ ਜਾਣਕਾਰੀ ਘਟੀ ਜਾ ਰਹੀ ਹੈ। ਮੇਰੇ ਕਈ ਸਾਥੀ ਤਰਸਯੋਗ ਹਾਲਤ ਵਿਚ ਵੀ ਜਿਉਂਦੇ ਹਨ, ਕਈ ਹੋਰ ਥਾਂ ਜਾ ਵਸੇ ਹਨ, ਕੁਝ ਕੁ ਸੰਪਰਕ ਲਗਾਤਾਰ ਚੱਲ ਰਿਹਾ ਹੈ।

? ਮੈਨੂੰ ਪਤਾ ਲੱਗਾ ਕਿ ਕਿ ਤੁਸੀਂ ਹਾਈ ਸਕੂਲ ਵਿਚ ਇਕ ਚੰਗੇ ਖਿਡਾਰੀ ਵੀ ਰਹੇ ਹੋ। ਕਬੱਡੀ ‘ਤੇ ਹਾਕੀ ਵੀ ਖੇਡੀ ਕਬੱਡੀ ਜਾਂ ਹਾਕੀ ਖੇਡਣ ਦੀਆਂ ਜਿੱਤਾਂ ਹਾਰਾਂ ਬਾਰੇ ਕੋਈ ਯਾਦ? ਐਗਰੀਕਲਚਰ ਯੂਨੀਵਰਸਿਟੀ ਦੀ ਕੁਸ਼ਤੀ ਦੀ ਟੀਮ ਵਿਚ ਵੀ ਰਹੇ ਹੋ। ਇਨ੍ਹਾਂ ਖੇਡਾਂ ਖੇਡਦੇ ਸਮੇਂ ਦੀ ਕੋਈ ਯਾਦ ?

– ਭਾਵੇਂ ਕਬੱਡੀ ਮੇਰੀ ਮਨ-ਭਾਉਂਦੀ ਖੇਡ ਸੀ, ਪਰ ਮੈਂ ਸਭ ਗੇਮਾਂ ਵਿਚ ਭਾਗ ਲੈਂਦਾ ਰਿਹਾ। ਹਾਈ ਸਕੂਲ ਵੱਜੋਂ ਅਸੀਂ ਇਕ ਵਾਰ ਲਾਗਲੇ ਪਿੰਡ ਬੁਟਾਹਰੀ ਵਿਚ ਹੋ ਰਹੇ ਟੂਰਨਾਮੈਂਟ ਵਿਚ ਭਾਗ ਲਿਆ। ਓਥੇ ਸਾਡੇ ਪਿੰਡ ਦੀ ਟੀਮ ਵੀ ਖੇਡ ਰਹੀ ਸੀ ਅਤੇ ਸਾਡੇ ਉਸਤਾਦ ਕੋਚ ਦਲੀਪ ਸਿੰਘ ਗਰੇਵਾਲ (ਜੋ ਅੱਜ ਕੱਲ੍ਹ ਐਬਸਫੋਰਡ ਰਹਿੰਦੇ ਹਨ) ਦੇ ਪਿੰਡ ਗੁੱਜਰਵਾਲ ਦੀ ਟੀਮ ਵੀ ਖੇਡਣ ਆਈ ਸੀ। ਸਾਡੀ ਸਕੂਲ ਦੀ ਟੀਮ ਨੇ ਪਹਿਲਾਂ ਗੁੱਜਰਵਾਲ ਦੀ ਟੀਮ ਨੂੰ ਹਰਾਇਆ ਫੇਰ ਆਪਣੇ ਪਿੰਡ ‘ਘਣਗਸ’ ਦੀ ਟੀਮ ਨੂੰ ਵੀ ਹਰਾ ਦਿੱਤਾ। ਇਸ ਤੋਂ ਬਾਅਦ ਮੇਰੇ ਪਿੰਡ ਦੇ ਦੋ ਖਿਡਾਰੀ ਮੇਰੇ ਨਾਲ਼ ਕਾਫ਼ੀ ਦੇਰ ਤੱਕ ਗੁੱਸੇ ਰਹੇ।

? ਅੱਜ ਵੀ ਆਮ ਪੰਜਾਬ ਵਿਚ ਧਾਰਨਾ ਹੈ ਕਿ ਪੜ੍ਹ ਕੇ ਕਿਹੜੀਆਂ ਨੌਕਰੀਆਂ ਮਿਲਦੀਆਂ ਛੱਡੋ ਪੜ੍ਹਨਾ, ਕੋਈ ਕੰਮ ਕਰੋ। ਖ਼ਾਸ ਕਰਕੇ ਕਿਸਾਨੀ ਪਰਿਵਾਰਾਂ ਦੇ ਬਹੁਤ ਸਾਰੇ ਬੱਚੇ ਤਾਂ ਇਸੇ ਧਾਰਨਾਂ ਨਾਲ ਹਾਈ ਸਕੂਲ ਤੱਕ ਵੀ ਮੁਸ਼ਕਲ ਨਾਲ ਹੀ ਜਾਂਦੇ ਸਨ/ਹਨ ਜੋ ਕਿਸੇ ਦਾ ਜੱਦੀ ਪੁਸ਼ਤੀ ਕੰਮ ਹੁੰਦਾ ਸੀ ਉਹਦੇ ਵੱਲ ਹੀ ਪਾ ਦਿੱਤਾ ਜਾਂਦਾ ਸੀ। ਪਤਾ ਲੱਗਾ ਕਿ ਉਨ੍ਹਾਂ ਸਮਿਆਂ ਵਿਚ ਕੁੜੀਆਂ ਨੂੰ ਤਾਂ ਚਿੱਠੀ-ਪੱਤਰ ਯੋਗਾ ਹੋਣ ਲਈ ਵੀ ਕੋਈ ਵਿਰਲਾ ਪਰਿਵਾਰ ਹੀ ਸਕੂਲ ਵਿਚ ਭੇਜਦਾ ਸੀ। ਤੁਹਾਨੂੰ ਜਾਂ ਤੁਹਾਡੀ ਜੀਵਨ ਸਾਥਣ ਨੂੰ ਉੱਚ-ਵਿੱਦਿਆ ਦਾ ਸਬੱਬ ਕਿਵੇਂ ਬਣਿਆਂ?

– ਮੇਰੀ ਖੁਸ਼ਕਿਸਮਤੀ ਕਿ ਮੇਰੇ ਪੜ੍ਹਨ ਵੇਲੇ ਭਾਰਤ ਆਜ਼ਾਦ ਹੋ ਗਿਆ ਸੀ, ਪਿੰਡਾਂ ਵਿਚ ਨਵੇਂ ਸਕੂਲ ਖੁੱਲ੍ਹਣ ਲੱਗ ਪਏ। ਲੋਕਾਂ ਵਿਚ ਪੜ੍ਹਣ-ਪੜ੍ਹਾਉਣ ਦਾ ਅਹਿਸਾਸ ਵਧ ਗਿਆ। ਮੇਰੇ ਅਧਿਆਪਕ ਵੀ ਚੰਗੇ ਨਿਕਲੇ, ਵਾਹਿਗੁਰੂ ਦੀ ਕਿਰਪਾ ਹੋ ਗਈ। ਮੇਰੀ ਵੱਡੀ ਭੈਣ ਵੀ ਨਾਨਕੇ ਪਿੰਡ ਲਾਗ ਪੜ੍ਹਦੀ ਸੀ, ਇਹ ਵੀ ਉਤਸ਼ਾਹ ਵਾਲੀ ਗੱਲ ਸੀ। ਮੇਰੀ ਜੀਵਨ ਸਾਥਣ, ਸੁਰਿੰਦਰ, ਦੇ ਪਰਿਵਾਰ ਵਿਚ ਇਕ ਪ੍ਰੋਫੈਸਰ ਦੇ ਆਸਰੇ ਉਹ ਵੀ ਭਾਰਤ ਵਿਚ ਐੱਮ. ਏ. ਕਰ ਗਈ ਸੀ। ਅਮਰੀਕਾ ਵਿੱਚ ਆ ਕੇ ਉਹ ਨਵੀਂ ਕੰਪਿਊਟਰ ਵਿੱਦਿਆ ਦੇ ਸਦਕੇ ਉੱਚ ਆਹੁਦੇ ਤੇ ਰਿਟਾਇਰ ਹੋਈ।

? ਇਹ ਵੀ ਸੁਣਨ ਵਿਚ ਆਇਆ ਹੈ ਕਿ ਉਨ੍ਹਾਂ ਸਮਿਆਂ ਵਿਚ ਬਹੁਤ ਸਾਰੇ ਪਿੰਡਾਂ ਦੇ ਵਿਦਿਆਰਥੀ ਪਹਿਲਾਂ ਤਾਂ ਪੜ੍ਹਦੇ ਘੱਟ ਸਨ ਜੇਕਰ ਕੋਈ ਹਾਈ ਸਕੂਲ ਕਰਕੇ ਕਾਲਜ ਜਾਂਦਾ ਵੀ ਸੀ ਤਾਂ ਆਰਟਸ ਨਾਲ ਬੀ. ਏ. ਕਰ ਲੈਂਦੇ ਸਨ। ਕਿਉਂ ਕਿ ਬਾਹਰਲੇ ਦੇਸ਼ਾਂ ਵਾਂਗ ਆਪਣੇ ਦੇਸ਼ ਵਿਚ ਕੋਈ ਰਾਹ-ਦਸੇਰਾ ਭਾਵ (ਗਾਈਡ ਕਰਨ ਜਾਂ ਕੌਂਸਲਿੰਗ) ਕਰਨ ਵਾਲੇ ਨਾਂਹ ਦੇ ਬਰਾਬਰ ਸਨ/ਹਨ ਤੁਹਾਨੂੰ ਕਿਸੇ ਦੀ ਪ੍ਰੇਰਨਾ ਮਿਲ਼ੀ ਜਿਸ ਨਾਲ ਤੁਸੀਂ ਸਾਇੰਸ ਦੇ ਵਿਸ਼ੇ ਚੁਣੇ ਜਾਂ ਤੁਹਾਡੀ ਆਪਣੀ ਹੀ ਦਿਲਚਸਪੀ ਸੀ?

– ਭਾਵੇਂ ਮੇਰੇ ਨੰਬਰ ਸਾਰੇ ਮਜ਼ਮੂਨਾਂ ਵਿਚ ਚੰਗੇ ਆਉਂਦੇ ਸਨ, ਹਾਈ ਸਕੂਲ ਵਿਚ ਹਿਸਟਰੀ ਜਗਰਾਫੀਆ ਮੈਂ ਧੱਕੇ ਨਾਲ ਹੀ ਪੜ੍ਹਿਆ ਸੀ। ਸਾਇੰਸ ਵਿਚ ਜਾਣਾ ਮੇਰਾ ਸੁਭਾਵਿਕ ਸੀ। ਲੋਕ ਬਿਨਾਂ ਪੁੱਛੇ ਵੀ ਇਹੀ ਸਲਾਹ ਦੇਣ ਆਉਂਦੇ ਰਹਿੰਦੇ, ਜਿਸਨੂੰ ਮੇਰਾ ਬਾਪ ਦਿਲਚਸਪੀ ਨਾਲ ਸੁਣਦਾ, ਪਰ ਖ਼ਰਚਾ ਸੁਣਕੇ ਹਉਕੇ ਲੈਂਣ ਲੱਗ ਜਾਂਦਾ। ਆਖ਼ਰ ਮੈਂ ਖੇਤੀਬਾੜੀ ਕਾਲਜ ਵਿਚ ਦਾਖ਼ਲਾ ਲੈ ਲਿਆ, ਜੋ ਬਾਅਦ ਵਿਚ ਯੂਨੀਵਰਸਿਟੀ ਬਣ ਗਿਆ। ਪਿੰਡ ਦਾ ਇਕ ਸੱਜਣ ਖੇਤੀਬਾੜੀ ਕਾਲਜ ਲੁਧਿਆਣਾ ਵਿਚ ਕਲਰਕ ਸੀ ਜਿਸ ਕਰਕੇ ਇਸ ਕਾਲਜ ਦੀ ਫ਼ੀਸ ਘੱਟ ਹੋਣ ਬਾਰੇ ਸਾਨੂੰ ਪਤਾ ਸੀ। ਮੇਰਾ ਦਾਖ਼ਲਾ ਓਥੇ ਹੋ ਗਿਆ ਤੇ ਮੇਰੀ ਸਾਇੰਸ ਦੀ ਵਿੱਦਿਆ ਇਥੋਂ ਸ਼ੁਰੂ ਹੋਈ।

? ਤੁਸੀਂ ਜਦੋਂ ਅਮਰੀਕਾ ਵਿਚ ਪੀਐੱਚ. ਡੀ. ਕਰਨ ਆਏ ਤਾਂ ਤੁਸੀਂ ਸਿੱਖੀ ਸਰੂਪ ਵਿਚ ਸੀ? ਤੁਹਾਨੂੰ ਇਹ ਮਲੂਮ ਹੋਇਆ ਕਿ ਪੱਗ ਤੇ ਦਾਹੜੀ ਨਾਲ ਅਮਰੀਕਨ ਯੂਨੀਵਰਸਿਟੀ ਵਿਚ ਵਿਚਰਨਾ ਮੁਸ਼ਕਲ ਸੀ ਤਾਂ ਕੇਸ ਕਟਾਉਣੇ ਪਏ? ਫੇਰ ਹੁਣ ਤਾਂ ਤੁਸੀਂ ਪੱਗ ਅਤੇ ਦਾਹੜੀ ਹੀ ਵਿਚਰਦੇ ਰਹੇ ਹੋ। ਪੱਗ ਦੀ ਵਾਪਸੀ ਕਦੋਂ ਤੇ ਕਿਸ ਤਰ੍ਹਾਂ ਹੋਈ ਬਾਰੇ ਕੁਝ ਦੱਸੋ?

– ਅਮਰੀਕਨ ਯੂਨੀਵਰਸਿਟੀਆਂ ਵਿਚ ਪੱਗ ਨਾਲ ਵਿਚਰਨਾ, ਸੌਖਾ ਜਾਂ ਔਖਾ, ਤੁਹਾਡੇ ਅਤੇ ਤੁਹਾਡੇ ਹਾਲਾਤਾਂ ਤੇ ਨਿਰਭਰ ਹੁੰਦਾ ਹੈ। ਬਦਕਿਸਮਤੀ ਨਾਲ ਮੇਰਾ ਪਹਿਲਾ ਐਡਵਾਈਜ਼ਰ (ਡਾ. ਚਾਹਲ) ਮੇਰੀ ਪੱਗ-ਦਾੜ੍ਹੀ ਦਾ ਮਸਲਾ ਮੈਨੂੰ ਮਿਲਦੇ-ਸਾਰ ਹੀ ਉਠਾ ਬੈਠਾ ਜਿਸ ਨਾਲ ਮੇਰਾ ਮਨ ਖੱਟਾ ਹੋ ਗਿਆ। ਉਸਦਾ ਪਿੱਛਾ ਭਾਵੇਂ ਪੰਜਾਬੀ ਸਿੱਖ ਦਾ ਸੀ, ਡਾ. ਚਾਹਲ ਮੈਨੂੰ ਮੋਨਾ ਬਨਣ ਦੇ ਇਸ਼ਾਰੇ ਕਰ ਗਿਆ ਸੀ। ਉਸ ਵੇਲੇ ਦੇ ਮੇਰੇ ਜਮਾਤੀ ਤਾਂ ਮੇਰੀ ਪੱਗ-ਦਾੜ੍ਹੀ ਦੀ ਸਿਫਤ ਕਰਦੇ ਸਨ, ਅਤੇ ਰੱਖਣ ਲਈ ਵੀ ਪ੍ਰੇਰਦੇ ਸਨ। ਡਾ. ਚਾਹਲ ਨਾਲ ਮੇਰੇ ਸੰਬੰਧ ਕਈ ਗੱਲਾਂ ਕਰਕੇ ਹੋਰ ਵਿਗੜਦੇ ਗਏ, ਅਤੇ ਮੈਂ ਉੱਥੋਂ ਕੰਮ ਖ਼ਤਮ ਕਰਕੇ ਅਗਲੀ ਯੂਨੀਵਰਸਿਟੀ ਜਾਣ ਦੀ ਤਿਆਰੀ ਕੱਸਣ ਲੱਗਾ। ਪਹਿਲਾਂ ਡਾ. ਚਾਹਲ ਤੋਂ ਮਸਾਂ ਖਹਿੜਾ ਛੁਡਾਇਆ, ਫਿਰ ਨਵੀਂ ਜਗ੍ਹਾ ਤੇ ਪੈਰ ਟਿਕਾਉਣ ਵਕਤ ਪਗੜੀ ਦੀਆਂ ਹੋਰ ਤਕਲੀਫ਼ਾਂ ਝੱਲਣੀਆਂ ਪਈਆਂ। ਕਾਫ਼ੀ ਕੁਝ ਸੋਚ-ਵਿਚਾਰ ਕੇ ਹੀ ਮੈਂ ਇਸ ਨਤੀਜੇ ਤੇ ਪਹੁੰਚਿਆ ਕਿ ਉਸ ਵੇਲੇ ਸਭ ਤੋਂ ਵੱਧ ਧਿਆਨ ਮੇਰਾ ਪੀਐੱਚ. ਡੀ. ਦੀ ਪੜ੍ਹਾਈ ਮੰਗ ਰਹੀ ਸੀ। ਭਾਵੇਂ ਮੈਂ ਕਦੇ ਵੀ ਅੰਮ੍ਰਿਤਧਾਰੀ ਸਿੱਖ ਨਹੀਂ ਹੋਇਆ, ਫਿਰ ਵੀ ਮੇਰੇ ਲਈ ਕੇਸ ਕਟਾਉਣੇ ਬਹੁਤ ਦੁਖਦਾਈ ਹੋਏ ਸਨ। ਜੇਕਰ ਤੁਹਾਡੀ ਹੋਰ ਦਿਲਚਸਪੀ ਹੈ ਤਾਂ, ਪੱਗ ਅਤੇ ਕੇਸਾਂ ਦਾ ਵੱਖ ਹੋਣਾ ਮੇਰੀ ਪਹਿਲੀ ਕਿਤਾਬ ਵਿਚ ਵਿਸਥਾਰ ਨਾਲ਼ ਲਿਖਿਆ ਹੋਇਆ ਹੈ ਤੁਸੀਂ ਪੜ੍ਹ ਸਕਦੇ ਹੋ। ‘‘(ਇਨ ਸਰਚ ਆਫ਼ ਪਾਥਵੇਜ-ਦੀ ਮੇਕਿੰਗ ਐਂਡ ਬਰੇਕਿੰਗ ਆਫ਼ ਏ ਸਾਇੰਟਿਸ ਇਨ ਦੀ ਮੌਡਰਨ ਵਲਡ: ‘ਏ ਮੈਮੋਇਰ’ 2015)’’ (।n Search of Pathways – The Making and Breaking of a Scientist in the Modern World: A Memoir (2015)

? ਬਹੁਤੇ ਲੋਕਾਂ ਦਾ ਵਿਚਾਰ ਇਹ ਹੈ ਕਿ ਸਾਇੰਸ ਦੇ ਸਬਜੈਕਟ ਮਾਂ ਬੋਲੀ ਪੰਜਾਬੀ ਵਿਚ ਵੀ ਪੜ੍ਹਾਏ ਜਾ ਸਕਦੇ ਹਨ ਪਰ ਬਹੁਤ ਸਾਰੇ ਲੋਕਾਂ ਦਾ ਵਿਚਾਰ ਹੈ ਕਿ ਸਾਇੰਸ ਇੰਗਲਿਸ਼ ਵਿਚ ਹੀ ਪੜ੍ਹੀ ਪੜਾਈ ਜਾ ਸਕਦੀ ਹੈ। ਉਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਪੰਜਾਬੀ ਵਿਚ ਇਹ ਸ਼ਬਦਾਵਲੀ ਸੌਖੀ ਨਹੀਂ। ਤੁਹਾਡਾ ਇਹਦੇ ਬਾਰੇ ਕੀ ਕਹਿਣਾ ਹੈ?

– ਸਾਇੰਸ ਦੇ ਸਬਜੈਕਟ ਦੁਨੀਆਂ ਵਿਚ ਕਈ ਮਾਂ ਬੋਲੀਆਂ ਵਿਚ ਪੜ੍ਹਾਏ ਜਾਂਦੇ ਹਨ, ਇਸ ਲਈ ਪੰਜਾਬੀ ਵਿਚ ਵੀ ਪੜ੍ਹਾਏ ਤਾਂ ਜਾ ਸਕਦੇ ਹਨ। ਪਰ ਪੰਜਾਬੀਆਂ ਲਈ ਉੱਚ-ਵਿੱਦਿਆ ਇੰਗਲਿਸ਼ ਵਿਚ ਹੀ ਪੜ੍ਹੀ ਪੜ੍ਹਾਈ ਜਾ ਸਕਦੀ ਹੈ ਕਿਉਂਕਿ ਪੰਜਾਬੀ ਦੀ ਪੜ੍ਹਾਈ ਦਾ ਮਿਆਰ ਤਾਂ ਨਿਘਰਦਾ ਜਾ ਰਿਹਾ ਹੈ। ਉਨ੍ਹਾਂ ਲੋਕਾਂ ਦਾ ਕਹਿਣਾ ਵੀ ਠੀਕ ਹੈ ਕਿ ਪੰਜਾਬੀ ਵਿਚ ਸਾਇੰਸ ਦੀ ਸ਼ਬਦਾਵਲੀ ਸੌਖੀ ਨਹੀਂ।

? ਤੁਸੀਂ ਪੰਜਾਬ ਤੋਂ ਐੱਮ. ਐੱਸਸੀ. ਬਾਇਓ-ਕਮਿਸਰਟੀ ਕਰਕੇ ਪੀਐੱਚ. ਡੀ. ਕਰਨ ਲਈ ਅਮਰੀਕਨ ਯੂਨੀਵਰਸਿਟੀ ਵੱਲੋਂ ਵਜ਼ੀਫ਼ਾ ਪ੍ਰਾਪਤ ਕੀਤਾ। ਉਸ ਸਮੇਂ ਦੀਆਂ ਕੋਈ ਯਾਦਾਂ? ਅਮਰੀਕਾ ਆ ਕੇ ਪਹਿਲਾਂ ਪਹਿਲ ਕੁਝ ਮੁਸ਼ਕਲਾਂ ਵੀ ਆਈਆਂ ਹੋਣਗੀਆਂ, ਉਨ੍ਹਾਂ ਬਾਰੇ ਕੁਝ ਦੱਸੋ ਉਹ ਸਮਾਂ ਕਿਹੋ ਜਿਹਾ ਰਿਹਾ?

– ਸਤਨਾਮ ਜੀ, ਦਸਵੀਂ ਪਾਸ ਕਰਕੇ ਜਦ ਮੈਂ ਲੁਧਿਆਣੇ ਪੜ੍ਹਨ ਲੱਗਿਆ ਮੇਰੀਆਂ ਮੁਸ਼ਕਲਾਂ ਤਾਂ ਉਸੇ ਵੇਲੇ ਵਧ ਗਈਆਂ ਸਨ, ਭਾਵੇਂ ਨਾਲ-ਦੀ-ਨਾਲ ਹੱਲ ਵੀ ਹੁੰਦੀਆਂ ਗਈਆਂ। ਪਰ ਐੱਮ.ਐੱਸਸੀ. ਦਰਮਿਆਨ ਮੇਰਾ ਹਾਲ ਕੁਝ ਦੇਰ ਲਈ ਕਾਫ਼ੀ ਮਾੜਾ ਰਿਹਾ। ਗੱਲ ਇਸ ਤਰ੍ਹਾਂ ਹੋਈ ਕਿ ਲੁਧਿਆਣੇ ਖੇਤੀਬਾੜੀ ਯੂਨੀਵਰਸਿਟੀ ਵਿਚ ਪਹਿਲਾਂ ਪੜ੍ਹਾ ਰਹੇ ਅਧਿਆਪਕਾਂ ਨੇ ਮੇਰੇ ਪਹਿਲੇ ਅਧਿਆਪਕ ਦੇ ਉੱਥੇ ਪੈਰ ਨਾ ਲੱਗਣ ਦਿੱਤੇ, ਉਹ ਕਨੇਡਾ ਚਲਾ ਗਿਆ, ਦੂਜੇ ਨਾਲ ਸੰਪਰਕ ਦੀ ਕਮੀਂ ਰਹੀ, ਆਖ਼ਰ ਤੀਜੇ ਨਾਲ ਮੈਂ ਐੱਮ. ਐੱਸਸੀ. ਕੀਤੀ ਜਿਸਨੂੰ ਮੇਰੇ ਤੋਂ ਕੁਝ ਹੋਰ ਵੀ ਆਸਾਂ ਸਨ। ਤਦ ਤੱਕ ਮੈਂ ਲੁਧਿਆਣੇ ਤੋਂ ਕਿਤੇ ਹੋਰ ਜਗ੍ਹਾ ਪੜ੍ਹਨ ਦਾ ਮਨ ਬਣਾ ਲਿਆ ਸੀ। ਕੁਝ ਅਰਜ਼ੀਆਂ ਮੈਂ ਅਮਰੀਕਾ ਨੂੰ ਵੀ ਭੇਜੀਆਂ। ਦੋ ਅਰਜ਼ੀਆਂ ਮੈਂ ਇੰਡੀਆ ਵੀ ਘੱਲੀਆਂ ਜਿਸ ਵਿਚ ਬੰਗਲੌਰ ਅਤੇ ਪੂਨਾ ਸ਼ਾਮਿਲ ਸਨ। ਅਮਰੀਕਾ ਤੋਂ ਵਜ਼ੀਫ਼ੇ ਨਾਲ ਸੱਦਾ ਪਹਿਲਾਂ ਆ ਗਿਆ, ਮੈਂ ਬਹੁਤੀ ਉੱਡੀਕ ਕੀਤੇ ਬਿਨਾਂ ਛੇਤੀ ਮਨ ਬਣਾ ਲਿਆ। ਪੜ੍ਹਾਈ ਲਈ ਵਜ਼ੀਫ਼ਾ ਮੇਰੇ ਬਾਹਰ ਆਉਣ ਲਈ ਸਹਾਇਕ ਤਾਂ ਰਿਹਾ। ਪਰ, ਮੁਸ਼ਕਲਾਂ ਵੀ ਨਾਲ਼ ਨਾਲ ਆਉਂਦੀਆਂ ਗਈਆਂ। ਸਭ ਤੋਂ ਪਹਿਲੀ ਮੁਸ਼ਕਲ ਪੱਗ ਕੇਸਾਂ ਦੀ ਆਈ, ਜਦੋਂ ਮੈਨੂੰ ਮਿਲਣ ਆਏ ਆਪਣੇ ਹੀ ਪਹਿਲੇ ਬੰਦੇ ਨੇ ਸਵਾਲ ਕੀਤਾ, “ਤੂੰ ਪੱਗ-ਦਾਹੜੀ ਦਾ ਕੀ ਕਰੇਂਗਾ?” ਉਸ ਵੇਲੇ ਮੇਰੇ ਕੋਲ਼ ਸਹੀ ਉੱਤਰ ਦੇਣ ਦੀ ਨਾ ਹੀ ਵਿੱਦਿਆ ਸੀ, ਨਾ ਹੀ ਗੁੰਜਾਇਸ਼ ਇਹ ਮੇਰੇ ਲਈ ਪੁਆੜਾ ਪੈਦਾ ਹੋ ਗਿਆ। ਜਿਸਦਾ ਹੱਲ ਉਦੋਂ ਹੋਇਆ ਜਦੋਂ ਮੈਂ ਵਿਦਿਆਲਾ ਬਦਲਕੇ ਨਵੀਂ ਯੂਨੀਵਰਸਿਟੀ ਵਿਚ ਪੀਐੱਚ. ਡੀ. ਕਰਨੀ ਸ਼ੁਰੂ ਕੀਤੀ।

? ਘਣਗਸ ਜੀ, ਤੁਹਡੇ ਕੋਲ ਅਮਰੀਕਨ ਯੂਨੀਵਰਸਿਟੀਆਂ ਵਿਚ ਪੜ੍ਹਨ ਦਾ ਤੇ ਨਾਲ ਹੀ ਪੜ੍ਹਾਉਂਣ ਦਾ ਵੀ ਤਜਰਬਾ ਹੈ। ਕ੍ਰਿਪਾ ਕਰਕੇ ਭਾਰਤੀ ਯੂਨੀਵਰਸਿਟੀਆਂ ਅਤੇ ਅਮਰੀਕਨ ਯੂਨੀਵਰਸਿਟੀਆਂ ਵਿਚ ਕੀ ਫ਼ਰਕ ਮਹਿਸੂਸ ਕਰਦੇ ਹੋ? ਤੁਹਾਡੇ ਵਿਚਾਰ ਨਾਲ ਕੀ ਇੰਡੀਆ ਵਿਚ ਕੋਈ ਯੂਨੀਵਰਸਿਟੀ ਅਮਰੀਕਨ ਯੂਨੀਵਰਸਿਟੀ ਦਾ ਮੁਕਾਬਲਾ ਕਰਦੀ ਨਜ਼ਰ ਆਉਂਦੀ ਹੈ?

-ਅਮਰੀਕਾ ਇਕ ਵਿਕਸਤ (ਅੱਗੇ ਵਧਿਆ) ਦੇਸ਼ ਹੈ, ਜਿਸਦੀ ਤਰੱਕੀ ਵਿਚ ਅਮਰੀਕਾ ਦੀਆਂ ਯੂਨੀਵਰਸਿਟੀਆਂ ਨਵੀਆਂ ਖੋਜਾਂ ਕਰ ਕਰ ਅਮਰੀਕਾ ਨੂੰ ਅਗਲੀ ਕਤਾਰ ਵਿਚ ਰੱਖਦੀਆਂ ਹਨ। ਅਮਰੀਕਨ ਯੂਨੀਵਰਸਿਟੀਆਂ ਦਾ ਭਾਰਤੀ ਯੂਨੀਵਰਸਿਟੀਆਂ ਨਾਲ ਮੁਕਾਬਲਾ ਕਰਨਾ ਸੁਚੱਜੀ ਗੱਲ ਨਹੀਂ। ਅਮਰੀਕਨ ਯੂਨੀਵਰਸਿਟੀਆਂ ਦਾ ਪੱਧਰ ਵੀ ਉੱਚਾ ਹੈ। ਚੋਣ ਕਰਨ ਲਈ ਵਿਦਿਆਲਿਆਂ ਦੀ ਗਿਣਤੀ ਵੀ ਜ਼ਿਆਦਾ ਹੈ। ਫਿਰ ਵੀ ਕਈ ਮਜ਼ਮੂਨਾਂ ਵਿਚ ਉੱਚ ਵਿੱਦਿਆ ਲਈ ਭਾਰਤ ਦੇ ਕਈ ਵਿਦਿਆਲੇ ਵੀ ਬਹੁਤ ਮਸ਼ਹੂਰ ਹਨ। ਇਨ੍ਹਾਂ ਵਿਚ ਇੰਡੀਅਨ ਇਨਸਟੀਚਿਊਟ ਆਫ਼ ਸਾਇੰਸ, ਬੰਗਲੌਰ, ਨੈਸ਼ਨਲ ਕੈਮੀਕਲ ਲੈਬੋਰਟਰੀ, ਪੂਨਾ ਵੀ ਸ਼ਾਮਿਲ ਹਨ ਜਿੱਥੇ ਸਿਖਰ ਦਾ ਕੰਮ ਹੁੰਦਾ ਰਿਹਾ ਹੈ। ਪਰ ਉੱਚ ਵਿੱਦਿਆ ਲਈ ਵਿਦਿਆਰਥੀ ਦਾ ਅਪਣਾ ਹਠ ਵੀ ਸਭ ਤੋਂ ਵੱਧ ਜ਼ਰੂਰੀ ਹੁੰਦਾ ਹੈ। ਤੇ ਜੀਹਨੂੰ ਅਧਿਆਪਕ ਚੰਗੇ ਮਿਲ ਜਾਣ ਉਸਤੇ ਰੱਬ ਦੀ ਕਿਰਪਾ ਹੋਈ ਸਮਝੋ ਅਤੇ ਫਿਰ ਨਤੀਜੇ ਠੀਕ ਹੀ ਨਿਕਲਦੇ ਹਨ। ਤੁਸੀਂ ਦੇਖ ਵੀ ਸਕਦੇ ਹੋ ਕਿ ਭਾਰਤ ਵਿਚ ਪੜ੍ਹੇ ਕਈ ਲੋਕ ਅਮਰੀਕਨ ਯੂਨੀਵਰਸਿਟੀਆਂ ਵਿਚ ਪ੍ਰੋਫੈਸਰ ਲੱਗੇ ਹੋਏ ਹਨ। ਸੋ ਕਿਹਾ ਜਾ ਸਕਦਾ ਹੈ ਕੁਝ ਵਿਦਿਆਲੇ ਅਮਰੀਕਨ ਯੂਨੀਵਰਸਿਟੀਆਂ ਨਾਲ ਵਰ ਮੇਚਦੇ ਹਨ।

? ਇਥੇ ਇਕ ਗੱਲ ਮੇਰੇ ਮਨ ਵਿਚ ਆਉਂਦੀ ਹੈ ਕਿ ਤੁਹਾਡੇ ਵਾਂਗ ਪੰਜਾਬ, ਇੰਡੀਆ ਤੋਂ ਬਹੁਤ ਸਾਰੇ ਵਿਗਿਆਨੀ, ਇੰਜਨੀਅਰ ਅਤੇ ਡਾਕਟਰ ਖ਼ਾਸ ਕਰ ਕੰਪਿਊਟਰ ਇੰਨਜੀਨੀਅਰ ਅਮਰੀਕਾ ਕੈਨੇਡਾ ਜਾਂ ਦੂਸਰੇ ਦੇਸ਼ਾਂ ਵਿਚ ਜਾ ਰਹੇ ਹਨ। ਕੀ ਆਪਣੇ ਦੇਸ਼ ਵਿਚ ਇਨ੍ਹਾਂ ਕਿੱਤਿਆਂ ਦੀ ਲੋੜ ਨਹੀਂ ਜਾਂ ਫੇਰ ਲੋਕਾਂ ਨੂੰ ਆਪਣਾ ਭਵਿੱਖ ਨਜ਼ਰ ਨਹੀਂ ਆ ਰਿਹਾ। ਤੁਸੀਂ ਕੀ ਕਾਰਨ ਸਮਝਦੇ ਹੋ?

-ਇਹ ਤੁਹਾਡਾ ਸਵਾਲ ਵਿਸਥਾਰਕ ਜਵਾਬ ਮੰਗਦਾ ਹੈ। ਪਰ ਮੈਂ ਸੰਖੇਪ ਵਿਚ ਕਹਾਂਗਾ ਕਿ ਕੁਝ ਲੋਕ ਬਾਹਰਲੇ ਮੁਲਕਾਂ ਨੂੰ ਪੜ੍ਹਨ ਲਈ ਆਉਂਦੇ ਹਨ। ਕਈਆਂ ਲਈ ਵਾਪਸ ਜਾ ਕੇ ਹਿੱਸਾ ਪਾਉਣ ਵਿਚ ਖੁਸ਼ੀ ਰਹਿੰਦੀ ਹੈ। ਕਈਆਂ ਨੂੰ ਵਾਪਿਸ ਜਾ ਕੇ ਕੋਈ ਨੌਕਰੀ ਠੀਕ ਨਹੀਂ ਲਗਦੀ। ਕਈ ਨੌਕਰੀ ਦੇ ਕਾਬਲ ਨਹੀਂ ਹੁੰਦੇ, ਅਤੇ ਬਹਾਨੇ ਘੜਦੇ ਰਹਿੰਦੇ ਹਨ। ਹਰ ਇਕ ਦਾ ਅਪਣਾ ਅਲਾਪ ਹੈ। ਮੈਂ ਅਪਣੀ ਗੱਲ ਕਰਾਂ ਤਾਂ ਜੇਕਰ ਮੈਨੂੰ ਮੇਰੀ ਪਸੰਦ ਦੀ ਨੌਕਰੀ ਮਿਲ ਗਈ ਹੁੰਦੀ, ਮੈਂ ਓਥੇ ਜ਼ਿਆਦਾ ਖੁਸ਼ ਰਹਿਣਾ ਸੀ। ਮੈਂ ਹੁਣ ਵੀ ਖੁਸ਼ ਹਾਂ ਕਿਉਂਕਿ ਮੇਰਾ ਪਰਿਵਾਰ ਇਥੇ ਪੈਰ ਜਮਾ ਗਿਆ ਹੈ। ਪੱਕੀ ਉਮਰ ਵਿਚ ਮੇਰੇ ਲਈ ਹੋਰ ਸਹੂਲਤਾਂ ਦੇ ਨਾਲ਼ ਨਾਲ਼ ਡਾਕਟਰੀ ਦੇਖ-ਭਾਲ਼ ਵੀ ਏਥੇ ਬਹੁਤ ਚੰਗੀ ਹੈ।

? ਭਾਰਤ ਅਤੇ ਖ਼ਾਸ ਕਰਕੇ ਪੰਜਾਬ ਦਾ ਵਿੱਦਿਅਕ ਢਾਂਚੇ ਨੂੰ ਤੁਸੀਂ ਕਿਸ ਤਰ੍ਹਾਂ ਦੇਖ ਰਹੇ ਹੋ। ਆਪਣੇ ਦੇਸ਼ ਵਿਚ ਬਾਹਰਲੇ ਦੇਸ਼ਾਂ ਦੀ ਤਰ੍ਹਾਂ ਵਿੱਦਿਆ ਪ੍ਰਾਪਤੀ ਤੋਂ ਬਾਅਦ ਲੋਕਾਂ ਨੂੰ ਰੋਜ਼ਗਾਰ ਦੇ ਮੌਕੇ ਕਿਉਂ ਨਹੀਂ ਮਿਲਦੇ? ਯੂਨੀਵਰਸਿਟੀਆਂ ਵਿਚ ਅਧਿਆਪਕਾਂ ਦੀ ਘਾਟ ਨਾਲ ਸਮੱਸਿਆ ਖੜੀ ਹੋ ਗਈ ਹੈ। ਦੂਜੇ ਪਾਸੇ ਪੀਐੱਚ. ਡੀ. ਵਾਲੇ ਬੇਰੁਜ਼ਗਾਰ ਹਨ। ਅੱਜ ਮਮੂਲੀ ਜਿਹੀ ਸੈਲਰੀ ਤੇ ਕੰਮ ਕਰਨ ਲਈ ਮਜਬੂਰ ਹਨ?

– ਜੋ ਕੁਝ ਤੁਸੀਂ ਦੇਖ ਸੁਣ ਰਹੇ ਹੋ, ਮੈਂ ਵੀ ਇਹੀ ਦੇਖਦਾ ਸੁਣਦਾ ਹਾਂ। ਸਮੇਂ ਬਦਲ ਗਏ ਹਨ ਅਤੇ ਹੋਰ ਵੀ ਬਦਲ ਰਹੇ ਹਨ। ਸਾਡੇ ਵਡਾਰੂਆਂ ਦੀਆਂ ਮੁਸ਼ਕਲਾਂ ਦਾ ਹੱਲ ਗੁਲਾਮੀ ਕਰਕੇ ਹੋ ਨਹੀਂ ਸਕਿਆ। ਸੁਚੱਜੀ ਪੜ੍ਹਾਈ ਦੀ ਘਾਟ ਰਹੀ ਹੈ। ਅੱਜ ਦੀਆਂ ਡੰਗ-ਟਪਾਊ ਸਰਕਾਰਾਂ ਦੇ ਵਸ ਦਾ ਰੋਗ ਨਹੀਂ ਜਾਪਦਾ। ਇਹ ਮਸਲਾ ਇਤਨਾ ਵੱਡਾ ਤੇ ਗੁੰਝਲਦਾਰ ਹੈ ਕਿ ਇਸਦੇ ਹੱਲ ਲਈ ਸਿਆਣੇ ਲੋਕਾਂ ਨੂੰ ਵੱਧ ਰਹੀ ਅਬਾਦੀ, ਅਨਪੜ੍ਹਤਾ, ਧਰਮਾਂ ਦੀ ਦੁਰਵਰਤੋਂ ਨੂੰ ਰੋਕਣਾ ਪਵੇਗਾ। ਸਿਰਫ ਇਕ ਦੋ ਲੀਡਰਾਂ ਨਾਲ ਕੰਮ ਨਹੀਂ ਸਰਨਾ, ਦੁਨੀਆ ਦੀ ਸੋਚ ਬਦਲਣੀ ਪਵੇਗੀ।

? ਫੇਰ ਤੁਹਾਡਾ ਖ਼ਿਆਲ ਹੈ ਕਿ ਵਿੱਦਿਆ ਪ੍ਰਾਈਵੇਟ ਅਦਾਰੇ ਪ੍ਰਦਾਨ ਕਰਨ? ਅੱਜ ਕੱਲ੍ਹ ਤਾਂ ਵਿੱਦਿਆ ਕੇਂਦਰ ਵਿਉਪਾਰ ਦੇ ਕੇਂਦਰ ਬਣ ਗਏ ਗ਼ਰੀਬ ਕਿਸਾਨ ਜਾਂ ਮਜ਼ਦੂਰ ਦਾ ਬੱਚਾ ਏਨੀ ਮਹਿੰਗੀ ਵਿੱਦਿਆ ਕਿਵੇਂ ਹਾਸਲ ਕਰੇ? ਕੋਈ ਸਲਾਹ ਮਸ਼ਵਰਾ ਭਾਰਤੀ ਜਾਂ ਪੰਜਾਬ ਦੀਆਂ ਸਰਕਾਰਾਂ ਜਾਂ ਲੋਕਾਂ ਨੂੰ ਦੇਣਾ ਚਾਹੋਗੇ?

– ਭਾਈ ਸਾਹਿਬ, ਤੁਸੀਂ ਠੀਕ ਹੀ ਕਿਹਾ ਹੈ। ਬੱਚਿਆਂ ਨੂੰ ਸਿੱਧੇ ਰਸਤੇ ਪਾਉਣ ਤੋਂ ਬਿਨਾਂ ਬੱਚੇ ਦੀ, ਟੱਬਰ ਦੀ, ਪਿੰਡ ਦੀ, ਮੁਲਕ ਦੀ, ਅਤੇ ਦੁਨੀਆ ਦੀ ਭਲਾਈ ਨਹੀਂ ਹੋ ਸਕਦੀ-ਦੁਨੀਆ ਵਿੱਚ ਘਸਮਾਣ ਪੈਂਦੇ ਰਹਿਣਗੇ। ਹਰ ਇਨਸਾਨ ਦਾ ਫ਼ਰਜ਼ ਹੈ ਕਿ ਇਸ ਬਾਰੇ ਸੋਚੇ ਅਤੇ ਅਪਣਾ ਹਿੱਸਾ ਪਾਵੇ। ਵਧ ਰਹੀ ਆਬਾਦੀ, ਬਾਲ-ਮਜ਼ਦੂਰੀ, ਹੰਕਾਰੀ ਜੰਗ, ਹਵਾ-ਪਾਣੀ ਦਾ ਪਰਦੂਸ਼ਣ ਸਾਨੂੰ ਓਥੇ ਲੈ ਆਇਆ ਹੈ ਜੋ ਸਾਡੇ ਗੁਰੂ ਪੀਰਾਂ ਦੀ ਬਾਣੀ ਨਾਲ਼ ਮੇਚ ਨਹੀਂ ਖਾਂਦਾ। ਨਿੱਜੀ ਤੌਰ ਤੇ ਹਰ ਬੰਦੇ ਨੂੰ ਰੋਜ਼ਾਨਾ ਕੰਮਾਂ ਵਿਚ ਹੱਥ ਵਟਾਉਣਾ ਚਾਹੀਦਾ ਹੈ। ਜੇ ਨੌਕਰੀ ਨਹੀਂ ਮਿਲ ਰਹੀ, ਤਾਂ ਕੁਝ ਨ ਕੁਝ ਸਿੱਖਦੇ ਰਹਿਣਾ ਚਾਹੀਦਾ ਹੈ।

? ਸਾਇੰਸ ਅਤੇ ਮੈਥ ਦੇ ਵਿੱਦਿਆਰਥੀਆਂ ਬਾਰੇ ਮਿੱਥ ਹੈ ਕਿ ਇਨ੍ਹਾਂ ਦੀ ਸਾਹਿਤ ਵਿਚ ਬਹੁਤੀ ਰੁਚੀ ਨਹੀਂ ਹੁੰਦੀ ਪਰ ਤੁਹਾਡਾ ਸਾਹਿਤ ਨਾਲ ਲਗਾਉ ਕਿਸ ਤਰ੍ਹਾਂ? ਇਕੱਲਾ ਸਾਹਿਤ ਹੀ ਨਹੀਂ ਮੈਨੂੰ ਪਤਾ ਲੱਗਾ ਕਿ ਸੰਗੀਤ ਵਿਚ ਵੀ ਕਾਫ਼ੀ ਦਿਲਚਸਪੀ ਰੱਖਦੇ ਹੋ। ਵਾਰਤਕ ਦੇ ਨਾਲ਼ ਨਾਲ਼ ਕਵਿਤਾ ਵੀ ਲਿਖਦੇ ਹੋ। ਬਹੁਤ ਸਾਰੇ ਹੋਰ ਸਾਜ ਵੀ ਵਜਾ ਲੈਂਦੇ ਹੋ ਇਨ੍ਹਾਂ ਸ਼ੌਂਕਾਂ ਬਾਰੇ ਵੀ ਕੁਝ ਦੱਸੋ?

– ਇਹ ਮਿੱਥ ਬਿਲਕੁਲ ਗ਼ਲ਼ਤ ਹੈ। ਜੋ ਵੀ ਕਿਸੇ ਦਾ ਸ਼ੌਕ ਹੋਵੇ, ਉਸਨੂੰ ਸ਼ੁਰੂ ਕਰਕੇ ਅਜਮਾ ਲੈਣਾ ਚਾਹੀਦਾ ਹੈ। ਜੇ ਕਿਸੇ ਸੁਹਿਰਦ ਅਧਿਆਪਕ ਨਾਲ ਸੰਪਰਕ ਪੈਦਾ ਹੋ ਜਾਵੇ ਤਾਂ ਸੋਨੇ ਤੇ ਸੁਹਾਗਾ ਹੈ। ਪਰ ਬਹੁਤਾ ਛੇਤੀ ਸਿੱਖਣ ਦੀ ਆਸ ਨਹੀਂ ਰੱਖਣੀ ਚਾਹੀਦੀ, ਇਸ ਨਾਲ ਨਿਰਾਸਤਾ ਮਿਲ ਸਕਦੀ ਹੈ।

? ਇਕ ਖੋਜੀ ਵਿਗਿਆਨੀ ਦੇ ਅੰਦਰ ਸੁਤਾ ਪਿਆ ਕਵੀ ਕਦੋਂ ਜਾਗ ਪਿਆ? ਆਮ ਤੌਰ ਤੇ ਜੁਆਨੀ ਵਿਚ ਤਾਂ ਹਰ ਵਿਅਕਤੀ ਸ਼ਾਇਰ ਹੁੰਦਾ। ਕਵਿਤਾ ਕਹਾਣੀ ਸਿਰਜਣ ਦੀ ਕੋਸ਼ਿਸ਼ ਕਰਦਾ ਪਰ ਤੁਹਾਡੇ ਅੰਦਰਲਾ ਸ਼ਾਇਰ ਮੈਨੂੰ ਲਗਦਾ ਕਿ ਸੱਠਵਿਆਂ ਤੋਂ ਬਾਅਦ ਹੀ ਜਾਗਿਆ। ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਕਿਉਂ ਕਿ ਇਕ ਕਾਵਿ-ਸੰਗ੍ਰਹਿ ਦਾ ਨਾਂ ਵੀ ਸੱਠ ਤੋਂ ਬਾਅਦ ਹੈ? ਆਪਣੇ ਵਿਗਿਆਨ ਦੇ ਕੰਮਾਂ ਵਿਚ ਕਵਿਤਾ ਦੀ ਸਿਰਜਣਾ ਲਈ ਸਮਾਂ ਕਿਵੇਂ?

– ਤੁਸੀਂ ਠੀਕ ਕਿਹਾ ਕਿ ਮੇਰੇ ਵਿਗਿਆਨ ਦੇ ਕੰਮਾਂ ਵਿਚ ਕਵਿਤਾ ਲਈ ਸਮੇਂ ਦੀ ਗੁੰਜਾਇਸ਼ ਨਹੀਂ ਸੀ। ਜੇਕਰ ਮੈਂ ਬੀਮਾਰ ਨਾ ਹੁੰਦਾ, ਕਵਿਤਾ ਲਿਖਣ ਲਈ ਤਿਆਰ ਨਾ ਹੁੰਦਾ। ਪ੍ਰੋਫੈਸਰ ਮੋਹਨ ਸਿੰਘ ਦੀਆਂ ਸਤਰਾਂ ਵੀ ਪੜ੍ਹੋ:“ਕਿੰਝ ਬਣਦਾ ਤੂੰ ਸ਼ਾਇਰ ਜੇ ਮੈਂ ਨਾ ਮਰਦੀ?”

? ਇਸੇ ਸਵਾਲ ਦਾ ਦੂਜਾ ਹਿਸਾ ਹੈ ਕਿ ਤੁਸੀਂ ਪੰਜ ਕਾਵਿ-ਸੰਗ੍ਰਹਿ ਪੰਜਾਬੀ ਬੋਲੀ ਦੀ ਝੋਲ਼ੀ ਪਾਏ ਹਨ। ਮੈਂ ਤੁਹਾਡੀਆਂ ਸਾਰੀਆਂ ਪੁਸਤਕਾਂ ਤਾਂ ਨਹੀਂ ਪੜ੍ਹ ਸਕਿਆ ਪਰ ਜਿਹੜੀਆਂ ਕਿਤਾਬਾਂ ਮੈਨੂੰ ਪੜ੍ਹਨ ਦਾ ਮੌਕਾ ਮਿਲਿਆ। ਮੈਂ ਦੇਖਿਆ ਕਿ ਆਮ ਤੌਰ ਤੇ ਬਹੁਤੇ ਸ਼ਾਇਰ ਕਵਿਤਾ ਦੀ ਇਕ ਵੰਨਗੀ ਹੀ ਲਿਖਦੇ ਉਸ ਵਿਚ ਜਿਵੇਂ ਕਹਿ ਲਓ ਗ਼ਜ਼ਲ ਜਾਂ ਗੀਤ ਪਰ ਤੁਸੀਂ ਇਕ ਕਾਵਿ ਸੰਗ੍ਰਹਿ ‘ਸੱਤਰ ਦੇ ਲਾਗ’ ਵਿਚ ਤੁਹਾਡੀ ਇਸ ਕਾਵਿ ਸਿਰਜਣਾ ਕਈ ਰੰਗਾਂ ਵਿਚ ਨਜ਼ਰ ਆਈ ਹੈ (ਗ਼ਜ਼ਲਾਂ, ਕਵਿਤਾਵਾਂ, ਗੀਤ ਅਤੇ ਢਾਡੀ ਰਾਗ ਦੀਆਂ ਵੰਨਗੀਆਂ ਵੀ ਜਿਵੇਂ ਕਲੀ, ਰਸਾਲੂ, ਪੂਰਨ, ਮਿਰਜ਼ਾ ਅਤੇ ਵਾਰਾਂ) ਇਹ ਇਕ ਕਾਵਿ ਗੁਲਦਸਤਾ ਪੇਸ਼ ਕਰਨ ਦਾ ਸਬੱਬ ਕਿਵੇਂ ਬਣਿਆ ?

– ਗ਼ਜ਼ਲਾਂ, ਕਵਿਤਾਵਾਂ, ਗੀਤਾਂ ਅਤੇ ਢਾਡੀ ਰੰਗਾਂ ਇਤ-ਆਦਿ ਮੈਂ ਬਚਪਨ ਤੋਂ ਸੁਣਦਾ ਆਇਆ ਹਾਂ, ਲਿਖਣ ਦਾ ਮੌਕਾ ਮੈਨੂੰ ਸੱਠ ਸਾਲ ਦੀ ਉਮਰ ਤੋਂ ਬਾਅਦ ਮਿਲਿਆ। ਸੱਚੀ ਗੱਲ ਇਹ ਹੈ ਕਿ ਉਦੋਂ ਤੱਕ ਮੈਂ ਬਹੁਤ ਪੰਜਾਬੀ ਭੁੱਲ ਚੁੱਕਿਆ ਸੀ। ਹੌਲ਼ੀ ਹੌਲ਼ੀ ਪੁਰਾਣਾ ਸਾਹਿਤ ਫੇਰ ਪੜ੍ਹਨਾ ਸ਼ੁਰੂ ਕੀਤਾ। ਪੁਰਾਣਾ ਸਾਹਿਤ ਪੜ੍ਹਨ ਦੀ ਮਹੱਤਤਾ ਮੈਂ ਇਕ ਸਾਇੰਸ ਅਧਿਆਪਕ ਤੋਂ ਸਿੱਖੀ ਸੀ। ਜਦ ਮੈਂ ਇੰਡੀਆ ਜਾਂਦਾ ਤਾਂ ਉਧਰਲੇ ਲਿਖਾਰੀਆਂ/ ਸਾਹਿਤਕਾਰਾਂ ਨੂੰ ਮਿਲਦਾ ਰਿਹਾ ਅਤੇ ਮੀਟਿੰਗਾਂ ਵਿਚ ਵੀ ਜਾਂਦਾ ਰਿਹਾ। ਜਿਸ ਤਰ੍ਹਾਂ ‘ਖ਼ਰਬੂਜੇ ਨੂੰ ਦੇਖ ਖ਼ਰਬੂਜਾ ਰੰਗ ਪਕੜਦਾ ਹੈ’। ਇਹ ਮੁਹਾਵਰਾ ਵੀ ਸੱਚ ਦਾ ਨਿਚੋੜ ਹੈ।

? ਇਨ੍ਹਾਂ ਕਵਿਤਾਵਾਂ ਵਿਚ ਜਿਥੇ ਪੰਜਾਬੀ ਸਭਿਆਚਾਰ ਦੀਆਂ ਖ਼ੂਬੀਆਂ ਅਤੇ ਘਾਟਾਂ ਤੇ ਵਿਅੰਗ ਮਈ ਟਿੱਪਣੀ ਹੈ, ਨਾਲ ਹੀ ਪੰਜਾਬ ਦੀ ਮਿੱਟੀ ਨਾਲ ਮੋਹ ਵੀ ਝਲਕਦਾ ਹੈ, ਉੱਥੇ ਅਮਰੀਕਨ ਸਭਿਆਚਾਰ ਨੂੰ ਵੀ ਵਡਿਆਇਆ ਹੈ ਭਾਵੇਂ ਨਾਲ ਦੀ ਨਾਲ ਉਸਦੀ ਬਾਕੀ ਮੁਲਕਾਂ ਤੇ ਥਾਣੇਦਾਰੀ ਰੋਹਬ ਅਤੇ ਸੁਆਰਥੀ ਹੋਣ ਦੀ ਨਿੰਦਾ ਵੀ ਹੈ? ਤੁਸੀਂ ਇਹ ਸਮਤੋਲ ਕਿਵੇਂ ਕਾਇਮ ਰਖਿਆ?

– ਸਮੇਂ ਦੇ ਨਾਲ਼ ਨਾਲ਼ ਕੁਝ ਸੂਝ ਵੀ ਆਉਂਦੀ ਹੈ, ਨਜ਼ਰੀਆ ਵੀ ਬਦਲਦਾ ਰਹਿੰਦਾ ਹੈ। ਜੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਅਨੁਸਾਰ ਚੱਲੀਏ ਤਾਂ ਸਾਡਾ ਫ਼ਰਜ਼ ਵੀ ਬਣਦਾ ਹੈ ਕਿ ਸੱਚ ਨੂੰ ਸੱਚ ਤੇ ਝੂਠ ਨੂੰ ਝੂਠ ਕਹਿਣ ਦੀ ਹਿੰਮਤ ਕਰਦੇ ਰਹੀਏ। ਭਾਵੇਂ ਕਈ ਵਾਰ ਇਹ ਹਿੰਮਤ ਨਿੱਜੀ ਨੁਕਸਾਨ ਵੀ ਕਰ ਜਾਂਦੀ ਹੈ। ਸਿਆਣੇ ਲੋਕ ‘ਚੁੱਪ ਭਲੀ’ ਨਾਲ਼ ਗੁਜ਼ਾਰਾ ਕਰ ਲੈਂਦੇ ਹਨ। ਅੱਜ ਕੱਲ੍ਹ ਮੈਂ ਇਕ ਨਵੀਂ ਕਵਿਤਾ ਵੀ ਸ਼ੁਰੂ ਕੀਤੀ ਹੋਈ ਹੈ: ‘ਜੇ ਕਿਤੇ ਮੈਂ ਸਿਆਣਾ ਹੁੰਦਾ’

? ਤੁਸੀਂ ਬਹੁਤ ਸਾਰੀਆਂ ਸੰਸਥਾਵਾਂ ਦੇ ਮੈਂਬਰ ਵੀ ਰਹੇ ਹੋ ਅਤੇ ਅੱਜ ਕੱਲ੍ਹ ਵੀ ਹੋ, ਕ੍ਰਿਪਾ ਕਰਕੇ ਦੱਸੋਗੇ ਕਿਹੜੀਆਂ ਕਿਹੜੀਆਂ ਸੰਸਥਾਵਾਂ ਨਾਲ ਸੰਬੰਧਤ ਰਹੇ ਹੋ?

– ਮੈਂ ਸਾਇੰਸ ਦੀਆਂ ਕਈ ਸੰਸਥਾਵਾਂ ਦਾ ਮੈਂਬਰ ਰਿਹਾ ਜੋ ਮੇਰੇ ਬਾਇਓ-ਡੈਟਾ ਵਿਚ ਦਿੱਤੀਆਂ ਹੋਈਆਂ ਹਨ। ਸਾਇੰਸ ਤੋਂ ਬਾਅਦ ਮੈਂ ਕਈ ਪੰਜਾਬੀ ਸਾਹਿਤਕ ਸੰਸਥਾਵਾਂ ਦਾ ਮੈਂਬਰ ਵੀ ਰਿਹਾ। ਨਿਊਯਾਰਕ ਸੂਬੇ ਵਿਚ ਰਹਿਣ ਸਮੇਂ ਮੈਂ ਟੋਰਾਂਟੋ ਦੀ ‘ਕਲਮਾਂ ਦਾ ਕਾਫਲਾ’ ਸੰਸਥਾ ਵਿਚ ਜਾਂਦਾ ਰਿਹਾ। 250 ਮੀਲ ਦੀ ਦੂਰੀ ਤੇ। ਸੰਨ 2010 ਵਿਚ ਅਸੀਂ ਰਿਟਾਇਰਡ ਹੋ ਕੇ ਸੈਕਰਾਮੈਂਟੋ ਦੇ ਲਾਗ ਆ ਵਸੇ। ਇੱਥੇ ਵੀ ਮੈਂ ਆਲ਼ੇ-ਦੁਆਲ਼ੇ ਕਈ ਸੰਸਥਾਵਾਂ ਵਿਚ ਹਾਜ਼ਰੀ ਭਰਦਾ ਰਿਹਾ। ਹੌਲ਼ੀ ਹੌਲ਼ੀ ਕੁਝ ਸੰਬੰਧ ਢਿੱਲੇ ਹੁੰਦੇ ਗਏ। ਹੁਣ ਮੈਂ ਕਦੇ ਕਦੇ ‘ਪੰਜਾਬੀ ਰੇਡੀਓ ਯੂ. ਐੱਸ. ਏ.’ ਤੇ ਕਵਿਤਾ ਪੜ੍ਹ ਕੇ ਭੁਸ ਪੂਰਾ ਕਰ ਲੈਂਦਾ ਹਾਂ।

? ਤੁਹਾਡਾ ਲਿਖਣ ਦਾ ਮੰਤਵ ਕੀ ਹੈ? ਕੋਈ ਸਾਹਿਤਕ ਮੰਤਵ, ਪਾਠਕ ਜਾਂ ਕੋਈ ਸਮਾਜਿਕ ਸੇਧ ਦੇਣ ਲਈ ਲਿਖਦੇ ਹੋ?

– ਕੈਂਸਰ ਤੋਂ ਬਾਅਦ ਮੇਰੀ ਸਾਇੰਸ ਦਾ ਖ਼ਾਤਮਾ ਮੇਰੇ ਲਈ ਉਦਾਸੀ-ਭਰਿਆ ਸਮਾਂ ਸੀ। ਉਦਾਸੀ ਤੋਂ ਬਚਣ ਲਈ ਸਾਹਿਤ ਨਾਲ ਜੁੜਨਾ ਇਕ ਚੰਗਾ ਉਪਰਾਲਾ ਸੀ। ਯਾਦਾਂ ਨੂੰ ਸੰਭਾਲਣਾ ਹਰ ਲਿਖਾਰੀ ਦੀ ਸਾਹਿਤਕ ਭੁੱਖ ਵੀ ਹੁੰਦੀ ਹੈ। ਸਮਾਜਿਕ ਸੋਧ ਤਾਂ ਬਹੁਤ ਦੂਰ ਦੀ ਗੱਲ ਹੈ, ਪਰ ਜੇ ਕਿਸੇ ਨੂੰ ਤੁਹਾਡੀ ਕੋਈ ਲਿਖਤ ਚੰਗੀ ਲੱਗੇ, ਤਾਂ ਤੁਹਾਡੇ ਤੇ ਰੱਬ ਦੀ ਕਿਰਪਾ ਹੋਈ ਸਮਝੋ। ਲਿਖਣ ਵੇਲੇ ਮੈਂ ਸਮਾਜਿਕ ਸੇਧ ਨੂੰ ਵੀ ਧਿਆਨ ਵਿਚ ਰੱਖਦਾ ਹਾਂ। ਕਿਤਾਬ ਦਾ ਇਕ ਲੇਖ ਮੈਂ ਆਮ ਲੋਕਾਂ ਲਈ ਕੈਂਸਰ ਦੀ ਜਾਣਕਾਰੀ ਬਾਰੇ ਲਿਖਿਆ ਸੀ।

? ਤੁਹਾਡੀ ਸਿਰਜਣਾਂ ਬਾਰੇ ਪਾਠਕਾਂ ਜਾਂ ਆਲੋਚਕਾਂ ਦਾ ਹੁੰਗਾਰਾ ਕਿਹੋ ਜਿਹਾ ਰਿਹਾ?

– ਮੇਰੇ ਪਾਠਕਾਂ ਅਤੇ ਆਲੋਚਕਾਂ ਦੇ ਹੁੰਗਾਰੇ ਮੇਰੀਆਂ ਲਿਖਤਾਂ ਅਨੁਸਾਰ ਠੀਕ ਹੀ ਰਹੇ ਹਨ। ਤੁਸੀਂ ਜਾਣਦੇ ਹੋ ਕਿ ਹੁੰਗਾਰਿਆਂ ਲਈ ਹੁਣ ਸਮਾਂ ਕੀਹਦੇ ਕੋਲ਼ ਹੈ, ਨਾਲ਼ੇ ਤੁਸੀਂ ਇਹ ਵੀ ਜਾਣਦੇ ਹੋ ਕਿ ਅੱਜ ਕੱਲ੍ਹ ਸਾਡੇ ਪੰਜਾਬੀ ਲੋਕਾਂ ਵਿਚ ਕਿਤਾਬਾਂ ਤੇ ਪੈਸੇ ਕੌਣ ਲਾਉਂਦਾ ਹੈ?

? ਤੁਸੀਂ ਬਹੁਤ ਸਾਰੇ ਰਿਸਰਚ ਪੇਪਰ ਵੀ ਲਿਖੇ ਪੜ੍ਹੇ ਹੋਣਗੇ। ਜਾਂ ਕੋਈ ਰਿਸਰਚ ਕੀਤੀ ਦੀ ਪੁਸਤਕ ਵੀ ਛਪੀ ਹੋਵੇਗੀ ਉਹਦੇ ਬਾਰੇ ਕੁਝ ਦੱਸੋ?

– ਸਤਨਾਮ ਜੀ: ਇਸ ਪੱਖੋਂ ਸਾਇੰਸ ਅਤੇ ਸਾਹਿਤ ਬਹੁਤ ਵੱਖਰੇ ਹਨ। ਲੋਕਾਂ ਦੇ ਵੀਚਾਰ ਵੀ ਵੱਖਰੇ ਹਨ । ਰਿਸਰਚ ਕਰਕੇ ਅਮੂਮਨ ਇਕ ਕਿਤਾਬ (ਥੀਸਸ) ਛਾਪੀ ਜਾਂਦੀ ਹੈ ਜਿਸਦੀ ਪਰਖ ਬਗੈਰ ਪੀਐੱਚ. ਡੀ. ਡਿਗਰੀ ਨਹੀਂ ਦਿੱਤੀ ਜਾਂਦੀ । ਰਿਸਰਚ ਪੇਪਰ ਰਸਾਲਿਆਂ ਵਿਚ ਛਾਪੇ ਜਾਂਦੇ ਹਨ। ਚੰਗੇ ਰਿਸਰਚ ਪੇਪਰਾਂ ਤੋ ਸਾਇੰਸਦਾਨਾਂ ਦੀ ਅਸਲੀ ਪਛਾਣ ਬਣਦੀ ਹੈ। ਰਿਸਰਚ ਪੇਪਰਾਂ ਦੇ ਪੈਸੇ ਨਹੀਂ ਮਿਲਦੇ। ਪੁਸਤਕਾਂ ਦੇ ਮਕਸਦ ਹੋਰ ਹੁੰਦੇ ਹਨ। ਚੰਗੀਆਂ ਪੁਸਤਕਾਂ ਪੜ੍ਹਾਉਣ ਵਿਚ ਸਹਾਈ ਹੁੰਦੀਆਂ ਹਨ ਅਤੇ ਲੇਖਕਾਂ ਦੀ ਆਮਦਨ ਵਧਾਉਂਦੀਆਂ ਹਨ। ਥੀਸਸ ਤੋਂ ਬਿਨਾਂ ਮੈਂ ਕੋਈ ਵੱਖਰੀ ਪੁਸਤਕ ਨਹੀਂ ਛਾਪੀ। ਮੇਰੇ ਪੇਪਰਾਂ ਦਾ ਵੇਰਵਾ ਪੰਜਾਬੀ-ਵਿਕੀਪੀਡੀਆ ਵਿਚ ਵੀ ਦਿੱਤਾ ਹੋਇਆ ਹੈ। ਮੇਰੇ ਬਾਇਓ-ਡੈਟਾ (CV) ਵਿਚ ਵੀ ਦਿੱਤਾ ਹੋਇਆ ਹੈ।

? ਤੁਸੀਂ ਕਈ ਵੱਖ ਵੱਖ ਖੇਤਰਾਂ ਵਿਚ ਖੋਜ ਕੀਤੀ ਤੇ ਯੂਨੀਵਰਸਿਟੀਆਂ ਵਿਚ ਪੜ੍ਹਾਇਆ ਵੀ ਹੈ। ਤੁਸੀਂ ਪੰਜਾਬ ਤੋਂ ਬਾਹਰ ਕਿੱਥੇ ਕਿੱਥੇ ਪੜ੍ਹਾਇਆ? ਇਹ ਵੀ ਦੱਸੋ ਕਿਹੜੇ ਕਿਹੜੇ ਚਾਰ ਪੇਟੈਂਟ ਤੁਹਾਡੇ ਨਾਂ ਦਰਜ ਹੋਏ? ਯੂਨੀਵਰਸਿਟੀਆਂ ਵਿਚ ਪੜ੍ਹਦੇ ਤੇ ਪੜ੍ਹਾਂਉਦਿਆਂ ਦੇ ਕੋਈ ਯਾਦਗਾਰੀ ਪਲ ਜੋ ਤੁਹਾਨੂੰ ਉਦਾਸ ਕਰਦੇ ਜਾਂ ਖੁਸ਼ੀ ਦਿੰਦੇ ਹੋਣ ਸਾਂਝੇ ਕਰਨੇ ਚਾਹੋਂਗੇ?

– ਜ਼ਿਆਦਾ ਸਮਾਂ ਮੈਂ ਖੋਜ ਵਿਚ ਬਿਤਾਇਆ ਹੈ। ਪੱਕੀ ਨੌਕਰੀ ਤੇ ਨਾ ਲੱਗ ਸਕਣਾ ਮੇਰੀ ਅਸਫ਼ਲਤਾ ਰਹੀ ਹੈ, ਇਸ ਅਸਫ਼ਲਤਾ ਦੇ ਕੁਝ ਕਾਰਨ ਮੇਰੀਆਂ ਲਿਖਤਾਂ ਵਿਚ ਮੌਜੂਦ ਹਨ। ਮੇਰੇ ਲਈ ਸਭ ਖੇਤਰਾਂ ਅਤੇ ਯੂਨੀਵਰਸਿਟੀਆਂ ਬਾਰੇ ਲਿਖ ਸਕਣਾ ਤਾਂ ਕਠਨ ਹੈ। ਮੇਰੇ ਬਾਇਓ-ਡੈਟਾ ਵਿਚ ਮੇਰਾ ਜੀਵਨ ਵੇਰਵਾ ਦਿੱਤਾ ਹੋਇਆ ਹੈ। ਮੈਂ ਨੱਥੀ ਕਰ ਦਿੱਤਾ ਹੈ ਜਿਸ ਵਿਚ ਪੇਟੈਂਟਾਂ ਦੀ ਸੰਖੇਪ ਜਾਣਕਾਰੀ ਸ਼ਾਮਲ ਹੈ। ਖੁਸ਼ੀ-ਗਮੀ ਦੇ ਪੁਰਾਣੇ ਮੌਕੇ ਹੁਣ ਮੇਰੀ ਸਾਹਿਤਕ ਜੀਵਨੀ ਦੇ ਭਾਗ ਹਨ। ਮੈਂ ਤੁਹਾਨੂੰ ਵੀ ਪੂਰਾ ਨਿਰਾਸ ਨਹੀਂ ਕਰਨਾ ਚਾਹੁੰਦਾ। ਇਸ ਲਈ ਮੈਂ ਇਕ ਛੋਟੀ ਜਿਹੀ ਕਹਾਣੀ ਜੋ ਸੰਗਦੇ ਹੋਏ ਪਹਿਲਾਂ ਕਦੇ ਸਾਂਝੀ ਨਹੀਂ ਸੀ ਕੀਤੀ, ਹੁਣ ਕਰ ਰਿਹਾਂ:, “ਹਾਈ ਸਕੂਲ ਮੇਰੇ ਲਈ ਸੁਨਹਿਰੀ ਸਮਾਂ ਸੀ। ਉਦੋਂ ਮੈਨੂੰ ਪੜ੍ਹਾਈ ਇਨਾਮ ਵੀ ਬਹੁਤ ਮਿਲਿਆ ਕਰਦੇ ਸਨ, ਪਰ ਮੈਂ ਖੇਡਾਂ ਕਰਕੇ ਜ਼ਿਆਦਾ ਮਸ਼ਹੂਰ ਹੋ ਗਿਆ ਸੀ। ਨੌਵੀਂ-ਦਸਵੀਂ ਸਮੇਂ ਮੇਰੇ ਬਾਪ ਕੋਲ ਮੇਰੇ ਰਿਸ਼ਤੇ ਲਈ ਲੋਕ ਆਉਂਦੇ ਰਹਿੰਦੇ ਸਨ। ਮੈਂ ਇਹ ਸਭ ਕੁਝ ਸੁਣ ਕੇ ਅਣਸੁਣਿਆ ਕਰ ਦਿੰਦਾ। ਭਾਵੇਂ ਦਸਵੀਂ ਵਿਚ ਮੇਰੇ ਜਮਾਤੀ ਬਹੁਤ ਹੁਸ਼ਿਆਰ ਸਨ, ਪਰ ਦਸਵੀਂ ਦੇ ਮੇਰੇ ਨੰਬਰ ਸਭ ਤੋਂ ਵੱਧ (702) ਆਏ। ਸਕੂਲ ਦੇ ਇਕ ਫੱਟੇ ਤੇ ਮੇਰੇ ਨਾਂ ਵੀ ਚਮਕਣ ਲੱਗ ਪਿਆ, ਪੰਜਾਬ ਯੂਨੀਵਰਸਿਟੀ ਵੱਲੋਂ ਵਜ਼ੀਫ਼ਾ ਵੀ ਮਿਲ ਗਿਆ। ਚੰਗੀ ਫ਼ੀਸ ਭਰ ਸਕਣ ਵਾਲੇ ਦੋ ਜਮਾਤੀ ਗੌਰਮੈਂਟ ਕਾਲਜ ਲੁਧਿਆਣੇ ਦਾਖ਼ਲ ਹੋ ਗਏ, ਚਾਰ-ਪੰਜ ਜਮਾਤੀ ਮੇਰੇ ਨਾਲ ਗੌਰਮੈਂਟ ਖੇਤੀਬਾੜੀ ਕਾਲਜ, ਲੁਧਿਆਣੇ ਚਲੇ ਗਏ, ਜਿੱਥੇ ਸਾਡਾ ਸਰੀਰਕ ਨਿਰੀਖਣ ਵੀ ਕੀਤਾ ਗਿਆ। ਡਾਕਟਰ ਨੇ ਮੇਰਾ ਨਿਰੀਖਣ ਕਰਕੇ, ਮੇਰੇ ਨੰਬਰ ਪੁੱਛਕੇ, ਮੇਰੇ ਬਾਪ ਨੂੰ ਰਿਸ਼ਤੇ ਲਈ ਸੁਨੇਹਾ ਭੇਜ ਦਿੱਤਾ, ਤੇ ਨਾਲ ਕੁਝ ਸ਼ਰਤਾਂ ਵੀ ਭੇਜ ਦਿੱਤੀਆਂ। ਕੁਝ ਦੇਰ ਮੇਰਾ ਬਾਪ ਭੰਬਲ-ਭੂਸੇ ਵਿਚ ਪਿਆ ਰਿਹਾ। ਜਦੋਂ ਤੱਕ ਗੱਲ ਮੇਰੇ ਤੱਕ ਪਹੁੰਚੀ, ਕਲਾਸਾਂ ਸ਼ੁਰੂ ਹੋ ਚੁੱਕੀਆਂ ਸਨ। ਬਾਅਦ ਵਿਚ ਮੇਰਾ ਹਾਈ ਸਕੂਲ ਕਾਲਜ ਬਣਾ ਦਿੱਤਾ ਗਿਆ, ਸਕੂਲ ਵਿੱਚੋਂ ਮੇਰੇ ਨਾਂ ਦਾ ਫੱਟਾ ਗੁੰਮ ਹੋ ਗਿਆ।

ਅਗਲੇ ਸਾਲ ਇਕ ਖੇਤੀਬਾੜੀ (ਅਗਰੋਨੋਮੀ) ਕਲਾਸ ਪੜ੍ਹਾਉਂਦਾ ਪ੍ਰੋਫੈਸਰ (ਬਲਕਾਰ ਸਿੰਘ) ਅਪਣਾ ਅੱਧਾ ਵਕਤ ਆਪਣੇ ਵਿਆਹ ਦੇ ਪੁਆੜੇ ਛੇੜ ਬਹਿੰਦਾ, ਜਿਸ ਵਿਚੋਂ ਮੈਨੂੰ ਉਹਦੀ ਇਕ ਗੱਲ ਅਜੇ ਵੀ ਯਾਦ ਹੈ, “ਮਿੱਤਰੋ ਜੇ ਤੁਹਾਡਾ ਬਾਪ ਕੋਈ ਕੰਮ ਦੱਸਦਾ ਹੈ, ਜਾਂ ਸ਼ੁਕੀਨੀ ਘੱਟ-ਵੱਧ ਕਰਨ ਦੀ ਸਲਾਹ ਦਿੰਦਾ ਹੈ, ਤਾਂ ਕਰਿਆ ਕਰੋ, ਉਹਨੂੰ ਖੁਸ਼ ਰੱਖੋ। ਪਰ ਜੇ ਉਹ ਤੁਹਾਡਾ ਵਿਆਹ ਐਸੀ ਜਗ੍ਹਾ ਕਰਨ ਨੂੰ ਫਿਰਦਾ ਹੈ ਜੋ ਤੁਹਾਡੇ ਮੇਚ ਨਹੀਂ ਖਾਂਦੀ, ਤਾਂ ਉਸਨੂੰ ਕਹੋ, ‘‘ਜਾਹ ਨਰਕਾਂ ਵਿੱਚ”। ਮੈਨੂੰ ਇਹ ਗੱਲਾਂ ਯਾਦ ਆਉਂਦੀਆਂ ਰਹਿੰਦੀਆਂ ਨੇ, ਫੱਟੇ ਦੀ ਯਾਦ ਮੈਨੂੰ ਬਹੁਤ ਉਦਾਸ ਕਰਦੀ ਹੈ। ਬਾਕੀ ਗੱਲਾਂ ਖ਼ੁਸ਼ੀ ਦਿੰਦੀਆਂ ਹਨ।

? ਤੁਹਾਡੇ ਕੀਤੇ ਵਿਗਿਆਨਕ ਜਾਂ ਸਾਹਿਤਕ ਕੰਮਾਂ ਨੂੰ ਦੇਖਦੇ ਹੋਏ ਕਿਸੇ ਸਰਕਾਰੀ ਜਾਂ ਗੈਰ-ਸਰਕਾਰੀ ਸੰਸਥਾਵਾਂ ਵੱਲੋਂ ਮਾਣ ਸਨਮਾਨ?

– ਸਤਨਾਮ ਜੀ: ਸਾਇੰਸਦਾਨ ਅਤੇ ਲਿਖਾਰੀ ਦਾ ਅਸਲੀ ਸਨਮਾਨ ਤਾਂ ਉਦੋਂ ਹੋ ਜਾਂਦਾ ਹੈ ਜਦੋਂ ਉਸਦਾ ਕੀਤਾ ਕੰਮ ਉਹਦੇ ਨਾਂ ਨਾਲ ਜੁੜ ਜਾਵੇ। ਇਸ ਪੱਖੋਂ ਮੈਂ ਸੰਤੁਸ਼ਟ ਹਾਂ। ਇਹ ਵੀ ਠੀਕ ਹੈ ਕਿ ਮੇਰੀ ਸਾਇੰਸ ਦਾ ਅਤੇ ਸਾਹਿਤ ਦਾ ਪੱਧਰ ਮਾਣ-ਸਨਮਾਨ ਤੱਕ ਨਹੀਂ ਪਹੁੰਚ ਸਕਿਆ। ਮਾਣ-ਸਨਮਾਨ ਵੀ ਉਦੋਂ ਹੀ ਸੋਂਹਦੇ ਹਨ ਜਦ ਉਹ ਨਿਰਪੱਖ ਹੋਣ। ਆਪਣੇ ਪੇਟੈਟਾਂ ਨੂੰ ਸਾਂਭਣ ਲਈ ਮੈਨੂੰ ਅਦਾਲਤ ਦੇ ਕੁੰਡੇ ਵੀ ਖੜਕਾਣੇ ਪਏ। ਬਹੁਤ ਸਾਰੇ ਵਕੀਲਾਂ ਦੇ ਦਰਸ਼ਨ ਕੀਤੇ ਅਤੇ ਕੁਝ ਵਕਾਲਤ ਵੀ ਸਿੱਖ ਗਿਆ। ਕੁਝ ਵਿਚਾਰ ਮੈਂ ਆਪਣੀ ਪਹਿਲੀ ਕਿਤਾਬ ‘ਸੱਠਾਂ ਤੋਂ ਬਾਅਦ’ ਵਿਚ ਲਿਖੇ ਹੋਏ ਹਨ।

? ਇਹ ਮੰਨਿਆ ਜਾਂਦਾ ਹੈ ਕਿ ਅਮਰੀਕਨ ਕਲਚਰ ਇਕ ਮਿਲ਼ਟਿੰਗ ਪੌਟ ਹੈ। ਭਾਵ (ਦੂਜੇ ਕਲਚਰ ਦੀ ਹੋਂਦ ਨਹੀਂ ਰਹਿੰਦੀ ਇਥੇ ਅਮਰੀਕਨ ਕਲਚਰ ਬਾਹਰੋਂ ਆਏ ਲੋਕਾਂ ਨੂੰ ਆਪਣੇ ਕਲਚਰ ਵਿਚ ਢਾਲ ਲੈਂਦਾ) ਹੈ। ਇਹ ਕੈਨੇਡਾ ਵਾਂਗ ਮਲਟੀ-ਕਲਚਰ ਸੋਸਾਇਟੀ ਨਹੀਂ। ਤੁਸੀਂ ਇਸ ਵਿਚਾਰ ਨਾਲ ਕਿਥੇ ਕੁ ਤਕ ਸਹਿਮਤ ਹੋ ਜਾਂ ਸਹਿਮਤ ਨਹੀਂ ਹੋ?

– ਜੋ ਕੁਝ ਮੈਂ ਗ੍ਰਹਿਣ ਕਰ ਸਕਿਆ ਹਾਂ, ਉਸ ਅਨੁਸਾਰ ਮੈਂ ਇਸ ਵਿਚਾਰ ਨਾਲ ਪੂਰਾ ਸਹਿਮਤ ਨਹੀਂ ਹੋ ਸਕਦਾ। ਜਿੱਥੇ ਵੀ ਕਿਸੇ ਕਬੀਲੇ ਦੀ ਵਸੋਂ ਸੰਘਣੀ ਹੋਵੇ, ਉਸ ਕਬੀਲੇ ਦੇ ਲੋਕ ਆਪਣੇ ਕਲਚਰ ਦੀ ਹੋਂਦ ਕਿਸੇ ਹੱਦ ਤੱਕ ਕਾਇਮ ਰੱਖ ਸਕਦੇ ਹਨ। ਹੁਣ ਤਾਂ ਸਾਰੇ ਲੋਕ ਮੈਲ਼ਟਿੰਗ ਪੌਟ ਦਾ ਹਿੱਸਾ ਹੋਰ ਤੇਜੀ ਨਾਲ ਬਣੀ ਜਾਂਦੇ ਹਨ। ਭਾਵੇਂ ਅਮਰੀਕਾ, ਕਨੇਡਾ ਹੋਵੇ, ਭਾਵੇਂ ਦਿੱਲੀ, ਪੰਜਾਬ ਹੋਵੇ।

? ਮੈਂ ਬਹੁਤ ਸਾਰੇ ਲੋਕਾਂ ਤੋਂ ਨਸਲੀ ਵਿਤਕਰੇ ਦੀਆਂ ਗੱਲਾਂ ਸੁਣੀਆਂ ਹਨ। ਤੁਸੀਂ ਅਮਰੀਕਾ ਵਿਚ ਬੜੇ ਲੰਮੇਂ ਸਮੇਂ ਤੋਂ ਰਹਿ ਰਹੇ ਹੋ। ਇਥੇ ਅਮਰੀਕਨ ਸੋਸਾਇਟੀ ਵਿਚ ਵਿਚਰਦਿਆਂ ਪੜ੍ਹਦਿਆਂ ਪੜ੍ਹਾਉਂਦਿਆਂ ਜਾਂ ਕੰਮ ਕਾਰ ਲੱਭਦਿਆਂ ਨਸਲੀ ਵਿਤਕਰੇ ਦਾ ਕੰਡਾ ਕਦੇ ਚੁੱਭਿਆ ਹੋਵੇ?

– ਜਿਸ ਤਰ੍ਹਾਂ ਭਾਰਤ ਵਿਚ ਜਾਤ-ਪਾਤੀ ਵਿਤਕਰਾ ਚਲਦਾ ਆਇਆ ਹੈ, ਨਸਲੀ-ਵਿਤਕਰਾ ਅਮਰੀਕਾ ਵਿਚ ਕੋਲੰਬਸ ਦੇ ਆਉਣ ਨਾਲ (ਗੁਰੂ ਨਾਨਕ ਯੁਗ) ਸ਼ੁਰੂ-ਹੋਇਆ ਲੱਗਦਾ ਹੈ ਜੋ ਅਜੇ ਤੱਕ ਜਾਰੀ ਹੈ। ਵਿਤਕਰੀ ਕੰਡਿਆਂ ਬਾਰੇ ਮੈਂ ਆਪਣੀ ਅੰਗਰੇਜ਼ੀ ਦੀ ਪਹਿਲੀ ਪੁਸਤਕ ਵਿਚ ਬਹੁਤ ਕੁਝ ਲਿਖਿਆ ਹੈ। ਕੁਝ ਅਮਰੀਕਾ ਵਿਚ ਆਏ ਦੇਸੀ ਲੋਕ, ਅਫ਼ਸਰ ਬਣਕੇ ਦੇਸੀਆਂ ਨੂੰ ਘੱਟ ਤਨਖਾਹ ਦਿੰਦੇ ਹਨ, ਇਹ ਵੀ ਨਸਲੀ ਵਿਤਕਰਾ ਹੀ ਹੈ। ਪਰ ਇਸ ਵਿਚ ਵੀ ਸ਼ੱਕ ਨਹੀਂ ਕਿ ਨਸਲੀ ਵਿਤਕਰੇ ਪੱਖੋਂ ਅਮਰੀਕਾ ਹੁਣ ਬਹੁਤ ਸੁਧਰ ਗਿਆ ਹੈ। ਪਹਿਲਾਂ ਨਸਲੀ ਵਿਤਕਰਾ ਕਾਫ਼ੀ ਹਾਵੀ ਰਿਹਾ।

? ਡਾ. ਸਾਹਿਬ ਕੁਝ ਹੋਰ ਗੱਲਾਂ ਵੀ ਕਰ ਲਈਏ। ਮੇਰੇ ਖ਼ਿਆਲ ਨਾਲ ਜੇਕਰ ਮੈਂ ਇਹ ਸਵਾਲ ਨਾ ਪੁੱਛਾਂ ਤਾਂ ਮੈਨੂੰ ਲੱਗਦਾ ਇਹ ਮੁਲਾਕਾਤ ਅਧੂਰੀ ਰਹੇਗੀ। ਹੁਣ ਇਹ ਵੀ ਦੱਸੋ ਕਿ ਤੁਹਾਡੀ ਜੀਵਨ ਸਾਥਣ ਤੁਹਾਨੂੰ ਕਿਵੇਂ ਮਿਲ਼ੀ। ਵਿਆਹ ਤੁਹਾਡਾ ਪੰਜਾਬ ਵਿਚ ਰਹਿੰਦਿਆਂ ਲਵ-ਮੈਰਿਜ ਜਾਂ ਅਰੈਂਜ਼ਡ?

-ਮੇਰੀ ਜੀਵਨ ਸਾਥਣ (ਸੁਰਿੰਦਰ) ਦੀ ਜੀਵਨ ਕਹਾਣੀ ਵੀ ਬਹੁਤ ਦਿਲਚਸਪ ਹੈ, ਪਰ ਉਹ ਲਿਖਦੀ ਨਹੀਂ। ਮੈਂ ਉਹਦੇ ਬਾਰੇ ਆਪਣੀਆਂ ਕਿਤਾਬਾਂ ਵਿਚ ਕਾਫ਼ੀ ਕੁਝ ਲਿਖ ਦਿੱਤਾ ਹੈ, ਕੁਝ ਕਵਿਤਾ ਵੀ ਲਿਖੀ ਹੈ। ਸਾਡਾ ਵਿਆਹ ਨਾ ਪੂਰਾ ਲਵ-ਮੈਰਿਜ- ਨਾ ਹੀ ਪੂਰਾ ਐਂਰੇਜ਼ਡ-ਮੈਰਿਜ ਸੀ। ਪੀਐੱਚ. ਡੀ. ਖਤਮ ਕਰਕੇ ਅਤੇ ਅਗਲੀ ਸਿਖਲਾਈ ਸ਼ੁਰੂ ਕਰਦਿਆਂ ਸੰਨ 1971 ਵਿਚ ਮੈਂ ਇੰਡੀਆ ਗਿਆ। ਵਿਆਹ ਦੀਆਂ ਗੱਲਾਂ ਵੀ ਹੋਈਆਂ ਕੋਈ ਗੱਲ ਸਿਰੇ ਨਾ ਚੜ੍ਹੀ। ਅਗਲੇ ਸਾਲ ਸੰਨ 1972 ਵਿਚ ਮੈਂ ਫੇਰ ਗਿਆ ਤਦ ਤੱਕ ਮੇਰੇ ਬਾਰੇ ਚਰਚਾ ਛਿੜ ਚੁੱਕੀ ਸੀ। ਸਾਡੀ ਪਹਿਲੀ ਜਾਣ ਪਛਾਣ ਸੁਰਿੰਦਰ ਦੇ ਘਰ ਹੋਈ ਜਿੱਥੇ ਗੱਲ ਚਾਹ-ਪਾਣੀ ਤੋਂ ਅੱਗੇ ਨਾ ਚੱਲ ਸਕੀ ਮੈਨੂੰ ਲਗਦਾ ਸੀ ਕਿ ਮੇਰੇ ਰੁਝਾਨੀ ਕਿੱਤੇ ਨਾਲ਼ ਸੁਰਿੰਦਰ ਦਾ ਮੇਲ ਨਹੀਂ ਮਿਲਣਾ, ਵਾਪਿਸ ਆਉਣ ਸਮੇਂ ਮੈਂ ਉਸਦੇ ਵੱਡੇ ਭਰਾ ਨੂੰ ਇਹ ਗੱਲ ਸੁਣਾ ਆਇਆ। ਸੁਰਿੰਦਰ ਦੇ ਚਾਚਾ ਜੀ ਖੇਤੀਬਾੜੀ ਕਾਲਜ ਵਿਚ ਪ੍ਰੋਫੈਸਰ ਸਨ ਜਿੱਥੇ ਮੇਰੇ ਕਈ ਹੋਰ ਦੋਸਤ ਵੀ ਪੜ੍ਹਾਈ ਜਾਂ ਨੌਕਰੀ ਕਰ ਰਹੇ ਸਨ। ਖੇਤੀਬਾੜੀ ਕਾਲਜ ਵਿਚ ਸੁਰਿੰਦਰ ਦੇ ਚਾਚੇ ਦੀ ਕੋਠੀ ਵਿਚ ਸੁਰਿੰਦਰ ਨਾਲ ਮੇਰੀ ਦੂਜੀ ਮੁਲਾਕਾਤ ਹੋਈ। ਅਗਲੇ ਦਿਨ ਸੁਰਿੰਦਰ ਦਾ ਚਾਚਾ ਅਤੇ ਕੁਝ ਲੋਕ ਜੋ ਮੇਰੇ ਬਾਪ ਨੂੰ ਪਹਿਲਾਂ ਹੀ ਜਾਣਦੇ ਸਨ, ਸ਼ਗਨ ਪਾ ਗਏ। ਇਕ ਹਫ਼ਤੇ ਵਿਚ ਸਾਡਾ ਵਿਆਹ ਨਿੱਬੜ ਗਿਆ।

? ਆਪਣੇ ਬੱਚਿਆਂ ਬਾਰੇ ਵੀ ਕੁਝ ਦੱਸੋ ਉਨ੍ਹਾਂ ਦੇ ਰੁਝੇਵੇਂ ਕਿਸ ਤਰ੍ਹਾਂ ਦੇ ਹਨ ਕੋਈ ਜੌਬ ਕਰਦੇ ਹਨ ਜਾਂ ਅਜੇ ਯੂਨੀਵਰਸਿਟੀਆਂ ਵਿਚ ਹੀ ਹਨ? ਤੁਹਾਡੇ ਬੱਚਿਆਂ ਦਾ ਜਨਮ ਤੇ ਪਾਲਣ-ਪੋਸ਼ਨ ਇਥੇ ਅਮਰੀਕਾ ਵਿਚ ਹੋਇਆ। ਤੁਸੀਂ ਗੱਲ ਕਰ ਰਹੇ ਸੀ ਕਿ ਉਹ ਇਥੇ ਕਈ ਸਮਾਜਿਕ ਕੰਮਾਂ ਵਿਚ ਹਿੱਸਾ ਲੈਂਦੇ ਰਹਿੰਦੇ ਹਨ। ਕੀ ਉਨ੍ਹਾਂ ‘ਤੇ ਪੰਜਾਬੀ ਬੋਲੀ ਕਲਚਰ ਜਾਂ ਪੰਜਾਬੀ ਸੁਭਾਅ ਦਾ ਵੀ ਕੁਝ ਅਸਰ ਹੈ ਜਾਂ ਫੇਰ ਅਮਰੀਕਨ ਭਾਈਚਾਰੇ ਦਾ ਹੀ ਅਸਰ ਹੈ?

– ਬੱਚਿਆਂ ਦੇ ਪਾਲਣ-ਪੋਸ਼ਨ ਵਿਚ ਮੇਰੇ ਨਾਲੋਂ ਮੇਰੀ ਜੀਵਨ ਸਾਥਣ ਦਾ ਯੋਗਦਾਨ ਵੱਡਾ ਹੈ। ਉਸਦੀ ਲਗਾਤਾਰ ਨਿਗਰਾਨੀ ਸਹਾਇਤਾ ਅਤੇ ਹਠ ਕਾਰਨ ਸਾਡੇ ਤਿੰਨੋ ਬੱਚੇ ਉੱਚ ਵਿੱਦਿਆ ਦੀਆਂ ਡਿਗਰੀਆਂ ਕਰਕੇ ਆਪੋ-ਆਪਣੇ ਕਿੱਤਿਆਂ ਵਿਚ ਰੁਝੇ ਰਹਿੰਦੇ ਹਨ। ਸਾਡੇ ਬੱਚੇ ਅਮਰੀਕਾ ਵਿਚ ਜਨਮੇ, ਪੜ੍ਹੇ ਅਤੇ ਆਪਣੇ ਪੈਰਾਂ ਤੇ ਖੜ੍ਹੇ ਹੋ ਚੁੱਕੇ ਹਨ। ਪੰਜਾਬ ਵਿਚਲੇ ਪਰਿਵਾਰਾਂ ਨਾਲ ਮਿਲਵਰਤਨ ਦੀ ਘਾਟ ਕਰਕੇ ਪੰਜਾਬੀ ਬੋਲੀ ਦੀ ਘਾਟ ਜ਼ਰੂਰ ਰੜਕਦੀ ਹੈ, ਪਰ ਉਹ ਸਮਾਜਿਕ ਕੰਮਾਂ ਵਿਚ ਪੂਰੀ ਦਿਲਚਸਪੀ ਨਾਲ ਭਾਗ ਲੈਂਦੇ ਹਨ। ਸਾਡੇ ਪੰਜਾਬੀ ਹੋਣ ਕਰਕੇ ਉਹਨਾਂ ਤੇ ਪੰਜਾਬੀ ਸੁਭਾਅ ਦਾ ਅਸਰ ਹੈ ਅਤੇ ਅਮਰੀਕਨ ਭਾਈਚਾਰੇ ਦਾ ਅਸਰ ਵੀ ਹੈ। ਭਾਵੇਂ ਕਮਾਈ ਉਹ ਸਾਡੇ ਨਾਲੋਂ ਕਿਤੇ ਵੱਧ ਕਰਦੇ ਹਨ, ਪਰ ਮੈਨੂੰ ਕਦੇ ਕਦੇ ਏਦਾਂ ਲਗਦਾ ਹੈ ਕਿ ਉਨ੍ਹਾਂ ਨੂੰ ਖ਼ਰਚਣ ਦਾ ਚੱਜ ਅਜੇ ਹੌਲ਼ੀ ਹੌਲ਼ੀ ਆ ਰਿਹਾ ਹੈ।

? ਤੁਸੀਂ ਗੱਲ ਕਰ ਰਹੇ ਸੀ ਰਿਸ਼ਤੇ-ਨਾਤਿਆਂ ਦੀ ਕਿ ਇਥੇ ਰੁਝੇਵਿਆਂ ਭਰੀ ਜ਼ਿੰਦਗੀ ਨੇ ਸਾਡੇ ਬਹੁਤ ਸਾਰੇ ਰਿਸ਼ਤੇ-ਨਾਤੇ ਐਸੇ ਤੋੜੇ ਕਿ ਸਾਡੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਮੁੜ ਨਾ ਜੁੜ ਸਕੇ ਇਹਦੇ ਬਾਰੇ ਦੱਸੋ। ਤੁਸੀਂ ਕੀ ਤੇ ਕਿਵੇਂ ਇਹ ਗੱਲ ਮਹਿਸੂਸ ਕੀਤੀ ਹੈ?

– ਰਿਸ਼ਤੇ-ਨਾਤਿਆਂ ਦੇ ਮੋਹ ਦੇ ਮਸਲੇ ਮੁੱਢ ਤੋਂ ਹੀ ਚਲਦੇ ਆਏ ਹਨ। ਸਮੇਂ ਅਨੁਸਾਰ ਹਮੇਸ਼ਾ ਬਦਲਦੇ ਵੀ ਰਹਿੰਦੇ ਹਨ, ਇਨ੍ਹਾਂ ਬਦਲੀਆਂ ਨੂੰ ਮਾਪੇ ਅਤੇ ਬੱਚੇ ਵੱਖ ਵੱਖ ਦ੍ਰਿਸ਼ਟੀਕੋਨਾਂ ਤੋਂ ਦੇਖਦੇ ਹਨ। ਜੇ ਇਹਨਾਂ ਤਬਦੀਲੀਆਂ ਨੂੰ ਸਹੀ ਤਰ੍ਹਾਂ ਵਿਚਾਰਿਆ ਨਾ ਜਾਵੇ ਤਾਂ ਫਿੱਕ ਪੈਣ ਦਾ ਡਰ ਰਹਿੰਦਾ ਹੈ। ਸਿੱਖ ਗੁਰੂਆਂ ਦੇ ਪਰਿਵਾਰਾਂ ਦੀਆਂ ਤ੍ਰੇੜਾਂ ਨੂੰ ਸਾਡੇ ਗੁਰਦੁਆਰਿਆਂ ਵਿਚ ਕਥਾ-ਵਾਦਕ ਆਪਣੀਆਂ ਸੋਚਾਂ ਅਨੁਸਾਰ ਪਰੋਸਦੇ ਰਹਿੰਦੇ ਹਨ, ਕੁਝ ਚੰਗੇ, ਕੁਝ ਅਕਾਊ। ਸਾਡੇ ਵਰਤਮਾਨ ਸਮੇਂ ਦੀ ਤ੍ਰਾਸਦੀ ਹੈ ਕਿ ਆਜ਼ਾਦੀ ਤੋਂ ਬਾਅਦ ਸਾਡੇ ਬਜ਼ੁਰਗ ਅਨਪੜ੍ਹ ਹੋਣ ਕਰਕੇ ਸਮੇਂ ਨਾਲ ਬਦਲ ਨਾ ਸਕੇ। ਮੇਰੀ ਇਕ ਭੈਣ ਅਤੇ ਇਕ ਭਰਾ ਨੂੰ, ਜੋ ਪੜ੍ਹਨ ਲਈ ਕਾਫ਼ੀ ਹੁਸ਼ਿਆਰ ਸਨ, ਪਰ ਚਾਰ ਜਮਾਤਾਂ ਤੋਂ ਬਾਅਦ ਪੜ੍ਹਨੋਂ ਹਟਾ ਲਿਆ ਗਿਆ। ਜਦੋਂ ਮੇਰੀ ਬੁੱਧੀ ਕੁਝ ਤੇਜ ਹੋਈ ਮੈਂ ਬਹੁਤ ਕੋਸ਼ਿਸ਼ ਕੀਤੀ ਕਿ ਉਨ੍ਹਾਂ ਨੂੰ ਦੁਬਾਰਾ ਪੜ੍ਹਨ ਲਈ ਅਤੇ ਸਿਹਤ ਸੰਭਾਲ ਲਈ ਪ੍ਰੇਰਿਆ ਜਾਵੇ ਅਤੇ ਪੁਰਾਣੀਆਂ ਸਮਾਜਕ ਕੁਰੀਤੀਆਂ ਤੋਂ ਹਟਾਇਆ ਜਾਵੇ। ਇਹ ਗੱਲਾਂ ਨਾਂ ਬਜ਼ੁਰਗਾਂ ਦੇ ਸਮਝ ਆਈਆਂ, ਨਾਂ ਹੀ ਉਨ੍ਹਾਂ ਭੈਣ-ਭਰਾਵਾਂ ਦੇ। ਇਨ੍ਹਾਂ ਗੱਲਾਂ ਦੇ ਮਾੜੇ ਨਤੀਜੇ ਵੀ ਉਹਨਾਂ ਨੂੰ ਭੋਗਣੇ ਪਏ, ਅਜੇ ਵੀ ਪੈ ਰਹੇ ਹਨ। 

“ਵਾਰਿਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ ਭਾਵੇਂ ਕੱਟੀਏ ਪੋਰੀਆਂ ਪੋਰੀਆਂ ਜੀ।”

? ਆਮ ਕਰਕੇ ਸਾਡੇ ਪੰਜਾਬੀ ਲੋਕ ਕੰਮਾਂ-ਕਾਰਾਂ ਵਿਚ ਜ਼ਿਆਦਾ ਰੁਝੇ ਰਹਿੰਦੇ ਹਨ। ਬਾਹਰ ਘਟ ਹੀ ਨਿਕਲਦੇ ਹਨ। ਤੁਸੀਂ ਕਈ ਥਾਂਵਾਂ ਦੇਖੀਆਂ ਹਨ। ਆਪਣੇ ਸਫ਼ਰਨਾਮਿਆਂ ਬਾਰੇ ਵੀ ਕੁਝ ਦੱਸੋ ਕਿੱਥੇ ਕਿੱਥੇ ਦੀ ਯਾਤਰਾ ਕੀਤੀ ਤੇ ਕਿਹੋ ਜਿਹਾ ਅਨੁਭਵ ਰਿਹਾ। ਕੋਈ ਯਾਦ ਸਾਂਝੀ ਕਰਨਾ ਚਾਹੋਂਗੇ?

– ਢਾਅ ਜੀ, ਅਮਰੀਕਾ ਦੇ ਬਹੁਤੇ ਲੋਕ ਮਿਹਨਤੀ ਹਨ। ਕੰਮਾਂ-ਕਾਜਾਂ ਨਾਲ਼ ਜੀਵਨ ਵਿਚ ਉਹ ਹੋਰ ਰੁਝੇਵੇਂ ਵੀ ਰੱਖਦੇ ਹਨ । ਕੁਝ ਚੰਗੇ ਕੁਝ ਮਾੜੇ। ਘੱਟ ਪੜ੍ਹੇ ਅਤੇ ਬਜ਼ੁਰਗ ਲੋਕਾਂ ਲਈ ਵੀ ਨਵੇਂ ਆਹਰ ਸਿੱਖਣ ਲਈ ਲੋੜੀਂਦੇ ਸਕੂਲ ਮਿਲ ਜਾਂਦੇ ਹਨ। ਮੇਰੀ ਸੁਪਤਨੀ, ਸੁਰਿੰਦਰ ਨੇ ਪਹਿਲਾਂ ਇੱਕ ਸਕੂਲ ਵਿਚੋਂ ਟਾਈਪ ਕਰਨਾ ਸਿੱਖਿਆ, ਫੇਰ ਮੁੱਢਲਾ ਕੰਪਿਊਟਰ ਸਿੱਖਿਆ, ਇਸ ਨਾਲ਼ ਗੁਜ਼ਾਰੇ ਜੋਗੀ ਨੌਕਰੀ ਲੱਭ ਲਈ ਤੇ ਹੌਲ਼ੀ ਹੌਲ਼ੀ ਉੱਚ ਅਹੁਦੇ ਤੋਂ ਰਿਟਾਇਰਡ ਹੋਈ। ਇਨ੍ਹਾਂ ਸਕੂਲਾਂ ਵਿਚ ਘੁੰਮਣ-ਫਿਰਨ ਦੇ ਟੂਰ ਵੀ ਚਲਦੇ ਹਨ ਜਿਨ੍ਹਾਂ ਵਿਚ ਅਸੀਂ ਵੀ ਆਲਾ-ਦੁਆਲਾ ਦੇਖਦੇ ਰਹਿੰਦੇ ਹਾਂ।

? ਤੁਸੀਂ ਇਕ ਪੁਸਤਕ ‘ਇਕ ਮੋੜ ਵਿਚਲਾ ਪੈਂਡਾ’ ਵੀ ਛਪਾਈ ਹੈ। ਇਹਦੇ ਬਾਰੇ ਕੁਝ ਦੱਸੋ ਇਹ ਪੁਸਤਕ ਹੋਂਦ ਵਿਚ ਕਿਵੇਂ ਆਈ? ਕੈਂਸਰ ਵਰਗੀ ਬਿਮਾਰੀ ਨਾਲ ਏਨੇ ਹੌਸਲੇ ਨਾਲ ਜੂਝਣ ਦੀ ਤਾਕਤ ਕਿਵੇਂ ਆਈ, ਜਿਸ ਨਾਲ ਕੈਂਸਰ ਵੀ ਹਾਰਾਂ ਮੰਨ ਗਿਆ? ਜਦੋਂ ਕਿ ਆਮ ਕਰਕੇ ਇਨਸਾਨ ਤਾਂ ਇਹ ਨਾਂ ਸੁਣ ਕੇ ਹੀ ਜਿਉਂਣ ਦੇ ਸਾਰੇ ਹਥਿਆਰ ਸੁੱਟ ਕੇ ਢਹਿੰਦੀਆਂ ਕਲਾਂ ਵਿਚ ਚਲਾ ਜਾਂਦਾ ਹੈ? ਤੁਸੀਂ ਕਿਵੇਂ ਇਹ ਮੁਕਾਬਲਾ ਜਿੱਤੇ?

– ਸਤਨਾਮ ਜੀ, ਪਹਿਲਾਂ ਗੱਲ ਕੈਂਸਰ ਬਾਰੇ ਕਰਦੇ ਹਾਂ ਫੇਰ ਕਿਤਾਬ ਬਾਰੇ, ਕੈਂਸਰ ਨਾਲ ਜੂਝਣ ਦੀ ਮੇਰੀ ਤਾਕਤ ਮੇਰੀ ਜੀਵਨ ਸਾਥਣ (ਸੁਰਿੰਦਰ) ਦੀ ਹੱਲਾਸ਼ੇਰੀ, ਸਹਾਇਤਾ ਅਤੇ ਦ੍ਰਿੜਤਾ ਸਦਕੇ ਚੜ੍ਹਦੀ ਕਲਾ ਵੱਲ ਝੁਕੀ ਰਹੀ। ਨਹੀਂ ਤਾਂ ਸ਼ਾਇਦ ਇਸ ਪਿੰਜਰੇ ਨੇ ਕੈਂਸਰ ਮੂਹਰੇ ਹਥਿਆਰ ਸੁੱਟ ਕੇ ਛੇਤੀ ਹੱਥ ਖੜੇ ਕਰ ਦੇਣੇ ਸਨ। ਦੂਜਾ, ਇਕ ਅੱਵਲ ਦਰਜੇ ਦਾ ਹਸਪਤਾਲ ਵੀ ਮਿਲ ਗਿਆ ਸੀ, ਮੇਰੇ ਤੇ ਰੱਬ ਦੀ ਕ੍ਰਿਪਾ ਵੀ ਹੋਈ ਸਮਝੋ, “ਕਦੇ ਕਦੇ ਮੁਸ਼ਕਿਲਾਂ ਦੇ ਹੱਲ, ਰੱਬ ਨਾਲ ਹੀ ਦਿੰਦਾ ਘੱਲ”! ਕੈਂਸਰ ਮੇਰੀ ਜ਼ਿੰਦਗੀ ਦਾ ਇਕ ਵੱਡਾ ਮੋੜ ਸੀ, ਇਸ ਮੋੜ ਵਿਚੋਂ ਨਿਕਲ ਕੇ ਮੈਂ ਆਪਣੀ ਕੈਂਸਰ ਬਾਰੇ ਖਿਆਲ ਸਾਂਝੇ ਕਰਨ ਦਾ ਫੈਸਲਾ ਕਰ ਲਿਆ ਅਤੇ ਕੁਝ ਲਿਖਣਾ ਸ਼ੁਰੂ ਕਰ ਲਿਆ। ਪਹਿਲਾਂ, ਪਹਿਲਾਂ ਸੁਰਿੰਦਰ ਨੂੰ ਮੇਰਾ ਲਿਖਾਰੀ-ਪਨ ਠੀਕ ਨਾ ਲੱਗਿਆ, ਪਰ ਇਹ ਮੁਹਿੰਮ ਵੀ ਸੁਰਿੰਦਰ ਦੀ ਸਹਾਇਤਾ ਸਦਕੇ ਹੀ ਸਿਰੇ ਚੜ੍ਹ ਸਕੀ। ਕੈਂਸਰ ਦਾ ਸਫ਼ਰ ਪਹਿਲਾਂ ਮੈਂ ਅੰਗਰੇਜ਼ੀ ਵਿਚ ਵਿਸਥਾਰ ਨਾਲ ਲਿਖਿਆ। ਇਸ ਪੁਸਤਕ ਦਾ ਨਾਂ ਮੈਂ “ਜਰਨੀ ਥਰੂ ਏ ਟਰਨਿੰਗ ਪੁਆਇਟ 2019” ਰੱਖਿਆ। ਫਿਰ ਮੈਂ ਉਸ ਦਾ ਗੁਰਮੁਖੀ ਵਿਚ ਉੱਲਥਾ ਕਰਕੇ ਨਾਂ ”ਇਕ ਮੋੜ ਵਿਚਲਾ ਪੈਂਡਾ (2019)” ਰੱਖ ਦਿੱਤਾ। ਪਹਿਲੀ ਪੰਜਾਬੀ ਐਡੀਸ਼ਨ ਵੀ ਮੈਂ ਅੰਗਰੇਜ਼ੀ ਪਬਲਿਸ਼ਰ ਨਾਲ ਜੁੜਕੇ ਅਮਰੀਕਾ ਵਿਚ ਛਪਵਾਈ ਸੀ ਜੋ ਕੰਪਿਊਟਰ ਰਾਹੀਂ ਮਿਲ ਜਾਂਦੀ ਹੈ। ਬਾਅਦ ਵਿਚ ਇਸ ਕਿਤਾਬ ਨੂੰ ਪੜ੍ਹਨ ਵਾਲਿਆਂ ਲਈ ਲਾਹੌਰ ਬੁੱਕ ਸ਼ਾਪ ਲੁਧਿਆਣਾ ਨੇ ਵੀ ਛਾਪਿਆ ਹੈ।

? ਹਾਂ, ਤੁਸੀਂ ਗੱਲ ਕਰ ਰਹੇ ਸੀ ਕੈਂਸਰ ਦੇ ਇਲਾਜ ਸਮੇਂ ਹੌਸਪੀਟਲ ਵਿਚ ਨਰਸਾਂ ਦੇ ਚੰਗੇ ਤੇ ਮਾੜੇ ਵਿਵਹਾਰ ਦੀ, ਕ੍ਰਿਪਾ ਕਰਕੇ ਦੱਸੋ ਕਿ ਤੁਹਾਡਾ ਹੌਸਪੀਟਲ ‘ਚ ਇਲਾਜ ਕਰਉਂਣ ਦਾ ਅਨੁਭਵ ਕਿਹੋ ਜਿਹਾ ਰਿਹਾ? ਇਸ ਇਲਾਜ ਸਮੇਂ ਦੀ ਕੋਈ ਮਿੱਠੀ ਕੌੜੀ ਯਾਦ ਜੋ ਪਾਠਕਾਂ ਨਾਲ ਸਾਂਝੀ ਕਰਨਾ ਚਾਹੋਂਗੇ?
– ਅਮਰੀਕਾ ਦੇ ਹੌਸਪੀਟਲਾਂ ਵਿਚ ਕੈਂਸਰ ਦੇ ਇਲਾਜ ਸਮੇਂ ਅਤੇ ਬਾਅਦ ਵਿਚ ਵੀ ਮੇਰਾ ਤਜਰਬਾ ਸਲਾਹੁਣ-ਯੋਗ ਹੀ ਰਿਹਾ ਹੈ। ਇੱਕ ਕੌੜੀ ਯਾਦ ਬਾਰੇ ਮੈਂ ਆਪਣੀ ਕਿਤਾਬ ‘ਇਕ ਮੌੜ ਵਿਚਲਾ ਪੈਂਡਾ’ ਵਿਚ ਕੁਝ ਸ਼ਬਦ ਲਿਖੇ ਹਨ। ਮਿੱਠੀਆਂ ਯਾਦਾਂ ਵੀ ਲਿਖੀਆਂ ਹੋਈਆਂ ਹਨ। ਹਸਪਤਾਲਾਂ ਵਿਚ ਮੈਂ ਨਰਸਾਂ ਨੂੰ ਸਵਾਲ ਬਹੁਤ ਪੁੱਛਦਾ ਰਹਿਣ ਕਰਕੇ ਕਈ ਵਾਰ ਨਰਸਾਂ ਵੀ ਅੱਕ ਜਾਂਦੀਆਂ ‘ਤੇ ਕਈ ਵਾਰ ਮੇਰੇ ਆਪਣੇ ਪਰਿਵਾਰ ਦੇ ਜੀਅ ਮੇਰੇ ਤੇ ਸਤੇ ਹੋਏ ਦੇਖੇ ਗਏ ਸਨ।

? ਕੈਂਸਰ ਦੀ ਬਿਮਾਰੀ ਇਧਰ ਆਪਣੇ ਪੱਛਮੀ ਦੇਸ਼ਾਂ ਵਿਚ ਵੀ ਬਹੁਤ ਹੈ। ਬਦ-ਕਿਸਮਤੀ ਨਾਲ ਜੇਕਰ ਕਿਸੇ ਇਨਸਾਨ ਨੂੰ ਇਸ ਮੁਸੀਬਤ ਨਾਲ ਲੜਨਾ ਪਵੇ ਤਾਂ ਉਸ ਵਿਅਕਤੀ ਨੂੰ ਕੋਈ ਸਲਾਹ ਸੁਨੇਹਾ ਦੇਣਾ ਚਾਹੋਗੇ। ਜੋ ਉਸ ਲਈ ਲਾਹੇਵੰਦ ਹੋਵੇ?

– ਤੁਸੀਂ ਠੀਕ ਹੀ ਕਿਹਾ ਹੈ। ਮੇਰੀ ਜੀਵਨ ਸਾਥਣ ਵੀ ਗਲ਼ੇ ਦੀ ਕੈਂਸਰ ਦਾ ਟਾਕਰਾ ਕਰ ਚੁੱਕੀ ਹੈ। ਅਨੇਕਾਂ ਲੋਕ ਰੋਜ਼ ਕੈਂਸਰ ਦੇ ਮਰੀਜ਼ ਬਣਦੇ ਰਹਿੰਦੇ ਹਨ। ਅਗਲੇ ਹਫ਼ਤੇ ਮੇਰਾ ਇਕ ਗਵਾਂਢੀ ਸੱਜਣ ਇਲਾਜ ਲਈ ਜਾ ਰਿਹਾ ਹੈ। ਸਾਡੀ ਖ਼ੁਸ਼ ਕਿਸਮਤੀ ਹੈ ਕਿ ਕੈਂਸਰ ਇਲਾਜ ਦਿਨ-ਬ-ਦਿਨ ਤਰੱਕੀ ਕਰ ਰਹੇ ਹਨ, ਅਮਰੀਕਾ ਇਸ ਪੱਖੋਂ ਅਗਲੀ ਕਤਾਰ ਵਿਚ ਹੈ। ਮੇਰੀ ਸਲਾਹ ਸਦਾ ਚੜ੍ਹਦੀ ਕਲਾ ਅਤੇ ਭਾਣਾ-ਮੰਨਣ ਦੇ ਆਲ਼ੇ-ਦੁਆਲੇ ਘੁੰਮਦੀ ਹੁੰਦੀ ਹੈ। ਕਈ ਵਾਰ ਸਿਰਫ਼ ਮਿਲਣਾ-ਗਿਲਣਾ ਹੀ ਠੀਕ ਰਹਿੰਦਾ ਹੈ, ਤਾਂ ਕਿ ਮੌਕੇ ਪੱਖੋਂ ਕੋਈ ਅਪ-ਸ਼ਬਦ ਨਾ ਵਰਤਿਆ ਜਾਵੇ।

? ਤੁਸੀਂ ਆਪਣੀ ਜ਼ਿੰਦਗੀ ‘ਚ ਕੀਤੇ ਕੰਮਾਂ-ਕਾਰਾਂ ਤੋਂ ਸੰਤੁਸ਼ਟ ਹੋ ਜਾਂ ਕੋਈ ਤਮੰਨਾ ਜੋ ਅਜੇ ਪੂਰੀ ਕਰਨਾਂ ਲੋਚਦੇ ਹੋਵੋਂ? ਫੇਰ ਅੱਜ ਕਲ੍ਹ ਕੋਈ ਰੁਝੇਵਾਂ?

– ਢਾਅ ਜੀ, ਬਾਕੀਆਂ ਵਾਂਗ ਮੈਨੂੰ ਵੀ ਬਹੁਤ ਸਾਰੇ ਸੁਪਨੇ ਅਤੇ ਕੰਮ ਅਧੂਰੇ ਰਹਿ ਗਏ ਜਾਪਦੇ ਹਨ, ਪਰ ਮੈਂ ਸੰਤੁਸ਼ਟ ਹਾਂ ਕਿ ਜੋ ਕੁਝ ਮੈਂ ਕਰ ਸਕਣ ਜੋਗਾ ਹੁੰਦਾ ਰਿਹਾ, ਬਿਨਾ ਹਿਚਕਚਾਹਟ ਦੇ ਕਰਦਾ ਗਿਆ । ਕੁਝ ਨੇੜੇ ਦੇ ਲੋਕ ਮਨਮਾਨੀਆਂ ਕਰਕੇ ਮੇਰਾ ਅਤੇ ਅਪਣਾ ਵੀ ਨੁਕਸਾਨ ਕਰ ਗਏ। ਮੇਰੀ ਸਦੀਵੀ ਤਮੰਨਾ ਇਹੀ ਰਹੀ ਹੈ ਕਿ ਮੇਰਾ ਹਰ ਰਿਸ਼ਤੇਦਾਰ ਪੜ੍ਹ-ਲਿਖ ਕੇ ਅਪਣੇ ਪੈਰਾਂ ਤੇ ਖੜ੍ਹਨਾ ਸਿੱਖੇ ਜਿਸ ਨਾਲ ਉਹ ਚੰਗਾ ਜੀਵਨ ਬਤੀਤ ਕਰ ਸਕੇ। ਮੈਂ ਕਿਸੇ ਦੀ ਕਦੇ ਗੈਰ-ਕਾਨੂੰਨੀ ਮਦਦ ਨਹੀਂ ਕੀਤੀ। ਮੇਰੀ ਸੰਤੁਸ਼ਟੀ ਇਸ ਗੱਲ ਵਿਚ ਵੀ ਹੈ ਕਿ ਮੇਰੀਆਂ ਰਿਸ਼ਤੇਦਾਰੀਆਂ ਵਿਚ ਘੱਟੋ-ਘੱਟ ਤਿੰਨ ਪੀਐੱਚ. ਡੀ., ਤਿੰਨ ਐੱਮ.ਬੀ,ਏ., ਇਕ ਵਕੀਲ, ਤੇ ਮੇਰੀ ਗਿਣਤੀ ਤੋਂ ਬਾਹਰ ਐੱਮ.ਏ. ਕਰ ਗਏ ਹਨ। ਇਸ ਵਿਚ ਸ਼ਾਇਦ ਮੇਰਾ ਕੋਈ ਤਿਲਫੁਲ ਅਸਰ ਹੈ। ਅੱਜ-ਕੱਲ੍ਹ ਮੈਂ ਕੀਰਤਨੀ ਆਸਾ-ਦੀ-ਵਾਰ ਸਿੱਖ ਕੇ ਰਿਕਾਰਡ ਕਰ ਰਿਹਾ ਹਾਂ। ਬਾਕੀ ਲੋਚਾਂ (ਤਮੰਨਾਵਾਂ) ਆਪੇ ਮੁਕਤ ਹੋ ਰਹੀਆਂ ਹਨ।

? ਅਮਰੀਕਾ ਆ ਕੇ ਕੀ ਖੱਟਿਆ ਕਮਾਇਆ ਜਾਂ ਗੁਆਇਆ ਇਹਦੇ ਬਾਰੇ ਚਾਨਣਾ ਪਾਓ?

– ਢਾਅ ਜੀ ਇਹ ਬਹੁਤ ਵੱਡਾ ਮਜ਼ਮੂਨ ਲਗਦਾ ਹੈ, ਮੈਂ ਇਸ ਝੋਰੇ ਵਿੱਚ ਨਹੀਂ ਪੈਣਾ ਚਾਹੁੰਦਾ। ਪਰ ਸੰਖੇਪ ਵਿਚ ਮੇਰੀ ਖੱਟਿਆ ਉੱਚ ਵਿੱਦਿਆ ਦੀ ਪ੍ਰਾਪਤ ਹੈ। ਪਰ ਜੋ ਮੈਂ ਗੁਆਇਆ ਹੈ ਉਹ ਰੱਬ ਜਾਣਦਾ ਹੈ। ਕਦੇ ਕਦੇ ਮੈਨੂੰ ਲਗਦਾ ਹੈ ਕਿ ਮੇਰੀ ਵਿੱਦਿਆ ਦੀ ਪੂਰੀ ਕਦਰ, ਨਾ ਭਾਰਤ ਵਿਚ, ਨਾ ਅਮਰੀਕਾ ਵਿਚ ਪਈ। ਫੇਰ ਵੀ ਮੈਂ ਨਿਰਾਸ਼ ਨਹੀਂ ਕਿਉਂਕਿ ਇਥੇ ਦੀਆਂ ਡਾਕਟਰੀ ਸਹੂਲਤਾਂ ਦੇ ਨਾਲ ਜੀਵਨ ਦੀਆਂ ਹੋਰ ਲੋੜਾਂ ਪੂਰੀਆਂ ਹੋ ਰਹੀਆਂ ਹਨ। ਇਹ ਵੀ ਇਕ ਪ੍ਰਾਪਤੀ ਵਾਲ਼ੀ ਗੱਲ ਹੀ ਹੈ ਕਿ ਮੇਰੇ ਬੱਚੇ ਉੱਚ ਵਿੱਦਿਆ ਲੈ ਕੇ ਚੰਗੀਆਂ ਜੌਬਾਂ ਕਰ ਰਹੇ ਹਨ। ਆਪਣੇ ਪੈਰਾਂ ਤੇ ਖੜ੍ਹੇ ਹਨ। ਸ਼ਾਇਦ ਭਾਰਤ ਵਿਚ ਰਹਿ ਕੇ ਇਤਨਾ ਕੁਝ ਹੋਣ ਦੀ ਸੰਭਾਵਨਾ ਅੱਜ ਦੇ ਹਾਲਾਤ ਮੁਤਾਬਕ ਮੁਸ਼ਕਲ ਸੀ। ਖੁਸ਼ੀਆਂ-ਖੇੜੇ ਅਤੇ ਮੁਸ਼ਕਲਾਂ ਵੀ ਹੋਰ ਹੋਣੇ ਸਨ।

? ਕੋਈ ਸੁਨੇਹਾ ਜੋ ਆਪਣੇ ਭਾਈਚਾਰੇ ਦੇ ਲੋਕਾਂ ਨੂੰ ਦੇਣਾ ਚਾਹੋਗੇ। ਜਿਹੜੇ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਵਿਚ ਪੜ੍ਹਨ ਲਈ ਭੇਜ ਰਹੇ ਹਨ? ਜਾਂ ਉਨ੍ਹਾਂ ਵਿਦਿਆਰਥੀਆਂ ਨੂੰ ਜੋ ਵਿਦੇਸ਼ਾਂ ਵਿਚ ਸਿਰਫ਼ ਪੜ੍ਹਨ ਲਈ ਹੀ ਆਉਂਦੇ ਹਨ? ਘਰੋਂ ਬਾਹਰ ਦੂਜੇ ਦੇਸ਼ਾਂ ਵਿਚ ਰਹਿਣ ਲਈ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ?

– ਇਸ ਵਾਰੇ ਬਹੁਤ ਕੁਝ ਛਪ ਰਿਹਾ ਹੈ। ਮੇਰਾ ਸੁਨੇਹਾ ਵੱਖ-ਵੱਖ ਲੋਕਾਂ ਲਈ ਵੱਖ-ਵੱਖ ਹੋਵੇਗਾ। ਸਾਂਝਾ ਸੁਨੇਹਾ ਤਾਂ ਇਹੀ ਹੈ ਕਿ ਸੱਜਣੋ, ‘ਅੱਖਾਂ ਖੁੱਲ੍ਹੀਆਂ ਰੱਖੋ !’
ਕੁਝ ਹੋਰ ਸੁਨੇਹੇ (ਕਾਵਿ ਟੁਕੜਿਆਂ ਰਾਹੀਂ):

ਕੁਝ ਕਰਦੇ ਰਹੋ, ਅਤੇ/ਜਾਂ ਕੁਝ ਸਿਖਦੇ ਰਹੋ
ਜੇ ਲਿਖਾਰੀ ਬਣਨਾ ਹੈ ਤਾਂ ਸੱਚ ਲਿਖਦੇ ਰਹੋ
ਮਨ ਵਿਚ ਆਈ ਬੋਲਣ ਤੋਂ ਨਾ ਝਿਕਦੇ ਰਹੋ
ਇਨਾਮਾਂ, ਆਹੁਦਿਆਂ ਪਿੱਛੇ ਨਾ ਵਿਕਦੇ ਰਹੋ
ਤੁਰਦੇ ਰਹੋ, ਪੱਕੀ ਉਮਰ ਵੀ ਨਾ ਟਿਕਦੇ ਰਹੋ
ਰੁੱਸਕੇ ਨਾ ਜਾਇਓ, ਜੀਂਦੇ ਵਸਦੇ ਦਿਖਦੇ ਰਹੋ

ਸਤਨਾਮ ਸਿੰਘ ਢਾਅ: ਡਾ. ਗੁਰਦੇਵ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੋ ਤੁਸੀਂ ਆਪਣੇ ਕੀਮਤੀ ਸਮੇਂ ਵਿਚੋਂ ਸਮਾਂ ਕੱਢ ਕੇ ਆਪਣੀ ਜ਼ਿੰਦਗੀ ਦੀ ਕਿਤਾਬ ਦੇ ਪੰਨੇ ਪਾਠਕਾਂ ਨਾਲ ਸਾਂਝੇ ਕੀਤੇ। ਅਸੀਂ ਕਾਮਨਾ ਕਰਦੇ ਹਾਂ ਕਿ ਤੁਸੀਂ ਇਸੇ ਤਰ੍ਹਾਂ ਹੋਰ ਵੀ ਸਾਹਿਤਕ ਸਿਰਜਣਾ ਕਰਦੇ ਰਹੋ ਅਤੇ ਆਪਣੀ ਜ਼ਿੰਦਗੀ ਦੇ ਅਨੁਭਵ ਸਾਂਝੇ ਕਰਦੇ ਰਹੋ।

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1429
***

satnam_dhaw
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਸਤਨਾਮ ਢਾਅ ਦੀਅਾਂ ਪੁਸਤਕਾਂ ਦਾ ਵੇਰਵਾ:

ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਦੂਜਾ)
ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਪਹਿਲਾ)

ਪਤਾ:
Satnam Singh Dhah
303 ASPEN RIDGE PL SW

Calgary, AB T3 H 1T2
Canada
Ph.403-285-6091
e-mailsatnam.dhah@gmail.com

ਸਤਨਾਮ ਢਾਅ

ਸਤਨਾਮ ਢਾਅ ਦੀਅਾਂ ਪੁਸਤਕਾਂ ਦਾ ਵੇਰਵਾ: ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਦੂਜਾ) ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਪਹਿਲਾ) ਪਤਾ: Satnam Singh Dhah 303 ASPEN RIDGE PL SW Calgary, AB T3 H 1T2 Canada Ph.403-285-6091 e-mailsatnam.dhah@gmail.com

View all posts by ਸਤਨਾਮ ਢਾਅ →