15 September 2025

ਅਰਪਨ ਲਿਖਾਰੀ ਸਭਾ ਦੀ ਜੁਲਾਈ ਮਹੀਨੇ ਇਕੱਤਰਤਾ— ਸਤਨਾਮ ਸਿੰਘ ਢਾਅ

ਕੈਲਗਰੀ (ਸਤਨਾਮ ਸਿੰਘ ਢਾਅ):  ਅਰਪਨ ਲਿਖਾਰੀ ਸਭਾ ਦੀ ਮਹੀਨਾਵਾਰ ਮੀਟਿੰਗ 12 ਜੁਲਾਈ ਨੂੰ ਕੋਸੋ ਹਾਲ ਵਿਚ ਡਾ. ਜੋਗਾ ਸਿੰਘ ਸਹੋਤਾ ਅਤੇ ਮਹਿਮਾਨ ਮੁਹੰਮਦ ਸਈਦ ਵੜੈਚ ਦੀ ਸਦਾਰਤ ਵਿਚ ਹੋਈ। ਉੱਭਰਦੇ ਸ਼ਾਇਰ ਅਤੇ ਗਾਇਕ ਸੁਖਮੰਦਰ ਗਿੱਲ ਨੇ ਲੱਚਰ ਗੀਤਕਾਰੀ ਨੂੰ ਨਕਾਰਦਾ ਆਪਣਾ ਗੀਤ ਸੁਣਾਇਆ ‘ਯਾਰਾਂ ਦੀ ਮੋਟਰ ‘ਤੇ ਨਾ ਮੁੜ ਖੜਕਣ ਗਲਾਸੀਆਂ/ ਜੱਟਾਂ ਦੇ ਹੱਥ ‘ਚੋਂ ਖੋਹ ਲਓ ਦਿੱਤੀਆਂ ਗੰਡਾਸੀਆਂ/ਬੰਦੂਕਾਂ ਦੀ ਥਾਂ ਚਲਾ ਦਿਓ ਹਲ਼ ਤੇ ਪੰਜਾਲ਼ੀਆਂ/ਗੀਤਾਂ ‘ਚ ਹੁਣ ਨਾ ਬੀਜਿਓ ਫ਼ਸਲਾਂ ਦੋਨਾਲੀਆਂ।  ਨਵੇਂ ਗੀਤਕਾਰਾਂ ਨੂੰ ਉਸਾਰੂ ਤੇ ਮਿਆਰੀ ਲਿਖਣ ਦੀ ਤਾਗੀਦ ਕਰ ਗਿਆ। ਇਸ ‘ਤੇ ਚਰਚਾ ਕਰਦਿਆਂ ਜ਼ੀਰ ਸਿੰਘ ਬਰਾੜ ਨੇ ਕਿਹਾ ਕਿ ਅਜਿਹੇ ਗੀਤਕਾਰ ਸਾਡੀ ਪੱਗ ਉੱਚੀ ਕਰਦੇ ਹਨ, ਜਦੋਂ ਕਿ ਜੋਗਾ ਸਿੰਘ ਸਹੋਤਾ ਨੇ ਇਸ ਨੂੰ ਰਿਆਜ਼ ਕੀਤੀ ਹੋਈ  ਸੁਰ ਦੀ ਅਤੇ ਕਮਾਲ ਦੀ ਗਾਇਕੀ ਕਰਾਰ ਦਿੱਤਾ।

ਮਾਸਟਰ ਹਰਭਜਨ ਸਿੰਘ ਨੇ ਵਿਅੰਗ ਲੇਖਕ ਗੁਰਨਾਮ ਸਿੰਘ ਤੀਰ ਦਾ ਲੇਖ ‘ਜ਼ਮਾਨਾ ਖ਼ਰਾਬ ਹੈ’ ਸੁਣਾ ਕੇ ਹਸਾਉਣ ਅਤੇ ਵਿਚਾਰ-ਮਗਨ ਕਰਨ ਦਾ ਮਾਹੌਲ ਸਿਰਜਿਆ। ਡਾ. ਮਨਮੋਹਨ ਬਾਠ ਨੇ ਫ਼ਿਲਮੀ ਗੀਤ ‘ਪਰਬਤ ਕੇ ਪੈਰੋਂ ਪਰ ਸ਼ਾਮ ਕਾ ਬਸੇਰਾ ਹੈ’ ਗਾ ਕੇ ਮੁਹੰਮਦ ਰਫ਼ੀ ਦੀ ਯਾਦ ਤਾਜ਼ਾ ਕਰ ਦਿੱਤੀ। ਡਾ. ਜੋਗਾ ਸਿੰਘ ਸਹੋਤਾ ਨੇ ਜਸਵੀਰ ਸਿੰਘ ਸਿਹੋਤਾ ਦਾ ਲਿਖਿਆ ਗੀਤ ‘ਸੁਫ਼ਨਾ ਤੇਰੇ ਪੰਜਾਬ ਦਾ ਸਾਡੇ ਦਿਲ ਵਿਚ ਰਹਿ ਗਿਆ’ ਅਤੇ ਕੇਸਰ ਸਿੰਘ ਨੀਰ ਦੀ ਇਹ ਗ਼ਜ਼ਲ ‘ਇਹ ਵੀ ਅਸਾਡਾ ਵਹਿਮ ਹੈ ਮਰ ਕੇ ਮਿਲ਼ਾਂਗੇ ਦੋਸਤਾ/ ਇਹ ਹੈ ਨਿਸ਼ਾਨੀ ਹਾਰ ਦੀ ਉਹ ਮਾਜਰਾ ਕੁੱਝ ਹੋਰ ਹੈ’। ਤਰੰਨਮ ਵਿਚ ਪੇਸ਼ ਕਰ ਕੇ ਸਰੋਦੀ ਰੰਗ ਬੰਨ੍ਹਿਆਂ।

ਦਰਸ਼ਨ ਸਿੰਘ ਬਰਾੜ ਦੀ ਛੰਦ-ਬਧ ਕਵਿਤਾ ‘ਨਾਲ਼ ਮਿੱਤਰਾਂ ਦਗ਼ਾ ਕਮਾਈਏ ਨਾ’, ਬਿਨਾਂ ਸੱਦਿਆਂ ਕਿਸੇ ਦੇ ਜਾਈਏ ਨਾ’, ਬਿਨ ਦੱਸਿਆਂ ਕਿਸੇ ਦੇ ਆਈਏ ਨਾਂ’ ਸਿਆਣੀਆਂ ਮੱਤਾਂ ਦਾ ਖ਼ੂਬਸੂਰਤ ਪਟਾਰਾ ਖੋਲ੍ਹ ਗਈ। ਜ਼ੀਰ ਸਿੰਘ ਬਰਾੜ ਨੇ ਪੰਜਾਬ ਰਾਜ ਬਿਜਲੀ ਬੋਰਡ ਵਿਚ ਨੌਕਰੀ ਕਰਦਿਆਂ, ਸਮੇਂ ਦੇ ਨਿਜੀ ਤਜਰਬੇ ਸਾਂਝੇ ਕਰਦਿਆਂ ਆਖਿਆ ਕਿ  ਮਿਹਨਤ   ਅਤੇ ਦਿਆਨਤਦਾਰੀ ਨਾਲ਼ ਕੀਤੀ ਸਰਕਾਰੀ ਨੌਕਰੀ ਦੀ ਤਸੱਲੀ ਉਸ ਦਾ ਸਰਮਾਇਆ ਹੈ। ਅਰਪਨ ਲਿਖਾਰੀ ਸਭਾ ਦੇ ਯੋਗਦਾਨ ਬਾਰੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਜਿਥੇ ਸਾਹਿਤਕ ਚਰਚਾ ਹੁੰਦੀ ਹੈ ਓਥੇ ਨਾਲ ਨੇਕ ਵਿਚਾਰ ਵੀ ਸੁਨਣ ਨੂੰ ਮਿਲਦੇ ਹਨ। ਜਸਵੀਰ ਸਿਹੋਤਾ ਨੇ ਪੰਜਾਬ ਫੇਰੀ ਦੌਰਾਨ ਹੋਏ ਅਨੁਭਵ ਸਾਂਝੇ ਕੀਤੇ ਅਤੇ ਆਪਣੀ ਤਾਜ਼ਾ ਕਵਿਤਾ ‘ਐਸਾ ਵਰ ਜੋੜੀਂ ਮਾਲਕਾ ਪਹਿਲੇ ਰਿਸ਼ਤੇ ਨਾ ਜਾਣ ਤਰੇੜੇ’ ਸੁਣਾਈ। 

ਸਤਨਾਮ ਸਿੰਘ ਢਾਅ ਨੇ ਵਿਧਾਤਾ ਸਿੰਘ ਧੀਰ ਦੀ ਲਿਖੀ,  ਮਹਾਰਾਜਾ ਰਣਜੀਤ ਸਿੰਘ ਦੇ  ਪਰਜਾ ਦੇ ਸੇਵਾਦਾਰ ਵਜੋਂ ਕੀਤੀ ਸੇਵਾ ਨੂੰ ‘ਪਾਂਡੀ ਪਾਤਸ਼ਾਹ’ ਪ੍ਰਭਾਵਸ਼ਾਲੀ ਕਵਿਤਾ ਰਾਹੀਂ ਪੇਸ਼ ਕੀਤਾ। ਕੈਲਗਰੀ ਦੇ ਗੁਪਤ-ਦਾਨੀ ਸ੍ਰ.  ਮੁਖਿੰਦਰਪਾਲ ਸਿੰਘ ਉੱਪਲ਼ ਨੇ ਪੰਜਾਬ ਜਾ ਕੇ ਨੇਕ ਕੰਮਾਂ ਲਈ ਦਿਲ ਖੋਲ੍ਹ ਕੇ ਗੁਪਤ-ਦਾਨ ਕਰਨ ਦੀ ਅਹਿਮ ਜਾਣਕਾਰੀ ਸਾਂਝੀ ਕੀਤੀ ਅਤੇ ਲੋੜਵੰਦਾਂ ਦੀ ਮਦਦ ਕਰਨ ਲਈ ਵੀ ਪ੍ਰੇਰਨਾ ਦਿੱਤੀ। ਦਿੱਲੀ ਤੋਂ ਕੈਲਗਰੀ ਦੀ ਫੇਰੀ ਤੇ ਆਏ ਬਿਜਨਿਸਮੈਨ ਜਸਵਿੰਦਰ ਸਿੰਘ ਨੇ 1984 ਦੇ ਦਿੱਲੀ ਵਿਚ ਹੋਏ ਸਿੱਖਾਂ ਦੇ ਕਤਲੇਆਮ ਦੀ ਹੱਡ ਬੀਤੀ ਅਤੇ ਜੱਗ ਬੀਤੀ ਦੇ ਅੱਖੀਂ ਵੇਖੇ ਹਾਲਾਤ ਬਿਆਨ ਕੀਤੇ। ਲਹਿੰਦੇ ਪੰਜਾਬ ਤੋਂ ਆਏ ਜਨਾਬ ਮੁਹੰਮਦ ਸਈਦ ਵੜੈਚ ਨੇ ਸਭਾ  ਦੇ  ਮਿਆਰੀ ਪ੍ਰੋਗਰਾਮ ਦੀ ਤਾਰੀਫ਼ ਕੀਤੀ ਅਤੇ ਬਾਬਾ ਬੁੱਲ੍ਹੇ ਸ਼ਾਹ ਦਾ ਕਲਾਮ ਵਿਲੱਖਣ ਅੰਦਾਜ਼ ਵਿਚ ਸੁਣਾ ਕੇ ਹਾਜ਼ਰੀ ਲਗਵਾਈ।

ਸਕੱਤਰ ਜਸਵੰਤ ਸਿੰਘ ਸੇਖੋਂ ਦੀ ਗ਼ੈਰ ਹਾਜ਼ਰੀ ਵਿਚ ਜਗਦੇਵ ਸਿੰਘ ਸਿੱਧੂ ਨੇ ਢੁੱਕਵੀਂਆਂ ਟਿੱਪਣੀਆਂ ਕਰਦੇ ਹੋਏ ਸਕੱਤਰ ਦੀਆਂ ਸੇਵਾਵਾਂ ਨਿਭਾਉਂਦਿਆਂ ਸਰੋਤਿਆਂ ਨੂੰ ਕੀਲੀ ਰੱਖਿਆ। ਅਖ਼ੀਰ  ਵਿਚ ਪ੍ਰਧਾਨ ਡਾ.ਜੋਗਾ ਸਿੰਘ ਸਹੋਤਾ ਨੇ ਪੇਸ਼ਕਾਰੀਆਂ ਦੇ ਮਿਆਰ ਨੂੰ ਸਲਾਹਿਆ, ਇਨ੍ਹਾਂ ਬਾਰੇ ਹੋਈ ਚਰਚਾ ਨੂੰ ਉਸਾਰੂ ਦੱਸਿਆ ਅਤੇ ਹਾਜ਼ਰੀਨ ਦਾ ਦਿਲੋਂ ਧੰਨਵਾਦ ਕੀਤਾ।

ਨਾਲ ਹੀ ਪਿਛਲੇ ਦਿਨੀਂ ਵਿਛੜ ਗਏ ਨਾਮਵਰ ਸ਼ਾਇਰ ਕੇਸਰ ਸਿੰਘ ਨੀਰ  ਨੂੰ ਯਾਦ ਕਰਦਿਆਂ ਜੁਲਾਈ 26,ਦਿਨ ਸ਼ਨਿੱਚਰਵਾਰ ਨੂੰ ਦੁਪਹਿਰ 1 ਵਜੇ ਟੈਂਪਲ ਕਮਿਊਨਟੀ ਹਾਲ ਵਿਚ ਰੱਖੇ ਸ਼ਰਧਾਂਜਲੀ ਸਮਾਗਮ ਵਿਚ ਪਹੁੰਚਣ ਦੀ ਪੁਰਜ਼ੋਰ ਅਪੀਲ ਵੀ ਕੀਤੀ।

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1559
***

satnam_dhaw
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਸਤਨਾਮ ਢਾਅ ਦੀਅਾਂ ਪੁਸਤਕਾਂ ਦਾ ਵੇਰਵਾ:

ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਦੂਜਾ)
ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਪਹਿਲਾ)

ਪਤਾ:
Satnam Singh Dhah
303 ASPEN RIDGE PL SW

Calgary, AB T3 H 1T2
Canada
Ph.403-285-6091
e-mailsatnam.dhah@gmail.com

ਸਤਨਾਮ ਢਾਅ

ਸਤਨਾਮ ਢਾਅ ਦੀਅਾਂ ਪੁਸਤਕਾਂ ਦਾ ਵੇਰਵਾ: ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਦੂਜਾ) ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਪਹਿਲਾ) ਪਤਾ: Satnam Singh Dhah 303 ASPEN RIDGE PL SW Calgary, AB T3 H 1T2 Canada Ph.403-285-6091 e-mailsatnam.dhah@gmail.com

View all posts by ਸਤਨਾਮ ਢਾਅ →