18 October 2025

ਪੰਜਾਬੀਆਂ ਦਾ ਹੀ ਨਹੀਂ ਦੁਨੀਆ ਦਾ ਮਾਣ: ਖੇਤੀ-ਵਿਗਿਆਨੀ ਗੁਰਦੇਵ ਸਿੰਘ ਖੁਸ਼ — ਮੁਲਾਕਾਤੀ: ਸਤਨਾਮ ਸਿੰਘ ਢਾਅ

ਜੀਵਨ ਬਿਓਰਾ:
ਡਾ. ਗੁਰਦੇਵ ਸਿੰਘ ਖੁਸ਼
ਜਨਮ:                                22 ਅਗਸਤ 1935
ਜਨਮ ਸਥਾਨ:                        ਖਟਕੜ ਕਲਾਂ (ਬੰਗਾ) ਜ਼ਿਲ੍ਹਾ ਨਵਾ-ਸ਼ਹਿਰ, ਪੰਜਾਬ
ਜੱਦੀ ਪਿੰਡ:                           ਰੁੜਕੀ (ਨੇੜੇ) ਗੁਰਾਇਆ ਜ਼ਿਲ੍ਹਾ ਜਲੰਧਰ, ਪੰਜਾਬ
ਪਰਿਵਾਰ:                             ਡਾ. ਹਰਵੰਤ ਕੌਰ ( ਸੁਪਤਨੀ), ਮਨਜੀਵ, ਸੋਨੀਆ, ਕਿਰਨ (ਲੜਕੀਆਂ), ਰਣਜੀਵ (ਲੜਕਾ)
ਵਿੱਦਿਆ:                              ਪੀਐੱਚ. ਡੀ.
ਕਿੱਤਾ:                                  (ਰੀਸਚਰ)
ਪੁਸਤਕਾਂ:                             ਸਾਇਟੋਜੈਨੇਟਿਕਸ ਆਫ਼ ਐਨੀਉਪਲੋਇਡਜ਼ 1973, ਹੋਸਟ ਪਲਾਂਟ ਰੀਸਿਸਟੈਂਸ ਟੂ ਇਨਸਕਟਸ 1995, ਆਈ ਅਰ ਐਂਡ ਦੇਅਰ ਇਮਪੈਕਟ 2005
ਸੰਪਾਦਨਾ:  ਰਾਈਸ ਬਾਇਓਟੈਕਨੌਲੋਜੀ 1991, ਐਰੋਮੈਟਿਕ ਰਾਇਸ 2000, ਨੂਡੋਲੇਸ਼ਨ ਐਂਡ ਨਾਈਟਰੋਜਨ 1991,ਐਪੋਮੈਕਸਿਸ: ਐਕਸਪੋਲਾਇਟਿੰਗ ਹਾਈ-ਬ੍ਰੀਡ ਵਿਗੋਰ ਇਨ ਰਾਈਸ 1994, ਰਈਸ ਜਨੈਟਿਕਸ 3 1996, ਰਾਈਸ ਜਨੈਟਿਕਸ 4 2001, ਪਿਛਲੇ ਸੱਠ ਸਾਲਾਂ ਵਿਚ ਅਨੇਕਾਂ ਹੀ ਸਇੰਟੈਫ਼ਿਕ ਪੇਪਰਜ ਕਾਨਫ਼ਰੰਸਾਂ ਤੇ ਵੱਖ ਵੱਖ ਜਰਨਲ ਪੇਪਰਾਂ ਵਿਚ ਛਪੇ ਹਨ। ਲਿਸਟ ਬਹੁਤ ਲੰਬੀ ਹੈ ਇਥੇ ਸਾਰਾ ਵੇਰਵਾ ਦੇਣਾ ਮੁਸ਼ਕਲਖੋਜ:  ਚੌਲਾਂ ਦੀ ਪ੍ਰਜਨਨ ਅਤੇ ਜੈਨੇਟਿਕਸ 

ਸਿਰਨਾਵਾਂ: 39399 Black Hawk Place, Davis California 95616 USA
ਫੋਨ/ ਈਮੇਲ:  5306653332. Email: gurdev@khush.org

ਮਾਣ-ਸਨਮਾਨ:  ਕਈ ਪੁਰਸਕਾਰ ਅਤੇ ਆਨਰੇਰੀ ਡਿਗਰੀਆਂ

ਰਾਸ਼ਟਰੀ ਪੁਰਸਕਾਰ:   ਬੋਰਲੌਗ ਪੁਰਸਕਾਰ, ਰਾਮੀਆ ਮੈਡਲ, ਬੀਪੀ ਪਾਲ ਮੈਮੋਰੀਅਲ ਪੁਰਸਕਾਰ, ਪਦਮ ਸ਼੍ਰੀ ਪੁਰਸਕਾਰ, ਅਮਰੀਕ ਸਿੰਘ ਸਿਨੇਮਾ ਪੁਰਸਕਾਰ, ਸਵਾਮੀਨਾਥਨ ਪੁਰਸਕਾਰ, ਲਾਈਫ ਟਾਈਮ ਅਚੀਵਮੈਂਟ ਪੁਰਸਕਾਰ, ਯੂਨੀਵਰਸਿਟੀ ਆਫ਼ ਕੈਲੀਫੋਰਨੀਆ ਮੈਡਲ ਆਫ਼ ਸਰਵਉੱਚ ਸਨਮਾਨ।

ਅੰਤਰਰਾਸ਼ਟਰੀ ਪੁਰਸਕਾਰ:  ਜਾਪਾਨ ਪੁਰਸਕਾਰ (ਜਾਪਾਨ), ਅੰਤਰਰਾਸ਼ਟਰੀ ਖੇਤੀਬਾੜੀ ਪੁਰਸਕਾਰ (ਅਮਰੀਕਾ), ਵਿਸ਼ਵ ਭੋਜਨ ਪੁਰਸਕਾਰ (ਅਮਰੀਕਾ) ਰੈਂਕ ਪੁਰਸਕਾਰ (ਯੂਕੇ), ਵੀਅਤਨਾਮ ਸਰਕਾਰ ਤੋਂ ਮੈਡਲ, ਅੰਤਰਰਾਸ਼ਟਰੀ ਸਹਿਯੋਗ ਪੁਰਸਕਾਰ ਚੀਨ ਸਰਕਾਰ, ਖੇਤੀਬਾੜੀ ਵਿੱਚ ਵੁਲਫ ਪੁਰਸਕਾਰ (ਇਜ਼ਰਾਈਲ), ਅੰਤਰਰਾਸ਼ਟਰੀ ਖਵਾਰਿਜ਼ਮੀ ਪੁਰਸਕਾਰ (ਈਰਾਨ), ਗੋਲਡਨ ਸਿਕਲ ਪੁਰਸਕਾਰ ਥਾਈਲੈਂਡ), ਮਥਾਥਿਰ ਪੁਰਸਕਾਰ (ਮਲੇਸ਼ੀਆ)

ਸਾਇੰਸ ਅਕੈਡਮੀਆਂ ਦੀਆਂ ਫੈਲੋਸ਼ਿਪਾਂ: ਨਿਊਯਾਰਕ ਅਕੈਡਮੀ ਆਫ਼ ਸਾਇੰਸਜ਼, ਇੰਡੀਅਨ ਨੈਸ਼ਨਲ ਸਾਇੰਸ ਅਕੈਡਮੀ,ਯੂਐਸ ਨੈਸ਼ਨਲ ਅਕੈਡਮੀ ਆਫ਼ ਸਾਇੰਸਜ਼, ਨੈਸ਼ਨਲ ਅਕੈਡਮੀ ਆਫ਼ ਐਗਰੀਕਲਚਰਲ ਸਾਇੰਸਜ਼, ਇੰਡੀਆ, ਰਾਇਲ ਸੋਸਾਇਟੀ, ਯੂਕੇ, ਰੂਸੀ ਅਕੈਡਮੀ ਆਫ਼ ਸਾਇੰਸਜ਼, ਚੀਨੀ ਅਕੈਡਮੀ ਆਫ਼ ਸਾਇੰਸਜ਼।

ਆਨਰੇਰੀ ਡਾਕਟਰੇਟ ਡਿਗਰੀਆਂ : ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ, ਤਾਮਿਲਨਾਡੂ ਖੇਤੀਬਾੜੀ ਯੂਨੀਵਰਸਿਟੀ ਕੋਇੰਬਟੂਰ,  ਸੀ ਐੱਸ ਆਜ਼ਾਦ ਖੇਤੀਬਾੜੀ ਅਤੇ ਤਕਨਾਲੋਜੀ ਯੂਨੀਵਰਸਿਟੀ  ਕਾਨ੍ਹਪੁਰ, ਜੀ ਬੀ ਪੰਤ ਖੇਤੀਬਾੜੀ ਅਤੇ ਤਕਨਾਲੋਜੀ ਯੂਨੀਵਰਸਿਟੀ, ਪੰਤ ਨਗਰ, ਡੀ ਮੋਂਟਫੋਰਟ ਯੂਨੀਵਰਸਿਟੀ ਲੈਸਟਰ, ਯੂਕੇ, ਆਸਾਮ ਖੇਤੀਬਾੜੀ ਯੂਨੀਵਰਸਿਟੀ, ਜੋਰਹਾਟ,  ਕੈਮਬ੍ਰਿਜ ਯੂਨੀਵਰਸਿਟੀ, ਕੈਮਬ੍ਰਿਜ, ਯੂ ਕੇ, ਐੱਨ. ਡੀ. ਖੇਤੀਬਾੜੀ ਅਤੇ ਤਕਨਾਲੋਜੀ ਯੂਨੀਵਰਸਿਟੀ, ਫੈਜ਼ਾਬਾਦ, ਓਹੀਓ ਸਟੇਟ ਯੂਨੀਵਰਸਿਟੀ ਕੋਲੰਬਸ, ਯੂ.ਐਸ.ਏ., ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ,  ਜਵਾਰ ਲਾਲ ਨਹਿਰੂ ਖੇਤੀਬਾੜੀ ਯੂਨੀਵਰਸਿਟੀ, ਜੱਬਲਪੁਰ,

ਇੰਦਰਾ ਗਾਂਧੀ ਖੇਤੀਬਾੜੀ ਯੂਨੀਵਰਸਿਟੀ, ਰਾਏਪੁਰ, ਬਿਧਾਨ ਚੰਦਰ ਖੇਤੀਬਾੜੀ ਯੂਨੀਵਰਸਿਟੀ, ਮੋਹਨ ਪੁਰ, ਭਾਰਤੀ ਖੇਤੀਬਾੜੀ ਖੋਜ ਸੰਸਥਾ, ਨਵੀਂ ਦਿੱਲੀ,  ਮੈਗਿਲ ਯੂਨੀਵਰਸਿਟੀ, ਮਾਂਟਰੀਅਲ, ਕੈਨੇਡਾ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ।

 ਵੱਖ ਵੱਖ ਦੇਸ਼ਾਂ ਵੱਲੋਂ ਪ੍ਰਸੰਸਾ ਪੱਤਰ: ਫਿਲੀਪੀਨਜ਼ ਦੇ ਰਾਸ਼ਟਰਪਤੀ ਅਰੋਯੋ ਮੈਕਾਪੈਗਲ, ਇੰਡੋਨੇਸ਼ੀਆ ਦੇ ਰਾਸ਼ਟਰਪਤੀ ਮੇਗਾਵਤੀ ਸੁਕਾਰਨੋ, ਮਿਸਰ ਦੇ ਉਪ ਪ੍ਰਧਾਨ ਮੰਤਰੀ, ਆਰਡੀਏ, ਦੱਖਣੀ ਕੋਰੀਆ ਦੇ ਡਾਇਰੈਕਟਰ ਜਨਰਲ।

ਡਾ. ਜੀ. ਐੱਸ. ਖੁਸ਼ ਦੇ ਸਨਮਾਨ ਵਿੱਚ ਇਮਾਰਤਾਂ ਦੇ ਨਾਮ ਰੱਖੇ ਗਏ ਹਨ:  ਡਾ. ਜੀ. ਐੱਸ. ਖੁਸ਼ ਬਾਇਓਟੈਕਨਾਲੋਜੀ ਬਿਲਡਿੰਗ ਪੀਏਯੂ ਲੁਧਿਆਣਾ,  ਜੈਨੇਟਿਕ ਇੰਜੀਨੀਅਰਿੰਗ ਪ੍ਰਯੋਗਸ਼ਾਲਾ, ਖੋਜ ਸੰਸਥਾ ਖਰਾਜ, ਈਰਾਨ, ਕਾਨਫਰੰਸ ਸੈਂਟਰ, ਕੈਲੀਫੋਰਨੀਆ ਯੂਨੀਵਰਸਿਟੀ, ਡੇਵਿਸ, ਅਮਰੀਕਾ, ਖੁਸ਼ ਹਾਲ, ਅੰਤਰਰਾਸ਼ਟਰੀ ਚੌਲ ਖੋਜ ਸੰਸਥਾ, ਫਿਲੀਪੀਨਜ਼।
***

ਪੰਜਾਬੀਆਂ ਦਾ ਹੀ ਨਹੀਂ ਦੁਨੀਆ ਦਾ ਮਾਣ: ਖੇਤੀ-ਵਿਗਿਆਨੀ ਗੁਰਦੇਵ ਸਿੰਘ ਖੁਸ਼
ਮੁਲਾਕਾਤੀ: ਸਤਨਾਮ ਸਿੰਘ ਢਾਅ

ਗੁਰਦੇਵ ਸਿੰਘ ਖੁਸ਼ ਕਿਸੇ ਜਾਣ ਪਹਿਚਾਣ ਦਾ ਮੁਹਤਾਜ ਨਹੀਂ। ਉਹ ਇਕ ਅਜਿਹਾ ਖੇਤੀ-ਵਿਗਿਆਨੀ ਹੈ ਜਿਸ ਨੂੰ ਦੁਨੀਆਂ ਭਰ ਵਿਚ ਹਰੀ ਕ੍ਰਾਂਤੀ  ਲਿਆਉਣ ਅਤੇ ਸੰਸਾਰ ਭਰ ਦੀ ਭੁੱਖਮਰੀ ਦੂਰ ਕਰਨ ਲਈ ਖੇਤੀ ਵਿਗਿਆਨੀਆਂ ਦੇ ਇਤਿਹਾਸ ਵਿਚ ਜਾਣਿਆਂ ਜਾਂਦਾ ਹੈ। ਗੁਰਦੇਵ ਸਿੰਘ ਨੇ ਮੇਰੇ ਲਾਗਲੇ ਪਿੰਡ ਰੁੜਕੀ ਜ਼ਿਲ੍ਹਾ ਜਲੰਧਰ ਜੋ ਇੰਡਸਟਰੀਅਲ ਕਸਬੇ ਗੁਰਾਇਆ ਤੋਂ ਸਾਢੇ ਅੱਠ ਕਿਲੋਮੀਟਰ ਪੱਛਮ ਵੱਲ ਹੈ, ਇਕ ਸਧਾਰਨ ਕਿਸਾਨ ਸ੍ਰ. ਕਰਤਾਰ ਸਿੰਘ ਕੂਨਰ ਦੇ ਘਰ ਜਨਮ ਲਿਆ। ਗੁਰਦੇਵ ਸਿੰਘ ਨੇ ਆਮ ਪਿੰਡਾਂ ਦੇ ਸਰਕਾਰੀ ਸਕੂਲ ਤੋਂ ਪ੍ਰਾਇਮਰੀ ਕਰਕੇ ਫੇਰ ਖ਼ਾਲਸਾ ਹਾਈ ਸਕੂਲ ਬੁੰਡਾਲ਼ਾ ਤੋਂ ਮੈਟ੍ਰਿਕ ਕਰ ਕੇ ਲੁਧਿਆਣੇ ਖੇਤੀਬਾੜੀ ਕਾਲਜ (ਜੋ ਬਾਅਦ ਵਿਚ ਯੂਨੀਵਰਸਿਟੀ ਬਣਾ ਦਿੱਤੀ ਗਈ) ਤੋਂ ਬੀਐੱਸ. ਸੀ. ਕਰਕੇ ਇੰਗਲੈਂਡ ਆ ਗਏ। ਪਰ ਮਨ ਵਿਚ ਉੱਚ ਵਿੱਦਿਆ ਦੀ ਪ੍ਰਬਲ ਇੱਛਾ ਨੇ ਇੰਗਲੈਂਡ ਵਿਚ ਵੀ ਨਾ ਟਿਕਣ ਦਿੱਤਾ। ਉੱਥੇ ਕੁਝ ਸਮਾਂ ਕੰਮ ਕਰਕੇ ਕੁਝ ਪੌਂਡ ਕਮਾਏ ਅਤੇ ਉੱਚ ਵਿੱਦਿਆ ਲਈ ਅਮਰੀਕਾ ਆ ਗਏ। ਯੂਨੀਵਰਸਿਟੀ ਆਫ਼ ਕੈਲੇਫੋਰਨੀਆ, ਡੇਵਿਸ ਤੋਂ ਵਜ਼ੀਫ਼ਾ ਪ੍ਰਾਪਤ ਕਰਕੇ ਪੀਐੱਚ. ਡੀ. ਕੀਤੀ। ਉੱਥੇ ਹੀ ਟਮਾਟਰ ਦੀਆਂ ਉੱਤਮ ਕਿਸਮਾਂ ‘ਤੇ ਖੋਜ ਕੀਤੀ ਅਤੇ ਸੱਤ ਸਾਲ ਤੱਕ ਯੂਨੀਵਰਸਿਟੀ ਵਿਚ ਕੰਮ ਕੀਤਾ। ਉਨ੍ਹਾਂ ਹੀ ਦਿਨਾਂ ਵਿਚ ਫ਼ਿਲਪੀਨ ਤੋਂ ‘ਇੰਟਰਨੈਸ਼ਨਲ ਰਾਇਸ ਰੀਸਰਚ ਇਨਸਟੀਚਿਉਟ ਤੋਂ ਇਕ ਵਫ਼ਦ ਕੈਲੇਫੋਰਨੀਆਂ ਯੂਨੀਵਰਸਿਟੀ ਵਿਚ ਆਇਆ ਉਨ੍ਹਾਂ ਨੂੰ ਇਕ ਖੋਜਾਥਾਰਥੀ ਦੀ ਲੋੜ ਸੀ, ਕੈਲੇਫੋਰਨੀਆ ਯੂਨੀਵਰਸਿਟੀ ਵਾਲ਼ੇ  ਗੁਰਦੇਵ ਸਿੰਘ ਦੀ ਟਮਾਟਰਾਂ ਦੀ ਕੀਤੀ ਖੋਜ ਤੋਂ ਬਹੁਤ ਪ੍ਰਭਾਵਿਤ ਸਨ। ਉਨ੍ਹਾਂ ਨੇ ਗੁਰਦੇਵ ਸਿੰਘ ਦਾ ਨਾਂ ਦਾ ਉਨ੍ਹਾਂ ਨੂੰ ਸੁਝਾ ਦਿੱਤਾ। ਫਿਲਪੀਨ ਰਿਸਰਚ ਸੈਂਟਰ ਵਾਲ਼ਿਆ ਨੇ ਡਾ. ਗੁਰਦੇਵ ਸਿੰਘ ਨੂੰ ਜੌਬ ਆਫ਼ਰ ਕੀਤੀ, ਬੱਸ ਫੇਰ ਕੀ ਸੀ ਫ਼ਿਲਪੀਨ ਵਿਚ ਗੁਰਦੇਵ ਸਿੰਘ ਨੂੰ ਝੋਨੇ ਦੀਆਂ ਨਵੀਆਂ ਕਿਸਮਾਂ ਦੇ ਡਿਪਾਰਟਮਿਂਟ ਦਾ ਮੁਖੀ ਬਣਾ ਦਿੱਤਾ। ਇਥੇ ਆਪਣੀ ਜ਼ਿੰਦਗੀ ਦੇ ਪੂਰੇ ਪੈਂਤੀ ਸਾਲ ਕੰਮ ਕਰਕੇ ਡਾ. ਗੁਰਦੇਵ ਸਿੰਘ ਨੇ ਚੌਲ਼ਾਂ ਦੀਆਂ ਤਿੰਨ ਸੌ ਵੀਹ ਦੇ ਕਰੀਬ ਨਵੀਆਂ ਕਿਸਮਾਂ ਇਜ਼ਾਦ ਕਰਨ ਵਿਚ ਆਪਣਾ ਬਹੁ-ਮੁੱਲਾਂ ਯੋਗਦਾਨ ਪਾਇਆ। ਦੁਨੀਆਂ ਦੇ ਬਹੁਤ ਸਾਰੇ ਦੇਸ਼ਾਂ ਜਿਥੇ ਚੌਲ਼ ਲੋਕਾਂ ਦਾ ਮੁੱਖ ਭੋਜਨ ਹੈ, ਦੀ ਥੋੜ ਨੂੰ ਪੂਰਾ ਕੀਤਾ ਉੱਥੇ ਖ਼ਾਸ ਕਰਕੇ ਇੰਡੀਆ ਦਾ ਅੰਨ-ਭੰਡਾਰ ਵਿਚ ਚੌਲ਼ਾਂ ਦੀ ਪੈਦਾਵਾਰ ਏਨੀ ਵੱਧ ਗਈ ਕਿ ਹੁਣ ਤਾਂ ਰੱਖਣ ਲਈ ਗੁਦਾਮ ਦੀ ਵੀ ਥੁੜ ਮਹਿਸੂਸ ਹੋਣ ਲੱਗੀ ਹੈ। ਫੇਰ ਪਿਛਲੇ ਪੰਦਰਾਂ ਅਠਾਰਾਂ ਸਾਲਾਂ ਤੋਂ ਤਾਂ ਚੌਲ ਦੂਜੇ ਮੁਲਕਾਂ ਨੂੰ ਵੀ ਭੇਜ ਰਿਹਾ ਹੈ।

ਦੁਨੀਆਂ ਭਰ ਦੇ ਦੇਸ਼ਾਂ ਵਿਚ ਝੋਨੇ ਦੀ ਪੈਦਾਵਾਰ ਵਿਚ ਹੈਰਾਨੀ-ਜਨਕ ਵਾਧਾ ਹੋਇਆ। ਚੌਲ਼ਾਂ ਦੀ ਪੈਦਾਵਾਰ ਵਧਾਉਣ ਲਈ ਦੁਨੀਆ ਦੇ ਸੱਤਰ ਦੇਸ਼ਾਂ ਵਿਚ ਖੋਜ ਲੈਬਾਂ ਵਿਚ ਆਪਣਾ ਯੋਗਦਾਨ ਪਾਇਆ। ਸੰਸਾਰ ਭਰ ਦੀਆਂ ਯੂਨੀਵਰਸਿਟੀਆਂ ਵੱਲੋਂ ਇਨਾਮ, ਮਾਣ-ਸਨਮਾਨ ਮਿਲ਼ੇ। ਦੁਨੀਆਂ ਭਰ ਦੀਆਂ ਨਾਮਵਰ ਯੂਨੀਵਰਸਿਟੀਆਂ ਨੇ ਇਨ੍ਹਾਂ ਨੂੰ ਅਨਰੇਰੀ ਡਾਕਟਰ ਦੀਆਂ ਡਿਗਰੀਆਂ ਦਿੱਤੀਆਂ ਪਰ ਏਨੀ ਪ੍ਰਸਿੱਧੀ ਖੱਟਣ ਬਾਅਦ ਵੀ ਡਾ. ਗੁਰਦੇਵ ਸਿੰਘ ਉਨ੍ਹਾਂ ਸਖ਼ਸ਼ੀਅਤਾਂ ਦਾ ਸਤਿਕਾਰ ਅੱਜ ਤੱਕ ਆਪਣੇ ਦਿਲ ਵਿਚ ਰੱਖਦਾ ਹੈ ਜਿਨ੍ਹਾਂ ਨੇ ਸਮੇਂ ਸਮੇਂ ਉਸ ਦੀ ਮਦਦ ਕੀਤੀ। ਖ਼ਾਸ ਕਰਕੇ ਆਪਣੇ ਮਾਪਿਆਂ ਤੇ ਅਧਿਆਪਕਾਂ ਜਿਨ੍ਹਾਂ ਨੇ ਉਸ ਨੂੰ ਚੰਗੇ ਸੰਸਕਾਰ ਅਤੇ ਜੀਵਨ-ਸੇਧਾਂ ਦੇ ਕੇ ਇਥੇ ਤੱਕ ਪਹੁੰਚਣ ਵਿਚ ਯੋਗਦਾਨ ਪਾਇਆ। ਖ਼ਾਲਸਾ ਹਾਈ ਸਕੂਲ ਬੁੰਡਾਲਾ ਦੇ ਪ੍ਰਿੰਸੀਪਲ ਸੰਤ ਰਾਮ ਇਸੇ ਤਰ੍ਹਾਂ ਕਾਲਜ ਸਮੇਂ ਡਾ. ਖੜਕ ਸਿੰਘ ਮਾਨ ਫੇਰ ਅਮਰੀਕਾ ਦੇ ਦੋ ਪ੍ਰੋਫੈਸਰਾਂ ਡਾ. ਸਟੈਬਿਨਜ਼ ਅਤੇ ਡਾ. ਰਿੱਕ ਜਿਨ੍ਹਾਂ ਦੀ ਛੱਤਰ-ਛਾਇਆ ਹੇਠ ਖੇਤੀ-ਵਿਗਿਆਨ ਵਿਚ ਮੱਲਾਂ ਮਾਰਨ ਦਾ ਖੁੱਲ੍ਹਾ ਮੌਕਾ ਮਿਲ਼ਿਆ  ਆਮ ਕਰਕੇ ਇਹ ਧਾਰਨਾ ਬਣੀ ਹੋਈ ਹੈ ਕਿ ਬਿਦੇਸ਼ਾਂ ਵਿਚ ਸਾਡੇ ਨਾਲ ਵਿਤਕਰਾ ਹੁੰਦਾ ਹੈ। ਕਿਸੇ ਹੱਦ ਤੱਕ ਹੁੰਦਾ ਵੀ ਹੈ ਪਰ ਡਾ. ਗੁਰਦੇਵ ਸਿੰਘ ਖੁਸ਼ ਦੇ ਦੱਸਣ ਮੁਤਾਬਿਕ ।ਕਦੇ ਵਿਤਕਰੇ ਦਾ ਸਾਹਮਣਾ ਕਰਨਾ ਨਹੀਂ ਪਿਆ। ਸਗੋਂ ਇੱਜ਼ਤ ਮਾਣ ਹੀ ਮਿਲ਼ਿਆ।

ਡਾ. ਗੁਰਦੇਵ ਸਿੰਘ ਆਪ ਵੀ ਬਹੁਤ ਹਰਮਨ ਪਿਆਰੇ ਅਧਿਆਪਕ ਹੋਣ ਕਰਕੇ ਹੀ ਇਨ੍ਹਾਂ ਦੀ  ਦੀ ਛਤਰ ਛਾਇਆ ਹੇਠ ਵੱਖ ਦੇਸ਼ਾਂ ਦੇ ਛੱਬੀ ਵਿਦਿਆਰਥੀਆਂ ਨੇ ਐੱਮ. ਐੱਸ ਸੀ., ਚੌਵੀ ਵਿਦਿਆਰਥੀਆਂ ਨੇ ਪੀਐੱਚ. ਡੀ. ਅਤੇ ਤੇਈ ਪੋਸਟ ਡਾਕਰੇਟ ਸਾਇੰਸਦਾਨਾਂ ਨੇ ਡਿਗਰੀਆਂ ਲਈਆਂ। ਅਨੇਕਾਂ ਹੀ ਖੇਤੀ-ਵਿਗਿਆਨੀਆਂ ਨਾਲ ਸਮੇਂ ਸਮੇਂ ਮਿਲ਼ ਕੇ ਹੋ ਰਹੀਆਂ ਖੋਜਾਂ ਬਾਰੇ ਵਿਚਾਰ ਵਟਾਂਦਰਾ ਕਰਦੇ। ਜਦੋਂ ਵੀ ਕਦੇ ਚੌਲ਼ ਉਗਾਉਣ ਵਾਲੇ ਮੁਲਕਾਂ ਵਿਚ ਜਾਂਦੇ ਤਾਂ ਆਪਣੇ ਵਿਦਿਆਰਥੀਆਂ ਨੂੰ ਚੌਲ਼ ਉਗਾਉਂਣ ਵਿਚ ਲੀਡਰ ਅਤੇ ਡਪਾਰਟਮਿਂਟਾਂ ਦੇ ਹੈੱਡ ਬਣੇ ਦੇਖਦੇ ਤਾਂ ਇਕ ਨੇਕ ਅਧਿਆਪਕ ਵਾਂਗ ਮਾਣ ਮਹਿਸੂਸ ਕਰਦੇ ਹਨ।

ਇਥੇ ਹੀ ਬੱਸ ਨਹੀਂ ਆਪਣੇ ਨਾਲ਼ ਰਹੇ ਸਾਥੀਆਂ ਤੇ ਕੰਮ ਕਰਨ ਵਾਲ਼ਿਆਂ ਨੂੰ ਅੱਜ ਤੱਕ ਨਹੀਂ ਭੁੱਲੇ। ਡਾ. ਗੁਰਦੇਵ ਸਿੰਘ ਦੱਸਦੇ ਹਨ ਕਿ ਉਨ੍ਹਾਂ ਦੀ ਮੁੱਢਲੀ ਜ਼ਿੰਦਗੀ ਵਿਚ ਉਨ੍ਹਾਂ ਦੇ ਪਿਤਾ ਜੀ ਦਾ ਬਹੁਤ ਹੀ ਮਹੱਤਵਪੂਰਨ ਯੋਗਦਾਨ ਰਿਹਾ। ਕਿਉਂਕਿ ਉਹ ਆਪ ਆਪਣੇ ਸਮੇਂ ਦੇ ਉਨ੍ਹਾਂ ਦੇ ਪਿੰਡ ਰੁੜਕੀ ਪਹਿਲੇ ਵਿਅਕਤੀ ਸਨ, ਜਿਨ੍ਹਾਂ ਨੇ ਹਾਈ ਸਕੂਲ ਤੱਕ ਦੀ ਵਿੱਦਿਆ ਪ੍ਰਾਪਤ ਕੀਤੀ ਸੀ। ਉਨ੍ਹਾਂ ਨੂੰ ਵਿੱਦਿਆ ਦੀ ਬਹੁਤ ਹੀ ਕਦਰ ਸੀ। ਪ੍ਰਾਇਮਰੀ ਸਕੂਲ ਤੋਂ ਹੀ ਪਿਤਾ ਜੀ ਨੇ ਮੈਨੂੰ ਬਹੁਤ ਉਤਸ਼ਾਹਿਤ ਕੀਤਾ। ਪਰ ਇਸ ਗੱਲ ਦਾ ਦੁੱਖ ਹਮੇਸ਼ਾ ਰਹੇਗਾ ਕਿ ਉਹ ਕੇਵਲ ਪੰਜਾਹ ਸਾਲ ਦੀ ਉਮਰ ਵਿਚ ਸਾਨੂੰ ਸਦੀਵੀ ਵਿਛੋੜਾ ਦੇ ਗਏ। ਉਹ ਮੇਰੀਆਂ ਪ੍ਰਾਪਤੀ ਦੇਖਦੇ ਤਾਂ ਮੈਨੂੰ ਹੋਰ ਵੀ ਖੁਸ਼ੀ ਹੁੰਦੀ। ਜਿਵੇਂ ਆਮ ਕਹਾਵਤ ਹੈ ਕਿ ਹਰ ਸਫ਼ਲ ਵਿਅਕਤੀ ਦੇ ਪਿੱਛੇ ਕਿਸੇ ਨੇਕ ਇਸਤਰੀ ਹੱਥ ਹੁੰਦਾ ਹੈ। ਡਾ. ਗੁਰਦੇਵ ਸਿੰਘ ਦੀ ਧਰਮ ਪਤਨੀ ਡਾ. ਹਰਵੰਤ ਕੌਰ ਦਾ ਪੂਰਾ ਹੱਥ ਹੈ। ਦਿਨ ਰਾਤ ਲੈਬਾਂ ਵਿਚ ਐਕਸਪੈਰੀਮਿਂਟ ਕਰਨੇ ਕਦੇ ਵੀ ਸੰਭਵ ਨਹੀਂ ਸੀ ਹੋ ਸਕਦੇ ਜੇਕਰ ਡਾ. ਹਰਵੰਤ ਕੌਰ ਵਰਗੀ ਜੀਵਨ ਸਾਥਣ ਨਾ ਹੁੰਦੀ। ਜਿਸ ਨੇ ਬੱਚਿਆਂ ਦਾ ਪਾਲਣ ਪੋਸ਼ਣ ਵੀ ਕੀਤਾ ਉਨ੍ਹਾਂ ਨੂੰ ਉੱਚ ਵਿੱਦਿਆ ਵੀ ਦੁਆਈ। ਜਦੋਂ ਬੱਚਿਆਂ ਦੀ ਪੜ੍ਹਾਈ ਖਤਮ ਤਾਂ ਹੋਈ ਆਪ ਵੀ ਦੁਬਾਰਾ ਯੂਨੀਵਰਸਿਟੀ ਜਾ ਕੇ ਐਜੂਕੇਸ਼ਨ ਮੈਨੇਜਮਿਂਟ ਵਿਚ ਪੀਐੱਚ. ਡੀ. ਦੀ ਡਿਗਰੀ ਹਾਸਲ ਕੀਤੀ।

ਭਾਵੇਂ ਡਾ. ਗੁਰਦੇਵ ਸਿੰਘ ਦਾ ਗੋਤ ਕੂਨਰ ਹੈ ਪਰ ਖੁਸ਼ ਤਖ਼ੱਲਸ ਨੇ ਗੁਰਦੇਵ ਸਿੰਘ ਖੁਸ਼ ਦੇ ਨਾਲ ਦੁਨੀਆ ਭਰ ਵਿਚ ਪ੍ਰਸਿੱਧ ਕਰ ਦਿੱਤਾ। ਕਿਉਂਕਿ ਗੁਰਦੇਵ ਸਿੰਘ ਨੂੰ ਸਕੂਲ ਸਮੇਂ ਕਵਿਤਾ ਲਿਖਣ ਦਾ ਸ਼ੌਂਕ ਸੀ, ਆਮ ਲੇਖਕਾਂ/ਕਵੀਆਂ ਵਾਂਗ ਆਪਣਾ ਤਖ਼ੱਲਸ ‘ਖੁਸ਼’ ਰੱਖ ਲਿਆ ਇਹ ਨਹੀਂ ਕਿ ਕੂਨਰ ਗੋਤ ਨੂੰ ਗੌਲ਼ਿਆ ਨਹੀਂ। ਗੁਰਦੇਵ ਸਿੰਘ ਨੇ ਕੂਨਰ ਗੋਤ ਦੇ ਪਿਛੋਕੜ ਬਾਰੇ ਵੀ ਖੋਜ ਕਰਕੇ ਇਕ ਬਹੁਤ ਹੀ ਮਹੱਤਵ-ਪੂਰਨ ਕਿਤਾਬਚਾ ਲਿਖਿਆ ਜਿਸ ਵਿਚ ਉਨ੍ਹਾਂ ਦੱਸਿਆ ਕਿ ਕੂਨਰ ਗੋਤ ਦੇ ਲੋਕ ਕੌਣ ਹਨ, ਪੰਜਾਬ ਦੇ ਵੱਖ ਵੱਖ ਕੋਨਿਆਂ ਵਿਚ ਕਿਥੇ ਕਿਥੇ ਵਸੇ ਹੋਏ ਹਨ। ਉਨ੍ਹਾਂ ਦੇ ਦੂਜੇ ਤਿੰਨੇ ਭਰਾ ਆਪਣਾ ਗੋਤ ਕੂਨਰ ਹੀ ਲਿਖਦੇ ਹਨ। ਇਥੇ ਹੀ ਬੱਸ ਨਹੀਂ ਆਪਣੇ ਨਾਨਕੇ ਪਿੰਡ ਖਟਕੜ-ਕਲਾ ਦੀਆਂ ਗਲ਼ੀਆਂ ਵੀ ਗਾਹ ਕੇ ਜਾਣਕਾਰੀ ਹਾਸਲ ਕਰਕੇ ਆਏ ਹਨ। ਸ਼ਾਇਦ ਖਟਕੜ ਕਲ਼ਾਂ ਬਾਰੇ ਵੀ ਕੂਝ ਲਿਖਣ ਜਦੋਂ ਮੈਂ ਪੁੱਛਿਆ ਕਿ ਲੰਬਾ ਸਮਾਂ ਫ਼ਿਲਪੀਨ ਵਿਚ ਰਹਿਣ ਕਰਕੇ ਤੁਹਾਡੇ ਬੱਚੇ ਪੰਜਾਬੀ ਸਭਿਆਚਾਰ, ਬੋਲੀ ਨੂੰ ਤਾਂ ਉੱਕਾ ਵਿਸਾਰ ਗਏ ਹੋਣਗੇ? ਤਾਂ ਉਨ੍ਹਾਂ ਜਵਾਬ ਸੀ ਕਿ ਸਾਡੇ ਬੱਚੇ ਆਪਣੇ ਪੰਜਾਬੀ ਕਲਚਰ ਦੇ ਨਾਲ਼ ਨਾਲ਼ ਫ਼ਿਲਪੀਨੀ ਕਲਚਰ ਬੋਲੀ ਅਤੇ ਅਮਰੀਕਨ ਕਲਚਰ ਤੇ ਬੋਲੀ ਨਾਲ ਵੀ ਪੂਰੀ ਤਰ੍ਹਾਂ ਨਾਲ ਜੁੜੇ ਹੋਏ ਹਨ। ਡਾ. ਗੁਰਦੇਵ ਸਿੰਘ ਆਪ ਵੀ ਛੇ ਬੋਲੀਆਂ(ਪੰਜਾਬੀ, ਉਰਦੂ, ਹਿੰਦੀ, ਫ਼ਾਰਸੀ ਇੰਗਲਿਸ਼ ਫ਼ਰੈਂਚ) ਬੋਲਦੇ ਹਨ। ਸਾਰੇ ਬੱਚਿਆਂ ਨੇ ਹਾਇਰ ਐਜੂਕੇਸ਼ਨ ਲੈ ਚੰਗੀਆਂ ਜੌਬਾਂ ਤੇ ਲੱਗੇ ਹੋਏ ਹਨ ਗੁਰਦੇਵ ਸਿੰਘ ਭਾਵੇਂ ਰੀਟਾਇਰਡ ਹੋ ਚੁੱਕੇ ਹਨ ਪਰ ਪੂਰੀ ਤਰ੍ਹਾਂ ਐਕਟਿਵ ਹਨ ਆਪਣਾ ਖੇਤੀ ਕਰਨ ਦਾ ਸ਼ੌਂਕ ਆਪਣੇ ਫਾਰਮ-ਹਾਉਸ ਤੇ ਪੂਰਾ ਕਰਨ ਲਈ ਸਬਜ਼ੀਆਂ ਤੇ ਫਲ਼ ਫਰੂਟਾਂ ਦੀ ਦੇਖ ਭਾਲ਼ ਸਵੇਰੇ, ਸ਼ਾਮ ਕਰਦੇ ਰਹਿੰਦੇ ਹਨ।

ਡਾ. ਖੁਸ਼ ਨੂੰ ਆਪਣੇ ਵਿਰਸੇ ‘ਤੇ ਵੀ ਬਹੁਤ ਮਾਣ ਹੈ ਪਰ ਸਾਰੇ ਕਲਚਰ ਧਰਮ ਬੋਲੀਆਂ ਦਾ ਪੂਰਾ ਸਤਿਕਾਰ ਉਨ੍ਹਾਂ ਦੇ ਦਿਲ ਵਿਚ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਦੁਨੀਆ ਦੇ ਬਹੁਤ ਸਾਰੇ ਵੱਖ ਵੱਖ ਸਭਿਆਚਾਰਾਂ ਦੇ ਲੋਕਾਂ ਨਾਲ ਵਿਚਰਨ ਦਾ ਮੌਕਾ ਮਿਲ਼ਿਆ ਉਹ ਸਾਰੇ ਹੀ ਮੇਰੇ ਗੂੜੇ ਦੋਸਤ ਹਨ। ਡਾ. ਖੁਸ਼ ਰਾਈਸ ਰਿਸਰਚ ਕਰਕੇ ਰਾਈਸ ਕਿੰਗ ਬਣਿਆਂ  ਭਾਵੇਂ ਹੋਰ ਵੀ  ਸਾਰੇ ਕੰਮ ਬਹੁਤ ਹੀ ਪ੍ਰਭਾਵਸ਼ਾਲੀ ਕੀਤੇ ਜਿਨ੍ਹਾਂ ਦੀ ਸ਼ਲਾਘਾ ਦੁਨੀਆ ਭਰ ਵਿਚ ਹੋ ਰਹੀ ਹੈ। ਇਕ ਗੱਲ ਜਿਸ ਨੇ ਖ਼ਾਸ ਕਰਕੇ ਮੈਨੂੰ ਪ੍ਰਭਾਵਿਤ ਕੀਤਾ ਉੁਹ ਇਹ ਕਿ ਕਰੋੜਾਂ ਦੀ ਰਾਸ਼ੀ ਜੋ ਉਨ੍ਹਾਂ ਨੂੰ ਮਾਣ-ਸਨਮਾਨ ਵਿਚ ਮਿਲ਼ੀ, 2010 ਤੋਂ ਉਨ੍ਹਾਂ ਨੇ ਪੰਜਾਬ ਐਗਰੀਕਲਚ ਯੂਨੀਵਰਸਿਟੀ ਵਿਖੇ ਖੁਸ਼ ਫ਼ਾਉਂਡੇਸ਼ਨ ਰਾਹੀਂ ਬਹੁਤ ਸਾਰੇ ਲੋੜਮੰਦ ਵਿਦਿਆਰਥੀਆਂ ਦੀ ਮਦਦ ਲਈ ਦੇ ਦਿੱਤੀ ਹੈ। ਇਸ ਤਰ੍ਹਾਂ ਦੀ ਕੁਰਬਾਨੀ ਕੋਈ ਵੱਡੇ ਜ਼ਿਗਰੇ ਵਾਲਾ ਇਨਸਾਨ ਹੀ ਕਰ  ਸਕਦਾ। ਫੇਰ ਆਪਣੀ ਮਿੱਟੀ ਨਾਲ ਅਤੁੱਟ ਮੋਹ ਕਰਕੇ ਹਰ ਸਾਲ ਇੰਡੀਆ ਜਾਂਦੇ ਹਨ, ਜਿਥੇ ਕਿਧਰੇ ਕੋਈ ਕਾਨਫ਼ੰਰਸ ਜਾਂ ਸੈਮੀਨਾਲ ਲਈ ਬੁਲਾਇਆ ਜਾਂਦਾ ਉੱਥੇ ਜਾਂ ਕੇ ਆਪਣੀਆਂ ਖੋਜਾਂ ਦਾ ਗਿਆਨ ਸਾਂਝਾ ਕਰਦੇ ਹਨ। ਇਕ ਕਾਨਫ਼ਰੰਸ ਰੂਮ ਯੂਨੀਵਰਸਿਟੀ ਆਫ਼ ਕੈਲੇਫੋਰਨੀਆ ਡੇਵਸ ਬਣਾਇਆ ਹੋਇਆ ਹੈ ਜਿਥੇ ਖੇਤੀ-ਵਿਗਿਆਨੀ ਆਪਣੀਆਂ ਖੋਜਾਂ ਬਾਰੇ ਵਿਚ ਵਟਾਂਦਰੇ ਕਰਦੇ ਰਹਿੰਦੇ ਹਨ। ਸੋ ਡਾ. ਗੁਰਦੇਵ ਸਿੰਘ ਤੇ ਜਿਨ੍ਹਾਂ ਵੀ ਮਾਣ ਕਰੀਏ ਥੋੜਾ ਹੈ।

ਪਿਛਲੇ ਦਿਨੀਂ ਮੈਨੂੰ ਉਨ੍ਹਾਂ ਨਾਲ਼ ਗੱਲਬਾਤ ਕਰਨ ਦੇ ਸੁਭਾਗ ਪ੍ਰਾਪਤ ਹੋਇਆ। ਇਸ ਮੁਲਾਕਾਤ ਦੇ ਕੁਝ ਅੰਸ਼ ਪਾਠਕਾਂ ਨਾਲ ਸਾਂਝੇ ਕਰਦੇ ਹਾਂ। ਉਮੀਦ ਕਰਦੇ ਹਾਂ ਪਾਠਕ ਇਸ ਮੁਲਾਕਾਤ ਨੂੰ ਪੜ੍ਹ ਕੇ ਉਤਸ਼ਾਹਿਤ ਜ਼ਰੂਰ ਹੋਣਗੇ।

 ਡਾ. ਗੁਰਦੇਵ ਸਿੰਘ ਜੀ ਆਪਣੇ ਬਾਰੇ ਮੁੱਢਲੀ ਜਾਣਕਾਰੀ (ਪਰਿਵਾਰਕ ਪਿਛੋਕੜ, ਜਨਮ,ਮਾਤਾ ਪਿਤਾ, ਭੈਣ ਭਰਾ) ਸਾਂਝੀ ਕਰੋ?

-ਮੇਰਾ ਜਨਮ ਮੇਰੇ ਨਾਨਕੇ ਪਿੰਡ ਖੜਕੜ ਕਲਾਂ ਸ਼ਹੀਦ ਭਗਤ ਸਿੰਘ ਦੇ ਪਿੰਡ ਅਗਸਤ,1933 ਵਿਚ ਹੋਇਆ। ਮੇਰੇ ਪਿਤਾ, ਸਰਦਾਰ ਕਰਤਾਰ ਸਿੰਘ ਕੂਨਰ ਜਲੰਧਰ ਜ਼ਿਲ੍ਹੇ ਵਿਚ ਪਿੰਡ ਰੁੜਕੀ ਦੇ ਨਾਲ ਸਬੰਧਿਤ ਸਨ। ਮੇਰੇ ਤਿੰਨ ਛੋਟੇ ਭਰਾ ਹਨ।

ਗੱਲ ਆਪਾਂ ਤੁਹਾਡੇ ਬਚਪਨ ਤੋਂ ਸ਼ੁਰੂ ਕਰਦੇ ਹਾਂ, ਬਚਪਨ ਨੂੰ ਜ਼ਿੰਦਗੀ ਦਾ ਬਾਦਸ਼ਾਹੀ ਸਮਾਂ ਮੰਨਿਆਂ ਜਾਂਦਾ  ਹੈ। ਬਚਪਨ ਦੀ ਕੋਈ ਅਜਿਹੀ ਯਾਦ ਜੋ ਅੱਜ ਵੀ ਤੁਹਾਡੇ ਚੇਤਿਆਂ ਵਿਚ ਵਸੀ ਹੋਈ ਹੋਵੇ?

-ਮੈਂ  ਆਪਣੇ ਬਚਪਨ ਦੇ ਪਹਿਲੇ  ਸੱਤ ਸਾਲ ਆਪਣੇ ਨਾਨਕੇ ਪਿੰਡ ਵਿਚ ਬਿਤਾਏ।  ਉੱਥੇ ਉਨ੍ਹਾਂ ਦਾ ਸਾਂਝਾ ਤੇ ਵੱਡਾ ਪਰਿਵਾਰ ਸੀ। ਮੈਨੂੰ ਆਪਣੇ ਮਾਮਿਆਂ ਦੇ ਲੜਕਿਆਂ ਭਰਾਵਾਂ (ਜੀਤ ਅਤੇ ਭਜਨ) ਨਾਲ ਖੇਡਣ ਦੀਆਂ ਬਹੁਤ ਸਾਰੀਆਂ ਮਿੱਠੀਆਂ ਯਾਦਾਂ ਹਨ। ਇਥੇ ਮੈਂ ਤੁਹਾਡੇ ਨਾਲ ਇਕ ਦੋ ਸਾਂਝੀਆਂ ਕਰਦਾਂ। ਉਹ ਇਹ ਕਿ ਅਸੀਂ ਛੋਟੇ ਛੋਟੇ ਖੇਤ ਬਣਾ ਕੇ ਖੇਡਦੇ ਅਤੇ ਉਨ੍ਹਾਂ ਨੂੰ ਸਿੰਜਿਆ ਕਰਦੇ ਸੀ ਮੇਰੇ ਨਾਨਕੀ ਖੂਹ ਤੇ ਅੰਬ ਦਾ ਰੁੱਖ ਸੀ। ਅਸੀਂ ਉਸ ਉੱਪਰ ਚੜ੍ਹ ਕੇ ਖੇਡਿਆ ਕਰਦੇ ਸੀ। ਮੈਂ ਖੇਤੀਬਾੜੀ ਦੇ ਕੰਮ ਵਿਚ ਵੀ ਆਪਣੇ ਮਾਮਿਆਂ ਦੀ ਮਦਦ ਕਰਦਾ ਸੀ। ਉਨ੍ਹਾਂ ਦਿਨਾਂ ਵਿਚ ਕਣਕ ਫਲ਼ਿਆਂ ਨਾਲ ਗਾਹੀ ਜਾਂਦੀ ਸੀ। ਅਪ੍ਰੈਲ ਮਹੀਨੇ ਵਿਚ ਹੀ ਬਹੁਤ ਕਰੜੀਆਂ ਤੇ ਤੇਜ   ਧੁੱਪਾਂ ਹੁੰਦੀਆਂ ਸਨ, ਮੈਨੂੰ ਫਲ਼ਿਆਂ ਨਾਲ ਕਣਕ ਗਾਹੁਣ ਦੀਆਂ ਵੀ ਬੜੀਆਂ ਮਿੱਠੀਆਂ ਯਾਦਾਂ ਹਨ। ਇਸ ਤੋਂ ਬਾਅਦ ਮੇਰੇ ਪਿਤਾ ਜੀ ਮੈਨੂੰ ਆਪਣੇ ਪਿੰਡ ਲੈ ਆਏ। ਇਥੇ ਮੈਨੂੰ ਆਪਣੇ ਪਿੰਡ ਪ੍ਰਾਇਮਰੀ ਸਕੂਲ ਵਿਚ ਪੜ੍ਹਨ ਲਾਇਆ।

ਤੁਸੀਂ ਆਪਣੇ ਸਮੇਂ ਦੇ ਬਚਪਨ ਅਤੇ ਹੁਣ ਦੇ ਸਮੇਂ ਦੇ ਬੱਚਿਆਂ ਦੇ ਬਚਪਨ ਨੂੰ ਕਿਸ ਤਰ੍ਹਾਂ ਦੇਖਦੇ ਹੋ?

– ਭਾਵੇਂ ਮੇਰਾ ਬਚਪਨ ਬਹੁਤ ਸੌਖਾ ਸੀ। ਪਰ ਸਾਡੇ ਕੋਲ ਹੁਣ ਦੇ ਬੱਚਿਆਂ ਵਾਂਗ ਕੋਈ ਗੇਮਾਂ ਜਾਂ ਖਿਡੌਣੇ ਨਹੀਂ ਸਨ ਹੁੰਦੇ। ਉਨ੍ਹਾਂ ਸਮਿਆਂ ਵਿਚ ਸਾਡੇ ਕੋਲ ਘਰ ਵਿੱਚ ਨਾ ਹੀ ਬਿਜਲੀ ਨਾ ਹੀ ਪਾਣੀ ਦੀਆਂ ਟੈਂਕੀਆਂ ਸਨ। ਨਾ ਹੀ ਹੁਣ ਵਾਂਗ ਘਰਾਂ ਵਿਚ ਟਾਇਲਟ ਵਗੈਰਾ ਦੀਆਂ ਸਹੂਲਤਾਂ ਸਨ। ਭੋਜਨ ਸਧਾਰਨ, ਸੰਤੁਲਿਤ ਪਰ ਸੁਆਦੀ ਹੁੰਦਾ ਸੀ। ਨਾਸ਼ਤੇ ਵਿੱਚ ਲੱਸੀ, ਮੱਖਣ ਅਤੇ ਪਰਾਉਂਠੇ ਖਾਂਦੇ ਫੇਰ ਦੁਪਹਿਰ ਦੇ ਖਾਣੇ ਵਿੱਚ ਦਾਲ ਅਤੇ ਰੋਟੀ ਸ਼ਾਮਿਲ ਹੁੰਦੀ ਸੀ। ਅਸੀਂ ਕਦੇ ਵੀ ਕੋਈ ਮਾਸ ਜਾਂ ਅੰਡੇ ਨਹੀਂ ਸੀ ਵਰਤਦੇ।

ਤੁਹਾਡੇ ਪ੍ਰਾਇਮਰੀ ਜਾਂ ਹਾਈ ਸਕੂਲ ਦੇ ਆੜੀਆਂ ਦੀ ਕੋਈ ਯਾਦ? ਜੋ ਬਾਅਦ ਵਿਚ ਵੀ ਤੁਹਾਡੇ ਸੰਪਰਕ ਵਿਚ ਰਹੇ ਹੋਣ?

– ਮੇਰੇ ਤਕਰੀਬਨ ਪੰਦਰਾਂ ਜਮਾਤੀ ਸਨ, ਜਿਨ੍ਹਾਂ ਵਿਚ ਛੇ ਸਿੱਖ, ਚਾਰ ਹਿੰਦੂ, ਤਿੰਨ ਮੁਸਲਮਾਨ ਅਤੇ ਦੋ ਦਲਿਤ ਸਨ। ਦਲਿਤ ਸ਼੍ਰੇਣੀ ਦੇ ਇਕ ਜਮਾਤੀ ਪਿੰਡ ਮਿੱਠੜੇ, ਜਲੰਧਰ ਦਾ ਪਿਆਰੇ ਲਾਲ ਸੀ ਜੋ ਬਹੁਤ ਹੀ ਤੇਜ ਬੁੱਧੀ ਦਾ ਮਾਲਕ ਸੀ। ਉਸ ਨੇ ਵੀ ਉੱਚ ਵਿੱਦਿਆ ਪ੍ਰਾਪਤ ਕੀਤੀ। ਇੰਡੀਆ ਸਰਕਾਰ ਵੱਲੋਂ ਉਸਨੂੰ ਵਿਦੇਸ਼ੀ ਸੇਵਾ ਲਈ ਚੁਣਿਆ ਗਿਆ ਸੀ। ਬਾਅਦ ਵਿਚ ਉਹ ਟਰਾਂਟੋ, ਕੈਨੇਡਾ ਵਿੱਚ ਭਾਰਤ ਦੀ ਕੌਂਸਲ ਜਨਰਲ ਵੀ ਰਿਹਾ।

ਗੁਰਦੇਵ ਜੀ ਇਹ ਵੀ ਦੱਸੋ ਤੁਹਾਡੇ ਸਕੂਲ ਅਧਿਆਪਕ ਕਿਹੋ ਜਿਹੇ ਸਨ? ਸੁਣਿਆ ਉਹਨਾਂ ਸਮਿਆਂ ਵਿਚ  ਅਧਿਆਪਕਾਂ ਦਾ ਪੜ੍ਹਾਉਣ ਦਾ ਖ਼ਾਸ  ਫਾਰਮੂਲਾ ਡੰਡਾ ਅਤੇ ਚਪੇੜ ਹੀ ਹੁੰਦਾ ਸੀ। ਤੁਹਾਡੀ ਜ਼ਿੰਦਗੀ ਵਿਚ ਅਧਿਆਪਕਾਂ ਦਾ ਰੋਲ਼ ਕਿਹੋ ਜਿਹਾ ਰਿਹਾ?

-ਸਤਨਾਮ ਜੀ, ਬਿਲਕੁਲ ਤੁਸੀਂ ਸੱਚ ਆਖਿਆ ਉਨ੍ਹਾਂ ਦਿਨਾਂ ਵਿਚ ਸਾਡੇ ਅਧਿਆਪਕ ਬਹੁਤ ਸਖ਼ਤ ਸਨ। ਵਿਦਿਆਰਥੀਆਂ ਨੂੰ ਚੰਡ ਕੇ ਰੱਖਦੇ ਸੀ। ਅਨੁਸ਼ਾਸਨ ਦੀ ਘਾਟ ਜਾਂ ਫੇਰ ਸਕੂਲ ਵਿਚ ਦਿੱਤੇ ਹੋਮ-ਵਰਕ ਦੇ ਪੂਰਾ ਨਾ ਹੋਣ ਲਈ ਵਿਦਿਆਰਥੀਆਂ ਨੂੰ ਸਜ਼ਾ ਦੇਣਾ ਆਮ ਗੱਲ ਸੀ। ਸਾਡੇ ਹਾਈ ਸਕੂਲ ਬੁੰਡਾਲ਼ਾ ਵਿਚ ਕਾਨ੍ਹਾ ਢੇਸੀਆਂ ਦਾ ਮਾਸਟਰ ਭਗਤ ਸਿੰਘ ਢੇਸੀ ਸੀ ਜੋ  ਕਲਾਸ ਵਿੱਚ ਇੱਕ ਸੋਟੀ ਵਰਤਣ ਲਈ ਜਾਣਿਆਂ ਜਾਂਦਾ ਸੀ। ਉਹ ਵਿਦਿਆਰਥੀਆਂ ਨੂੰ ਜਿਹੜੇ ਸਕੂਲ ਦਾ ਕੰਮ ਨਾ ਕਰਦੇ ਜਾਂ ਕੋਈ ਗ਼ਲਤ ਕੰਮ ਕਰਦੇ ਉਨ੍ਹਾਂ ਨੂੰ ਹੱਥਾਂ ‘ਤੇ ਇਸ ਸੋਟੀ ਨਾਲ ਮਾਰਨ ਨਾਲ ਸਜ਼ਾ ਦਿੰਦਾ ਸੀ। ਇਹ ਸੋਟੀ ਇਕ ਸਿਰੇ ਤੋਂ ਥੋੜੀ ਜਿਹੀ ਕਾਲ਼ੀ ਸੀ, ਅਸੀਂ ਇਸ ਨੂੰ ਮਜ਼ਾਕ ਨਾਲ ਕਾਲੇ ਮੂੰਹ ਵਾਲ਼ੀ ਸੋਟੀ ਕਹਿੰਦੇ ਹੁੰਦੇ ਸੀ। ਮੇਰੀ ਜ਼ਿੰਦਗੀ ਵਿਚ ਅਧਿਆਪਕਾਂ ਦਾ ਰੋਲ ਬਹੁਤ ਹੀ ਮਹੱਤਵਪੂਰਨ ਰਿਹਾ।  ਪੜ੍ਹਾਈ    ਤੋ ਇਲਾਵਾ ਮੈਨੂੰ ਅਧਿਆਪਕਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲ਼ਿਆ।  ਸਮੇਂ ਦੀ ਕਦਰ ਕਰਨਾ,ਆਪਣੇ ਤੋਂ ਵੱਡਿਆਂ ਦਾ ਸਤਿਕਾਰ ਅਤੇ ਬੱਚਿਆਂ ਨੂੰ ਪਿਆਰ ਕਰਨਾ ਬਾਕੀ ਹੋਰ ਵੀ ਇਨਸਾਨ ਦੀ ਜ਼ਿੰਦਗੀ ਵਿਚ ਕੰਮ ਆਉਣ ਵਾਲ਼ੀਆਂ ਗੱਲਾਂ ਅਧਿਆਪਕਾਂ ਨੇ ਹੀ ਸਾਨੂੰ ਸਿਖਾਈਆਂ

? ਤੁਸੀਂ ਗੁਰਦੇਵ ਸਿੰਘ ਕੂਨਰ ਤੋਂ ਗੁਰਦੇਵ ਸਿੰਘ ਖੁਸ਼ ਕਦੋਂ ਤੇ ਕਿਵੇਂ ਬਣੇ, ਮੈਨੂੰ ਪਤਾ ਲੱਗਾ ਕਿ ਤੁਸੀਂ ਹਾਈ ਸਕੂਲ ਬੁੰਡਾਲਾ ਵਿਚ ਪੜ੍ਹਦੇ ਸਮੇਂ ਸਾਹਿਤਕ ਰੁਚੀਆਂ ਰੱਖਦੇ ਰਹੇ ਹੋ। ਇਥੇ ਆਪਣੀ ਸ਼ਾਇਰੀ ਬਾਰੇ ਵੀ ਕੁਝ ਚਾਨਣਾ ਪਾਓ। ਉਸ ਸਮੇਂ ਦੀ ਕੋਈ ਕਵਿਤਾ ਯਾਦ ਹੋਵੇ ਤਾਂ ਸਾਂਝੀ ਕਰਨੀ ਚਾਹੋਂਗੇ? ਉਸ ਵੇਲੇ ਦੀਆਂ ਰਚਨਾਵਾਂ ‘ਚੋਂ ਕੁਝ ਸਾਂਭਿਆਂ ਵੀ ਜਾਂ ਉਨ੍ਹਾਂ ਰਚਨਾਵਾਂ ਨੂੰ ਅਣਗੌਲ਼ਿਆ ਕਰਕੇ ਭੁੱਲ-ਭੁਲਾਅ ਦਿੱਤਾ ਉਨ੍ਹਾਂ ਸਮਿਆਂ ਵਿਚ ਸਕੂਲਾਂ ਵਿਚ ਗੁਰਮੁਖੀ ਦੀ ਥਾਂ ਉਰਦੂ ਦਾ ਬੋਲ ਬਾਲਾ ਸੀ, ਤੁਹਾਡੀ ਸ਼ਾਇਰੀ ਵੀ ਉਰਦੂ ਵਿਚ ਸੀ ਜਾਂ ਗੁਰਮੁਖੀ ਵਿਚ ਕੁਝ ਲਿਖਿਆ? ਕੀ ਕੁਝ ਲਿਖਿਆ ਫੇਰ?

-ਢਾਅ ਜੀ, ਹਾਈ ਸਕੂਲ ਦੇ ਦੌਰਾਨ ਮੈਂ ਛੋਟੀਆਂ ਪੰਜਾਬੀ ਕਹਾਣੀਆਂ ਲਿਖਣ ਵਿੱਚ ਦਿਲਚਸਪੀ ਰੱਖਦਾ ਸੀ ਅਤੇ ਕਦੇ-ਕਦਾਈਂ ਕੁਝ ਕਵਿਤਾਵਾਂ ਵੀ ਲਿਖ ਲੈਂਦਾ ਸੀ। ਇਸ ਲਈ ਮੈਂ ਆਪਣਾ ਤੱਖ਼ਲਸ ‘ਖੁਸ਼’ ਰੱਖ ਲਿਆ। ਆਪਣੇ ਨਾਂ ਨਾਲ ਆਪਣਾ ਗੋਤ ਕੂਨਰ ਵਰਤਣ ਦੀ ਥਾਂ ਖੁਸ਼ ਵਰਤਣ ਲੱਗ ਪਿਆ। ਜਦੋਂ ਕਿ ਮੇਰੇ ਤਿੰਨੇ ਭਰਾ ਆਪਣੇ ਨਾਮ ਨਾਲ ਕੂਨਰ ਗੋਤ ਦੀ ਵਰਤੋਂ ਕਰਦੇ ਹਨ। ਹਾਲਾਂ ਕਿ ਮੇਰੇ ਸਕੂਲ ਦੇ ਦਿਨਾਂ ਦੌਰਾਨ ਉਰਦੂ ਸਿੱਖਿਆ ਦਾ ਮਾਧਿਅਮ ਸੀ ਅਤੇ ਜ਼ਿਆਦਾਤਰ ਅਖ਼ਬਾਰ ਵੀ ਉਰਦੂ ਜ਼ੁਬਾਨ ਵਿਚ ਛਪਦੇ ਸੀ। ਪਰ ਮੈਨੂੰ ਗੁਰਮੁਖੀ ਰਸਾਲੇ ਪੜ੍ਹਨ ਦਾ ਸ਼ੌਂਕ ਸੀ। ਇਸ ਕਰਕੇ ਮੈਂ ਪੰਜਾਬੀ ਵਿਚ ਲਿਖਤ ਲਿਖਣ ਵਿਚ ਦਿਲਚਸਪੀ ਰੱਖਦਾ ਸੀ। ਬਦਕਿਸਮਤੀ ਨਾਲ ਜਦੋਂ ਮੈਂ ਪੰਜਾਬ ਤੋਂ ਇੰਗਲੈਂਡ ਆਇਆ ਤਾਂ ਮੈਂ ਸਾਰੀਆਂ ਕਹਾਣੀਆਂ ਅਤੇ ਕਵਿਤਾਵਾਂ ਘਰ ਹੀ ਛੱਡ ਆਇਆ ਸੀ ਬਦਕਿਸਮਤੀ ਨਾਲ ਹੁਣ ਕੋਈ ਵੀ ਉਪਲੱਭਦ ਨਹੀਂ।

? ਸ਼ਾਇਰੀ ਸ਼ੌਂਕ ਸਮੇਂ ਆਪਣਾ ਤੱਖ਼ਲਸ ਖੁਸ਼ ਰੱਖਿਆ ਜੋ ਇਕ ਖੇਤੀ-ਵਿਗਿਆਨੀ ਬਣਨ ਤੇ ਵੀ ਦੁਨੀਆ ਭਰ ਵਿਚ ਤੁਹਾਡੀ ਪਛਾਣ ਬਣਿਆ। ਜਦੋਂ ਕਿ ਆਮ ਕਰਕੇ ਬਹੁਤੇ ਲੋਕ ਆਪਣਾ ਗੋਤ ਹੀ ਵਰਤਦੇ ਹਨ। ਪਰ ਤੁਹਾਨੂੰ ਦੁਨੀਆ ਡਾ. ਗੁਰਦੇਵ ਸਿੰਘ ਖੁਸ਼ ਦੇ ਨਾਂ ਨਾਲ ਹੀ ਜਾਣਦੀ ਹੈ। ਇਹਦੇ ਬਾਰੇ ਕੀ ਕਹਿਣਾ ਚਾਹੋਗੇ?

-ਹਾਂ ਜੀ, ਤੁਹਾਡੀ ਗੱਲ ਬਿਲਕੁਲ ਸਹੀ ਹੈ। ਇਹ ਹੋਇਆ ਇਸ ਤਰ੍ਹਾਂ ਕਿ ਜਦੋਂ ਮੈਂ ਸਕੂਲ ਵਿਚ ਪੜ੍ਹਦਾ ਸੀ ਤਾਂ ਮੈਨੂੰ ਘਰ ਅਤੇ ਸਕੂਲ ਵਿਚ ਦੇਵ ਕਹਿ ਕੇ ਬੁਲਾਇਆ ਕਰਿਆ ਕਰਦੇ ਸਨ। ਜਦੋਂ ਮੈਂ ਦਸਵੀਂ ਦੀ ਪ੍ਰੀਖਿਆ ਦਿੱਤੀ ਤਾਂ ਦਾਖ਼ਲਾ ਫਾਰਮ ਭਰਿਆ ਉਹਦੇ ਵਿਚ ਮੈਂ ਆਪਣੇ  ਨੇਮ ਨਾਲ ਆਪਣਾ ਗੋਤ ਕੂਨਰ ਲਿਖਣ ਦੀ ਬਜਾਏ ਆਪਣਾ ਤੱਖ਼ਲਸ ‘ਖੁਸ਼’ ਲਿਖਿਆ। ਉਸ ਤੋਂ ਬਾਅਦ ਕਾਲਜ ਵਿਚ ਦਾਖ਼ਲ ਹੋਣ ਲਈ ਆਪਣੇ ਦਸਵੀਂ ਦਾ ਸਰਟੀਫ਼ੀਕੇਟ ਉਪਰ ਲਾਸਟਨੇਮ ਵਾਲੇ ਖਾਨੇ ਵਿਚ ‘ਖੁਸ਼’ ਲਿਖਿਆ ਹੋਣ ਕਰਕੇ ਮੇਰਾ ਅਧਿਕਾਰਤ ਲਾਸਟ ਨਾਮ ‘ਖੁਸ਼’ ਹੋ ਗਿਆ। ਹੁਣ ਦੁਨੀਆ ਮੈਨੂੰ ਗੁਰਦੇਵ ਸਿੰਘ ਖੁਸ਼ ਦੇ ਨਾਲ ਹੀ ਜਾਣਦੀ ਹੈ।

? ਤੁਸੀਂ ਸੰਤਾਲੀ ਦੀ ਵੰਡ ਤੋਂ ਪਹਿਲਾਂ ਤੁਹਾਡੇ ਨਾਲ ਕੁਝ ਮੁਸਲਿਮ ਵਿਦਿਆਰਥੀਆਂ ਨੂੰ ਆਪਣੇ ਘਰ ਘਾਟ ਛੱਡ ਕੇ ਪਾਕਿਸਤਾਨ ਜਾਣਾ ਪਿਆ। ਕਦੇ ਮੁੜ ਆਪਣੇ ਕਿਸੇ ਦੋਸਤ ਨੂੰ ਮਿਲਣ ਜਾਂ ਨਾਲ ਗੱਲਬਾਤ ਕਰਨ ਦਾ ਕੋਈ ਸਬੱਬ ਵੀ ਬਣਿਆ। ਉਸ ਸਮੇਂ ਦੇ ਦੁਖਾਂਤ ਦੀ ਕੋਈ ਯਾਦ ਹੋਵੇ?

-ਖ਼ਾਲਸਾ ਹਾਈ ਸਕੂਲ ਬੁੰਡਲਾ ਵਿਚ ਤਿੰਨ ਮੁਸਲਮਾਨ ਜਮਾਤੀ ਤੁਹਾਡੇ ਅਤੇ ਮੇਰੇ ਗੁਆਂਢੀ ਪਿੰਡ, ਘੁੜਕਾ ਤੋਂ ਸਨ ਜਿਨ੍ਹਾਂ ਨੇ ਖ਼ਾਲਸਾ ਹਾਈ ਸਕੂਲ ਬੁੰਡਾਲ਼ਾ ਵਿੱਚ ਦਾਖ਼ਲਾ ਲਿਆ ਸੀ ਪਰ ਉਹ ਵੰਡ ਦੌਰਾਨ ਪਾਕਿਸਤਾਨ ਚਲੇ ਗਏ। ਫੇਰ ਮੁੜ ਕਦੇ ਕੋਈ ਸੰਪਰਕ ਨਹੀਂ ਹੋਇਆ। ਬੜੇ ਦੁੱਖ ਦੀ ਗੱਲ ਹੈ ਮੈਂ ਉਨ੍ਹਾਂ ਤੋਂ ਜਾਂ ਉਨ੍ਹਾਂ ਬਾਰੇ ਕਦੇ ਨਹੀਂ ਸੁਣਿਆ।

? ਡਾ. ਗੁਰਦੇਵ ਸਿੰਘ ਜੀ, ਦੱਸਣ ਦੀ ਖੇਚਲ ਕਰੋ ਕਿ ਤੁਹਾਨੂੰ ਇਹ ਮੌਕਾ ਕਿਸ ਤਰ੍ਹਾਂ ਮਿਲਿਆ? ਪਰਿਵਾਰ ਵਿਚ ਬਾਕੀ ਭੈਣ ਭਰਾਵਾਂ ਨੂੰ ਵੀ ਉੱਚ ਵਿੱਦਿਆ ਦਾ ਮੌਕਾ ਮਿਲਿਆ? ਬਹੁਤੇ ਮਾਪੇ ਵੀ ਅੱਜ ਕੱਲ੍ਹ ਚਾਹੁੰਦੇ ਕਿ ਸਾਡਾ ਬੱਚਾ ਖੇਤੀਬਾੜੀ ਵੱਲ ਨਾ ਜਾਵੇ। ਭਾਵੇਂ ਪਹਿਲੇ ਸਮਿਆਂ ਵਿਚ ਇਹ ਕਹਾਵਤ ਸੀ ਕਿ ਖੇਤੀ ਸਾਰੇ ਕਿੱਤਿਆਂ ਨਾਲੋਂ ਉੱਤਮ ਹੈ ਪਰ ਪਿਛਲੇ ਕੁਝ ਸਮੇਂ ਤੋਂ ਖੇਤੀਬਾੜੀ ਨੂੰ ਤਾਂ ਨਖਿੱਧ ਸਮਝਿਆ ਜਾਣ ਲੱਗਾ ਹੈ। ਤੁਹਾਡੇ ਪਿਤਾ ਜੀ ਨੇ ਤੁਹਾਨੂੰ ਖੇਤੀਬਾੜੀ ਦੇ ਖੇਤਰ ਵੱਲ ਪ੍ਰੇਰਿਤ ਕਿਵੇਂ ਕੀਤਾ। ਆਪਣੇ ਪਿਤਾ ਜੀ ਬਾਰੇ ਵੀ ਕੋਈ ਯਾਦ ਸਾਂਝੀ ਕਰਨਾ ਚਾਹੋਗੇ?

-ਢਾਅ ਜੀ, ਮੇਰੇ ਤਿੰਨ ਭਰਾ ਹਨ ਮੈਂ ਸਭ ਤੋਂ ਵੱਡਾ ਹਾਂ। ਮੇਰੇ ਸਾਰੇ ਭਰਾ ਵੀ ਕਾਲਜ ਗ੍ਰੈਜੂਏਟ ਹਨ। ਮੇਰੇ ਪਿਤਾ ਜੀ ਨੇ ਸਾਨੂੰ  ਉਚੇਰੀ ਵਿੱਦਿਆ ਲਈ ਪ੍ਰੇਰਿਤ ਕੀਤਾ। ਜਦੋਂ ਮੈਂ ਸਰਕਾਰੀ ਖੇਤੀਬਾੜੀ ਲੁਧਿਆਣਾ ਵਿਖੇ ਪੜ੍ਹ ਰਿਹਾ ਸੀ, ਤਾਂ ਇਕ ਪ੍ਰੋਫੈਸਰ ਸੀ ਜੋ ਸਾਨੂੰ ਪੜ੍ਹਾ ਰਿਹਾ ਸੀ ਉਸ ਨੇ ਅਮਰੀਕਾ ਵਿਚ ਪੜ੍ਹਾਈ ਕੀਤੀ ਸੀ। ਮੈਨੂੰ ਵੀ ਇਸ ਗੱਲ ਨੇ ਪ੍ਰਭਾਵਿਤ ਕੀਤਾ। ਮੈਂ ਕਿਹਾ ਕਿ ਮੈਨੂੰ ਵੀ ਉਚੇਰੀ  ਪੜ੍ਹਾਈ ਲਈ ਅਮਰੀਕਾ ਜਾਣਾ ਚਾਹੀਦਾ ਹੈ। ਕਾਲਜ ਤੋਂ ਗ੍ਰੈਜੂਏਟ ਹੋਣ ਤੋਂ ਬਾਅਦ, ਮੈਂ ਰਿਸ਼ਤੇਦਾਰਾਂ ਤੋਂ ਕੁਝ ਪੈਸੇ ਉਧਾਰ ਲਏ, ਹਵਾਈ ਟਿੱਕਟ ਖ਼ਰੀਦੇ ਅਤੇ ਇੰਗਲੈਂਡ ਚਲੇ ਗਏ ਉੱਥੇ ਮੈਂ ਡੇੜ੍ਹ  ਕੁ ਸਾਲ ਰਿਹਾ, ਫੈਕਟਰੀ ਵਿਚ ਕੰਮ ਕੀਤਾ, ਕੈਲੀਫੋਰਨੀਆਂ    ਲਈ ਟਿੱਕਟ ਖ਼ਰੀਦਣ ਲਈ ਪੈਸੇ ਦੀ ਬਚਾਏ। ਇੰਗਲੈਂਡ ਵਿਚੋਂ ਮੈਂ ਅਮਰੀਕਾ ਦੀਆਂ ਤਿੰਨ ਯੂਨੀਵਰਸਿਟੀਆਂ ਲਈ ਅਪਲਾਈ ਕੀਤਾ, ਮੈਨੂੰ ਤਿੰਨੋਂ ਵੱਲੋਂ ਹੀ ਦਾਖ਼ਲਾ ਦਿੱਤਾ ਗਿਆ। ਤਿੰਨਾਂ ਨੇ ਹੀ ਮੈਨੂੰ ਵਜ਼ੀਫ਼ੇ ਦੀ ਪੇਸ਼ਕਸ਼ ਵੀ ਕੀਤੀ। ਕੈਲੀਫੋਰਨੀਆਂ   ਯੂਨੀਵਰਸਿਟੀ ਦੀ ਪੇਸ਼ਕਸ਼ ਵਧੇਰੇ ਆਕਰਸ਼ਕ ਸੀ ਜਿਸ ਨੂੰ ਮੈਂ ਸਵੀਕਾਰ ਕਰ ਲਿਆ ਜੂਨ, 1957 ਵਿਚ ਮੈਂ ਕੈਲੀਫੋਰਨੀਆਂ     ਵਿਚ ਆ ਗਿਆ।

? ਤੁਸੀਂ ਆਪਣੇ ਪਿਤਾ ਜੀ ਬਾਰੇ ਤਾਂ ਯਾਦਾਂ ਸਾਂਝੀਆਂ ਕੀਤੀਆਂ ਆਪਣੀ ਮਾਤਾ ਜੀ ਅਤੇ ਨਾਨਕਿਆਂ ਬਾਰੇ ਵੀ ਕੋਈ ਜ਼ਿਕਰਯੋਗ ਯਾਦਾਂ ਹੋਣਗੀਆਂ। ਜਿਨ੍ਹਾਂ ਦਾ ਤੁਹਾਡੀ ਜ਼ਿੰਦਗੀ ਵਿਚ ਜਾਂ ਤੁਹਾਡੇ ਸੁਭਾਅ ਤੇ ਪ੍ਰਭਾਵ ਪਿਆ ਹੋਵੇ?

-ਸਤਨਾਮ ਜੀ, ਮੇਰੀ ਮਾਂ ਇਕ ਬਹੁਤ ਹੀ ਪਿਆਰ ਕਰਨ ਵਾਲੀ ਔਰਤ ਸੀ। ਉਨ੍ਹਾਂ ਦਿਨਾਂ ਦੇ ਸਭਿਆਚਾਰ ਦੇ ਅਨੁਸਾਰ ਉਹ ਸਕੂਲ ਨਹੀਂ ਗਈ ਕਿਉਂਕਿ ਉਨ੍ਹਾਂ ਦਿਨਾਂ ਵਿਚ ਲੜਕੀਆਂ ਦੀ ਸਿੱਖਿਆ ਲਈ ਸਹੂਲਤਾਂ ਪੰਜਾਬ ਦੇ ਪੇਂਡੂ ਖੇਤਰਾਂ ਵਿੱਚ  ਉਪਲੱਭਦ  ਨਹੀਂ ਸਨ। ਮੇਰੀ ਮਾਤਾ ਅਤੇ ਨਾਨੀ ਸਖ਼ਤ ਮਿਹਨਤ ਕਰਨੇ ਵਾਲ਼ੀਆਂ ਮਾਵਾਂ ਅਤੇ ਪ੍ਰਮਾਤਮਾ ਤੋਂ ਡਰਣ ਵਾਲ਼ੀਆਂ ਸਨ। ਉਨ੍ਹਾਂ ਵਿਚੋਂ ਕੋਈ ਵੀ ਸਕੂਲ ਨਹੀਂ ਸੀ ਗਈ । ਉਨ੍ਹਾਂ ਨੇ ਬਹੁਤ ਸਖ਼ਤ ਮਿਹਨਤ ਕੀਤੀ। ਉਨ੍ਹਾਂ ਦਿਨਾਂ ਵਿਚ ਲੋਕ ਸਾਂਝੇ ਪਰਿਵਾਰਾਂ ਵਿਚ ਰਹਿੰਦੇ ਸਨ। ਮੈਨੂੰ ਯਾਦ ਹੈ ਕਿ ਮੇਰੀ ਮਾਤਾ ਜੀ ਸਵੇਰੇ 4 ਤੋਂ 6 ਵਜੇ ਦੇ ਦਰਮਿਆਨ ਉੱਠਦੀ ਸੀ ਮੇਰੀਆਂ ਮਾਮੀਆਂ ਅਤੇ ਮੇਰੀ ਨਾਨੀ ਨਾਲ ਪਹਿਲਾਂ ਘਰ ਵਿਚ ਹੱਥਾਂ ਨਾਲ ਚੱਕੀ ਤੇ ਆਟਾ ਪੀਹਦੀਆਂ ਫੇਰ ਖੇਤਾਂ ਵਿਚ ਕੰਮ ਕਰ ਰਹੇ ਮੇਰੇ ਮਾਮਿਆਂ ਲਈ ਰੋਟੀ ਤਿਆਰ ਕਰਕੇ ਲੈ ਕੇ ਜਾਂਦੀਆਂ। ਪਰਿਵਾਰ ਦੇ ਸਾਰੇ ਹੀ ਮੈਂਬਰ ਬਹੁਤ ਪਿਆਰ ਸਤਿਕਾਰ ਨਾਲ ਰਹਿੰਦੇ ਸਨ। ਉਨ੍ਹਾਂ ਦੀ ਸਖ਼ਤ ਮਿਹਨਤ ਅਤੇ ਸਦ-ਭਾਵਨਾ ਸ਼ੁਦਾ ਜੀਵਨ ਦਾ ਮੇਰੇ ‘ਤੇ ਬਹੁਤ ਪ੍ਰਭਾਵ ਪਿਆ।

? ਹੋਰ ਗੱਲਾਂ ਕਰਨ ਤੋਂ ਪਹਿਲਾਂ ਉਨ੍ਹਾਂ ਯਾਦਾਂ ਦੀ ਪਟਾਰੀ ਖੋਲ੍ਹੋ, ਜਿਹੜੀਆਂ ਯਾਦਾਂ ਨੇ ਤੁਹਾਨੂੰ ਜ਼ਿੰਦਗੀ ਦੇ ਇਸ ਮੁਕਾਮ ਤੇ ਪਹੁੰਚਣ ਲਈ ਪਿਤਾ ਜੀ ਦੇ ਪਿਆਰ ਅਤੇ ਅਗਾਂਹਵਧੂ ਸੋਚ ਦੀ ਕਰਾਮਾਤ ਨੇ ਤੁਹਾਨੂੰ ਉੱਚ ਵਿੱਦਿਆ ਲਈ ਪਹਿਲਾਂ ਇੰਗਲੈਂਡ, ਕੈਨੇਡਾ ਅਤੇ ਅਮਰੀਕਾ ਦੀਆਂ ਯੂਨੀਵਰਸਿਟੀਆਂ ਦੇ ਰਾਹ ਖੋਲ੍ਹੇ?

-ਇਹ ਦਾਸਤਾਨ ਵੀ ਤੁਹਾਨੂੰ ਅਜੀਬ ਹੀ ਲੱਗੇਗੀ। ਗੱਲ ਇਸ ਤਰ੍ਹਾਂ ਹੋਈ ਕਿ ਸੰਤਾਲ਼ੀ ਵਿਚ ਦੇਸ਼ ਅਜ਼ਾਦ ਹੋਣ ਤੋਂ ਬਾਅਦ ਪੰਜਾਵਿਆਂ/ ਸੱਠਵਿਆਂ ਵਿਚ ਇੰਡੀਅਨ ਸਰਕਾਰ ਲੋਕਾਂ ਬਾਹਰਲੇ ਦੇਸ਼ਾਂ ਵਿਚ ਜਾਣ ਤੋਂ ਰੋਕਦੀ ਸੀ। ਇੰਡੀਅਨ ਸਰਕਾਰ ਨੇ ਸਖ਼ਤ ਕਾਨੂੰਨ ਬਣਾਏ ਹੋਏ ਸੀ। ਪਾਸਪੋਰਟ ਲੈਣਾ ਬਹੁਤ ਔਖਾ ਕੀਤਾ ਹੋਇਆ ਸੀ। ਫੇਰ ਜੇਕਰ ਤੁਸੀਂ ਬਿਦੇਸ਼ ਵਿਚ ਪੜ੍ਹਨ ਲਈ ਆਉਣਾ ਹੁੰਦਾ ਤਾਂ ਬੈਂਕ ਵਿਚ ਤੁਹਾਡੇ ਅਕਾਂਉਟ ਵਿਚ ਘੱਟੋ ਘੱਟ ਅੱਠ ਤੋਂ ਦੱਸ ਹਜ਼ਾਰ ਇੰਡੀਅਨ ਰੁਪਈਆ ਦਿਖਾਉਣਾ ਪੈਂਦਾ ਸੀ ਫੇਰ ਪਾਸਪੋਰਟ ਬਣਾ ਸਕਦੇ ਸੀ। ਤੁਹਾਨੂੰ ਪਤਾ ਉਨ੍ਹਾਂ ਦਿਨਾਂ ਵਿਚ ਸਧਾਰਨ ਕਿਸਾਨ ਕੋਲ਼ ਏਨੇ ਪੈਸੇ ਕਿਥੇ ਹੁੰਦੇ ਸਨ। ਇਹ ਮੇਰੇ ਪਿਤਾ ਜੀ ਦੀ ਹੀ ਅਗਾਂਹਵਧੂ ਸੋਚ ਦਾ ਨਤੀਜਾ ਕਹਿ ਸਕਦੇ ਹਾਂ ਉਨ੍ਹਾਂ ਨੇ ਰਿਸ਼ਤੇਦਾਰਾਂ ਤੋਂ ਆਪਣੇ ਪਿਆਰ ਵਾਲ਼ੇ ਮਿੱਤਰਾਂ ਦੋਸਤਾਂ ਕੋਲ਼ੋ ਅੱਠ ਦਸ ਹਜ਼ਾਰ ਰੁਪਏ ਇਕੱਠੇ ਕਰਕੇ ਜਮਾਂ ਕਰਾਏ ਫੇਰ ਪਾਸਪੋਰਟ ਬਣਿਆ।

ਹੋਰ ਸੁਣੋ ਪਹਿਲਾਂ ਮੈਂ ਉਚੇਰੀ ਵਿੱਦਿਆ ਲਈ ਕੈਨੇਡੀਅਨ ਯੂਨੀਵਰਸਿਟੀ ਲਈ ਅਪਲਾਈ ਕੀਤਾ ਪਰ ਉਨ੍ਹਾਂ ਨੇ ਮੈਨੂੰ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ। ਮੇਰਾ ਬਾਹਰ ਜਾ ਕੇ ਉਚੇਰੀ ਵਿੱਦਿਆ ਦਾ ਇਰਾਦਾ ਪੱਕਾ ਸੀ ਮੈਂ ਸੋਚਿਆ ਹੁਣ ਪਾਸਪੋਰਟ ਬਣਿਆਂ ਹੋਇਆ ਸੀ ਚਲੋ ਇੰਗਲੈਂਡ ਚੱਲਦੇ ਹਾਂ, ਮੈਂ ਇੰਗਲੈਂਡ ਆ ਕੇ ਕੰਮ ਕੀਤਾ ਕੁਝ ਪੈਸੇ ਕਮਾਏ ਤਾਂ ਉਥੋਂ ਫੇਰ ਕੈਨੇਡੀਅਨ ਅੰਬੈਸੀ ਤੋਂ ਵੀਜ਼ੇ  ਲਈ ਕੋਸ਼ਿਸ਼ ਕੀਤੀ ਉਨ੍ਹਾਂ ਫੇਰ ਜਵਾਬ ਦਿੱਤਾ ਕਿ ਤੁਸੀਂ ਇੰਡੀਆ ਜਾਂ ਕੇ ਦਿੱਲੀ ਤੋਂ ਵੀਜ਼ਾ ਲਓ। ਇੰਗਲੈਂਡ ਵਿਚਲੀ ਕੈਨੇਡੀਅਨ ਅੰਬੈਸੀ ਇਕ ਵਾਰ ਫੇਰ ਵੀਜ਼ੇ  ਤੋਂ ਨਾਹ ਕਰਨ ਤੇ,ਫੇਰ ਮੈਂ ਇੰਗਲੈਂਡ ਤੋਂ ਅਮਰੀਕਾ ਦੀਆਂ ਵੱਖ ਵੱਖ ਤਿੰਨ ਯੂਨੀਵਰਸਿਟੀਆਂ ਲਈ ਅਪਲਾਈ ਕੀਤਾ ਤਾਂ ਤਿੰਨਾਂ ਵੱਲੋਂ ਹੀ ਮੈਨੂੰ ਦਾਖ਼ਲੇ ਦੇ ਨਾਲ ਸਕਾਲਰਸ਼ਿਪ ਦੀ ਵੀ ਆਫਰ ਹੋ ਗਈ। ਸਾਡਾ ਕੋਈ ਵੀ ਰਿਸ਼ਤੇਦਾਰ ਪਹਿਲਾਂ ਇੰਗਲੈਂਡ ਵਿਚ ਨਹੀਂ ਸੀ। ਮੇਰੇ ਪਿਤਾ ਜੀ ਦੇ ਦੋਸਤ ਦਾ ਇਕ ਲੜਕਾ ਇੰਗਲੈਂਡ ਵਿਚ ਸੀ ਜਦ ਮੈਂ ਇੰਗਲੈਂਡ ਆਇਆਂ ਕੁਝ ਸਮਾਂ ਮੈਂ ਉਨ੍ਹਾਂ ਕੋਲ਼ ਰਿਹਾ। ਇਹ ਵੀ ਇਕ ਵੱਡੀ ਮਦਦ ਸੀ। ਪਿਤਾ ਜੀ ਦੀ ਸ਼ਖ਼ਸੀਅਤ, ਦਾ ਮੇਰੇ ਬਚਪਨ ਵਿੱਚ ਬਹੁਤ ਮਹੱਤਵਪੂਰਨ ਯੋਗਦਾਨ ਸੀ। ਉਹ ਹਰ ਰੋਜ਼ ਮੇਰੇ ਸਕੂਲ ਬਾਰੇ ਪੁੱਛਦੇ ਸੀ ਅਤੇ ਮੇਰੇ ਸਕੂਲ ਦੇ ਕੰਮ ਵਿਚ ਮੇਰੀ ਮਦਦ ਕਰਦੇ ਸੀ ਇਸੇ ਕਰਕੇ ਮੈਂ ਹਮੇਸ਼ਾ ਆਪਣੀ ਜਮਾਤ ਵਿਚੋਂ ਹਮੇਸ਼ਾ ਫ਼ਸਟ ਆਉਂਦਾ ਰਿਹਾਂ।

? ਇੰਗਲੈਂਡ ਬਾਰੇ ਕਈ ਲੋਕਾਂ ਤੋਂ ਇਹ ਵੀ ਸੁਣਨ ਵਿਚ ਆਇਆ ਕਿ ਉਨ੍ਹਾਂ ਸਮਿਆਂ ਵਿਚ ਤਾਂ ਨਸਲਵਾਦ ਕਾਫ਼ੀ ਭਾਰੂ ਸੀ। ਕੋਈ ਨਸਲਵਾਦ ਦਾ ਤਜਰਬਾ ਦੇਖਣ ਸੁਣਨ ਵਿਚ ਆਇਆ ਹੋਵੇ? ਲੋਕ ਇਹ ਵੀ ਦੱਸਦੇ ਹਨ ਕਿ ਉਨ੍ਹਾਂ ਵੇਲਿਆਂ ਵਿਚ ਕੰਮ ਕਾਰ ਵੀ ਸਿਫ਼ਾਰਿਸ਼ ਨਾਲ ਮਿਲਦੇ ਸੀ। ਤਨਖ਼ਾਹ ਵੀ ਘੱਟ ਸੀ। ਇੰਗਲੈਂਡ ਵਿਚਲੀ ਸੰਘਰਸ਼ੀ ਜ਼ਿੰਦਗੀ ਬਾਰੇ ਕੋਈ ਯਾਦ? 

-ਤੁਹਾਡੀ ਕੌਮੀਅਤ ਦੇ ਅਧਾਰ ਤੇ ਵਿਤਕਰਾ ਹੋ ਸਕਦਾ ਹੈ, ਪਰ ਮਜ਼ਦੂਰ ਸਮਾਜ ਦੇ ਸਭ ਤੋਂ ਹੇਠਲੇ ਪੱਧਰ ਤੇ ਸਨ ਅਤੇ ਮੈਨੂੰ ਕਦੇ ਵੀ ਕੋਈ ਵਿਤਕਰਾ ਨਹੀਂ ਹੋਇਆ। ਉਸ ਵਕਤ ਇੰਗਲੈਂਡ ਦਾ ਵਿਕਾਸ ਕਰਨਾ ਸ਼ੁਰੂ ਹੋਇਆ ਸੀ ਅਤੇ ਨਵੇਂ ਉਦਯੋਗ ਆ ਰਹੇ ਸਨ ਨੌਕਰੀਆਂ ਦੀ ਕੋਈ ਕਮੀ ਨਹੀਂ ਸੀ। ਉਸ ਵੇਲੇ ਦੇ ਹਿਸਾਬ ਨਾਲ ਤਨਖ਼ਾਹ ਵੀ ਚੰਗੀ ਸੀ ਮੈਨੂੰ ਯਾਦ ਹੈ ਕਿ ਮੈਂ ਇੱਕ ਹਫ਼ਤੇ ਵਿੱਚ ਅੱਠ ਪੌਂਡ ਬਣਾਉਂਦਾ ਸੀ। ਸਤਨਾਮ ਜੀ, ਸੰਘਰਸ਼ ਤਾਂ ਕਰਨਾਂ ਹੀ ਪੈਂਦਾ ਜਦੋਂ ਤੁਸੀਂ ਆਪਣਾ ਘਰ ਛੱਡ ਕੇ ਬਾਹਰ ਇਕੱਲਿਆਂ ਨੇ ਕੰਮ ਵੀ ਕਰਨਾ ਸ਼ਾਮ ਨੂੰ ਥੱਕਿਆਂ ਟੁੱਟਿਆਂ ਨੇ ਆ ਕੇ ਰੋਟੀ ਪਾਣੀ ਵੀ ਆਪ ਬਣਾਉਣਾ। ਕਿਉਂ ਕਿ ਆਪਣੇ ਘਰਾਂ ਵਿਚ ਤਾਂ  ਆਪਾਂ ਨੂੰ ਸਭ  ਕੁਝ   ਬਣਿਆਂ ਬਣਾਇਆ ਮਿਲ਼ ਜਾਂਦਾ ਹੈ।

? ਤੁਸੀਂ ਉੱਚ ਵਿੱਦਿਆ ਲਈ ਅਮਰੀਕਾ ਆਏ, ਕੀ ਇਹ ਉੱਚ ਵਿੱਦਿਆ ਇੰਗਲੈਂਡ ਵਿਚ ਉਪਲਭੱਦ ਨਹੀਂ ਸੀ? ਫੇਰ ਅਮਰੀਕਾ ਵਿਚ ਪਹਿਲਾਂ ਤੁਸੀਂ ਡਾ. ਸਟੈਬਿਨਜ਼ ਅਤੇ ਡਾ. ਰਿੱਕ ਦੀ ਛਤਰ ਛਾਇਆ ਹੇਠ ਸੱਤ ਸਾਲ ਟਮਾਟਰ ਜਨੈਟਿਕ ਖੋਜ ਕੀਤੀ। ਇਥੇ ਖੋਜ ਕਾਰਜ ਕਰਦਿਆਂ ਹੀ ਫਿਲੀਪੀਨਜ਼ ਵਿਚ ‘ਇੰਨਟਰਨੈਸ਼ਨਲ ਰਾਇਸ ਰਿਸਰਚ ਇੰਸਟੀਚਿਊਟ’ ਮਲੀਨਾ, ਫਿਲੀਪੀਨਜ਼’ ਜਾਣ ਦਾ ਸਬੱਬ ਕਿਵੇਂ ਬਣਿਆ?

-ਮੈਂ ਇੰਗਲੈਂਡ ਵਿਚ ਅਧਿਐਨ ਲਈ ਵਿੱਤੀ ਸਹਾਇਤਾ ਲੱਭਣ ਦੀ ਕੋਸ਼ਿਸ਼ ਕੀਤੀ ਪਰ ਉਸ ਸਮੇਂ ਇੰਗਲੈਂਡ ਵਿਚ ਵਿੱਤੀ ਸਥਿਤੀ ਇੰਨੀ ਚੰਗੀ ਨਹੀਂ ਸੀ ਨਾ ਹੀ ਸਕਾਲਰਸ਼ਿਪ ਉਪਲੱਭਦ  ਸਨ। ਇਸ ਲਈ ਮੈਨੂੰ ਕੈਲੀਫੋਰਨੀਆਂ ਦੀ ਯੂਨੀਵਰਸਿਟੀ ਡੀਵਸ ਦੀ ਆਫ਼ਰ ਚੰਗੀ   ਲੱਗੀ ਮੈਂ ਇਥੇ ਆਉਣ ਦਾ ਫ਼ੈਸਲਾ ਕੀਤਾ। ਜਦੋਂ ਮੈਂ ਕੈਲੀਫੋਰਨੀਆਂ ਵਿਚ ਖੋਜ ਕਰ ਰਿਹਾ ਸੀ ਤਾਂ ਫਿਲੀਪੀਨਜ਼ ਦੇ ‘ਅੰਤਰਰਾਸ਼ਟਰੀ ਰਾਈਸ ਰਿਸਰਚ’ ਦੇ ਡਾਇਰੈਕਟਰ ਕੈਲੀਫੋਰਨੀਆਂ ਆਏ। ਉਹ ਉਨ੍ਹਾਂ ਦਿਨਾਂ ਵਿਚ ਨੌਜਵਾਨ ਵਿਗਿਆਨੀਆਂ ਨੂੰ ਆਪਣੇ ਇੰਸਟੀਚਿਊਟ  ਲਈ ਭਾਲ਼ ਕਰ ਰਿਹਾ ਸੀ। ਸਾਡੇ ਵਿਭਾਗ ਦੇ ਚੇਅਰਮੈਨ ਨੇ ਮੇਰੇ ਨਾਮ ਦੀ ਸਿਫ਼ਾਰਿਸ਼ ਕੀਤੀ। ਉਸਨੇ ਮੈਨੂੰ ਫਿਲਪੀਨਜ਼ ਇੰਟਰਵਿਊਜ ਲਈ ਸੱਦਾ ਦਿੱਤਾ ਅਤੇ ਮੈਨੂੰ ਪਲਾਂਟ ਦੇ ਪ੍ਰਜਨਨ ਦੀ ਨੌਕਰੀ ਦੀ ਪੇਸ਼ਕਸ਼ ਕੀਤੀ। ਸੋ ਇਸ ਤਰ੍ਹਾਂ ਮੈਂ ਅਮਰੀਕਾ ਤੋਂ ਫਿਲੀਪੀਨ ਇੰਰਟਨੈਸ਼ਨਲ ਰਾਈਸ ਰਿਸਰਚ  ਇੰਸਟੀਚਿਊਟ  ਵਿਚ ਖੇਤੀ ਵਿਗਿਆਨੀ ਦੇ ਤੌਰ ਤੇ ਕੰਮ ਕੀਤਾ।

? ਅਮਰੀਕਾ ਵਿਚ ਆ ਕੇ ਪੀਐੱਚ. ਡੀ ਕੀਤੀ। ਕਿਸੇ ਤਰ੍ਹਾਂ ਦੀ ਚੁਣੌਤੀ ਦਾ ਸਾਹਮਣਾ ਕਰਨਾ ਪਿਆ ਹੋਵੇ? ਉਸ ਸਮੇਂ ਦਾ ਕੋਈ ਤਜਰਬਾ ਸਾਂਝਾ ਕਰਨਾ ਚਾਹੋਂਗੇ। ਆਮ ਕਰਕੇ ਸੁਣਨ ਵਿਚ ਆਉਂਦਾ ਕਿ ਇਨ੍ਹਾਂ ਦੇਸ਼ਾਂ ਵਿਚ ਬਰਾਉਨ ਰੰਗ ਨਾਲ ਨਸਲੀ ਵਿਤਕਰਾ ਵੀ ਹੁੰਦਾ ਰਿਹਾ ਹੈ। ਕਦੇ ਕੋਈ ਇਸ ਤਰ੍ਹਾਂ ਅਨੁਭਵ ਹੋਵੇ ਤਾਂ ਸਾਂਝਾ ਕਰਨਾਂ ਚਾਹੋਗੇ?

-ਮੈਂ ਕਦੇ ਵੀ ਪੜ੍ਹਦਿਆਂ ਜਾਂ ਖੋਜ ਕਰਦੇ ਸਮੇਂ ਕੋਈ ਵਿਤਕਰਾ ਮਹਿਸੂਸ ਨਹੀਂ ਕੀਤਾ। ਨੌਕਰੀਆਂ ਵਿਚ ਵਿਤਕਰਾ ਹੋ ਸਕਦਾ ਹੈ ਪਰ ਅਕਾਦਮਿਕ ਖੇਤਰਾਂ ਵਿਚ ਵਿਤਕਰਾ ਹੋਣ ਦੀ ਬਹੁਤ ਘੱਟ ਸੰਭਾਵਨਾ ਹੈ। 

? ਆਪਣੀ ਜੀਵਨ ਸਾਥਣ ਬਾਰੇ ਵੀ ਕੁਝ ਦੱਸੋ। ਵਿਆਹ ਤੁਹਾਡਾ ਇੰਗਲੈਂਡ ਤੋਂ ਵਾਪਸ ਪੰਜਾਬ ਜਾਂ ਕੇ ਹੋਇਆ ਜਾਂ ਇਧਰ ਖੋਜ ਕਰਦਿਆਂ ਹੀ ਜੀਵਨ ਸਾਥਣ ਦੀ ਖੋਜ ਵੀ ਹੋ ਗਈ? ਸ਼ਾਇਦ ਉਹ ਵੀ ਡਾ. ਹੀ ਹਨ ਉਨ੍ਹਾਂ ਬਾਰੇ ਵੀ ਕੁਝ ਦੱਸੋ?  ਖੋਜ ਕਰਨ ਦੇ ਕੰਮ ਲਈ ਬਹੁਤ ਲੰਬਾਂ ਸਮਾਂ ਲੈਬਾਂ ਵਿਚ ਬਿਤਾਉਣਾ ਪੈਂਦਾ ਹੈ। ਇਹ ਕੰਮ ਲਈ ਵੀ ਪਰਿਵਾਰਕ ਸਹਿਯੋਗ ਦੀ ਲੋੜ ਪੈਂਦੀ ਹੈ। ਤੁਹਾਡੇ ਇਸ ਕੰਮ ਲਈ ਤੁਹਾਡੀ ਜੀਵਨ ਸਾਥਣ ਦਾ ਸਹਿਯੋਗ ਕਿਸ ਤਰ੍ਹਾਂ ਰਿਹਾ। ਮੇਰਾ ਖ਼ਿਆਲ ਹੈ ਕਿ ਇਸ ਖੋਜ ਦਾ ਕੁਝ ਕਰੈਡਿਟ ਉਨ੍ਹਾਂ ਨੂੰ ਵੀ ਦੇਣਾ ਚਾਹੀਦਾ ਹੈ?

-ਸਾਡਾ ਵਿਆਹ 1961 ਵਿਚ ਪੰਜਾਬ ਵਿਚ ਹੋਇਆ ਸੀ ਜਦੋਂ ਮੈਂ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਭਾਰਤ ਗਿਆ ਸੀ। ਮੇਰੀ ਪਤਨੀ ਕੁਝ ਮਹੀਨਿਆਂ ਬਾਅਦ ਕੈਲੀਫੋਰਨੀਆਂ  ਵਿਚ ਮੇਰੇ ਨਾਲ ਸ਼ਾਮਿਲ ਹੋ ਗਈ।  ਮੇਰੀ ਜੀਵਨ ਸਾਥਣ ਡਾ. ਹਰਬੰਤ ਕੌਰ ਬਹੁਤ ਹੀ ਸ਼ਾਨਦਾਰ ਘਰੇਲੂ ਨਿਰਮਾਤਾ ਹੈ। ਉਸ ਕੋਲ ਪੰਜਾਬ ਯੂਨੀਵਰਸਿਟੀ ਚੰਡੀਗੜ ਤੋਂ ਇਕਨੌਮਸ ਦੀ ਮਾਸਟਰ ਡਿਗਰੀ ਹੈ। ਇਥੇ ਆ ਕੇ ਐੱਮ ਐੱਸ ਸੀ ਐਜੂਕੇਸ਼ਨ ਮੈਨੇਜਮਿਂਟ ਕੀਤੀ। ਜਦੋਂ ਅਸੀਂ ਫਿਲਪੀਨਜ਼ ਚਲੇ ਗਏ ਸਾਡੇ ਬੱਚੇ ਵੱਡੇ ਹੋ ਗਏ ਤਾਂ ਉੱਥੋਂ  ਪੜ੍ਹਾਈ ਕਰਕੇ ਉਚੇਰੀ ਪੜ੍ਹਾਈ  ਲਈ ਅਮਰੀਕਾ  ਆ ਗਏ । ਬੱਚਿਆਂ ਦੇ ਅਮਰੀਕਾ ਵਿਚ ਆਉਣ ਤੋਂ ਬਾਅਦ  ਹਰਬੰਤ ਨੇ ਫਿਲੀਪੀਨਜ਼ ਦੀ ਰਿਹਾਇਸ਼ ਦੌਰਾਨ ਫਿਲੀਪੀਨਜ਼ ਦੀ ਯੂਨੀਵਰਸਿਟੀ ਤੋਂ ਐਜੂਕੇਸ਼ਨ ਵਿਚ ਪੀਐੱਚ. ਡੀ. ਦੀ ਡਿਗਰੀ ਪ੍ਰਾਪਤ ਕੀਤੀ। ਇਸ ਦੇ ਇਲਾਵਾ ਮੇਰੇ ਖੋਜਾਂ ਵਿਚ ਰੁਝੇਵਿਆਂ ਕਰਕੇ ਘਰ ਦੀਆਂ ਸਾਰੀਆਂ ਜ਼ਿੰਮੇਵਾਰੀ ਸੰਭਾਲ਼ੀਆਂ ਮੇਰੀ ਮਦਦ ਵੀ ਕੀਤੀ ਅਤੇ ਬੱਚਿਆਂ ਦਾ ਪਾਲਣ ਪੋਸ਼ਣ ਕਰਦਿਆਂ ਉਨ੍ਹਾਂ ਦੀ ਪੜ੍ਹਾਈ ਵਿਚ ਮਦਦ ਕੀਤੀ।  ਤੁਸੀਂ ਦੇਖੋ ਕਿ ਉਹਨੇ ਪਹਿਲਾਂ ਪੰਜਾਬ ਵਿਚ ਅਲਜ਼ਬਰਾ ਨਹੀਂ ਪੜ੍ਹਿਆ। ਇਥੇ ਬੱਚਿਆਂ ਦੀ ਪੜ੍ਹਾਈ ਵਿਚ ਮਦਦ ਕਰਨ ਲਈ ਪਹਿਲਾਂ ਆਪ ਅਲਜ਼ਬਰਾ ਸਿੱਖਿਆ ਫੇਰ ਆਪਣੇ ਬੱਚਿਆਂ ਦੀ ਪੜ੍ਹਾਈ  ਵਿਚ ਮਦਦ ਕੀਤੀ। ਸਤਨਾਮ ਜੀ, ਸੱਚੀ ਗੱਲ ਤਾਂ ਇਹ ਹੈ ਕਿ ਮੇਰੀ  ਸਫ਼ਲਤਾ ਦਾ ਸਾਰਾ ਸਿਹਰਾ ਮੇਰੀ ਜੀਵਨ ਸਾਥਣ ਹਰਬੰਤ ਨੂੰ ਵੀ ਜਾਂਦਾ ਹੈ।

? ‘ਇੰਟਰਨੈਸ਼ਨਲ ਰਾਈਸ ਇੰਸਟੀਚਿਊਟ’ ਮਲੀਨਾ, ਫਿਲੀਪੀਨ ਇਤਿਹਾਸ ਬਾਰੇ ਵੀ ਕੁਝ ਜਾਣਕਾਰੀ ਦਿਓ। ਇਹ ਸੰਸਥਾ ਕਦੋਂ ਕਿਵੇਂ ਅਤੇ ਫਿਲੀਪੀਨਜ਼ ਵਿਚ ਹੀ ਕਿਉਂ ਬਣੀ? ਜਦੋਂ ਕਿ ਚੌਲ਼ ਤਾਂ ਦੁਨੀਆ ਦੇ ਹੋਰ ਵੀ ਬਹੁਤ ਸਾਰੇ ਦੇਸ਼ਾਂ ਵਿਚ ਪੈਦਾ ਕੀਤਾ ਜਾਂਦਾ ਹੈ। ਮੈਨੂੰ ਲਗਦਾ ਚੌਲ਼ ਦੀਆਂ ਉੱਨਤ ਕਿਸਮਾਂ ਦਾ ਨਾਂ ਵੀ ਆਈ . ਆਰ. ਨਾਲ ਨੰਬਰ ਲਾ ਕੇ ਹੀ ਪ੍ਰਚਲਤ ਹਨ। ਇਹਦੇ ਬਾਰੇ ਵੀ ਚਾਨਣਾ ਪਾਓ?

-ਆਈ. ਆਰ. ਆਰ. ਆਈ. ਦੀ ਸਥਾਪਨਾ ਫਿਲਪੀਨਜ਼ ਇਸ ਕਰਕੇ ਹੈ ਕਿਉਂਕਿ ਫਿਲੀਪੀਨਜ਼ ਕੋਲ ਚਾਵਲ ਦੀ ਪੈਦਾਵਾਰ ਕਰ ਰਹੇ ਦੇਸ਼ਾਂ ਦਾ ਪ੍ਰਤੀਨਿਧ ਹੈ। ਆਈ. ਆਰ. ਦਾ ਆਈ. ਆਰ. ਆਰ. ਆਈ. ਦਾ ਟਾਈਟਲ (ਇੰਟਰਨੈਸ਼ਨਲ ਰਾਈਸ ਇੰਸਟੀਚਿਊਟ ) ਵਿਕਸਤ ਹੋਇਆ। ਸੋ ਪਹਿਲੇ ਦੋ ਅੱਖ਼ਰ ਇਸ ਸੰਸਥਾ ਦਾ ਨਾਂ ਰੱਖਣ ਲਈ ਦਿੱਤੇ ਗਏ।

? ਫ਼ਿਲੀਪੀਨਜ਼ ਵਿਚ ਰਹਿੰਦਿਆਂ ਤੁਸੀਂ ਤਿੰਨ ਸੌ ਨਵੀਆਂ ਕਿਸਮਾਂ ਈਜਾਦ ਕਰਕੇ ਚੌਲ਼ ਦੀ ਪੈਦਾਵਾਰ ਤਿੰਨ ਗੁਣਾ ਤੋਂ ਵੀ ਜ਼ਿਆਦਾ ਕਰਕੇ ਸੰਸਾਰ ਭਰ ਦੀ ਭੁੱਖਮਰੀ ਨੂੰ ਦੂਰ ਕੀਤਾ ‘ਹਰਾ ਇਨਕਲਾਬ’ ਦੁਨੀਆ ਭਰ ਵਿਚ ਆਇਆ। ਪਰ ਚੌਲ਼ਾਂ ਦੀ ਫ਼ਸਲ ਬਾਕੀ ਫ਼ਸਲਾਂ ਦੇ ਮੁਕਾਬਲੇ ਪਾਣੀ ਜ਼ਿਆਦਾ ਮੰਗਦੀ ਹੈ ਜਾਂ ਕਹਿ ਸਕਦੇ ਹਾਂ ਕਿ ਇਹ ਤਾਂ ਫ਼ਸਲ ਹੀ ਪਾਣੀ ਦੀ ਹੈ। ਦੂਜੇ ਪਾਸੇ ਦੁਨੀਆਂ ਭਰ ਵਿਚ ਪਾਣੀ ਦਾ ਸੰਕਟ ਦੇਖਿਆ ਜਾ ਰਿਹਾ ਹੈ। ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ?

-ਜਿਵੇਂ ਕਿ ਤੁਸੀਂ ਜ਼ਿਕਰ ਕੀਤਾ ਹੈ ਕਿ ਸਾਰੀ ਦੁਨੀਆਂ ਵਿਚ ਪਾਣੀ ਦੀ ਘਾਟ ਆ ਰਹੀ ਹੈ ਇਥੇ ਤਕ ਕਿ ਜਿਥੇ ਚਾਵਲ ਪੈਦਾ ਨਹੀਂ  ਹੁੰਦਾ। ਹਾਂ, ਬਿਲਕੁਲ ਚਾਵਲ ਨੂੰ ਹੋਰ ਫਸਲਾਂ ਨਾਲੋਂ ਵਧੇਰੇ ਪਾਣੀ ਦੀ ਜ਼ਰੂਰਤ ਹੈ। ਪਰ ਲੋਕ ਚਾਵਲ ਖਾਣਾ ਚਾਹੁੰਦੇ ਹਨ ਕਿਉਂਕਿ ਇਹ ਬਹੁਤ ਦੇਸ਼ਾਂ ਵਿਚ ਮੁੱਖ ਭੋਜਨ ਹੈ। ਹੁਣ ਚਾਵਲ ਦੀਆਂ ਕਿਸਮਾਂ ਵਿਕਸਿਤ ਕਰਨ ਦੀਆਂ ਕੋਸ਼ਿਸ਼ਾਂ ਹਨ ਕਿ ਘੱਟ ਪਾਣੀ ਨਾਲ ਉਗਾਈਆਂ ਜਾ ਸਕਦੀਆਂ ਹਨ। ਉਹ ਕਿਸਮਾਂ ਜਿਹੜੀਆਂ ਘੱਟ ਦਿਨਾਂ ਜਾਂ ਛੋਟੇ ਵਾਧੇ ਦੀ ਮਿਆਦ ਦੇ ਨਾਲ ਪਰਿਪੱਕ ਹਨ। ਇੱਥੇ ਚਾਵਲ ਪੈਦਾ ਕਰਨ ਲਈ  ਟੈਕਨਾਲੌਜੀ  ਦੀ ਵੀ ਵਰਤੋ ਕੀਤੀ ਜਾਂ ਰਹੀ ਹੈ ਜੋ ਕਿ ਕੱਦੂ ਕੀਤੇ ਵਗੈਰ ਹੀ ਚਾਵਲ ਦੀ ਫ਼ਸਲ ਬੀਜੀ ਜਾਵੇ ਜੋ ਪਾਣੀ ਦੀ ਖਪਤ ਨੂੰ ਘਟਾਉਂਦੀ ਹੈ।

? ਪਿਛਲੇ ਦਿਨੀਂ ਪੰਜਾਬ ਤੋਂ ਇਕ ਖ਼ਬਰ ਆਈ ਕਿ ਇਕ ਕਿਸਾਨ ਲਖਵੀਰ ਸਿੰਘ ਨੇ ਪੰਜਾਬ ਦੇ ਮੋਗਾ ਜ਼ਿਲ੍ਹੇ ਵਿਚ ਖੇਤੀਬਾੜੀ ਯੂਨੀਵਰਸਿਟੀ ਦੇ ਵਿਗਿਆਨੀਆਂ ਦੀ ਸਲਾਹ ਨਾਲ ‘ਬੈੱਡ-ਪਲਾਂਟੇਸ਼ਨ’ ਨਾਲ ਝੋਨੇ ਦੀ ਸਿੱਧੀ ਬਿਜਾਈ ਕਰਕੇ ਪੰਜਾਹ ਪ੍ਰਤੀਸ਼ਤ ਪਾਣੀ ਅਤੇ  ਖਾਦ ਦੀ ਬਚਤ ਕੀਤੀ ਹੈ। ਇਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਕਿ ਪਹਿਲਾਂ ਹੀ ਇਸ ਤਰ੍ਹਾਂ ਝੋਨੇ ਦੀ ਸਿੱਧੀ ਬਿਜਾਈ ਕਰਨ ਨਾਲ ਪੰਜਾਬ ਵਿਚ ਪਾਣੀ ਦੇ ਪੱਧਰ ਨੂੰ ਬਚਾਇਆ ਜਾ ਸਕਦਾ ਸੀ? ਜਾਂ ਫੇਰ ਅੱਜ ਝੋਨੇ ਦੇ ਬਰਾਬਰ ਕਿਸੇ ਫ਼ਸਲ ਦਾ ਮੁੱਲ ਦੇ ਕੇ ਫ਼ਸਲੀ ਚੱਕਰ ਨਾਲ਼?

-ਜਿਸ ਤਰ੍ਹਾਂ ਤੁਸੀਂ ਮੋਗੇ ਦੇ ਕਿਸਾਨ ਦੀ ਉਦਾਹਰਣ ਦਿੱਤੀ ਹੈ ਕਿ ਬੈੱਡ ਪਲਾਂਟਿੰਗ ਦੁਆਰਾ 50% ਪਾਣੀ ਅਤੇ ਖਾਦ ਨੂੰ ਬਚਾਉਂਦੀ ਹੈ। ਮੇਰੇ ਖ਼ਿਆਲ ਨਾਲ ਇਸ ਨੂੰ ਹਰ ਜਗ੍ਹਾ ਲਾਗੂ ਨਹੀਂ ਕੀਤਾ ਜਾ ਸਕਦਾ। ਇਸ ਨੂੰ ਵਿਆਪਕ ਤੌਰ ਤੇ ਜਾਂਚ ਕਰਨ ਦੀ ਜ਼ਰੂਰਤ ਹੈ।

? ਸ੍ਰ ਗੁਰਦੇਵ ਸਿੰਘ ਜੀ, ਪਿਛਲੇ ਚਾਲ਼ੀ ਸਾਲਾਂ ਤੋਂ ਨਵੀਂ ਪੀੜ੍ਹੀ ਖੇਤੀ ਨਾਲ਼ੋ ਟੁੱਟ ਰਹੀ ਹੈ ਕਿਉਂ ਕਿ ਖੇਤੀ ਲਾਹੇਵੰਦ ਧੰਦਾ ਨਹੀਂ ਰਿਹਾ। ਖ਼ਰਚੇ ਵੱਧ ਗਏ ਆਮਦਨ ਘੱਟ ਗਈ ਦੀ ਗੱਲ ਸਾਹਮਣੇ ਆ ਰਹੀ ਹੈ। ਪੰਜਾਬ ਦੀ ਨੌਜੁਆਨੀ  ਪ੍ਰਵਾਸ ਕਰ ਰਹੀ ਹੈ। ਖੇਤੀ ਦੇ ਕੰਮ ਲਈ ਲੇਬਰ ਮਿਲ਼ ਨਹੀਂ ਰਹੀ ਦੂਜੇ ਸੂਬਿਆਂ ਦੀ ਲੇਬਰ ਤੇ ਨਿਰਭਰ ਹੋਣਾ ਪੈ ਰਿਹਾ ਹੈ। ਨਵੀਂ ਪੀੜ੍ਹੀ ਨੂੰ ਖੇਤੀ ਨਾਲ ਜੋੜਨ ਲਈ ਤੁਹਾਡਾ ਕੋਈ ਸੁਝਾਅ?

-ਸਤਨਾਮ ਜੀ ,ਮੈਂ ਇਸ ਗੱਲ ਨਾਲ ਸਹਿਮਤ ਨਹੀਂ ਹਾਂ ਕਿ ਖੇਤੀ ਘਾਟੇ ਵਲ਼ਾ ਪੇਸ਼ਾ ਹੈ। ਇਹ ਸੱਚ ਹੈ ਕਿ ਪੈਦਾਵਾਰ ਦੀ ਕੀਮਤ ਵੱਧ ਰਹੀ ਹੈ ਪਰ ਕਣਕ ਅਤੇ ਚਾਵਲ ਦਾ ਭਾਅ ਵੀ ਮਿਲ਼ ਰਿਹਾ ਹੈ। ਕਹਿਣ ਲਈ ਕਿ ਖ਼ਰਚ ਦਾ ਵਾਧਾ ਹੋ ਰਿਹਾ ਆਮਦਨੀ ਘੱਟ ਰਹੀ ਹੈ, ਤਰਕਸ਼ੀਲ ਨਹੀਂ ਹੈ। ਨਹੀਂ ਤਾਂ ਸਾਰੇ ਕਿਸਾਨ ਖੇਤੀ ਨੂੰ ਰੋਕ ਦੇਣਗੇ। ਕਿਰਤ ਦੀ ਕੋਈ ਕਮੀ ਵੀ ਨਹੀਂ ਹੈ। ਨੌਜਵਾਨ ਮੁੰਡਿਆਂ ਅਤੇ ਕੁੜੀਆਂ ਪੜ੍ਹੇ-ਲਿਖ ਕੇ ਉਹ ਕਿਸਾਨੀ ਵਿਚ ਪੈਣਾ ਨਹੀਂ ਚਾਹੁੰਦੇ। ਇਸੇ ਕਰਕੇ ਯੂ ਪੀ ਅਤੇ ਬਿਹਾਰ ਤੋਂ ਮਜ਼ਦੂਰ ਪ੍ਰਾਪਤ ਕਰਦੇ ਹਨ। ਮਜ਼ਦੂਰਾਂ ਦੀ ਘਾਟ ਦੀ ਨੂੰ ਮਸ਼ੀਨਰੀ ਨਾਲ ਪੂਰਾ ਕਰਨ ਦੇ ਯਤਨ ਕੀਤੇ ਜਾ ਰਹੇ ਹਨ।

? ਪੰਜਾਬ ਐਗਰੀਕਲਚਰ ਯੂਨੀਵਰਸਿਟੀ ਭਾਵੇਂ ਇਕ ਅੱਵਲ ਦਰਜੇ ਦੀ ਯੂਨੀਵਰਸਿਟੀ ਹੈ ਕਾਫ਼ੀ ਵਧੀਆ ਕੰਮ ਕਿਸਾਨ-ਭਲਾਈ ਦੇ ਵੀ ਕਰਦੀ ਹੈ। ਪਰ ਦੇਖਣ ਵਿਚ ਆਇਆ ਕਿ ਪਿਛਲੇ ਦੋ ਤਿੰਨ ਦਹਾਕਿਆਂ ਵਿਚ ਵਿਦਿਆਰਥੀ ਦਾ ਉਤਸ਼ਾਹ ਓਨਾ ਨਹੀਂ, ਜਿਨ੍ਹਾਂ ਚਾਹੀਦਾ ਸੀ। ਤੁਹਾਡੇ ਵੱਲੋਂ ਹੁਸ਼ਿਆਰ ਵਿਦਿਆਰਥੀਆਂ ਨੂੰ ਵਜ਼ੀਫੇ ਵੀ ਦਿੱਤੇ ਜਾਣ ਦੇ ਬਾਵਜੂਦ ਵੀ ਵਿਦਿਆਰਥੀਆਂ ਦੀ ਗਿਣਤੀ ਘਟੀ ਹੈ। ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਂਗੇ। ਇਹ ਵੀ ਦੱਸੋ ਕਿ ਦੂਜੇ ਦੇਸ਼ਾਂ ਦੇ ਮੁਕਾਬਲੇ ਸਾਡੀ ਇਹ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਕਿੱਥੇ-ਕੁ ਖੜੀ ਲੱਗਦੀ ਹੈ?

-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇਸ਼ ਦੀ ਚੋਟੀ ਦੀ ਖੇਤੀਬਾੜੀ ਯੂਨੀਵਰਸਿਟੀ ਹੈ। ਦਾਖ਼ਲੇ ਲਈ ਅਰਜ਼ੀ ਦੇਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿੱਚ ਕੋਈ ਕਮੀ ਨਹੀਂ ਹੈ। ਇਹ ਸੱਚ ਹੈ ਕਿ ਕਾਲਜਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਬਹੁਤ ਘੱਟ ਚਲੀ ਗਈ ਹੈ। ਇਸ ਦਾ ਕਾਰਨ ਇਹ ਵੀ ਹੈ ਕਿ ਬਹੁਤ ਸਾਰੇ ਲੋਕਾਂ ਦਾ ਰੁਝਾਨ ਆਪਣੇ ਬੱਚਿਆਂ ਨੂੰ ਬਾਹਰਲੇ ਦੇਸ਼ਾਂ ਵਿਚ ਭੇਜਣਾ ਹੈ ਖ਼ਾਸ ਤੌਰ ‘ਤੇ ਕਨੇਡਾ ਵਿੱਚ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਅਸਾਨੀ ਨਾਲ ਦਾਖ਼ਲਾ ਲੈਣ ਦਾ ਨਤੀਜਾ ਹੈ। ਜਿਹੜੀ ਗੱਲ ਤੁਸੀਂ ਸਾਡੇ ਵੱਲੋਂ ਵਜ਼ੀਫੇ ਦੇਣ ਦੀ ਕੀਤੀ ਹੈ ਉਹ ਵਜ਼ੀਫੇ ਅਸੀਂ ਪੇਂਡੂ ਵਿਦਿਆਰਥੀਆਂ ਨੂੰ ਜਿਨ੍ਹਾਂ ਦੀ ਮਾਲ਼ੀ ਹਾਲਤ ਬਹੁਤੀ ਮਜ਼ਬੂਤ ਨਹੀਂ ਹੁੰਦੀ ਅਤੇ ਪੜ੍ਹਨ ਨੂੰ ਵੀ ਹੁਸ਼ਿਆਰ ਹੋਣ। ਤੁਸੀਂ ਦੇਖੋ ਕਿ ਐਗਰੀਕਲਚਰ ਯੂਨੀਵਰਸਿਟੀ ਤੋਂ ਵਜ਼ੀਫਾ ਤਾਂ ਵਿਦਿਆਰਥੀ ਤਦ ਹੀ ਲਵੇਗਾ ਜੇਕਰ ਉਹ ਉੱਥੇ ਦਾਖ਼ਲਾ ਲਵੇਗਾ। ਹਾਈ ਸਕੂਲ ਪਾਸ ਕਰਕੇ ਬਾਹਰਲੇ ਦੇਸ਼ਾਂ ਵਿਚ ਜਾਣ ਦਾ ਸਿਲਸਿਲਾ ਕਿੰਨਾ ਚਿਰ ਰਹੇਗਾ ਇਹਦਾ ਕਿਸੇ ਦਾ ਅਨੁਮਾਨ ਹੈ?

? ਡਾ. ਸਾਹਿਬ ਭਾਰਤ ਦੇ ਦੂਜੇ ਸੂਬਿਆਂ ਵਿਚ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਰਗੀਆਂ ਹੋਰ ਕਿਹੜੀਆਂ ਯੂਨੀਵਰਸਿਟੀਆਂ ਹਨ ਜਿਨ੍ਹਾਂ ਵਿਚ ਵੱਖ ਵੱਖ ਫ਼ਸਲਾਂ ਦੀਆਂ ਵਧੀਆ ਕਿਸਮ ਦੀ ਖੇਤੀ ਉਤਪਾਦਨ ਵਧਾਉਣ ਵਿਚ ਮਹੱਤਵਪੂਰਨ ਯੋਗਦਾਨ ਪਾ ਰਹੀਆਂ ਹਨ?

-ਢਾਹ ਜੀ, ਸਾਡੇ ਦੇਸ਼ ਦੇ ਸਾਰੇ ਸੂਬਿਆਂ ਵਿੱਚ ਪੀ. ਏ. ਯੂ ਵਰਗੀਆਂ ਘੱਟੋ-ਘੱਟ ਇਕ ਇਕ ਖੇਤੀਬਾੜੀ ਯੂਨੀਵਰਸਿਟੀ ਤਾਂ ਹੈ ਅਤੇ ਕੁਝ ਵਿੱਚ ਇਕ ਤੋਂ ਵੱਧ ਵੀ ਹਨ। ਇਹ ਸਾਰੇ ਉਨ੍ਹਾਂ ਦੇ ਸੂਬਿਆਂ ਵਿੱਚ ਉਥੋਂ ਦੀ ਜ਼ਮੀਨ ਅਤੇ ਮੌਸਮ ਦੇ ਮੁਤਾਬਿਕ ਮਹੱਤਵਪੂਰਣ ਫ਼ਸਲਾਂ ‘ਤੇ ਕੰਮ ਕਰ ਰਹੇ ਹਨ। ਉਹ ਆਪਣੇ ਸੂਬਿਆਂ ਦੇ ਖੇਤੀਬਾੜੀ ਵਿਕਾਸ ਵਿੱਚ ਵੀ ਯੋਗਦਾਨ ਪਾ ਰਹੇ ਹਨ।

? ਸੰਸਾਰ ਦੂਜੇ ਦੇਸ਼ਾਂ ਵਿਚ ਜਿਥੇ ਜਿਥੇ ਚੌਲ਼ਾਂ ਦੀ ਫ਼ਸਲ ਦੀ ਪੈਦਾਵਾਰ ਹੁੰਦੀ ਹੈ ਉਥੇ ਸਾਡੇ ਪੰਜਾਬ ਵਾਂਗ ਹੀ ਕੱਦੂ ਕਰਕੇ ਝੋਨਾ ਲਾਇਆ ਜਾਂਦਾ ਹੈ ਜਾਂ ਸਿੱਧੀ ਬਿਜਾਈ ਕੀਤੀ ਜਾਂਦੀ ਹੈ? ਕੀ ਉਨ੍ਹਾਂ ਮੁਲਕਾਂ ਵਿਚ ਵੀ ਪਾਣੀ ਦੀ ਪੰਜਾਬ ਵਾਂਗ ਕਿਧਰੇ ਕੋਈ ਸਮੱਸਿਆ ਕਦੇ ਦੇਖਣ ਸੁਣਨ ਨੂੰ ਮਿਲ਼ੀ?

-ਹੋਰਨਾ ਦੇਸ਼ਾਂ ਵਿਚ ਜਿਥੇ ਚਾਵਲ ਦੀ ਪੈਦਾਵਾਰ ਹੁੰਦੀ ਹੈ ਦੇ ਬਹੁਗਿਣਤੀ ਵਿੱਚ ਚਾਵਲ ਜਾਂ ਤਾਂ ਮਸ਼ੀਨ ਦੁਆਰਾ ਗਿੱਲੀ ਮਿੱਟੀ ਤੇ ਟਰਾਂਸਪਲਾਂਟ ਕੀਤੇ ਜਾਂਦੇ ਹਨ ਜਾਂ ਮਸ਼ੀਨਾਂ ਨਾਲ ਖ਼ੁਸ਼ਕ ਜ਼ਮੀਨ ਤੇ ਡਰਿਲ ਕੀਤੇ ਜਾਂਦੇ ਹਨ। ਬਹੁਤ ਘੱਟ ਦੇਸ਼ਾਂ ਵਿਚ ਕੱਦੂ ਕਰਕੇ ਅਤੇ ਹੱਥਾਂ ਨਾਲ ਝੋਨਾ ਲਾਇਆ ਜਾਂਦਾ ਹੈ। ਪਾਣੀ ਦੀ ਸਥਿਤੀ ਦੇ ਸੰਬੰਧ ਵਿੱਚ ਇਹ ਆਮ ਕਰਕੇ ਇਸ ਤਰ੍ਹਾਂ ਕਰਨਾ ਸੰਭਵ ਨਹੀਂ ਹੈ। ਜ਼ਿਆਦਾਤਰ ਗਰਮ-ਤਰ ਦੇਸ਼ਾਂ ਵਿੱਚ ਪਾਣੀ ਦੀ ਘਾਟ ਨਹੀਂ ਹੁੰਦੀ। ਉਦਾਹਰਣ ਦੇ ਤੌਰ ਤੇ ਤੁਸੀਂ ਦੇਖੋ ਕਿ ਵੀਅਤਨਾਮ, ਫਿਲਪੀਨ ਅਤੇ ਬੰਗਲਾ ਦੇਸ਼ ਵਗੈਰਾ ਦੁਨੀਆ ਦੇ ਹੋਰ ਵੀ ਬਹੁਤ ਸਾਰੇ ਦੇਸ਼ ਤੁਸੀਂ ਦੇਖ ਸਕਦੇ ਹੋ। ਦੂਜਿਆਂ ਖੇਤਰਾਂ ਵਿਚ ਵੱਖ ਵੱਖ ਪੈਮਾਨੇ ਕਰਕੇ ਲਈ ਪਾਣੀ ਦਾ ਸਵਾਲ ਪੈਦਾ ਹੋ ਸਕਦਾ ਹੈ।

? ਇਹ ਵੀ ਦੇਖਣ ਵਿਚ ਆਇਆ ਕਿ ਜਿਵੇਂ ਨਰਮੇਂ ਨੂੰ ਅਮਰੀਕਨ ਸੁੰਡੀ ਵਾਂਗ ਝੋਨੇ ਦੀ ਫ਼ਸਲ ਨੂੰ ਵੀ ਦਸ ਗਿਆਰਾਂ ਬਿਮਾਰੀਆਂ ਲੱਗਦੀਆਂ ਹਨ। ਤੁਸੀਂ ਉੱਨੀ ਸੌ ਸੱਤਰ ਵਿਚ ‘ਗਰਾਸੀ ਸਟੰਟ’ ਦੀ ਬਿਮਾਰੀ ਨੂੰ ਕਾਬੂ ਕਰਨ ਵਿਚ ਹੋਰ ਵਿਗਿਆਨੀਆਂ ਨਾਲ ਰਲ਼ ਕੇ ਤੁਸੀਂ ਬਹੁਤ ਵੱਡੀ ਸਫ਼ਲਤਾ ਹਾਸਲ ਕੀਤੀ। ਇਹਦੇ ਬਾਰੇ ਵੀ ਚਾਨਣਾ ਪਾਓ?

-ਹਾਂ ਜੀ, ਇਹ ਘਾਹ ਵਾਲਾ ਸਟੰਟ ਇਕ ਗੰਭੀਰ ਬਿਮਾਰੀ ਸੀ। ਅਸੀਂ ਚਾਵਲ ਦੀਆਂ ਜੰਗਲੀ ਕਿਸਮਾਂ ਤੋਂ ਇੱਕ ਜੀਨ ਪ੍ਰਾਪਤ ਕਰਨ ਦੇ ਯੋਗ ਹੋ ਗਏ ਅਤੇ ਪ੍ਰਜਨਨ ਦੇ ਅਨੁਸਾਰ ਇਸਨੂੰ ਚਾਵਲ ਵਿੱਚ ਜਾਣ-ਪਛਾਣ ਕਰਾਉਣ ਦੇ ਯੋਗ ਹੋ ਗਏ। ਇਸ ਜੀਨ ਵਾਲ਼ੀਆਂ   ਕਿਸਮਾਂ ਘਾਹ ਦੇ ਸਟੰਟ ਪ੍ਰਤੀ ਰੋਧਕ ਹਨ ਅਤੇ ਅਜਿਹੀਆਂ ਕਿਸਮਾਂ ਦੀ ਬਿਮਾਰੀ ਨਹੀਂ ਮਿਲ਼ਦੀ। ਇਥੇ ਹੋਰ ਕੀੜੇ-ਮਕੌੜੇ ਹਨ ਜੋ ਚਾਵਲ ਦੀਆਂ ਕਿਸਮਾਂ ਜਿਵੇਂ ਭੂਰੇ ਪੌਦੇ ਦੇ ਹੌਪਰ ਅਤੇ ਕਈ ਹੋਰ ਕੀੜੇ-ਮਕੌੜੇ ਤੇ ਹਮਲਾ ਕਰਦੇ ਹਨ, ਚਾਵਲ ਦੇ ਪ੍ਰਜਨਨ ਦੇ ਕੰਮ ਦੌਰਾਨ ਇਨ੍ਹਾਂ ਬਿਮਾਰੀਆਂ ਨੂੰ ਰੋਕਣ ਲਈ ਮੈਂ ਕੰਮ ਕੀਤਾ।

ਇਹ ਵੀ ਦੱਸੋ ਕਿ ਅੱਜ ਦੀ ਤਰੀਕ ਵਿਚ ਝੋਨੇ ਦੀ ਸਭ ਤੋਂ ਵਧੀਆ ਅਤੇ ਉੱਤਮ ਕਿਸਮਾਂ ਕਿਹੜੀਆਂ ਮੰਨਦੇ ਹੋ ਜਿਨ੍ਹਾਂ ਦਾ ਝਾੜ ਦੂਜੀਆਂ ਕਿਸਮਾਂ ਨਾਲ਼ੋ ਵੱਧ, ਬਿਮਾਰੀ ਦਾ ਖ਼ਤਰਾ ਘੱਟ ਅਤੇ ਪੱਕਣ ਲਈ ਸਮਾਂ ਘੱਟ ਲੱਗਦਾ ਹੋਵੇ। ਧਰਤੀ ਹੇਠਲੇ ਪਾਣੀ ਦਾ ਬਚਾਉ ਵੀ ਹੋਵੇ ਖ਼ਾਸ ਕਰਕੇ ਪੰਜਾਬ ਦੇ ਸੰਦਰਭ ਵਿਚ ਤੁਹਾਡਾ ਕੀ ਕਹਿਣਾ ਹੈ?

-ਬਹੁਤ ਸਾਰੀਆਂ ਚੰਗੀਆਂ ਕਿਸਮਾਂ ਪੰਜਾਬ, ਭਾਰਤ ਅਤੇ ਹੋਰਨਾ ਦੇਸ਼ਾਂ ਵਿੱਚ ਉਗਾਈਆਂ ਜਾ ਰਹੀਆਂ ਹਨ। ਇਕ ਕਿਸਮ ਹਰ ਜਗ੍ਹਾ ਨਹੀਂ ਪੈਦਾ ਕੀਤੀ ਜਾ ਸਕਦੀ। ਆਈ.ਆਰ. ਚੌਹਟ ਕਈ ਦੇਸ਼ਾਂ ਵਿਚ ਮਸ਼ਹੂਰ ਹੈ, ਬਹੁਤ ਹੀ ਥੋੜੇ ਸਮੇਂ ਵਿਚ ਉਗਾਈ ਜਾ ਸਕਦੀ    ਹੈ , ਬਿਮਾਰੀ ਅਤੇ ਕੀੜਿਆਂ ਪ੍ਰਤੀ ਵਿਰੋਧ ਹੈ। ਚਾਵਲ ਪਾਣੀ ਤੋਂ ਬਿਨਾਂ ਨਹੀਂ ਉਗਾ ਸਕਦੇ।  ਇਸ ਲਈ ਜੇ ਤੁਸੀਂ ਧਰਤੀ ਹੇਠਲੇ ਪਾਣੀ ਨਹੀਂ ਵਰਤਣਾ ਚਾਹੁੰਦੇ, ਤਾਂ ਚਾਵਲ ਨਾ ਉਗਾਓ। ਜੇ ਅਸੀਂ ਮੌਜੂਦਾ ਪੱਧਰ ‘ਤੇ ਚੌਲਾਂ ਨੂੰ ਉਗਾਉਣਾ ਜਾਰੀ ਰੱਖਦੇ ਹਾਂ, ਤਾਂ ਧਰਤੀ ਵਿਚੋਂ ਟਿਊਬਵੈਲਾਂ ਨਾਲ ਪਾਣੀ ਕੱਢਣ ਨਾਲ ਸਾਡਾ ਪਾਣੀ 15 ਤੋਂ 20 ਸਾਲਾਂ ਵਿਚ ਪੂਰੀ ਤਰ੍ਹਾਂ ਖ਼ਤਮ ਹੋ ਜਾਵੇਗਾ ਅਤੇ ਅਸੀਂ ਪੰਜਾਬ ਵਿਚ ਚਾਵਲ ਨਹੀਂ ਉਗਾ ਸਕਦੇ।

? ਇਹ ਵੀ ਸੁਣਿਆਂ ਕਿ  ਝੋਨੇ, ਨਰਮੇਂ ਜਾਂ ਕਿਸੇ ਹੋਰ ਫ਼ਸਲ ਨੂੰ ਬਿਮਾਰੀਆਂ ਲੱਗਣ  ਦੇ ਕਾਰਨ ਕਿ ਨਕਲੀ ਬੀਜ, ਨਕਲੀ ਖਾਦ, ਅਤੇ ਨਕਲੀ ਦੁਆਈਆਂ ਕਰਕੇ ਕਈ ਵਾਰ ਸਾਡੇ ਕਿਸਾਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਜਾਂਦਾ ਹੈ। ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਤੁਹਾਨੂੰ ਕਿਸੇ ਦੂਜੇ ਦੇਸ਼ਾਂ ਵਿਚ ਵੀ ਕਦੇ ਨਜ਼ਰ ਆਈਆਂ?

-ਸਤਨਾਮ ਜੀ, ਨਹੀਂ ਮੈਂ ਦੂਜੇ ਦੇਸ਼ਾਂ ਵਿੱਚ ਅਜਿਹੀਆਂ ਸ਼ਿਕਾਇਤਾਂ ਨਹੀਂ ਸੁਣੀਆਂ। ਸ਼ਾਇਦ ਕਿਸੇ ਗਰੀਬ ਦੇਸ਼ ਵਿੱਚ ਅਜਿਹੀ ਕੋਈ ਅਜਿਹੀ ਸ਼ਿਕਾਇਤ ਹੋ ਸਕਦੀ ਹੈ। ਕਿਉਂ ਕਿ ਮੇਰੀ ਬਹੁਤੇ ਕਿਸਾਨਾਂ ਨਾਲ ਗੱਲਬਾਤ ਨਹੀਂ ਹੋਈ ਅਤੇ ਮੇਰੀ ਜਾਣਕਾਰੀ ਇਸ ਮੁੱਦੇ ਬਾਰੇ ਸੀਮਤ ਹੈ। ਜੇਕਰ ਸਾਡੇ ਦੇਸ਼ ਵਿਚ ਇਹ ਹੁੰਦਾ ਹੈ ਤਾਂ ਬਹੁਤ ਮਾੜੀ ਗੱਲ ਹੈ।

? ਇਥੇ ਇਕ ਹੋਰ ਸਵਾਲ ਵੀ ਮਨ ਵਿਚ ਆਉਂਦਾ ਕਿ ਜਿਵੇਂ ਕਣਕ, ਮੱਕੀ ਜਾਂ ਹੋਰ ਫ਼ਸਲਾਂ ਦੀ ਪੈਦਾਵਾਰ ਵਧਾਉਣ ਲਈ ਕਈ ਤਰ੍ਹਾਂ ਦੇ ਜਨੈਟਿਕਸ ਤਜਰਬੇ ਕੀਤੇ ਗਏ ਹਨ ਤੇ ਲੋਕਾਂ ਨੂੰ ਕਿਹਾ ਜਾਂਦਾ ਹੈ ਕਿ ਇਹ ਸਿਹਤ ਲਈ ਨੁਕਸਾਨ ਦਾਇਕ ਹਨ। ਆਪਣੀ ਖੁਰਾਕ ਵਿਚ ਨਾ ਵਰਤੇ ਜਾਣ ਲਈ ਕਿਹਾ ਜਾਂਦਾ ਹੈ। ਕੀ ਇਸ ਤਰ੍ਹਾਂ ਦੀ ਕੋਈ ਗੱਲ ਚੌਲ਼ਾਂ ਦੀ ਵਰਤੋਂ ਕਰਨ ਬਾਰੇ ਵੀ ਸੁਣੀ ਗਈ?

-ਜੈਨੇਟਿਕ ਪ੍ਰਯੋਗ ਚਾਵਲ ਨਾਲ ਕੀਤੇ ਗਏ ਹਨ ਪਰ ਸਾਰੀਆਂ ਸਰਕਾਰਾਂ ਨੇ ਜੈਨੇਟਿਕ ਤੌਰ ਤੇ ਸੋਧੀ ਹੋਈ ਚਾਵਲ ਦੀ ਕਾਸ਼ਤ ਨੂੰ ਮਨਜ਼ੂਰੀ ਨਹੀਂ ਦਿੱਤੀ। ਕੁਝ ਦੇਸ਼ ਜੈਨੇਟਿਕ ਤੌਰ ਤੇ ਸੰਸ਼ੋਧਿਤ ਫ਼ਸਲਾਂ ਨੂੰ ਉਗਾਉਂਦੇ ਹਨ। ਪਰ ਉਦਾਹਰਣ ਲਈ ਯੂ.ਐੱਸ.  ਏ. ਵਿੱਚ ਉਗਾਈ ਮੱਕੀ ਨੂੰ ਜੈਨੇਟਿਕ ਤੌਰ ਤੇ ਸੋਧਿਆ ਜਾਂਦਾ ਹੈ।

? ਪੰਜਾਬ ਦੇ ਕਿਸਾਨਾਂ ਨੇ ਕਣਕ ਅਤੇ ਝੋਨਾ ਏਨਾ ਪੈਦਾ ਕੀਤਾ ਕਿ ਹੁਣ ਤਾਂ ਰੱਖਣ ਜਾਂ ਸਾਂਭਣ ਲਈ ਥਾਂ ਨਹੀਂ। ਪਰ ਕਿਸਾਨ ਦੀ ਜਿਹੜੀ ਮੁਸ਼ਕਲ ਹੈ ਉਹਦਾ ਕੋਈ ਹੱਲ ਨਹੀਂ। ਇਕ ਤਾਂ ਕਿਸਾਨਾਂ ਨੂੰ ਫ਼ਸਲਾਂ ਦੀ ਖ਼ਰੀਦ ਕੀਮਤ ਨਿਰਧਾਰਤ ਕਰਨ ਵਿਚ ਉਸ ਦੀ ਕੋਈ ਰਾਏ ਸਲਾਹ ਨਹੀਂ, ਦੂਜਾ ਉਹ ਕਿਧਰੇ ਆਪਣੀ ਮਰਜ਼ੀ ਨਾਲ ਦੂਰ ਜਾਂ ਜਿਥੇ ਵਿਉਪਾਰੀ ਲਿਜਾ ਕੇ ਵੇਚਦਾ ਤੇ ਮੁਨਾਫ਼ਾ ਕਮਾਉਦਾ ਬਿਨਾਂ ਕਿਸੇ ਵਾਧੂ ਖ਼ਰਚਿਆਂ ਤੋਂ। ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ?

-ਦੇਖੋ ਜਦੋਂ ਤੁਸੀਂ ਨਵੀਂ ਟੈਕਨਾਲੌਜੀ  ਨੂੰ ਪੇਸ਼ ਕਰਦੇ ਹੋ ਤਾਂ ਬਹੁਤ ਸਾਰੇ ਲਾਭ ਹੁੰਦੇ ਹਨ। ਇਸੇ ਲਈ ਕਿਸਾਨਾਂ ਨੇ ਨਵੀਆਂ ਕਿਸਮਾਂ ਨੂੰ ਅਪਣਾਇਆ।  ਟੈਕਨਾਲੌਜੀ  ਦੇ ਕੁਝ ਨੁਕਸਾਨ ਵੀ ਹੋ ਸਕਦੇ ਹਨ। ਭਾਰਤ ਵਿਚ ਅਗਿਆਨੀ ਲੋਕ ਹਰ ਸਮੱਸਿਆ ਨੂੰ ਹਰੀ ਕ੍ਰਾਂਤੀ ਨੂੰ ਜ਼ਿੰਮੇਵਾਰ ਠਹਿਰਾਉਂਦੇ ਹਨ। ਹਰੇ ਇਨਕਲਾਬ ਤੋਂ ਪਹਿਲਾਂ ਸਾਡੇ ਦੇਸ਼ ਵਿਚ ਅਨਾਜ ਦੀ ਥੁੜ ਸੀ ਦੇਸ਼ ਵਿਚ ਬਹੁਤ ਜ਼ਿਆਦਾ ਗਰੀਬੀ ਸੀ। ਦੇਸ਼ ਦੀ ਅਜ਼ਾਦੀ ਤੋਂ ਬਾਅਦ ਪੰਜਾਵਿਆਂ ਸੱਠਵਿਆਂ ਵਿਚ ਇੰਡੀਅਨ ਸਰਕਾਰ ਨੇ ਅਨਾਜ ਦੀ ਪੈਦਾਵਾਰ ਵਧਾਉਣ ਲਈ ਕਿਸਾਨਾਂ ਨੂੰ ਉਤਸ਼ਾਹਿਤ ਕੀਤਾ ਤਾਂ ਕਿ ਦੇਸ਼ ਦੇ ਲੋਕਾਂ ਲਈ ਅਨਾਜ ਦੀ ਪੂਰਤੀ ਕੀਤੀ ਜਾ ਸਕੇ। ਉਨ੍ਹਾਂ ਦਿਨਾਂ ਵਿਚ ਅਨਾਜ ਦੂਜੇ ਦੇਸ਼ਾਂ ਤੋਂ ਮੰਗਵਾਉਣਾ ਪੈਂਦਾ ਸੀ। ਇੰਡੀਅਨ ਸਰਕਾਰ ਨੇ ਕਣਕ ਅਤੇ ਝੋਨੇ ਦਾ ਚੰਗਾ ਭਾਅ ਦੇਣ ਦੇ ਨਾਲ ਇਹ ਵੀ ਗਰੰਟੀ ਦਿੱਤੀ ਕਿ ਹਰ ਹਾਲਤ ਵਿਚ ਇਹ ਫ਼ਸਲਾਂ ਸਰਕਾਰ ਵੱਲੋਂ ਚੁੱਕੀਆਂ ਜਾਣਗੀਆਂ। ਕਿਸਾਨਾਂ ਨੇ ਵੀ ਪੂਰਾ ਜ਼ੋਰ ਲਾ ਕੇ ਪੈਦਾਵਾਰ ਦੁਗਣੀ ਤਿਗਣੀ ਕਰ ਦਿੱਤੀ। ਉਨ੍ਹਾਂ ਦਿਨਾਂ ਵਿਚ ਇਥੇ ਬਿਜਲੀ ਨਹੀਂ, ਕੋਈ ਚਲਦਾ ਪਾਣੀ ਨਹੀਂ, ਕੋਈ ਟਾਇਲਟ ਸਹੂਲਤਾਂ ਨਹੀਂ ਸਨ। ਪਹਿਲੀਆਂ ਵਿਚ ਮੈਂ ਕਦੇ ਆਪਣੇ ਪਿੰਡਾਂ ਵਿਚ ਕਾਰ ਜਾਂ ਟਰੈਕਟਰ ਨਹੀਂ ਸੀ ਵੇਖਿਆ। ਹੁਣ ਸਾਡੇ ਕੋਲ ਘਰ ਘਰ ਕਾਰਾਂ ਟ੍ਰੈਕਟਰ ਮੋਟਰ-ਸਾਇਕਲ ਦੇਖੇ ਜਾ ਸਕਦੇ ਹਨ। ਅੱਜ ਪਹਿਲਾਂ ਨਾਲੋਂ ਵਧੇਰੇ ਖੁਸ਼ਹਾਲੀ ਹੈ। ਹਾਂ, ਕੁਝ ਲੋਕ ਖ਼ੁਦਕੁਸ਼ੀ ਕਰਦੇ ਹਨ ਪਰ ਇਹ ਸਾਡੀਆਂ ਸਮਾਜਿਕ ਸਮੱਸਿਆਵਾਂ ਕਰਕੇ ਵੀ ਹੁੰਦੀਆਂ ਹਨ। ਖੁਦਕਸ਼ੀਆਂ ਦਾ ਕਾਰਨ ਫ਼ਜ਼ੂਲ-ਖ਼ਰਚੀ ਜਾਂ ਆਮਦਨ ਤੋਂ ਵੱਧ ਖ਼ਰਚੇ ਕਰਨੇ ਅਤੇ ਆਪਣੇ ਵਿਤੋਂ ਬਾਹਰ ਕਰਜ਼ਾ ਲੈਣਾ ਵੀ ਹੋ ਸਕਦਾ ਹੈ। ਨਾ ਕਿ ਹਰੀ ਕ੍ਰਾਂਤੀ ਕਰਕੇ। ਦੂਜੀ ਗੱਲ ਵਿਉਪਾਰੀ ਵੱਲੋਂ ਕਿਸਾਨ ਦੀ ਲੁੱਟ ਜਾਂ ਮਾਰਕੀਟ ਵਿਚ ਦੁਗਣੀ ਤਿਗਣੀ ਕੀਮਤ ਤੇ ਉਹੀ ਫ਼ਸਲ ਵੇਚਣ ਦੀ ਗੱਲ ਤੇ ਸਰਕਾਰਾਂ ਨੂੰ ਕਾਨੂੰਨ ਸਖ਼ਤ ਕਰਨ ਦੀ ਲੋੜ ਵੀ ਹੈ ਤਾਂ ਕਿ ਕਿਸਾਨ ਦੀ ਲੁੱਟ ਨਾ ਹੋ ਸਕੇ।

? ਜਿਵੇਂ ਪੰਜਾਬ ਵਿਚ ਮੌਨਸੂਨ ਦੇ ਮੌਸਮ ਵਿਚ ਮੀਹਾਂ ਦਾ ਪਾਣੀ ਹੜ੍ਹਾਂ ਰਾਹੀਂ ਤਬਾਹੀ ਮਚਾਉਂਦਾ ਆ ਰਿਹਾ ਹੈ ਪਰ ਕਿਸੇ ਵੀ ਸਰਕਾਰ ਨੇ ਜਾਂ ਕਿਸੇ ਸੰਸਥਾ ਨੇ ਮੀਹਾਂ ਵਿਚ ਹੜ੍ਹਾਂ ਪਾਣੀ ਸਾਂਭਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ। ਇਨ੍ਹਾਂ ਮੀਹਾਂ ਨਾਲ ਹਰ ਸਾਲ ਫ਼ਸਲਾਂ ਲੋਕਾਂ ਦੇ ਘਰ-ਘਾਟ ਤਬਾਹ ਹੁੰਦੇ ਹਨ। ਤੁਹਾਡਾ ਕੀ ਖ਼ਿਆਲ ਹੈ ਕਿ ਪਾਣੀ ਨੂੰ ਸਾਂਭਣ ਦੇ ਯਤਨ ਕਿਉਂ ਨਹੀਂ ਹੋਏ?

ਮੇਰੇ ਖ਼ਿਆਲ ਨਾਲ ਨਹਿਰਾਂ ਪੰਜਾਬ ਵਿਚ ਸਿੰਚਾਈ ਲਈ ਸਿਰਫ 25% ਹੀ ਪਾਣੀ ਪ੍ਰਦਾਨ ਕਰਦੀਆਂ ਹਨ। ਜੇ ਅਸੀਂ ਪੰਜਾਬ ਵਿਚ ਟਿਊਬਵੈਲਾਂ ਦੀ ਵਰਤੋਂ ਨਹੀਂ ਕਰਦੇ ਤਾਂ ਸ਼ਾਇਦ ਅਸੀਂ ਚਾਵਲ ਉਗਾਉਣ ਦੇ ਯੋਗ ਨਹੀਂ ਹੋ ਸਕਦੇ।

? ਇਹ ਵੀ ਮੰਨਿਆ ਜਾ ਰਿਹਾ ਹੈ ਕਿ ਸਿਆਸੀ ਲਾਹੇ ਲੈਣ ਲਈ ਪੰਜਾਬ ਵਿਚ ਸਰਕਾਰਾਂ ਵੱਲੋਂ ਮੁਫ਼ਤ ਅਨਾਜ ਅਤੇ ਹੋਰ ਵਸਤਾਂ ਦੇ ਨਾਲ ਕਿਸਾਨਾਂ ਨੂੰ ਮੁਫ਼ਤ ਬਿਜਲੀ ਦੇਣਾ ਵੀ ਪਾਣੀ ਦੇ ਸੰਕਟ ਵਿਚ ਵਾਧਾ ਕਰਦਾ ਰਿਹਾ। ਤੁਸੀਂ ਪੰਜਾਬ ਤੋਂ ਬਾਹਰ ਹੋਰ ਬਹੁਤ ਸਾਰੇ ਦੇਸ਼ਾਂ ਬਾਰੇ ਜਿਥੇ ਕਿਧਰੇ ਝੋਨੇ ਦੀ ਫ਼ਸਲ ਦੇ ਝਾੜ ਵਿਚ ਏਨਾ ਵੱਡਾ ਵਾਧਾ ਹੋਇਆ ਹੈ, ਬਾਰੇ ਡੂੰਘੀ ਜਾਣਕਾਰੀ ਰੱਖਦੇ ਹੋ। ਕੀ ਉੱਥੇ ਦੀਆਂ ਸਰਕਾਰਾਂ ਵੀ ਇਸੇ ਤਰ੍ਹਾਂ ਕਿਸਾਨਾਂ ਨੂੰ ਮੁਫ਼ਤ ਪਾਣੀ ਬਿਜਲੀ ਦੀ ਮਦਦ ਕਰਦੀਆਂ ਨਜ਼ਰ ਆਈਆਂ? ਜਾਂ ਕਿਸੇ ਹੋਰ ਢੰਗ ਨਾਲ ਸਬਸਿਡੀਆਂ ਦਿੰਦੀਆਂ ਹਨ?

-ਬਿਲਕੁਲ ਨਹੀ, ਮੈਂ ਕਿਸੇ ਅਜਿਹੇ ਦੇਸ਼ ਬਾਰੇ ਨਹੀਂ ਸੁਣਿਆ ਜਿੱਥੇ ਲੋਕਾਂ ਨੂੰ ਮੁਫ਼ਤ ਬਿਜਲੀ ਅਤੇ ਮੁਫ਼ਤ ਅਨਾਜ ਦਿੱਤੇ ਜਾਂਦੇ ਹਨ ਇਹ ਸਰਕਾਰਾਂ ਬਹੁਤ ਹੀ ਵੱਡੀ ਗ਼ਲਤੀ ਹੈ। ਇਹ ਸਿਰਫ਼ ਵੋਟਾਂ ਦੀ ਰਾਜਨੀਤੀ ਹੀ ਹੋ ਸਕਦੀ ਹੈ।

? ਜਿਸ ਤਰ੍ਹਾਂ ਡਾ. ਐੱਮ. ਐੱਸ. ਸੁਆਮੀਨਾਥਨ ਨੇ ਕਿਸਾਨ ਦੇ ਖ਼ਰਚੇ ਦੇਖਦਿਆਂ ਘੱਟੋ ਘੱਟ ਸਮਰਥਨ ਮੁੱਲ ਦੀ ਸਿਫ਼ਾਰਿਸ਼ ਬਹੁਤ ਸਾਲ ਪਹਿਲਾਂ ਫ਼ਸਲਾਂ ਦੇ ਉਤਪਾਦਨ ਦੇ ਖ਼ਰਚਿਆਂ ਨੂੰ ਮੁੱਖ ਰੱਖ ਕੇ ਕੀਤੀ ਸੀ। ਤੁਹਾਨੂੰ ਕੀ ਲੱਗਦਾ ਕਿ ਭਾਰਤੀ ਸਰਕਾਰਾਂ ਨੇ ਇਹ ਸਿਫ਼ਾਰਿਸ਼   ਕਿਉਂ ਲਾਗੂ ਨਹੀਂ ਕੀਤੀਆਂ। ਪਿਛਲੇ ਕੁਝ ਸਮੇਂ ਤੋਂ ਕਿਸਾਨ-ਜਥੇਬੰਦੀਆਂ ਫ਼ਸਲਾਂ ਦੇ ਘੱਟੋ ਘੱਟ ਸਮਰਥਨ ਕੀਮਤਾਂ ਲਈ ਜੂਝ ਰਹੀਆਂ ਹਨ। ਪਰ ਸਰਕਾਰਾਂ ਨੇ ਮੰਨ ਕੇ ਵੀ ਲਾਗੂ ਨਹੀਂ ਕੀਤੀਆਂ। ਕਿਸਾਨ ਇਸ ਨੂੰ ਲਾਗੂ ਕਰਾਉਣ ਲਈ ਅੱਜ ਤੱਕ ਸੜਕਾਂ ਤੇ ਧਰਨੇ ਲਾਈ ਬੈਠੇ ਹਨ। ਤੁਹਾਡਾ ਇਹਦੇ ਬਾਰੇ ਕੀ ਵਿਚਾਰ ਹੈ?

-ਢਾਅ ਜੀ, ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਗੱਲ ਕਰ ਰਹੇ ਸੀ ਕਿ ਆਜ਼ਾਦੀ ਤੋਂ ਬਾਅਦ ਸਾਡੇ ਦੇਸ਼ ਦੇ ਅੰਨ-ਸੰਕਟ ਨੂੰ ਦੂਰ ਕਰਨ ਲਈ ਕਿਸਾਨਾਂ ਨੂੰ ਉਤਸ਼ਾਹਿਤ ਕੀਤਾ ਕਿ ਵੱਧ ਤੋਂ ਵੱਧ ਪੈਦਾਵਾਰ ਕਰਨ। ਇਸ ਲਈ ਕਣਕ ਅਤੇ ਚੌਲ਼ ਦੋ ਮੱਖ ਫ਼ਸਲਾਂ ਹਨ ਇਨ੍ਹਾਂ ਲਈ ਐੱਮ.ਐੱਸ.ਪੀ. ਦੇ ਕੇ ਸਰਕਾਰੀ ਖ਼ਰੀਦ ਦੀ ਗੰਰਟੀ ਦਿੱਤੀ ਸੀ। ਹੁਣ ਪੈਦਾਵਾਰ ਵਧਾਉਣ ਲਈ ਖਾਦ, ਦੁਆਈਆਂ ਤੇ ਵਧੀਆ  ਸੋਧੇ ਹੋਏ ਬੀਜ ਦੀ ਲੋੜ ਨਾਲ ਸਮੇਂ ਇਹ ਫ਼ਸਲਾਂ ਦਾ ਵੱਧ ਤੋਂ ਵੱਧ ਝਾੜ ਲੈਣ ਲਈ ਖ਼ਰਚੇ ਵੀ ਵੱਧਦੇ ਗਏ। ਡਾ. ਸੁਆਮੀ ਨਾਥਨ ਇੰਡੀਅਨ ਕੌਂਸਲ ਆਫ਼ ਐਗਰੀਕਲਚਰ ਦਾ ਡਾਇਰੈਕਟਰ ਰਿਹਾ। ਉਸ ਨੇ ਕਿਸਾਨ ਦੇ ਵੱਧਦੇ ਖ਼ਰਚਿਆਂ ਨੂੰ ਦੇਖਦਿਆਂ ਸਰਕਾਰ  ਨੂੰ ਸਿਫ਼ਾਰਿਸ਼ ਕੀਤੀ ਕਿ ਕਿਸਾਨ ਨੂੰ ਉਹਦੇ ਫ਼ਸਲ ਦੇ ਪੈਦਾ ਕਰਨ ਤੇ ਆਏ ਖ਼ਰਚ ਵਿਚ ਪੰਜਾਹ ਪ੍ਰੀਸ਼ਤ ਜੋੜ ਕੇ ਫ਼ਸਲ ਦਾ ਘੱਟ ਤੋਂ ਘੱਟ ਭਾਅ ਦਿੱਤਾ ਜਾਣਾ ਚਾਹੀਦਾ ਹੈ। ਹੁਣ ਤੁਹਾਡੇ ਸਵਾਲ ਦਾ ਜਵਾਬ ਤਾਂ ਸਰਕਾਰਾਂ ਹੀ ਦੇ ਸਕਦੀਆਂ ਕਿ ਇਸ ਸਿਫ਼ਾਰਿਸ਼ ਨੂੰ ਲਾਗੂ ਕਿਊਂ ਨਹੀਂ ਕੀਤਾ। ਮੇਰੀ  ਬੇਨਤੀ ਹੈ ਕਿ ਸਰਕਾਰ ਨੂੰ ਕਿਸਾਨਾਂ ਦੀਆਂ ਵਾਜਬ ਤਬਦੀਲੀਆਂ ਅਤੇ ਬਣਦੇ ਹੱਕਾਂ ਨੂੰ ਸਵੀਕਾਰ ਕਰਨਾ ਚਾਹੀਦਾ ਹੈ।

? ਕੁਝ ਸਮਾਂ ਪਹਿਲਾਂ ਇਕ ਕਿਸਾਨ ਹੋਣ ਦੇ ਨਾਤੇ ਪ੍ਰਸਿੱਧ ਖੇਤੀ-ਇਕੌਨੋਮਿਸਟ ਡਾ. ਸਰਦਾਰਾ ਸਿੰਘ ਜੌਹਲ ਨੇ ਪੰਜਾਬ ਦੇ ਧਰਤੀ ਹੇਠਲੇ ਪਾਣੀਆਂ ਦੀ ਚਿੰਤਾ ਦਾ ਮੁੱਦਾ ਉਠਾਇਆ ਸੀ। ਸ਼ਾਇਦ ਉਨ੍ਹਾਂ ਨੇ ਝੋਨੇ ਦੀ ਸਿੱਧੀ ਬਜਾਈ ਦਾ ਸੁਝਾ ਵੀ ਦਿੱਤਾ ਸੀ। ਪਰ ਇਸ ਸੁਝਾ ਤੇ ਕਿਸੇ ਵੀ ਸਰਕਾਰ ਨੇ ਅਮਲ ਕਿਉਂ ਨਹੀਂ ਕੀਤਾ। ਤੁਸੀਂ ਇਕ ਕਿਸਾਨ ਅਤੇ ਇਕ ਖੇਤੀ-ਵਿਗਿਆਨੀ ਹੋਣ ਦੇ ਨਾਤੇ ਫ਼ਸਲਾਂ ਦੀ ਘੱਟੋ ਘੱਟ ਕੀਮਤ, ਬਿਜਲੀ ਪਾਣੀ ਦੀਆਂ ਮੁਸ਼ਕਲਾਂ ਬਾਰੇ ਤੁਹਾਡਾ ਕੀ ਵਿਚਾਰ ਹੈ?

-ਹਾਂ ਜੀ, ਝੋਨੇ ਦੀ ਸਿੱਧੀ ਬਿਜਾਈ ਲਈ ਸਾਡੇ ਕਿਸਾਨਾਂ ਨੂੰ ਜ਼ਰੂਰ ਬਦਲਣਾ ਪਵੇਗਾ। ਕਿਸਾਨ ਵੀ ਰਾਤੋ ਰਾਤ ਨਹੀਂ ਬਦਲ ਸਕਦੇ। ਇਨ੍ਹਾਂ ਨੂੰ ਦੂਜੇ ਕਿਸਾਨਾਂ ਦੇ ਕੀਤੇ ਤਜਰਬਿਆਂ ਤੋਂ ਸਿੱਖ ਕੇ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਕੁਝ ਸਮਾਂ ਲੱਗ ਸਕਦਾ ਹੈ ਕਿਉਂ ਕਿ ਉਹ ਪਿਛਲੇ ਕਾਫ਼ੀ ਲੰਮੇਂ ਸਮੇਂ ਤੋਂ ਕੱਦੂ ਕਰਕੇ ਝੋਨੇ ਦੀ ਬਿਜਾਈ ਕਰਨ ਦੇ ਆਦੀ ਹੋ ਚੁੱਕੇ ਹਨ। ਇਸ ਨਵੇਂ ਤਜਰਬੇ ਤੋਂ ਝਿਜਕਦੇ ਵੀ ਹਨ ਕਿ ਕੀ ਪਤਾ ਕਾਮਯਾਬ ਹੋਈਏ ਜਾਂ ਨਾ।

? ਫ਼ਿਲੀਪੀਨਜ਼ ਵਿਚ ਤੁਹਾਡੇ ਨਾਲ ਹੋਰ ਸਾਇੰਸਦਾਨ ਜਾਂ ਖੋਜੀ ਵਿਦਿਆਰਥੀ ਵੀ ਕੰਮ ਕਰਦੇ ਹੋਣਗੇ ਉਨ੍ਹਾਂ ਦਾ ਸਹਿਯੋਗ ਕਿਹੋ ਜਿਹਾ ਰਿਹਾ। ਸੰਖੇਪ ਵਿਚ ਉਨ੍ਹਾਂ ਬਾਰੇ ਵੀ  ਕੁਝ ਦੱਸੋ। ਉਹ ਸਹਿਯੋਗੀ ਵੱਖ ਵੱਖ ਦੇਸ਼ਾਂ ਤੋਂ ਸਨ ਜਾਂ ਫਿਲੀਪੀਨਜ਼ ਤੋਂ ਹੀ ਸਨ। ਤੁਸੀਂ ਉਸ ਡਿਪਾਰਟਮਿਂਟ ਦੇ ਹੈੱਡ ਵੀ ਰਹੇ। ਉੱਥੇ ਕੰਮ ਕਰਦਿਆਂ ਕਈ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਵੀ ਕਰਨਾ ਪਿਆ ਹੋਵੇਗਾ। ਕ੍ਰਿਪਾ ਕਰਕੇ ਆਪਣੇ ਤਜਰਬੇ ਸਾਂਝੇ ਕਰੋ?

-ਸਾਡੇ ਇੰਸਟੀਚਿਊਟ ਦੇ 25 ਦੇਸ਼ਾਂ ਦੇ ਵਿਗਿਆਨੀ ਸਨ ਉਹ ਸਾਰੇ ਰਲ਼ ਮਿਲ਼ ਕੇ ਪੂਰਨ ਸਹਿਯੋਗ ਤੌਰ ‘ਤੇ ਕੰਮ ਕਰਦੇ ਸਨ।

? ਗੱਲ ਤੁਹਾਡੇ ਫ਼ਿਲੀਪੀਨਜ਼ ਵਿਚ ਬਿਤਾਏ ਸਮੇਂ ਬਾਰੇ ਕਰਨੀ ਚਾਹਾਂਗੇ। ਉੱਥੇ ਯੂਨੀਵਰਸਿਟੀ ਦੇ ਖੋਜ ਕੇਂਦਰ ਵਿਚ ਤੁਸੀਂ ਪ੍ਰੋ. ਦੀ ਪੈਂਤੀ ਸਾਲ ਦਾ ਲੰਮਾਂ ਅਰਸਾ ਜੌਬ   ਕੀਤੀ। ਬਹੁਤ ਸਾਰੇ ਵਿਦਿਆਰਥੀਆਂ ਨੂੰ ਪੀਐੱਚ. ਡੀ. ਦੀਆਂ ਡਿਗਰੀਆਂ ਆਪਣੀ ਨਿਗਰਾਨੀ ਵਿਚ ਕਰਵਾਈਆਂ। ਉਹ ਤੁਹਾਡੇ ਵਿਦਿਆਰਥੀ ਅੱਜ ਕੱਲ੍ਹ ਦੁਨੀਆ ਦੇ ਵੱਖ ਦੇਸ਼ਾਂ ਦੀਆਂ ਐਗਰੀਕਲਚਰ ਯੂਨੀਵਰਸਿਟੀਆਂ ਦੇ ਹੈੱਡ ਹਨ। ਉਨ੍ਹਾਂ ਬਾਰੇ ਵੀ ਕੁਝ ਦੱਸੋ?

-ਵੱਖ ਵੱਖ ਦੇਸ਼ਾਂ ਦੀਆਂ ਐਰਗਰੀਕਚਰ ਯੂਨੀਵਰਸਿਟੀਆਂ ਵਿਚ ਉਚ ਉਹਦਿਆਂ ਤੇ ਤਇਨਾਤ ਹਨ ਉਹ ਸਾਰੇ ਬਹੁਤ ਸਫ਼ਲ ਹਨ ਅਤੇ ਖੇਤੀ ਵਿਕਾਸ ਵਿੱਚ ਯੋਗਦਾਨ ਪਾ ਰਹੇ ਹਨ। ਮੈਨੂੰ ਆਪਣੇ ਵਿਦਿਆਰਥੀਆਂ ‘ਤੇ ਬਹੁਤ ਮਾਣ ਹੈ, ਜਿਨ੍ਹਾਂ ਨੇ ਇਸ ਖੇਤਰ ਵਿਚ ਖੋਜਾਂ ਕੀਤੀਆਂ ਅਤੇ ਦੁਨੀਅ ਭਰ ਦੀ ਭੁੱਖਮਰੀ ਨੂੰ ਦੂਰ ਕਰਨ ਵਿਚ ਆਪਣਾ ਯੋਗਦਾਨ ਪਾਇਆ।

? ਡਾ. ਸਾਹਿਬ ਤੁਸੀਂ ਲੰਮਾ ਸਮਾਂ ਫ਼ਿਲੀਪੀਨਜ਼ ਵਿਚ ਰਹੇ ਉੱਥੇ ਤੁਸੀਂ ਉਨ੍ਹਾਂ ਦੇ ਰਾਜਨੀਤਿਕ ਸਮਾਜਿਕ, ਆਰਥਿਕ ਮਸਲਿਆਂ ਨੂੰ ਵੀ ਦੇਖਿਆ ਸੁਣਿਆ ਹੋਵੇਗਾ। ਫ਼ਿਲੀਪੀਨਜ਼ ਦੇ ਲੋਕਾਂ ਬਾਰੇ ਕੋਈ ਜਾਣਕਾਰੀ ਸਾਂਝ ਕਰਨੀ ਚਾਹੋਗੇ?

-ਫਿਲਪੀਨਜ਼ ਦੇ ਲੋਕ ਬਹੁਤ ਦੋਸਤਾਨਾ ਅਤੇ ਉਨ੍ਹਾਂ ਦੀ ਇਕ ਦੂਜੇ ਨਾਲ ਬਹੁਤ ਬਣਦੀ ਹੈ। ਉਹ ਪਰਿਵਾਰਕ ਕਦਰਾਂ ਕੀਮਤਾਂ ਦੇ ਹਾਮੀਂ ਹਨ ਅਤੇ ਆਪਸ ਵਿਚ ਇਕ ਦੂਜੇ ਰਿਸ਼ਤੇਦਾਰਾਂ ਦੀ ਮਦਦ ਕਰਦੇ ਹਨ। ਉਹ ਰਾਜਨੀਤਿਕ ਤੌਰ ਵੀ ਜਾਗਰੂਕ ਹਨ।

? ਤੁਸੀਂ ਝੋਨੇ ਦੀ ਪੈਦਾਵਾਰ ਵਧਾਉਣ ਲਈ ਸੰਸਾਰ ਭਰ ਦੇ ਵੱਖ ਵੱਖ ਦੇਸ਼ਾਂ ਦੀ ਮਦਦ ਕਰਨ ਲਈ ਉਨ੍ਹਾਂ ਦੇਸ਼ਾਂ ਦੀ ਯਾਤਰਾ ਵੀ ਕੀਤੀ। ਉਨ੍ਹਾਂ ਦੇਸ਼ਾਂ ਵਿਚ ਜਾਂਦੇ ਆਉਂਦਿਆਂ ਦੀ ਕੋਈ ਅਭੁੱਲ ਯਾਦ ਜੋ ਤੁਹਾਨੂੰ ਦੁਖੀ ਜਾਂ ਖੁਸ਼ੀ ਪ੍ਰਦਾਨ ਕਰਦੀ ਹੋਵੇ ਸਾਂਝੀ ਕਰਨੀ ਚਾਹੋਗੇ?

-ਮੈਨੂੰ ਤਕਰੀਬਨ 60 ਚੌਲਾਂ ਦੇ ਵੱਧ ਰਹੇ ਦੇਸ਼ਾਂ ਦਾ ਦੌਰਾ ਕਰਨ ਦਾ ਮੌਕਾ ਮਿਲਿਆ। ਮੇਰਾ ਹਰ ਜਗ੍ਹਾ ਸਵਾਗਤ ਕੀਤਾ ਗਿਆ ਸੀ।  ਮੇਰੇ ਮੇਜ਼ਬਾਨ ਹਮੇਸ਼ਾ ਹਵਾਈ ਅੱਡੇ ਤੇ ਆ ਕੇ ਮੇਰਾ ਜੀ ਆਇਆ ਕਰਦੇ ਹਨ ਅਤੇ ਬਹੁਤ ਆਰਾਮ-ਦਾਇਕ ਰਿਹਾਇਸ਼ ਦਾ ਪ੍ਰਬੰਧ ਕਰਦੇ ਹਨ। ਮੈਂ ਹਮੇਸ਼ਾਂ ਦੇਸੀ ਭੋਜਨ ਦਾ ਅਨੰਦ ਲੈਂਦਾ ਹਾਂ। ਮੈਂ ਹਮੇਸ਼ਾ ਵਿਗਿਆਨਕ ਵਿਚਾਰ ਵਟਾਂਦਰੇ ਦਾ ਆਨੰਦ ਲੈਂਦਾ ਚਾਵਲ ਦੇ ਜਨੈਟਿਕ ਤਜਰਬੇ ਕਰ ਰਹੇ ਅਤੇ ਪਲਾਟਾਂ ਦਾ ਦੌਰਾ ਕੀਤਾ। ਦੁਖੀ ਕਰਨ ਵਾਲ਼ੀ ਇਕ   ਯਾਦ ਬਾਰੇ ਦੱਸਦਾ ਕਿ ਇਕ ਵਾਰ ਜਦੋਂ ਮੈਂ ਵੀਅਤਨਾਮ ਦੇ ਪਹਾੜੀ ਖੇਤਰ ਵਿਚ ਚਾਵਲ ਦੇ ਤਜਰਬਿਆਂ ਦਾ ਦੌਰਾ ਕਰ ਰਿਹਾ ਸੀ, ਮੈਂ ਇਕ ਹਫ਼ਤਾ ਹੀ ਪਹਿਲਾਂ ਉਥੇ ਗਿਆ ਸੀ। ਉਨ੍ਹਾਂ ਦਿਨਾਂ ਵਿਚ ਅਮਰੀਕਾ ਅਤੇ ਵੀਅਤਨਾਮ ਵਿਚਕਾਰ ਯੁੱਧ ਚਲ ਰਿਹਾ ਸੀ, ਜਦੋਂ ਮੈਨੂੰ ਪਤਾ ਲੱਗਾ ਕਿ ਉੱਤਰੀ ਵੀਅਤਨਾਮ ਫੌਜ ਇਸ  ਖੇਤਰ ਆ ਰਹੀ ਸੀ। ਮੈਂ ਤੁਰੰਤ ਹਵਾਈ ਅੱਡੇ ਤੇ ਵਾਪਸ ਆਇਆ ਅਤੇ ਜਹਾਜ਼ ਫੜ ਵਾਪਸ ਮਨੀਲਾ ਆ ਗਿਆ।

? ਡਾ. ਸਾਹਿਬ ਤੁਸੀਂ ਦੁਨੀਆ ਦੇ ਵੱਖ ਵੱਖ ਦੇਸ਼ਾਂ ਵਿਚ ਖੋਜ ਕਰਦਿਆਂ ਝੋਨੇ ਦੀ ਪੈਦਾਵਾਰ ਵਧਾਉਣ ਲਈ ਮਦਦ ਕਰਦਿਆਂ ਉਨ੍ਹਾਂ ਮੁਲਕਾਂ ਦੇ ਕਿਸਾਨਾਂ ਅਤੇ ਸਰਕਾਰਾਂ ਦੇ ਸੰਬੰਧਾਂ ਨੂੰ ਨੇੜਿਓਂ ਦੇਖਿਆ ਹੋਵੇਗਾ। ਤੁਸੀਂ ਆਪਣੇ ਦੇਸ਼ ਦੇ ਕਿਸਾਨਾਂ ਜਾਂ ਸਰਕਾਰਾਂ ਲਈ ਕੋਈ ਸੁਨੇਹਾ ਵੀ ਲੈ ਕੇ ਆਏ ਹੋਵੋਗੇ, ਜਿਸ ਨਾਲ ਵਧੀਆ ਤਾਲ ਮੇਲ ਬਣਿਆਂ ਰਹੇ। ਦੁਨੀਆ ਦੀ ਵੱਧਦੀ ਅਬਾਦੀ ਦੀ ਅਨਾਜ ਦੀ ਪੂਰਤੀ ਦੇ   ਨਾਲ਼ ਨਾਲ਼ ਕਿਸਾਨ ਦਾ ਖੇਤੀ ਕਰਨ ਦਾ ਉਤਸ਼ਾਹ ਵੀ ਵੱਧੇ?

-ਜੋ ਵੀ ਗਿਆਨ/ਜਾਣਕਾਰੀ ਮੈਂ ਆਪਣੀ ਖੋਜ ਜਾਂ ਦੂਜੇ ਦੇਸ਼ਾਂ ਦਾ ਦੌਰਾ ਕਰ ਕੇ ਪ੍ਰਾਪਤ ਕਰਦਾਂ ਰਿਹਾ, ਮੈਂ ਸਮੇਂ ਸਮੇਂ ਇਸ ਨੂੰ ਭਾਰਤੀ ਵਿਗਿਆਨੀਆਂ ਨਾਲ ਸਾਂਝਾ ਕਰਦਾ ਰਹਿੰਦਾ ਹਾਂ। ਤਾਂ ਕਿ ਉਹ ਆਪਣੇ ਦੇਸ਼ ਦੇ ਕਿਸਾਨਾਂ ਤਕ ਪਹੁੰਚਾ ਕੇ ਪੈਦਾਵਾਰ ਵਿਚ ਵਾਧੇ ਦੇ ਨਾਲ ਬਿਮਾਰੀਆਂ ਤੋਂ ਰੋਕ ਥਾਮ ਦੀਆਂ ਤਕਨੀਕਾਂ ਅਪਨਾ ਸਕਣ।

? ਤੁਹਾਡੇ ਬੱਚਿਆਂ ਨੇ ਆਪਣੀ ਵਿੱਦਿਆ ਫ਼ਿਲੀਪੀਨਜ਼ ਵਿਚ ਰਹਿ ਕੇ ਹੀ ਕੀਤੀ। ਉੱਥੇ ਬੱਚਿਆਂ ਨੂੰ ਪੜ੍ਹਾਉਣ ਸਮੇਂ ਸਮੱਸਿਆਵਾਂ ਵੀ ਆਇਆਂ ਹੋਣਗੀਆਂ। ਸ਼ਾਇਦ ਆਪ ਦੇ ਬੱਚੇ ਪੰਜਾਬੀ, ਇੰਗਲਿਸ਼ ਦੇ ਨਾਲ ਫ਼ਿਲੀਪੀਨਜ਼ ਬੋਲੀ ਜਾਂ ਕੋਈ ਹੋਰ ਬੋਲੀ ਵੀ ਬੋਲਦੇ ਹੋਣਗੇ। ਤੁਹਾਨੂੰ ਉਨ੍ਹਾਂ ਤੇ ਕਿਹੜੇ ਸਭਿਆਚਾਰ ਦਾ ਵੱਧ ਪ੍ਰਭਾਵ ਪਿਆ ਲੱਗਦਾ? 

-ਮੇਰੇ ਬੱਚਿਆਂ ਨੇ ਮਲੀਨਾ ਵਿੱਚ ਹਾਈ ਸਕੂਲ ਵਿੱਚ ਪੜ੍ਹਾਈ ਕੀਤੀ। ਮਨੀਲਾ ਵਿਚ ਇਕ ਬਹੁਤ ਵਧੀਆ ਅੰਤਰਰਾਸ਼ਟਰੀ ਸਕੂਲ ਹੈ ਜਿਥੇ ਸਾਡੇ ਬੱਚਿਆਂ ਨੇ ਵਿੱਦਿਆ ਪ੍ਰਾਪਤ ਕੀਤੀ, ਉਸ ਸਕੂਲ ਵਿਚ ਹੋਰ ਕਾਉਂਟੀਜ਼ ਦੇ ਨਾਲ ਨਾਲ ਫਿਲਪੀਨੀ ਲੋਕਾਂ ਦੇ ਬੱਚੇ ਸਨ। ਇਥੇ ਪੜ੍ਹਾਈ ਦਾ ਮਾਧਿਅਮ ਅੰਗਰੇਜ਼ੀ ਸੀ। ਇਸ ਲਈ ਉਨ੍ਹਾਂ ਕੋਲ ਹੋਰ ਕੌਮੀਅਤਾਂ ਨਾਲ ਬਹੁਤ ਵਧੀਆ ਐਕਸਪੋਜਰ ਸੀ। ਉਚੇਰੀ ਵਿੱਦਿਆ ਲਈ ਉਹ ਅਮਰੀਕਾ ਚਲੇ ਗਏ। ਘਰ ਵਿਚ ਅਸੀਂ ਉਨ੍ਹਾਂ ਨਾਲ਼ ਪੰਜਾਬੀ ਅਤੇ ਅੰਗ੍ਰੇਜ਼ੀ ਵਿਚ ਗੱਲ ਕੀਤੀ। ਉਨ੍ਹਾਂ ਨੇ ਫਿਲਪੀਨੋ ਜਮਾਤੀਆਂ ਨਾਲ ਗੱਲਬਾਤ ਕਰਕੇ ਸਕੂਲ ਵਿਚ ਫਿਲਪੀਨੋ ਭਾਸ਼ਾ ਬਾਰੇ ਕਾਰਜਸ਼ੀਲ ਗਿਆਨ ਪ੍ਰਾਪਤ ਕੀਤਾ। ਮਨੀਲਾ ਵਿੱਚ ਬੱਚਿਆਂ ਲਈ ਬਹੁਤ ਹੀ ਸ਼ਾਨਦਾਰ ਸਹੂਲਤਾਂ ਸਨ। ਜਦੋਂ ਤੋਂ ਉਹ ਅਮਰੀਕਾ ਵਿੱਚ ਰਹਿਣ ਲੱਗੇ ਤਾਂ ਉਹ ਅਮਰੀਕੀ ਬਣ ਗਏ। ਪਰ ਉਨ੍ਹਾਂ ਦੇ ਦਿਲ ਦਿਮਾਗ ਅੰਦਰ ਇਨ੍ਹਾਂ ਸਾਰੇ ਕਲਚਰਾਂ ਦੀ ਡੂੰਘੀ ਤਸਵੀਰ  ਉੱਕਰੀ ਹੋਈ ਹੈ।

ਆਪਣੇ ਬੱਚਿਆਂ ਦੇ ਰੁਝਾਨ ਬਾਰੇ ਵੀ ਦੱਸੋ। ਕੀ ਉਹਨਾਂ ਦਾ ਰੁਝਾਨ ਵੀ ਤੁਹਾਡੇ ਵਾਲੇ ਖੇਤਰ ਵਿਚ ਹੈ ਜਾਂ ਉਨ੍ਹਾਂ ਦੇ ਰੁਝਾਨ ਵੱਖਰੇ ਹਨ? ਤੁਸੀਂ ਪੈਂਤੀ ਸਾਲ ਦਾ ਲੰਮਾ ਸਮਾਂ ਫ਼ਿਲੀਪੀਨ ਵਿਚ ਰਹੇ ਉਥੇ ਰਹਿੰਦਿਆਂ ਬੱਚਿਆਂ ਦੀ ਪੜ੍ਹਾਈ ਲਈ ਕੋਈ ਮੁਸ਼ਕਲ ਤਾਂ ਨਹੀਂ ਆਈ। ਸ਼ਾਇਦ ਉਹ ਇੰਗਲਿਸ਼ ਦੇ ਨਾਲ ਫਿਲੀਪੀਨੀ, ਪੰਜਾਬੀ ਜਾਂ ਕੋਈ ਹੋਰ ਭਾਸ਼ਾ ਵੀ ਬੋਲਦੇ ਸਮਝਦੇ ਹੋਣਗੇ?

-ਸਾਡੇ ਬੇਟੇ ਨੇ ਜੈਨੇਟਿਕਸ ਵਿਚ ਪੀਐੱਚ.ਡੀ. ਕੀਤੀ ਹੈ। ਸਾਡੀ ਇਕ ਧੀ ਇਕ ਡਾਕਟਰ ਸੀ, ਬਦਕਿਸਮਤੀ ਨਾਲ ਉਹ 43 ਸਾਲ ਦੀ ਉਮਰ ਵਿੱਚ ਸਦੀਵੀ ਵਿਛੋੜਾਂ ਦੇ ਗਈ ਹੈ। ਦੂਜੀ ਧੀ ਅਰਥਸ਼ਾਸਤਰੀ ਹੈ ਅਤੇ ਯੂਰਪ ਵਿਚ ਉਸਦੀ ਅੰਤਰਰਾਸ਼ਟਰੀ ਨੌਕਰੀ ਹੈ। ਸਾਡੀ ਸਭ ਤੋਂ ਛੋਟੀ ਧੀ ਵੀ ਇਕ ਡਾਕਟਰ ਹੈ (ਕਾਰਡੀਓਲੋਜਿਸਟ) ਬੱਚਿਆਂ ਕੋਲ਼ ਪੰਜਾਬੀ, ਫਿਲਪੀਨੀ ਅਤੇ ਅਮਰੀਕਨ ਕਲਚਰ ਦਾ ਗਿਆਨ ਹੈ। ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਹੁਣ ਭਾਵੇਂ ਉਹ ਅਮਰੀਕਨ ਸਿਟੀਜਨ   ਹਨ ਪਰ ਤਿੰਨੇ ਬੋਲੀਆਂ ਬੋਲਦੇ ਸਮਝਦੇ ਅਤੇ ਕਲਚਰਾਂ ਨੂੰ ਵੀ ਬਹੁਤ ਚੰਗੀ ਤਰ੍ਹਾਂ ਸਮਝਦੇ ਹਨ।

? ਸ੍ਰ. ਗੁਰਦੇਵ ਸਿੰਘ ਜੀ, ਤੁਹਾਨੂੰ ਪੰਜਾਬ ਵਿਚ ਯੂਨੀਵਰਸਿਟੀਆਂ (ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ ਪਟਿਆਲਾ) ਵੱਲੋਂ ਵਾਈਸ-ਚਾਂਸਲਰ ਬਣਨ ਲਈ ਵੀ ਸੱਦਾ ਆਇਆ ਪਰ ਤੁਸੀਂ ਰੱਦ ਕਰ ਦਿੱਤਾ। ਮੇਰੇ ਖ਼ਿਆਲ ਨਾਲ ਜਿੰਨਾਂ ਤੁਹਾਨੂੰ ਗਿਆਨ ਅਤੇ ਆਪਣੀ ਮਿੱਟੀ ਨਾਲ ਮੋਹ ਹੈ। ਜੇਕਰ ਤੁਸੀਂ ਇਸ ਓਹਦੇ ਲਈ ਹਾਂ ਕਰ ਦਿੰਦੇ ਤਾਂ ਸ਼ਾਇਦ ਅੱਜ ਪੰਜਾਬ ਦੇ ਵਿਦਿਆਰਥੀਆਂ ਅਤੇ ਯੂਨੀਵਰਸਿਟੀਆਂ ਦਾ ਇਤਿਹਾਸ ਕੁਝ ਹੋਰ ਨਾ ਹੁੰਦਾ?

-ਸਤਨਾਮ ਜੀ, ਪੰਜਾਬ ਵਿਚ ਵੀ ਬਹੁਤ ਸਾਰੇ ਸਿੱਖਿਅਤ ਵਿਗਿਆਨੀ ਹਨ ਜਿਨ੍ਹਾਂ ਨੇ ਉਪ-ਕੁਲਪਤੀ ਵਜੋਂ ਪੰਜਾਬ ਦੀਆਂ ਯੂਨੀਵਰਸਿਟੀਆਂ ਲਈ ਸ਼ਾਨਦਾਰ ਲੀਡਰਸ਼ਿਪ ਪ੍ਰਦਾਨ ਕੀਤੀ ਹੈ। ਬਾਕੀ ਪੰਜਾਬ ਦੀ ਮਿੱਟੀ ਨਾਲ ਮੋਹ ਹੋਣਾ ਤਾਂ ਕੁਦਰਤੀ ਹੈ। ਕਿਉਂ ਕਿ ਆਪਾਂ ਸਾਰਿਆਂ ਨੇ ਜਿਨ੍ਹਾਂ ਨੇ ਉੱਥੇ ਜਨਮ ਲਿਆ ਇਥੋਂ ਦੀ ਹਵਾ ਮਿੱਟੀ ਵਿਚ ਆਪਣੇ ਬਚਪਨ ਅਤੇ ਜੁਆਨੀ ਦੇ ਸਾਲ ਗੁਜ਼ਾਰੇ ਹਨ। ਅਸੀਂ ਹਮੇਸ਼ਾ ਪੰਜਾਬ ਦੀ ਖ਼ੈਰ ਸੁੱਖ ਮੰਗਦੇ ਹਾਂ ਅਤੇ   ਖੁਸ਼ਹਾਲੀ ਦੇਖਣ ਦੇ ਚਾਹਵਾਨ ਹਾਂ।

? ਅਮਰੀਕਾ ਵਿਚ ਰਹਿਣ ਏਨੀ ਪ੍ਰਸਿੱਧੀ ਮਿਲਣ ਤੇ ਸੁੱਖ-ਸਹੂਲਤਾਂ ਹੋਣ ਦੇ ਵਾਬਜੂਦ ਤੁਹਾਨੂੰ ਆਪਣੀ ਮਿੱਟੀ ਨਾਲ ਵੀ ਅਤਿਅੰਤ ਦਾ ਮੋਹ ਹੈ। ਤੁਸੀਂ ਹਰ ਸਾਲ ਪੰਜਾਬ ਜਾਂਦੇ ਹੋ ਖ਼ਾਸ ਕਰਕੇ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ। ਮੈਨੂੰ ਤਾਂ ਪਤਾ ਲੱਗਾ ਕਿ ਕਈ ਵਾਰ ਤਾਂ ਸਾਲ ਵਿਚ ਦੋ ਵਾਰ ਵੀ ਜਾਂਦੇ ਰਹੇ ਹੋ। ਤੁਸੀਂ ਯੋਗ ਵਿਦਿਆਰਥੀਆਂ ਨੂੰ ਵਜ਼ੀਫੇ ਵੀ ਦਿੰਦੇ ਹੋ। ਲੁਧਿਆਣੇ ਯੂਨੀਵਰਸਿਟੀ ਵਿਚ ਤੁਹਾਡੇ ਨਾਮ ਤੇ ਬਾਇਓ-ਟੈਕਨੌਲੌਜੀ ਸੈਂਟਰ ਵੀ ਖੋਲ੍ਹਿਆ ਗਿਆ ਹੈ ਜਿਥੇ ਖੇਤੀ ਵਿਗਿਆਨ ਦੀ ਉੱਚ ਦਰਜੇ ਦੀ ਖੋਜ ਹੋ ਰਹੀ ਹੈ। ਇਹਦੇ ਬਾਰੇ ਚਾਨਣਾ ਪਾਉ?

-ਜੀ ਹਾਂ, ਇਹ ਇਕ ਬਹੁਤ ਖੁਸ਼ੀ ਅਤੇ ਮਾਣ ਵਾਲ਼ੀ ਗੱਲ ਹੈ ਕਿ ਇਸ ਬਾਇਓਟੈਕਨਾਲੌਜੀ ਸੈਂਟਰ ਵਿਚ ਸਭ ਤੋਂ ਵੱਧ ਸਹੂਲਤਾਂ ਹਨ। ਇੰਡੀਆ ਵਿਚ ਬਹੁਤ ਹੀ ਵਧੀਆ ਸਿਖਲਾਈ ਪ੍ਰਾਪਤ ਵਿਗਿਆਨੀ ਹਨ। ਉਹ ਪੰਜਾਬ ਲਈ ਬਹੁਤ ਸਾਰੀਆਂ ਫਸਲਾਂ ਦੀਆਂ ਸ਼ਾਨਦਾਰ ਕਿਸਮਾਂ ਦਾ ਵਿਕਾਸ ਕਰ ਰਹੇ ਹਨ ਅਤੇ ਬਾਇਓਟੈਕਨਾਲੌਜੀ  ਦੇ ਵਿਗਿਆਨ ਦੇ ਗਿਆਨ ਅਤੇ ਪੰਜਾਬ ਦੀ ਖੁਸ਼ਹਾਲੀ ਵਿਚ ਯੋਗਦਾਨ ਪਾ ਰਹੇ ਹਨ। ਜਿਵੇਂ  ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਐਗਰੀਕਲਚਰ ਯੂਨੀਵਰਸਿਟੀ ਵਿਚ ਵਜ਼ੀਫੇ ਦੇਣ ਦਾ ਮਕਸਦ ਇਹੋ ਹੀ ਹੈ ਕਿ ਪੇਂਡੂ ਬੱਚੇ ਜਿਨ੍ਹਾਂ ਕੋਲ ਉੱਚ ਵਿੱਦਿਆ ਲੈਣ ਦੀ ਪਹੁੰਚ ਘੱਟ ਹੈ ਉਨ੍ਹਾਂ ਨੂੰ ਵੀ ਮੌਕਾ ਮਿਲ਼ੇ। ਉਹ ਵਿੱਦਿਆ ਲੈ ਕੇ ਆਪਣੀ ਅਤੇ ਆਪਣੇ ਦੇਸ਼ ਦੀ ਖੁਸ਼ਹਾਲੀ ਵਿਚ ਆਪਣਾ ਯੋਗਦਾਨ ਪਾਉਣ।

? ਤੁਹਾਨੂੰ ਅਣਗਿਣਤ ਐਵਾਰਡ ਦੁਨੀਆ ਭਰ ਚੋਂ ਹਾਸਲ ਹੋਏ। ਉਨ੍ਹਾਂ ਵਿਚ ਨਕਦ ਇਨਾਮ ਵੀ ਹੋਣਗੇ। ਆਮ ਕਰਕੇ ਬਹੁਤ ਸਾਰੇ ਲੋਕ ਇਨ੍ਹਾਂ ਇਨਾਮਾਂ ਦੀ ਰਕਮ ਆਪਣੇ ਲਈ ਹੀ ਵਰਤਦੇ ਤੇ ਰੱਖਦੇ ਹਨ। ਪਰ ਤੁਸੀਂ ਪੰਜਾਬ ਦੀ ਨਾਮਵਰ ਐਰਗੀਕਲਚਰ ਯੂਨੀਵਰਸਿਟੀ ਲਈ ਆਪਣੀ ਇਨਾਮੀ ਰਕਮ ਵਿਚੋਂ ਸਾਢੇ ਤਿੰਨ ਕਰੋੜ ਦੇ ਕੇ ਖੋਜ ਕੇਂਦਰ ਸਥਾਪਤ ਕੀਤਾ ਹੈ। ਏਡੀ ਵੱਡੀ ਕੁਰਬਾਨੀ ਕਰਨ ਦਾ ਇਹ ਵਿਚਾਰ ਤੁਹਾਡੇ ਮਨ ਵਿਚ ਕਦੋਂ ਤੇ ਕਿਵੇਂ ਆਇਆ?

-ਢਾਅ ਜੀ, ਮੈਨੂੰ ਵੱਧ ਝਾੜ  ਦੇਣ ਵਾਲ਼ੀਆਂ  ਚਾਵਲ ਦੀਆਂ ਕਿਸਮਾਂ ਦੇ ਵਿਕਾਸ ਲਈ ਮੇਰੇ ਕੰਮ ਲਈ ਕਈ ਪੁਰਸਕਾਰ ਮਿਲੇ ਹਨ। ਮੈਨੂੰ ਪੁਰਸਕਾਰ ਦੇ ਨਾਲ ਨਾਲ ਮਾਣ-ਭੱਤਾ ਵੀ ਮਿਲਿਆ। ਮੈਂ ਆਪਣੀਆਂ ਨਿਜੀ ਜ਼ਰੂਰਤਾਂ ਲਈ ਪੈਸੇ ਦੀ ਵਰਤੋਂ ਨਾ ਕਰਨ ਦਾ ਫ਼ੈਸਲਾ ਕਰਕੇ ਇਸ ਨੂੰ ਪੀ.ਏ.ਯੂ ਦੇ ਵਿਦਿਆਰਥੀਆਂ ਦੀ ਭਲਾਈ ਲਈ ਵਰਤਣ ਦਾ ਫ਼ੈਸਲਾ ਕੀਤਾ। ਅਸੀਂ ਬਹੁਤ ਸਾਰੇ ਨੂੰ ਯੋਗ ਵਿਦਿਆਰਥੀਆਂ ਨੂੰ ਬਹੁਤ ਸਾਰੇ ਸਕਾਲਰਸ਼ਿਪ ਦਿੰਦੇ ਹਾਂ। ਗ੍ਰੈਜੂਏਸ਼ਨ ਤੋਂ ਬਾਅਦ ਉਹ ਵਿਦਿਆਰਥੀ ਪੰਜਾਬ ਦੇ ਵਿਕਾਸ ਅਤੇ ਖੁਸ਼ਹਾਲੀ ਵਿੱਚ ਯੋਗਦਾਨ ਪਾਉਂਦੇ ਹਨ।

? ਅਮਰੀਕਾ ਵਿਚ ਯੂਨੀਵਰਸਿਟੀ ਆਫ਼ ਕੈਲੇਫੋਰਨੀਆਂ ਡੇਵਿਸ ਵਿਚ ਵੀ ਤੁਹਾਡੇ ਨਾਂ ਤੇ ਕਾਨਫਰੰਸ ਰੂਮ ਬਣਾਇਆ ਗਿਆ ਹੈ। ਤੁਸੀਂ ਰਿਟਾਇਰਡ ਹੋਣ ਤੋਂ ਬਾਅਦ ਵੀ ਵੰਲਟੀਅਰ ਕੰਮ ਕਰ ਰਹੇ ਹੋ। ਹੋਰ ਕਿਸ ਤਰ੍ਹਾਂ ਦੀ ਮਦਦ ਤੁਸੀਂ ਕਰਦੇ ਹੋ? ਇਹਦੇ ਬਾਰੇ ਵੀ ਚਾਨਣਾ ਪਾਓ?

-ਹਾਂ ਜੀ, ਮੈਂ 2002 ਵਿਚ ‘ਇੰਟਰਨੈਸ਼ਨਲ ਰਾਈਸ ਰਿਸਰਚ ਇੰਸਟੀਚਿਉਟ ਫਿਲਪਾਈਨ’ ਤੋਂ ਰਿਟਾਇਰਡ ਹੋ ਕੇ ਵਾਪਸ ਅਮਰੀਕਾ ਆ ਗਿਆ ਸੀ। ਇਥੇ ਮੈਂ ਸਮੇਂ ਸਮੇਂ ਵੱਖ-ਵੱਖ ਕਲਾਸਾਂ ਵਿਚ ਭਾਸ਼ਣ ਦਿੰਦਾ ਹਾਂ ਕਾਨਫਰੰਸਾਂ ਅਤੇ ਸੈਮੀਨਾਰਾਂ ਵਿਚ ਜਾਂਦਾ ਰਹਿੰਦਾ ਹਾਂ, ਜਿਥੇ ਮੈਂ ਹੋਰ ਵਿਗਿਆਨੀਆਂ ਨੂੰ ਮਿਲ਼ਦਾ ਤੇ ਉਨ੍ਹਾਂ ਨਾਲ ਖੇਤੀ-ਵਿਗਿਆਨ ਬਾਰੇ ਵਿਚਾਰ ਵਟਾਂਦਰੇ ਵੀ ਕਰਦੇ ਹਾਂ।

? ਡਾ. ਸਾਹਿਬ ਆਪਣੇ ਨਿਜੀ ਪਰਿਵਾਰ ਬਾਰੇ ਵੀ ਚਾਨਣਾ ਪਾਓ। ਤੁਹਾਡੀ ਸੁਪਤਨੀ ਵੀ ਤੁਹਾਡੇ ਖੇਤਰ ਵਿਚ ਹੀ ਕੰਮ ਕਰਦੇ   ਹਨ ਜਾਂ ਕਿਸੇ ਹੋਰ ਖੇਤਰ ਵਿਚ?  ਆਪਣੇ ਬੱਚਿਆਂ ਬਾਰੇ ਵੀ ਜਾਣਕਾਰੀ ਦਿਓ। ਉਨ੍ਹਾਂ ਨੇ ਕਿਸ ਤਰ੍ਹਾਂ ਦੀ ਐਜੂਕੇਸ਼ਨ ਲਈ ਅਤੇ ਅੱਜ ਕੱਲ੍ਹ ਕਿਸ ਤਰ੍ਹਾਂ ਦੀ ਜੌਬ ਕਰਦੇ ਹਨ? ਕਿਸੇ ਨੇ ਖੇਤੀ-ਵਿਗਿਆਨ ਵਿਚ ਵੀ ਦਿਲਚਸਪੀ ਦਿਖਾਈ?

-ਸਤਨਾਮ ਜੀ, ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ। ਮੇਰੀ ਪਤਨੀ ਐਜੂਕੇਸ਼ਨ ਐਡਮਿਨਿਸਟਰੇਸ਼ਨ ਵਿੱਚ ਪੀਐੱਚ. ਡੀ  . ਡੀ. ਹੈ। ਸ਼ੁਰੂਆਤੀ ਪੜ੍ਹਾਵਾਂ ਵਿੱਚ ਉਹ ਆਪਣੇ ਬੱਚਿਆਂ ਦੀ ਦੇਖ ਭਾਲ ਕਰਨ ਅਤੇ ਉਨ੍ਹਾਂ ਦੇ ਘਰ ਦੇ ਕੰਮ ਅਤੇ ਹੋਰ ਗਤੀਵਿਧੀਆਂ ਵਿੱਚ ਉਨ੍ਹਾਂ ਦੀ ਸਹਾਇਤਾ ਲਈ ਬਹੁਤ ਰੁੱਝੀ ਹੋਈ ਸੀ। ਬੱਚਿਆਂ ਦੇ ਅਮਰੀਕਾ ਦੀਆਂ ਯੂਨੀਵਰਸਿਟੀਆਂ ਵਿਚ ਚਲੇ ਜਾਣ ਤੋਂ ਬਾਅਦ, ਉਸਨੇ ਫਿਲਪੀਨਜ਼ ਵਿਚ ਸਥਾਨਕ ਕਾਲਜ ਵਿਚ ਪੜ੍ਹਾਉਣਾ ਸ਼ੁਰੂ ਕੀਤਾ। ਹੁਣ ਅਸੀਂ ਰਿਟਾਇਰਡ ਹਾਂ।  ਬੱਚਿਆਂ ਦਾ ਰੁਝਾਨ ਭਾਵੇਂ ਖੇਤੀ-ਵਿਗਿਆਨ ਵਿਚ ਨਹੀਂ ਪਰ ਮੈਨੂੰ ਖੁਸ਼ੀ ਹੈ, ਉਨ੍ਹਾਂ ਨੇ ਆਪੋ ਆਪਣੀ ਦਿਲਚਸਪੀ ਮੁਤਾਬਿਕ ਉੱਚ ਵਿੱਦਿਆ ਲੈ ਕੇ ਆਪਣੀਆਂ ਜੌਬਾਂ  ਕਰ ਰਹੇ ਹਨ। ਆਪੋ ਆਪਣੇ ਥਾਹੀਂ ਆਨੰਦ ਪ੍ਰਸੰਨ ਹਨ।

? ਇਕ ਹੋਰ ਸਵਾਲ ਇਹ ਕਿ ਤੁਹਾਨੂੰ ਇਕ ਖੇਤੀ-ਵਿਗਿਆਨੀ ਹੋਣ ਦਾ ਮਾਣ ਤਾਂ ਪ੍ਰਾਪਤ ਹੋਇਆ ਹੀ ਹੈ। ਤੁਸੀਂ ਇਕ ਹੋਰ ਮਹੱਤਵ ਪੂਰਨ ਖੋਜ ਵੀ ਕੀਤੀ ਹੈ, ਜੋ ਤੁਸੀਂ ਕੂਨਰ ਗੋਤ ਦੇ ਲੋਕਾਂ ਦੀ ਪੈੜ ਫੜਦਿਆਂ ਪੰਜਾਬ ਦੇ ਦੂਰ ਦੁਰਾਡੇ ਵੱਖ ਵੱਖ ਪਿੰਡਾਂ ਵਿਚ ਵਸਦੇ ਕੂਨਰ ਪਰਿਵਾਰਾਂ ਬਾਰੇ ਬਹੁਤ ਹੀ ਅਣਮੁਲੀ ਜਾਣਕਾਰੀ ਇਕੱਠੀ ਕੀਤੀ ਹੈ। ਇਕ ਬੁਕ ਲਿਟ ਵੀ ਛਾਪੀ ਹੈ। ਇਸ ਵਿਲੱਖਣ ਕੰਮ ਦਾ ਸਬੱਬ ਕਿਵੇਂ ਤੇ ਕਦੋਂ ਬਣਿਆ?

-ਜਦੋਂ ਤੋਂ ਮੈ ਜੁਆਨ ਹੋਇਆ ਤਾਂ ਮੈਂ ਆਪਣੇ ਪਿੰਡ ਦੇ ਵਿਅਕਤੀਆਂ ਜਿਨ੍ਹਾਂ ਦਾ ਗੋਤ ਕੂਨਰ ਹੈ ਉਨ੍ਹਾਂ ਤੋਂ ਇਲਾਵਾ ਸਾਡੇ ਪਿੰਡ ਤੋਂ ਬਾਹਰਲੇ ਲੋਕ ਜਿਨ੍ਹਾ ਦਾ ਗੋਤ ਕੂਨਰ ਹੈ ਕਿਦੇ ਦੂਰ ਦੁਰਾਡੇ ਪਿੰਡ ਵਿਚ ਰਹਿੰਦੇ ਕਦੇ ਕਿਸੇ ਵਿਅਕਤੀ ਨੂੰ ਨਹੀਂ ਮਿਲਿਆ ਸੀ। ਮੈਂ ਆਪਣੇ ਦੁਆਲੇ ਵਿਚਰਦੇ ਸਿੱਧੂ, ਸੰਧੂ, ਗਰੇਵਾਲ, ਅਤੇ ਰੰਧਾਵੇ ਗੋਤ ਦੇ ਲੋਕਾਂ ਨੂੰ ਮਿਲਦਾ ਰਹਿੰਦਾ ਸੀ। ਮੇਰੇ ਮਨ ਵਿਚ ਕੂਨਰਾਂ ਦੇ ਪਿਛੋਕੜ ਤੇ ਉਨ੍ਹਾਂ ਵੱਖ ਵੱਖ ਥਾਹੀਂ ਕਿਥੇ ਕਿਥੇ ਰਹਿੰਦੇ ਗੋਤੀਆਂ ਬਾਰੇ ਖੋਜ ਪੜਤਾਲ਼ ਕਰਨ ਦਾ ਖ਼ਿਆਲ ਆਇਆ। ਇਸ ਲਈ ਮੈਂ ਇੱਕ ਛੋਟੀ ਜਿਹੀ ਕਿਤਾਬਚਾ ਪ੍ਰਕਾਸ਼ਤ ਕਰਨ ਅਤੇ ਹੋਰ ਕੂਨਰਾਂ ਨਾਲ ਸਾਂਝਾ ਕਰਨ ਦਾ ਫੈਸਲਾ ਕੀਤਾ।

? ਗੁਰਦੇਵ ਜੀ, ਤੁਸੀਂ ਚੌਲਾਂ ਦੀ ਫ਼ਸਲ ਉਪਰ ਖੋਜ ਕਰਕੇ ਉਪਜ ਨੂੰ ਤਿੰਨ ਗੁਣਾ ਕਰਕੇ ਦੁਨੀਆ ਭਰ ਦੀ ਭੁੱਖਮਰੀ ਦੂਰ ਕਰ ਦਿੱਤੀ ਤਕਰੀਬਨ ਦੁਨੀਆ ਦੇ ਸੱਤਰ ਮੁਲਕਾਂ ਵਿਚ ਗਏ। ਇਸ ਖੋਜ ਨੂੰ ਦੇਖਦਿਆਂ ਤੁਹਾਨੂੰ ਦੁਨੀਆ ਭਰ ਦੇ ਐਵਾਰਡ, ਅਤੇ ਯੂਨੀਵਰਸਿਟੀਆਂ ਨੇ ਔਨਰੇਰੀ ਡਾ. ਦੀਆਂ ਡਿਗਰੀਆਂ ਵੀ ਪ੍ਰਦਾਨ ਕੀਤੀਆਂ। ਫੇਰ ਵੀ ਇਨਸਾਨ ਦੀ ਕਿਧਰੇ ਤਮੰਨਾ ਕੋਈ ਨਾ ਕੋਈ ਹੁੰਦੀ ਹੀ ਹੈ। ਤੁਹਾਡੀ ਕੋਈ ਖ਼ਾਹਿਸ਼ ਬਾਕੀ ਹੈ? ਜੋ ਤੁਸੀਂ ਆਪਣੀ ਖੋਜ ਦੇ ਰੁਝੇਵਿਆਂ ਸਮੇਂ ਪੂਰੀ ਨਾ ਕਰ ਸਕੇ ਹੋਵੋ?

-ਮੈਂ ਆਪਣੇ 65 ਸਾਲਾਂ ਦੇ ਵਿਗਿਆਨਕ ਕਰੀਅਰ ਦੇ ਦੌਰਾਨ ਜੋ ਕੁਝ ਕੀਤਾ ਉਸ ਨਾਲ ਪੂਰੀ ਤਰ੍ਹਾਂ ਸੰਤੁਸ਼ਟ ਹਾਂ ਅਤੇ ਸਮਾਜਕ ਵਿਗਿਆਨਕ ਕਰੀਅਰ ਦੌਰਾਨ ਸਮਾਜ ਦੀ ਭਲਾਈ ਵਿੱਚ ਯੋਗਦਾਨ ਪਾਇਆ। ਮੇਰੀ ਕੋਈ ਅਜਿਹੀ ਖ਼ਾਹਿਸ਼ ਜਾਂ ਤਮੰਨਾ ਨਹੀਂ ਜੋ ਮੈਂ ਆਪਣੀ ਜ਼ਿੰਦਗੀ ਵਿਚ ਪੂਰੀ ਨਾ ਕੀਤੀ ਹੋਵੇ।

? ਇਕ ਹੋਰ ਨਿਜੀ ਸਵਾਲ ਤੁਸੀਂ ਇਸ ਵੇਲੇ ਨੱਬੇ ਸਾਲ ਦੇ ਹੋ ਅਤੇ ਪੂਰੀ ਤਰ੍ਹਾਂ ਤੰਦਰੁਸਤ ਹੋ। ਜ਼ਿੰਦਗੀ ਦੇ ਇਸ ਮੋੜ ਤੇ ਵੀ ਜ਼ਿੰਦਗੀ ਦੇ ਸਫ਼ਰ ਦੀ ਕੋਈ ਥਕਾਵਟ ਤੁਹਾਡੇ ਚੇਹਰੇ ‘ਤੇ ਨਜ਼ਰ ਨਹੀਂ ਆ ਰਹੀ। ਤੁਸੀਂ ਦੱਸ ਰਹੇ ਸੀ ਇਸੇ ਸਾਲ ਫਰਵਰੀ ਤੋਂ ਅਪ੍ਰੈਲ ਤਕ ਪੰਜਾਬ ਰਹਿ ਕੇ ਆਏ ਹੋ। ਇਸ ਤੰਦਰੁਸਤੀ ਦਾ ਕੋਈ ਰਾਜ ਸਾਂਝਾ ਕਰਨਾ ਚਾਹੋਗੇ?

-ਮੇਰੀ ਚੰਗੀ ਸਿਹਤ ਅਤੇ ਲੰਬੀ ਉਮਰ ਦਾ ਸਭ ਤੋਂ ਮਹੱਤਵਪੂਰਣ ਕਾਰਨ ਇਹ ਹੈ ਕਿ ਮੈਨੂੰ ਮੇਰੇ ਮਾਪਿਆਂ ਤੋਂ ਚੰਗੇ ਜੀਨ ਦੀ ਵਿਰਾਸਤ ਵਿਚ ਮਿਲੀ ਹੈ। ਮੈਂ ਆਪਣੀ ਜ਼ਿੰਦਗੀ ਵਿਚ ਇਕ ਦਿਨ ਹਸਪਤਾਲ ਵਿਚ ਨਹੀਂ ਬਤੀਤ ਕੀਤਾ ਹੈ। ਮੈਂ ਕਦੇ ਤਮਾਕੂਨੋਸ਼ੀ ਨਹੀਂ ਕੀਤੀ ਅਤੇ ਨਾ ਹੀ ਮੈਂ ਕਦੇ ਹਾਰਡ ਲਿਕਰ ਪੀਤੀ ਹੈ। ਹਾਂ, ਕਦੇ ਕਿਧਰੇ ਕੋਈ ਪਾਰਟੀ ਦੇ ਮੌਕੇ ਇਕ ਗਲਾਸ ਵਾਈਨ ਲੈ ਲੈਂਦਾ ਹਾਂ।  ਪਰ ਨਿਯਮਿਤ ਤੌਰ ਤੇ ਕਦੇ ਨਹੀਂ।  ਮੈਂ ਰੋਜ਼ਾਨਾ ਸਾਦਾ ਭੋਜਨ ਖਾਂਦਾ ਹਾਂ ਲੋੜ ਤੋਂ ਵੱਧ ਕਦੇ ਨਹੀਂ ਖਾਧਾ,  ਮੈਂ ਨਿਯਮਿਤ ਤੌਰ ਤੇ ਕਸਰਤ ਕਰਦਾ ਹਾਂ।  ਮੈਨੂੰ ਰੋਜ਼ਾਨਾ 6-7 ਘੰਟੇ ਦੀ ਨੀਂਦ ਆਉਂਦੀ ਹੈ, ਮੈਨੂੰ ਆਪਣੀ ਜ਼ਿੰਦਗੀ ਦਾ ਕੋਈ ਦਬਾਅ ਕਦੇ ਨਹੀਂ ਮਹਿਸੂਸ ਹੋਇਆ।

? ਹੁਣ ਤੁਸੀਂ ਅੱਜ ਕੱਲ੍ਹ ਰੀਟਾਇਰਡ ਹੋ। ਖੋਜਾਂ ਕਰਦਿਆਂ ਪੜ੍ਹਦਿਆਂ ਪੜ੍ਹਾਉਂਦਿਆਂ ਸ਼ਾਇਦ ਆਪਣੇ ਸ਼ੌਂਕਾਂ ਬਾਰੇ ਬਹੁਤ ਸਮਾਂ ਨਹੀਂ ਕੱਢ ਸਕੇ ਹੋਵੋਂ। ਆਪਣੇ ਸ਼ੌਂਕਾਂ ਜਾਂ ਮਨੋਰਜੰਨ ਬਾਰੇ ਦੱਸੋ। ਭਗਤੀ ਤਾਂ ਤੁਸੀਂ ਸਾਰੀ ਉਮਰ ਦੁਨੀਆ ਦੀ ਭੱਖ ਮਰੀ ਨੂੰ ਦੂਰ ਕਰਕੇ ਬਹੁਤ ਕਰ ਲਈ ਹੈ। ਅੱਜ ਕੱਲ੍ਹ ਜ਼ਿੰਦਗੀ ਦੇ ਪਲਾਂ  ਨੂੰ ਕਿਸ ਤਰ੍ਹਾਂ ਮਾਣਦੇ ਹੋ? ਕਿਧਰੇ ਹੁਣ ਆਪ ਖੇਤੀ ਤਾਂ ਨਹੀਂ ਕਰਨ ਲੱਗੇ?

-ਢਾਅ ਜੀ, ਹੋਰਨਾ ਕਿਸਨ ਪੁੱਤਰਾਂ ਵਾਂਗ ਖੇਤੀ ਮੇਰੇ ਡੀ ਐਨ ਏ ਵਿੱਚ ਹੈ। ਫਿਲਪੀਨਜ਼ ਵਿਚ ਮੇਰਾ ਘਰ 5 ਏਕੜ ਦੀ ਲਾਟ ‘ਤੇ ਸੀ। ਉਥੇ ਮੇਰੇ ਕੋਲ ਇੱਕ ਸਰਕਾਰੀ ਮਾਲੀ ਹੁੰਦਾ ਸੀ ਅਤੇ ਉਹਨੂੰ ਮੈਂ ਸਬਜ਼ੀਆਂ ਉਗਾਉਣ ਲਈ ਸਿਖਲਾਈ ਦਿੱਤੀ ਹੋਈ ਸੀ। ਜਦੋਂ ਮੈਂ ਦਿਨ ਦੇ ਕੰਮ ਤੋਂ ਬਾਅਦ ਘਰ ਆਉਂਦਾ ਤਾਂ ਮੈਂ ਵੀ ਆਪਣਾ ਸ਼ੌਂਕ ਪੂਰਾ ਕਰਨ ਲਈ ਗਾਰਡਨ ਵਿਚ ਕੁਝ ਸਮਾਂ ਬਿਤਾਉਂਦਾ ਸੀ। ਹੁਣ ਇਥੇ ਅਮਰੀਕਾ ਵਿਚ ਵੀ ਆਹ ਮੇਰਾ ਮੌਜੂਦਾ ਘਰ ਇਕ ਏਕੜ ‘ਤੇ ਹੈ, ਇਸ ਲਈ ਮੈਂ ਸਬਜ਼ੀਆਂ ਅਤੇ ਫਲਾਂ ਦੇ ਰੁੱਖਾਂ ਨੂੰ ਉਗਾ ਕੇ ਕਿਸਾਨੀ  ਵਾਲ਼ੀ ਆਪਣੀ ਦਿਲਚਸਪੀ ਪੂਰੀ ਕਰਦਾ ਹਾਂ, ਦੂਜੀ ਗੱਲ ਇਹ ਕਸਰਤ ਲਈ ਵੀ ਚੰਗਾ ਹੈ। ਮੇਰਾ ਦੂਜਾ ਸ਼ੌਕ ਵਿਸ਼ਵ ਇਤਿਹਾਸ, ਸਿੱਖ ਇਤਿਹਾਸ ਅਤੇ ਸਮਕਾਲੀ ਘਟਨਾਵਾਂ ਬਾਰੇ ਵੀ  ਪੜ੍ਹ ਰਿਹਾ ਹੈ।

? ਜਿੰਨਾ ਤੁਸੀਂ ਸੰਘਰਸ਼ ਅਤੇ ਮਿਹਨਤ ਕੀਤੀ ਹੈ ਇਸ ਤੋਂ ਸਾਬਤ ਹੁੰਦਾ ਕਿ ਤੁਹਾਡੀ ਜ਼ਿੰਦਗੀ ਸਿਲਫ਼ ਮੇਡ ਜ਼ਿੰਦਗੀ ਹੈ। ਪਰ ਫੇਰ ਵੀ ਤੁਸੀਂ ਕਿਸੇ ਸ਼ਖ਼ਸੀਅਤ ਨੂੰ ਆਪਣਾ ਰੋਲ-ਮਾਡਲ ਮੰਨਦੇ ਹੋ?

-ਸਤਨਾਮ ਜੀ ਸੱਚੀ ਗੱਲ ਇਹ ਹੈ ਕਿ ਮੈਂ ਰੋਲ ਮਾਡਲਾਂ ਵਿੱਚ ਵਿਸ਼ਵਾਸ ਨਹੀਂ ਕਰਦਾ। ਮੈਂ ਚੰਗੇ ਵਧੀਆ ਸਲਾਹਕਾਰਾਂ ਦੀ ਸਲਾਹ ਵਿਚ ਵਿਸ਼ਵਾਸ ਰੱਖਦਾ ਹਾਂ। ਮੈਂ ਸਮਝਦਾ ਕਿ ਉਹੀ ਲੋਕ ਜਿਹੜੇ ਤੁਹਾਡੀ ਮਦਦ ਕਰਦੇ ਹਨ ਅਤੇ ਤੁਹਾਡਾ ਚੰਗਾ ਭਵਿੱਖ ਬਣਾਉਣ ਵਿਚ ਤੁਹਾਡੀ ਅਗਵਾਈ ਕਰਦੇ ਹਨ ਤੁਹਾਨੂੰ ਸਹੀ ਰਸਤਾ ਦਿਖਾਉਂਦੇ ਹਨ। ਮੈਂ ਬਹੁਤ ਮਾਣ ਨਾਲ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਮੇਰਾ ਸਭ ਤੋਂ ਪਹਿਲਾ ਸਲਾਹਕਾਰ ਮੇਰੇ ਪਿਤਾ ਜੀ ਸਨ, ਦੂਜਾ ਮੇਰੇ ਹਾਈ ਸਕੂਲ ਦਾ ਮੁੱਖ ਅਧਿਆਪਕ  ਲਾਲਾ ਸੰਤ ਰਾਮ ਜੀ ਅਤੇ ਤੀਸਰੇ ਮੇਰੇ ਕੈਲੇਫੋਰਨੀਆਂ  ਯੂਨੀਵਰਸਿਟੀ ਦੇ ਪ੍ਰੋਫੈਸਰ ਡਾ ਸਟੈਬਿਨਜ ਸੀ। ਮੈਂ ਆਪਣੀ ਜ਼ਿੰਦਗੀ ਵਿਚ ਕੁਝ ਚੰਗਾ ਤੇ ਵਧੀਆ ਕਰਨਾ ਚਾਹੁੰਦਾ ਸੀ। ਮੈਂ ਉਨ੍ਹਾਂ ਦੀ ਰਹਿਨਮਾਈ ਵਿਚ ਬਹੁਤ ਹੀ ਧਿਆਨ ਨਾਲ ਆਪਣੇ ਕਿੱਤੇ ਦੇ ਟੀਚਿਆਂ ਨੂੰ ਚੁਣਿਆ ਤੇ ਕਾਮਯਾਬੀ ਹਾਸਲ ਕੀਤੀ। ਮੇਰੀ ਵੀ ਇਹੋ ਕੋਸ਼ਿਸ਼ ਹੁੰਦੀ ਹੈ ਕਿ ਜਿੱਥੇ ਕਿਧਰੇ ਮੈਂ ਮਦਦ ਕਰ ਸਕਦਾ ਹਾਂ। ਜਦ ਵੀ ਕਦੇ ਜ਼ਰੂਰੀ ਹੋਵੇ ਦੂਜਿਆਂ ਲਈ ਮਦਦ ਕਰਾਂ। ਸਤਨਾਮ ਜੀ, ਮੈਂ ਕਦੇ ਵੀ ਕਿਸੇ ਇਨਸਾਨ ਨੂੰ ਦੁਖੀ ਨਹੀਂ ਕਰਦਾ।

? ਆਪਣੀ ਜ਼ਿੰਦਗੀ ਦੇ ਸਭ ਤੋਂ ਖੁਸ਼ੀ ਵਾਲਾ ਦਿਨ ਜਾਂ ਗ਼ਮਗੀਨ ਦਿਨ ਦੀ ਕੋਈ ਸਾਂਝੀ ਕਰਨਾਂ ਚਾਹੋਗੇ?

-ਹਰ ਇਨਸਾਨ ਦੀ ਜ਼ਿੰਦਗੀ ਦੁੱਖਾਂ ਸੁੱਖਾਂ ਦਾ ਸੁਮੇਲ ਹੁੰਦੀ ਹੈ। ਮੈਨੂੰ ਆਪਣੀ ਜ਼ਿੰਦਗੀ ਵਿਚ ਬਹੁਤ ਸਾਰੇ ਖੁਸ਼ੀ ਦੇ ਦਿਨ ਦੇਖਣ ਦਾ ਮੌਕਾ ਮਿਲ਼ਿਆ। ਉਦਾਹਰਣ ਵਜੋਂ ਜਦੋਂ ਮੇਰਾ ਵਿਆਹ ਹੋਇਆ, ਸਾਡੇ ਬੱਚੇ ਪੈਦਾ ਹੋਏ ਅਤੇ ਜਦੋਂ ਵੀ ਮੈਂ ਅੰਤਰਰਾਸ਼ਟਰੀ ਪੁਰਸਕਾਰ ਜਿੱਤੇ। ਮੇਰੇ ਉਦਾਸ ਦਿਨ ਸੀ ਜਦੋਂ ਮੇਰੇ ਪਿਤਾ ਜੀ ਦਾ ਦਿਹਾਂਤ ਹੋਇਆ ਤਾਂ ਮੈਂ ਅਮਰੀਕਾ ਵਿਚ ਪੜ੍ਹ ਰਿਹਾ ਸੀ। ਦੂਜਾ ਮੇਰੀ ਜ਼ਿੰਦਗੀ ਦਾ ਗ਼ਮਗੀਨ ਦਿਨ ਸੀ, ਜਿਸ ਦਿਨ ਸਾਡੀ 43 ਸਾਲ ਦੀ ਧੀ ਕੈਂਸਰ ਨਾਲ ਸਦੀਵੀ ਵਿਛੋੜਾ ਦੇ ਗਈ। ਤੁਸੀਂ ਜਾਣਦੇ ਹੋ ਇਸ ਤਰ੍ਹਾਂ ਪਰਿਵਾਰਕ ਮੈਂਬਰਾਂ ਦਾ ਜਾਣਾ ਕਿੰਨਾ ਦੁਖਦਾਈ ਹੁੰਦਾ ਪਰ ਇਥੇ ਆਪਣਾ ਕੋਈ ਚਾਰਾ ਵੀ ਨਹੀਂ ਹੁੰਦਾ, ਮੈਂ ਭਾਣਾ ਵਿੱਚ ਵਿਸ਼ਵਾਸ ਕਰਦਾ ਹਾਂ।

? ਡਾ. ਸਾਹਿਬ ਮੈਂ ਆਪ ਵੀ ਭਾਵੇਂ ਕਿਸਾਨੀ ਪਰਿਵਾਰ ‘ਚੋਂ ਹਾਂ ਪਰ ਤੁਹਾਡੇ ਵਾਲਾ ਖੇਤੀ-ਵਿਗਿਆਨ ਦਾ ਅਲਜ਼ਬਰਾ ਮੈਂ ਨਹੀਂ ਪੜ੍ਹਿਆ। ਨਾ ਹੀ ਮੈਨੂੰ ਤੁਹਾਡੀ ਖੋਜ ਦੀ ਟਰਮਨੌਲੌਜੀ ਬਾਰੇ ਕੋਈ ਗਿਆਨ ਹੈ। ਹੋ ਸਕਦਾ ਮੈਂ ਉਹ ਸਵਾਲ ਆਪ ਨੂੰ ਨਾ ਪੱਛ ਸਕਿਆ ਹੋਵਾਂ, ਜੋ ਤੁਸੀਂ ਸਮਝਦੇ ਹੋਵੇ ਕਿ ਆਹ ਮਹੱਤਵਪੂਰਨ ਸਵਾਲ ਪੁੱਛਿਆ ਜਾਣਾ ਚਾਹੀਦਾ ਹੈ, ਤਾਂ ਜ਼ਰੂਰ ਸਾਂਝਾ ਕਰੋ?

-ਢਾਅ ਜੀ, ਤੁਸੀਂ ਬਹੁਤ ਸਾਰੇ ਪ੍ਰਸ਼ਨ ਪੁੱਛ ਹੀ ਲਏ ਹਨ। ਮੈਂ ਤੁਹਾਡੇ ਸਾਰੇ ਪ੍ਰਸ਼ਨਾਂ ਦਾ ਜਵਾਬ ਦੇਣ ਵਿੱਚ ਖੁਸ਼ੀ ਮਹਿਸੂਸ ਕਰਦਾ ਹਾਂ। ਮੈਨੂੰ ਇਸ ਤਰ੍ਹਾਂ ਲੱਗਦਾ ਕਿ ਮੈਂ ਕਿਸੇ ਸਾਥੀ ਕਿਸਾਨ ਅਤੇ ਆਪਣੇ ਪੇਂਡੂ ਨਾਲ ਗੱਲ ਕਰ ਰਿਹਾ ਹਾਂ। ਭਾਵੇਂ ਤੁਸੀਂ ਕਿਹਾ ਕਿ ਮੈਨੂੰ ਖੇਤੀ ਵਿਗਿਆਨ ਦੀ ਸਮਝ ਨਹੀਂ ਪਰ ਤੁਹਾਡੇ ਸਵਾਲ ਬਿਲਕੁਲ ਖੇਤੀ-ਵਿਗਿਆਨ ਨਾਲ ਹੀ ਸੰਬੰਧਿਤ ਸਨ। ਤੁਸੀਂ ਮੇਰੇ ਕੀਤੇ ਕੰਮ ਨੂੰ ਸਮਝਦਿਆਂ, ਇਸ ਦੀ ਕਦਰ ਕਰਦਿਆਂ ਮੇਰੇ ਨਾਲ ਇਹ ਇੰਟਰਵਿਊ ਕਰਨ ਦਾ ਉਪਰਾਲਾ ਕੀਤਾ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ।

ਸਤਨਾਮ ਸਿੰਘ ਢਾਅ: ਡਾ. ਖੁਸ਼ ਜੀ ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਜੋ ਆਪ ਆਪਣੇ ਕੀਮਤੀ ਸਮੇਂ ਵਿਚੋਂ ਸਮਾਂ ਕੱਢ ਕੇ ਆਪਣੀ ਜ਼ਿੰਦਗੀ ਦੀ ਕਿਤਾਬ ਦੇ ਅਣਮੁੱਲੇ ਪੰਨੇ ਸਾਂਝੇ ਕੀਤੇ ਹਨ। ਮੈਨੂੰ ਪੂਰਨ ਆਸ ਹੈ ਕਿ ਇਸ ਮੁਲਾਕਾਤ ਤੋਂ ਪਾਠਕ ਅਤੇ  ਸਾਡੀਆਂ ਆਉਣ ਵਾਲ਼ੀਆਂ ਪੀੜ੍ਹੀਆਂ  ਵੀ ਲਾਹਾ  ਲੈਣਗੀਆਂ।
***

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1569
***

satnam_dhaw
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਸਤਨਾਮ ਢਾਅ ਦੀਅਾਂ ਪੁਸਤਕਾਂ ਦਾ ਵੇਰਵਾ:

ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਦੂਜਾ)
ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਪਹਿਲਾ)

ਪਤਾ:
Satnam Singh Dhah
303 ASPEN RIDGE PL SW

Calgary, AB T3 H 1T2
Canada
Ph.403-285-6091
e-mailsatnam.dhah@gmail.com

ਸਤਨਾਮ ਢਾਅ

ਸਤਨਾਮ ਢਾਅ ਦੀਅਾਂ ਪੁਸਤਕਾਂ ਦਾ ਵੇਰਵਾ: ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਦੂਜਾ) ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਪਹਿਲਾ) ਪਤਾ: Satnam Singh Dhah 303 ASPEN RIDGE PL SW Calgary, AB T3 H 1T2 Canada Ph.403-285-6091 e-mailsatnam.dhah@gmail.com

View all posts by ਸਤਨਾਮ ਢਾਅ →