ਕਰਮਜੀਤ ਸਕਰੁੱਲਾਂਪੁਰੀ (ਜਨਮ 1974) ਇੱਕ ਸਕੂਲ ਅਧਿਆਪਕ ਹੈ। ਬੀਏ. ਬੀਐੱਡ.ਕਰਕੇ ਉਹ 2002 ਤੋਂ ਸਰਕਾਰੀ ਪ੍ਰਾ.ਸਕੂਲ, ਮੁੰਡੀਆਂ, ਮੋਰਿੰਡਾ (ਰੋਪੜ) ਵਿਖੇ ਹੈੱਡਟੀਚਰ ਵਜੋਂ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ। ਪੰਜਾਬੀ ਦੀਆਂ ਵਿਭਿੰਨ ਪੱਤਰ-ਪੱਤ੍ਰਿਕਾਵਾਂ (ਪ੍ਰੀਤਲੜੀ, ਤਰਕਸ਼ੀਲ, ਤਰਕਬੋਧ, ਆਪਣੀ ਦੁਨੀਆਂ ਆਦਿ) ਵਿੱਚ ਗੀਤ, ਕਵਿਤਾਵਾਂ, ਲੇਖ ਆਦਿ ਲਿਖਣ ਤੋਂ ਇਲਾਵਾ ਉਹਨੇ ਪੁਸਤਕ ਸਮੀਖਿਅਕ ਵਜੋਂ ਵੀ ਆਪਣੀ ਹਾਜ਼ਰੀ ਲੁਆਈ ਹੈ। ਉਹਨੇ ਸਕੂਲਾਂ ਵਿੱਚ ਸਵੇਰ ਦੀ ਸਭਾ ਲਈ ਇੱਕ ਅਗਾਂਹਵਧੂ ਗੀਤ ਦੀ ਰਚਨਾ ਕੀਤੀ ਹੈ – ‘ਅਸੀਂ ਚਾਨਣ ਵੰਡਣਾ ਏ, ਚੰਨ ਸੂਰਜ ਤਾਰੇ ਬਣ ਕੇ ਜੀ/ ਹਰ ਦਿਲ ਵਿੱਚ ਵੱਸਣਾ ਏ, ਸਭਨਾਂ ਦੇ ਦੁਲਾਰੇ ਬਣ ਕੇ ਜੀ।’ ਉਹਦਾ ਇੱਕ ਹੋਰ ਗੀਤ ਵੀ ਇਨ੍ਹੀਂ ਦਿਨੀਂ ਚਰਚਾ ਵਿੱਚ ਹੈ – ‘ਨਾਨਕ ਤੇਰੀ ਧਰਤੀ ਤੇ, ਕੁੜੀਆਂ ਨੂੰ ਮੁਕਾਇਆ ਜਾਂਦੈ/ਉਂਜ ਸ਼ਾਮ ਸਵੇਰੇ ਤੇਰੀ, ਬਾਣੀ ਨੂੰ ਗਾਇਆ ਜਾਂਦੈ।’ ਇਸੇ ਸਾਲ ਉਹਦੀ ਪਹਿਲ-ਪਲੇਠੀ ਕਿਤਾਬ ਪ੍ਰਕਾਸ਼ਿਤ ਹੋਈ ਹੈ- ‘ਦੋ ਗਿੱਠ ਜ਼ਮੀਨ’ (ਯੂਨੀਸਟਾਰ ਬੁੱਕਸ ਪ੍ਰਾ. ਲਿ. ਮੋਹਾਲੀ; ਪੰਨੇ 115; ਮੁੱਲ 295/-), ਜਿਸ ਵਿੱਚ 7 ਲੰਮੀਆਂ ਕਹਾਣੀਆਂ ਹਨ। ਤਰਕਸ਼ੀਲ ਸੋਚ ਦੇ ਧਾਰਨੀ ਕਰਮਜੀਤ ਦੀਆਂ ਵਧੇਰੇ ਕਹਾਣੀਆਂ ਪਾਤਰ-ਪ੍ਰਧਾਨ ਹਨ। ਇਨ੍ਹਾਂ ਦੇ ਸਿਰਲੇਖ ਵੀ ਪਾਤਰ-ਮੁਖੀ ਹਨ- ‘ਗੰਡਾਸਾ… ਉਰਫ਼ ਗੰਢਾ ਸਿੰਘ’, ‘ਸਵਿਫ਼ਟ ਵਾਲੀ ਕੁੜੀ’, ‘ਬੇਰੀ ਵਾਲੀ ਬੇਬੇ’, ‘ਕੈਲਾ… ਗੱਪੀ ਨਹੀਂ ਸੀ’। ‘ਦੋ ਗਿੱਠ ਜ਼ਮੀਨ’ ਵਿੱਚ ਵੀ ਪਾਤਰ ਭਾਗ ਸਿੰਘ ਦੀ ਖ਼ਾਸ ਪਹਿਚਾਣ ਹੈ। ‘ਚੁੱਪ ਦੀ ਸਰਦਲ ਤੇ’ ਅਤੇ ‘ਗੂੜ੍ਹੇ ਰੰਗ’ ਵਿੱਚ ਕੋਈ ਇੱਕ ਪਾਤਰ ਪ੍ਰਮੁਖਤਾ ਨਾਲ ਨਹੀਂ ਉਭਰਿਆ। ਪਹਿਲੀ ਕਹਾਣੀ ਦਾ ਗੰਢਾ ਸਿੰਘ 70 ਸਾਲ ਦਾ ਛੜਾ ਹੈ ਤੇ ਉਹ ਜਵਾਨੀ ਵਿੱਚ ਕਬੱਡੀ ਦਾ ਵਧੀਆ ਖਿਡਾਰੀ ਰਿਹਾ ਹੈ। ਹੁਣ ਵੀ ਜਦੋਂ ਆਸਪਾਸ ਕਿਤੇ ਕਬੱਡੀ ਦਾ ਟੂਰਨਾਮੈਂਟ ਹੋਵੇ ਤਾਂ ਤਾਇਆ ਗੰਢਾ ਸਿੰਘ ਨੂੰ ਉੱਥੇ ਵਿਸ਼ੇਸ਼ ਮਾਣ-ਤਾਣ ਦਿੱਤਾ ਜਾਂਦਾ ਹੈ। ਤਾਏ ਨੂੰ ਪਿੰਡ ਵਾਲਿਆਂ ਨੇ ਸਰਪੰਚ ਬਣਾਉਣ ਦਾ ਫ਼ੈਸਲਾ ਕੀਤਾ ਤਾਂ ਉਹਨੇ ਕੁਝ ਸ਼ਰਤਾਂ ਰੱਖ ਦਿੱਤੀਆਂ, ਜੀਹਦੇ ਮੂਹਰੇ ਸਾਰੇ ਚੁੱਪ ਹੋ ਗਏ ਤੇ ਗੱਲ ਆਈ-ਗਈ ਹੋ ਗਈ। ‘ਸਵਿਫ਼ਟ ਵਾਲੀ ਕੁੜੀ’ ਵਿੱਚ ਕਹਾਣੀ ਦੇ ਨਾਇਕ ਕੁਲਦੀਪ ਨਾਲ ਕਾਲਜ ਪੜ੍ਹਦੀ ਕੁੜੀ ਇਸ਼ਵਿੰਦਰ ਕੌਰ ਦਾ ਇਸ਼ਕੀਆ ਬਿਰਤਾਂਤ ਹੈ, ਜੋ ਵਿਆਹ ਪਿੱਛੋਂ ਨਿਊਜ਼ੀਲੈਂਡ ਚਲੀ ਗਈ ਤੇ ਇੱਕ ਦਿਨ ਅਚਾਨਕ ਕੁਲਦੀਪ ਨੂੰ ਬੈਂਕ ਦੇ ਏਟੀਐਮ ‘ਚੋਂ ਬਾਹਰ ਨਿਕਲਦੀ ਮਿਲੀ ਤਾਂ ਨਾਇਕ ਨੂੰ ਪਿੱਛਲਝਾਤ ਰਾਹੀਂ ਕਾਲਜ ਬਿਤਾਇਆ ਪੁਰਾਣਾ ਸਮਾਂ ਯਾਦ ਆ ਗਿਆ। ‘ਬੇਰੀ ਵਾਲੀ ਬੇਬੇ’ ਵਿੱਚ ਪਾਕਿਸਤਾਨੀ ਕੁੜੀ ਬਸ਼ੀਰਾਂ ਦੀ ਮਾਰਮਿਕ ਗਾਥਾ ਹੈ, ਜਿਸ ਨਾਲ ਪਿੰਡ ਦੇ ਦਸ ਨੰਬਰੀਏ ਵੈਲੀ ਨਰੰਗੇ ਨੇ ਵਿਆਹ ਕਰਕੇ ਘਰੇ ਵਸਾ ਲਿਆ ਤੇ ਨਾਂ ਬਸੰਤ ਕੌਰ ਰੱਖ ਦਿੱਤਾ। ਬਸੰਤ ਕੌਰ ਦੇ ਚਾਰ ਧੀਆਂ ਨੇ ਜਨਮ ਲਿਆ ਪਰ ਨਰੰਗੇ ਨੂੰ ਮੁੰਡੇ ਦੀ ਇੱਛਾ ਸੀ। ਨਰੰਗਾ ਪਿੰਡ ਛੱਡ ਕੇ ਪਹਿਲਾਂ ਦਿੱਲੀ ਤੇ ਫਿਰ ਕਲਕੱਤੇ ਚਲਾ ਗਿਆ। ਉੱਥੇ ਉਹਨੇ ਹੋਰ ਵਿਆਹ ਕਰਵਾ ਲਿਆ ਤੇ ਬਸੰਤ ਨੂੰ ਭੁੱਲ-ਭੁਲਾ ਗਿਆ, ਪਿੰਡ ਵੀ ਨਾ ਮੁੜਿਆ। ਸਾਰੀਆਂ ਕੁੜੀਆਂ ਦੇ ਵਿਆਹ ਬਸੰਤ ਨੇ ਪਿੰਡ ਵਾਲਿਆਂ ਦੀ ਮਦਦ ਨਾਲ ਕੀਤੇ। ਸੰਤਾਲੀ ਦੀ ਵੰਡ ਦਾ ਬਸੰਤ ਨੂੰ ਉਮਰ ਭਰ ਦੁੱਖ ਰਿਹਾ, ਇਸੇਲਈ ਪਿੰਡ ਦੇ ਸਕੂਲ ਵੱਲੋਂ ਮਨਾਏ ਜਾਣ ਵਾਲੇ 15 ਅਗਸਤ ਦੇ ਸਮਾਗਮ ਵਿੱਚ ਉਹ ਕਦੇ ਵੀ ਸ਼ਾਮਲ ਨਾ ਹੋਈ। ‘ਦੋ ਗਿੱਠ ਜ਼ਮੀਨ’ ਵਿੱਚ ਗਰੀਬ ਘਰ ਦੇ ਪਿਓ-ਮਹਿੱਟਰ ਮੁੰਡੇ ਭਾਗ ਸਿੰਘ ਦੀ ਕਹਾਣੀ ਹੈ, ਜਿਸਨੇ ਸਖਤ ਮਿਹਨਤ ਨਾਲ ਅਮਰੀਕਾ ਦੀ ਮਿਸ਼ੀਗਨ ਯੂਨੀਵਰਸਿਟੀ ਤੋਂ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ ਤੇ ਉੱਥੋਂ ਦੀ ਸੋਹਣੀ-ਸੁਨੱਖੀ ਜੈਨੇਟ ਨਾਲ ਵਿਆਹ ਕਰਵਾ ਲਿਆ। ਉਹ ਪਤਨੀ ਸਮੇਤ ਅਕਸਰ ਪਿੰਡ ਆਉਂਦਾ-ਜਾਂਦਾ ਤੇ ਪਿੰਡ ਲਈ ਬਹੁਤ ਕੁਝ ਕਰਨਾ ਚਾਹੁੰਦਾ ਸੀ। ਮਰਹੂਮ ਪਿਤਾ ਸੁੱਚਾ ਸਿੰਘ ਦੇ ਨਾਂ ਤੇ ਹਰ ਤਰ੍ਹਾਂ ਦੀਆਂ ਸਹੂਲਤਾਂ ਵਾਲਾ ਸਰਕਾਰੀ ਸਕੂਲ ਬਣਾਉਣਾ ਚਾਹੁੰਦਾ ਸੀ, ਪਰ ਪਿੰਡ ਵਾਲਿਆਂ ਨੇ ਇਸ ਕੰਮ ਲਈ ਜ਼ਮੀਨ ਨਾ ਦਿੱਤੀ। ਆਖ਼ਰ ਉਹ ਪਿਤਾ ਦੇ ਨਾਂ ਤੇ ਯਾਦਗਾਰੀ ਗੇਟ ਹੀ ਬਣਾ ਸਕਿਆ। ‘ਚੁੱਪ ਦੀ ਸਰਦਲ ਤੇ’ ਵਿੱਚ ਇੱਕ ਛੋਟੇ ਬੱਚੇ ਰਹਿਮਾਨ ਦਾ ਜ਼ਿਕਰ ਹੈ, ਜੋ ਧੋਬੀ ਇਕਬਾਲ ਦਾ ਬੇਟਾ ਹੈ। ਇਕਬਾਲ ਆਪਣੀ ਪਤਨੀ ਤੇ ਤਿੰਨ ਬੱਚਿਆਂ ਨਾਲ ਰਮਿੰਦਰ-ਤਨੂ ਦੀ ਨਵੀਂ ਬਣ ਰਹੀ ਕੋਠੀ ਦੀ ਦੇਖਭਾਲ ਕਰਦਾ ਹੈ। ਰਹਿਮਾਨ ਚੌਥੀ ਵਿੱਚ ਪੜ੍ਹਦਾ ਹੈ ਤੇ ਪੜ੍ਹਾਈ ਵਿੱਚ ਹੁਸ਼ਿਆਰ ਹੋਣ ਦੇ ਨਾਲ ਨਾਲ ਬਣ ਰਹੀ ਕੋਠੀ ਦੇ ਕਾਮਿਆਂ ਨਾਲ ਵੀ ਹੱਥ ਵਟਾਉਂਦਾ ਹੈ। ਪਰ ਜਦੋਂ ਮਕਾਨ ਮਾਲਕ ਆਪਣੀ ਕੋਠੀ ਵਿੱਚ ਸ਼ਿਫਟ ਹੁੰਦਾ ਹੈ ਤਾਂ ਧੋਬੀ ਨੂੰ ਪਰਿਵਾਰ ਸਹਿਤ ਓਥੋਂ ਨਿਕਲਣਾ ਪੈਂਦਾ ਹੈ। ਸਮਾਜ ਦੀ ਕਾਣੀ-ਵੰਡ ਬਾਰੇ ਮਾਸੂਮ ਸੁਆਲ ਰਹਿਮਾਨ ਦੇ ਮਨ ਵਿੱਚ ਅਟਕੇ ਹੋਏ ਹਨ, ਜੋ ਉਹ ਕਹਾਣੀ ਦੇ ‘ਮੈਂ’ ਪਾਤਰ ਨਾਲ ਸਾਂਝੇ ਕਰਦਾ ਹੈ। ‘ਗੂੜ੍ਹੇ ਰੰਗ’ ਵਿੱਚ ਪੰਜਾਬੀ ਅਧਿਆਪਕ ਅਤਿੰਦਰਪਾਲ ਉਰਫ਼ ਏਪੀ ਅਤੇ ਥੀਏਟਰ ਆਰਟਿਸਟ ਨਤਾਸ਼ਾ ਦੀ ਪ੍ਰੇਮ-ਗਾਥਾ ਹੈ। ਅਤਿੰਦਰਪਾਲ ਅਧਿਆਪਕ ਹੋਣ ਦੇ ਨਾਲ ਨਾਲ ਚਿੱਤਰਕਾਰ ਵੀ ਹੈ। ਉਹ ਆਪਣੇ ਚਿੱਤਰਾਂ ਵਿੱਚ ਅਕਸਰ ਹਲਕੇ ਰੰਗਾਂ ਦੀ ਵਰਤੋਂ ਕਰਦਾ ਹੈ। ਇੱਕ ਪਾਰਟੀ ਵਿੱਚ ਏਪੀ ਤੇ ਨਤਾਸ਼ਾ ਦੀ ਮੁਲਾਕਾਤ ਹੁੰਦੀ ਹੈ, ਜੋ ਪ੍ਰੇਮ ਵਿੱਚ ਤਬਦੀਲ ਹੋ ਜਾਂਦੀ ਹੈ ਤੇ ਦੋਵੇਂ ਅਕਸਰ ਚੰਡੀਗੜ੍ਹ ਦੀ ਪੀਯੂ ਜਾਂ ਸੁਖਨਾ ਲੇਕ ਤੇ ਮਿਲਦੇ ਹਨ। ਏਪੀ ਨਤਾਸ਼ਾ ਦੀ ਤਸਵੀਰ ਬਣਾਉਂਦਾ ਹੈ, ਜਿਸ ਵਿੱਚ ਹਲਕੇ ਰੰਗ ਹਨ ਪਰ ਨਤਾਸ਼ਾ ਏਪੀ ਨੂੰ ਗੂੜ੍ਹੇ ਰੰਗ ਵਰਤਣ ਦੀ ਸਲਾਹ ਦਿੰਦੀ ਹੈ। ਮੁਲਾਕਾਤਾਂ ਤੋਂ ਇਲਾਵਾ ਦੋਵੇਂ ਵਟਸਐਪ ਤੇ ਵੀ ਚੈਟਿੰਗ ਕਰਦੇ ਰਹਿੰਦੇ ਹਨ। ‘ਕੈਲਾ… ਗੱਪੀ ਨਹੀਂ ਸੀ’ ਵਿੱਚ ਦਲਿਤ ਸ਼੍ਰੇਣੀ ਦਾ ਕੈਲਾ ਸੀਰੀਪੁਣਾ, ਦਿਹਾੜੀ ਕਰਦਾ ਕਰਦਾ ਲਾਲ ਝੰਡੇ ਵਾਲਿਆਂ ਨਾਲ ਜਾ ਰਲਿਆ ਤੇ ਫਿਰ ਉਹਦੀ ਸੋਚ ਵੀ ਬਦਲ ਗਈ। ਕਾਮਰੇਡ ਕਰਨੈਲ ਸਿੰਘ ਦੇ ਨਾਂ ਨਾਲ ਜਾਣਿਆ ਜਾਂਦਾ ਕੈਲਾ ਹੁਣ ਹਰ ਗੱਲ ਨੂੰ ਸਿੱਧਾਂਤਕ ਨਜ਼ਰੀਏ ਨਾਲ ਵੇਖਣ ਸਮਝਣ ਲੱਗ ਪਿਆ ਤੇ ਪਿੰਡ ਦੇ ਲੋਕਾਂ ਨਾਲ ਗੱਲਾਂ ਕਰਦਿਆਂ ਵੀ ਉਹ ਦਲੀਲ ਦਾ ਪੱਲਾ ਨਾ ਛੱਡਦਾ। ਪਿੰਡ ਦੇ ਵਧੇਰੇ ਲੋਕ, ਖ਼ਾਸ ਕਰਕੇ ਜੈਮਲ ਵਰਗੇ ਉਹਨੂੰ ਗੱਪੀ ਹੀ ਸਮਝਦੇ। ਬਹੁਦੇਸ਼ੀ ਕੰਪਨੀਆਂ ਦਾ ਦਬਦਬਾ ਵਧਣ ਲੱਗਿਆ ਤਾਂ ਪਿੰਡ ਦੇ ਭੋਲੇ ਭਾਲੇ ਲੋਕ ਸਰਮਾਏਦਾਰਾਂ ਦੀਆਂ ਸ਼ਤਰੰਜੀ ਚਾਲਾਂ ਵਿੱਚ ਫਸ ਕੇ ਜ਼ਮੀਨਾਂ ਤੋਂ ਹੱਥ ਧੋ ਬੈਠੇ। ਠੇਕੇ, ਟੋਲ ਟੈਕਸ, ਮਹਿੰਗਾਈ, ਬੇਰੁਜ਼ਗਾਰੀ ਦੇ ਭੰਨੇ ਲੋਕਾਂ ਨੇ ਡੀਸੀ ਦਫ਼ਤਰ ਸਾਹਮਣੇ ਇਕੱਠ ਕੀਤਾ। ਉੱਥੇ ਲਾਲ ਝੰਡੇ ਵਾਲਿਆਂ ਵਿੱਚ ਕੈਲੇ ਦਾ ਜ਼ੋਰਦਾਰ ਭਾਸ਼ਣ ਸੁਣ ਕੇ ਜੈਮਲ ਵਰਗਿਆਂ ਨੂੰ ਸਮਝ ਆ ਗਈ ਕਿ ਕੈਲਾ ਗੱਪੀ ਨਹੀਂ..। ਇਨ੍ਹਾਂ ਕਹਾਣੀਆਂ ਵਿਚਲੇ ਕੁਝ ਸੰਵਾਦ/ਵਿਚਾਰ ਬੜੇ ਦਿਲਚਸਪ ਅਤੇ ਗ੍ਰਹਿਣਯੋਗ ਹਨ :
ਕਰਮਜੀਤ ਨੇ ਸੰਗ੍ਰਹਿ ਦੀਆਂ ਬਹੁਤੀਆਂ ਕਹਾਣੀਆਂ ਵਿੱਚ ਆਪਣੇ ਗੀਤਾਂ/ਕਵਿਤਾਵਾਂ ਨੂੰ ਥਾਂ ਦਿੱਤੀ ਹੈ। ਆਪਣੇ ਪਿੰਡ ਸਕਰੁੱਲਾਂਪੁਰ ਤੇ ਆਸਪਾਸ ਦੇ ਪਿੰਡਾਂ/ਸ਼ਹਿਰਾਂ ਦਾ ਵਿਸ਼ੇਸ਼ ਤੌਰ ਤੇ ਜ਼ਿਕਰ ਕੀਤਾ ਹੈ। ਕਈ ਕਹਾਣੀਆਂ ਵਿੱਚ ਅੰਗਰੇਜ਼ੀ ਵਾਕ, ਵਾਕੰਸ਼ ਤੇ ਸ਼ਬਦ ਵੀ ਲੋੜ ਅਨੁਸਾਰ ਵਰਤੇ ਹਨ। ‘ਗੂੜ੍ਹੇ ਰੰਗ’ ਵਿੱਚ ਤਾਂ ਹਿੰਦੀ ਸ਼ਬਦਾਂ ਦੀ ਕਾਫੀ ਭਰਮਾਰ ਹੈ। ਪਰ ਇਹ ਸਭ ਸਮੇਂ ਤੇ ਸਥਿਤੀ ਮੁਤਾਬਕ ਹੋਇਆ ਹੈ। ‘ਸਵਿਫ਼ਟ ਵਾਲੀ ਕੁੜੀ’ ਤੇ ਇੱਕ ਅੱਧ ਹੋਰ ਕਹਾਣੀ ਵਿੱਚ ਪਿੱਛਲਝਾਤ (ਫ਼ਲੈਸ਼ਬੈਕ) ਵਿਧੀ ਦੀ ਵਰਤੋਂ ਮਿਲਦੀ ਹੈ। ਕਿਤੇ ਕਿਤੇ ਕਹਾਣੀਕਾਰ ਨੇ ਆਪਣੀ ਸਿੱਧਾਂਤਕ ਸੇਧ ਨੂੰ ਵੀ ਪਾਤਰ ਦੇ ਮੂੰਹੋਂ ਅਖਵਾਇਆ ਹੈ। ਖ਼ਾਸ ਤੌਰ ਤੇ ਸੰਗ੍ਰਹਿ ਦੀ ਆਖਰੀ ਕਹਾਣੀ ਵਿੱਚ ਉਹਦਾ ਤਰਕਸ਼ੀਲ ਰਵੱਈਆ, ਅੰਤਰਰਾਸ਼ਟਰੀ ਵਰਤਾਰਾ, ਭਾਰਤ ਦੀ ਨਿੱਘਰਦੀ ਆਰਥਿਕਤਾ ਉੱਭਰਵੇਂ ਰੂਪ ਵਿੱਚ ਵਿਖਾਈ ਦਿੰਦਾ ਹੈ। ਕਰਮਜੀਤ ਨੂੰ ਕਹਾਣੀ ਗੁੰਦਣੀ ਆਉਂਦੀ ਹੈ। ਕਹਾਣੀਆਂ ਵਿਚਲੇ ਪਾਤਰਾਂ ਦੇ ਨਾਂ, ਨਾਵਾਂ ਦੁਆਲੇ ਘਟਨਾਵਾਂ ਬੀੜਨੀਆਂ ਉਹਦੀ ਕਥਾ-ਜੁਗਤ ਦਾ ਅਹਿਮ ਹਿੱਸਾ ਹੈ। ਜਿਵੇਂ ਇਸ਼ਵਿੰਦਰ ਅਤੇ ਕੁਲਦੀਪ ਦੇ ਨਾਂ ਤੇ ਫਿਰ ਇਨ੍ਹਾਂ ਨਾਵਾਂ ਦੇ ਪਹਿਲੇ ਅੱਖਰਾਂ ‘ਇਸ਼’ ਅਤੇ ‘ਕ’ ਤੋਂ ‘ਇਸ਼ਕ’ ਬਣਾਉਣਾ…। ਇਨ੍ਹਾਂ ਕਹਾਣੀਆਂ ਨੂੰ ਪੜ੍ਹ ਕੇ ਕਿਹਾ ਜਾ ਸਕਦਾ ਹੈ ਕਿ ਕਰਮਜੀਤ ਪੰਜਾਬੀ ਕਹਾਣੀ ਵਿੱਚ ਤੇਜ਼ੀ ਨਾਲ ਉੱਭਰ ਰਿਹਾ ਸਿਰਨਾਵਾਂ ਹੈ। ਉਹਨੂੰ ਕਹਾਣੀ ਦੀ ਸਮਰੱਥਾ ਅਤੇ ਇਸ ਵਿਚਲੀ ਚੇਤਨਤਾ ਦਾ ਬੋਧ ਹੈ। ਉਸ ਵਿੱਚੋਂ ਭਵਿੱਖ ਦੇ ਉੱਭਰਦੇ ਜੁਝਾਰੂ ਕਥਾਕਾਰ ਦੇ ਅੰਸ਼ ਦ੍ਰਿਸ਼ਟੀਗੋਚਰ ਹੁੰਦੇ ਹਨ। ਪੰਜਾਬੀ ਕਥਾ-ਸਾਹਿਤ ਦੇ ਚਿਤਰਪਟ ਤੇ ਇੱਕ ਨਵੇਂ ਕਥਾਕਾਰ ਦੇ ਸ਼ੁਭਆਗਮਨ ਦਾ ਮੈਂ ਖ਼ੈਰ-ਮਕਦਮ ਕਰਦਾ ਹਾਂ! 2. ਪੁਸਤਕ ਰੀਵਿਊ: ਅਪਣੱਤ ਭਰੀਆਂ ਕਵਿਤਾਵਾਂ : ‘ਕੋਮਲ ਪੱਤੀਆਂ ਦਾ ਉਲਾਂਭਾ’—ਪ੍ਰੋ. ਨਵ ਸੰਗੀਤ ਸਿੰਘ ਦਵਿੰਦਰ ਪਟਿਆਲਵੀ ਇੱਕ ਕੋਮਲਭਾਵੀ ਇਨਸਾਨ ਹੈ। ਕੋਮਲ ਅਹਿਸਾਸਾਂ ਨਾਲ ਭਰੇ ਇਸ ਇਨਸਾਨ ਨੇ ਸਾਹਿਤ ਦੀਆਂ ਵਿਭਿੰਨ ਵਿਧਾਵਾਂ – ਮਿੰਨੀ ਕਹਾਣੀ, ਕਹਾਣੀ, ਫੀਚਰ ਆਦਿ ਵਿੱਚ ਲਿਖਿਆ ਹੈ। ਉਹਦੀਆਂ ਪ੍ਰਕਾਸ਼ਿਤ ਮਿੰਨੀ ਕਹਾਣੀਆਂ ਦੀਆਂ ਦੋ ਕਿਤਾਬਾਂ ‘ਛੋਟੇ ਲੋਕ’ ਅਤੇ ‘ਉਡਾਨ’ (ਹਿੰਦੀ) ਨੇ ਪਾਠਕਾਂ ਅਤੇ ਸਮੀਖਿਅਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਪਿਛਲੇ ਲੰਮੇ ਸਮੇਂ ਤੋਂ ਪੰਜਾਬੀ ਸਾਹਿਤ ਸਭਾ ਪਟਿਆਲਾ ਨਾਲ ਜੁੜਿਆ ਦਵਿੰਦਰ ਹੁਣ ਇੱਕ ਕਾਵਿ ਕਿਤਾਬ ‘ਕੋਮਲ ਪੱਤੀਆਂ ਦਾ ਉਲਾਂਭਾ’ (ਕੇ ਪਬਲੀਕੇਸ਼ਨਜ਼, ਬਰੇਟਾ, ਮਾਨਸਾ; ਪੰਨੇ 98; ਮੁੱਲ 195/-) ਲੈ ਕੇ ਹਾਜ਼ਰ ਹੋਇਆ ਹੈ। ਇਹ ਕਾਵਿ ਕਿਤਾਬ ਇਸ ਸਾਲ ਦੇ ਅੱਧ ਵਿੱਚ ਪ੍ਰਕਾਸ਼ਿਤ ਹੋਈ ਹੈ, ਜਿਸ ਵਿੱਚ 41 ਕਵਿਤਾਵਾਂ ਹਨ। ਹੁਣ ਤੱਕ ਇਸ ਪੁਸਤਕ ਬਾਰੇ ਭਰਪੂਰ ਚਰਚਾ ਕੀਤੀ ਜਾ ਚੁੱਕੀ ਹੈ। ਇਸ ਪੁਸਤਕ ਦੇ ਆਰੰਭ ਵਿੱਚ ਸਾਹਿਤ ਅਕਾਦਮੀ ਬਾਲ ਸਾਹਿਤ ਜੇਤੂ ਲੇਖਕ ਡਾ. ਦਰਸ਼ਨ ਸਿੰਘ ਆਸ਼ਟ, ਚਰਚਿਤ ਯੁਵਾ ਕਵੀ ਨਵਦੀਪ ਸਿੰਘ ਮੁੰਡੀ, ਪ੍ਰਸਿੱਧ ਮਿੰਨੀ ਕਹਾਣੀ ਲੇਖਕ ਤੇ ਆਲੋਚਕ ਡਾ. ਹਰਪ੍ਰੀਤ ਸਿੰਘ ਰਾਣਾ, ਸਾਹਿਤ ਅਕਾਦਮੀ ਅਨੁਵਾਦ ਜੇਤੂ ਲੇਖਕ ਜਗਦੀਸ਼ ਕੁਲਰੀਆਂ ਸਮੇਤ ਪਟਿਆਲਾ ਨਾਲ ਸੰਬੰਧਿਤ ਅਜੀਤ ਸਿੰਘ ਅਤੇ ਗੀਤਕਾਰ ਬਲਬੀਰ ਸਿੰਘ ਦਿਲਦਾਰ (ਪੰਨੇ 5-17) ਨੇ ਆਪੋ-ਆਪਣੇ ਵਿਚਾਰ ਲਿਖੇ ਹਨ। ਪੁਸਤਕ ਦੀਆਂ ਜ਼ਿਆਦਾਤਰ ਕਵਿਤਾਵਾਂ ਪਰਿਵਾਰ, ਦਫ਼ਤਰ ਅਤੇ ਸਮਾਜਕ ਆਲੇ-ਦੁਆਲੇ ਨਾਲ ਸੰਬੰਧਿਤ ਹਨ। ਪਰਿਵਾਰਕ ਕਵਿਤਾਵਾਂ ਵਿੱਚ ਪਾਪਾ ਦੇ ਨਾਂ, ਮੁਸਕਾਨ ਦੇ ਨਾਂ, ਬੱਚਿਆਂ ਦੀ ਚੀਜੀ, ਛੁੱਟੀ ਵਾਲਾ ਦਿਨ, ਮਾਂ ਦਾ ਫ਼ਿਕਰ, ਪ੍ਰੀਤੀ ਦੇ ਨਾਂ, ਪਤਨੀ ਦਾ ਜਨਮਦਿਨ, ਬੇਟੀਆਂ ਦਾ ਫ਼ਿਕਰ, ਪੁਸਤਕ ਤੇ ਬੇਟੀ, ਸਕੂਲ ਜਾਣ ਸਮੇਂ ਮੁਸਕਾਨ ਦੀ ਐਕਟਿੰਗ, ਮੁਸਕਾਨ ਦੇ ਨਾਂ; ਦਫ਼ਤਰੀ ਮਾਹੌਲ ਦੀਆਂ ਕਵਿਤਾਵਾਂ ਵਿੱਚ ਘਰ ਤੋਂ ਦਫ਼ਤਰ ਤੱਕ, ਕੰਟੀਨ ਵਾਲ ਟਿੰਕਾ, ਟਿਫ਼ਿਨ, ਦਫ਼ਤਰ ਸਟੈਨੋ ਤੇ ਨਿੱਕਾ ਬੱਚਾ, ਦਫ਼ਤਰ ਵਿੱਚ ਨੌਕਰੀ ਕਰਨ ਵਾਲੀ ਮੈਡਮ, ਬਰਾਂਚ ਤੋਂ ਬਰਾਂਚ ਤੱਕ, ਦਫ਼ਤਰ ਵਾਲਾ ਬੈਗ; ਆਸਪਾਸ/ ਰੋਜ਼ਮੱਰਾ ਨਾਲ ਜੁੜੀਆਂ ਕਵਿਤਾਵਾਂ ਵਿੱਚ ਕੱਪੜੇ ਸਿਉਣ ਵਾਲੀ ਔਰਤ, ਰੋਟੀ ਰਿਕਸ਼ਾ ਤੇ ਡਿਗਰੀਆਂ, ਅਖ਼ਬਾਰ, ਸੈਰ ਕਰਦੇ ਕਾਲਜ ਪੜ੍ਹਨ ਵਾਲੇ ਬੱਚੇ, ਮੈਂ ਇੱਥੇ ਠੀਕ ਹਾਂ, ਵਾਤਾਵਰਨ ਪਾਰਕ, ਵਿਆਹ ਦੀ ਵਰ੍ਹੇਗੰਢ ਮਨਾਉਣ ਵਾਲੇ ਜੋੜਿਆਂ ਦੇ ਨਾਂ, ਪਿੰਡ ਦਾ ਸਮਾਗਮ, ਮੇਰੀਆਂ ਕਿਤਾਬਾਂ, ਪੁਰਖਿਆਂ ਦੇ ਸ਼ਹਿਰ ਵਿੱਚ ਲੇਖਕ, ਦੋਸਤ ਤੇ ਉਸ ਨਾਲ ਸੈਰ ਕਰਦਾ ਡੌਗੀ, ਅਖ਼ਬਾਰ ਪੜ੍ਹਦੇ ਬੱਚੇ, ਬੱਸ ਬੱਚਾ ਤੇ ਸਹਿਯਾਤਰੀ; ਯਾਦਾਂ ਨਾਲ ਸੰਬੰਧਿਤ ਕਵਿਤਾਵਾਂ ਵਿੱਚ ਸਕੂਲ, ਰੋਜ਼ ਗਾਰਡਨ ਤੋਂ ਢੁਡਿਆਲ ਸਕੂਲ ਤੱਕ; ਵਿਕੋਲਿੱਤਰੀਆਂ ਕਵਿਤਾਵਾਂ ਵਿੱਚ ਪਿੰਗਲਵਾੜਾ ਆਸ਼ਰਮ, ਮੇਰੇ ਕੋਲ ਕੁਝ ਵੀ ਨਹੀਂ, ਅਹਿਸਾਸ, ਰਸੋਈ, ਗੱਲਾਂ, ਕਵਿਤਾ ਦੀ ਨਰਾਜ਼ਗੀ, ਬਾਰਿਸ਼ ਆਦਿ ਦਾ ਜ਼ਿਕਰ ਕੀਤਾ ਜਾ ਸਕਦਾ ਹੈ। ਘਰ ਅਤੇ ਦਫ਼ਤਰ ਵਿੱਚ ਤਾਲਮੇਲ ਬਿਠਾਉਣਾ ਹਰ ਕਿਸੇ ਦੇ ਹੱਥ-ਵੱਸ ਨਹੀਂ ਹੁੰਦਾ। ਕਦੇ ਕੋਈ ਬੰਦਾ ਦਫ਼ਤਰ ਵਿੱਚ ਹੀ ਏਨਾ ਰੁੱਝ ਜਾਂਦਾ ਹੈ ਕਿ ਪਰਿਵਾਰ ਵੱਲ ਧਿਆਨ ਨਹੀਂ ਦੇ ਸਕਦਾ ਤੇ ਕਈ ਬੰਦੇ ਸਿਰਫ਼ ਘਰ-ਪਰਿਵਾਰ ਵਿੱਚ ਹੀ ‘ਚ ਹੀ ਏਨਾ ਖੁੁੱਭੇ ਰਹਿੰਦੇ ਹਨ ਕਿ ਦਫ਼ਤਰ/ਨੌਕਰੀ ਦੀਆਂ ਜ਼ਿੰਮੇਵਾਰੀਆਂ ਨੂੰ ਚੰਗੀ ਤਰ੍ਹਾਂ ਨਹੀਂ ਨਿਭਾ ਸਕਦੇ। ਪਰ ਦਵਿੰਦਰ ਨੇ ਇਨ੍ਹਾਂ ਦੋਹਾਂ ਵਿੱਚ ਸਹਿਜ-ਸੁਮੇਲ ਸਥਾਪਤ ਕਰ ਲਿਆ ਹੈ ਤੇ ਦੋਹਾਂ ਨੂੰ ਬਣਦਾ ਯਥਾਯੋਗ ਸਮਾਂ ਦੇ ਰਿਹਾ ਹੈ। ਕਦੇ-ਕਦਾਈਂ ਅਜਿਹੇ ਪਲ ਆਉਂਦੇ ਹਨ ਕਿ ਵਿਅਕਤੀ ਘਰ-ਦਫ਼ਤਰ ਦੀ ਘੁੰਮਣਘੇਰੀ ਵਿੱਚ ਫਸਿਆ ਮਹਿਸੂਸ ਕਰਦਾ ਹੈ। ‘ਘਰ ਤੋਂ ਦਫ਼ਤਰ ਤੱਕ’ ਕਵਿਤਾ ਵਿੱਚ ਇਸ ਗੱਲ ਨੂੰ ਸਪਸ਼ਟ ਕੀਤਾ ਗਿਆ ਹੈ : ਦਫ਼ਤਰ ਵਿੱਚ ਕੇਸ ਡੀਲ ਕਰਦੇ ਦਵਿੰਦਰ ਮਿਹਨਤਕਸ਼ ਲੋਕਾਂ ਨੂੰ ਪਿਆਰ ਤੇ ਸਤਿਕਾਰ ਦੀ ਨਜ਼ਰ ਨਾਲ ਵੇਖਦਾ ਹੈ। ਉਹ ਕਿਉਂਕਿ ਆਪ ਮਿਹਨਤ ਨਾਲ ਟਾਈਪਿੰਗ, ਸਟੈਨੋ ਕਰਦਿਆਂ/ਸਿਖਦਿਆਂ ਚੰਗੀ ਨੌਕਰੀ ਤੇ ਪੁੱਜਾ ਹੈ, ਇਸਲਈ ਉਹਦੇ ਮਨ ਵਿੱਚ ਹਿੰਮਤੀ ਤੇ ਮਿਹਨਤੀ ਲੋਕਾਂ ਦੀ ਕਾਫੀ ਕਦਰ ਹੈ। ਇਸ ਸੰਗ੍ਰਹਿ ਵਿੱਚ ਕੁਝ ਕਵਿਤਾਵਾਂ ਅਜਿਹੇ ਕਾਮਿਆਂ/ਕਿਰਤੀਆਂ ਨਾਲ ਸੰਬੰਧਿਤ ਹਨ – ਕੱਪੜੇ ਸਿਉਣ ਵਾਲੀ ਔਰਤ, ਰੋਟੀ ਰਿਕਸ਼ਾ ਤੇ ਡਿਗਰੀਆਂ, ਕੰਟੀਨ ਵਾਲਾ ਟਿੰਕਾ, ਦਫ਼ਤਰ ਸਟੈਨੋ ਤੇ ਨਿੱਕਾ ਬੱਚਾ ਆਦਿ। ਕੰਮੀਂ ਰੁੱਝੀ ਇੱਕ ਔਰਤ ਦੀ ਮਾਰਮਿਕ ਤਸਵੀਰ ਉਹ ਇਸ ਤਰ੍ਹਾਂ ਪੇਸ਼ ਕਰਦਾ ਹੈ : ਬਾਈਕ ਤੇ ਸਵਾਰ ਹੋ ਕੇ ਪੁਸਤਕ ਵਿੱਚ ਕੁਝ ਮਾਮੂਲੀ ਉਕਾਈਆਂ ਵੀ ਮੈਨੂੰ ਨਜ਼ਰ ਆਈਆਂ ਹਨ। ਹੋ ਸਕਦਾ ਹੈ ਕਿ ਇਹ ਪਰੂਫ਼ ਰੀਡਿੰਗ ਦੀਆਂ ਹੋਣ। ਜਿਵੇਂ ਕਿ : ਦੋ ਕਵਿਤਾਵਾਂ ਦਾ ਇੱਕ ਹੀ ਸਿਰਲੇਖ ਹੈ – ‘ਮੁਸਕਾਨ ਦੇ ਨਾਂ’ (ਪੰਨਾ 31 ਅਤੇ 98); ਇੱਕ ਕਵਿਤਾ ਦੇ ਸ਼ਬਦਜੋੜ ਵਿੱਚ ਫ਼ਰਕ ਹੈ – ‘ਕੱਪੜੇ ਸਿਉਣ ਵਾਲੀ ਔਰਤ’ (ਤੱਤਕਰਾ ਵਿੱਚ ਸਿਊਣ ਤੇ ਅੰਦਰਵਾਰ ਸਿਣ, 35); ਤਿੰਨ ਕਵਿਤਾਵਾਂ ਦੇ ਸਿਰਲੇਖ ਤੱਤਕਰਾ ਵਿੱਚ ਤੇ ਅੰਦਰਵਾਰ ਅੰਤਰ ਵਾਲੇ ਹਨ – ‘ਸੈਰ ਕਰਦੇ ਕਾਲਜ ਪੜ੍ਹਨ ਵਾਲੇ ਬੱਚੇ’ (ਸੈਰ ਕਰਦੇ ਕਾਲਜ ਵਿੱਚ ਪੜ੍ਹਨ ਵਾਲੇ ਬੱਚੇ, 44); ‘ਮੈਂ ਇੱਥੇ ਠੀਕ ਹਾਂ’ (ਮੈਂ ਇੱਥੇ ਹੀ ਠੀਕ ਹਾਂ, 48); ‘ਵਿਆਹ ਦੀ ਵਰ੍ਹੇਗੰਢ …’ (ਅੰਦਰਵਾਰ ਸਿਰਲੇਖ ‘ਕਵਿਤਾ’ ਹੈ ਤੇ ਨਾਲ ਬ੍ਰੈਕਟ ਵਿੱਚ ਲਿਖਿਆ ਹੈ- ਵਿਆਹ ਦੀ ਵਰ੍ਹੇਗੰਢ …, 54)। ਸੰਗ੍ਰਹਿ ਦੀਆਂ ਲੱਗਭੱਗ ਸਾਰੀਆਂ ਹੀ ਕਵਿਤਾਵਾਂ ਆਪਣਿਆਂ/ਅਪਣੱਤ ਬਾਰੇ ਹਨ। ਕਵੀ ਨੇ ਖ਼ਿਆਲੀ ਜਾਂ ਕਾਲਪਨਿਕ ਉਡਾਰੀਆਂ ਰਾਹੀਂ ਵਲਵਲੇ/ਜਜ਼ਬੇ ਵਾਲੀਆਂ ਕਵਿਤਾਵਾਂ ਨਹੀਂ ਲਿਖੀਆਂ, ਸਗੋਂ ਆਸਪਾਸ ਵਿਚਰਦੇ/ਰੋਜ਼ਾਨਾ ਮਿਲਦੇ-ਗਿਲਦੇ ਲੋਕਾਂ ਬਾਰੇ ਸਧਾਰਨ ਬੋਲੀ ਤੇ ਸ਼ੈਲੀ ਵਿੱਚ ਲਿਖਿਆ ਹੈ। ਉਹਨੇ ਬਿਨਾਂ ਕਿਸੇ ਉਚੇਚ ਤੋਂ, ਬਿਨਾਂ ਅਲੰਕਾਰਾਂ, ਚਿੰਨ੍ਹਾਂ, ਪ੍ਰਤੀਕਾਂ ਤੋਂ ਆਮ ਲੋਕਾਂ ਦੇ ਸਮਝ ਆਉਣ ਵਾਲੀ ਭਾਸ਼ਾ ਦੀ ਵਰਤੋਂ ਕੀਤੀ ਹੈ। ‘ਪਾਪਾ ਦੇ ਨਾਂ’ (23) ਤੋਂ ‘ਮੁਸਕਾਨ ਦੇ ਨਾਂ’ (98) ਤੱਕ ਫੈਲੀਆਂ ਇਹ ਕਵਿਤਾਵਾਂ ਜ਼ਿੰਦਗੀ ਦੀ ਸਹਿਜਤਾ, ਰਵਾਨੀ ਤੇ ਸ਼ਾਂਤੀ ਨਾਲ ਵਾਬਸਤਾ ਹਨ। ਦਵਿੰਦਰ ਨੂੰ ਉਹਦੀ ਪਹਿਲ-ਪਲੇਠੀ ਕਾਵਿ-ਕਿਤਾਬ ਲਈ ਮੁਬਾਰਕ! 3. ਪੁਸਤਕ ਰੀਵਿਊ: ਉਮਰਾਂ ਦੀ ਖੱਟੀ : ‘ਵਾਟ ਹਯਾਤੀ ਦੀ’—ਪ੍ਰੋ. ਨਵ ਸੰਗੀਤ ਸਿੰਘ ਤ੍ਰਿਲੋਕ ਸਿੰਘ ਢਿੱਲੋਂ ਪਿਛਲੇ ਲੰਮੇ ਸਮੇਂ ਤੋਂ ਸਾਹਿਤ ਦੇ ਖੇਤਰ ਵਿੱਚ ਕਾਰਜਸ਼ੀਲ ਹੈ। ਉਹ ਇੱਕੋ ਵੇਲੇ ਕਵੀ, ਕਹਾਣੀਕਾਰ, ਨਾਟਕਕਾਰ, ਵਿਅੰਗਕਾਰ ਅਤੇ ਲੇਖਕ ਹੈ। ਉਹਦਾ ਬਚਪਨ ਬਹੁਤ ਤੰਗੀਆਂ-ਤੁਰਸ਼ੀਆਂ ਵਿੱਚ ਬੀਤਿਆ। ਛੋਟੇ ਹੁੰਦਿਆਂ ਹੀ ਉਹਦੇ ਮਾਤਾ-ਪਿਤਾ ਚਲਾਣਾ ਕਰ ਗਏ। ਤਿੰਨ ਭੈਣ-ਭਰਾਵਾਂ ‘ਚੋਂ ਸਭ ਤੋਂ ਛੋਟੇ ਤ੍ਰਿਲੋਕ ਨੇ ਪਹਿਲਾਂ-ਪਹਿਲ ਪੰ.ਯੂ. ਪਟਿਆਲਾ ਵਿੱਚ ਕਲਰਕ ਵਜੋਂ ਨੌਕਰੀ ਦੀ ਸ਼ੁਰੂਆਤ ਕੀਤੀ ਤੇ ਆਰਥਕ ਤੰਗੀ ਦੂਰ ਕਰਨ ਲਈ ਬੀ.ਏ., ਗਿਆਨੀ, ਧਰਮ ਅਧਿਐਨ ਆਦਿ ਵਿਸ਼ਿਆਂ ਲਈ ਸਹਾਇਕ ਪੁਸਤਕਾਂ (ਗਾਈਡਾਂ) ਲਿਖੀਆਂ। ਆਪਣੇ ਚਾਚਾ ‘ਪੰਜਾਬੀ ਸਾਹਿਤ ਦੇ ਮਿਲਟਨ’ ਪ੍ਰੋ. ਕ੍ਰਿਪਾਲ ਸਿੰਘ ਕਸੇਲ ਦੀ ਪ੍ਰੇਰਨਾ ਅਧੀਨ ਉਹਨੇ ਗਾਈਡਾਂ ਲਿਖਣ ਦਾ ਕੰਮ ਛੱਡ ਕੇ ਸਿਰਜਣਾਤਮਕ ਸਾਹਿਤ ਨੂੰ ਅਪਣਾ ਲਿਆ। 1972 ਵਿੱਚ ਉਹ ਸਟੇਟ ਬੈਂਕ ਆਫ਼ ਪਟਿਆਲਾ (ਹੁਣ ਇੰਡੀਆ) ਵਿੱਚ ਕਲਰਕ ਲੱਗ ਗਿਆ ਅਤੇ ਉੱਚ-ਅਧਿਕਾਰੀ ਵਜੋਂ ਸੇਵਾਮੁਕਤ ਹੋਇਆ। ਬੈਂਕ ਵਿੱਚ ਨੌਕਰੀ ਕਰਦਿਆਂ ਉਹਨੇ ਗਿਆਨੀ, ਬੀ.ਏ., ਐਮ.ਏ. (ਪੰਜਾਬੀ), ਪੱਤਰਕਾਰੀ ਦਾ ਡਿਪਲੋਮਾ ਦੀਆਂ ਪ੍ਰੀਖਿਆਵਾਂ ਪਾਸ ਕਰ ਲਈਆਂ। ਨਾਲੋ-ਨਾਲ ਸਾਹਿਤ-ਸਿਰਜਣਾ ਜਾਰੀ ਰੱਖੀ। ਉਹਦੀਆਂ ਮੌਲਿਕ ਪੁਸਤਕਾਂ ਵਿੱਚ ‘ਵਤਨ ਦੇ ਗੀਤ’ (ਕਵਿਤਾ), ‘ਪੱਤ ਝੜੇ ਪੁਰਾਣੇ’ (ਨਾਟਕ), ‘ਬਾਰ ਪਰਾਏ ਬੈਸਣਾ’ (ਇਕਾਂਗੀ), ‘ਸੁਪਨਿਆਂ ਦੇ ਆਰ ਪਾਰ’ (ਗ਼ਜ਼ਲਾਂ ਤੇ ਕਵਿਤਾਵਾਂ), ‘ਤਰੀ ਵਾਲੇ ਕਰੇਲੇ’ (ਹਾਸ-ਵਿਅੰਗ), ‘ਪੰਜਾਬੀ ਸਾਹਿਤ ਦਾ ਇਤਿਹਾਸ’ (ਪ੍ਰਸ਼ਨ ਉੱਤਰ) ਸਮੇਤ ਸੰਪਾਦਿਤ ਪੁਸਤਕਾਂ ‘ਸਮੇਂ ਦੇ ਹਾਣੀ’ (ਕਵਿਤਾ), ‘ਹਵਨ ਕੁੰਡ’ (ਕਵਿਤਾਵਾਂ ਤੇ ਨਿਬੰਧ) ਆਦਿ ਸ਼ਾਮਲ ਹਨ। ‘ਤਰੀ ਵਾਲੇ ਕਰੇਲੇ’ ਦੀ ਤਾਂ ਦੂਜੀ ਐਡੀਸ਼ਨ ਵੀ ਛਪ ਚੁੱਕੀ ਹੈ। ਪਿਛਲੇ ਦਿਨੀਂ ਤ੍ਰਿਲੋਕ ਸਿੰਘ ਢਿੱਲੋਂ ਨੇ ਆਪਣੇ ਗ਼ਜ਼ਲ ਸੰਗ੍ਰਹਿ ‘ਵਾਟ ਹਯਾਤੀ ਦੀ’ (ਸ਼ਬਦਾਂਜਲੀ ਪਬਲੀਕੇਸ਼ਨਜ਼ ਪਟਿਆਲਾ; ਪੰਨੇ 96; ਮੁੱਲ 200/-) ਰਾਹੀਂ ਦਸਤਕ ਦਿੱਤੀ ਹੈ, ਜਿਸ ਵਿੱਚ 72 ਗ਼ਜ਼ਲਾਂ ਹਨ। ਇਹ ਗ਼ਜ਼ਲਾਂ 23-94 ਪੰਨੇ ਤੱਕ ਹਨ। ਇਨ੍ਹਾਂ ਤੋਂ ਪਹਿਲਾਂ ਆਦਿਕਾ (9-15) ਵਜੋਂ ਡਾ. ਗੁਰਬਚਨ ਸਿੰਘ ਰਾਹੀ ਦੀ ਲੰਮੀ ਭੂਮਿਕਾ ਹੈ, ਦੋ ਸ਼ਬਦ (17-20) ਵਜੋਂ ਲੇਖਕ ਨੇ ਆਪਣੇ ਸਾਹਿਤਕ ਸਫ਼ਰ ਦੀ ਬਾਤ ਪਾਈ ਹੈ। ਪੁਸਤਕ ਦੀਆਂ ਸਾਰੀਆਂ ਗ਼ਜ਼ਲਾਂ ਦੀ ਇਹ ਖ਼ੂਬੀ ਹੈ ਕਿ ਇਨ੍ਹਾਂ ਨੂੰ 7-7 ਸ਼ੇਅਰਾਂ ਵਿੱਚ ਸਮੇਟਿਆ ਗਿਆ ਹੈ ਤੇ ਗ਼ਜ਼ਲ ਦੇ ਮਕਤੇ ਵਿੱਚ ਕਵੀ ਨੇ ‘ਢਿੱਲੋਂ’ ਉਪਨਾਮ ਵਰਤਿਆ ਹੈ। ਪੰਨਾ 6, 8, 16, 22, 95 ਉੱਤੇ 1-1 ਸ਼ੇਅਰ ਦਰਜ ਹੈ ਜੋ ਕ੍ਰਮਵਾਰ ਪੰਨਾ ਨੰ. 29, 24, 25, 95 ਅਤੇ 27 ਤੇ ਸ਼ਾਮਲ ਗ਼ਜ਼ਲਾਂ ਵਿੱਚੋਂ ਲਏ ਗਏ ਹਨ। ਇਸ ਕਿਤਾਬ ਦੀ ਇੱਕ ਵਿਸ਼ੇਸ਼ਤਾ ਇਹ ਵੀ ਹੈ ਕਿ ਇਸ ਉੱਤੇ ਲੇਖਕ ਨੇ ਆਪਣਾ ਪੂਰਾ ਨਾਂ ਤ੍ਰਿਲੋਕ ਸਿੰਘ ਢਿੱਲੋਂ ਲਿਖਿਆ ਹੈ, ਜਦ ਕਿ ਪਹਿਲੀਆਂ ਪੁਸਤਕਾਂ ਉੱਤੇ ਸਿਰਫ਼ ਤ੍ਰਿਲੋਕ ਢਿੱਲੋਂ ਲਿਖਿਆ ਗਿਆ ਸੀ। ਇਨ੍ਹਾਂ ਗ਼ਜ਼ਲਾਂ ਵਿੱਚ ਲੇਖਕ ਨੇ ਵੱਖ-ਵੱਖ ਵਿਸ਼ਿਆਂ ਨੂੰ ਥਾਂ ਦਿੱਤੀ ਹੈ। ਆਪਣੀ ਹੋਂਦ/ਅਸਤਿਤਵ ਲਈ ਹਰ ਕਵੀ ਹਰ ਤਰ੍ਹਾਂ ਦੀ ਵਿਪਰੀਤ ਸਥਿਤੀ ਵਿੱਚ ਸਿਰ ਉੱਚਾ ਕਰਕੇ ਜੀਣ ਦੀ ਤਮੰਨਾ ਰੱਖਦਾ ਹੈ, ਭਾਵੇਂ ਕਿ ਇਹਦੇ ਲਈ ਉਹਨੂੰ ਕਤਲਗਾਹ ‘ਚ ਵੀ ਕਿਉਂ ਨਾ ਜਾਣਾ ਪਵੇ! ਕਵੀ ਹਰ ਬਸ਼ਰ ਨੂੰ ਵੀ ਬੇਖੌਫ਼, ਨਿੱਡਰ ਹੋ ਕੇ ਜੀਣ ਦੀ ਸਲਾਹ ਦਿੰਦਾ ਹੈ : ਮੈਂ ਹਵਾ ਨੂੰ ਚੀਰ ਮੰਜ਼ਿਲ ਵੱਲ ਵਧਿਆ ਹਾਂ ਸਦਾ ਜੇ ਜੀਣਾ ਹੈ ਜਗਤ ਅੰਦਰ, ਤਾਂ ਬੇਡਰ ਹੋ ਕੇ ਜੀਣਾ ਹੈ ਦੌਰ ਵੀ ਹੋਵੇ ਭਾਵੇਂ ਭੁੱਖਾਂ, ਦੁੱਖਾਂ, ਔਖੇ ਸਮਿਆਂ ਦਾ ਢਲਦੀ ਉਮਰ ਵਿੱਚ ਆਮ ਤੌਰ ਤੇ ਹਰ ਬੰਦਾ ਸਰਬ-ਸ਼ਕਤੀਮਾਨ ਵਿੱਚ ਯਕੀਨ ਰੱਖਣ ਲੱਗ ਪੈਂਦਾ ਹੈ, ਭਾਵੇਂ ਜਵਾਨੀ ਵਿੱਚ ਉਹ ਕਿੰਨਾ ਵੀ ਆਕੜਬਾਜ਼ ਜਾਂ ਨਾਸਤਿਕ ਕਿਉਂ ਨਾ ਰਿਹਾ ਹੋਵੇ! ਅਧਿਆਤਮ ਦਾ ਸਾਇਆ ਇਸ ਪੁਸਤਕ ਦੀਆਂ ਕਈ ਗ਼ਜ਼ਲਾਂ ਵਿੱਚ ਨਜ਼ਰੀਂ ਪੈਂਦਾ ਹੈ : ਤੌਫ਼ੀਕ ਇਹ ਦੇਵੇ ਖ਼ੁਦਾ, ਉਸਦੀ ਰਜ਼ਾ ਵਿੱਚ ਜੀ ਸਕਾਂ ਗੁਰੂਆਂ ਭਗਤਾਂ ਦੀ ਬਾਣੀ ਹੀ ਰਾਹਨੁਮਾ ਮੇਰੀ ‘ਢਿੱਲੋਂ’ ਅੱਜਕੱਲ੍ਹ ਰਿਸ਼ਤਿਆਂ ਵਿੱਚ ਪਾਕੀਜ਼ਗੀ ਤੇ ਸਥਾਈਪਣ ਨਹੀਂ ਰਿਹਾ। ਹਰ ਰਿਸ਼ਤਾ ਜ਼ਰਾ ਜਿੰਨੀ ਅਣਗਹਿਲੀ ਅਤੇ ਰੁਸਵਾਈ ਨਾਲ ਟੁੱਟ ਰਿਹਾ ਹੈ : ਅਸਾਡੇ ਸਮਿਆਂ ਦਾ ਇਹ ਕੈਸਾ ਘੋਰ ਕਲਯੁਗ ਹੈ ਕਵੀ ਨੂੰ ਪੌਣ, ਪਾਣੀ ਤੇ ਧਰਤੀ ਤੇ ਵਧਦੇ ਪ੍ਰਦੂਸ਼ਣ ਦੀ ਬੇਹੱਦ ਚਿੰਤਾ ਹੈ। ਵਰਤਮਾਨ ਸਮੇਂ ਵਿੱਚ ਮਨੁੱਖ ਨੇ ਆਪਣੀ ਸੌਖ ਲਈ ਇਨ੍ਹਾਂ ਦੀ ਹੋਂਦ ਨੂੰ ਖ਼ਤਰੇ ਵਿੱਚ ਪਾ ਦਿੱਤਾ ਹੈ, ਹਾਲਾਂਕਿ ਇਨ੍ਹਾਂ ਤੋਂ ਬਗ਼ੈਰ ਮਨੁੱਖ ਦੀ ਆਪਣੀ ਹੋਂਦ ਵੀ ਮਨਫ਼ੀ ਹੋ ਜਾਵੇਗੀ : ਕਿਸੇ ਦੇ ਜਿਸਮ ‘ਚੋਂ ਮੁੱਕਿਆ, ਕਿਸੇ ਦੀ ਅੱਖ ‘ਚੋਂ ਸੁੱਕਿਆ ਜੇ ਤੇਰੀ ਹੋਂਦ ਦੇ ਹੁੰਦਿਆਂ ਬਿਰਖ ਘਟਦੇ ਹੀ ਜਾਂਦੇ ਨੇ ਅਸੀਂ ਰੁੱਖਾਂ ਦੇ ਕਤਲੇਆਮ ਦਾ ਸਿੱਟਾ ਭੁਗਤਦੇ ਹਾਂ ਕਦੇ ਝੱਖੜ, ਕਦੇ ਨ੍ਹੇਰੀ, ਕਦੇ ਸੂਰਜ ਦੇ ਅੰਗਾਰੇ ਮੁਕਦੇ ਪਾਣੀ, ਘਟਦੀ ਧਰਤ ਨੂੰ ਭੁੱਲ-ਭੁਲਾਅ ਪਰਵਾਸ ਦੀ ਪੀੜਾ ਕਿੰਨੀ ਅਸਹਿ ਤੇ ਅਕਹਿ ਹੁੰਦੀ ਹੈ, ਇਹ ਸਿਰਫ਼ ਉਹੀ ਜਾਣਦੇ ਨੇ ਜਿਨ੍ਹਾਂ ਨੂੰ ਇਹ ਯਾਤਨਾ ਭੋਗਣੀ ਪੈਂਦੀ ਹੈ ਜਾਂ ਜਿਨ੍ਹਾਂ ਦੇ ਨਜ਼ਦੀਕੀ ਪਰਵਾਸ ਵਿੱਚ ਭਟਕ ਰਹੇ ਨੇ। ਹਾਲਾਂਕਿ ਕਈ ਮਾਪਿਆਂ ਨੇ ਸਭ ਕੁਝ ਹੁੰਦਿਆਂ-ਸੁੰਦਿਆਂ ਖ਼ੁਦ ਆਪਣੇ ਬੱਚਿਆਂ ਨੂੰ ਜ਼ਬਰਦਸਤੀ ਵਿਦੇਸ਼ ਭੇਜਿਆ ਹੁੰਦਾ ਹੈ, ਮਹਿਜ਼ ਇਸਲਈ ਕਿ ਉੱਥੋਂ ਦੇ ਡਾਲਰਾਂ/ਪੌਂਡਾਂ ਦੀ ਚਮਕ ਉਨ੍ਹਾਂ ਦੀਆਂ ਅੱਖਾਂ ਨੂੰ ਚੁੰਧਿਆਉਂਦੀ ਰਹਿੰਦੀ ਹੈ : ਚਮਕ ਵਿੱਚ ਡਾਲਰਾਂ ਦੀ ਮਾਪਿਆਂ ਨੂੰ ਭੁੱਲ ਜਿਨ੍ਹਾਂ ਜਾਣੈ ਸਿਸਟਮ ਤੇ ਗ਼ਰੀਬੀ ਦੇ ਭੰਨੇ, ਪੁੱਤ ਰੁਲ਼ਦੇ ਨੇ ਜਾ ਕੇ ਪ੍ਰਦੇਸੀਂ ਸਿੱਖ ਸ਼ਹਾਦਤਾਂ ਦੀ ਗੂੰਜ-ਅਨੁਗੂੰਜ ਢਿੱਲੋਂ ਦੇ ਸ਼ੇਅਰਾਂ ਵਿੱਚੋਂ ਵਾਰ-ਵਾਰ ਪ੍ਰਤਿਧ੍ਵਨਿਤ ਹੁੰਦੀ ਹੈ। ਖ਼ਾਸ ਕਰਕੇ ਉਹ ਮਾਸੂਮ ਸਾਹਿਬਜ਼ਾਦਿਆਂ (ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ) ਦੀ ਅਣਮਨੁੱਖੀ ਸ਼ਹਾਦਤ ਤੇ ਖ਼ੂਨ ਦੇ ਹੰਝੂ ਵਹਾਉਂਦਾ ਹੈ : ਜਦੋਂ ਸਰਹੰਦ ਦੀ ਦੀਵਾਰ ਦੇ ਦੀਦਾਰ ਕਰਦਾ ਹਾਂ ਮਿਰੇ ਦਾਤਾ! ਇਹ ਕਰਕੇ ਯਾਦ ਸਾਰੀ ਹੋਂਦ ਕੰਬਦੀ ਹੈ ਚੜ੍ਹੋਂ ਸਲੀਬਾਂ, ਚਰਖੜੀਆਂ ‘ਤੇ ਵੀ ਭਾਵੇਂ ਜੀਵਨ ਦੇ ਸਰੋਕਾਰਾਂ ਨਾਲ ਜੁੜੇ ਹਰ ਤਰ੍ਹਾਂ ਦੇ ਵਰਤਾਰਿਆਂ ਤੋਂ ਵਾਕਿਫ਼ ਕਵੀ ਨੇ ਆਪਣੀਆਂ ਗ਼ਜ਼ਲਾਂ ਨੂੰ ਇਨ੍ਹਾਂ ਨਾਲ ਦੋ-ਚਾਰ ਹੋਣਾ ਸਿਖਾਇਆ ਹੈ। ਉਹ ਹਰ ਬਿਖਮ ਪਰਿਸਥਿਤੀ ਵਿੱਚ ਟੱਕਰ ਲੈਣ ਦੀ ਜਾਚ ਦੱਸਦਾ ਹੈ, ਮਾਯੂਸੀ ਜਾਂ ਉਦਾਸੀ ਦਾ ਪੱਲਾ ਛੰਡਦਾ ਹੈ ਤੇ ਇਹੋ ਇਨ੍ਹਾਂ ਗ਼ਜ਼ਲਾਂ ਦੀ ਪ੍ਰਾਪਤੀ ਹੈ!
# ਅਕਾਲ ਯੂਨੀਵਰਸਿਟੀ, |
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
ਪ੍ਰੋ. ਨਵ ਸੰਗੀਤ ਸਿੰਘ
ਅਕਾਲ ਯੂਨੀਵਰਸਿਟੀ,
ਤਲਵੰਡੀ ਸਾਬੋ, ਬਠਿੰਡਾ,
ਪੰਜਾਬ, ਭਾਰਤ
+91 9417692015