31 July 2026

ਆਮ ਲੋਕਾਂ ਦਾ ਲੇਖਕ : ਮੁਨਸ਼ੀ ਪ੍ਰੇਮ ਚੰਦ— ਪ੍ਰੋ. ਨਵ ਸੰਗੀਤ ਸਿੰਘ

(31.7.1880 – 8.10.1936)
(‘ਕਲਮ ਕਾ ਸਿਪਾਹੀ’ ਪ੍ਰੇਮਚੰਦ ਦੀ ਪਹਿਲੀ ਸੰਪੂਰਨ ਜੀਵਨੀ ਹੈ। ਇਸਨੂੰ ਜੀਵਨੀ ਸਾਹਿਤ ਵਿੱਚ ਇੱਕ ਕਲਾਸਿਕ ਦਾ ਦਰਜਾ ਪ੍ਰਾਪਤ ਹੈ। ਅੰਮ੍ਰਿਤ ਰਾਏ (ਪ੍ਰੇਮ ਚੰਦ ਦੇ ਸੁਪੁੱਤਰ) ਦੀ ਲਿਖੀ ਇਸ ਕਿਤਾਬ ਨੂੰ 1963 ਵਿੱਚ ‘ਸਾਹਿਤ ਅਕਾਦਮੀ ਪੁਰਸਕਾਰ’ ਅਤੇ 1971 ਵਿੱਚ ‘ਸੋਵੀਅਤਲੈਂਡ ਨਹਿਰੂ ਪੁਰਸਕਾਰ’ ਮਿਲਿਆ। ਇਸੇ ਕਿਤਾਬ ਵਿੱਚੋਂ ਪੇਸ਼ ਹਨ ਪ੍ਰੇਮ ਚੰਦ ਬਾਰੇ ਛੋਟੀਆਂ-ਛੋਟੀਆਂ ਦਿਲਚਸਪ ਘਟਨਾਵਾਂ)

ਦੱਖਣ ਦਾ ਇੱਕ ਹਿੰਦੀ-ਪ੍ਰੇਮੀ ਚੰਦਰਹਾਸਨ, ਪ੍ਰੇਮਚੰਦ ਨੂੰ ਮਿਲਣ ਲਈ ਕਾਸ਼ੀ ਆਇਆ। ਪਤਾ ਕਰਕੇ ਸ਼ਾਮ ਨੂੰ ਉਨ੍ਹਾਂ ਦੇ ਘਰ ਕੋਲ ਪਹੁੰਚਿਆ। ਘਰ ਦੇ ਬਾਹਰ ਖੜ੍ਹ ਕੇ ਕੁਝ ਚਿਰ ਖੂੰ-ਖਾਂ ਕਰਨ ਪਿੱਛੋਂ ਕੋਈ ਵਿਖਾਈ ਨਹੀਂ ਦਿੱਤਾ। ਉਸਨੇ ਦਰਵਾਜ਼ੇ ਕੋਲ ਆ ਕੇ ਅੰਦਰ ਝਾਤੀ ਮਾਰੀ। ਇੱਕ ਆਦਮੀ, ਜਿਸਦਾ ਚਿਹਰਾ ਵੱਡੀਆਂ-ਵੱਡੀਆਂ ਮੁੱਛਾਂ ਨਾਲ ਢੱਕਿਆ ਹੋਇਆ ਸੀ, ਫਰਸ਼ ‘ਤੇ ਬੈਠਾ ਧਿਆਨ-ਮਗਨ ਹੋ ਕੇ ਲਿਖ ਰਿਹਾ ਸੀ। ਮਹਿਮਾਨ ਨੇ ਸੋਚਿਆ ਕਿ ਪ੍ਰੇਮਚੰਦ ਸ਼ਾਇਦ ਉਸਨੂੰ ਬੋਲ ਕੇ ਲਿਖਾ ਰਹੇ ਹੋਣਗੇ। ਉਸਨੇ ਅੱਗੇ ਵਧ ਕੇ ਕਿਹਾ, “ਮੈਂ ਪ੍ਰੇਮਚੰਦ ਨੂੰ ਮਿਲਣਾ ਚਾਹੁੰਦਾ ਹਾਂ।” ਆਦਮੀ ਨੇ ਝੱਟ ਹੈਰਾਨੀ ਨਾਲ ਉਸ ਵੱਲ ਦੇਖਿਆ, ਆਪਣੀ ਕਲਮ ਹੇਠਾਂ ਰੱਖੀ ਅਤੇ ਉੱਚੀ-ਉੱਚੀ ਹੱਸਦੇ ਹੋਏ ਕਿਹਾ, “ਕੀ ਮੈਨੂੰ ਖੜ੍ਹੇ-ਖੜ੍ਹੇ ਹੀ ਮਿਲੋਗੇ? ਬੈਠ ਕੇ ਮੈਨੂੰ ਮਿਲੋ…”

ਬਸਤੀ ਦੇ ਤਾਰਾਸ਼ੰਕਰ ਨਾਸ਼ਾਦ ਮੁਨਸ਼ੀ ਜੀ ਨੂੰ ਮਿਲਣ ਲਖਨਊ ਗਏ। ਉਨ੍ਹੀਂ ਦਿਨੀਂ ਉਹ ਅਮੀਨੁਦੀਨ ਪਾਰਕ ਦੇ ਸਾਹਮਣੇ ਵਾਲੇ ਘਰ ਵਿੱਚ ਰਹਿੰਦੇ ਸਨ। ਹੇਠਾਂ ਨਾਸ਼ਾਦ ਸਾਹਿਬ ਨੂੰ ਇਕ ਆਦਮੀ ਮਿਲਿਆ, ਜਿਸਨੇ ਧੋਤੀ-ਬੁਨੈਣ ਪਾਈ ਹੋਈ ਸੀ। ਨਾਸ਼ਾਦ ਨੇ ਉਸਨੂੰ ਪੁੱਛਿਆ, “ਕੀ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਮੁਨਸ਼ੀ ਪ੍ਰੇਮਚੰਦ ਕਿੱਥੇ ਰਹਿੰਦੇ ਹਨ?” ਆਦਮੀ ਨੇ ਕਿਹਾ, “ਆਓ, ਮੈਂ ਤੁਹਾਨੂੰ ਉਨ੍ਹਾਂ ਨਾਲ ਮਿਲਾ ਦਿੰਦਾ ਹਾਂ।” ਉਹ ਆਦਮੀ ਅੱਗੇ-ਅੱਗੇ ਤੁਰ ਪਿਆ, ਨਾਸ਼ਾਦ ਪਿੱਛੇ-ਪਿੱਛੇ। ਉੱਪਰ ਪਹੁੰਚ ਕੇ ਆਦਮੀ ਨੇ ਨਾਸ਼ਾਦ ਨੂੰ ਬੈਠਣ ਲਈ ਕਿਹਾ ਅਤੇ ਅੰਦਰ ਚਲਾ ਗਿਆ। ਥੋੜ੍ਹੀ ਦੇਰ ਬਾਅਦ ਉਹ ਆਦਮੀ ਕੁੜਤਾ ਪਹਿਨ ਕੇ ਬਾਹਰ ਆਇਆ ਅਤੇ ਕਿਹਾ, “ਹੁਣ ਤੁਸੀਂ ਪ੍ਰੇਮਚੰਦ ਨਾਲ ਗੱਲ ਕਰ ਰਹੇ ਹੋ…”

ਪਟਨਾ ਵਿੱਚ ਇੱਕ ਸਾਹਿਤਕ ਗੋਸ਼ਟੀ ਹੋ ਰਹੀ ਸੀ। ਮੁਨਸ਼ੀ ਜੀ ਨੇ ਇਸਦੀ ਪ੍ਰਧਾਨਗੀ ਕਰਨੀ ਸੀ। ਉਹ ਅੱਜ ਪਟਨਾ ਪਹੁੰਚ ਰਹੇ ਹਨ। ਬਹੁਤ ਸਾਰੇ ਲੋਕ ਉਨ੍ਹਾਂ ਦਾ ਸਵਾਗਤ ਕਰਨ ਲਈ ਸਟੇਸ਼ਨ ‘ਤੇ ਇਕੱਠੇ ਹੋਏ ਹਨ। ਪਰ ਮਜ਼ੇ ਦੀ ਗੱਲ ਇਹ ਹੈ ਕਿ ਉਨ੍ਹਾਂ ਵਿੱਚੋਂ ਕਿਸੇ ਨੇ ਵੀ ਉਨ੍ਹਾਂ ਨੂੰ ਪਹਿਲਾਂ ਨਹੀਂ ਦੇਖਿਆ। ਉਨ੍ਹਾਂ ਨੇ ਸਿਰਫ਼ ਇੱਕ ਫੋਟੋ ਵੇਖੀ ਹੈ ਅਤੇ ਸਿਰਫ਼ ਇਸੇ ਦਾ ਹੀ ਸਹਾਰਾ ਹੈ। 

ਐਕਸਪ੍ਰੈੱਸ ਆਈ। ਵੇਖ ਲਿਆ। ਕਿਤੇ ਨਹੀਂ।
ਪੰਜਾਬ ਮੇਲ ਆਈ। ਵੇਖ ਲਿਆ। ਕਿਤੇ ਨਹੀਂ।

ਐਤਵਾਰ ਦੀ ਸ਼ਾਮ ਨੂੰ ਮੀਟਿੰਗ ਸੀ ਅਤੇ ਸਵੇਰੇ 6 ਵਜੇ ਦੇ ਕਰੀਬ ਇੱਕ ਹੋਰ ਐਕਸਪ੍ਰੈਸ ਆਉਂਦੀ ਸੀ। ਹੁਣ ਬਸ ਇਹੋ ਇੱਕੋ ਇੱਕ ਉਮੀਦ ਸੀ।

ਟ੍ਰੇਨ ਆਈ, ਰੁਕੀ ਅਤੇ ਚਲੀ ਗਈ। ਸੈਂਕੜੇ ਲੋਕ ਉਤਰੇ ਅਤੇ ਸਵਾਰ ਹੋਏ, ਪਰ ਪ੍ਰੇਮਚੰਦ ਨਹੀਂ ਆਏ। ਗੋਸ਼ਟੀ ਵਾਲਿਆਂ ਦੀ ਜਾਨ ਮੁੱਠੀ ਵਿੱਚ ਆਈ ਹੋਈ ਸੀ। ਹੁਣ ਕਿੱਥੇ ਜਾਣਗੇ, ਕਿਵੇਂ ਲੋਕਾਂ ਨੂੰ ਮੂੰਹ ਵਿਖਾਉਣਗੇ?

ਉਦਾਸ ਅਤੇ ਪਰੇਸ਼ਾਨ, ਉਹ ਮੁਸਾਫ਼ਰਖਾਨੇ ਵੱਲ ਵਧੇ। ਉਨ੍ਹਾਂ ਨੇ ਪੌੜੀਆਂ ਕੋਲ ਇੱਕ ਅੱਧਖੜ ਉਮਰ ਦੇ ਵਿਅਕਤੀ ਨੂੰ ਖੜ੍ਹਾ ਵੇਖਿਆ, ਉਸਦੇ ਵਾਲ ਸਫ਼ੈਦ ਸਨ ਅਤੇ ਯਾਤਰਾ ਦੀ ਥਕਾਵਟ ਤੋਂ ਕੁਝ ਉਦਾਸ ਵਿਖਾਈ ਦੇ ਰਿਹਾ ਸੀ, ਗੁੰਮਸੁੰਮ ਖੜ੍ਹਾ ਸੀ ਅਤੇ ਕੁਲੀ ਉਸਦਾ ਟਰੰਕ ਆਪਣੇ ਸਿਰ ‘ਤੇ ਅਤੇ ਬਿਸਤਰਾ ਆਪਣੇ ਹੱਥ ਵਿੱਚ ਲੈ ਕੇ ਪੁੱਛ ਰਿਹਾ ਸੀ, “ਬਾਬੂ ਜੀ, ਕਿੱਥੇ ਜਾਣਾ ਹੈ?”

ਉਨ੍ਹਾਂ ਨੇ ਕੱਲ੍ਹ ਰਾਤ ਹੀ ਇਸ ਯਾਤਰੀ ਨੂੰ ਪੰਜਾਬ ਮੇਲ ਤੋਂ ਉਤਰਦੇ ਹੋਏ ਵੇਖਿਆ ਸੀ, ਪਰ ਉਹ ਉਸਨੂੰ ਕਿਵੇਂ ਪਛਾਣਦੇ…

ਕੋਈ ਵਿਸ਼ੇਸ਼ਤਾ ਜੋ ਨਹੀਂ ਹੈ ਉਸ ਵਿੱਚ।

ਉਹ ਆਪਣੇ ਆਸਪਾਸ ਕੋਈ ਇੱਕ ਵੀ ਨਿਸ਼ਾਨ ਅਜਿਹਾ ਨਹੀਂ ਰੱਖਣਾ ਚਾਹੁੰਦਾ, ਜੋ ਇਹ ਦਰਸਾਉਂਦਾ ਹੋਵੇ ਕਿ ਉਹ ਦੂਜੇ ਆਮ ਲੋਕਾਂ ਤੋਂ ਵੱਖਰਾ ਹੈ। ਕੋਈ ਤਿਲਕ ਨਾਲ ਆਪਣੀ ਵਿਲੱਖਣਤਾ ਦਾ ਐਲਾਨ ਕਰਦਾ ਹੈ, ਕੋਈ ਰੇਸ਼ਮ ਦੇ ਕੁੜਤੇ ਅਤੇ ਉਸ ਵਿੱਚੋਂ ਝਲਕਦੀ ਆਪਣੀ ਸ਼ਾਨ ਨਾਲ, ਕੋਈ ਆਪਣੇ ਸ਼ਿੰਗਾਰ ਦੀ ਵਿਲੱਖਣਤਾ ਨਾਲ, ਕੋਈ ਆਪਣੀ ਖਾਸ ਅਦਾ ਜਾਂ ਢੰਗ ਨਾਲ। ਇੱਥੋਂ ਤੱਕ ਕਿ ਇੱਕ ਜਾਣਬੁੱਝ ਕੇ ਸਾਵਧਾਨੀ ਨਾਲ ਕੀਤੀ ਗਈ ਸਾਦਗੀ ਵੀ ਹੈ ਜੋ ਆਪਣੇ ਆਪ ਵਿੱਚ ਇੱਕ ਪ੍ਰਦਰਸ਼ਨ ਜਾਂ ਦਿਖਾਵਾ ਬਣ ਜਾਂਦੀ ਹੈ, ਸ਼ਾਇਦ ਸਭ ਤੋਂ ਘਿਣਾਉਣੀ – ਕਿ ਮੈਨੂੰ ਦੇਖੋ, ਇੰਨਾ ਮਸ਼ਹੂਰ ਆਦਮੀ ਹੋਣ ਦੇ ਬਾਵਜੂਦ ਮੈਂ ਕਿੰਨੀ ਸਾਦਗੀ ਨਾਲ ਰਹਿੰਦਾ ਹਾਂ! ਪ੍ਰੇਮਚੰਦ ਦੀ ਸਾਦਗੀ ਸਹਿਜ ਹੈ। ਉਸ ਵਿੱਚ ਕੁਝ ਤਾਂ ਇਸ ਦੇਸ਼ ਦੀ ਪ੍ਰਾਚੀਨ ਮਿੱਟੀ ਦਾ ਸੰਸਕਾਰ ਹੈ, ਕੁਝ ਉਸਦੀ ਕੁਦਰਤੀ ਨਿਮਰਤਾ ਅਤੇ ਸੰਕੋਚ, ਕੁਝ ਉਸਦੀ ਡੂੰਘੀ ਜੀਵਨ-ਦ੍ਰਿਸ਼ਟੀ ਹੈ ਅਤੇ ਕੁਝ ਉਸਦਾ ਸੱਚਾ ਸਵੈਮਾਣ ਹੈ, ਜੋ ਕਿਸੇ ਤਰ੍ਹਾਂ ਦੇ ਸਵੈ-ਪ੍ਰਦਰਸ਼ਨ ਜਾਂ ਇਸ਼ਤਿਹਾਰ ਨੂੰ ਉਸਦੇ ਲਈ ਘਟੀਆ ਬਣਾ ਦਿੰਦਾ ਹੈ। ਨਹੀਂ, ਉਹ ਕਸਤੂਰੀ-ਹਿਰਨ ਨਹੀਂ ਹੈ, ਜੀਹਨੂੰ ਆਪਣੇ ਅੰਦਰਲੀ ਕਸਤੂਰੀ ਦਾ ਪਤਾ ਨਾ ਹੋਵੇ। ਉਹਨੂੰ ਪਤਾ ਹੈ ਕਿ ਉਸਦੇ ਅੰਦਰ ਅਜਿਹਾ ਵੀ ਕੁਝ ਹੈ ਜੋ ਕੀਮਤੀ ਹੈ, ਉਸਦਾ ਆਪਣਾ, ਪੂਰੀ ਤਰ੍ਹਾਂ ਆਪਣਾ, ਮੌਲਿਕ ਅਤੇ ਵਿਸ਼ੇਸ਼। ਇਹੀ ਉਸਦਾ ਮੋਤੀ ਹੈ, ਉਸਦਾ ਮਾਣਕ ਹੈ। ਕੋਈ ਇਸ ਮੋਤੀ-ਮਾਣਕ ਨੂੰ ਢੁਕਵੇਂ ਗਹਿਣਿਆਂ ਵਾਲੇ ਡੱਬੇ ਵਿੱਚ ਰੱਖਦਾ ਹੈ; ਪਰ ਇਹ ਆਦਮੀ ਇਸਨੂੰ ਟੀਨ ਦੇ ਡੱਬੇ ਵਿੱਚ ਰੱਖਦਾ ਹੈ – ਇਸ ਲਈ ਨਹੀਂ ਕਿ ਉਹ ਇਸਨੂੰ ਘੱਟ ਮਹੱਤਵ ਦਿੰਦਾ ਹੈ, ਸਗੋਂ ਇਸ ਲਈ ਕਿ ਉਹ ਇਸਨੂੰ ਵਧੇਰੇ ਮਹੱਤਵ ਦਿੰਦਾ ਹੈ। ਟੀਨ ਦੇ ਡੱਬੇ ਵਿੱਚ ਉਹ ਮੋਤੀ ਵਧੇਰੇ ਸੁਰੱਖਿਅਤ ਹੈ। ਉੱਥੋਂ ਕੌਣ ਇਸਨੂੰ ਚੋਰੀ ਕਰ ਸਕਦਾ ਹੈ, ਕੀਹਦਾ ਧਿਆਨ ਜਾਏਗਾ ਇਸ ਵੱਲ? ਇਸੇ ਲਈ ਤਾਂ ਢਿੱਲੀ ਜਿਹੀ ਧੋਤੀ ਅਤੇ ਮੈਲ਼ਾ ਕੁੜਤਾ ਪਹਿਨ ਕੇ ਤੀਜੇ ਦਰਜੇ ਦੇ ਮੁਸਾਫ਼ਿਰਖਾਨੇ ਵਿੱਚ ਬੈਠਾ, ਧਿਆਨ ਨਾਲ ਆਪਣਾ ਮੋਤੀ ਟੀਨ ਦੇ ਡੱਬੇ ਵਿੱਚ ਲੁਕਾ ਕੇ, ਉਹ ਅੱਗੇ-ਪਿੱਛੇ, ਸੱਜੇ-ਖੱਬੇ ਇੰਨੀ ਬੇਫ਼ਿਕਰੀ ਨਾਲ ਸਾਰਿਆਂ ਦੇ ਨਾਂ-ਥਾਂ ਪੁੱਛਦਾ ਹੈ, ਉਨ੍ਹਾਂ ਦੇ ਦੁਖ-ਸੁਖ, ਗਰੀਬੀ ਅਤੇ ਬੇਰੁਜ਼ਗਾਰੀ, ਹੜ੍ਹ-ਸੋਕੇ, ਰੋਜ਼ੀ-ਰੋਟੀ ਬਾਰੇ ਗੱਲਾਂ ਕਰਦਾ ਹੈ ਅਤੇ ਜੇ ਕੋਈ ਮਜ਼ਾਕੀਆ ਗੱਲ ਹੋਵੇ, ਤਾਂ ਉਹ ਇੰਨਾ ਉੱਚੀ-ਉੱਚੀ ਹੱਸਦਾ ਹੈ ਕਿ ਨੇੜੇ ਬੈਠੇ ਲੋਕ ਤ੍ਰਭਕ ਜਾਂਦੇ ਹਨ ਅਤੇ ਕੰਧਾਂ ਹਿੱਲ ਜਾਂਦੀਆਂ ਹਨ। ਸ਼ਾਇਦ ਉਸਦੇ ਇਸੇ ਬੇਲਗਾਮ ਹਾਸੇ ਵਿੱਚ ਕਿਤੇ ਕੋਈ ਛੋਟਾ ਜਿਹਾ ਮਜ਼ਾਕ ਛੁਪਿਆ ਹੋਇਆ ਹੈ – ਦੇਖੋ, ਮੈਂ ਉਨ੍ਹਾਂ ਸਾਰਿਆਂ ਨੂੰ ਕਿਵੇਂ ਮੂਰਖ ਬਣਾਇਆ! ਕੋਈ ਅੰਦਾਜ਼ਾ ਵੀ ਨਹੀਂ ਲਗਾ ਸਕਦਾ ਕਿ ਮੇਰੇ ਕੋਲ ਇਸ ਟੀਨ ਦੇ ਡੱਬੇ ਵਿੱਚ ਇੱਕ ਅਜਿਹਾ ਮੋਤੀ ਵੀ ਸੀ ਜਿਸ ਨਾਲ ਦੁਨੀਆਂ ਖਰੀਦੀ ਜਾ ਸਕਦੀ ਸੀ!

ਉਸਦੇ ਸੁਭਾਅ ਵਿੱਚ ਬੱਚਿਆਂ ਵਰਗੀ ਸ਼ਰਾਰਤ ਦਾ ਇੱਕ ਵੱਖਰਾ ਅੰਸ਼ ਹੈ, ਜੋ ਅਕਸਰ ਉਸਦੀ ਲਿਖਤ ਵਿੱਚ ਸਾਹਮਣੇ ਆਉਂਦਾ ਹੈ। ਇਸ ਲਈ ਕਦੇ-ਕਦੇ ਅਜਿਹਾ ਲੱਗਦਾ ਹੈ ਕਿ ਆਪਣੀ ਇਸ ਸਾਦਗੀ ਵਿੱਚ ਉਹਨੂੰ ਸ਼ਾਇਦ ਲੁਕਣਮੀਟੀ ਦੀ ਖੇਡ ਦਾ ਵੀ ਆਨੰਦ ਮਿਲਦਾ ਹੈ!

ਉਸ ਸਾਦੇ, ਨਿਯਮਬੱਧ ਰੁਟੀਨ ਨੂੰ ਦੇਖਦੇ ਹੋਏ ਜਿਸਨੇ ਉਸਦੀ ਜ਼ਿੰਦਗੀ ਨੂੰ ਆਕਾਰ ਦਿੱਤਾ, ਮੋਤੀ ਦੀ ਚਮਕ ਨੂੰ ਬਣਾਈ ਰੱਖਣ ਦਾ ਸ਼ਾਇਦ ਕੋਈ ਹੋਰ ਤਰੀਕਾ ਨਹੀਂ ਸੀ। ਇਹ ਡੂੰਘੀ, ਸਾਦੀ, ਸਾਦਗੀ ਸ਼ਾਇਦ ਇੱਕ ਢਾਲ ਸੀ ਜੋ ਕੁਦਰਤ ਨੇ ਖੁਦ ਉਸ ਲਈ ਬਣਾਈ ਸੀ, ਤਾਂ ਕਿ ਮੋਤੀ ਦੀ ਚਮਕ ਕਦੇ ਵੀ ਫਿੱਕੀ ਨਾ ਪਵੇ – ਜਿਵੇਂ ਬਦਾਮ ਦੀ ਮਿੱਠੀ ਗਿਰੀ ਨੂੰ ਸੁਰੱਖਿਅਤ ਰੱਖਣ ਲਈ ਉਸ ਉੱਤੇ ਇੱਕ ਸਖ਼ਤ ਖੋਲ ਚੜ੍ਹਾਉਣਾ ਪਿਆ।

 ਜ਼ਰਾ ਦੇਖੋ ਇਹ ਅੰਦਾਜ਼, ਕਿ ਮੁਨਸ਼ੀ ਜੀ ਕਿਵੇਂ ਇੱਕ ਦੋਸਤ ਨੂੰ ਆਪਣੇ ਹਾਲਾਤ ਨੋਟ ਕਰਵਾ ਰਹੇ ਹਨ –

ਜਨਮ ਮਿਤੀ: ਸੰਮਤ 1937। ਪਿਤਾ ਦਾ ਨਾਮ: ਮੁਨਸ਼ੀ ਅਜਾਇਬ ਲਾਲ। ਵਾਰਾਣਸੀ ਦੇ ਪਾਂਡੇਪੁਰ ਦੇ ਨੇੜੇ ਮਾਧਵਾਨ, ਲਮਹੀ ਵਿੱਚ ਜਨਮਿਆ। ਸ਼ੁਰੂ ਵਿੱਚ ਅੱਠ ਸਾਲ ਫਾਰਸੀ ਦੀ ਪੜ੍ਹਾਈ ਕੀਤੀ, ਫਿਰ ਅੰਗਰੇਜ਼ੀ ਸ਼ੁਰੂ ਕੀਤੀ।

ਉਸਨੇ ਬਨਾਰਸ ਦੇ ਕਾਲਜੀਏਟ ਸਕੂਲ ਤੋਂ ਪ੍ਰਵੇਸ਼ ਪ੍ਰੀਖਿਆ ਪਾਸ ਕੀਤੀ। ਉਸਦੇ ਪਿਤਾ ਦੀ ਮੌਤ ਉਦੋਂ ਹੋਈ ਜਦੋਂ ਉਹ ਪੰਦਰਾਂ ਸਾਲ ਦਾ ਸੀ, ਅਤੇ ਉਸਦੀ ਮਾਂ ਸੱਤ ਸਾਲ ਦੀ ਉਮਰ ਵਿੱਚ ਹੀ ਗੁਜ਼ਰ ਚੁੱਕੀ ਸੀ। ਫਿਰ ਉਸਨੇ ਸਿੱਖਿਆ ਖੇਤਰ ਵਿੱਚ ਨੌਕਰੀ ਕੀਤੀ। ਉਸਨੇ ਆਪਣਾ ਸਾਹਿਤਕ-ਸਫ਼ਰ 1901 ਵਿੱਚ ਸ਼ੁਰੂ ਕੀਤਾ…

ਫਿਰ ਛੇ ਲਾਈਨਾਂ ਇਸ ਬਾਰੇ, ਕਿ ਕਦੋਂ ਕਿਹੜੀ ਕਿਤਾਬ ਲਿਖੀ, ਕਿੱਸਾ ਖਤਮ ਪੈਸਾ ਹਜ਼ਮ! ਅਤੇ ਜਦੋਂ ਆਪਣੀ ਆਤਮਕਥਾ ਲਿਖਣ ਦੀ ਗੱਲ ਆਈ, ਤਾਂ ਉਸਨੇ ਪਹਿਲਾਂ ਸਾਰਿਆਂ ਨੂੰ ਸੂਚਿਤ ਕਰ ਦਿੱਤਾ :

“ਮੇਰੀ ਜ਼ਿੰਦਗੀ ਇੱਕ ਸਮਤਲ, ਪੱਧਰਾ ਮੈਦਾਨ ਹੈ, ਜਿਸ ਵਿੱਚ ਕਿਤੇ-ਕਿਤੇ ਟੋਏ ਤਾਂ ਹਨ ਪਰ ਪਹਾੜਾਂ, ਸੰਘਣੇ ਜੰਗਲਾਂ, ਡੂੰਘੀਆਂ ਵਾਦੀਆਂ ਜਾਂ ਖੰਡਰਾਂ ਦਾ ਕਿਤੇ ਨਾਮੋ-ਨਿਸ਼ਾਨ ਨਹੀਂ ਹੈ। ਜਿਹੜੇ ਲੋਕ ਪਹਾੜਾਂ ਦੀ ਸੈਰ ਦੇ ਸ਼ੁਕੀਨ ਹਨ, ਉਨ੍ਹਾਂ ਨੂੰ ਏਥੇ  ਨਿਰਾਸ਼ਾ ਹੀ ਮਿਲੇਗੀ।”

ਯਾਨੀ ਕਿ ਜਿਸਨੇ ਵੀ ਆਉਣਾ ਹੋਵੇ, ਸੋਚ-ਸਮਝ ਕੇ ਆਏ!

ਅਤੇ ਸੱਚ ਤਾਂ ਇਹ ਹੈ ਕਿ ਜੇਕਰ ਅਜਿਹੀ ਗੱਲ ਨਾ ਸਾਹਮਣੇ ਆਈ ਹੁੰਦੀ, ਤਾਂ ਸ਼ਾਇਦ ਉਸ ਆਦਮੀ ਨੇ ਆਪਣੇ ਬਾਰੇ ਇੰਨਾ ਵੀ ਨਾ ਲਿਖਿਆ ਹੁੰਦਾ। ਕੋਈ ਪੁੱਛਦਾ ਤਾਂ ਸ਼ਾਇਦ ਉਹ ਕਹਿ ਦਿੰਦਾ: ਮੇਰੀ ਜ਼ਿੰਦਗੀ ਵਿੱਚ ਅਜਿਹਾ ਹੈ ਹੀ ਕੀ, ਜੋ ਮੈਂ ਕਿਸੇ ਨੂੰ ਦੱਸਾਂ? ਇਸ ਦੇਸ਼ ਦੇ ਹੋਰ ਕਰੋੜਾਂ ਲੋਕਾਂ ਵਾਂਗ, ਬਿਲਕੁਲ ਸਮਤਲ, ਸਧਾਰਨ ਜ਼ਿੰਦਗੀ ਹੈ। ਇੱਕ ਸਿੱਧਾ-ਸਾਦਾ, ਗ੍ਰਹਿਸਥੀ  ਦੇ ਝਮੇਲਿਆਂ ਵਿੱਚ ਫਸਿਆ ਹੋਇਆ, ਖਸਤਾ-ਹਾਲ, ਮੁਫ਼ਲਿਸ, ਜਿਸਨੇ ਆਪਣੀ ਪੂਰੀ ਜ਼ਿੰਦਗੀ ਆਪਣੀ ਕਲਮ ਘਸਾਉਂਦੇ ਹੋਏ ਬਿਤਾਈ, ਇਸ ਉਮੀਦ ਨਾਲ ਕਿ ਕੁਝ ਸੁਖਾਲਾ ਹੋ ਸਕੇਗਾ, ਪਰ ਹੋ ਨਾ ਸਕਿਆ! ਉਸ ਵਿੱਚ ਅਜਿਹਾ ਕੀ ਹੈ, ਜੋ ਮੈਂ ਕਿਸੇ ਨੂੰ ਦੱਸ ਸਕਾਂ! ਮੈਂ ਨਦੀ ਦੇ ਕੰਢੇ ਖੜ੍ਹਾ ਇੱਕ ਸੁਕਾ ਕਾਨਾ ਹਾਂ, ਹਵਾ ਦੇ ਥਪੇੜਿਆਂ ਨਾਲ ਮੇਰੇ ਅੰਦਰ ਵੀ ਆਵਾਜ਼ ਪੈਦਾ ਹੋ ਜਾਂਦੀ ਹੈ।ਬੱਸ ਇੰਨੀ ਕੁ ਗੱਲ ਹੈ! ਮੇਰੇ ਕੋਲ ਆਪਣਾ ਕੁਝ ਵੀ ਨਹੀਂ ਹੈ; ਜੋ ਕੁਝ ਹੈ, ਉਹ ਉਨ੍ਹਾਂ ਹਵਾਵਾਂ ਦਾ ਹੈ ਜੋ ਮੇਰੇ ਅੰਦਰ ਵੱਜਦੀਆਂ ਹਨ। ਮੇਰੀ ਕਹਾਣੀ ਤਾਂ ਬਸ ਉਨ੍ਹਾਂ ਹਵਾਵਾਂ ਦੀ ਹੈ। ਉਨ੍ਹਾਂ ਨੂੰ ਜਾ ਕੇ ਫੜੋ, ਮੈਨੂੰ ਕਿਉਂ ਤੰਗ ਕਰਦੇ ਹੋ!
***
# 1, ਲਤਾ ਗਰੀਨ ਐਨਕਲੇਵ, ਪਟਿਆਲਾ-147002
+91 9417692015)

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
**
1900
***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਪ੍ਰੋ. ਨਵ ਸੰਗੀਤ ਸਿੰਘ
1, ਲਤਾ ਇਨਕਲੇਵ,
ਪਟਿਆਲਾ-147002

ਪੰਜਾਬ, ਭਾਰਤ
ਫੋਨ:+91 9417692015

ਪ੍ਰੋ. ਨਵ ਸੰਗੀਤ ਸਿੰਘ

ਪ੍ਰੋ. ਨਵ ਸੰਗੀਤ ਸਿੰਘ 1, ਲਤਾ ਇਨਕਲੇਵ, ਪਟਿਆਲਾ-147002 ਪੰਜਾਬ, ਭਾਰਤ ਫੋਨ:+91 9417692015

View all posts by ਪ੍ਰੋ. ਨਵ ਸੰਗੀਤ ਸਿੰਘ →