|
ਉਜਾਲੇ ਅਪਣੀ ਯਾਦੋਂ ਕੇ ਹਮਾਰੇ ਸਾਥ ਰਹਿਨੇ ਦੋ, ਡਾ. ਬਸ਼ੀਰ ਬਦਰ ਦਾ ਜਨਮ 15 ਫਰਬਰੀ 1935 ਨੂੰ ਉੱਤਰ ਪ੍ਰਦੇਸ਼ ਦੇ, ਅੱਜ ਦੇ ਅਯੋਧਿਆ ਸ਼ਹਿਰ ਉਸ ਵੇਲੇ ਦੇ ਫ਼ੈਜ਼ਾਬਾਦ, ਵਿੱਚ ਹੋਇਆ ਸੀ। ਉਹਨਾਂ ਦਾ ਪੂਰਾ ਨਾਮ ਸਈਅਦ ਮਹੰਮਦ ਬਸ਼ੀਰ ਸੀ। ਉਹਨਾਂ ਦੇ ਪਿਤਾ ਨਾਮ ਸਈਅਦ ਨਜ਼ੀਰ ਸੀ ਜੋ ਕਿ ਪੁਲਿਸ ਵਿਭਾਗ ਵਿੱਚ ਅਕਾਉਂਟੈਂਟ ਸਨ। ਉਹਨਾਂ ਦੇ ਮਾਤਾ ਅਹਿਲਿਆ ਬੇਗਮ ਇਕ ਗ੍ਰਹਿਣੀ ਸਨ। ਬਸ਼ੀਰ ਬਦਰ ਉਹਨਾਂ ਦਾ ਚੌਥਾ ਬੱਚਾ ਸੀ। ਉਹਨਾਂ ਨੇ 1969 ਵਿੱਚ ਮੁਸਲਿਮ ਯੂਨੀਵਰਸਿਟੀ ਅਲੀਗੜ੍ਹ (AMU) ਤੋਂ ਐਮ.ਏ. ਕੀਤੀ। ਇਥੋਂ ਹੀ ਪੀ.ਐੱਚ.ਡੀ ਕਰਕੇ ਉਹ ਉਰਦੂ ਦੇ ਪ੍ਰੋਫੈਸਰ ਨਿਯੁਕਤ ਹੋਏ। 12 ਅਗਸਤ 1974 ਤੋਂ 1990 ਤੱਕ ਉਹ ਮੇਰਠ ਕਾਲਜ ਦੇ ਉਰਦੂ ਵਿਭਾਗ ਦੇ ਮੁੱਖੀ ਰਹੇ। ਉਹ ਉਰਦੂ, ਹਿੰਦੀ ਅਤੇ ਅੰਗਰੇਜ਼ੀ ਦੇ ਚੰਗੇ ਵਿਦਵਾਨ ਸਨ। ਉਹਨਾਂ ਨੇ ਬਿਹਾਰ ਉਰਦੂ ਅਕਾਦਮੀ ਦੇ ਪ੍ਰਧਾਨ ਵਜੋਂ ਵੀ ਕੁੱਝ ਸਮਾਂ ਸੇਵਾ ਨਿਭਾਈ। ਉਹਨਾਂ ਨੇ ਸੱਤ ਸਾਲ ਦੀ ਉਮਰ ਵਿੱਚ ਉਹਨਾਂ ਦੀ ਪਹਿਲੀ ਕਵਿਤਾ ਲਖ਼ਨਊ ਦੇ ‘ਨਿਗਾਰ’ ਮੈਗਜ਼ੀਨ ਵਿੱਚ ਛਪੀ ਸੀ। 1974 ਤੋਂ 1990 ਤੱਕ ਦਾ ਸਮਾਂ ਉਹਨਾਂ ਦੀ ਸ਼ਾਇਰੀ ਦਾ ਸੁਨਹਿਰੀ ਦੌਰ ਮੰਨਿਆ ਜਾਂਦਾ ਹੈ। ਡਾ.ਬਸ਼ੀਰ ਬਦਰ ਆਪਣੇ ਬਾਰੇ ਇਸ ਤਰਾਂ ਬਿਆਨ ਕਰਦੇ ਸਨ, ‘ਮੈਂ ਗ਼ਜ਼ਲ ਦਾ ਆਦਮੀ ਹਾਂ, ਗ਼ਜ਼ਲ ਨਾਲ ਮੇਰਾ ਜਨਮ ਜਨਮ ਦਾ ਸਾਥ ਹੈ। ਗ਼ਜ਼ਲ ਦਾ ਫ਼ਨ ਮੇਰਾ ਫ਼ਨ ਹੈ, ਗ਼ਜ਼ਲ ਦਾ ਤਜਰਬਾ ਮੇਰਾ ਤਜਰਬਾ ਹੈ। ਮੈਂ ਕੌਣ ਹਾਂ ? ਮੇਰੀ ਤਾਰੀਫ਼ ਹਿੰਦੁਸਤਾਨ ਦੀ ਤਾਰੀਫ਼ ਦੇ ਆਸ ਪਾਸ ਹੈ। “ ਆਪਣੇ ਅਲੋਚਕਾਂ ਨੂੰ ਉਹ ਇਸ ਤਰਾਂ ਜਵਾਬ ਦਿੰਦੇ ਸਨ: ਮੁਖ਼ਾਲਿਫਤ ਸੇ ਮੇਰੀ ਸ਼ਖਸੀਅਤ ਸੰਵਰਤੀ ਹੈ, ਮੈਂ ਦੁਸ਼ਮਨੋਂ ਕਾ ਅਹਿਤਰਮ ਕਰਤਾ ਹੂੰ ਡਾ. ਬਸ਼ੀਰ ਬਦਰ ਦਾ ਦੇਹਾਂਤ 28 ਮਈ 2026 ਨੂੰ ਭੋਪਾਲ ਵਿੱਚ ਹੋਇਆ। ਉਸ ਵੇਲੇ ਉਹਨਾਂ ਦੀ ਉਮਰ 91 ਸਾਲ ਦੀ ਸੀ। ਉਹ ਲੰਮਾ ਸਮਾਂ ਡਿਮੈਂਸ਼ੀਆ ਦੀ ਬੀਮਾਰੀ ਨਾਲ ਪੀੜਤ ਰਹੇ। ਅੰਤ ਸਮੇਂ ਉਹਨਾਂ ਦੀ ਯਾਦਾਸ਼ਤ ਵੀ ਜਾ ਚੁੱਕੀ ਸੀ। ਉਹਨਾਂ ਪੁੱਤਰ ਦਾ ਨਾਮ ਨੁਸਰਤ ਬਦਰ, ਧੀ ਦਾ ਨਾਮ ਸਬਾ ਵਹੀਦ ਹੈ। ਉਹਨਾਂ ਪਤਨੀ ਡਾ.ਰਾਹਤ ਬਦਰ ਨੇ ਉਹਨਾਂ ਦੀ ਬੜੀ ਸੇਵਾ ਕੀਤੀ। ਬਸ਼ੀਰ ਬਦਰ ਦੇ ਦੇਹਾਂਤ ਉੱਤੇ ਮਸ਼ਹੂਰ ਲੇਖਕ ਜਾਵੇਦ ਅਖਤਰ ਨੇ ਦੁੱਖ ਪ੍ਰਗਟਾਉਂਦਿਆਂ ਸੋਸ਼ਲ ਮੀਡਿਆ ‘ਤੇ ਪੋਸਟ ਪਾਈ, “ਅੱਜ ਸਾਡੀ ਉਰਦੂ ਜ਼ਬਾਨ ਹੋਰ ਗਰੀਬ ਹੋ ਗਈ ਹੈ। ਬਸ਼ੀਰ ਬਦਰ ਇੱਕ ਬਹੁਤ ਸੁਰੀਲੇ ਸ਼ਾਇਰ ਸਨ, ਜੋ ਹਮੇਸ਼ਾ ਲਈ ਸਾਡੀ ਮਹਿਫ਼ਲ ਤੋਂ ਰੁਖ਼ਸਤ ਹੋ ਗਏ ਹਨ। ਉਨ੍ਹਾਂ ਦੀ ਸ਼ਾਇਰੀ ਹਮੇਸ਼ਾ ਸਾਡੀਆਂ ਯਾਦਾਂ ਵਿੱਚ ਜ਼ਿੰਦਾ ਰਹੇਗੀ।” ਮੁਝੇ ਤੁਮ ਸੇ ਮੁਹੱਬਤ ਹੋ ਗਈ ਹੈ। ਯੇ ਦੁਨੀਆਂ ਖ਼ੂਬਸੂਰਤ ਹੋ ਗਈ ਹੈ। ਉਹਨਾਂ ਸਮਕਾਲੀ ਲੇਖਕਾਂ ਨੂੰ ਇਕ ਵਾਰ ਸ਼ਬਦਾਂ ਤੇ ਅੱਖਰਾਂ ਦੀ ਅਹਿਮੀਅਤ ਬਾਰੇ ਬੋਲਦਿਆਂ ਇਹ ਕਿਹਾ ਸੀ: ਅਬ ਤਰਸਦੇ ਰਹੋ ਗ਼ਜ਼ਲ ਕੇ ਲੀਏ, ਤੁਮ ਨੇ ਲਫ਼ਜ਼ੋਂ ਸੇ ਬੇਵਫ਼ਾਈ ਕੀ । ਡਾ. ਬਸ਼ੀਰ ਬਦਰ ਦੀ ਕਿਤਾਬਾਂ ਨੇ ਬੜੀ ਇੱਜ਼ਤ ਹਾਸਲ ਕੀਤੀ। ਉਹਨਾਂ ਦੀ ਪੁਸਤਕ “ ਆਸ” ਨੂੰ 1999 ਦਾ ਭਾਰਤੀ ਸਾਹਿਤਕ ਅਕਾਦਮੀ ਇਨਾਮ ਮਿਲਿਆ ਅਤੇ 1999 ਵਿੱਚ ਹੀ ਉਹਨਾਂ ਨੂੰ ਪਦਮ ਸ੍ਰੀ ਨਾਲ ਵੀ ਸਨਮਾਨਿਤ ਕੀਤਾ ਗਿਆ। ਇਸ ਬਾਰੇ ਇਕ ਦਿਲਚਸਪ ਘਟਨਾ ਇਹ ਕਿ ਜਿਸ ਦਿਨ ਉਹਨਾਂ ਨੂੰ ਪਦਮ ਸ੍ਰੀ ਮਿਲਣਾ ਸੀ ਉਸੇ ਦਿਨ ਉਹਨਾ ਦਾ ਮੁਸ਼ਾਹਿਰਾ ਸੀ। ਉਹ ਮੁਸ਼ਹਿਰੇ ਤੇ ਇਸ ਲਈ ਗਏ ਕਿ ਉਹ ਪਹਿਲਾਂ ਤੋਂ ਬੁੱਕ ਸੀ ਅਤੇ ਇਨਾਮ ਉਹਨਾਂ ਨੂੰ ਘਰ ਆ ਗਿਆ ਸੀ। ਉਹਨਾਂ ਦੀਆਂ ਸਾਰੀਆਂ ਹੀ ਕਿਤਾਬਾਂ ਜਿਵੇਂ ਇਮਕਾਨ, ਆਹਟੇਂ, ਕੁਲਿਆਤ-ਏ-ਬਸ਼ੀਰ ਬਦਰ, ਉਜਾਲੇ ਅਪਨੀ ਯਾਦੋਂ ਕੇ, ਉਜਾਲੋਂ ਕੀ ਪਰੀਆਂ, ਰੋਸ਼ਨੀ ਕੇ ਘਰੌਂਦੇ, ਸਾਤ ਜ਼ਮੀਨੇ ਏਕ ਸਿਤਾਰਾ, ਫੁਲੋਂ ਕੀ ਛੱਤਰੀਆਂ, ਮੁਹੱਬਤ ਅਤੇ ਮੁਹੱਬਤ ਖ਼ੁਸ਼ਬੂ ਹੈ, ਨੂੰ ਬੜਾ ਮਾਣ ਮਿਲਿਆ। ਉਹਨਾਂ ਨੇ ‘ਆਜ਼ਾਦੀ ਕੇ ਬਾਦ ਉਰਦੂ ਗ਼ਜ਼ਲੋਂ ਕਾ ਤਨਕੀਦੀ ਮੁਤਾਲਾ’ ਅਤੇ ‘20ਵੀਂ ਸ਼ਤਾਬਦੀ ਮੇਂ ਗ਼ਜ਼ਲੇਂ’, ਦੋ ਕਿਤਾਬਾਂ ਉਰਦੂ ਗ਼ਜ਼ਲ ਦੀ ਸਾਹਿਤਕ ਆਲੋਚਨਾ ਦੀਆਂ ਲਿਖੀਆਂ। ਹਮ ਭੀ ਦਰਿਆ ਹੈਂ ਹਮੇਂ ਅਪਨਾ ਹੁਨਰ ਮਾਲੂਮ ਹੈ, 2004-05 ਵਿੱਚ ਜਨਾਬ ਨਿਲੇਸ਼ ਨੀਲ ਫਾਊਂਡਰ ਅਤੇ ਚੇਅਰਮੈਨ, ਮਿਸਿਜ਼ ਅਲਪਨਾ ਨੀਲ ਡਾਇਰੈਕਟਰ ਅਤੇ ਸੁਧੀਰ ਸਹਿਗਲ ਸੀਓਓ ਨੇ ਇੰਟਰਨੈਸ਼ਨਲ ਰੀਡਰਜ਼ ਸੋਸਾਇਟੀ ਆਫ਼ ਪੋਇਟ ਬਸ਼ੀਰ ਬਦਰ (International Readers Society of Poet Bashir Badar) ਬਣਾਈ ਅਤੇ ਇਕ ਵੈੱਬ ਸਾਈਟ ਵੀ ਤਿਆਰ ਕੀਤੀ। ਸੰਸਥਾ ਨੇ ਉਹਨਾਂ ਦੀ ਕਿਤਾਬ,“ਓਥੈਂਟਿਕ ਡਰੀਮਜ਼ ਬਾਈ ਡਾ. ਬਸ਼ੀਰ ਬਦਰ (Authentic Dreams by Dr. Bashir Badar) ਵੀ ਛਾਪੀ। ਹਮ ਨੇ ਅਲਫ਼ਾਜ਼ ਕੋ ਆਈਨਾ ਕਰ ਦੀਯਾ, ਨਾ ਪੀਣ ਦੀ ਆਦਤ ਕਾਰਣ ਜੋ ਲੋਕ ਉਹਨਾਂ ਦਾ ਮਜ਼ਾਕ ਉਡਾਉਣ ਦੀ ਕੋਸ਼ਿਸ਼ ਕਰਦੇ ਉਹਨਾਂ ਨੂੰ ਜਵਾਬ ਦਿੰਦੇ : ਮੈਂ ਖ਼ੁਦਾ ਕਾ ਨਾਮ ਲੇ ਕਰ ਪੀ ਰਹਾ ਹੂੰ ਦੋਸਤੋ, 1987 ਵਿਚ ਮੇਰਠ ਵਿੱਚ ਸੰਪਰਦਾਇਕ ਦੰਗੇ ਹੋਏ। ਜਿਸਦਾ ਸੇਕ ਡਾ. ਬਸ਼ੀਰ ਬਦਰ ਦੇ ਘਰ ਤੱਕ ਪਹੁੰਚਾ। ਉਹਨਾਂ ਨੂੰ ਫਿਰਕੂ ਦੰਗਿਆਂ ਦਾ ਕਹਿਰ ਸਹਿਣਾ ਪਿਆ। ਦੰਗਾ ਕਾਰੀਆਂ ਵੱਲੋਂ ਮੁਹੱਬਤ ਦਾ ਪੈਗ਼ਾਮ ਦੇਣ ਵਾਲੇ ਇਸ ਕੋਮਲ ਦਿਲ ਇਨਸਾਨ ਦਾ ਘਰ ਜਲਾ ਦਿੱਤਾ ਗਿਆ। ਉਹਨਾਂ ਦੇ ਘਰ ਅੰਦਰ ਪਈ ਸਾਰੀ ਜਾਇਦਾਦ ਅਤੇ ਜਮਾਂ ਪੂੰਜੀ ਸੜ ਗਈ ਸੀ। ਉਹਨਾਂ ਦੇ ਹੱਥ ਲਿਖਤ ਖਰੜੇ, ਇਤਿਹਾਸਕ ਰਚਨਾਵਾਂ ਅਤੇ ਡਾਇਰੀਆਂ ਵੀ ਸੜ ਗਈਆਂ। ਉਹਨਾਂ ਨੂੰ ਬੜਾ ਸਦਮਾ ਲੱਗਾ। ਫਿਲਮਕਾਰ ਵਿਸ਼ਾਲ ਭਾਰਦ੍ਵਾਜ ਅਨੁਸਾਰ ਉਹ ਕਈ ਦਿਨ ਡਿਪਰੈਸ਼ਨ ਦਾ ਸ਼ਿਕਾਰ ਰਹੇ। ਵਿਸ਼ਾਲ ਸਾਹਿਬ ਅਤੇ ਬਦਰ ਸਾਹਿਬ ਦੇ ਇਕ ਬਜ਼ੁਰਗ ਦੋਸਤ ਭੰਡਾਰੀ ਨੂੰ ਉਹਨਾਂ ਦੀਆਂ ਕਈ ਰਚਨਾਵਾਂ ਯਾਦ ਸਨ। ਉਹਨਾਂ ਦੀ ਮਦਦ ਨਾਲ ਅਤੇ ਯਾਦਾਂ ਦੇ ਚਰੋਖੇ ਵਿਚੋਂ 90% ਦੁਬਾਰਾ ਲਿਖੀਆਂ। ਉਹ ਸਦਮੇ ਚੋਂ ਬਾਹਰ ਨਿਕਲਣ ਵਿੱਚ ਵੀ ਕਾਮਯਾਬ ਹੋਏ। ਇਸ ਘਟਨਾ ਤੋਂ ਬਾਅਦ ਉਹ ਮੇਰਠ ਛੱਡ ਕੇ ਭੋਪਾਲ ਆ ਕੇ ਰਹਿਣ ਲੱਗੇ ਅਤੇ ਅਜੀਵਨ ਇਥੇ ਹੀ ਰਹੇ। ਉਹਨਾਂ ਨੇ ਦੰਗਿਆਂ ਅਤੇ ਨਫ਼ਰਤ ਭਰੇ ਮੰਜ਼ਰ ਨੂੰ ਕਈ ਸ਼ਿਅਰਾਂ ਵਿੱਚ ਬਿਆਨ ਕੀਤਾ। ਲੋਗ ਟੂਟ ਜਾਤੇ ਹੈਂ ਏਕ ਘਰ ਬਨਾਨੇ ਮੇਂ, ਸਾਤ ਸੰਦੂਕੋਂ ਮੈਂ ਭਰ ਕਰ ਦਫ਼ਨ ਕਰ ਦੋ ਨਫ਼ਰਤੇਂ ਪਿਆਰੇ ਦੀ ਯਾਦ ਸਿਰਫ ਮਨ ਵਿੱਚ ਹੀ ਨਹੀਂ ਰਹਿੰਦੀ ਬਲਕਿ ਇਸ ਦੀ ਸਾਹਿਤ ਵਿੱਚ ਵੀ ਵੱਡੀ ਮਹੱਤਤਾ ਹੈ। ਸ਼ਾਇਰ ਲੋਕ ਯਾਦਾਂ ਨੂੰ ਅਲੱਗ -ਅਲੱਗ ਬਿੰਬਾਂ ਅਤੇ ਪ੍ਰਤੀਕਾਂ ਨਾਲ ਪੇਸ਼ ਕਰਦੇ ਸਨ । ਜਿਸ ਨਾਲ ਪਾਠਕ ਸਰੋਤੇ ਵੀ ਮਨ ਮੁਗਧ ਹੋ ਕੇ ਆਪਣੀ-ਆਪਣੀ ਚਾਹਤ ਨੂੰ ਯਾਦ ਕਰਨ ਲੱਗਦੇ ਹਨ: ਕਹੀਂ ਪਲਕੇਂ ਓਂਸ ਸੇ ਧੋ ਗਈਂ, ਕਹੀਂ ਦਿਲ ਕੋ ਫ਼ੂਲ਼ੋਂ ਸੇ ਭਰ ਗਈਂ, ਅਗਰ ਤਲ਼ਾਸ਼ ਕਰੂੰ ਕੋਈ ਮਿਲ ਹੀ ਜਾਏ ਗਾ ਆਂਸੂਉਂ ਕੇ ਸਾਥ ਸਬ ਕੁਛ ਬਹਿ ਗਯਾ ਡਾ. ਬਸ਼ੀਰ ਬਦਰ ਨੂੰ ਆਧੁਨਿਕ ਉਰਦੂ ਗ਼ਜ਼ਲ ਦਾ ਵੱਡਾ ਉਸਤਾਦ ਕਿਹਾ ਜਾਂਦਾ ਸੀ। ਉਹਨਾਂ ਨੇ ਉਰਦੂ ਸ਼ਾਇਰੀ ਵਿੱਚ ਲੋਕ ਭਾਸ਼ਾ ਅਤੇ ਲੋਕ ਬੋਲੀ ਨੂੰ ਢੁੱਕਵੀਂ ਥਾਂ ਦਿੱਤੀ। ਉਰਦੂ ਗ਼ਜ਼ਲ ਨੂੰ ਨਵੀਨ ਮੁਹਾਵਰਾ ਅਤੇ ਨਵੀਨ ਸੁਰ ਪ੍ਰਦਾਨ ਕੀਤੀ। ਔਖੇ ਸ਼ਬਦਾਂ ਦੀ ਥਾਂ ਸੌਖੇ, ਆਮ ਬੋਲ ਚਾਲ ਦੇ ਸਰਲ ਸ਼ਬਦ ਵਰਤੇ। ਜਿਸ ਕਰਕੇ ਉਹਨਾਂ ਦੀਆਂ ਗ਼ਜ਼ਲਾਂ ਸਾਰੇ ਵਰਗਾਂ ਦੇ ਲੋਕਾਂ ਤੱਕ ਰਸਾਈ ਕਰਦੀਆਂ ਸਨ। ਭਾਸ਼ਾ ਦੀ ਸਾਦਗੀ, ਵਿਚਾਰਾਂ ਦੀ ਡੂੰਘਾਈ ਅਤੇ ਹਰ ਵਰਗ ਨਾਲ ਸੰਬੰਧਿਤ ਸਮੱਸਿਆਵਾਂ ਨੂੰ ਆਪਣੀਆਂ ਰਚਨਾਵਾਂ ਦਾ ਹਿੱਸਾ ਬਣਾ ਕੇ ਪੇਸ਼ ਕਰਦੇ ਸਨ। ਇਹਨਾਂ ਗੁਣਾਂ ਕਰਕੇ ਉਹ ਹਰਮਨ ਪਿਆਰੇ ਸ਼ਾਇਰ ਬਣ ਗਏ। ਲੋਕ ਉਹਨਾਂ ਦੇ ਸ਼ਿਅਰ ਯਾਦ ਕਰਕੇ ਆਮ ਗੱਲਬਾਤ ਵਿੱਚ ਬੋਲਣ ਲੱਗੇ। ਉਹਨਾਂ ਦੀ ਕਵਿਤਾ ਨੇ ਉੱਚੀਆਂ ਮੰਜ਼ਲਾਂ ਹਾਸਲ ਕੀਤੀਆਂ। ਉਹ ਘਰੇਲੂ ਅਤੇ ਅੰਤਰਰਾਸ਼ਟਰੀ ਪੱਧਰ ਤੱਕ ਇੱਕ ਉੱਚਾ ਮੁਕਾਮ ਹਾਸਲ ਕਰ ਗਏ। ਉਹਨਾਂ ਦੀ ਪ੍ਰਸਿੱਧੀ ਜਿੰਨੀ ਦੇਸ ਵਿਚ ਸੀ ਉਤਨੀ ਹੀ ਪਾਕਿਸਤਾਨ ਵਿੱਚ ਵੀ ਸੀ। ਉਹਨਾਂ ਦੇ ਕਈ ਸ਼ਿਅਰ ਲੋਕਾਂ ਦੀ ਜ਼ੁਬਾਨ ਤੇ ਚੜ੍ਹੇ ਹੋਏ ਹਨ। ਮੁਹੱਬਤੋਂ ਮੇਂ ਦਿਖਾਵੇ ਕੀ ਦੋਸਤੀ ਨਾ ਮਿਲਾ, ਕੁਛ ਤੋ ਮਜ਼ਬੂਰੀਆਂ ਰਹੀ ਹੋਂਗੀ, ਯੂੰ ਕੋਈ ਬੇਵਫ਼ਾ ਨਹੀਂ ਹੋਤਾ। ਸਰ ਝੁਕਾਉਗੇ ਤੋ ਪੱਥਰ ਦੇਵਤਾ ਹੋ ਜਾਏਗਾ, ਉਹਨਾਂ ਦੀ ਸ਼ਾਇਰੀ ਵਿੱਚ ਬਿੰਬ ਸਿਰਜਣਾ ਕਮਾਲ ਦਰਜੇ ਹੁੰਦੀ ਸੀ। ਲੋਕ ਮਨਾਂ ਨਾਲ ਜੁੜਦੀ ਹੋਈ ਸਾਦਮੁਰਾਦੀ ਭਾਸ਼ਾ ਵਰਤਣ ਅਤੇ ਆਲੇ ਦੁਆਲੇ ਦਿਖਦੀਆਂ ਵਸਤਾਂ ਅਤੇ ਪ੍ਰਕ੍ਰਿਤੀ ਤੋਂ ਬਿੰਬ ਲੈਣ ਵਿੱਚ ਉਨ੍ਹਾਂ ਨੂੰ ਮੁਹਾਰਤ ਹਾਸਲ ਸੀ। ਖ਼ੁਆਬ ਕੀ ਵਾਦੀਉਂ ਸੇ ਨਿਕਲਤਾ ਹੂਆ। ਹਾਥ ਪਰ ਧੂਪ ਕੀ ਪੱਤੀਆਂ ਰਖ ਗਯਾ, ਏਕ ਆਹਟ ਸੀ ਨਜ਼ਦੀਕ ਆਤੀ ਹੂਈ, ਉਹਨਾਂ ਨੇ ਆਮ ਜੀਵਨ ਵਿੱਚ ਨਿਤ ਪ੍ਰਤੀ ਦਿਨ ਵੱਧਦੀ ਦਿਖਾਵੇ ਦੀ ਭਾਵਨਾ, ਰਹਿੰਦੇ ਅਤੇ ਚਿਹਰਿਆਂ ਉਪਰ ਮਖੌਟੇ ਪਾ ਕੇ ਫਿਰਦੇ ਲੋਕਾਂ ਨੂੰ ਆਪਣੀ ਗ਼ਜ਼ਲਾਂ ਵਿੱਚ ਬਾਖੂਬੀ ਪੇਸ਼ ਕੀਤਾ: ਮੈਂ ਭੀ ਆ ਹੀ ਗਯਾ ਤੇਰੇ ਬਾਜ਼ਾਰ ਤਕ, ਕੋਈ ਭੀ ਹਾਥ ਨਾ ਮਿਲਾਏਗਾ, ਜੋ ਗਲੇ ਮਿਲੋਗੇ ਤਪਾਕ ਸੇ, ਲੋਕਾਂ ਨੂੰ, ਦੇਸ਼ਾਂ ਨੂੰ, ਖਾਸ ਤੌਰ ਭਾਰਤ ਅਤੇ ਪਾਕਿਸਤਾਨ ਨੂੰ ਆਪਸੀ ਮਿਲਵਰਤਨ ਅਤੇ ਪ੍ਰੇਮ ਪਿਆਰ ਨਾਲ ਜੀਉਣ ਦੀ ਸਿੱਖਿਆ ਦਿੰਦੇ ਹੋਏ ਆਖਦੇ ਹਨ: ਦੁਸ਼ਮਨੀ ਕਾ ਸਫ਼ਰ ਏਕ ਕਦਮ ਦੋ ਕਦਮ, ਰਫ਼ਤਾ ਰਫ਼ਤਾ ਹਰ ਏਕ ਜ਼ਖ਼ਮ ਭਰ ਜਾਏਗਾ, ਵੋ ਨਹੀਂ ਮਿਲਾ ਤੋ ਮਲਾਲ ਕਿਯਾ, ਜੋ ਗੁਜ਼ਰ ਗਯਾ ਸੋ ਗੁਜ਼ਰ ਗਯਾ ਨਾ ਗਿਲਾ ਕਿਯਾ ਨਾ ਖ਼ਫ਼ਾ ਹੂਏ, ਯੂੰ ਹੀ ਰਾਸਤੇ ਮੇਂ ਜੁਦਾ ਹੋਏ ਉਹਨਾਂ ਦੀਆਂ ਗ਼ਜ਼ਲਾਂ ਵਿੱਚ ਇਨਸਾਨੀ ਮੁਹੱਬਤ ਪਿਆਰ, ਜਜ਼ਬਾਤ, ਦਰਦ, ਇਨਸਾਨੀ ਰਿਸ਼ਤਿਆਂ ਦੀ ਟੁੱਟ ਭੱਜ, ਮਿਹਨਤ, ਸੰਘਰਸ਼ ਬੜੇ ਸਲੀਕੇ ਨਾਲ ਪੇਸ਼ ਹੋਇਆ ਹੈ। ਯੇ ਪਰਿੰਦੇ ਭੀ ਖੇਤੋਂ ਕੇ ਮਜ਼ਦੂਰ ਹੈਂ, ਰੇਤ ਭਾਰੀ ਹੈ ਇਨ ਆਂਖੋ ਮੇਂ, ਆਂਸੂ ਸੇ ਤੁਮ ਧੋ ਲੇਨਾ ਡਾ. ਬਸ਼ੀਰ ਬਦਰ ਦੀ ਸ਼ਾਇਰੀ ਦੀ ਇਹ ਵਿਸ਼ੇਸ਼ਤਾ ਅਤੇ ਤਾਕਤ ਰਹੀ ਹੈ ਕਿ ਉਹ ਕਿਸੇ ਇਕ ਵਿਚਾਰਧਾਰਾ, ਜੁੱਟ, ਗਰੁਪ, ਮੰਚ ਜਾਂ ਪਾਰਟੀ ਨਾਲ ਨਹੀਂ ਜੁੜੇ। ਬਲਕਿ ਉਹਨਾਂ ਦੀ ਵਿਚਾਰਧਾਰਾ ਮਾਨਵੀ ਸਰੋਕਾਰਾਂ ਨਾਲ ਜੁੜੀ ਹੋਈ ਸੀ। ਲੋਕਾਂ ਦੀਆਂ ਸੋਚਾਂ ਨਾਲ ਜੁੜੀ ਹੋਈ ਅਤੇ ਸਮੇਂ ਦੇ ਨਾਲ-ਨਾਲ ਚਲਦੀ ਸੀ। ਪੁਰਾਤਨ ਅਤੇ ਨਵੀਨ ਦੋਹਾਂ ਪੀੜੀਆਂ ਨਾਲ ਵੀ ਪੂਰੀ ਤਰਾਂ ਜੁੜੇ ਹੋਏ ਸਨ। ਪਿਆਰ, ਮੁਹੱਬਤ ਅਤੇ ਇਕੱਲਤਾ ਦੀ ਗੱਲ ਕਰਦੇ ਹੋਏ ਵੀ ਆਪਣੇ ਸਮੇਂ ਵਿੱਚ ਵਾਪਰੀਆਂ ਘਟਨਾਵਾਂ ਅਤੇ ਤ੍ਰਾਸਦੀਆਂ ਦਾ ਵੀ ਉਲੇਖ ਕਰਦੇ ਰਹੇ। ਦਿੱਲੀ ਵਿੱਚ ਹੋਏ ਸ਼ਾਹੀਨ ਬਾਗ਼ ਅੰਦੋਲਨ ਵੇਲੇ ਭੜਕੇ ਸੰਪਰਦਾਇਕ ਦੰਗਿਆਂ ਕਰਕੇ, ਉਜੜੇ ਲੋਕਾਂ ਬਾਰੇ ਉਹਨਾਂ ਦੇ ਸ਼ਿਅਰ ਪੋਸਟਰ ਬਣਾ ਕੇ ਵਰਤੇ ਗਏ। ਇਸ ਕਰਕੇ ਉਹ ਸਰਬ ਪਰਵਾਨਤ ਸ਼ਾਇਰ ਸਨ। ਸੋਚਾ ਨਹੀਂ ਅੱਛਾ ਬੁਰਾ ਦੇਖਾ ਸੁਨਾ ਕੁਛ ਭੀ ਨਹੀਂ, ਗ਼ਜ਼ਲੋਂ ਕਾ ਹੁਨਰ ਅਪਨੀ ਆਂਖੋ ਕੋ ਸਿਖਾਏਂ ਗੇ ਸਾਰੇ ਰਾਹ ਕੁਛ ਭੀ ਕਹਾ ਨਹੀਂ , ਕਭੀ ਉਸਕੇ ਘਰ ਮੇਂ ਗਯਾ ਨਹੀਂ ਡਾ. ਬਸ਼ੀਰ ਬਦਰ, ਉਹਨਾਂ ਚੋਣਵੇਂ ਸ਼ਾਇਰਾਂ ਵਿੱਚੋਂ ਇਕ ਸਨ ਜਿੰਨਾਂ ਦੀ ਸ਼ਾਇਰੀ ਗੱਲਬਾਤਾਂ, ਪ੍ਰੇਮ ਪੱਤਰਾਂ, ਬਹਿਸ ਦੌਰਾਨ ਅਤੇ ਰਾਜਨੀਤੀ ਵਿੱਚ ਵੀ ਵਰਤੀ ਗਈ ਹੋਵੇ। ਆਮ ਲੋਕ,ਪੜ੍ਹੇ ਲਿਖੇ ਲੋਕ ਅਤੇ ਵੱਡੇ ਰਾਜਨੀਤਕ ਨੇਤਾਵਾਂ ਨੇ ਵੀ ਉਹਨਾਂ ਦੇ ਸ਼ਿਅਰ ਵਰਤੇ ਹਨ। ਕਿਹਾ ਜਾਂਦਾ ਹੈ ਕਿ ‘47 ਦੀ ਵੰਡ ਦੇ ਦਰਦ ਨੂੰ ਮੁਖਾਤਬ ਉਹਨਾਂ ਦਾ ਇਕ ਪ੍ਰਸਿੱਧ ਸ਼ਿਅਰ 1971 ਦੇ ਇਤਿਹਾਸਕ ਸ਼ਿਮਲਾ ਸਮਝੌਤੇ ਉੱਪਰ ਦਸਤਖ਼ਤ ਕਰਨ ਸਮੇਂ ਤਤਕਾਲੀਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਜ਼ੁਲਫ਼ਿਕਾਰ ਅਲੀ ਭੁੱਟੋ ਨੂੰ ਸੁਣਾਇਆ ਸੀ। ਯਾਦ ਰਹੇ ਇਸ ਸਮੇਂ ਬੇਨਜ਼ੀਰ ਭੁੱਟੋ ਵੀ ਆਈ ਹੋਈ ਸੀ। ਦੁਸ਼ਮਣੀ ਜਮ ਕੇ ਕਰੋ ਲੇਕਿਨ ਯੇ ਗੁੰਜਾਇਸ਼ ਰਹੇ ਸੁਣਨ ਵਿੱਚ ਆਇਆ ਕਿ ਇਹੀ ਸ਼ਿਅਰ ਭਾਰਤ ਦੀ ਸੰਸਦ ਵਿੱਚ ਫਰਵਰੀ 2018 ਵਿਚ ਕਾਂਗਰਸ ਆਗੂ ਮੱਲਿਕਾਰਜੁਨ ਖੜਗੇ ਨੇ ਸਦਨ ਵਿਚ ਭਾਜਪਾ ਵਲ ਇਸ਼ਾਰਾ ਕਰਕੇ ਵਿਅੰਗ ਨਾਲ ਬੋਲਿਆ ਸੀ। ਅੱਜ ਕੱਲ ਜਿਸ ਤਰਾਂ ਲੀਡਰ ਪਾਰਟੀਆਂ ਬਦਲ ਰਹੇ ਹਨ ਤਾਂ ਇਹ ਸ਼ਿਅਰ ਹੋਰ ਵੀ ਸਾਰਥਕ ਹੋ ਜਾਂਦਾ ਹੈ। ਅਗਲੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸੀ ਆਗੂ ਦੇ ਜਵਾਬ ਵਿੱਚ ਬਸ਼ੀਰ ਬਦਰ ਦਾ ਇਹ ਸ਼ਿਅਰ ਕਿਹਾ: ਜੀ ਬਹੁਤ ਚਾਹਤਾ ਹੈ ਸੱਚ ਬੋਲੇਂ, ਕਿਆ ਕਰੇਂ ਹੌਂਸਲਾ ਨਹੀਂ ਹੋਤਾ। “ 2019 ਵਿੱਚ ਭਾਜਪਾ ਦੇ ਇਕ ਸੰਸਦ ਮੈਂਬਰ ਨਿਸ਼ਿਕਾਂਤ ਦੂਬੇ ਨੇ ਕੋਨ-ਬੇਤਵਾ ਲਿੰਕ ਪਰੌਜੈਕਟ ਤੇ ਚਰਚਾ ਕਰਦਿਆਂ ਇਹ ਸ਼ਿਅਰ ਪੜ੍ਹਿਆ: ਅਗਰ ਫ਼ੁਰਸਤ ਮਿਲੇ ਪਾਨੀ ਕੀ ਤਹਿਰੀਰੋਂ ਕੋ ਪੜ੍ਹ ਲੇਨਾ ਡਾ. ਬਸ਼ੀਰ ਬਦਰ ਦੇ ਹੋਰ ਯਾਦਗਾਰੀ ਅਸਰਾਰ ਇਸ ਤਰਾਂ ਹਨ: ਖੁਸ਼ਬੂ ਕੀ ਤਰਹ ਆਇਆ ਵੋ ਤੇਜ਼ ਹਵਾਉਂ ਮੇਂ ਗੁਲੋਂ ਕੀ ਤਰਹ ਹਮ ਨੇ ਜ਼ਿੰਦਗੀ ਕੋ ਇਸ ਕਦਰ ਜਾਨਾ ਉਨਕੋ ਆਇਨਾ ਬਨਾਇਆ ਧੂਪ ਕਾ ਚਿਹਰਾ ਮੁਝੇ ਅਬ ਕਿਸੇ ਚਾਹੇਂ ਕਿਸੇ ਢੂੰਢਾ ਕਰੇਂ, ਡਾ. ਬਸ਼ੀਰ ਬਦਰ ਆਪਣੀ ਸ਼ਾਇਰੀ ਦੇ ਦਮ ਨਾਲ ਹਮੇਸ਼ਾ ਲੋਕ ਮਨਾਂ ਵਿੱਚ ਜੀਉਂਦੇ ਰਹਿਣਗੇ। ਰੈਫ਼ਰੈਂਸ: ਵਿਕੀਪੀਡੀਆ, ਪੰਜਾਬੀ ਜਾਗਰਣ, ਜਗਬਾਣੀ ਜੂਨ 6 2026- ਪ੍ਰਫੁੱਲ ਚੰਦਰ ਨਾਗਪਲ |
|
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |

by