15 October 2024

ਛੇ ਗ਼ਜ਼ਲਾਂ—ਗੁਰਸ਼ਰਨ ਸਿੰਘ ਅਜੀਬ (ਲੰਡਨ)

ਛੇ ਗ਼ਜ਼ਲਾਂ—ਗੁਰਸ਼ਰਨ ਸਿੰਘ ਅਜੀਬ (ਲੰਡਨ)

ਗ਼ਜ਼ਲ-ਗੋ ਗੁਰਸ਼ਰਨ ਸਿੰਘ ਅਜੀਬ

 

 

 

 

 

 

 

ਦਿਲ ਖ਼ੁਸ਼ ਹੈ ਆਪ ਆਏ ਮੇਰੇ ਗ਼ਰੀਬ-ਖ਼ਾਨੇ॥
(SSI.SISS.SSI.SISS)
1.  ਗ਼ ਜ਼ ਲ

ਦਿਲ   ਖ਼ੁਸ਼  ਹੈ  ਆਪ  ਆਏ  ਮੇਰੇ  ਗ਼ਰੀਬ-ਖ਼ਾਨੇ॥
ਰਬ   ਮੇਲ    ਅਜ   ਮਿਲਾਏ  ਮੇਰੇ   ਗ਼ਰੀਬ-ਖ਼ਾਨੇ॥

ਕਲੀਆਂ  ਨੇ  ਘੁੰਡ  ਖੋਲ੍ਹੇ  ਭੰਵਰੇ  ਮਨਾਉਣ ਖ਼ੁਸ਼ੀਆਂ,
ਮੌਸਮ   ਨੇ   ਫੁਲ   ਖਿਲਾਏ   ਮੇਰੇ   ਗ਼ਰੀਬ-ਖ਼ਾਨੇ॥

ਚੰਨ-ਚਾਰ ਲਗ ਗਏ ਨੇ ਘਰ  ਦੇ  ਨਸੀਬ  ਨੂੰ ਅਜ,
ਮਨ   ਖ਼ੁਸ਼   ਹੈ   ਤਿਲਮਿਲਾਏ  ਮੇਰੇ ਗ਼ਰੀਬ-ਖ਼ਾਨੇ॥

ਛਾਇਆ ਸੀ ਸੋਗ  ਜਿਸ ਥਾਂ  ਕੋਰੋਨਿਆਂ ਦੇ ਕਾਰਨ,
ਸਾਰੇ    ਹੀ    ਮੁਸਕਰਾਏ    ਮੇਰੇ     ਗ਼ਰੀਬ-ਖ਼ਾਨੇ॥

ਕਹਿਣੇ ਨੂੰ ਅਜ ਗ਼ਜ਼ਲ ਇਹ ‘ਗੁਰਸ਼ਰਨ’ ਮਨ ਬਣਾਇਆ,
ਅਸ਼ਿਆਰ   ਉਤਰ   ਆਏ   ਮੇਰੇ    ਗ਼ਰੀਬ-ਖ਼ਾਨੇ॥

ਖ਼ੁਸ਼ੀਆਂ ਦਾ ਅਜ ਦਿਹਾੜਾ ਖ਼ੁਸ਼ੀਆਂ  ਮਨਾ ‘ਅਜੀਬਾ’,
ਕੋਈ   ਨੀਰ   ਨਾ   ਵਹਾਏ   ਮੇਰੇ    ਗ਼ਰੀਬ-ਖ਼ਾਨੇ॥
o

ਪੂਜਾ ਗ਼ਜ਼ਲ ਦੀ ਕਰ ਰਿਹਾਂ ਦਿਲ ਜਾਨ ਤੋਂ
(SSISx3)
2. ਗ਼ ਜ਼ ਲ

ਪੂਜਾ  ਗ਼ਜ਼ਲ  ਦੀ ਕਰ  ਰਿਹਾਂ  ਦਿਲ ਜਾਨ ਤੋਂ॥
ਜਜ਼ਬਾਤ ਇਸ ਵਿਚ ਭਰ ਰਿਹਾਂ ਦਿਲ ਜਾਨ ਤੋਂ॥

ਮੌਲ਼ਾ  ਮਿਰੇ   ਨੇ   ਬਖ਼ਸ਼ਿਆ  ਇਹ   ਕਾਜ  ਜੋ,
ਖ਼ਾਤਰ ਗ਼ਜ਼ਲ ਜੀ ਮਰ  ਰਿਹਾਂ ਦਿਲ  ਜਾਨ ਤੋਂ॥

ਕਹਿੰਦਾ ਰਹਾਂ  ਗ਼ਜ਼ਲਾਂ  ਸਦਾ  ਹਰ ਹਾਲ ਵਿਚ,
ਸਾਗਰ-ਗ਼ਜ਼ਲ ਦਾ  ਤਰ ਰਿਹਾਂ ਦਿਲ ਜਾਨ ਤੋਂ॥

ਇਸ਼ਕ     ਮੈਨੂੰ    ਦੋਸਤੋ    ਇਸ    ਨਾਲ    ਹੈ,
ਪਾਣੀ ਗ਼ਜ਼ਲ  ਦਾ  ਭਰ  ਰਿਹਾਂ ਦਿਲ ਜਾਨ ਤੋਂ॥ 

ਸਿਮਰਨ  ਮਿਰਾ   ਇਹ  ਬੰਦਗੀ  ਪੂਜਾ  ਮਿਰੀ,
ਨਿਤ ਪਹਿਰ  ਅੱਠੇ ਕਰ  ਰਿਹਾਂ ਦਿਲ ਜਾਨ ਤੋਂ॥

ਕਰਦੇ  ਰਹੇ  ਫ਼ੁਸ   ਫ਼ੁਸ  ਨੇ ਨਿਤ  ਭਾਵੇਂ ਸਨਮ,
ਫਿਰ ਵੀ ਗ਼ਜ਼ਲ ਸ਼ਾਇਰ ਰਿਹਾਂ ਦਿਲ ਜਾਨ ਤੋਂ॥

ਦਰਸ਼ਨ  ਜਦੋਂ  ਹੋਏ  ਇਦ੍ਹੇ ਉਸ  ਦਿਨ  ਤੋਂ  ਹੀ,
ਬੈਠਾ  ਗਜ਼ਲ ਦੇ  ਦਰ ਰਿਹਾਂ  ਦਿਲ  ਜਾਨ  ਤੋਂ॥

ਮੁਸ਼ਕਲ  ਬੜਾ   ਬਿਨ  ਜੀਵਣਾ   ਹੈ   ਏਸ  ਦੇ,
ਸੰਗ ਜੀ ਇਦੇ ਨਿਤ ਮਰ ਰਿਹਾਂ ਦਿਲ ਜਾਨ ਤੋਂ॥

‘ਗੁਰਸ਼ਰਨ’  ਜੀਂਦਾ   ਹੈ  ਗ਼ਜ਼ਲ   ਦੇ   ਆਸਰੇ,
ਉਲਫ਼ਤ ਹਾਂ ਇਸ ਨੂੰ ਕਰ ਰਿਹਾਂ ਦਿਲ ਜਾਨ ਤੋਂ॥

ਹੁੰਦੇ ਰਵੀ ਕਦੇ ਸਾਂ ਬੇਨੂਰ ਹੋ ਗਏ ਹਾਂ
(SSI+SISSx2)
3. ਗ਼ਜ਼ਲ

ਹੁੰਦੇ ਰਵੀ ਕਦੇ ਸਾਂ ਬੇਨੂਰ ਹੋ ਗਏ ਹਾਂl
ਅਫ਼ਸਰ ਸਾਂ ਵਿਚ ਵਤਨ ਦੇ! ਮਜ਼ਦੂਰ ਹੋ ਗਏ ਹਾਂ।

ਛਡ ਕੇ ਵਤਨ ਦੇ ਸੁਖ ਸਭ ਪ੍ਰਦੇਸ ਆ ਟਿਕੇ ਹਾਂ,
ਵੱਸਣ ਨੂੰ ਵਿਚ ਵਿਦੇਸ਼ੀਂ ਮਜਬੂਰ ਹੋ ਗਏ ਹਾਂl

ਮੇਰੇ ਵਤਨ ਜੁਦਾਈ ਨਿਤ ਕਟ ਰਹੇ ਹਾਂ ਤੇਰੀ,
ਤੇਰੇ ਹਿਜਰ ‘ਚ ਸੜ ਕੇ ਤੰਦੂਰ ਹੋ ਗਏ ਹਾਂl

ਤੇਰੀ ਜੁਦਾਈ ਬਣ ਕੇ ਐਸੀ ਕਜ਼ਾ ਹੈ ਆਈ,
ਫ਼ੌਲਾਦ-ਦਿਲ ਸਾਂ ਹੁੰਦੇ •ਕੱਚੂਰ ਹੋ ਗਏ ਹਾਂl

ਤੇਰੇ ਬਿਨਾਂ ਕੀ ਜੀਣਾ ਤੇਰੇ ਬਿਨਾਂ ਕੀ ਮਰਨਾ,
ਤੇਰੇ ਵਿਜੋਗ ਵਿਚ ਰਹਿ ਨਾਸੂਰ ਹੋ ਗਏ ਹਾਂl

ਜੀਣਾ ਮੁਹਾਲ ਹੋਇਆ ‘ਗੁਰਸ਼ਰਨ’ ਭੌਂ ਪਰਾਈ,
ਟੁਟ ਕੇ ਵਤਨ ਦੇ ਨਾਲੋਂ ਹੁਣ ਚੂਰ ਹੋ ਗਏ ਹਾਂl

ਦੋ ਗ਼ਜ਼ ਜ਼ਮੀਂ ਨਾ ਮਿਲਣੀ ਸਾਨੂੰ ਵਤਨ ਦੇ ਅੰਦਰ,
‘ਗੁਰਸ਼ਰਨ’ ਦੇਸ਼ ਤੋਂ ਹੁਣ ਬਸ ਦੂਰ ਹੋ ਗਏ ਹਾਂ।
•ਕੱਚੂਰ: ਚੂਰ-ਚੂਰ ਹੋਇਆ ਕੱਚ

09.09.2021
**

ਹੁੰਦੀ ਸੀ ਸਤ-ਬਿਗਾਨੀ ਅਪਣੀ ਬਣਾ ਲਈ ਏ
(SSI+SISSx2)
4. ਗ਼ ਜ਼ ਲ/०   ग़ ज़ ल
गुरशरन सिंह अजीब (लन्दन)
° غزل
گُرشرن سنگھ عجیب

ਹੁੰਦੀ ਸੀ  ਸਤ-ਬਿਗਾਨੀ  ਅਪਣੀ ਬਣਾ ਲਈ  ਏ।
ਸੁੰਦਰ  ਸਿਨਫ਼  ਗ਼ਜ਼ਲ  ਦੀ ਸੀਨੇ ਲਗਾ ਲਈ  ਏ।
ہُندی سی ستبیگانی اپنی بنا لئ اے
زُندر  ,صنف غزل  دی  سینے  لگا  لئ  اے
हुँदी  सी  सत-बिगानी अपनी बना लई ऐ।
सुंदर सिनफ ग़ज़ल दी सीने लगा लई ऐ। 

                        
ਹਰ ਮਨ ਨੂੰ ਮੋਹੇ ਮਰਕਜ਼  ਮੇਰੀ  ਗ਼ਜ਼ਲ ਦਾ  ਯਾਰੋ,
ਹੈ  ਪਾਠਕਾਂ   ਦੀ  ਚਾਹਤ  ਆਪਾਂ  ਰਚਾ  ਲਈ  ਏ।
ہر من نوں موحے   مرکز  میری   غزل دا یارؤ
ہے پاٹھکاں دی چاہت آپاں رچا لئ  ہے
हर मन नूं मोहे मरकज़ मेरी ग़ज़ल दा यारो,
है पाठकां दी चाहत आपाँ रचा लई ऐ। 

                           ੦

ਬਿਨ ਇਸ ਗ਼ਜ਼ਲ ਦੇ ਜੀਣਾ ਮੇਰਾ ਮੁਹਾਲ ਹੋਇਆ,
ਤਸਬੀ ਬਣਾ ਕੇ ਇਸ ਦੀ ਮੈਂ ਗਲ ‘ਚ ਪਾ ਲਈ ਏ।
بن  ایس  غزل  دے  چینا  میرا  موہالُ ہویا
تصبی بنا  کے  اس  دی  میں  گل  چہ  پا  لئ  اے
बिन इस ग़ज़ल दे जीना मेरा मुहाल होया,
तसबी बना के इस दी मैं गल ‘च लई ऐ। 

                              ੦

ਸ਼ਬਦਾਂ ਦੇ  ਚੁਣ  ਕੇ  ਮੋਤੀ  ਲਾ  ਗੂੰਦ  ਮੈਂ  ਅਰੂਜ਼ੀ,
ਹੁਣ  ਮੂਰਤੀ ਗ਼ਜ਼ਲ  ਦੀ  ਸੁੰਦਰ ਬਣਾ  ਲਈ  ਏ।
شبداں  دے  چُن  کے  موتی  لا  گوند  میں  اروزی
حُن  مورتی  غزل  دی  سُندر  بنا  لئ  اے
शब्दां दे चुन के मोती ला गूंद मैं अरूज़ी,
हुन मूर्ति ग़ज़ल दी सुंदर बना लई ऐ। 

                              ੦

ਪੈਰਾਂ ‘ਚ ਪਾ ਕੇ ਪਾਇਲ ਸੰਗ ਨਖ਼ਰਿਆਂ ਸੀ ਤੁਰਦੀ,
ਪਾਉਂਦੀ  ਗ਼ਜ਼ਲ  ਧਮਾਲਾਂ,  ਆਪਾਂ  ਨਚਾ ਲਈ  ਏ।
پیراں  چہ  پا  کے  پائلُ سنگ  نخریاں  سی  تُردی
پوندی  غزل  دھمالاں  آپاں  نچا  لئ  اے
पैरां ‘च पा के पायल संग नख़रिआं सी तुरदी,
पोंदी ग़ज़ल धमालां आपां नचा लई ऐ। 

                             ੦

ਕਹਿਣੀ ਗ਼ਜ਼ਲ ‘ਅਜੀਬਾ’ ਹੁਣ ਬੰਦਗੀ ਹੈ ਮੇਰੀ,
ਦਿਲ ਆਪਣੇ ਤੇ ਰੂਹ ਵਿਚ ਯਾਰੋ ਵਸਾ  ਲਈ ਏ।
کہنی  غزل  عجیبا  ہُن۔ بندگی  ھے  میری
دل آپنے  تے  روح  وچ  یارؤ  وسا  لئ اے
कहिनी ग़ज़ल ‘अजीबा’ हुन बन्दगी है मेरी,
दिल आपने ते रूह  विच यारो वसा लई ऐ। 

5.  ਗ਼ਜ਼ਲ 

ਚੁਮ ਲਵਾਂ ਮਸਤਕ ਤਿਰਾ ਫਿਰ ਲਾ ਲਵਾਂ ਤੈਨੂੰ ਗਲੇ!
ਫੇਰ ਜਾ ਕੇ ਹਮ-ਨਸ਼ੀਂ ਮੇਰਾ ਸਵੇਰਾ ਸ਼ੁਭ ਚੜ੍ਹੇ।

ਪਿਆਰ ਤੇਰਾ ਦਿਲ ਮਿਰੇ ‘ਤੇ ਇੰਝ ਹਾਵੀ ਹੋ ਗਿਆ,
ਜਿਸ ਤਰਾਂ ਕੋਈ ਪੁਜਾਰੀ ਰੱਬ ਦੀ ਪੂਜਾ ਕਰੇ! 

ਹਰ ਸਮੇਂ ਤੈਨੂੰ ਧਿਆਵਾਂ ਨਾਮ ਤੇਰਾ ਵੀ ਜਪਾਂ,
ਦੀਦ ਤੇਰੀ ਦਾ ਦੀਵਾਨਾ ਦਿਲ ਮਿਰਾ ਹਰਦਮ ਰਹੇ! 

ਮੀਸਣੀ ਮੁਸਕਾਣ ਦੇਣੀ ਹੱਸਣਾ ਵਿੱਚੋਂ ਹੀ ਵਿਚ,
ਕਢ ਲਵੇ ਇਹ ਜਾਨ ਮੇਰੀ ਦਿਲ ‘ਤੇ ਵੀ ਜਾਦੂ ਕਰੇ!

ਯਾਦ ਤੇਰੀ ਦੇ ਸਹਾਰੇ ਜੀ ਰਿਹੈ ਦਿਲਬਰ ਤਿਰਾ,
ਪਿਆਰ ਤੇਰਾ ਦਿਲ ਮਿਰੇ ‘ਤੇ ਹਰ ਸਮੇਂ ਦਸਤਕ ਦਵੇ।

ਮੇਰਿਆਂ ਸਾਹਾਂ ‘ਚ ਸ਼ਾਮਲ ਹੈ ਤਿਰਾ ਜਾਨਮ ਵਜੂਦ,
ਜੋਤ ਤੇਰੇ ਪਿਆਰ ਦੀ ਦਿਲ ਮਿਰੇ ਅੰਦਰ ਬਲੇ! 

ਯਾਦ ਤੇਰੀ ਆਣ ਬਹੁੜੇ ‘ਵਾ ਦੇ ਬੁੱਲੇ ਦੀ ਤਰਾਂ,
ਦਿਨ ਚੜ੍ਹੇ ਦੋਪਹਿਰ ਵੇਲੇ ਸ਼ਾਮ ਨੂੰ ਸੂਰਜ-ਢਲੇ! 

ਤੇਰੀਆਂ ਯਾਦਾਂ ਦੀ ਬਣ ਕੇ  ਫ਼ਿਲਮ ਅੱਖੀਂ ਘੁੰਮਦੀ,
ਪਿਆਰ ਤੇਰਾ ਮਨ ਮਿਰੇ ਦੀ ਕੋਠੜੀ ਅੰਦਰ ਪਲੇ! 

ਕਾਸ਼ਨੀਂ ਚੁੰਨੀ ਤਿਰੀ ਤੇ ਰੰਗ ਗੋਰਾ ਵੇਖ ਕੇ,
ਕਿਸ ਤਰ੍ਹਾਂ ‘ਗੁਰਸ਼ਰਨ’ ਤੈਨੂੰ ਤੱਕ ਨਾ ਸਜਦਾ ਕਰੇ! 

ਹੁਸਨ ਤੇਰਾ ਵੇਖ ਕੇ ਕੁਦਰਤ ਵੀ ਇਹ ਹੈਰਾਨ ਹੈ,
ਕਿੰਝ ਫਿਰ  ‘ਗੁਰਸ਼ਰਨ’ ਤੈਨੂੰ ਪਿਆਰ ਨਾ ਮੁੜ ਮੁੜ ਕਰੇ?

ਅਦਾਵਾਂ ਤੇਰੀਆਂ ਨਖ਼ਰੇ ਅਜੇ ਤਕ ਯਾਦ ਨੇ ਮੈਨੂੰ॥
(ISSSX4)
6. ਗ਼ ਜ਼ ਲ

ਅਦਾਵਾਂ ਤੇਰੀਆਂ ਨਖ਼ਰੇ ਅਜੇ ਤਕ ਯਾਦ ਨੇ ਮੈਨੂੰ॥
ਪਲੇਠੇ ਪਲ ਜੋ ਰਲ ਬੀਤੇ ਅਜੇ ਤਕ ਯਾਦ ਨੇ ਮੈਨੂੰ॥

ਅਜੇ ਤਕ ਯਾਦ ਹੈ ਮੈਨੂੰ ਤਿਰਾ ਬੋਸਾ ਪਲੇਠਾ ਵੀ,
ਜਦੋਂ ਲ਼ਬ ਸਨ ਤਿਰੇ ਥਰਕੇ ਅਜੇ ਤਕ ਯਾਦ ਨੇ ਮੈਨੂੰ॥

ਨਹੀਂ ਭੁਲਣਾ ਤਿਰਾ ਤੁਰਣਾ ਮਟਕ ਦੇ ਨਾਲ ਐ ਹਮਦਮ,
ਤਿਰੇ ਕੰਨੀਂ ਪਏ ਝੁਮਕੇ ਅਜੇ ਤਕ ਯਾਦ ਨੇ ਮੈਨੂੰ॥

ਤਿਰੇ ‘ਤੇ ਦੋ ਜਹਾਂ ਦਾ ਹੁਸਨ ਛਾਇਆ ਸੀ ਮਿਰੇ ਮਹਿਰਮ,
ਭਰੇ ਜੋ ਹੁਸਨ ਦੇ ਮਟਕੇ ਅਜੇ ਤਕ ਯਾਦ ਨੇ ਮੈਨੂੰ॥

ਗੁਲਾਬੀ ਸੂਟ ਪਹਿਨੀਂ ਜਦ ਤੂੰ ਪਹਿਲੀ ਵਾਰ ਆਈ ਸੈਂ,
ਚਮਕਦੇ ਘੁੰਡ ਦੇ ਗੋਟੇ ਅਜੇ ਤਕ ਯਾਦ ਨੇ ਮੈਨੂੰ॥

ਤਿਰੇ ਹੱਥਾਂ ‘ਤੇ ਉਕਰੇ ਫੁੱਲ ਹਿਨਾਵੀ ਭੁਲ ਕਿਵੇਂ ਸਕਦਾਂ,
ਤਿਰੇ ਮੁਖ ‘ਤੇ ਸਜੇ ਤਾਰੇ ਅਜੇ ਤਕ ਯਾਦ ਨੇ ਮੈਨੂੰ॥

ਤਿਰੇ ਨੈਣਾਂ ਸ਼ਰਾਬੀ ਤਕ ਸੀ ਮੈਂ ਮਦਹੋਸ਼ ਹੋ ਜਾਂਦਾ,
ਬੜੇ ਦਿਲਕਸ਼ ਤਿਰੇ ਜਲਵੇ ਅਜੇ ਤਕ ਯਾਦ ਨੇ ਮੈਨੂੰ॥

ਅਜੇ ਤਕ ਮੈਂ ਨਹੀਂ ਭੁੱਲਿਆ ਕਲੀ ਕਸ਼ਮੀਰ ਦੀਏ ਨੀ,
ਜੋ ਕੀਤੇ ਸਨ  ਤੈਨੂੰ  ਸਜਦੇ ਅਜੇ ਤਕ ਯਾਦ ਨੇ ਮੈਨੂੰ॥

ਗੁਲਾਬੀ ਤੇਰਿਆਂ ਹੋਠਾਂ ਦੀ ਕਿੱਦਾਂ ਮੁਸਕਣੀ ਭੁੱਲਾਂ,
ਇਨ੍ਹਾਂ ‘ਚੋਂ ਫੁੱਟਦੇ ਨਗ਼ਮੇ ਅਜੇ ਤਕ ਯਾਦ ਨੇ ਮੈਨੂੰ॥

ਤਿਰਾ ਨਿਤ ਦੇਰ ਤਕ ਕਰਨਾ ਮੈਨੂੰ ਗੁਡ ਬਾਏ ਜਾਂਦੇ ਨੂੰ,
ਤਿਰੇ ਹਥ ਹਿੱਲਦੇ ਝੁੱਲਦੇ ਅਜੇ ਤਕ ਯਾਦ ਨੇ ਮੈਨੂੰ॥

ਨਹੀਂ ਅਜ ਤਕ ਵੀ ਹੈ ਭੁੱਲੀ ਤਿਰੇ ਮੁਖੜੇ ਦੀ ਸਪਣੀ ਜ਼ੁਲਫ਼,
ਜਿਦੇ ਡੰਗ ਨਿਤ ਰਹੇ ਡਸਦੇ ਅਜੇ ਤਕ ਯਾਦ ਨੇ ਮੈਨੂੰ॥

ਕਿਵੇਂ ‘ਗੁਰਸ਼ਰਨ’ ਭੁਲ ਸਕਦਾ ਹੈ ਤੇਰੀ ਪਾਕ ਉਲ਼ਫ਼ਤ ਨੂੰ,
ਤਿਰੇ ਵਾਦੇ ਤਿਰੇ  ਸ਼ਿਕਵੇ ਅਜੇ ਤਕ ਯਾਦ ਨੇ ਮੈਨੂੰ॥
***

(ਪਹਿਲੀ ਵਾਰ ਛਪਿਆ: 15 ਸਤੰਬਰ 2021)
***
363
***
ਗੁਰਸ਼ਰਨ ਸਿੰਘ ਅਜੀਬ
07932752850 | merekhatt@hotmail.com | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਗੁਰਸ਼ਰਨ ਸਿੰਘ ਅਜੀਬ

View all posts by ਗੁਰਸ਼ਰਨ ਸਿੰਘ ਅਜੀਬ →