ਪੰਜਾਬ ਵਿੱਚ ਲੋਕ ਨਸ਼ੇ ਅੱਜ ਤੋਂ ਨਹੀਂ ਮੁੱਦਤਾਂ ਤੋਂ ਕਰਦੇ ਆ ਹਨ| ਪਰ ਪਹਿਲਾਂ ਲੋਕ ਅਫ਼ੀਮ, ਭੰਗ, ਪੋਸਤ, ਡੋਡੇ ਤੇ ਸ਼ਰਾਬ ਵਰਗੇ ਨਸ਼ੇ ਕਰਦੇ ਸੀ| ਆਮ ਲੋਕ ਉਹਨਾਂ ਨੂੰ ਰਵਾਇਤੀ ਨਸ਼ੇ ਕਹਿੰਦੇ ਰਹੇ| ਅਫ਼ੀਮ ਖਾਣ ਵਾਲੇ ਨੂੰ ਲੋਕ ਅਮਲੀ ਤੇ ਸ਼ਰਾਬ ਪੀਣ ਵਾਲੇ ਨੂੰ ਸ਼ਰਾਬੀ ਜਾਂ ਸ਼ਰਾਬੜ੍ਹ ਕਹਿ ਕੇ ਬੁਲਾਉਂਦੇ ਹੁੰਦੇ ਸੀ| ਬੇਸ਼ਕ ਇਹ ਨਸ਼ੇ ਵੀ ਜਾਨਲੇਵਾ ਸਾਬਿਤ ਹੁੰਦੇ ਸੀ ਪਰ ਕਦੇ ਇਹ ਨਹੀਂ ਸੀ ਸੁਣਿਆ ਕਿ ਫਲਾਣਾ ਬੰਦਾ ਅੱਜ ਅਫ਼ੀਮ ਖਾਕੇ ਜਾਂ ਡੋਡੇ ਖਾ ਕੇ ਮਰ ਗਿਆ ਹੈ| ਹਾਂ, ਇਕਾਂ ਦੁੱਕਾ ਸ਼ਰਾਬੀਆਂ ਬਾਰੇ ਜ਼ਰੂਰ ਸੁਨਣ ਨੂੰ ਮਿਲ ਜਾਂਦਾ ਸੀ ਕਿ ਫਲਾਣਾ ਆਦਮੀ ਜਿਆਦਾ ਸ਼ਰਾਬ ਪੀ ਮਰ ਗਿਆ ਹੈ| ਉਹ ਵੀ ਕਦੇ ਕਦਾਈਂ ਹਰ ਰੋਜ਼ ਨਹੀਂ| ਹੁਣ ਨਸ਼ਾ ਚਿੱਟੇ ਦਾ ਆ ਗਿਆ ਹੈ| ਉਸ ਨਾਲ ਹਰ ਰੋਜ਼ ਦਰਜਨਾਂ ਦੇ ਹਿਸਾਬ ਨਾਲ ਮੌਤਾਂ ਹੋ ਰਹੀਆਂ ਹਨ| ਕਈਂ ਪਰਿਵਾਰ ਤਾਂ ਸ਼ਰਮ ਦੇ ਮਾਰੇ ਨਾਂ ਹੀ ਨਹੀਂ ਲੈਂਦੇ ਕਿ ਸਾਡਾ ਮੁੰਡਾ ਜਾਂ ਕੁੜੀ ਚਿੱਟੇ ਦਾ ਟੀਕਾ ਲਾ ਕੇ ਮਰਿਆ ਹੈ ਜਾਂ ਮਰੀ ਹੈ| ਬਸ ਇਹੋ ਹੀ ਕਹਿ ਕੇ ਸੰਸਕਾਰ ਕਰ ਦਿੰਦੇ ਹਨ ਕਿ ਹਾਰਟ ਅਟੈਕ ਹੋ ਗਿਆ ਹੈ| ਬਸ ਉਹਨਾਂ ਹੀ ਲੋਕਾਂ ਦੀਆਂ ਖਬਰਾਂ ਬਣ ਜਾਂਦੀਆਂ ਹਨ ਜਿਹੜੇ ਲਾਵਾਰਿਸ ਪਾਏ ਜਾਂਦੇ ਹਨ| ਮੇਰੇ ਹਿਸਾਬ ਨਾਲ ਕੋਈ ਵੀ ਪੰਜਾਬ ਦਾ ਇਹੋ ਜਿਹਾ ਪਿੰਡ, ਕਸਬਾ ਜਾਂ ਸ਼ਹਿਰ ਨਹੀਂ ਹੋਵੇਂਗਾ ਜਿੱਥੇ ਚਿੱਟੇ ਦਾ ਨਸ਼ਾ ਨਾ ਵਿਕਦਾ ਹੋਵੇ| ਸੱਚ ਪੁੱਛੋਂ ਤਾਂ ਤੁਸੀਂ ਹੈਰਾਨ ਹੋ ਜਾਵੋਗੇ ਕਿ ਅਜੇ ਕਰਿਆਨੇ ਦੀ ਦੁਕਾਨ ਤੋਂ ਕਦੇ ਕਦੇ ਸੌਦਾ ਨਹੀਂ ਮਿਲਦਾ ਜਿੰਨਾ ਛੇਤੀ ਨਸ਼ੇੜੀਆਂ ਨੂੰ ਚਿੱਟਾ ਮਿਲ ਜਾਂਦਾ ਹੈ| ਚਿੱਟਾ ਵੇਚਣ ਵਾਲੇ ਚਿੱਟ ਕੱਪੜੀ ਲੋਕ ਹੱਥਾਂ ਵਿੱਚ ਮੋਬਾਇਲ ਤੇ ਜੇਬਾਂ ਵਿੱਚ ਚਿੱਟੇ ਦੀਆਂ ਪੁੜੀਆਂ ਲੈ ਕੇ ਆਮ ਹੀ ਘੁੰਮਦੇ ਫਿਰਦੇ ਹਨ| ਨਸ਼ੇੜੀ ਸਾਰਾ ਦਿਨ ਸੌਂਦੇ ਹਨ ਤੇ ਰਾਤ ਨੂੰ ਲੋਕਾਂ ਨੂੰ ਦੀਆਂ ਲੁੱਟਾਂ ਖੋਹਾਂ ਕਰਦੇ ਹਨ| ਨਸ਼ੇੜੀਆਂ ਦੇ ਹੱਥ ਕੁਝ ਵੀ ਆ ਜਾਵੇ ਉਹ ਹੀ ਨਹੀਂ ਛੱਡਦੇ|ਹਜ਼ਾਰਾਂ ਦੀ ਵਸਤੂ ਥੋੜਿਆ ਹੀ ਪੈਸਿਆਂ ਵਿਚ ਵੇਚ ਕੇ ਰਾਹ ਪੈਂਦੇ ਹਨ| ਆਮ ਮਿਹਨਤੀ ਲੋਕ ਇਹਨਾਂ ਤੋਂ ਇੰਨੇ ਕੁ ਪ੍ਰੇਸ਼ਾਨ ਹਨ ਕਿ ਕਹਿਣ ਦੀ ਕੋਈ ਗੱਲ ਹੀ ਨਹੀਂ ਹੈ| ਹੁਣ ਜੇਕਰ ਗੱਲ ਪ੍ਰਸ਼ਾਸਨ ਦੀ ਯਾਨੀ ਕਿ ਪੁਲਿਸ ਦੀ ਕਰੀਏ ਤਾਂ ਕੀ ਉਹਨਾਂ ਨੂੰ ਕਿਹੜਾ ਨਹੀਂ ਪਤਾ ਕਿ ਕਿਹੜਾ ਵਿਅਕਤੀ ਕੀ ਕਰਦਾ ਹੈ| ਇਹਨਾਂ ਮੁਲਾਜ਼ਮਾਂ ਨੂੰ ਸਭ ਪਤਾ ਹੁੰਦਾ ਹੈ ਪਰ ਇਹ ਕਹਿੰਦੇ ਹਨ ਜਾਂ ਤਾਂ ਸਾਨੂੰ ਕੋਈ ਸ਼ਕਾਇਤ ਕਰੇ ਜਾਂ ਫਿਰ ਰੰਗੇ ਹੱਥੀਂ ਫੜਾਵੇ| ਉਹ ਇਸ ਕਰਕੇ ਨਹੀਂ ਹੋ ਸਕਦਾ ਕਿ ਇਹਨਾਂ ਨਸ਼ੇੜੀਆ ਨਾਲ ਕੌਣ ਪੰਗਾ ਲਵੇ| ਜੇਕਰ ਕਿਸੇ ਚਿੱਟਾ ਵੇਚਣ ਵਾਲੇ ਦਾ ਨਾਂਅ ਥਾਣੇ ਵਿੱਚ ਦੱਸ ਈ ਦਿੱਤਾ ਜਾਵੇ| ਅਜ਼ੇ ਪੁਲਿਸ ਨੇ ਰੇਡ ਬਾਅਦ ਵਿੱਚ ਕਰਨਾ ਹੁੰਦਾ ਹੈ ਉਹਨਾਂ ਨੂੰ ਪਹਿਲਾ ਹੀ ਪਤਾ ਲਗ ਜਾਂਦਾ ਹੈ ਕਿ ਸਾਡੀ ਸ਼ਕਾਇਤ ਕਿਸ ਨੇ ਕੀਤੀ ਹੈ| ਇੱਕ ਵਾਰ ਤਾਂ ਉਹ ਭੱਜ ਜਾਂਦੇ ਹਨ| ਬਾਅਦ ਵਿੱਚ ਸ਼ਕਾਇਤ ਕਰਤਾ ਦਾ ਅੰਤ ਕਰ ਦਿੰਦੇ ਹਨ| ਜਿਸ ਕਰਕੇ ਅੱਗੇ ਤੋਂ ਕੋਈ ਵੀ ਆਦਮੀ ਹਿੰਮਤ ਨਹੀਂ ਕਰਦਾ ਕਿ ਚਿੱਟੇ ਵੇਚਣ ਵਾਲੇ ਦੇ ਵਿਰੁੱਧ ਕੋਈ ਸ਼ਕਾਇਤ ਕਰ ਸੱਕੇ| ਸਰਕਾਰ ਨੂੰ ਚਾਹੀਦਾ ਹੈ ਕਿ ਹਰ ਇਕ ਮੁਲਾਜ਼ਮ ਨੂੰ ਏਰੀਆ ਵੰਡ ਕੇ ਦਿੱਤਾ ਜਾਵੇ ਕਿ ਇਸ ਏਰੀਏ ਵਿੱਚ ਕੋਈ ਵੀ ਨਜ਼ਾਇਜ਼ ਕੰਮ ਹੁੰਦਾ ਹੈ ਜਾਂ ਕੋਈ ਚਿੱਟੇ ਦਾ ਨਸ਼ਾ ਕਰਦਾ ਹੈ ਜਾਂ ਵੇਚਦਾ ਹੈ ਤਾਂ ਇਹ ਤੇਰੀ ਜੁੰਮੇਵਾਰੀ ਹੋਵੇਗੀ| ਚਲੋ ਆਪਾਂ ਇਹ ਵੀ ਮੰਨ ਲਈਏ ਕਿ ਅਗਰ ਸਿੱਧੇ ਤੌਰ ਤੇ ਕਿਸੇ ਨਸ਼ੇ ਵੇਚਣ ਵਾਲੇ ਦਾ ਪਤਾ ਨਹੀਂ ਲੱਗਦਾ ਪਰ ਖਾਣ ਵਾਲੇ ਦਾ ਹਰ ਇੱਕ ਆਦਮੀ ਨੂੰ ਪਤਾ ਹੁੰਦਾ ਹੈ ਕਿ ਫਲਾਣਾ ਚਿੱਟੇ ਦਾ ਸੇਵਨ ਕਰਦਾ ਹੈ| ਜਿਵੇਂ ਮਛੇਰੇ ਲੋਕ ਮੱਛੀਆਂ ਨੂੰ ਫੜ੍ਹਨ ਵਾਸਤੇ ਕੁੰਡੀਆਂ ਨਾਲ ਗੰਡੋਏ ਲਾ ਦਿੰਦੇ ਹਨ, ਜੋ ਮੱਛੀ ਗੰਡੋਏ ਨੂੰ ਖਾਣ ਆਉਂਦੀ ਹੈ ਉਹ ਕੁੰਡੀ ਵਿੱਚ ਫ਼ਸ ਜਾਂਦੀ ਹੈ|ਇਸ ਤਰਾਂ ਹੀ ਪੁਲਿਸ ਪਹਿਲਾਂ ਚਿੱਟਾ ਖਾਣ ਵਾਲਿਆਂ ਨੂੰ ਫੜੇ ਤੇ ਫਿਰ ਵੇਚਣ ਵਾਲਿਆਂ ਨੂੰ| ਪਰ ਨਹੀਂ ਪੁਲਿਸ ਨੇ ਇਂਝ ਨਹੀਂ ਕਰਨਾ ਕਿਉਂਕਿ ਚਿੱਟੇ ਨਾਲ ਬਹੁਤ ਲੋਕਾਂ ਦੇ ਘਰ ਚੱਲ ਰਹੇ ਹਨ ਜਿਸ ਦਾ ਸਭ ਨੂੰ ਪਤਾ ਹੈ| ਇਸੇ ਕਰਕੇ ਤਾਂ ਚਿੱਟੇ ਦਾ ਕਾਰੋਬਾਰ ਬੰਦ ਨਹੀਂ ਹੋ ਰਿਹਾ| ਨੌਜਵਾਨੀ ਦਾ ਘਾਣ ਜ਼ਰੂਰ ਹੋ ਰਿਹਾ ਹੈ| ਸਰਕਾਰ ਮੁਲਾਜ਼ਮਾਂ ਤੇ ਸਖ਼ਤੀ ਵਰਤੇ| ਨਹੀਂ ਤਾਂ ਲੱਕੜਾਂ ਮੁੱਕ ਜਾਣਗੀਆਂ ਪਰ ਲਾਸ਼ਾਂ ਨਹੀਂ ਮੁੱਕਣਗੀਆਂ ਚਿੱਟੇ ਨਾਲ ਮਰਨ ਵਾਲਿਆ ਦੀਆਂ| ਸਿਵਿਆਂ ਵਿੱਚ ਭਾਂਬੜ ਬਲਦੇ ਰਹਿਣਗੇ| ਬਜ਼ੁਰਗ ਮਾਪੇ ਦੁਹਾਈਆਂ ਪਾਉਂਦੇ ਪਾਉਂਦੇ ਮੁੱਕ ਜਾਣਗੇ| ਸਰਕਾਰਾਂ ਆਪਣਾ ਸਮਾਂ ਪਾ ਪਾ ਕਿ ਬਦਲਦੀਆਂ ਰਹਿਣਗੀਆਂ| ਸਭ ਦਾਅਵੇ ਤੇ ਵਾਅਦੇ ਝੂਠੇ ਸਾਬਿਤ ਹੁੰਦੇ ਰਹਿਣਗੇ| ਅਫ਼ਸਰ ਆਪਣੀਆਂ ਜੇਬਾਂ ਭਰ ਭਰ ਕੇ ਸਵਿਸ ਬੈਕਾਂ ਵਿੱਚ ਲਾਕਰ ਭਰੀ ਜਾਣਗੇ| ਗਰੀਬਾਂ ਦੇ ਪੁੱਤਰ ਮਰੀ ਜਾਣਗੇ| ਕਿਸੇ ਨੇ ਹਿੰਮਤ ਨਹੀਂ ਕਰਨੀ ਇਸ ਪ੍ਰਤੀ ਆਵਾਜ਼ ਉਠਾਉਣ ਦੀ ਕਿ ਨਸ਼ੇੜੀ ਚੁਸਤ ਤੇ ਪ੍ਰਸ਼ਾਸ਼ਨ ਸੁਸਤ ਕਿਉ ਹੋ ਰਿਹਾ ਹੈ| |
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
ਸਵੈ-ਕਥਨ:
ਮੈਂ ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ ਮੇਰਾ ਜਨਮ 24 ਅਗਸਤ 1965 ਨੂੰ ਪਿੰਡ ਮਮਦੋਟ ਜਿਲ੍ਹਾ ਫਿਰੋਜ਼ਪੁਰ ਵਿੱਚ ਹੋਇਆ| ਮੇਰੀ ਮਾਤਾ ਸੁਰਜੀਤ ਕੌਰ ਤੇ ਪਿਤਾ ਸ. ਬਘੇਲ ਸਿੰਘ ਦੇ ਘਰ ਚਾਰ ਪੁੱਤਰ ਹੋਏ ਮੈ ਸਾਰਿਆ ਤੋਂ ਛੋਟਾ ਹਾਂ।
ਮੈ ਦਸਵੀ ਜਮਾਤ ਤੱਕ ਪੜ੍ਹਾਈ [ਸ਼ਹੀਦ ਰਾਮ ਕਿਸ਼ਨ ਵਧਵਾ ਮਹਾਂਵੀਰ ਚੱਕਰ] ਸਰਕਾਰੀ ਹਾਈ ਸਕੂਲ ਮਮਦੋਟ ਵਿੱਚ ਕੀਤੀ| ਮੇਰਾ ਪਿੰਡ ਬਿਲਕੁਲ ਪਾਕਿਸਤਾਨ ਦੀ ਹੱਦ ਉਤੇ ਸਥਿਤ ਹੈ|
1988 ਤੋਂ ਪਹਿਲਾਂ ਜਦੋ ਸਰਹੱਦ ਉਤੇ ਤਾਰਬੰਦੀ ਨਹੀਂ ਕੀਤੀ ਸੀ ਉਸ ਵਕਤ ਲਹਿੰਦੇ ਪੰਜਾਬ ਤੇ ਸਾਡੇ ਚੜ੍ਹਦੇ ਪੰਜਾਬ ਦੇ ਲੋਕ ਭਾਵੇ ਇੱਕ ਦੂਜੇ ਨਾਲ ਨਹੀਂ ਸਨ, ਗਲਬਾਤ ਕਰ ਸਕਦੇ ਸਨ ਅਤੇ ਫਿਰ ਵੀ ਅਾਹਮੋ-ਸਾਹਮਣੇ ਕੰਮ ਕਰਦੇ ਨਜ਼ਰ ਆਉਂਦੇ ਰਹਿੰਦੇ ਸਨ| ਜਦੋਂ ਦੀ ਤਾਰਬੰਦੀ ਹੋ ਗਈ ਹੈ| ਉਸ ਸਮੇ ਤੋਂ ਲੋਕਾਂ ਦੀ ਆਪਸ ਵਿੱਚ ਦੂਰੀ ਹੋ ਗਈ ਹੈ|
ਮਮਦੋਟ ਕਿਸੇ ਸਮੇਂ ਵਿੱਚ ਇਕ ਰਿਆਸਤ ਵਜੋਂ ਜਾਣਿਆ ਜਾਂਦਾ ਸੀ| ਮਹਾਰਾਜਾ ਰਣਜੀਤ ਸਿੰਘ ਨੇ ਜਦੋਂ ਫਰਵਰੀ 1807 ਵਿੱਚ, ਕਸੂਰ ਉੱਤੇ ਚੜ੍ਹਾਈ ਕੀਤੀ ਅਤੇ ਕੁਤਬੁੱਦੀਨ ਨੂੰ ਸੱਤਾ ਤੋਂ ਹਟਾ ਦਿੱਤਾ, ਮਹਾਰਾਜਾ ਨੇ ਕੁਤਬੁੱਦੀਨ ਨੂੰ ਮਮਦੋਟ ਦੇ 84 ਪਿੰਡਾਂ ਦੀ ਜਾਗੀਰ ਦੇ ਕੇ ਇਥੋਂ ਦਾ ਨਵਾਬ ਬਣਾ ਦਿੱਤਾ ਸੀ। ਮਮਦੋਟ ਦੇ ਨਵਾਬ ਇਫਤਿਖਾਰ ਹੁਸੈਨ ਖਾਨ, ਵੰਡ ਤੋਂ ਬਾਅਦ ਵਿੱਚ ਪਾਕਿਸਤਾਨ ਦੇ ਲਹਿੰਦੇ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਬਣੇ ਸਨ| ਜਦੋਂ ਵੀ ਕਦੇ ਪਾਕਿਸਤਾਨ ਤੇ ਭਾਰਤ ਵਿਚ ਕੋਈ ਖਟਾਸ ਪੈਦਾ ਹੁੰਦੀ ਹੈ ਤੇ ਸਾਨੂੰ ਆਪਣਾ ਘਰ ਬਾਰ ਛੱਡਣਾ ਪੈਂਦਾ ਹੈ| ਭਾਵੇਂ ਜੰਗ 1965 ਦੀ ਹੋਵੇ ਭਾਵੇਂ 1971 ਦੀ ਤੇ ਭਾਵੇਂ ਕਾਰਗਿਲ ਦਾ ਯੁੱਧ| ਸਾਨੂੰ ਇਥੋਂ ਆਪਣਾ ਜੂਲੀ ਬਿਸਤਰਾ ਗੋਲ ਕਰਨਾ ਹੀ ਪੈਂਦਾ ਹੈ|
ਪਿੰਡ ਬਾਰਡਰ ਤੇ ਹੋਣ ਕਰਕੇ ਇੱਥੇ ਅੱਜ ਤਕ ਵੀ ਕਾਲਜ ਨਹੀਂ ਬਣਿਆ |ਸਾਨੂੰ ਉਦੋਂ ਵੀ ਤੇ ਹੁਣ ਵੀ ਅਗੇ ਪੜ੍ਹਨ ਲਈ ਫਿਰੋਜ਼ਪੁਰ ਜਾਣਾ ਪੈਂਦਾ ਹੈ| ਸਾਡੇ ਸਕੂਲ ਤੇ ਬੀ. ਐਸ. ਐਫ. ਦੀ ਗਰਾਉਂਡ ਨਾਲੋ ਨਾਲ ਹੋਣ ਕਰਕੇ ਸਾਨੂੰ ਵੀ ਫੌਜ਼ ਦੀ ਵਰਦੀ ਪਾਉਣ ਦਾ ਬਹੁਤ ਸੌਂਕ ਸੀ| ਮੈ ਫਿਰੋਜ਼ਪੁਰ ਆਰ ਐਸ ਡੀ ਕਾਲਜ਼ ਵਿੱਚ ਪੜ੍ਹਦਾ ਪੜ੍ਹਦਾ ਫੌਜ਼ ਵਿੱਚ ਭਰਤੀ ਹੋ ਗਿਆ| ਜੁਲਾਈ 1984 ਨੂੰ ਮੈ ਅਾਰਟੀਲੇਰੀ [ਤੋਪਖਾਨੇ] ਦੇ ਵਿੱਚ ਇੱਕ ਟੈਕਨੀਕਲ ਅਸਿਸਟੈਂਟ ਵਜੋਂ ਭਰਤੀ ਹੋ ਗਿਆ| ਆਂਧਰਾ ਪ੍ਰਦੇਸ਼ ਦੀ ਰਾਜਧਾਨੀ ਹੈਦਰਾਬਾਦ ਵਿੱਚ ਟ੍ਰੇਨਿੰਗ ਕਰਕੇ ਥਰੀ ਮੀਡੀਅਮ ਰੇਜਿਮੇੰਟ ਵਿੱਚ ਬਤੋਰ ਸਿਪਾਹੀ ਡਿਊਟੀ ਕਰਨ ਲਗ ਪਿਆ| ਮਿਹਨਤ ਤੇ ਲਗਨ ਕਰਕੇ ਮੈ ਬਹੁਤ ਜਲਦੀ ਤੋਪਾਂ ਦਾ ਇੰਸਟ੍ਰਕਟਰ ਬਣ ਗਿਆ ਤੇ ਮੇਰਾ ਪ੍ਰਮੋਸ਼ਨ ਵੀ ਹੋ ਗਿਆ ਯਾਨੀ ਕਿ ਮੈ ਸੂਬੇਦਾਰ ਬਣ ਗਿਆ| ਪੂਰੇ 28 ਸਾਲ ਦੇਸ਼ ਦੀ ਸੇਵਾ ਕੀਤੀ|
ਮੇਰਾ ਇਕ ਬੇਟਾ ਹੈ ਜੋ ਪਹਿਲਾਂ ਪੇਸ਼ੇ ਵਜੋਂ ਵਕੀਲ ਬਣਿਆ ਤੇ ਫਿਰ ਬਤੌਰ ਅਲਾਈਡ ਪੀ. ਸੀ. ਐਸ. ਆਫੀਸਰ ਵਜੋਂ ਨਵੇਂ ਸ਼ਹਿਰ ਵਿਖੇ ਲੇਬਰ ਇਨਫੋਰਸਮੈਂਟ ਆਫ਼ਿਸਰ ਦੀ ਡਿਊਟੀ ਕਰ ਰਿਹਾ ਹੈ| ਉਸ ਦੇ ਦੋ ਬੱਚੇ ਵੀ ਹਨ|
ਜੇ ਕਰ ਮੈ ਗੱਲ ਕਰਾਂ ਹੁਣ ਲਿਖਣ ਦੀ| ਮੇਰੀਆਂ ਲਿਖੀਆਂ ਚਾਰ ਕੈਸੇਟਾਂ ਟੀ ਸੀਰੀਜ਼ ਤੋਂ ਰਿਲੀਜ਼ ਹੋਈਆਂ ਹਨ| ਪਰ ਉਹ ਚਾਰੇ ਹੀ ਧਾਰਮਿਕ ਕੈਸੇਟਾਂ ਬਾਬਾ ਨਿਰਮਲ ਸਿੰਘ ਜੀ ਪੱਥਰ ਸਾਹਿਬ ਵਾਲਿਆਂ ਨੇ ਰਿਕਾਰਡ ਕਰਵਾਈਆਂ ਸਨ| ਜਿਹਨਾਂ ਨੂੰ ਦਰਸ਼ਨ ਕੁਮਾਰ ਜੀ ਨੇ ਰਿਲੀਜ਼ ਕੀਤਾ ਸੀ| ਫੌਜ਼ ਦੀ ਨੌਕਰੀ ਦੌਰਾਨ ਹੀ ਮੈਨੂੰ ਐਲ ਓ ਸੀ ਕਾਰਗਿਲ ਫਿਲਮ ਵਿੱਚ ਕਰੀਨਾ ਕਪੂਰ ਜੀ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਸੀ| ਜੇ ਪੀ ਦੱਤਾ ਜੀ ਨੇ ਮੈਨੂੰ ਇਹ ਅਵਸਰ ਦਿੱਤਾ ਸੀ| ਫੌਜ਼ ਵਿੱਚ ਰਹਿੰਦਿਆਂ ਮੈ ਬਹੁਤਾ ਕੁਝ ਹੋਰ ਨਹੀਂ ਸੀ ਲਿਖ ਸਕਿਆ ਕਿਉਂਕਿ ਪਬੰਦੀਆ ਬਹੁਤ ਹੁੰਦੀਆਂ ਹਨ| ਪਰ ਸ਼ੌਕ ਨੂੰ ਮੈ ਜਿਆਦਾ ਦੇਰ ਨਹੀਂ ਰੌਕ ਸਕਿਆ| ਰਿਟਾਇਰਮੈਂਟ ਹੁੰਦਿਆਂ ਹੀ ਮੈਂ ਕਲਮ ਚੁੱਕ ਲਈ| ਸਭ ਤੋਂ ਪਹਿਲਾਂ ਮੈ ਸਿਰਫ ਦੇਸ਼ ਸੇਵਕ ਦੇ ਮਿਡਲ ਕਾਲਮ ਲਈ ਲਿਖਦਾ ਸੀ| ਹੌਲੀ ਹੌਲੀ ਮੇਰੀਆਂ ਕਵਿਤਾਵਾਂ ਵੀ ਰਸਾਲਿਆਂ ਤੇ ਮੈਗਜ਼ੀਨਾਂ ਵਿੱਚ ਛਪਣੀਆਂ ਸ਼ੁਰੂ ਗਈਆਂ| ਫਿਰ ਮੈ ਨਿੱਕੀਆਂ ਕਹਾਣੀਆਂ ਤੇ ਵੱਡੀਆਂ ਕਹਾਣੀਆਂ ਵੀ ਲਿਖਣ ਲਗ ਪਿਆ|
ਹੁਣ ਤਕ ਮੇਰੇ ਅਜੀਤ, ਸਪੋਕਸਮੈਨ, ਰੋਜ਼ਾਨਾ ਪਹਿਰੇਦਾਰ, ਹਮਦਰਦ ਨਿਊਜ਼ ਪੇਪਰ, ਪੰਜਾਬੀ ਜਾਗਰਣ, ਅੱਜ ਦੀ ਆਵਾਜ਼, ਸੱਚ ਦੀ ਆਵਾਜ਼, ਆਸ਼ਿਆਨਾ, ਅਕਾਲੀਪਤ੍ਰਿਕਾ, ਚੜ੍ਹਦੀਕਲਾ, ਪੰਜਾਬੀ ਪੋਸਟ ਕਨੈਡਾ, ਪੰਜਾਬ ਪੋਸਟ ਕਨੈਡਾ, ਪ੍ਰੀਤਨਾਮਾਂ ਯੂ ਐਸ ਏ, ਦੇਸ਼ ਸੇਵਕ, ਪੰਜਾਬੀ ਟ੍ਰਿਬਿਊਨ, ਲੋਕ ਭਲਾਈ ਸੁਨੇਹਾ, ਸੱਚ ਕਹੁ , ਸੰਤ ਸਿਪਾਹੀ, ਕਲਾਕਾਰਾਂ ਨਾਲ ਰਾਬਤਾ, ਪੰਜ ਦਰਿਆ ਤੇ ਪਰਵਾਸੀ ਨਿਊਜ਼ ਪੇਪਰ, ਪੰਜਾਬ ਪੋਸਟ, ਸ਼ਬਦਾਂ ਦਾ ਕਾਫ਼ਲਾ| ਆਕਾਸ਼ਵਾਣੀ ਰੇਡੀਉ ਤੋਂ ਮਿੰਨੀ ਕਹਾਣੀਆਂ। ਓਨਏਅਰ, ਜੱਗਬਾਣੀ ਟੀਵੀ ਚੈਨਲ, ਸਪੋਕਸਮੈਨ ਟੀਵੀ ਚੈਨਲ, ਚੜ੍ਹਦੀ ਕਲਾ ਟੀਵੀ ਚੈਨਲ ਤੋਂ ਵੀ ਮੇਰੀਆਂ ਰਚਨਾਵਾਂ ਆਉਂਦੀਆਂ ਹੀ ਰਹਿੰਦੀਆਂ ਹਨ|
***
Subedar Jasvinder Singh Bhularia
e-mail:jaswinder.bhuleria.1@gmail.com
+91 75891 55501