|
ਜੇਕਰ ਪੰਜਾਬ ਵਿੱਚ ਨਸ਼ਿਆਂ ਦੀ ਗੱਲ ਕਰੀਏ ਤਾਂ ਸਾਡੇ ਸਾਹਮਣੇ ਜੋ ਅੰਕੜੇ ਆ ਰਹੇ ਹਨ. ਉਹ ਇਹ ਹੈ ਕਿ ਬੀਤੇ ਢਾਈ ਦਹਾਕਿਆਂ ਦੌਰਾਨ ਨਸ਼ਾ ਤਸਕਰੀ ਦੇ ਕਰੀਬ 2.46 ਲੱਖ ਕੇਸ ਦਰਜ ਹੋਏ ਹਨ। ਪਿਛਲੇ ਕੁਝ ਵਰ੍ਹਿਆਂ ਵਿੱਚ ਐੱਨ ਡੀ ਪੀ ਐੱਸ ਕੇਸਾਂ ਦੇ ਮਾਮਲੇ ਵਿੱਚ ਸਮੁੱਚੇ ਦੇਸ਼ ਵਿੱਚੋਂ ਪੰਜਾਬ ਦੂਜੇ ਜਾਂ ਤੀਜੇ ਨੰਬਰ ’ਤੇ ਰਿਹਾ ਹੈ। ਪੰਜਾਬ ਵਿੱਚ ਐੱਨ ਡੀ ਪੀ ਐੱਸ ਦੇ ਕੇਸਾਂ ਦਾ ਅੰਕੜਾ ਵੀ ਸਿਖਰ ਛੋਂਹਦਾ ਰਿਹਾ ਹੈ। ਪਰ ਓਵਰਡੋਜ਼ ਨਾਲ ਮੌਤਾਂ ਵਿੱਚ ਵੀ ਵੱਡੀ ਕਮੀ ਨਹੀਂ ਆਈ। ਹੁਣ ਜਦੋਂ ਪੰਜਾਬ ਵਿੱਚ ਚੋਣਾਂ ਬਰੂਹਾਂ ’ਤੇ ਹਨ ਤਾਂ ਹਰ ਸਿਆਸੀ ਧਿਰ ਨਸ਼ੇ ਦੇ ਮੁੱਦੇ ਨੂੰ ਉਛਾਲ ਰਹੀ ਹੈ। ਸੱਤਾਧਾਰੀ ਧਿਰ ‘ਯੁੱਧ ਨਸ਼ਿਆਂ ਵਿਰੁੱਧ’ ਦੀ ਪ੍ਰਾਪਤੀ ਦਾ ਗੁਣਗਾਨ ਕਰ ਰਹੀ ਹੈ ਜਦਕਿ ਵਿਰੋਧੀ ਧਿਰਾਂ ਨਸ਼ਿਆਂ ਨਾਲ ਹੋ ਰਹੀਆਂ ਮੌਤਾਂ ਦਾ ਅੰਕੜਾ ਦਿਖਾ ਕੇ ਘੇਰਾਬੰਦੀ ਕਰ ਰਹੀਆਂ ਹਨ। ਅਜਿਹਾ ਚੌਥੀ ਵਾਰ ਹੋਵੇਗਾ ਜਦੋਂ ਵਿਧਾਨ ਸਭਾ ਚੋਣਾਂ ਵਿੱਚ ਨਸ਼ਿਆਂ ਦਾ ਮੁੱਦਾ ਭਾਰੂ ਰਹੇਗਾ। ਜਨਵਰੀ 2002 ਤੋਂ ਹੁਣ ਤਕ ਸੂਬੇ ਵਿੱਚ ਐੱਨ ਡੀ ਪੀ ਐੱਸ ਐਕਟ ਤਹਿਤ 2,45,995 ਕੇਸ ਦਰਜ ਹੋ ਚੁੱਕੇ ਹਨ। ਜਦੋਂ ਅਮਰਿੰਦਰ ਸਰਕਾਰ ਦੀ ਪਹਿਲੀ ਪਾਰੀ (2002-07) ਸੀ ਤਾਂ ਪੰਜ ਵਰ੍ਹਿਆਂ ਵਿੱਚ ਐੱਨ ਡੀ ਪੀ ਐੱਸ ਐਕਟ ਤਹਿਤ 15,990 ਕੇਸ ਦਰਜ ਹੋਏ ਸਨ ਜੋ ਪ੍ਰਤੀ ਦਿਨ ਔਸਤਨ 9 ਕੇਸ ਬਣਦੇ ਹਨ। ਉਸ ਮਗਰੋਂ ਅਕਾਲੀ-ਭਾਜਪਾ ਗੱਠਜੋੜ ਦੀ ਹਕੂਮਤ (2007-2012) ਦੌਰਾਨ ਕੇਸਾਂ ਦਾ ਅੰਕੜਾ ਇਕਦਮ ਵਧ ਕੇ 27,348 ਹੋ ਗਿਆ ਸੀ। ਇਸ ਸਮੇਂ ਦੌਰਾਨ ਪ੍ਰਤੀ ਦਿਨ ਔਸਤਨ 15 ਕੇਸ ਦਰਜ ਹੁੰਦੇ ਰਹੇ। ਗੱਠਜੋੜ ਦੀ ਅਗਲੀ ਪਾਰੀ (2012-2017) ਦੌਰਾਨ ਅੰਕੜਾ ਦੁੱਗਣਾ ਹੋ ਗਿਆ, ਭਾਵ ਇਨ੍ਹਾਂ ਪੰਜ ਸਾਲਾਂ ਵਿੱਚ 55,402 ਕੇਸ ਦਰਜ ਕੀਤੇ ਗਏ। ਕੈਪਟਨ ਅਮਰਿੰਦਰ ਸਿੰਘ ਦੀ ਦੂਜੀ ਪਾਰੀ (2017-22) ਦੌਰਾਨ 52,427 ਕੇਸ ਦਰਜ ਹੋਏ ਸਨ ਜੋ ਪ੍ਰਤੀ ਦਿਨ ਔਸਤਨ 29 ਕੇਸ ਬਣਦੇ ਸਨ। ਮੌਜੂਦਾ ‘ਆਪ’ ਸਰਕਾਰ ਨੇ ਹੁਣ ਤਕ 94,828 ਕੇਸ ਐੱਨ ਡੀ ਪੀ ਐੱਸ ਐਕਟ ਤਹਿਤ ਦਰਜ ਕੀਤੇ ਹਨ ਜੋ ਪ੍ਰਤੀ ਦਿਨ ਔਸਤਨ 58 ਕੇਸ ਬਣਦੇ ਹਨ। ਇਨ੍ਹਾਂ ਅੰਕੜਿਆਂ ਤੋਂ ਅਗਰ ਹਿਸਾਬ ਲਾਈਏ ਤਾਂ ਪੰਜਾਬ ਦੀ ਅਬਾਦੀ 3 ਕਰੋੜ 23 ਲੱਖ ਦੇ ਕਰੀਬ ਹੈ। ਇਨ੍ਹਾਂ ਵਿੱਚੋਂ ਕਰੀਬ ਇੱਕ ਲੱਖ ਲੋਕਾਂ ਉੱਤੇ ਐੱਨ ਡੀ ਪੀ ਐੱਸ ਦੇ ਕੇਸ ਦਰਜ਼ ਹਨ। ਅਗਰ ਇੱਕ ਇੱਕ ਕੇਸ ਨਾਲ ਦੱਸ ਦੱਸ ਨਸ਼ੇੜੀ ਵੀ ਜੁੜੇ ਹੋਣ ਤੇ ਇਹ ਅੰਕੜਾ ਦੱਸ ਲੱਖ ਤੋਂ ਉੱਪਰ ਜਾ ਰਿਹਾ ਹੈ। ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਕੋਈ ਲਗਭਗ 35 ਪ੍ਰਤੀਸ਼ਤ ਲੋਕ ਨਸ਼ੇ ਦੀ ਗ੍ਰਿਫਤ ਵਿੱਚ ਆ ਚੁੱਕੇ ਹਨ। ਜਿਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਨਸ਼ਾ ’ਤੇ ਲਾਇਆ, ਉਹ ਕੋਠੀਆਂ-ਕਾਰਾਂ ਦੇ ਮਾਲਕ ਬਣ ਗਏ, ਜਿਨ੍ਹਾਂ ਨੇ ਸੇਵਨ ਕੀਤਾ ਉਹ ਕੰਗਾਲ ਵੀ ਹੋ ਗਏ ਤੇ ਮਰ ਵੀ ਗਏ। ਜੇ ਕਰ ਅਸੀਂ ਸੜਕਾਂ ਉੱਤੇ ਰੌਲਾ ਪਾ ਪਾ ਕੇ ਰੈਲੀਆਂ ਕਰਦੇ ਰਹੇ ਰਹੇ ਤਾਂ ਨਸ਼ਾ ਕਿਸੇ ਵੀ ਹਾਲਤ ਵਿੱਚ ਖਤਮ ਨਹੀਂ ਹੋਣਾ। ਇਸਦੇ ਉਲਟ ਸਾਰੇ ਪੰਜਾਬੀਆਂ ਨੂੰ ਇੱਕ ਮੁੱਠ ਹੋ ਕੇ ਸਿਆਸਤ ਤੋਂ ਉੱਪਰ ਉੱਠ ਕੇ ਜ਼ਮੀਨੀ ਪੱਧਰ ਉੱਤੇ ਨਸ਼ੇ ਦੇ ਖਾਤਮੇ ਲਈ ਜੰਗ ਲੜਨੀ ਪਵੇਗੀ। ਕਿਸੇ ਨੂੰ ਇਹ ਵੀ ਨਹੀਂ ਸੋਚ ਲੈਣਾ ਚਾਹੀਦਾ ਕਿ ਮੇਰਾ ਪੁੱਤਰ ਧੀ ਇਸ ਤੋਂ ਬਚਿਆ ਹੈ ਤੇ ਮੈਂ ਕੀ ਲੈਣਾ ਹੈ। ਨਹੀਂ, ਅੱਗ ਭਾਵੇਂ ਜਿੰਨੀ ਮਰਜ਼ੀ ਦੂਰ ਹੋਵੇ, ਹਨੇਰੀ ਦੇ ਇੱਕ ਹੀ ਬੁੱਲੇ ਨਾਲ ਹੋਰ ਬਹੁਤ ਦੂਰ ਤਕ ਪਹੁੰਚ ਜਾਂਦੀ ਹੈ। ਫਿਰ ਪਤਾ ਵੀ ਨਹੀਂ ਲਗਦਾ ਕਿ ਇਹ ਆਈ ਕਿੱਧਰੋਂ ਸੀ। ਸਿਆਸੀ ਲੋਕ ਜਿਵੇਂ ਬੂਥ ਲੈਵਲ ’ਤੇ ਲੋਕਾਂ ਨੂੰ ਵੋਟਾਂ ਲਈ ਲਾਮਬੰਦ ਕਰਦੇ ਹਨ, ਇਸੇ ਤਰ੍ਹਾਂ ਗਲੀਆਂ ਮੁਹੱਲਿਆਂ ਵਿੱਚ ਨਸ਼ੇੜੀਆਂ ਦਾ ਪਤਾ ਕਰਕੇ ਉਨ੍ਹਾਂ ਤੋਂ ਪਤਾ ਕੀਤਾ ਜਾਵੇ ਕਿ ਤੁਸੀਂ ਨਸ਼ਾ ਕਿੱਥੋਂ ਲੈਕੇ ਆਉਂਦੇ ਹੋ। ਉਹ ਦੱਸ ਸਕਦੇ ਹਨ ਕਿ ਕੌਣ ਕੌਣ ਨਸ਼ੇ ਦਾ ਧੰਦਾ ਕਰਦੇ ਹਨ। ਫਿਰ ਉਨ੍ਹਾਂ ਉੱਤੇ ਸ਼ਿਕੰਜਾ ਕੱਸਿਆ ਜਾਵੇ। ਫਿਰ ਹੌਲੀ ਹੌਲੀ ਕਰਕੇ ਨਸ਼ੇ ਦੀ ਆਮਦ ਘਟੇਗੀ। ਫਿਰ ਖਾਣ ਵਾਲਿਆਂ ਨੂੰ ਪਤਾ ਹੋਵੇਗਾ ਕਿ ਹੁਣ ਨਹੀਂ ਮਿਲਣਾ ਅਤੇ ਵੇਚਣ ਵਾਲਿਆਂ ਨੂੰ ਪਤਾ ਹੋਵੇਗਾ ਕਿ ਹੁਣ ਨਹੀਂ ਬਖਸ਼ਿਆ ਜਾਵਾਂਗੇ; ਫਿਰ ਹੋ ਸਕਦਾ ਹੈ ਕਿ ਨੌਜਵਾਨੀ ਨਸ਼ੇ ਤੋਂ ਬਚ ਜਾਵੇ। ਕਾਹਲੀ ਨਾਲ ਕੁਝ ਨਹੀਂ ਹੋਣਾ, ਰੈਲੀਆਂ ਤਾਂ ਸਿਰਫ ਲੋਕ ਵਿਖਾਵਾ ਹੀ ਹਨ। ਵੋਟਾਂ ਬਟੋਰਨ ਲਈ ਸਿਆਸੀ ਲੋਕ ਬਹੁਤ ਕੁਝ ਕਰਦੇ ਹਨ ਪਰ ਸੱਤਾ ਵਿੱਚ ਆਉਣ ਤੋਂ ਬਾਅਦ ਸਭ ਕੁਝ ਭੁੱਲ-ਭੁੱਲਾ ਜਾਂਦੇ ਹਨ। ਪਰ ਜਿਸ ਹਾਲਾਤ ਵਿੱਚੋਂ ਅੱਜ ਸਮੁੱਚਾ ਪੰਜਾਬ ਗੁਜ਼ਰ ਰਿਹਾ ਹੈ, ਇਹ ਬਹੁਤ ਹੀ ਨਾਜ਼ਕ ਸਥਿਤੀ ਬਣੀ ਹੋਈ ਹੈ। ਇਸ ਲਈ ਨਸ਼ਿਆਂ ਖਿਲਾਫ ਲੜਾਈ ਲਈ ਸ਼ਿੱਦਤ ਅਤੇ ਜਨੂੰਨ ਦੀ ਲੋੜ ਹੈ। |
|
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
ਸਵੈ-ਕਥਨ:
ਮੈਂ ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ ਮੇਰਾ ਜਨਮ 24 ਅਗਸਤ 1965 ਨੂੰ ਪਿੰਡ ਮਮਦੋਟ ਜਿਲ੍ਹਾ ਫਿਰੋਜ਼ਪੁਰ ਵਿੱਚ ਹੋਇਆ| ਮੇਰੀ ਮਾਤਾ ਸੁਰਜੀਤ ਕੌਰ ਤੇ ਪਿਤਾ ਸ. ਬਘੇਲ ਸਿੰਘ ਦੇ ਘਰ ਚਾਰ ਪੁੱਤਰ ਹੋਏ ਮੈ ਸਾਰਿਆ ਤੋਂ ਛੋਟਾ ਹਾਂ।
ਮੈ ਦਸਵੀ ਜਮਾਤ ਤੱਕ ਪੜ੍ਹਾਈ [ਸ਼ਹੀਦ ਰਾਮ ਕਿਸ਼ਨ ਵਧਵਾ ਮਹਾਂਵੀਰ ਚੱਕਰ] ਸਰਕਾਰੀ ਹਾਈ ਸਕੂਲ ਮਮਦੋਟ ਵਿੱਚ ਕੀਤੀ| ਮੇਰਾ ਪਿੰਡ ਬਿਲਕੁਲ ਪਾਕਿਸਤਾਨ ਦੀ ਹੱਦ ਉਤੇ ਸਥਿਤ ਹੈ|
1988 ਤੋਂ ਪਹਿਲਾਂ ਜਦੋ ਸਰਹੱਦ ਉਤੇ ਤਾਰਬੰਦੀ ਨਹੀਂ ਕੀਤੀ ਸੀ ਉਸ ਵਕਤ ਲਹਿੰਦੇ ਪੰਜਾਬ ਤੇ ਸਾਡੇ ਚੜ੍ਹਦੇ ਪੰਜਾਬ ਦੇ ਲੋਕ ਭਾਵੇ ਇੱਕ ਦੂਜੇ ਨਾਲ ਨਹੀਂ ਸਨ, ਗਲਬਾਤ ਕਰ ਸਕਦੇ ਸਨ ਅਤੇ ਫਿਰ ਵੀ ਅਾਹਮੋ-ਸਾਹਮਣੇ ਕੰਮ ਕਰਦੇ ਨਜ਼ਰ ਆਉਂਦੇ ਰਹਿੰਦੇ ਸਨ| ਜਦੋਂ ਦੀ ਤਾਰਬੰਦੀ ਹੋ ਗਈ ਹੈ| ਉਸ ਸਮੇ ਤੋਂ ਲੋਕਾਂ ਦੀ ਆਪਸ ਵਿੱਚ ਦੂਰੀ ਹੋ ਗਈ ਹੈ|
ਮਮਦੋਟ ਕਿਸੇ ਸਮੇਂ ਵਿੱਚ ਇਕ ਰਿਆਸਤ ਵਜੋਂ ਜਾਣਿਆ ਜਾਂਦਾ ਸੀ| ਮਹਾਰਾਜਾ ਰਣਜੀਤ ਸਿੰਘ ਨੇ ਜਦੋਂ ਫਰਵਰੀ 1807 ਵਿੱਚ, ਕਸੂਰ ਉੱਤੇ ਚੜ੍ਹਾਈ ਕੀਤੀ ਅਤੇ ਕੁਤਬੁੱਦੀਨ ਨੂੰ ਸੱਤਾ ਤੋਂ ਹਟਾ ਦਿੱਤਾ, ਮਹਾਰਾਜਾ ਨੇ ਕੁਤਬੁੱਦੀਨ ਨੂੰ ਮਮਦੋਟ ਦੇ 84 ਪਿੰਡਾਂ ਦੀ ਜਾਗੀਰ ਦੇ ਕੇ ਇਥੋਂ ਦਾ ਨਵਾਬ ਬਣਾ ਦਿੱਤਾ ਸੀ। ਮਮਦੋਟ ਦੇ ਨਵਾਬ ਇਫਤਿਖਾਰ ਹੁਸੈਨ ਖਾਨ, ਵੰਡ ਤੋਂ ਬਾਅਦ ਵਿੱਚ ਪਾਕਿਸਤਾਨ ਦੇ ਲਹਿੰਦੇ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਬਣੇ ਸਨ| ਜਦੋਂ ਵੀ ਕਦੇ ਪਾਕਿਸਤਾਨ ਤੇ ਭਾਰਤ ਵਿਚ ਕੋਈ ਖਟਾਸ ਪੈਦਾ ਹੁੰਦੀ ਹੈ ਤੇ ਸਾਨੂੰ ਆਪਣਾ ਘਰ ਬਾਰ ਛੱਡਣਾ ਪੈਂਦਾ ਹੈ| ਭਾਵੇਂ ਜੰਗ 1965 ਦੀ ਹੋਵੇ ਭਾਵੇਂ 1971 ਦੀ ਤੇ ਭਾਵੇਂ ਕਾਰਗਿਲ ਦਾ ਯੁੱਧ| ਸਾਨੂੰ ਇਥੋਂ ਆਪਣਾ ਜੂਲੀ ਬਿਸਤਰਾ ਗੋਲ ਕਰਨਾ ਹੀ ਪੈਂਦਾ ਹੈ|
ਪਿੰਡ ਬਾਰਡਰ ਤੇ ਹੋਣ ਕਰਕੇ ਇੱਥੇ ਅੱਜ ਤਕ ਵੀ ਕਾਲਜ ਨਹੀਂ ਬਣਿਆ |ਸਾਨੂੰ ਉਦੋਂ ਵੀ ਤੇ ਹੁਣ ਵੀ ਅਗੇ ਪੜ੍ਹਨ ਲਈ ਫਿਰੋਜ਼ਪੁਰ ਜਾਣਾ ਪੈਂਦਾ ਹੈ| ਸਾਡੇ ਸਕੂਲ ਤੇ ਬੀ. ਐਸ. ਐਫ. ਦੀ ਗਰਾਉਂਡ ਨਾਲੋ ਨਾਲ ਹੋਣ ਕਰਕੇ ਸਾਨੂੰ ਵੀ ਫੌਜ਼ ਦੀ ਵਰਦੀ ਪਾਉਣ ਦਾ ਬਹੁਤ ਸੌਂਕ ਸੀ| ਮੈ ਫਿਰੋਜ਼ਪੁਰ ਆਰ ਐਸ ਡੀ ਕਾਲਜ਼ ਵਿੱਚ ਪੜ੍ਹਦਾ ਪੜ੍ਹਦਾ ਫੌਜ਼ ਵਿੱਚ ਭਰਤੀ ਹੋ ਗਿਆ| ਜੁਲਾਈ 1984 ਨੂੰ ਮੈ ਅਾਰਟੀਲੇਰੀ [ਤੋਪਖਾਨੇ] ਦੇ ਵਿੱਚ ਇੱਕ ਟੈਕਨੀਕਲ ਅਸਿਸਟੈਂਟ ਵਜੋਂ ਭਰਤੀ ਹੋ ਗਿਆ| ਆਂਧਰਾ ਪ੍ਰਦੇਸ਼ ਦੀ ਰਾਜਧਾਨੀ ਹੈਦਰਾਬਾਦ ਵਿੱਚ ਟ੍ਰੇਨਿੰਗ ਕਰਕੇ ਥਰੀ ਮੀਡੀਅਮ ਰੇਜਿਮੇੰਟ ਵਿੱਚ ਬਤੋਰ ਸਿਪਾਹੀ ਡਿਊਟੀ ਕਰਨ ਲਗ ਪਿਆ| ਮਿਹਨਤ ਤੇ ਲਗਨ ਕਰਕੇ ਮੈ ਬਹੁਤ ਜਲਦੀ ਤੋਪਾਂ ਦਾ ਇੰਸਟ੍ਰਕਟਰ ਬਣ ਗਿਆ ਤੇ ਮੇਰਾ ਪ੍ਰਮੋਸ਼ਨ ਵੀ ਹੋ ਗਿਆ ਯਾਨੀ ਕਿ ਮੈ ਸੂਬੇਦਾਰ ਬਣ ਗਿਆ| ਪੂਰੇ 28 ਸਾਲ ਦੇਸ਼ ਦੀ ਸੇਵਾ ਕੀਤੀ|
ਮੇਰਾ ਇਕ ਬੇਟਾ ਹੈ ਜੋ ਪਹਿਲਾਂ ਪੇਸ਼ੇ ਵਜੋਂ ਵਕੀਲ ਬਣਿਆ ਤੇ ਫਿਰ ਬਤੌਰ ਅਲਾਈਡ ਪੀ. ਸੀ. ਐਸ. ਆਫੀਸਰ ਵਜੋਂ ਨਵੇਂ ਸ਼ਹਿਰ ਵਿਖੇ ਲੇਬਰ ਇਨਫੋਰਸਮੈਂਟ ਆਫ਼ਿਸਰ ਦੀ ਡਿਊਟੀ ਕਰ ਰਿਹਾ ਹੈ| ਉਸ ਦੇ ਦੋ ਬੱਚੇ ਵੀ ਹਨ|
ਜੇ ਕਰ ਮੈ ਗੱਲ ਕਰਾਂ ਹੁਣ ਲਿਖਣ ਦੀ| ਮੇਰੀਆਂ ਲਿਖੀਆਂ ਚਾਰ ਕੈਸੇਟਾਂ ਟੀ ਸੀਰੀਜ਼ ਤੋਂ ਰਿਲੀਜ਼ ਹੋਈਆਂ ਹਨ| ਪਰ ਉਹ ਚਾਰੇ ਹੀ ਧਾਰਮਿਕ ਕੈਸੇਟਾਂ ਬਾਬਾ ਨਿਰਮਲ ਸਿੰਘ ਜੀ ਪੱਥਰ ਸਾਹਿਬ ਵਾਲਿਆਂ ਨੇ ਰਿਕਾਰਡ ਕਰਵਾਈਆਂ ਸਨ| ਜਿਹਨਾਂ ਨੂੰ ਦਰਸ਼ਨ ਕੁਮਾਰ ਜੀ ਨੇ ਰਿਲੀਜ਼ ਕੀਤਾ ਸੀ| ਫੌਜ਼ ਦੀ ਨੌਕਰੀ ਦੌਰਾਨ ਹੀ ਮੈਨੂੰ ਐਲ ਓ ਸੀ ਕਾਰਗਿਲ ਫਿਲਮ ਵਿੱਚ ਕਰੀਨਾ ਕਪੂਰ ਜੀ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਸੀ| ਜੇ ਪੀ ਦੱਤਾ ਜੀ ਨੇ ਮੈਨੂੰ ਇਹ ਅਵਸਰ ਦਿੱਤਾ ਸੀ| ਫੌਜ਼ ਵਿੱਚ ਰਹਿੰਦਿਆਂ ਮੈ ਬਹੁਤਾ ਕੁਝ ਹੋਰ ਨਹੀਂ ਸੀ ਲਿਖ ਸਕਿਆ ਕਿਉਂਕਿ ਪਬੰਦੀਆ ਬਹੁਤ ਹੁੰਦੀਆਂ ਹਨ| ਪਰ ਸ਼ੌਕ ਨੂੰ ਮੈ ਜਿਆਦਾ ਦੇਰ ਨਹੀਂ ਰੌਕ ਸਕਿਆ| ਰਿਟਾਇਰਮੈਂਟ ਹੁੰਦਿਆਂ ਹੀ ਮੈਂ ਕਲਮ ਚੁੱਕ ਲਈ| ਸਭ ਤੋਂ ਪਹਿਲਾਂ ਮੈ ਸਿਰਫ ਦੇਸ਼ ਸੇਵਕ ਦੇ ਮਿਡਲ ਕਾਲਮ ਲਈ ਲਿਖਦਾ ਸੀ| ਹੌਲੀ ਹੌਲੀ ਮੇਰੀਆਂ ਕਵਿਤਾਵਾਂ ਵੀ ਰਸਾਲਿਆਂ ਤੇ ਮੈਗਜ਼ੀਨਾਂ ਵਿੱਚ ਛਪਣੀਆਂ ਸ਼ੁਰੂ ਗਈਆਂ| ਫਿਰ ਮੈ ਨਿੱਕੀਆਂ ਕਹਾਣੀਆਂ ਤੇ ਵੱਡੀਆਂ ਕਹਾਣੀਆਂ ਵੀ ਲਿਖਣ ਲਗ ਪਿਆ|
ਹੁਣ ਤਕ ਮੇਰੇ ਅਜੀਤ, ਸਪੋਕਸਮੈਨ, ਰੋਜ਼ਾਨਾ ਪਹਿਰੇਦਾਰ, ਹਮਦਰਦ ਨਿਊਜ਼ ਪੇਪਰ, ਪੰਜਾਬੀ ਜਾਗਰਣ, ਅੱਜ ਦੀ ਆਵਾਜ਼, ਸੱਚ ਦੀ ਆਵਾਜ਼, ਆਸ਼ਿਆਨਾ, ਅਕਾਲੀਪਤ੍ਰਿਕਾ, ਚੜ੍ਹਦੀਕਲਾ, ਪੰਜਾਬੀ ਪੋਸਟ ਕਨੈਡਾ, ਪੰਜਾਬ ਪੋਸਟ ਕਨੈਡਾ, ਪ੍ਰੀਤਨਾਮਾਂ ਯੂ ਐਸ ਏ, ਦੇਸ਼ ਸੇਵਕ, ਪੰਜਾਬੀ ਟ੍ਰਿਬਿਊਨ, ਲੋਕ ਭਲਾਈ ਸੁਨੇਹਾ, ਸੱਚ ਕਹੁ , ਸੰਤ ਸਿਪਾਹੀ, ਕਲਾਕਾਰਾਂ ਨਾਲ ਰਾਬਤਾ, ਪੰਜ ਦਰਿਆ ਤੇ ਪਰਵਾਸੀ ਨਿਊਜ਼ ਪੇਪਰ, ਪੰਜਾਬ ਪੋਸਟ, ਸ਼ਬਦਾਂ ਦਾ ਕਾਫ਼ਲਾ| ਆਕਾਸ਼ਵਾਣੀ ਰੇਡੀਉ ਤੋਂ ਮਿੰਨੀ ਕਹਾਣੀਆਂ। ਓਨਏਅਰ, ਜੱਗਬਾਣੀ ਟੀਵੀ ਚੈਨਲ, ਸਪੋਕਸਮੈਨ ਟੀਵੀ ਚੈਨਲ, ਚੜ੍ਹਦੀ ਕਲਾ ਟੀਵੀ ਚੈਨਲ ਤੋਂ ਵੀ ਮੇਰੀਆਂ ਰਚਨਾਵਾਂ ਆਉਂਦੀਆਂ ਹੀ ਰਹਿੰਦੀਆਂ ਹਨ|
***
Subedar Jasvinder Singh Bhularia
e-mail:jaswinder.bhuleria.1@gmail.com
+91 75891 55501

by 