27 November 2022

ਪੰਜਾਬੀ ਸਭਿਆਚਾਰ ਦੀ ਪੇਸ਼ਕਾਰੀ—✍️ ਡਾ. ਗੁਰਦਿਆਲ ਸਿੰਘ ਰਾਏ (ਪ੍ਰੋ.ਪਿਆਰਾ ਸਿੰਘ ਪਦਮ ਦੀ ਪੁਸਤਕ ‘ਕੋਠੀ ਝਾੜ’ ਦੇ ਸੰਦਰਭ ਵਿਚ)

ਇਹ ਦੱਸਦਿਅਾਂ ਪਰਸੰਨਤਾ ਦਾ ਅਨੁਭੱਵ ਹੋ ਰਿਹਾ ਹੈ ਕਿ ‘ਪ੍ਰੋ. ਪਿਆਰਾ ਸਿੰਘ ਪਦਮ ਸਿਮਰਤੀ ਗ੍ਰੰਥ’ ਹੁਣੇ ਹੁਣੇ ਹੀ ਪ੍ਰਕਾਸ਼ਿਤ ਹੋਇਆ ਹੈ। ਇਸਦੀ ਸੰਪਾਦਨਾ ਪੰਜਾਬੀ ਦੇ ਪ੍ਰਸਿੱਧ ਬਹੁ-ਪੱਖੀ ਲੇਖਕ, ਖੋਜੀ, ਆਲੋਚਕ ਅਤੇ ਕਹਾਣੀਕਾਰ ਡਾ. ਪ੍ਰੀਤਮ ਸਿੰਘ ਕੈਂਬੋ ਨੇ ਬੜੀ ਹੀ ਮਿਹਨਤ ਨਾਲ ਕੀਤੀ ਹੈ। ਇਹ ਵੱਡ ਅਾਕਾਰੀ ਸੰਭਾਲਣ ਯੋਗ ਗ੍ਰੰਥ ਸੱਤ ਭਾਗਾਂ ਵਿਚ ਵੰਡਿਆ ਅਤੇ 580 ਪੰਨਿਅਾਂ ਵਿਚ ਫੈਲਿਆ ਹੋਇਆ ਹੈ। ਇਸ ਵਿਚ ਸੰਪਾਦਕੀ ਲੇਖਾਂ ਸਮੇਤ ਕੁੱਲ 113 ਵਿਦਵਾਨ ਲਿਖਾਰੀਅਾਂ ਦੀਅਾਂ ਲਿਖਤਾਂ ਸ਼ਾਮਲ ਕੀਤੀਅਾਂ ਗਾਈਅਾਂ ਹਨ। ਪ੍ਰੋ. ਪਦਮ ਜੀ ਨੇ100 ਦੇ ਲਗਪਗ ਪੁਸਤਕਾਂ ਪੰਜਾਬੀ ਜਗਤ ਦੀ ਝੋਲੀ ਪਾਈਅਾਂ। ਪਰ ਪਦਮ ਜੀ ਦੇ ਸਰੀਰ ਤਿਆਗਣ ਉਪਰੰਤ ਤਿੰਨ ਹੋਰ ਮਹਤੱਵਪੂਰਨ ਪੁਸਤਕਾਂ ਦੀ  ਪ੍ਰਕਾਸ਼ਣਾ ਹੋਈ। ਪਹਿਲੀਅਾਂ ਦੋ ਪੁਸਤਕਾਂ ਹਨ ‘ਗੁਰੂ  ਸਰ’ ਤੇ ‘ਗੁਰੂ’ ਦਰ’ ਅਤੇ ਤੀਜੀ ਪੁਸਤਕ ਦਾ ਨਾਮ ਹੈ ‘ਕੋਠੀ  ਝਾੜ’। ‘ਕੋਠੀ ਝਾੜ’  ਵਿੱਚੋਂ ਸਭਿਆਚਾਰ ਦੀ ਤਰਜਮਾਨੀ ਕਰਦੇ ਕੁਝ ਲੇਖਾਂ ਦੇ ਆਧਾਰ ਤੇ ਲਿਖਿਆ ਅਤੇ ਇਸ ‘ਸਿਮਰਤੀ ਗ੍ਰੰਥ’ ਵਿਚ ਸ਼ਾਮਲ ਕੀਤਾ ਗਿਅਾ ਹੱਥਲਾ ਲੇਖ ਪਾਠਕਾਂ ਲੲੀ ਹਾਜ਼ਰ ਕਰਦਿਅਾਂ ਇਸ ‘ਸਿਮਰਤੀ ਗ੍ਰੰਥ’ ਦੇ ਸੰਪਾਦਕ ਡਾ. ਪ੍ਰੀਤਮ ਸਿੰਘ ਕੈਂਬੋ ਨੂੰ ਹਾਰਦਿਕ ਵਧਾਈ ਦਿੰਦਾ ਹਾਂ।— ਗ.ਸ.ਰ

***

ਪੰਜਾਬੀ ਸਭਿਆਚਾਰ ਦੀ ਪੇਸ਼ਕਾਰੀ—✍️ਡਾ. ਗੁਰਦਿਆਲ ਸਿੰਘ ਰਾਏ
(ਪ੍ਰੋ. ਿਪਆਰਾ ਿਸੰਘ ਪਦਮ ਦੀ ਪੁਸਤਕ ‘ਕੋਠੀ ਝਾੜ’  ਦੇ ਸੰਦਰਭ ਵਿਚ)

ਪੰਜਾਬੀ ਸਾਹਿਤ ਦੇ ਗੌਰਵਮਈ ਇਤਿਹਾਸ ਵਿਚ  ਪ੍ਰੋ.  ਪਿਆਰਾ  ਸਿੰਘ ਪਦਮ ਦਾ ਨਾਮ ਸਦਾ ਹੀ  ਇਕ ਿਸ਼ਰੋਮਣੀ  ਚਿੰਤਕ, ਵਿਦਵਾਨ ਖੋਜੀ, ਮੌਲਕ ਸੋਚ ਦੇ ਧਾਰਨੀ, ਗੁਰਮਤਿ ਅਨੁਸਾਰ ਸਾਦਾ ਜੀਵਨ ਜੀਉਣ ਵਾਲੇ, ਕਲਮ ਦੇ  ਅਣਥੱਕ ਧਨੀ ਅਤੇ ਸਿਰੜ ਦੇ ਪੱਕੇ ਖੋਜੀ ਚਿੰਤਕ ਦੇ ਰੂਪ ਵਿਚ ਚਮਕਦਾ ਰਹੇਗਾ। ਪਦਮ ਜੀ ਸਰੀਰ ਕਰਕੇ ਅੱਜ  ਸਾਡੇ ਵਿਚਕਾਰ ਨਹੀਂ ਹਨ ਪਰ ਉਹਨਾਂ ਵਲੋਂ 100 ਦੇ ਲਗਪਗ ਲਿਖੀਆਂ ਗਈਆਂ ਪੁਸਤਕਾਂ ਅਤੇ ਅਨਗਿਣਤ  ਲਿਖੇ ਗਏ ਲੇਖ ਉਹਨਾਂ ਨੂੰ ਸਦੀਵੀ ਜੀਵਤ ਰੱਖਣ ਲਈ ਪਰਿਆਪਤ ਹਨ। ਆਪਣੇ ਜੀਵਨ ਦੇ ਮੁਢਲੇ ਸਮੇਂ ਤੋਂ ਹੀ  ਪਦਮ ਹੁਰੀਂ ਗੁਰਬਾਣੀ ਅਤੇ ਪੰਜਾਬੀ ਸਾਹਿਤ ਦੀ ਖੋਜ ਵਿਚ ਐਸੇ ਜੁੜੇ ਕਿ ਫਿਰ ਉਨ੍ਹਾਂ ਪਿਛ੍ਹਾਂ ਮੁੜ ਕੇ ਨਹੀਂ  ਵੇਖਿਆ। ਪਦਮ ਹੁਰਾਂ ਦੀ ਰਚਨਾਵਲੀ ਦੀ  ਸੂਚੀ  ਬਹੁਤ ਵੱਡੀ  ਹੈ  ਜਿਸਦੇ  ਵਿਸਥਾਰ  ਵਿੱਚ  ਨਾ  ਜਾਂਦਿਆਂ  ਹੱਥਲੀ ਵਿਚਾਰ ਦੀ ਸੀਮਾਂ ਨਿਰਧਾਰਿਤ ਕਰਨੀ  ਵਾਜਬ ਬਣਦੀ  ਹੈ।

ਦਰਅਸਲ ਪਦਮ ਜੀ ਦੇ ਸਰੀਰ ਤਿਆਗਣ ਉਪਰੰਤ  ਤਿੰਨ ਹੋਰ ਮਹਤੱਵਪੂਰਨ ਪੁਸਤਕਾਂ ਦੀ  ਪ੍ਰਕਾਸ਼ਣਾ  ਹੋਈ।  ਪਹਿਲੀਅਾਂ ਦੋ ਪੁਸਤਕਾਂ ਹਨ  ‘ਗੁਰੂ  ਸਰ’ ਤੇ ‘ਗੁਰੂ’ ਦਰ ਅਤੇ ਤੀਜੀ  ਪੁਸਤਕ  ਦਾ  ਨਾਮ  ਹੈ  ‘ਕੋਠੀ  ਝਾੜ’।  ਇਹਨਾਂ ਪੁਸਤਕਾਂ ਨੂੰ ਛਾਪਣ ਲਈ  ਤਿਆਰ ਕਰਨ ਦਾ ਬਹੁਤ ਹੀ ਸ਼ਲਾਘਾ ਯੋਗ ਉਦੱਮ ਪਦਮ ਹੁਰਾਂ  ਦੀ  ਸਪੁੱਤਰੀ ਡਾ.  ਹਰਿੰਦਰ ਕੌਰ ਨੇ ਕੀਤਾ। ਇਹਨਾਂ ਤਿੰਨਾਂ ਹੀ ਪੁਸਤਕਾਂ  ਵਿਚ ਉਹ ਰਚਨਾਵਾਂ ਸ਼ਾਮਲ ਕੀਤੀਆਂ  ਗਈਆਂ ਜੋ ਅਜੇ ਤਕ  ਪਹਿਲਾਂ  ਪੁਸਤਕ  ਰੂਪ  ਵਿਚ  ਨਹੀਂ  ਸਨ  ਆਈਆਂ।

‘ਗੁਰੂ  ਸਰ’ ਪੁਸਤਕ  ਸਿੱਖੀ ਵਿਚਾਰਾਂ-ਅਕੀਦਿਆਂ ਅਤੇ ਸੰਕਲਪਾਂ ਨਾਲ ਭਰਪੂਰ  ਹੈ।  ਇਸ  ਪੁਸਤਕ ਰਾਹੀਂ ਵੀ  ਖੋਜ ਨਾਲ ਭਰੀ  ਉਹਨਾਂ  ਦੀ ਕਾਵਿ-ਮਈ ਅਤੇ ਰਸ ਭਿੱਜੀ ਭਾਸ਼ਾ ਦੇ ਦਰਸ਼ਣ ਹੁੰਦੇ ਹਨ। ਪਦਮ ਹੁਰਾਂ ਨੂੰ ਭਾਸ਼ਾ  ‘ਤੇ  ਪੂਰਾ ਅਬੂਰ ਹਾਸਲ ਸੀ। ਦੂਜੀ ਪੁਸਤਕ  ‘ਕੋਠੀ ਝਾੜ’  ਹੈ।  ਇਸ ਪੁਸਤਕ ਸੰਬੰਧੀ ‘ਦੋ  ਸ਼ਬਦ’  ਲਿਖਦਿਆਂ ਬੀਬੀ  ਹਰਿੰਦਰ ਕੌਰ ਨੇ ਬਹੁਤ ਹੀ ਸੰਖੇਪ ਪਰ ਰਸ-ਗੁੱਧੀ ਸ਼ੈਲੀ-ਸ਼ਬਦਾਵਲੀ ਰਾਹੀਂ ‘ਕੋਠੀ  ਝਾੜ’ ਨਾਂ  ਨੂੰ  ਵਿਸ਼ੇਸ਼ ਅਰਥ  ਦੇਂਦਿਆਂ ਮਹਤੱਵ-ਪੂਰਨ ਜਾਣਕਾਰੀ  ਦਿੱਤੀ, ਜਿਸ ਦਾ ਜ਼ਿਕਰ ਕਰਨਾ ਬਣਦਾ ਹੈ। ਹੋ ਸਕਦਾ ਹੈ ਕਿ ਲੇਖਕ ਵਾਂਗ  ਹੀ ਸ਼ਾਇਦ ਕਿਸੇ ਹੋਰ ਪਾਠਕ ਦੇ ਗਿਆਨ ਭੰਡਾਰ ਵਿਚ ਵੀ ਵਾਧਾ ਹੋ ਜਾਵੇ। ਘਰ ਵਿਚ ਧੀ-ਪੁੱਤਰ ਦੇ ਵਿਆਹ  ਮੌਕੇ ਹੋਰ ਰਸਮਾਂ ਰਿਵਾਜ਼ਾਂ ਦੇ ਨਾਲ-ਨਾਲ ਪਹਿਲਾਂ ਸ਼ਗਨਾਂ ਦੇ ਆਰੰਭ ਵਜੋਂ ਮਾਂ ਆਪਣੇ ਪੇਕੇ ਘਰ ‘ਭੇਲੀ’ ਲੈ ਕੇ  ਜਾਂਦੀ ਹੈ ਅਤੇ ਫਿਰ ਕਾਰਜ ਦੀ ਸੰਪੂਰਨਤਾ ਮਗਰੋਂ ਥੋੜੇ ਦਿਨਾਂ ਬਾਅਦ ‘ਕੋਠੀ ਝਾੜ’  ਲੈ  ਕੇ ਪੇਕੇ ਪੁੱਜਦੀ ਹੈ। ਕੋਠੀ  ਝਾੜ ਆਮ ਤੌਰ ਤੇ ਵਿਆਹ ਦੀ ਬੱਚੀ-ਖੁਚੀ ਉਹ ਮਠਿਆਈ ਹੁੰਦੀ ਹੈ ਜਿਸ  ਵਿਚ ਮਠਿਆਈ  ਦੇ  ਸਾਰੇ  ਸੁਆਦ   ਰਲੇ-ਮਿਲੇ ਹੁੰਦੇ ਹਨ। ਇਸ ਵਿਚ ਲਡੂ, ਜਲੇਬੀਆਂ, ਬਰਫ਼ੀ, ਪਕੌੜੇ-ਪਕੌੜੀਆਂ, ਬਾਲੂ-ਸ਼ਾਹੀਆਂ, ਮਖਾਣੇ, ਨਮਕੀਨ  ਮੱਠੀਆਂ ਆਦਿ ਰਹਿੰਦ-ਖੂੰਦ ਸਭ ਕੁਝ ਰਲਿਆ-ਮਿਲਿਆ ਇਕ ਵੱਖਰਾ ਹੀ ਅਨੋਖਾ ਜਿਹਾ ਸੁਆਦ ਦਿੰਦਾ ਹੈ।  ਇਸ  ਪੁਸਤਕ ਵਿਚ ਦਰਜ ਸਾਰੇ ਹੀ ਲੇਖ, ਇਸ ਰਲੀ-ਮਿਲੀ ਮਠਿਆਈ ਵਾਂਗ ਹੀ ਇਕ ਅਨੂਠਾ ਸੁਆਦ ਦਿੰਦੇ ਹਨ।

ਇਸ ਪੁਸਤਕ ਵਿਚ ਦਰਜ ਨਿਬੰਧਾਂ ਵਿੱਚੋਂ ਤਾਂ ਖੋਜ ਦੇ ਨਾਲ ਨਾਲ ਪੰਜਾਬੀ ਸਭਿਆਚਾਰ ਠਾਠਾਂ ਮਾਰਦਾ  ਨਜ਼ਰੀਂ  ਪੈਂਦਾ ਹੈ। ਹਰ ਨਿਬੰਧ ਵਿੱਚ ਵਿਸ਼ੇ ਅਨਕੂਲ ਬਹੁਤ ਹੀ ਸਰਲ-ਸਪਾਟ ਅਤੇ ਸਹਿਜ ਨਾਲ ਅਜਿਹੀ ਭੂਮਿਕਾ ਬੰਨ੍ਹੀ ਮਿਲਦੀ ਹੈ ਕਿ ਪਾਠਕ ਦੀ ਇਕਾਗਰਤਾ ਕਾਇਮ ਰਹਿੰਦੀ ਹੈ।  ਬਿਰਤੀ  ਬਿਖਰਦੀ  ਨਹੀਂ। ਗੱਲ  ਕਹਿਣ ਦਾ ਨਿਰਾਲਾ ਢੰਗ ਕੀਲਦਾ ਹੈ ਅਤੇ ਪੰਜਾਬੀ ਬੋਲੀ, ਪੰਜਾਬੀ ਰਹਿਣੀ-ਸਹਿਣੀ ਅਤੇ ਪੰਜਾਬੀ ਸਭਿਆਚਾਰ ਦੇ ਨਮੂਨੇ ਥਾਂ ਪੁਰ ਥਾਂ ਮਿਲਦੇ ਹਨ। ਅਨੂਠੀ ਮਠਿਆਈ ਦਾ ਸੁਆਦ ਮਿਲਦਾ ਹੈ।

ਉਂਜ ਸਭਿਆਚਾਰ ਆਮ ਕਰਕੇ ਅਤੇ ਪੰਜਾਬੀ ਸਭਿਆਚਾਰ ਵਿਸ਼ੇਸ਼ ਕਰਕੇ ਇਕ ਅਜਿਹਾ ਸੰਕਲਪ ਹੈ ਜਿਸਦਾ  ‘ਇਕ ਨਿਸਚਿਤ ਅਰਥ ਨਿਖੇੜਨਾ ਤੇ ਸਥਾਪਿਤ ਕਰਨਾ ਔਖਾ’ ਮੰਨਿਆ ਗਿਆ ਹੈ। ਪਰ ਈ.ਬੀ. ਟਾਇਲਰ   ਅਨੁਸਾਰ, ‘ਸਭਿਆਚਾਰ ਜਾਂ ਸਭਿਅਤਾ ਆਪਣੇ ਮਾਨਵ ਜਾਤੀ ਵਿਗਿਆਨਿਕ ਅਰਥਾਂ ਵਿਚ ਅਜਿਹਾ ਜਟਿਲ  ਸਮੁੱਚ ਹੈ, ਜਿਸ ਵਿੱਚ ਗਿਆਨ, ਕਲਾ, ਨੀਤੀ, ਨਿਯਮ, ਸੰਸਾਰਕ ਅਤੇ ਹੋਰ ਸਾਰੀਆਂ ਉਨ੍ਹਾਂ ਸਮਰਥਾਵਾਂ ਅਤੇ  ਆਦਤਾਂ ਦਾ ਸਮਾਵੇਸ਼ ਹੁੰਦਾ ਹੈ, ਜਿਹੜੀਆਂ ਮਨੁੱਖ ਸਮਾਜ ਦਾ ਮੈਂਬਰ ਹੋਣ ਦੇ ਨਾਤੇ ਗ੍ਰਹਿਣ ਕਰਦਾ ਹੈ।’

ਇਸੇ ਹੀ ਉਪਰੋਕਤ ਪਰਿਭਾਸ਼ਾ ਨੂੰ ਬੜੀ ਸਰਲਤਾ ਅਤੇ ਤਰਲਤਾ ਨਾਲ ਪਦਮ ਹੁਰੀਂ ਆਪਣੇ ਇਕ ਲੇਖ ‘ਸਾਨੂੰ   ਮਾਣ ਹੈ ਪੰਜਾਬੀ ਸਭਿਆਚਾਰ ‘ਤੇ’  ਵਿਚ ਸੰਸਕ੍ਰਿਤੀ ਜਾਂ ਸਭਿਆਚਾਰ ਨੂੰ ਸਪਸ਼ਟ ਕਰਦਿਆਂ ਲਿਖਦੇ ਹਨ: ਸੁਘੜ  ਸੁਚੱਜੇ ਮਨੁੱਖ ਦਾ ਸੱਚਾ-ਸੁੱਚਾ ਆਚਾਰ-ਵਿਹਾਰ ਸੰਸਕ੍ਰਿਤੀ ਹੈ। ਇਸ ਵਿਚ ਪਰੰਪਰਾਈ ਵਿਸ਼ਵਾਸ਼, ਮੰਨਤ,  ਆਦਰਸ਼, ਧਰਮ-ਕਰਮ, ਕਲਾ  ਕੌਸ਼ਲਤਾ, ਰੀਤੀ-ਰਿਵਾਜ਼, ਰਹਿਣੀ- ਬਹਿਣੀ, ਖਾਣ-ਪੀਣ-ਪਹਿਨਣ  ਤੇ  ਬੋਲ-ਚਾਲ ਸਭ ਕੁਝ ਆ ਜਾਂਦਾ ਹੈ। ਸੰਸਕ੍ਰਿਤੀ ਜਾਂ ਸਭਿਆਚਾਰ ਦਾ ਅਰਥ ਹੀ ਸਾਜਿਆ-ਸੰਵਾਰਿਆ ਜਾਣਾ ਹੈ ਤੇ ਇਸ  ਸੱਜਣ-ਸੰਵਰਨ ਵਿਚ ਸਾਡੀ ਆਤਮਾ, ਮਨ  ਇੰਦਰੇ ਤੇ ਜ਼ਬਾਨ ਸਭੋ ਸ਼ਾਮਲ ਹਨ। ਧਰਮ, ਆਤਮਾ ਤੇ ਮਨ ਦੀ  ਸ਼ੁਧੀ ਉੱਤੇ ਜ਼ੋਰ ਦਿੰਦਾ ਹੈ ਅਤੇ ਕਲਾ ਸਾਡੀਆਂ ਇੰਦ੍ਰੀਆਂ, ਸਰੀਰ ਅਤੇ ਆਲੇ-ਦੁਆਲੇ ਨੂੰ ਸੰਵਾਰਣ ਦਾ ਕੰਮ   ਕਰਦੀ ਹੈ। ਸੋ ਸਭਿਆਚਾਰ ਜਾਂ ਸੰਸਕ੍ਰਿਤੀ ਵਧੀਆ ਸੁਘੜ ਜੀਵਨ ਜਾਚ ਹੀ ਹੈ, ਜੋ ਸਾਨੂੰ ਮਨ, ਬਾਣੀ, ਕਰਮ  ਕਰਕੇ ਸਹੀ ਤੇ ਸੁਚੱਜੇ ਕੰਮ, ਸੋਹਣੀ ਤਰ੍ਹਾਂ ਕਰਨਾ ਸਿਖਾਉਂਦੀ ਹੈ।

ਉਂਜ ਤੇ ‘ਕੋਠੀ ਝਾੜ’ ਦੇ ਸਾਰੇ ਹੀ ਲੇਖ ਇਕ ਤੋਂ ਇਕ ਵੱਧ-ਚੜ੍ਹਕੇ ਪਦਮ ਹੁਰਾਂ ਦੀ ਲੇਖਣੀ ਦੇ ਉੱਤਮ ਨਮੂਨੇ ਹਨ  ਪਰ ਹੱਥਲੀ ਵਿਚਾਰ ਲਈ ‘ਪੰਜਾਬੀ ਸਭਿਆਚਾਰ’ ਦੀ ਤਰਜਮਾਨੀ ਕਰਦੇ ਕੁਝ ਕੁ ਲੇਖਾਂ ਜਿਵੇਂ ਕਿ ‘ਵਿਆਹ ਸਮੇਂ  ਦੀ ਲੋਕ ਕਵਿਤਾ’, ‘ਲੋਕ ਕਾਵਿ ਰੂਪ ਜੰਞਾਂ’, ‘ਲੋਕ ਗੀਤਾਂ ਵਿਚ ਧਾਰਮਿਕ ਤੇ ਨੈਤਿਕ ਤੱਤ’, ‘ਜਰਗ ਦਾ ਮੇਲਾ’  ਨੂੰ  ਹੀ ਸੰਕੇਤਕ ਪੇਸ਼ਕਾਰੀ ਲਈ ਚੁਣਿਆ ਗਿਆ ਹੈ।

ਇਨ੍ਹਾਂ  ਸਾਰੀਆਂ ਰਚਨਾਵਾਂ ਦਾ ਮੁੱਖ ਸੁਰ, ਸਭਿਆਚਾਰ ਦੀ ਚੂਲ ਵਜੋਂ ਧਾਰਮਿਕ/ਗੁਰਮਤਿ ਜਾਂ ਲੋਕ-ਪ੍ਰਚੱਲਤ  ਰਹੁ-ਰੀਤਾਂ ਨਾਲ ਹੈ। ਧਰਮ ਦਾ ਕਿਰਦਾਰ ਬੜਾ ਹੀ ਮਹੱਤਵ ਪੂਰਨ ਹੈ ਕਿਉਂ ਜੋ ਇਹ ਮਨੁੱਖ ਨੂੰ ਸਦਾਚਾਰੀ ਹੋਣ  ਦੀ ਪ੍ਰੇਰਨਾ ਦਿੰਦਾ ਹੈ। ਸਦਾਚਾਰ ਜਾਂ ਨੈਤਿਕਤਾ ਹੀ ਬੰਦੇ ਨੂੰ ਕਿਸੇ ਅਰਥ ਭਰਪੂਰ ਉਚਿਆਈ ‘ਤੇ ਜਾ ਖੜ੍ਹਾਂਦੀ ਹੈ।  ਸਮਾਜ ਵਿਚ ਸਹੀ ਵਰਤਾਰਾ ਸਹੀ ਧਰਮ, ਸਦਾਚਾਰ ਜਾਂ ਨੈਤਿਕਤਾ ਦੇ ਸਿਰ ‘ਤੇ ਹੀ ਹੈ, ਨਹੀਂ ਤਾਂ ਬਸ ਆਪਾ-ਧਾਪੀ ਹੀ ਹੈ। ਸੰਸਾਰ ਦੇ ਸਾਰੇ ਧਰਮ ਹੀ, ਆਮ ਕਰਕੇ ਜਨ ਜੀਵਨ ਨੂੰ ਚੰਗੇਰਾ ਹੀ ਬਣਾਉਣ ਦੇ ਯਤਨ ਵਿਚ  ਹਨ। ਭਾਵੇਂ ਕਿ ਇਸ ਸੰਬੰਧੀ ਕਈ ਅਪਵਾਦ ਹੋ ਸਕਦੇ ਹਨ। ਪਰ ਫਿਰ ਵੀ ਧਰਮ, ਸਿੱਖ ਧਰਮ ਵੀ,  ਪੰਜਾਬੀ  ਜਨ ਜੀਵਨ ਨੂੰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੋਂ ਸੁਚੇਤ ਰਹਿਣ ਦੀ ਹਦਾਇਤ ਕਰਦਿਆਂ ਆਪਣਾ ਆਪਾ   ਨਿਖਾਰਨ ਲਈ ਸੰਜਮ, ਸਹਿਨਸ਼ੀਲਤਾ, ਨਿਮਰਤਾ, ਸਤ-ਸੰਤੋਖ, ਦਇਆ, ਖਿਮਾ ਆਦਿ ਗੁਣਾਂ ਦਾ ਧਾਰਨੀ ਹੋਣ  ਲਈ  ਪ੍ਰੇਰਦਾ  ਹੈ।

ਜੇਕਰ ਵਿਆਹ-ਸ਼ਾਦੀ ਦੀ ਗੱਲ ਕਰੀਏ ਤਾਂ ਪਦਮ ਹੁਰੀਂ ਆਪਣੇ ਲੇਖ ‘ਵਿਆਹ ਸਮੇਂ ਦੀ ਲੋਕ ਕਵਿਤਾ’ ਵਿਚ ਜਿੱਥੇ  ਵਿਆਹ ਸਮੇਂ ਦੀ ਲੋਕ ਕਵਿਤਾ ਦੇ ਰੂ-ਬ-ਰੂ ਕਰਾਉਂਦੇ ਹਨ, ਉਸਦੇ ਨਾਲ ਹੀ ਵਿਆਹ ਸੰਸਕਾਰ ਦੀ ਮਹੱਤਤਾ  ਸਬੰਧੀ ਦਸਦਿਆਂ, ਸਿੱਖ ਮਰਿਯਾਦਾ ਅਨੁਸਾਰ, ਪ੍ਰਚਲਿੱਤ ਚਲਨ ਦੇ ਉਲਟ, ਵੈਰਾਗੀ ਬਣਕੇ ਸਮਾਜਿਕ  ਜਿੰਮੇਵਾਰੀਆਂ ਤੋਂ ਭੱਜਣ ਦੀ ਥਾਂ ‘ਗ੍ਰਹਿਸਤ ਧਰਮ’ ਦੀ ਵਡਿਆਈ ਕਰਦਿਆਂ ‘ਅਨੰਦ ਸੰਸਕਾਰ’ ਅਪਨਾਉਣ  ਦੀ  ਪ੍ਰੇਰਨਾ ਦਿੰਦੇ ਹਨ। ਸਿਧਾਂਤਕ ਤੌਰ ਤੇ ਜਦੋਂ ‘ਸਗਲ ਧਰਮ ਮੈ ਗ੍ਰਹਿਸਤੁ ਪ੍ਰਧਾਨ ਹੈ’ ਦਾ ਫੈਸਲਾ ਹੋ ਗਿਆ ਤਾਂ ਫਿਰ ਪੰਜਾਬੀ ‘ਹਸੰਦਿਆਂ ਖੇਲੰਦਿਆਂ ਪੈਨੰਦਿਆਂ ਖਾਵੰਦਿਆਂ ਵਿਚੇ ਹੋਵੇ ਮੁਕਤਿ’ ਦੇ ਰਾਹ ਤੁਰ ਪੈਂਦਾ ਹੈ।  ਇੰਜ  ਵਿਆਹ  ਸੰਸਕਾਰ ਵਿਚ ‘ਅਨੰਦ’ ਦੀ ਰਸਮ ਦੇ ਨਾਲ ਨਾਲ ਹੱਸਣਾ, ਖੇਡਣਾ, ਪਹਿਨਣਾ ਅਤੇ ਖਾਣਾ ਵੀ ਸ਼ਾਮਲ ਹੋਗਿਆ।  ਭਾਵ ਵਿਆਹ ਸ਼ਾਦੀਆਂ ਦੇ ਮੌਕੇ ਹੋਰ ਵੀ ਬਹੁਤ ਰੰਗੀਲੇ ਹੋ ਗਏ। ਵਿਆਹ ਸੰਸਕਾਰ ਦੀ ਰਸਮ ਬੜੇ ਚਾਵਾਂ-ਮਲ੍ਹਾਰਾਂ   ਨਾਲ ਆਰੰਭੀ  ਗਏ।  ਵਾਜੇ-ਗਾਜੇ  ਨਾਲ, ਤਰ੍ਹਾਂ ਤਰ੍ਹਾਂ ਦੀਆਂ ਸਵਾਰੀਆਂ ਜਿਵੇਂ ਕਿ ਹਾਥੀ, ਘੋੜੇ ਅਤੇ ਰੱਥ ਆਦਿ  ਲੈ ਕੇ ਜਦੋਂ ਸਜੇ-ਧਜੇ ਜਾਂਞੀ ਰੰਗ-ਬਰੰਗੀਆਂ ਪੁਸ਼ਾਕਾਂ ਪਹਿਨ ਕੇ, ਲਾੜੀ ਦੇ ਘਰ ਪਹੁੰਚਦੇ ਤਾਂ ਲਾੜੇ ਸਮੇਤ ਸਾਰੀ  ਜੰਞ ਦਾ ਸੁਆਗਤ ਅਤੇ ਆਉ-ਭਗਤ ਕੀਤੀ ਜਾਂਦੀ ਹੈ ਤਾਂ ਉਸਦੇ ਨਾਲ ਹੀ ਲੋਕ ਕਾਵਿ ਦੀਆਂ ਵੱਖ-ਵੱਖ ਵੰਣਗੀਆਂ  ਜਿਵੇਂ ਕਿ ਘੋੜੀਆਂ, ਸੁਹਾਗ ਅਤੇ ਜੰਞ ਬੰਨ੍ਹਣ ਆਦਿ ਦਾ ਨਜ਼ਾਰਾ ਸੁਣਨ-ਵੇਖਣ ਵਾਲਾ ਹੀ ਬਣ ਜਾਂਦਾ। ਸਭ  ਖੁਸ਼ੀਆਂ ਮੰਨਾਉਂਦੇ, ਹਾਸੇ-ਮਖੌਲ ਦਾ ਕੋਈ ਬੁਰਾ ਨਾ ਮੰਨਾਉਂਦਾ:

ਸਾਡੇ ਤਾਂ ਵਿਹੜੇ ਮੁੱਢ ਮਕਈ ਦਾ, ਦਾਣੇ ਤਾਂ ਮੰਗਦਾ ਉੱਧਲ ਗਈ ਦਾ।
ਭੱਠੀ ਤਾਂ ਤੱਪਦੀ ਨਹੀਂ, ਨਿਲੱਜਿਓ! ਲੱਜ ਤੁਹਾਨੂੰ ਨਹੀਂ।
ਸਾਡੇ ਤਾਂ ਵਿਹੜੇ ਤਾਣਾ ਤਣੀਦਾ, ਲਾੜੇ ਦਾ ਪਿਉ ਕਾਣਾ ਸੁਣੀਂਦਾ।
ਐਨਕ ਤਾਂ ਲਾਉਣੀ ਪਈ, ਨਿਲੱਜਿਓ! ਲੱਜ ਤੁਹਾਨੂੰ ਨਹੀਂ।

Pritam Singh Kambo
ਡਾ. ਪ੍ਰੀਤਮ ਸਿੰਘ ਕੈਂਬੋ

ਪੰਜਾਬੀ ਸਭਿਆਚਾਰ ਦੇ ਕੁਝ ਅੰਸ਼ ਹਨ: ਪੰਜਾਬੀਆਂ ਦਾ ਪਰੰਪਰਾਗਤ ਵਿਸ਼ਵਾਸ਼, ਧਰਮ, ਵਿਆਹ ਸੰਸਕਾਰ  ਅਤੇ ਵਿਆਹ ਸੰਸਕਾਰ ਵੇਲੇ ਦੀਆਂ ਵੱਖ ਵੱਖ ਰੀਤਾਂ ਰਿਵਾਜ, ਪੰਜਾਬੀਆਂ ਦਾ ਪਹਿਰਾਵਾ, ਸਜਣ-ਸੰਵਰਨ ਦੀ  ਚਾਹ, ਹਾਰ-ਸ਼ਿੰਗਾਰ, ਗਹਿਣੇ-ਗੱਟੇ, ਲੋਕ ਗੀਤ, ਖੇਡਾਂ, ਮੇਲੇ ਆਦਿ। ਪਰ ਸਭਿਆਚਾਰ ਖੜੋਤ ਵਾਲਾ ਨਹੀਂ ਹੁੰਦਾ  ਸਗੋਂ ਗਤੀਸ਼ੀਲ ਹੁੰਦਾ ਹੈ ਅਤੇ ਭੂਗੋਲਿਕ ਖਿੱਤੇ ਦੀਆਂ ਭਿੰਨ-ਭਿੰਨ ਪ੍ਰਕਾਰ ਦੀਆਂ ਸਥਾਨਕ ਲੋੜਾਂ ਅਤੇ  ਪਰਿਸਥਿਤੀਆਂ ਅਨੁਸਾਰ ਵੱਖਰਾ-ਵੱਖਰਾ ਮਿਲਦਾ ਹੈ।  ਇਹ ਗੱਲ ਸੁਪ੍ਰਸਿੱਧ ਹੈ ਕਿ ਬਾਰਾਂ ਕੋਹਾਂ ਤੇ ਬੋਲ-ਚਾਲ ਦੀ ਭਾਸ਼ਾ ਅਤੇ ਰਹੁ-ਰੀਤਾਂ ਵਿੱਚ ਥੋੜਾ ਬਹੁਤਾ ਅੰਤਰ ਵੀ ਵੇਖਣ ਨੂੰ ਮਿਲਦਾ ਹੈ। ਉਪ-ਭਾਸ਼ਾ ਅਨੁਸਾਰ ਸ਼ਬਦਾਂ  ਦਾ  ਰੂਪ ਬਦਲਵਾਂ ਮਿਲਦਾ ਹੈ, ਜਿਵੇਂ ਕਿ ਦੇਵੀਂ ਤੋਂ ਦੇਈਂ, ਸਾਡੇ ਤੋਂ ਸਾਡੜੇ ਜਾਂ ਕਿਵੇਂ ਤੋਂ ਕਿਦਾਂ ਆਦਿ।

ਵਿਆਹ ਮੌਕੇ ਲਾੜੇ ਦੇ ਘਰ ਇਸਤਰੀਆਂ ਵਲੋਂ ਗਾਏ ਜਾਣ ਵਾਲੇ ਲੋਕ-ਗੀਤ ਘੌੜੀਆਂ ਕਹਾਉਂਦੇ ਹਨ।  ਇਨ੍ਹਾਂ  ਵਿਚ  ਮੁੰਡੇ ਦੇ ਪਰਵਾਰ ਦੇ ਜੀਆਂ ਦੀਆਂ ਸਿਫਤਾਂ ਕਤਿੀਆਂ ਮਿਲਦੀਆਂ  ਹਨ। ਘੋੜੀ ਚੜ੍ਹਨ ਵੇਲੇ ਦੀਆਂ ਰਸਮਾਂ ਅਤੇ  ਵਰ ਦੇ ਨਾਲ ਨਾਲ ਘੋੜੀ ਦਾ ਵੀ ਵਿਸ਼ੇਸ਼ ਹਾਰ-ਸ਼ਿੰਗਾਰ  ਹੁੰਦਾ। ਇੰਜ ਹੀ ਵਿਆਹੀ ਜਾਣ ਵਾਲੀ ਲਾੜੀ ਦੇ ਘਰ ਵੀ  ਸੁਹਾਗ ਦੇ ਗੀਤ ਗਾਏ ਜਾਂਦੇ। ਸੁਹਾਗ ਦੇ ਗੀਤਾਂ ਵਿੱਚ ਲੜਕੀ ਦਾ ਪਿਤਾ ਇਕ ਰਾਜੇ ਦੇ ਰੂਪ ਵਿੱਚ ਬਾਬਲ ਹੈ।  ਅੱਜ ਭਾਵੇਂ ਸਮੇਂ ਦੇ ਨਾਲ ਬਹੁਤ ਕੁਝ ਬਦਲਦਾ ਜਾ ਰਿਹਾ ਹੈ ਫਿਰ ਵੀ ਇਹਨਾਂ ਰਸਮਾਂ ਨੂੰ ਅੱਜ ਵੀ ਕਿਸੇ ਨਾ ਕਿਸੇ  ਬਦਲਵੇਂ ਰੂਪ ਵਿਚ ਨਿਭਾਇਆ ਹੀ ਜਾਂਦਾ ਹੈ। ਜਿਵੇਂ ਕਿ ਹੁਣ ਘੋੜੀ ਦੀ ਥਾਂ ਕਾਰ ਨੇ ਲੈ ਲਈ ਹੈ ਅਤੇ ਸ਼ਹਿਰਾਂ  ਵਿਚ  ਲੋਕ-ਗੀਤਾਂ ਦੀਆਂ ਰਸਮਾਂ ਨੇ ਭੰਗੜੇ ਅਤੇ ਬਿਜਲਈ-ਗਾਣਿਆਂ ਨੇ ਲੈ ਲਈ  ਹੈ।

ਪਦਮ ਹੁਰਾਂ ‘ਵਿਆਹ ਸਮੇਂ ਦੀ ਲੋਕ ਕਵਿਤਾ’ ਅਤੇ ‘ਲੋਕ ਕਾਵਿ ਰੂਪ ਜੰਞਾਂ’ ਵਿੱਚ ਜੰਞ ਬੰਨ੍ਹਣ ਦੀ ਇੱਕ ਰਸਮ ਦਾ  ਬਹੁਤ ਹੀ ਪਿਆਰਾ ਵਰਨਣ ਕੀਤਾ ਹੈ ਜੋ ਪੰਜਾਬੀ ਸਭਿਆਚਾਰ ਦੀ ਇਕ ਹੋਰ ਝਾਕੀ ਪੇਸ਼ ਕਰਦਾ ਹੈ। ਲਾੜੀ ਦੇ   ਘਰ ਜਦੋਂ ਲੜਕੇ ਵਾਲੇ ਸੱਜ-ਧੱਜ ਕੇ ਵਿਆਹੁਣ ਪਹੁੰਚਦੇ ਤਾਂ ਲੜਕੀ ਵਾਲਿਆ ਵਲੋਂ ਸਾਰੀ ਜੰਞ ਦਾ ਨਿੱਘਾ  ਸੁਆਗਤ ਕੀਤਾ ਜਾਂਦਾ ਹੈ। ਪਰ ਨਾਲ ਹੀ ਜਾਂਞੀਆਂ ਨੂੰ ਰੋਟੀ ਖੁਆਉਣ ਵੇਲੇ ਸਿੱਠਣੀਆਂ, ਹਾਸੇ-ਠੱਠੇ ਤੇ  ਵਿਅੰਗਮਈ ਲੋਕ-ਕਵਿਤਾ ਰਾਹੀਂ  ਠਿੱਠ ਵੀ ਕੀਤਾ ਜਾਂਦਾ। ਕੋਈ  ਗੁੱਸਾ ਨਹੀਂ ਕਰਦਾ, ਕੁੜਮ ਤੇ ਕੁੜਮਣੀ ਦੀ ਵੀ  ਚੰਗੀ ਛਿੱਲ ਲਾਹੀ ਜਾਂਦੀ ਹੈ। ਪਰ ਰੋਟੀ ਸਮੇਂ ਦੀ ਇੱਕ ਹੋਰ ਬਹੁਤ ਹੀ ਪਿਆਰੀ ਰਸਮ ਵੀ ਹੁੰਦੀ ਜੋ ‘ਜੰਞ ਬੰਨ੍ਹਣਾ’  ਕਹਿਲਾਉਂਦੀ ਸੀ। ਜੰਞ ਬੰਨ੍ਹਣ ਦਾ ਅਰਥ ਇਹ ਨਹੀਂ ਕਿ ਰੋਟੀ ਖਾਣ ਤੋਂ ਪਹਿਲਾਂ ਸਾਰੀ ਜੰਞ ਨੂੰ ਕਿਸੇ ਰੱਸੀ ਜਾਂ  ਜਾਲ ਨਾਲ ਬੰਨ੍ਹਿਆ ਜਾਂਦਾ ਸੀ। ਸਗੋਂ ਇਸ ਨੂੰ ‘ਸਮੂਹਿਕ’ ਤੌਰ ਤੇ ਜੰਞ ਦੀ ਪਰੀਖਿਆ ਕਿਹਾ ਜਾ ਸਕਦਾ ਹੈ। ਇਸ  ਬੰਨ੍ਹੀ ਜੰਞ ਨੂੰ ਖੋਲ੍ਹਣ ਦੀ ਰਵਾਇਤ ਅਤੇ ਕਵਾਇਦ ਨੇ ਦਰਜਨਾਂ ਹੀ ਕਵੀ/ਕਵੀਸ਼ਰ ਪੈਦਾ ਕੀਤੇ ਜਿਨ੍ਹਾਂ ਨੇ  ਅਨਗਿਣਤ ‘ਜੰਞਾਂ/ਪੱਤਲਾਂ’ ਲਿੱਖ ਮਾਰੀਆਂ ਅਤੇ ਇੰਜ ਪੰਜਾਬੀ ਲੋਕ-ਸਾਹਿਤ ਦੀ  ਇੱਕ ਨਵੀਂ ਕਾਵਿ-ਧਾਰਾ ਦਾ  ਹੜ੍ਹ  ਆ ਗਿਆ। ਪਦਮ ਹੁਰਾਂ ਨੇ ‘ਜੰਞ ਸਾਹਿਤ’ ਲਿਖਣ ਵਾਲਿਆਂ ਦਾ ਵੇਰਵਾ ਦੇਂਦਿਆਂ 65 ਕਵੀਆਂ ਦੇ ਲੋਕ-ਕਾਵਿ  ਸੰਗ੍ਰਿਹ ਹੋਣ ਦਾ ਜ਼ਿਕਰ ਕੀਤਾ ਹੈ।

ਬਹੁਤੇ ਵਿਸਥਾਰ ਵਿੱਚ ਜਾਣ ਦੀ ਗੁੰਜਾਇਸ਼ ਨਹੀਂ ਪਰ ਹੁੰਦਾ ਇਹ ਹੈ ਕਿ ਜੰਞ ਨੂੰ ਰੋਟੀ ਖਾਣ ਸਮੇਂ ਪਿੰਡ ਦੀ ਕੋਈ  ਹੁਸ਼ਿਆਰ ਨਾਰ ਉੱਠ ਕੇ ਕੁਝ ਟੱਪੇ ਗਾਉਂਦੀ ਕਹਿੰਦੀ ਹੈ ਕਿ ਮੈਂ ਤੁਹਾਡਾ ਖਾਣਾ ਪੀਣਾ ਬੰਦ ਕਰਦੀ ਹਾਂ ਤੇ ਇਸ ਜੰਞ  ਨੂੰ ਬੰਨ੍ਹਦੀ ਹਾਂ:

ਲੈ ਕੇ ਨਾਮ ਗੁਪਾਲ ਦਾ, ਬੰਨ੍ਹਾਂ ਜੰਞ ਮੈਂ ਆਪ।
ਖੋਲ੍ਹੇ ਬਿਨਾਂ ਜੇ ਖਾਉਗੇ, ਖਾਣਾ ਹੋਊ  ਸਰਾਪ।

ਬਸ ਫਿਰ ਜੰਞ ਵਿੱਚੋਂ ਕੋਈ ਸਿਆਣਾ ਜਾਂ ਨਾਲ ਲਿਆਂਦਾ ਗਿਆ ਕਵੀ ਉੱਠ ਕੇ ਬੰਨ੍ਹੀ ਜੰਞ ਖੋਲ੍ਹਣ ਲਈ ਆਪਣੀਆਂ ਜਵਾਬੀ ਕਾਵਿ ਟੁਕੜੀਆਂ ਬੋਲਕੇ ਬੱਝੀ ਜੰਞ ਖੁਲਵਾਉਣ ਦੀ ਕੋਸ਼ਿਸ਼ ਕਰਦਾ ਹੈ। ਇਹ ਸਿਲਸਲਾ ਕਾਫੀ ਦੇਰ ਤੱਕ  ਜਾਰੀ ਰਹਿੰਦਾ। ਇਸ ਛੰਦਾਬੰਦੀ ਵਿਚ ਮਠਿਆਈਆਂ, ਦਾਲਾਂ, ਸਬਜ਼ੀਆਂ, ਫਲਾਂ-ਫੁੱਲਾਂ ਅਤੇ ਗਹਿਣਿਆਂ ਕਪੜਿਆਂ  ਦਾ ਜ਼ਿੱਕਰ ਚਲਦਾ ਕਿ ‘ਆਹ ਵੀ ਖੋਲ੍ਹ ਦਿੱਤਾ ਤੇ ਔਹ ਵੀ ਖੋਲ੍ਹ ਦਿੱਤਾ। ਸਾਰੀਆਂ ਲਿਖੀਆਂ ਤੇ ਮਿਲੀਆਂ ਜੰਞਾਂ ਵਿਚ  ਸਾਨੂੰ ਬਹੁਤੇ ਵੇਰਵੇ ਤੇ ਦੁਹਰਾਉ ਵਿਚ ਵਿਸ਼ੇਸ਼ ਕਰਕੇ ਇਹਨਾਂ ਚੀਜ਼ਾਂ ਦੀ ਹੀ ਸੂਚੀ ਮਿਲਦੀ ਹੈ: ਕੁੜੀਆਂ ਤੇ  ਜ਼ਨਾਨੀਆਂ ਦੇ ਪੇਂਡੂ ਨਾਮ, ਗਹਿਣਿਆਂ ਦੇ ਨਾਮ, ਮਠਿਆਈਆਂ ਦੇ ਨਾਮ, ਕਪੜਿਆਂ ਦੇ ਨਾਮ, ਦਾਲਾਂ/ਭਾਜੀਆਂ ਦੇ ਨਾਮ, ਫਲਾਂ/ਫੁੱਲਾਂ ਦੇ ਨਾਮ, ਭਾਂਡਿਆਂ ਦੇ ਨਾਮ, ਸਵਾਰੀਆਂ ਦੇ ਨਾਮ, ਵਾਜਿਆਂ ਦੇ ਨਾਮ, ਸ਼ਸਤ੍ਰਾਂ ਦੇ  ਨਾਮ, ਆਤਿਸ਼ਬਾਜ਼ੀਆਂ ਅਤੇ ਸਰੀਰ ਦੇ ਅੰਗਾਂ ਦੇ ਨਾਮ ਆਦਿਕ।

ਡਾ. ਗੁਰਦਿਆਲ ਸਿੰਘ ਰਾਏ

ਇੱਥੇ ਸ਼ਾਇਦ ਇਹ ਗੱਲ ਦੱਸਣੀ ਕੁਥਾਂਹ ਨਾ ਹੋਵੇ ਕਿ ‘ਜੰਞ ਬੰਨ੍ਹਣ ਜ਼ਾਂ ਖੋਲ੍ਹਣ’  ਦਾ  ਰਿਵਾਜ ਸਾਰੇ ਪੰਜਾਬ  ਵਿਚ   ਪ੍ਰਚਲਤ ਨਹੀਂ ਸੀ। ਦੁਆਬੇ, ਮਾਝੇ ਜ਼ਾਂ ਪੋਠੋਹਾਰ ਵਿਚ ਇਸਦਾ ਪ੍ਰਚਲਣ ਨਹੀਂ ਸੀ। ਕੇਵਲ ਮਾਲਵੇ ਵਿਚ ਹੀ ਇਸ  ਰਿਵਾਜ਼ ਦਾ ਜ਼ੋਰ ਸੀ। ਪਰ ਇਸ ਰੀਤੀ ਨਾਲ ਮਾਲਵੇ ਵਿਚ ਕਵੀਸ਼ਰੀ ਦੀ ਕਲਾ ਨੂੰ ਬਹੁਤ ਪ੍ਰਫੁੱਲਤਾ ਮਿਲੀ।

ਪੰਜਾਬ ਦੀ ਰਹਿਣੀ-ਬਹਿਣੀ ਅਤੇ ਜੀਵਨ-ਬਿਧੀ ਨੂੰ ਸਮਝਣ ਲਈ, ਪਦਮ ਹੁਰਾਂ, ਵਾਜਬ ਹੀ, ਇਸ ਸਮੁੱਚੇ ਜੰਞ-ਕਾਵਿ ਦੇ ਸਵਿਸਤਾਰ ਅਧਿਐਨ ਕਰਨ ਦੀ ਲੋੜ ਉੱਤੇ ਜ਼ੋਰ ਦਿੱਤਾ ਹੈ। ਇਸ ਅਧਿਐਨ ਰਾਹੀਂ ਮੁਗ਼ਲ ਕਾਲ ਦੇ   ਪੰਜਾਬੀ ਜੀਵਨ ਦੀ ਵਿਸਥਾਰ ਵਿਚ ਹੋਰ ਜਾਣਕਾਰੀ ਪਰਾਪਤ ਹੋ ਸਕਦੀ ਹੈ।

ਪੰਜਾਬੀ ਸਭਿਆਚਾਰ ਦੀ ਪੇਸ਼ਕਾਰੀ ਦੇ ਨਮੂਨੇ ਸਾਨੂੰ ਪੰਜਾਬੀ ਲੋਕ-ਗੀਤਾਂ ਅਤੇ ਮੇਲਿਆਂ ਤੋਂ ਬਾਖੂਬੀ ਮਿਲਦੇ ਹਨ।  ਲੋਕ ਗੀਤਾਂ ਦਾ ਮਨੁੱਖੀ ਸਭਿਆਚਾਰ ਨਾਲ ਬੜਾ ਪੁਰਾਣਾ ਰਿਸ਼ਤਾ ਹੈ। ਮਨੁੱਖ ਦੇ ਜਨਮ ਤੋਂ ਲੈ ਕੇ ਮਰਨ ਤੱਕ  ਸਾਡੀ ਰਹਿਤਲ ਦਾ ਕੋਈ ਵੀ ਅਜਿਹਾ ਮੌਕਾ ਜਾਂ ਸਮਾਂ ਨਹੀਂ  ਦਿਸਦਾ ਜਦੋਂ ਲੋਕ-ਗੀਤਾਂ ਨੇ ਸਾਡਾ ਸਾਥ ਨਾ  ਨਿਭਾਇਆ ਹੋਵੇ। ਸਾਡੀਆਂ ਖੁਸ਼ੀਆਂ, ਸਾਡੀਆਂ ਗ਼ਮੀਆਂ, ਮਿਲਣੀਆਂ ਅਤੇ ਵਿਛੋੜਿਆਂ, ਦਿਨ ਤਿਉਹਾਰਾਂ ਵੇਲੇ   ਸਾਡੇ ਲੋਕ ਗੀਤ ਸਦਾ ਸਾਡੇ ਨੇੜੇ ਰਹੇ ਹਨ। ਪਦਮ ਹੁਰਾਂ ਦਾ ਇੱਕ ਹੋਰ ਲੇਖ ‘ਲੋਕ ਗੀਤਾਂ ਵਿਚ ਧਾਰਮਿਕ ਤੇ  ਨੈਤਿਕ ਤੱਤ’  ਇਸ  ਲਈ  ਖਿਚ੍ਹ ਦਾ ਕਾਰਨ ਹੈ ਕਿ ਉਨ੍ਹਾਂ ਨੇ ਪੰਜਾਬੀ ਲੋਕ ਗੀਤਾਂ  ਵਿਚ ਧਾਰਮਿਕ ਅਤੇ ਲੋਕ ਤੱਤ  ਭਾਲਣ ਦੀ ਸਮਰੱਥ ਕੋਸ਼ਿਸ਼ ਕੀਤੀ। ਪਦਮ ਜੀ ਨੇ ਪਹਿਲਾਂ ‘ਧਰਮ’ ਅਤੇ ‘ਨੈਤਿਕਤਾ’ ਦੇ ਯਥਾਰਥਕ ਸਵਰੂਪ ਨੂੰ  ਵਿਚਾਰਦਿਆਂ ਇਹਨਾਂ ਦੇ ਆਪਸੀ ਸੰਬੰਧ ਨੂੰ ਸਥਾਪਿਤ ਕਰਦਿਆ ਸਪਸ਼ਟ ਕੀਤਾ ਕਿ ਧਰਮ ਤਥਾ-ਕਥਿਤ ਕੋਈ  ਵਹਿਮ-ਭਰਮ, ਜਾਦੂ-ਟੂਣਾ ਜਾਂ ਸ਼ੈਤਾਨਾਂ ਦੀ ਸਕੀਮ ਨਹੀਂ ਹੈ ਅਤੇ  ਨਾ  ਹੀ  ਨੈਤਿਕ  ਕਦਰਾਂ-ਕੀਮਤਾਂ ਰੂੜੀਵਾਦੀ   ਜਾਂ ਪੁਰਾਣੇ ਜੀਵਨ ਸਿਧਾਂਤ ਹਨ।  ਦਰਅਸਲ,  ਇਤਿਹਾਸਕ  ਹਕੀਕਤ ਇਹ ਹੈ  ਕਿ ਸਭਿਅਤਾ ਦੇ ਵਿਕਾਸ ਵਿਚ  ਧਰਮ ਦਾ ਬਹੁਤ ਵੱਡਾ ਰੋਲ ਹੈ। ਧਰਮ ਨੇ ਮਨੁੱਖ ਨੂੰ ਪਰਮਾਤਮਾ ਨਾਲ ਜੋੜਕੇ, ਝੂਠ, ਫਰੇਬ, ਆਪਾ ਧਾਪੀ ਤੇ ਕਤਲੋ-ਗ਼ਾਰਤ ਦੀ ਦਲਦਲ ਤੋਂ ਉਠਾ ਕੇ ਸਭਿਆਚਾਰੀ ਬਣਾਇਆ  ਹੈ।  ਮੌਰਕ ਹਾਪਕਿਨਜ਼ ਵੀ ਕਹਿੰਦਾ ਹੈ ਕਿ   ਧਰਮ ਬਿਨਾਂ ਸਦਾਚਾਰ ਅਸੰਭਵ ਹੈ ਤੇ ਸਦਾਚਾਰ ਵਿਹੂਣਾ ਧਰਮ, ਭਰਮ ਮਾਤਰ ਹੈ।

ਇਹ ਦਰੁਸਤ ਹੈ ਕਿ ਲੋਕ-ਗੀਤਾਂ ਦਾ ਸਮੁੱਚਾ ਵਿਸ਼ਾ ਧਰਮ ਜਾਂ ਨੈਤਿਕਤਾ ਨਹੀਂ ਪਰ ਕਿਉਂਕਿ ਸਾਡੀ ਪ੍ਰਾਚੀਨ  ਸੰਸਕ੍ਰਿਤੀ ਧਰਮ ਦੇ ਅਧਾਰ ਤੇ ਰਹੀ ਹੈ, ਇਸ ਲਈ ਇਸਨੇ ਹਮੇਸ਼ਾਂ ਲੋਕ ਜੀਵਨ ਨੂੰ ਪ੍ਰਭਾਵਿਤ ਕੀਤਾ ਹੈ ਅਤੇ  ਲੋਕ-ਕਵੀਆਂ ਧਰਮ ਦੀਆਂ ਜੀਵਨ ਵਿੱਚ ਸਹਾਇਕ ਗੱਲਾਂ ਨੂੰ ਬਾਰ ਬਾਰ ਚਿਤਾਰਿਆ  ਹੈ। ਉਦਾਹਰਣ ਵਜੋਂ ਧਰਮ  ਸੰਸਾਰ ਦੀ ਨਾਸ਼ਮਾਨਤਾ ਦਾ ਜ਼ਿਕਰ ਕਰਦਾ ਹੈ। ਇਸਦਾ ਅਰਥ ਕੀ ਹੈ? ਇਹੋ ਹੀ ਨਾ ਕਿ ਬੰਦਾ ਮੌਤ ਨੂੰ ਸਦਾ ਹੀ  ਆਪਣੇ ਚੇਤੇ ਵਿਚ ਰੱਖੇ ਅਤੇ ਆਚਾਰ ਦਾ ਉੱਚਾ-ਸੁੱਚਾ ਬਣੇ ਅਤੇ ਕੋਈ ਵੀ ਧਰਮ ਜਾਂ ਸਮਾਜ ਵਿਰੋਧੀ ਕਾਰਜ ਨਾ  ਕਰੇ। ਅਭਿਮਾਨ ਨਾ ਕਰੇ, ਅਹੰਕਾਰ ਤਿਆਗੇ, ਰੱਬ ਵਿਚ ਭਰੋਸਾ ਰੱਖੇ ਅਤੇ ਸਿੱਧ-ਪੱਧਰਾ ਆਚਰਣ ਰੱਖਦਿਆਂ  ਸਮਾਜ ਦੀ ਭਲਾਈ  ਵਿਚ ਜੁਟੇ।

ਇਨ੍ਹਾਂ  ਲੋਕ-ਗੀਤਾਂ ਵਿੱਚੋਂ ਸਦਾਚਾਰਕ ਸਿੱਖਿਆ ਵੀ ਮਿਲਦੀ ਹੈ। ਲੋਕ ਗੀਤਾਂ ਰਾਹੀਂ ਸੱਚ ਬੋਲਣ, ਜਤ-ਸਤ  ਦੀ  ਪਾਲਣਾ ਕਰਨ, ਉਪਕਾਰ ਕਰਨ ਅਤੇ ਨਿਮਰਤਾ ਧਾਰਨ ਕਰਨ ਦੀ ਪ੍ਰੇਰਨਾ ਮਿਲਦੀ ਹੈ। ਪਾਖੰਡੀ ਅਤੇ ਕਰਮ-ਕਾਂਡ ਕਰਨ ਵਾਲੇ ਜੋ ਮਰਜ਼ੀ ਕਹੀ ਜਾਣ ਪਰ  ਲੋਕ ਕਵੀ ਗੱਜ-ਵੱਜ ਕੇ ਸੱਚ ਕੂਕਦਾ ਹੈ:  ‘ਅਮਲਾਂ ਤੇ ਹੋਣਗੇ  ਨਿਬੇੜੇ, ਜਾਤਿ  ਕਿਸੇ  ਪੁੱਛਣੀ  ਨਹੀਂ,  ਪੁੰਨ ਪਾਪ ਨੀ  ਜਿੰਦੜੀਏ ਤੇਰੇ, ਤੱਕੜੀ ‘ਚ ਤੋਲੇ ਜਾਣਗੇ।’

ਮਿੱਠਾ ਬੋਲਣ, ਬਚਨਾਂ ਦਾ ਪਾਲਣ ਕਰਨ ਅਤੇ ‘ਏਕਾ ਨਾਰੀ ਸਦਾ ਜਤੀ’  ਦੇ ਸਿਧਾਂਤ ਤੇ ਚਲਣ ਦੀ ਪ੍ਰੇਰਨਾ  ਵੀ  ਸਾਡੇ ਲੋਕ ਗੀਤ ਦਿੰਦੇ ਹਨ। ਲੋਕ-ਕਵੀ ਜਿਸ ਦੁਰਦਸ਼ਾਂ ਦਾ ਵਰਨਣ ਕਰਦਾ ਹੈ ਉਸ ਤੋਂ ਕੌਣ ਭਲਾਮਾਣਸ ਬਚਣਾ  ਨਹੀਂ ਚਾਹੇਗਾ:

ਸਿੰਘ  ਜੀ!  ਦੋ  ਦੋ  ਰੰਨਾਂ  ਬੁਰੀਆਂ
ਇਕ  ਪਕਾਂਦੀ  ਟਾਪਾਂ,  ਦੂਈ  ਚਾੜ੍ਹੇ  ਵੜੀਆਂ,
ਸਿੰਘ  ਹੁਰਾਂ  ਪਾਣੀ  ਮੰਗਿਆ,  ਦੁਇ  ਭਰ  ਛੰਨਾ  ਖੜੀਆਂ,
ਸੜ  ਬਲ  ਗਈਆਂ  ਟਾਪਾਂ,  ਕੋਇਲੇ  ਹੋ  ਗਈਆਂ  ਵੜੀਆਂ।
ਸਿੰਘ  ਹੁਰਾਂ  ਪਲੰਘ  ਵਿਛਾਯਾ,  ਦੁਇ  ਟੱਪ  ਸੇਜੇ  ਚੜ੍ਹੀਆਂ,
ਇਕ  ਫੜੇਂਦੀ  ਦਾੜ੍ਹੀਉਂ,  ਦੁਈ  ਮੁੱਛਾਂ  ਫੜੀਆਂ,
ਕੋਠੇ  ਚੜ੍ਹਕੇ  ਕੂਕਦਾ,  ‘ਲੋਕੋ!  ਦੋਏ  ਰੰਨਾਂ  ਬੁਰੀਆਂ,  ਲੋਕੋ!  ਦੋਏ  ਰੰਨਾਂ  ਬੁਰੀਆਂ।’

ਗਹੁ  ਨਾਲ  ਵੇਖਦਿਆਂ  ਇਹ  ਗੱਲ  ਸਪਸ਼ਟ  ਹੋ  ਜਾਂਦੀ  ਹੈ  ਕਿ  ਸਾਡੇ  ਲੋਕ-ਗੀਤ ਮਨੁੱਖ ਨੂੰ ਚੰਗੇ ਪਾਸੇ   ਲਗਣ ਦੀ ਮੱਤ ਦਿੰਦੇ ਹਨ ਅਤੇ ਬੁਰਿਆਈਆਂ  ਤੋਂ  ਬਚਣ  ਦੀ  ਪ੍ਰੇਰਨਾ  ਵੀ।

ਇਕ ਹੋਰ ਲੇਖ ‘ਜਰਗ  ਦਾ  ਮੇਲਾ’  ਵੀ ਹੋਰ ਮੇਲਿਆਂ  ਵਾਂਗ ਹੀ ਪੰਜਾਬੀ  ਸਭਿਆਚਾਰ  ਤੇ  ਰਹਿਣੀ  ਬਹਿਣੀ  ਦੀ  ਸੁੰਦਰ  ਨੁਮਾਇਸ਼  ਕਰਦਾ ਹੈ। ਪਦਮ  ਜੀ  ਇਸ  ਲੇਖ ਦੀ  ਭੂਮਿਕਾ ਦੇ ਆਰੰਭ  ਵਿਚ  ਹੀ  ਲਿਖਦੇ  ਹਨ:  ‘ਪੇਂਡੂ  ਪੰਜਾਬੀ  ਜੀਵਨ  ਨੂੰ  ਜੇ  ਰੌਣਕ  ਵਿਚ  ਵੇਖਣਾ  ਹੋਵੇ  ਤਾਂ  ਇਸ  ਦਾ ਨਜ਼ਾਰਾ  ਮੇਲਿਆਂ  ਵਿੱਚੋਂ  ਲਿਆ  ਜਾ  ਸਕਦਾ  ਹੈ।’  ਪੰਜਾਬ  ਵਿਚ  ਹਰ  ਸਾਲ  ਕਈ  ਤਰ੍ਹਾਂ  ਦੇ  ਮੇਲੇ  ਲੱਗਦੇ  ਹਨ  ਜਿਹਨਾਂ  ਵਿੱਚ  ਪੰਜਾਬੀ  ਗੱਭਰੂ ਰੰਗ-ਬਿਰੰਗੀਆਂ  ਪੱਗਾਂ  ਬੰਨ੍ਹੀ  ਤੇ  ਧੋਤੇ ਸਵਾਰੇ ਪੁਸ਼ਾਕੇ  ਪਾ  ਕੇ,  ਖੁਸ਼ੀ  ਖੁਸ਼ੀ ਆਉਂਦੇ ਹਨ,   ਨੱਚਦੇ  ਹਨ,  ਖੇਡਾਂ  ਅਤੇ  ਨਾਚ  ਗਾਣਿਆਂ  ਦੇ ਮੁਕਾਬਲਿਆਂ  ‘ਚ  ਹਿੱਸਾ  ਲੈਂਦੇ  ਹਨ।  ਕਈ  ਮੇਲੇ  ਮੌਸਮਾਂ,  ਰੁਤਾਂ ਅਤੇ ਤਿਉਹਾਰਾਂ  ਨਾਲ ਸਬੰਧਿਤ  ਹਨ। ਸਾਰਿਆਂ ਮੇਲਿਆਂ  ਵਿੱਚੋਂ  ਜਰਗ  ਦੇ ਮੇਲੇ  ਦਾ  ਇੱਕ  ਵਿਸ਼ੇਸ਼  ਸਥਾਨ  ਹੈ।

ਜਰਗ,  ਜਿਲ੍ਹਾ ਲੁਧਿਆਣਾ ਵਿਚ  ਪੈਂਦਾ ਹੈ ਅਤੇ ਪ੍ਰਸਿੱਧ ਹੈ ਕਿ ਜਰਗ ਪਿੰਡ ਨੂੰ ਅੱਜ  ਤੋਂ ਢਾਈ  ਹਜ਼ਾਰ  ਸਾਲ  ਪਹਿਲਾਂ ਸੀਸ ਦਾਨੀ ਰਾਜਾ ਜਗਦੇਵ ਨੇ ਵਸਾਇਆ ਸੀ।  ਇੱਥੇ ਮੁੱਖ ਤੌਰ ਤੇ ਸ਼ੀਤਲਾ ਮਸਾਣੀ ਜਾਂ  ਵੱਡੀ  ਮਾਤਾ,  ਬਸੰਤੀ ਜਾਂ  ਨਿੱਕੀ ਮਾਤਾ, ਮਾਤਾ ਕਾਲੀ ਅਤੇ ਬਾਬਾ ਫਰੀਦ ਸ਼ਕਰਗੰਜ ਦੇ ਮੰਦਰ ਹਨ। ਪਰੰਤੂ ਜਰਗ ਦਾ ਮੇਲਾ  ਮਾਤਾ ਸ਼ੀਤਲਾ ਦੇਵੀ ਨੂੰ ਖੁਸ਼ ਕਰਨ ਲਈ ਮਨਾਇਆ ਜਾਂਦਾ ਹੈ।

ਦਰਅਸਲ ਚੇਚਕ ਦੀ ਬਿਮਾਰੀ ਦਾ ਕਾਰਨ ਮਾਤਾ ਸ਼ੀਤਲਾ ਦੇਵੀ ਦੀ ਕਰੋਪੀ ਮੰਨਿਆ ਜਾਂਦਾ ਹੈ ਜਿਸ ਕਾਰਨ ਮਾਤਾ  ਨੂੰ ਪਰਸੰਨ ਕਰਨ ਲਈ ਪੂਜਾ ਕਰਨ ਜਾਂ ਮੰਨਤਾਂ ਪੂਰੀਆਂ ਕਰਨ ਲਈ ਸ਼ਰਧਾਲੂ ਮਿੱਠੇ ਗੁਲਗੁਲੇ ਪਕਾਉਂਦੇ ਹਨ  ਅਤੇ ਮੇਲੇ ਵਾਲੇ ਦਿਨ ਮੰਦਰ  ਵਿਚ ਪੂਜਾ ਕਰਕੇ ਪ੍ਰਸ਼ਾਦ ਦੇ ਰੂਪ ਵਿਚ  ਇਹਨਾਂ ਨੂੰ ਵੰਡਿਆ ਅਤੇ ਛਕਿਆ ਜਾਂਦਾ ਹੈ।

ਪਦਮ ਜੀ ਦਾ ਇਹ ਲੇਖ ਵੀ ਬਾਕੀ ਸਾਰੇ ਲੇਖਾਂ ਵਾਂਗ ਹੀ ਮਹੱਤਵਪੂਰਨ ਹੈ ਕਿ ਇਸ ਰਾਹੀਂ ਪੰਜਾਬੀ ਸਭਿਆਚਾਰ  ਦੇ ਕੁਝ ਹੋਰ ਪਹਿਲੂ ਵੀ ਉਜਾਗਰ  ਹੁੰਦੇ ਹਨ।  ਚੇਚਕ ਦੀ ਭੈੜੀ ਬਿਮਾਰੀ ਦਾ ਜ਼ਿਕਰ ਕਰਦਿਆਂ ਲੇਖਕ ਦਸਦਾ ਹੈ   ਕਿ ਇਹ ਬਿਮਾਰੀ ‘ਸਰੀਰ ਦੀ ਅਤਿ ਦੀ ਅੰਦਰਲੀ ਗਰਮੀ ਦੇ ਨਿਕਲਣ ਕਾਰਨ ਹੁੰਦੀ ਹੈ।’  ਚੇਚਕ ਦਾ ਨਾਂ ਲੈਣ ਤੋਂ  ਵੀ ਲੋਕੀ ਡਰਦੇ ਹਨ ਅਤੇ ਸੀਤਲਾ ਮਾਤਾ ਜਾਂ ਸੀਤਲਾ ਦੇਵੀ ਕਹਿ ਕੇ ਸੱਦਦੇ ਹਨ। ਲੋਕਾਂ ਦਾ ਮਤ ਹੈ ਕਿ ਮਾਤਾ  ਗੱਧੇ ਦੀ ਸਵਾਰੀ ਕਰਕੇ ਆਉਂਦੀ ਹੈ। ਪੰਜਾਬੀ ਸਮਾਜ ਵਿਚ ਗਧੇ ਦੀ ਸਵਾਰੀ ਕਰਨ ਜਾਂ ਕਰਵਾਉਣ ਨੂੰ ਮੂਰਖਤਾ  ਵਾਂਗ ਹੀ ਲਿਆ ਜਾਂਦਾ ਹੈ। ਸ਼ਾਇਦ ਇਸਦਾ ਇਹੀ ਭਾਵ ਹੋਵੇ ਕਿ ਇਸ ਵੱਡੀ ਬਿਮਾਰੀ ਦਾ ਕਾਰਣ ਕੋਈ ਵੱਡੀ ਮੂਰਖਤਾ (ਇੰਨਫੈਕਸ਼ਨ ਜਾਂ ਸਾਫ਼ ਸਫ਼ਾਈ ਦੀ ਘਾਟ ਆਦਿ) ਹੈ। ਮਾਤਾ ਦੇ ਵਾਹਨ ਗਧੇ ਦੀ ਵੀ ਪੂਜਾ ਕੀਤੀ   ਜਾਂਦੀ ਹੈ। ਇਸ ਦਿਨ ਗਧਿਆਂ ਨੂੰ ਵੀ ਪੂਰੀ ਤਰ੍ਹਾਂ ਸ਼ਿੰਗਾਰਿਆ ਸੰਵਾਰਿਆ ਜਾਂਦਾ ਹੈ ਅਤੇ ਮਾਤਾ ਦੇ ਸ਼ਰਧਾਲੂ ਇਨ੍ਹਾਂ  ਨੂੰ  ਦਾਣੇ, ਬੱਕਲੀਆਂ ਜਾਂ ਮਿੱਠੀਆਂ ਰੋਟੀਆਂ ਤੇ ਗੁਲਗੁਲੇ ਖਿਲਾ ਕੇ ਖੁਸ਼ ਹੁੰਦੇ ਸਨ ਕਿ ਹੁਣ ਮਾਤਾ ਰਾਣੀ ਪਰਸੰਨ ਹੋ ਕੇ  ‘ਚੇਚਕ’ ਦੀ ਬਿਮਾਰੀ ਨੂੰ ਸਮਾਪਤ ਕਰ ਦੇਵੇਗੀ। ਇਸ ਤਰ੍ਹਾਂ ਦੇ ਵਹਿਮਾਂ-ਭਰਮਾਂ ਦੇ ਰਿਵਾਜ ਵੀ ਸਾਡੀ ਰਹਿਤਲ  ਦਾ  ਇਕ ਜ਼ਰੂਰੀ ਅੰਗ ਹਨ।

ਜਰਗ ਦੇ ਮੇਲੇ ਵਿਚ ਤੇ ਇਹੋ ਜਿਹੇ ਹੋਰ ਬਹੁਤ ਸਾਰੇ ਮਨਾਏ ਜਾਂਦੇ ਮੇਲਿਆਂ ਵਿਚ ਧਰਮ ਨਿਰਪੱਖਤਾ ਦਾ ਪਹਿਲੂ  ਬੜਾ ਉੱਭਰਵਾਂ ਨਜ਼ਰੀ ਪੈਂਦਾ ਹੈ। ਸਾਰੇ ਹੀ ਧਰਮਾਂ ਦੇ ਲੋਕ ਬਿਨਾਂ ਕਿਸੇ ਭੇਦ-ਭਾਵ ਤੋਂ ਸਹਿਨਸ਼ੀਲਤਾ ਅਤੇ  ਪਰਸਪਰ ਸਤਿਕਾਰ ਭਾਵਨਾ ਪ੍ਰਗਟਾਉਂਦਿਆਂ ਨਾ ਕੇਵਲ ਮੇਲਿਆਂ ਵਿਚ ਹੀ ਸ਼ਾਮਲ ਹੁੰਦੇ ਸਗੋਂ ਮੰਦਰਾਂ ਵਿਚ ਵੀ  ਮੱਥਾ ਟੇਕਦੇ। ਜਰਗ ਦੇ ਮੇਲੇ ਵਿਚ ਸ਼ਿਰਕਤ ਕੇਵਲ ਸੀਤਲਾ ਮਾਤਾ ਦੀ ਅਰਾਧਨਾ-ਪੂਜਾ ਲਈ ਹੀ ਨਹੀਂ ਸੀ ਹੁੰਦੀ  ਸਗੋਂ ਮੇਲੇ ਤਾਂ ਇਕ ਤਰ੍ਹਾਂ ਨਾਲ ਭਾਈਚਾਰਕ ਤੇ ਸਮਾਜਕ ਤੌਰ ਤੇ ਜੁੜਨ ਦਾ ਕਾਰਨ ਵੀ ਬਣਦੇ। ਮੇਲੇ ਦੀਆਂ  ਰੌਣਕਾਂ ਤੇ ਨਜ਼ਾਰੇ ਵੇਖਣ ਵਾਲੇ ਹੁੰਦੇ। ਸਜੀਆਂ ਦੁਕਾਨਾਂ ਤੋਂ ਬਚੇ, ਖਿਡਾਉਣੇ ਖਰੀਦਦੇ ਅਤੇ ਨੱਢੀਆਂ ਵੰਙਾਂ  ਜਾਂ  ਸਜਣ-ਸੰਵਰਨ ਦਾ ਹੋਰ ਸਾਮਾਨ। ਗਰਮਾ-ਗਰਮ  ਜਲੇਬੀਆਂ,  ਪਕੌੜੇ, ਮਠਿਆਈਆਂ ਅਤੇ  ਕੁਲਫ਼ੀਆਂ ਦਾ   ਸੁਆਦ ਲੈਂਦੇ ਰੌਣਕਾਂ ਵੇਖਦੇ। ਇਸ ਮੇਲੇ ਵਿਚ ਨੁਮਾਇਸ਼ਾਂ ਲੱਗਦੀਆਂ, ਗੀਤ-ਸੰਗੀਤ ਦੇ ਪਰੋਗਰਾਮ ਹੁੰਦੇ,  ਖੇਡ  ਮੁਕਾਬਲੇ ਤੇ ਪਹਿਲਵਾਨਾਂ ਦੇ ਜੌਹਰ ਵੇਖਣ ਨੂੰ ਮਿਲਦੇ। ਮੁਟਿਆਰਾਂ ਅਤੇ ਗਭਰੂ ਸੋਹਣੇ ਕਪੜੇ ਪਾਕੇ ਮੇਲੇ ਵਿਚ  ਜਾਂਦੇ। ਆਸ਼ਕਾਂ ਦੇ ਤਸੱਵਰ ਵਿਚ ਮੇਲੇ ਦਾ ਜਲੌ ਇੰਜ ਘੁੰਮਦਾ:  ਜੇਹੀ ਤੇਰੀ ਗੁੱਤ ਦੇਖ ਲੀ, ਜੇਹਾ ਦੇਖ ਲਿਆ ਜਰਗ  ਦਾ ਮੇਲਾ।

ਮੇਲੇ ਵਿਚ ਪੂਰੇ ਪੰਜਾਬੀ ਸਭਿਆਚਾਰ ਦੇ ਦਰਸ਼ਣ ਹੋ ਜਾਂਦੇ ਹਨ। ਜੇਕਰ ਕਿਸੇ ਨੂੰ ਪੰਜਾਬੀਆਂ ਦੀ ਏਕਤਾ ਅਤੇ  ਧਰਮ ਨਿਰਪੱਖਤਾ ‘ਤੇ ਸ਼ੰਕਾ ਹੋਵੇ ਤਾਂ ਨਿਸਚੈ ਹੀ ਅਜਿਹੇ ਮੇਲਿਆਂ ਵਿਚ ਆਕੇ ਦੂਰ ਹੋ ਜਾਂਦੀ ਹੈ।

ਪਦਮ ਜੀ ਦੀ ਘਾਲਣਾ ਨੂੰ ਸਲਾਮ ਹੈ ਕਿ ਇਸ ਅਣਥੱਕ ਯੋਧੇ ਨੇ ਤਾ-ਉਮਰ ਆਪਣੀ ਕਾਨੀ ਨੂੰ ਰੁਕਣ ਨਹੀਂ ਦਿੱਤਾ  ਅਤੇ ਆਪਣੀਆਂ ਲਿਖੀਆਂ ਸਾਰੀਆਂ ਹੀ ਪੁਸਤਕਾਂ ਤੇ ਗ੍ਰੰਥਾਂ ਦੇ ਨਾਲ ਨਾਲ ‘ਗੁਰੂ ਦਰ’, ‘ਗੁਰੂ  ਸਰ’  ਅਤੇ  ‘ਕੋਠੀ  ਝਾੜ’  ਜਿਹੀਆਂ  ਅਤਿ-ਉੱਤਮ ਰਚਨਾਵਾਂ ਦੇ ਕੇ ਨਾ ਕੇਵਲ ਪੰਜਾਬੀ ਸਾਹਿਤ ਅਤੇ ਖੋਜ ਦੀ ਹੀ ਝੋਲ ਭਰੀ, ਸਗੋਂ  ਪੰਜਾਬੀਆਂ ਨੂੰ ਗੁਰਮਤਿ ਅਤੇ ਪੰਜਾਬੀ ਸਭਿਆਚਾਰ ਉੱਤੇ ਮਾਣ ਕਰਨ ਯੋਗ ਵੀ ਬਣਾਇਆ।
***
(90)
***

About the author

ਗੁਰਦਿਆਲ ਸਿੰਘ ਰਾਏ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ